Sarak Te Milia Banda (American Story in Punjabi) : Albert Maltz
ਸੜਕ ’ਤੇ ਮਿਲ਼ਿਆ ਬੰਦਾ (ਅਮਰੀਕੀ ਕਹਾਣੀ) : ਅਲਬਰਟ ਮਾਲਟਜ਼
ਇਹ ਸ਼ਾਮ ਚਾਰ ਵਜੇ ਦੀ ਗੱਲ ਹੈ ਮੈਂ ਗਉਲੇ, ਪੱਛਮੀ ਵਰਜੀਨੀਆ ਦੇ ਪੁਲ ਤੋਂ ਦੀ ਲੰਘਿਆ ਤੇ ਰੇਲ ਦੀ ਪਟੜੀ ਹੇਠੋਂ ਲੰਘਦੀ ਸੁਰੰਗ ਅੰਦਰ ਜਾਂਦਾ ਤਿੱਖਾ ਮੋੜ ਕੱਟਿਆ। ਮੈਂ ਇਸ ਰਾਹ ਤੋਂ ਪਹਿਲਾਂ ਵੀ ਗੁਜ਼ਰਿਆ ਸਾਂ ਤੇ ਜਾਣਦਾਂ ਸਾਂ ਕਿ ਅੱਗੇ ਕੀ ਹੈ। ਮੈਂ ਸੁਰੰਗ ਅੰਦਰ ਦਾਖਲ ਹੋਇਆ ਤੇ ਆਪਣੀ ਕਾਰ ਦੀ ਰਫਤਾਰ ਦਸ ਮੀਲ ਪ੍ਰਤੀ ਘੰਟਾ ਕਰ ਲਈ। ਪਰ ਇਸ ਰਫਤਾਰ ’ਤੇ ਵੀ ਮੈਂ ਇੱਕ ਬੰਦੇ ਨੂੰ ਕੁਚਲ ਦੇਣਾ ਸੀ। ਇਹ ਕੁੱਝ ਇਸ ਤਰ੍ਹਾਂ ਵਾਪਰਿਆ।
ਉਹ ਟਾਕੀਆਂ ਲੱਗੀ, ਪੱਕੀ ਸੜਕ ਪੂਰਾ ਦਿਨ ਪੈਣ ਵਾਲ਼ੇ ਮੀਂਹ ਨਾਲ਼ ਭਿੱਜੀ ਪਈ ਸੀ ਤੇ ਹੁਣ ਇਹ ਬਰਫ ਵਾਂਗ ਤਿਲਕਵੀਂ ਸੀ। ਇਸਦੇ ਨਾਲ਼ ਹੀ ਸੰਘਣਾ ਹਨ੍ਹੇਰਾ ਵੀ ਸੀ, ਕਾਲੇ ਅਸਮਾਨ ਤੇ ਬੇਰੋਕ ਗੜਕਦੇ ਮੀਂਹ ਨੇ ਹੈੱਡਲਾਈਟਾਂ ਤੋਂ ਬਿਨਾਂ ਕਾਰ ਚਲਾਉਣਾ ਅਸੰਭਵ ਬਣਾ ਦਿੱਤਾ ਸੀ। ਜਿਵੇਂ ਹੀ ਮੈਂ ਸੁਰੰਗ ’ਚ ਦਾਖਲ ਹੋਇਆ ਤਾਂ ਸਾਹਮਣਿਓਂ ਇੱਕ ਕਰੀਮ ਰੰਗੇ ਟਰੱਕ ਨੇ ਤੇਜੀ ਨਾਲ਼ ਮੋੜ ਕੱਟਿਆ। ਇਹ ਮੋੜ ਇੰਨਾ ਤਿੱਖਾ ਸੀ ਕਿ ਉਹਦੀਆਂ ਹੈੱਡਲਾਈਟਾਂ ਨੇ ਵੀ ਮੈਨੂੰ ਕੋਈ ਚਿਤਾਵਨੀ ਨਾ ਦਿੱਤੀ। ਸੁਰੰਗ ਛੋਟੀ ਤੇ ਤੰਗ ਸੀ ਤੇ ਉਸ ਵਿੱਚੋਂ ਸਿਰਫ ਦੋ ਕਾਰਾਂ ਦੇ ਲੰਘਣ ਜਿੰਨੀ ਥਾਂ ਸੀ। ਇਸਤੋਂ ਪਹਿਲਾਂ ਕਿ ਮੈਨੂੰ ਪਤਾ ਲੱਗਦਾ ਉਹ ਆਪਣੇ ਚੌੜੇ ਪਹੀਆਂ ਨਾਲ਼ ਸੜਕ ’ਤੇ ਮੇਰੇ ਵਾਲ਼ੇ ਪਾਸੇ ਮੇਰੇ ਸਾਹਮਣੇ ਆ ਗਿਆ।
ਮੈਂ ਇੱਕਦਮ ਬਰੇਕ ਮਾਰੇ। ਦਸ ਮੀਲ ਪ੍ਰਤੀ ਘੰਟੇ ਦੀ ਰਫਤਾਰ ’ਤੇ ਵੀ ਮੇਰੀ ਕਾਰ ਪਹਿਲਾਂ ਟਰੱਕ ਵੱਲ ਤਿਲਕੀ ਤੇ ਫੇਰ ਜਦੋਂ ਮੈਂ ਪਹੀਏ ਘੁਮਾਏ ਤਾਂ ਇਹ ਕੰਧ ਵੱਲ ਤਿਲਕ ਗਈ ਤੇ ਰੁਕ ਗਈ। ਟਰੱਕ ਮੇਰੀ ਕਾਰ ਨਾਲ਼ ਖਹਿੰਦਾ ਹੋਇਆ ਮੇਰੇ ਤੋਂ ਕੁੱਝ ਇੰਚਾਂ ਦੀ ਵਿੱਥ ਤੋਂ ਤੇਜੀ ਨਾਲ਼ ਸੁਰੰਗ ਵਿੱਚੋਂ ਲੰਘ ਗਿਆ। ਮੈਂ ਉਸ ਨੌਜਵਾਨ ਚਾਲਕ ਦਾ ਬੇਚੈਨ ਚਿਹਰਾ ਵੇਖ ਸਕਦਾ ਸਾਂ ਜੋ ਤੰਬਾਕੂ ਨਾਲ਼ ਫੁੱਲਿਆ ਪਿਆ ਸੀ ਤੇ ਜਿਸਦੀਆਂ ਅੱਖਾਂ ਸੜਕਾਂ ’ਤੇ ਜੰਮੀਆਂ ਪਈਆਂ ਸਨ।
ਮੈਂ ਆਪਣੀ ਕਾਰ ਮੁੜ ਪਹਿਲੇ ’ਚ ਤੋਰੀ। ਉਦੋਂ ਹੀ ਮੈਂ ਦੇਖਿਆ ਕਿ ਮੇਰੀ ਕਾਰ ਦੇ ਐਨ ਸਾਹਮਣੇ, ਯਾਨੀ ਅਗਲੇ ਪਹੀਏ ਤੋਂ ਮਸਾਂ ਇੱਕ ਫੁੱਟ ਦੇ ਫਾਸਲੇ ’ਤੇ ਇੱਕ ਆਦਮੀ ਖੜ੍ਹਾ ਹੈ। ਮੈਂ ਉਹਨੂੰ ਉੱਥੇ ਦੇਖ ਕੇ ਘਬਰਾ ਗਿਆ।
ਮੈਨੂੰ ਪਹਿਲਾ ਖਿਆਲ ਇਹ ਆਇਆ ਕਿ ਉਹ ਸੁਰੰਗ ਵਿੱਚ ਉਦੋਂ ਆਇਆ ਹੋਵੇਗਾ ਜਦੋਂ ਮੇਰੀ ਕਾਰ ਰੁਕੀ ਸੀ। ਮੈਨੂੰ ਯਕੀਨ ਸੀ ਕਿ ਉਹ ਪਹਿਲਾਂ ਉੱਥੇ ਨਹੀਂ ਸੀ। ਫੇਰ ਮੈਂ ਦੇਖਿਆ ਕਿ ਉਹ ਮੇਰੇ ਸਾਹਮਣੇ ਆਪਣੇ ਹੱਥਾਂ ਨੂੰ ਸਵਾਰੀ ਮੰਗਣ ਵਾਲ਼ੇ ਅੰਦਾਜ ਵਿੱਚ ਫੈਲਾਈ ਖੜ੍ਹਾ ਸੀ। ਜੇ ਉਹ ਉਸ ਸੁਰੰਗ ਵਿੱਚ ਤੁਰਿਆ ਆਇਆ ਸੀ ਤਾਂ ਉਹ ਮੇਰੇ ਸਾਹਮਣੇ ਹੋਵੇਗਾ, ਨਾ ਕਿ ਉਹ ਕਿਨਾਰੇ ਖੜ੍ਹਾ ਸਾਹਮਣੀ ਕੰਧ ਵੱਲ ਵੇਖ ਰਿਹਾ ਹੋਵੇਗਾ। ਲਾਜਮੀ ਹੀ ਮੇਰੀ ਉਸ ਨਾਲ਼ ਟੱਕਰ ਹੋਣ ਤੋਂ ਬਚਾਅ ਹੋ ਗਿਆ ਸੀ ਤੇ ਸਪੱਸ਼ਟ ਸੀ ਕਿ ਉਹ ਇਹ ਗੱਲ ਨਹੀਂ ਜਾਣਦਾ। ਉਹ ਇਹ ਵੀ ਨਹੀਂ ਜਾਣਦਾ ਸੀ ਕਿ ਮੈਂ ਉੱਥੇ ਹਾਂ। ਇਸਨੇ ਮੈਨੂੰ ਅੰਦਰੋਂ ਹਿਲਾ ਦਿੱਤਾ। ਮੇਰੇ ਦਿਮਾਗ਼ ’ਚ ਤਸਵੀਰ ਉੱਭਰੀ ਕਿ ਇੱਕ ਬੰਦਾ ਕਾਰ ਹੇਠ ਕੁਚਲਿਆ ਪਿਆ ਹੈ ਤੇ ਮੈਂ ਇਹ ਜਾਣਦੇ ਹੋਏ ਉਸਦੇ ਕੋਲ ਖੜਾ ਹਾਂ ਕਿ ਇਹ ਮੇਰੀ ਕਾਰ ਹੈ।
ਮੈਂ ਕਾਰ ਦਾ ਹਾਰਨ ਵਜਾਇਆ ਪਰ ਉਹ ਸਖਸ਼ ਉੱਥੇ ਦਾ ਉੱਥੇ ਖੜਾ ਰਿਹਾ। “ਬਈ ਅੱਗੋਂ ਹਟ”, ਮੈਂ ਉਹਨੂੰ ਅਵਾਜ਼ ਦਿੱਤੀ। ਉਹਨੇ ਕੋਈ ਜਵਾਬ ਨਾ ਦਿੱਤਾ। ਮੈਂ ਹੋਰ ਉੱਚੀ ਅਵਾਜ਼ ਦਿੱਤੀ। ਪਰ ਉਸਨੇ ਆਪਣਾ ਸਿਰ ਵੀ ਨਾ ਘੁਮਾਇਆ। ਉਹ ਆਪਣੀ ਬਾਂਹ ਹਵਾ ਵਿੱਚ ਤਾਣੀ, ਜਿਸਦਾ ਅੰਗੂਠਾ ਉਤਾਂਹ ਨੂੰ ਸੀ, ਸਥਿਰ ਖੜ੍ਹਾ ਰਿਹਾ। ਮੈਂ ਡਰ ਗਿਆ। ਮੈਨੂੰ ਉਹ ਕਿਸੇ ਡਰਾਉਣੀ ਕਹਾਣੀ ਦੇ ਭੂਤ ਵਰਗਾ ਜਾਪ ਰਿਹਾ ਸੀ।
ਮੇਰੀ ਕਾਰ ਦਾ ਹਾਰਨ ਬਿਲਕੁਲ ਠੀਕ-ਠਾਕ ਹੈ ਤੇ ਕਾਫੀ ਉੱਚਾ ਵੱਜਦਾ ਹੈ, ਇਸ ਤੋਂ ਇਲਾਵਾ ਸੁਰੰਗ ਕਰਕੇ ਅਵਾਜ਼ ਦੁੱਗਣੀ ਹੋ ਜਾਂਦੀ ਹੈ ਇਹ ਸਭ ਕੁੱਝ ਮੈਂ ਜਾਣਦਾਂ ਸਾਂ। ਮੈਂ ਹਾਰਨ ਦੇ ਕਾਲੇ ਬਟਣ ’ਤੇ ਹੱਥ ਰੱਖ ਦਿੱਤਾ ਤੇ ਉਹਨੂੰ ਕਸ ਕੇ ਨੱਪਣ ਲੱਗਾ। ਹੁਣ ਜਾਂ ਤਾਂ ਇਹ ਬੰਦਾ ਉੱਛਲ਼ ਪਵੇਗਾ ਤੇ ਜਾਂ ਖੜ੍ਹਾ ਰਹੇਗਾ ਤੇ ਸਿੱਧ ਕਰ ਦੇਵੇਗਾ ਕਿ ਉਹ ਭੂਤ ਹੈ।
ਖੈਰ, ਉਹ ਭੂਤ ਨਾ ਨਿੱਕਲ਼ਿਆ, ਪਰ ਉਹ ਉੱਛਲ਼ਿਆ ਵੀ ਨਾ। ਇੰਝ ਨਹੀਂ ਸੀ ਕਿ ਉਹ ਬੋਲਾ ਸੀ। ਉਹਨੇ ਹਾਰਨ ਬਿਲਕੁਲ ਠੀਕ-ਠਾਕ ਸੁਣਿਆ। ਉਹ ਡੂੰਘੀ ਨੀਂਦਰੇ ਸੁੱਤੇ ਕਿਸੇ ਬੰਦੇ ਵਰਗਾ ਸੀ ਜਿਸਨੂੰ ਹਾਰਨ ਹੌਲ਼ੀ-ਹੌਲ਼ੀ ਝੰਜੋੜ ਰਿਹਾ ਸੀ। ਹੌਲ਼ੀ ਜਿਹੇ ਉਹਨੇ ਆਪਣਾ ਮੂੰਹ ਮੇਰੇ ਵੱਲ ਮੋੜਿਆ ਤੇ ਮੇਰੇ ਵੱਲ ਵੇਖਣ ਲੱਗਾ। ਉਹ ਕੋਈ ਪੈਂਤੀ ਕੁ ਸਾਲ ਦਾ ਸੀ। ਮੋਟੇ-ਮੋਟੇ ਨਕਸ਼ਾਂ ਵਾਲ਼ਾ। ਇੱਕ ਸਧਾਰਨ ਸ਼ਕਲ ਚੌੜਾ ਨੱਕ ਤੇ ਵੱਡਾ ਮੂੰਹ। ਸ਼ਕਲ ਵੇਖ ਕੇ ਉਹਦੇ ਬਾਰੇ ਕੁੱਝ ਕਹਿ ਸਕਣਾ ਮੁਸ਼ਕਿਲ ਸੀ। ਨਾ ਉਹ ਵਹਿਸ਼ੀ ਲੱਗਦਾ ਸੀ, ਨਾ ਸਿਆਣਾ ਤੇ ਨਾ ਹੀ ਬੇਵਕੂਫ। ਉਹ ਬੱਸ ਇੱਕ ਵੱਡੇ ਬੰਦੇ ਦਾ ਮੀਂਹ ਨਾਲ਼ ਭਿੱਜਿਆ ਚਿਹਰਾ ਸੀ ਤੇ ਉਹਦੀਆਂ ਪਥਰਾਈਆਂ ਜਾਪਦੀਆਂ ਅੱਖਾਂ ਸਨ ਜੋ ਮੈਨੂੰ ਵੇਖ ਰਹੀਆਂ ਸਨ। ਜੇ ਅੱਖਾਂ ਨੂੰ ਮਨਫੀ ਕਰ ਦੇਵੋ ਤਾਂ ਇਹੋ ਜਿਹੇ ਚਿਹਰੇ ਤੁਹਾਨੂੰ ਸਵੇਰੇ ਛੇ ਵਜੇ ਕਿਸੇ ਖਾਣ ’ਚ ਜਾਂਦਿਆਂ ਜਾਂ ਫਿਰ ਸਟੀਲ ਦੇ ਕਾਰਖਾਨੇ, ਜਿੱਥੇ ਸਖ਼ਤ ਕੰਮ ਕੀਤਾ ਜਾਂਦਾ ਹੋਵੇ, ਵਿੱਚੋਂ ਬਾਹਰ ਆਉਂਦਿਆਂ ਅਕਸਰ ਦਿਸ ਜਾਣਗੇ। ਮੈਂ ਉਸਦੀਆਂ ਅੱਖਾਂ ਦੀ ਇਸ ਝਲਕ ਨੂੰ ਨਾ ਸਮਝ ਸਕਿਆ। ਇਹ ਕਿਸ ਸ਼ਰਾਬੀ ਦੀਆਂ ਸੁੰਨ ਅੱਖਾਂ ਨਹੀਂ ਸਨ ਤੇ ਨਾ ਹੀ ਇਹ ਜੰਗਲੀ, ਗੁੱਸੈਲ ਝਾਕਣੀ ਸੀ ਜੋ ਮੈਂ ਇੱਕ ਵਾਰ ਲੜਾਈ ਕਰ ਰਹੀ ਔਰਤ ਦੀਆਂ ਅੱਖਾਂ ਵਿੱਚ ਦੇਖੀ ਸੀ। ਉਸਨੂੰ ਦੇਖ ਕੇ ਮੈਨੂੰ ਸਿਰਫ ਇੱਕ ਵਿਅਕਤੀ ਦਾ ਖਿਆਲ ਆ ਰਿਹਾ ਸੀ ਜੋ ਕੈਂਸਰ ਨਾਲ਼ ਮਰ ਗਿਆ ਸੀ। ਆਖਰੀ ਦਿਨਾਂ ਵਿੱਚ ਉਸਦੀਆਂ ਅੱਖਾਂ ਵਿੱਚ ਵੀ ਅਜਿਹੀ ਉਦਾਸ, ਦੂਰ ਟਿਕੀ ਹੋਈ ਤੇ ਗੁਆਚੀ ਹੋਈ ਝਲਕ ਸੀ, ਇੰਝ ਲਗਦਾ ਸੀ ਜਿਵੇਂ ਉਸ ਖਾਲ਼ੀ ਝਾਕਣੀ ਦੇ ਪਿੱਛੇ ਉਹਦਾ ਮਨ ਬੀਤੇ ਦੀਆਂ ਘਟਨਾਵਾਂ ਵਿੱਚ ਭਟਕ ਰਿਹਾ ਹੋਵੇ। ਇਹੋ ਜਿਹੀ ਝਾਕਣੀ ਹੀ ਮੈਂ ਸੜਕ ’ਤੇ ਮਿਲ਼ੇ ਉਸ ਜਣੇ ਦੀਆਂ ਅੱਖਾਂ ਵਿੱਚ ਦੇਖੀ।
ਹਾਰਨ ਸੁਣਨ ਤੋਂ ਬਾਅਦ ਉਹ ਅੱਗੇ ਆ ਗਿਆ ਤੇ ਕਾਰ ਦੇ ਦਰਵਾਜੇ ਕੋਲ ਖਲ੍ਹੋ ਗਿਆ। ਮੇਰਾ ਖਿਆਲ ਸੀ ਕਿ ਨੀਂਦ ਤੋਂ ਜਾਗਣ ਬਾਅਦ ਉਹ ਕਾਰ ਨੂੰ ਏਨੀ ਕੋਲ ਵੇਖ ਕੇ ਹੈਰਾਨ ਹੋਵੇਗਾ। ਪਰ ਉਸ ’ਤੇ ਇਸ ਦਾ ਕੋਈ ਅਸਰ ਨਹੀਂ ਸੀ ਹੋਇਆ ਜਾਪਦਾ। ਉਹ ਮੇਰੇ ਵੱਲ ਇੰਝ ਵਧਿਆ ਆਇਆ ਸੀ ਜਿਵੇਂ ਮੇਰੇ ਆਉਣ ਬਾਰੇ ਉਹਨੂੰ ਕਾਫੀ ਦੇਰ ਤੋਂ ਪਤਾ ਹੋਵੇ।
“ਮੈਨੂੰ ਵੈਸਟਨ ਤੱਕ ਕਾਰ ਵਿੱਚ ਲੈ ਚੱਲੇਂਗਾ ਬਾਈ”, ਉਹ ਬੋਲਿਆ। ਮੈਨੂੰ ਉਹਦੇ ਵੱਡੇ-ਵੱਡੇ ਦੰਦ ਦਿਖਾਈ ਦਿੱਤੇ ਜਿਹੜੇ ਤੰਬਾਕੂ ਦੀ ਵਰਤੋਂ ਨਾਲ਼ ਭੂਰੇ ਹੋ ਚੁੱਕੇ ਸਨ। ਉਹਦੀ ਅਵਾਜ਼ ਭਾਰੀ ਤੇ ਖਰਖਰੀ ਸੀ ਜਿਸ ਵਿੱਚ ਧੁਰ ਦੱਖਣ ਦਾ ਲਮਾਕਵਾਂ ਤੇ ਲੈਅਬੱਧ ਬੋਲਣ ਦਾ ਲਹਿਜਾ ਸੀ। ਪੱਛਮੀ ਵਰਜੀਨੀਆਂ ਦੇ ਬਹੁਤ ਥੋੜੇ ਪਿੰਡਾਂ ’ਚ ਹੀ ਉਸ ਤਰ੍ਹਾਂ ਬੋਲਦੇ ਸਨ। ਮੈਂ ਅੰਦਾਜਾ ਲਾਇਆ ਕਿ ਉਹ ਪਹਾੜਾਂ ਵਿੱਚ ਜੰਮਿਆ-ਪਲਿਆ ਹੋਵੇਗਾ।
ਮੈਂ ਉਹਦੇ ਕੱਪੜਿਆਂ ਵੱਲ ਵੇਖਿਆ- ਇੱਕ ਪੁਰਾਣੀ ਟੋਪੀ, ਮਜ਼ਦੂਰਾਂ ਵਾਲ਼ੀ ਨੀਲੀ ਕਮੀਜ ਤੇ ਗਾੜ੍ਹੇ ਨੀਲੇ ਰੰਗ ਦੀ ਪਤਲੂਨ ਤੇ ਉਹ ਕੱਪੜੇ ਮੀਂਹ ਨਾਲ਼ ਗੜੁੱਚ ਸਨ। ਉਹ ਕੁੱਝ ਬਹੁਤਾ ਨਹੀਂ ਦੱਸਦੇ ਸਨ।
ਮੈਂ ਆਪਣੇ ਖਿਆਲਾਂ ਵਿੱਚ ਕੁੱਝ ਪਲ ਲਈ ਗੁਆਚਿਆ ਰਿਹਾ ਹੋਵਾਂਗਾ ਕਿਉਂਕਿ ਮੈਨੂੰ ਉਸਦੀ ਅਵਾਜ਼ ਫੇਰ ਸੁਣਾਈ ਦਿੱਤੀ, “ਮੈਂ ਵੈਸਟਨ ਵੱਲ ਜਾਣੈ, ਤੂੰ ਵੀ ਉੱਧਰ ਜਾਣੈ ਬਾਈ।”
ਜਦੋਂ ਉਹ ਬੋਲ ਰਿਹਾ ਸੀ ਮੈਂ ਉਹਦੀਆਂ ਅੱਖਾਂ ਵੱਲ ਵੇਖਿਆ। ਉਹਨਾਂ ਵਿਚਲੀ ਅਜੀਬ ਜਿਹੀ ਰੰਗਤ ਖਤਮ ਹੋ ਚੁੱਕੀ ਸੀ ਤੇ ਹੁਣ ਉਹ ਇੱਕ ਸਧਾਰਨ ਆਦਮੀ ਦੀਆਂ ਅੱਖਾਂ ਸਨ।
ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਉਹਨੂੰ ਕੀ ਜਵਾਬ ਦੇਵਾਂ। ਸੱਚੀ ਗੱਲ ਤਾਂ ਇਹ ਹੈ ਕਿ ਮੇਰੀ ਉਹਨੂੰ ਆਪਣੇ ਨਾਲ਼ ਬਿਠਾਣ ਦੀ ਉੱਕਾ ਕੋਈ ਚਾਹ ਨਹੀਂ ਸੀ। ਮੈਂ ਇਸ ਸੁਰੰਗ ਤੋਂ ਤੇ ਇਸ ਬੰਦੇ ਤੋਂ ਛੇਤੀ ਤੋਂ ਛੇਤੀ ਦੂਰ ਹੋ ਜਾਣਾ ਚਾਹੁੰਦਾ ਸਾਂ। ਪਰ ਜਦੋਂ ਮੈਂ ਉਹਦੇ ਵੱਲ ਵੇਖਿਆ, ਉਹਦੀ ਨਿਮਾਣੀ ਜਹੀ ਸ਼ਕਲ ਤੇ ਮੀਂਹ ਨਾਲ਼ ਗੜੁੱਚ ਕੱਪੜੇ, ਤਾਂ ਮੈਂ ਲਫਜ ‘ਨਹੀਂ’ ਨਾ ਬੋਲ ਸਕਿਆ। “ਅੰਦਰ ਆ ਜਾ”, ਮੈਂ ਕਿਹਾ। ਉਹ ਮੇਰੇ ਨਾਲ਼ ਆ ਕੇ ਬੈਠ ਗਿਆ ਤੇ ਭੂਰੇ ਕਾਗਜਾਂ ਦਾ ਇੱਕ ਲਿਫਾਫਾ ਆਪਣੀ ਗੋਦੀ ਵਿੱਚ ਰੱਖ ਲਿਆ। ਫਿਰ ਅਸੀਂ ਸੁਰੰਗ ਚੋਂ ਚੱਲ ਪਏ।
ਉਸ ਥਾਂ ਤੋਂ ਵੈਸਟਨ ਕੋਈ ਸੌ ਕੁ ਮੀਲ ਸੀ ਤੇ ਜਿੰਨਾ ਕੁ ਮੈਂ ਜਾਣਦਾ ਸਾਂ ਇਹ ਪਹਾੜਾਂ ਦਾ ਸਭ ਤੋਂ ਔਖਾ ਰਾਹ ਸੀ ਇੱਕ ਪਹਾੜ ’ਤੇ ਪੰਜ ਮੀਲ ਦੀ ਚੜ੍ਹਾਈ ਤੇ ਫੇਰ ਪੰਜ ਮੀਲ ਦੀ ਲਹਾਈ ਤੇ ਅੱਗੇ ਫੇਰ ਚੜ੍ਹਾਈ। ਰਾਹ ਸੱਪ ਵਾਂਗ ਵਲੇਵੇਂ ਖਾਂਦਾ ਸੀ ਜਿਸਦੇ ਇੱਕ ਪਾਸੇ ਪਹਾੜ ਦੀ ਢਲਾਣ ਸੀ ਤੇ ਦੂਜੇ ਪਾਸੇ ਹਜਾਰਾਂ ਫੁੱਟ ਡੂੰਘੀ ਖੱਡ। ਮੀਂਹ ਅਤੇ ਪਹਾੜੀ ਢਲਾਣ ਤੋਂ ਰਿੜਦੇ ਛੋਟੇ ਪੱਥਰਾਂ ਨੇ ਇਸ ਸਫਰ ਨੂੰ ਬਹੁਤ ਧੀਮਾ ਬਣਾ ਦਿੱਤਾ ਸੀ। ਪਰ ਉਹਨਾਂ ਚਾਰ ਘੰਟਿਆਂ ਵਿੱਚ ਜਿਹੜੇ ਸਾਨੂੰ ਵੈਸਟਨ ਪਹੁੰਚ ਵਿੱਚ ਲੱਗੇ, ਮੇਰਾ ਨਹੀਂ ਖਿਆਲ ਕਿ ਉਹਨੇ ਅੱਧੀ ਦਰਜਨ ਤੋਂ ਵੱਧ ਵਾਕ ਮੇਰੇ ਨਾਲ਼ ਸਾਂਝੇ ਕੀਤੇ ਹੋਣਗੇ।
ਮੈਂ ਉਸ ਨਾਲ਼ ਗੱਲ ਕਰਾਨ ਦੀ ਕਾਫੀ ਵਾਰ ਕੋਸ਼ਿਸ਼ ਕੀਤੀ। ਇੰਝ ਨਹੀਂ ਕਿ ਉਹ ਬੋਲਣਾ ਨਹੀਂ ਸੀ ਚਾਹੁੰਦਾ, ਉਹਨੂੰ ਤਾਂ ਜਿਵੇਂ ਮੇਰੀ ਗੱਲ ਸੁਣਦੀ ਹੀ ਨਹੀਂ ਸੀ। ਫੇਰ ਵੀ ਜਦੋਂ ਹੀ ਉਹ ਬੋਲਦਾ ਨਾਲ਼ ਹੀ ਉਹ ਆਪਣੀ ਡੂੰਘੀ ਤੇ ਰਹੱਸ ਭਰੀ ਚੁੱਪ ਵਿੱਚ ਗੁਆਚ ਜਾਂਦਾ ਸੀ। ਉਹ ਇੰਝ ਸੁੰਨ੍ਹ ਹੋਇਆ ਬੈਠਾ ਸੀ ਜਿਵੇਂ ਮਾਰਫੀਨ (ਦਵਾਈ) ਦੇ ਅਸਰ ਹੇਠ ਹੋਵੇ। ਮੇਰੀਆਂ ਗੱਲਾਂ, ਪੁਰਾਣੀ ਕਾਰ ਦੀ ਖੜ-ਖੜ, ਮੀਂਹ ਦਾ ਸ਼ੋਰ ਸਭ ਉਸ ਖੋਲ੍ਹ ਨੂੰ ਤੋੜ ਨਹੀਂ ਸਨ ਸਕਦੇ ਜਿਹੜਾ ਉਹਨੇ ਆਪਣੇ ਦਵਾਲ਼ੇ ਵਲਿਆ ਹੋਇਆ ਸੀ।
ਜਦੋਂ ਅਸੀਂ ਸਫਰ ਸ਼ੁਰੂ ਹੀ ਕੀਤਾ, ਮੈਂ ਉਹਨੂੰ ਪੁੱਛਿਆ ਕਿ ਉਹ ਕਿੰਨੀ ਦੇਰ ਤੋਂ ਸੁਰੰਗ ਵਿੱਚ ਖੜਾ ਸੀ।
“ਯਾਦ ਨਹੀਂ” ਉਹਨੇ ਕਿਹਾ, “ਕਾਫੀ ਚਿਰ ਤੋਂ, ਮੇਰੇ ਖਿਆਲ ’ਚ।”
“ਤੂੰ ਉੱਥੇ ਕਿਉਂ ਖੜਾ ਸੈਂ, ਮੀਂਹ ਤੋਂ ਬਚਣ ਲਈ?”
ਉਹਨੇ ਕੋਈ ਜਵਾਬ ਨਾ ਦਿੱਤਾ। ਮੈਂ ਆਪਣਾ ਸਵਾਲ ਕਾਫੀ ਉੱਚੀ ਸਾਰੀ ਦੁਹਰਾਇਆ। ਉਹਨੇ ਮੇਰੇ ਵੱਲ ਮੂੰਹ ਮੋੜਿਆ, “ਮਾਫ ਕਰੀਂ ਬਾਈ, ਤੂੰ ਕੁੱਝ ਕਿਹੈ?”
ਮੈਂ ਕਿਹਾ, “ਕੀ ਤੂੰ ਜਾਣਦੈਂ ਤੂੰ ਬਿਲਕੁਲ ਮੇਰੀ ਗੱਡੀ ਦੇ ਥੱਲੇ ਹੀ ਆ ਜਾਣ ਲੱਗਾ ਸੈਂ?”
“ਨਾ-ਨਾ” ਉਹ ਬੋਲਿਆ। ਉਹ ਉਸੇ ਲਮਕਵੇਂ ਲਹਿਜੇ ਵਿੱਚ ਬੋਲਿਆ ਜਿਸ ਵਿੱਚ ਪਹਾੜੀ ਲੋਕ ਬੋਲਦੇ ਹਨ।
“ਜਦੋਂ ਮੈਂ ਤੈਨੂੰ ਚੀਖ ਕੇ ਪਰ੍ਹਾਂ ਹਟਣ ਲਈ ਕਿਹਾ ਸੀ ਤੂੰ ਮੇਰੀ ਅਵਾਜ਼ ਸੁਣੀ ਸੀ?”
“ਨਾ-ਨਾ” ਉਹ ਕੁੱਝ ਦੇਰ ਲਈ ਰੁਕਿਆ, “ਮੈਂ ਕੁੱਝ ਸੋਚਦਾ ਹੋਊਂ।”
“ਉਂਝ ਕੀ ਗੱਲ ਹੈ, ਕੀ ਤੈਨੂੰ ਉੱਚਾ ਸੁਣਦਾ ਹੈ?” ਮੈਂ ਪੁੱਛਿਆ।
“ਨਈਂ” ਉਹਨੇ ਕਿਹਾ ਤੇ ਬਾਰੀ ਤੋਂ ਬਾਹਰ ਦੇਖਣ ਲੱਗਾ।
ਮੈਂ ਉਸਦੇ ਪਿੱਛੇ ਪਿਆ ਰਿਹਾ। ਮੈਂ ਨਹੀਂ ਸੀ ਚਾਹੁੰਦਾ ਕਿ ਉਹ ਗੱਲਬਾਤ ਕਰਨੀ ਬੰਦ ਕਰ ਦੇਵੇ। ਮੈਂ ਕਿਸੇ ਵੀ ਤਰ੍ਹਾਂ ਉਸ ਨਾਲ਼ ਗੱਲ ਕਰਨੀ ਚਾਹੁੰਦਾ ਸਾਂ।
“ਕੰਮ ਦੀ ਭਾਲ ’ਚ ਹੈਂ?”
“ਹਾਹੋ।”
ਇੰਝ ਜਾਪਦਾ ਸੀ ਜਿਵੇਂ ਉਹ ਬੜੀ ਕੋਸ਼ਿਸ਼ ਕਰਕੇ ਬੋਲ ਰਿਹਾ ਹੋਵੇ। ਇਹ ਉਹਦੇ ਬੋਲਣ ਦੀ ਔਖਿਆਈ ਨਹੀਂ ਸੀ ਸਗੋਂ ਇਹ ਔਖ ਕਿਧਰੇ ਉਹਦੇ ਮਨ ਵਿੱਚ ਸੀ, ਉਹਦੇ ਬੋਲਣ ਦੀ ਇੱਛਾ ਵਿੱਚ ਸੀ। ਇੰਝ ਲੱਗਦਾ ਸੀ ਜਿਵੇਂ ਉਹਦੇ ਕੋਲੋਂ ਮੇਰੀ ਤੇ ਆਪਣੀ ਗੱਲ ਨੂੰ ਆਪਸ ਵਿੱਚ ਜੋੜਿਆ ਹੀ ਨਹੀ ਸੀ ਜਾ ਰਿਹਾ। ਫੇਰ ਵੀ ਜਦੋਂ ਉਹ ਮੇਰੀ ਗੱਲ ਦਾ ਜੁਆਬ ਦਿੰਦਾ ਸੀ ਉਹ ਸਿੱਧਾ ਤੇ ਸਪੱਸ਼ਟਤਾ ਨਾਲ਼ ਬੋਲਦਾ ਸੀ। ਮੈਂਨੂੰ ਸਮਝ ਨਹੀਂ ਸੀ ਆ ਰਹੀ ਕਿ ਇਸ ਬੰਦੇ ਦਾ ਕੀ ਕਰਾਂ। ਜਦੋਂ ਉਹ ਮੇਰੀ ਕਾਰ ’ਚ ਦਾਖਲ ਹੋਇਆ ਸੀ ਤਾਂ ਮੈਨੂੰ ਡਰ ਲੱਗਿਆ ਸੀ। ਹੁਣ ਮੈਨੂੰ ਡੂੰਘੀ ਜਗਿਆਸਾ ਤੇ ਕੁੱਝ ਅਫਸੋਸ ਹੀ ਮਹਿਸੂਸ ਹੋ ਰਿਹਾ ਸੀ।
“ਕੀ ਕੰਮ ਕਰਦੈਂ?” ਇਹ ਸਵਾਲ ਪੁੱਛ ਕੇ ਮੈਨੂੰ ਖੁਸ਼ੀ ਹੋਈ। ਕਿਸੇ ਦੇ ਕੰਮ ਬਾਰੇ ਜਾਣ ਕੇ ਤੁਸੀਂ ਉਸ ਬਾਰੇ ਕਾਫੀ ਕੁੱਝ ਜਾਣ ਲੈਂਦੇ ਹੋ ਤੇ ਇਸ ਨਾਲ਼ ਹੋਰ ਗੱਲਬਾਤ ਦਾ ਰਾਹ ਖੁੱਲ੍ਹ ਜਾਂਦਾ ਹੈ।
“ਖਾਣਾਂ ਵਿੱਚ।”
“ਹੁਣ ਗੱਲ ਕਿਤੇ ਪਹੁੰਚੀ।” ਮੈਂ ਸੋਚਿਆ।
ਉਦੋਂ ਹੀ ਸਾਡੇ ਸਾਹਮਣੇ ਕੱਚੀ ਸੜਕ ਆ ਗਈ। ਮੈਨੂੰ ਗੱਲਬਾਤ ਬੰਦ ਕਰਕੇ ਧਿਆਨ ਨਾਲ਼ ਕਾਰ ਚਲਾਣੀ ਪਈ। ਜਦੋਂ ਅਸੀਂ ਕੱਚਾ ਰਾਹ ਖਤਮ ਕੀਤਾ ਉਹ ਮੁੜ ਕੇ ਕਿਧਰੇ ਦੂਰ ਗੁਆਚ ਚੁੱਕਾ ਸੀ।
ਮੈਂ ਉਸ ਨਾਲ਼ ਮੁੜ ਗੱਲ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਇਹਦਾ ਕੋਈ ਫਾਇਦਾ ਨਹੀਂ ਸੀ। ਹੁਣ ਉਸਦੀ ਚੁੱਪ ਨਾਲ਼ ਮੈਨੂੰ ਆਪਣੇ ਆਪ ਤੋਂ ਸ਼ਰਮ ਆਉਣ ਲੱਗੀ। ਉਹ ਆਪਣੀ ਆਤਮਾ ਅੰਦਰ ਹੀ ਕਿਧਰੇ ਗੁਆਚ ਗਿਆ ਪ੍ਰਤੀਤ ਹੁੰਦਾ ਸੀ ਜੋ ਸਿਰਫ ਇਕੱਲਾ ਛੱਡੇ ਜਾਣ ਦੀ ਮੰਗ ਕਰ ਰਿਹਾ ਸੀ। ਮੈਨੂੰ ਮਹਿਸੂਸ ਹੋਇਆ ਕਿ ਉਹਦੀ ਨਿੱਜਤਾ ਨੂੰ ਕੁਰੇਦ ਕੇ ਕੁੱਝ ਕੱਢਣਾ ਠੀਕ ਨਹੀਂ ਹੈ।
ਇਸ ਤੋਂ ਬਾਅਦ ਦੇ ਚਾਰ ਘੰਟੇ ਅਸੀਂ ਚੁੱਪ-ਚਾਪ ਗੁਜਾਰੇ। ਮੇਰੇ ਲਈ ਉਹ ਚਾਰੇ ਘੰਟੇ ਲਗਭਗ ਅਸਿਹ ਸਨ। ਮੈਂ ਕਿਸੇ ਵੀ ਬੰਦੇ ’ਚ ਉਸ ਜਿੰਨੀ ਕਠੋਰਤਾ ਨਹੀਂ ਸੀ ਦੇਖੀ। ਉਹ ਸਾਰੇ ਰਾਹ ਉਸੇ ਜਗ੍ਹਾ ਉਸੇ ਮੁਦਰਾ ਵਿੱਚ ਬੈਠਾ ਰਿਹਾ। ਉਸਦੀਆਂ ਬਾਹਰੀ ਅੱਖਾਂ ਸਾਹਮਣੇ ਸੜਕ ਵੱਲ ਵੇਖ ਰਹੀਆਂ ਸਨ ਤੇ ਅੰਦਰੂਨੀ ਅੱਖਾਂ ਕੁੱਝ ਨਹੀਂ ਸਨ ਵੇਖ ਰਹੀਆਂ। ਨਾ ਉਹਨੂੰ ਇਹ ਪਤਾ ਸੀ ਕਿ ਮੈਂ ਕਾਰ ਵਿੱਚ ਹਾਂ ਤੇ ਨਾ ਹੀ ਇਹ ਪਤਾ ਸੀ ਕਿ ਉਹ ਕਾਰ ਵਿੱਚ ਹੈ। ਉਸਨੂੰ ਮੀਂਹ ਦੇ ਉਹ ਛਿੱਟੇ ਵੀ ਮਹਿਸੂਸ ਨਹੀਂ ਸੀ ਹੋ ਰਹੇ ਜੋ ਕਾਰ ਦੀ ਖਿੜਕੀ ਚੋਂ ਉਸ ਉੱਪਰ ਪੈ ਰਹੇ ਸਨ। ਉਹ ਪੱਥਰ ਦੇ ਬੁੱਤ ਵਾਂਗ ਬੈਠਾ ਰਿਹਾ ਤੇ ਸਿਰਫ ਉਹਦੇ ਸਾਹ ਕਰਕੇ ਹੀ ਮੈਨੂੰ ਪਤਾ ਸੀ ਕਿ ਉਹ ਜਿਉਂਦਾ ਹੈ। ਉਸਦਾ ਸਾਹ ਭਾਰਾ ਸੀ।
ਸਿਰਫ ਇੱਕ ਵਾਰ ਉਹ ਆਪਣੀ ਜਗ੍ਹਾ ਤੋਂ ਹਿੱਲਿਆ। ਇਹ ਉਦੋਂ ਜਦੋਂ ਉਹਨੂੰ ਜਬਰਦਸਤ ਖੰਘ ਦਾ ਦੌਰਾ ਪਿਆ। ਇਹ ਇੱਕ ਬੜੀ ਭਿਆਨਕ ਕਿਸਮ ਦੀ ਖੰਘ ਸੀ ਜੋ ਉਸਦੇ ਸਰੀਰ ਨੂੰ ਆਰ-ਪਾਰ ਹਿਲਾ ਰਹੀ ਸੀ ਤੇ ਉਹ ਕਾਲੀ ਖੰਘ ਨਾਲ਼ ਬੱਚੇ ਵਾਂਗ ਦੂਹਰਾ ਹੋ ਗਿਆ ਸੀ। ਉਹ ਖੰਘ ਕੇ ਕੁੱਝ ਬਾਹਰ ਕੱਢਣਾ ਚਾਹੁੰਦਾ ਸੀ ਪਰ ਉਹ ਇਸ ’ਚ ਸਫਲ ਨਹੀਂ ਸੀ ਹੋ ਰਿਹਾ, ਮੈਨੂੰ ਉਸਦੀ ਛਾਤੀ ਅੰਦਰ ਬਲਗਮ ਸੁਣ ਰਹੀ ਸੀ। ਇੰਝ ਲਗਦਾ ਸੀ ਜਿਵੇਂ ਉਹਦੇ ਅੰਦਰ ਧਾਤ ਦਾ ਕੋਈ ਟੁਕੜਾ ਪਿਆ ਹੋਵੇ, ਜਿਹੜਾ ਹੱਡੀਆਂ ਨਾਲ਼ ਵੱਜ-ਵੱਜ ਕੇ ਅਵਾਜ਼ ਕੱਢ ਰਿਹਾ ਸੀ। ਉਹਦੇ ਫੇਫੜਿਆਂ ਵਿੱਚ ਜਿਵੇਂ ਕੁੱਝ ਅੜਿਆ ਪਿਆ ਸੀ ਜਿਸਨੂੰ ਉਹ ਖੰਘ ਕੇ ਬਾਹਰ ਕੱਢਣਾ ਚਾਹੁੰਦਾ ਸੀ। ਉਹ ਵਾਰ-ਵਾਰ ਥੁੱਕ ਸੁੱਟਦਾ ਤੇ ਉਹਦਾ ਸਾਰਾ ਪਿੰਡਾ ਕੰਬ ਰਿਹਾ ਸੀ।
ਇਸ ਦੌਰੇ ਨੂੰ ਖਤਮ ਹੁੰਦਿਆ ਕੋਈ ਤਿੰਨ ਕੁ ਮਿੰਟ ਲੱਗੇ। ਫੇਰ ਉਹ ਮੇਰੇ ਵੱਲ ਮੁੜਿਆ ਤੇ ਬੋਲਿਆ, “ਮੈਨੂੰ ਮਾਫ ਕਰੀਂ, ਬਾਈ।” ਮੁੜ ਉਹੀ ਚੁੱਪ।
ਮੈਨੂੰ ਨਿਰਾਸ਼ਾ ਮਹਿਸੂਸ ਹੋਈ। ਕਈ ਵਾਰ ਮੇਰਾ ਜੀਅ ਕੀਤਾ ਕਿ ਕਾਰ ਨੂੰ ਰੋਕ ਕੇ ਉਹਨੂੰ ਉੱਤਰਨ ਲਈ ਆਖਾਂ। ਮੈਂ ਇਸ ਲਈ ਕਈ ਚੰਗੇ ਬਹਾਨੇ ਵੀ ਸੋਚੇ। ਪਰ ਮੈਂ ਅਜਿਹਾ ਕਰ ਨਾ ਸਕਿਆ। ਮੈਂ ਇਹ ਜਾਨਣ ਦੀ ਉਤਸੁਕਤਾ ਖਾ ਰਹੀ ਸੀ ਕਿ ਉਸ ਬੰਦੇ ਨਾਲ਼ ਕੀ ਗਲਤ ਵਾਪਰਿਆ ਹੈ। ਮੈਂ ਉਮੀਦ ਕਰ ਰਿਹਾ ਸੀ ਕਿ ਜਦੋਂ ਅਸੀਂ ਅਲੱਗ ਹੋਈਏ, ਜਾਂ ਜਦੋਂ ਉਹ ਕਾਰ ਚੋਂ ਨਿੱਕਲੇ ਤਾਂ ਮੈਨੂੰ ਇਸ ਬਾਰੇ ਦੱਸੇ ਜਾਂ ਘੱਟੋ-ਘੱਟੇ ਇਸਦੀ ਕੋਈ ਸੂਹ ਹੀ ਦੇਵੇ।
ਮੈਂ ਉਹਦੀ ਖੰਘ ਬਾਰੇ ਸੋਚਿਆ ਕਿ ਸ਼ੈਦ ਉਹਨੂੰ ਟੀਬੀ ਹੋਵੇ। ਮੈਂ ਨੀਂਦ ਰੋਗ ਬਾਰੇ ਵੀ ਸੋਚਿਆ ਜੋ ਕਿ ਮੈਂ ਇੱਕ ਬਾਕਸਰ ਵਿੱਚ ਦੇਖਿਆ ਸੀ। ਪਰ ਇਹਨਾਂ ਚੋਂ ਕੋਈ ਵੀ ਗੱਲ ਢੁੱਕਵੀਂ ਨਹੀਂ ਲੱਗ ਰਹੀ ਸੀ। ਕੋਈ ਵੀ ਚੀਜ ਉਸਦੀ ਇਸ ਉਦਾਸ ਤੇ ਭਿਆਨਕ ਚੁੱਪ ਦੀ, ਉਸਦੇ ਸਭ ਕਾਸੇ ਤੋਂ ਬੇਖਬਰ ਹੋਕੇ ਆਪਣੇ ਆਪ ਵਿੱਚ ਡੂੰਘੇ ਮਗਨ ਹੋ ਜਾਣ ਦੀ ਵਿਆਖਿਆ ਨਹੀਂ ਕਰ ਰਹੀ ਸੀ।
ਮੀਂਹ ਤੇ ਹਨ੍ਹੇਰੇ ਦੇ ਘੰਟੇ ਬੀਤਦੇ ਰਹੇ!
ਇੱਕ ਵਾਰ ਅਸੀਂ ਇੱਕ ਖਾਣ ਦੇ ਕੂੜੇ ਦੇ ਸਲੇਟੀ ਢੇਰ ਕੋਲੋਂ ਲੰਘੇ। ਮੀਂਹ ਕਾਰਨ ਇਸਦੀ ਸਤ੍ਹਾ ਅੱਗ ਦੀਆਂ ਲਟਾਂ ਵਾਂਗ ਚਮਕ ਰਹੀ ਸੀ ਤੇ ਇਸ ਵਿੱਚ ਲਾਲ ਤੇ ਨੀਲੀਆਂ ਪੱਟੀਆਂ ਇੰਝ ਟਿਮਟਿਮਾ ਰਹੀਆਂ ਸਨ ਜਿਵੇਂ ਕਿਸੇ ਕਾਲੀ ਪਹਾੜੀ ’ਤੇ ਡੈਣ ਚਮਕਦੀ ਹੈ। ਇਹ ਦ੍ਰਿਸ਼ ਮੇਰੇ ਸਾਥੀ ਨੂੰ ਖਿੱਚਦਾ ਜਾਪਦਾ ਸੀ। ਉਹਨੇ ਇਸ ਵੱਲ ਆਪਣਾ ਸਿਰ ਘੁਮਾਇਆ, ਪਰ ਉਹ ਚੁੱਪ ਹੀ ਰਿਹਾ ਤੇ ਨਾ ਹੀ ਮੈਂ ਕੁੱਝ ਬੋਲਿਆ। ਇੱਕ ਵਾਰ ਫੇਰ ਮੀਂਹ ਤੇ ਚੁੱਪ ਸੀ। ਅਸੀਂ ਇੱਕ ਖਾਣ ਕੋਲੋਂ ਲੰਘੇ ਜਿੱਥੇ ਕੂੜੇ ਅਤੇ ਖਾਣ ਮਜ਼ਦੂਰਾਂ ਦੀਆਂ ਟੁੱਟੀਆਂ-ਭੱਜੀਆਂ ਝੌਂਪੜੀਆਂ ਵਿੱਚੋਂ ਆਉਂਦੀ ਲਾਲਟਣ ਦੇ ਤੇਲ ਦੀ ਠੰਡੀ, ਨੀਰਸ ਤੇ ਧੂੰਏਂ ਭਰੀ ਬਦਬੂ ਆਉਂਦੀ ਸੀ। ਉਸਤੋਂ ਬਾਅਦ ਫੇਰ ਕਾਲੀ ਸੜਕ ਤੇ ਅਕਾਰਹੀਣ ਪਹਾੜਾਂ ਦਾ ਢੇਰ ਸੀ। ਅਸੀਂ ਕੋਈ ਅੱਠ ਕੁ ਵਜੇ ਵੈਸਟਨ ਪਹੁੰਚੇ। ਮੈਂ ਬਹੁਤ ਥੱਕ ਗਿਆ ਸਾਂ ਤੇ ਬਹੁਤ ਬੁਰੀ ਤਰ੍ਹਾਂ ਚਾਹ ਦੀ ਲੋੜ ਮਹਿਸੂਸ ਕਰ ਰਿਹਾ ਸਾਂ। ਮੈਂ ਇੱਕ ਹੋਟਲ ਦੇ ਬਾਹਰ ਕਾਰ ਰੋਕ ਦਿੱਤੀ। “ਲਗਦੈ ਅਸੀਂ ਪਹੁੰਚ ਹੀ ਗਏ।” ਉਹਨੇ ਕਿਹਾ। “ਹਾਂ।” ਮੈਂ ਕਿਹਾ। ਮੈਂ ਹੈਰਾਨ ਸਾਂ। ਮੈਨੂੰ ਉਮੀਦ ਨਹੀਂ ਸੀ ਕਿ ਉਹਨੂੰ ਸਾਡੇ ਪਹੁੰਚਣ ਦਾ ਪਤਾ ਲੱਗ ਜਾਵੇਗਾ। ਫੇਰ ਮੈਂ ਇੱਕ ਆਖਰੀ ਕੋਸ਼ਿਸ਼ ਕੀਤੀ, “ਮੇਰੇ ਨਾਲ਼ ਇੱਕ ਕੱਪ ਕੌਫੀ ਪੀਵੇਂਗਾ?” “ਹਾਂ।” ਉਹ ਬੋਲਿਆ, “ਮਿਹਰਬਾਨੀ।”
ਇਸ ਲਫਜ ‘ਮਿਹਰਬਾਨੀ’ ਨੇ ਮੈਨੂੰ ਬੜਾ ਕੁੱਝ ਦੱਸ ਦਿੱਤਾ। ਸਾਫ ਦਿਸਦਾ ਸੀ ਕਿ ਉਹਨੂੰ ਚਾਹ ਦੀ ਲੋੜ ਸੀ, ਪਰ ਉਸਦੀ ਜੇਬ ਵਿੱਚ ਇਸ ਲਈ ਪੈਸੇ ਨਹੀਂ ਸਨ। ਮੈਨੂੰ ਖੁਸ਼ੀ ਹੋਈ ਕਿ ਮੈਂ ਉਹਨੂੰ ਚਾਹ ਲਈ ਪੁੱਛਿਆ ਸੀ।
ਅਸੀਂ ਹੋਟਲ ਅੰਦਰ ਆ ਗਏ। ਸੁਰੰਗ ਵਿੱਚ ਮਿਲ਼ਣ ਤੋਂ ਲੈ ਕੇ ਹੁਣ ਤੱਕ ਉਹ ਮੈਨੂੰ ਪਹਿਲੀ ਵਾਰ ਇਨਸਾਨਾਂ ਵਾਂਗ ਜਾਪ ਰਿਹਾ ਸੀ। ਉਹ ਕੁੱਝ ਬੋਲਿਆ ਨਾ, ਪਰ ਆਪਣੇ ਅੰਦਰ ਗੁਆਚਾ ਵੀ ਨਾ। ਉਹ ਮੇਜ ਤੇ ਬੈਠ ਗਿਆ ਤੇ ਆਪਣੀ ਕੌਫੀ ਉਡੀਕਣ ਲੱਗਾ। ਜਦੋਂ ਉਹ ਆਈ ਤਾਂ ਉਹ ਕੱਪ ਨੂੰ ਦੋਵਾਂ ਹੱਥਾਂ ਵਿੱਚ ਕੱਸ ਕੇ ਫੜੀ ਛੋਟੇ-ਛੋਟੇ ਘੁੱਟ ਭਰਨ ਲੱਗਾ। ਜਦੋਂ ਉਹਨੇ ਕੌਫੀ ਪੀ ਲਈ ਤਾਂ ਉਸਨੇ ਮੇਰੇ ਵੱਲ ਵੇਖਿਆ ਤੇ ਮੁਸਕਰਾਇਆ।
ਜਦੋਂ ਅਸੀਂ ਕੌਫੀ ਮੁਕਾ ਲਈ ਤਾਂ ਮੈਂ ਉਹਨੂੰ ਸੈਂਡਵਿਚ ਖਾਣ ਬਾਰੇ ਪੁੱਛਿਆ। ਉਹ ਮੇਰੇ ਵੱਲ ਮੁੜਿਆ ਤੇ ਮੁਸਕਰਾਇਆ। ਇਹ ਬਹੁਤ ਕੋਮਲ ਤੇ ਸ਼ਾਂਤ ਮੁਸਕਾਨ ਸੀ। ਉਹਦਾ ਵੱਡਾ ਤੇ ਭਾਰਾ ਚਿਹਰਾ ਇਸ ਨਾਲ਼ ਖਿੜ ਗਿਆ ਤੇ ਉਹ ਬਹੁਤ ਸਮਝਣਯੋਗ, ਪਿਆਰਾ ਤੇ ਕੋਮਲ ਬਣ ਗਿਆ।
ਉਹ ਮੁਸਕਾਨ ਨੇ ਮੈਨੂੰ ਧੁਰ ਅੰਦਰ ਤੱਕ ਝੰਜੋੜ ਦਿੱਤਾ। ਇਸਨੇ ਮੈਨੂੰ ਨਿੱਘ ਨਾ ਦਿੱਤਾ ਸਗੋਂ ਮੈਨੂੰ ਅੰਦਰੋਂ ਦੁਖੀ ਕਰ ਦਿੱਤਾ। ਇਹ ਇੱਕ ਲਾਸ਼ ਨੂੰ ਹਿੱਲਦੇ ਹੋਏ ਦੇਖਣਾ ਸੀ। ਮੈਂ ਚੀਕਣਾ ਚਾਹੁੰਦਾ ਸੀ, “ਓ ਮੇਰਿਆ ਰੱਬਾ, ਇਹ ਕਿੰਨਾ ਵਿਚਾਰਾ ਹੈ!”
ਫੇਰ ਉਸਨੇ ਮੇਰੇ ਨਾਲ਼ ਗੱਲ ਕੀਤੀ। ਉਸਦੇ ਚਿਹਰੇ ਉੱਪਰ ਉਹੀ ਮੁਸਕਾਨ ਬਰਕਰਾਰ ਸੀ ਤੇ ਮੈਂ ਉਸਦੇ ਤੰਬਾਕੂ ਨਾਲ਼ ਪੀਲੇ ਪੈ ਚੁੱਕੇ ਵੱਡੇ ਦੰਦ ਦੇਖ ਸਕਦਾ ਸਾਂ।
“ਤੂੰ ਮੇਰੇ ’ਤੇ ਬੜੇ ’ਹਸਾਨ ਕੀਤੇ ਨੇ ਬਾਈ।”
“ਕੋਈ ਗੱਲ ਨਹੀਂ।”
ਉਹ ਮੇਰੇ ਵੱਲ ਦੇਖੀ ਗਿਆ। ਮੈਂ ਜਾਣਦਾ ਸਾਂ ਕਿ ਉਹ ਮੈਨੂੰ ਕੁੱਝ ਹੋਰ ਕਹੇਗਾ ਤੇ ਮੈਨੂੰ ਇਸਦਾ ਡਰ ਸੀ।
“ਮੇਰੇ ’ਤੇ ਇੱਕ ਹੋਰ ’ਹਸਾਨ ਕਰੇਂਗਾ?”
“ਕੀ?” ਮੈਂ ਪੁੱਛਿਆ।
ਉਹਨੇ ਨਰਮਾਈ ਨਾਲ਼ ਕਿਹਾ, “ਮੇਰੇ ਕੋਲ ਇੱਕ ਚਿੱਠੀ ਆ ਜਿਹੜੀ ਮੈਂ ਆਪਦੀ ਤੀਮੀਂ ਨੂੰ ਲਿਖੀ ਆ, ਪਰ ਮੈਨੂੰ ਠੀਕ ਤਰ੍ਹਾਂ ਲਿਖਣਾ ਨਹੀਂ ਆਉਂਦਾ, ਬਾਈ ਤੂੰ ਮੇਰੇ ਲਈ ਚਿੱਠੀ ਠੀਕ ਤਰ੍ਹਾਂ ਲਿਖ ਦੇਏਂਗਾ?”
“ਹਾਂ, ਮੈਂ ਖੁਸ਼ੀ ਨਾਲ਼ ਇਹ ਕਰ ਦਿਆਂਗਾ।” ਮੈਂ ਕਿਹਾ।
“ਮੈਂ ਦੱਸ ਸਕਦਾਂ ਕਿ ਤੂੰ ਚੰਗੀ ਤਰ੍ਹਾਂ ਲਿਖਣਾ ਜਾਣਦੈਂ,” ਉਸਨੇ ਕਿਹਾ ਤੇ ਮੁਸਕਰਾਇਆ।
“ਹਾਂ।”
ਉਹਨੇ ਆਪਣੀ ਕਮੀਜ ਦੇ ਬਟਨ ਖੋਲ੍ਹੇ ਤੇ ਬੁਨੈਣ ਦੇ ਬੋਝੇ ’ਚੋਂ ਬੜੇ ਧਿਆਨ ਨਾਲ਼ ਰੱਖੀ ਹੋਈ ਚਿੱਠੀ ਕੱਢੀ। ਉਹਨੇ ਇਹ ਮੈਨੂੰ ਦੇ ਦਿੱਤੀ। ਇਹ ਭਿੱਜੀ ਹੋਈ ਤੇ ਨਿੱਘੀ ਸੀ। ਉਸ ਵਿੱਚੋਂ ਉਸਦੇ ਗਿੱਲੇ ਕੱਪੜਿਆਂ ਤੇ ਉਹਦੀ ਚਮੜੀ ਦੀ ਮਹਿਕ ਆ ਰਹੀ ਸੀ।
ਮੈਂ ਹੋਟਲ ਵਾਲ਼ੇ ਤੋਂ ਕਾਗਜ, ਕਲਮ ਲਏ। ਮੈਂ ਇਹ ਚਿੱਠੀ ਦੁਬਾਰਾ ਲਿਖੀ। ਹੇਠਾਂ ਮੈਂ ਉਹਦੇ ਵਾਲ਼ੀ ਚਿੱਠੀ ਦੇ ਰਿਹਾ ਹਾਂ।
“ਮੇਰੀ ਪਿਆਰੀ ਪਤਨੀ,
ਮੈਂ ਤੈਨੂੰ ਹਾ ਚਿੱਠੀ ਕੁਸ਼ ਦੱਸਣ ਬਾਸਤੇ ਲਿਖ ਰਿਹੈਂ। ਆਹ ਮੈਂ ਤੈਨੂੰ ਓਦੋਂ ਨਹੀਂ ਸੀ ਦੱਸਿਆ ਜਦੋਂ ਮੈਂ ਘਰੋਂ ਆਇਆ ਸੀ। ਇਕ ਗੱਲ ਹੈ ਜਿਦ੍ਹੇ ਕਰਕੇ ਮੈਨੂ ਖਾਨਾਂ ’ਚ ਨੌਕਰੀ ਨਹੀਂ ਮਿਲ਼ਦੀ। ਮੈਂ ਤੈਨੂੰ ਕਿਹਾ ਸੀ ਬਈ ਖਾਨਾਂ ’ਚ ਕੰਮ ਦਾ ਮੰਦਾ ਹੈ।
ਹਾ ਝੂਠ ਆ।
ਜਦੋਂ ਮੈਂ ਬਡੇ ਪੁਲ ’ਤੇ ਕਮ ਕਰਦਾ ਸੀ ਜਿੱਥੇ ਸਰਕਾਰ ਪਹਾੜ ’ਚੋਂ ਨੈਰ ਕਢਣ ਡਰੀ ਆ। ਹਾਂ ਸਭ ਕੁਸ਼ ਉਸ ਚਟਾਨ ਹੀ ਕਰਕੇ ਹੋਇਆ ਜਿਦੇ ਬਿਚ ਅਸੀਂ ਮਸੀਨ ਨਾਲ਼ ਮੋਰੀਆਂ ਕਰਦੇ ਸੀ। ਹਾ ਚਟਾਨ ਸਲੇਟ ਸੀ। ਇਹਦੇ ਬਿਚ ਕੱਚ ਜਿਹਾ ਹੁਨਦੈ। ਹਾ ਕੱਚ ਫੇਫੜਿਆਂ ਬਿਚ ਚਲਾ ਜਾਂਦੈ। ਜਿਨੇ ਮਜੂਰ ਹੋਥੇ ਕੰਮ ਕਰਦੇ ਸੀ ਉਹਨਾਂ ’ਚ ਚਲਾ ਗਿਐ। ਐਸ ਕਰਕੇ ਆਪਾਂ ਸਾਰੇ ਜਮਾਂ ਹੀ ਬਮਾਰ ਪੈ ਗਏ ਆਂ। ਡਾਕਦਰ ਨੇ ਇਸ ਬਮਾਰੀ ਦਾ ਨਾਉਂ ਮੇਰੀ ਪਰਚੀ ’ਤੇ ਲਿਖੀਆ ਸੀ। ਮੈਨੂ ਜਾਦ ਹੈ ਏਦਾ ਨਾਉਂ ਹੈ ਸਿਲੀਕਾਜਿਜ। ਐਸ ਬਮਾਰੀ ਨਾਲ਼ ਫੇਫੜੇ ਖਰਾਬ ਹੋ ਜਾਂਦੇ ਐ। ਫੇਰ ਸਾਹ ਨਹੀਂ ਆਂਦਾ।
ਤੈਨੂ ਟਾਮ ਪਰੈਸਕੋਟ ਹੈਂਸੀ ਮੈਕੁਲੋ ਦਾ ਨਹੀਂ ਪਤਾ। ਹਾ ਦੋਮੇਂ ਦੋ ਦਿਨ ਪੈਲਾਂ ਬੀਤ ਗਏ ਹਨ। ਐਨਾ ਦੀ ਪਰਚੀ ਤੇ ਬੀ ਡਾਕਦਰ ਨੇ ਸਿਲੀਕਾਜਿਜ ਲਿਖੀਆ ਸੀ। ਜਦੋਂ ਮੈਨੂ ਇਹ ਪਤਾ ਲਗਿਆ ਮੈਂ ਡਾਕਦਰ ਕੋਲ ਗਿਆ। ਉਹ ਕੈਂਦਾ ਬੀ ਮੈਨੂ ਬੀ ਉਹੀ ਬਮਾਰੀ ਆ ਜੇੜੀ ਟਾਮ ਪਰੈਸਕੋਟ ਨੂੰ ਸੀ। ਏਸੇ ਕਰਕੇ ਮੈਨੂ ਕਈ ਬਾਰ ਖੰਗ ਆਉਂਦੀ ਸੀ। ਹੈਥੇ ਸੌ ਤੋਂ ਜਾਦਾ ਬੰਦੇ ਆ ਜਿਨਾ ਦੀ ਪਰਚੀ ਤੇ ਹਾ ਨਾਂ ਲਿਖਿਆ ਗਿਆ ਸੀ। ਡਾਕਦਰ ਕਹਿੰਦੇ ਹਾ ਪਲੇਗ ਤੋਂ ਬੀ ਭੈੜੀ ਬਮਾਰੀ ਆ। ਉਹ ਕਹਿੰਦੇ ਜੇ ਸਾਨੂੰ ਕਮਪਣੀ ਮੂਹਾਂ ਤੇ ਪੌਣ ਲਈ ਖਾਸ ਜਿਹਾ ਟੋਪਾ ਦਿੰਦੀ ਤਾਂ ਸਾਨੂ ਹਾ ਬਮਾਰੀ ਨਹੀਂ ਸੀ ਲਗਣੀ।
ਮੈਂ ਘਰੋਂ ਆ ਗਿਆ ਕਿਉਂ ਜੁ ਡਾਕਦਰ ਕੈਂਦਾ ਸੀ ਬਈ ਮੈਂ ਚਾਰ ਮੀਹਨਿਆਂ ਤੋਂ ਬੱਦ ਨਹੀਂ ਕਢਣ ਲਗਾ। ਮੈਂ ਕਿਧਰੇ ਹੋਰ ਥਾਂ ਕੰਮ ਲੱਭਣ ਦੀ ਕੋਸ਼ਟ ਕਰਾਂਗਾ। ਮੈਂ ਤੈਨੂੰ ਸਾਰੇ ਦੇ ਸਾਰੇ ਪੈਸੇ ਭੇਜ ਦਾਂਗਾ। ਅਖਰੀ ਵੇਲੇ ਤਕ ਕੰਮ ਕਰਾਂਗਾ। ਮੈਂ ਤੇਰੇ ਤੇ ਭਾਰ ਨੀਂ ਸੀ ਬਣਨਾ ਚਾਂਹਦਾ। ਐਸ ਕਰਕੇ ਮੈਂ ਘਰੋਂ ਆ ਗਿਆਂ। ਮੇਰੀ ਸਲਾਅ ਐ ਕਿ ਜਦੋਂ ਮੈਂ ਮਰਜਾਂ ਤੂ ਨਿਕੜੇ ਨੂ ਲੈ ਕੇ ਦਾਦੀ ਕੋਲ ਚਲੀ ਜਾਂਈ। ਉਹ ਥਾਡਾ ਧਿਆਨ ਰਖੂਗੀ।
ਮੈਨੂ ਅਮੀਦ ਹੈ ਤੁਸੀਂ ਠੀਕ ਠਾਕ ਰਵੋਗੇ। ਨਿਕੜੇ ਦਾ ਧਿਆਨ ਬਹੁਤ ਰਖੀਂ। ਓਨੂ ਕਦੇ ਬੀ ਖਾਨਾਂ ’ਚ ਨੌਕਰੀ ਕਰਨ ਨਾ ਭੇਜੀਂ।
ਮੇਰੇ ਮਰਨ ਤੇ ਜਾਦਾ ਦੁਖੀ ਨਾ ਹੋਈਂ। ਪਰ ਜਦੋਂ ਨਿਕੜਾ ਬਡਾ ਹੋਜੇ ਉਹਨੂੰ ਜਰੂਰ ਦੱਸੀਂ ਬਈ ਕਮਪਣੀ ਨੇ ਸਾਡੇ ਨਾਲ਼ ਕੀ ਕੀਤਾ। ਹਾ ਗਲ ਓਨੂ ਜਰੂਰ ਦੱਸੀਂ।
ਮੇਰੇ ਖਿਆਲ ’ਚ ਤੈਨੂ ਹੋਰ ਬਿਹਾ ਕਰਾ ਲੈਣਾ ਚਾਹੀਦੈ। ਤੂ ਹਾਲੇ ਜਵਾਨ ਹੈਂ।
ਤੇਰਾ ਪਿਆਰਾ ਪਤੀ
ਜੈਕ ਪਿਟਕੈਟ
ਮੈਂ ਚਿੱਠੀ ਵਿੱਚ ਕੁੱਝ ਸੁਧਾਰ ਕਰਕੇ ਉਹਨੂੰ ਦੇ ਦਿੱਤੀ, ਉਹਨੇ ਕਾਫੀ ਚਿਰ ਲਾ ਕੇ ਉਹਨੂੰ ਪੜ੍ਹਿਆ। ਅੰਤ ਉਹਨੇ ਇਸ ਚਿੱਠੀ ਨੂੰ ਤਹਿ ਕਰਕੇ ਆਪਣੀ ਬਨੈਣ ਅੰਦਰ ਟੰਗ ਲਿਆ। ਉਸਦਾ ਵੱਡਾ ਤੇ ਭਾਰਾ ਮੂੰਹ ਪਿਆਰਾ ਤੇ ਕੋਮਲ ਸੀ। “ਤੇਰਾ ਧੰਨਵਾਦ ਦੋਸਤ,” ਉਹਨੇ ਕਿਹਾ। ਫੇਰ ਮਸਾਂ ਸੁਣੀਂਦੀ ਅਵਾਜ਼ ਵਿੱਚ ਬੋਲਿਆ, “ਮੈਂ ਦੁਖੀ ਹਾਂ ਬਹੁਤ ਦੁਖੀ। ਹਾ ਸਭ ਮੇਰੇ ਨਾਲ਼ ਕਿਉਂ ਵਾਪਰ ਗਿਆ, ਬਾਈ? ਮੇਰੀ ਪਤਨੀ ਬਹੁਤ ਚੰਗੀ ਹੈ ਤੇ ਮੈਨੂੰ ਆਪਣੇ ਪੁੱਤਰ ਨਾਲ਼ ਬਹੁਤ ਪਿਆਰ ਹੈ। ਮੇਰਾ ਕੀ ਕਸੂਰ ਸੀ, ਬਾਈ? ਤੂੰ ਪੜ੍ਹਿਆ-ਲਿਖਿਐਂ, ਤੂੰ ਦੱਸ ਮੈਨੂੰ ਮੇਰਾ ਕਸੂਰ, ਬਾਈ।”
ਜਦੋਂ ਉਹਨੇ ਇਹ ਕਿਹਾ ਤਾਂ ਮੈਂ ਉਹਦੇ ਚਿਹਰੇ ਵੱਲ ਦੇਖਿਆ। ਹਲ਼ੀ-ਹਲ਼ੀ ਉਸਦੀਆਂ ਅੱਖਾਂ ਵਿੱਚੋਂ ਜ਼ਿੰਦਗੀ ਬੁਝਣ ਲੱਗੀ। ਇਹ ਮੁੱਕਦੀ ਹੋਈ ਜਾਪ ਰਹੀ ਸੀ ਤੇ ਉਹਦੀਆਂ ਅੱਖਾਂ ਦੇ ਖੋੜ ’ਚ ਡੂੰਘੀ ਉੱਤਰ ਰਹੀ ਸੀ ਜਿਵੇਂ ਰਾਤ ਦੇ ਹਨੇਰ੍ਹੇ ਵਿੱਚ ਕੋਈ ਮੋਮਬੱਤੀ ਬੁਝਦੀ ਹੈ। ਉਸਦੀਆਂ ਅੱਖਾਂ ਵਿੱਚ ਮੁੜ ਉਹੀ ਸੁੰਨ੍ਹ ਝਲਕ ਆ ਗਈ। ਉਹ ਮੇਰੇ ਹੱਥੋਂ ਨਿੱਕਲ਼ ਗਿਆ ਤੇ ਆਪਣੀ ਦੁਖਦਾਈ, ਡੂੰਘੀ ਮਗਨਤਾ ਵਿੱਚ ਉੱਤਰ ਗਿਆ।
ਬਸ ਇਹੋ ਸਭ ਵਾਪਰਿਆ ਸੀ। ਅਸੀਂ ਇਕੱਠੇ ਬੈਠੇ ਰਹੇ। ਮੇਰੇ ਅੰਦਰ ਉਹਦੇ ਲਈ ਤਰਸ ਤੇ ਪਿਆਰ ਅਤੇ ਉਹਨੂੰ ਮਾਰਨ ਵਾਲਿਆਂ ਲਈ ਠੰਡੀ, ਡੂੰਘੀ ਨਫਰਤ ਦੀ ਖਾਮੋਸ਼ ਭਾਵਨਾ ਸੀ ।
ਅਚਾਨਕ ਉਹ ਉੱਠਿਆ। ਉਹ ਕੁੱਝ ਨਾ ਬੋਲਿਆ ਤੇ ਨਾ ਹੀ ਮੈਂ ਕੁੱਝ ਕਿਹਾ। ਜਦੋਂ ਉਹ ਖੜਾ ਹੋਇਆ ਤਾਂ ਮੈਨੂੰ ਉਹਦੀ ਨੀਲੀ ਕਮੀਜ ਵਿੱਚ ਉਹਦੀ ਮੋਟੀ, ਚੌੜੀ ਪਿੱਠ ਦਿਸੀ। ਫੇਰ ਉਹ ਮੀਂਹ ਤੇ ਹਨੇਰ੍ਹੇ ਵਿੱਚ ਬਾਹਰ ਚਲਾ ਗਿਆ।