Samanantar Rekhawan (Punjabi Story) : Sukhbir

ਸਮਾਨਾਂਤਰ ਰੇਖਾਵਾਂ (ਕਹਾਣੀ) : ਸੁਖਬੀਰ

ਜਗਦੀਸ਼ ਦਾ ਇਸ ਸਕੂਲ ਵਿਚ ਪਹਿਲਾ ਦਿਨ ਸੀ, ਤੇ ਨੌਵੀਂ ਜਮਾਤ ਵਿਚ ਗਣਿਤ ਦਾ ਪਹਿਲਾ ਪੀਰੀਅਡ। ਉਹ ਹੱਥ ਵਿਚ ਲੱਕੜ ਦੀ ਵੱਡੀ ਸਾਰੀ ਪਰਕਾਰ, ਫੁੱਟ, ਗੁਣੀਏ ਤੇ ਚਾਕ ਫੜੀ ਜਮਾਤ ਵਿਚ ਦਾਖਿਲ ਹੋਇਆ ਤਾਂ ਉਸ ਨੂੰ ਲੱਗਾ, ਜਿਵੇਂ ਕੋਈ ਮਖਿਆਲ ਛਿੜ ਪਿਆ ਹੋਵੇ ਤੇ ਮਧੂਮੱਖੀਆਂ ਦੀ ਭਿਣਭਿਣਾਹਟ ਨੇ ਸਾਰਾ ਕਮਰਾ ਭਰ ਦਿੱਤਾ ਹੋਵੇ। ਫੇਰ ਜਦ ਉਹ ਮੇਜ਼ ਕੋਲ ਜਾ ਕੇ ਖੜ੍ਹਾ ਹੋਇਆ ਤਾਂ ਉਸ ਨੇ ਵੇਖਿਆ ਸਾਹਮਣੇ ਵਿਦਿਆਰਥੀਆਂ ਦੀ ਘੁਸਰ-ਮੁਸਰ ਸੀ, ਹਲਕੇ ਜਿਹੇ ਹਾਸੇ ਸਨ, ਸ਼ਰਾਰਤੀ ਅੱਖਾਂ ਤੇ ਅਜੀਬ ਕਿਸਮ ਦੀਆਂ ਆਵਾਜ਼ਾਂ ਸਨ। ਉਹ ਉਂਜੇ ਖੜੋਤਾ ਵਿਦਿਆਰਥੀਆਂ ਨੂੰ ਇੱਕ-ਟੱਕ ਵੇਖਦਾ ਰਿਹਾ। ਅਖ਼ੀਰ ਕੁਝ ਹੀ ਛਿਣਾਂ ਵਿਚ ਚੁੱਪ ਛਾ ਗਈ ਤੇ ਜਮਾਤ ਦੇ ਛੱਬੀ ਮੁੰਡਿਆਂ ਤੇ ਅਠਾਰਾਂ ਕੁੜੀਆਂ ਦੀਆਂ ਅੱਖਾਂ ਉਸ ਨੂੰ ਇੱਕ-ਟੱਕ ਵੇਖਣ ਲੱਗੀਆਂ। ਹੁਣ ਕੋਈ ਘੁਸਰ-ਮੁਸਰ ਨਹੀਂ ਸੀ, ਕੋਈ ਹਾਸਾ ਨਹੀਂ ਸੀ, ਕੋਈ ਆਵਾਜ਼ ਨਹੀਂ ਸੀ। ਜਗਦੀਸ਼ ਦੀਆਂ ਅੱਖਾਂ ਨੇ ਸਾਰੀ ਜਮਾਤ ਨੂੰ ਜਿਵੇਂ ਕੀਲ ਲਿਆ ਸੀ।
ਉਹ ਹਾਲੀ ਵੀ ਉਂਜੇ ਖੜ੍ਹਾ ਸੀ। ਉਸ ਨੇ ਇੱਕ ਵਾਰ ਨਜ਼ਰ ਘੁਮਾ ਕੇ ਪੂਰੀ ਜਮਾਤ ਦਾ ਜਾਇਜ਼ਾ ਲਿਆ ਤੇ ਫੇਰ ਨਿੰਮ੍ਹਾ ਜਿਹਾ ਮੁਸਕਰਾਉਣ ਲੱਗਾ। ਵਿਦਿਆਰਥੀ ਉਸ ਦੀ ਮੁਸਕਰਾਹਟ ਦੀ ਅਪਣੱਤ ਮਹਿਸੂਸ ਕੀਤੇ ਬਿਨਾਂ ਨਾ ਰਹਿ ਸਕੇ।
ਮੁਸਕਰਾਹਟ ਉਸ ਦੇ ਬੁੱਲ੍ਹਾਂ ਉਤੇ ਹਾਲੀ ਵੀ ਉਸੇ ਤਰ੍ਹਾਂ ਸੀ। ਤਦੇ ਉਸ ਨੇ ਜਮਾਤ ਦੇ ਮਾਨੀਟਰ ਬਾਰੇ ਪੁੱਛਿਆ ਤੇ ਉਸ ਤੋਂ ਪਿਛਲੇ ਤਿੰਨਾਂ ਮਹੀਨਿਆਂ ਵਿਚ ਹੋ ਚੁੱਕੇ ਕੋਰਸ ਬਾਰੇ ਪਤਾ ਕੀਤਾ। ਤਦ ਉਸ ਨੇ ਚਾਕ ਲਿਆ ਤੇ ਬਲੈਕਬੋਰਡ ਉਤੇ ਇੱਕ ਲੀਕ ਖਿੱਚੀ-ਇਕਦਮ ਸਿੱਧੀ ਲੀਕ। ਫੇਰ ਉਸ ਨੇ ਲੀਕ ਨੂੰ ਵਿਚਕਾਰੋਂ ਕੱਟਿਆ। ਸਾਰੇ ਵਿਦਿਆਰਥੀ ਚੁੱਪ ਕੀਤੇ ਵੇਖ ਰਹੇ ਸਨ ਕਿ ਇਹ ਕੀ ਹੋ ਰਿਹਾ ਹੈ। ਜਗਦੀਸ਼ ਨੇ ਇੱਕ ਵਿਦਿਆਰਥੀ ਨੂੰ ਉਸ ਲੀਕ ਦੇ ਦੋਹਾਂ ਹਿੱਸਿਆਂ ਨੂੰ ਮਾਪਣ ਲਈ ਕਿਹਾ। ਵਿਦਿਆਰਥੀ ਨੇ ਬੜੇ ਚਾਅ ਨਾਲ ਉਠ ਕੇ ਫੁੱਟ ਨਾਲ ਦੋਵੇਂ ਹਿੱਸੇ ਨਾਪੇ ਤਾਂ ਦੋਹਾਂ ਦੀ ਲੰਬਾਈ ਇੱਕੋ ਜਿੰਨੀ ਸੀ। ਲੀਕ ਠੀਕ ਵਿਚਕਾਰੋਂ ਕੱਟੀ ਗਈ ਸੀ। ਵਿਦਿਆਰਥੀਆਂ ਦੀਆਂ ਅੱਖਾਂ ਵਿਚ ਹੈਰਾਨੀ ਆਈ ਤੇ ਉਨ੍ਹਾਂ ਦੇ ਬੁੱਲ੍ਹਾਂ ਉਤੇ ਮੁਸਕਰਾਹਟ ਫੈਲ ਗਈ।
ਫੇਰ ਜਗਦੀਸ਼ ਨੇ ਬਲੈਕਬੋਰਡ ਉਤੇ ਇੱਕ ਦਾਇਰਾ ਵਾਹਿਆ ਤੇ ਇੱਕ ਬਿੰਦ ਰੁਕ ਕੇ ਉਸ ਦੇ ਵਿਚਕਾਰ ਇੱਕ ਨੁਕਤਾ ਲਾਇਆ। ਤਦ ਉਸ ਨੇ ਇੱਕ ਹੋਰ ਵਿਦਿਆਰਥੀ ਨੂੰ ਉਸ ਦਾਇਰੇ ਦੀ ਗੁਲਾਈ ਪਰਖਣ ਲਈ ਕਿਹਾ। ਵਿਦਿਆਰਥੀ ਨੇ ਨੁਕਤੇ ਉਤੇ ਪਰਕਾਰ ਰੱਖ ਕੇ ਘੁਮਾਈ ਤਾਂ ਪਰਕਾਰ ਵਿਚ ਫਸਿਆ ਚਾਕ ਦਾਇਰੇ ਦੀ ਲੀਕ ਉਤੇ ਹੁੰਦਾ ਹੋਇਆ ਘੁੰਮਦਾ ਗਿਆ। ਵਿਦਿਆਰਥੀ ਹੈਰਾਨ ਸਨ ਕਿ ਜਗਦੀਸ਼ ਨੇ ਸਿਰਫ ਹੱਥ ਨਾਲ ਬਿਲਕੁਲ ਸਹੀ ਦਾਇਰਾ ਕਿਵੇਂ ਵਾਹ ਲਿਆ ਸੀ ਤੇ ਫਿਰ ਉਸ ਦੇ ਐਨ ਵਿਚਕਾਰ ਕੇਂਦਰ-ਬਿੰਦੂ ਕਿਵੇਂ ਲਾ ਲਿਆ ਸੀ?
ਉਸ ਪਿੱਛੋਂ ਜਗਦੀਸ਼ ਨੇ ਇੱਕ ਤ੍ਰਿਕੋਣ ਬਣਾਇਆ, ਉਸ ਦੇ ਤਿੰਨਾਂ ਕੋਣਾਂ ਵਿਚ ਉਨ੍ਹਾਂ ਦੇ ਅੰਸ਼ ਲਿਖੇ: 52, 60, 68-ਤਦ ਉਸ ਨੇ ਇੱਕ ਤੀਜੇ ਵਿਦਿਆਰਥੀ ਨੂੰ ਉਹ ਕੋਣ ਨਾਪਣ ਲਈ ਕਿਹਾ। ਵਿਦਿਆਰਥੀ ਨੇ ਤਿੰਨੇ ਕੋਣ ਨਾਪੇ ਤਾਂ ਉਹ ਠੀਕ ਉਨੇ ਹੀ ਅੰਸ਼ਾਂ ਦੇ ਸਨ।
ਅਖ਼ੀਰ ਜਗਦੀਸ਼ ਨੇ ਚਾਕ ਮੇਜ਼ ਉਤੇ ਰੱਖਿਆ, ਫੂਕ ਮਾਰ ਕੇ ਹੱਥ ਉਤੋਂ ਚਾਕ ਦੀ ਗਰਦ ਝਾੜੀ ਤੇ ਕੁਰਸੀ ਉਤੇ ਬੈਠ ਗਿਆ। ਵਿਦਿਆਰਥੀਆਂ ਦੇ ਚਿਹਰਿਆਂ ਉਤੇ ਹੈਰਾਨੀ ਦੇ ਨਾਲ ਖੁਸ਼ੀ ਵੀ ਸੀ ਤੇ ਉਹ ਮੁਸਕਰਾਉਂਦੀਆਂ ਹੋਈਆਂ ਨਜ਼ਰਾਂ ਨਾਲ ਉਸ ਨੂੰ ਵੇਖ ਰਹੇ ਸਨ।
ਤਦ ਜਗਦੀਸ਼ ਨੇ ਇੱਕ-ਇੱਕ ਕਰ ਕੇ ਉਨ੍ਹਾਂ ਦੇ ਨਾਂ ਪੁੱਛਣੇ ਸ਼ੁਰੂ ਕੀਤੇ ਉਨ੍ਹਾਂ ਨਾਂਵਾਂ ਵਿਚੋਂ ਹਲਕੇ-ਫੁਲਕੇ ਮਜ਼ਾਕ ਪੈਦਾ ਕੀਤੇ ਤੇ ਕੁਝ ਇੱਕ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਕਲਾਂ-ਸੂਰਤਾਂ ਨਾਲ ਮਿਲਦੇ-ਜੁਲਦੇ ਨਾਂ ਦਿੱਤੇ। ਸਾਰੇ ਵਿਦਿਆਰਥੀ ਖ਼ੁਸ਼ ਹੁੰਦੇ ਰਹੇ ਹੱਸਦੇ ਰਹੇ।
ਜਦ ਅਗਲੇ ਪੀਰੀਅਡ ਦੀ ਘੰਟੀ ਵੱਜੀ ਤਾਂ ਜਗਦੀਸ਼ ਨੇ ਮੇਜ਼ ਤੋਂ ਆਪਣੀਆਂ ਚੀਜ਼ਾਂ ਚੁੱਕੀਆਂ ਤੇ ਨਿੰਮ੍ਹਾ ਜਿਹਾ ਮੁਸਕਰਾਉਂਦਾ ਹੋਇਆ ਜਮਾਤ ਵਿਚੋਂ ਚਲਾ ਗਿਆ। ਤਦ ਕੁੜੀਆਂ ਦਾ ਪਾਲ ਵਿਚ ਚੌਥੇ ਡੈਸਕ ਉਤੇ ਬੈਠੀ ਪਿਛਲੇ ਦੋ ਸਾਲਾਂ ਤੋਂ ਗਣਿਤ ਵਿਚ ਫੇਲ੍ਹ ਹੁੰਦੀ ਆ ਰਹੀ ਪਾਸ਼ੀ ਨੂੰ ਲੱਗਾ ਕਿ ਇਸ ਸਾਲ ਉਹ ਗਣਿਤ ਵਿਚ ਕਦੇ ਫੇਲ੍ਹ ਨਹੀਂ ਹੋ ਸਕਦੀ, ਸਗੋਂ ਬਹੁਤ ਚੰਗੇ ਨੰਬਰ ਲੈ ਕੇ ਪਾਸ ਹੋਵੇਗੀ।
ਅਗਲੇ ਦਿਨ ਜਦ ਸੱਤਵੇਂ ਪੀਰੀਅਡ ਵਿਚ ਜਗਦੀਸ਼ ਫੇਰ ਹੱਥ ਵਿਚ ਲੱਕੜ ਦੀ ਪਰਕਾਰ ਫੁੱਟ, ਗੁਣੀਏ ਤੇ ਚਾਕ ਫੜੀ ਜਮਾਤ ਵਿਚ ਆਇਆ ਤਾਂ ਵਿਦਿਆਰਥੀਆਂ ਦੇ ਚਿਹਰਿਆਂ ਉਤੇ ਇੱਕ ਨਵੀਂ ਤਾਜ਼ਗੀ ਸੀ। ਛੇ ਪੀਰੀਅਡ ਪੜ੍ਹ ਚੁੱਕਣ ਪਿੱਛੋਂ ਉਨ੍ਹਾਂ ਦੇ ਚਿਹਰਿਆਂ ਉਤੇ ਜੋ ਥਕੇਵਾਂ ਜਿਹਾ ਹੋਇਆ ਕਰਦਾ ਸੀ। ਉਹ ਅੱਜ ਬਿਲਕੁਲ ਨਹੀਂ ਸੀ। ਉਹ ਜਿਵੇਂ ਸਵੇਰ ਤੋਂ ਹੀ ਜਗਦੀਸ਼ ਨੂੰ ਉਡੀਕ ਰਹੇ ਸਨ। ਉਸ ਦੇ ਆਉਂਦਿਆਂ ਹੀ ਉਨ੍ਹਾਂ ਦੇ ਚਿਹਰੇ ਚਮਕ ਉਠੇ ਤੇ ਉਸ ਦੇ ਬੁੱਲ੍ਹਾਂ ਦੀ ਮੁਸਕਰਾਹਟ ਵੇਖ ਕੇ ਉਹ ਪਹਿਲੇ ਛੇ ਪੀਰੀਅਡਾਂ ਦਾ ਅਕੇਵਾਂ ਤੇ ਥਕੇਵਾਂ ਭੁੱਲ ਗਏ।
ਜਗਦੀਸ਼ ਨੇ ਦੋ-ਤਿੰਨ ਵਿਦਿਆਰਥੀਆਂ ਨੂੰ ਆਪਣੇ ਦਿੱਤੇ ਕੱਲ੍ਹ ਵਾਲੇ ਨਾਂਵਾਂ ਨਾਲ ਬੁਲਾਇਆ, ਇੱਕ ਦੋ ਵਿਦਿਆਰਥੀਆਂ ਨੂੰ ਹਲਕੇ-ਫੁਲਕੇ ਮਜ਼ਾਕ ਕੀਤੇ ਤੇ ਫੇਰ ਇੱਕ ਲਤੀਫਾ ਸੁਣਾਇਆ। ਤਦ ਹੱਸ ਹੱਸ ਕੇ ਦੋਹਰੇ ਹੋ ਰਹੇ ਵਿਦਿਆਰਥੀਆਂ ਵੱਲ ਪਿੱਠ ਕਰ ਕੇ ਉਸ ਨੇ ਬਲੈਕਬੋਰਡ ਉਤੇ ਦੋ ਲੀਕਾਂ ਵਾਹੀਆਂ ਤੇ ਵਿਦਿਆਰਥੀਆਂ ਵੱਲ ਮੁੜ ਕੇ ਪੁੱਛਿਆ, "ਇਹ ਕੇਹੋ ਜਿਹੀਆਂ ਰੇਖਾਵਾਂ ਹਨ?"
ਕਈ ਵਿਦਿਆਰਥੀਆਂ ਦੇ ਹੱਥ ਉਠੇ ਤਾਂ ਉਸ ਨੇ ਇੱਕ ਵੱਲ ਸੈਨਤ ਕੀਤੀ। "ਸਰਲ ਰੇਖਾਵਾਂ।"
"ਸਰਲ ਰੇਖਾਵਾਂ ਤਾਂ ਹਨ ਹੀ, ਪਰ ਇਨ੍ਹਾਂ ਦਾ ਆਪਸ ਵਿਚ ਕੀ ਸੰਬੰਧ ਹੈ?"
ਇਸ ਵਾਰ ਕੋਈ ਹੱਥ ਨਾ ਉਠਿਆ। ਕੁਝ ਹੀ ਚਿਰ ਪਿੱਛੋਂ ਇੱਕ ਵਿਦਿਆਰਥੀ ਨੇ ਖੜ੍ਹੋਂਦਿਆਂ ਕਿਹਾ, "ਇਹ ਆਪਸ ਵਿੱਖ ਵੱਖ-ਵੱਖ ਹਨ।"
ਜਗਦੀਸ਼ ਨੇ ਮੁਸਕਰਾਉਂਦਿਆਂ ਸਿਰ ਹਿਲਾਇਆ। "ਨਹੀਂ। ਇਨ੍ਹਾਂ ਨੂੰ ਰੇਖਾ ਗਣਿਤ ਵਿਚ ਕੀ ਕਹਾਂਗੇ?"
ਤਦੇ ਮਾਨੀਟਰ ਨੇ ਕਾਹਲ ਨਾਲ ਉਠਦਿਆਂ ਕਿਹਾ, "ਸਮਾਨਾਂਤਰ ਰੇਖਾਵਾਂ।"
ਲਗਭਗ ਸਾਰੇ ਵਿਦਿਆਰਥੀਆਂ ਦੇ ਹੱਥ ਉਠੇ। ਪਰ ਪਾਸ਼ੀ ਦੋਵੇਂ ਬਾਹਾਂ ਡੈਸਕ ਉਤੇ ਰੱਖੀ ਬੁੱਲ੍ਹਾਂ ਵਿਚ ਜਿਵੇਂ ਕੁਝ ਯਾਦ ਕਰ ਰਹੀ ਸੀ।
ਜਗਦੀਸ਼ ਨੇ ਉਸੇ ਨੂੰ ਪੁੱਛਿਆ।
ਪਾਸ਼ੀ ਨੇ ਇੱਕ ਨਜ਼ਰ ਆਪਣੇ ਨਾਲ ਬੈਠੀ ਕੁੜੀ ਵੱਲ ਵੇਖਿਆ, ਜਿਸ ਨੇ ਹੱਥ ਖੜ੍ਹਾ ਕੀਤਾ ਹੋਇਆ ਸੀ ਤੇ ਫੇਰ ਖੜੋ ਕੇ ਸਾਹਮਣੇ ਕੰਧ ਵੱਲ ਵੇਖਣ ਲੱਗੀ ਜਿਵੇਂ ਉਥੇ ਲਿਖਿਆ ਕੁਝ ਪੜ੍ਹ ਰਹੀ ਹੋਵੇ। ਅਖ਼ੀਰ ਉਸ ਨੇ ਕਿਹਾ, "ਜੋ ਆਪਸ ਵਿਚ ਸਮਾਨ ਹੋਣ।"
ਕੁਝ ਵਿਦਿਆਰਥੀ ਮੁਸਕਰਾਏ, ਮਾਨੀਟਰ ਤੇ ਦੋ-ਤਿੰਨ ਵਿਦਿਆਰਥੀ ਹੱਸੇ ਤੇ ਉਨ੍ਹਾਂ ਦੇ ਹੱਥ ਹੋਰ ਉਚੇ ਹੋ ਕੇ ਤੇਜ਼ੀ ਨਾਲ ਅੱਗੇ-ਪਿੱਛੇ ਹਿੱਲਣ ਲੱਗੇ।
ਜਗਦੀਸ਼ ਮੁਸਕਰਾਇਆ, "ਸਮਾਨ ਕਿਸ ਤਰ੍ਹਾਂ ਹਨ?"
ਪਾਸ਼ੀ ਚੁੱਪ ਸੀ। ਉਸ ਦੇ ਨਾਲ ਬੈਠੀ ਕੁੜੀ ਦਾ ਹੱਥ ਹੋਰ ਉਚਾ ਹੋ ਕੇ ਹਿੱਲ ਰਿਹਾ ਸੀ। ਜਗਦੀਸ਼ ਨੇ ਉਸ ਨੂੰ ਦੱਸਣ ਲਈ ਸੈਨਤ ਕੀਤੀ।
"ਜੋ ਆਪਸ ਵਿਚ ਕਦੇ ਨਾ ਮਿਲਦੀਆਂ ਹੋਣ", ਉਸ ਨੇ ਕਿਹਾ।
ਪਿਛਲੇ ਡੈਸਕ ਉਤੇ ਕੁੰਦਨ ਲਾਲ ਖੜ੍ਹਾ ਹੋ ਕੇ ਜ਼ੋਰ-ਜ਼ੋਰ ਦੀ ਬਾਂਹ ਹਿਲਾ ਰਿਹਾ ਸੀ ਜਿਵੇਂ ਉਸ ਕੁੜੀ ਦਾ ਜਵਾਬ ਗਲਤ ਹੋਵੇ।
ਜਗਦੀਸ਼ ਨੇ ਉਸ ਨੂੰ ਪੁੱਛਿਆ।
"ਜਿਨ੍ਹਾਂ ਵਿਚਕਾਰਲੀ ਦੂਰੀ ਹਮੇਸ਼ਾਂ ਇੱਕੋ ਜਿੰਨੀ ਰਹੇ।" ਮਾਨੀਟਰ ਪਹਿਲੇ ਡੈਸਕ ਉਤੇ ਬੈਠੇ ਮੁੰਡਿਆਂ ਉਤੋਂ ਦੀ ਆਪਣਾ ਹੱਥ ਅੱਗੇ ਵਧਾਈ ਹਿਲਾ ਰਿਹਾ ਸੀ ਜਿਵੇਂ ਕੁੰਦਨ ਲਾਲ ਦਾ ਜਵਾਬ ਵੀ ਗ਼ਲਤ ਹੋਵੇ।
ਜਗਦੀਸ਼ ਨੇ ਉਸ ਨੂੰ ਦੱਸਣ ਲਈ ਕਿਹਾ।
"ਸਮਾਨਾਂਤਰ ਰੇਖਾਵਾਂ ਉਹ ਹੁੰਦੀਆਂ ਹਨ, ਜਿਨ੍ਹਾਂ ਵਿਚਕਾਰਲੀ ਦੂਰੀ ਹਮੇਸ਼ਾਂ ਇੱਕੋ ਜਿੰਨੀ ਰਹੇ ਤੇ ਉਹ ਕਿਸੇ ਵੀ ਪਾਸੇ ਚਾਹੇ ਜਿੰਨੀਆਂ ਵੀ ਵਧਾਈਆਂ ਜਾਣ, ਆਪਸ ਵਿਚ ਕਦੇ ਨਾ ਮਿਲਣ।"
"ਸ਼ਾਬਾਸ਼! ... ਸ਼ਾਬਾਸ਼!" ਜਗਦੀਸ਼ ਨੇ ਕਿਹਾ।
ਸਾਰੇ ਹੱਥ ਥੱਲੇ ਹੋ ਗਏ।
ਤਦ ਜਗਦੀਸ਼ ਨੇ ਦੋਹਾਂ ਸਮਾਨਾਂਤਰ ਰੇਖਾਵਾਂ ਨੂੰ ਕੱਟਦੀ ਹੋਈ ਇੱਕ ਰੇਖਾ ਖਿੱਚੀ ਤੇ ਪੁੱਛਿਆ "ਇਸ ਨੂੰ ਕੀ ਕਹਿੰਦੇ ਹਨ?"
"ਤਿਰੀਅਕ ਰੇਖਾ", ਕਈ ਵਿਦਿਆਰਥੀ ਇਕੱਠੇ ਹੀ ਬੋਲ ਉਠੇ।
"ਇਸ ਨਾਲ ਕਿਸ ਕਿਸਮ ਦੇ ਕੋਣ ਬਣਦੇ ਹਨ?"
ਫੇਰ ਕਈ-ਸਾਰੇ ਹੱਥ ਉਠੇ ਪਰ ਪਾਸ਼ੀ ਉਂਜੇ ਡੈਸਕ ਉਤੇ ਬਾਹਾਂ ਟਿਕਾਈ ਬੈਠੀ ਸੀ। ਉਸ ਨੂੰ ਕੁਝ ਵੀ ਸੁੱਝ ਨਹੀਂ ਸੀ ਰਿਹਾ। ਅੱਜ ਤਾਂ ਉਸ ਦੇ ਨਾਲ ਬੈਠੀ ਕੁੜੀ ਵੀ ਉਸ ਨੂੰ ਕੁਝ ਨਹੀਂ ਸੀ ਦੱਸ ਰਹੀ।
ਕੋਣਾਂ ਦੀਆਂ ਕਿਸਮਾਂ ਪੁੱਛਣ ਤੋਂ ਬਾਅਦ ਜਗਦੀਸ਼ ਨੇ ਰੇਖਾ-ਗਣਿਤ ਦਾ ਚੌਥਾ ਪ੍ਰਮੇਯ ਸ਼ੁਰੂ ਕਰਨਾ ਸੀ। ਪਰ ਉਸ ਤੋਂ ਪਹਿਲਾਂ ਉਸ ਨੇ ਪਾਸ਼ੀ ਨੂੰ ਪੁੱਛਿਆ, "ਸਮਾਨਾਂਤਰ ਰੇਖਾਵਾਂ ਕੀ ਹੁੰਦੀਆਂ ਹਨ?"
ਪਾਸ਼ੀ ਦਾ ਸਿਰ ਚਕਰਾਉਣ ਲੱਗਾ। ਉਹ ਖੜ੍ਹੀ ਹੋ ਗਈ ਤੇ ਉਸ ਨੇ ਸਾਹਮਣੇ ਕੰਧ ਵੱਲ ਵੇਖਦਿਆਂ ਕਿਹਾ "ਜੋ ਆਪਸ ਵਿਚ ਇੱਕ ਦੂਜੀ ਦੇ ਸਮਾਨ ਹੋਣ।"
ਸਾਰੀ ਜਮਾਤ ਵਿਚ ਹਾਸਾ ਗੂੰਜਿਆ। ਪਰ ਇਸ ਵਾਰ ਜਗਦੀਸ਼ ਮੁਸਕਰਾਇਆ ਨਹੀਂ ਸਗੋਂ ਸਹਿਜੇ-ਸਹਿਜੇ ਸਮਝਾਉਣ ਲੱਗਾ ਕਿ ਸਮਾਨਾਂਤਰ ਰੇਖਾਵਾਂ ਉਹ ਰੇਖਾਵਾਂ ਹੁੰਦੀਆਂ ਹਨ, ਜਿਨ੍ਹਾਂ ਵਿਚਕਾਰਲੀ ਦੂਰੀ ਹਮੇਸ਼ਾਂ ਇੱਕੋ ਜਿੰਨੀ ਰਹੇ ਤੇ ਉਹ ਚਾਹੇ ਕਿਸ ਵੀ ਪਾਸੇ ਕਿੰਨੀਆਂ ਵੀ ਵਧਾਈਆਂ ਜਾਣ, ਆਪਸ ਵਿਚ ਕਦੇ ਨਾ ਮਿਲਣ।
ਪਾਸ਼ੀ ਨੇ ਉਸ ਦੇ ਲਫ਼ਜ਼ਾਂ ਨੂੰ ਦੁਹਰਾਇਆ।
ਤਦ ਜਗਦੀਸ਼ ਚੌਥਾ ਪ੍ਰਮੇਯ ਸ਼ੁਰੂ ਕਰਨ ਦੀ ਥਾਂ ਇੱਕ ਕਹਾਣੀ ਸੁਣਾਉਣ ਲੱਗਾ, ਜਿਸ ਵਿਚ ਇੱਕ ਆਦਮੀ ਜਦ ਵੀ ਸਮਾਨਾਂਤਰ ਰੇਖਾਵਾਂ ਵੇਖਦਾ ਹੈ, ਅਚਾਨਕ ਘਬਰਾ ਉਠਦਾ ਹੈ ਤੇ ਉਸ ਨੂੰ ਦੌਰਾ ਪੈਣ ਲੱਗਦਾ ਹੈ। ਖਾਣਾ ਖਾਣ ਵੇਲੇ ਉਹ ਮੇਜ਼ ਉਤੇ ਐਵੇਂ ਹੀ ਆਪਣਾ ਕਾਂਟਾਂ ਫੇਰਨ ਲੱਗਦਾ ਹੈ ਤਾਂ ਸਮਾਨਾਂਤਰ ਰੇਖਾਵਾਂ ਖਿੱਚੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਵੇਖਦਿਆਂ ਹੀ ਉਹ ਬੇਹੋਸ਼ ਹੋ ਜਾਂਦਾ ਹੈ। ਹਜਾਮਤ ਕਰਦਿਆਂ ਉਹ ਚਿਹਰੇ ਉਤੇ ਕੁਝ ਇੱਕ ਵਾਰ ਰੇਜ਼ਰ ਫੇਰਦਾ ਹੈ ਤਾਂ ਗੱਲ੍ਹਾਂ ਉਤੇ ਲੱਗੇ ਸਾਬਣ ਵਿਚ ਸਮਾਨਾਂਤਰ ਰੇਖਾਵਾਂ ਬਣ ਜਾਂਦੀਆਂ ਹਨ ਤੇ ਉਹ ਬੇਹੋਸ਼ ਹੋ ਕੇ ਡਿੱਗ ਪੈਂਦਾ ਹੈ। ਰੇਲਵੇ ਪਲੇਟਫਾਰਮ ਉਤੇ ਖੜੋਤਾ ਉਹ ਆ ਰਹੀ ਗੱਡੀ ਨੂੰ ਵੇਖਣ ਲੱਗਦਾ ਹੈ ਤਾਂ ਰੇਲ ਦੀਆਂ ਲਾਈਨਾਂ ਉਸ ਦੀਆਂ ਅੱਖਾਂ ਵਿਚ ਸਮਾਨਾਂਤਰ ਰੇਖਾਵਾਂ ਬਣ ਜਾਂਦੀਆਂ ਹਨ ਤੇ ਉਸ ਨੂੰ ਦੌਰਾ ਪੈਣ ਲੱਗਦਾ ਹੈ। ਅਖ਼ੀਰ, ਮਨੋਵਿਗਿਆਨ ਦੀ ਡਾਕਟਰ ਇੱਕ ਤੀਵੀਂ ਉਸ ਦਾ ਇਲਾਜ ਕਰਦੀ ਹੈ ਤੇ ਪਤਾ ਲਾਉਂਦੀ ਹੈ ਕਿ ਸਮਾਨਾਂਤਰ ਰੇਖਾਵਾਂ ਨੂੰ ਵੇਖ ਕੇ ਉਸ ਨੂੰ ਕਿਉਂ ਦੌਰਾ ਪੈਣ ਲੱਗਦਾ ਹੈ। ...
ਅਗਲੇ ਪੀਰੀਅਡ ਦੀ ਘੰਟੀ ਵੱਜੀ ਤਾਂ ਜਗਦੀਸ਼ ਕਹਾਣੀ ਨੂੰ ਵਿਚੇ ਛੱਡ ਕੇ ਉਠਿਆ। ਵਿਦਿਆਰਥੀ ਕਹਾਣੀ ਪੂਰੀ ਕਰਨ ਲਈ ਜ਼ਿੱਦ ਕਰਨ ਲੱਗੇ ਤਾਂ ਉਹ ਅਗਲੇ ਦਿਨ ਬਾਕੀ ਦੀ ਕਹਾਣੀ ਸੁਣਾਉਣ ਲਈ ਕਹਿ ਕੇ ਚਲਾ ਗਿਆ।
ਤੇ ਪਾਸ਼ੀ ਸੋਚ ਰਹੀ ਸੀ ਕਿ ਭਾਵੇਂ ਉਸ ਨੂੰ ਰੇਖਾ-ਗਣਿਤ ਬਿਲਕੁਲ ਨਹੀਂ ਆਉਂਦਾ ਪਰ ਹੈ ਇਹ ਬੜਾ ਦਿਲਚਸਪ ਵਿਸ਼ਾ। ਇਸ ਸਾਲ ਉਹ ਇਸ ਵਿਚ ਜਰੂਰ ਪਾਸ ਹੋਵੇਗੀ।
ਸਕੂਲ ਵਿਚ ਪੜ੍ਹਾਉਂਦਿਆਂ ਜਗਦੀਸ਼ ਨੂੰ ਚਾਰ ਮਹੀਨੇ ਹੋ ਗਏ ਸਨ। ਉਹ ਵਿਦਿਆਰਥੀ ਵੀ ਜਿਨ੍ਹਾਂ ਨੂੰ ਗਣਿਤ ਵਿਚ ਕਦੇ ਕੋਈ ਦਿਲਚਸਪੀ ਮਹਿਸੂਸ ਨਹੀਂ ਸੀ ਹੋਈ ਤੇ ਜਿਨ੍ਹਾਂ ਲਈ ਗਣਿਤ ਸ਼ੁਰੂ ਤੋਂ ਹੀ ਬੜਾ ਰੁੱਖਾ ਤੇ ਔਖਾ ਵਿਸ਼ਾ ਬਣਿਆ ਹੋਇਆ ਸੀ, ਹੁਣ ਹੋਰਨਾਂ ਵਿਸ਼ਿਆਂ ਦੇ ਮੁਕਾਬਲੇ ਉਸ ਵਿਚ ਕਿਤੇ ਵੱਧ ਦਿਲਚਸਪੀ ਲੈਣ ਲੱਗੇ ਸਨ। ਉਹ ਬੀਜ-ਗਣਿਤ ਦੇ ਸਿਧਾਂਤਾਂ ਨਾਲ ਅੰਕਗਣਿਤ ਦੇ ਗੁੰਝਲਦਾਰ ਸਵਾਲਾਂ ਨੂੰ ਮਿੰਟਾਂਸਕਿੰਟਾਂ ਵਿਚ ਹੱਲ ਕਰ ਲੈਂਦੇ। ਰੇਖਾ-ਗਣਿਤ ਦੀਆਂ ਵੱਖ-ਵੱਖ ਸ਼ਕਲਾਂ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਘੁੰਮਦੀਆਂ ਰਹਿੰਦੀਆਂ, ਜਿਵੇਂ 'ਕਲੀਡੀਓਸਕੋਪ' ਨੂੰ ਹਿਲਾਉਣ ਨਾਲ ਉਸ ਵਿਚ ਪਏ ਕੱਚ ਦੇ ਰੰਗ-ਬਿਰੰਗੇ ਟੋਟਿਆਂ ਦੀਆਂ ਮਨਮੋਹਣੀਆਂ ਸ਼ਕਲਾਂ ਬਣਦੀਆਂ ਹਨ। ਉਹ ਜਮਾਤਾਂ ਜਿਨ੍ਹਾਂ ਵਿਚ ਜਗਦੀਸ਼ ਦਾ ਕੋਈ ਪੀਰੀਅਡ ਨਹੀਂ ਸੀ, ਉਸ ਲਈ ਤਰਸਦੀਆਂ।
ਪਾਸ਼ੀ ਹੁਣ ਪਹਿਲਾਂ ਵਾਂਗ ਸਵਾਲ ਪੁੱਛੇ ਜਾਣ ਉਤੇ ਕੰਧ ਵੱਲ ਸੁੰਞੀ ਜਿਹੀ ਨਜ਼ਰ ਨਾਲ ਨਾ ਵੇਖਦੀ। ਉਸ ਦਾ ਹੱਥ ਕਦੇ-ਕਦੇ ਉਠ ਜਾਂਦਾ ਤੇ ਉਸ ਦੇ ਜਵਾਬ ਜ਼ਿਆਦਾਤਰ ਸਹੀ ਹੁੰਦੇ। ਪਰ ਪਿਛਲੇ ਦੋ ਵਰ੍ਹਿਆਂ ਦਾ ਉਸ ਦਾ ਬੀਜ-ਗਣਿਤ ਤੇ ਰੇਖਾ-ਗਣਿਤ ਦਾ ਗਿਆਨ ਨਾਂਮਾਤਰ ਹੀ ਸੀ। ਨਵੀਆਂ ਪੜ੍ਹਾਈਆਂ ਗਈਆਂ ਗੱਲਾਂ ਉਸ ਨੂੰ ਕਾਫੀ ਹੱਦ ਤੱਕ ਯਾਦ ਸਨ ਪਰ ਮੁੱਢਲੀਆਂ ਬੁਨਿਆਦੀ ਗੱਲਾਂ ਨਾ ਆਉਣ ਕਰ ਕੇ ਉਹ ਕਈ ਵਾਰ ਸਵਾਲ ਪੁੱਠੇ-ਸਿੱਧੇ ਕਰ ਬੈਠਦੀ ਤੇ ਉਹ ਡਰਦੀ ਕਿ ਕਿਤੇ ਇਸ ਵਾਰ ਵੀ ਫੇਲ੍ਹ ਨਾ ਹੋ ਜਾਏ।
ਸਾਲਾਨਾ ਇਮਤਿਹਾਨ ਵਿਚ ਤਿੰਨ ਮਹੀਨੇ ਬਾਕੀ ਰਹਿ ਗਏ ਸਨ। ਇੱਕ ਦਿਨ ਪਾਸ਼ੀ ਦੇ ਪਿਤਾ ਜੀ ਸਕੂਲ ਆਏ, ਜਗਦੀਸ਼ ਨੂੰ ਮਿਲੇ ਤੇ ਪਾਸ਼ੀ ਲਈ ਉਸ ਦੀ ਟਿਊਸ਼ਨ ਰੱਖ ਲਈ।
ਕਿਸੇ ਘਰ ਵਿਚ ਏਨਾ ਅਮੀਰਾਨਾ ਠਾਠ ਜਗਦੀਸ਼ ਨੇ ਪਹਿਲਾਂ ਕਦੇ ਨਹੀਂ ਸੀ ਵੇਖਿਆ। ਪਾਸ਼ੀ ਦੀ ਕੋਠੀ ਦੇ ਸਾਹਮਣੇ ਬਗੀਚੇ ਵਿਚ ਲੱਗੇ ਹੋਏ ਵੰਨ-ਸੁਵੰਨੇ ਬੂਟਿਆਂ ਦੀ ਕਾਟ-ਤਰਾਸ਼ ਤੇ ਭਾਂਤ-ਸੁਭਾਂਤੇ ਫੁੱਲਾਂ ਨੂੰ ਉਹ ਵੇਖਦਾ ਰਹਿ ਗਿਆ। ਫੇਰ, ਜਦ ਉਹ ਰੇਸ਼ਮੀ ਪਰਦਿਆਂ, ਕਸ਼ਮੀਰੀ ਕਾਲੀਨਾਂ ਤੇ ਅਤਿ-ਆਧੁਨਿਕ ਫ਼ਰਨੀਚਰ ਨਾਲ ਸਜੇ ਡਰਾਇੰਗ-ਰੂਪ ਵਿਚ ਗਿਆ ਤੇ ਪਾਸ਼ੀ ਦੇ ਪਿਤਾ ਜੀ ਨਾਲ ਚਾਹ ਪੀਣ ਬੈਠਾ ਤਾਂ ਉਸ ਮਾਹੌਲ ਵਿਚ ਉਸ ਨੂੰ ਆਪਣੀ ਹਸਤੀ ਏਨੀ ਨਿਗੂਣੀ ਜਿਹੀ ਲੱਗੀ ਕਿ ਉਸ ਦੇ ਮਨ ਵਿਚ ਆਇਆ ਕਿ ਟਿਊਸ਼ਨ ਕਰਨੋਂ ਨਾਂਹ ਕਰ ਦਏ। ਉਸ ਨੂੰ ਲੱਗਾ, ਜਿਵੇਂ ਉਸ ਦੇ ਕੱਪੜੇ ਮੈਲੇ ਤੇ ਅੱਧੋਰਾਣੇ ਸਨ, ਉਸ ਦੇ ਬੂਟ ਬਹੁਤ ਪੁਰਾਣੇ ਤੇ ਖਸਤਾ-ਹਾਲ ਸਨ ਤੇ ਪਾਸ਼ੀ ਦੇ ਪਿਤਾ ਜੀ ਦੇ ਸਾਹਮਣੇ ਉਸ ਦੀ ਸ਼ਖਸੀਅਤ ਬੜੀ ਗਰੀਬੜੀ ਤੇ ਤਰਸਯੋਗ ਸੀ। ਉਹ ਚਾਹ ਪੀਂਦਾ ਹੋਇਆ ਨਾਂਹ ਕਰਨ ਬਾਰੇ ਸੋਚਦਾ ਰਿਹਾ ਪਰ ਨਾਲ ਹੀ ਉਸ ਦੇ ਮਨ ਵਿਚ ਇਹ ਖ਼ਿਆਲ ਵੀ ਆਉਂਦਾ ਰਿਹਾ ਕਿ ਏਨੀ ਚੰਗੀ ਟਿਊਸ਼ਨ ਨੂੰ ਠੁਕਰਾਉਣਾ ਨਿਰੀ ਮੂਰਖਤਾ ਹੈ।
ਅਖ਼ੀਰ ਚਾਹ ਪੀਣ ਅਤੇ ਪਾਸ਼ੀ ਦੇ ਪਿਤਾ ਜੀ ਨਾਲ ਕੁਝ ਗੱਲਾਂ ਕਰਨ ਪਿੱਛੋਂ ਉਹ ਪਾਸ਼ੀ ਦੇ ਕਮਰੇ ਵਿਚ ਗਿਆ। ਉਸੇ ਤਰ੍ਹਾਂ ਦੋ ਰੇਸ਼ਮੀ ਪਰਦਿਆਂ, ਕਸ਼ਮੀਰੀ ਕਾਲੀਨਾਂ ਤੇ ਅਤਿ ਆਧੁਨਿਕ ਫ਼ਰਨੀਚਰ ਨਾਲ ਸਜਿਆ ਹੋਇਆ ਕਮਰਾ ਸੀ ਉਹ ਵੀ ਤੇ ਉਥੇ ਵੀ ਜਗਦੀਸ਼ ਦੇ ਮਨ ਵਿਚ ਆਪਣੀ ਨਿਗੂਣੀ ਹੋਂਦ ਦਾ ਅਹਿਸਾਸ ਸੀ ਪਰ ਨਾਲ ਹੀ ਇਮਤਿਹਾਨ ਹੋਣ ਤੱਕ ਹਰ ਮਹੀਨੇ ਨੱਬੇ ਰੁਪਏ ਮਿਲਣ ਦਾ ਖ਼ਿਆਲ ਵੀ ਸੀ।
ਸਕੂਲ ਤੋਂ ਛੁੱਟੀ ਹੋਣ ਪਿੱਛੋਂ ਜਗਦੀਸ਼ ਟਿਊਸ਼ਨ ਉਤੇ ਜਾਣ ਤੋਂ ਪਹਿਲਾਂ ਅੱਧਾ ਘੰਟਾ ਇਧਰ-ਉਧਰ ਬੈਠ-ਉਠ ਕੇ ਕੱਟਦਾ ਕਿਉਂਕਿ ਪਾਸ਼ੀ ਛੁੱਟੀ ਹੁੰਦਿਆਂ ਹੀ ਪੜ੍ਹਨ ਲਈ ਤਿਆਰ ਨਾ ਹੁੰਦੀ। ਉਹ ਉਸ ਦੇ ਕਮਰੇ ਵਿਚ ਜਾਂਦਾ ਤਾਂ ਕੁਝ ਚਿਰ ਪਿੱਛੋਂ ਚਾਹ ਆਉਂਦੀ ਫੇਰ ਦਸਾਂ-ਵੀਹਾਂ ਮਿੰਟਾਂ ਪਿੱਛੋਂ ਪਾਸ਼ੀ ਆਉਂਦੀ ਫੇਰ ਉਸ ਦੀਆਂ ਇਧਰਉਧਰ ਦੀਆਂ ਬੜੀਆਂ ਚੰਚਲ ਗੱਲਾਂ ਆਉਂਦੀਆਂ ਤੇ ਫੇਰ ਕਿਤੇ ਜਾ ਕੇ ਗਣਿਤ ਦੀ ਵਾਰੀ ਆਉਂਦੀ। ਤਦ ਕਦੇ ਅਚਾਨਕ ਪਾਸ਼ੀ ਦੀ ਸਮਾਨਾਂਤਰ ਰੇਖਾਵਾਂ ਦੀ ਉਲਝਣ ਆਉਂਦੀ ਜਿਨ੍ਹਾਂ ਦੀ ਪਰਿਭਾਸ਼ਾ ਤੋਤੇ ਵਾਂਗ ਉਸ ਦੀ ਜ਼ੁਬਾਨ ਉਤੇ ਚੜ੍ਹ ਚੁੱਕੀ ਸੀ ਤੇ ਉਹ ਪੁੱਛਦੀ, "ਮਾਸਟਰ ਜੀ ਕੀ ਇਨ੍ਹਾਂ ਦਾ ਫਾਸਲਾ ਕਦੇ ਵੀ ਘੱਟ ਨਹੀਂ ਹੁੰਦਾ? ਇਹ ਕਿਤੇ ਵੀ ਜਾ ਕੇ ਨਹੀਂ ਮਿਲਦੀਆਂ?"
"ਨਹੀਂ", ਜਗਦੀਸ਼ ਸਾਹਮਣੇ ਕੰਧ ਵੱਲ ਵੇਖਦਾ ਹੋਇਆ ਕਹਿੰਦਾ।
"ਕਦੇ ਵੀ ਨਹੀਂ?"
ਜਗਦੀਸ਼ ਦੁਬਾਰਾ ਨਹੀਂ ਕਹਿਣ ਦੀ ਥਾਂ ਉਸ ਨੂੰ ਉਹ ਪ੍ਰਮੇਯ ਕਰਨ ਲਹੀ ਕਹਿੰਦਾ, ਜਿਸ ਵਿਚ ਉਹ ਹਰ ਵਾਰ ਕੋਈ ਨਾ ਕੋਈ ਗਲਤੀ ਕਰ ਜਾਇਆ ਕਰਦੀ ਸੀ।
ਪਾਸ਼ੀ ਕਦੇ ਉਹ ਪ੍ਰਮੇਯ ਕਰਨ ਲੱਗਦੀ ਤੇ ਕਦੇ ਰੁੱਸ ਬਹਿੰਦੀ। ਅਸੀਂ ਨਹੀਂ ਕਰਦੇ! ਕਈ ਵਾਰ ਤਾਂ ਹੋ ਚੁੱਕਾ ਏ। ਤੁਸੀਂ ਮੁੜ-ਮੁੜ ਇਸੇ ਨੂੰ ਕਰਨ ਲਈ ਕਹਿੰਦੇ ਹੋ। ਇਹ ਕਿਹੜਾ ਇਸ ਸਾਲ ਇਮਤਿਹਾਨ ਵਿਚ ਆਉਣ ਵਾਲਾ ਏ।"
ਜਗਦੀਸ਼ ਚੁੱਪ ਹੋ ਜਾਂਦਾ ਉਹ ਉਸ ਅਮੀਰਜ਼ਾਦੀ ਨੂੰ ਡਾਂਟ ਨਹੀਂ ਸੀ ਸਕਦਾ ਤੇ ਚੁੱਪ ਬਣਿਆ ਸਾਹਮਣੇ ਕੰਧ ਵੱਲ ਵੇਖਦਾ ਰਹਿੰਦਾ।
ਫੇਰ ਪਾਸ਼ੀ ਜਿਵੇਂ ਖ਼ੁਦ ਹੀ ਮੰਨ ਜਾਂਦੀ ਤੇ ਕਹਿੰਦੀ "ਚੰਗਾ, ਕੱਲ੍ਹ ਮੈਂ ਇਹ ਪ੍ਰਮੇਯ ਜ਼ਰੂਰ ਹੀ ਕਰ ਕੇ ਵਿਖਾ ਦਿਆਂਗੀ। ਇੱਕ ਵੀ ਗਲਤੀ ਨਹੀਂ ਹੋਵੇਗੀ।"
ਤੇ ਫੇਰ ਜਿਵੇਂ ਕੁਝ ਹੋਇਆ ਹੀ ਨਾ ਹੋਵੇ, ਉਹ ਪੁੱਛਦੀ, "ਪਰ ਮਨੋਵਿਗਿਆਨ ਦੀ ਉਸ ਡਾਕਟਰ ਨੇ ਆਖ਼ਿਰ ਉਨ੍ਹਾਂ ਸਮਾਨਾਂਤਰ ਰੇਖਾਵਾਂ ਦੇ ਰਹੱਸ ਦਾ ਕਿਵੇ ਪਤਾ ਲਾ ਲਿਆ?"
ਜਗਦੀਸ਼ ਮੁਸਕਰਾ ਪੈਂਦਾ ਤੇ ਕਹਿੰਦਾ ਸ਼ਾਇਦ ਏਸ ਸਾਲ ਫੇਰ ਤੂੰ ਗਣਿਤ ਵਿਚ ਫੇਲ੍ਹ ਹੋਣਾ ਚਾਹੁੰਦੀ ਏਂ!"
ਪਾਸ਼ੀ ਝੱਟ ਕਹਿੰਦੀ, "ਤੁਸੀਂ ਵੇਖ ਲੈਣਾ ਏਸ ਵਾਰ ਮੈਂ ਫ਼ਸਟ ਕਲਾਸ ਨੰਬਰ ਨਾ ਲਏ ਤਾਂ!"
ਪਾਸ਼ੀ ਦੀ ਕੋਠੀ ਵਿਚੋਂ ਨਿਕਲ ਕੇ ਜਗਦੀਸ਼ ਆਪਣੇ ਘਰ ਜਾਂਦਾ ਤਾਂ ਆਪਣੇ ਛੋਟੇ ਜਹੇ ਕਮਰੇ ਵਿਚ ਦਾਖ਼ਿਲ ਹੁੰਦਿਆਂ ਹੀ ਉਸ ਦਾ ਮਨ ਉਦਾਸ ਹੋ ਉਠਦਾ। ਕਮਰੇ ਵਿਚਲੀ ਮੈਲੀ ਜਿਹੀ ਧੁੰਦ ਤੇ ਘਸਮੈਲੀਆਂ ਕੰਧਾਂ ਵੱਲ ਵੇਖਣ ਨੂੰ ਉਸ ਦਾ ਦਿਲ ਨਾ ਕਰਦਾ। ਨਿਗੂਣੇ ਹੋਣ ਦਾ ਅਹਿਸਾਸ ਉਸ ਨੂੰ ਜਿਵੇਂ ਖਾਣ ਲੱਗਦਾ ਤੇ ਉਹ ਥਕੇਵੇਂ ਜੇਹੇ ਵਿਚ ਕੱਪੜੇ ਬਦਲਦਾ, ਮੂੰਹ ਹੱਥ ਧੋਂਦਾ ਅੰਗੀਠੀ ਵਿਚ ਕੋਲੇ ਪਾਉਂਦਾ ਤੇ ਰਾਤ ਦਾ ਖਾਣਾ ਬਣਾਉਣ ਲੱਗਦਾ। ਕਦੇ ਉਹ ਸੋਚਦਾ ਕਿ ਪਿਛਲੇ ਛੇ ਸਾਲਾਂ ਤੋਂ ਉਹ ਸਕੂਲ-ਮਾਸਟਰੀ ਕਰਦਾ ਆ ਰਿਹਾ ਹੈ। ਆਖ਼ਿਰ ਉਸ ਦੀ ਜ਼ਿੰਦਗੀ ਕੀ ਹੈ? ਉਸ ਦਾ ਭਵਿੱਖ ਕੀ ਹੈ? ਕੀ ਸਾਰੀ ਜ਼ਿੰਦਗੀ ਏਸੇ ਤਰ੍ਹਾਂ ਸਕੂਲ ਵਿਚ ਪੜ੍ਹਾਉਂਦਿਆਂ ਤੇ ਇਸ ਕਮਰੇ ਵਿਚ ਖਾਣਾ ਬਣਾਉਂਦਿਆਂ ਬੀਤ ਜਾਏਗੀ? ਇੱਕ ਦਿਨ ਕਿੰਨੇ ਸੁਹਣੇ ਭਵਿੱਖ ਦਾ ਸੁਪਨਾ ਵੇਖਿਆ ਸੀ। ਉਸ ਦੀ ਤਾਲੀਮ ਦੇ ਖ਼ਰਚ ਨੇ ਉਸ ਦੇ ਬੁੱਢੇ ਪਿਤਾ ਦੀ ਕਮਰ ਤੋੜ ਸੁੱਟੀ ਸੀ। ਉਸ ਨੇ ਬੜੀਆਂ ਔਖਿਆਈਆਂ ਨਾਲ ਉਸ ਨੂੰ ਪੜ੍ਹਾਇਆ ਸੀ ਤੇ ਉਸ ਨੂੰ ਆਸ ਸੀ ਕਿ ਇੱਕ ਦਿਨ ਉਹ ਇੰਜੀਨੀਅਰ ਬਣ ਜਾਏਗਾ ਤਾਂ ਸਾਰੀਆਂ ਔਖਿਆਈਆਂ ਦੂਰ ਹੋ ਜਾਣਗੀਆਂ। ਸ਼ੁਰੂ ਤੋਂ ਹੀ ਇੰਜੀਨੀਅਰੀ ਵਿਚ ਜਗਦੀਸ਼ ਦੀ ਬੜੀ ਰੁਚੀ ਸੀ। ਪਰ ਉਸ ਦੇ ਐਫ਼ਐਸ-ਸੀ. ਤੱਕ ਪਹੁੰਚਦਿਆਂ ਪਿਤਾ ਦੀ ਕਮਰ ਏਨੀ ਨਿਉਂ ਗਈ ਸੀ ਕਿ ਹੁਣ ਉਹ ਉਸ ਦੀ ਤਾਲੀਮ ਦਾ ਭਾਰ ਹੋਰ ਵਧੇਰੇ ਨਹੀਂ ਸੀ ਚੁੱਕ ਸਕਦਾ। ਦਿਨ-ਰਾਤ ਦੀ ਅਟੁੱਟ ਮਿਹਨਤ ਸਦਕਾ ਜਗਦੀਸ਼ ਐਫ਼ਐਸ-ਸੀ. ਵਿਚ ਪਹਿਲੀ ਸ਼੍ਰੇਣੀ ਵਿਚ ਪਾਸ ਹੋਇਆ ਸੀ। ਪਰ ਅੱਗੋਂ ਮਾਇਕ ਔਕੜਾਂ ਕਰਕੇ ਇੰਜੀਨੀਅਰੀ ਕਰਨੀ ਸੰਭਵ ਨਹੀਂ ਸੀ। ਤਦ ਉਸ ਨੇ ਛੋਟੀ-ਛੋਟੀ ਕਮਾਈ ਕਰਦਿਆਂ ਬੀ.ਏ. ਕੀਤੀ ਸੀ ਤੇ ਫੇਰ ਸਕੂਲ ਵਿਚ ਨੌਕਰੀ ਕਰ ਲਈ ਸੀ। ਹੁਣ ਇਹ ਉਸ ਦਾ ਛੇਵਾਂ ਸਾਲ ਸੀ ਤੇ ਉਸ ਦੀ ਜ਼ਿੰਦਗੀ ਇੱਕ ਅਜਿਹੀ ਸਿੱਧੀ ਲੀਕ ਬਣ ਗਈ ਸੀ ਜਿਸ ਵਿਚ ਕੋਈ ਵਿੰਗ-ਮੋੜ ਨਹੀਂ ਸੀ। ਉਸ ਨੂੰ ਆਪਣੀ ਜ਼ਿੰਦਗੀ ਦਾ ਆਖ਼ਰੀ ਪੜਾਅ ਸਾਫ਼ ਦਿਸ ਰਿਹਾ ਸੀ ਤੇ ਇੱਕ ਲੀਕ ਪਾਸ਼ੀ ਦੀ ਜ਼ਿੰਦਗੀ ਦੀ ਸੀ। ਉਹ ਆਪਣੇ ਪਿਤਾ ਦੀ ਕੱਲੀ-ਕਾਰੀ ਧੀ ਸੀ ਤੇ ਉਸ ਦੀ ਸਾਰੀ ਜਾਇਦਾਦ ਦੀ ਵਾਰਿਸ। ਇੱਕ ਦਿਨ ਵਿਆਹ ਹੋਣ ਪਿੱਛੋਂ ਉਸ ਨੇ ਉਸ ਕੋਠੀ ਵਿਚੋਂ ਨਿਕਲ ਕੇ ਉਹੋ ਜਿਹੀ ਹੀ ਕਿਸੇ ਹੋਰ ਕੋਠੀ ਵਿਚ ਚਲੀ ਜਾਣਾ ਸੀ।
ਟਿਊਸ਼ਨ ਦਾ ਇਹ ਤੀਜਾ ਮਹੀਨਾ ਸੀ। ਪਾਸ਼ੀ ਗਣਿਤ ਵਿਚ ਹੁਣ ਪੱਕੇ ਪੈਰਾਂ ਉਤੇ ਖੜ੍ਹੀ ਸੀ ਤੇ ਖ਼ਾਸ ਕਰਕੇ ਰੇਖਾ-ਗਣਿਤ ਵਿਚ ਤਾਂ ਉਸ ਨੂੰ ਕਦੇ ਵੀ ਸਾਹਮਣੇ ਕੰਧ ਵੱਲ ਵੇਖ ਕੇ ਸੋਚਣਾ ਨਹੀਂ ਸੀ ਪੈਂਦਾ ਪਰ ਹੁਣ ਜਗਦੀਸ਼ ਹਮੇਸ਼ਾਂ ਸਾਹਮਣੇ ਕੰਧ ਵੱਲ ਵੇਖ ਕੇ ਸੋਚਦਾ। ਉਸ ਨੂੰ ਪਾਸ਼ੀ ਦੇ ਕਮਰੇ ਵਿਚ ਆਪਣੀ ਹੋਂਦ ਨਿਗੂਣੀ ਬਣਦੀ ਜਾ ਰਹੀ ਪ੍ਰਤੀਤ ਹੋ ਰਹੀ ਸੀ ਤੇ ਪਾਸ਼ੀ ਤੋਂ ਡਰ ਲੱਗਦਾ ਸੀ-ਪਾਸ਼ੀ ਜੋ ਆਪਣੀ ਉਮਰ ਦੇ ਸਤਾਰ੍ਹਵੇਂ ਸਾਲ ਵਿਚ ਪੈਰ ਰੱਖ ਚੁੱਕੀ ਸੀ। ਪਾਸ਼ੀ ਜੋ ਉਸ ਨਾਲ ਓੜਕ ਦੀਆਂ ਗੱਲਾਂ ਕਰਦੀ ਹੋਈ ਕਦੇ ਅਚਾਨਕ ਰੁੱਸ ਬੈਠਦੀ ਕਦੇ ਪਾਰੇ ਵਾਂਗ ਤਿਲ੍ਹਕ ਪੈਂਦੀ। ਪਾਸ਼ੀ ਜੋ ਅਜਿਹੇ ਅਜੀਬ-ਅਜੀਬ ਸਵਾਲ ਪੁੱਛਦੀ ਕਿ ਜਗਦੀਸ਼ ਜਵਾਬ ਨਾ ਦੇ ਪਾਉਂਦਾ ਤੇ ਫੇਰ ਪਾਸ਼ੀ ਜਿੰਨਾ ਹੀ ਉਸ ਦੇ ਨੇੜੇ ਹੁੰਦੀ, ਓਨਾ ਹੀ ਉਹ ਉਸ ਤੋਂ ਦੂਰ ਹੋਣ ਦੀ ਕੋਸ਼ਿਸ਼ ਕਰਦਾ। ਉਹ ਫ਼ਾਸਲਾ ਜੋ ਤਿੰਨ ਮਹੀਨੇ ਪਹਿਲਾਂ ਸੀ ਹੁਣ ਵੀ ਉਂਜੇ ਸੀ। ਕਦੇ ਉਸ ਨੂੰ ਲੱਗਦਾ ਕਿ ਪਾਸ਼ੀ ਦੇ ਰੇਸ਼ਮੀ ਕੱਪੜੇ ਉਸ ਨੂੰ ਛੋਹ ਰਹੇ ਹਨ ਤਾਂ ਉਹ ਆਪਣੇ ਆਪ ਵਿਚ ਸੁੰਗੜ ਜਾਂਦਾ। ਕਦੇ ਕਾਪੀ ਉਤੇ ਸਵਾਲ ਸਮਝਾਉਂਦਿਆਂ ਉਸ ਨੂੰ ਲੱਗਦਾ ਕਿ ਪਾਸ਼ੀ ਦੀਆਂ ਅੱਖਾਂ ਉਸ ਦੇ ਚਿਹਰੇ ਉਤੇ ਗੱਡੀਆਂ ਹੋਈਆਂ ਹਨ ਤਾਂ ਉਸ ਨੁੰ ਆਪਣਾ ਚਿਹਰਾ ਭਖਦਾ ਹੋਇਆ ਮਹਿਸੂਸ ਹੁੰਦਾ। ਕਦੇ ਪੈਨਸਿਲ ਫੜਾਉਂਦਿਆਂ ਜਾਂ ਕਿਤਾਬ ਦਿੰਦਿਆਂ ਪਾਸ਼ੀ ਦੀਆਂ ਉਂਗਲਾਂ ਉਸ ਦੇ ਹੱਥ ਨੂੰ ਛੋਹ ਜਾਂਦੀਆਂ ਤਾਂ ਉਹ ਸਿਹਰ ਉਠਦਾ।
ਅਜਿਹੇ ਮੌਕਿਆਂ ਉਤੇ ਅਚਾਨਕ ਉਸ ਕਮਰੇ ਵਿਚ ਪਾਸ਼ੀ ਦੀ ਮਾਂ ਨੇ ਆਉਣਾ, ਜਿਵੇਂ ਕਿਸੇ ਕੰਮ ਦਾ ਬਹਾਨਾ ਕੀਤਾ ਹੋਵੇ। ਤਦ ਪਾਸ਼ੀ ਬੜੀ ਸਾਊ ਜਿਹੀ ਕੁੜੀ ਬਣ ਜਾਂਦੀ ਤੇ ਗਣਿਤ ਸੰਬੰਧੀ ਕਈ-ਕਈ ਗੱਲਾਂ ਪੁੱਛਣ ਲੱਗਦੀ। ਉਸ ਦੀ ਮਾਂ ਕੁਝ ਚਿਰ ਕਮਰੇ ਵਿਚ ਬਹਿ ਕੇ ਚਲੀ ਜਾਂਦੀ। ਤਦ ਜਗਦੀਸ਼ ਫੇਰ ਉਹੋ ਰੇਸ਼ਮੀ ਛੋਹ ਮਹਿਸੂਸ ਕਰਦਾ, ਉਸ ਦਾ ਚਿਹਰਾ ਭਖ਼ਣ ਲੱਗਦਾ ਤੇ ਉਸ ਦਾ ਸਰੀਰ ਸਿਹਰ ਉਠਦਾ। ਪਰ ਉਹ ਸਾਹਮਣੇ ਕੰਧ ਵੱਲ ਹੀ ਦੇਖਦਾ ਰਹਿੰਦਾ ਜਾਂ ਥੱਲੇ ਕਾਪੀ ਉਤੇ ਨਜ਼ਰ ਗੱਡੀ ਰੱਖਦਾ। ਆਖ਼ਿਰ ਪਾਸ਼ੀ ਰੁੱਸ ਬਹਿੰਦੀ ਸੱਚ-ਮੁੱਚ ਹੀ ਉਸ ਨਾਲ ਨਾਰਾਜ਼ ਹੋ ਜਾਂਦੀ ਤੇ ਕਹਿੰਦੀ ਕਿ ਉਹ ਉਸ ਤੋਂ ਬਿਲਕੁਲ ਨਹੀਂ ਪੜ੍ਹੇਗੀ ਬਿਲਕੁਲ ਹੀ ਨਹੀਂ ਪੜ੍ਹੇਗੀ।
ਇਮਤਿਹਾਨ ਹੋ ਗਿਆ। ਟਿਊਸ਼ਨ ਖ਼ਤਮ ਹੋ ਗਈ ਤੇ ਨਾਲ ਹੀ ਪਾਸ਼ੀ ਦੀ ਆਲੀਸ਼ਾਨ ਕੋਠੀ ਵਿਚ ਜਗਦੀਸ਼ ਦਾ ਜਾਣਾ-ਆਉਣਾ ਵੀ ਖ਼ਤਮ ਹੋ ਗਿਆ। ਉਸ ਨੂੰ ਲੱਗਾ ਇਹ ਪਿਛਲੇ ਤਿੰਨ ਮਹੀਨੇ ਜਿਵੇਂ ਕਿਸੇ ਸੁਪਨੇ ਵਿਚ ਬੀਤੇ ਹੋਣ। ਇਨ੍ਹਾਂ ਤਿੰਨਾਂ ਮਹੀਨਿਆਂ ਵਿਚ ਉਸ ਦੀ ਹਾਲਤ ਕਿਸੇ ਲੰਮੀ ਬੀਮਾਰੀ ਦੇ ਮਰੀਜ਼ ਵਰਗੀ ਬਣ ਗਈ ਸੀ ਪਰ ਹੁਣ ਇਹ ਸਭ ਕੁਝ ਖਤਮ ਹੋ ਗਿਆ ਸੀ ਤੇ ਉਹ ਖੁਸ਼ ਸੀ।
ਟਿਊਸ਼ਨ ਖ਼ਤਮ ਹੋਣ ਪਿੱਛੋਂ ਸਿਰਫ਼ ਇੱਕ ਵਾਰ ਉਸ ਨੂੰ ਪਾਸ਼ੀ ਦੀ ਕੋਠੀ ਜਾਣਾ ਪਿਆ। ਪਾਸ਼ੀ ਦੇ ਪਿਤਾ ਜੀ ਨੇ ਉਸ ਨੂੰ ਚਾਹ ਉਤੇ ਬੁਲਾਇਆ ਸੀ। ਕੋਠੀ ਵਿਚ ਦਾਖ਼ਿਲ ਹੋਣ ਉਤੇ ਪਾਸ਼ੀ ਨੇ ਉਸ ਨੂੰ ਇਸ ਤਰ੍ਹਾਂ ਨਮਸਤੇ ਕੀਤੀ, ਜਿਵੇਂ ਪਹਿਲਾਂ ਕਦੇ ਨਹੀਂ ਸੀ ਕੀਤੀ ਤੇ ਉਸ ਦਾ ਅਜਿਹਾ ਵਤੀਰਾ ਸੀ ਜਿਵੇਂ ਉਸ ਦੇ ਅੰਦਰ ਕੋਈ ਨਫ਼ਰਤ ਸੀ ਜੋ ਹੁਣ ਛਿੱਥੀ ਪੈ ਗਈ ਸੀ। ਚਾਹ ਪੀਂਦਿਆਂ ਪਾਸ਼ੀ ਦੇ ਪਿਤਾ ਜੀ ਨੇ ਇਧਰ-ਉਧਰ ਦੀਆਂ ਗੱਲਾਂ ਤੋਂ ਛੁੱਟ ਕੁਝ ਗੱਲਾਂ ਪਾਸ਼ੀ ਦੇ ਪਰਚਿਆਂ ਬਾਰੇ ਕੀਤੀਆਂ ਤੇ ਆਸ ਪ੍ਰਗਟ ਕੀਤੀ ਕਿ ਪਰਚੇ ਚੰਗੇ ਹੋਏ ਹੋਣਗੇ ਤੇ ਇਸ ਸਿਲਸਿਲੇ ਵਿਚ ਉਸ ਦਾ ਰਤਾ ਖ਼ਿਆਲ ਰੱਖਣ ਲਈ ਕਿਹਾ। ਜਗਦੀਸ਼ ਨੇ ਯਕੀਨ ਦਿਵਾਇਆ ਕਿ ਹੁਣ ਪਾਸ਼ੀ ਨੂੰ ਡਰਨ ਦੀ ਬਿਲਕੁਲ ਹੀ ਲੋੜ ਨਹੀਂ ਹੈ।
ਆਖ਼ਿਰ ਪਾਸ਼ੀ ਦੀ ਜਮਾਤ ਦੇ ਵੀ ਗਣਿਤ ਦੇ ਪਰਚੇ ਜਗਦੀਸ਼ ਕੋਲ ਆਏ। ਉਸ ਨੂੰ ਯਕੀਨ ਸੀ ਕਿ ਪਾਸ਼ੀ ਨੇ ਪਰਚਾ ਬਹੁਤ ਚੰਗਾ ਕੀਤਾ ਹੋਵੇਗਾ ਕਿਉਂਕਿ ਉਸ ਕਿਸਮ ਦੇ ਸਵਾਲ ਪਾਸ਼ੀ ਕਈ ਵਾਰ ਉਸ ਦੇ ਸਾਹਮਣੇ ਕਰ ਚੁੱਕੀ ਸੀ। ਫੇਰ ਵੀ ਉਸ ਨੇ ਪਰਚਿਆਂ ਵਿਚੋਂ ਪਹਿਲਾਂ ਉਸੇ ਦਾ ਪਰਚਾ ਕੱਢਿਆ ਤੇ ਇੱਕ-ਇੱਕ ਕਰ ਕੇ ਸਾਰੇ ਵਰਕੇ ਪਰਤ ਗਿਆ। ਉਹ ਹੈਰਾਨ ਰਹਿ ਗਿਆ ਕਿ ਸਾਰਾ ਪਰਚਾ ਖਾਲੀ ਸੀ। ਸਿਰਫ਼ ਪਹਿਲੇ ਸਫ਼ੇ ਉਤੇ ਦੋ ਲੀਕਾਂ ਖਿੱਚੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਉਪਰ ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਸੀ ਸਮਾਨਾਂਤਰ ਰੇਖਾਵਾਂ ਤੇ ਉਨ੍ਹਾਂ ਦੇ ਵਿਚਕਾਰ ਇੱਕ ਸਵਾਲੀਆਂ ਨਿਸ਼ਾਨ ਸੀ ਜਿਵੇਂ ਉਹ ਪੁੱਛ ਰਹੀ ਹੋਵੇ, 'ਮਾਸਟਰ ਜੀ ਕੀ ਇਹ ਕਦੇ ਨਹੀਂ ਮਿਲਣਗੀਆਂ?'

  • ਮੁੱਖ ਪੰਨਾ : ਕਹਾਣੀਆਂ, ਸੁਖਬੀਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ