Sadachar Da Taveet : Harishankar Parsai

ਸਦਾਚਾਰ ਦਾ ਤਵੀਤ (ਵਿਅੰਗ) : ਹਰੀਸ਼ੰਕਰ ਪਰਸਾਈ

ਇੱਕ ਮੁਲਕ ਵਿੱਚ ਰੌਲਾ ਪਿਆ ਕਿ ਭ੍ਰਿਸ਼ਟਾਚਾਰ ਬਹੁਤ ਵਧ ਗਿਆ ਹੈ। ਉਥੋਂ ਦੇ ਰਾਜੇ ਨੇ ਇੱਕ ਦਿਨ ਦਰਬਾਰੀਆਂ ਨੂੰ ਕਿਹਾ, ‘‘ਪਰਜਾ ਬਹੁਤ ਦੁਹਾਈ ਦੇ ਰਹੀ ਹੈ ਕਿ ਹਰ ਥਾਂ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਮੈਨੂੰ ਤਾਂ ਅੱਜ ਤੱਕ ਕਿਤੇ ਨਹੀਂ ਦਿਸਿਆ। ਤੁਹਾਨੂੰ ਕਿਧਰੇ ਦਿਖਾਈ ਦਿੱਤਾ ਹੋਵੇ ਤਾਂ ਦੱਸੋ।”
ਦਰਬਾਰੀਆਂ ਨੇ ਕਿਹਾ, ‘‘ਜਦੋਂ ਹਜ਼ੂਰ ਨਹੀਂ ਦਿਸਿਆ ਤਾਂ ਸਾਨੂੰ ਕਿਵੇਂ ਦਿੱਸ ਸਕਦਾ ਹੈ?”
ਰਾਜੇ ਨੇ ਕਿਹਾ, ‘‘ਨਹੀਂ, ਇਉਂ ਨਹੀਂ। ਕਦੇ ਕਦੇ ਜੋ ਕੁਝ ਮੈਨੂੰ ਨਹੀਂ ਦਿਸਦਾ, ਉਹ ਤੁਹਾਨੂੰ ਵੀ ਦਿੱਸਦਾ ਹੋਵੇਗਾ। ਜਿਵੇਂ ਮੈਨੂੰ ਕਦੇ ਬੁਰੇ ਸੁਫਨੇ ਨਹੀਂ ਆਉਂਦੇ, ਪਰ ਤੁਹਾਨੂੰ ਆਉਂਦੇ ਹੋਣਗੇ।”
ਦਰਬਾਰੀਆਂ ਨੇ ਕਿਹਾ, ‘‘ਮਹਾਰਾਜ, ਬੁਰੇ ਸੁਫਨੇ ਤਾਂ ਆਉਂਦੇ ਹਨ, ਪਰ ਉਹ ਸੁਫਨਿਆਂ ਦੀ ਗੱਲ ਹੈ।”
ਰਾਜਾ ਕਹਿਣ ਲੱਗਾ, ‘‘ਫਿਰ ਵੀ ਤੁਸੀਂ ਸਾਰੇ ਮੁਲਕ ਵਿੱਚ ਲੱਭਣ ਦੀ ਕੋਸ਼ਿਸ਼ ਕਰੋ ਕਿ ਕਿਧਰੇ ਭ੍ਰਿਸ਼ਟਾਚਾਰ ਹੈ ਤਾਂ ਨਹੀਂ। ਜੇ ਕਿਧਰੇ ਮਿਲ ਜਾਵੇ ਤਾਂ ਮੈਨੂੰ ਦਿਖਾਉਣ ਲਈ ਨਮੂਨੇ ਲੈ ਆਉਣਾ। ਮੈਂ ਵੀ ਦੇਖਾਂ ਕਿ ਕਿਹੋ ਜਿਹਾ ਹੁੰਦਾ ਹੈ।”

ਇੱਕ ਦਰਬਾਰੀ ਬੋਲਿਆ, ‘‘ਹਜ਼ੂਰ, ਉਹ ਸਾਨੂੰ ਨਹੀਂ ਦਿੱਸਣਾ। ਸੁਣਿਐ, ਉਹ ਬਹੁਤ ਬਰੀਕ ਹੁੰਦਾ ਹੈ। ਸਾਡੀਆਂ ਅੱਖਾਂ ਤੁਹਾਡੀ ਵਿਰਾਟਤਾ ਨੂੰ ਦੇਖਣਾ ਗਿੱਝ ਗਈਆਂ ਹਨ, ਇਸ ਲਈ ਸਾਨੂੰ ਬਰੀਕ ਸ਼ੈਅ ਦਿਖਾਈ ਨਹੀਂ ਦਿੰਦੀ। ਸਾਨੂੰ ਭ੍ਰਿਸ਼ਟਾਚਾਰ ਵਿੱਚ ਵੀ ਤੁਹਾਡੀ ਸੂਰਤ ਦਿੱਸੇਗੀ, ਕਿਉਂਕਿ ਸਾਡੀਆਂ ਅੱਖਾਂ ਵਿੱਚ ਤੁਹਾਡੀ ਚਿਹਰਾ ਹੀ ਵਸਿਆ ਹੈ। ਆਪਣੇ ਮੁਲਕ ਵਿੱਚ ‘ਮਾਹਿਰ’ ਨਾਂਅ ਦਾ ਭਾਈਚਾਰਾ ਰਹਿੰਦਾ ਹੈ। ਇਨ੍ਹਾਂ ਲੋਕਾਂ ਕੋਲ ਅਜਿਹਾ ਸੁਰਮਾ ਹੈ ਜਿਸ ਨੂੰ ਅੱਖਾਂ ਵਿੱਚ ਪਾ ਕੇ ਬਰੀਕ ਚੀਜ਼ ਵੀ ਦੇਖ ਲੈਂਦੇ ਹਨ। ਬੇਨਤੀ ਹੈ ਕਿ ਭ੍ਰਿਸ਼ਟਾਚਾਰ ਲੱਭਣ ਦਾ ਕੰਮ ਇਨ੍ਹਾਂ ‘ਮਾਹਿਰਾਂ' ਨੂੰ ਸੌਂਪਿਆ ਜਾਵੇ।”

ਰਾਜੇ ਨੇ ‘ਮਾਹਿਰ’ ਭਾਈਚਾਰੇ ਦੇ ਪੰਜ ਬੰਦੇ ਬੁਲਾਏ ਅਤੇ ਕਿਹਾ, ‘‘ਸੁਣਿਐ ਕਿ ਸਾਡੇ ਰਾਜ ਵਿੱਚ ਭ੍ਰਿਸ਼ਟਾਚਾਰ ਹੈ, ਪਰ ਇਹ ਪਤਾ ਨਹੀਂ ਲੱਗਦਾ ਕਿ ਹੈ ਕਿੱਥੇ। ਤੁਸੀਂ ਉਸ ਬਾਰੇ ਪਤਾ ਕਰੋ। ਜੇ ਮਿਲ ਜਾਵੇ ਤਾਂ ਫੜ ਕੇ ਲੈ ਆਉਣਾ। ਜੇ ਬਹੁਤਾ ਹੋਵੇ ਤਾਂ ਨਮੂਨੇ ਵਜੋਂ ਥੋੜ੍ਹਾ ਜਿਹਾ ਲੈ ਆਇਓ।”

ਮਾਹਿਰਾਂ ਨੇ ਉਸ ਦਿਨ ਤੋਂ ਛਾਣਬੀਣ ਸ਼ੁਰੂ ਕਰ ਦਿੱਤੀ। ਉਹ ਫਿਰ ਦੋ ਮਹੀਨਿਆਂ ਮਗਰੋਂ ਦਰਬਾਰ ਵਿੱਚ ਹਾਜ਼ਰ ਹੋਏ। ਰਾਜੇ ਨੇ ਪੁੱਛਿਆ, ‘‘ਮਾਹਿਰੋ, ਤੁਹਾਡੀ ਜਾਂਚ ਪੂਰੀ ਹੋ ਗਈ? ਤੁਹਾਨੂੰ ਭ੍ਰਿਸ਼ਟਾਚਾਰ ਮਿਲਿਆ?”
‘‘ਹਾਂ ਜੀ ਮਹਾਰਾਜ, ਬਹੁਤ ਜ਼ਿਆਦਾ ਮਿਲਿਆ।”
ਰਾਜੇ ਨੇ ਹੱਥ ਵਧਾਉਂਦਿਆਂ ਕਿਹਾ, ‘‘ਲਿਆਓ, ਦਿਖਾਓ ਤਾਂ ਸਹੀ ਕਿਹੋ ਜਿਹਾ ਹੁੰਦਾ ਹੈ।”
ਮਾਹਿਰਾਂ ਨੇ ਕਿਹਾ, ‘‘ਹਜ਼ੂਰ, ਹੱਥ ਨਾਲ ਫੜਿਆ ਨਹੀਂ ਜਾਂਦਾ। ਇਹ ਸਥੂਲ ਨਹੀਂ, ਸਗੋਂ ਸੂਖਮ ਹੈ, ਅਗੋਚਰ ਹੈ, ਪਰ ਹਰ ਥਾਂ ਮੌਜੂਦ ਹੈ। ਉਹ ਦਿਖਾਈ ਨਹੀਂ ਦਿੰਦਾ, ਮਹਿਸੂਸ ਕੀਤਾ ਜਾ ਸਕਦਾ ਹੈ।”
ਰਾਜਾ ਸੋਚੀਂ ਪੈ ਗਿਆ। ਆਖਣ ਲੱਗਾ, ‘‘ਇਹ ਸਾਰੇ ਗੁਣ ਤਾਂ ਰੱਬ ਦੇ ਹਨ। ਕੀ ਰੱਬ ਭ੍ਰਿਸ਼ਟਾਚਾਰ ਹੈ?”
ਮਾਹਿਰਾਂ ਨੇ ਕਿਹਾ, ‘ਹਾਂ ਜੀ ਮਹਾਰਾਜ, ਅੱਜ ਕੱਲ੍ਹ ਭ੍ਰਿਸ਼ਟਾਚਾਰ ਹੀ ਰੱਬ ਹੋ ਗਿਆ ਹੈ।”
ਇੱਕ ਦਰਬਾਰੀ ਨੇ ਪੁੱਛਿਆ, ‘‘...ਪਰ ਹੈ ਕਿੱਥੇ? ਕਿਵੇਂ ਮਹਿਸੂਸ ਹੁੰਦਾ ਹੈ?”
ਮਾਹਿਰਾਂ ਨੇ ਜਵਾਬ ਦਿੱਤਾ, ‘‘ਉਹ ਸਰਬ ਵਿਆਪਕ ਹੈ। ਇਥੇ ਵੀ ਹੈ। ਮਹਾਰਾਜ ਦੇ ਸਿੰਘਾਸਨ ਵਿੱਚ ਵੀ ਹੈ।”
‘‘ਸਿੰਘਾਸਨ ਵਿੱਚ ਹੈ..’’ ਇਹ ਕਹਿ ਕੇ ਰਾਜਾ ਛਾਲ ਮਾਰ ਕੇ ਦੂਰ ਖੜੋ ਗਿਆ।

ਮਾਹਿਰਾਂ ਨੇ ਕਿਹਾ, ‘‘ਹਾਂ ਮਹਾਰਾਜ, ਸਿੰਘਾਸਨ ਵਿੱਚ ਹੈ। ਪਿਛਲੇ ਮਹੀਨੇ ਇਸ ਸਿੰਘਾਸਨ ਉੱਤੇ ਰੰਗ ਕਰਨ ਦੇ ਬਿਲ ਦਾ ਭੁਗਤਾਨ ਕੀਤਾ ਗਿਆ, ਉਹ ਬਿਲ ਝੂਠਾ ਹੈ। ਬਿਲ ਰਾਹੀਂ ਅਸਲ ਨਾਲੋਂ ਦੁੱਗਣੀ ਰਕਮ ਵਸੂਲੀ ਗਈ ਹੈ। ਅੱਧਾ ਪੈਸਾ ਵਿਚੋਲੇ ਖਾ ਗਏ। ਤੁਹਾਡੇ ਪੂਰੇ ਰਾਜ ਵਿੱਚ ਵੱਢੀ ਦੇ ਰੂਪ ਵਿੱਚ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ।”

ਇਹ ਸੁਣ ਕੇ ਰਾਜਾ ਫਿਕਰਮੰਦ ਹੋ ਗਿਆ ਤੇ ਦਰਬਾਰੀਆਂ ਦੇ ਕੰਨ ਖੜ੍ਹੇ ਹੋ ਗਏ। ਰਾਜੇ ਨੇ ਕਿਹਾ, ‘‘ਇਹ ਬਹੁਤ ਫਿਕਰ ਵਾਲੀ ਗੱਲ ਹੈ। ਮੈਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਮਿਟਾਉਣਾ ਚਾਹੁੰਦਾ ਹਾਂ। ਕੀ ਤੁਸੀਂ ਇਸ ਦਾ ਤਰੀਕਾ ਦੱਸ ਸਕਦੇ ਹੋ?”

ਮਾਹਿਰ ਆਖਣ ਲੱਗੇ, ‘‘ਹਾਂ ਜੀ ਮਹਾਰਾਜ, ਅਸੀਂ ਇਸ ਦੀ ਯੋਜਨਾ ਵੀ ਬਣਾਈ ਹੈ। ਇਸ ਲਈ ਵਿਵਸਥਾ ਵਿੱਚ ਬਹੁਤ ਤਬਦੀਲੀਆਂ ਕਰਨੀਆਂ ਪੈਣਗੀਆਂ। ਇੱਕ ਤਾਂ ਭ੍ਰਿਸ਼ਟਾਚਾਰ ਹੋਣ ਦੇ ਮੌਕੇ ਖਤਮ ਕਰਨੇ ਪੈਣਗੇ। ਠੇਕਾ ਪ੍ਰਣਾਲੀ ਹੀ ਖਤਮ ਕਰ ਦੇਣੀ ਚਾਹੀਦੀ ਹੈ। ਠੇਕੇਦਾਰ ਹਨ ਤਾਂ ਅਫਸਰ ਹਨ।”
ਰਾਜੇ ਨੇ ਕਿਹਾ, ‘‘ਚੰਗਾ, ਤੁਸੀਂ ਪੂਰੀ ਯੋਜਨਾ ਰੱਖ ਜਾਓ। ਅਸੀਂ ਤੇ ਸਾਡਾ ਦਰਬਾਰ ਉਸ ਉੱਤੇ ਵਿਚਾਰ ਕਰਾਂਗੇ।”

ਮਾਹਿਰ ਚਲੇ ਗਏ। ਰਾਜੇ ਅਤੇ ਦਰਬਾਰੀਆਂ ਨੇ ਯੋਜਨਾ ਪੜ੍ਹੀ ਅਤੇ ਉਸ ਉੱਤੇ ਵਿਚਾਰ ਵਟਾਂਦਰਾ ਕੀਤਾ। ਇਉਂ ਕਰਦਿਆਂ ਦਿਨ ਲੰਘਣ ਲੱਗੇ ਅਤੇ ਰਾਜੇ ਦੀ ਸਿਹਤ ਵਿਗੜਨ ਲੱਗੀ। ਇੱਕ ਦਿਨ ਇੱਕ ਦਰਬਾਰੀ ਨੇ ਕਿਹਾ, ‘‘ਮਹਾਰਾਜ, ਚਿੰਤਾ ਕਾਰਨ ਤੁਹਾਡੀ ਸਿਹਤ ਖਰਾਬ ਹੋ ਰਹੀ ਹੈ। ਉਨ੍ਹਾਂ ਮਾਹਿਰਾਂ ਨੇ ਤੁਹਾਨੂੰ ਯੱਭ ਪਾ ਦਿੱਤਾ।”
ਰਾਜਾ ਕਹਿਣ ਲੱਗਿਆ, ‘‘ਹਾਂ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ।”
ਦੂਜਾ ਦਰਬਾਰੀ ਬੋਲਿਆ, ‘‘ਮਹਾਰਾਜ ਦੀ ਨੀਂਦ ਉਡਾ ਦੇਣ ਵਾਲੀ ਰਿਪੋਰਟ ਨੂੰ ਅੱਗ ਲਾ ਦੇਣੀ ਚਾਹੀਦੀ ਹੈ।”
ਰਾਜੇ ਨੇ ਪੁੱਛਿਆ, ‘‘...ਪਰ ਕੀ ਕਰੀਏ? ਤੁਸੀਂ ਵੀ ਭ੍ਰਿਸ਼ਟਾਚਾਰ ਖਤਮ ਕਰਨ ਸੰਬੰਧੀ ਯੋਜਨਾ ਪੜ੍ਹੀ ਹੈ। ਤੁਹਾਡਾ ਕੀ ਖਿਆਲ ਹੈ? ਕੀ ਉਸ 'ਤੇ ਅਮਲ ਕਰਨਾ ਚਾਹੀਦਾ ਹੈ?”

ਦਰਬਾਰੀਆਂ ਨੇ ਕਿਹਾ, ‘‘ਮਹਾਰਾਜ, ਉਹ ਯੋਜਨਾ ਕਾਹਦੀ ਹੈ, ਉਹ ਮੁਸੀਬਤ ਹੈ। ਉਸ ਦੇ ਮੁਤਾਬਕ ਤਾਂ ਕਿੰਨੇ ਹੀ ਬਦਲਾਅ ਕਰਨੇ ਪੈਣਗੇ। ਕਿੰਨੀ ਪ੍ਰੇਸ਼ਾਨੀ ਹੋਵੇਗੀ। ਸਾਰਾ ਪ੍ਰਬੰਧ ਉਲਟ ਪੁਲਟ ਹੋ ਜਾਵੇਗਾ। ਸਾਨੂੰ ਕੋਈ ਅਜਿਹੀ ਤਰਕੀਬ ਲੋੜੀਂਦੀ ਹੈ, ਜਿਸ ਨਾਲ ਬਿਨਾਂ ਕੋਈ ਬਦਲਾਅ ਕੀਤਿਆਂ ਭ੍ਰਿਸ਼ਟਾਚਾਰ ਖਤਮ ਹੋ ਜਾਵੇ।”
ਰਾਜੇ ਨੇ ਕਿਹਾ, ‘‘ਮੈਂ ਵੀ ਇਹੋ ਚਾਹੁੰਦਾ ਹਾਂ, ਪਰ ਇਹ ਕੀਤਾ ਕਿਵੇਂ ਜਾਵੇ? ਮੇਰੇ ਪੜਦਾਦੇ ਨੂੰ ਜਾਦੂ ਆਉਂਦਾ ਸੀ, ਮੈਨੂੰ ਉਹ ਵੀ ਨਹੀਂ ਆਉਂਦਾ। ਤੁਸੀਂ ਹੀ ਕੋਈ ਉਪਾਅ ਕਰੋ?”

ਇੱਕ ਦਿਨ ਦਰਬਾਰੀਆਂ ਨੇ ਰਾਜੇ ਸਾਹਮਣੇ ਇੱਕ ਸਾਧੂ ਨੂੰ ਪੇਸ਼ ਕਰਦਿਆਂ ਕਿਹਾ, ‘‘ਮਹਾਰਾਜ, ਪਹਾੜ ਦੀ ਕੁੰਦਰ ਵਿੱਚ ਤਪ ਕਰਦੇ ਮਹਾਨ ਸਾਧੂ ਨੂੰ ਲਿਆਏ ਹਾਂ। ਇਨ੍ਹਾਂ ਨੇ ਸਦਾਚਾਰ ਦਾ ਤਵੀਤ ਬਣਾਇਆ ਹੈ। ਮੰਤਰਾਂ ਦੀ ਸ਼ਕਤੀ ਵਾਲਾ ਇਹ ਤਵੀਤ ਪਾ ਕੇ ਮਨੁੱਖ ਇਕਦਮ ਸਦਾਚਾਰੀ ਹੋ ਜਾਂਦਾ ਹੈ।”
ਸਾਧੂ ਨੇ ਇੱਕ ਤਵੀਤ ਕੱਢ ਕੇ ਰਾਜੇ ਨੂੰ ਫੜਾ ਦਿੱਤਾ। ਉਸ ਨੂੰ ਦੇਖ ਕੇ ਪੁੱਛਿਆ, ‘‘ਬਾਬਾ ਜੀ, ਮੈਨੂੰ ਇਸ ਤਵੀਤ ਬਾਰੇ ਦੱਸੋ। ਇਸ ਨਾਲ ਮਨੁੱਖ ਸਦਾਚਾਰੀ ਕਿਵੇਂ ਹੋ ਜਾਂਦਾ ਹੈ?”

ਸਾਧੂ ਨੇ ਸਮਝਾਇਆ, ‘‘ਮਹਾਰਾਜ, ਭ੍ਰਿਸ਼ਟਾਚਾਰ ਤੇ ਸਦਾਚਾਰ ਮਨੁੱਖ ਦੀ ਆਤਮਾ ਵਿੱਚ ਹੁੰਦਾ ਹੈ, ਬਾਹਰ ਕਿਧਰੇ ਨਹੀਂ। ਵਿਧਾਤਾ ਮਨੁੱਖ ਨੂੰ ਬਣਾਉਂਦੇ ਸਮੇਂ ਕਿਸੇ ਵਿੱਚ ਇਮਾਨਦਾਰੀ ਤੇ ਕਿਸੇ ਵਿੱਚ ਬੇਈਮਾਨੀ ਦਾ ਸਾਜ਼ ਫਿੱਟ ਕਰ ਦਿੰਦਾ ਹੈ। ਇਸ ਸਾਜ਼ ਵਿੱਚੋਂ ਇਮਾਨਦਾਰੀ ਜਾਂ ਬੇਈਮਾਨੀ ਦੇ ਸੁਰ ਨਿਕਲਦੇ ਹਨ, ਜਿਸ ਨੂੰ ‘ਆਤਮਾ ਦੀ ਪੁਕਾਰ’ ਆਖਦੇ ਹਨ। ਮਨੁੱਖ ਆਤਮਾ ਦੀ ਪੁਕਾਰ ਮੁਤਾਬਕ ਕੰਮ ਕਰਦਾ ਹੈ। ਬੇਈਮਾਨੀ ਦੇ ਸੁਰ ਨੂੰ ਦੱਬ ਕੇ ਇਮਾਨਦਾਰੀ ਦੀ ਸੁਰ ਕਿਵੇਂ ਕੱਢੀ ਜਾਵੇ, ਏਨੇ ਵਰ੍ਹਿਆਂ ਤੋਂ ਮੈਂ ਇਸੇ ਚਿੰਤਨ ਵਿੱਚ ਲੱਗਿਆ ਹਾਂ। ਹਾਲੇ ਮੈਂ ਇਹ ਸਦਾਚਾਰ ਦਾ ਤਵੀਤ ਬਣਾਇਆ ਹੈ। ਜਿਸ ਮਨੁੱਖ ਦੀ ਬਾਂਹ ਉੱਤੇ ਇਹ ਬੰਨ੍ਹਿਆ ਹੋਵੇਗਾ, ਉਹ ਸਦਾਚਾਰੀ ਹੋ ਜਾਵੇਗਾ। ਕੁੱਤੇ ਦੇ ਗਲ ਵਿੱਚ ਇਹ ਤਵੀਤ ਬੰਨ੍ਹ ਦਿੱਤਾ ਤਾਂ ਕੁੱਤਾ ਵੀ ਰੋਟੀ ਚੋਰੀ ਨਹੀਂ ਕਰੇਗਾ। ਇਹ ਤਵੀਤ ਪਾ ਕੇ ਬੇਈਮਾਨ ਵਿਅਕਤੀ ਵੀ ਇਮਾਨਦਾਰੀ ਦੀ ਸੁਰ ਸੁਣ ਕੇ ਇਮਾਨਦਾਰ ਬਣਨ ਲਈ ਪ੍ਰੇਰਿਤ ਹੋਵੇਗਾ। ਮਹਾਰਾਜ, ਇਹੀ ਇਸ ਤਵੀਤ ਦਾ ਗੁਣ ਹੈ।”
ਦਰਬਾਰ ਵਿੱਚ ਹਲਚਲ ਮਚ ਗਈ। ਦਰਬਾਰੀ ਉਠ ਉਠ ਕੇ ਤਵੀਤ ਨੂੰ ਦੇਖਣ ਲੱਗੇ।

ਰਾਜੇ ਨੇ ਖੁਸ਼ ਹੋ ਕੇ ਕਿਹਾ, ‘‘ਮੈਨੂੰ ਪਤਾ ਨਹੀਂ ਕਿ ਮੇਰੇ ਰਾਜ ਵਿੱਚ ਏਨੇ ਚਮਤਕਾਰੀ ਸਾਧੂ ਵੀ ਹਨ। ਮਹਾਤਮਾ, ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਤੁਸੀਂ ਸਾਡਾ ਸੰਕਟ ਹੱਲ ਕਰ ਦਿੱਤਾ, ਪਰ ਸਾਨੂੰ ਲੱਖਾਂ ਨਹੀਂ, ਕਰੋੜਾਂ ਦੀ ਗਿਣਤੀ ਵਿੱਚ ਤਵੀਤ ਚਾਹੀਦੇ ਹਨ। ਅਸੀਂ ਸਰਕਾਰ ਵੱਲੋਂ ਤਵੀਤਾਂ ਦਾ ਕਾਰਖਾਨਾ ਲਾ ਦਿੰਦੇ ਹਾਂ। ਤੁਸੀਂ ਇਸ ਦੇ ਜਨਰਲ ਮੈਨੇਜਰ ਬਣ ਜਾਓ ਅਤੇ ਆਪਣੀ ਨਿਗਰਾਨੀ ਵਿੱਚ ਵਧੀਆ ਤਵੀਤ ਬਣਵਾਓ।”
ਇੱਕ ਮੰਤਰੀ ਨੇ ਕਿਹਾ, ‘‘ਮਹਾਰਾਜ, ਸਰਕਾਰ ਇਸ ਮੁਸੀਬਤ ਵਿੱਚ ਕਿਉਂ ਫਸੇ? ਬੇਨਤੀ ਹੈ ਕਿ ਮਹਾਤਮਾ ਨੂੰ ਇਸ ਦਾ ਠੇਕਾ ਦੇ ਦਿੱਤਾ ਜਾਵੇ। ਉਹ ਆਪਣੀ ਮੰਡਲੀ ਤੋਂ ਤਵੀਤ ਬਣਵਾ ਕੇ ਸਾਡੇ ਮੁਲਕ ਨੂੰ ਭੇਜ ਦੇਣਗੇ।”

ਰਾਜੇ ਨੂੰ ਸੁਝਾਅ ਪਸੰਦ ਆਇਆ। ਸਾਧੂ ਨੂੰ ਠੇਕੇ ਦੇ ਕੇ ਉਸੇ ਸਮੇਂ ਪੰਜ ਕਰੋੜ ਰੁਪਏ ਪੇਸ਼ਗੀ ਰਕਮ ਦਿੱਤੇ ਗਏ। ਲੱਖਾਂ ਤਵੀਤ ਬਣ ਗਏ। ਸਰਕਾਰੀ ਹੁਕਮ ਤਹਿਤ ਸਾਰੇ ਸਰਕਾਰੀ ਮੁਲਾਜ਼ਮਾਂ ਦੀ ਬਾਂਹ 'ਤੇ ਇੱਕ ਇੱਕ ਤਵੀਤ ਬੰਨ੍ਹ ਦਿੱਤਾ ਗਿਆ। ਭ੍ਰਿਸ਼ਟਾਚਾਰ ਦੀ ਸਮੱਸਿਆ ਦਾ ਇੰਨਾ ਸੁਖਾਲਾ ਹੱਲ ਨਿਕਲਣ ਸਦਕਾ ਰਾਜਾ ਅਤੇ ਦਰਬਾਰੀ ਸਭ ਖੁਸ਼ ਸਨ।
ਰਾਜੇ ਨੂੰ ਉਤਸੁਕਤਾ ਹੋਈ ਕਿ ਦੇਖੇ ਤਾਂ ਸਹੀ, ਤਵੀਤ ਕਿਵੇਂ ਕੰਮ ਕਰਦਾ ਹੈ। ਉਹ ਭੇਸ ਬਦਲ ਕੇ ਇੱਕ ਦਫਤਰ ਵਿੱਚ ਗਿਆ। ਉਸ ਦਿਨ ਦੋ ਤਰੀਕ ਸੀ। ਇੱਕ ਦਿਨ ਪਹਿਲਾਂ ਹੀ ਤਨਖਾਹ ਮਿਲੀ ਸੀ।
ਰਾਜਾ ਇੱਕ ਮੁਲਾਜ਼ਮ ਕੋਲ ਜਾ ਕੇ ਉਸ ਨੂੰ ਇਕੱਠੇ ਕਈ ਕੰਮ ਕਰਨ ਨੂੰ ਆਖ ਕੇ ਪੰਜ ਰੁਪਏ ਦਾ ਨੋਟ ਦੇਣ ਲੱਲਾ। ਮੁਲਾਜ਼ਮ ਨੇ ਉਸ ਨੂੰ ਝਿੜਕਿਆ, ‘‘ਭੱਜ ਜਾ ਇਥੋਂ! ਵੱਢੀ ਲੈਣਾ ਪਾਪ ਹੈ।”
ਰਾਜਾ ਬਹੁਤ ਖੁਸ਼ ਹੋਇਆ ਕਿ ਤਵੀਤ ਨੇ ਮੁਲਾਜ਼ਮ ਨੂੰ ਇਮਾਨਦਾਰ ਬਣਾ ਦਿੱਤਾ।
ਕੁਝ ਦਿਨਾਂ ਬਾਅਦ ਭੇਸ ਬਦਲ ਕੇ ਉਸੇ ਮੁਲਾਜ਼ਮ ਕੋਲ ਫਿਰ ਗਿਆ। ਉਸ ਦਿਨ ਇਕੱਤੀ ਤਰੀਕ ਸੀ-ਮਹੀਨੇ ਦਾ ਆਖਰੀ ਦਿਨ। ਜਦੋਂ ਰਾਜੇ ਨੇ ਪੰਜ ਰੁਪਏ ਦਾ ਨੋਟ ਦਿਖਾਇਆ ਤਾਂ ਮੁਲਾਜ਼ਮ ਨੇ ਲੈ ਕੇ ਜੇਬ ਵਿੱਚ ਪਾ ਲਿਆ।
ਇਸ 'ਤੇ ਰਾਜੇ ਨੇ ਉਸ ਦਾ ਹੱਥ ਫੜ ਕੇ ਆਖਿਆ, ‘‘ਮੈਂ ਤੁਹਾਡੇ ਮੁਲਕ ਦਾ ਰਾਜਾ ਹਾਂ। ਕੀ ਤੂੰ ਅੱਜ ਸਦਾਚਾਰ ਦਾ ਤਵੀਤ ਨਹੀਂ ਬੰਨ੍ਹਿਆ?”
‘‘ਬੰਨ੍ਹਿਆ ਹੈ ਮਹਾਰਾਜ, ਇਹ ਦੇਖੋ।” ਉਸ ਨੇ ਕਮੀਜ਼ ਦੀ ਬਾਂਹ ਚੜ੍ਹਾ ਕੇ ਤਵੀਤ ਦਿਖਾ ਦਿੱਤਾ।

ਰਾਜਾ ਹੈਰਾਨ ਹੋ ਗਿਆ ਕਿ ਤਵੀਤ ਬੰਨ੍ਹਣ ਦੇ ਬਾਵਜੂਦ ਅਜਿਹਾ ਕਿਵੇਂ ਹੋ ਗਿਆ? ਉਸ ਨੇ ਤਵੀਤ ਨੂੰ ਕੰਨ ਲਾ ਕੇ ਸੁਣਿਆ ਤਾਂ ਉਸ 'ਚੋਂ ਆਵਾਜ਼ ਆ ਰਹੀ ਸੀ :
‘‘ਅੱਜ ਇਕੱਤੀ ਤਰੀਕ ਹੈ। ਅੱਜ ਤਾਂ ਵੱਢੀ ਲੈ ਲੈ।”

  • ਮੁੱਖ ਪੰਨਾ : ਹਰੀਸ਼ੰਕਰ ਪਰਸਾਈ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ