Sabhiacharan Da Meil (Punjabi Essay) : Principal Teja Singh

ਸਭਿਆਚਾਰਾਂ ਦਾ ਮੇਲ (ਲੇਖ) : ਪ੍ਰਿੰਸੀਪਲ ਤੇਜਾ ਸਿੰਘ

ਹਿੰਦੁਸਤਾਨ ਵਿਚ ਜਾਤੀਆਂ ਦੀ ਪਰਸਪਰ ਸਾਂਝ-ਸੰਝਾਲੀ ਦਾ ਮਸਲਾ ਅਤਿਅੰਤ ਜ਼ਰੂਰੀ ਹੈ। ਬਤੌਰ ਕੌਮ ਦੇ ਅਸੀਂ ਓਨਾ ਚਿਰ ਅਗੇ ਨਹੀਂ ਵਧ ਸਕਦੇ-ਨਹੀਂ ਨਹੀਂ, ਅਸੀਂ ਇਕ ਕੌਮ ਹੀ ਨਹੀਂ ਅਖਵਾ ਸਕਦੇ -ਜਿੱਨਾ ਚਿਰ ਇਥੋਂ ਦੀਆਂ ਮਜ਼੍ਹਬੀ ਬਰਾਦਰੀਆਂ ਵਿਚ ਦਿਲੀ ਮੇਲ ਨਹੀਂ ਹੋ ਜਾਂਦਾ। ਅਚਨਚੇਤੀ ਲੋੜ ਜਾਂ ਭੀੜ ਸਮੇਂ ਨਿਰੇ ਝਟ-ਟਪਾਊ ਨੀਤਕ ਸਿਰ-ਜੋੜ ਜਾਂ ਕਿਸੇ ਤੀਜੀ ਧਿਰ ਦੇ ਵਿਰੁਧ ਨਿਰੀਆਂ ਆਰਜ਼ੀ ਸੰਧੀਆਂ ਕਾਫ਼ੀ ਨਹੀਂ ਹਨ। ਦੁਵੱਲੀ ਸੁਭਾਵਾਂ ਦੇ ਪੇਉਂਦ ਦੀ ਲੋੜ ਹੈ, ਜਿਸ ਵਿਚੋਂ ਇਕ ਸਾਂਝੀ ਕੌਮੀਅਤ ਦਾ ਬੂਟਾ ਨਿਸਰੇ, ਅਤੇ ਇਕੋ ਧਰਤੀ ਤੇ ਇਕੋ ਹਵਾ ਵਿਚੋਂ ਖ਼ੁਰਾਕ ਲੈਂਦਾ ਹੋਇਆ ਇਕੋ ਤਰ੍ਹਾਂ ਦੇ ਫੁਲ ਤੇ ਇਕ ਤਰ੍ਹਾਂ ਦਾ ਫਲ ਦੇਵੇ।

ਹੁਣ ਤਕ ਇਸ ਮਨੋਰਥ ਦੀ ਸਿਧੀ ਲਈ ਜਿਤਨੀਆਂ ਕੋਸ਼ਸ਼ਾਂ ਕੀਤੀਆਂ ਗਈਆਂ ਹਨ ਸਾਰੀਆਂ ਨਿਸਫਲ ਰਹੀਆਂ ਹਨ। ਇਹ ਤਿੰਨ ਤਰ੍ਹਾਂ ਦੀਆਂ ਕੋਸ਼ਸ਼ਾਂ ਸਨ। ਇਕ ਤਾਂ ਮਹਾਤਮਾ ਗਾਂਧੀ ਦਾ ਜਤਨ ਸੀ, ਜੋ 'ਖ਼ਿਲਾਫ਼ਤ ਲਹਿਰ' ਦੇ ਸਮੇਂ ਤਜਵੀਜ਼ ਕੀਤਾ ਗਿਆ। ਉਹ ਇਹ ਸੀ ਕਿ ਹਿੰਦੂ ਆਪਣੇ ਮੁਸਲਮਾਨ ਭਰਾਵਾਂ ਦਾ ਦਰਦ ਵੰਡਾਣ ਤੇ ਮੁਸਲਮਾਨ ਹਿੰਦੂਆਂ ਲਈ ਕਸ਼ਟ ਸਹਿਣ। ਸਾਂਝੇ ਕਸ਼ਟ ਦੀ ਕੁਠਾਲੀ ਵਿਚ ਪੈ ਕੇ ਦੋਵੇਂ ਧਿਰਾਂ ਢਲ ਕੇ ਇਕ ਹੋ ਜਾਣਗੀਆਂ। ਇਸ ਤਜਰਬੇ ਲਈ ਇਕ ਦੋ ਗਲਾਂ ਦਾ ਹੋਣਾ ਜ਼ਰੂਰੀ ਹੈ, ਜੋ ਏਸ ਵੇਲੇ ਮੌਜੂਦ ਨਹੀਂ। ਇਕ ਤਾਂ ਅਤਿਅੰਤ ਤੀਬਰ ਇੱਛਾ ਹੋਵੇ ਇਕ ਦੂਏ ਨਾਲ ਭਲਾ ਕਰਨ ਦੀ, ਅਤੇ ਦੂਜੀ ਇਕ ਆਦਰਸ਼ਕ ਬ੍ਰਿਤੀ ਹੋਵੇ ਜਿਸ ਨਾਲ ਦੂਏ ਧਿਰ ਦੇ ਹਕ ਆਪਣੇ ਹਕ ਦੇ ਬਰਾਬਰ ਦਿਸਣ। ਨਾਲੇ ਇਸ ਤਜਰਬੇ ਲਈ ਜ਼ਰੂਰੀ ਹੈ ਕਿ ਇਕ ਦੂਜੇ ਲਈ ਕਸ਼ਟ ਝਲਣ ਦੇ ਮੌਕੇ ਮਿਲਦੇ ਰਹਿਣ। ਪਰ ਹੋ ਸਕਦਾ ਹੈ ਕਿ ਹਾਲਾਤ ਹੀ ਔਖੇ ਹੋਣ ਕਿ ਇਹ ਮੌਕੇ ਮਿਲਣ ਹੀ ਨਾ, ਕਿਉਂਕਿ ਇਹ ਮੌਕੇ ਬਣਾਨਾ ਕਿਸੇ ਤੀਜੀ ਧਿਰ ਦੇ ਵਸ ਹੈ, ਜੋ ਸਿਆਣੀ ਤੇ ਚੇਤੰਨ ਹੋ ਸਕਦੀ ਹੈ। ਇਹ ਇਕ ਜਜ਼ਬਾਤੀ ਇਲਾਜ ਹੈ, ਤੇ ਸਿਰਫ਼ ਭੀੜਾਂ ਤੇ ਅਚਨਚੇਤੀ ਲੋੜਾਂ ਸਮੇਂ ਕੰਮ ਆ ਸਕਦਾ ਹੈ। ਇਹ ਕੌਮੀ ਉਸਾਰੀ ਦੇ ਪ੍ਰੋਗਰਾਮ ਦਾ ਪੱਕਾ ਤੇ ਸਥਾਈ ਅੰਗ ਨਹੀਂ ਬਣ ਸਕਦਾ, ਤੇ ਨਾ ਹੀ ਮਨੁਖੀ ਸੁਭਾ ਇਕੋ ਸਾਹੇ ਇਸ ਵਿਚ ਜੁਟਿਆ ਰਹਿ ਸਕਦਾ ਹੈ।

ਲਾਲਾ ਲਾਜਪਤ ਰਾਇ ਵਰਗੇ ਲੀਡਰਾਂ ਨੇ ਇਕ ਹੋਰ ਉਪਾ ਭੀ ਦਸਿਆ ਹੈ, ਜਿਸ ਦੀ ਪ੍ਰੋਢਤਾ ਅਜਕਲ ਦੇ ਖੁਲ੍ਹੇ ਜ਼ਮਾਨੇ ਵਿਚ ਬਹੁਤ ਹੋ ਰਹੀ ਹੈ ਕਿ ਹਿੰਦੂ ਤੇ ਮੁਸਲਮਾਨ ਆਪਣੀਆਂ ਧਾਰਮਕ ਰਹੁ-ਰੀਤਾਂ ਵਿਚ ਘਟ ਸਿਡਈ ਹੋ ਜਾਣ, ਅਤੇ ਇਨ੍ਹਾਂ ਨੂੰ ਕੌਮੀ ਏਕਤਾ ਉਤੇ ਕੁਰਬਾਨ ਕਰ ਦੇਣਾ। ਇਹ ਮੰਗ ਉਤੋ ਉਤੋਂ ਬਹੁਤ ਵਾਜਬੀ ਦਿਸਦੀ ਹੈ ਪਰ ਅਸਲ ਵਿਚ ਇਹ ਮੰਨਣੀ ਬਹੁਤ ਔਖੀ ਹੈ। ਜਿਵੇਂ ਮਜ਼੍ਹਬ ਦੀ ਬਣਤਰ ਹੈ ਜਾਂ ਅਸਾਂ ਹਿੰਦੁਸਤਾਨੀਆਂ ਨੇ ਇਸਨੂੰ ਸਮਝ ਰਖਿਆ ਹੈ, ਇਸ ਵਿਚ ਜਾਣ ਬੁਝ ਕੇ ਤਬਦੀਲੀ ਕਰਨ ਦੀ ਗੁੰਜਾਇਸ਼ ਨਹੀਂ। ਇਕ ਹਿੰਦੂ ਭਾਵੇਂ ਘਰ ਵਿਚ ਹਵਨ ਕਰੇ ਜਾਂ ਨਾ ਕਰੇ, ਪਰ ਜਿਸ ਵੇਲੇ ਅਨਮਤੀ ਲੋਕ ਉਸ ਦੇ ਇਸ ਹਕ ਵਿਚ ਦਖ਼ਲ ਦੇਣ ਤਾਂ ਉਹ ਹਰ ਇਕ ਨੁਕਸਾਨ ਸਹਾਰ ਕੇ ਇਸ ਦੀ ਰਖਵਾਲੀ ਲਈ ਉਠ ਖੜਾ ਹੋਵੇਗਾ। ਹਿੰਦੂ ਗਊ ਨੂੰ ਪਵਿਤਰ ਮੰਨਦੇ ਹਨ, ਪਰ ਮੁਸਲਮਾਨਾਂ ਵਿਚ ਗਊ ਦੀ ਕੁਰਬਾਨੀ ਧਾਰਮਕ ਅਸੂਲ ਹੈ। ਉਨ੍ਹਾਂ ਦਾ ਇਹ ਇਕ ਪਵਿਤਰ ਹਕ ਹੈ। ਜੇ ਓਹ ਚਾਹੁੰਣ ਤਾਂ ਇਸ ਹੱਕ ਨੂੰ ਭਾਵੇਂ ਕਦੇ ਹੀ ਨਾ ਵਰਤਣ, ਪਰ ਜੇ ਇਸ ਵਿਚ ਕੋਈ ਅਨਮਤੀ ਜਾਣ ਬੁਝ ਕੇ ਅੜਿੱਕਾ ਡਾਹੇ, ਤਦ ਓਹ ਮੂਤਾਣੇ ਹੋ ਖੜੋਣਗੇ। ਕਈਆਂ ਹਾਲਤਾਂ ਵਿਚ ਇਨ੍ਹਾਂ ਹੱਕਾਂ ਤੇ ਡੱਟ ਖਲੋਣਾ ਮਨੁਖ ਦੇ ਧਰਮ ਦੀ ਜ਼ਰੂਰੀ ਸ਼ਰਤ ਹੋ ਜਾਂਦੀ ਹੈ। ਇਨ੍ਹਾਂ ਧਾਰਮਕ ਹੱਕਾਂ ਢੀ ਖਿਚੋਂ ਖਿੱਚੀ ਦਾ ਇਲਾਜ ਇਹ ਨਹੀਂ ਕਿ ਇਕ ਧਿਰ ਨੂੰ ਆਪਣੇ ਹਕ ਛਡ ਦੇਣ ਉਤੇ ਮਜਬੂਰ ਕੀਤਾ ਜਾਵੇ, ਬਲਕਿ ਦੋਹਾਂ ਧਿਰਾਂ ਦੀ ਇਕ ਦੂਜੇ ਵਲ ਬ੍ਰਿਤੀ ਬਦਲਣੀ ਚਾਹੀਦੀ ਹੈ। ਕਿਸੇ ਇਕ ਨੂੰ ਦੂਜੇ ਦੇ ਰਸਮ ਰਵਾਜ ਪੂਰਾ ਕਰਨ ਵਿਚ ਉਜ਼ਰ ਨਹੀਂ ਹੋਣਾ ਚਾਹੀਦਾ। ਜੇ ਹਿੰਦੂ ਹਵਨ ਕਰਨ, ਤਾਂ ਮੁਸਲਮਾਨਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਅਤੇ ਜੇ ਮੁਸਲਮਾਨ ਗਊ-ਬਧ ਕਰਨ ਤਾਂ ਹਿੰਦੂਆਂ ਨੂੰ ਨਕ ਨਹੀਂ ਚਾੜ੍ਹਨਾ ਚਾਹੀਦਾ। (ਇਉਂ ਕਰਨ ਨਾਲ ਖਵਰੇ ਗਊਆਂ ਘਟ ਮਰੀਣਗੀਆਂ, ਜਿਵੇਂ ਕਿ ਨਿਰੋਲ ਮੁਸਲਮਾਨੀ ਮੁਲਕਾਂ ਵਿਚ ਹੁੰਦਾ ਹੈ)। ਮੁਸਲਮਾਨਾਂ ਨੂੰ ਮਸੀਤ ਦੇ ਸਾਹਮਣੇ ਵਾਜਾ ਵਜਣ ਤੇ ਰੋਸ ਨਹੀਂ ਹੋਣਾ ਚਾਹੀਦਾ। ਹਿੰਦੂਆਂ ਤੇ ਸਿਖਾਂ ਨੂੰ ਭੀ ਚਾਹੀਦਾ ਹੈ ਕਿ ਜਦ ਮਸੀਤ ਵਿਚ ਨਮਾਜ਼ ਪੜ੍ਹੀਂਦੀ ਹੋਵੇ, ਤਾਂ ਅਦਬ ਵਜੋਂ ਆਪੇ ਵਾਜਾ ਬੰਦ ਕਰ ਦੇਣ ਜਾਂ ਵਾਜੇ ਵਾਲੇ ਜਲੂਸ ਦਾ ਵਕਤ ਹੀ ਐਸਾ ਰਖਣ ਕਿ ਉਸ ਵਕਤ ਨਮਾਜ਼ ਨਾ ਪੜ੍ਹੀਂਦੀ ਹੋਵੇ। ਮੈਂ ਤਾਂ ਜਦ ਮੁਸਲਮਾਨਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਨਮਾਜ਼ ਪੜ੍ਹਦੇ ਦੇਖਦਾ ਹਾਂ ਤਾਂ ਮੇਰਾ ਦਿਲ ਧਾਰਮਕ ਹੁਲਾਰੇ ਵਿਚ ਆ ਜਾਂਦਾ ਹੈ ਅਤੇ ਸਿਰ ਅਦਬ ਨਾਲ ਝੁਕ ਜਾਂਦਾ ਹੈ। ਉਥੇ ਮੇਰੇ ਸੋਹਣੇ ਭਰਾ ਮੇਰੇ ਆਪਣੇ ਸੋਹਣੇ ਰਬ ਦੀਆਂ ਸੋਹਣੀਆਂ ਸਿਫ਼ਤਾਂ ਕਰ ਰਹੇ ਹੁੰਦੇ ਹਨ! ਉਥੇ ਮੇਰੇ ਦਿਲ ਨੂੰ ਖੁਲ੍ਹਾ ਕਰਨ ਲਈ ਦਸਮੇਸ਼ ਜੀ ਦੀ ਵੰਗਾਰ ਪੈਂਦੀ ਹੈ: "ਦੇਹੁਰਾ ਮਸੀਤਿ ਸੋਈ, ਪੂਜਾ ਔ ਨਿਵਾਜ ਓਹੀ, ਮਾਨਸ ਸਭੈ ਏਕ, ਪੈ ਅਨੇਕ ਕੌ ਪ੍ਰਭਾਉ ਹੈ।"

ਤੀਜਾ ਇਕ ਹੋਰ ਉਪਾ ਹੈ ਜੋ ਬਾਕੀ ਉਪਾਵਾਂ ਤੋਂ ਨਿਰਾਸ ਹੋ ਕੇ ਪੇਸ਼ ਕੀਤਾ ਗਿਆ ਹੈ। ਓਹ ਇਹ ਹੈ ਕਿ ਭਿੰਨ ਭਿੰਨ ਜਾਤੀਆਂ ਨੂੰ ਮਜ਼੍ਹਬੀ ਬਿਨਾ ਤੇ ਵਖੋ ਵਖ ਸੰਗਠਨ ਜਾਂ ਤਨਜ਼ੀਮ ਵਿਚ ਪਰੋ ਕੇ ਆਪੋ ਆਪਣਾ ਬਚਾਉ ਕਰਨ ਦੇ ਲਾਇਕ ਬਣਾਇਆ ਜਾਵੇ, ਤਾਂ ਕਿ ਇਕ ਦੂਜੇ ਉਤੇ ਹਮਲਾ ਕਰਨ ਦਾ ਹੀਆਂ ਈ ਨਾ ਪਏ, ਤੇ ਇਕ ਦੂਜੇ ਦੀ ਇਜ਼ਤ ਕਰਨ ਦੀ ਪ੍ਰੇਰਨਾ ਹੋਵੇ।ਇਸ ਦਾ ਸਿੱਟਾ ਇਹ ਤਾਂ ਹੋ ਸਕਦਾ ਹੈ ਕਿ ਹਰ ਇਕ ਫਿਰਕਾ ਆਪੋ ਆਪਣੀ ਸੁਰਤ ਸੰਭਾਲ ਕੇ ਦੂਜੇ ਦੇ ਵਾਰਾਂ ਤੋਂ ਬਚਣ ਲਈ ਕਾਫ਼ੀ ਤਕੜਾ ਹੋ ਜਾਵੇ, ਪਰ ਇਸ ਦਾ ਇਹ ਨਤੀਜਾ ਕਦੇ ਨਹੀਂ ਹੋ ਸਕਦਾ ਕਿ ਇਹ ਫ਼ਿਰਕੇ ਢਲ ਢੁਲ ਕੇ ਇਕ ਕੌਮ ਬਣ ਜਾਣ। ਬਲਕਿ ਤੁਸਾਂ ਵੇਖਿਆ ਹੋਣਾ ਹੈ ਕਿ ਇਸ ਲਹਿਰ ਦੇ ਸਿੱਟੇ ਵਜੋਂ ਇਕ ਧਿਰ ਨੂੰ ਏਲਾਨੀਆ ਤੌਰ ਤੇ ਇਹ ਆਖਣ ਦਾ ਹੀਆ ਪੈ ਗਿਆ ਹੈ ਕਿ ਹਿੰਦੁਸਤਾਨ ਹਿੰਦੂਆਂ ਦਾ ਹੈ ਤੇ ਦੂਜੀ ਧਿਰ ਇਹ ਰਾਇ ਬਣਾਣ ਤੇ ਮਜਬੂਰ ਹੋ ਗਈ ਕਿ ਮੁਸਲਮਾਨਾਂ ਦੀ ਇਕ ਵੱਖਰੀ ਕੌਮ ਹੈ, ਜਿਸ ਦਾ ਵਤਨ ਹਿੰਦ ਹੀ ਨਹੀਂ ਬਲਕਿ ਚੀਨ, ਤੁਰਕਿਸਤਾਨ, ਈਰਾਨ ਅਰਬ ਆਦਿ ਸਾਰੇ ਮੁਲਕ ਹਨ। ਹਿੰਦ ਵਿਚ ਭੀ ਓਹ ਆਪਣੇ ਲਈ ਵਖਰੇ ਇਲਾਕੇ ਮੰਗਣ ਲਗ ਪਏ, ਜਿਨ੍ਹਾਂ ਵਿਚ ਓਹ ਆਪਣੀ ਸਭਿੱਤਾ ਤੇ ਆਪਣੀ ਰਹਿਣੀ-ਬਹਿਣੀ ਸੰਭਾਲ ਕੇ ਵਖਰੀ ਤੇ ਨਰੋਲ ਰਖ ਸਕਣ। ਸਚ ਹੈ, ਜੇ ਹਿੰਦ ਹਿੰਦੂਆਂ ਦਾ ਹੈ, ਤਾਂ ਮੁਸਲਮਾਨਾਂ ਲਈ ਕੋਈ ਆਪਣਾ ਵਖਰਾ ਦੇਸ ਹੋਣਾ ਚਾਹੀਦਾ ਹੈ। ਇਹ ਦੋਵੇਂ ਖ਼ਿਆਲ ਰੋਗੀ ਮਨ ਤੋਂ ਪੈਦਾ ਹੋਏ, ਤੇ ਇਹ ਰੋਗ ਸੰਗਠਨ ਤੇ ਤਨਜ਼ੀਮ ਦੇ ਪ੍ਰਚਾਰ ਨੇ ਪੈਦਾ ਕੀਤਾ। ਜਿਸ ਦਾ ਅੰਤਮ ਸਿੱਟਾ ਪਾਕਿਸਤਾਨ ਅਤੇ ਹਿੰਦੂ ਮੁਸਲਮ ਫ਼ਸਾਦ ਨਿਕਲਿਆ। ਹਿੰਦੁਸਤਾਨੀ ਕੌਮ ਇਕ ਹੈ, ਜਿਸ ਦੇ ਅੰਗ ਹਿੰਦੂ ਭੀ ਹਨ ਤੇ ਮੁਸਲਮਾਨ ਭੀ; ਜਾਂ ਇਉਂ ਕਹੋ, ਜਿਵੇਂ ਸਰ ਸਈਅਦ ਅਹਿਮਦ ਕਿਹਾ ਕਰਦੇ ਸਨ, ਕਿ ਹਿੰਦ ਇਕ ਸੰਦਰੀ ਹੈ ਜਿਸ ਦੀ ਇਕ ਅੱਖ ਹਿੰਦੂ ਹਨ ਤੇ ਦੂਜੀ ਅੱਖ ਮੁਸਲਮਾਨ। ਇਕ ਅੱਖ ਦੇ ਵਿਗੜਨ ਨਾਲ ਸਾਰੇ ਸਰੀਰ ਦੀ ਸੁੰਦਰਤਾ ਮਾਰੀ ਜਾਂਦੀ ਹੈ। ਇਹ ਕੌਮੀ ਏਕਤਾ ਦਾ ਖ਼ਿਆਲ ਤਦ ਸਫ਼ਲ ਹੋ ਸਕਦਾ ਹੈ ਜੇਕਰ ਦੋਵੇਂ ਧਿਰਾਂ ਆਪਣੇ ਆਪ ਨੂੰ ਅਤੇ ਇਕ ਦੂਜੇ ਨੂੰ ਇਕ ਕੌਮ ਦਾ ਅੰਗ ਸਮਝਣ, ਅਤੇ ਨਿਰੇ ਆਪਣੇ ਹਕਾਂ ਲਈ ਨਹੀਂ ਬਲਕਿ ਆਪਣੇ ਗੁਆਂਢੀਆਂ ਲਈ ਭੀ ਲੜਨਾ ਤੇ ਕਸ਼ਟ ਸਹਿਣਾ ਸਿਖਣ।

੨.
ਇਹ ਸਚ ਹੈ ਕਿ ਹਿੰਦੁਸਤਾਨ ਅਜੇ ਤੀਕਣ ਇਸ ਔਕੜ ਦਾ ਹੱਲ ਨਹੀਂ ਲਭ ਸਕਿਆ। ਪਰ ਕੀ ਕਿਸੇ ਹੋਰ ਕੌਮ ਨੇ ਲਭਾ ਹੈ? ਤੁਸੀਂ ਕਹੋਗੇ ਯੂਰਪ ਵਿਚ ਰੋਮਨ-ਕੈਥੋਲਿਕ ਤੇ ਪ੍ਰਾਟੈਸਟੈਂਟ ਜਾਂ ਹੋਰ ਕਈ ਫਿਰਕ ਕੋਲ ਕੋਲ ਵਸਦੇ ਹਨ ਅਤੇ ਉਨ੍ਹਾਂ ਦੀਆਂ ਆਪਸ ਵਿਚ ਦੀਆਂ ਤੇੜਾਂ ਆਪੋ ਆਪਣੀ ਕੌਮੀਅਤ ਦਾ ਹਿਸਾ ਬਣ ਕੇ ਰਹਿਣ ਵਿਚ ਕੋਈ ਫ਼ਰਕ ਨਹੀਂ ਪਾਂਦੀਆਂ। ਇਹ ਮਿਸਾਲ ਸਾਨੂੰ ਮਦਦ ਨਹੀਂ ਦੇ ਸਕਦੀ, ਕਿਉਂਕਿ ਉਨ੍ਹਾਂ ਦੀਆਂ ਆਪਸ ਦੀਆਂ ਤੇੜਾਂ ਸਭਿਆਚਾਰੀ ਤੇਤਾਂ ਨਹੀਂ। ਓਹ ਲੋਕ ਕੇਵਲ ਧਾਰਮਕ ਯਕੀਨ ਵਿਚ ਜਾਂ ਪੂਜਾ ਪਾਠ ਦੀ ਰੀਤ ਵਿਚ ਵਖ ਵਖ ਦਿਸਦੇ ਹਨ, ਪਰ ਆਮ ਰਹਿਣ ਬਹਿਣ, ਕਿਰਤ, ਸੋਚਣ ਵਿਚਾਰਣ ਜਾਂ ਮਹਿਸੂਸਨ ਦੇ ਢੰਗਾਂ ਵਿਚ ਇਕੋ ਜਿਹਾ ਵਰਤਦੇ ਹਨ। ਇਸ ਲਈ ਉਨਾਂ ਦੇ ਵਖੇਵੇਂ ਮੇਟਣੇ ਔਖੇ ਨਹੀਂ। ਪੱਛਮੀ ਦੇਸ਼ਾਂ ਵਿਚ ਅਡ ਅਡ ਸਭਿਆਚਾਰਾਂ ਵਿਚ ਪਲੇ ਲੋਕਾਂ ਨੂੰ ਜੋੜ ਕੇ ਇਕ ਕਰਨ ਦਾ ਤਜਰਬਾ ਕਦੇ ਸਫਲ ਨਹੀਂ ਹੋਇਆ। ਓਥੇ ਸਮੇਂ ਸਮੇਂ ਇਕ ਔਕੜ ਕਈਆਂ ਦੇਸ਼ਾਂ ਨੂੰ ਵਾਪਰ ਦੀ ਰਹੀ ਹੈ, ਪਰ ਇਸ ਦਾ ਹਲ ਹਮੇਸ਼ਾਂ ਮਾੜੇ ਧੜੇ ਨੂੰ ਮਦਾਨੋਂ ਹੀ ਕਢ ਦੇਣ ਵਿਚ ਸਮਝਿਆ ਗਿਆ ਹੈ, ਭਾਵ ਇਹ ਕਿ ਅਜੇਹੀ ਗੁੰਝਲ ਨੂੰ ਖਿੜੇ-ਮੱਥੇ ਸੁਲਝਾਉਣ ਦੀ ਥਾਂ ਮੂਲੋਂ ਕਟ ਹੀ ਦੇਂਦੇ ਰਹੇ ਹਨ।

ਅਠਵੀਂ ਤੋਂ ਪੰਦਰਵੀਂ ਸਦੀ ਤੇ ਅੰਤ ਤਕ ਸਪੇਨ ਮੁਸਲਮਾਨਾਂ ਦੇ ਹਥ ਰਿਹਾ, ਪਰ ਜਦ ੧੯੪੨ ਵਿਚ ਇਨ੍ਹਾਂ ਦਾ ਰਾਜ ਖਤਮ ਹੋ ਗਿਆ, ਤਾਂ ਭੀ ਦੇਸ ਵਿਚ ਚੋਖਾ ਤੇ ਕਾਰਵੰਦਾ ਹਿਸਾ ਇਨ੍ਹਾਂ ਦੀ ਵਸੋਂ ਦਾ ਸੀ। ਉਸ ਵੇਲੇ ਈਸਾਈਆਂ ਦੀ ਨਵੀਂ ਹਕੂਮਤ ਅਗੇ ਉਹੋ ਸਵਾਲ ਪੇਸ਼ ਹੋਇਆ ਜੋ ਸਾਡੇ ਸਾਮ੍ਹਣੇ ਕਿ ਇਨਾਂ ਅਡਰੀ ਸਭਿਤਾ ਵਾਲੇ ਲੋਕਾਂ ਨੂੰ ਆਪਣੇ ਅੰਦਰ ਕਿਵੇਂ ਸਮੇਟਿਆ ਜਾਏ। ਈਸਾਈ ਹਾਕਮ ਆਪਣੀ ਪਾਲਿਸੀ ਐਸੀ ਬਣਾ ਸਕਦੇ ਸਨ ਜਿਸ ਦੇ ਨਾਲ ਮੁਸਲਮਾਨ ਈਸਾਈਆਂ ਵਿਚ ਰਚ ਮਿਚ ਕੇ ਇਕ ਰਲਵੀਂ ਕੌਮ ਦਾ ਹਿਸਾ ਬਣ ਜਾਂਦੇ। ਇਸ ਨਾਲ ਸਪੇਨ ਨੂੰ ਬਹੁਤ ਲਾਭ ਪੁਜਦਾ, ਕਿਉਂਕਿ ਮੁਸਲਮਾਨ ਲੋਕ ਕਾਰੀਗਰੀ ਅਤੇ ਸਭਿਆਚਾਰ ਵਿਚ ਈਸਾਈਆਂ ਪਾਸੋਂ ਬਹੁਤ ਅਗਾਹਾਂ ਲੰਘੇ ਹੋਏ ਸਨ। ਪਰ ਐਸਾ ਨਾ ਕੀਤਾ ਗਿਆ। ਪਹਿਲੋਂ ਤਾਂ ਮੁਸਲਮਾਨਾਂ ਨੂੰ ਕਿਹਾ ਗਿਆ ਕਿ ਆਪਣੇ ਨਾਂ ਈਸਾਈਆਂ ਵਾਲੇ ਰਖ ਲਓ, ਭਾਵੇਂ ਧਰਮ ਨਾ ਬਦਲੋ। ਫਿਰ ਸਭ ਨੂੰ ਹੁਕਮ ਹੋ ਗਿਆ ਕਿ ਜਾਂ ਤਾਂ ਈਸਾਈ ਮਤ ਧਾਰਨ ਕਰ ਲਓ, ਜਾਂ ਬਿਸਤਰਾ ਬੋਰੀਆ ਚੁਕ ਕੇ ਮੁਲਕ ਤੋਂ ਬਾਹਰ ਹੋ ਜਾਓ। ਕੇਹਾ ਸੋਖਾ ਤਰੀਕਾ ਸੀ ਏਕਤਾ ਵਰਤਾਉਣ ਦਾ! ਸਪੇਨ ਤੇ ਪੁਰਤਗਾਲ ਵਿਚ ਏਹੋ ਤਰੀਕਾ ਯਹੂਦੀਆਂ ਨਾਲ ਵਰਤਿਆ ਗਿਆ। ਇੰਗਲੈਂਡ ਵਾਲਿਆਂ ਨੂੰ ਯਹੂਦੀਆਂ ਨੂੰ ੧੨੯੦ ਵਿਚ ਦੇਸ ਨਿਕਾਲਾ ਦੇ ਦਿੱਤਾ, ਅਤੇ ਓਹ ਕਈ ਸਦੀਆਂ ਤੀਕ ਇਸੇ ਦੇਸ ਤੋਂ ਬਾਹਰ ਰਹੇ। ਫੇਰ ਆਏ ਭੀ, ਤਾਂ ਚਿਰਾਂ ਤੀਕ ਪੂਰੇ ਹਕ ਨਾ ਲੈ ਸਕੇ। ਅੰਤ ੧੮੫੮ ਵਿਚ ਪਾਰਲੀਮਿਟ ਦੀ ਮਿੰਬਰੀ ਦਾ ਹਕ ਮਿਲਿਆ। ਫਰਾਂਸ ਵਾਲਿਆਂ ਨੇ ਉਹਨਾਂ ਨੂੰ ਬਰਾਬਰੀ ਦਾ ਹਕ ੧੭੯੦ ਵਿਚ ਦਿਤਾ ਤੇ ਜਰਮਨੀ ਵਾਲਿਆਂ ਨੂੰ ੧੮੭੧ ਵਿਚ, ਪਰ ਇਹ ਹਕ ਮੁੜ ਹਿਟਲਰ ਦੀ ਹਕੂਮਤ ਨੇ ਖੋਹ ਲਏ ਤੇ ਇਹ ਵਿਚਾਰੇ ਹੁਣ ਦਰ-ਬ-ਦਰ ਧਕੇ ਖਾ ਰਹੇ ਹਨ। ਯੂਰਪ ਤੇ ਅਮਰੀਕਾ, ਵਾਲੇ ਈਸਾਈ ਆਪਣੇ ਸਦੀਆਂ ਦੇ ਧੋਣ ਇਉਂ ਧੋਣਾ ਚਾਹੁੰਦੇ ਹਨ ਕਿ ਯਹੂਦੀਆਂ ਨੂੰ ਅਰਬਾਂ ਦੇ ਖ਼ਰਚ ਤੇ ਫਲਸਤੀਨ ਵਿਚ ਵਸਾਇਆ ਜਾਵੇ। ਪਰਾਏ ਮੁੰਡੇ ਅੰਮਾਂ ਦਾਤੀ! ਇਨ੍ਹਾਂ ਵਿਚਾਰਿਆਂ ਨੇ ਜੋ ਦੁਖੜੇ ਰੂਸ, ਪੋਲੈਂਡ ਤੇ ਆਸਟਰੀਆ ਹੰਗਰੀ ਵਿਚ ਸਹੇ ਹਨ, ਉਨ੍ਹਾਂ ਦੀ ਕਹਾਣੀ ਲੂੰ ਕੰਡੇ ਕਰ ਦੇਣ ਵਾਲੀ ਹੈ। ਯੂਰਪ ਮੁਸਲਮਾਣਾਂ ਤੇ ਯਹੂਦੀਆਂ ਨੂੰ ਆਪਣੇ ਅੰਦਰ ਕਿਉਂ ਨਹੀਂ ਸਮਾ ਸਕਿਆ? ਕੇਵਲ ਇਸ ਲਈ ਕਿ ਇਹ ਲੋਕ ਆਸ ਪਾਸ ਦੇ ਲੋਕਾਂ ਕੋਲੋਂ ਸਭਿਆਚਾਰ ਵਿਚ ਵਖਰੇ ਸਨ। ਇਨ੍ਹਾਂ ਨੂੰ ਸਮਾਜਕ ਅਰਾਮ ਉਤਨਾ ਕੁ ਹੀ ਮਿਲਿਆ ਹੋਇਆ ਹੈ। ਜਿੱਨਾ ਕੁ ਇਹ ਲੋਕ ਅਪਣੇ ਸਭਿਆਚਾਰ ਨੂੰ ਛੱਡ ਕੇ ਪਰਾਇਆ ਸਭਿਆਚਾਰ ਗ੍ਰਹਿਣ ਕਰ ਸਕੇ ਹਨ। ਤੁਰਕ ਲੋਕ ਸਦੀਆਂ ਤੀਕ ਯੂਰਪੀਨ ਕੌਮਾਂ ਦੀ ਅੱਖ ਦਾ ਕੰਡਾ ਬਣੇ ਰਹੇ। ਅੰਤ ਉਨ੍ਹਾਂ ਨੂੰ ਪਤਾ ਲਗ ਗਿਆ ਕਿ ਯੂਰਪੀਨ ਕੌਮਾਂ ਨਾਲ ਇਕ-ਮਿਕ ਹੋਣ ਵਿਚ ਉਨ੍ਹਾਂ ਦਾ ਏਸ਼ਿਆਈ ਸਭਿਆਚਾਰ ਹੀ ਇਕ ਵੱਡੀ ਰੁਕਾਵਟ ਹੈ। ਸੋ ਓਹ ਛੇਤੀ ਛੇਤੀ ਆਪਣੇ ਸਭਿਆਚਾਰ ਦਾ ਜੱਲਾ ਲਾਹ ਕੇ ਪਰ੍ਹਾਂ ਸੁਟ ਰਹੇ ਹਨ ਅਤੇ ਪਛਮੀ ਜੀਵਨ ਦਾ ਸਾਂਗ ਭਰ ਰਹੇ ਹਨ, ਤਾਂ ਜੋ ਯੂਰਪ ਦੀ ਪਵਿੱਤਰ ਧਰਤੀ ਉਤੇ ਵਸਣ ਵਾਲੇ ਲੋਕਾਂ ਦੀ ਨਜ਼ਰ ਵਿਚ ਪ੍ਰਵਾਨ ਹੋ ਸਕਣ ਦੀ ਸਮਾਂ ਸੀ ਜਦੋਂ ਅਰਬੀ ਸਭਿਆਚਾਰ ਦਾ ਜ਼ੋਰ ਸੀ ਤੇ ਯੂਰਪੀਨ ਲੋਕ ਭੀ ਦੂਰੋਂ ਦੂਰੋਂ ਚਲ ਕੇ ਮਰਾਕੋ ਤੇ ਸਪੇਨ ਦੀਆਂ ਮੁਸਲਿਮ ਯੂਨੀਵਰਸਟੀਆਂ ਵਿਚ ਅਰਬੀ ਦੇ ਰਾਹੀ ਉੱਚੀ ਵਿਦਿਆ ਲੈਣ ਆਉਂਦੇ ਸਨ, ਇਨ੍ਹਾਂ ਲੋਕਾਂ ਦੀ ਰਹਿਣੀ ਬਹਿਣੀ ਦੀ ਨਕਲ ਕਰਦੇ ਅਤੇ ਪਾਤਸ਼ਾਹਾਂ ਤਕ ਇਨ੍ਹਾਂ ਦੇ ਸੋਫ਼ਿਆਂ, ਗਲੀਚਿਆਂ, ਪਰਦਿਆਂ, ਪਿਰਚਾਂ ਪਿਆਲੀਆਂ, ਚਾਹਾਂ ਤੇ ਕਾਹਵਿਆਂ ਦੀ ਵਰਤੋਂ ਕਰਨ ਵਿਚ ਫ਼ਖ਼ਰ ਸਮਝਦੇ ਸਨ। ਪਰ ਹੁਣ ਇਸੇ ਸੱਭਿਤਾ ਦੇ ਮੋਢੀਆਂ ਦੀ ਉਲਾਦ ਅਰਬੀ ਅਖਰਾਂ ਤੇ ਬੋਲੀ ਨੂੰ ਛੱਡ ਲਾਤੀਨੀ ਅਖਰਾਂ ਤੇ ਰੀਝ ਰਹੀ ਹੈ ਤੇ ਆਪਣੀ ਬੋਲੀ ਵਿਚੋਂ ਅਰਬੀ ਲਫ਼ਜ਼ਾਂ ਨੂੰ ਕੱਢ ਕੇ ਯੂਰਪੀਨ ਬੋਲਿਆਂ ਦੇ ਲਫ਼ਜ਼ ਭਰ ਰਹੀ ਹੈ। ਜਿਨ੍ਹਾਂ ਲੋਕਾਂ ਨੇ ਦਾੜ੍ਹੀ ਤੇ ਪਗੜੀ ਦਾ ਰਿਵਾਜ ਸਪੇਨ ਤੋਂ ਲੈ ਆਸਾਮ ਬੰਗਾਲ ਤਕ ਫੈਲਾਇਆ ਸੀ, ਅਜ ਓਹੀ ਇਨ੍ਹਾਂ ਚੀਜ਼ਾਂ ਨੂੰ ਅਸੱਭਿਤਾ ਦੇ ਨਿਸ਼ਾਨ ਮੰਨ ਕੇ ਮੂੰਹ ਸਿਰ ਦਾ ਫੈਸ਼ਨ ਕੁਝ ਹੋਰ ਹੀ ਬਣਾ ਰਹੇ ਹਨ। ਇਸ ਵਿਚ ਦੋਹਾਂ ਸਭਿੱਤਾਂ ਦਾ ਮੇਲ ਨਹੀਂ, ਬਲਕਿ ਇਕ ਸਭਿੱਤਾ ਦੀ ਭਾਂਜ ਤੇ ਦੂਜੀ ਦਾ ਦਾਬਾ ਮੰਨਿਆ ਗਿਆ ਹੈ। ਇਹ ਉਹ ਸੁਲਹ ਹੈ ਜਿਸ ਵਿਚ ਇਕ ਧਿਰ ਦੂਜੀ ਧਿਰ ਦੀਆਂ ਸ਼ਰਤਾਂ ਮੰਨ ਕੇ ਆਪਣੇ ਹਥਿਆਰ ਸੁਟ ਦੇਵੇ।

ਇਹ ਗ਼ਲ ਸਾਫ਼ ਹੈ ਕਿ ਯੂਰਪ ਦੇ ਇਤਿਹਾਸ ਵਿਚ ਇਕ ਮਿਸਾਲ ਵੀ ਨਹੀਂ ਮਿਲਦੀ ਜਿਥੇ ਭਿੰਨ ਭਿੰਨ ਸਭਿਆਚਾਰਾਂ ਵਾਲੇ ਫਿਰਕਿਆਂ ਜਾਂ ਕੌਮਾਂ ਨੂੰ ਜੋੜ ਕੇ ਇਕਮਈ ਕੀਤਾ ਗਿਆ ਹੋਵੇ। ਅਮਰੀਕਾ ਤੇ ਦੱਖਣੀ ਅਫਰੀਕਾ ਵਿਚ ਵੀ ਪਛਮੀ ਸਭਿਤਾ ਵਾਲੇ ਲੋਕ ਅਡਰੀ ਸਭਿਤਾ ਵਾਲੇ ਏਸ਼ਿਆਈਆਂ ਨਾਲ ਇਕਮਿਕ ਨਹੀਂ ਹੋ ਸਕਦੇ। ਉਥੇ ਭੀ ਇਹੋ ਜਹੀ ਔਕੜ ਨੂੰ ਹਲ ਕਰਨ ਵਾਸਤੇ ਉਹ ਪੁਰਾਣਾ ਹਥਿਆਰ ਵਰਤਿਆ ਜਾਂਦਾ ਹੈ ਕਿ ਓਪਰੇ ਨੂੰ ਨਾਲ ਮੇਲਣ ਦੀ ਥਾਂ ਘਰੋਂ ਹੀ ਕਢ ਦਿਓ।

੩.
ਹੱਛਾ, ਤਾਂ ਫਿਰ ਇਸ ਔਕੜ ਦਾ ਕੋਈ ਹਲ ਨਹੀਂ? ਜੇ ਹੋਰਨਾਂ ਲੋਕਾਂ ਦਾ ਇਤਿਹਾਸ ਇਸ ਗਲ ਵਿਚ ਸਾਡੀ ਬਾਹੁੜੀ ਨਹੀਂ ਕਰਦਾ, ਤਾ ਕੀ ਸਾਡਾ ਆਪਣਾ ਇਤਿਹਾਸ ਭੀ ਕੋਈ ਰਾਹ ਨਹੀਂ ਦਸਦਾ? ਮੇਰਾ ਆਪਣਾ ਖ਼ਿਆਲ ਹੈ ਕਿ ਸਾਡੇ ਇਤਿਹਾਸ ਵਿਚ ਇਕ ਅਜਿਹਾ ਸਮਾਂ ਆਇਆ ਸੀ ਜਦੋਂ ਇਸ ਮੁਸ਼ਕਲ ਦਾ ਸਹੀ ਹਲ ਲਭਣ ਦਾ ਜਤਨ ਕੀਤਾ ਗਿਆ ਸੀ, ਭਾਵੇਂ ਇਹ ਜਤਨ ਭੀ ਰੁਕ ਸਕਣ ਵਾਲੇ ਕਾਰਨਾਂ ਕਰਕੇ ਨਿਸਫਲ ਹੀ ਰਿਹਾ। ਮੇਰਾ ਇਸ਼ਾਰਾ ਸ਼ਹਿਨਸ਼ਾਹ ਅਕਬਰ ਦੀ ਉਸ ਪਾਲਿਸੀ ਵਲ ਹੈ, ਜੋ ਉਸ ਨੇ ਹਿੰਦੂ ਮੁਸਲਮਾਨਾਂ ਨੂੰ ਸਭਿਆਚਾਰੀ ਤੌਰ ਤੇ ਇਕ ਕਰ ਦੇਣ ਲਈ ਵਰਤੀ। ਇਸ ਆਸ਼ੇ ਵਿਚ ਉਹ ਇਕਲਾ ਨਹੀਂ ਸੀ। ਸਮੇਂ ਦੀ ਸਾਰੀ ਰੁਚੀ ਉਸ ਦੇ ਨਾਲ ਕੰਮ ਕਰ ਰਹੀ ਸੀ। ਜਦ ਮੁਸਲਮਾਨਾਂ ਨੂੰ ਹਿੰਦੁਸਤਾਨ ਵਿਚ ਰਹਿੰਦਿਆਂ ਚੋਖਾ ਚਿਰ ਹੋ ਗਿਆ ਅਤੇ ਬਹੁਤ ਸਾਰੇ ਹਿੰਦੂ ਇਸਲਾਮ ਦੇ ਦਾਇਰੇ ਵਿਚ ਆ ਗਏ, ਤਾਂ ਉਨਾਂ ਲਈ ਇਹ ਦੇਸ ਬਿਗਾਨਾ ਨਾ ਰਿਹਾ। ਉਸ ਵੇਲੇ ਕੁਦਰਤੀ ਸੀ ਕਿ ਕੋਈ ਐਸੇ ਵਿਚਾਰਵਾਨ ਸਜਨ ਨਿਕਲਦੇ ਜੋ ਉਹਨਾਂ ਦਾ ਇਸ ਨਵੀਂ ਸਹੇੜੀ ਧਰਤੀ ਨਾਲ ਪਿਆਰ ਪਾਉਂਦੇ ਅਤੇ ਕੋਈ ਅਜੇਹਾ ਪੈਂਤੜਾ ਲਭਦੇ ਜਿਸ ਉਤੇ ਅਸਲੀ ਵਸਨੀਕਾਂ ਤੇ ਨਵੇਂ ਆਇਆਂ ਦੀ ਮਿਲਣੀ ਬਝ ਸਕਦੀ।

ਸ਼ੁਰੂ ਸ਼ੁਰੂ ਵਿਚ ਜਤਨ ਹੋਇਆ ਕਿ ਲੋਕਾਂ ਦੇ ਧਾਰਮਕ ਜੀਵਨ ਨੂੰ ਇਕ ਕਰ ਦਈਏ। ਗੁਰੂਆਂ ਤੇ ਭਗਤਾਂ ਨੇ ਹਿੰਦੂਆਂ ਦੇ ਦਿਲਾਂ ਵਿਚੋਂ ਮੁਸਲਮਾਨਾਂ ਦੇ ਵਿਰਧ ਜੋ ਪਖਪਾਤ ਦੇ ਤੌਖ਼ਲੇ ਬਣੇ ਹੋਏ ਸਨ ਕਢਣ ਦਾ ਜਤਨ ਕੀਤਾ ਅਤੇ ਐਸੀ ਸਾਂਝੀ ਸਿਖਿਆ ਦਿਤੀ ਜੋ ਹਿੰਦੂਆਂ ਤੇ ਮੁਸਲਮਾਨਾਂ ਦੋਹਾਂ ਨੂੰ ਰੁਚਦੀ ਸੀ। ਬੰਗਾਲ ਵਿਚ ਗੌੜ ਦੇ ਸੁਲਤਾਨ ਹੁਸੈਨ ਸ਼ਾਹ ਨੇ ਦੋਹਾਂ ਧਿਰਾਂ ਲਈ ਇਕ ਸਾਂਝੇ ਰੱਬ ਦੀ ਪੂਜਾ ਸ਼ੁਰੂ ਕਰਾਈ ਜਿਸ ਦਾ ਨਾਂ 'ਸਤਿਆ ਪੀਰ' ਰਖਿਆ। ਸਾਧੂ ਪ੍ਰਾਨ ਨਾਥ ਨੇ ਵੇਦ ਤੇ ਕੁਰਾਨ ਵਿਚੋਂ ਸਾਂਝੀਆਂ ਤੁਕਾਂ ਕਢ ਕੇ ਇਕ ਨਵੀਂ ਪੁਸਤਕ ਤਿਆਰ ਕੀਤੀ ਅਤੇ ਹਿੰਦੂਆਂ ਤੇ ਮੁਸਲਮਾਨਾਂ ਲਈ ਇਕ ਸਾਂਝਾ ਮਤ ਬਣਾਇਆ, ਜਿਸ ਦੇ ਅਨੁਸਾਰੀ ਖਾਣ ਪੀਣ ਵਿਚ ਸਾਂਝ ਵਰਤਦੇ ਸਨ। ਪੰਜਾਬ ਦੇ ਦੱਖਣ-ਪੱਛਮ ਵਿਚ ਸਖੀ ਸਰਵਰ ਨੇ ਇਹੋ ਜਹੀ ਸਾਂਝੀ ਲਹਿਰ ਚਲਾਈ। ਸਰਹਦੀ ਇਲਾਕੇ ਵਿਚ ਬਿਆਜ਼ੀਦ ਨੇ 'ਰੌਸ਼ਨੀਆ' ਨਾਂ ਦਾ ਇਕ ਮਲੰਗੀ ਫਿਰਕਾ ਚਲਾਇਆ। ਅਕਬਰ ਬਾਦਸ਼ਾਹ ਨੇ ਆਪ ਇਕ ਸਾਂਝੇ ਧਰਮ ਦੀ ਨੀਂਹ ਰਖੀ, ਜਿਸ ਦਾ ਨਾਂ 'ਦੀਨ-ਇਲਾਹੀ' ਸੀ। ਇਸ ਵਿਚ ਸਾਰੇ ਧਰਮਾਂ ਵਿਚੋਂ ਚੰਗੀਆਂ ੨ ਗੱਲਾਂ ਚੁਣ ਕੇ ਸ਼ਾਮਲ ਕੀਤੀਆਂ। ਪਰ ਇਹ ਸਾਰੇ ਜਤਨ ਬਿਰਥੇ ਗਏ, ਕਿਉਂਕਿ ਧਰਮ ਕੋਈ ਹੁਨਰ ਜਾਂ ਫਿਲਸਫਾ ਨਹੀਂ ਜੋ ਚੰਗੀਆਂ ੨ ਗੱਲਾਂ ਦੇ ਇਕੱਠੀਆਂ ਕਰਨ ਤੋਂ ਬਣ ਜਾਵੇ। ਇਹ ਤਾਂ ਇਕ ਜ਼ਿੰਦਗੀ ਹੈ ਜਿਸ ਦੀ ਰੋ ਚਲਾਣ ਵਾਲੀ ਕੋਈ ਅਪਾਰ ਸ਼ਖ਼ਸੀਅਤ ਅਕਬਰ ਦੇ ਅੰਦਰ ਨਹੀਂ ਸੀ। ਇਸ ਲਈ ਉਹ ਹਿੰਦੂਆਂ ਤੇ ਮੁਸਲਮਾਨਾਂ ਦੇ ਧਾਰਮਕ ਜੀਵਨ ਪ੍ਰਵਾਹ ਨੂੰ ਇਕ ਵਾਹੇ ਵਿਚ ਨਾ ਚਲਾ ਸਕਿਆ। ਪਰ ਕੌਮੀ ਏਕਤਾ ਲਈ ਜਿਹੜੇ ਹੋਰ ਉਪਰਾਲੇ ਉਸ ਨੇ ਕੀਤੇ ਓਹ ਠੀਕ ਸਨ, ਅਤੇ ਉਹ ਜ਼ਰੂਰ ਕਾਮਯਾਬ ਹੋ ਜਾਂਦੇ ਜੇਕਰ ਉਸ ਦੇ ਪਿਛੋਂ ਆਉਣ ਵਾਲੇ ਬਾਦਸ਼ਾਹ ਉਸ ਦੇ ਕੰਮ ਨੂੰ ਅਧਵਾਟੇ ਨਾ ਵਿਚਲਾ ਦਿੰਦੇ।

ਇਸ ਕੰਮ ਦਾ ਮਨੋਰਥ ਇਹ ਸੀ ਕਿ ਦੇਸ ਵਿਚ ਪ੍ਰਚਲਤ ਭਿੰਨ ਭਿੰਨ ਸਭਿਆਚਾਰਾਂ ਨੂੰ, ਜੋ ਵਖੇਵਿਆਂ ਤੇ ਵਿਥਾਂ ਦਾ ਮੁਲ ਕਾਰਨ ਸਨ, ਇਕ ਪੈਂਤੜੇ ਤੇ ਲਿਆ ਕੇ ਮੇਲ ਦਿਤਾ ਜਾਵੇ। ਲੋਕੀਂ ਧਰਮਾਂ ਨੂੰ ਇਕੱਠਾ ਨਹੀਂ ਹੋਣ ਦਿੰਦੇ, ਪਰ ਜੇ ਉਨ੍ਹਾਂ ਦੇ ਹੁਨਰੀ ਜਜ਼ਬਿਆਂ ਤੇ ਸੁਹਜ ਨੂੰ ਸਿਧਾ ਅਪੜ ਕੇ ਪ੍ਰੇਰਿਆ ਜਾਵੇ ਤਾਂ ਓਹ ਅਗੋਂ ਇਨੇ ਤੜਿੰਗ ਨਹੀਂ ਹੁੰਦੇ। ਜੇ ਅਸੀਂ ਉਨ੍ਹਾਂ ਦੇ ਦਿਲਾਂ ਉਤੇ ਆਪਣੇ ਧਾਰਮਕ ਖ਼ਿਆਲਾਂ ਦਾ ਸਿੱਕਾ ਬਿਠਾਣ ਦਾ ਜਤਨ ਕਰੀਏ, ਤਾਂ ਓਹ ਝਟ ਕੰਨ ਖੜੇ ਕਰ ਲੈਂਦੇ ਹਨ ਅਤੇ ਇਉਂ ਦਿਲਾਂ ਦੇ ਬੂਹੇ ਮਾਰ ਕੇ ਅੰਦਰ ਵੜ ਬਹਿੰਦੇ ਹਨ ਕਿ ਚੰਗੇ ਤੋਂ ਚੰਗੇ ਕਹੇ ਦਾ ਕੋਈ ਅਸਰ ਨਹੀਂ ਹੁੰਦਾ। ਪਰ ਜਦ ਅਸੀਂ ਹੁਨਰ ਦੀਆਂ ਖੂਬਸੂਰਤੀਆਂ ਅਤੇ ਖ਼ਿਆਲ ਜਾ ਬੋਲੀ ਦੀਆਂ ਬਰੀਕੀਆਂ ਤੇ ਕੋਮਲ-ਤਾਈਆ ਦੇ ਰਾਹੀਂ ਉਨਾਂ ਪਾਸ ਅਪੜਦੇ ਹਾਂ, ਤਾਂ ਓਹ ਬੜੇ ਬੀਬੇ ਤੇ ਸੁਲੱਗ ਬਣ ਜਾਂਦੇ ਹਨ। ਹੇਵਲ ਸਾਹਬ ਆਪਣੀ ਪੁਸਤਕ 'ਹਿੰਦ ਦਾ ਇਮਾਰਤੀ ਹੁਨਰ' ਵਿਚ ਲਿਖਦਾ ਹੈ: "ਮੁਸਲਮਾਨ ਬਾਦਸ਼ਾਹਾਂ ਨੇ ਹੁਨਰਾਂ ਅਤੇ ਵਿਦਿਆ ਨੂੰ ਬਿਨਾਂ ਪਖਪਾਤ ਦੇ ਅਪਣਿਆਕੇ ਫਿਰਕੂ ਦਾ ਬੰਨਿਆਂ ਨੂੰ ਦੂਰ ਕਰਨ ਦਾ ਸਭ ਤੋਂ ਚੰਗਾ ਸਾਧਨ ਬਣਾਇਆ।" ਅਕਬਰ ਨੇ ਬਦੌਨੀ, ਫੈਜ਼ੀ, ਨਕੀਬ ਖ਼ਾਨ ਆਦਿ ਮੁਸਲਮਾਨ ਆਲਮਾਂ ਨੂੰ ਹਿੰਦੂ ਗ੍ਰੰਥ ਪੜ੍ਹਨ ਤੇ ਉਲਥਣ ਤੇ ਲਾਇਆ ਤੇ ਮੁਸਲਮਾਨਾਂ ਦੀਆਂ ਕਿਤਾਬਾਂ ਨੂੰ ਹਿੰਦੂਆਂ ਦੇ ਦ੍ਰਿਸ਼ਟੀ ਗੋਚਰੇ ਕੀਤਾ। ਨਵਾਜ਼, ਜਸੀ ਆਦਿ ਮੁਸਲਮਾਨ ਕਵੀ ਆਪਣੀ ਕਵਿਤਾ ਹਿੰਦੀ ਜਾਂ ਬ੍ਰਿਜ-ਭਾਸ਼ਾ ਵਿਚ ਲਿਖਣ ਲਗੇ, ਜਿਸ ਵਿਚ ਫ਼ਾਰਸੀ ਦੇ ਲਫ਼ਜ਼ ਢੁਕਵੇਂ ਬਧੇ ਜਾਂਦੇ ਸਨ। ਕਈ ਹਿੰਦੂ ਕਵੀ ਭੀ ਆਪਣੀ ਹਿੰਦੀ ਰਚਨਾ ਵਿਚ ਫ਼ਾਰਸੀ ਵਰਤਣ ਲਗ ਪਏ। ਸਿੱਟਾ ਇਹ ਹੋਇਆ ਕਿ ਹਿੰਦੂਆਂ ਤੇ ਮੁਲਸਮਾਨਾਂ ਦੀ ਇਕ ਸਾਂਝੀ ਬੋਲੀ ਤਿਆਰ ਹੋ ਗਈ, ਜਿਸ ਨੂੰ 'ਉਰਦੂ' ਆਖਣ ਲੱਗੇ। ਇਹ ਗੱਲ ਗਲਤ ਹੈ ਕਿ ਉਰਦੂ ਸ਼ਾਹ ਜਹਾਨ ਦੇ ਵੇਲੇ ਇਕਵਾਰਗੀ ਹੀ ਦੇਸ ਵਿਚ ਪ੍ਰਚਲਤ ਹੋ ਗਈ। ਇਹ ਤਾਂ ਹਿੰਦੂਆਂ ਤੇ ਮੁਸਲਮਾਨਾਂ ਦੀਆਂ ਬੋਲੀਆਂ ਦੇ ਰਚਣ ਮਚਣ ਤੋਂ ਸਹਿਜੇ ਸਹਿਜੇ ਬਣੀ ਤੇ ਸ਼ਾਹ ਜਹਾਨ ਦੇ ਵੇਲੇ ਇਸ ਨੇ ਵਰਤਮਾਨ ਸ਼ਕਲ ਫੜੀ। ਇਸ ਦੀ ਉਸਰਗੀ ਦੇ ਸਬੂਤ ਸਾਨੂੰ ਚਾਂਦ (੧੧੯੩), ਅਮੀਰ ਖ਼ੁਸਰੋ (੧੩੨੫), ਕਬੀਰ (੧੪੪੦-੧੫੧੮), ਗੁਰੂ ਨਾਨਕ (੧੪੬੯-੧੫ ੪੮), ਤੁਲਸੀ ਦਾਸ(੧੬੨੩), ਆਦਿ ਦੀਆਂ ਰਚਨਾਵਾਂ ਵਿਚੋਂ ਮਿਲਦੇ ਹਨ। ਇਸਨੂੰ ਬ੍ਰਿਜ-ਭਾਸ਼ਾ ਤੇ ਅਰਬੀ ਫ਼ਾਰਸੀ ਦੀਆਂ ਖ਼ਾਸ ਖ਼ਾਸ ਖ਼ੂਬੀਆਂ ਗੁੜ੍ਹਤੀ ਵਿਚ ਮਿਲੀਆਂ। ਬ੍ਰਿਜ-ਭਾਸ਼ਾ ਵਿਚ ਜ਼ੋਰ ਬਿਆਨ ਤੇ ਹੁੰਦਾ ਹੈ, ਅਤੇ ਫ਼ਾਰਸੀ ਅਰਬੀ ਦਾ ਵਿਚਾਰ ਉੱਤੇ। ਮੁਹੰਮਦ ਹੁਸੈਨ 'ਆਜ਼ਾਦ' ਆਪਣੀ ਕਿਤਾਬ 'ਆਬਿ-ਹੱਯਾਤ’ ਵਿਚ ਦਸਦੇ ਹਨ ਕਿ ਬ੍ਰਿਜ-ਭਾਸ਼ਾ ਵਿਚ ਲਿਖਾਰੀ ਦਾ ਆਸ਼ਾ ਇਹ ਹੁੰਦਾ ਹੈ ਕਿ ਪੜ੍ਹਨ ਵਾਲੇ ਨੂੰ ਕਿਸੇ ਗਲ ਦੇ ਸੋਹਣੇ ੨ ਵੇਰਵੇ ਦਸ ਕੇ ਚਕ੍ਰਿਤ ਕੀਤਾ ਜਾਵੇ, ਤੇ ਫ਼ਾਰਸੀ ਅਰਬੀ ਵਿਚ ਅਸਲ ਦੀ ਨਿਕੀ ਜਹੀ ਗਰੀ ਉਤੇ ਅਲੰਕਾਰਾਂ ਤੇ ਪ੍ਰਮਾਣਾਂ ਦਾ ਵੱਡਾ ਸਾਰਾ ਖੋਪਾ ਚਾੜ੍ਹਿਆ ਹੁੰਦਾ ਹੈ, ਜਿਸ ਵਿਚੋਂ ਕਈ ਵੇਰ ਗਰੀ ਲਭਣੀ ਹੀ ਔਖੀ ਹੋ ਜਾਂਦੀ ਹੈ। ਇਕ ਬਾਹਲਾ ਕਰਕੇ ਬਣਾਉ ਤੇ ਨਿਭਾਉ ਵਿਚ ਮੂਰਤਤਕ (sculptural) ਹੈ ਤੇ ਦੂਜੀ ਚਿਤ੍ਰਕਾਰੀ ਵਾਂਗੂ ਸੂਰਤਕ (Picturesque), ਜਿਸ ਵਿਚ ਸ਼ਿਅਰ ਤੇ ਸ਼ਿਅਰ ( ਬਿਨਾਂ ਕਿਸੇ ਕੇਂਦਰੀ ਖਿਆਲ ਦੇ ) ਇਉਂ ਜੜਿਆ ਹੁੰਦਾ ਹੈ ਜਿਵੇਂ ਪਚਰਕਾਰੀ ਵਿਚ ਵਖੋ ਵਖ ਪਚਰਾਂ। ਉਰਦੂ ਵਿਚ ਇਹ ਦੋਵੇਂ ਗੁਣ ਆ ਗਏ। ਸਮਾਂ ਪਾ ਕੇ ਇਹ ਸਾਰੇ ਹਿੰਦ ਦੀ ਸਾਂਝੀ ਬੋਲੀ ਬਣ ਜਾਂਦੀ, ਜੇਕਰ ਅਕਬਰ ਤੋਂ ਪਿਛੋਂ ਆਉਣ ਵਾਲੇ ਲੋਕ ਇਸ ਨੂੰ ਫ਼ਾਰਸੀ ਗਜ਼ਲ ਤੇ ਕਸੀਦੇ ਦੀ ਚੇਟਕ ਨਾ ਲਾ ਦਿੰਦੇ। ਫ਼ਿਰ ਭੀ ਮੁਹੰਮਦ ਮੀਰ ਤਕੀ ਦੀਆਂ ਮਸਨਵੀਆਂ ਅਤੇ ਆਜ਼ਾਦ, ਹਾਲੀ ਤੇ ਨਜ਼ੀਰ ਦੀਆਂ ਰਚਨਾਵਾਂ ਦਸ ਰਹੀਆਂ ਹਨ ਕਿ ਉਰਦੂ ਦੇ ਕੌਮੀ ਜ਼ਬਾਨ ਬਣ ਜਾਣ ਦਾ ਚੋਖਾ ਮੌਕਾ ਹੈ। ਇਹ ਮੌਕਾ ਓਦੋਂ ਬਹੁਤ ਜ਼ਿਆਦਾ ਸੀ ਜਦੋਂ ਹਿੰਦੁਸਤਾਨ ਦੀ ਸੂਬਕ ਬੋਲੀਆਂ ਇਕ ਦੂਜੇ ਦੇ ਬਹੁਤ ਨੇੜੇ ਸਨ। ਹੁਣ ਤਾਂ ਅੰਗ੍ਰੇਜ਼ੀ ਨੇ ਵਿੱਚ ਪੈ ਕੇ ਇਨ੍ਹਾਂ ਨੂੰ ਇਕ ਦੂਜੀ ਤੋਂ ਬਹੁਤ ਦੂਰ ਸਿਟ ਦਿਤਾ ਹੈ, ਕਿਉਂਕਿ ਅੰਗ੍ਰੇਜ਼ੀ ਦਾ ਮੂਲਿਕ ਸੰਬੰਧ ਕਿਸੇ ਸਥਾਨਕ ਬੋਲੀ ਨਾਲ ਨਹੀਂ। ਜੇ ਇਸ ਦੀ ਥਾਂ ਕੋਈ ਹਿੰਦ ਦੇ ਆਪਣੀ ਬੋਲੀ ਕੇਂਦਰੀ ਥਾਂ ਮਲਦੀ, ਤਾਂ ਆਸ ਪਾਸ ਦੀਆਂ ਸਥਾਨਕ ਬੋਲੀਆਂ ਨਾਲ ਮੂਲਿਕ ਸਾਂਝ ਹੋਣ ਕਰਕੇ ਸਾਰਿਆਂ ਨੂੰ ਜੋੜੀ ਰਖਦੀ। ਪਰ ਅੰਗ੍ਰੇਜ਼ੀ ਓਪਰੀ ਹੋਣ ਕਰਕੇ ਸਾਰੀਆਂ ਪ੍ਰਾਂਤਕ ਬੋਲੀਆਂ ਨੂੰ ਨਖੇੜੀ ਰਖਦੀ ਰਹੀ ਹੈ। ਇਸੇ ਲਈ ਭਾਵੇਂ ਨਾਮਦੇਵ ਦੀ ਬੋਲੀ ਅਜੇ ਭੀ ਪੰਜਾਬ ਵਿਚ ਸਮਝ ਆ ਸਕਦੀ ਹੈ। ਪਰ ਅਤਰੇ ਦੀ ਮਰਾਠੀ ਸਾਡੇ ਮੁਹਾਵਰੇ ਤੋਂ ਬਹੁਤ ਦੂਰ ਜਾ ਪਈ ਹੈ। ਇਸੇ ਤਰ੍ਹਾਂ ਕਬੀਰ ਦੀ ਹਿੰਦੀ ਪੰਜਾਬੀ ਤੋਂ ਇੱਨੀ ਦੂਰ ਨਹੀਂ, ਜਿੰਨੀ ਕਿ ਅਜ ਕਲ ਦੇ ਕਿਸੇ ਉੱਚ-ਕੋਟੀ ਦੇ ਹਿੰਦੀ ਲਿਖਾਰੀ ਦੀ। ਜ਼ਬਾਨ ਦੀ ਜੋ ਏਕਤਾ ਤਿੰਨ ਸੌ ਵਰ੍ਹੇ ਪਹਿਲਾਂ ਸੀ ਉਹ ਹੁਣ ਨਹੀਂ ਰਹੀ।

ਜ਼ਬਾਨ ਦੀ ਏਕਤਾ ਤੋਂ ਇਲਾਵਾ ਹਿੰਦੁਸਤਾਨ ਦੇ ਸਾਂਝੇ ਤੇ ਮਿਲਵੇਂ ਹੁਨਰ ਪੈਦਾ ਕਰਨ ਲਈ ਸਫਲ ਜਤਨ ਕੀਤਾ ਗਿਆ। ਬਾਬਰ ਤੇ ਹੁਮਾਯੂੰ ਆਪਣੇ ਕਲਾ-ਰਸ ਵਿਚ ਪਰਦੇਸੀ ਸਨ, ਪਰ ਅਕਬਰ ਦੇ ਦਿਲ ਵਿਚ, ਜਿਵੇਂ ਫ਼ਰਗੂਸਨ ਲਿਖਦਾ ਹੈ, ਹਿੰਦੂ ਹੁਨਰਾਂ ਲਈ ਓਨਾ ਹੀ ਪਿਆਰ ਸੀ ਜਿੱਨਾ ਕਿ ਮੁਸਲਮਾਨੀ ਹੁਨਰਾਂ, ਨਾਲ। ਉਸ ਨੇ ਨਾ ਕੇਵਲ ਇਮਾਰਤੀ ਹੁਨਰ ਵਿਚ ਬਲਕਿ ਰਾਗ ਤੇ ਚਿਤਰਕਾਰੀ ਵਿਚ ਵੀ ਦੋਹਾਂ ਤਰਜ਼ਾਂ ਦੇ ਵਧੀਆ ਗੁਣਾਂ ਨੂੰ ਮਿਲਾ ਕੇ ਇਕ ਸਾਂਝੀ ਕੌਮੀ ਤਰਜ਼ ਕੱਢੀ, ਜੋ ਸਾਰੇ ਦੇਸ ਵਿਚ ਪ੍ਰਚਲਤ ਹੋ ਗਈ ਅਤੇ ਹੁਣ ਤਕ ਚਲੀ ਆਉਂਦੀ ਹੈ। ਸ਼ਖ਼ਸੀ ਉਪਾਸਨਾ ਵਿਚ ਯਕੀਨ ਰੱਖਣ ਵਾਲੇ ਹਿੰਦੂਆਂ ਦੇ ਮੰਦਰ ਨੋਕਦਾਰ ਦੇ ਸਿਖਰ ਲੈ ਕੇ ਅਸਮਾਨ ਵੱਲ ਵਧਦੇ ਹਨ, ਪਰ ਉਹਨਾਂ ਵਿਚ ਬੈਠਣ ਲਈ ਥਾਂ ਕੇਵਲ ਇਕ ਪੁਜਾਰੀ ਲਈ ਹੁੰਦੀ ਹੈ। ਮੁਸਲਮਾਣ ਜਮਾਇਤ ਵਿਚ ਯਕੀਨ ਰੱਖਦੇ ਹਨ, ਇਸ ਲਈ ਉਹਨਾਂ ਦੀਆਂ ਮਸੀਤਾਂ ਵਿਚ ਥਾਂ ਬਹੁਤ ਖੁਲ੍ਹੀ ਹੁੰਦੀ ਹੈ। ਅਕਬਰ ਦੀ ਚਲਾਈ ਹੋਈ ਤਰਜ਼ ਅਨੁਸਾਰ ਇਮਾਰਤਾਂ ਬਹੁਤ ਉੱਚੀਆਂ ਤੇ ਖੁਲ੍ਹੀਆਂ ਬਣਨ ਲਗੀਆਂ। ਸਿਖਰ ਦੀ ਥਾਂ ਗੁੰਬਦ ਨੇ ਮੱਲ ਲਈ, ਪਰ ਗੰਬਦ ਭੀ ਛੱਤ ਤੋਂ ਸਿੱਧੀ ਨਹੀਂ ਉੱਠਦੀ ਤੇ ਨਾ ਏਡੀ ਭਰਵੀਂ ਹੁੰਦੀ ਹੈ, ਬਲਕਿ ਹੇਠਾਂ ਤੋਂ ਵੱਲ ਖਾ ਕੇ ਗੋਲ ਹੁੰਦੀ ਤੇ ਕੰਵਲ ਦੀਆਂ ਪੱਤੀਆਂ ਨਾਲ ਸਜਾਈ ਜਾਂਦੀ ਹੈ। ਹਿੰਦੂ ਕਲਾ ਤੇ ਪੰਜਰਤਨੀ ਖ਼ਿਆਲ ਮੂਜਬ ਗੁੰਬਦਾਂ ਭੀ ਇਕ ਦੀ ਥਾਂ ਪੰਜ ਹੁੰਦੀਆਂ ਹਨ। ਚੋਟੀ 'ਸਿਖਰ' ਦੀ ਸ਼ਕਲ ਦੀ ਬਣੀ ਹੁੰਦੀ ਹੈ। ਇਸ ਵਿਚ, ਹਿੰਦੂਆਂ ਦੇ ਮੂਰਤਕ ਢਾਂਚੇ ਉਤੇ ਅਰਬ ਤੇ ਈਰਾਨ ਦੀਆਂ ਸਜਵਟਾਂ ਕੀਤੀ ਹੁੰਦੀਆਂ ਹਨ, ਹਿੰਦੂਆਂ ਦੀਆਂ ਬਗ਼ਲਦਾਰ ਕਾਨਸ਼ਾਂ ਤੇ ਛਜਿਆਂ ਉਤੇ ਮੁਸਲਮਾਣੀ ਕਮਾਨਚੇ ਚੜ੍ਹਾਏ ਹੁੰਦੇ ਹਨ। ਦਰਵਾਜ਼ਾ ਹਾਥੀ ਦੇ ਮੁਹਾਂਦਰੇ ਦਾ ਅਤੇ ਪਾਉੜੀਆਂ ਉਤੇ ਹੌਦੇ ਦੀ ਸ਼ਕਲ ਦਾ ਕੱਜਣ ਬਣਿਆ ਹੁੰਦਾ ਹੈ। ਅਕਬਰ ਦੇ ਪਿਛੋਂ ਜੋ ਇਮਾਰਤਾਂ ਤਾਜ ਮਹੱਲ ਵਰਗੀਆਂ ਬਣਾਈਆਂ ਓਹ ਆਗਰੇ ਤੇ ਫਤਹਿਪੁਰ ਸੀਕਰੀ ਵਿਚ ਬਣੀਆਂ ਸਾਂਝੀ ਤਰਜ਼ ਵਾਲੀਆਂ ਇਮਾਰਤਾਂ ਦੀ ਪੈ ਵਿਚ ਹੀ ਹਨ। ਉਹਨਾਂ ਵਿਚ ਅਕਬਰੀ ਤਰਜ਼ ਨੂੰ ਬਿਲਕੁਲ ਨਹੀਂ ਭੰਨਿਆ ਗਿਆ। ਹਾਂ ਪਿਛੋਂ ਜਾ ਕੇ ਇਸ ਤਰਜ਼ ਵਿਚ ਫਰਕ ਜ਼ਰੂਰ ਪਿਆ, ਪਰ ਓਦੋਂ ਜਦੋਂ ਔਰੰਗਜ਼ੇਬ ਨੇ ਹਿੰਦੂ ਕਾਰੀਗਰਾਂ ਦਾ ਬਾਈਕਾਟ ਕਰ ਕੇ ਨਰੋਲ ਮੁਸਲਮਾਨਾਂ ਨੂੰ ਲਾਉਣਾ ਅਰੰਭ ਦਿਤਾ, ਅਤੇ ਇਸ ਤਰਾਂ ਹਿੰਦੁਸਤਾਨੀ ਹੁਨਰ ਵਿਚ ਉਹੋ ਖੱਪਾ ਫੇਰ ਆਣ ਪਿਆ ਜਿਸ ਉਤੇ ਅਕਬਰ ਨੇ ਪੁਲ-ਬੰਦੀ ਕਰਨ ਦਾ ਜਤਨ ਕੀਤਾ ਸੀ। ਇਸ ਦਾ ਸਿੱਟਾ ਇਹ ਹੋਇਆ ਕਿ ਮੁਗ਼ਲ ਦਰਬਾਰ ਦੀ ਕਲਾ-ਬੁਧਿ ਗਿਰਾਵਟ ਵਿਚ ਆ ਗਈ। ਪਰ ਜਿਹੜੀ ਚਾਲ ਇਕ ਵਾਰ ਬਝ ਤੁਰੇ, ਉਹ ਥੋੜੀ ਕੀਤਿਆਂ ਫਰ ਨਹੀਂ ਹਟਦੀ। ਇਸ ਨੂੰ ਪੰਜਾਬ ਵਿਚ ਸਿਖ ਰਾਜਿਆਂ, ਰਾਜਪੂਤਾਨੇ ਤੇ ਗੁਜਰਾਤ ਵਿਚ ਹਿੰਦੂ ਰਾਜਿਆਂ ਤੇ ਹੋਰ ਦੇਸੀ ਆਜ਼ਾਦ ਰਜਵਾੜਿਆਂ ਨੇ ਚਲਦਾ ਰਖਿਆ।

ਸੰਗੀਤ ਵਿਚ ਵੀ ਤਾਨ ਸੈਨ ਜਹੇ ਰਾਗ ਦੇ ਮਾਹਿਰਾਂ ਨੇ ਕੁਝ ਜੋੜ-ਤੋੜ ਕੀਤੇ। ਉਸ ਬਾਰੇ ਅਬੁਲ ਫ਼ਜ਼ਲ ਲਿਖਦਾ ਹੈ, ਕਿ ਉਸ ਨੇ ਆਪਣੇ ਹੁਨਰ ਵਿਚ ਕਈ ਨਵੀਆਂ ਪਲਟਾਂ ਲਿਆਂਦੀਆਂ। ਪੁਰਾਣੇ ਖ਼ਿਆਲਾਂ ਦੇ ਹਿੰਦੂ ਉਸ ਉਤੇ ਇਹ ਦੂਸ਼ਣ ਲਾਂਦੇ ਹਨ। ਕਿ ਉਸ ਨੇ ਸੰਪਰਦਾਈ ਰਾਗਾਂ ਨੂੰ ਵਿਗਾੜ ਦਿੱਤਾ ਸੀ। ਉਹਨਾਂ ਦੇ ਇਸ ਕਥਨ ਤੇ ਮਲੂਮ ਹੁੰਦਾ ਹੈ ਕਿ ਉਸ ਨੇ ਪੁਰਾਣੀਆਂ ਲੀਹਾਂ, ਨੂੰ ਛੱਡ ਕੇ ਰਾਗ ਨੂੰ ਕਿਸੇ ਐਸੇ ਰਾਹੇ ਪਾਇਆ ਜੋ ਮੁਸਲਮਾਨੀ ਰਸ ਨੂੰ ਭੀ ਸੂਤ ਬਹਿ ਸਕੇ। ਨਵੇਂ ਜ਼ਮਾਨੇ ਦੀਆਂ ਲੋੜਾਂ ਨੂੰ ਮੁੱਖ ਰਖ ਕੇ ਸਿਖ ਗੁਰੂ ਸਾਹਿਬਾਨ ਨੇ ਵੀ ਕੁਝ ਅਦਲਾ ਬਦਲੀਆਂ ਕੀਤੀਆਂ। ਉਹ ਅਜੇਹੀ ਖ਼ੁਸ਼ੀ ਦੇ ਖਿਲਾਫ਼ ਸਨ ਜੋ ਮਨੁਖ ਨੂੰ ਝੱਲਾ ਕਰ ਕੇ ਸੰਜੀਦਗੀ ਦੀਆਂ ਹੱਦਾਂ ਟਪਾ ਦੇਵੇ, ਇਸ ਲਈ ਉਹਨਾਂ ਨੇ ਮੇਘ, ਹਿੰਡੋਲ ਆਦਿ ਰਾਗਾਂ ਨੂੰ ਵਰਤਣਾ ਛੱਡ ਦਿਤਾ। ਓਹ ਐਸੇ ਵੈਰਾਗ ਦੇ ਭੀ ਖ਼ਿਲਾਫ ਸਨ ਜੋ ਮਨੁਖ ਨੂੰ ਸਾੜ ਭੁਨ ਕੇ ਕਿਸੇ ਕੰਮ ਜੋਗਾ ਹੀ ਨਾ ਛੱਡੇ, ਇਸ ਲਈ ਦੀਪਕ, ਜੋਗ ਆਦਿ ਰਾਗਾਂ ਨੂੰ ਭੀ ਤਿਲਾਂਜਲੀ ਦੇ ਦਿਤੀ। ਹਾਂ ਇਹਨਾਂ ਨੂੰ ਬਸੰਤ, ਗੌੜੀ ਆਦਿ ਸੰਜੀਦਾ ਰਾਗਾਂ ਨਾਲ ਮਿਲਾ ਕੇ ਵਰਤਨ ਵਿਚ ਕੋਈ ਹਰਜ ਨਹੀਂ ਸਮਝਿਆ। ਜੋਸ਼ ਦੁਆਣ ਲਈ ਵਾਰਾਂ ਦੀਆਂ ਨਵੀਆਂ ਨਵੀਆਂ ਧਾਰਨਾਂ ਪ੍ਰਚਲਤ ਕੀਤੀਆਂ, ਜਾਂ ਪੁਰਾਣੀਆਂ ਧਾਰਨਾਂ ਨੂੰ ਮਾਂਜ ਲਿਸ਼ਕਾ ਕੇ ਨਵੇਂ ਢੰਗ ਨਾਲ ਵਰਤਿਆ। ਆਸਾ, ਤਿਲੰਗ ਆਦਿ ਸਰਹੱਦੀ ਰਾਗਾਂ ਵਿਚ ਨਾ ਕੇਵਲ ਹੁਨਰੀ ਮੇਲ ਕੀਤਾ, ਬਲਕਿ ਉਹਨਾਂ ਵਿਚ ਗਾਏ ਜਾਣ ਵਾਲੇ ਸ਼ਬਦਾਂ ਵਿਚ ਭੀ ਰਾਗ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਹਿੰਦੀ ਦੇ ਨਾਲ ਨਾਲ ਫ਼ਾਰਸੀ ਤੇ ਅਰਬੀ ਦੇ ਲਫ਼ਜ਼ ਭੀ ਭਰ ਦਿਤੇ।

ਮਜ਼੍ਹਬਾਂ ਨੂੰ ਇਕ ਕਰਨਾ ਤਾਂ ਔਖਾ ਸੀ, ਪਰ ਇਹਨਾਂ ਮਜ਼੍ਹਬਾਂ ਪਿਛੇ ਕੰਮ ਕਰਨ ਵਾਲੇ ਸਭਿਆਚਾਰੀ ਭਾਵਾਂ ਦਾ ਮੇਲ ਕਰਨਾ ਔਖਾ ਨਹੀਂ ਸੀ। ਇਹ ਮੇਲ ਅਗੇ ਹੀ ਸੂਫ਼ੀ ਮਤ ਵਾਲੇ ਖ਼ਿਆਲਾਂ ਵਿਚ ਚੋਖਾ ਨਹੀਂ ਸੀ। ਅਕਬਰ ਇਹਨਾਂ ਸੂਫੀਆਂ ਨੂੰ ਬਹੁਤ ਚਾਹੁੰਦਾ ਸੀ। ਹੋਰ ਲੋਕ ਵੀ, ਭਾਵੇਂ ਹਿੰਦੂ ਹੋਣ ਭਾਵੇਂ ਮੁਸਲਮਾਨ, ਇਨ੍ਹਾਂ ਸੂਫੀਆਂ ਦੇ ਅਸਰ ਹੇਠਾਂ ਸਨ। ਇਸ ਅਸਰ ਨੇ ਮੁਲਕ ਵਿਚ ਖ਼ਿਆਲਾਂ ਦੀ ਇਕ ਸਾਂਝੀ ਰੌ ਪੈਦਾ ਕੀਤੀ, ਜਿਸ ਦੇ ਉਘੇ ਉਘੇ ਅੰਗ ਇਹ ਸਨ:

(੧) ਦੇਵੀ ਦੇਵਤਿਆਂ ਦੀ ਥਾਂ ਇਕ ਰੱਬ ਨੂੰ ਮੰਨਣਾ।
(੨) ਮਨੁਖਾਂ ਨੂੰ ਜਾਤ ਪਾਤ ਵਿਚ ਵੰਡਣ ਦੀ ਥਾਂ ਸਭ ਨੂੰ ਇਕੋ ਭਾਈਚਾਰਾ ਮੰਨਣਾ।
(੩) ਧਰਮ ਪਿਆਰ ਹੈ, ਨਾ ਕਿ ਗਿਆਨ ਜਾਂ ਕਰਮ।
(੪) ਬ੍ਰਾਹਮਣਾਂ, ਮੁਲਾਣਿਆਂ ਜਾਂ ਪੁਜਾਰੀਆਂ ਦੀ ਥਾਂ ਇਕ ਸਰਬ-ਸਾਂਝੇ ਗੁਰ ਜਾਂ ਪੀਰ ਦੀ ਲੋੜ।
(੫) ਸੰਸਕ੍ਰਿਤ ਦੀ ਥਾਂ ਆਪਣੀ ਲੋਕ-ਬੋਲੀ ਨੂੰ ਉਪਾਸਨਾ ਹੈ ਜਾਂ ਇਬਾਦਤ ਲਈ ਵਰਤਣਾ। ਰੱਬ ਦੀ ਏਕਤਾ ਦੇ ਵਿਚਾਰ ਵਿਚ ਭੀ ਕੁਝ ਤਬਦੀਲੀ ਆਈ। ਹੁਣ ਉਹ ਪੂਰਬੀ ਫ਼ਿਲਸਫ਼ੇ ਵਾਲਾ ਨਿਰੀ ਇਕ ਨਿਰਗੁਣ ਮਨੌਤ ਨਹੀਂ ਸੀ ਰਿਹਾ, ਅਤੇ ਨਾ ਹੀ ਰਚਨਾ ਤੋਂ ਬਾਹਰਵਾਰ ਕੋਈ ਦੂਰ ਅਰਸ਼ਾਂ ਤੇ ਬੈਠੀ ਪਰੇ-ਪਰੇਰੀ ਹਸਤੀ ਸੀ, ਜਿਸ ਦਾ ਖ਼ਿਆਲ ਮੁਸਲਮਾਨਾਂ ਨੇ ਆਪਣੇ ਨਾਲ ਲਿਆਂਦਾ ਸੀ। ਉਸ ਦੀ ਬਾਬਤ ਇਕ ਸਾਂਝਾ ਖਿਆਲ ਇਹ ਬਣਿਆ ਕਿ ਉਹ ਸਾਡੇ ਨਾਲ ਇਕ ਵਸਦੀ ਰਸਦੀ ਸ਼ਖ਼ਸੀਅਤ ਹੈ ਜੋ ਸਰਬ-ਵਿਆਪਕ ਹੋਣ ਦੇ ਬਾਵਜੂਦ ਨਿਰਲੇਪ ਤੇ ਅਗੰਮ ਹੈ।

‘ਕੋ ਕਹਤੋ ਸਭ ਬਾਹਰਿ ਬਾਹਿਰ,ਕੋ ਕਹਤੋ ਸਭ ਮਹੀਅਉ।
ਬਰਨੁ ਨ ਦੀਸੈ ਚਿਹਨੁ ਨ ਲਖੀਐ, ਸੁਹਾਗਨਿ ਸਾਤਿ ਬੁਝਹੀਅਉ।੧।
ਸਰਬ-ਨਿਵਾਸੀ ਘਟਿ ਘਟਿ ਵਾਸੀ, ਲੇਪੁ ਨਹੀਂ ਅਲਪਹੀਅਉ।
ਨਾਨਕੁ ਕਹਤ ਸੁਨਹੁ ਰੇ ਲੋਗਾ, ਸੰਤ ਰਸਨ ਕੋ ਬਸਹੀਅਉ।੨।
[ਜੈਤਸਰੀ ਮ: ੫]

ਇਹ ਵਿਚਾਰ ਹਿੰਦੁਸਤਾਨ ਦੀਆਂ ਸਭਨਾਂ ਜਾਤੀਆਂ ਵਿਚ ਪਸਰ ਗਏ, ਤੇ ਇਨ੍ਹਾਂ ਨੇ ਆਪਸ ਵਿਚ ਦੇ ਮਤ-ਭੇਦ ਤੇ ਪਖ-ਪਾਪ ਨੂੰ ਐਸਾ ਮਿਟਾਇਆ ਕਿ ਸਾਰਿਆਂ ਪਾਸਿਆਂ ਦੇ ਆਗੂ ਆਪੋ ਵਿਚ ਭਰਾਵਾਂ ਤੇ ਮਿੱਤਰਾਂ ਵਾਂਗ ਮਿਲਣ ਲਗ ਪਏ। ਸਾਡੇ ਦਿਲ ਕਿਡੇ ਖ਼ੁਸ਼ ਹੁੰਦੇ ਹਨ ਜਦ ਅਸੀਂ ਪੜ੍ਹਦੇ ਹਾਂ ਕਿ ਗੁਰੂ ਨਾਨਕ ਦੇਵ ਤੇ ਬਾਬਾ ਫ਼ਰੀਦ ਜੀ ਕਿਵੇਂ ਜਫੀ ਪਾ ਕੇ ਮਿਲਦੇ ਸਨ ਤੇ ਸਾਰੀ ਰਾਤ ਆਪਣੇ ਸਾਂਝੇ ਰਬ ਦੀਆਂ ਸਿਫ਼ਤਾਂ ਗਾਉਂਦੇ ਤੇ ਆਪ ਵਿਚ ਦੇ ਪਿਆਰ ਦੀਆਂ ਗਲਾਂ ਕਰਦੇ ਬਿਤਾਂਦੇ ਸਨ! ਖਿਆਲਾਂ ਦੀ ਸਾਂਝ ਇਤਨੀ ਵਧ ਗਈ ਸੀ ਕਿ ਜਦ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਲਗੇ ਤਾਂ ਉਨਾਂ ਨੂੰ ਆਪਣੀ ਬਾਣੀ ਦੇ ਨਾਲ ਹਿੰਦੂ ਤੇ ਮੁਸਲਮਾਨ ਫ਼ਕੀਰਾਂ ਦੀ ਬਾਣੀ ਚੜ੍ਹਾਣ ਲਗਿਆਂ ਕੋਈ ਸੰਗ ਨਾ ਜਾਪੀ।

੪.
ਇਹ ਤਰੀਕੇ ਸਨ ਜਿਹਨਾਂ ਨਾਲ ਅਗੇ ਹਿੰਦੁਸਤਾਨ ਵਿਚ ਏਕਤਾ ਆਈ ਸੀ ਅਤੇ ਹੁਣ ਵੀ ਜੇਕਰ ਅਸਾਂ ਇਕ-ਮੁਠ ਹੋਣਾ ਹੈ ਤਾਂ ਏਹੋ ਜਹੇ ਤਰੀਕੇ ਵਰਤਣੇ ਪੈਣਗੇ। ਪਰ ਅਸੀਂ ਤਾਂ ਇਨ੍ਹਾਂ ਵਿਚੋਂ ਹਰ ਇਕ ਤਰੀਕੇ ਦੇ ਉਲਟ ਜਾ ਰਹੇ ਹਾਂ। ਸਾਰੇ ਹਿੰਦੁਸਤਾਨ ਲਈ ਇਕ ਜ਼ਬਾਨ ਪ੍ਰਚਲਤ ਕਰਨ ਦੀ ਥਾਂ ਅਸੀਂ ਹਿੰਦੀ ਨੂੰ ਨਰੋਲ ਹਿੰਦੂ ਰੰਗ ਦੇ ਕੇ ਇਸ ਵਿਚ ਸੰਸਕ੍ਰਿਤ ਦੇ ਛੁਟੜ ਲਫਜ਼ ਭਰ ਰਹੇ ਹਾਂ, ਜਿਵੇਂ ਕਿ ਮੁਸਲਮਾਨਾਂ ਦਾ ਇਸ ਨਾਲ ਕੋਈ ਵਾਸਤਾ ਹੀ ਨਹੀਂ ਹੁੰਦਾ, ਅਤੇ ਉਰਦੂ ਨੂੰ ਫ਼ਾਰਸੀ ਦੀ ਅਜੇਹੀ ਪੁਠ ਚਾੜ ਰਹੇ ਹਾਂ ਕਿ ਹਿੰਦੂ ਇਸ ਦੇ ਨਾਂ ਤੋਂ ਕਤਰਾਂਦੇ ਹਨ। ਇਹਨਾਂ ਵਿਚੋਂ ਕਿਸੇ ਇਕ ਲਈ ਇਹ ਦਾਹਵਾ ਕਰਨਾ ਹੀ ਕਾਫ਼ੀ ਨਹੀਂ ਕਿ ਇਹ ਸਾਰੇ ਹਿੰਦ ਦੀ ਕੌਮੀ ਬੋਲੀ ਹੈ। ਇਸ ਦੀ ਬਣਤਰ ਤੇ ਇਸ ਦੀ ਸ਼ਬਦਾਵਲੀ ਨੂੰ ਕਿਉਂ ਢਾਲਣਾ ਚਾਹੀਦਾ ਹੈ ਕਿ ਸਾਰੇ ਹਿੰਦ-ਵਾਸੀ ਇਸ ਨੂੰ ਆਪਣੀ ਆਖ ਸਕਣ।

ਇਕ ਦੂਜੇ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਹਿੰਦੂ ਮੁਸਲਮਾਨਾਂ ਦੀ ਅਤੇ ਮੁਸਲਮਾਨ ਹਿੰਦੁਆਂ ਦੀ ਰਹਿਣੀ-ਬਹਿਣੀ ਨੂੰ ਹਮਦਰਦੀ ਨਾਲ ਜੋਖਣ-ਪਰਖਣ, ਤੇ ਜਿਹੜੀਆਂ ਗਲਾਂ ਗ੍ਰਹਿਣ ਕਰਨ ਵਾਲੀਆਂ ਹੋਣ ਉਹਨਾਂ ਨੂੰ ਪਿਆਰ ਨਾਲ ਅਪਣਿਆਉਣ। ਪਰ ਹਿੰਦੂ ਤੇ ਮੁਸਲਮਾਨ ਤਾਂ ਆਪੋ ਆਪਣੇ ਫਿਰਕੂ ਆਸ਼੍ਰਮਾਂ ਦੀਆਂ ਚਾਰ ਦਿਵਾਰੀਆਂ ਵਿਚ ਬੈਠੇ ਆਪਣੇ ਹੀ ਪਿਛੇ ਉਤੇ ਮਾਣ ਕਰਦੇ ਤੇ ਆਪਣੇ ਹੀ ਪਿਛੇ ਦੀ ਖੋਜ ਪੜਤਾਲ ਵਿਚ ਲਗੇ ਰਹਿੰਦੇ ਹਨ। ਕਿਤਨੇ ਹਿੰਦੂ ਆਸ਼੍ਰਮਾਂ ਵਿਚ ਫ਼ਾਰਸੀ, ਅਰਬੀ ਜਾਂ ਪੰਜਾਬੀ ਪੜ੍ਹਾਈ ਜਾਂਦੀ ਹੈ? ਤੇ ਕਿਤਨੇ ਮੁਸਲਿਮ, ਆਸ਼੍ਰਮਾਂ ਵਿਚ ਸੰਸਕ੍ਰਿਤ, ਹਿੰਦੀ ਜਾਂ ਪੰਜਾਬੀ ਦੇ ਪੜ੍ਹਾਣ ਦਾ ਪ੍ਰਬੰਧ ਹੈ? ਕਿਤਨੇ ਹਿੰਦੂ ਫ਼ਾਰਸੀ ਜਾਂ ਅਰਬੀ ਪੜ੍ਹਦੇ ਹਨ? ਅਤੇ ਕਿਤਨੇ ਮੁਸਲਮਾਨ ਸੰਸਕ੍ਰਿਤ, ਹਿੰਦੀ ਜਾਂ ਪੰਜਾਬੀ ਲੈਂਦੇ ਹਨ? ਇਕ ਹਿੰਦੂ ਨੂੰ ਲੰਦਨ ਦੇ ਸਾਰੇ ਬਜ਼ਾਰਾਂ ਦਾ ਪਤਾ ਹੋ ਸਕਦਾ ਹੈ। ਉਸਨੂੰ ਇਹ ਭੀ ਪਤਾ ਹੋ ਸਕਦਾ ਹੈ ਕਿ ਯੂਰਪ ਵਿਚ ਜਾਗ੍ਰਤ ਕਿਵੇਂ ਤੇ ਕਦੋਂ ਆਈ, ਓਥੇ ਦੀਆਂ ਰੋਮਾਂਟਿਕ ਤੇ ਕਲਾਸਿਕ ਲਹਿਰਾਂ ਦਾ ਕੀ ਭਿੰਨ ਭੇਤ ਹੈ। ਪਰ ਉਸ ਨੂੰ ਇਤਨਾ ਨਹੀਂ ਪਤਾ ਹੋਣਾ ਕਿ ਅਸ਼ਰ ਦੀ ਨਮਾਜ਼ ਕਿਹਨੂੰ ਕਹਿੰਦੇ ਹਨ? ਨਮਾਜ਼ ਵਿਚ ਕੀ ਪੜ੍ਹਿਆ ਜਾਂਦਾ ਹੈ? ਸੁੰਨੀਆਂ ਦਾ ਸ਼ੀਆ ਜਾਂ ਵਹਾਬੀ ਲੋਕਾਂ ਨਾਲ ਕੀ ਝਗੜਾ ਹੈ? ਥੋੜਾ ਚਿਰ ਹੋਇਆ ਇਕ ਉਘਾ ਹਿੰਦੂ ਲੀਡਰ ਸਿਖਾਂ ਨੂੰ ਇਕੋ ਬਾਟੇ ਵਿਚੋਂ ਅੰਮ੍ਰਿਤ ਛਕਦਿਆਂ ਦੇਖ ਕੇ ਹਰਾਨ ਹੋ ਰਿਹਾ ਸੀ। ਕਈ ਵੇਰ ਚੰਗੇ ਨੇਕ-ਦਿਲ ਹਿੰਦੂ ਸਜਨ ਸਿਖਾਂ ਨੂੰ ਸਿਗਰਟ ਪੇਸ਼ ਕਰਦੇ ਦੇਖੇ ਜਾਂਦੇ ਹਨ। ਕਿਤਨੇ ਕੁ ਮੁਸਲਮਾਨ ਭਰਾ ਕੁਸ਼ਨ ਮਹਾਰਾਜ ਜਾਂ ਸੀ ਰਾਮ ਚੰਦਰ ਦੀ ਕਹਾਣੀ ਚੰਗੀ ਤਰ੍ਹਾਂ ਜਾਣਦੇ ਹਨ? ਕਿਤਨੇ ਕੁ ਹਿੰਦੂ ਸਜਣ ਹੋਣਗੇ ਜਿਨ੍ਹਾਂ ਨੂੰ ਹਸਨ ਹੁਸੈਨ ਦੀ ਸ਼ਹੀਦੀ ਦੀ ਸਾਰੀ ਵਾਰਤਾ ਆਉਂਦੀ ਹੈ? ਇਕ ਦੂਜੇ ਬਾਬਤ ਇਤਨੇ ਕੋਰੋ ਤੇ ਬੇਖ਼ਬਰੋ ਰਹਿੰਦਿਆਂ ਹੋਇਆਂ ਜੋ ਪਿੱਪਲ ਦੀ ਟਾਹਣੀ ਟੁਟ ਜਾਣ ਤੇ ਹਜ਼ਾਰਾਂ ਜਾਨਾਂ ਦਾ ਨੁਕਸਾਨ ਹੋ ਜਾਏ ਤਾਂ ਕੀ ਹਰਾਨੀ ਹੈ?

ਫਿਰ ਦੇਖੋ ਅਸੀਂ ਹੁਨਰ ਦੇ ਮਾਮਲੇ ਵਿਚ ਕਿਤਨੇ ਪਿਛਾਂਹ-ਖਿਚੂ ਹੋ ਗਏ ਹਾਂ! ਸਾਹਿਤ ਵਾਂਗੂੰ ਹੁਨਰ ਨੂੰ ਭੀ ਮੁੜ ਸੁਰਜੀਤ ਕਰਨ ਦੇ ਉਪਰਾਲੇ ਹੋ ਰਹੇ ਹਨ, ਪਰ ਇਹ ਹੁਨਰ ਉਹ ਨਹੀਂ ਜੇ ਸਾਡੇ ਵਡਿਆਂ ਨੇ ਰਲਾ ਮਿਲਾ ਕੇ ਇਕ ਕੀਤਾ ਸੀ, ਬਲਕਿ ਉਹ ਹੈ ਜੋ ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਸਮਰਕੰਦ ਜਾਂ ਬਗ਼ਦਾਦ ਵਿਚ ਪ੍ਰਚਲਤ ਸੀ ਜਾਂ ਮਥਰਾ ਬਿੰਦਰਾਬਨ ਦੇ ਮੰਦਰਾਂ ਵਿਚ ਵਰਤਿਆ ਜਾਂਦਾ ਸੀ। ਹਿੰਦੂ ਆਪਣੇ ਕਾਲਜ, ਆਸ਼੍ਰਮ ਤੇ ਹੋਰ ਪਬਲਕ ਇਮਾਰਤਾਂ ਨਰੋਲ ਹਿੰਦੂ ਸ਼ਕਲ ਦੀਆਂ ਬਣਾ ਰਹੇ ਹਨ, ਜਿਨ੍ਹਾਂ ਵਿਚ ਪੁਰਾਣੇ ਸ਼ਿਵਾਲ ਦੇ ਸਿਖਰੀ ਢੰਗ ਨਾਲ ਨਾਲ ਸਸਤੇ ਬਾਰਕਮਾਸਤਰੀ ਢੰਗ ਦੀਆਂ ਨੀਵੀਆਂ ਡਾਟਾਂ ਦਾ ਰਲਾ ਤਾਂ ਪਿਆ ਹੋਵੇਗਾ; ਪਰ ਕਮਾਨੀਦਾਰ ਡਾਟਾਂ ਤੇ ਗੁੰਬਦਾਂ ਦਾ ਨਾਂ ਨਿਸ਼ਾਨ ਨਹੀਂ ਹੋਵੇਗਾ। ਕਿਉਂਕਿ ਇਹ ਚੀਜ਼ਾਂ ਮੁਸਲਮਾਨੀ ਸਭਿਤਾ ਨੂੰ ਯਾਦ ਕਰ ਉਂਦੀਆਂ ਹਨ। ਇਸੇ ਤਰ੍ਹਾਂ ਮੁਸਲਮਾਨ ਆਪਣੀਆਂ ਇਮਾਰਤਾਂ ਪੁਰਾਣੀ ਮੁਸਲਮਾਨੀ ਉਸਾਰੀਗੀਰੀ ਦੇ ਢੰਗ ਨਾਲ ਬਣਾ ਰਹੇ ਹਨ। ਇਹੋ ਮਨ-ਬਰਤੀ ਮੁੱਸਵਰੀ ਵਿਚ ਕੰਮ ਕਰ ਰਹੀ ਹੈ। ਬੰਗਾਲ ਦੇ ਚਿਤਰਕਾਰ, ਪੁਰਾਣੀ ਸਮਾਧਿਬਿਰਤੀ ਅਨੁਸਾਰ ਜੋ ਨਰੋਲ ਹਿੰਦੂ ਬਿਰਤੀ ਹੈ, ਆਪਣੀਆ ਤਸਵੀਰਾਂ ਵਿਚ ਪਲਾਤਾ ਪਲਾਤਾ ਰੰਗ ਭਰਦੇ ਹਨ ਅਤੇ ਆਪਣੇ ਭਾਵ ਨੂੰ ਪੂਰੀ ਤਰਾਂ ਸਤ੍ਹਾ ਤੇ ਨਹੀਂ ਲਿਆਉਂਦੇ। ਇਹ ਤਰਜ਼ ਨਰੋਲ ਹਿੰਦੂ ਹੋ ਸਕਦੀ ਹੈ, ਪਰ ਇਹ ਸਾਡੇ ਵਰਤਮਾਨ ਹਿੰਦ ਦੀ ਤਰਜ਼ ਨਹੀਂ ਅਖ਼ਵਾ ਸਕਦੀ, ਕਿਉਂਕਿ ਇਸ ਵਿਚ ਉਸ ਤਬਦੀਲੀ ਦਾ ਨਾਂ ਨਿਸ਼ਾਨ ਨਹੀਂ ਜੋ ਸਾਡੀ ਰੂਹ ਵਿਚ ਬਲਕਾਰ ਮੁਸਲਮਾਣੀ ਅਸਰ ਨੇ ਲਿਆਂਦੀ। ਦੂਜੇ ਪਾਸੇ ਚੁਗ਼ਤਾਈ ਵਰਗੇ ਮੁਸਲਮਾਨ ਮੁਸੱਵਰ, ਹਿੰਦੂਆਂ ਵਰਗੀ ਡੂੰਘਿਆਈ ਨਾ ਰਖਦੇ ਹੋਏ ਸਾਰਾ ਭਾਵ ਸਤ੍ਹਾ ਉਤੇ ਹੀ ਡੋਲ੍ਹ ਦਿਦੇ ਹਨ। ਐਸ ਵੇਲੇ ਸਰਦਾਰ ਠਾਕਰ ਸਿੰਘ ਵਰਗੇ ਟਾਵੇਂ ੨ ਸਿਖ ਮੁਸੱਵਰ ਦੋਹਾਂ ਤਰਜ਼ਾਂ ਦੇ ਵਿਚਕਾਰ ਇਕ ਵਾਸਤਵਿਕ ਸ਼ੈਲੀ ਚਲਾ ਰਹੇ ਹਨ। ਬਾਕੀ ਦੇ ਮੁਸੱਵਰ ਜਾਂ ਤਾਂ ਨਵੇਂ ਨਵੇਂ ਯੂਰਪੀ ਢੰਗ ਵਰਤ ਰਹੇ ਹਨ (ਜਿਵੇਂ ਰੂਪ ਕ੍ਰਿਸਨਾ) ਜਾਂ ਉਹ ਪੁਰਾਣੀਆਂ ਲੀਹਾਂ ਉਘਾੜੇ ਰਹੇ ਹਨ। ਫ਼ਲਸਫ਼ੇ ਵਿਚ ਵੀ ਓਹੀ ਵਖੇਵਾਂ ਦਿਸ ਰਿਹਾ ਹੈ। ਮੁਸਲਮਾਨ ਆਪਣੇ ਬਾਹਰੋਂ ਲਿਆਂਦੇ ਖਿਆਲਾਂ ਉਤੇ ਜ਼ੋਰ ਦੇ ਰਹੇ ਹਨ, ਅਤੇ ਹਿੰਦੂ ਜਦ ਹਿੰਦੁਸਤਾਨ ਦੇ ਫਿਲਸਫੇ ਦਾ ਜ਼ਿਕਰ ਕਰਦੇ ਹਨ ਤਾਂ ਉਹਨਾਂ ਦਾ ਭਾਵ ਉਪਨਿਸ਼ਦਾਂ ਜਾਂ ਛੇ ਸ਼ਾਸਤਰਾਂ ਤੋਂ ਹੁੰਦਾ ਹੈ। ਆਪਣਾ ਸਾਰਾ ਤਾਣ ਇਸੇ ਪੁਰਾਣੇ ਗਿਆਨ ਨੂੰ ਮੁੜ ਸੁਰਜੀਤ ਕਰਨ ਤੇ ਲਾ ਦਿੰਦੇ ਹਨ। ਓਹ ਇਹ ਨਹੀਂ ਸੋਚਦੇ ਕ ਵਿਚਕਾਰਲੇ ਜ਼ਮ ਨੇ ਦੇ ਭਗਤਾਂ ਤੇ ਫ਼ਕੀਰਾਂ ਨੇ ਇਸ ਗਿਆਨ ਦੇ ਨਾਲ ਮੁਸਲਮਾਨੀ ਖ਼ਿਆਲ ਰਲਾ ਕੇ ਇਕ ਨਵੀਂ ਸੰਧੀ ਕਾਇਮ ਕੀਤੀ ਸੀ ਅਤੇ ਹਿੰਦੁਸਤਾਨ ਲਈ ਇਕ ਨਵਾਂ ਤੇ ਸਾਂਝਾ ਫਲਸਫ਼ਾ ਤਿਆਰ ਕੀਤਾ ਸੀ, ਜਿਸ ਨੂੰ ਛਡ ਕੇ ਫਿਰ ਪੁਰਾਣੀਆਂ ਲੀਹਾਂ ਉਤੇ ਚਲਣਾ ਆਪਣੇ ਵਡੇ ਵਡੇਰਿਆਂ ਦੀ ਸਦੀਆਂ ਦੀ ਕੀਤੀ ਕਮਾਈ ਨੂੰ ਰੋੜ੍ਹਨਾ ਹੈ।

ਪਰ ਹੋ ਕੀ ਰਿਹਾ ਹੈ? ਹਰ ਇਕ ਧਿਰ ਆਪਣਾ ਵਖਰਾ ਵਾਯੂ-ਮੰਡਲ ਕਾਇਮ ਰਖਣਾ ਚਾਹੁੰਦੀ ਹੈ, ਅਤੇ ਕੋਈ ਐਸੀ ਮਿਲੌਣੀ ਵਾਲੀ ਗਲ ਨਹੀਂ ਕਰਨਾ ਚਾਹੁੰਦੀ ਜਿਸ ਤੋਂ ਦੂਜੀ ਧਿਰ ਦਾ ਚੇਤਾ ਆ ਜਾਏ। ਦੋਵੇਂ ਲੋਕ ਆਪਣੀ ਸਾਰੀ ਵਾਹ, ਵਿਦਿਆ, ਹੁਨਰ ਤੇ ਧਰਮ ਰਾਹੀਂ, ਆਪੋ ਆਪਣੇ ਖ਼ਿਆਲਾਂ ਤੇ ਜਜ਼ਬਿਆਂ ਨੂੰ ਅਡ ਅਡ ਰੱਖਣ ਵਿਚ ਲਾ ਦਿੰਦੇ ਹਨ, ਤੇ ਫਿਰ ਗਿਲਾ ਕਰਦੇ ਹਨ ਕਿ ਅਸੀਂ ਹਮਦਰਦੀ ਤੇ ਵਿਚਾਰ ਵਿਚ ਇਕ ਦੂਜੇ ਤੋਂ ਲਾਂਭੇ ਜਾ ਰਹੇ ਹਾਂ! ਦੋਵੇਂ ਧਿਰਾਂ ਇਕ ਅਜੇਹੇ ਵਿਆਹੇ ਹੋਏ ਜੋੜੇ ਵਾਂਗੂੰ ਹਨ ਜੋ ਆਪਣਾ ਪਿਛਾ ਫੋਲ ਫੋਲ ਕੇ ਇਕ ਦੂਜੇ ਨੂੰ ਚਿੜਾਂਦੇ ਰਹਿੰਦੇ ਹਨ: ਇਕ ਕਹਿੰਦਾ ਹੈ ਕਿ ਤੈਨੂੰ ਸਹੇੜਨ ਤੋਂ ਪਹਿਲਾਂ ਮੈਂ ਕੇਡਾ ਖ਼ੁਸ਼ ਸਾਂ! ਤੇ ਦੂਜੀ ਕਹਿੰਦੀ ਹੈ, ਤੇਰੇ ਪਲੇ ਪੈਣ ਤੋਂ ਪਹਿਲਾਂ ਜਦ ਮੈਂ ਪੇਕੇ ਵਸਦੀ ਸਾਂ ਤਾਂ ਬਾਪੂ ਜੀ ਇਹ ਚੀਜ਼ਾਂ ਲਿਆ ਦੇਂਦੇ ਸਨ, ਔਹ ਚੀਜ਼ਾਂ ਲਿਆ ਜਾਂਦੇ ਸਨ! ਇਹ ਨਹੀਂ ਸਮਝਦੇ ਕਿ ਹੁਣ ਓਹ ਵਿਆਹੇ ਹੋਏ ਹਨ। ਨਾ ਉਹ ਇਸ ਨੂੰ ਛੱਡ ਕੇ ਨਵੇਕਲੇ ਗੁਲ-ਛਰ੍ਹੇ ਉਡਾ ਸਕਦਾ ਹੈ, ਤੇ ਨਾ ਇਹ ਮੁੜ ਕੰਵਾਰੀ ਬਣ ਕੇ ਪੇਕੇ ਜਾ ਸਕਦੀ ਹੈ। ਹੁਣ ਤਾਂ ਇਕਠੇ ਰਹਿਣ ਦੀਆਂ ਹੀ ਜਾਚਾਂ ਸਿਖਣੀਆਂ ਪੈਣਗੀਆਂ।

  • ਮੁੱਖ ਪੰਨਾ : ਪ੍ਰਿੰਸੀਪਲ ਤੇਜਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ