Satrangi Titli Te Kisan (Punjabi Story) : Darshan Singh Ashat
ਸਤਰੰਗੀ ਤਿਤਲੀ ਤੇ ਕਿਸਾਨ (ਕਹਾਣੀ) : ਦਰਸ਼ਨ ਸਿੰਘ ਆਸ਼ਟ
ਇਕ ਤਿਤਲੀ ਸੀ। ਸਤਰੰਗਾਂ ਵਾਲੀ। ਉਹ ਕਈ ਦਿਨਾਂ ਤੋਂ ਉਦਾਸ ਸੀ। ਉਹ ਜਿਸ ਖੇਤ ਵਿਚ ਰਹਿੰਦੀ ਸੀ, ਉਸ ਦਾ ਮਾਲਕ ਕਿਸਾਨ ਕਈ ਦਿਨਾਂ ਤੋਂ ਖੇਤ ਵਿਚ ਗੇੜਾ ਮਾਰਨ ਨਹੀਂ ਸੀ ਆਇਆ। ਇਹੀ ਉਸ ਦੀ ਉਦਾਸੀ ਦਾ ਕਾਰਨ ਸੀ।
ਕਿਸਾਨ ਨੂੰ ਆਪਣੇ ਖੇਤ ਦੇ ਜੀਵ-ਜੰਤੂਆਂ ਨਾਲ ਬਹੁਤ ਪਿਆਰ ਸੀ। ਜਦੋਂ ਉਹ ਖੇਤ ਵਿਚ ਆਉਂਦਾ, ਸਾਰੇ ਪੰਛੀ ਚਹਿਚਹਾਉਣ ਲੱਗਦੇ। ਤਿਤਲੀ ਵੀ ਇਨ੍ਹਾਂ ਵਿਚੋਂ ਇਕ ਸੀ। ਤਿਤਲੀ ਕਿਸਾਨ ਦੇ ਅੱਗੇ ਪਿੱਛੇ ਮੰਡਰਾਉਂਦੀ ਹੋਈ ਗੱਲਾਂ ਕਰਦੀ, ਨਾਚ ਕਰਦੀ। ਕਿਸਾਨ ਖ਼ੁਸ਼ ਹੁੰਦਾ ਰਹਿੰਦਾ।
ਇਕ ਦਿਨ ਤਿਤਲੀ ਕਿਸੇ ਬੂਟੇ ਦੀ ਟਹਿਣੀ ’ਤੇ ਬੈਠੀ ਦੂਰ ਪਿੰਡ ਵੱਲੋਂ ਖੇਤ ਨੂੰ ਆਉਂਦੇ ਰਾਹ ਵੱਲ ਤੱਕ ਰਹੀ ਸੀ। ਇੰਨੇ ਨੂੰ ਇਕ ਕਾਂ ਵੀ ਉਹਦੇ ਨੇੜੇ ਰੁੱਖ ਦੀ ਟਹਿਣੀ ’ਤੇ ਆ ਬੈਠਿਆ।
ਤਿਤਲੀ ਨੇ ਉਸ ਕਾਂ ਨੂੰ ਪਹਿਲੀ ਵਾਰੀ ਤੱਕਿਆ ਸੀ। ਉਹ ਕਿਧਰੋਂ ਦੂਰੋਂ ਉਡ ਕੇ ਆਇਆ ਲੱਗਦਾ ਸੀ।
ਤਿਤਲੀ ਨੇ ਉਸ ਨੂੰ ਪੁੱਛਿਆ, ‘ਵੀਰਾ, ਮੇਰਾ ਕਿਸਾਨ ਤਾਂ ਨਹੀਂ ਵੇਖਿਆ ਕਿਧਰੇ? ਕਈ ਦਿਨਾਂ ਤੋਂ ਖੇਤ ਨਹੀਂ ਆਇਆ।’
ਕਾਂ ਨੇ ਕਿਹਾ, ‘ਤੇਰਾ ਕਿਸਾਨ? ਤੈਨੂੰ ਕੁਝ ਨਹੀਂ ਪਤਾ ਅੱਜਕੱਲ੍ਹ ਕਿਸਾਨਾਂ ਬਾਰੇ?’
ਤਿਤਲੀ ਇਕਦਮ ਹੈਰਾਨ ਹੋ ਕੇ ਪੁੱਛਣ ਲੱਗੀ, ‘ਨਹੀਂ ਵੀਰਾ, ਮੈਨੂੰ ਤਾਂ ਕੁਝ ਨਹੀਂ ਪਤਾ? ਕਿਉਂ?’
ਕਾਂ ਬੋਲਿਆ, ‘ਥੋੜ੍ਹਾ ਬਹੁਤਾ ਬਾਹਰ ਵੀ ਨਿਕਲਿਆ ਕਰ। ਤੈਨੂੰ ਪਤਾ ਲੱਗੇ ਕਿ ਦੁਨੀਆਂ ਵਿਚ ਕੀ ਕੁਝ ਹੋ ਰਿਹਾ ਏ ? ਚਲ ਛੱਡ, ਧਿਆਨ ਨਾਲ ਸੁਣ...।’
ਤਿਤਲੀ ਸਾਹ ਰੋਕ ਕੇ ਕਾਂ ਵੱਲ ਤੱਕਣ ਲੱਗ ਪਈ।
ਕਾਂ ਆਪਣੀ ਚੁੰਝ ਟਹਿਣੀ ਨਾਲ ਸਾਫ਼ ਕਰਦਾ ਹੋਇਆ ਬੋਲਿਆ, ‘ਅੱਜਕੱਲ੍ਹ ਕਿਸਾਨ ਬਹੁਤ ਵੱਡੀ ਗਿਣਤੀ ਵਿਚ ਬਾਰਡਰ ’ਤੇ ਇਕੱਠੇ ਹੋਏ ਪਏ ਨੇ...।’
‘ਬਾਰਡਰ?’ ਇਹ ਕੀ ਬਲਾ ਹੋਈ?’ ਤਿਤਲੀ ਸਵਾਲ ’ਤੇ ਸਵਾਲ ਕਰ ਰਹੀ ਸੀ।
ਕਾਂ ਕਹਿਣ ਲੱਗਾ, ‘ਜਿਹੜੀ ਸੀਮਾ ਜਾਂ ਹੱਦ ਹੁੰਦੀ ਏ ਨਾ, ਮਨੁੱਖ ਉਹਨੂੰ ਬਾਰਡਰ ਵੀ ਕਹਿ ਦਿੰਦੈ। ਜਿੱਥੇ ਬਾਰਡਰ ਹੁੰਦੈ, ਉਸ ਨੂੰ ਬਿਨਾਂ ਆਗਿਆ ਕੋਈ ਪਾਰ ਨਹੀਂ ਕਰ ਸਕਦਾ। ਮਤਲਬ ਅੱਗੇ ਨਹੀਂ ਜਾ ਸਕਦਾ। ਉੱਥੇ ਸੁਰੱਖਿਆ ਵਾਲੇ ਬੰਦੇ ਨੇ।’
‘ਪਰ ਸਾਨੂੰ ਤਾਂ ਬਾਰਡਰ-ਬੂਰਡਰ ਕੁਝ ਨਹੀਂ ਕਹਿੰਦੇ। ਅਸੀਂ ਤਾਂ ਜਿੱਧਰ ਮਰਜ਼ੀ ਉਡ ਕੇ ਜਾ ਸਕਦੇ ਹਾਂ। ਪਰ ਛੱਡ, ਚਲ ਦੱਸ ਅੱਗੇ ਕੀ ਹੋਇਆ ਵੀਰੇ?’ ਤਿਤਲੀ ਛੇਤੀ ਛੇਤੀ ਆਪਣੇ ਕਿਸਾਨ ਬਾਰੇ ਜਾਣਨ ਲਈ ਉਤਸੁਕ ਸੀ।
ਕਾਂ ਕਹਿਣ ਲੱਗਾ, ‘ਕਿਸਾਨਾਂ ਨਾਲ ਧੱਕਾ ਹੋ ਰਿਹਾ ਏ। ਕਿਸਾਨ ਇਸ ਮੁਲਕ ਦੇ ਵੱਡੇ ਰਾਜੇ ਨੂੰ ਮਿਲਣਾ ਚਾਹੁੰਦੇ ਨੇ ਜਿਸ ਨੇ ਉਨ੍ਹਾਂ ਖ਼ਿਲਾਫ਼ ਕਾਨੂੰਨ ਬਣਾ ਦਿੱਤੇ ਨੇ। ਲੋਕ ਇਹ ਕਹਿ ਰਹੇ ਨੇ ਕਿ ਰਾਜੇ ਵੱਲੋਂ ਬਣਾਏ ਕਾਨੂੰਨ ਉਨ੍ਹਾਂ ਦੇ ਹੱਕ ਵਿਚ ਨਹੀਂ ਹਨ...। ਇਨ੍ਹਾਂ ਨੂੰ ਵਾਪਸ ਲਿਆ ਜਾਵੇ।’
‘ਉਹ ਰਾਜੇ ਨੂੰ ਕਿਉਂ ਨਹੀਂ ਮਿਲ ਸਕਦੇ?’ ਤਿਤਲੀ ਨੇ ਪੁੱਛਿਆ।
ਕਾਂ ਬੋਲਿਆ, ‘ਦੱਸਿਆ ਤਾਂ ਹੈ, ਉੱਥੇ ਸਿਪਾਹੀਆਂ ਨੇ ਉਨ੍ਹਾਂ ਨੂੰ ਬਾਰਡਰ ’ਤੇ ਡੱਕਿਆ ਹੋਇਆ ਏ। ਜੇ ਉਹ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਨ੍ਹਾਂ ਉੱਪਰ ਪਾਣੀ ਦੀਆਂ ਬੁਛਾੜਾਂ ਸੁੱਟੀਆਂ ਜਾ ਰਹੀਆਂ ਨੇ, ਅੱਖਾਂ ਵਿਚੋਂ ਹੰਝੂ ਲਿਆਉਣ ਵਾਲੇ ਬੰਬ ਸੁੱਟੇ ਜਾ ਰਹੇ ਨੇ, ਉਨ੍ਹਾਂ ’ਤੇ ਲਾਠੀਆਂ ਚਲਾਈਆਂ ਜਾ ਰਹੀਆਂ ਨੇ। ਉਨ੍ਹਾਂ ਦੇ ਟਰੈਕਟਰ-ਟਰਾਲੀਆਂ ਨੂੰ ਅੱਗੇ ਜਾਣ ਤੋਂ ਰੋਕਣ ਲਈ ਸੜਕਾਂ ’ਤੇ ਵੱਡੇ ਵੱਡੇ ਕਿੱਲ ਗੱਡੇ ਜਾ ਰਹੇ ਨੇ...।’
‘ਹਾਏ ਮੈਂ ਮਰਜਾਂ?’ ਤਿਤਲੀ ਦਾ ਸਾਹ ਸੁੱਕ ਗਿਆ, ‘ਫੇਰ ਮੇਰਾ ਕਿਸਾਨ ਵੀ ਜ਼ਰੂਰ ਉੱਥੇ ਈ ਹੋਵੇਗਾ। ਮੈਂ ਉੱਥੇ ਜਾਵਾਂਗੀ।’
ਉਸ ਦੀ ਇਹ ਗੱਲ ਸੁਣ ਕੇ ਉਹ ਹੱਸ ਪਿਆ ਤੇ ਬੋਲਿਆ, ‘ਕਿਆ ਪਿੱਦੀ, ਕਿਆ ਪਿੱਦੀ ਕਾ ਸ਼ੋਰਬਾ। ਪਤਾ ਏ ਬਾਰਡਰ ਕਿੰਨੀ ਦੂਰ ਏ। ਤੈਨੂੰ ਉੱਥੇ ਜਾਣ ਲਈ ਪੰਜ ਦਿਨ ਤੇ ਪੰਜ ਰਾਤਾਂ ਲੱਗਣੀਆਂ ਨੇ। ਰਾਹ ’ਚ ਈ ਮਰ ਜਾਏਂਗੀ...।’
‘ਮੈਨੂੰ ਮਰਨਾ ਮਨਜ਼ੂਰ ਏ, ਪਰ ਮੈਂ ਆਪਣੇ ਕਿਸਾਨ ਕੋਲ ਜ਼ਰੂਰ ਜਾਵਾਂਗੀ।’ ਤਿਤਲੀ ਨੇ ਪੱਕੀ ਧਾਰ ਲਈ।
ਖੇਤ ਦੇ ਬਾਕੀ ਪੰਛੀਆਂ ਨੇ ਉਹਨੂੰ ਸਮਝਾਇਆ, ਪਰ ਉਹ ਟੱਸ ਤੋਂ ਮੱਸ ਨਾ ਹੋਈ। ਉਹ ਰਾਹ ਵਿਚ ਪੰਛੀਆਂ ਨੂੰ ਪੁੱਛਦੀ ਪੁੱਛਦੀ ਬਾਰਡਰ ਵੱਲ ਜਾ ਰਹੀ ਸੀ। ਥੱਕ ਜਾਂਦੀ ਤਾਂ ਸੁਸਤਾ ਲੈਂਦੀ। ਰਾਤ ਪੈਂਦੀ ਤਾਂ ਸਵੇਰ ਸਾਰ ਫਿਰ ਉਡਾਣ ਭਰ ਲੈਂਦੀ। ਇਕ ਥਾਂ ਉਸ ਨੇ ਇਕੱਠ ਵੇਖਿਆ।
‘ਹੈਂ ? ਇੰਨੇ ਲੋਕਾਂ ਦਾ ਇਕੱਠ ? ਵਿਚਕਾਰ ਅੱਗ ਦਾ ਲਾਂਬੂ ਵੀ ਲੱਗਾ ਹੋਇਆ ਏ? ਜਾਪਦਾ ਏ ਕੋਈ ਵੱਡਾ ਬੰਦਾ ਮਰ ਗਿਆ ਏ...। ਤਿਤਲੀ ਨੇ ਸੋਚਿਆ। ਉਸ ਨੇ ਇਕ ਤੋਤੇ ਨੂੰ ਪੁੱਛਿਆ ਤਾਂ ਉਹ ਬੋਲਿਆ, ‘ਇਹ ਸਚਮੁੱਚ ਕੋਈ ਆਦਮੀ ਨਹੀਂ ਮਰਿਆ। ਇਹ ਤਾਂ ਲੋਕ ਰਾਜੇ ਦਾ ਪੁਤਲਾ ਸਾੜ ਰਹੇ ਨੇ ਜਿਹੜਾ ਉਨ੍ਹਾਂ ਦੀ ਮੰਗ ਨਹੀਂ ਮੰਨ ਰਿਹਾ। ਇਹ ਉਸੇ ਦਾ ਈ ਪਿੱਟ ਸਿਆਪਾ ਏ।’
‘ਫੇਰ ਤਾਂ ਠੀਕ ਏ...।’ ਕਹਿ ਕੇ ਤਿਤਲੀ ਫਿਰ ਰਵਾਨਾ ਹੋ ਗਈ।
ਤਿਤਲੀ ਫਿਰ ਉੱਡਣ ਲੱਗ ਪਈ। ਪੰਜ ਦਿਨ ਤੇ ਪੰਜ ਰਾਤਾਂ ਬਾਅਦ ਥਕਾਵਟ ਦੀ ਭੰਨੀ ਹੋਈ ਉਹ ਬਾਰਡਰ ਨੇੜੇ ਜਾ ਪੁੱਜੀ। ਉਸ ਨੇ ਦੂਰੋਂ ਵੱਡਾ ਇਕੱਠ ਵੇਖਿਆ ਤਾਂ ਉਹਦੇ ਮੂੰਹੋਂ ਨਿਕਲਿਆ, ‘ਹੈਂ ? ਐਨੇ ਕਿਸਾਨ?’
ਤਿਤਲੀ ਕਿਸਾਨਾਂ ਦੇ ਇਕੱਠ ਉੱਪਰ ਮੰਡਰਾਉਂਦੀ ਹੋਈ ਆਪਣੇ ਕਿਸਾਨ ਨੂੰ ਲੱਭਣ ਲੱਗੀ। ਆਖ਼ਿਰ ਇਕ ਥਾਂ ਉਸ ਨੇ ਆਪਣੇ ਕਿਸਾਨ ਨੂੰ ਪਛਾਣ ਲਿਆ। ਉਹ ਇਕ ਥਾਂ ਬੈਠਾ ਹੋਇਆ ਸੀ।
ਸਤਰੰਗੀ ਤਿਤਲੀ ਕਿਸਾਨ ਦੀਆਂ ਅੱਖਾਂ ਅੱਗੇ ਮੰਡਰਾਉਣ ਲੱਗੀ। ਕਿਸਾਨ ਨੂੰ ਯਕੀਨ ਨਾ ਆਇਆ। ਉਸ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ, ‘ਹੈਂ? ਸਤਰੰਗੀ ਧੀਏ, ਤੂੰ ? ਇੱਥੇ ? ਕਿਵੇਂ ਆਈ ਏਂ ਇੰਨੀ ਦੂਰੋਂ?’
ਤਿਤਲੀ ਬੋਲੀ, ‘ਮੇਰੇ ਮਾਲਕ, ਤੇਰੇ ਬਿਨਾਂ ਖੇਤ ਦੀ ਰੌਣਕ ਉੱਜੜ ਰਹੀ ਏ। ਮੈਂ ਤੈਨੂੰ ਲੈਣ ਆਈ ਆਂ। ਮੈਂ ਤੇਰੇ ਬਿਨਾਂ ਵਾਪਸ ਨਹੀਂ ਜਾਵਾਂਗੀ।’
ਉਸ ਦਾ ਪਿਆਰ ਵੇਖ ਕੇ ਕਿਸਾਨ ਦੀਆਂ ਅੱਖਾਂ ਭਰ ਆਈਆਂ। ਬੋਲਿਆ, ‘ਮੇਰੀ ਨੰਨ੍ਹੀ ਤਿਤਲੀਏ, ਤੂੰ ਆਪਣੇ ਖੇਤ ਵਾਪਸ ਚਲੀ ਜਾ। ਤੈਨੂੰ ਯਕੀਨ ਦਿਵਾਉਂਦਾ ਹਾਂ ਕਿ ਮੈਂ ਹੁਣ ਖਾਲੀ ਹੱਥ ਨਹੀਂ ਆਵਾਂਗਾ।’
ਤਿਤਲੀ ਬੋਲੀ, ‘ਮੇਰੇ ਮਾਲਕ, ਮੈਂ ਵੀ ਹੁਣ ਇੱਥੋਂ ਨਹੀਂ ਜਾਵਾਂਗੀ। ਇਹ ਮੇਰਾ ਅਟੱਲ ਫ਼ੈਸਲਾ ਏ।’
ਚਾਣਚੱਕ ਤਿਤਲੀ ਨੇ ਵੇਖਿਆ, ਦੂਰੋਂ ਕੁਝ ਪੰਛੀ ਉੱਡੇ ਆ ਰਹੇ ਸਨ। ਉਸ ਨੇ ਉਹ ਪੰਛੀ ਪਛਾਣ ਲਏ। ਇਹ ਕਿਸਾਨ ਦੇ ਖੇਤ ਵਾਲੇ ਪੰਛੀ ਸਨ। ਕਿਸਾਨ ਨੂੰ ਜਾਪਿਆ, ਜਿਵੇਂ ਉਸ ਵਿਚ ਦੁੱਗਣੀ ਤਾਕਤ ਆ ਗਈ ਹੋਵੇ।
ਉਹ ਇਕਦਮ ਖੜ੍ਹਾ ਹੋ ਗਿਆ। ਝੰਡਾ ਹੱਥ ਵਿਚ ਚੁੱਕ ਕੇ ਉੱਚਾ ਚੁੱਕਿਆ। ਤਿਤਲੀ ਝੰਡੇ ਵਿਚ ਲੱਗੀ ਸੋਟੀ ਦੇ ਸਿਰੇ ’ਤੇ ਜਾ ਬੈਠੀ।
ਤਦ ਤਕ ਸਾਰੇ ਪੰਛੀਆਂ ਨੂੰ ਵੀ ਸਭ ਕੁਝ ਪਤਾ ਲੱਗ ਚੁੱਕਾ ਸੀ।
ਚਾਣਚੱਕ ਤਿਤਲੀ ਦੀ ਆਵਾਜ਼ ਕੰਨਾਂ ਵਿਚ ਪਈ, ‘ਜਿੱਤੇ ਬਿਨਾਂ ਨਹੀਂ ਜਾਵਾਂਗੇ।’
ਬਾਕੀ ਪੰਛੀਆਂ ਦੀ ਆਵਾਜ਼ ਆਈ, ‘ਅਸੀਂ ਤੁਹਾਡੇ ਨਾਲ ਹਾਂ।’
ਕਿਸਾਨ ਦੇ ਚਿਹਰੇ ਉੱਪਰ ਮੁਸਕਾਨ ਸੀ।