Sankat Di Ghari (Punjabi Story) : Omkar Sood Bahona

ਸੰਕਟ ਦੀ ਘੜੀ (ਕਹਾਣੀ) : ਓਮਕਾਰ ਸੂਦ ਬਹੋਨਾ

ਗੱਲ ਮੇਰੇ ਬਚਪਨ ਦੀ ਹੈ । ਮੈਂ ਉਦੋਂ ਤੀਜੀ ਜਮਾਤ ਵਿੱਚ ਪੜ੍ਹਦਾ ਹੁੰਦਾ ਸਾਂ । ਮੇਰਾ ਇੱਕ ਜਮਾਤੀ ਸੀ- ਕੱਬੂ ! ਉਹ ਨਾਂ ਦਾ ਨਹੀਂ ਸਗੋਂ ਊਂ ਵੀ 'ਕੱਬਾ' ਸੀ । ਸ਼ਰਾਰਤਾਂ ਦੀ ਜੜ੍ਹ ਸੀ ਉਹ । ਪੜ੍ਹਾਈ ਵਿੱਚ ਏਨਾ ਹੁਸ਼ਿਆਰ ਕਿ ਸੱਤਵੀਂ ਜਮਾਤ ਤੱਕ ਅੱਪੜਦਿਆਂ ਉਹ ਗੱਭਰੂ ਹੋ ਗਿਆ ਸੀ । ਮਤਲਬ ਦਾਹੜੀ-ਮੁੱਛਾਂ ਉਹਦੇ ਸੱਤਵੀਂ ਵਿੱਚ ਹੀ ਉੱਗ ਆਈਆਂ ਸਨ । ਇੱਕ ਜਮਾਤ ਵਿੱਚ ਦੋ-ਦੋ, ਤਿੰਨ-ਤਿੰਨ ਸਾਲ ਲਗਾ ਕੇ ਜਮਾਤਾਂ ਦੀ ਮੰਜ਼ਿਲ ਚੜ੍ਹਿਆ ਸੀ । ਬਦਕਿਸਮਤੀ ਨਾਲ ਬਚਪਨ ਦੇ ਮੁੱਢਲੇ ਸਾਲਾਂ ਵਿੱਚ ਉਹ ਮੇਰਾ ਦੋਸਤ ਸੀ । ਤੀਜੀ ਵਿੱਚ ਅਸੀਂ ਇਕੱਠੇ ਪੜ੍ਹਦੇ ਸਾਂ । ਉਹ ਪ੍ਰਛਾਵੇਂ ਵਾਂਗ ਹਰ ਸਮੇਂ ਮੇਰੇ ਨਾਲ ਹੀ ਰਹਿੰਦਾ ਸੀ । ਸਵੇਰੇ ਉੱਠਦਿਆਂ ਹੀ ਬਿਨਾਂ ਮੂੰਹ ਧੋਤੇ ਉਹ ਮੇਰੇ ਕੋਲ ਆ ਬਹਿੰਦਾ ਸੀ ਤੇ ਸਾਰਾ ਦਿਨ ਮੇਰੇ ਨਾਲ ਹੀ ਘੁੰਮਦਾ, ਖੇਡਦਾ ਤੇ ਸ਼ਰਾਰਤਾਂ ਕਰਦਾ ਰਹਿੰਦਾ ਸੀ । ਇੱਕ ਵਾਰ ਐਤਵਾਰ ਦਾ ਦਿਨ ਸੀ । ਗਰਮੀ ਦਾ ਮੌਸਮ ਸੀ । ਟਿਕੀ ਸਿਖਰ ਦੁਪਹਿਰ ਨੂੰ ਉਹ ਮੇਰੇ ਕੋਲ ਆ ਬੈਠਾ । ਮੈ ਸਕੂਲ ਦਾ ਕੰਮ ਕਰਕੇ ਦੁਪਹਿਰ ਨੂੰ ਅਰਾਮ ਕਰਨ ਦੇ ਮੂਡ ਵਿੱਚ ਸਾਂ, ਪਰ ਉਹਦੇ ਆ ਜਾਣ ਕਰਕੇ ਮੇਰਾ ਅਰਾਮ ਗਿਆ ਢੱਠੇ ਖੂਹ ਵਿੱਚ! ਮੈ ਉਹਦੇ ਮੂੰਹ ਵੱਲ ਵੇਖਿਆ-ਧੁੱਪ ਨਾਲ ਲਾਲ ਹੋਇਆ ਪਿਆ ਸੀ ਉਹਦਾ ਚਿਹਰਾ । ਪਸੀਨਾ ਉਹਦੇ ਪਿੰਡੇ ਤੋਂ ਪਾਣੀ ਵਾਂਗ ਵਹਿ ਰਿਹਾ ਸੀ । ਆਉਂਦਿਆਂ ਹੀ ਉਹ ਮੂੜ੍ਹੇ ਉੱਤੇ ਬਹਿ ਗਿਆ । ਉਸ ਨੇ ਕਮੀਜ਼ ਦੇ ਸਾਰੇ ਬਟਣ ਖੋਲ੍ਹ ਲੱਤਾਂ ਅੱਗੇ ਨੂੰ ਨਿਸਾਲ ਲਈਆਂ । ਬਨੈਣ ਵਿੱਚ ਦੀ ਫੂਕਾਂ ਮਾਰ ਕੇ ਢਿੱਡ ਨੂੰ ਹਵਾ ਦਿੰਦਿਆਂ ਉਹ ਬੋਲਿਆ, "ਓਮੇਂ,ਪਾਣੀ ਦਾ ਗਿਲਾਸ ਪਿਲਾ ਯਾਰ ! ਬਹੁਤ ਤਰੇਹ ਲੱਗੀ ਹੈ । ਗਰਮੀ ਤਾਂ ਤਰਾਹ ਹੀ ਕੱਢੀ ਜਾਂਦੀ ਆ!"

ਉਹ ਪਾਣੀ ਇਸ ਤਰ੍ਹਾਂ ਮੰਗ ਰਿਹਾ ਸੀ ਜਿਵੇਂ ਉਹ ਮੇਰਾ ਅਧਿਆਪਕ ਅਤੇ ਮੈਂ ਉਹਦਾ ਸ਼ਿਸ਼ ਹੋਵਾਂ! ਫਿਰ ਵੀ ਮੈਨੂੰ ਉਸ ਦੇ ਹਾਲ 'ਤੇ ਤਰਸ ਆਇਆ ਤੇ ਮੈਂ ਅੰਦਰੋਂ ਲਿਆ ਕੇ ਉਸ ਨੂੰ ਮਟਕੇ ਦਾ ਠੰਡਾ ਪਾਣੀ ਪਿਲਾਇਆ । ਪਾਣੀ ਪੀ ਕੇ ਉਹ ਕੁਝ ਚਿਰ ਚੁੱਪ-ਚਾਪ ਬੈਠਾ ਰਿਹਾ । ਥੋੜ੍ਹੀ ਦੇਰ ਬਾਅਦ ਬੋਲਿਆ, "ਯਾਰ, ਇੱਕ ਕੰਮ ਕਰੀਏ ?"

"ਦੱਸ ?" ਮੈਂ ਸੋਚਿਆ ਨਹਿਰ ਉੱਤੇ ਜਾਂ ਟਿਊਬਵੈੱਲ 'ਤੇ ਜਾ ਕੇ ਨਹਾਉਣ ਲਈ ਆਖੇਗਾ । ਜਾਂ ਧਰਮਸ਼ਾਲਾ ਵਿੱਚ ਜਾ ਕੇ ਖੁੱਡਾਂ 'ਚੋਂ ਚਿੜੀਆਂ ਫੜ੍ਹਨ ਲਈ ਆਖੇਗਾ । ਹੋਰ ਇਸ ਨੇ ਕੀ ਹਲ ਵਾਹੁਣਾ ਹੈ ਮੈਨੂੰ ਨਾਲ ਲੈ ਕੇ ! ਪਰ ਹੈਂ ?ਉਹ ਭਲਾਮਾਣਸ ਤਾਂ ਹੋਰ ਹੀ ਕੁਝ ਕਹਿ ਰਿਹਾ ਸੀ! ਉਹ ਬੋਲਿਆ, "ਅੱਜ ਤਾਰੇ ਦੀ ਹੱਟੀ 'ਤੇ ਚੱਲੀਏ । ਤਾਰਾ ਤਾਂ ਅਜੇ ਸ਼ਹਿਰੋਂ ਆਇਆ ਨਹੀਂ ਹੋਣਾ । ਉਹਦਾ ਚਾਚਾ ਹੋਵੇਗਾ ਹੱਟੀ 'ਤੇ!"
"ਫਿਰ ?" ਮੈਂ ਸਵਾਲੀਆ ਨਜ਼ਰਾਂ ਨਾਲ ਉਹਦੇ ਵੱਲ ਵੇਖਿਆ ।

"ਫਿਰ ਕੀ ! ਚੱਲ ਕੇ ਸੋਢੇ ਦੀਆ ਬੋਤਲਾਂ ਚੁਰਾ ਕੇ ਪੀਵਾਂਗੇ । 'ਗਿੱਨੇ' ਨੂੰ ਕਿਹੜਾ ਦੀਹਦਾ ਹੈ । ਬੋਤਲਾਂ ਚੁੱਕ ਕੇ ਧਰਮਸ਼ਾਲਾ ਵਿੱਚ ਲੈ ਆਵਾਂਗੇ । ਉੱਥੇ ਤਖਤਪੋਸ਼ 'ਤੇ ਬਹਿ ਕੇ ਪੀਵਾਂਗੇ!"ਤਾਰੇ ਦਾ ਚਾਚਾ 'ਗਿੱਨਾ' ਸੱਚਮੁੱਚ ਹੀ ਅੰਨ੍ਹਾਂ ਸੀ । ਉਹ ਤਾਰੇ ਦੀ ਗੈਰਹਾਜ਼ਰੀ ਵਿੱਚ ਲੋਕਾਂ ਨੂੰ ਸੌਦਾ-ਪੱਤਾ ਤਾਂ ਦੇ ਦਿੰਦਾ ਸੀ ਪਰ ਪੈਸਿਆਂ ਦੀ ਪਛਾਣ ਟੋਹ-ਟੋਹ ਕੇ ਕਰਦਾ ਹੁੰਦਾ ਸੀ । ਇਉਂ ਇੱਕ-ਦੋ ਘੰਟੇ ਕੰਮ ਚਲਾ ਲੈਂਦਾ ਸੀ । ਏਨੇ ਨੂੰ ਉਹਦਾ ਭਤੀਜਾ ਤਾਰਾ ਸ਼ਹਿਰੋਂ ਦੁਕਾਨ ਵਾਸਤੇ ਸੌਦੇ-ਪੱਤੇ ਲੈ ਕੇ ਆ ਜਾਂਦਾ ਸੀ । ਫਿਰ ਉਹ ਦੁਕਾਨ ਸਾਂਭ ਲੈਂਦਾ ਸੀ । ਪਰ ਅੱਜ ਕੱਬੂ ਮੈਨੂੰ ਚੋਰੀ ਕਰਨ ਵਾਸਤੇ ਕਹਿ ਰਿਹਾ ਸੀ! ਮੈਂ ਚੋਰੀ ਕਰਾਂਗਾ ? ਨਹੀਂ, ਨਹੀਂ ! ਇਹ ਕਦੇ ਵੀ ਨਹੀਂ ਹੋ ਸਕਦਾ । ਮੈਂ 'ਨਾਂਹ' ਵਿੱਚ ਸਿਰ ਫੇਰ ਦਿੱਤਾ । ਉਹ ਫਿਰ ਬੋਲਿਆ, "ਉਏ ਕੁਛ ਨਹੀਂ ਹੁੰਦਾ! ਚੱਲ ਉੱਠ, ਖਾਲੀ ਬੋਤਲਾਂ ਕੁਲਫੀਆਂ ਵਾਲੇ ਭਾਈ ਨੂੰ ਵੇਚ ਕੇ ਕੁਲਫੀਆਂ ਖਾਵਾਂਗੇ । ਡੱਕਾ ਨਹੀਂ ਵਿਗੜਦਾ, ਚੱਲ ਉੱਠ ਪੌ!" ਤੇ ਉਹਨੇ ਮੈਨੂੰ ਬਾਹੋਂ ਫੜ੍ਹ ਕੇ ਉਠਾ ਲਿਆ । ਮੈਂ ਜੱਕੋ-ਤੱਕੀ ਵਿੱਚ ਉਹਦੇ ਨਾਲ ਤੁਰ ਪਿਆ । ਕੁਝ ਪਲ ਪਹਿਲਾਂ ਮੈਨੂੰ ਜਿਸ ਕੰਮ ਦਾ ਚਿੱਤ ਚੇਤਾ ਵੀ ਨਹੀਂ ਸੀ, ਅਸੀਂ ਜ਼ਿੰਦਗੀ ਦਾ ਸਭ ਤੋਂ ਭੈੜਾ ਕੰਮ ਕਰਨ ਵਾਸਤੇ ਜਾ ਰਹੇ ਸਾਂ । ਅਸੀਂ ਹੱਟੀ ਜਾ ਪਹੁੰਚੇ । ਬਾਹਰ ਦਰਵਾਜ਼ੇ ਵਿੱਚ ਉਹਦਾ ਬੋਤਲਾਂ ਵਾਲਾ ਡਾਲਾ ਪਿਆ ਸੀ । ਸੰਤਰੀ ਰੰਗ ਦੀਆਂ ਦੋ-ਦੋ ਬੋਤਲਾਂ ਉਠਾ ਕੇ ਅਸੀਂ ਧਰਮਸ਼ਾਲਾ ਵੱਲ ਤੁਰ ਪਏ । ਰਸਤੇ ਵਿੱਚ ਟੁੰਡਾ ਰਣਜੀਤ ਸਾਨੂੰ ਵੇਖ ਕੇ ਹੱਸਿਆ । ਅਸੀਂ ਉਹਦੀ ਪਰਵਾਹ ਕੀਤੇ ਬਿਨਾਂ ਧਰਮਸ਼ਾਲਾ ਵਿੱਚ ਆ ਵੜੇ । ਉੱਥੇ ਕੋਈ ਨਹੀਂ ਸੀ । ਕੁਝ ਗੋਲੇ ਕਬੂਤਰ ਰੌਸ਼ਨਦਾਨਾਂ ਵਿੱਚ ਬੈਠੇ 'ਗੁਟਰ-ਗੂੰ,ਗੁਟਰ-ਗੂੰ' ਕਰ ਰਹੇ ਸਨ । ਅਸੀਂ ਖੜ੍ਹਿਆਂ-ਖੜ੍ਹਿਆਂ ਹੀ ਦੰਦਾਂ ਨਾਲ ਬੋਤਲਾਂ ਦੇ ਢੱਕਣ ਪੁੱਟ ਕੇ ਖੋਲ੍ਹ ਦਿੱਤੇ । ਤੱਤੀਆ ਧੁੱਪ ਨਾਲ ਸੜੀਆਂ-ਬਲੀਆਂ ਸੋਢੇ ਦੀਆਂ ਬੋਤਲਾਂ ਗਟ-ਗਟ ਕਰਕੇ ਪੀ ਗਏ ਤੇ ਫਿਰ ਧਰਮਸ਼ਾਲਾ ਵਿੱਚੋਂ ਬਾਹਰ ਆ ਕੇ ਕੁਲਫੀਆਂ ਵਾਲੇ ਭਾਈ ਦੀ ਤਲਾਸ਼ ਕਰਨ ਲੱਗੇ । ਇੱਕ ਕੁਲਫੀਆਂ ਵਾਲਾ ਸਾਈਕਲ 'ਤੇ ਲੱਕੜ ਦੀ ਪੇਟੀ ਲੱਦੀ ਆ ਧਮਕਿਆ । ਅਸੀਂ ਖਾਲੀ ਬੋਤਲਾਂ ਵੱਟੇ ਦੋ-ਦੋ ਕੁਲਫੀਆਂ ਖਾਧੀਆਂ ਤੇ ਮੂੰਹ ਠੰਡੇ ਕਰਕੇ ਘਰਾਂ ਨੂੰ ਵਾਪਸ ਆ ਗਏ ।

ਦੂਜੇ ਦਿਨ ਦੁਪਹਿਰੇ ਮੱਲ ਕੇ ਟਿਊਬਵੈੱਲ ਤੋਂ ਨਹਾ ਕੇ ਅਸੀਂ ਦੋਵੇਂ ਵਾਪਸ ਆ ਰਹੇ ਸਾਂ । ਰਸਤੇ ਵਿੱਚ ਚਾਚੀ ਸ਼ਿਮਲੋ ਖੇਤ ਭੱਤਾ ਲੈ ਕੇ ਜਾਂਦੀ ਮਿਲੀ । ਬੋਲੀ, "ਬਿਜੂਓ! ਕੱਲ੍ਹ ਕੀ ਕਾਰਾ ਕੀਤਾ ? ਥੋਡੇ ਪਿਓ ਥੋਨੂੰ ਲੱਭਦੇ ਫਿਰਦੇ ਆ । ਹੱਟੀ ਵਾਲਾ ਤਾਰਾ ਡਾਂਗ ਚੁੱਕੀ ਫਿਰਦਾ ਐ । ਮੌਰ ਸੇਕੂ ਅੱਜ ਥੋਡੇ!" ਸੁਣ ਕੇ ਮੇਰੀ ਤਾਂ ਅਕਲ ਖਾਨਿਓਂ ਗਈ । ਦਿਲ ਧੱਕ-ਧੱਕ ਵੱਜਣਾ ਸ਼ੁਰੂ ਹੋ ਗਿਆ । ਲੱਤਾਂ ਤੁਰਨੋਂ ਜਵਾਬ ਦੇ ਰਹੀਆਂ ਸਨ । ਲਗਦਾ ਸੀ ਮੈਂ ਡਿੱਗਿਆ ਕਿ ਡਿੱਗਿਆ । ਮੈਂ ਨਰਵਸ ਹੋਇਆ ਕਿੱਕਰ ਦੀ ਛਾਵੇਂ ਢੋ ਲਾ ਕੇ ਬਹਿ ਗਿਆ । ਮੇਰੀ ਹਾਲਤ ਵੇਖ ਕੇ ਕੱਬੂ ਹੱਸਦਿਆਂ ਬੋਲਿਆ, "ਬੱਸ ਨਿਕਲ ਗਈ ਮੋਕ! ਉਦੋਂ ਤਾਂ ਬੋਤਲਾਂ ਚੀਘੀਆਂ ਲਾ ਲਾ ਕੇ ਪੀਂਦਾ ਸੀ । ਕੁਝ ਨਹੀਂ ਹੁੰਦਾ, ਦੋ-ਦੋ ਪੈ ਜਾਣਗੀਆਂ ਤਾਂ ਕੀ ਲੂਲ੍ਹਾਂ ਲੱਥ ਜਾਣਗੀਆਂ ? ਇਹੋ ਜਿਹੀਆਂ ਬਦਮਾਸ਼ੀਆਂ 'ਚ ਜੁੱਤੀ ਪਤਾਣ ਤਾਂ ਹੁੰਦਾ ਹੀ ਹੈ । ਡਰਨ ਦੀ ਲੋੜ ਨਹੀਂ । ਇਹ ਤਾਂ ਸ਼ੁਰੂਆਤ ਹੈ । ਊਂ ਇਹ ਸਾਰਾ ਭੇਦ ਰਣਜੀਤ ਨੇ ਦੱਸਿਆ ਹੋਊ ! ਚੱਲ ਕੋਈ ਨੀ੍ਹ, ਹੌਸਲਾ ਕਰ!" ਕੱਬੂ ਨੇ ਮੈਨੂੰ ਬਾਹੋਂ ਫੜ੍ਹ ਕੇ ਉਠ ਲਿਆ । ਮੈਂ ਲੜਖੜਾਉਂਦੀ ਜਿਹੀ ਹਾਲਤ ਵਿੱਚ ਸੋਚ ਮਗ਼ਨ ਉਹਦੇ ਨਾਲ ਤੁਰ ਪਿਆ । ਮੇਰੀ ਸੋਚ ਪਛਤਾਵਾ ਕਰ ਰਹੀ ਸੀ । ਅੱਜ ਮੇਰੀ ਬੇਦਾਗ ਛਵ੍ਹੀ ਦਾਅ 'ਤੇ ਲੱਗੀ ਪਈ ਸੀ । ਮੇਰੀ ਘਰੇ ਅਤੇ ਆਂਢ-ਗੁਆਂਢ ਵਿੱਚ ਬੇ-ਇੱਜਤੀ ਹੋ ਜਾਣੀ ਸੀ! ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਸਾਂ । ਮੇਰੇ ਸਕੁਲ ਦੇ ਦੋਸਤ ਮਿੱਤਰ ਤੇ ਭੈਣ-ਭਰਾ ਕੀ ਸੋਚਣਗੇ ? ਕੱਲ੍ਹ ਤੱਕ ਇਹ ਗੱਲ ਅਧਿਆਪਕਾਂ ਤੱਕ ਵੀ ਅੱਪੜ ਜਾਵੇਗੀ । ਕੀ ਬਣੂੰ ? ਹਾਏ ਰੱਬਾ,ਇਹ ਮੈਂ ਕੀ ਕਰ ਬੈਠਾ ? ਮੈਨੂੰ ਕੱਬੂ ਬਹੁਤ ਬੁਰਾ ਮੁੰਡਾ ਪ੍ਰਤੀਤ ਹੋਇਆ । ਵਿਹੁ ਵਰਗਾ ਜਾਪ ਰਿਹਾ ਸੀ । ਮੇਰਾ ਜੀ ਕੀਤਾ ਫੜ੍ਹ ਕੇ ਉਹਨੂੰ ਢਾਹ ਲਵਾਂ । ਪਰ ਮੈਂ ਉਮਰ ਤੇ ਸ਼ਕਤੀ ਵਿੱਚ ਉਸ ਤੋਂ ਛੋਟਾ ਸਾਂ । ਮੇਰੀ ਸਿਹਤ ਉਸ ਦੇ ਅੱਗੇ ਅੱਧੀ ਵੀ ਨਹੀਂ ਸੀ । ਉਹ ਖਾ-ਖਾ ਕੇ ਬੇਫਿਕਰੇ ਸਾਨ੍ਹ ਵਾਂਗ ਫਿੱਟਿਆ ਪਿਆ ਸੀ । ਉਹ ਇੱਕ ਦਮ ਪਹਿਲਵਾਨ ਜਾਪਦਾ ਸੀ । ਚਲੋ, ਜੇ ਮੈਂ ਉਸ ਨੂੰ ਕੁੱਟ ਵੀ ਲੈਂਦਾ ਤਾਂ ਕੀ ਹੋਣਾ ਸੀ । ਇਹ ਜੋ ਸਾਹਮਣੇ ਸੰਕਟ ਦੀ ਘੜੀ ਮੂੰਹ ਅੱਡੀ ਖੜ੍ਹੀ ਸੀ, ਟਲ ਤਾਂ ਨਹੀਂ ਸਕਦੀ ਸੀ । ਅਖੀਰ ਮੈਂ ਲੱਤਾਂ ਘਸੀਟਦਾ ਘਰੇ ਪਹੁੰਚ ਗਿਆ । ਘਰ ਤਾਰਾ ਹੱਟੀ ਵਾਲਾ ਤੇ ਮੇਰਾ ਬਾਪੂ ਦੋਨੋਂ ਦਲਾਨ ਵਿੱਚ ਬੈਠੇ ਸਾਨੂੰ ਉਡੀਕ ਰਹੇ ਸਨ । ਘਰੇ ਵੜਦਿਆਂ ਨਾ ਆਵ ਦੇਖਿਆ ਨਾ ਤਾਵ ਬਾਪੂ ਜੀ ਨੇ ਮੈਨੂੰ ਗੋਡਿਆਂ ਥੱਲੇ ਸੁਟ ਲਿਆ । 'ਦੇਹ ਤੇਰੇ ਦੀ-ਦੇਹ ਤੇਰੇ ਦੀ' ਹੋਣ ਲੱਗੀ । ਬਾਪੂ ਦੀ ਜੁੱਤੀ ਦਾ ਖੜਕਾ ਤੇ ਦਬਕਿਆਂ ਦੀ ਅਵਾਜ਼ ਗੁਆਂਢੀਆਂ ਦੇ ਘਰ ਤੱਕ ਸੁਣਾਈ ਦੇ ਰਹੀ ਸੀ । ਮੇਰੀਆਂ ਚੀਕਾਂ ਮੇਰੇ ਅੰਦਰ ਹੀ ਦਫ਼ਨ ਹੋ ਰਹੀਆਂ ਸਨ ।

"ਚਾਚਾ ਜਾਣ ਦੇ ਗੁੱਸੇ ਨੂੰ, ਛੱਡ ਦੇਹ ਜਵਾਕ ਮਰਜੂ!" ਤਾਰੇ ਨੂੰ ਮੇਰੇ 'ਤੇ ਤਰਸ ਆ ਗਿਆ ਲੱਗਦਾ ਸੀ ਜਾਂ ਉਹਨੂੰ ਮੇਰੇ ਮਰਨ ਦੀ ਚਿੰਤਾ ਸੀ, ਰੱਬ ਜਾਣੇ ! ਪਰ ਉਹਨੇ ਮੇਰੇ ਪਿਓ ਨੂੰ ਹੋਰ ਮਾਰਨ ਤੋਂ ਰੋਕ ਦਿੱਤਾ । ਮੈਂ ਉੱਠਕੇ ਖੜ੍ਹਾ ਹੋ ਗਿਆ । ਮੇਰੇ ਕੰਨਾਂ ਵਿੱਚੋਂ ਸੇਕ ਨਿਕਲ ਰਿਹਾ ਸੀ । ਅਜੀਬ ਕਿਸਮ ਕੀ 'ਸ਼ਾਂ-ਸ਼ਾਂ' ਦੀ ਅਵਾਜ਼ ਮੇਰੇ ਕੰਨਾਂ ਵਿੱਚ ਗੂੰਜ ਰਹੀ ਸੀ । ਮੈਂ ਬੁੱਤ ਬਣਿਆਂ ਖੜ੍ਹਾ ਸਾਂ । ਤਾਰੇ ਨੇ ਮੈਨੂੰ ਬੁੱਕਲ ਵਿੱਚ ਲੈ ਲਿਆ । ਲਾਡ ਕੀਤਾ । ਮੇਰੇ ਵਾਲਾਂ ਵਿੱਚ ਹੱਥ ਫੇਰਿਆ । ਪਿਆਰ ਨਾਲ ਪੁੱਛਣ ਲੱਗਿਆ, "ਸੱਚ ਦੱਸ ਦੇਹ ਸਭ ਕੁਝ ਬੀਬਿਆ, ਤੈਨੂੰ ਕੁਝ ਨਹੀਂ ਕਹਿੰਦੇ!" ਮੈਂ ਮਨ ਹੀ ਮਨ ਸੋਚਿਆ, 'ਅਜੇ ਕੋਈ ਕਸਰ ਛੱਡੀ ਆ!ਇਸ ਤੋਂ ਵੱਧ ਹੁਣ ਹੋਰ ਕੀ ਕਹੋਗੇ! ਹੁਣ ਤਾਂ ਹੋਰ ਮੇਰੀ ਜਾਨ ਹੀ ਲੈ ਸਕਦੇ ਹੋ! ਜੁੱਤੀਆਂ ਤਾਂ ਮੇਰੇ ਰੱਜ ਕੇ ਮਾਰ ਹੀ ਲਈਆਂ ਹਨ । ' ਪਰ ਫਿਰ ਵੀ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਮੈਂ ਸਿਆਣਾ ਬਣ ਗਿਆ । ਸਾਰਾ ਸੱਚ ਉਨ੍ਹਾਂ ਮੂਹਰੇ ਢੇਰੀ ਕਰ ਦਿੱਤਾ । ਮੇਰਾ ਸਾਰਾ ਬਿਆਨ ਸੁਣ ਕੇ ਉਨ੍ਹਾਂ ਨੂੰ ਕੱਬੂ ਹੀ ਸਾਰੇ ਪੁਆੜੇ ਦੀ ਜੜ ਮਹਿਸੂਸ ਹੋਇਆ । ਤਾਰਾ ਉੱਠ ਕੇ ਕੱਬੂ ਦੇ ਘਰ ਵੱਲ ਨੂੰ ਤੁਰ ਪਿਆ । ਉਦੋਂ ਨੂੰ ਕੱਬੂ ਦਾ ਪਿਓ ਉਹਨੂੰ ਜੂੰਡਿਓਂ ਫੜ੍ਹੀ ਸਾਡੇ ਘਰ ਆ ਵੜਿਆ । ਡੰਡਾ ਉਹਦੇ ਹੱਥ ਵਿੱਚ ਸੀ । ਉਹ ਕੱਬੂ ਨੂੰ ਕੁੱਟਦਾ ਹੀ ਆ ਰਿਹਾ ਸੀ । ਤਾਰਾ ਰੁਕ ਗਿਆ । ਉਹਨੇ ਕੱਬੂ ਦੇ ਪਿਓ ਹੱਥੋਂ ਡੰਡਾ ਫੜ੍ਹਦਿਆਂ ਉਹਨੂੰ ਵੀ ਮਾਰਨ ਤੋਂ ਰੋਕ ਦਿੱਤਾ । ਕੱਬੂ ਦੀ ਜਾਨ ਖਲਾਸੀ ਹੋ ਗਈ ਸੀ । ਤਾਰਾ ਸਾਨੂੰ ਮਾਫ਼ ਕਰਕੇ ਚਲਿਆ ਗਿਆ । ਸਾਡੇ ਉੱਤੇ ਸੰਕਟ ਦੀ ਘੜੀ ਆਈ ਸੀ, ਬੀਤ ਗਈ । ਕੱਬੂ ਚਲਿਆ ਗਿਆ । ਸਭ ਚਲੇ ਗਏ । ਮੈਂ ਖੜ੍ਹਾ ਪੈਰ ਦੇ ਅੰਗੂਠੇ ਨਾਲ ਧਰਤੀ ਖੁਰਚ ਰਿਹਾ ਸਾਂ । ਪਿਤਾ ਜੀ ਮੇਰਾ ਕੰਨ ਖਿਚਦਿਆਂ ਬੋਲੇ, "ਦੱਸ ਅੱਗੇ ਤੋਂ ਕਰੇਂਗਾ ਚੋਰੀ ?ਕਰੇਂਗਾ ਦੋਸਤੀ ਨਲੈਕ ਮੁੰਡਿਆਂ ਨਾਲ ? ਮੈ 'ਨਹੀਂ ਪਿਤਾ ਜੀ' ਕਹਿ ਕੇ ਹਮੇਸ਼ਾ ਵਾਸਤੇ ਕੱਬੂ ਅਤੇ ਕੱਬੂ ਵਰਗੇ ਅਨੇਕਾਂ ਦੋਸਤਾਂ ਤੋਂ ਦੂਰ ਰਹਿਣ ਦਾ ਫੈਸਲਾ ਕਰ ਲਿਆ । ਅਗਲੇ ਦਿਨ ਕੁਲਫ਼ੀਆਂ ਵਾਲਾ ਭਾਈ ਮੈਨੂੰ ਗਲੀ ਦੇ ਮੋੜ ਤੇ ਟੱਕਰਿਆ । ਬੋਲਿਆ, "ਕੱਲ੍ਹ ਜਿਹੜੀਆਂ ਕੁਲਫ਼ੀਆਂ ਖਾਧੀਆਂ, ਉਨ੍ਹਾਂ ਦੇ ਪੈਸੇ ?" ਮੈ ਕਿਹਾ , "ਤੈਨੂੰ ਵੱਟੇ ਵਿੱਚ ਖਾਲੀ ਬੋਤਲਾਂ ਨਹੀਂ ਦਿੱਤੀਆਂ ?"ਉਹ ਅੱਗੋਂ ਬੋਲਿਆ, "ਉਏ,ਬੋਤਲਾਂ ਤਾਂ ਹੱਟੀ ਵਾਲਾ ਲੈ ਗਿਆ ਸੀ । ਕਹਿੰਦਾ ਸੀ, ਬੋਤਲਾਂ ਦੇਹ, ਨਹੀਂ ਤਾਂ ਤੈਨੂੰ ਚੋਰੀ ਦੇ ਕੇਸ ਵਿੱਚ ਥਾਣੇ ਫੜਾ ਦੇਵਾਂਗਾ । "

"ਮੇਰੇ ਕੋਲ ਹੈ ਨਹੀਂ ਪੈਸੇ-ਪੂਸੇ, ਕੱਬੂ ਤੋਂ ਲੈ ਲਵੀ!" ਕਹਿ ਕੇ ਮੈਂ ਖਿਸਕ ਆਇਆ । ਭਾਈ ਪਤਾ ਨਹੀਂ ਕਿਹੜੀ ਗਲੀ ਦਾ ਮੋੜ ਮੁੜ ਕੇ ਕਿੱਧਰ ਚਲਿਆ ਗਿਆ । ਮੈਂ ਮੁੜ ਉਹਨੂੰ ਕਦੇ ਪਿੰਡ ਵਿੱਚ ਭਾਉਂਦਾ ਨਹੀਂ ਵੇਖਿਆ ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਓਮਕਾਰ ਸੂਦ ਬਹੋਨਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ