Satjugi Darbar : Bawa Budh Singh

ਸਤਿਜੁਗੀ ਦਰਬਾਰ : ਬਾਵਾ ਬੁਧ ਸਿੰਘ

ਇਸ ਦਰਬਾਰ ਦੇ ਪਰਧਾਨ ਵੇਖੋ ਇਕ ਬ੍ਰਿਧ ਸਰੂਪ ਸੰਤ ਹਨ, ਜਿਨ੍ਹਾਂ ਦੇ ਅਕਾਲੀ ਨੂਰ ਨਾਲ ਭਰੇ ਚੇਹਰੇ ਤੇ ਚਿੱਟਾ ਦਾਹੜਾ ਸ਼ੋਭਾ ਦੇ ਰਿਹਾ ਹੈ। ਇਕ ਆਦਮੀ ਹੱਥ ਵਿਚ ਚੌਰ ਲੈ ਕੇ ਖੜਾ ਹੈ ਅਤੇ ਸਾਹਮਣੇ ਇਕ ਮਰਦ ਛੇ-ਤਾਰਾ ਰਬਾਬ ਵਜਾ ਰਿਹਾ ਹੈ ਤੇ ਮੁਰਦਿਆਂ ਵਿਚ ਜਿੰਦ ਪਾਉਣ ਵਾਲਾ ਰਾਗ ਅਲਾਪ ਰਿਹਾ ਹੈ। ਇਹ ਮਹਾਤਮਾ ਪ੍ਰੇਮ ਵਿਚ ਮਸਤ ਰਾਗ ਦੀਆਂ ਸੁਰਾਂ ਸੁਣ ਸੁਣ ਕਦੀ ਸਿਰ ਹਿਲਾ ਛਡਦੇ ਹਨ, ਕਦੀ ਬੜੀ ਮਧਰ ਤੇ ਰਸ ਭਰੀ ਬਾਣੀ ਵਿਚ ਕੁਝ ਬਚਨ ਉਚਾਰ ਦੇਂਦੇ ਹਨ, ਜਿਸਨੂੰ ਸੁਣ ਕੇ ਸਭ ਦਰਬਾਰੀ ਇਕ ਰਸ ਦੈਵੀ ਅਨੰਦ ਵਿਚ ਮਸਤ ਹੋ ਜਾਂਦੇ ਹਨ। ਪਤਾ ਜੇ ਇਹ ਸੰਤ ਕੌਣ ਹਨ? ਇਹ 'ਸ੍ਰੀ ਗੁਰੂ ਨਾਨਕ ਦੇਵ ਜੀ' ਹਨ। ਇਹਨਾਂ ਦੇ ਕੋਲ ਹੀ ਇਕ ਹੋਰ ਬਿਰਧ ਮੁਸਲਮਾਨ ਫ਼ਕੀਰ ਬੈਠਾ ਹੈ, ਜਿਸਦੇ ਸਿਰ ਉਤੇ ਅਮਾਮਾ ਤੇ ਗਲ ਲੰਮਾ ਚੋਗਾ, ਅਰ ਉਸਦੇ ਨਾਲ ਮੁਰੀਦਾਂ ਦੀ ਭੀੜ ਦਾ ਹੋਣਾ ਦਸਦਾ ਹੈ ਕਿ ਇਹ ਵੀ ਕਿਸੇ ਗੱਦੀ ਦਾ ਮਾਲਕ ਸਜਾਦਾ-ਨਸ਼ੀਨ ਹੈ। ਇਹ ਬ੍ਰਿਧ ਗੁਰੂ ਜੀ ਦੇ ਕੋਲ ਹੋਣ ਕਰਕੇ ਹੌਲੀ ਹੌਲੀ ਉਹਨਾਂ ਨਾਲ ਗੱਲਾਂ ਵੀ ਕਰਦੇ ਹਨ, ਕਦੀ ਮੁਸਕ੍ਰਾਂਦੇ ਅਰ ਕਦੀ ਸੀਸ ਹਿਲਾ ਕੇ ਨਿਵਾਂਦੇ ਹਨ, ਜਿਕੁਰ ਪਰਧਾਨ ਜੀ ਦੇ ਬਚਨਾਂ ਨੂੰ ਪ੍ਰਵਾਨ ਕਰਦੇ ਹਨ, ਇਹ ਸੰਤ ਸ਼ੇਖ਼ ਫ਼ਰੀਦ ਜੀ ਹਨ। ਪਰਧਾਨ ਜੀ ਦੇ ਕੋਲ ਹੀ ਇਕ ਸਾਧੂ ਜੇਹੀ ਮੂਰਤ ਹਥ ਜੋੜੀ ਬੈਠਾ ਹੈ, ਕਦੀ ਚਰਨਾਂ ਨੂੰ ਹਥ ਲਾਉਂਦਾ ਹੈ, ਕਦੀ ਸੀਸ ਨੂੰ ਝੁਕਾਂਦਾ ਹੈ, ਕਦੀ ਇਕ ਲਿਖਾਰੀ ਨੂੰ ਕੁਝ ਬੋਲ ਬੋਲ ਕੇ ਲਿਖਾਂਦਾ ਹੈ। ਇਕ ਬੋਲ ਬੋਲ ਕੇ ਫੇਰ ਪਰਧਾਨ ਜੀ ਵਲ ਤਕ ਲੈਂਦਾ ਹੈ, ਜੀਕਣ ਓਹਨਾਂ ਦੇ ਦਰਸ਼ਨਾਂ ਨਾਲ ਗਿਆਨ ਮਿਲਦਾ ਹੈ। ਇਹ ਸ੍ਰੀ ਗੁਰੂ ਅੰਗਦ ਦੇਵ ਜੀ ਹਨ।

ਇਹਨਾਂ ਤੋਂ ਹਟ ਕੇ ਇਹ ਹੋਰ ਬਿਰਧ ਪੁਰਖ ਹਨ, ਆਪਣੇ ਰੰਗ ਵਿਚ ਮਸਤ, ਪਰ ਜਿਨ੍ਹਾਂ ਦੀ ਟਿਕ ਟਿਕੀ ਪਰਧਾਨ ਜੀ ਵਲ ਵੀ ਲੱਗੀ ਹੋਈ ਹੈ। ਇਹਨਾਂ ਦੀ ਅਵਸਥਾ ਢੇਰ ਬ੍ਰਿਧ ਹੈ, ਦਾਹੜਾ ਲੰਮਾ ਤੇ ਦਿੱਟਾ, ਅਧੀਨਗੀ ਤੇ ਸੇਵਾ ਦਾ ਨਮੂਨਾ ਮੁਖ ਤੋਂ ਬਚਨ ਵੀ ਜੋ ਬੋਲਦੇ ਹਨ ਓਹ ਪਿਆਰ ਤੇ ਪਰੇਮ ਦੇ ਭਰੇ ਠੇਠ ਬੋਲੀ ਵਿਚ, ਏਹ ਗੁਰੂ ਅਮਰਦਾਸ ਜੀ ਹਨ । ਇਹਨਾਂ ਦੇ ਕੋਲ ਹੀ ਇਕ ਅਧਖੜ ਅਵਸਥਾ ਦਾ ਨੂਰਾਨੀ ਚੇਹਰੇ ਵਾਲਾ ਮਨੁਖ ਬੈਠਾ ਹੈ, ਦਾਹੜਾ ਅਜੇ ਕਾਲਾ ਹੈ । ਧਿਆਨ ਪ੍ਰਧਾਨ ਜੀ ਵਲ, ਪਰ ਗੁਰੂ ਅਮਰਦਾਸ ਜੀ ਦੇ ਚਰਨ ਹਥ ਵਿਚ, ਏਹ ਗੁਰੂ ਰਾਮਦਾਸ ਜੀ ਹਨ। ਇਹਨਾਂ ਦੇ ਕੁਝ ਪਿਛੇ ਇਕ ਲੰਮੀ ਦਾੜ੍ਹੀ ਵਾਲੇ ਸੰਤ ਹਨ, ਓਹਨਾਂ ਦੇ ਲਿਬਾਸ ਤੋਂ ਕੁਝ ਕੁਝ ਰਾਜਸੀ ਦਸ਼ਾ ਵੀ ਦਿਸਦੀ ਹੈ, ਓਹਨਾਂ ਦੇ ਆਸ ਪਾਸ ਕਾਗਜ਼ਾਂ ਦਾ ਢੇਰ ਲੱਗਾ ਹੈ, ਪਾਸ ਲਿਖਾਰੀ ਬੈਠਾ ਹੈ। ਇਹ ਇਕ ਸੈਂਚੀ ਚੁਕ ਕੇ ਵੇਖਦੇ ਹਨ, ਫੇਰ ਲਿਖਾਰੀ ਨੂੰ ਲਿਖਣ ਲਈ ਦੇਂਦੇ ਹਨ, ਏਹ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਨ ਕਰਤਾ ਹਨ। ਸਾਹਮਣੇ ਪਾਸੇ ਇਕ ਮਸਤ ਫ਼ਕੀਰ ਹੈ, ਮਥੇ ਤੇ ਕਾਲਕ ਦਾ ਟਿੱਕਾ, ਇਕ ਸੁੰਦਰ ਮੁੰਡਾ ਕੋਲ ਬੈਠਾ ਹੈ, ਏਹ ਵੀ ਪਰੇਮ ਵਿਚ ਮਸਤ ਫ਼ਕੀਰ ਬਸ ਮੁੰਡੇ ਵਲ ਤਕਦੇ ਹਨ, ਅਰ ਕਦੀ ੨ ਮੂੰਹੋਂ ਕੋਈ ਬਚਨ ਉਚਾਰਦੇ ਤੇ ਨੱਚਦੇ ਹਨ, ਏਹ ਸ਼ਾਹ ਹੁਸੈਨ ਫ਼ਕੀਰ ਹਨ, ਅਰ ਲੜਕਾ ਮਾਧੋ ਹੈ। ਪ੍ਰਧਾਨ ਜੀ ਦੇ ਪਿਛਲੇ ਪਾਸੇ ਇਕ ਨੰਗਾ ਭੜੰਗਾ ਅਵਧੂਤ ਜਿਹਾ ਲੰਗੋਟਾ ਕੱਸੀ ਕਾਲਾ ਟਿੱਕਾ ਲਾਈ ਸਿਰ ਤੇ ਮੈਲੀ ਟੋਪੀ ਪਾਈ ਹਥ ਵਿਚ ਨਿਕੇ ੨ ਡੰਡੇ ਲਈ ਖੜਾ ਹੈ, ਆਪਣੇ ਰੰਗ ਵਿਚ ਮਸਤ, ਪਰ ਮੂੰਹੋਂ ਕਿਸੇ ਨੂੰ ਟਿਚਕਰ ਕਰਦਾ ਹੈ, ਕਿਸੇ ਨੂੰ ਮਖੌਲ, ਕੋਈ ਸੰਤ ਹਸ ਛਡਦਾ ਹੈ ਅਰ ਕਿਸੇ ਨੂੰ ਕਦੀ ਗੁੱਸਾ ਵੀ ਆ ਜਾਂਦਾ ਹੈ। ਜਿਥੇ ਏਹ ਖੜਾ ਹੈ, ਉਥੇ ਹੀ ਇਕ ਪੁਰਖ ਸੋਹਣਾ ਜਵਾਨ ਕਲਗੀ ਜਿਗਾ ਲਗਾਏ ਹਥ ਤੇ ਬਾਜ ਸਜਾਏ ਬੈਠਾ ਹੈ, ਜੋ ਇਸ ਸੁਥਰੇ ਨੂੰ ਘੜੀ ਘੜੀ ਪਿਆਰ ਭਰੇ ਲਫ਼ਜ਼ਾਂ ਨਾਲ ਝਿੜਕਦਾ ਹੈ, ਅਰ ਏਹ ਹਥ ਜੋੜ ਕੇ ਬਹਿ ਜਾਂਦਾ ਹੈ ਤੇ ਕੋਈ ਗਲ ਸੁਣਾਂਦਾ ਹੈ, ਜਿਸ ਤੋਂ ਆਪਣੇ ਮਾਲਕ ਦਾ ਜੀ ਖ਼ੁਸ਼ ਕਰਾਂਦਾ ਹੈ; ਏਹ ਵੀ ਹਸ ਕੇ ਚੁਪ ਹੋ ਰਹਿੰਦੇ ਹਨ। ਇਹ ਗੁਰੂ ਹਰ ਗੋਬਿੰਦ ਜੀ ਹਨ। ਅਰ ਖੜਾ ਅਵਧੂਤ ਸੁਥਰਾ ਸ਼ਾਹ ਫ਼ਕੀਰ ਹੈ। ਏਸੇ ਦਰਬਾਰ ਦੇ ਇਕ ਪਾਸੇ ਇਕ ਜੱਟ ਮੋਢੇ ਤੇ ਹਲ ਰਖੀ ਖੜਾ ਹੈ, ਜੀਕਣ ਹੁਣੇ ਹੀ ਪੈਲੀਓਂ ਆਇਆ ਹੈ, ਤੇ ਦਰਬਾਰ ਦੇਖ ਕੇ ਖੜੋ ਗਿਆ ਹੈ। ਕੁਝ ਕੁ ਆਦਮੀ ਏਸਦੇ ਗਿਰਦ ਹਨ, ਏਹ ਓਹਨਾਂ ਨੂੰ ਕੁਝ ਕੁਝ ਜਟਕੇ ਬਚਨ ਸੁਣਾਂਦਾ ਹੈ; ਇਹ ਜਲ੍ਹਣ ਜਟ ਹੈ। ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਇਕ ਲਿਖਾਰੀ ਦਬਾ-ਸਟ ਲਿਖ ਰਿਹਾ ਹੈ, ਜਦ ਗੁਰੂ ਜੀ ਚੁਪ ਕਰ ਜਾਂਦੇ ਹਨ। ਏਹ ਆਪਣੇ ਬਚਨ ਲਿਖਣ ਲਗ ਪੈਂਦਾ ਹੈ। ਚਿੱਟੀ ਦਾੜ੍ਹੀ ਖਿੜਕੀ ਦਾਰ ਪੱਗ, ਲੰਮਾਂ ਜਾਮਾ ਗਲ ਪਾਇਆ ਹੈ, ਚੇਹਰੇ ਉਤੇ ਭਗਤੀ ਤੇ ਵਿਦਿਆ ਦਾ ਚਮਕਾਰਾ ਦਿਸਦਾ ਹੈ। ਏਹ ਭਾਈ ਗੁਰਦਾਸ ਜੀ ਹਨ। ਗੁਰਾਂ ਦੇ ਕੋਲ ਹੀ ਕੁਝ ਕੁ ਦੂਰ ਦੋ ਮਿਰਾਸੀ ਰਬਾਬ ਵਜਾਂਦੇ ਹਨ, ਅਰ ਗੁਰਾਂ ਨੂੰ ਰਾਗ ਸੁਣਾ ਖ਼ੁਸ਼ ਕਰਦੇ ਹਨ। ਏਹ ਸੱਤਾ ਬਲਵੰਡ ਡੂਮ ਹਨ।

ਹੋਰ ਵੇਖੋ! ਪਰਧਾਨ ਜੀ ਦੇ ਸਾਹਮਣੇ, ਪਰ ਫੇਰ ਦੂਰ ਇਕ ਨੱਚਦਾ ਟੱਪਦਾ ਫ਼ਕੀਰ ਆਉਦਾ ਹੈ, ਨਾਲ ਸਤਾਰ ਤੇ ਤਬਕਦ ਖੜਕਦਾ ਹੈ, ਪਰ ਫ਼ਕੀਰ ਗਾਉਂਦਾ ਰਾਗ ਵਿਚ ਹੈ, ਅਰ ਕਹਿੰਦਾ ਟਿਕਾਣੇ ਦੀ ਹੈ, ਏਹ ਸਾਈਂ ਬੁਲ੍ਹੇ ਸ਼ਾਹ ਜੀ ਹਨ। ਏਹਨਾਂ ਕੋਲ ਹੀ ਦੋ ਸਾਧੂ ਉਦਾਸੀ ਪਰਧਾਨ ਜੀ ਵਲ ਸੀਸ ਨਿਵਾਈ ਬੈਠੇ ਹਨ, ਪਰਧਾਨ ਜੀ ਹਥ ਨਾਲ ਇਸ਼ਾਰਾ ਕਰਦੇ ਹਨ ਕਿ ਧੀਰਜ। ਏਹ ਸੰਤ ਗੁਲਾਬ ਦਾਸ ਤੇ ਸੁਰਜਨ ਦਾਸ ਆਜ਼ਾਦ ਹਨ। ਆਪਣੇ ਆਪਣੇ ਬਚਨ ਸੁਣਾਂਦੇ ਹਨ। ਬਚਨ ਸਾਰੇ ਮਾਅਰਫ਼ਤ ਗਿਆਨ ਤੇ ਭਗਤੀ ਦੇ ਭਰੇ ਹੁੰਦੇ ਹਨ। ਏਹ ਸਤਜੁਗੀ ਦਰਬਾਰ ਹੈ, ਜਿਸ ਵਿਚ ਸੱਚੇ ਬਚਨਾਂ ਦੇ ਸਚੇ ਮੋਤੀ ਮੀਂਹ ਵਾਂਗਰ ਵੱਸਦੇ ਹਨ ਅਰ ਓਹ ਮਨੁਖ ਜਿਨ੍ਹਾਂ ਉਤੇ ਰੱਬ ਦੇ ਦਇਆ ਹੈ, ਇਸ ਦਰਬਾਰ ਵਿਚ ਆਣ ਕੇ ਹੰਸਾਂ ਵਾਂਗਰ ਓਹਨਾਂ ਮੋਤੀਆਂ ਨੂੰ ਚੁਣ ਚੁਣ ਕੇ ਅਨੰਦ ਉਠਾਂਦੇ ਹਨ।

('ਹੰਸ ਚੋਗ' ਵਿੱਚੋਂ)

  • ਮੁੱਖ ਪੰਨਾ : ਪੰਜਾਬੀ ਅਲੋਚਨਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ