Sada Chirian Da Chamba Ve : Surjit Singh Dila Ram
ਸਾਡਾ ਚਿੜੀਆਂ ਦਾ ਚੰਬਾ ਵੇ : ਸੁਰਜੀਤ ਸਿੰਘ "ਦਿਲਾ ਰਾਮ"
ਹੱਸਦੀ ਖੇਡਦੀ ਭਾਨੋ ਜਦੋਂ ਵਿਹੜੇ ਆ ਵੜਦੀ ਤਾਂ ਮਾਂ ਕਹਿੰਦੀ "ਕੁੜੇ ਕੱਲ੍ਹ ਨੂੰ ਨਵੇ ਕੱਪੜੇ ਪਾ ਲਵੀਂ ਆਪਾਂ ਕਿਧਰੇ ਜਾਣਾ ਐ।"
ਵਾਰ ਵਾਰ ਪੁੱਛਣ ਤੇ ਵੀ ਮਾਂ ਨੇ ਨਾ ਦਸਿਆ ਕਿ ਕਿੱਧਰ ਨੂੰ ਜਾਣਾ ਐ।
ਤਰਕਾਲਾਂ ਪਈਆਂ- ਮੋਢੇ ਤੇ ਕਹੀ ਧਰੀ ਬਾਪੂ ਨੂੰ ਜਦੋਂ ਘਰ ਵੜਦਿਆਂ ਦੇਖਿਆ ਤਾਂ ਭਾਨੋ ਨੇ ਪਾਣੀ ਦਾ ਗਲਾਸ ਬਾਪੂ ਨੂੰ ਦੇਂਦੇ ਪੁਛਿਆ, ਬਾਪੂ! ਆਪਾਂ ਕੱਲ੍ਹ ਕਿਧਰੇ ਜਾਣਾ ਐ ?
ਸਵਰਨੋ ਵੱਲ ਦੇਖਦੇ ਹੋਏ ਬਾਪੂ ਨੇ ਭਾਨੋ ਦੇ ਸਿਰ ਤੇ ਹੱਥ ਫੇਰਿਆ ਤੇ ਕਿਹਾ, ਹਾਂ!ਧੀਏ ਜਾਣਾ ਐ ਆਪਾਂ ਕੱਲ੍ਹ ਨੂੰ, ਤੂੰ ਸੋਹਣੇ ਕੱਪੜੇ ਪਾ ਕੇ ਤਿਆਰ ਰਹੀ ।
ਬਾਪੂ ਦੀਆਂ ਇਹ ਗਲਾਂ ਸੁਣ ਕੇ ਭਾਨੋ ਨੂੰ ਬੜਾ ਅਜੀਬ ਜਿਹਾ ਲਗਿਆ ।ਉਹ ਦੇਰ ਰਾਤ ਤੱਕ ਸੋਚਦੀ ਰਹੀ ਕਿ ਜਾਣਾ ਵੀ ਹੈ, ਪਰ ਇਹ ਨਹੀ ਪਤਾ ਕਿੱਥੇ?
ਭਾਨੋ ਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਣ ਲੱਗੇ ।
ਦਰਅਸਲ ਭਾਨੋ ਕਰਤਾਰੇ ਦੀ ਲਾਡਲੀ ਧੀ ਸੀ।ਪੜ੍ਹੀ ਭਾਵੇਂ ਉਹ 8 ਹੀ ਸੀ ਪਰ ਘਰ ਦੇ ਕੰਮ ਕਾਜ ਦੇ ਨਾਲ ਨਾਲ ਉਹ ਸਿਲਾਈ ਕਢਾਈ, ਖੇਸ ਨਗੁੰਦਣੇ ਤੇ ਪੱਖੀਆਂ ਬੁਣਨੀਆ ਵੀ ਸਿਖੀ ਹੋਈ ਸੀ।
ਜਿੰਨੀ ਉਹ ਸੋਹਣੀ ਸੀ ਉਨੀ ਸਿਆਣੀ ਵੀ।
ਮਾਪਿਆਂ ਦਾ ਕਹਿਆ ਉਹ ਕਦੇ ਨਾ ਮੋੜਦੀ। ਉਹ ਪਿੰਡ 'ਚ ਨਵ ਵਿਆਹੀਆਂ ਆਈਆਂ ਕੁੜੀਆਂ ਨਾਲ ਗਲਾਂ ਕਰਨੀਆਂ ਜਿਆਦਾ ਪਸੰਦ ਕਰਦੀ।ਪਿੰਡੋਂ ਬਾਹਰ ਤੀਆਂ ਵਾਲੇ ਖੂਹ ਤੇ ਤੀਆਂ ਦੇ ਤਿਉਹਾਰ ਤੇ ਉਹ ਖੂਬ ਬੋਲੀਆਂ, ਗੀਤ ਗਾਉਂਦੀ ।
ਨਵ ਵਿਆਹੀਆਂ ਕੁੜੀਆਂ ਜਦੋਂ ਤੀਆਂ ਤੇ ਆਉਦੀਆ ਉਨ੍ਹਾਂ ਨਾਲ ਬੈਠ ਕੇ ਉਹ ਚਰਖੇ ਕਤਦੀ ਤੇ ਪੀਘਾਂ ਝੂਟਿਆ ਕਰਦੀ।
ਗੁੱਡੇ ਗੁਡੀਆ ਦੇ ਉਹ ਸਹੇਲੀਆਂ ਨਾਲ ਰਲ ਕੇ ਵਿਆਹ ਕਰਦੀ।
ਦਿਨ ਚੜਦਿਆ ਹੀ ਭਾਨੋ ਸੋਹਣੇ ਕਪੜੇ ਪਾ ਕੇ ਤਿਆਰ ਹੋ ਗਈ।
ਸਵਰਨੋ ਨੇ ਭਾਨੋ ਨੂੰ ਫੁਲਕਾਰੀ ਦਿੰਦਿਆ ਕਿਹਾ ਨਵੀ ਜੁੱਤੀ ਪੈਰੀਂ ਪਾ ਲੈ ਜਿਹੜੀ ਪਰਸੋਂ ਲਿਆਂਦੀ ਐ।
ਭਾਨੋ ਫਿਰ ਪੁੱਛਿਆ ਬਾਪੂ ਐਨਾ ਤਿਆਰ ਹੋਣ ਦੀ ਕੀ ਲੋੜ ਐ ਆਪਾਂ ਕਿਹੜਾ ਵਿਆਹ ਤੇ ਚੱਲੇ ਆ, ਸ਼ਹਿਰ ਹੀ ਤਾਂ ਜਾਣਾ ਹੋਣਾਂ ਐ।ਸਚ ਐਤਕੀਂ ਮੈਨੂੰ ਸ਼ਹਿਰੋਂ ਨਾਬੀ ਰੰਗ ਦਾ ਸੂਟ ਵੀ ਲੈ ਕੇ ਦੇਣਾ ਐ।
ਨਵੇਂ ਕੁੜਤੇ 'ਚ ਬਾਪੂ ਨੂੰ ਦੇਖਦਿਆ ਭਾਨੋ ਨੇ ਕਿਹਾ! ਬਾਪੂ ਤਾਂ ਅੱਜ ਐਂ ਤਿਆਰ ਹੋਇਆ ਜਿਵੇਂ ਮੁਕਲਾਵਾ ਲੈਣ ਚਲਿਆ ਹੋਵੇ ।
ਇਹ ਸੁਣਦਿਆਂ ਕਰਤਾਰੇ ਦੇ ਮੂੰਹ ਤੇ ਥੋੜਾ ਹਾਸਾ ਆਇਆ ਤੇ ਸਵਰਨੋ ਨੂੰ ਕਹਿੰਦਾ ਲੈ ਦੇਖ ਲਾ ਸਵਰਨੋ ਹੁਣ ਇਹਨੂੰ ਵੀ ਗੱਲਾਂ ਆਉਣ ਲੱਗ ਪਈਆਂ ।
ਘਰ ਦੇ ਵੱਡੇ ਗੇਟ ਅਗੋ ਹਾਰਨ ਦੀ ਆਵਾਜ਼ ਆਉਂਦੀ ।
ਸਰਪੰਚਾਂ ਦੇ ਮੁੰਡੇ ਨੇ ਦਰਵਾਜ਼ੇ ਕੋਲ ਖੜੋ ਕਿ ਅਵਾਜ ਮਾਰੀ, ਕਰਤਾਰਿਆ! ਛੇਤੀ ਆਜਾ ਆਪਾਂ ਪਹਿਲਾਂ ਹੀ ਬੜਾ ਲੇਟ ਆਂ।
ਆ ਗਏ ਬਾਈ ਆ ਗਏ ।ਕਰਤਾਰੇ ਨੇ ਕਿਹਾ ।
ਇਸ ਤੋਂ ਪਹਿਲਾਂ ਕਿ ਭਾਨੋ ਪੁੱਛਦੀ ਕਿ ਆਪਾਂ ਕਾਰ ਤੇ ਸ਼ਹਿਰ ਜਾਣਾਂ ਐ,
ਸਵਰਨੋ ਨੇ ਕਾਹਲੀ 'ਚ ਮੰਜੇ ਤੇ ਪਿਆ ਝੋਲਾ ਚੁਕਿਆ ਤੇ ਭਾਨੋ ਦੀ ਬਾਂਹ ਫੜ੍ਹ ਕੇ ਕਾਹਲੀ ਕਾਹਲੀ ਤੁਰਦੀ ਹੋਈ ਕਾਰ ਕੋਲ ਆ ਗਈ ।
ਕਰਤਾਰੇ ਨੇ ਪੁੱਛਿਆ ਜਿੰਦਾ ਲਾਏ ਆ ਚੰਗੀ ਤਰ੍ਹਾਂ ?
ਇਹ ਸੁਣਦਿਆਂ ਹੀ ਛਿੰਦਾ ਬੋਲਿਆ "ਕਰਤਾਰਿਆ! ਇੱਥੇ ਕਿਹੜਾ ਖ਼ਜ਼ਾਨਾ ਪਿਆ ਐ ਜਿਹੜਾ ਕੋਈ ਲੁੱਟਣ ਆਜੂ।ਛੇਤੀ ਬੈਠੋ ਗੱਡੀ ਚ ਮੋੜ ਤੇ ਖੜ੍ਹਾ ਭਾਪਾ ਉਡੀਕੀ ਜਾਂਦਾ ਹੈ।"
ਕਾਰ 'ਚ ਬੈਠਦਿਆਂ ਹੀ ਭਾਨੋ ਨੇ ਕਿਹਾ ਛਿੰਦਿਆ! ਕਾਰ ਹੌਲੀ ਚਲਾਈ ਦੇਖੀਂ ਕਿਤੇ ਸਾਨੂੰ ਸੱਟ ਨਾਲ ਲਾ ਦੀ, ਹੱਸਦਿਆਂ ਹੋਇਆਂ ਛਿੰਦੇ ਨੇ ਕਿਹਾ ਤੂੰ ਚਿੰਤਾ ਨਾ ਕਰ ਭਾਨੋ ਤੈਨੂੰ ਕੁਝ ਨਹੀਂ ਹੁੰਦਾ।
ਮੋੜ ਤੋਂ ਰਾਮੇ ਨੂੰ ਕਾਰ 'ਚ ਬਿਠਾ ਕੇ ਜਦੋਂ ਸ਼ਹਿਰ ਗੁਰਦੁਆਰੇ ਪਹੁੰਚੇ ਤਾਂ ਰਾਮੇ ਨੇ ਕਿਹਾ ਕਰਤਾਰਿਆ ਪੈਸੇ ਤਾਂ ਪੂਰੇ ਲਿਆਂਦੇ ਆ ਨਾ, ਜੇ ਕੰਮ ਫਿੱਟ ਆ ਗਿਆ ਆਪਾਂ ਉੱਥੋਂ ਹੀ ਤੋਰ ਦੇਣਾ ਏ, ਪਰਿਵਾਰ ਬੜਾ ਚੰਗਾ ਐ।
ਉਨਾਂ ਨੂੰ ਬਸ ਕੁੜੀ ਪਸੰਦ ਆਜੇ ।
ਭਾਨੋ ਆਖਣ ਲਗੀ ਚਾਚਾ ਇੱਥੇ ਕਿਸੇ ਦਾ ਠਾਕਾ ਲੱਗਣਾ ਐ।
ਸਵਰਨੋ ਨੇ ਭਾਨੋ ਦਾ ਘੁੰਡ ਕੱਢਿਆ,
ਇਸ ਤੋਂ ਪਹਿਲਾਂ ਕਿ ਭਾਨੋ ਕੁਝ ਹੋਰ ਪੁੱਛਦੀ ਚਾਰ ਬੰਦੇ ਤੇ ਇਕ ਜਨਾਨੀ ਨੇ ਆਕੇ ਸਤਿ ਸ੍ਰੀ ਅਕਾਲ ਕੀਤੀ, ਇਧਰੋਂ ਸਾਰਿਆਂ ਨੇ ਜਵਾਬ ਦਿੱਤਾ ਤੇ ਇਕ ਖੁਲ੍ਹੀ ਜਗ੍ਹਾ ਤੇ ਚਲੇ ਗਏ।
ਰਾਮਾਂ ਭਾਨੋ ਵੱਲ ਦੇਖਦਾ ਹੋਇਆ ਬੋਲਿਆ "ਮਾਸੜਾ! ਇਹ ਹੈ ਕੁੜੀ, ਪੂਰੀਆਂ ਅੱਠ ਪੜ੍ਹੀ ਐ ਤੇ ਘਰ ਦਾ ਸਾਰਾ ਕੰਮ ਕਾਜ ਚੰਗੀ ਤਰ੍ਹਾਂ ਜਾਣਦੀ ਐ, ਬਾਕੀ ਤੁਹਾਡੇ ਸਾਹਮਣੇ ਆ ਜੋ ਕੁਝ ਪੁਛਣਾ ਪੁਛ ਲਵੋ।"
ਥੋੜਾ ਜਿਹਾ ਪਾਸੇ ਜਿਹਾ ਹੋਕੇ ਉਧਰੋਂ ਆਏ ਬੰਸੇ ਮਾਸੜ ਨੇ ਰਾਮੇ ਨੂੰ ਅਵਾਜ ਮਾਰੀ ਤੇ ਕਿਹਾ ਕੁੜੀ ਸਾਨੂੰ ਪਸੰਦ ਐ, ਬਾਕੀ ਤੈਨੂੰ ਉਹ ਪੈਸਿਆਂ ਬਾਰੇ ਕਿਹਾ ਸੀ।
ਉਹਦੀ ਤੂੰ ਫਿਕਰ ਨਾ ਕਰ ਮਾਸੜਾ ਸਭ ਇੰਤਜ਼ਾਮ ਪੂਰਾ ਐ।ਤੁਹਾਨੂੰ ਕੁੜੀ ਪਸੰਦ ਐ ਨਾ।ਬਸ ਠੀਕ ਐ ਫਿਰ।
ਰਾਮਾ ਜਾ ਕੇ ਕਰਤਾਰੇ ਨੂੰ ਕਹਿੰਦਾ ਕਿ ਉਨ੍ਹਾਂ ਨੂੰ ਭਾਨੋ ਪਸੰਦ ਐ ।
ਮੁੰਡਾ ਥੋੜਾ ਲੰਘ ਜਰੂਰ ਮਾਰਦਾ, ਬਾਕੀ 12 ਕਿਲੇ ਜਮੀਨ ਆਉਂਦੀ ਐ, ਉਮਰ ਵਿਚ ਵੀ ਭਾਨੋ ਤੋਂ ਖਾਸ ਵੱਡਾ ਨਹੀ।
ਭਾਨੋ ਬੋਲੀ ਬੇਬੇ ਤੁਸੀਂ ਮੇਰਾ ਰਿਸ਼ਤਾ ਕਰਨ ਆਏ ਹੋ ਮੈਨੂੰ ਦਸਿਆ ਵੀ ਨਹੀ, ਭਾਨੋ ਦੇ ਹੌਰ ਭੌਰ ਉੱਡ ਗਏ।
ਸਵਰਨੋ ਕਹਿੰਦੀ ਧੀਏ ਇਹੋ ਜਿਹੇ ਰਿਸ਼ਤੇ ਮਿਲਣੇ ਕਿਹੜਾ ਸੌਖੇ ਹੁੰਦੇ ਨੇ, ਭਾਨੀ ਮਾਰਨ ਵਾਲੇ ਵੀ ਬਥੇਰੇ ਮਿਲ ਜਾਂਦੇ ਨੇ।
ਇਹ ਤਾਂ ਭਲਾ ਹੋਵੇ ਰਾਮੇ ਦਾ ਜਿਹਨੇ ਇਹ ਰਿਸ਼ਤੇ ਦੀ ਦੱਸ ਪਾਈ ।
ਧੀਆਂ ਜਦੋ ਵਿਹੜੇ ਜਵਾਨ ਹੋ ਜਾਣ ਤਾਂ ਫਿਕਰਾਂ ਵੱਢ ਵੱਢ ਖਾਂਦੀਆਂ ਨੇ।
ਜਮੀਨ ਆਪਣੀ ਗਹਿਣੇ ਪਈ ਐ, ਆਹ ਪੈਸੇ ਆੜ੍ਹਤੀਏ ਤੋਂ ਮੰਗ ਕੇ ਲਿਆਂਦੇ ਨੇ ਤੇਰੇ ਪਿਉ ਨੇ ।
ਬੜਾ ਸੁਖੀ ਪਰਿਵਾਰ ਐ, ਹਮੇਸ਼ਾ ਤੈਨੂੰ ਸੁਖੀ ਹੀ ਰੱਖੇਗਾ।
ਤੂੰ ਸਿਆਣੀ ਬਣ ਕੇ ਰਹੀ ਕੋਈ ਉਲਾਂਮਾ ਨਾ ਆਵੇ ਤੇਰਾ।
ਰਾਮਾਂ ਆਕੇ ਫਿਰ ਬੋਲਿਆ "ਮੈ ਪਾਠੀ ਨੂੰ ਕਹਿ ਆਇਆ ਹਾਂ ਫੇਰੇ ਕਰੀਏ ਤੇ ਕੁੜੀ ਤੋਰੀਏ, ਇਹਨਾ ਦੂਰ ਬਹੁਤ ਜਾਣਾ ਐ, ਪਹੁੰਚਦਿਆਂ ਪਹੁੰਚਦਿਆਂ ਆਥਣ ਹੋ ਜਾਣੀ ਐ ।"
ਰਾਮਾਂ ਕਰਤਾਰੇ ਨੂੰ ਜਫੀ ਪਾਉਂਦਾ ਹੋਇਆ ਕਹਿੰਦਾ "ਵਧਾਈ ਹੋਵੇ ਕਰਤਾਰਿਆ।"
ਕੁਝ ਸਮੇਂ ਬਾਅਦ ਫੇਰੇ ਕਰਕੇ ਧੀ ਨੂੰ ਭਿੱਜੀਆ ਅੱਖਾਂ ਨਾਲ ਵਿਦਾਇਗੀ ਦਿੰਦਿਆ ਉਹਨੂੰ ਕਾਰ 'ਚ ਬਿਠਾ ਕੇ ਤੋਰ ਦਿਤਾ ਜਾਂਦਾ ਐ।
ਭਾਨੋ ਦੇ ਵਿਆਹ ਦਾ ਚਾਅ ਅਧੂਰਾ ਰਹਿ ਜਾਂਦਾ ਐ।
ਤੀਹ ਸਾਲਾ ਦੇ ਨਸ਼ੇੜੀ ਤੇ ਲੰਗੇ ਨਾਲ ਅਠਾਰਾਂ ਸਾਲਾਂ ਦੀ ਕੁੜੀ ਰਾਜਸਥਾਨ ਤੋਰ ਦਿੱਤੀ ਜਾਂਦੀ ਐ ।
ਜਿਥੇ ਨਾ ਚਿਠੀ ਪਹੁੰਚਦੀ ਨਾ ਕੋਈ ਤਾਰ ।
ਇਕ ਮਹੀਨਾ ਭਾਨੋ ਦੇ ਵਿਆਹ ਨੂੰ ਹੋ ਜਾਂਦਾ ਐ ਤੇ ਭਾਨੋ ਦੀ ਕੋਈ ਖਬਰਸਾਰ ਨਹੀ ।
ਦੋ ਮਹੀਨਿਆਂ ਬਾਅਦ ਭਾਨੋ ਦੇ ਸਾਹਰਿਆ ਵਲੋ ਇਕ ਖਤ ਆਉਦਾ ਹੈ।
ਖਤ ਵਿਚ ਉਹ ਆਪਣੇ ਮਾਂ ਬਾਪ ਨੂੰ ਮਿਲਣ ਲਈ ਤਰਲੇ ਪਾਉਂਦੀ ਹੈ, ਘਰ ਵਿਚ ਸਾਂਭ ਕੇ ਰੱਖੇ ਹੋਏ ਉਹਦੇ ਗੁੱਡੀਆ ਪਟੋਲੇ ਤੇ ਸ਼ਹਿਰੋਂ ਲਿਆਂਦੀਆਂ ਪੰਜੇਬਾਂ ਪਾਉਣ ਨੂੰ ਤਰਸਦੀ ਐ।
ਬਾਪ ਨੂੰ ਕੀਰਨੇ ਪਾਉਂਦੀ ਹੋਈ ਕਹਿੰਦੀ "ਐ ਬਾਬਲ! ਮੈ ਤਰਸਦੀ ਆ ਤੇਰੇ ਵਿਹੜੇ ਨੂੰ, ਮੈਨੂੰ ਆ ਕੇ ਲੈ ਜਾ । ਹੱਸਣ ਖੇਡਣ ਦੀ ਉਮਰ ਚ ਤੂੰ ਮੇਰਾ ਵਿਆਹ ਕਰ ਦਿੱਤਾ।
ਮੈ ਤਾਂ ਆਪਣੇ ਵਿਆਹ ਦੇ ਚਾਅ ਵੀ ਨਾ ਪੂਰੇ ਕਰ ਸਕੀ।
ਤੂੰ ਮੈਨੂੰ ਏਨੀ ਦੂਰ ਕਿਉਂ ਤੋਰ ਦਿੱਤਾ?
ਮੈਂ ਤਾਂ ਅਜੇ ਚਾਦਰਾਂ ਦੀ ਕਢਾਈ ਵੀ ਬੇਬੇ ਤੋਂ ਸਿੱਖਣੀ ਸੀ।
ਤੂੰ ਮੇਰੇ ਵਿਆਹ ਵੇਲੇ ਮੁੰਡਾ ਵੀ ਦੇਖਿਆ ਨਾ, ਅੱਧਬੁੱਢੇ ਨਾਲ ਮੇਰਾ ਵਿਆਹ ਕਰ ਦਿੱਤਾ, ਮੇਰਾ ਵੀਰ ਹੁੰਦਾ ਤਾਂ ਇਹ ਨਾ ਹੋਣ ਦਿੰਦਾ।ਕੁੜੀਆਂ ਤਾਂ ਚਿੜੀਆਂ ਦੇ ਚੰਬਾ ਵਾਂਗ ਨੇ ਇਕ ਨਾ ਇਕ ਦਿਨ ਤਾਂ ਉੱਡ ਹੀ ਜਾਣਾ ਹੁੰਦਾ ਐ।
ਮੇਰੇ ਤੇ ਤਾਂ ਬੇਬੇ ਨੇ ਕਦੇ ਹੱਥ ਨਹੀ ਚੁਕਿਆ, ਏਥੇ ਸਾਰਾ ਟੱਬਰ ਮੈਨੂੰ ਕੁੱਟਦਾ ਐ।ਮੈਨੂੰ ਪੇਕੇ ਆਉਣ ਨਹੀ ਦਿੰਦੇ ।ਇਕ ਵਾਰੀ ਤਾਂ ਆ ਕੇ ਮੈਨੂੰ ਮਿਲ ਜੋ ਮੈ ਤਰਸਦੀ ਹਾਂ।"
ਹੰਝੂਆਂ ਭਰੇ ਖੱਤ ਪੜ੍ਹ ਕਰਤਾਰਾ ਰੋਂਦਾ ਤੇ ਕਰਲਾਉਦਾ ਆਪਣੀ ਭਾਨੋ ਨੂੰ ਯਾਦ ਕਰਦਾ।
ਮਨ ਹੀ ਮਨ ਸੋਚਦਾ ਭਾਨੋ ਨੂੰ ਤਾਂ ਇਹ ਵੀ ਨਹੀ ਪਤਾ ਕਿ ਉਹਦੀ ਮਾਂ ਵੀ ਚੜ੍ਹਾਈ ਕਰ ਗਈ ਐ, ਮੈ ਵੀ ਇਕੱਲਾ ਰਹਿ ਗਿਆ ਹਾਂ। ਲੱਤ ਦੇ ਟੁੱਟ ਜਾਣ ਤੇ ਮੈ ਉਹਨੂੰ ਮਿਲਣ ਵੀ ਨਹੀ ਜਾ ਸਕਦਾ।ਚਿਠੀ ਨੂੰ ਛਾਤੀ ਨਾਲ ਲਾਉਦਾ ਹੋਇਆ ਉਹ ਕਹਿੰਦਾ ਮੈ ਆਪਣੀ ਧੀ ਲਈ ਕੋਈ ਚੱਜ ਦਾ ਨੇੜੇ ਘਰ ਨਹੀ ਲੱਭ ਸਕਿਆ।"
ਨਾਲਦੇ ਪਿੰਡ 'ਚੋਂ ਰਿਸ਼ਤਾ ਵੀ ਆਉਂਦਾ ਸੀ ਭਾਨੋ ਲਈ ਮੈ ਨਾਂਹ ਕਰ ਦਿਤੀ ।ਧੀਏ ਮੈ ਤੇਰਾ ਦੋਖੀ ਹਾਂ ਮੈਨੂੰ ਮਾਫ ਕਰੀਂ ।