Sacha Te Khara Manto : Ahmad Nadeem Qasmi

ਸੱਚਾ ਤੇ ਖਰਾ ਮੰਟੋ : ਅਹਿਮਦ ਨਦੀਮ ਕਾਸਮੀ

ਮੇਰੇ ਅਤੇ ਮਰਹੂਮ ਮੰਟੋ ਦੇ ਆਪਸੀ ਰਿਸ਼ਤਿਆਂ ਦੀ ਗਾਥਾ ਅਠਾਰਾਂ ਵਰ੍ਹਿਆਂ ਤਕ ਫੈਲੀ ਹੋਈ ਹੈ। ਇਸ ਦਰਮਿਆਨ ਜੇਕਰ ਮੰਟੋ ਨੇ ਮੈਨੂੰ ਇੱਕ ਸਤਰ ਦਾ ਖ਼ਤ ਵੀ ਲਿਖਿਆ ਤਾਂ ਮੈਂ ਉਸ ਨੂੰ ਵੀ ਕੀਮਤੀ ਵਸਤ ਵਾਂਗ ਸੰਭਾਲ ਕੇ ਰੱਖ ਲਿਆ। ਇਸ ਦਾ ਕਾਰਨ ਸਪੱਸ਼ਟ ਹੈ ਕਿ ਮੈਨੂੰ ਜਿੱਥੇ ਮੰਟੋ ਦੀ ਸ਼ਖ਼ਸੀਅਤ ਨਾਲ ਪਿਆਰ ਸੀ, ਉੱਥੇ ਉਹਦੀ ਕਲਾ ਪ੍ਰਤੀ ਵੀ ਮੇਰੇ ਮਨ ਵਿੱਚ ਸ਼ਰਧਾ ਸੀ। ਇੱਕ ਅਦੀਬ ਦੇ ਖ਼ਤਾਂ ਵਿੱਚ ਉਸ ਦੀ ਸ਼ਖ਼ਸੀਅਤ ਅਤੇ ਕਲਾ ਦੀਆਂ ਝਲਕਾਂ ਇਸ ਪ੍ਰਕਾਰ ਘੁਲੀਆਂ-ਮਿਲੀਆਂ ਹੁੰਦੀਆਂ ਹਨ ਕਿ ਇੱਕ ਨੂੰ ਦੂਜੀ ਤੋਂ ਵੱਖ ਨਹੀਂ ਕੀਤਾ ਜਾ ਸਕਦਾ।
ਮੈਨੂੰ ਮੁਜਤਬਾ ਨਸੀਰ ਅਨਵਰ ਨੇ ਦੱਸਿਆ ਕਿ ਜਿਨ੍ਹਾਂ ਦਿਨਾਂ ਵਿੱਚ ਮੈਂ ਰਸਾਲਾ ‘ਸੰਗੇ ਮੀਲ’ ਵਿੱਚ ਮੰਟੋ ਦੇ ਨਾਂ ਇੱਕ ਖੁੱਲ੍ਹੀ ਚਿੱਠੀ ਲਿਖੀ ਤਾਂ ਮੰਟੋ ਨੇ ਉਸ ਚਿੱਠੀ ਨੂੰ ਪੜ੍ਹੇ ਬਿਨਾਂ ਹੀ ਇੱਕ ਦਿਨ ਮੇਰੇ ਸਾਰੇ ਖ਼ਤਾਂ ਦਾ ਬੰਡਲ ਕੱਢਿਆ, ਜਿਹੜੇ ਮੈਂ ਉਸ ਨੂੰ ਪਿਛਲੇ ਦਸਾਂ ਵਰ੍ਹਿਆਂ ਵਿੱਚ ਲਿਖੇ ਸਨ, ਤੇ ਉਨ੍ਹਾਂ ਨੂੰ ਇੱਕ-ਇੱਕ ਕਰਕੇ ਅਗਨ ਭੇਂਟ ਕਰ ਦਿੱਤਾ।
ਅਖ਼ਤਰ ਸ਼ਿਰਾਨੀ ਰਾਹੀਂ ਸੰਨ 1937 ਵਿੱਚ ਸਾਡੀ ਮੁਲਾਕਾਤ ਹੋਈ ਸੀ ਤੇ ਚਾਰ ਵਰ੍ਹਿਆਂ ਦੀ ਖ਼ਤੋ-ਖਿਤਾਬਤ ਦੁਆਰਾ ਮੇਰਾ ਉਸ ਨਾਲ ਬਣਿਆ ਰਿਸ਼ਤਾ ਇੰਜ ਤੜੱਕ ਕਰ ਕੇ ਟੁੱਟ ਜਾਏਗਾ, ਇਹ ਗੱਲ ਮੇਰੀ ਸਮਝ ਤੋਂ ਬਾਹਰੀ ਸੀ। ਇਹ ਗੱਲ ਵੀ ਮੇਰੀ ਸਮਝ ਵਿੱਚ ਨਹੀਂ ਸੀ ਆਉਂਦੀ ਕਿ ਮੰਟੋ ਇੰਜ ਕਿਉਂ ਸੋਚਦਾ ਹੈ? ਸ਼ਾਇਦ ਮੇਰੇ ਖ਼ਤਾਂ ਤੋਂ ਉਸ ਨੇ ਜ਼ਿੰਦਗੀ ਅਤੇ ਸ਼ਿਸ਼ਟਾਚਾਰ ਬਾਰੇ ਮੇਰੇ ਦ੍ਰਿਸ਼ਟੀਕੋਣ ਦਾ ਅੰਦਾਜ਼ਾ ਲਾ ਲਿਆ ਹੋਵੇ ਤੇ ਉਸ ਨੂੰ ਲੱਗਿਆ ਹੋਵੇ ਕਿ ਅਸੀਂ ਦੋਵੇਂ ਇੱਕ ਰਾਹ ‘ਤੇ ਤਾਂ ਕੀ ਸਗੋਂ ਬਰਾਬਰ ਦੇ ਰਾਹਾਂ ‘ਤੇ ਵੀ ਨਹੀਂ ਚੱਲ ਸਕਦੇ। ਇਹੀ ਕਾਰਨ ਹੈ ਕਿ ਜਦੋਂ ਸੰਨ 1950 ਵਿੱਚ ਮੰਟੋ ਬੰਬਈ ਤੋਂ ਦਿੱਲੀ ਆਇਆ ਤਾਂ ਉਸ ਨੇ ਮੈਨੂੰ ਮੁਲਤਾਨ ਤੋਂ ਦਿੱਲੀ ਬੁਲਾਇਆ ਤਦੋਂ ਮੈਨੂੰ ਉਹਦੇ ਉਹ ਸਾਰੇ ਖ਼ਤ ਯਾਦ ਆ ਗਏ, ਜਿਨ੍ਹਾਂ ਵਿੱਚ ਉਸ ਨੇ ਸਾਡੀ ਮੁਲਾਕਾਤ ਦੀ ਖ਼ਤਰਨਾਕੀ ਬਾਰੇ ਸ਼ੱਕ ਜ਼ਾਹਿਰ ਕੀਤਾ ਸੀ। ਮੈਂ ਦਿੱਲੀ ਦੇ ਰੇਲਵੇ ਸਟੇਸ਼ਨ ‘ਤੇ ਉਤਰਿਆ ਤੇ ਟਾਂਗੇ ਵਾਲੇ ਨੂੰ ਪਤਾ ਦੱਸਿਆ ਕਿ ਮੈਂ ਕਿੱਥੇ ਜਾਣਾ ਹੈ ਤਾਂ ਉਹ ਮੁਸਕਰਾਉਣ ਲੱਗ ਪਿਆ। ਮੈਂ ਸਮਝਿਆ ਕਿ ਇਹ ਸ਼ਾਇਦ ਮੇਰੀ ਵੱਡੀ ਸਾਰੀ ਘੇਰੇਦਾਰ ਸਲਵਾਰ ਅਤੇ ਮੇਰੇ ਇਸ ‘ਤੇ ਪਾਏ ਕੋਟ ਨੂੰ ਦੇਖ ਕੇ ਮੁਸਕਰਾ ਰਿਹਾ ਹੈ, ਜਿਸ ਨੂੰ ਅਸਲ ਵਿੱਚ ਪੈਂਟ ‘ਤੇ ਪਾਉਣ ਲਈ ਬਣਾਇਆ ਜਾਂਦਾ ਹੈ ਪਰ ਮੈਂ ਇਸ ਨੂੰ ਸਲਵਾਰ ‘ਤੇ ਲਕਟਾਈ ਫਿਰਦਾ ਹਾਂ। ਉਨ੍ਹਾਂ ਦਿਨਾਂ ਵਿੱਚ ਮੇਰੀ ਸਿਹਤ ਭਲਵਾਨਾਂ ਵਰਗੀ ਸੀ ਅਤੇ ਕੋਚਵਾਨ ਮਾੜਕੂ ਕਿਸਮ ਦਾ ਬੰਦਾ ਸੀ। ਇਸੇ ਲਈ ਮੈਂ ਸੋਚਿਆ ਹੋ ਸਕਦਾ ਹੈ ਮੇਰੇ ਇਸ ਭਲਵਾਨੀ ਸਰੀਰ ਕਰ ਕੇ ਹੀ ਉਹਦੇ ਫੇਫੜਿਆਂ ‘ਚ ਕੰਬਣੀ ਆਈ ਹੋਵੇ ਪਰ ਕੋਚਵਾਨ ਦੀ ਉਸ ਮੀਸਣੀ ਮੁਸਕਰਾਹਟ ਦਾ ਰਾਜ਼ ਉਸ ਸਮੇਂ ਖੁੱਲਿ੍ਹਆ ਜਦੋਂ ਮੈਂ ਆਪਣੇ ਟਿਕਾਣੇ ਪਹੁੰਚਿਆ।
ਮੈਂ ਪਹਿਲੀ ਵਾਰ ਦਿੱਲੀ ਆਇਆ ਸਾਂ। ਇਸ ਲਈ ਕੋਚਵਾਨ ਦੇ ਰਹਿਮੋ-ਕਰਮ ‘ਤੇ ਸਾਂ। ਪਹਿਲਾਂ ਤਾਂ ਮੈਨੂੰ ਇੰਜ ਜਾਪਿਆ ਜਿਵੇਂ ਕੋਚਵਾਨ ਕੋਈ ਮੁੰਡਾ ਹੋਵੇ ਤੇ ਮੇਰੇ ਅਜਨਬੀ ਹੋਣ ਦਾ ਫਾਇਦਾ ਉਠਾ ਕੇ ਮੈਨੂੰ ਇਸ ਬਾਜ਼ਾਰ ਵਿੱਚ ਲੈ ਆਇਆ ਹੋਵੇ, ਜਿੱਥੇ ਹਰ ਪਾਸੇ ਹਾਰਮੋਨੀਅਮ ਵੱਜ ਰਹੇ ਸਨ, ਖਿੱਲਰੀਆਂ ਜ਼ੁਲਫ਼ਾਂ ਅਤੇ ਲਿਪਸਟਿਕ ਨਾਲ ਪੁਤੇ ਹੋਠਾਂ ਦੀ ਛਾਂ ਪਸਰੀ ਹੋਈ ਸੀ। ਔਰਤਾਂ ਬਾਰੀਆਂ ਅਤੇ ਵਿਹੜਿਆਂ ‘ਚ ਇੰਜ ਬੈਠੀਆਂ ਸਨ ਜਿਵੇਂ ਕੋਈ ਨੰਬਰਦਾਰ ਆਪਣੇ ਵਿਹੜੇ ਵਿੱਚ ਬੈਠਾ ਹੋਵੇ ਜਾਂ ਫਿਰ ਕਬੱਡੀ ਦੇ ਖਿਡਾਰੀ ਆਪਣੇ ਦੋਸਤਾਂ ਦੇ ਮੋਢਿਆਂ ‘ਤੇ ਹੱਥ ਰੱਖ ਕੇ ਬੈਠੇ ਹੋਣ। ਇਧਰ-ਓਧਰ ਖੁੱਲ੍ਹੇ ਮੂੰਹਾਂ ਵਿੱਚੋਂ ਥੱਕੇ ਹਾਰੇ ਕਹਿਕਹੇ ਗੰੂਜ ਰਹੇ ਸਨ। ਕੋਚਵਾਨ ਕਹਿ ਰਿਹਾ ਸੀ ਕਿਉਂ ਮੀਆਂ, ਪਹਿਲੀ ਵਾਰ ਦਿੱਲੀ ਆਏ ਹੋ? ਉਹਦੇ ਕਹਿਣ ‘ਤੇ ਮੈਂ ਫਿਰ ਪਤਾ ਪੜ੍ਹਿਆ ਤੇ ਹੈਰਾਨ ਰਹਿ ਗਿਆ ਕਿ ਪੰਡਤ ਕਿਰਪਾ ਰਾਮ ਨੂੰ ਰਸਾਲਾ ‘ਮੂਵੀਜ਼’ ਦਾ ਦਫ਼ਤਰ ਖੋਲ੍ਹਣ ਲਈ ਸਾਰੀ ਦਿੱਲੀ ਵਿੱਚ ਚਾਵੜੀ ਬਾਜ਼ਾਰ ਨਾਲੋਂ ਚੰਗੀ ਹੋਰ ਕੋਈ ਥਾਂ ਨਹੀਂ ਲੱਭੀ। ਹੁਣ ਲੋਕਾਂ ਕੋਲੋਂ ਦਫ਼ਤਰ ਦਾ ਅਤਾ-ਪਤਾ ਪੁੱਛਣ ਵਿੱਚ ਝਿਜਕ ਮਹਿਸੂਸ ਹੋ ਰਹੀ ਸੀ। ਮੈਂ ਸੋਚ ਰਿਹਾ ਸਾਂ ਕਿ ਜੇ ਕਿਸੇ ਨੇ ਇਹ ਕਹਿ ਦਿੱਤਾ ਕਿ ਮੀਆਂ ਏਥੇ ਰਸਾਲਿਆਂ ਦਾ ਦਫ਼ਤਰ ਕਿੱਥੇ? ਏਥੇ ਤਾਂ ਦੂਜੇ ਦਫ਼ਤਰ ਖੁੱਲ੍ਹੇ ਪਏ ਨੇ ਤਾਂ ਮੈਂ ਸਿਵਾਏ ਝਿਜਕ ਜਾਣ ਦੇ ਹੋਰ ਕਰ ਵੀ ਕੀ ਸਕਾਂਗਾ। ਫਿਰ ਮੈਂ ਸੋਚਿਆ ਕਿ ਖਾਰੀ ਬਾਉਲੀ ਵਿੱਚ ਰਸਾਲਾ ‘ਸਾਕੀ’ ਦੇ ਦਫ਼ਤਰ ਚੱਲਦੇ ਹਾਂ ਪਰ ਅਚਾਨਕ ‘ਮੂਵੀਜ਼’ ਦਾ ਬੋਰਡ ਨਜ਼ਰ ਆ ਗਿਆ ਅਤੇ ਮੈਂ ਟਾਂਗੇ ਤੋਂ ਉਤਰ ਕੇ ਅੰਦਰ ਚਲਾ ਗਿਆ।
ਮੈਂ ਮੰਟੋ ਨੂੰ ਪਛਾਣ ਲਿਆ। ਉਹ ਰੇਲਵੇ ਟਾਈਮ ਟੇਬਲ ਦੀ ਕਿਤਾਬ ਵਿੱਚੋਂ ਉਸ ਗੱਡੀ ਦੇ ਆਉਣ ਦਾ ਸਮਾਂ ਦੇਖ ਰਿਹਾ ਸੀ, ਜਿਸ ਵਿੱਚੋਂ ਉਤਰ ਕੇ ਮੈਂ ਚਾਵੜੀ ਬਾਜ਼ਾਰ ਪਹੁੰਚਿਆ ਸਾਂ। ਮੰਟੋ ਨਾਲ ਇਹ ਮੇਰੀ ਪਹਿਲੀ ਮੁਲਾਕਾਤ ਸੀ। ਉਸ ਦੀ ਸਿਹਤ ਆਮ ਜਿਹੀ ਹੀ ਸੀ ਪਰ ਅੱਖਾਂ ਵਿੱਚ ਚਮਕ ਅਤੇ ਰੰਗਤ ਵਿੱਚ ਸੁਨਿਹਰਾਪਨ ਸੀ। ਸ਼ਾਮ ਨੂੰ ਅਸੀਂ ਦਿੱਲੀ ਦੇ ਇੱਕ ਅਲਟਰਾ ਮਾਡਰਨ ਸਿਨੇਮਾ ਹਾਲ ਦੀ ਚੌਥੀ ਮੰਜ਼ਿਲ ‘ਤੇ ਲਿਫ਼ਟ ਰਾਹੀਂ ਜਾ ਉਤਰੇ, ਜਿੱਥੇ ਇੱਕ ਮਰਾਠੀ ਲੇਖਕ ਖਾਂਡੇਕਰ ਦੀ ਫਿਲਮੀ ਕਹਾਣੀ ‘ਧਰਮ ਪਤਨੀ’ ਲਈ ਡਾਇਲਾਗ ਅਤੇ ਗੀਤ ਮੈਂ ਲਿਖਣੇ ਸਨ ਤੇ ਮੰਟੋ ਨੇ ਉਨ੍ਹਾਂ ਡਾਇਲਾਗ ਅਤੇ ਗੀਤਾਂ ਨੂੰ ਟਾਈਪ ਕਰਨ ਦਾ ਕੰਮ ਸੰਭਾਲ ਲਿਆ। ਅਸੀਂ ਸਾਰਾ ਦਿਨ ਇਨ੍ਹਾਂ ਸਿਰਜਨਾਤਮਕ ਅਤੇ ਤਕਨੀਕੀ ਕੰਮਾਂ ਵਿੱਚ ਉਲਝੇ ਰਹਿੰਦੇ ਅਤੇ ਸ਼ਾਮ ਨੂੰ ਬਾਜ਼ਾਰ ਘੁੰਮਣ-ਫਿਰਨ ਚਲੇ ਜਾਂਦੇ। ਮੰਟੋ ਸ਼ਰਾਬ ਪੀਂਦਾ ਅਤੇ ਮੈਂ ਪਟੈਟੋ ਚਿਪਸ ਖਾਂਦਾ। ਦੋ-ਤਿੰਨ ਦਿਨਾਂ ਬਾਅਦ ਉਸ ਨੇ ਮੈਨੂੰ ਕਿਹਾ- ‘ਮਾਫ਼ ਕਰੀਂ ਅਹਿਮਦ ਨਦੀਮ ਕਾਸਮੀ, ਤੰੂ ਮੇਰੀ ਸ਼ਰਾਬ ਦੇ ਮੁਕਾਬਲੇ ਇਹ ਆਲੂਆਂ ਦੀਆਂ ਕਤਰਾਂ ਖਾਂਦਾ ਚੰਗਾ ਨਹੀਂ ਲੱਗਦਾ।’ ਦੂਜੇ ਦਿਨ ਇਸ ਦਿੱਕਤ ਨੂੰ ਦੂਰ ਕਰਨ ਲਈ ਸ਼ਾਹਿਦ ਲਤੀਫ਼ ਨੂੰ ਦਿੱਲੀ ਬੁਲਾ ਲਿਆ, ਜਿਹੜਾ ਉਨ੍ਹਾਂ ਦਿਨਾਂ ਵਿੱਚ ਅਲੀਗੜ੍ਹ ਯੂਨੀਵਰਸਿਟੀ ਵਿੱਚ ਐਮ.ਏ. ਦਾ ਵਿਦਿਆਰਥੀ ਸੀ ਅਤੇ ਅਸੀਂ ਦਸ ਦਿਨ ਸਿਨੇਮਾ ਹਾਲ ਦੀ ਚੌਥੀ ਮੰਜ਼ਿਲ ‘ਤੇ ਇਕੱਠਿਆਂ ਗੁਜ਼ਾਰੇ।

ਇਸ ਦੌਰਾਨ ਮੈਂ ਸੋਚਦਾ ਰਿਹਾ ਕਿ ਆਖ਼ਰ ਮੰਟੋ ਮੇਰੇ ਲਈ ਏਨੀ ਮਿਹਨਤ ਕਿਉਂ ਕਰ ਰਿਹੈ? ਕਹਾਣੀ ਖਾਂਡੇਕਰ ਦੀ ਹੈ। ਡਾਇਲਾਗ ਅਤੇ ਗੀਤਾਂ ਦਾ ਮਿਹਨਤਾਨਾ ਮੈਨੂੰ ਮਿਲੇਗਾ ਪਰ ਮੰਟੋ ਕਿਉਂ ਸਾਰਾ ਦਿਨ ਬੈਠਾ ਦਰਜਨਾਂ ਸਫ਼ੇ ਟਾਈਪ ਕਰੀ ਜਾਂਦਾ ਹੈ? ਸਗੋਂ ਇੱਥੋਂ ਤਕ ਕਿ ਫਿਲਮੀ ਤਕਨੀਕ ਦੇ ਸਿਲਸਿਲੇ ‘ਚ ਉਹ ਮੇਰੀ ਅਗਵਾਈ ਵੀ ਕਰਦਾ ਤੇ ਕਈ ਲੰਬੇ-ਲੰਬੇ ਸੀਨ ਖ਼ੁਦ ਹੀ ਲਿਖ ਕੇ ਟਾਈਪ ਕਰ ਦਿੰਦਾ। ਇਹ ਠੀਕ ਹੈ ਕਿ ਉਹ ਮੇਰੀ ਮਦਦ ਕਰਨੀ ਚਾਹੁੰਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਮੈਨੂੰ ਆਬਕਾਰੀ ਸਬ-ਇੰਸਪੈਕਟਰ ਦੇ ਤੌਰ ‘ਤੇ ਮਹੀਨੇ ਦੇ ਸਿਰਫ਼ ਸਾਢੇ ਬਹੱਤਰ ਰੁਪਏ ਮਿਲਦੇ ਹਨ ਪਰ ਮੈਨੂੰ ਵੀ ਇਹ ਪਤਾ ਹੈ ਕਿ ਖ਼ੁਦ ਮੰਟੋ ਨੂੰ ਬੰਬਈ ਦੇ ਵੀਕਲੀ ‘ਮੁਸੱਵਰ’ ਦੀ ਐਡੀਟਰੀ ਤੋਂ ਮਹੀਨੇ ਦੇ ਕੇਵਲ ਪੰਜਾਹ ਰੁਪਏ ਮਿਲਦੇ ਨੇ। ਫਿਰ ਉਹ ਕਿਹੜਾ ਜਜ਼ਬਾ ਹੈ, ਜਿਸ ਨੇ ਮੰਟੋ ਨੂੰ ਬੰਬਈ ਤੋਂ ਦਿੱਲੀ ਲਿਆ ਕੇ ਉਸ ਨੂੰ ਮੇਰੇ ਲਈ ਏਨੀ ਮਿਹਨਤ ਮੁਸ਼ੱਕਤ ਕਰਨ ‘ਤੇ ਮਜਬੂਰ ਕਰ ਦਿੱਤਾ ਹੈ। ਸਪਸ਼ਟ ਹੈ ਕਿ ਇਹ ਜਜ਼ਬਾ ਉਸ ਨਿੱਘ ਅਤੇ ਮੋਹ ਦਾ ਸੀ ਜੋ ਮੰਟੋ ਅਤੇ ਮੇਰੇ ਸੁਭਾਅ ਵਿੱਚ ਇੱਕੋ-ਇੱਕ ਸਾਂਝ ਸੀ। ਇੱਕ-ਦੂਜੇ ਨਾਲ ਮੋਹ, ਪਿਆਰ ਅਤੇ ਇੱਕ-ਦੂਜੇ ਦਾ ਸਤਿਕਾਰ ਕਰਨ ਤੋਂ ਇਲਾਵਾ ਅਸੀਂ ਆਪਣੀ ਜ਼ਿੰਦਗੀ ਦੀਆਂ ਜ਼ਿਆਦਾਤਰ ਸਰਗਰਮੀਆਂ ਵਿੱਚ ਇੱਕ-ਦੂਜੇ ਨਾਲ ਨਾ ਨਿਭ ਸਕੇ। ਸੁਭਾਵਾਂ ਵਿਚਲੇ ਇਨ੍ਹਾਂ ਵਿਰੋਧਾਂ ਦੇ ਬਾਵਜੂਦ ਸਾਡੀ ਦੋਸਤੀ ਹਮੇਸ਼ਾ ਕਾਇਮ ਰਹੀ। ਸਾਨੂੰ ਇੱਕ-ਦੂਜੇ ਨਾਲ ਸ਼ਿਕਵੇ-ਸ਼ਿਕਾਇਤਾਂ ਜ਼ਰੂਰ ਸਨ ਪਰ ਅਸੀਂ ਜਦੋਂ ਵੀ ਇੱਕ-ਦੂਜੇ ਨੂੰ ਮਿਲਦੇ ਤਾਂ ਮਨ ਦੀ ਸਾਰੀ ਮੈਲ ਧੁਲ ਜਾਂਦੀ ਤੇ ਅਸੀਂ ਅੱਜ ਤੋਂ 17-18 ਵਰ੍ਹੇ ਪਹਿਲਾਂ ਵਾਲੇ ਮੰਟੋ ਅਤੇ ਨਦੀਮ ਬਣ ਜਾਂਦੇ।
ਮੰਟੋ ਨਾਲ ਮੇਰੀ ਦੂਜੀ ਮੁਲਾਕਾਤ ਉਸ ਤੋਂ ਅਗਲੇ ਵਰ੍ਹੇ ਹੋਈ। ਉਹ ਬੰਬਈ ਛੱਡ ਕੇ ਆਰਜ਼ੀ ਤੌਰ ‘ਤੇ ਦਿੱਲੀ ਆ ਗਿਆ ਸੀ। ਏਥੇ ਉਸ ਨੇ ਆਲ ਇੰਡੀਆ ਰੇਡੀਓ ਵਿੱਚ ਨੌਕਰੀ ਕਰ ਲਈ ਤੇ ਨਿਕਲਸਨ ਰੋਡ ‘ਤੇ ਸਨ ਬਿਲਡਿੰਗ ਦੇ ਇੱਕ ਫਲੈਟ ਵਿੱਚ ਰੈਣ-ਬਸੇਰਾ ਕਰ ਲਿਆ। ਉਨ੍ਹਾਂ ਦਿਨਾਂ ਵਿੱਚ ਦਿੱਲੀ ਰੇਡੀਓ ਸਟੇਸ਼ਨ ਵਿੱਚ ਬਹੁਤ ਸਾਰੇ ਅਦੀਬ ਅਤੇ ਸ਼ਾਇਰ ਸਨ। ਮੌਲਾਨਾ ਚਰਾਗ਼ ਹਸਨ ਹਸਰਤ ਸ਼ਾਇਦ ਨਿਊਜ਼ ਸੈਕਸ਼ਨ ਵਿੱਚ ਹੁੰਦੇ ਸਨ। ਉਨ੍ਹਾਂ ਤੋਂ ਇਲਾਵਾ ਕ੍ਰਿਸ਼ਨ ਚੰਦਰ, ਮੀਰਾਜੀ, ਓਪੇਂਦਰ ਨਾਥ ਅਸ਼ਕ, ਅਤੇ ਨੂਨ-ਮੀਮ ਰਾਇਸ਼ ਵੀ ਸਨ। ਉਰਦੂ ਸ਼ਾਇਰੀ ਦੇ ਨਵੇਂ ਰੁਝਾਨਾਂ ਵਾਲੇ ਪ੍ਰਸਿੱਧ ਸ਼ਾਇਰਾਂ ਨੂੰ ਰੇਡੀਓ ਵਾਲਿਆਂ ਨੇ ਬੁਲਾਇਆ। ਤਾਸੀਰ ਉਸ ਮਹਿਫ਼ਿਲ ਦੀ ਪ੍ਰਧਾਨਗੀ ਕਰ ਰਹੇ ਸਨ ਤੇ ਮਹਿਫ਼ਿਲ ਵਿੱਚ ਹਾਜ਼ਰ ਸਨ- ਫੈਜ਼ ਅਹਿਮਦ ਫੈਜ਼, ਹਾਫ਼ੀਜ਼ ਜਲੰਧਰੀ, ਰਾਸ਼ਿਦ, ਮੀਰਾਜੀ ਮਜਾਜ਼, ਤਸੱਦਕ ਹੁਸੈਨ ਖ਼ਾਲਿਦ, ਸੀਮਾਬ, ਰਵਿਸ਼ ਸਿਦੀਕੀ ਅਤੇ ਸਾਗਰ ਨਿਜ਼ਾਮੀ ਦੇ ਨਾਵਾਂ ਤੋਂ ਇਲਾਵਾ ਮੈਨੂੰ ਆਪਣਾ ਨਾਂ ਯਾਦ ਰਹਿ ਗਿਆ ਹੈ। ਮੰਟੋ ਦੀ ਕਲਾ ਉਦੋਂ ਆਪਣੀ ਸਿਖ਼ਰ ‘ਤੇ ਸੀ। ਉਸ ਦੀ ਸਿਹਤ ਵੀ ਭੈੜੀ ਨਹੀਂ ਸੀ ਅਤੇ ਤਬੀਅਤ ਵਿੱਚ ਸ਼ੋਖੀ ਅਤੇ ਬੇਬਾਕੀ ਤਾਂ ਮੁੱਢ ਤੋਂ ਹੀ ਸੀ। ਪਰ ਉਨ੍ਹਾਂ ਦਿਨਾਂ ਵਿੱਚ ਉਸ ਦੀ ਸ਼ਖ਼ਸੀਅਤ ਦੇ ਇਹ ਪਹਿਲੂ ਆਪਣੀ ਸਿਖ਼ਰ ‘ਤੇ ਸਨ। ਇੱਕ ਦਿਨ ਅਚਾਨਕ ਉਹ ਮੈਨੂੰ ਕਹਿਣ ਲੱਗਾ ‘ਚੱਲ ਜ਼ਰਾ ਹਫ਼ੀਜ਼ ਸਾਹਿਬ ਨੂੰ ਤੰਗ ਕਰੀਏ।’ ਫਿਰ ਉਹ ਭਰੀ ਮਹਿਫ਼ਿਲ ਵਿੱਚ ਹਫੀਜ਼ ਸਾਹਿਬ ਕੋਲ ਗਿਆ ਤੇ ਬੜੇ ਅਦਬ ਸਤਿਕਾਰ ਨਾਲ ਕਹਿਣ ਲੱਗਾ ‘ਸ਼ਾਹਨਾਮਾ ਇਸਲਾਮ’ ਦੇ ਇਕ ਸ਼ਿਅਰ ਸਬੰਧੀ ਤੁਹਾਡੇ ਕੋਲੋਂ ਕੁਝ ਜਾਣਨਾ ਚਾਹੁੰਦਾ ਹਾਂ, ਬਹੁਤ ਡੂੰਘਾ ਸ਼ਿਅਰ ਹੈ। ਤੁਸਾਂ ਫਲਸਫੇ ਦਾ ਇੱਕ ਨੁਕਤਾ ਇਸ ਨਜ਼ਮ ਵਿੱਚ ਫੁਰਮਾਇਆ ਹੈ। ਪੜ੍ਹੇ-ਲਿਖੇ ਦੋਸਤਾਂ ਨੂੰ ਪੁੱਛਿਆ ਪਰ ਉਹ ਤਸੱਲੀ ਨਹੀਂ ਕਰਵਾ ਸਕੇ। ਤੁਹਾਡਾ ਸ਼ਿਅਰ ਹੈ-
ਯੇ ਲੜਕਾ ਜੋ ਕਿ ਬੈਠਾ ਹੈ ਵਹ ਲੜਕੀ ਜੋ ਕਿ ਬੈਠੀ ਹੈ
ਯੇ ਪੈਗੰਬਰ ਕਾ ਬੇਟਾ ਹੈ ਵਹ ਪੈਗੰਬਰ ਕੀ ਬੇਟੀ ਹੈ
ਸਾਰੀ ਮਹਿਫ਼ਿਲ ਲੋਟ-ਪੋਟ ਹੋ ਗਈ ਤੇ ਹਫ਼ੀਜ਼ ਸਾਹਿਬ ਹੱਸ ਕੇ ਟਾਲ ਗਏ। ਫਿਰ ਇੱਕ ਦਿਨ ਮੰਟੋ ਨੇ ਮੌਲਾਨਾ ਚਰਾਗ਼ ਹਸਰਤ ਨੂੰ ਛੇੜਨ ਦਾ ਮਨ ਬਣਾਇਆ। ਮੌਲਾਨਾ ਸ਼ਾਇਰ ਮੀਰਾਜੀ ਦੇ ਕਮਰੇ ਵਿੱਚ ਬੈਠੇ ਹੋਏ ਸਨ। ਕ੍ਰਿਸ਼ਨ ਤੇ ਮੰਟੋ ਦੇ ਜੋਟੀਦਾਰ ਉਨ੍ਹਾਂ ਕੋਲ ਪਹੁੰਚੇ ਤੇ ਮੰਟੋ ਨੇ ਬੈਠਦਿਆਂ ਹੀ ਅਲਾਮਾ ਇਕਬਾਲ ‘ਤੇ ਵਰ੍ਹਨਾ ਸ਼ੁਰੂ ਕਰ ਦਿੱਤਾ। ‘ਬਾਂਗੇ ਦਰਾ’ ਦੇ ਪਹਿਲੇ ਹਿੱਸੇ ਤੋਂ ਅੱਗੇ ਮੈਂ ਇਕਬਾਲ ਨੂੰ ਸ਼ਾਇਰ ਦੀ ਬਜਾਏ ਮੌਲਾਨਾ ਸਮਝਦਾ ਹਾਂ। ਇਹ ਵੀ ਕੋਈ ਸ਼ਾਇਰੀ ਹੋਈ ਕਿ ਫਲਸਫ਼ੇ ਦੀ ਦ੍ਰਿਸ਼ਟੀ ਤੋਂ ਬਿਨਾਂ ਹੀ ਨਜ਼ਮਾਂ ਲਿਖਦੇ ਜਾਓ ਤੇ ਹਰ ਦ੍ਰਿਸ਼ਟੀ ਦੇ ਕੋਟ ਦੇ ਕਾਲਰ ‘ਤੇ ਖ਼ੁਦੀ ਦਾ ਫੁੱਲ ਸਜਾਉਂਦੇ ਜਾਓ। ਪਹਿਲਾਂ ਤਾਂ ਮੌਲਾਨਾ ਹਸਰਤ ਸਾਹਿਬ ਨੇ ਇਕਬਾਲ ਦੀ ਹਮਾਇਤ ਵਿੱਚ ਕੁਝ ਠੋਸ ਗੱਲਾਂ ਕੀਤੀਆਂ, ਫਿਰ ਉਨ੍ਹਾਂ ਨੂੰ ਮੰਟੋ ਦੇ ਹਾਵਾਂ-ਭਾਵਾਂ ਤੋਂ ਉਸ ਦੀ ਸ਼ਰਾਰਤ ਦਾ ਜਲਦੀ ਹੀ ਪਤਾ ਲੱਗ ਗਿਆ ਤਾਂ ਉਨ੍ਹਾਂ ਨੇ ਅਜਿਹੇ ਕਰਾਰੇ-ਕਰਾਰੇ ਜੁਆਬ ਦਿੱਤੇ ਕਿ ਮੰਟੋ ਦੀ ਸਕੀਮ ਮੁਤਾਬਕ ਭੱਜਣ ਵਿੱਚ ਹੀ ਭਲਾਈ ਸਮਝੀ।
ਮੈਂ ਕੁਝ ਦਿਨ ਮੰਟੋ ਕੋਲ ਰਿਹਾ। ਮੰਟੋ ਦੇ ਘਰ ਵਿੱਚ ਸਲੀਕਾ, ਸਫ਼ਾਈ ਅਤੇ ਸਾਦਗੀ ਦਾ ਮੈਨੂੰ ਉਹ ਪਿਆਰ ਨਜ਼ਰ ਆਇਆ, ਜੋ ਵੱਡੇ-ਵੱਡੇ ਘਰਾਂ ਵਿੱਚ ਵੀ ਸ਼ੌਕ ਦੀ ਘਾਟ ਕਾਰਨ ਅਕਸਰ ਗਾਇਬ ਹੁੰਦਾ ਹੈ। ਮੰਟੋ ਦੇ ਲਿਖਣ-ਪੜ੍ਹਣ ਵਾਲੇ ਕਮਰੇ ਵਿੱਚ ਸਫੈਦ ਚਾਨਣੀ ਦਾ ਫਰਸ਼ ਵਿਛਿਆ ਰਹਿੰਦਾ। ਕਿਤਾਬਾਂ ਬੜੇ ਹੀ ਸਲੀਕੇ ਨਾਲ ਇੱਕ ਲੰਬੇ ਸ਼ੈਲਫ਼ ਵਿੱਚ ਸਜੀਆਂ ਰਹਿੰਦੀਆਂ ਤੇ ਗੋਰਾ-ਚਿੱਟਾ ਮੰਟੋ ਬੁਰਾਕ (ਮੁਸਲਮਾਨਾਂ ਅਨੁਸਾਰ ਉਹ ਸਫੈਦ ਘੋੜਾ, ਜਿਸ ‘ਤੇ ਉਨ੍ਹਾਂ ਦੇ ਰਸੂਲ ਬਹਿ ਕੇ ਅਕਾਸ਼ਾਂ ਵੱਲ ਗਏ ਸਨ- ਅਨੁ.ਵਰਮਾ) ਲਿਬਾਸ ਪਾਈ ਓਥੇ ਬੈਠਾ ਲਿਖਣ ਅਤੇ ਟਾਈਪ ਕਰਨ ਵਿੱਚ ਮਸਰੂਫ ਨਜ਼ਰ ਆਉਂਦਾ। ਉਹ ਆਪਣੀ ਸ਼ਰਾਬ ਦੀ ਬੋਤਲ ਨੂੰ ਵੀ ਓਸੇ ਮੇਜ਼ ਹੇਠਾਂ ਲੁਕਾਉਂਦਾ ਸੀ। ਇਸ ਲਈ ਕਿ ਉਨ੍ਹਾਂ ਦਿਨਾਂ ਵਿੱਚ ਮੰਟੋ ਦੀ ਵੱਡੀ ਭੈਣ ਵੀ ਕੁਝ ਦਿਨਾਂ ਲਈ ਉਸ ਦੇ ਕੋਲ ਰਹਿਣ ਆਈ ਹੋਈ ਸੀ ਤੇ ਮੰਟੋ ਦਾ ਕਹਿਣਾ ਸੀ ਕਿ ਮੈਂ ਆਪਣੀ ਭੈਣ ਕੋਲੋਂ ਡਰਦਾ ਹਾਂ। ਓਧਰ ਅੱਜ-ਕੱਲ੍ਹ ਦੇ ਬੱਚੇ ਏਨੇ ਤੇਜ਼ ਤਰਾਰ ਹਨ ਕਿ ਉਨ੍ਹਾਂ ਨੂੰ ਹਜ਼ਾਰ ਵਾਰ ਸਮਝਾਇਆ ਜਾਏ ਕਿ ਇਸ ਬੋਤਲ ਵਿੱਚ ਤੇਲ ਭਰਿਆ ਹੋਇਆ ਹੈ ਉਹ ਪਾਟੀਆਂ ਅੱਖਾਂ ਨਾਲ ਉਹਨੂੰ ਘੂਰੀ ਜਾਣਗੇ। ਇਸ ਲਈ ਇਹਨੂੰ ਉਨ੍ਹਾਂ ਕੋਲੋਂ ਵੀ ਲੁਕਾਉਣਾ ਪੈਂਦਾ ਹੈ। ਰਹੀ ਸਫ਼ੀਆ ਦੀ ਗੱਲ। ਜਦੋਂ ਦਾ ਉਸ ਨੂੰ ਇਲਮ ਹੋਇਆ ਕਿ ਮੈਂ ਇਸ ਨੂੰ ਛੱਡ ਨਹੀਂ ਸਕਦਾ ਤਾਂ ਉਸ ਨੇ ਮੇਰੇ ਲਈ ਇੱਕ ਪੈਮਾਨਾ ਨਿਸ਼ਚਤ ਕਰ ਦਿੱਤਾ ਹੈ ਪਰ ਉਸ ਪੈਮਾਨੇ ਨਾਲ ਮੇਰਾ ਕੁਝ ਬਣਦਾ ਹੀ ਨਹੀਂ। ਇਸ ਲਈ ਇਹ ਫਰਾਡ ਕਰਨਾ ਹੀ ਪੈਂਦਾ ਹੈ।
ਮੰਟੋ ਦੇ ਘਰ ਦੀ ਇਸ ਬਹੁਤ ਜ਼ਿਆਦਾ ਖ਼ੂਬਸੂਰਤ ਸਾਦਗੀ ਤੋਂ ਮੈਨੂੰ 1948 ਦੀ ਇੱਕ ਹੋਰ ਘਟਨਾ ਯਾਦ ਆ ਗਈ। ਮੰਟੋ ਮੇਰੇ ਘਰ ਆਇਆ। ਅਸੀਂ ਡਰਾਇੰਗ ਰੂਮ ਵਿੱਚ ਬੈਠੇ ਏਧਰ-ਓਧਰ ਦੀਆਂ ਮਾਰ ਰਹੇ ਸਾਂ ਕਿ ਅਚਾਨਕ ਉਸ ਨੇ ਹੈਰਾਨ ਹੁੰਦਿਆਂ ਕਿਹਾ, ‘ਲੱਗਦਾ ਏ ਇਸ ਕਮਰੇ ਵਿੱਚ ਤਾਜ਼ੀ-ਤਾਜ਼ੀ ਸਫੈਦੀ ਕੀਤੀ ਏ।’ ਮੈਂ ਉਸ ਨੂੰ ਦੱਸਿਆ ਕਿ ਸਫੈਦੀ ਨੂੰ ਤਾਂ ਬਸ ਇੱਕ ਹਫ਼ਤਾ ਹੀ ਹੋਇਆ ਹੈ। ਉਹ ਕਹਿਣ ਲੱਗਾ- ‘ਓਏ ਤੰੂ ਸ਼ਾਇਰ ਹੋ ਕੇ ਅਜਿਹੀ ਭੈੜੀ ਸਫੈਦੀ ਨੂੰ ਕਿਵੇਂ ਬਰਦਾਸ਼ਤ ਕਰ ਰਿਹਾ ਏਂ?’ ਮੈਂ ਉਸ ਨੂੰ ਦੱਸਿਆ ਕਿ ਸਫੈਦੀ ਮੈਂ ਆਪ ਹੀ ਕੀਤੀ ਹੈ। ਇਸ ਲਈ ਬਰਦਾਸ਼ਤ ਨਾ ਕਰਨ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਉਹ ਕੁਝ ਦੇਰ ਚੁੱਪ ਰਿਹਾ। ਫਿਰ ਮੈਨੂੰ ਆਪਣੇ ਘਰ ਲੈ ਗਿਆ ਤੇ ਆਪਣੇ ਡਰਾਇੰਗ ਰੂਮ ਵਿੱਚ ਜਾ ਕੇ ਕਹਿਣ ਲੱਗਾ, ‘ਦੇਖ ਇਹਨੂੰ ਕਹਿੰਦੇ ਨੇ ਸਫੈਦੀ।’
ਤੀਜੀ ਵਾਰ ਮੰਟੋ ਨੇ ਖ਼ੁਦ ਮੈਨੂੰ ਬੁਲਾਇਆ। ਮੰਟੋ ਅਤੇ ਕ੍ਰਿਸ਼ਨ ਚੰਦਰ ਨੇ ਰਲ ਕੇ ‘ਬੰਜਾਰਾ’ ਨਾਂ ਦੀ ਇੱਕ ਫਿਲਮੀ ਕਹਾਣੀ ਲਿਖੀ ਸੀ ਤੇ ਮੇਰੇ ਕੋਲੋਂ ਉਹਦੇ ਗੀਤ ਲਿਖਵਾਉਣਾ ਚਾਹੁੰਦੇ ਸਨ। ਮੈਨੂੰ ਕੋਈ ਇੱਕ ਮਹੀਨਾ ਮੰਟੋ ਕੋਲ ਰਹਿਣ ਦਾ ਮੌਕਾ ਮਿਲਿਆ। ਇਸ ਦੌਰਾਨ ਮੰਟੋ ਨੇ ਮੇਰੇ ਕੋਲੋਂ ਰੇਡੀਓ ਲਈ ਇੱਕ ਲੰਬਾ ਓਪੇਰਾ ਤੇ ਕੁਝ ਮਜ਼ਬੂਨਾਂ ‘ਤੇ ਡਰਾਮੇ ਵੀ ਲਿਖਵਾਏ। ਮਿਹਨਤਾਨੇ ਸਬੰਧੀ ਉਸ ਨੇ ਰੇਡੀਓ ਦੇ ਅਧਿਕਾਰੀਆਂ ਨਾਲ ਬੜੀਆਂ ਲੜਾਈਆਂ ਵੀ ਕੀਤੀਆਂ। ਫਿਰ ਜਦੋਂ ਕਾਫ਼ੀ ਸਾਰੀ ਉਚਿਤ ਰਕਮ ਦਿਵਾ ਚੁੱਕਾ ਤਾਂ ਉਹ ਮੈਨੰੂ ਚਾਂਦਨੀ ਚੌਕ ਲੈ ਗਿਆ। ਉੱਥੇ ਉਸ ਨੇ ਇੱਕ ਅੰਬਰਸਰੀਏ ਦੁਕਾਨਦਾਰ ਕੋਲੋਂ ਮੇਰੇ ਲਈ ਪੈਂਟਾਂ ਅਤੇ ਕੋਟਾਂ ਦਾ ਕੱਪੜਾ ਖਰੀਦਿਆ। ਦੋ ਤਿੰਨ ਦਿਨਾਂ ਵਿੱਚ ਇਹ ਸੀ ਕੇ ਤਿਆਰ ਹੋ ਗਏ ਤੇ ਇੰਜ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਂ ਪੈਂਟ ਪਾਈ ਅਤੇ ਟਾਈ ਵੀ ਲਾਈ। ਚੌਥੀ ਮੁਲਾਕਾਤ ‘ਬੂ’ ਕਹਾਣੀ ਦੇ ਮੁਕੱਦਮੇ ਦੇ ਸਿਲਸਿਲੇ ਵਿੱਚ ਹੋਈ। ਜਦੋਂ ਮੰਟੋ ਬੰਬਈ ਵਿੱਚ ਸੀ ਤੇ ਉਦੋਂ ਮੈਂ ‘ਅਦਬੇ ਲਤੀਫ਼’ ਲਾਹੌਰ ਦਾ ਐਡੀਟਰ ਸਾਂ। ਪੰਜਵੀਂ ਮੁਲਾਕਾਤ ਅਨਾਰਕਲੀ ਬਾਜ਼ਾਰ, ਲਾਹੌਰ ਵਿੱਚ ਅਚਾਨਕ ਹੀ ਹੋਈ ਜਦੋਂ ‘ਸਵੇਰਾ’ ਦੇ ਖ਼ਿਲਾਫ਼ ਇੱਕ ਮੁਕੱਦਮੇ ਦੇ ਸਿਲਸਿਲੇ ਵਿੱਚ ਮੈਂ ਲਾਹੌਰ ਆਇਆ ਹੋਇਆ ਸਾਂ ਤੇ ਮੰਟੋ ਵੀ ਕੁਝ ਚਿਰ ਲਈ ਲਾਹੌਰ ਆਇਆ ਹੋਇਆ ਸੀ। ਕੁਝ ਦਿਨਾਂ ਬਾਅਦ ਉਹ ਮੇਰੇ ਕੋਲ ਪਿਸ਼ਾਵਰ ਪਹੁੰਚ ਗਿਆ ਤੇ ਉੱਥੇ ਪੰਦਰਾਂ-ਵੀਹ ਦਿਨ ਰਿਹਾ। ਸਾਡੇ ਵਿਚਾਰਾਂ ਵਿੱਚ ਵਿਰੋਧਤਾ ਦਰਅਸਲ ਇੱਥੋਂ ਹੀ ਸ਼ੁਰੂ ਹੋਈ।
ਸਾਰਾ ਦਿਨ ਅਸੀਂ ਰੇਡੀਓ ਸਟੇਸ਼ਨ ‘ਤੇ ਰਹਿੰਦੇ। ਸ਼ਾਮ ਨੂੰ ਮੰਟੋ ਕਿਸੇ ਨਾ ਕਿਸੇ ਨੂੰ ਆਪਣੇ ਨਾਲ ਲੈ ਆਉਂਦਾ ਤੇ ਫਿਰ ਸ਼ਰਾਬ ਦਾ ਦੌਰ ਸ਼ੁਰੂ ਹੋ ਜਾਂਦਾ। ਸਾਹਿਤ ਵਿੱਚ ਯਥਾਰਥ ਅਤੇ ਸੈਕਸ ‘ਤੇ ਬਹਿਸਾਂ ਹੁੰਦੀਆਂ। ਮੰਟੋ ਨੂੰ ਉਨ੍ਹਾਂ ਸਾਰੇ ਮੁਕੱਦਮਿਆਂ ਬਾਰੇ ਚੰਗੀ ਜਾਣਕਾਰੀ ਸੀ, ਜੋ ਦੁਨੀਆਂ ਦੇ ਵੱਡੇ-ਵੱਡੇ ਮੁਲਕਾਂ ਦੇ ਵੱਖ-ਵੱਖ ਲੇਖਕਾਂ ‘ਤੇ ਨੰਗੇਜ਼ ਦਾ ਇਲਜ਼ਾਮ ਲਾ ਕੇ ਚਲਾਏ ਗਏ ਸਨ। ਉਹ ਉਨ੍ਹਾਂ ਲੇਖਕਾਂ ਅਤੇ ਉਨ੍ਹਾਂ ਦੀਆਂ ਲਿਖਤਾਂ ਦੀਆਂ ਮਿਸਾਲਾਂ ਦਿੰਦਾ। ਉਸ ਵਕਤ ਉਸ ਦੀ ਜ਼ੁਬਾਨ ਬੜੀ ਤੇਜ਼ ਚੱਲਦੀ ਤੇ ਉਹ ਇੱਕ ਧੂੰਆਂਧਾਰ ਬੁਲਾਰੇ ਦਾ ਭੁਲੇਖਾ ਪਾਂਦਾ। ਇੱਕ ਦਿਨ ਮੈਂ ਉਸ ਨੂੰ ਕਿਹਾ, ‘ਟਾਲਸਟਾਏ ਨੇ ਮੋਪਾਸਾਂ ਦੀ ਕਿਸੇ ਕਹਾਣੀ ਦੀ ਹੀਰੋਇਨ ਬਾਰੇ ਲਿਖਿਆ ਸੀ।’ ਇਹ ਸੁਣ ਕੇ ਮੰਟੋ ਭੜਕ ਪਿਆ। ਕਹਿਣ ਲੱਗਾ, ‘ਤੈਨੂੰ ਕੀ ਪਤਾ ਔਰਤ ਦਾ। ਤੂੰ ਤਾਂ ਅਜੇ ਤਕ ਵਿਆਹ ਹੀ ਨਹੀਂ ਕਰਾਇਆ, ਸ਼ਰਾਬ ਤੱਕ ਤੂੰ ਚੱਖੀ ਨਹੀਂ। ਤੂੰ ਤਾਂ ਉਸ ਚਾਵੜੀ ਬਾਜ਼ਾਰ ਵਿੱਚ ਇੰਜ ਨਜ਼ਰ ਆ ਰਿਹਾ ਸੈਂ ਜਿਵੇਂ ਰਾਜਹੰਸਾਂ ਦੇ ਹਜੂਮ ਵਿੱਚ ਕਾਂ ਆ ਵੜੇ। ਤੈਨੂੰ ਕੀ ਪਤਾ ਮੋਪਾਸਾਂ ਨੇ ਤੁਪਕਿਆਂ ਦੀ ਰੰਗਤ ਨੂੰ ਪ੍ਰਗਟਾਉਣਾ ਕਿਉਂ ਜ਼ਰੂਰੀ ਸਮਝਿਆ। ਜੇ ਉਹ ਰੰਗਤ ਦਾ ਜ਼ਿਕਰ ਨਾ ਕਰਦਾ ਤਾਂ ਇਹ ਔਰਤ ਕਿਵੇਂ ਦੀ ਚਪਟੀ-ਚਪਟੀ ਤੇ ਸਪਾਟ ਨਜ਼ਰ ਆਉਂਦੀ। ਉਨ੍ਹਾਂ ਗੁਲਾਬੀ ਤੁਪਕਿਆਂ ਨੇ ਹੀ ਤਾਂ ਜ਼ਿੰਦਗੀ ਨੂੰ ਤਾਜ਼ਗੀ ਦਿੱਤੀ ਹੈ। ਤੂੰ ਕਿਸਾਨਾਂ ਦੀਆਂ ਕਹਾਣੀਆਂ ਲਿਖ ਲੈਂਦਾ ਏਂ ਤਾਂ ਇਹ ਜ਼ਰੂਰੀ ਨਹੀਂ ਕਿ ਤੂੰ ਪੇਂਡੂ ਔਰਤਾਂ ਦੇ ਅੱਲ੍ਹੜਪੁਣੇ ਨੂੰ ਵੀ ਸਮਝਦਾ ਹੋਵੇਂ। ਔਰਤਾਂ ‘ਤੇ ਲਿਖਣ ਲਈ ਔਰਤ ਬਣਨਾ ਪੈਂਦਾ ਏ। ਤੂੰ ਕਦੇ ਸਿਰਜਣਾ ਦੇ ਪਲਾਂ ਵਿੱਚ ਔਰਤ ਬਣਿਆ ਏਂ? ਤੈਨੂੰ ਕਦੇ ਕਿਸੇ ਨੇ ਛੇੜਿਆ ਏ? ਇਸ ਲਈ ਮੇਰੀ ਜਾਨ ਟਾਲਸਟਾਏ ਕਦੇ-ਕਦੇ ਇਸ ਤਰ੍ਹਾਂ ਦੇ ਗਾਂਧੀਪੁਣੇ ‘ਤੇ ਉਤਰ ਆਉਂਦਾ ਸੀ। ਪਰ ਕੀ ਤੇਰੇ ਖਿਆਲ ਵਿੱਚ ਉਸ ਨੇ ਆਪਣੀ ਅੰਨਾ ਕਾਰੇਨੀਨਾ ਦੇ ਪੈਰਾਂ ‘ਤੇ ਲਿਖਦਿਆਂ ਉਹ ਲੱਜ਼ਤ ਮਹਿਸੂਸ ਨਹੀਂ ਕੀਤੀ ਹੋਵੇਗੀ, ਜਿਹੜੀ ਮੋਪਾਸਾਂ ਨੇ ਆਪਣੀ ਹੀਰੋਇਨ ਦੇ ਜਿਸਮ ‘ਤੇ ਪਾਣੀ ਦੇ ਗੁਲਾਬੀ ਤੁਪਕੇ ਦੇਖ ਕੇ ਕੀਤੀ ਸੀ। ਇਸ ਲਈ ਅਹਿਮਦ ਨਦੀਮ ਕਾਸਮੀ, ਗੱਲ ਵਿੱਚੋਂ ਇਹ ਹੈ ਕਿ ਤੂੰ ਸਾਹਿਤ ਦਾ ਵਿਦੇਸ਼ ਮੰਤਰੀ ਏਂ ਤੇ ਅਸੀਂ ਹਾਂ ਸਾਹਿਤ ਦੇ ਹੋਮ ਮਨਿਸਟਰ। ਸਾਡੇ ਰਾਹ ਆਪੋ-ਆਪਣੇ ਨੇ ਤੇ ਮੰਜ਼ਿਲਾਂ ਵੀ ਆਪੋ-ਆਪਣੀਆਂ। ਨਾ ਨਦੀਮ ਮੰਟੋ ਬਣ ਸਕਦਾ ਹੈ ਤੇ ਨਾ ਮੰਟੋ ਨਦੀਮ। ਟਾਲਸਟਾਏ ਟਾਲਸਟਾਏ ਹੈ ਤੇ ਮੋਪਾਸਾਂ ਮੋਪਾਸਾਂ ਹੈ। ਮੈਨੂੰ ਲੱਗਦੈ ਮੈਂ ਇੱਕ ਪੈੱਗ਼ ਜ਼ਿਆਦਾ ਚੜ੍ਹਾ ਲਿਐ। ਚੱਲ ਆ ਹੁਣ ਸੌਂਈਏ।’
ਉਨ੍ਹਾਂ ਦਿਨਾਂ ਵਿੱਚ ਮੈਂ ਫੈਸਲਾ ਕਰ ਲਿਆ ਕਿ ਮੰਟੋ ਕੋਲੋਂ ਉਸ ਦੀਆਂ ਕਹਾਣੀਆਂ ਦੇ ਕੁਝ ਟੋਟਿਆਂ ਦੀ ਹਕੀਕਤ ਦਾ ਪਤਾ ਲਾਵਾਂ। ਮੈਂ ਪੰਜੇ ਝਾੜ ਕੇ ਉਸ ਦੇ ਪਿੱਛੇ ਪੈ ਗਿਆ ਤੇ ਅਖ਼ੀਰ ਇੱਕ ਦਿਨ ਮੰਟੋ ਅਜਿਹੀ ਬਦ-ਕਲਾਮੀ ‘ਤੇ ਆ ਗਿਆ, ਜਿਸ ਬਾਰੇ ਮੈਂ ਕਦੇ ਸੋਚ ਵੀ ਨਹੀਂ ਸਾਂ ਸਕਦਾ। ਫਿਰ ਇੱਕ ਦਿਨ ਪਿਸ਼ਾਵਰ ਵਿੱਚ ਬਹੁਤ ਜ਼ਿਆਦਾ ਸ਼ਰਾਬ ਪੀਣ ਤੋਂ ਮੈਂ ਉਸ ਨੂੰ ਰੋਕਿਆ ਤੇ ਉਹ ਔਖਾ ਹੋ ਕੇ ਬੋਲਿਆ, ‘ਇਹ ਮੇਰਾ ਪ੍ਰਾਈਵੇਟ ਮਾਮਲਾ ਏ, ਤੇ ਤੂੰ ਮੇਰਾ ਦੋਸਤ ਜ਼ਰੂਰ ਏਂ ਪਰ ਮੈਂ ਤੈਨੂੰ ਆਪਣੀ ਜ਼ਮੀਰ ਦੀ ਮਸੀਤ ਦਾ ਇਮਾਮ ਨਹੀਂ ਲਾਇਆ ਹੋਇਆ।’
ਦੂਜੇ ਦਿਨ ਉਸ ਨੂੰ ਆਪਣੇ ਇਸ ਖ਼ੂਬਸੂਰਤ ਫਿਕਰੇ ਦੀ ਤਲਖ਼ੀ ਦਾ ਅਹਿਸਾਸ ਹੋ ਗਿਆ ਕਿਉਂਕਿ ਉਸ ਦੀਆਂ ਗੱਲਾਂ ਅਤੇ ਹਾਵਾਂ-ਭਾਵਾਂ ਤੋਂ ਇੰਜ ਲੱਗਦਾ ਸੀ ਜਿਵੇਂ ਉਹ ਮੈਨੂੰ ਮਨਾ ਰਿਹਾ ਹੋਵੇ। ਫਿਰ ਏਥੇ ਲਾਹੌਰ ਵਿੱਚ ਜਦੋਂ ਕਈ ਮਹੀਨਿਆਂ ਤਕ ਸਾਡੀ ਮੁਲਾਕਾਤ ਨਾ ਹੋਈ ਤਾਂ ਇੱਕ ਦਿਨ ਉਹ ਮੇਰੇ ਘਰ ਆ ਗਿਆ। ਮੈਨੂੰ ਆਪਣੇ ਘਰ ਲੈ ਗਿਆ। ਬੇਤਹਾਸ਼ਾ ਪੀ ਕੇ ਸੰਨ 1937 ਤੋਂ ਲੈ ਕੇ 1954 ਤਕ ਦੀਆਂ ਸਾਰੀਆਂ ਗੱਲਾਂਬਾਤਾਂ ਏਨੇ ਵਿਸਥਾਰ ਨਾਲ ਦੁਹਰਾਉਂਦਾ ਰਿਹਾ ਕਿ ਮੈਂ ਉਸ ਦੀ ਯਾਦਦਾਸ਼ਤ ‘ਤੇ ਹੈਰਾਨ ਰਹਿ ਗਿਆ। ਫਿਰ ਉਹ ਕਹਿਣ ਲੱਗਾ, ‘ਇਹ ਗੱਲਾਂ ਨੋਟ ਕਰ ਲੈ ਮੇਰੀ ਜਾਨ, ਸ਼ਾਇਦ ਕੁਝ ਦਿਨਾਂ ਬਾਅਦ ਤੈਨੂੰ ਇਹ ਗੱਲਾਂ ਮਰਹੂਮ ਮੰਟੋ ਦੀ ਯਾਦ ਵਿੱਚ ਲਿਖਣੀਆਂ ਪੈਣ।’ ਇਹ ਸੁਣ ਕੇ ਮੈਂ ਬਰਦਾਸ਼ਤ ਨਾ ਕਰ ਸਕਿਆ ਅਤੇ ਆਪੇ ਤੋਂ ਬਾਹਰ ਹੋ ਗਿਆ, ਇਹ ਸੋਚੇ ਬਿਨਾਂ ਕਿ ਮੰਟੋ ਨਸ਼ੇ ਵਿਚ ਹੈ। ਮੈਂ ਉਸ ਨੂੰ ਕਿਹਾ, ‘ਜੇ ਤੈਨੂੰ ਮੇਰੀ ਦੋਸਤੀ ਏਨੀ ਹੀ ਪਿਆਰੀ ਹੈ ਤਾਂ ਫਿਰ ਤੈਨੂੰ ਸ਼ਰਾਬ ਛੱਡਣੀ ਪਏਗੀ। ਤੂੰ ਤਾਂ ਪਾਗਲਾਂ ਵਾਗ ਪੀਂਦਾ ਏਂ। ਕੀ ਤੈਨੂੰ ਇਹ ਵੀ ਅਹਿਸਾਸ ਨਹੀਂ ਕਿ ਜਿਸ ਘਰ ਵਿੱਚ ਤੂੰ ਪੀ ਰਿਹਾਂ ਏਂ ਉਸ ਵਿੱਚ ਨਿਕਹਤ ਬੇਟੀ ਵੀ ਰਹਿੰਦੀ ਏ। ਇਹ ਉਹੀ ਬੱਚੀ ਏ ਜਿਸ ਦੀ ਬੜੀ ਪਿਆਰੀ ਫੋਟੋ ਤੰੂ ਮੈਨੂੰ ਬੰਬਈ ਭੇਜੀ ਸੀ ਤੇ ਉਹ ਮੇਰੇ ਕੋਲ ਅਜੇ ਤਕ ਪਈ ਏ। ਤੂੰ ਤਾਂ ਸਾਹਿਤ ਦਾ ਹੋਮ ਮਨਿਸਟਰ ਬਣਿਆ ਫਿਰਦਾ ਏਂ, ਕੀ ਤੈਨੂੰ ਨਿਕਹਤ ‘ਤੇ ਤਰਸ ਨਹੀਂ ਆਉਂਦਾ। ਕੁਝ ਵਰ੍ਹਿਆਂ ਬਾਅਦ ਤੇਰੀ ਇਹ ਹਾਲਤ ਵੇਖ ਕੇ ਉਹਦੇ ‘ਤੇ ਕੀ ਬੀਤੇਗੀ? ਜੇ ਤੈਨੂੰ ਇਸ ਸਥਿਤੀ ਦਾ ਅਹਿਸਾਸ ਨਹੀਂ ਤਾਂ ਆਪਣੇ ਆਪ ਨੂੰ ਸਾਹਿਤ ਦਾ ਬੇ-ਕਲਮਦਾਨ ਮੰਤਰੀ (ਮਨਿਸਟਰ ਵਿਦਾਊਟ ਪੋਰਟਫੋਲੀਓ) ਹੀ ਸਮਝਿਆ ਕਰ ਕਿਉਂਕਿ ਜਿਹੜਾ ਸਾਹਿਤਕਾਰ ਅੰਦਰੋਂ ਬੰਦ ਰਹਿੰਦਾ ਏ…” ਮੰਟੋ ਅੱਗੋਂ ਕਹਿਣ ਲੱਗਾ, ‘ਇਸ ਫਰਾਡ ਦੀ ਕੋਈ ਲੋੜ ਨਹੀਂ।’ ਇਸ ਤੋਂ ਬਾਅਦ ਉਸ ਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਉਸ ਦੇ ਨਿੱਜੀ ਮਾਮਲਿਆਂ ਵਿੱਚ ਮੈਨੂੰ ਦਖਲ ਦੇਣ ਦਾ ਕੋਈ ਦੂਰ-ਦੁਰਾਡੇ ਤਕ ਵੀ ਹੱਕ ਨਹੀਂ। ਮੈਂ ਬਿਨਾਂ ਗੁੱਸਾ ਕੀਤਿਆਂ ਵਾਪਸ ਆ ਗਿਆ। ਮੈਨੂੰ ਯਕੀਨ ਸੀ ਕਿ ਕੱਲ੍ਹ ਹੋਸ਼ ਵਿੱਚ ਆਉਣ ਤੋਂ ਬਾਅਦ ਉਹ ਇਨ੍ਹਾਂ ਗੱਲਾਂ ‘ਤੇ ਪਛਤਾਏਗਾ। ਉਸ ਨੂੰ ਕੋਈ ਪਛਤਾਵਾ ਨਾ ਹੋਇਆ ਸਗੋਂ ਕੁਝ ਦਿਨਾਂ ਬਾਅਦ ਰਾਹ ਜਾਂਦਿਆਂ ਮਿਲਿਆ ਤਾਂ ਮੈਂ ਸ਼ਿਕਾਇਤ ਕੀਤੀ। ਪਰ ਉਹ ਕਹਿਣ ਲੱਗ਼ਾ ਕਿ ਉਸ ਦਿਨ ਉਸ ਨੇ ਜੋ ਕੁਝ ਕਿਹਾ ਸੀ- ਉਹ ਆਖ਼ਰੀ ਹਰਫ਼ ਸੀ ਤੇ ਉਹ ਗੱਲਾਂ ਉਸ ਨੇ ਨਸ਼ੇ ਵਿੱਚ ਨਹੀਂ ਸਗੋਂ ਪੂਰੇ ਹੋਸ਼ੋ ਹਵਾਸ ਵਿੱਚ ਕਹੀਆਂ ਸਨ।
ਮੈਂ ਹਥਿਆਰ ਸੁੱਟ ਦਿੱਤੇ। ਇਸ ਦੌਰਾਨ ਗਾਹੇ-ਬ-ਗਾਹੇ ਉਸ ਨਾਲ ਮੇਰਾ ਮੇਲ ਹੁੰਦਾ ਰਹਿੰਦਾ ਪਰ ਇਹ ਹਕੀਕਤ ਆਪਣੀ ਥਾਂ ਕਾਇਮ ਰਹੀ ਕਿ ਮੰਟੋ ਨੂੰ ਆਪਣੀਆਂ ਅਵਾਰਗੀਆਂ ਵਿੱਚ ਨਾ ਮੇਰਾ ਸੰਗ-ਸਾਥ ਮਨਜ਼ੂਰ ਸੀ ਤੇ ਨਾ ਮੇਰੇ ਵਿੱਚ ਏਨਾ ਹੌਸਲਾ ਸੀ ਕਿ ਉਸ ਨੂੰ ਖੁਰਦੀ ਸ਼ਮ੍ਹਾਂ ਵਾਂਗ ਹੌਲੀ-ਹੌਲੀ ਖ਼ਤਮ ਹੁੰਦਿਆਂ ਦੇਖਾਂ ਤੇ ਬੋਲਾਂ ਵੀ ਕੁਝ ਨਾ, ਹਾਲਾਂਕਿ ਮੈਂ ਬੋਲ ਕੇ ਦੇਖ ਹੀ ਲਿਆ ਸੀ।
ਪਰ ਹੁਣ ਮੈਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਇਹ ਮੇਰੀ ਬੁਜ਼ਦਿਲੀ ਸੀ, ਮੈਂ ਉਸ ਦਾ ਪਹਿਰੇਦਾਰ ਬਣ ਕੇ ਕਿਉਂ ਨਾ ਖੜ੍ਹਾ ਰਿਹਾ। ਮੈਂ ਉਸ ਦੀਆਂ ਗਾਲ੍ਹਾਂ ਤੇ ਝਿੜਕਾਂ ਸਹਿ ਕੇ ਵੀ ਉਸ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਦਾ। ਇਸ ਮੁਹਿੰਮ ਵਿੱਚ ਉਸ ਦੇ ਘਰ ਵਾਲੇ ਅਤੇ ਕੁਝ ਚੰਗੇ ਦੋਸਤ ਵੀ ਮੇਰੇ ਨਾਲ ਹੁੰਦੇ ਅਤੇ ਅਸੀਂ ਸਾਰੇ ਮਿਲ ਕੇ ਕੌਮ ਦੀ ਇਸ ਕੀਮਤੀ ਪੂੰਜੀ ਨੂੰ ਏਨੀ ਜਲਦੀ ਤਬਾਹ ਹੋਣ ਤੋਂ ਬਚਾ ਲੈਂਦੇ। ਇੱਕ ਵਾਰ ਮੰਟੋ ਨੇ ਮੈਨੂੰ ਲਿਖਿਆ ਸੀ, ‘ਕਿ ਮੈਨੂੰ ਤੇਰੀ ਹਮੇਸ਼ਾਂ ਲੋੜ ਰਹੇਗੀ।’ ਇਸ ਲਈ ਮੈਨੂੰ ਦੋ ਮਾਤਮਾਂ ਦਾ ਮੂੰਹ ਦੇਖਣਾ ਪਿਆ- ਇੱਕ ਮੰਟੋ ਦਾ ਤੇ ਦੂਜਾ ਆਪਣੀ ਇੱਜ਼ਤ ਦੀ ਹਿਫਾਜ਼ਤ ਦੇ ਢੌਂਗ ਦਾ।
ਅੱਜ ਮੈਂ ਮੰਟੋ ਦੇ ਕੁਝ ਖ਼ਤ ਇੱਕ ਅਜ਼ੀਮ ਕਲਾਕਾਰ ਦੀ ਹੈਸੀਅਤ ਵਿੱਚ ਬੜੀ ਵਧੀਆ ਯਾਦਗਾਰ ਦੇ ਰੂਪ ਵਿੱਚ ਪੇਸ਼ ਕਰ ਰਿਹਾ ਹਾਂ। ਮੰਟੋ ਦੇ ਕੋਈ ਇੱਕ ਸੌ ਖ਼ਤ ਮੇਰੇ ਕੋਲ ਸੁਰੱਖਿਅਤ ਹਨ। ਉਨ੍ਹਾਂ ਵਿੱਚ ਸੰਨ 1937 ਤੋਂ ਲੈ ਕੇ 1947 ਤਕ ਦੇ ਮੰਟੋ ਦੀਆਂ ਬੜੀਆਂ ਸੱਚੀਆਂ ਤੇ ਖਰੀਆਂ ਝਲਕਾਂ ਸਮੋਈਆਂ ਹੋਈਆਂ ਹਨ। ਮੈਂ ਉਨ੍ਹਾਂ ਨੂੰ ਕਿਤਾਬੀ ਸ਼ਕਲ ਵਿੱਚ ਛਾਪਣਾ ਚਾਹੁੰਦਾ ਹਾਂ। ਇਹਦਾ ਕਾਪੀ ਰਾਈਟ ਮੰਟੋ ਦੇ ਨਾਂ ਸੁਰੱਖਿਅਤ ਰੱਖਣਾ ਚਾਹੁੰਦਾ ਹਾਂ ਪਰ ਇਹ ਸਭ ਖ਼ੁਦ-ਫਰੇਬੀਆਂ ਤੇ ਮਨ ਨੂੰ ਵਰਚਾਉਣ ਦੇ ਢੰਗ-ਤਰੀਕੇ ਹਨ ਕਿਉਂਕਿ ਇਹ ਟੀਸ ਕਦੇ ਵੀ ਮੇਰੀ ਜ਼ਮੀਰ ਵਿੱਚੋਂ ਨਹੀਂ ਨਿਕਲ ਸਕਦੀ। ਮੈਂ ਅਤੇ ਮੇਰੇ ਵਰਗਿਆਂ ਕਈ ਘੱਟ ਹਿੰਮਤ ਅਤੇ ਹਾਰੇ ਹੋਏ ਖ਼ੈਰ-ਖਵਾਹਾਂ ਨੇ ਮੰਟੋ ਨੂੰ ਜ਼ਿੰਦਗੀ ਦੀ ਇਕੱਲ ਵਿੱਚ ਐਵੇਂ ਹੀ ਇਕੱਲਾ ਛੱਡ ਦਿੱਤਾ ਕਿ-
‘ਨੇ ਹਾਥ ਬਾਰਾ ਪਰ ਹੈ ਨਾ ਪਾ ਹੈ ਰਕਾਬ ਮੇਂ…’
(ਨਾ ਹੱਥ ਵਿੱਚ ਵਾਗ ਹੈ ਤੇ ਨਾ ਪੈਰ ਰਕਾਬ ‘ਤੇ ਹੈ- ਅਨੁ.)
(ਅਨੁਵਾਦ: ਡਾ. ਪਰਮਜੀਤ ਸਿੰਘ ਢੀਂਗਰਾ)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਹਿਮਦ ਨਦੀਮ ਕਾਸਮੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ