Sabh Ton Changa Ang : Arabi Lok Kahani
ਸਭ ਤੋਂ ਚੰਗਾ ਅੰਗ : ਅਰਬੀ ਲੋਕ ਕਹਾਣੀ
ਅਰਬ ਦੇਸ਼ 'ਚ ਇਕ ਖਲੀਫੇ ਦਾ ਸ਼ਾਸਨ ਸੀ। ਉਨ੍ਹਾਂ ਕੋਲ ਸੈਂਕੜੇ ਗੁਲਾਮ ਸਨ ਪਰ ਖਲੀਫਾ ਇਕ ਗੁਲਾਮ 'ਤੇ ਬੜੇ ਮਿਹਰਬਾਨ ਸਨ। ਉਹ ਹਮੇਸ਼ਾ ਉਸ ਨੂੰ ਆਪਣੇ ਨਾਲ ਰੱਖਦੇ ਅਤੇ ਦੂਜੇ ਗੁਲਾਮਾਂ ਨਾਲੋਂ ਵਧੇਰੇ ਜ਼ਿੰਮੇਵਾਰੀਆਂ ਸੌਂਪਦੇ ਸਨ। ਇਹ ਦੇਖ ਕੇ ਬਾਕੀ ਗੁਲਾਮ ਉਨ੍ਹਾਂ ਨਾਲ ਈਰਖਾ ਕਰਦੇ ਸਨ।
ਹੌਲੀ-ਹੌਲੀ ਇਹ ਗੱਲ ਖਲੀਫੇ ਦੇ ਕੰਨਾਂ ਤਕ ਵੀ ਪਹੁੰਚੀ। ਖਲੀਫਾ ਸੋਚਣ ਲੱਗਾ, ''ਇਹ ਸਭ ਬੇਵਕੂਫ ਹਨ। ਇਹ ਨਹੀਂ ਜਾਣਦੇ ਕਿ ਉਹ ਕਿੰਨਾ ਬੁੱਧੀਮਾਨ ਹੈ। ਉਹ ਗੁਲਾਮ ਬਣਨ ਦੇ ਨਹੀਂ, ਸਗੋਂ ਸਲਾਹਕਾਰ ਬਣਨ ਦੇ ਕਾਬਲ ਹੈ। ਮੈਨੂੰ ਇਨ੍ਹਾਂ ਗੁਲਾਮਾਂ ਨੂੰ ਸਮਝਾਉਣਾ ਪਏਗਾ ਕਿ ਇਸ 'ਚ ਅਤੇ ਉਨ੍ਹਾਂ 'ਚ ਕੀ ਅੰਤਰ ਹੈ?''
ਇਹੀ ਸੋਚ ਕੇ ਇਕ ਦਿਨ ਖਲੀਫੇ ਨੇ ਆਪਣੇ ਖਾਸ ਗੁਲਾਮ ਨੂੰ ਛੱਡ ਕੇ ਬਾਕੀ ਸਾਰੇ ਗੁਲਾਮਾਂ ਨੂੰ ਬੁਲਾਇਆ ਅਤੇ ਕਿਹਾ, ''ਤੁਸੀਂ ਇਸ ਗੱਲੋਂ ਬੇਹੱਦ ਪ੍ਰੇਸ਼ਾਨ ਹੋ ਕਿ ਮੈਂ ਇਸ ਨੂੰ ਖਾਸ ਤਵੱਜੋਂ ਦਿੰਦਾ ਹਾਂ ਅਤੇ ਉਸ 'ਤੇ ਖਾਸ ਮਿਹਰਬਾਨ ਹਾਂ। ਕੀ ਇਹ ਸੱਚ ਹੈ?''
ਖਲੀਫੇ ਦੇ ਮੂੰਹੋਂ ਇਹ ਗੱਲ ਸੁਣ ਕੇ ਸਾਰੇ ਗੁਲਾਮਾਂ ਨੂੰ ਜਿਵੇਂ ਸੱਪ ਸੁੰਘ ਗਿਆ। ਕਿਸ ਦੀ ਮਜਾਲ ਸੀ ਕਿ ਖਲੀਫੇ ਦੇ ਸਾਹਮਣੇ ਜ਼ੁਬਾਨ ਖੋਲ੍ਹੇ। ਸਾਰੇ ਸਿਰ ਝੁਕਾਈ ਖੜ੍ਹੇ ਰਹੇ। ਇਹ ਸੋਚ ਕੇ ਸਭ ਦੇ ਦਿਲਾਂ ਦੀਆਂ ਧੜਕਣਾਂ ਵਧ ਗਈਆਂ ਸਨ ਕਿ ਕਿਤੇ ਖਲੀਫਾ ਇਸ ਅਪਰਾਧ ਦੀ ਕੋਈ ਸਖਤ ਸਜ਼ਾ ਨਾ ਸੁਣਾ ਦੇਵੇ।
ਉਨ੍ਹਾਂ ਨੂੰ ਖਾਮੋਸ਼ ਦੇਖ ਕੇ ਖਲੀਫੇ ਨੇ ਕਿਹਾ, ''ਮੈਂ ਤੁਹਾਡੇ ਤੋਂ ਇਕ ਸਵਾਲ ਪੁੱਛਦਾ ਹਾਂ। ਜੇਕਰ ਤੁਸੀਂ ਉਸ ਦਾ ਜਵਾਬ ਮੇਰੇ ਮਨ ਮੁਤਾਬਿਕ ਦਿੱਤਾ ਤਾਂ ਮੈਂ ਤੁਹਾਨੂੰ ਇਸ ਗੁਲਾਮੀ ਤੋਂ ਆਜ਼ਾਦ ਕਰ ਦਿਆਂਗਾ।''
ਗੁਲਾਮਾਂ ਦੀ ਜਾਨ 'ਤੇ ਬਣ ਗਈ।
ਖਲੀਫੇ ਨੇ ਪੁੱਛਿਆ,''ਦੱਸੋ ਸਰੀਰ ਦਾ ਸਭ ਤੋਂ ਬੇਹਤਰ ਅਤੇ ਸਭ ਤੋਂ ਬਦਤਰ ਅੰਗ ਕਿਹੜਾ ਹੈ?''
''ਇਹ ਹੱਥ, ਜੋ ਤੁਹਾਡੀ ਸੇਵਾ ਕਰਦੇ ਹਨ।'' ਸਾਰੇ ਗੁਲਾਮਾਂ ਨੇ ਇਕੋ ਆਵਾਜ਼ 'ਚ ਕਿਹਾ, ''ਸਾਡੇ ਹੱਥ ਸਾਡੇ ਸਰੀਰ ਦੇ ਸਭ ਤੋਂ ਬੇਹਤਰ ਅੰਗ ਹਨ।''
''ਤਾਂ ਫਿਰ ਸਾਡੇ ਸਰੀਰ ਦਾ ਸਭ ਤੋਂ ਬਦਤਰ ਅੰਗ ਕਿਹੜਾ ਹੈ?''
ਇਸ ਵਾਰ ਕੋਈ ਕੁਝ ਨਾ ਬੋਲਿਆ। ਸਰੀਰ ਦੇ ਤਾਂ ਸਾਰੇ ਅੰਗ ਬੇਹਤਰ ਹੁੰਦੇ ਹਨ, ਬਦਤਰ ਅੰਗ ਕਿਹੜਾ ਹੈ, ਇਸ ਦੇ ਜਵਾਬ 'ਚ ਸਾਰੇ ਗੁਲਾਮ ਸੋਚਾਂ 'ਚ ਪੈ ਗਏ।
ਥੋੜ੍ਹੀ ਦੇਰ ਖਲੀਫੇ ਨੇ ਉਡੀਕ ਕੀਤੀ। ਫਿਰ ਕਿਹਾ, ''ਲੱਗਦੈ ਕਿ ਇਸ ਸਵਾਲ ਦਾ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੈ।''
ਸਾਰੇ ਗੁਲਾਮ ਚੁੱਪ ਰਹੇ, ਕੁਝ ਨਹੀਂ ਬੋਲੇ।
ਖਲੀਫੇ ਨੇ ਹੁਕਮ ਦਿੱਤਾ ਕਿ ਉਨ੍ਹਾਂ ਦੇ ਚਹੇਤੇ ਗੁਲਾਮ ਨੂੰ ਪੇਸ਼ ਕੀਤਾ ਜਾਏ।
ਕੁਝ ਪਲਾਂ ਪਿੱਛੋਂ ਹੀ ਉਨ੍ਹਾਂ ਦਾ ਖਾਸ ਗੁਲਾਮ ਉਨ੍ਹਾਂ ਦੇ ਸਾਹਮਣੇ ਆਇਆ।
ਖਲੀਫੇ ਨੇ ਕਿਹਾ, ''ਮੈਂ ਸਭ ਤੋਂ ਇਕ ਸਵਾਲ ਪੁੱਛਿਆ ਸੀ ਅਤੇ ਇਹ ਸ਼ਰਤ ਰੱਖੀ ਸੀ ਕਿ ਜੋ ਵੀ ਮੇਰੇ ਸਵਾਲ ਦਾ ਮੇਰੇ ਮਨ ਮੁਤਾਬਿਕ ਸਹੀ ਜਵਾਬ ਦੇਵੇਗਾ, ਉਸ ਨੂੰ ਗੁਲਾਮੀ ਤੋਂ ਆਜ਼ਾਦ ਕਰ ਦਿੱਤਾ ਜਾਏਗਾ। ਇਨ੍ਹਾਂ 'ਚੋਂ ਕੋਈ ਵੀ ਮੇਰੇ ਮਨ ਮੁਤਾਬਿਕ ਜਵਾਬ ਨਹੀਂ ਦੇ ਸਕਿਆ। ਹੁਣ ਉਹੀ ਸਵਾਲ ਮੈਂ ਤੈਥੋਂ ਪੁੱਛਦਾ ਹਾਂ। ਦੱਸ, ਸਰੀਰ ਦਾ ਸਭ ਤੋਂ ਬੇਹਤਰ ਅੰਗ ਕਿਹੜਾ ਹੈ?''
''ਮੇਰੇ ਮਾਲਕ, ਉਹ ਅੰਗ ਹੈ ਆਦਮੀ ਦੀ ਜ਼ੁਬਾਨ।''
''ਅਤੇ ਸਰੀਰ ਦਾ ਸਭ ਤੋਂ ਬਦਤਰ ਅੰਗ?''
''ਉਹ ਵੀ ਜ਼ੁਬਾਨ ਹੀ ਹੈ ਮੇਰੇ ਮਾਲਕ।''
ਉਸ ਦਾ ਜਵਾਬ ਸੁਣ ਕੇ ਸਾਰੇ ਦਰਬਾਰੀ ਹੈਰਾਨ ਰਹਿ ਗਏ ਕਿ ਉਹ ਕੀ ਕਹਿ ਰਿਹੈ! ਖਲੀਫਾ ਤਾਂ ਉਸ ਨੂੰ ਬਹੁਤ ਬੁੱਧੀਮਾਨ ਸਮਝਦਾ ਹੈ। ਉਹ ਤਾਂ ਜ਼ੁਬਾਨ ਨੂੰ ਹੀ ਬੇਹਤਰ ਅਤੇ ਜ਼ੁਬਾਨ ਨੂੰ ਹੀ ਬਦਤਰ ਅੰਗ ਕਹਿ ਰਿਹਾ ਹੈ। ਲੱਗਦੈ ਕਿ ਅੱਜ ਖਲੀਫਾ ਇਸ ਨੂੰ ਇਸ ਦੀ ਸਖਤ ਸਜ਼ਾ ਦੇਣਗੇ।
ਥੋੜ੍ਹੀ ਦੇਰ ਚੁੱਪ ਰਹਿਣ ਪਿੱਛੋਂ ਖਲੀਫੇ ਨੇ ਕਿਹਾ, ''ਗੁਲਾਮ! ਕੀ ਤੂੰ ਮੇਰੇ ਸਵਾਲ ਨੂੰ ਸਹੀ ਢੰਗ ਨਾਲ ਸੁਣਿਆ ਸੀ?''
''ਜੀ ਮੇਰੇ ਮਾਲਕ।''
''ਕੀ ਤੂੰ ਇਸ ਰਹੱਸ ਦਾ ਖੁਲਾਸਾ ਕਰ ਸਕਦੈਂ ਕਿ ਕਿਸ ਤਰ੍ਹਾਂ ਜ਼ੁਬਾਨ ਹੀ ਇਨਸਾਨ ਦੇ ਸਰੀਰ ਦਾ ਸਭ ਤੋਂ ਬੇਹਤਰ ਅਤੇ ਜ਼ੁਬਾਨ ਹੀ ਇਨਸਾਨ ਦੇ ਸਰੀਰ ਦਾ ਸਭ ਤੋਂ ਬਦਤਰ ਅੰਗ ਹੈ?''
''ਜੀ ਮੇਰੇ ਮਾਲਕ।''
''ਤਾਂ ਕਰ ਖੁਲਾਸਾ। ਧਿਆਨ ਰਹੇ ਕਿ ਜੇਕਰ ਤੂੰ ਠੀਕ ਖੁਲਾਸਾ ਕਰਕੇ ਮੈਨੂੰ ਸੰਤੁਸ਼ਟ ਨਾ ਕੀਤਾ ਤਾਂ ਅੱਜ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ।''
ਇਹ ਸੁਣ ਕੇ ਬਾਕੀ ਗੁਲਾਮ ਬਹੁਤ ਖੁਸ਼ ਹੋਏ ਅਤੇ ਸੋਚਣ ਲੱਗੇ ਕਿ ਅੱਜ ਇਹ ਜ਼ਰੂਰ ਮਾਰਿਆ ਜਾਏਗਾ।
ਪਰ ਉਸ ਗੁਲਾਮ ਨੇ ਪੂਰੇ ਆਤਮ-ਵਿਸ਼ਵਾਸ ਨਾਲ ਕਿਹਾ, ''ਅਲੀਜਹਾਂ! ਇਸ ਜ਼ੁਬਾਨ ਨੂੰ ਮੈਂ ਸਰੀਰ ਦਾ ਸਭ ਤੋਂ ਬੇਹਤਰ ਅੰਗ ਇਸ ਲਈ ਕਿਹਾ ਕਿਉਂਕਿ ਇਹੀ ਜ਼ੁਬਾਨ ਜੇਕਰ ਮਿੱਠਾ ਬੋਲੇ ਤਾਂ ਹਜ਼ਾਰਾਂ-ਲੱਖਾਂ ਦਾ ਇਨਾਮ ਦਿਵਾ ਦਿੰਦੀ ਹੈ, ਇਹੀ ਜ਼ੁਬਾਨ ਕਿਸੇ ਗੈਰ ਨੂੰ ਆਪਣਾ ਬਣਾ ਦਿੰਦੀ ਹੈ, ਇਹੀ ਜ਼ੁਬਾਨ ਕਿਸੇ ਦੇ ਵੀ ਦਿਲ 'ਚ ਥਾਂ ਬਣਾ ਦਿੰਦੀ ਹੈ ਅਤੇ ਜੇਕਰ ਇਹੀ ਜ਼ੁਬਾਨ ਚਾਹੇ ਤਾਂ ਕਿਸੇ ਵੀ ਦੁਸ਼ਮਣ ਨੂੰ ਦੋਸਤ ਬਣਾ ਦੇਵੇ। ਇਸ ਲਈ ਮੈਂ ਕਿਹਾ ਕਿ ਇਨਸਾਨ ਦੇ ਸਰੀਰ ਦਾ ਇਹੀ ਸਭ ਤੋਂ ਚੰਗਾ ਅੰਗ ਹੈ। ਇਨਸਾਨ ਭਾਵੇਂ ਸ਼ਕਲ-ਸੂਰਤ ਤੋਂ ਖੂਬਸੂਰਤ ਨਾ ਹੋਵੇ ਪਰ ਜੇਕਰ ਜ਼ੁਬਾਨ ਖੂਬਸੂਰਤ ਹੈ ਭਾਵ ਉਸ ਦੀ ਜ਼ੁਬਾਨ 'ਚ ਮਿਠਾਸ ਹੈ ਤਾਂ ਉਹੀ ਇਨਸਾਨ ਦੁਨੀਆ ਦਾ ਸਭ ਤੋਂ ਖੂਬਸੂਰਤ ਇਨਸਾਨ ਮੰਨਿਆ ਜਾਂਦਾ ਹੈ। ਇਸੇ ਲਈ ਮੇਰੇ ਮਾਲਕ! ਮੈਂ ਇਸ ਨੂੰ ਸਰੀਰ ਦਾ ਸਭ ਤੋਂ ਬੇਹਤਰੀਨ ਅੰਗ ਕਿਹਾ ਹੈ। ਪਰ ਜੇ ਇਸੇ ਜ਼ੁਬਾਨ ਨੂ ਗਲਤ ਢੰਗ ਨਾਲ ਵਰਤੋ ਤਾਂ ਇਹ ਤੁਹਾਡੇ ਦੋਸਤਾਂ ਨੂੰ ਵੀ ਤੁਹਾਡੇ ਦੁਸ਼ਮਨ ਬਣਾ ਸਕਦੀ ਹੈ |