Saanjh (Punjabi Story) : Principal Sujan Singh

ਸਾਂਝ (ਕਹਾਣੀ) : ਪ੍ਰਿੰਸੀਪਲ ਸੁਜਾਨ ਸਿੰਘ

ਸਾਈਕਲ 'ਤੇ ਸਵਾਰ ਹੋਣ ਤੋਂ ਪਹਿਲਾਂ ਪ੍ਰੋਫ਼ੈਸਰ ਐੱਮ. ਐੱਲ. ਮਲ੍ਹੋਤਰਾ ਨੇ ਪੈਡਲ 'ਤੇ ਪੈਰ ਰੱਖ ਕੇ ਸਾਈਕਲ ਕਾਫ਼ੀ ਤੋਂ ਜ਼ਿਆਦਾ ਚਿਰ ਰੇੜ੍ਹਿਆ । ਆਮ ਆਦਮੀ ਵੀ ਉਸ ਨੂੰ ਇਸ ਤਰ੍ਹਾਂ ਸਾਈਕਲ ਸਵਾਰ ਹੁੰਦਿਆਂ ਦੇਖ ਕੇ ਕਹਿ ਦਿੰਦਾ ਕਿ ਉਸ ਨੇ ਨਵਾਂ-ਨਵਾਂ ਸਾਈਕਲ ਚਲਾਉਣਾ ਸਿੱਖਿਆ ਹੈ । ਪਰ ਅਸਲ ਵਿੱਚ ਇਹ ਗੱਲ ਨਹੀਂ ਸੀ । ਸਾਈਕਲ ਚਲਾਉਣਾ ਸਿੱਖਿਆਂ ਉਸ ਨੂੰ ਲਗ-ਪਗ ਤੀਹ ਸਾਲ ਹੋ ਚੁੱਕੇ ਸਨ ਅਤੇ ਉਹ ਵਾਹਵਾ ਸਾਫ਼ ਸਾਈਕਲ ਚਲਾ ਸਕਦਾ ਸੀ । ਇਹ ਸ਼ਹਿਰ ਨਹੀਂ ਸੀ । ਪਰ ਪ੍ਰੋਫ਼ੈਸਰ ਭੀੜ ਭਰੇ ਸ਼ਹਿਰਾਂ ਤੇ ਤੰਗ ਬਜ਼ਾਰਾਂ ਵਿੱਚੋਂ ਵੀ ਬਿਨਾਂ ਟੱਲੀ ਖੜਕਾਇਆਂ ਆਪਣਾ ਵਿੰਗ-ਤੜਿੰਗਾ ਰਾਹ ਪ੍ਰੋਂਦਾ ਲੰਘ ਜਾਂਦਾ ਸੀ । ਅਸਲ ਵਿੱਚ ਉਹ ਕੁਝ ਸੋਚਦਾ-ਸੋਚਦਾ ਕਾਲਜ ਵਿੱਚੋਂ ਨਿਕਲ਼ਿਆ ਸੀ ਤੇ ਸੋਚਦਿਆਂ- ਸੋਚਦਿਆਂ ਹੀ ਉਸ ਨੇ ਆਦਤਨ ਜ਼ੋਰ ਨਾਲ਼ ਪੈਡਲ 'ਤੇ ਪੈਰ ਰੱਖ ਦਿੱਤਾ ਸੀ ਅਤੇ ਕਿਸੇ ਹੋਰ ਹੀ ਅੱਖ ਨਾਲ਼ ਦੂਰ ਤੱਕ ਸੜਕ ਦੇ ਕੱਚੇ ਟੋਟੇ ਨੂੰ ਬੰਦਿਆਂ ਵੱਲੋਂ ਪੱਕੀ ਸੜਕ ਤੱਕ ਸਾਫ਼ ਦੇਖ ਕੇ ਸਾਈਕਲ ਨੂੰ ਧੱਕਣ ਦੀ ਕੋਸ਼ਸ਼ ਸ਼ੁਰੂ ਕਰ ਦਿੱਤੀ । ਅੱਗੇ ਚੜ੍ਹਾਈ ਸੀ, ਸੜਕ ਵਿੱਚ ਰੋੜੇ ਵੀ ਬੜੇ ਉੱਭਰੇ ਹੋਏ ਸਨ ਤੇ ਕਿਤੇ-ਕਿਤੇ ਪਾਣੀ ਨੇ ਵਗ ਕੇ ਡੂੰਘੀਆਂ ਘਰਾਲ਼ਾਂ ਵਾਹ ਛੱਡੀਆਂ ਹੋਈਆਂ ਸਨ । ਤਿੰਨਾਂ ਗੱਲਾਂ ਨੇ ਰਲ਼ ਕੇ ਸਾਈਕਲ ਨੂੰ ਰੇੜ੍ਹੇ ਪੈਣ ਵਿੱਚ ਕਾਫ਼ੀ ਦੇਰ ਲਾ ਦਿੱਤੀ । ਬਹੁਤਾ ਜ਼ੋਰ ਲੱਗਣ ਨਾਲ਼ ਪ੍ਰੋਫ਼ੈਸਰ ਸਾਹਿਬ ਦੀ ਸੋਚ ਦਾ ਸਿਲਸਿਲਾ ਟੁੱਟਾ ਅਤੇ ਉਹਨਾਂ ਦੋ-ਚਾਰ ਪੈਰ ਆਪਣੇ ਧਿਆਨ ਪੂਰੇ ਜ਼ੋਰ ਨਾਲ਼ ਮਾਰ ਕੇ ਕਾਠੀ ਉੱਤੇ ਪਲਾਕੀ ਮਾਰ ਦਿੱਤੀ ।
ਕਾਠੀ 'ਤੇ ਬੈਠਦਿਆਂ ਹੀ ਪ੍ਰੋਫ਼ੈਸਰ ਨੂੰ ਹੋਰ ਜ਼ੋਰ ਲਾਉਣਾ ਪਿਆ । ਟਾਇਰ ਖਿੰਗਰੀਲੇ ਕੱਚੇ ਰੋੜਿਆਂ 'ਤੇ ਥਿੜਕਦੇ ਸਨ ਤੇ ਸਾਈਕਲ ਖੱਬੇ-ਸੱਜੇ ਡੋਲਦਾ, ਵਲ਼ ਖਾਂਦਾ ਹੌਲ਼ੀ-ਹੌਲ਼ੀ ਵਧ ਰਿਹਾ ਸੀ । ਪ੍ਰੋਫ਼ੈਸਰ ਨੂੰ ਇਸ ਵਿੱਚ ਆਪਣੇ ਮੁਢਲੇ ਜੀਵਨ ਦੀਆਂ ਮੁਸ਼ਕਲਾਂ ਤੇ ਮੁਸ਼ੱਕਤਾਂ ਨਾਲ਼ ਸਮਾਨਤਾ ਜਾਪੀ । ਪੱਕੀ ਸੜਕ ਤੱਕ ਪਹੁੰਚਦਿਆਂ ਉਸ ਦਾ ਸਾਈਕਲ ਬਿਲਕੁਲ ਖਲੋ ਜਾਣ ਲੱਗਾ ਸੀ ਕਿ ਉਸ ਨੇ ਜ਼ੋਰ ਦੇ ਇੱਕਦੋ ਧੱਕਿਆਂ ਨਾਲ਼ ਉਸ ਨੂੰ ਸੜਕ 'ਤੇ ਚੜ੍ਹਾ ਹੀ ਲਿਆ । ਸੜਕ ਤੋਂ ਉਹ ਖੱਬੇ ਪਾਸੇ ਮੁੜਿਆ । ਇਤਿਹਾਸਿਕ ਗੁਰਦਵਾਰੇ ਦੇ ਵੱਡੇ ਦਰਵਾਜ਼ੇ ਦੀਆਂ ਪੌੜੀਆਂ ਦੇ ਲਾਗੇ ਸੰਘਣੀ ਧ੍ਰੇਕ ਦੀ ਨਿੱਕੀ ਜਿਹੀ ਹਰੀ-ਭਰੀ ਛਾਂ ਹੇਠਾਂ ਕੁਝ ਮਰਦਾਵੀਆਂ ਅਤੇ ਜ਼ਨਾਨੀਆਂ ਸਵਾਰੀਆਂ ਬੱਸ ਦੀ ਉਡੀਕ ਕਰ ਰਹੀਆਂ ਸਨ । ਕੁਝ ਸਵਾਰੀਆਂ ਉਸ ਦੀ ਪਿੱਠ ਪਿੱਛੇ ਸੜਕ ਦੇ ਖੱਬੇ ਬੰਨੇ ਬਣਾਏ ਬੱਸ-ਸਟੈਂਡ ਵਿੱਚ ਇੱਧਰ-ਉੱਧਰ ਦੀਆਂ ਗੱਲਾਂ ਕਰ ਰਹੀਆਂ ਸਨ । ਜੇਠ ਦਾ ਪਹਿਲਾ ਦਿਨ ਦੁਪਹਿਰ ਲੰਘਾ ਕੇ ਵੀ ਆਪਣਾ ਜੋਬਨ ਦਿਖਾ ਰਿਹਾ ਸੀ ਤੇ ਸਟੈਂਡ ਦੀ ਛਾਂਵੇਂ ਖੜੋਤੀ ਕੋਈ ਸਵਾਰੀ ਗਰਮੀ ਦੀ ਸ਼ਿਕਾਇਤ ਕਰਦੀ ਉਸ ਨੂੰ ਸੁਣਾਈ ਦੇ ਰਹੀ ਸੀ ।
ਕੱਚੀ ਤੇ ਉੱਖੜੀ ਪੁੱਖੜੀ ਸੜਕ 'ਤੇ ਜ਼ੋਰ ਲਾਉਣ ਨਾਲ਼ ਪ੍ਰੋਫ਼ੈਸਰ ਨੂੰ ਪਸੀਨਾ ਆ ਗਿਆ ਸੀ । ਇਸ ਥਾਂ ਤੋਂ ਫਰਲਾਂਗ ਕੁ ਦੀ ਵਿੱਥ ਤੱਕ ਪੱਕੀ ਸੜਕ ਢਲਵਾਨ ਸੀ ਤੇ ਪ੍ਰੋਫ਼ੈਸਰ ਨੇ ਪੈਡਲ 'ਤੇ ਪੈਰ ਮਾਰਨੇ ਬੰਦ ਕਰ ਦਿੱਤੇ ਸਨ । ਸਾਈਕਲ ਰੇੜ੍ਹੇ ਪੈ ਗਿਆ ਸੀ । ਅਚਾਨਕ ਦੋ ਕੁ ਤੇਜ਼ ਪੈਰ ਮਾਰ ਕੇ ਉਸ ਨੇ ਸਾਈਕਲ ਦੀ ਚਾਲ ਨੂੰ ਹੋਰ ਤਿੱਖੀ ਕਰ ਦਿੱਤਾ । ਸਾਹ ਰੋਕ ਕੇ ਖੜ੍ਹੀ ਹਵਾ ਵੀ ਮਾਨੋ ਸ਼ੂਕ ਕੇ ਵਗਣ ਲੱਗੀ ਅਤੇ ਉਸ ਨੂੰ ਬਚਪਨ ਵਿੱਚ ਪੜ੍ਹੀ ਅੰਗਰੇਜ਼ੀ ਦੀ ਕਵਿਤਾ 'ਸਾਈਕਲ 'ਤੇ ਪਹਾੜੀ ਉੱਤੋਂ ਥੱਲੇ ਉੱਤਰਦਿਆਂ' ਦਾ ਚੇਤਾ ਕਰਾਇਆ । ਉਸ ਨੂੰ ਚੇਤਾ ਆਇਆ ਕਿ ਉਸ ਕਵਿਤਾ ਦੇ ਅੰਤ ਵਿੱਚ ਲਿਖਿਆ ਸੀ ਕਿ ਜਿਹੜਾ ਮਿਹਨਤ ਕਰ ਕੇ ਤੇ ਜ਼ੋਰ ਲਾ ਕੇ ਪਹਾੜੀ ਦੀ ਚੋਟੀ 'ਤੇ ਪਹੁੰਚ ਜਾਂਦਾ ਹੈ ਉਸ ਦੀ ਉਡੀਕ ਕਰਦੇ ਖੰਭ ਉਸ ਨੂੰ ਉਸ ਚੋਟੀ 'ਤੇ ਮਿਲ਼ਦੇ ਹਨ । ਉਹ ਸੋਚਣ ਲੱਗਾ ਜਿਵੇਂ ਮਿਹਨਤ ਕਰ ਕੇ ਵੀ ਉਹ ਆਪਣੇ ਜੀਵਨ ਦੀ ਚੋਟੀ 'ਤੇ ਨਾ ਪਹੁੰਚ ਸਕਿਆ ਹੋਵੇ ਤੇ ਜੇ ਪਹੁੰਚ ਗਿਆ ਹੋਵੇ ਤਾਂ ਜੀਵਨ ਦੀ ਚੋਟੀ 'ਤੇ ਵੀ ਸ਼ਾਇਦ ਉਸ ਦੀ ਉਡੀਕ ਲਈ ਕੋਈ ਖੰਭ ਹੀ ਨਾ ਆਏ ਹੋਣ । ਉਹ ਉਤਰਾਈ ਨੂੰ ਮਾਨੋ ਸਰ ਕਰਦਾ ਪੱਧਰੀ ਧਰਤ 'ਤੇ ਉੱਤਰ ਆਇਆ ਸੀ ਅਤੇ ਹੁਣ ਆਮ ਜਿਹੀ ਚਾਲ ਨਾਲ਼ ਫਾਟਕਾਂ ਦੇ ਵਿੱਚੋਂ ਰੇਲਵੇ ਦੀ ਲਾਈਨ ਨੂੰ ਪਾਰ ਕਰ ਰਿਹਾ ਸੀ । ਉਸ ਨੂੰ ਉਸ ਕਵਿਤਾ ਦੀ ਉਸ ਤੁਕ ਦੀ ਸਚਾਈ ਦਾ ਅਹਿਸਾਸ ਹੋ ਰਿਹਾ ਸੀ ਕਿ ਹਰ ਪਹਾੜੀ ਦਾ, ਭਾਵੇਂ ਉਹ ਕਿੱਡੀ ਉੱਚੀ ਹੋਵੇ, ਅੰਤ ਜ਼ਰੂਰ ਹੁੰਦਾ ਹੈ ।
ਰੇਲਵੇ ਦੀ ਲਾਈਨ ਪਾਰ ਕਰ ਕੇ ਉਸ ਫੇਰ ਪੈਰ ਮਾਰਨੇ ਸ਼ੁਰੂ ਕਰ ਦਿੱਤੇ । ਜੇਠ ਦੀ ਧੁੱਪ ਨੇ ਕਈਆਂ ਥਾਂਵਾਂ ਤੋਂ ਸੜਕ ਦੀ ਲੁੱਕ ਨੂੰ ਪਿਘਲਾ ਦਿੱਤਾ ਸੀ ਅਤੇ ਕੰਢਿਆਂ ਤੋਂ ਇਹ ਵਧੇਰੇ ਪੰਘਰੀ ਹੋਈ ਸੀ । ਇਹ ਲੁੱਕ ਉਸ ਦੇ ਸਾਈਕਲ ਦੇ ਪਹੀਆਂ ਨੂੰ ਪਕੜ ਕਰ ਰਹੀ ਸੀ ਅਤੇ ਉਹ ਇਸ ਤੋਂ ਬਚ ਕੇ ਪਕੇਰੀ ਲੁੱਕ ਤੇ ਬਜਰੀ ਵਾਲ਼ੀ ਥਾਂ ਤੋਂ ਲੰਘਣ ਦੀ ਕੋਸ਼ਸ਼ ਕਰ ਰਿਹਾ ਸੀ ।
ਕਣਕਾਂ ਸਾਂਭੀਆਂ ਜਾਣ ਤੋਂ ਮਗਰੋਂ ਵਧੇਰੇ ਵਾਹੀਆਂ-ਅਣਵਾਹੀਆਂ ਪੈਲ਼ੀਆਂ ਖ਼ਾਕੀ ਮਿੱਟੀ ਉਘਾੜ ਕੇ ਮਾਨੋ ਅਗੇਤਰੇ ਮੀਂਹ ਦੀ ਉਡੀਕ ਕਰ ਰਹੀਆਂ ਸਨ । ਜੇਠ ਦੀ ਧੁੱਪ ਵਿੱਚ ਕੰਢੇ 'ਤੇ ਉੱਗੀਆਂ ਉੱਚੀਆਂ ਟਾਹਲੀਆਂ ਦੇ ਨਿੱਕੀ ਜਿਹੀ ਨੁੱਕਰ ਵਾਲ਼ੇ ਗੋਲ਼ ਪੱਤੇ ਆਪਣੀ ਹਰਿਆਵਲ ਨਾਲ਼ ਪ੍ਰੋਫ਼ੈਸਰ ਸਾਹਿਬ ਦੇ ਗਰਮ ਹੋਏ ਚੋਂਦੇ ਸਰੀਰ ਨੂੰ ਦਰਸ਼ਨ ਮਾਤਰ ਨਾਲ਼ ਸੰਘਣੀ ਠੰਢ ਪਾਉਂਦੇ ਸਨ, ਭਾਵੇਂ ਉਹਨਾਂ ਦੀ ਛਾਂ ਨਾ ਹੀ ਪ੍ਰੋਫ਼ੈਸਰ ਤੇ ਨਾ ਹੀ ਸੜਕ ਦੇ ਕਿਸੇ ਭਾਗ 'ਤੇ ਪੈ ਰਹੀ ਸੀ । ਬਰਸਾਤੀ ਪਾਣੀ ਨੂੰ ਕੱਢਣ ਲਈ ਬਣੇ ਐਸ ਵੇਲ਼ੇ ਸੁੱਕੇ ਨਾਲ਼ੇ ਦੇ ਕੰਢੇ 'ਤੇ ਅੱਕ ਦੇ ਝਾੜਾਂ ਦੀ ਬਹਾਰ ਦੇਖਣ ਵਾਲ਼ੀ ਸੀ । ਪੰਛੀ ਉੱਡਦੇ ਘੱਟ ਹੀ ਨਜ਼ਰ ਆਉਂਦੇ ਸਨ । ਦੂਰ ਟਾਹਲੀ ਵਿੱਚ ਲੁਕ ਕੇ ਬੈਠੀ ਘੁੱਗੀ ਆਪਣੀ ਘੁੱਗੂ-ਘੂੰ ਦੀ ਮਿੱਠੀ-ਕਰੁਨਾ-ਭਰੀ ਅਵਾਜ਼ ਨਾਲ਼ ਉਹਨਾਂ ਦੀ ਹੋਂਦ ਦੀ ਗਵਾਹੀ ਦੇ ਰਹੀ ਸੀ ।
ਅਚਾਨਕ ਮਾੜੀ ਜਿਹੀ ਖੜ-ਖੜ ਦੀ ਅਵਾਜ਼ ਪ੍ਰੋਫ਼ੈਸਰ ਨੂੰ ਸੁਣਾਈ ਦਿੱਤੀ । ਹਾਲੀ ਤੱਕ ਬਿਨਾਂ ਇੱਕ ਬੱਸ ਦੇ ਉਸ ਦੇ ਲਾਗੋਂ ਕੋਈ ਨਹੀਂ ਸੀ ਲੰਘਿਆ । ਉਸ ਨੇ ਸੁਤੇ-ਸਿੱਧ ਆਪਣੇ ਪੈਰ ਤੇਜ਼ ਮਾਰਨੇ ਸ਼ੁਰੂ ਕਰ ਦਿੱਤੇ, ਪਰ ਖੜਖੜ ਕਰਦਾ ਸਾਈਕਲ ਉਸ ਦੇ ਲਾਗੋਂ ਦੀ ਲੰਘ ਹੀ ਗਿਆ । ਪਹਿਲੋਂ ਤਾਂ ਪ੍ਰੋਫ਼ੈਸਰ ਨੇ ਸੋਚਿਆ ਕਿ ਉਹ ਸਾਈਕਲ ਨੂੰ ਜ਼ਰਾ ਹੋਰ ਤੇਜ਼ ਕਰ ਕੇ ਲਾਲ ਚੀਰੇ ਵਾਲ਼ੇ ਨੌਜਵਾਨ ਦੇ ਲਾਗੋਂ ਦੀ ਨਿਕਲ਼ ਕੇ ਦੱਸ ਦਏ ਪਈ ਭਾਵੇਂ ਉਸ ਦੇ ਸਿਰ ਦੇ ਵਾਲ਼ ਚਿੱਟੇ ਹੋ ਗਏ ਹਨ ਪਰ ਹਾਲੀਂ ਉਹ ਜਵਾਨਾਂ ਕੋਲ਼ੋਂ ਮਾਰ ਨਹੀਂ ਖਾਂਦਾ । ਪਰ ਛੇਤੀ ਹੀ ਉਸ ਦੇ ਦਿਲ ਵਿੱਚ ਚੱਲੋ- ਜਾਣ- ਦਿਉ ਦਾ ਭਾਵ ਤੀਬਰ ਹੋ ਗਿਆ ਤੇ ਉਸ ਨੇ ਆਪਣੇ ਪੈਰਾਂ ਨੂੰ ਤੇਜ਼ ਹੋਣ ਤੋਂ ਰੋਕ ਦਿੱਤਾ । ਪਤਾ ਨਹੀਂ ਕਿਸਾਨ-ਨੁਮਾ ਸਾਈਕਲ-ਸਵਾਰ ਨੂੰ ਕੀ ਭਾਜੜ ਪਈ ਹੋਈ ਸੀ? ਉਹ ਲੱਕੜ ਦੇ ਗੁਟਕਿਆਂ ਵਾਲ਼ੇ ਖੜ-ਖੜਾਉਂਦੇ ਸਾਈਕਲ ਨੂੰ ਧਸੀ ਜਾ ਰਿਹਾ ਸੀ । ਦੋ ਪਹੀਆਂ 'ਤੇ ਦੌੜੇ ਜਾਂਦੇ ਸਾਈਕਲ ਨੂੰ ਦੇਖ ਕੇ ਇਸ ਕਾਢ ਦੀ ਅਹਿਮੀਅਤ ਦਾ ਖ਼ਿਆਲ ਉਸ ਦੇ ਦਿਮਾਗ਼ ਵਿੱਚ ਲਿਸ਼ਕ ਗਿਆ । ਕਿਵੇਂ ਇੱਕੋ ਲਾਈਨ ਵਿੱਚ ਅੱਗੇ-ਪਿੱਛੇ ਜੋੜੇ ਦੋ ਪਹੀਏ ਇੱਕ ਤੇਜ਼ ਸਵਾਰੀ ਦਾ ਸਾਧਨ ਬਣ ਗਏ ਸਨ । ਉਸ ਦਾ ਮਨ ਦੌੜ ਕੇ ਇਸ ਖ਼ਿਆਲ ਵੱਲ ਜਾ ਪਿਆ ਕਿ ਸਾਈਕਲ ਗ਼ਰੀਬ ਦੀ ਸਵਾਰੀ ਹੈ । ਤੇ ਫੇਰ ਉਸ ਨੂੰ ਕੱਲ੍ਹ ਅੰਗਰੇਜ਼ੀ ਦੇ ਰੋਜ਼ਾਨਾ ਅਖ਼ਬਾਰ ਦੀ ਖ਼ਬਰ ਵਿੱਚੋਂ ਇੱਕ ਭਾਰਤੀ ਲੀਡਰ ਦੀ ਤਕਰੀਰ ਦਾ ਇੱਕ ਫ਼ਿਕਰਾ ਯਾਦ ਆਇਆ ਕਿ ਜਿੱਥੇ ਦੂਜਿਆਂ ਦੇਸਾਂ ਵਿੱਚ ਸਪੂਤਨਿਕਾਂ, ਹਵਾਈ ਜਹਾਜ਼ਾਂ ਜਾਂ ਘੱਟੋ-ਘੱਟ ਕਾਰਾਂ ਦਾ ਜੁਗ ਆ ਗਿਆ ਹੈ ਉੱਥੇ ਭਾਰਤ ਹਾਲੀ ਮਸੀਂ ਸਾਈਕਲ ਦੇ ਜੁਗ ਤੱਕ ਪਹੁੰਚਿਆ ਹੈ । ਕਿੰਨੇ ਫ਼ੀਸਦੀ ਆਦਮੀ ਹਨ ਭਾਰਤ ਦੇ, ਜਿਨ੍ਹਾਂ ਕੋਲ਼ ਸਵਾਰੀ ਲਈ ਸਾਈਕਲ ਵੀ ਹਨ?'' - ਉਸ ਸੋਚਿਆ । ਉਸ ਨੂੰ ਇਹ ਸੰਖਿਆ ਨਗੂਣੀ ਜਿਹੀ ਜਾਪੀ । ਉਸ ਨੇ ਫ਼ੈਸਲਾ ਕੀਤਾ, ਭਾਰਤ ਸਾਈਕਲ ਦੇ ਜੁਗ ਵਿੱਚ ਨਹੀਂ ਪਹੁੰਚਿਆ । ਇਹ ਵੀ ਸਾਡੀ ਇੱਕ ਖ਼ੁਸ਼-ਫ਼ਹਿਮੀ ਹੈ ਕਿ ਸਾਈਕਲ ਗ਼ਰੀਬਾਂ ਦੀ ਸਵਾਰੀ ਹੈ । ਸਾਈਕਲ-ਕਾਲ ਵੀ ਤਾਂ ਭਾਰਤ ਦੀ ਗ਼ਰੀਬੀ ਦਾ ਸੂਚਕ ਹੈ । ਉਸ ਨੂੰ ਸਾਈਕਲ ਦੇ ਨਾਂ 'ਤੇ ਆਪਣੀ ਗ਼ਰੀਬੀ ਦਾ ਅਹਿਸਾਸ ਹੋਇਆ । ਉਸ ਨੂੰ ਪ੍ਰਤੀਤ ਹੋਇਆ ਕਿ ਉਸ ਦੀ ਧੋਬੀ ਦੀ ਧੋਤੀ ਚਿੱਟੀ ਪਤਲੂਨ ਤੇ ਬੁਸ਼-ਸ਼ਰਟ ਵਿੱਚੋਂ ਉਸ ਦੀ ਕਾਲ਼ੀ ਤੇ ਗ਼ਲੀਜ਼ ਗ਼ਰੀਬੀ ਫੁੱਟ ਪਈ ਹੈ ਤੇ ਸਾਰੀ ਦੁਨੀਆਂ ਨੇ ਉਸ ਨੂੰ ਦੇਖ ਲਿਆ ਹੈ; ਉਹਨਾਂ ਗਰੀਬ ਲੋਕਾਂ ਨੇ ਵੀ, ਜੋ ਉਸ ਦੀ ਚਿੱਟੀ ਪਤਲੂਨ ਨੂੰ ਉਸ ਦੀ ਅਮੀਰੀ ਜਾਂ ਅਫ਼ਸਰੀ ਦਾ ਚਿੰਨ੍ਹ ਸਮਝ ਕੇ ਬਿਨਾਂ ਜਾਣਪਛਾਣ ਤੋਂ ਹੀ ਸਲਾਮਾਂ ਮਾਰਦੇ ਰਹਿੰਦੇ ਸਨ । ਅਸਲ ਵਿੱਚ ਉਸ ਨੂੰ ਬੁੱਢੇ ਵਾਰੇ ਮੁਢਲੀ ਤਨਖ਼ਾਹ 'ਤੇ ਲੈਕਚਰਾਰੀ ਮਿਲ਼ੀ ਸੀ ਤੇ ਟੱਬਰਦਾਰੀ ਉਸ ਦੀ ਵੱਡੀ ਸੀ ।
ਦੂਜੇ ਬੰਨਿਉਂ ਇੱਕ ਬੱਸ ਆ ਰਹੀ ਸੀ ਤੇ ਉਸ ਦੂਰੋਂ ਹੀ ਹਾਰਨ ਵਜਾਇਆ ਸੀ । ਲਾਲ ਚੀਰੇ ਵਾਲ਼ਾ ਸਾਈਕਲ-ਸਵਾਰ ਸੜਕ ਤੋਂ ਥੱਲੇ ਉੱਤਰ ਗਿਆ ਸੀ । ਪ੍ਰੋਫ਼ੈਸਰ ਨੂੰ ਵੀ ਖੱਬੇ ਬੰਨੇ ਉੱਤਰਨਾ ਪਿਆ ਤੇ ਉਸ ਨੇ ਇਸ ਆਪਣੇ ਬਚਾਅ ਦੇ ਕੰਮ ਨੂੰ ਵੀ ਆਪਣੀ ਹੱਤਕ ਸਮਝਿਆ ਸੀ । ਅੱਜ ਜੇ ਉਸ ਦੇ ਕੋਲ਼ ਕਾਰ ਹੁੰਦੀ ਤਾਂ ਉਸ ਨੂੰ ਪੂਰੀ ਸੜਕ ਤੋਂ ਥੱਲੇ ਨਾ ਉਤਰਨਾ ਪੈਂਦਾ । ਤੇ ਹੋਰ ਦੇਖੋ, ਇਹ ਭੂਤਨੀ ਉਸ ਦੇ ਅੱਧੇ-ਚਿੱਟੇ ਸਿਰ ਵਿੱਚ ਧੂੜ ਦੀ ਟੋਕਰੀ ਪਾ ਕੇ ਚੱਲਦੀ ਬਣੀ ਸੀ ਅਤੇ ਉਸ ਦੀਆਂ ਅੱਖਾਂ ਅੱਗੇ ਕੁਝ ਚਿਰ ਲਈ ਹਨੇਰਾ ਤਾਣ ਗਈ ਸੀ ।
ਧੂੜ ਦੀ ਧੁੰਦ ਵਿੱਚੋਂ ਕਿਸਾਨ ਸਾਈਕਲ-ਸਵਾਰ ਉਸ ਨੂੰ ਸੜਕ 'ਤੇ ਚੜ੍ਹਦਾ ਦਿੱਸਿਆ । ਇੱਕ ਤੀਵੀਂ ਦਾ ਬੁੱਤ ਉਸ ਨੂੰ ਸੜਦੇ ਘੱਟੇ ਵਿੱਚ ਤੁਰਦਾ ਦਿਸ ਰਿਹਾ ਸੀ । ਉਸ ਦੀ ਪਿੱਠ ਪ੍ਰੋਫ਼ੈਸਰ ਸਾਹਿਬ ਵੱਲ ਸੀ ਅਤੇ ਉਹ ਉਸ ਪਾਸੇ ਜਾ ਰਹੀ ਸੀ ਜਿਸ ਪਾਸੇ ਦੋਵੇਂ ਸਾਈਕਲ-ਸਵਾਰ । ਅੰਦਾਜ਼ੇ ਤੋਂ ਪ੍ਰੋਫ਼ੈਸਰ ਨੇ ਜਾਣਿਆ ਕਿ ਤੀਵੀਂ ਨੇ ਸਾਈਕਲ-ਸਵਾਰ ਨੂੰ ਕੁਝ ਕਿਹਾ ਹੈ ਤੇ ਉਸ ਨੇ ਮੁੜ ਕੇ ਤੀਵੀਂ ਵੱਲ ਦੇਖਿਆ ਹੈ । ਪਰ ਸਾਈਕਲ-ਸਵਾਰ ਝੱਟ ਹੀ ਤੀਵੀਂ ਤੋਂ ਦੂਰ ਲੰਘ ਚੁੱਕਾ ਸੀ ।
ਹੁਣ ਪ੍ਰੋਫ਼ੈਸਰ ਦੋ ਕੁ ਮੀਲ ਪੈਂਡਾ ਕਰ ਚੁੱਕਾ ਸੀ ਤੇ ਉਸ ਦੀ ਸਵੇਰੇ ਹੀ ਸ਼ੇਵ ਕੀਤੀ ਤਿੱਖੀ ਠੋਡੀ ਤੋਂ ਪਸੀਨਾ ਵਗ ਤੁਰਿਆ ਸੀ । ਸੱਜੇ ਹੱਥ ਨਾਲ਼ ਰੁਮਾਲ ਕੱਢ ਕੇ ਉਸ ਆਪਣਾ ਮੂੰਹ ਪੂੰਝਿਆ ਅਤੇ ਰੁਮਾਲ ਜੇਬ ਵਿੱਚ ਪਾ ਕੇ ਹੈਂਡਲ ਫੇਰ ਦੋਂਹਾਂ ਹੱਥਾਂ ਨਾਲ਼ ਸੰਭਾਲ਼ ਲਿਆ । ਹੁਣ ਉਸ ਦਾ ਸਾਈਕਲ ਉਸ ਤੀਵੀਂ ਦੇ ਬਰਾਬਰ ਪਹੁੰਚ ਰਿਹਾ ਸੀ । ਤੀਵੀਂ ਦੇ ਕੰਨ ਖੜ੍ਹੇ ਹੋ ਗਏ ਸਨ ਤੇ ਸਾਈਕਲ ਦੇ ਬਰਾਬਰ ਪਹੁੰਚਦਿਆਂ ਉਸ ਨੇ ਕਿਹਾ, ''ਬੇ ਬੀਰਾ, ਸਾਈਕਲ ਬਾਲ਼ਿਆ ਮੈਨੂੰ ਬੀ ਨਾਲ਼ ਲੈ ਚੱਲ ।''
ਪ੍ਰੋਫ਼ੈਸਰ ਨੇ ਮੁੜ ਕੇ ਇੱਕ ਨਜ਼ਰ ਭਰ ਕੇ ਉਸ ਵੱਲ ਦੇਖਿਆ ਤੇ ਫਿਰ ਮੂੰਹ ਸਿੱਧਾ ਕਰਕੇ ਸਾਈਕਲ ਚਲਾਈ ਗਿਆ । ਅੱਧ ਫ਼ਰਲਾਂਗ ਜਾ ਕੇ ਉਸ ਦਾ ਸਾਈਕਲ ਰੁਕ ਗਿਆ ਜਿਵੇਂ ਮਾਈ ਦੇ ਹੱਥਾਂ ਨੇ ਆ ਕੇ ਉਸ ਦੀਆਂ ਬ੍ਰੇਕਾਂ ਨੂੰ ਬੰਨ੍ਹ ਦਿੱਤਾ ਹੋਵੇ । ਉਸ ਸਾਈਕਲ ਪਿਛਾਂਹ ਮੋੜਿਆ ਤੇ ਸੋਚਣ ਲੱਗਾ ਕਿ ਲਾਲ ਚੀਰੇ ਵਾਲ਼ੇ ਸਾਈਕਲ ਸਵਾਰ ਨੇ ਉਸ ਨੂੰ ਸ਼ਹਿਰ ਤੱਕ ਕਿਉਂ ਨਾ ਚੜ੍ਹਾ ਲਿਆ, ਜਦ ਕਿ ਸ਼ਹਿਰ ਹੁਣ ਮਸੀਂ ਮੀਲ ਕੁ ਰਹਿ ਗਿਆ ਸੀ । ਉਹ ਸਾਈਕਲ-ਸਵਾਰ ਉਸ ਨੂੰ ਪੱਥਰ-ਦਿਲ ਜਾਪਿਆ । ਪਰ ਚੰਗਾ ਤਾਂ ਉਹ ਆਪ ਵੀ ਨਹੀਂ ਸੀ ਜੋ ਇੱਕ ਮੁਹਤਾਜ ਨੂੰ ਮੁਸ਼ਕਲ ਵਿੱਚ ਛੱਡ ਕੇ ਅਗਾਂਹ ਲੰਘ ਗਿਆ ਸੀ । ਉਸ ਨੂੰ ਆਪਣੀ ਗ਼ਲਤੀ ਠੀਕ ਕਰਦਿਆਂ ਖ਼ੁਸ਼ੀ ਪ੍ਰਤੀਤ ਹੋ ਰਹੀ ਸੀ ।
ਉਸ ਨੇ ਕੋਲ਼ ਜਾ ਕੇ ਮਾਈ ਨੂੰ ਪੁੱਛਿਆ, ''ਮਾਈ, ਕਿੱਥੇ ਜਾਣਾ ਈ?''
''ਬੇ ਬੀਰਾ, ਮੈਂ ਜਾਣੈ ਸਹੇੜੇ!''
''ਸਹੇੜਾ ਕਿੱਥੇ ਐ?''
''ਬਾਗਾਂ ਆਲ਼ੇ ਦੇ ਗੈਲ — ਤਿੰਨ ਕੋਹ ।''
ਪ੍ਰੋਫ਼ੈਸਰ ਨੇ ਸਮਝਿਆ ਸੀ, ਮਾਈ ਨੇ ਉਸ ਦੇ ਸ਼ਹਿਰ ਜਾਣਾ ਹੈ ਜੋ ਮਸੀਂ ਮੀਲ ਕੁ ਸੀ, ਓਥੋਂ । ਪਰ ਬਾਗਾਂ ਵਾਲ਼ਾ ਤਾਂ ਓਥੋਂ ਨਾ ਮੀਲ ਸੀ । ਮਾਈ ਬਹੁਤ ਹੀ ਬੁੱਢੀ ਸੀ ਸੁੱਕੀ ਹੋਈ ਭੁਗੜੀ । ਉਸ ਨੂੰ ਦਿਸਦਾ ਵੀ ਚੰਗੀ ਤਰ੍ਹਾਂ ਨਹੀਂ ਸੀ । ਪੈਰ ਉਸ ਦੇ ਨੰਗੇ ਸਨ । ਪਤਾ ਨਹੀਂ ਉਹ ਭੁੱਬਲ਼ ਵਰਗੀ ਧੂੜ ਵਿੱਚ ਕਿਵੇਂ ਖੜ੍ਹੀ ਸੀ! ਕਾਲ਼ੀ ਗੰਦੀ ਸੁੱਥਣ ਨੂੰ ਸੌ ਕੁ ਰੰਗ-ਬਰੰਗੀਆਂ ਟਾਕੀਆਂ ਲੱਗੀਆਂ ਹੋਈਆਂ ਸਨ । ਉਹੋ-ਜਿਹਾ ਹੀ ਕੁੜਤਾ ਸੀ, ਜਿਸ ਦਾ ਰੰਗ ਨਹੀਂ ਪਛਾਣਿਆ ਜਾ ਸਕਦਾ ਸੀ । ਮੈਲ਼ ਨੇ ਉਸ ਦਾ ਰੰਗ ਮਾਰ ਹੀ ਛੱਡਿਆ ਹੋਇਆ ਸੀ । ਸਿਰ 'ਤੇ ਬਟੇਰਿਆਂ ਦੇ ਜਾਲ਼ ਵਰਗੀ ਤੰਦੋ-ਤੰਦ ਚੁੰਨੀ ਸੀ, ਜਿਸ ਨੂੰ ਚੁੰਨੀ ਕਹਿਣਾ 'ਚੁੰਨੀ' ਸ਼ਬਦ ਦੀ ਹੱਤਕ ਸੀ । ਗੰਦਾ ਪਸੀਨਾ ਦੇਖ ਕੇ ਪ੍ਰੋਫ਼ੈਸਰ ਦਾ ਮਨ ਮਿਚਕ ਗਿਆ ਤੇ ਉਸ ਆਪਣੀਆਂ ਨਜ਼ਰਾਂ ਉਸ ਦੀ ਸੋਟੀ 'ਤੇ ਕੇਂਦ੍ਰਿਤ ਕਰ ਲਈਆਂ । ਥੱਲਿਉਂ ਪਾਟੀ ਹੋਈ ਤੇ ਬਾਹਰ ਨੂੰ ਖਿੱਲਰੀਆਂ ਹੋਈਆਂ ਫਾਂਕਾਂ ਵਾਲ਼ੀ ਤੂਤ ਦੀ ਟਾਹਣੀ ਸੀ ਇਹ ।
''ਮੈਂ ਤੇ ਸ਼ਹਿਰ ਜਾਣਾ ਐਂ । ਮਸੀਂ ਇੱਕ ਮੀਲ ਐ ਐਥੋਂ - ਪੌਣਾ ਕੁ ਕੋਹ,'' ਪ੍ਰੋਫ਼ੈਸਰ ਨੇ ਕਿਹਾ, ਇਸ ਬੇਰਹਿਮੀ ਭਰੀ ਆਸ ਨਾਲ਼ ਕਿ ਉਹ ਆਪੇ ਹੀ ਨਾਂਹ ਕਰ ਦੇਵੇਗੀ । ਪਰ ਹੋਇਆ ਉਸ ਦੇ ਐਨ ਉਲਟ । ਉਸ ਤਰਲੇ ਭਰੀ ਅਵਾਜ਼ ਵਿੱਚ ਕਿਹਾ, ''ਹਾੜੇ ਹਾੜੇ, ਬੀਰ, ਓਥੋਂ ਤੀਕਣ ਈ ਲੈ ਚੱਲ ।''
ਪ੍ਰੋਫ਼ੈਸਰ ਨੂੰ 'ਸੱਪ ਦੇ ਮੂੰਹ ਵਿੱਚ ਕੋਹੜ-ਕਿਰਲੀ' ਵਾਲ਼ੀ ਅਖਾਉਤ ਯਾਦ ਆਈ । ਉਸ ਕਿਹਾ, ''ਮਾਈ, ਬਹਿ ਜਾ ਪਿੱਛੇ ।''
''ਕਿੱਥੇ ਬੈਠਾਂ, ਕਿਮੇਂ ਬੈਠਾਂ? ਮੈਨੂੰ ਚੁੱਕ ਕੇ ਝੜਾ ਲੈ । ਨਾਲ਼ੇ ਐਹ ਲੈ ਮੇਰਾ ਥੈਲਾ ।''
ਗੰਦੇ ਥੈਲੇ ਵਿੱਚ ਇੱਕ ਗੰਦਾ ਪਾਟਾ ਹੋਇਆ ਡੱਬੀਦਾਰ ਖੇਸ ਸੀ । ਪ੍ਰੋਫ਼ੈਸਰ ਨੇ ਦੰਦਾਂ ਦੀ ਕਚੀਚੀ ਵੱਟ ਕੇ ਉਸ ਨੂੰ ਦੂਰ ਰੱਖਣ ਦੀ ਨੀਅਤੋਂ ਸਾਈਕਲ ਦੀ ਬੱਤੀ ਦੀ ਹੁੱਕ ਨਾਲ਼ ਲਮਕਾਉਣ ਦਾ ਜਤਨ ਕੀਤਾ, ਪਰ ਮੱਡਗਾਰਡ ਤੋਂ ਉਹ ਇੱਕ ਪਾਸੇ ਉੱਲਰ ਗਿਆ । ਸੋ, ਉਸ ਨੂੰ ਉਹ ਹੈਂਡਲ ਨਾਲ਼ ਹੀ ਲਟਕਾਉਣਾ ਪਿਆ । ਇੱਕ ਬਾਂਹ ਦਾ ਸਹਾਰਾ ਦੇ ਕੇ ਮਾਨੋ ਅੱਖਾਂ ਮੀਟ ਕੇ ਉਸ ਨੇ ਉਸ ਨੂੰ ਪਿੱਛੇ ਕੈਰੀਅਰ 'ਤੇ ਬਿਠਾ ਲਿਆ । ਉਹ ਬੱਚੇ ਦੇ ਭਾਰ ਜਿੰਨੀ ਹੌਲ਼ੀ ਸੀ । ਪ੍ਰੋਫ਼ੈਸਰ ਨੇ ਹੱਥ ਨੂੰ ਲੱਗੇ ਮਾਈ ਦੇ ਬਦਬੂ ਭਰੇ ਪਸੀਨੇ ਦੀ ਹੁਣ ਕੋਈ ਪਰਵਾਹ ਨਾ ਕੀਤੀ, ਕਿਉਂਕਿ ਉਸ ਦਾ ਧਿਆਨ ਹੁਣ ਹੋਰ ਖ਼ਿਆਲਾਂ ਵੱਲ ਲੱਗ ਗਿਆ ਸੀ । ਸਾਈਕਲ ਨੂੰ ਥੋੜ੍ਹਾ ਜਿਹਾ ਰੇੜ੍ਹੇ ਪਾ ਕੇ ਅੱਗੇ ਦੀ ਪੈਰ ਕੱਢ ਕੇ, ਕਾਠੀ 'ਤੇ ਬੈਠ ਕੇ, ਉਹ ਉਸ ਨੂੰ ਚਲਾਉਣ ਲੱਗਾ । ਉਸ ਨੇ ਝੱਟ ਹੀ ਪਤਾ ਕਰ ਲਿਆ ਕਿ ਉਸ ਮਾਈ ਦਾ ਕੋਈ ਸੰਗ-ਸਾਕ ਨਹੀਂ ਸੀ । ਉਹ ਜੇਠ ਦੀ ਸੰਗਰਾਂਦ ਨੂੰ ਤੁਰ ਕੇ ਤੇਰਾਂ- ਚੌਦਾਂ-ਪੰਦਰਾਂ ਮੀਲ 'ਤੇ ਗੁਰਦਵਾਰੇ ਆਈ ਸੀ । ਪਿੰਡ ਵਿੱਚ ਇੱਕ ਝੁੱਗੀ ਤੋਂ ਸਿਵਾਏ ਉਸ ਦਾ ਕੁਝ ਵੀ ਨਹੀਂ ਸੀ । ਜੇ ਆਂਢ-ਗੁਆਂਢ ਆਪੇ ਹੀ ਉਸ ਨੂੰ ਕੁੱਝ ਖਾਣ ਨੂੰ ਦੇ ਦੇਣ ਤਾਂ ਉਹ ਲੈ ਲੈਂਦੀ ਪਰ ਉਹ ਆਪ ਕਿਸੇ ਦੇ ਘਰੋਂ ਕੁੱਝ ਮੰਗਣ ਨਹੀਂ ਸੀ ਜਾਂਦੀ ਭਾਵੇਂ ਉਸ ਨੂੰ ਦਿਹਾੜੀ ਡੰਗ ਭੁੱਖੀ ਹੀ ਕਿਉਂ ਨਾ ਰਹਿਣਾ ਪਵੇ ।
ਕਿਸੇ ਤਰ੍ਹਾਂ ਪ੍ਰੋਫ਼ੈਸਰ ਦੇ ਦਿਲ ਵਿੱਚ ਇਹ ਜਾਣਦਿਆਂ ਵੀ ਕਿ ਉਹ ਉਸ ਦੇ ਲਈ ਕਿਸੇ ਤਰ੍ਹਾਂ ਵੀ ਲਾਭਦਾਇਕ ਨਹੀਂ ਹੋਵੇਗੀ, ਇਹ ਸ਼ੁੱਭ-ਭਾਵਨਾ ਉੱਠੀ ਕਿ ਉਹ ਉਸ ਨੂੰ ਆਪਣੇ ਘਰ ਹੀ ਲੈ ਜਾਵੇ, ਪਰ ਇਹ ਸ਼ੁੱਭ-ਇੱਛਿਆ ਉਸ ਦੇ ਵੱਡੇ ਟੱਬਰ ਦੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਕੇ ਰਹਿ ਗਈ । ਉਸ ਨੂੰ ਪ੍ਰਤੀਤ ਹੋਇਆ ਕਿ ਉਹ ਬੇਵੱਸ ਸੀ । ਉਸ ਦੇ ਦਿਲ ਵਿੱਚ ਫੇਰ ਇੱਕ ਨਿੱਕੀ ਜਿਹੀ ਨੇਕੀ ਕਰਨ ਦੀ ਇੱਛਿਆ ਉੱਭਰੀ । ਉਹ ਉਸ ਨੂੰ ਬੱਸ 'ਤੇ ਬਿਠਾ ਦੇਵੇ । ਪਰ ਅੰਗਰੇਜ਼ੀ ਦਾ ਮਹੀਨਾ ਅਖ਼ੀਰਲੇ ਹਫ਼ਤੇ ਵਿੱਚ ਪ੍ਰਵੇਸ਼ ਕਰ ਚੁੱਕਾ ਸੀ । ਉਸ ਨੂੰ ਪਤਾ ਸੀ ਕਿ ਉਸ ਦੀ ਜੇਬ ਵਿੱਚ ਕੁੱਲ ਤੀਹ ਨਵੇਂ ਪੈਸੇ ਹਨ ਤੇ ਇਹ ਪੈਸੇ ਤਾਂ ਮਸੀਂ ਉਸ ਨੂੰ ਉਸ ਦੀ ਮੰਜ਼ਲ ਦੇ ਅੱਧ ਵਿੱਚ ਵੀ ਨਹੀਂ ਅਪੜਾ ਸਕਣਗੇ । 'ਪਰ ਚੱਲੋ ਅੱਧ ਤੱਕ ਹੀ ਸਹੀ । ਇਸ ਦਾ ਕੁਝ ਭਾਰ ਤੇ ਹਲਕਾ ਹੋਵੇਗਾ ।' ਪ੍ਰੋਫ਼ੈਸਰ ਨੇ ਸੋਚਿਆ, ''ਮੈਂ ਕਹਿ ਦੇਵਾਂਗਾ ਕਿ ਉਹ ਅੱਗੋਂ ਦਿਨ ਢਲ਼ੇ ਤੁਰੇ ਤੇ ਮੂਰਖਤਾ ਨਾਲ਼ ਪੈਰ ਨਾ ਸਾੜੇ ।''
ਪਰ ਅਚਾਨਕ ਉਸ ਦੇ ਸਾਹਮਣੇ ਨੰਨ੍ਹੇ ਦਿਨੇਸ਼ ਦਾ ਚਿਹਰਾ ਆਣ ਖਲੋਤਾ, ਜਿਹੜਾ ਦਿਨ ਚੜ੍ਹਦਿਆਂ ਹੀ 'ਰੱਸ'-'ਰੱਸ' ਦੀ ਰਟ ਲਗਾ ਦਿੰਦਾ ਸੀ । ਤੇ ਰੱਸ ਵੀ ਕੋਈ ਸੁਗਾਤ ਹੈ, ਸੁੱਕੀ ਹੋਈ ਰੋਟੀ! ਤਿੰਨਾਂ ਨਵਿਆਂ ਪੈਸਿਆਂ ਦੀ । ਤੇ ਤਿੰਨ ਨਵੇਂ ਪੈਸੇ ਵੀ ਕੋਈ ਆਪਣੇ ਬੱਚੇ 'ਤੇ ਉਸ ਦੀ ਖ਼ੁਸ਼ੀ ਲਈ ਨਾ ਖ਼ਰਚ ਸਕੇ ਤੇ ਉਸ ਨੂੰ ਸਾਰਾ ਦਿਨ ਰੋਂਦਾ ਰੱਖੇ?''
ਉਹ ਫਿਰ ਸੋਚਣ ਲੱਗਾ, ਤੇ ਇਹ ਬੁੱਢੇ, ਜਿਨ੍ਹਾਂ ਦਾ ਕੋਈ ਨਹੀਂ, ਇਹਨਾਂ ਦਾ ਕੀ ਬਣੇ! ਇਹਨਾਂ ਦੀ ਪਾਲਣਾ ਕੌਣ ਕਰੇ! ਜੇ ਕੋਈ ਵੀ ਨਾ ਕਰੇ ਤਾ ਇਹ ਮੰਗਤਿਆਂ ਦੀਆਂ ਫ਼ੌਜਾਂ ਵਿੱਚ ਭਰਤੀ ਹੋਣ ਕਿ ਨਾ? ਮੈਂ ਕੁਝ ਪੈਸੇ ਲੋਕਾਂ ਕੋਲ਼ੋਂ ਮੰਗ ਕੇ ਤੇ ਕੁਝ ਆਪਣੇ ਕੋਲ਼ੋਂ ਪਾ ਕੇ ਇਸ ਮਾਈ ਨੂੰ ਬਾਗਾਂ ਵਾਲ਼ੇ ਦੀ ਟਿਕਟ ਲੈ ਦਿਆਂ ।' ਝੱਟ ਹੀ ਉਹ ਹੋਰ ਤਰ੍ਹਾਂ ਸੋਚਣ ਲੱਗ ਪਿਆ, ''ਪੈਸੇ ਮੰਗਾਂਗਾ ਤਾਂ ਲੋਕੀ ਕਹਿਣਗੇ, ਪ੍ਰੋਫ਼ੈਸਰ ਅੱਠਾਂ ਆਨਿਆਂ ਦੇ ਪੈਸੇ ਵੀ ਆਪਣੇ ਕੋਲ਼ੋਂ ਨਹੀਂ ਖ਼ਰਚ ਸਕਦਾ । ਤੇ ਮੇਰੀਆਂ ਸਲਾਮਾਂ ਮੈਥੋਂ ਖੁੱਸ ਜਾਣਗੀਆਂ ।' ਉਸ ਦੇ ਵਿਚਾਰਾਂ ਨੇ ਹੋਰ ਪਾਸਾ ਪਰਤਾਇਆ, 'ਹੱਛਾ ਮੈਂ ਆਪ ਹੀ ਉਸ ਨੂੰ ਬਾਗ਼ਾਂ ਵਾਲ਼ੇ ਤੱਕ ਕਿਉਂ ਨਾ ਛੱਡ ਆਵਾਂ?' ਹੁਣ ਉਸ ਨੂੰ ਆਪਣੇ ਬੁਢੇਪੇ ਦਾ ਅਹਿਸਾਸ ਹੋਇਆ, ਜਿਸ ਨੂੰ ਉਹ ਕਦੇ ਕਿਸੇ ਸਾਹਮਣੇ ਨਹੀਂ ਸੀ ਮੰਨਦਾ । ਨਾਲ਼ੇ ਉਸ ਰੋਟੀ ਵੀ ਹਾਲੀ ਖਾਣੀ ਸੀ । ਥਕਾਵਟ ਨਾਲ਼ ਉਸ ਚੂਰ ਹੋ ਜਾਣਾ ਸੀ ਤੇ ਉਸ ਕੋਲ਼ੋਂ ਪੜ੍ਹਾਉਣ ਲਈ ਪੜ੍ਹ-ਲਿਖ ਨਹੀਂ ਸੀ ਹੋਣਾ । ਜਮਾਤ ਵਿੱਚ ਗੱਪਾਂ ਮਾਰਨ ਦੀ ਉਸ ਦੀ ਆਦਤ ਨਹੀਂ ਸੀ ਅਤੇ ਪੈਸੇ ਲੈ ਕੇ ਤਸੱਲੀ ਨਾਲ਼ ਨਾ ਪੜ੍ਹਾਉਣਾ ਉਹ ਪਾਪ ਸਮਝਦਾ ਸੀ । ਉਸ ਨੂੰ ਜੇਬ ਵਿਚਲੇ ਪੈਸਿਆਂ ਨਾਲ਼ ਬੁੱਢੀ ਦੀ ਸਹਾਇਤਾ ਕਰਨ ਦਾ ਫੇਰ ਉਲੇਲ ਉੱਠਿਆ, ਪਰ ਝੱਟ ਹੀ ਉਸ ਨੂੰ ਚੇਤਾ ਆਇਆ ਕਿ ਉਸ ਨੇ ਧੋਬੀ ਦੀ ਧੁਆਈ ਵੀ ਦੇਣੀ ਹੈ ਤੇ ਧੋਬੀ ਇੱਕ-ਅੱਧਾ ਤਗਾਦਾ ਵੀ ਕਰ ਗਿਆ ਸੀ ।
ਸ਼ਹਿਰ ਦਾ ਮੋੜ ਆ ਗਿਆ ਸੀ ਤੇ ਨਾ ਚਾਹੁੰਦਿਆਂ ਵੀ ਪ੍ਰੋਫ਼ੈਸਰ ਨੇ ਕਿਹਾ, ''ਮਾਈ, ਸ਼ਹਿਰ ਆ ਗਿਆ । ਮੈਂ ਸ਼ਹਿਰ ਨੂੰ ਮੁੜ ਜਾਣੈਂ ।'' ਤੇ ਸਾਈਕਲ ਬ੍ਰੇਕ ਲਾ ਕੇ ਰੋਕ ਦਿੱਤਾ । ਮਾਈ ਨਾ ਉੱਤਰੀ । ਪ੍ਰੋਫ਼ੈਸਰ ਨੇ ਔਖਿਆਂ ਹੋ ਕੇ ਖੜ੍ਹੇ ਸਾਈਕਲ ਤੋਂ ਅੱਗਿਉਂ ਦੀ ਆਪਣੀ ਲੱਤ ਕੱਢੀ ਤੇ ਉੱਤਰ ਕੇ ਮਾਈ ਨੂੰ ਉਤਾਰਿਆ । ਉਸ ਦਾ ਗੰਦਾ ਥੈਲਾ ਲਾਹ ਕੇ ਉਸ ਨੂੰ ਫੜਾਇਆ । ਕਮੇਟੀ ਦੀ ਚੌਕੀ ਦਾ ਬਾਬੂ ਘਿਰਨਾ ਭਰੀ ਨਜ਼ਰ ਨਾਲ਼ ਪ੍ਰੋਫ਼ੈਸਰ ਨੂੰ ਦੇਖ ਰਿਹਾ ਸੀ ਕਿ ਬਾਗ਼ਾਂ ਵਾਲ਼ੇ ਦੀ ਬੱਸ ਮੋੜ 'ਤੇ ਆਣ ਖਲੋਤੀ । ਬੱਸ ਚਲੀ ਗਈ, ਪਰ ਪ੍ਰੋਫ਼ੈਸਰ ਨੇਕੀ ਤੇ ਮਜ਼ਬੂਰੀ ਵਿਚਕਾਰ ਝੂਟੇ ਲੈਂਦਾ ਰਿਹਾ ਅਤੇ ਆਖ਼ਰ ਮਜ਼ਬੂਰੀ ਦੇ ਹੱਥੋਂ ਹਾਰ ਖਾ ਬੈਠਾ ।
ਉਸ ਘਰ ਜਾਣ ਲਈ ਜਦ ਸਾਈਕਲ ਮੋੜਿਆ ਤਾਂ ਲਾਲ ਚੀਰੇ ਤੇ ਸਧਾਰਨ ਕੱਪੜਿਆਂ ਵਾਲ਼ਾ ਸਾਈਕਲ-ਸਵਾਰ ਸ਼ਹਿਰੋਂ ਮੁੜਿਆ ਆ ਰਿਹਾ ਸੀ । ਪ੍ਰੋਫ਼ੈਸਰ ਉਸ ਪੱਥਰ-ਦਿਲ ਇਨਸਾਨ ਨੂੰ ਕੁਝ ਨਾ ਕਹਿਣਾ ਚਾਹੁੰਦਿਆਂ ਵੀ ਕੁਝ ਕਹਿਣਾ ਚਾਹੁੰਦਾ ਸੀ ਕਿ ਸਾਈਕਲ-ਸਵਾਰ ਨੇ ਮਾਈ ਨੂੰ ਦੇਖ ਕੇ ਕਿਹਾ, ''ਆ ਗਈ ਐਂ, ਮਾਂ । ਛੇਤੀ ਈ ਆ ਗਈ ਐਂ । ਮੇਰਾ ਕੰਮ ਵੀ ਛੇਤੀ ਈ ਮੁੱਕ ਗਿਆ । ਚੱਲ ਬੈਠ, ਮੈਂ ਤੇ ਬਾਗ਼ਾਂ ਵਾਲ਼ੇ ਤੀਕ ਜਾਣਾ । ਤੈਨੂੰ ਦੋ ਪੈਰ 'ਗਾਂਹ ਸਹੇੜੇ ਈ ਛੱਡ ਆਊਂ ।''
''ਬੀਰ, ਔਹ ਦੂਜਾ ਬੀਰ ਐਥੋਂ ਤੱਕ ਲੈ ਆਇਆ, ਜੀਂਦਾ ਰਹਿਣਾ । ਛੇਤੀ ਈ ਆ ਗਈ ।''
ਪ੍ਰੋਫ਼ੈਸਰ ਨੇ ਆਪਣੇ ਸਾਈਕਲ ਦਾ ਸਟੈਂਡ ਲਾ ਕੇ ਮਾਈ ਨੂੰ ਚੁੱਕ ਕੇ ਲਾਲ ਚੀਰੇ ਵਾਲ਼ੇ ਦੇ ਕੈਰੀਅਰ 'ਤੇ ਬਿਠਾਇਆ ਤੇ ਉਸ ਦਾ ਥੈਲਾ ਉਸ ਦੇ ਸਾਈਕਲ ਦੇ ਹੈਂਡਲ ਨਾਲ਼ ਲਮਕਾ ਦਿੱਤਾ । ਲਾਲ ਚੀਰੇ ਵਾਲ਼ੇ ਨੇ ਪ੍ਰੋਫ਼ੈਸਰ ਵੱਲ ਇਹੋ-ਜਿਹੀ ਤੱਕਣੀ ਨਾਲ਼ ਤੱਕਿਆ ਜਿਵੇਂ ਜਿਸ ਨੂੰ ਉਹ ਓਪਰਾ ਸਮਝਦਾ ਸੀ ਉਹ ਆਪਣਾ ਹੀ ਨਿਕਲ਼ ਆਇਆ ਹੋਵੇ । ਪਰ ਉਹ ਕੁਛ ਮੂੰਹੋਂ ਨਾ ਬੋਲਿਆ, ਅੱਖਾਂ ਹੀ ਅੱਖਾਂ ਨਾਲ਼ ਉਸ ਨੇ ਪ੍ਰੋਫ਼ੈਸਰ ਨਾਲ਼ ਸਾਂਝ ਪਾ ਲਈ ਅਤੇ ਉਸ ਸਾਂਝ ਵਿੱਚ ਪ੍ਰੋਫ਼ੈਸਰ ਨੇ ਇਉਂ ਪ੍ਰਤੀਤ ਕੀਤਾ ਜਿਵੇਂ ਆਪਣੇ ਘਾਟੇ ਨੂੰ ਪੂਰਾ ਕਰ ਲਿਆ ਹੋਵੇ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਪ੍ਰਿੰਸੀਪਲ ਸੁਜਾਨ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ