Sabar Di Tokri : Iranian Lok Kahani
ਸਬਰ ਦੀ ਟੋਕਰੀ : ਇਰਾਨੀ ਲੋਕ ਕਹਾਣੀ
ਇੱਕ ਵਾਰੀ ਦੀ ਗੱਲ ਹੈ, ਉਹਨਾਂ ਦਿਨਾਂ ਦੀ ਜਦ ਕਿ ਹਰ ਪ੍ਰਕਾਰ ਦੀਆਂ ਅਸਚਰਜ ਗੱਲਾਂ ਹੁੰਦੀਆਂ ਸਨ ਇੱਕ ਥਾਂ ਇਕ ਅਬਦੁੱਲਾ ਨਾਮੀ ਸੌਦਾਗਰ ਰਹਿੰਦਾ ਸੀ । ਉਹ ਐਨਾ ਅਮੀਰ ਸੀ ਕਿ ਓਸ ਇਹ ਨਹੀਂ ਸੀ ਪਤਾ ਕਿ ਓਹ ਏਨੇ ਧਨ ਨਾਲ ਕੀ ਕਰੇ? ਉਸਦੀ ਸੁੰਦਰ ਇਸਤ੍ਰੀ ਤੇ ਪਿਆਰੇ ਬਾਲਕ ਸਨ, ਪਰ ਫੇਰ ਭੀ ਉਹ ਖੁਸ਼ ਨਹੀਂ ਸੀ । ਉਹੋ ‘ਕੁਝ ਹੋਰ' ਚਾਹੁੰਦਾ ਸੀ ਪਰ ਓਹ ਨਹੀਂ ਜਾਣਦਾ ਸੀ ਕਿ ਉਹ ਕੀ ਚਾਹੁੰਦਾ ਹੈ । ਸੋ ਉਹ ਬੜਾ ਬੇਅਰਾਮ ਅਤੇ ਨਾਖੁਸ਼ ਸੀ ।
ਇਕ ਰਾਤ, ਜਦ ਉਹ ਬਿਸਤਰੇ ਵਿਚ ਪਿਆ ਸੀ, ਉਸ ਦੇ ਕਮਰੇ ਵਿਚ ਜਿਹੜਾ ਇਕ ਸੰਦੂਕ ਪਿਆ ਸੀ, ਉਸ ਵਿਚੋਂ ਇਕ ਬਹੁਤ ਹੀ ਬੁੱਢੀ ਇਸਤਰੀ ਨਿਕਲੀ । ਓਹ ਸੋਟੀ ਦੇ ਸਹਾਰੇ ਅਬਦੁਲੇ ਵਲ ਆਈ ਅਤੇ ਉਸਨੇ ਕਿਹਾ, "ਅਬਦੁਲਾ ! ਤੇਰੇ ਕੋਲ ਬਹੁਤ ਕੁਝ ਹੈ, ਪਰ ਤੁੰ ਖੁਸ਼ੀ ਨਹੀਂ। ਤੂੰ ਸਬਰ ਦੀ ਟੋਕਰੀ ਕਿਉਂ ਨਹੀਂ ਲਭਦਾ, ਜਦ ਤੂੰ ਉਸ ਨੂੰ ਲੱਭ ਲਵੇਂਗਾ ਤਾਂ ਤੂੰ ਖੁਸ਼ ਹੋਵੇਂਗਾ, ਉਸ ਤੋਂ ਪਹਿਲਾਂ ਨਹੀਂ ।”
ਇਕ ਰਾਤ ਪਿਛੋਂ ਦੂਜੀ ਰਾਤ, ਪੂਰੀਆਂ ਤਿੰਨ ਰਾਤਾਂ ਓਹ ਬੁਢੀ ਇਸਤਰੀ ਅਬਦੁਲੇ ਕੋਲ ਆਈ ਅਤੇ ਉਸ ਨੇ ਓਹੀ ਕੁਝ ਕਿਹਾ । ਤੀਜੀ ਰਾਤ ਉਸ ਦੇ ਜਾਣ ਤੋਂ ਪਿਛੋਂ ਸੌਦਾਗਰ ਨੇ ਸੋਚਿਆ ਕਿ ਇਸ ਵਿਚ ਜ਼ਰੂਰ ਕੁਝ ਨਾ ਕੁਝ ਸਚਾਈ ਹੋਵੇਗੀ । ਕੀ ਅਸਲ ਦੇ ਵਿਚ ‘ਸਬਰ ਦੀ ਟੋਕਰੀ’ ਕੋਈ ਚੀਜ਼ ਹੈ ? ਓਸ ਨੇ ਇਸ ਬਾਰੇ ਬਹੁਤ ਸੋਚਿਆ, ਅਤੇ ਕੁਝ ਚਿਰ ਪਿਛੋਂ ਓਸ ਦੇ ਮਨ ਨੇ, ਇਸ ਦੀ ਬਹੁਤ ਹੀ ਚਾਹ ਕੀਤੀ ।
ਅਬਦੁਲਾ ਜਿਹੜੀ ਚੀਜ਼ ਚਾਹੁੰਦਾ ਸੀ – ਓਹੀ ਪਾ ਲੈਂਦਾ ਸੀ, ਤੇ ਹੁਣ ਓਸ ਨੇ ‘ਸਬਰ ਦੀ ਟੋਕਰੀ' ਹਾਸਲ ਕਰਨ ਲਈ ਪੱਕਾ ਇਰਾਦਾ ਕਰ ਲਿਆ । ਪਰ ਇਹ ਹਾਸਲ ਕਿਵੇਂ ਕੀਤੀ ਜਾਂਦੀ ?
ਓਸ ਨੇ ਆਪਣੇ ਆਦਮੀ ਧਰਤੀ ਦੇ ਹਰ ਪਾਸੇ ਘਲੇ, ਤਾਂ ਜੋ ਉਹ ਕਿਸੇ ਤੋਂ ਜਾਣ ਸਕਣ ਕਿ ਸਬਰ ਦੀ ਟੋਕਰੀ ਕਿਥੋਂ ਮਿਲ ਸਕਦੀ ਹੈ । ਜਦ ਓਹ ਵਾਪਸ ਮੁੜੇ ਤਾਂ ਕਿਸੇ ੨ ਨੇ ਕਿਹਾ ਕਿ ਉਸ ਨੇ ਉਸ ਬਾਰੇ ਸੁਣਿਆ ਹੈ, ਪਰ ਇਹ ਕਿਸ ਨੂੰ ਭੀ ਪਤਾ ਨਾ ਲੱਗਾ ਕਿ ਉਹ ਭਾਲੀ ਕਿਥੋਂ ਜਾਵੇ ?
ਸੌਦਾਗਰ ਹੁਣ ਹੋਰ ਕਿਸੇ ਚੀਜ਼ ਬਾਰੇ ਨਹੀਂ ਸੋਚਦਾ ਸੀ । ਓਹ ਨਾ ਕੁਝ ਖਾ ਸਕਦਾ ਸੀ ਤੇ ਨਾ ਹੀ ਓਸ ਨੂੰ ਨੀਂਦ ਆਉਂਦੀ ਸੀ । ਉਸ ਦੇ ਦਮਾਗ ਵਿਚ ਕੇਵਲ ਟੋਕਰੀ ਦੇ ਖਿਆਲ ਹੀ ਸਮਾਏ ਹੋਏ ਸਨ । ਓਹ ਮਾਯੂਸੀ ਵਿਚ ਚੀਕਿਆ, "ਕੀ ਮੇਰਾ ਸਾਰਾ ਧਨ ਇਕ ਇਹੋ ਜੇਹੇ ਆਦਮੀ ਨੂੰ ਨਹੀਂ ਖਰੀਦ ਸਕਦਾ, ਜੋ ਇਹ ਦਸੇ ਕਿ 'ਸਬਰ ਦੀ ਟੋਕਰੀ' ਕਿਥੇ ਹੈ ਤੇ ਕਿਵੇਂ ਹਾਸਲ ਹੋ ਸਕਦੀ ਹੈ ?"
ਆਖਰ ਇਕ ਦਿਨ ਓਸ ਕੋਲ ਇਕ ਆਦਮੀ ਆਇਆ, ਜਿਹੜਾ ਬੜੀ ਭੈੜੀ ਹਾਲਤ ਵਿਚ ਇਕ ਮੰਗਤਾ ਦਖਾਈ ਦਿੰਦਾ ਸੀ, ਓਸ ਨੇ ਕਿਹਾ, 'ਓ ਸੌਦਾਗਰ, ‘ਸਬਰ ਦੀ ਟੋਕਰੀ' ਇਕ ਵਾਦੀ ਵਿਚ ਹੈ ਜਿਸ ਨੂੰ ਮੈਂ ਜਾਣਦਾ ਹਾਂ । ਜੇ ਤੁਸੀਂ ਆਪਣੇ ਇਸ ਸਾਹਮਣੇ ਖੜੇ ਦਾਸ ਨੂੰ ਇਸ ਦਾ ਸਿਲਾ ਦੇਵੋਗੇ ਤਾਂ ਇਹ ਤੁਹਾਨੂੰ ਉਥੇ ਲੈ ਜਾਵੇਗਾ। ਧਨ ਤੋਂ ਬਿਨਾ ਹੋਰ ਕਿਸੇ ਸ਼ੈ ਨਾਲ ਓਹ ਨਹੀਂ ਪਾਈ ਜਾ ਸਕਦੀ । ਸੋ ਤੁਹਾਨੂੰ ਕੀਮਤੀ ਸੁਗਾਤਾਂ ਨਾਲ ਭਰਪੂਰ ਜਾਣਾ ਚਾਹੀਦਾ ਹੈ, ਤਾਂ ਜੋ ਓਹਨਾਂ ਨੂੰ ਦਿੱਤੀਆਂ ਜਾ ਸਕਣ ਜੋ ਓਸ ਦੀ ਦਿਨ ਰਾਤ ਰਾਖੀ ਕਰਦੇ ਹਨ ।'
ਅਬਦੁਲਾ ਨੇ ਕਿਹਾ, “ਮੇਰੇ ਕਲ ਐਨਾ ਧਨ ਹੈ, ਜਿੰਨਾਂ ਇਸ ਧਰਤੀ ਪੁਰ ਹੋਰ ਕਿਸੇ ਕੋਲ ਨਹੀਂ, ਉਹ ਮੇਰੇ ਲਈ ਕੁਝ ਭੀ ਨਹੀਂ, ਮੈਨੂੰ ਹੁਣੇ ਹੀ ਓਸ ਵਾਦੀ ਨੂੰ ਲੈ ਚੱਲੋ, ਤੇ ਤੁਹਾਨੂੰ ਸਾਰਾ ਜੀਵਨ ਹੋਰ ਕੋਈ ਝਾਗ ਨਹੀਂ ਝਾਗਣੀ ਪਵੇਗੀ ।”
ਮੰਗਤੇ ਨੇ ਕਿਹਾ, “ਆਹ ! ਪਰ ਤੁਹਾਨੂੰ ਐਨੀ ਕਾਹਲੀ ਨਹੀਂ ਕਰਨੀ ਚਾਹੀਦੀ । ਪਹਿਲਾਂ ਸੁਗਾਤਾਂ ਤਿਆਰ ਕਰਨੀਆਂ ਹਨ, ਅਤੇ ਅਰਬ ਦੇ ਥਲਾਂ ਵਿਚ ਦੀ ਜਿਸ ਵਾਦੀ ਲਈ ਮੈਂ ਕਹਿੰਦਾ ਹਾਂ, ਓਸ ਵਾਦੀ ਨੂੰ ਜਾਣ ਲਈ, ਕਈ ਦਿਨ ਦਾ ਸਫਰ ਹੈ।"
ਪਰ ਅਬਦੁਲੇ ਨੇ ਐਨੇ ਇਰਾਦੇ ਨਾਲ ਕੰਮ ਕੀਤਾ, ਕਿ ਨੌ ਦਿਨਾਂ ਬਾਅਦ, ਮੰਗਤੇ ਨੇ ਜੋ ਕੁਝ ਕਿਹਾ ਸੀ, ਓਸ ਨੇ ਤਿਆਰ ਕਰ ਲਿਆ । ਹੁਣ ਓਹ ਇਕ ਮੋਤੀਆਂ ਦੇ ਰਥ ਵਿਚ ਜਾਣ ਲਈ ਤਿਆਰ ਸੀ । ਇਸ ਨੂੰ ਦਸ ਦੁਧ ਜਿਹੇ ਚਿੱਟੇ ਘੋੜੇ ਜਿਨ੍ਹਾਂ ਦੀਆਂ ਖੁਰੀਆਂ ਸੋਨੇ ਦੀਆਂ ਸਨ, ਖਿਚਦੇ ਸਨ। ਪਰਸੰਨਤਾ ਭਰਪੂਰ ਸਜੇ ਹੋਏ ਹਾਥੀਆਂ ਉਪਰ ਬਾਜਾ ਸੀ, ਜਦ ਕਾਫਲਾ ਤੁਰ ਰਿਹਾ ਹੁੰਦਾ ਸੀ ਤਾਂ ਓਸ ਦਾ ਰਾਗ ਥਲਾਂ ਨੂੰ ਚੀਰਦਾ ਹੋਇਆ ਜਾਪਦਾ ਸੀ ।
ਬਾਜੇ ਦੇ ਪਿਛ ਦੋ ਉਠ ਫਲਾਂ ਦੇ, ਦੋ ਸੌ ਦਾਣਿਆਂ ਦੇ, ਪੰਜ ਸੌ ਚੰਗੀ ਸ਼ਰਬ ਤੇ ਬਰਾਂਡੀ ਦੇ, ਤੇ ਹੋਰ ਕਿੰਨੇ ਹੀ ਉਠ ਸੁਗੰਧੀਆਂ ਤੇ ਹੋਰ ਹਰ ਕਿਸਮ ਦੀਆਂ ਸੁਗਾਤਾਂ ਨਾਲ ਲੱਦੇ ਹੋਏ ਸਨ ।
ਇਨ੍ਹਾਂ ਦੇ ਅੱਗੇ ਪਿਛੇ ਇਕ ਹਥਿਆਰ ਬੰਦ ਆਦਮੀਆਂ ਦਾ ਦਸਤਾ ਸੀ, ਤਾਂ ਜੋ ਉਠ ਰਾਹ ਵਿਚ ਨ ਲੁਟੇ ਜਾਣ।
ਚਲਣ ਦੇ ਚਾਰ ਦਿਨਾਂ ਬਾਅਦ ਓਹ ਕੇਦਾਰ ਅਤੇ ਖਜੂਰ ਦੇ ਦਰਖਤਾਂ ਦੇ ਜੰਗਲ ਦੇ ਅਖੀਰ ਤੇ ਇਕ ਵਾਦੀ ਵਿਚ ਜਾ ਰੁਕੇ । ਏਥੇ ਮੰਗਤਾ ਅਬਦੁਲੇ ਨੂੰ ਰਥ ਨਾਲੋਂ ਪਾਸੇ ਲੈ ਗਿਆ । ਓਹਨਾਂ ਨੇ ਕਾਫਲਾ ਛਡ ਦਿਤਾ ਅਤੇ ਓਹ ਮੰਗਤਾ ਓਸ ਨੂੰ ਓਦੋਂ ਤੱਕ ਦਰਖਤਾਂ ਵਿਚ ਦੀ ਲਈ ਚਲਾ ਗਿਆ, ਜਦ ਤਕ ਇਕ ਗਾਰ (ਖੱਡ) ਨਾ ਆ ਗਈ । ਫੇਰ ਓਸ ਨੇ ਅਬਦੁਲੇ ਨੂੰ ਗਾਰ ਵਿਚ ਬਹਿਣ ਦਾ ਇਸ਼ਾਰਾ ਕਰਕੇ ਕਿਹਾ, ਕੁਝ ਏਥੇ ਉਡੀਕੋ । ਉਹ ਗਾਰ ਦੇ ਵਿਚ ਚਲਿਆ ਗਿਆ ਅਤੇ ਛੇਤੀ ਹੀ ਨਜ਼ਰੋਂ ਓਹਲੇ ਹੋ ਗਿਆ ।
ਅਬਦੁੱਲਾ ਬੈਠ ਗਿਆ ਅਤੇ ਓਸ ਨੇ ਬਹੁਤ ਚਿਰ ੳਡੀਕ ਕੀਤੀ । ਸੂਰਜ ਛਿਪ ਗਿਆ, ਘੁਸਮੁਸਾ ਹੋ ਗਿਆ ਤੇ ਆਖਰ ਬਿਲਕੁਲ ਹਨੇਰਾ ਭੀ ਹੋ ਗਿਆ, ਪਰ ਮੰਗਤਾ ਵਾਪਸ ਨ ਮੁੜਿਆ । ਸੌਦਾਗਰ ਨੂੰ ਕੁਝ ਭੀ ਕਰਨ ਦਾ ਪਤਾ ਨਹੀਂ ਸੀ । ਓਸ ਨੂੰ ਬਹੁਤ ਗੁੱਸਾ ਆਇਆ, ਕਿਉਂਕਿ ਓਹ ਦੂਜੇ ਲੋਕਾਂ ਦੀ ਉਡੀਕ ਕਰਨ ਨਹੀਂ ਗਿੱਝਿਆ ਸੀ । ਆਖਰ ਓਹ ਇਕ ਦਰਖਤ ਉਪਰ ਚੜ੍ਹ ਗਿਆ, ਅਤੇ ਪ੍ਰਭਾਤ ਨੂੰ ਉਡੀਕਣ ਲਈ ਓਥੇ ਬੈਠ ਗਿਆ।
ਹੌਲੀ ੨ ਓਹ ਸੌਂ ਗਿਆ ਅਤੇ ਸੂਰਜ ਚੜ੍ਹਨ ਤੋ ਪਹਿਲਾਂ ਓਹ ਨ ਜਾਗਿਆ । ਜਦ ਓਸਨੇ ਅੱਖਾਂ ਖੋਹਲੀਆਂ, ਤਾਂ ਪਹਿਲੀ ਚੀਜ਼ ਜੋ ਓਸ ਨੇ ਤੱਕੀ - ਓਸ ਦੇ ਹਰ ਪਾਸ ਰੌਲਾ ਹੀ ਰੌਲਾ ਸੀ ।
ਓਹ ਉਦਾਲੇ ਪੁਦਾਲੇ ਤਕਦਾ ਹੋਇਆ ਉਠ ਬੈਠ ਅਤੇ ਓਸ ਨੇ ਦੇਖਿਆ ਕਿ ਜਿਸ ਦਰਖਤ ਤੇ ਓਹ ਬੈਠਾ ਹੈ, ਓਹ ਖਾਲਸ ਸੋਨੇ ਦਾ ਹੈ, ਪਰ ਓਸ ਦੇ ਪੱਤੇ ਚਾਂਦੀ ਦੇ ਸਨ। ਫੇਰ ਉਸ ਨੇ ਦੂਰ ਤੱਕ ਦੇਖਿਆ । ਅਧੀ ਮੀਲ ਤੋਂ ਨੇੜੇ ਇਕ ਐਡਾ ਵੱਡਾ ਮਹਿਲ ਸੀ, ਜਿਡਾ ਓਸ ਨੇ ਅਗੇ ਪਹਿਲਾਂ ਕਦੇ ਨਹੀਂ ਸੀ ਤਕਿਆ । ਸੂਰਜ ਦੀਆਂ ਕਿਰਨਾਂ ਨਾਲ ਇਹ ਜਗਮਗਾ ਰਿਹਾ ਸੀ ਕਿਉਂਕਿ ਇਹ ਸੋਨੇ ਚਾਂਦੀ ਅਤੇ ਕੀਮਤੀ ਪੱਥਰਾਂ ਦਾ ਬਣਿਆ ਹੋਇਆ ਸੀ।
ਸੌਦਾਗਰ ਦਰਖਤ ਉਤੋਂ ਉਤਰ ਆਇਆ ਅਤੇ ਓਸ ਨੇ ਆਪਣੇ ਤੁਰਨ ਵਾਲੀ ਜ਼ਮੀਨ ਭੀ ਸੋਨੇ ਦੀ ਧੁਦਲ ਅਤੇ ਜਵਾਹਰਾਤਾਂ ਦੀ ਪਾਈ, ਤੇ ਓਸ ਨੂੰ ਹਰ ਪਾਸੇ ਸੋਨੇ ਅਤੇ ਚਾਂਦੀ ਦੇ ਦਰਖਤ ਮਿਲੇ । ਓਹ ਉਚੀ ਸਾਚੀ ਕੂਕਿਆ, ‘ਆਹ ਮੈਂ ! ਮੇਰਾ ਲਿਆਂਦਾ ਹੋਇਆ ਧਨ ਅਤੇ ਸੁਗਾਤਾਂ ਇਸ ਦੇ ਮੁਕਾਬਲੇ ਵਿਚ ਕੁਝ ਭੀ ਨਹੀਂ ਹੋ ਸਕਦਾ ਹੈ, ਜਿੰਨ ਉਹਨਾਂ ਨੂੰ ਕਬੂਲ ਨਾ ਕਰਨ, ਫੇਰ ਭੀ ਮੈਂ ਜਾ ਸਭ ਦੇਖਾਂਗਾ' ਕਿਉਂਕਿ ਓਸ ਨੇ ਅੰਦਾਜ਼ਾ ਲਾਇਆ ਕਿ ਸਾਹਮਣੇ ਮਹਿਲ ਵਿਚ ਹੀ ਜਿੰਨ ਰਹਿੰਦੇ ਹਨ ।
ਓਸ ਨੇ ਸੁਨਹਿਰੀ ਰਾਹਾਂ ਉਤੇ ਦੀ ਜਗਮਗਾਉਂਦੇ ਮਹਿਲ ਵਲ ਆਪਣਾ ਰਾਹ ਲਿਆ । ਇਸ ਦੇ ਉਪਰ ਮਹਾਨ-ਸੁਨਹਿਰੀ- ਗੁੰਬਦ ਸੀ, ਤੇ ਗੁੰਬਦ ਦੇ ਥਲੇ ਸੋਨੇ ਤੇ ਜਵਾਹਰਾਤਾਂ ਦੇ ਦਰਵਾਜ਼ੇ ਸਨ । ਦਰਵਾਜ਼ੇ ਖੁਲੇ ਸਨ ਸੋ ਅਬਦੁੱਲਾ ਅੰਦਰ ਚਲਾ ਗਿਆ । ਅੰਦਰ ਹਾਲ ਵਿਚ ਇੱਕ ਬੁੱਢਾ ਆਦਮੀ, ਕੀਮਤੀ ਪੁਸ਼ਾਕ ਪਾਈ ਹੋਈ ਬੈਠਾ ਸੀ । ਓਸਦੇ ਲਾਹਮੀ ਕੀਮਤੀ ਵਸਤਰਾਂ ਵਿਚ ਹੀ ਇਕ ਆਦਮੀਆਂ ਦਾ ਦਸਤਾ ਖੜਾ ਸੀ।
ਜਦ ਓਸ ਨੇ ਹਾਲ ਖਾਲੀ ਨ ਤਕਿਆ ਤਾਂ ਉਹ ਵਾਪਸ ਮੁੜਨ ਵਾਲਾ ਹੀ ਸੀ ਪਰ ਅਪਣੇ ਸ਼ਾਹੀ ਮਾਲਕ ਵੇ ਇਸ਼ਾਰੇ ਤੇ ਦਸਤੇ ਵਿਚੋਂ ਇਕ ਨੇ ਸੌਦਾਗਰ ਨੂੰ ਤਖਤ ਦੇ ਨੇੜੇ ਆਉਣ ਲਈ ਕਿਹਾ ।
ਅਬਦੁੱਲਾ ਨੇ ਹੁਕਮ ਸੁਣਨ ਵਿਚ ਕਾਹਲੀ ਕੀਤੀ। ਉਹ ਤਖਤ ਦੇ ਪੈਰਾਂ ਤੇ ਬਹੁਤ ਨੀਵਾਂ ਹੋਕੇ ਝੁਕਿਆ । ਖਲੀਫਾ ਨੇ, ਜਿਸ ਦਾ ਕਿ ਇਹ ਮਹਿਲ ਸੀ, ਓਸਨੂੰ ਕਿਹਾ, “ਅਬਦੁੱਲਾ ( ਡਰੋ ਨਾ, ਮੈਂ ਤੇਰਾ ਮਿੱਤਰ ਹਾਂ। ਤੂੰ ‘ਸਬਰਦੀ ਟੋਕਰੀ ਦੀ' ਭਾਲ ਵਿਚ ਆਇਆ ਹੈਂ, ਅਤੇ ਓਹ ਮੈਨੂੰ ਦਸਦੇ ਹਨ ਕਿ ਤੂੰ ਬਹੁਤ ਸਾਰੀਆਂ ਕੀਮਤੀ ਸੁਗਾਤਾਂ ਨਾਲ ਲਿਆਇਆ ਹੈਂ, ਤੈਨੂੰ ਇਸ ਦਾ ਬਦਲਾ ਜ਼ਰੂਰ ਮਿਲੇਗਾ ' ਅਬਦੁੱਲਾ ਨੇ ਸੋਚਿਆ, 'ਇਹ ਸਭ ਕੁਝ ਇਹ ਕਿਵੇਂ ਜਾਣਦਾ ਹੈ ।” ਪਰ ਓਸ ਨੇ ਕੁਝ ਨਾ ਕਿਹਾ, ਅਤੇ ਹੋਰ ਸੁਨਣ ਲਈ ਉਡੀਕਦਾ ਰਿਹਾ ।
ਖਲੀਫਾ ਆਪਣੇ ਇਕ ਰਖਵਾਲੇ ਵਲ ਘੁੰਮਿਆਂ ਤੇ ਓਸ ਨੇ ਕਿਹਾ: ‘ਸੌਦਾਗਰ ਅਬਦੁਲਾ ਨੂੰ ਸਾਰੇ ਖਜ਼ਾਨਾ ਭੰਡਾਰਾਂ ਵਿਚ ਦੀ ਲੈ ਜਾਉ ਅਤੇ ਉਸ ਨੂੰ ਧਰਤੀ ਦਾ ਧਨ ਦਖਾ ਲਿਆਉ ।
ਆਦਮੀ ਅਬਦੁਲਾ ਨੂੰ ਹਥੋਂ ਫੜਕੇ ਲੈ ਗਿਆ, ਤੇ ਓਸ ਨੂੰ ਮਹਿਲ ਦੇ ਅੰਦਰਲੇ ਕਮਰਿਆਂ ਵਿਚ ਪੁਚਾ ਦਿਤਾ, ਜਿਥੇ ਕੰਧਾਂ ਚਾਂਦੀ ਦੀਆਂ ਸਨ ਤੇ ਬਾਰੀਆਂ ਸ਼ੀਸ਼ੇ ਦੀਆਂ। ਹਰ ਪਾਸੇ ਸੋਨਾ, ਚਾਂਦੀ, ਹੀਰੇ ਜਵਾਹਰਾਤ ਤੇ ਮੋਤੀਆਂ ਦੇ ਵੱਡੇ ੨ ਢੇਰ ਸਨ ਸ਼ਾਇਦ ਉਹ ਆਪਣੀਆਂ ਬੁਖਾਰੀਆਂ ਵਿਚੋਂ ਉਛਲ ਕੇ ਥਲੇ ਡਿਗ ਪਏ ਸਨ, ਅਤੇ ਚਲਦਿਆਂ ਹੋਇਆਂ ਦੇ ਪੈਰਾਂ ਹੇਠ ਆਉਂਦੇ ਸਨ।
ਜਦ ਓਹ ਇਹੋ ਜੇਹੇ ਕਿੰਨੇ ਹੀ ਕਮਰਿਆਂ ਵਿਚ ਦੀ ਲੰਘ ਚੁਕੇ ਉਹ ਥਲੇ ਇਕ ਨਿਵਾਨ ਵਲ ਵਧੇ ਜਿਸ ਰਾਹੀਂ ਉਹ ਜ਼ਮੀਨ ਦੀ ਬਹੁਤ ਨਿਵਾਨ ਵਿਚ ਚਲੇ ਗਏ। ਆਦਮੀ ਅਬਦੁੱਲਾ ਨੂੰ ਥੱਲੇ ਲਈ ਗਿਆ, ਅਤੇ ਜਦ ਉਹ ਲੰਮੀ ਨਿਵਾਨ ਖਤਮ ਹੋਈ ਤਾਂ ਉਹ ਇਕ ਗ਼ਾਰ (ਖੱਡ) ਵਿਚ ਪੁਜ ਚੁਕੇ ਸਨ । ਇੱਥੇ ਨਾਲ ਦਾ ਆਦਮੀ ਖੜਾ ਹੋ ਗਿਆ ਓਸ ਨੇ ਕਿਹਾ, “ ਇਹ ਓਹ ਥਾਂ ਹੈ ਜਿਥੇ ‘ਸਬਰ ਦੀ ਟੋਕਰੀ' ਹੈ।”
ਅਬਦੁੱਲਾ ਖੁਸ਼ੀ ਨਾਲ ਨੱਚ ਉਠਿਆ, ਕਿਉਂਕਿ ਓਸ ਨੂੰ ਇਸ ਦੇ ਲੱਭਣ ਦੀ ਆਸ ਏਡੀ ਨੇੜੇ ਅਤੇ ਏਨੀ ਛੇਤੀ ਨਹੀਂ ਸੀ । ਓਸ ਆਦਮੀ ਨੇ ਦਸ ਆਦਮੀ ਸੱਦੇ ਅਤੇ ਉਹਨਾਂ ਨੂੰ ‘ਸਬਰ ਦੀ ਟੋਕਰੀ' ਦੀ ਪੇਟੀ ਬਾਹਰ ਕੱਢਣ ਲਈ ਕਿਹਾ ।
ਓਸ ਪੇਟੀ ਦਾ ਭਾਰ ਐਨਾ ਭਾਰਾ ਸੀ, ਕਿ ਦਸ ਲੰਮੇ ਉਚੇ ਤੇ ਤਕੜੇ ਆਦਮੀਆਂ ਲਈ ਇਹ ਕੱਢਣੀ ਮੁਸ਼ਕਲ ਜਾਪਦੀ ਸੀ, ਆਖਰ ਓਹਨਾਂ ਨੇ ਪੇਟੀ ਕੱਢ ਕੇ ਅਬਦੁਲਾ ਦੇ ਪੈਰਾਂ ਵਿਚ ਰਖ ਦਿਤੀ ।
ਓਸ ਆਦਮੀ ਨੇ ਕਿਹਾ, ‘ਇਹ ਤੁਹਾਡਾ ਬਦਲਾ ਹੈ । ਏਸ ਨੂੰ ਘਰ ਲੈ ਜਾਓ ਅਤੇ ਆਪਣਾ ਸਾਰਾ ਜੀਵਨ ਸੁਖ, ਸ਼ਾਂਤੀ ਤੇ ਸਬਰ ਨਾਲ ਬਿਤਾਓ । ਪਰ ਇਹ ਯਕੀਨ ਰਖਣਾ ਕਿ ਤੁਸੀਂ ਸਬਰ ਦੀ ਟੋਕਰੀ ਨੂੰ ਪੇਟੀ ਵਿਚੋਂ ਆਪਣੇ ਘਰ ਤੇ ਓਹ ਭੀ ਬਾਰ ਬਾਰੀਆਂ ਬੰਦ ਕਰਕੇ ਹੀ ਕਢਣਾ ਹੈ।”
ਅਬਦੁੱਲਾ ਫੇਰ ਸਿੰਘਾਸਨ-ਕਮਰੇ ਵਿਚ ਗਿਆ । ਜਿਹੜੀਆਂ ਸੁਗਾਤਾਂ ਓਹ ਲਿਆਇਆ ਸੀ, ਓਸਨੇ ਖਲੀਫੇ ਨੂੰ ਦੇ ਦਿਤੀਆਂ, ਜਿਹੜਾ ਕਿ ਅਜੇ ਤਕ ਸੁਨਹਿਰੀ ਤਖਤ ਉਪਰ ਹੀ ਬੈਠਾ ਸੀ । ਅਤੇ ਓਸ ਮੰਗਤੇ ਨੂੰ ਭੀ ਜੀਵਨ ਦੇ ਲਈ ਅਮੀਰ ਬਨਣ ਵਾਸਤੇ ਕਾਫੀ ਸੋਨਾ ਦੇ ਦਿਤਾ, ਜਿਸ ਨੇ ਓਸ ਨੂੰ ਏਸ ਮਹਿਲ ਵਿਚ ਲਿਆਂਦਾ ਸੀ ।
ਲੰਮੇ ੨ ਵੰਝਾਂ ਨਾਲ ਪੇਟੀ ਚਾਰ ਊਠਾਂ ਉਪਰ ਲਦੀ ਗਈ ਅਤੇ ਅਬਦੁੱਲਾ ਘਰ ਵਲ ਚਲ ਪਿਆ । ਇਸ ਵੇਲੇ ਭੀ ਕੁਝ ਆਦਮੀ ਉਸ ਦੀ ਰਖਵਾਲੀ ਕਰ ਰਹੇ ਸਨ । ਬਲਦੇ ਹੋਏ ਥਲਾਂ ਵਿਚ ਦੀ ਤਿੰਨਾਂ ਦਿਨਾਂ ਦੇ ਸਫਰ ਦੇ ਬਾਅਦ ਇਹ ਢਾਣੀ ਇਕ ਪਾਣੀ ਦੇ ਤਲਾ ਦੇ ਕੋਲ ਆਈ । ਕਿਉਂਕਿ ਅਬਦੁੱਲਾ ਨੂੰ ਪਤਾ ਸੀ ਕਿ ਹੁਣ ਪਾਣੀ ਕਈ ਦਿਨ ਫੇਰ ਨਹੀਂ ਮਿਲੇਗਾ, ਸੋ ਓਸ ਨੇ ਕਿਹਾ, "ਰਾਤ ਲਈ ਅਸੀਂ ਤੰਬੂ ਏਥੇ ਹੀ ਲਾਵਾਂਗੇ।”
ਇਕ ਤੰਬੂ ਬਣਾਇਆ ਗਿਆ, ਅਤੇ ਅਧਿਕ ਰਖਵਾਲੀ ਲਈ ਅਬਦੁਲਾ ਆਪ ਪੇਟੀ ਉਪਰ ਸੌਣ ਲਈ ਪੈ ਗਿਆ । ਪਰ ਓਸ ਨੂੰ ਚੈਨ ਨ ਆਈ, ਕਿਉਂਕਿ ਉਹ ਇਹ ਬੜੀ ਬੁਰੀ ਤਰਾਂ ਜਾਣਨਾ ਚਾਹੁੰਦਾ ਸੀ ਕਿ ‘ਸਬਰ ਦੀ ਟੋਕਰੀ' ਕਿਸ ਚੀਜ਼ ਜਿਹੀ ਹੈ, ਅਤੇ ਇਹ ਉਸ ਲਈ ਕੀ ਕਰੇਗੀ । ਓਹ ਬਹੁਤ ਚਾਹੁੰਦਾ ਸੀ ਕਿ ਉਹ ਪੇਟੀ ਦੇ ਵਿਚ ਤਕੇ, ਪਰ ਓਸ ਨੇ ਸੋਚਿਆ ਕਿ ਓਸ ਆਦਮੀ ਨੇ ਓਸ ਨੂੰ ਕੀ ਕਿਹਾ ਸੀ ਜਦ ਤਕ ਉਹ ਠੀਕ ਠਾਕ ਘਰ ਨਾ ਪੁਜ ਜਾਏ ਉਹ ਪੇਟੀ ਵਿਚੋਂ ‘ਸਬਰ ਦੀ ਟੋਕਰੀ' ਨਾ ਕਢੇ । ਏਸ ਕਰਕੇ ਓਸ ਨੇ ਕੇਵਲ ਇਕ ਹਾਉਕਾ ਲਿਆ ਤੇ ਪੇਟੀ ਵਲ ਇਉਂ ਤਕਿਆ ਜਿਵੇਂ ਓਸ ਦੀ ਨਿਗਾਹ ਇਸ ਲੋਹੇ ਦਿਆਂ ਪਾਸਿਆਂ ਨੂੰ ਚੀਰ ਸੁਟੇਗੀ ।
ਫਿਰ ਓਹ ਅਚਾਨਕ ਹੀ ਬੈਠ ਗਿਆ ਤੇ ਕੂਕਿਆ, 'ਕਿਉਂ ? ਮੈਨੂੰ ਓਸ ਆਦਮੀ ਨੇ ਕੇਵਲ ਟੋਕਰੀ ਬਾਹਰ ਕੱਢਣ ਲਈ ਹੀ ਨਹੀਂ ਕਿਹਾ, ਮੈਂ ਏਸ ਨੂੰ ਤੱਕ ਸਕਦਾ ਹਾਂ। ਮੈਂ ਪੇਟੀ ਖੋਲਾਂਗਾ ਤੇ ਕੇਵਲ ਇਕ ਝਾਕੀ ਤਕਾਂਗਾ ਉਹ ਕੁਝ ਭੀ ਨ ਕਰਨ ਨਾਲੋਂ ਚੰਗੀ ਹੋਵੇਗੀ ।'
ਓਸ ਨੇ ਆਪਣੀਆਂ ਪੰਜਾਹ ਕੁੰਜੀਆਂ ਦਾ ਗੁੱਛਾ ਚੁਕਿਆ - ਜਿਨ੍ਹਾਂ ਦੀ ਕਿ ਪੇਟੀ ਖੋਲਣ ਲਈ ਲੋੜ ਸੀ ਪੰਜਾਹਾਂ ਨੂੰ ਠੀਕ ੨ ਜਿੰਦਰਿਆਂ ਵਿਚ ਲਾਕੇ ਜਿੰਦਰੇ ਖੋਲ੍ਹੇ ਅਤੇ ਪੇਟੀ ਦਾ ਢੱਕਣ ਚੁਕਿਆ । ਵਿਚਕਾਰ ਇਕ ਨਿਕੀ ਜਿਹੀ ਸੁਨਹਿਰੀ ਟੋਕਰੀ - ਜੋ ਅਨਬੁਣੇ ਅਤੇ ਤਾਜ਼ਾ ਰੇਸ਼ਮ ਵਿਚ ਲਪੇਟੀ ਹੋਈ ਸੀ - ਪਈ ਸੀ ।
“ਉਹ ! ਇਹ ਕਿੰਨੀ ਪਿਆਰੀ ਹੈ।" ਅਬਦੁੱਲਾ ਕੂਕਿਆ, ਅਤੇ ਇਹ ਤਕਣ ਵਿਚ ਬੜੀ ਹੀ ਸੁੰਦਰ ਸੀ ! ਟੋਕਰੀ ਇਕ ‘ਗੁਲਾਬ ਦੇ ਫੁਲ' ਦੀ ਸ਼ਕਲ ਜਿਹੀ ਵਿਚ ਬਣਾਈ ਹੋਈ ਸੀ । ਉਸ ਦੀਆਂ ਪੱਤੀਆਂ ਬਹੁਤ ਹੀ ਚੰਗੇ ਸੋਨੇ ਦੀਆਂ, ਬੜੇ ਹੀ ਕੋਮਲ ਤੇ ਸੁੰਦਰ ਢੰਗ ਨਾਲ ਬਣਾ-ਈਆਂ ਹੋਈਆਂ ਸਨ । ਉਸ ਟੋਕਰੀ ਦੇ ਵਿਚਕਾਰ ਇਕ ਨਿੱਕਾ ਜਿਹਾ ਸੁਨਹਿਰੀ ਡੱਬਾ ਬਣਾਉਂਦੀਆਂ ਹੋਈਆਂ ਬੰਦ ਹੁੰਦੀਆਂ ਸਨ ।
ਅਬਦੁੱਲਾ ਏਸ ਦੀ ਸੁੰਦਰਤਾ ਵਿਚ ਏਨਾ ਮਗਨ ਹੋਇਆ ਕਿ ਉਹ ਸਭ ਕੁਝ ਭੁਲ ਗਿਆ ਅਤੇ ਟੋਕਰੀ ਨੂੰ ਉਸ ਦੇ ਰੇਸ਼ਮੀ ਸਥਾਨ ਵਿਚੋਂ ਉਪਰ ਚੁਕ ਲਿਆ, ਤਾਕਿ ਉਹ ਸੁਨਹਿਰੀ ਪੱਤੀਆਂ ਦੇ ਪਿਆਰੇ ਡੀਜ਼ਾਈਨ ਹੋਰ ਚੰਗੀ ਤਰਾਂ ਤੱਕ ਸਕੇ ।
ਪਰ ਜਦੋਂ ਹੀ ਉਸ ਨੇ ਟੋਕਰੀ ਨੂੰ ਪੇਟੀ ਦੇ ਕੰਢਿਆਂ ਦੇ ਉਪਰ ਚਕਿਆ, ਉਸ ਨੇ ਇਕ ਤਕੜੀ ਘਟਣਾ ਤੱਕੀ ਧੂੰਏਂ ਦੇ ਵਡੇ ਸਾਰੇ ਬੱਦਲ ਵਿਚ ਉਸ ਨੇ ਇਕ ਨਿੱਕੀ ਜਿਹੀ ਚਿੱਟੀ ਸ਼ਕਲ ਤੱਕੀ; ਜਿਹੜੀ ਇਕ ਨਿਕੇ ਜਿਹੇ ਗੁਲਾਬੀ ਫੁਲ ਉਤੇ ਚੜ੍ਹੀ ਹੋਈ ਅਸਮਾਨ ਵਲ ਨੂੰ ਚੜ੍ਹ ਰਹੀ ਸੀ ਅਤੇ ਥੋੜੇ ਚਿਰ ਵਿਚ ਹੀ ਬੱਦਲਾਂ ਵਿਚ ਜਾ ਗਾਇਬ ਹੋਈ । ਇਹ ‘ਸਬਰ ਦੀ ਦੇਵੀ' ਸੀ, ਅਤੇ ਇਹ ਹੁਣ ਜਾਂ ਚੁਕੀ ਸੀ ।
ਅਬਦੁਲਾ ਹੁਣ ਮਾਯੂਸ ਸੀ - ਜਿਵੇਂ ਉਸਨੂੰ ਦਸਿਆ ਗਿਆ ਸੀ, ਉਸ ਨੇ ਉਸੇ ਤਰਾਂ ਨਹੀਂ ਕੀਤਾ ਸੀ, ਤੇ ਏਸੇ ਕਰਕੇ ਬਹੁਤ ਤਕਲੀਫਾਂ ਨਾਲ ਪਾਈ ਹੋਈ ਵਸਤੂ ਉਹ ਗੁਆ ਚੁਕਿਆ ਸੀ । ਅਫਸੋਸ ਨਾਲ ਉਸ ਨੇ ਆਪਣਾ ਰਾਹ ਘਰ ਵਲ ਬਣਾਇਆ । ਹੁਣ ਉਹ ਪਹਿਲਾਂ ਨਾਲੋਂ ਘੱਟ ਅਮੀਰ ਤੇ ਬਹੁਤਾ ਬੇ ਸਬਰਾ ਸੀ।
ਆਪਣੇ ਬੱਦਲਾਂ ਦੇ ਨਿਵਾਸ ਵਿਚੋਂ ‘ਸਬਰ ਦੀ ਦੇਵੀ' ਫੇਰ ਥਲੇ ਨ ਆਈ । ਏਸੇ ਕਰਕੇ ਈਰਾਨ ਦੇ ਲੋਕ ਤੁਹਾਨੂੰ ਦੱਸਣਗੇ - ਕਿ ਦੁਨੀਆਂ - ਜਿਹੜਾ ਕੁਝ ਉਸ ਕੋਲ ਹੈ, ਉਸ ਨਾਲ ਸਾਬਰ ਨਹੀਂ ਅਤੇ 'ਕੁਝ ਹੋਰ' ਦੀ ਖਾਹਸ਼ ਹਮੇਸ਼ਾ ਰਖਦੀ ਹੈ ।
(ਅਨੁਵਾਦ : ਤ੍ਰਿਲੋਚਨ ਸਿੰਘ ਗਿੱਲ)