Sabh Ton Vaddh Khush ! Mahatma Buddha : Baal Kahani
ਸਭ ਤੋਂ ਵੱਧ ਖ਼ੁਸ਼ ! ਮਹਾਤਮਾ ਬੁੱਧ : ਬਾਲ ਕਹਾਣੀ
ਇੱਕ ਵਾਰ ਦੀ ਗੱਲ ਹੈ, ਇੱਕ ਘੋਗੜ ਕਾਂ ਇੱਕ ਦ੍ਰਖ਼ਤ ਦੀ ਟਾਹਣ ‘ਤੇ ਬੈਠਾ ਸੀ। ਅਚਾਨਕ ਉਸ ਨੂੰ ਲੱਗਣ ਲੱਗਾ ਕਿ ਉਸ ਦੀ ਜ਼ਿੰਦਗੀ ਮਜ਼ੇਦਾਰ ਨਹੀਂ ਹੈ, ਪਰ ਹੋਰ ਸਾਰੇ ਜੀਵ ਤਾਂ ਬੜੇ ਖੁਸ਼ ਹਨ!
ਉਸੇ ਦ੍ਰਖ਼ਤ ਦੇ ਹੇਠਾਂ ਇੱਕ (ਭਿਖ਼ਸ਼ੂ) ਸਾਧੂ ਬੈਠਾ ਹੋਇਆ ਸੀ। ਸਾਧੂ ਦੀ ਗੱਲ੍ਹ ਦੇ ਉੱਤੇ ਘੋਗੜ ਕਾਂ ਦੀ ਅੱਖ ਦਾ ਇੱਕ ਅੱਥਰੂ ਡਿੱਗਾ। ਸਾਧੂ ਨੇ ਉੱਤੇ ਦੇਖਿਆ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਇੱਕ ਘੋਗੜ ਕਾਂ ਬੈਠਾ ਰੋ ਰਿਹਾ ਹੈ।
ਸਾਧੂ ਨੇ ਉਸ ਨੂੰ ਪੁੱਛਿਆ- “ਕੀ ਗੱਲ ਹੈ ਮਿੱਤਰਾ? ਤੂੰ ਰੋ ਕਿਓਂ ਰਿਹਾ ਹੈਂ?”
ਘੋਗੜ ਕਾਂ ਕਹਿੰਦਾ- “ਐ ਸਿਆਣੇ ਆਦਮੀ, ਮੈਂ ਰੋ ਰਿਹਾ ਹਾਂ ਕਿਓਂਕਿ ਕੋਈ ਵੀ ਮੈਨੂੰ ਪਸੰਦ ਨਹੀਂ ਕਰਦਾ! ਸਭ ਮੈਨੂੰ ਸ਼ੂ! ਸ਼ੂ! ਕਰ ਕੇ ਉਡਾਅ ਦਿੰਦੇ ਹਨ। ਲੱਗਦਾ ਹੈ ਸਭ ਮੇਰੇ ਨਾਲ ਨਫ਼ਰਤ ਕਰਦੇ ਹਨ। ਇਹੋ ਜਿਹੀ ਜ਼ਿੰਦਗੀ ਦਾ ਕੀ ਫ਼ਾਇਦਾ?” ਉਸ ਦੀਆਂ ਗੱਲਾਂ ਸੁਣ ਕੇ ਸਾਧੂ ਦੇ ਮਨ ਵਿਚ ਉਸ ਦੇ ਲਈ ਬਹੁਤ ਪਿਆਰ-ਤਰਸ ਜਾਗਿਆ। ਉਸ ਨੇ ਕਿਹਾ-
“ਮਿੱਤਰਾ, ਸਾਨੂੰ ਹਰ ਹਾਲ ਵਿਚ ਖ਼ੁਸ਼ ਰਹਿਣਾ ਚਾਹੀਦਾ ਹੈ।” ਘੋਗੜ ਕਾਂ ਨੂੰ ਇਹ ਸਿਆਣੀ ਗੱਲ ਸਮਝ ਨਾ ਆਈ ਅਤੇ ਉਹ ਰੋਈ ਗਿਆ। ਫੇਰ ਸਾਧੂ ਨੇ ਕਿਹਾ-
“ਦੁਖੀ ਨਾ ਹੋ! ਅੱਛਾ ਦੱਸ ਤੂੰ ਕੀ ਬਣਨਾ ਚਾਹੁੰਦਾ ਹੈਂ? ਮੈਂ ਮੰਤਰ ਮਾਰ ਕੇ ਤੈਨੂੰ ਓਹੀ ਬਣਾਅ ਸਕਦਾ ਹਾਂ।”
ਘੋਗੜ ਕਾਂ ਕਹਿੰਦਾ, “ਸਿਆਣਿਓ! ਹੋ ਸਕੇ ਤਾਂ ਮੈਨੂੰ ਹੰਸ ਬਣਾਅ ਦਿਓ।”
ਸਾਧੂ ਕਹਿੰਦਾ,”ਠੀਕ ਹੈ, ਮੈਂ ਤੈਨੂੰ ਹੰਸ ਬਣਾਅ ਦਿਆਂਗਾ। ਪਰ ਪਹਿਲਾਂ ਹੰਸ ਕੋਲ ਜਾ ਕੇ ਪੁੱਛ ਕਿ ਕੀ ਉਹ ਖ਼ੁਸ਼ ਹੈ? ਮੈਂ ਤੇਰੀ ਉਡੀਕ ਕਰਾਂਗਾ।”
ਘੋਗੜ ਕਾਂ ਖ਼ੁਸ਼ੀ ਖ਼ੁਸ਼ੀ ਹੰਸ ਲੱਭਣ ਲਈ ਉੱਡ ਗਿਆ। ਛੇਤੀ ਹੀ ਉਸ ਨੂੰ ਇੱਕ ਤਲਾਅ ਵਿਚ ਇੱਕ ਹੰਸ ਤੈਰਦਾ ਹੋਇਆ ਦਿਸਿਆ। ਉਸ ਨੇ ਹੰਸ ਨੂੰ ਕਿਹਾ,
“ਤੂੰ ਕਿੰਨਾ ਸੁਹਣਾ ਦੁੱਧ ਵਰਗਾ ਹੈਂ। ਤੈਨੂੰ ਸਾਰੇ ਪਿਆਰ ਕਰਦੇ ਹਨ। ਤੂੰ ਹੀ ਦੁਨੀਆ ਦਾ ਸਭ ਤੋਂ ਖ਼ੁਸ਼ ਪੰਛੀ ਹੋਏਂਗਾ!”
ਹੰਸ ਨੇ ਉਸ ਦੀ ਗੱਲ ਸੁਣ ਕੇ ਕਿਹਾ- “ਨਹੀਂ ਮਿੱਤਰਾ, ਮੈਂ ਖ਼ੁਸ਼ ਨਹੀਂ ਹਾਂ।
ਦੁਨੀਆ ਵਿਚ ਕਿੰਨੇ ਸਾਰੇ ਰੰਗ ਹਨ। ਚਿੱਟਾ ਤਾਂ ਕੋਈ ਵੀ ਰੰਗ ਨਹੀਂ। ਤੋਤੇ ਦੇ ਵੇਖੋ ਕਿੰਨੇ ਰੰਗ ਹੁੰਦੇ ਹਨ- ਉਹੀ ਦੁਨੀਆ ਦਾ ਸਭ ਤੋਂ ਖ਼ੁਸ਼ ਪੰਛੀ ਹੋਏਗਾ।”
ਇਹ ਸੁਣ ਕੇ ਘੋਗੜ ਕਾਂ ਤੋਤੇ ਕੋਲ ਗਿਆ। ਉਸ ਨੇ ਓਹੀ ਸੁਆਲ ਤੋਤੇ ਤੋਂ ਪੁੱਛਿਆ- ਕਿ ਤੂੰ ਹੀ ਦੁਨੀਆ ਦਾ ਸਂ ਤੋਂ ਖ਼ੁਸ਼ ਪੰਛੀ ਹੈਂ?। ਅੱਗੋਂ ਤੋਤੇ ਨੇ ਦੁਖੀ ਦਿਲ ਨਾਲ ਕਿਹਾ- “ਨਹੀਂ ਮਿੱਤਰਾ, ਮੈਨੂੰ ਤਾਂ ਲੋਕ ਪਿੰਜਰੇ ਵਿਚ ਕੈਦ ਕਰਨ ਲਈ ਫਿਰਦੇ ਹਨ! ਮੈਨੂੰ ਇਹੋ ਡਰ ਖਾਂਦਾ ਰਹਿੰਦਾ ਹੈ ਕਿ ਕਿਤੇ ਕੈਦ ਨਾ ਹੋ ਜਾਵਾਂ! ਮੇਰਾ ਖ਼ਿਆਲ ਹੈ ਕਿ ਮੋਰ ਹੀ ਦੁਨੀਆ ਦਾ ਸਭ ਤੋਂ ਖੁਸ਼ ਪੰਛੀ ਹੋਏਗਾ! ਉਸ ਦੇ ਰੰਗ ਵੀ ਮੇਰੇ ਨਾਲੋਂ ਕਿਤੇ ਵੱਧ ਹਨ!”
ਲਓ ਜੀ ਘੋਗੜ ਕਾਂ ਛੇਤੀ ਛੇਤੀ ਮੋਰ ਕੋਲ ਗਿਆ ਅਤੇ ਓਹੀ ਸੁਆਲ ਪੁੱਛਿਆ। ਉਸ ਨੂੰ ਮੋਰ ਲੱਭਣ ਵਿਚ ਕਾਫ਼ੀ ਚਿਰ ਲੱਗ ਗਿਆ। ਉਹ ਇੱਕ ਪਿੰਜਰੇ ਵਿਚ ਕੈਦ ਸੀ ਅਤੇ ਸੈਂਕੜੇ ਲੋਕ ਉਸ ਨੂੰ ਦੇਖਣ ਲਈ ਆ ਅਤੇ ਜਾ ਰਹੇ ਸਨ। ਜਦੋਂ ਅਖੀਰ ਤੋਤੇ ਨੇ ਉਸ ਨੂੰ ਸੁਆਲ ਪੁੱਛਿਆ ਅਤੇ ਕਿਹਾ, “ਮੋਰ, ਤੈਨੂੰ ਰੋਜ਼ ਹਜ਼ਾਰਾਂ ਲੋਕ ਦੇਖਣ ਆਉਂਦੇ ਹਨ ਅਤੇ ਮੇਰਾ ਹਾਲ ਵੇਖ, ਮੈਨੂੰ ਤਾਂ ਸ਼ੂ ਸ਼ੂ! ਕਰ ਕੇ ਉਡਾਅ ਹੀ ਦਿੰਦੇ ਹਨ!”
ਮੋਰ ਕਹਿੰਦਾ- “ਮੇਰਾ ਵੀ ਇਹੋ ਖ਼ਿਆਲ ਸੀ ਕਿ ਮੇਰੇ ਵਰਗਾ ਸੁਹਣਾ ਅਤੇ ਖ਼ੁਸ਼ ਕੌਣ ਹੋ ਸਕਦਾ ਹੈ? ਪਰ ਮੈਂ ਇੱਥੇ ਕੈਦ ਹਾਂ ਅਤੇ ਮੇਰੇ ਖੰਭਾਂ ਨੂੰ ਲੋਕ ਪੁੱਟਦੇ ਹਨ ਤਾਂ ਬਹੁਤ ਤਕਲੀਫ਼ ਵੀ ਹੁੰਦੀ ਹੈ।”
ਘੋਗੜ ਕਾਂ ਬਹੁਤ ਹੈਰਾਨ ਹੋਇਆ। ਕਹਿੰਦਾ, “ਫੇਰ ਕੌਣ ਸਭ ਤੋਂ ਖ਼ੁਸ਼ ਹੈ?” ਮੋਰ ਕਹਿੰਦਾ- “ ਮੈਂ ਕਈ ਦਿਨਾਂ ਤੋਂ ਇਹੀ ਸੋਚ ਰਿਹਾ ਹਾਂ ਕਿ ਕਾਸ਼ ਮੈਂ ਘੋਗੜ ਕਾਂ ਹੁੰਦਾ! ਉਸ ਨੂੰ ਤਾਂ ਕੋਈ ਕੈਦ ਨਹੀਂ ਕਰਦਾ! ਉਹ ਅਜ਼ਾਦ ਹੈ ਜਿੱਥੇ ਮਰਜ਼ੀ ਉੱਡਦਾ ਫਿਰਨ ਦੇ ਲਈ!”
ਇਹ ਸੁਣ ਕੇ ਘੋਗੜ ਕਾਂ ਓਥੋਂ ਆ ਗਿਆ। ਅੱਜ ਪਹਿਲੀ ਵਾਰ ਉਹ ਘੋਗੜ ਕਾਂ ਹੋਣ ਵਿਚ ਹੀ ਖ਼ੁਸ਼ ਸੀ। ਉਹ ਸਾਧੂ ਕੋਲ ਆ ਕੇ ਕਹਿੰਦਾ, “ਓ ਸਿਆਣੇ ਆਦਮੀ, ਮੈਨੂੰ ਘੋਗੜ ਕਾਂ ਹੀ ਰਹਿਣ ਦਿਓ। ਮੈਂ ਹੀ ਦੁਨੀਆ ਦਾ ਸਭ ਤੋਂ ਖੁਸ਼ ਪੰਛੀ ਹਾਂ।”