Sadhran De Ber (Punjabi Story) : Naurang Singh

ਸੱਧਰਾਂ ਦੇ ਬੇਰ (ਕਹਾਣੀ) : ਨੌਰੰਗ ਸਿੰਘ

ਸੰਝ ਹੋ ਗਈ ਸੀ। ਡੁਬਦੇ ਸੂਰਜ ਦੀਆਂ ਕਿਰਣਾਂ ਅਗਾੜੀ ਛਾਈ ਬਦਲੀ ਥਾਈਂ ਛਣ ਕੇ ਬ੍ਰਿਛਾਂ ਦੀਆਂ ਟੀਸੀਆਂ ਤੇ ਪਿੰਡ ਦੇ ਬਨੇਰਿਆਂ ਪਰ ਪੈ ਰਹੀਆਂ ਸਨ। ਚਰ ਕੇ ਮੁੜਦੇ ਡੰਗਰਾਂ ਦੀਆਂ ਟਲੀਆਂ ਦੀ ਟਨਕਾਰ, ਵਾਗੀਆਂ ਦੀਆਂ ਹੇਕਾਂ ਤੇ ਸਜ ਸੂਈਆਂ ਗਾਈਆਂ ਦੇ ਰੰਭਣੇ ਨੇ ਫ਼ਿਜ਼ਾ ਨੂੰ ਖਿਚਵੀਂ ਬਣਾ ਦਿੱਤਾ ਸੀ।

ਪਿੰਡ ਦੀ ਦਖਣੀ ਨੁਕਰੇ ਇਕ ਥੇਹ ਉਤੇ ਬੇਰੀਆਂ ਦੇ ਝੁੰਡ ਹੇਠ ਨਿੱਕੇ ਨਿੱਕੇ ਮੁੰਡੇ ਕੁੜੀਆਂ ਬੇਰਾਂ ਦੇ ਪੱਲੇ ਪਏ ਭਰਦੇ ਸਨ। ਪੱਲੇ ਪੂਰ ਕੇ ਓਹ ਹਸਦੇ ਖੇਡਦੇ ਘਰਾਂ ਨੂੰ ਪਰਤ ਪਏ। ਇਕ ਨਿੱਕੂ ਜੋੜੀ ਪਿਛੇ ਮੌਜ ਵਿਚ ਸਹਿਜੇ ਸਹਿਜੇ ਲਗੀ ਆਉਂਦੀ ਸੀ। ਓਹ ਕਦੇ ਖਲੋ ਕੇ ਆਪਣੇ ਪੱਲਿਆਂ ਨੂੰ ਮਿਣਦੇ– ਕਿ ਕਿਦ੍ਹੇ ਬਾਹਲੇ ਬੇਰ ਨੇ– ਤੇ ਕਦੇ ਬੇਰ ਖਾਣ ਲਗ ਪੈਂਦੇ, ਫਿਰ ਗਲਵਕੜੀ ਪਾ ਕੇ ਟੁਰ ਪੈਂਦੇ।

ਸੀਬੋ ਆਪਣੇ ਖੇਤ ਚੋਂ ਸਰ੍ਹਿਓਂ ਦਾ ਸਾਗ ਤੋੜ ਕੇ ਘਰ ਨੂੰ ਮੁੜੀ ਆਉਂਦੀ ਸੀ, ਉਹ ਪੈਲੀਆਂ ਦੇ ਵਿਚੋਂ ਵਾਲੀ ਪਗ-ਡੰਡੀ ਥਾਈਂ ਇਸ ਜੋੜੀ ਦੇ ਕੋਲ ਆ ਨਿਕਲੀ ਤੇ ਇਨ੍ਹਾਂ ਦੇ ਮਗਰ ਹੋ ਲਈ। ਇਨ੍ਹਾਂ ਦੇ ਮਸੂਮ ਚੋਹਲਾਂ ਨਾਲ ਓਹਦੀ ਦਿਲਚਸਪੀ ਵਧਦੀ ਗਈ।

"ਅੱਡ ਬਚਨੋ ਮੂੰਹ" ਜੋੜੀ ਵਿਚੋਂ ਮੁੰਡੇ ਨੇ ਕਿਹਾ, "ਮੈਂ ਵਿਚ ਬੇਰ ਸੁਟਾਂ।” ਉਹਦੀ ਸਾਥਣ ਕੁੜੀ ਨੇ ਖਲੋ ਕੇ ਮੂੰਹ ਖੋਲ੍ਹਿਆ ਤੇ ਮੁੰਡੇ ਨੇ ਇਕ ਬੇਰ ਉਹਦੇ ਮੂੰਹ ਵਿਚ ਵਗਾਹ ਮਾਰਿਆ। ਉਹ ਬੇਰ ਖਾ ਗਈ। ਫਿਰ ਓਕਰ ਹੀ ਕੁੜੀ ਨੇ ਮੁੰਡੇ ਨੂੰ ਬੇਰ ਖੁਆਇਆ। ਮਗਰੋਂ ਦੋਵੇਂ ਖਿੱਲੀ ਮਾਰ ਕੇ ਹਸ ਪਏ। ਮਸੂਮੀਅਤ ਦੀ ਮਦ ਮੱਤੇ ਨਿੱਕੀ ਵਰੇਸ ਦੇ ਦੋ ਗ਼ੁੰਚੇ ਬਿਨਾ ਕਿਸੇ ਤੌਖਲੇ ਦੇ ਖਿੜੇ ਜਾਂਦੇ ਸਨ!

ਕੁਛੜੇ ਸਾਗ ਮਾਰੀ ਜਾਂਦੀ ਸੀਬੋ ਨੇ ਏਸ ਜੋੜੀ ਦੀਆਂ ਸਾਰੀਆਂ ਹਰਕਤਾਂ ਬੜੇ ਗਹੁ ਨਾਲ ਤਕੀਆਂ ਤੇ ਇਕ ਠੰਡਾ ਸਾਹ ਲਿਆ। ਉਹਨੂੰ ਕੋਈ ਭੁਲੀ ਹੋਈ ਦਾਸਤਾਨ ਚੇਤੇ ਆ ਗਈ ਤੇ ਉਹਦੇ ਅੰਦਰ ਮਧੁਰ- ਮਦਹੋਸ਼ੀ ਜਹੀ ਛਾ ਗਈ। ਅਖਾਂ ਦੀ ਝਿਮਕ ਵਿਚ ਲੰਮੇਰੀ ਵਿਥ ਪੈਣ ਲਗੀ। ਕੋਈ ਪੁਰਾਣਾ ਤਸੱਵਰ ਦਿਲ ਦੀ ਨੁਕਰੋਂ ਅਖਾਂ ਵਿਚ ਆ ਖਲੋਤਾ। ਭਾਵੇਂ ਅਜ ਉਹ ਸੋਲ੍ਹਾਂ ਵਰ੍ਹਿਆਂ ਦੀ ਸੀ, ਪਰ ਦਸ ਵਰ੍ਹੇ ਪਿਛਲੇਰੇ ਦਿਹਾੜੇ ਉਹਦੇ ਫਿਕਰਾਂ ਵਿਚ ਕਲ੍ਹ ਦੇ ਤਮਾਸ਼ੇ ਵਾਂਗ ਦੌੜ ਪਏ। ਉਹਨੂੰ ਉਹਦਾ ਬਾਲ-ਸਖਾ 'ਪ੍ਰੀਤੂ' ਯਾਦ ਆ ਗਿਆ, ਜਿਹਦੇ ਨਾਲ ਖੇਡ ਕੇ ਬਾਲੜੀ ਵਰੇਸ ਬਿਤਾਈ ਸੀ। ਉਹ ਸਮਾਂ ਜਿਸ ਦੇ ਪਰਦਿਆਂ ਵਿਚ ਪ੍ਰੀਤੂ ਦਾ ਸੰਗੀ ਓਹਦਾ ਬਚਪਨ ਵਲ੍ਹੇਟ ਕੇ ਰਖਿਆ ਸੀ, ਅਖਾਂ ਅਗੇ ਤਣ ਗਿਆ। ਓਹਨੂੰ ਯਾਦ ਆ ਗਿਆ ਕੀਕਰ ਉਹ ਕਿਕਰਾਂ ਤੇ ਪੀਂਘਾਂ ਝੂਟਦੇ ਸਨ, ਕੀਕਰ ਕਠੇ ਸਾਗ ਤੋੜ ਲਿਆਉਂਦੇ ਤੇ ਗੰਨੇ ਭੰਨ ਕੇ ਚੂਪ ਆਉਂਦੇ ਸਨ। ਨਾ ਪ੍ਰੀਤੂ ਨੂੰ ਪਤਾ ਸੀ ਮੈਂ ਕੁੜੀ ਹਾਂ ਤੇ ਨਾ ਉਸ ਨੂੰ ਪਤਾ ਸੀ ਉਹ ਮੁੰਡਾ ਹੈ। ਪਤਾ ਸੀ ਤਾਂ ਇਕੋ 'ਖਿੱਚ' ਦਾ, ਜਿਹੜੀ ਓਹਨੂੰ ਪੱਜੇ ਸਾਡੇ ਘਰ ਨਸਾ ਲਿਆਉਂਦੀ ਸੀ ਤੇ ਮੈਨੂੰ ਉਸ ਦੇ ਘਰ ਭਜਾ ਲਿਜਾਂਦੀ ਸੀ।

ਸੀਬੋ ਟੁਰੀ ਜਾਂਦੀ ਸੀ, ਪਰ ਓਹਨੂੰ ਪਤਾ ਨਹੀਂ ਸੀ ਕਿ ਓਹਦੇ ਪੈਰ ਕਿੱਧਰ ਪੈਂਦੇ ਹਨ। ਉਹ ਹੋਰ ਡੂੰਘੇਰੀਆਂ ਯਾਦਾਂ ਵਿਚ ਲਹਿ ਗਈ। ਅਰਮਾਨਾਂ ਦੇ ਝੱਖੜ ਨੇ ਇਕ ਖਾਸ ਦਿਹਾੜਾ ਉਡਾ ਕੇ ਏਓਂ ਅਗੇ ਲਿਆ ਖਲ੍ਹਿਆਰਿਆ:–

ਉਹ ਪ੍ਰੀਤੂ ਦੇ ਘਰ ਗਈ ਤੇ ਵਾਜ ਦਿਤੀ– "ਪ੍ਰੀਤੂ!" "ਉਹ ਘਰ ਨਹੀਂ ਏਂ, ਬਾਹਰ ਗਲੀ ਵਿਚ ਖੇਡਦਾ ਹੋਵੇਗਾ" ਓਹਦੀ ਮਾਂ ਨੇ ਅਗੋਂ ਆਖਿਆ। ਉਹ ਗਲੀ 'ਚ ਗਈ ਤੇ ਪ੍ਰੀਤੂ ਤੇ ਮੋਢੇ ਪਰ ਕੂਹਣੀ ਧਰ ਕੇ ਕਿਹਾ "ਅਜ ਬੇਰ ਖਾਣ ਨਹੀਂ ਜਾਣਾ?" "ਚਲ ਚਲੀਏ" ਪ੍ਰੀਤੂ ਨੇ ਮੁਸਕ੍ਰਾ ਕੇ ਕਿਹਾ। ਦੋਵੇਂ ਬਾਂਹ 'ਚ ਬਾਂਹ ਪਾ ਕੇ ਥੇਹ ਵਲ ਟੁਰ ਪਏ। ਪੈਲੀਆਂ ਦੇ ਵਿਚੋਂ ਦੀ ਲੂਸਣ ਮਿੱਧਦੇ, ਸ਼ਟ੍ਹਾਲੇ ਲਤਾੜਦੇ ਤੇ ਅਧ-ਪੱਕੀ ਕਣਕ ਦੀਆਂ ਬੱਲਾਂ ਤੋੜਦੇ ਵਾਹੋ ਦਾਹ ਨੱਸੇ ਗਏ। ਥੇਹ ਪਰ ਜਾ ਚੜ੍ਹੇ। ਇਕ ਬੇਰੀ ਦੀਆਂ ਹੇਠਲੀਆਂ ਟਾਹਣੀਆਂ ਪਰ ਲੀਲ੍ਹੜੀਆਂ ਬੇਰ ਟਹਿਕਦੇ ਸਨ। ਹੱਥ ਦੋਹਾਂ ਦੇ ਓਥੇ ਨਾ ਅਪੜੇ, ਹਲੂਣਾ ਓਹ ਦੇ ਨਾ ਸਕਣ। ਫਿਰ ਕੀ ਹੋਇਆ? ਪ੍ਰੀਤੂ ਇਕ ਟਾਹਣੀ ਦੇ ਸਹਾਰੇ ਝੁਕ ਕੇ ਖਲੋ ਗਿਆ ਉਹ ਓਹਦੇ ਉਤੇ ਪਲਾਕੀ ਮਾਰ ਕੇ ਚੜ੍ਹ ਗਈ। ਉਹਦੇ ਮੋਢਿਆਂ ਤੇ ਖਲੋ, ਉਚੇਰੀ ਟਾਹਣੀ ਨੂੰ ਹੱਥ ਪਾ ਕੇ ਨੇੜੇ ਦੇ ਸਾਰੇ ਸੋਹਣੇ ਬੇਰ ਧਰੂ ਲਏ। ਸਾਰੇ ਆਪਣੀ ਝੋਲੀ 'ਚ ਪਾ ਕੇ ਲਹਿ ਆਈ ਤੇ ਪ੍ਰੀਤੂ ਨੂੰ ਕੁਝ ਨਾ ਦਿੱਤਾ।

"ਤੇ ਮੇਰਾ ਹਿੱਸਾ", ਪ੍ਰੀਤੂ ਨੇ ਮੰਗ ਕੀਤੀ। "ਤੇਰੇ ਕਾਹਦੇ, ਤੋੜੇ ਤੇ ਮਹੀਓਂ ਨੇ" ਉਹਨੇ ਉੱਤਰ ਦਿੱਤਾ। "ਘੋੜੀ ਬਣਨ ਨੂੰ ਮੈਂ ਤੇ ਬੇਰ ਖਾਣ ਨੂੰ ਤੂੰ" ਪ੍ਰੰਤੂ ਨੇ ਹਸ ਕੇ ਰੁਅਬ ਵਿਚ ਕਿਹਾ।

ਦੋਵੇਂ ਖਹਿਬੜ ਪਏ— ਖਿੱਚ-ਧੂ ਹੋ ਪਈ। ਬੇਰ ਡੁੱਲ ਗਏ। ਦੋਹਾਂ ਨੇ ਛੇਤੀ ਛੇਤੀ ਚੁਗ ਲਏ। ਮੁੜ ਮੰਨ ਪਏ — ਹਸ ਪਏ, ਗਲਾਂ ਵਿਚ ਬਾਹਾਂ ਪਾ ਕੇ ਘਰਾਂ ਵਲ ਟੁਰ ਪਏ।"

ਸੀਬੋ ਨੂੰ ਇਕ ਝੁਣਝੁਣੀ ਆਈ। ਓਹਦੇ ਤਸੱਵਰ ਦੀ ਤਾਰ ਟੁਟ ਗਈ। ਹੁਣ ਉਹ ਘਰ ਅਪੜ ਚੁਕੀ ਸੀ। ਅਜ ਦੀ ਰਾਤ ਵੀ ਬੀਤੇ ਦੀ ਮਿੱਠੀ ਯਾਦ ਵਿਚ ਲੰਘੀ। ਪਰੰਤੂ ਓਹਦੀ ਨਿਕੀ ਉਮਰ ਦੇ ਸੰਗੀ ਦਾ ਖ਼ਿਆਲ ਉਹਦੇ ਪਾਸਿਆਂ ਵਿਚ ਰੜਕਦਾ ਰਿਹਾ।

++++

ਪ੍ਰੀਤੂ ਪੰਜਾਂ ਛਿਆਂ ਸਾਲਾਂ ਦਾ ਹੀ ਵਡੇ ਭਰਾ ਨਾਲ ਮਲਾਇਆ ਟੁਰ ਗਿਆ ਸੀ। ਉਨ੍ਹਾਂ ਓਥੇ ਜ਼ਮੀਨ ਖਰੀਦ ਕੇ ਰਬੜ ਦੇ ਦਰਖਤ ਲਾ ਦਿਤੇ ਸਨ। ਪਹਿਲਾਂ ਤਾਂ ਪ੍ਰੀਤੂ ਹਰ ਵਰੇ ਆ ਕੇ ਘਰ ਮਿਲ ਜਾਂਦਾ ਸੀ, ਪਰ ਹੁਣ ਲਗਾਤਾਰ ਤਿੰਨ ਸਾਲ ਤੋਂ ਨਹੀਂ ਸੀ ਆਇਆ। ਪਿਛੇ ਜਿੰਨੀ ਵੇਰ ਉਹ ਆਇਆ, ਸੀਬੋ ਲਈ ਕੋਈ ਸੁਗਾਤ ਜ਼ਰੂਰ ਲਿਆਉਂਦਾ ਰਿਹਾ। ਸੀਬੋ ਨਾਲ ਉਹਦਾ ਡਾਢਾ ਪਿਆਰ ਸੀ। ਪਰਵਾਰ ਵਿਚ ਬੈਠੀ ਸੀਬੋ ਨੂੰ ਸੁਗਾਤ ਦੇਂਦਾ, ਤੇ ਕਈ ਵੇਰ ਕੋਲ ਬੈਠੀ ਉਹਦੀ ਮਾਂ ਨੂੰ ਆਂਹਦਾ— "ਚਾਚੀ! ਮੈਂ ਸੀਬੋ ਨੂੰ ਭੁਲਦਾ ਨਹੀਂ, ਇਹ ਮੇਰੇ ਨਾਲ ਨਿਕੇ ਹੁੰਦਿਆਂ ਖੇਡੀ ਹੈ। ਪਤਾ ਈ ਨਾ ਚਾਚੀ! ਜਦੋਂ ਅਸੀਂ ਜੋਟੀ ਬੰਨ੍ਹ ਕੇ ਥੇਹ ਦੀਆਂ ਬੇਰੀਆਂ ਵਲ ਲਪਕਦੇ ਹੁੰਦੇ ਸਾਂ।"

ਫਿਰ ਉਹ ਨੀਵੀਂ ਪਾ ਕੇ ਮੁਸਕ੍ਰਾਂਦੀ ਸੀਬੋ ਵਲ ਰੁਖ ਕਰ ਕੇ ਕਹਿੰਦਾ, "ਭੈਣ ਸੀਬੋ! ਖੁਆ ਦੇ ਮੁੜ ਉਹਨਾਂ ਥੇਹ ਵਾਲੀਆਂ ਬੇਰੀਆਂ ਦੇ ਬੇਰ— ਉਹ ਬੇਰੀਆਂ ਜਿਥੇ ਮੈਂ ਘੋੜੀ ਬਣਿਆ ਤੇ ਤੂੰ ਪਲਾਕੀ ਮਾਰ ਕੇ ਚੜ੍ਹੀ ਸੈਂ" ਇਹ ਗਲ ਸੁਣ ਕੇ ਸਾਰੇ ਖਿੜ ਖਿੜ ਹੱਸ ਪੈਂਦੇ।

ਬੀਤੇ ਤ੍ਰੈ ਸਾਲਾਂ ਵਿਚ ਪ੍ਰੀਤੂ ਨੇ ਆਪਣੀ ਭੈਣ ਕਰਮੋ ਨੂੰ ਜਿੱਨੀਆਂ ਚਿੱਠੀਆਂ ਲਿਖੀਆਂ, ਉਹਨਾਂ ਸਾਰੀਆਂ ਵਿਚ ਸੀਬੋ ਨੂੰ ਡੂੰਘੀਆਂ ਯਾਦਾਂ ਨਾਲ ਚੇਤੇ ਕੀਤਾ ਹੁੰਦਾ ਸੀ, ਤੇ ਲਿਖਿਆ ਹੁੰਦਾ ਸੀ— "ਹੁਣ ਮੈਂ ਬੇਰਾਂ ਦੀ ਰੁਤੇ ਆਵਾਂਗਾ। ਸੀਬੋ ਨੂੰ ਆਖ ਛਡਣਾ ਮੇਰੇ ਲਈ ਬੇਰ ਰਖੇ— ਓਹਨਾਂ ਥੇਹ ਵਾਲੀਆਂ ਬੇਰੀਆਂ ਦੇ, ਜ਼ਰੂਰ ਆਖੀਂ ਕਰਮੋਂ ਵੇਖੀਂ ਭੁਲ ਨਾ ਜਾਈਂ।”

ਕਰਮੋ ਤੇ ਸੀਬੋ ਦਾ ਗੂੜ੍ਹਾ ਸੰਗ ਸੀ। ਦੋਵੇਂ ਸਹੇਲੀਆਂ ਕੱਤਣ ਤੁੱਮਣ ਕੱਠਾ ਕਰਦੀਆਂ ਸਨ। ਕਰਮੋ ਹਰੇਕ ਚਿੱਠੀ ਸੀਬੋ ਨੂੰ ਵਿਖਾ ਦਿੰਦੀ ਹੁੰਦੀ ਸੀ।

ਲੌਢੇ ਵੇਲੇ ਕੰਮ ਧੰਦਿਓਂ ਵੇਹਲੀ ਹੋ ਕੇ ਸੀਬੋ ਵਿਹੜੇ 'ਚ ਬੈਠੀ ਰੁਮਾਲ ਪਈ ਕਢਦੀ ਸੀ। ਪ੍ਰ੍ਰੀਤੂ ਦੀ ਯਾਦ ਨਾਲ ਉਹਦਾ ਅੰਦਰ ਉੱਮਡ ਰਿਹਾ ਸੀ। ਅਜ ਰੁਮਾਲ ਉਤੇ ਸੂਈ ਦਾ ਇਕ ਇਕ ਤ੍ਰੋਪਾ ਮਾਲਾ ਦਾ ਮਣਕਾ ਬਣ ਗਿਆ, ਜਿਦ੍ਹੇ ਨਾਲ ਉਹ ਪ੍ਰੀਤੂ ਦਾ ਜਾਪ ਕਰਦੀ ਸੀ। “ਜੇ ਪ੍ਰੀਤੂ ਆ ਜਾਵੇ, ਹੁਣ ਬੇਰਾਂ ਦੀ ਰੁਤ ਵੀ ਹੈ, ਏਸੇ ਰੁਮਾਲ ਵਿਚ ਮੋਟੇ ਸੂਹੇ ਬੇਰ ਬੰਨ੍ਹ ਕੇ ਉਹਨੂੰ ਦੇਵਾਂ ਤੇ ਆਖਾਂ— 'ਲੈ ਖਾਹ ਵੀਰ ਤੇਰੀਆਂ ਤਾਂਘਾਂ ਤੇ ਮੇਰੀਆਂ ਸੱਧਰਾਂ ਦੇ ਬੇਰ' ਉਹ ਇਨ੍ਹਾਂ ਖ਼ਿਆਲਾਂ ਵਿਚ ਡੁਬੀ ਰੁਮਾਲ ਤੇ ਫੁੱਲ ਚਿਤ੍ਰ ਰਹੀ ਸੀ, ਕਿ ਕਿਸੇ ਪਿਛੋਂ ਆ ਕੇ ਉਹਦੀਆਂ ਅੱਖਾਂ ਮੀਟ ਲਈਆਂ। ਉਹ ਤ੍ਰ੍ਰਬਕ ਪਈ ਤੇ ਅੱਖਾਂ ਘੁਟਣੇ ਹੱਥ ਉਤੇ ਆਪਣਾ ਹੱਥ ਫੇਰ ਕੇ ਬੋਲੀ 'ਕਰਮੋਂ'!"

ਕਰਮੋ ਨੇ ਖਿੱਲੀ ਮਾਰੀ ਤੇ ਅਗੇ ਆ ਬੈਠੀ, ਉਹਦੀ ਪੇਸ਼ਾਨੀ ਉਤੇ ਪ੍ਰਸੰਨਤਾ ਦੀ ਨਿੱਘ ਸੀ।

“ਕੀ ਗੱਲ ਈ— ਅਜ ਐਡੇ ਚਾਓ" ਸੀਬੋ ਨੇ ਰੁਮਾਲ ਗੋਡੇ ਤੋਂ ਹਟਾ ਕੇ ਕਿਹਾ— "ਚਾਓ ਹੋਵੇ ਨਾ, ਭਾਊ ਮਲਾਇਆ ਤੋਂ ਆ ਰਿਹਾ ਏ" ਕਰਮੋਂ ਨੇ ਠੋਡੀ ਤੇ ਉਂਗਲ ਧਰ ਕੇ ਕਿਹਾ।

“ਹੂੰ, ਐਵੇਂ” ਸੀਬੋ ਦਾ ਦਿਲ ਧਕ ਧਕ ਕਰਦਾ ਸੀ।

“ਐਵੇਂ ਕਿਉਂ? ਅਜ ਚਿੱਠੀ ਜੂ ਆਈ ਏ।”

"ਵਖਾ ਖਾਂ ਭਲਾ"

“ਆਹ ਫੜ ਪੜ੍ਹ ਲੈ" ਕਰਮੋਂ ਨੇ ਬੋਝੇ ਚੋਂ ਲਫ਼ਾਫ਼ਾ ਦੇ ਕੇ ਕਿਹਾ।

ਸੀਬੋ ਨੇ ਪੱਤ੍ਰ ਖੋਲ੍ਹਿਆ। ਉਹਦੀਆਂ ਅੱਖਾਂ ਵਿਚ ਉਹਦੇ ਦਿਲ ਦੇ ਤ੍ਰੰਗ ਲਭ ਪਏ। "ਅਜ ਤੋਂ ਪੰਦਰ੍ਹਵੇਂ ਨੂੰ" ਉਹਦੇ ਚਿਹਰੇ ਤੇ ਉਸ਼ਾ ਮਘ ਉਠੀ।

ਇਕ ਗਰਮ ਜਿਹਾ ਸੋਜ਼ ਉਹਦੇ ਪਿੰਡੇ ਵਿਚ ਝਰਨਾ ਗਿਆ। ਉਹਨੇ ਚਿੱਠੀ ਪੜ੍ਹ ਕੇ ਕਰਮੋ ਨੂੰ ਫੜਾ ਦਿੱਤੀ ਤੇ ਆਖਿਆ- "ਮੈਂ ਅਜ ਈ ਉਹਨੂੰ ਯਾਦ ਪਈ ਕਰਦੀ ਸਾਂ, ਸੋਚਦੀ ਸਾਂ, ਬੇਰਾਂ ਦੀ ਰੁਤ ਏ, ਉਹ ਬੇਰ ਮੰਗਦਾ ਹੁੰਦਾ ਸੀ। ਹੁਣ ਬੇਰ ਖੁਆਵਾਂਗੀ।"

"ਤੂੰ ਬੇਰ ਤੇ ਮੈਂ ਲੱਡੂ ਦਿਆਂਗੀ" ਕਰਮੋ ਨੇ ਹੱਸ ਕੇ ਕਿਹਾ।

++++

ਬਾਲ ਪਣੇ ਦੇ ਪਿਆਰ ਨਾਲ ਮਸੂਮ ਦਿਲਾਂ ਪਰ ਉੱਕਰੀਆਂ ਹੋਈਆਂ ਮਧੱਮ ਜਿਹੀਆਂ ਪ੍ਰੇਮ ਝਰੀਟਾਂ ਜੁਆਨੀ ਦੀਆਂ ਲਹਿਰਾਂ ਨਾਲ ਉਘੜ ਪੈਂਦੀਆਂ ਹਨ। ਬੇਰੀਆਂ ਵਾਲਾ ਥੇਹ ਸੀਬੋ ਹੋਰਾਂ ਦੇ ਖੇਤ ਦੇ ਕੋਲ ਹੀ ਸੀ। ਉਹਨੇ ਇਕ ਮਿੱਠੀ ਬੇਰੀ ਜਾਂਚ ਵਿਚ ਰਖੀ। ਉਹਦੇ ਬੇਰ ਸਾਰੇ ਪਿੰਡ ਉੱਘੇ ਸਨ। ਸੀਬੋ ਜਦੋਂ ਰੋਟੀ ਲੈ ਕੇ ਖੇਤ ਨੂੰ ਜਾਂਦੀ, ਤਾਂ ਉਸ ਬੇਰੀ ਵਲ ਫੇਰਾ ਜ਼ਰੂਰ ਪਾ ਆਉਂਦੀ। ਬੇਰੀ ਦੇ ਮੁੱਢ ਨਾਲ ਝਿੰਗਾਂ ਬੰਨ੍ਹਦੀ ਮਤਾਂ ਮੁੰਡੇ ਉਤੇ ਚੜ੍ਹ ਕੇ ਬੇਰ ਨਾ ਖੋਹ ਘਤਣ। ਬੇਰ ਟੁਕਦੇ ਤੋਤਿਆਂ, ਗਾਹਲੜਾਂ ਨੂੰ ਛਛਕੇਰ ਦਿੰਦੀ, ਮੁੜ ਘਰ ਆ ਕੇ ਉਸ ਰੁਮਾਲ ਨੂੰ ਰੀਝਾਂ ਨਾਲ ਕਢਦੀ ਜਿਹਦੇ ਵਿਚ ਬੰਨ੍ਹ ਕੇ ਬੇਰ ਪ੍ਰੀਤੂ ਨੂੰ ਦੇਣੇ ਸਨ।

ਉਡੀਕ ਦੀਆਂ ਘੜੀਆਂ ਬੜੀਆਂ ਔਖੀਆਂ ਲੰਘਦੀਆਂ ਹਨ, ਪਰ ਸਮੇਂ ਨੇ ਪੰਦਰ੍ਹਵਾਂ ਦਿਨ ਲੈ ਆਂਦਾ। ਅਕਾਸ਼ ਤੇ ਮੋਟੇ ਬੱਦਲ ਤਣੇ ਹੋਏ ਸਨ। ਵਿੰਹਦਿਆਂ ਵਿੰਹਦਿਆਂ ਉਹ ਕਾਲੀ ਘਟਾ ਬਣ ਗਏ ਤੇ ਕਹਿਰ ਦਾ ਮੀਂਹ ਲਥ ਪਿਆ। ਅਜ ਪ੍ਰੀਤੂ ਨੇ ਇਕ ਵਜੇ ਦੀ ਗਡੀ ਆਉਣਾ ਸੀ।

ਦਸ ਕੁ ਵਜੇ ਮੀਂਹ ਹੌਲਾ ਹੋਇਆ, ਪਰ ਫੁਹਾਰ ਜਿਹੀ ਪੈਂਦੀ ਰਹੀ, ਸੀਬੋ ਜਿਹੜੀ ਸਵੇਰ ਤੋਂ ਮੀਂਹ ਥੰਮਣ ਦੀਆਂ ਜੋਦੜੀਆਂ ਪਈ ਕਰਦੀ ਸੀ, ਬੇਰੀਆਂ ਦੇ ਥੇਹ ਵਲ ਵਗ ਟੁਰੀ। ਹਵਾ ਦੇ ਬੁੱਲਿਆਂ ਨਾਲ ਉਹਦੀ ਚੁੰਨੀ ਉਡ ਕੇ ਪੈਲੀਆਂ ਦੁਆਲੇ ਕੰਡਿਆਂ ਦੀ ਵਾੜ ਵਿਚ ਫੱਸ ਜਾਂਦੀ ਸੀ ਕਦੇ ਉਹ ਤਿਲਕ ਕੇ ਢਹਿ ਪੈਂਦੀ ਉਹਦੇ ਵਾਲ ਗਿੱਲੇ ਹੋ ਗਏ, ਤੇ ਝਗਾ ਸੁਥਣ ਫੁਹਾਰ ਦੀ ਵਾਛੜ ਨਾਲ ਭਿਜ ਗਏ ਸਨ। ਪਰ ਤਾਂਘਦੇ ਦਿਲ ਕਠਨਾਈਆਂ ਹੱਸ ਕੇ ਅਬੂਰ ਕਰ ਲੈਂਦੇ ਹਨ। ਉਹ ਬੇਰੀ ਕੋਲ ਜਾ ਪਹੁੰਚੀ। ਝੱਖੜ ਨਾਲ ਸਾਰੇ ਬੇਰ ਭੁੰਝੇਂ ਡਿੱਗੇ ਪਏ ਸਨ।

ਗਾਰੇ ਨਾਲ ਲਿਬੜੇ ਹੋਏ ਬੇਰਾਂ ਨੂੰ ਝੱਗੇ ਦੇ ਪੱਲੇ ਨਾਲ ਪੂੰਝ ਕੇ, ਸੀਬੋ ਰੁਮਾਲ ਵਿਚ ਪਾਂਦੀ ਜਾਂਦੀ ਸੀ। ਨਾਲੇ ਕੁਝ ਗੀਤ ਜਿਹੇ ਗੁਣ ਗੁਣਾਂਦੀ ਸੀ। ਕਾਹਲੀ ਕਾਹਲੀ ਉਹਨੇ ਚੋਖੇ ਬੇਰ ਚੁਗ ਲਏ ਤੇ ਘਰ ਮੁੜ ਆਈ। ਬੇਰ ਬੰਨ੍ਹ ਕੇ ਆਪਣੀ ਕੱਤਣੀ ਵਿਚ ਜਾ ਰਖੇ। ਮਗਰੋਂ ਨਹਾ ਧੋ ਕੇ ਲੀੜੇ ਬਦਲੇ। ਕਰਮੋ ਵੀ ਤਿਆਰ ਹੋ ਕੇ ਆ ਗਈ ਸੀ। ਦੋਵੇਂ ਸਹੇਲੀਆਂ ਕੋਠੇ ਤੇ ਜਾ ਚੜ੍ਹੀਆਂ ਤੇ ਟੇਸ਼ਣ ਵਾਲਾ ਰਾਹ ਤੱਕਣ ਲਗੀਆਂ। ਕੱਚੇ ਕੋਠੇ ਦੇ ਬਨੇਰੇ ਤੇ ਪੱਬਾਂ ਪਰਨੇ ਹੋ ਕੇ ਦਰਖ਼ਤਾਂ ਤੋਂ ਪਰੇ ਆਉਂਦੇ ਪ੍ਰੀਤੂ ਨੂੰ ਤੱਕਣ ਲਗੀ ਸੀ ਕਿ ਪੈਰ ਤਿਲਕ ਗਿਆ। ਉਹ ਧਹਿੰ ਦੇਣੀ ਕੋਠਿਓਂ ਥਲੇ ਜਾ ਪਈ। ਇਕ ਚੀਕ ਸੁਣਾਈ ਦਿਤ। ਓਹਦੀ ਮਾਂ ਅੰਦਰੋਂ ਦੌੜੀ ਆਈ। ਕਰਮੋਂ ਵੀ ਕਾਹਲੀ ਨਾਲ ਥਲੇ ਉਤਰੀ। ਦੋਹਾਂ ਨੇ ਸੀਬੋ ਨੂੰ ਚੁਕਿਆ। ਓਹਦੇ ਸਿਰ ਵਿਚੋਂ ਰੱਤ ਵਗਦੀ ਸੀ, ਕਿਉਂਕਿ ਸਿਰ, ਥਲੇ ਪਈਆਂ ਇਟਾਂ ਨੂੰ ਵੱਜ ਕੇ ਪਾਟ ਗਿਆ ਸੀ। ਘਰ ਵਿਚ ਕੁਹਰਾਮ ਮਚ ਗਿਆ, ਸੀਬੋ ਦੇ ਪਿਓ ਨੂੰ ਇਕ ਮੁੰਡਾ ਖੇਤੋਂ ਸਦ ਲਿਆਇਆ। ਓਹਨੇ ਪਿੰਡ ਦੇ ਹਕੀਮ ਨੂੰ ਆਂਦਾ। ਹਕੀਮ ਨੇ ਮਲ੍ਹਮ ਪਟੀ ਕੀਤੀ। ਸੀਬੋ ਨੂੰ ਕੁਝ ਹੋਸ਼ ਆਈ। ਪਰ ਹਕੀਮ ਸਿਰ ਹਿਲਾ ਕੇ ਟੁਰ ਗਿਆ।

ਪ੍ਰੀਤੂ ਸਿਰ ਤੇ ਟਰੰਕ ਤੇ ਹਥ ਵਿਚ ਫਲਾਂ ਦੀ ਟੋਕਰੀ ਚੁਕੀ ਘਰ ਆ ਗਿਆ। ਓਹਦੇ ਕਪੜੇ ਗਾਰੇ ਨਾਲ ਲਿਤੜ ਬਿਤੜ ਹੋਏ ਪਏ ਸਨ। ਉਹ ਵੀ ਰਸਤੇ ਵਿਚ ਇਕ ਖਾਲ ਟੱਪਣ ਲਗਾ ਡਿਗ ਪਿਆ ਸੀ, ਖਬਰੇ ਓਦੋਂ ਹੀ ਜਦੋਂ ਸੀਬੋ ਕੋਠਿਓਂ ਢਠੀ ਸੀ। ਘਰ ਦੇ ਅਧ-ਖ਼ੁਸ਼ੀ ਵਿਚ ਓਹਨੂੰ ਮਿਲੇ। ਉਹਨੂੰ ਸੀਬੋ ਦੇ ਡਿਗਣ ਦੀ ਵਾਰਤਾ ਕਹਿ ਸੁਣਾਈ।

ਉਹ ਲਿਬੜੇ ਹੋਏ ਲੀੜਿਆਂ ਨਾਲ ਹੀ ਚਾਚੀ ਦੇ ਘਰ ਨੂੰ ਭੱਜ ਨੱਸਾ, ਬਹੁਤ ਜ਼ਨਾਨੀਆਂ ਸੀਬੋ ਦਾ ਡਿਗਣਾ ਸੁਣ ਕੇ ਉਹਨਾਂ ਦੇ ਘਰ ਆ ਜੁੜੀਆਂ ਸਨ। ਪ੍ਰੀਤੂ ਭੀੜ ਨੂੰ ਚੀਰ ਕੇ ਹੌਂਕਦਾ ਹੌਂਕਦਾ ਸੀਬੋ ਦੇ ਮੰਜੇ ਕੋਲ ਜਾ ਖਲੋਤਾ। ਸੀਬੋ ਦੀ ਰੋਂਦੀ ਮਾਂ ਨੇ ਉਹਦੇ ਸਿਰ ਤੇ ਹਥ ਫੇਰਿਆ। ਪਰ ਉਹ ਝਲਿਆਂ ਵਾਂਗ ਸੀਬੋ ਦੇ ਸਰ੍ਹਾਣੇ ਬਹਿ ਗਿਆ, ਉਹਦਾ ਸਿਰ ਹਥਾਂ ਵਿਚ ਫੜ ਕੇ ਉਹਦੇ ਉਤੇ ਝੁਕ ਗਿਆ। ਉਹਦੀਆਂ ਅੱਖਾਂ ਦੇ ਗਰਮ ਟੇਪੇ ਸੀਬੋ ਦੇ ਮੱਥੇ ਪਰ ਟਪਕ ਰਹੇ ਹਨ– "ਸੀਬੋ! ਸੀਬੋ!! ਤੂੰ ਕੂੰਦੀ ਕਿਉਂ ਨਹੀਂ? ਮੈਂ ਆ ਗਿਆ ਹਾਂ।" ਉਹਨੇ ਅਚਾਨਕ ਗ਼ਮ ਦੀ ਵਹਿਸ਼ਤ ਵਿਚ ਕਿਹਾ।

ਸੀਬੋ ਨੇ, ਜਿਦ੍ਹੀ ਨਬਜ਼ ਸੁਸਤ ਤੇ ਪਿੰਡਾ ਠੰਡਾ ਹੋ ਰਿਹਾ ਸੀ, ਅਧ-ਮੀਟੀਆਂ ਅੱਖਾਂ ਚੋਂ ਕੁਝ ਤਕਿਆ। ਅੱਖਾਂ ਹੋਰ ਅਡੀਆਂ, ਜਿਵੇਂ ਕੁਝ ਪਛਾਣਦੀ ਸੀ। "ਕੌਣ?" ਉਹ ਕਿੰਨਾ ਚਿਰ ਪ੍ਰੀਤੂ ਦੇ ਮੂੰਹ ਵਲ ਝਾਕਦੀ ਰਹੀ!

"ਸਿੰਞਾਣਿਆਂ ਨਹੀਂ...... ਸੀਬੋ...... ਮੈਂ ਪ੍ਰੀਤੂ ਹਾਂ" ਪ੍ਰੀਤੂ ਹੋਰ ਨਿਉਂ ਗਿਆ।

"ਪ੍ਰੀ....ਤੂ" ਉਹਦੀਆਂ ਨਜ਼ਰਾਂ ਵਿਚ ਚਲੀ ਜਾਂਦੀ ਜ਼ਿੰਦਗਾਨੀ ਮੁਸਕ੍ਰਾ ਪਈ। ਬਾਹਾਂ ਪ੍ਰੀਤੂ ਦੇ ਗਲ ਨੂੰ ਤੜਫੀਆਂ, ਪਰ ਉਠਣ ਦੇ ਤ੍ਰਾਣ ਮੁਕ ਚੁਕੇ ਸਨ। ਡੁਸਕਦੇ ਪ੍ਰੀਤੂ ਨੇ ਸੀਬੋ ਦੇ ਮੱਥੇ ਤੋਂ ਵਾਲ ਪਿਛਾਂ ਹਟਾਏ।

"ਮਾਂ...." ਸੀਬੋ ਮੁੜ ਕੂਈ।

"ਹਾਂ...... ਮੇਰੀ ਬੱਚੀ" ਮਾਂ ਅੱਖਾਂ ਪੂੰਝਦੀ ਕੋਲ ਹੋਈ।

"ਮਾਂ..... ਮੇਰੀ ਕਤਨੀ ਚੋਂ ਬੇਰ" ਸੀਬੋ ਦੀ ਵਾਜ ਟੁਟ ਟੁਟ ਕੇ ਨਿਕਲੀ।

ਉਹਦੀ ਮਾਂ ਸਮਝ ਗਈ। ਹਡਕੌਰੇ ਲੈਂਦੀ ਉਠ ਕੇ ਸੀਬੋ ਦੀ ਕਤਣੀ ਚੋਂ ਬੇਰਾਂ ਦਾ ਰੁਮਾਲ ਚੁਕ ਲਿਆਈ ਤੇ ਆਪਣੀ ਬਚੜੀ ਦੀ ਮੁਠ ਵਿਚ ਦੇ ਦਿਤਾ, ਸੀਬੋ ਨੇ ਅੱਖਾਂ ਪੁਟੀਆਂ। ਤੇ ਪ੍ਰੀਤੂ ਵਲ ਤਕ ਕੇ ਮੁਸਕਰਾਈ ਤੇ ਆਂਹਦੀ "ਲੈ..... ਪ੍ਰੀਤੂ..... ਮੇਰੇ ਸਧਰਾਂ...... ਦੇ ਬੇਰ।"

ਬੁਤ ਬਣੇ ਪ੍ਰੀਤੂ ਨੇ ਰੁਮਾਲ ਫੜ ਲਿਆ।

ਉਹ ਫੇਰ ਬੋਲੀ: "ਖਾ...... ਲੈ ਮੇਰੇ.... ਸਾਹਮਣੇ ਮੇਰੇ ਲਾਡ।"

ਪ੍ਰੀਤੂ ਨੇ ਇਕ ਬੇਰ ਮੂੰਹ 'ਚ ਪਾ ਲਿਆ।

"ਬਸ" ਇਹ ਆਖ ਕੇ ਉਹ ਫੇਰ ਨ ਕੂਈ।

('ਭੁੱਖੀਆਂ ਰੂਹਾਂ' ਵਿੱਚੋਂ)

  • ਮੁੱਖ ਪੰਨਾ : ਕਹਾਣੀਆਂ, ਨੌਰੰਗ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ