Sabh Ton Vaddi Khabar : K.L. Garg
ਸਭ ਤੋਂ ਵੱਡੀ ਖ਼ਬਰ (ਵਿਅੰਗ) : ਕੇ.ਐਲ. ਗਰਗ
ਅੱਜਕੱਲ੍ਹ ਮੀਡੀਆ ਭਾਵ ਟੀਵੀ ਚੈਨਲਾਂ ਵਾਲੇ ਸਿਰਫ਼ ਵੱਡੀਆਂ ਖ਼ਬਰਾਂ ਹੀ ਪ੍ਰਸਾਰਿਤ ਕਰਦੇ ਹਨ। ਛੋਟੀਆਂ ਖ਼ਬਰਾਂ ਤਾਂ ਉਨ੍ਹਾਂ ਕੋਲ ਹੁਣ ਹੁੰਦੀਆਂ ਹੀ ਨਹੀਂ। ਜਿੰਨੀ ਵੱਡੀ ਤੋਂ ਵੱਡੀ ਖ਼ਬਰ ਉਹ ਲੱਭ ਕੇ ਲਿਆਉਂਦੇ ਹਨ, ਓਨਾ ਹੀ ਉਨ੍ਹਾਂ ਦਾ ਸਟੇਟਸ ਵਧਦਾ ਜਾਂਦਾ ਹੈ।
ਚੈਨਲ ’ਤੇ ਬਹੁਤ ਜ਼ਰੂਰੀ ਵਿਸ਼ੇ ’ਤੇ ਬਹਿਸ ਚੱਲ ਰਹੀ ਸੀ। ਵਿਸ਼ਾ ਸੀ ‘ਬਲਾਤਕਾਰਾਂ ਦੇ ਕਾਰਨ ਤੇ ਹੱਲ’। ਭਾਗ ਲੈਣ ਵਾਲੇ ਮਹੱਤਵਪੂਰਨ ਦਲੀਲਾਂ ਤੇ ਤਰਕ ਦੇ ਰਹੇ ਸਨ। ਇੱਕ ਜਣੇ ਨੇ ਵਾਕ ਹਾਲੇ ਅੱਧਾ ਹੀ ਬੋਲਿਆ ਹੋਵੇਗਾ ਕਿ ਐਂਕਰ ਮੁਸਕਰਾ ਕੇ ਕਹਿਣ ਲੱਗੀ, ‘‘ਮੁਆਫ਼ ਕਰਨਾ, ਮੈਂ ਤੁਹਾਡੀ ਗੱਲ ਨੂੰ ਅੱਧ-ਵਿਚਾਲੇ ਹੀ ਟੋਕ ਰਹੀ ਹਾਂ। ਇੱਕ ਵੱਡੀ ਖ਼ਬਰ ਆ ਰਹੀ ਹੈ, ਪਹਿਲਾਂ ਉਹ ਸਰੋਤਿਆਂ ਨੂੰ ਸੁਣਾ ਦੇਈਏ। ਇਸ ਮਹੱਤਵਪੂਰਨ ਵਿਸ਼ੇ ’ਤੇ ਜਲਦੀ ਆ ਕੇ ਗੱਲਬਾਤ ਕਰਦੇ ਹਾਂ।’’
ਉਦੋਂ ਹੀ ਟੀਵੀ ਸਕਰੀਨ ’ਤੇ ਖ਼ਬਰ ਪ੍ਰਿੰਟ ਹੋਣੀ ਸ਼ੁਰੂ ਹੋ ਜਾਂਦੀ ਹੈ: ‘‘ਊਦਮਪੁਰ ’ਚ ਇੱਕ ਬੱਕਰੀ ਨੇ ਛੇ ਮੇਮਣੇ ਦਿੱਤੇ ਹਨ। ਇਹ ਬੱਕਰੀ ਕੋਈ ਮਾਮੂਲੀ ਬੱਕਰੀ ਨਹੀਂ, ਇਹ ਮਹਾਤਮਾ ਜੀ ਦੀ ਬੱਕਰੀ ਦੇ ਖਾਨਦਾਨ ਵਿੱਚੋਂ ਇੱਕੀਵੀਂ ਪੀੜ੍ਹੀ ’ਚੋਂ ਹੈ। ਸਾਡੇ ਨਾਲ ਸਾਡੇ ਸੰਵਾਦਦਾਤਾ ਟੈਂ ਟੈਂ ਦਾਸ ਜੁੜ ਗਏ ਹਨ, ਉਨ੍ਹਾਂ ਤੋਂ ਇਸ ਮਹੱਤਵਪੂਰਨ ਬੱਕਰੀ ਬਾਰੇ ਜ਼ਰੂਰੀ ਜਾਣਕਾਰੀ ਲੈਂਦੇ ਹਾਂ।’’
‘‘ਟੈਂ ਟੈਂ ਦਾਸ, ਤੁਹਾਨੂੰ ਮੇਰੀ ਆਵਾਜ਼ ਸੁਣ ਰਹੀ ਹੈ?’’
‘‘ਹਾਂ, ਹਾਂ, ਮੇਨਕਾ ਜੀ, ਸੁਣ ਰਹੀ ਹੈ।’’
‘‘ਇਸ ਬੱਕਰੀ ਦੇ ਪੈਦਾ ਹੋਏ ਮੇਮਣਿਆਂ ਬਾਰੇ ਤੁਹਾਡੇ ਕੋਲ ਕੀ ਜਾਣਕਾਰੀ ਹੈ?’’
ਟੈਂ ਟੈਂ ਦਾਸ ਆਪਣੇ ਕੰਨ ’ਚ ਫਸਾਏ ਮਾਈਕ ਠੀਕ ਕਰਦੇ ਹਨ ਤੇ ਬੋਲਦੇ ਹਨ:
‘‘ਮੇਨਕਾ, ਮੈਂ ਉਸ ਬੱਕਰੀ ਦੇ ਪਰਿਵਾਰ ਕੋਲ ਹੀ ਖਲੋਤਾ ਹੋਇਆ ਹਾਂ। ਵਾਕਿਆ ਹੀ ਉਸ ਨੇ ਛੇ ਮੇਮਣੇ ਦਿੱਤੇ ਹਨ। ਮੈਂ ਖ਼ੁਦ ਗਿਣਤੀ ਕੀਤੀ ਹੈ। ਮੇਮਣੇ ਪੂਰੇ ਛੇ ਹੀ ਹਨ।’’
‘‘ਉਨ੍ਹਾਂ ਦੀ ਸਿਹਤ ਬਾਰੇ ਸਾਡੇ ਸਰੋਤਿਆਂ ਨੂੰ ਦੱਸੋ!’’ ਮੇਨਕਾ ਨੇ ਕਿਹਾ।
‘‘ਮੇਮਣੇ ਬਿਲਕੁਲ ਰਿਸ਼ਟ-ਪੁਸ਼ਟ ਹਨ। ਵਿਹੜੇ ਵਿੱਚ ਦੌੜਦੇ ਹੋਏ, ਛਲਾਂਗਾਂ ਮਾਰ ਰਹੇ ਹਨ। ਪਰਿਵਾਰ ਵਿੱਚ ਇੰਨੇ ਮੇਮਣੇ ਆ ਜਾਣ ’ਤੇ ਖ਼ੁਸ਼ੀ ਦਾ ਹੜ੍ਹ ਆਇਆ ਹੋਇਆ ਹੈ। ਪਰਿਵਾਰ ਵਾਲੇ ਵੀ ਮੇਮਣਿਆਂ ਵਾਂਗ ਛਲਾਂਗਾਂ ਮਾਰ ਰਹੇ ਹਨ।’’
‘‘ਟੈਂ ਟੈਂ ਦਾਸ, ਮੇਮਣੇ ਕਿਹੜੀ ਨਸਲ ਦੇ ਹਨ?’’
‘‘ਮੇਨਕਾ, ਮੇਮਣੇ ਮਹਾਤਮਾ ਜੀ ਦੀ ਬੱਕਰੀ ਦੀ ਨਸਲ ’ਚੋਂ ਹਨ। ਇਹ ਉਸ ਬੱਕਰੀ ਦੀ ਇੱਕੀਵੀਂ ਪੀੜ੍ਹੀ ’ਚੋਂ ਦੱਸੀਦੇ ਹਨ।’’
‘‘ਕੀ ਮਹਾਤਮਾ ਦੀ ਬੱਕਰੀ ਹਾਲੇ ਜਿਉਂਦੀ ਹੈ? ਟੈਂ ਟੈਂ ਦਾਸ ਕੀ ਮੇਰੀ ਆਵਾਜ਼ ਤੁਹਾਡੇ ਤਕ ਪਹੁੰਚ ਰਹੀ ਹੈ? ਟੈਂ ਟੈਂ ਦਾਸ… ਲੱਗਦੈ ਟੈਂ ਟੈਂ ਦਾਸ ਨਾਲ ਸਾਡਾ ਸੰਪਰਕ ਟੁੱਟ ਗਿਆ ਹੈ। ਫੇਰ ਕੋਸ਼ਿਸ਼ ਕਰਾਂਗੇ। ਦੋਬਾਰਾ ਸੰਪਰਕ ਹੋਣ ’ਤੇ ਅਸੀਂ ਆਪਣੇ ਦਰਸ਼ਕਾਂ ਨੂੰ ਬੱਕਰੀ ਤੇ ਮੇਮਣਿਆਂ ਬਾਰੇ ਹੋਰ ਅਹਿਮ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ। ਹਾਲ ਦੀ ਘੜੀ ਅਸੀਂ ਮੁੜ ਉਸੇ ਬਹਿਸ ਵੱਲ ਆਉਂਦੇ ਹਾਂ।’’
ਬਹਿਸ ਵਾਲਿਆਂ ਦੇ ਚਿਹਰੇ ਫੇਰ ਸਕਰੀਨ ’ਤੇ ਉਜਾਗਰ ਹੋਣ ਲੱਗਦੇ ਹਨ।
‘‘ਹਾਂ, ਤਾਂ ਮੇਨਕਾ ਜੀ, ਮੈਂ ਕਹਿ ਰਿਹਾ ਸੀ, ਕੀ ਕਹਿ ਰਿਹਾ ਸੀ ਮੈਂ? ਯਾਦ ਨਹੀਂ ਆ ਰਿਹਾ। ਮੈਂ ਕਹਿ ਰਿਹਾ ਸੀ, ਕੀ ਕਹਿ ਰਿਹਾ ਸੀ, ਕੀ ਕਹਿ ਰਿਹਾ ਸੀ?’’ ਬੁਲਾਰਾ ਭੰਬਲਭੂਸੇ ’ਚ ਪੈ ਜਾਂਦਾ ਹੈ।
‘‘ਇਨ੍ਹਾਂ ਨੂੰ ਯਾਦ ਕਰ ਲੈਣ ਦਿਓ, ਆਖੋ ਤਾਂ ਮੈਂ ਆਪਣੀ ਗੱਲ ਕਹਾਂ?’’ ਦੂਜਾ ਬੁਲਾਰਾ ਇਜਾਜ਼ਤ ਮੰਗਦਾ ਹੈ। ਉਹ ਬੋਲਣ ਦੀ ਹਾਲੇ ਤਿਆਰੀ ਕਰ ਰਿਹਾ ਹੁੰਦਾ ਹੈ ਕਿ ਪਹਿਲਾ ਬੁਲਾਰਾ ਉਸ ਨੂੰ ਵਿੱਚ ਟੋਕ ਕੇ ਕਹਿ ਦਿੰਦਾ ਹੈ, ‘‘ਲਓ ਜੀ, ਮੇਰੇ ਨੁਕਤਾ ਯਾਦ ਆ ਗਿਆ, ਬੱਸ ਹੁਣ ਪਹਿਲਾਂ ਮੈਨੂੰ ਬੋਲ ਲੈਣ ਦਿਓ।’’
‘‘ਪਹਿਲਾਂ ਮੈਂ, ਪਹਿਲਾਂ ਮੈਂ…’’ ਦਾ ਸ਼ੋਰ ਟੀਵੀ ਤੋਂ ਸੁਣਨ ਲੱਗਦਾ ਹੈ। ਰੌਲੇ-ਰੱਪੇ ’ਚ ਕੋਈ ਗੱਲ ਦਰਸ਼ਕਾਂ ਦੇ ਪੱਲੇ ਨਹੀਂ ਪੈਂਦੀ। ਉਨ੍ਹਾਂ ਦੇ ਸਬਰ ਦਾ ਬੰਨ੍ਹ ਟੁੱਟ ਜਾਂਦਾ ਹੈ। ਉਹ ਇਸ ਚੈਨਲ ਦੇ ਬਟਨ ਦਾ ਗਲਾ ਨੱਪ ਕੇ ਕੋਈ ਹੋਰ ਚੈਨਲ ਲਾ ਲੈਂਦੇ ਹਨ।
ਉਸ ਚੈਨਲ ’ਤੇ ਹਾਲੇ ਇਸ਼ਤਿਹਾਰ ਚੱਲ ਰਹੇ ਹਨ। ਇੱਕ ਆਦਮੀ ਉੱਚੀ-ਉੱਚੀ ਬੋਲ ਰਿਹਾ ਹੈ, ‘‘ਮੈਂ ਫਲਾਣੀ ਬਾਈਕ ਖ਼ਰੀਦਦਾ। ਪਝੰਤਰ ਦੀ ਮਾਈਲੇਜ ਮਿਲਦੀ, ਦਸ ਸਾਲ ਦੀ ਵਾਰੰਟੀ ਮਿਲਦੀ, ਵਿਦੇਸ਼ੀ ਟੂਰ ਮਿਲਦਾ। ਫ਼ਿਲਮੀ ਸਿਤਾਰੇ ਨੂੰ ਮਿਲਣ ਦਾ ਮੌਕਾ ਮਿਲਦਾ। ਹਾਏ ਮੈਂ ਕੀ ਖ਼ਰੀਦ ਬੈਠਾ, ਹਾਏ ਮੈਂ ਹੁਣ ਕੀ ਕਰਾਂ?’’ ਉਹ ਘਬਰਾਹਟ ’ਚ ਆਪਣਾ ਮੱਥਾ ਪਿੱਟਦਾ ਹੈ, ਆਪਣੇ ਵਾਲ ਪੁੱਟਣ ਤਕ ਜਾਂਦਾ ਹੈ। ਕੋਲ ਖਲ੍ਹੋਤੇ ਨਿਆਣੇ ਉਸ ਨੂੰ ਮਜ਼ਾਕ ਕਰ ਕੇ ਭੱਜ ਜਾਂਦੇ ਹਨ। ਤਦੇ ਹੀ ਇੱਕ ਸੋਹਣਾ ਜਿਹਾ ਮੋਟਰਸਾਈਕਲ ਦਿਖਾਈ ਦਿੰਦਾ ਹੈ ਤੇ ਉਹ ਹੱਸ ਕੇ ਉਸ ਦੀ ਗੱਦੀ ’ਤੇ ਹੱਥ ਫੇਰਨ ਲੱਗ ਪੈਂਦਾ ਹੈ।
ਉਸ ਤੋਂ ਬਾਅਦ ਉੱਥੇ ਹੋਰ ਵੀ ਕਈ ਤਰ੍ਹਾਂ ਦੇ ਇਸ਼ਤਿਹਾਰ ਆਉਂਦੇ ਹਨ। ਤੇਲ, ਸਾਬਣ, ਸਿੱਕਰੀ ਦੂਰ ਕਰਨ ਵਾਲਾ ਸ਼ੈਂਪੂ ਵਗੈਰਾ-ਵਗੈਰਾ। ਦਰਸ਼ਕ ਦੇ ਸਬਰ ਦਾ ਬੰਨ੍ਹ ਟੁੱਟਦਾ ਹੈ ਤਾਂ ਉਹ ਉਸ ਚੈਨਲ ਦੇ ਬਟਨ ਦਾ ਗਲ ਵੀ ਨੱਪ ਕੇ, ਕਿਸੇ ਹੋਰ ਚੈਨਲ ਵੱਲ ਵਧਦੇ ਹਨ। ਉਸ ਚੈਨਲ ’ਤੇ ਵੀ ਬਹਿਸ ਚੱਲ ਰਹੀ ਸੀ। ‘ਰਾਜਨੀਤੀ ਵਿੱਚ ਅਪਰਾਧੀਕਰਨ’ ਵਿਸ਼ਾ ਸੀ। ਬੁਲਾਰੇ ਇੱਕ-ਦੂਜੇ ਨੂੰ ਚੋਭਾਂ ਲਾਉਂਦੇ ਹੋਏ ਆਪਣੀ-ਆਪਣੀ ਪਾਰਟੀ ਦੀ ਪ੍ਰਸ਼ੰਸਾ ਕਰਨ ਵਿੱਚ ਜੁਟੇ ਹੋਏ ਸਨ। ਇੱਕ-ਦੂਜੇ ਦੀ ਬੇਇੱਜ਼ਤੀ ਕਰਨ ਲਈ ਪੂਰਾ ਟਿੱਲ ਲਾ ਰਹੇ ਸਨ। ਤਦੇ ਐਂਕਰ ਆਖਦਾ ਹੈ: ‘‘ਇੱਕ ਬਹੁਤ ਵੱਡੀ ਖ਼ਬਰ ਆ ਰਹੀ ਹੈ। ਪਹਿਲਾਂ ਉਹ ਸੁਣ ਲਈਏ। ਬਹਿਸ ’ਤੇ ਫਿਰ ਵਾਪਸ ਆਉਂਦੇ ਹਾਂ। ਦੋ ਮਿੰਟ ’ਚ ਹੀ।’’
ਵੱਡੀ ਖ਼ਬਰ ਮੋਟੇ ਅੱਖਰਾਂ ’ਚ ਸਕਰੀਨ ’ਤੇ ਪ੍ਰਿੰਟ ਹੋਣ ਲੱਗਦੀ ਹੈ:
‘‘ਪ੍ਰਸਿੱਧ ਆਗੂ ਨੂੰ ਵਿਰੋਧੀ ਧਿਰ ਦੇ ਨੇਤਾ ਨੇ ਖੰਘ ਦੀ ਦਵਾਈ ਦੀ ਇੱਕ ਸ਼ੀਸ਼ੀ ਕੋਰੀਅਰ ਕਰ ਕੇ ਭੇਜੀ।’’
ਖ਼ਬਰ ਛਪਣ ਤੋਂ ਬਾਅਦ ਚੈਨਲ ਵਾਲੀ ਬੀਬੀ ਬੋਲਣ ਲੱਗਦੀ ਹੈ, ‘‘ਵਿਰੋਧੀ ਧਿਰ ਦੇ ਨੇਤਾ ਵੱਲੋਂ ਨੇਤਾ … ਜੀ ਨੂੰ ਖੰਘ ਦੀ ਦਵਾਈ ਦੀ ਇੱਕ ਸ਼ੀਸ਼ੀ ਕੋਰੀਅਰ ਕਰ ਕੇ ਭੇਜਣ ਦਾ ਪਤਾ ਲੱਗਿਆ ਹੈ। ਅਸੀਂ ਆਪਣੇ ਸੰਵਾਦਦਾਤਾ ਅੰਧਰਾਤਾ ਮੱਲ ਤੋਂ ਇਸ ਖ਼ਬਰ ਬਾਰੇ ਪੂਰੀ ਜਾਣਕਾਰੀ ਲੈ ਕੇ ਦਰਸ਼ਕਾਂ ਨੂੰ ਦੱਸਦੇ ਹਾਂ।’’
‘‘ਅੰਧਰਾਤਾ ਮੱਲ ਮੇਰੀ ਆਵਾਜ਼ ਤੁਹਾਨੂੰ ਸੁਣ ਰਹੀ ਹੈ?’’
‘‘ਸੁਣ ਰਹੀ ਹੈ ਮਿਸ ਪਟਾਕਾ, ਸੁਣ ਰਹੀ ਹੈ।’’
‘‘ਇਹ ਖੰਘ ਦੀ ਦਵਾਈ ਦੀ ਸ਼ੀਸ਼ੀ ਵਾਲੀ ਕੀ ਗੱਲ ਹੈ? ਤੁਹਾਡੇ ਕੋਲ ਇਸ ਬਾਰੇ ਕੀ ਜਾਣਕਾਰੀ ਹੈ?’’
‘‘ਦਵਾਈ ਦੀ ਸ਼ੀਸ਼ੀ ਵਾਲੀ ਗੱਲ ਸੋਲ੍ਹਾਂ ਆਨੇ ਸਹੀ ਹੈ। ਵਿਰੋਧੀ ਧਿਰ ਦੇ ਨੇਤਾ ਨੇ ਸੱਚਮੁੱਚ ਹੀ ਸਾਡੇ ਪਿਆਰੇ ਆਗੂ ਨੂੰ ਦਵਾਈ ਭੇਜੀ ਹੈ। ਮੈਂ ਉਨ੍ਹਾਂ ਕੋਲ ਹੀ ਖਲੋਤਾ ਹਾਂ, ਸੁਣੋ ਉਹ ਇਸ ਬਾਰੇ ਕੀ ਕਹਿੰਦੇ ਹਨ…’’
‘‘ਤੁਸੀਂ ਇਹ ਕੋਰੈਕਸ ਦੀ ਸ਼ੀਸ਼ੀ ਉਨ੍ਹਾਂ ਨੂੰ ਕਿਉਂ ਭੇਜੀ?’’
‘‘ਜਦੋਂ ਦੇਖੋ ਉਹ ਖੰਘਦੇ ਹੀ ਰਹਿੰਦੇ ਹਨ, ਖੰਘਦੇ ਹੀ ਰਹਿੰਦੇ ਹਨ। ਜਿਹੜਾ ਬੰਦਾ ਆਪਣੀ ਖੰਘ ਦਾ ਇਲਾਜ ਟਾਈਮ ’ਤੇ ਨਹੀਂ ਕਰਵਾ ਸਕਦਾ ਉਹ ਦੇਸ਼ ਦੀਆਂ ਬੀਮਾਰੀਆਂ ਦਾ ਇਲਾਜ ਕਿਵੇਂ ਕਰ ਸਕਦਾ ਹੈ? ਇਸੇ ਲਈ ਅਸੀਂ ਆਪਣੇ ਭਾਈਚਾਰੇ ਦਾ ਖ਼ਿਆਲ ਕਰਦਿਆਂ ਇਹ ਸ਼ੀਸ਼ੀ ਭੇਜੀ ਹੈ ਤਾਂ ਕਿ ਉਹ ਦੇਸ਼ ਨੂੰ ਕੰਟਰੋਲ ਕਰਨ ਤੋਂ ਪਹਿਲਾਂ ਆਪਣੀ ਖੰਘ ਕੰਟਰੋਲ ਕਰਨ।’’
‘‘ਇਹ ਸ਼ੀਸ਼ੀ ਭੇਜ ਕੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?’’
‘‘ਦੇਖੋ ਜੀ, ਮੁਸੀਬਤ ਵੇਲੇ ਭਰਾ ਹੀ ਭਰਾ ਦੇ ਕੰਮ ਆਉਂਦਾ ਹੈ। ਬਾਹਰੋਂ ਭਾਵੇਂ ਅਸੀਂ ਲੜਦੇ ਹੀ ਕਿਉਂ ਨਾ ਰਹੀਏ ਪਰ ਅੰਦਰੋਂ ਅਸੀਂ ਨੇਤਾ ਲੋਕ ਇੱਕ ਹੀ ਹੁੰਦੇ ਹਾਂ।’’ ਵਿਰੋਧੀ ਧਿਰ ਦਾ ਨੇਤਾ ਮੀਸਣੀ ਹਾਸੀ ਹੱਸਦਾ ਹੋਇਆ ਲੋਪ ਹੋ ਜਾਂਦਾ ਹੈ।
‘‘ਅੰਧਰਾਤਾ ਮੱਲ ਜੀ, ਅੰਧਰਾਤਾ ਮੱਲ ਜੀ,’’ ਐਂਕਰ ਚੀਕਦੀ ਹੈ।
‘‘ਸ਼ਾਇਦ ਅੰਧਰਾਤਾ ਮੱਲ ਨਾਲ ਸਾਡਾ ਸੰਪਰਕ ਟੁੱਟ ਗਿਆ ਹੈ। ਸੰਪਰਕ ਹੁੰਦਿਆਂ ਹੀ ਅਸੀਂ ਇਸ ਵੱਡੀ ਖ਼ਬਰ ’ਤੇ ਹੋਰ ਚਾਨਣਾ ਪਾਉਣ ਦੀ ਕੋਸ਼ਿਸ਼ ਕਰਾਂਗੇ।’’
ਸਾਡੇ ਮੁਲਕ ’ਚ ਹੁਣ ਵੱਡੀਆਂ ਖ਼ਬਰਾਂ ਹੀ ਪੜ੍ਹੀਆਂ-ਸੁਣੀਆਂ ਜਾਂਦੀਆਂ ਹਨ। ਛੋਟੀਆਂ-ਮੋਟੀਆਂ ਖ਼ਬਰਾਂ ਲਈ ਸਾਡੇ ਚੈਨਲਾਂ ਕੋਲ ਟਾਈਮ ਹੀ ਨਹੀਂ ਹੁੰਦਾ। ‘ਸਟੇਟਸ ਡਾਊਨ’ ਕਰਵਾਉਣਾ ਕਿਸੇ ਚੈਨਲ ਦੇ ਹਿੱਤ ’ਚ ਨਹੀਂ ਹੈ।