Saun Mahina Din Tian De... (Punjabi Article): Labh Singh Shergill
ਸਾਉਣ ਮਹੀਨਾ ਦਿਨ ਤੀਆਂ ਦੇ... (ਲੇਖ) : ਲਾਭ ਸਿੰਘ ਸ਼ੇਰਗਿੱਲ
ਤੀਆਂ ਦਾ ਤਿਉਹਾਰ ਬੇਸ਼ੱਕ ਹੁਣ ਤੱਕ ਪੰਜਾਬੀ ਸਭਿਆਚਾਰ ਦਾ ਹਿੱਸਾ ਰਿਹਾ ਹੈ। ਹੁਣ ਤੱਕ ਸ਼ਬਦਾਂ ਦੀ ਵਰਤੋਂ ਮੈਂ ਇਸ ਲਈ ਕੀਤੀ ਹੈ ਕਿਉਂਕਿ ਅੱਜ ਇਸਦਾ ਨਾ ਹੀ ਉਹ ਰੂਪ, ਨਾ ਉਹ ਮਾਹੌਲ, ਨਾ ਹੀ ਇਕੱਠਿਆਂ ਹੋਣ ਦਾ ਉਹ ਚਾਅ ਰਿਹਾ। ਪਦਾਰਥਵਾਦੀ ਦੌੜ ਤੇ ਆਧੁਨਿਕਤਾ ਦੀ ਹਨੇਰੀ ਨੇ ਇਸਦੀਆਂ ਜੜ੍ਹਾਂ ਉਖਾੜ ਦਿੱਤੀਆਂ ਹਨ। ਅੱਜ ਇਹ ਤਿਉਹਾਰ ਲੱਗਭੱਗ ਅਲੋਪ ਹੋਣ ਦੇ ਕਿਨਾਰੇ ਹੈ।
ਇਸ ਤਿਉਹਾਰ ਦੀਆਂ ਵੰਨਗੀਆਂ ਦੀ ਗੱਲ ਕਰਨ ਤੋਂ ਪਹਿਲਾਂ ਜੇਕਰ ਇਸ ਦੇ ਪਿਛੋਕੜ ਤੇ ਕੁੱਝ ਡੂੰਘਾਈ ਨਾਲ਼ ਨਜ਼ਰ ਮਾਰਦੇ ਹਾਂ ਤਾਂ ਇਹ ਪਤਾ ਚਲਦਾ ਹੈ ਕਿ ਜਦੋਂ ਪੰਜਾਬ 'ਤੇ ਮੁਗਲਾਂ ਦੀ ਹਕੂਮਤ ਸੀ ਤਾਂ ਉਨ੍ਹਾਂ ਦੀ ਜੀ-ਹਜੂਰੀ ਕਰਨ ਵਾਲ਼ੇ ਉਸ ਸਮੇਂ ਦੇ ਜਗੀਰਦਾਰ ਆਪਣੇ ਹਾਕਮਾਂ ਨੂੰ ਖੁਸ਼ ਕਰਨ ਲਈ ਪਿੰਡਾਂ ਵਿੱਚੋਂ ਸੋਹਣੀਆਂ ਕੁੜੀਆਂ ਨੂੰ ਸਮੇਂ ਦੇ ਹਾਕਮਾਂ ਅੱਗੇ ਪੇਸ਼ ਕਰਨ ਲਈ ਪਿੰਡ ਦੇ ਬਾਹਰ ਇੱਕ ਥਾਂ 'ਤੇ ਇੱਕਠੀਆਂ ਕਰਕੇ ਉਨ੍ਹਾਂ ਦਾ ਨਾਚ ਕਰਵਾਇਆ ਜਾਂਦਾ। ਉਨ੍ਹਾਂ ਵਿਚੋਂ ਚੰਗਾ ਨੱਚਦੀਆਂ ਤੇ ਸੋਹਣੀਆਂ ਕੁੜੀਆਂ ਨੂੰ ਉਹ ਹਾਕਮਾਂ ਲਈ ਲੈ ਜਾਂਦੇ, ਬਦਲੇ ਵਿੱਚ ਚੰਗੀਆਂ ਜਗੀਰਾਂ ਤੇ ਉਨ੍ਹਾਂ ਦੀ ਸ਼ਾਬਾਸ਼ੀ ਹਾਸਲ ਕਰਦੇ। ਇਹ ਉਸ ਸਮੇਂ ਦੀ ਵੱਡੀ ਤ੍ਰਾਸਦੀ ਸੀ। ਤਾਨਾਸ਼ਾਹੀ ਰਾਜ ਵਿੱਚ ਬਹੁਤੀ ਵਾਰ ਸ਼ਾਸ਼ਕ ਤੇ ਉਸਦੇ ਅਹਿਲਕਾਰਾਂ ਵੱਲੋਂ ਅਵਾਮ ਨਾਲ਼ ਧੱਕਾ ਤੇ ਉਨ੍ਹਾਂ 'ਤੇ ਜ਼ੁਲਮ ਕੀਤਾ ਜਾਂਦਾ ਸੀ ਤਾਂ ਕਿ ਉਨ੍ਹਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾ ਸਕੇ। ਸਮੇਂ ਦੇ ਚੱਲਦਿਆਂ ਬੇਸ਼ੱਕ ਇਸ ਗ਼ੁਲਾਮੀ ਭਰੀ ਜ਼ਿੰਦਗੀ ਤੋਂ ਅਵਾਮ ਨੂੰ ਛੁਟਕਾਰਾ ਮਿਲ ਗਿਆ ਪਰ ਇਸ ਪ੍ਰਚੱਲਿਤ ਨਾਚ ਨੇ ਤੀਆਂ ਦਾ ਰੂਪ ਲੈ ਲਿਆ। ਹੌਲ਼ੀ-ਹੌਲ਼ੀ ਇਹ ਸਾਡੇ ਤਿਉਹਾਰਾਂ ਦੀ ਲੜੀ ਵਿੱਚ ਸ਼ਾਮਲ ਹੋ ਗਿਆ ਅਤੇ ਵਿਆਹ ਕਰਾ ਕੇ ਵਿਛੜੀਆਂ ਆਪਣੀਆਂ ਹਮਉਮਰ ਸਖੀਆਂ-ਸਹੇਲੀਆਂ ਨੂੰ ਇਸ ਤਿਉਹਾਰ ਦੇ ਬਹਾਨੇ ਹੀ ਮਿਲਿਆ ਜਾਂਦਾ। ਹਾਸੇ-ਠੱਠੇ ਤੇ ਮੇਲ-ਮਿਲਾਪ ਦਾ ਇਹ ਪੁਰਬ ਬਣ ਗਿਆ। ਅੱਜ ਦੇ ਸਮੇਂ ਨੂੰ ਛੱਡ ਕੇ ਜੇਕਰ ਕੁੱਝ ਦਹਾਕੇ ਪਿੱਛੇ ਝਾਤ ਮਾਰਦੇ ਹਾਂ ਤਾਂ ਇਹ ਤਿਉਹਾਰ ਆਪਣੇ ਪੂਰੇ ਜਲੌਅ ਵਿੱਚ ਹੁੰਦਾ ਸੀ ਅਤੇ ਸਾਰਿਆਂ ਨੂੰ, ਖ਼ਾਸ ਕਰ ਕੁੜੀਆਂ ਨੂੰ ਇਸ ਦੀ ਡਾਢੀ ਉਡੀਕ ਹੁੰਦੀ ਸੀ।
ਤੀਆਂ ਹਰੇਕ ਪਿੰਡ ਵਿੱਚ ਕਿਸੇ ਨਿਸ਼ਚਿਤ ਕੀਤੀ ਥਾਂ 'ਤੇ ਲੱਗਦੀਆਂ ਸਨ। ਸਾਡੇ ਪਿੰਡ ਦੇ ਲਹਿੰਦੇ ਵਾਲ਼ੇ ਪਾਸੇ ਇੱਕ ਟੋਭਾ ਹੈ। ਜਿਸ ਨੂੰ ਦਈਆਂ ਵਾਲ਼ਾ ਟੋਭਾ ਕਿਹਾ ਜਾਂਦਾ ਹੈ। ਹੁਣ ਇਸ ਟੋਭੇ 'ਚ ਪਾਣੀ ਨਹੀਂ ਇਹ ਸੁੱਕ ਚੁੱਕਿਆ ਹੈ। ਪਹਿਲਾਂ ਤਾਂ ਨਾਲ਼ ਲਗਦੇ ਸੂਏ ਦਾ ਪਾਣੀ ਇਹਦੇ 'ਚ ਪੈਂਦਾ ਰਹਿੰਦਾ ਸੀ ਹੁਣ ਤਾਂ ਸੂਏ ਤੇ ਛੋਟੀਆਂ ਕੱਸੀਆਂ ਵਿੱਚ ਪਾਣੀ ਕਦੇ ਕਦਾਈਂ ਹੀ ਦੇਖਣ ਨੂੰ ਮਿਲਦਾ ਹੈ, ਆਮ ਕਰਕੇ ਤਾਂ ਇਹ ਕੂੜਾਦਾਨ ਹੀ ਬਣ ਕੇ ਰਹਿ ਗਈਆਂ। ਇਸ ਟੋਭੇ ਦੇ ਨਾਂ ਨਾਲ਼ ਦਈਆਂ ਸ਼ਬਦ ਕਿਵੇਂ ਪਿਆ ਇਸ ਬਾਰੇ ਕਿਸੇ ਨੂੰ ਕੋਈ ਇਲਮ ਨਹੀਂ, ਬਸ ਸਾਰੇ ਦਈਆਂ ਆਲ਼ਾ ਟੋਭਾ ਹੀ ਕਹਿੰਦੇ ਹਨ।
ਟੋਭੇ ਦੇ ਨੇੜੇ ਢਾਈ ਤਿੰਨ ਕਿੱਲੇ ਸ਼ਾਮਲਾਟ ਜ਼ਮੀਨ ਜੋ ਇੰਜ ਹੀ ਖ਼ਾਲੀ ਛੱਡੇ ਹੋਈ ਸੀ ਇੱਥੇ ਹੀ ਤੀਆਂ ਦਾ ਗਿੱਧਾ ਪਾਉਣ ਲਈ ਕੁੜੀਆਂ ਇਕੱਠੀਆਂ ਹੁੰਦੀਆਂ। ਜਦੋਂ ਸਾਉਣ ਦੇ ਮਹੀਨੇ ਤੀਆਂ ਦਾ ਤਿਉਹਾਰ ਆਉਂਦਾ ਤਾਂ ਸਾਰੀਆਂ ਕੁੜੀਆਂ, ਨੂੰਹਾਂ, ਸਿਆਣੀਆਂ ਤੀਵੀਂਆਂ ਦੂਜ ਵਾਲ਼ੇ ਦਿਨ ਹੱਥਾਂ 'ਤੇ ਮਹਿੰਦੀ ਲਾਉਂਦੀਆਂ। ਸਾਡੇ ਵਰਗੇ ਜੁਆਕਾਂ ਨੂੰ ਵੀ ਮਹਿੰਦੀ ਲਗਵਾਉਣ ਦਾ ਬੜਾ ਚਾਅ ਹੁੰਦਾ, ਬੇਸ਼ੱਕ ਮੁੰਡਿਆਂ ਦੇ ਹਥੇਲੀ ਦੇ ਵਿਚਕਾਰ ਇੱਕ ਵੱਡਾ ਟਿੱਕਾ ਲਗਾ ਕੇ ਕਿਹਾ ਜਾਂਦਾ ਕਿ "ਮੁੰਡੇ ਨੀਂ ਮਹਿੰਦੀ ਲਾਉਂਦੇ ਹੁੰਦੇ।" ਸਾਉਣ ਦੇ ਮਹੀਨੇ ਤਕਰੀਬਨ ਹਰ ਘਰ ਵਿੱਚੋਂ ਖੀਰ-ਪੁੂੜਿਆਂ ਤੇ ਗੁਲਗੁਲਿਆਂ,ਪਤੌੜਾਂ (ਪਕੌੜੇ) ਦੀਆਂ ਮਹਿਕਾਂ ਆਉਂਦੀਆਂ। ਸਾਰੇ ਨਿਆਣੇ ,ਸਿਆਣੇ ਤੇ ਬੁੱਢੇ ਬੜੇ ਚਾਵਾਂ ਨਾਲ਼ ਖਾਂਦੇ। ਇਸ ਮਹੀਨੇ ਮੀਂਹ ਬੜਾ ਪੈਂਦਾ ਤੇ ਬਹੁਤੀ ਵਾਰ ਝੜੀਆਂ ਆਮ ਹੀ ਲੱਗਦੀਆਂ ਸਨ ਪਰ ਅੱਜ ਅਸੀਂ ਕੁਦਰਤ ਤੋਂ ਇੰਨੇ ਦੂਰ ਤੇ ਕੁਦਰਤੀ ਸ਼ੈਆਂ ਨਾਲ਼ ਆਪਣੇ ਲਾਭ ਲਈ ਨਿਰੰਤਰ ਖਿਲਵਾੜ ਕਰ ਰਹੇ ਹਾਂ। ਰੁੱਖਾਂ ਦੀ ਕਟਾਈ, ਮਸ਼ੀਨਰੀ ਆਦਿ ਦੇ ਵਧਣ ਕਾਰਨ ਰੁੱਤਾਂ ਵਿੱਚ ਵੀ ਤਬਦੀਲੀ ਆ ਗਈ। ਗੱਲ ਕਰ ਰਹੇ ਸੀ ਮੌਸਮ ਦੀ। ਲੱਗਦੀਆਂ ਝੜੀਆਂ ਕਾਰਨ ਮੌਸਮ ਠੰਡਾ ਹੋ ਜਾਂਦਾ ਤੇ ਸਰੋਂ ਦੇ ਤੇਲ 'ਚ ਸ਼ੁੱਧ ਤਰੀਕੇ ਨਾਲ਼ ਪਕਾਏ ਪਕਵਾਨ ਸਭ ਦੇ ਹਜ਼ਮ ਵੀ ਹੋ ਜਾਂਦੇ ਕਿਉਂਕਿ ਉਨ੍ਹਾਂ ਸਮਿਆਂ ਵਿੱਚ ਅੰਦਰਲੇ ਬਾਹਰਲੇ ਸਾਰੇ ਕੰਮ ਹੱਥੀਂ ਹੋਣ ਕਰਕੇ ਇਨ੍ਹਾਂ ਨੂੰ ਪਚਾਉਣ ਦੀ ਕੋਈ ਸਮੱਸਿਆ ਨਹੀਂ ਸੀ ਹੁੰਦੀ। ਅੱਜ-ਕੱਲ੍ਹ ਪਹਿਲਾਂ ਤਾਂ ਇਹ ਪਕਵਾਨਾਂ ਨੂੰ ਪਚਾਉਣ ਦੀ ਦਿੱਕਤ ਤੇ ਦੂਜੀ ਗੱਲ ਬਹੁਤੇ ਲੋਕਾਂ ਨੂੰ ਡਾਕਟਰਾਂ ਨੇ ਤਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨ ਲਈ ਹਦਾਇਤ ਕੀਤੀ ਹੁੰਦੀ ਹੈ। ਸਾਰਾ ਕੁੱਝ ਸਮੇਂ ਦਾ ਗੇੜ ਹੈ ਸਰੀਰ ਸੋਹਲ ਹੋ ਗਏ ਇੱਥੇ ਇਹ ਕਹਿਣਾ ਬਣਦਾ ਹੈ ਕਿ ਅਸੀਂ ਖ਼ੁਦ ਆਪਣੇ ਸਰੀਰ ਨੂੰ ਸੁੱਖ ਦੀ ਆਦਤ ਪਾ ਦਿੱਤੀ ਹੈ। ਚਲੋ ਖੈਰ ਗੱਲ ਚਲ ਰਹੀ ਸੀ ਤੀਆਂ ਦੇ ਤਿਉਹਾਰ ਦੀ। ਪਿੰਡ ਦੇ ਬਾਹਰ ਇਸ ਸ਼ਾਮਲਾਟ ਵਾਲ਼ੀ ਥਾਂ 'ਤੇ ਆਥਣ ਵੇਲ਼ੇ ਤੀਆਂ ਲਈ ਕੁੜੀਆਂ ਇਕੱਠੀਆਂ ਹੁੰਦੀਆਂ। ਨਵੀਆਂ ਵਿਆਹੀਆਂ ਕੁੜੀਆਂ ਸਾਉਣ ਦਾ ਮਹੀਨਾ ਆਪਣੇ ਪੇਕੇ ਪਿੰਡ ਹੀ ਰਹਿੰਦੀਆਂ। ਇਹ ਕਿਹਾ ਜਾਂਦਾ ਹੈ ਸਾਉਣ ਦੇ ਮਹੀਨੇ ਸੱਸ ਨੂੰਹ ਨੇ ਇੱਕ ਦੂਜੇ ਦਾ ਮੂੰਹ ਨਹੀਂ ਦੇਖਣਾ ਹੁੰਦਾ ਇਸ ਕਰਕੇ ਇਹ ਮਹੀਨਾ ਕੁੜੀਆਂ ਆਪਣੇ ਪੇਕੇ ਪਿੰਡ ਹੀ ਰਹਿੰਦੀਆਂ। ਅਸਲ ਵਿੱਚ ਉਸ ਸਮੇਂ ਦੇ ਸਾਡੇ ਬਹੁਤ ਹੀ ਸਿਆਣੇ ਬਜ਼ੁਰਗਾਂ ਨੇ ਇਹ ਵਹਿਮ ਸ਼ਾਇਦ ਜਾਣਬੁੱਝ ਕੇ ਪਾਇਆ ਹੋਵੇਗਾ ਤਾਂ ਕਿ ਕੁੜੀਆਂ ਬਹਾਨੇ ਨਾਲ਼ ਕੁੱਝ ਸਮੇਂ ਲਈ ਕੰਮਾਂ ਕਾਰਾਂ ਦੇ ਬੋਝ ਤੋਂ ਆਪਣੇ ਪੇਕੇ ਪਿੰਡ ਆ ਥੋੜ੍ਹੇ ਦਿਨ ਅਰਾਮ ਕਰ ਲੈਣ ਤੇ ਨਾਲ਼ੇ ਇੱਕ-ਦੂਜੀਆਂ ਆਪਣੀਆਂ ਸਹੇਲੀਆਂ ਨੂੰ ਮਿਲ ਲੈਣ। ਕੁੜੀਆਂ ਨੂੰ ਆਪਣੇ ਕੱਪੜੇ, ਗਹਿਣੇ ਦਿਖਾਉਣ ਦਾ ਬਹੁਤ ਸ਼ੌਕ ਹੁੰਦਾ ਹੈ। ਤੀਆਂ ਵਿੱਚ ਇਹ ਨਵੇਂ ਤੋਂ ਨਵਾਂ ਵਧੀਆ ਸੂਟ ਤੇ ਆਪਣੇ ਸਹੁਰਿਆਂ ਵੱਲੋਂ ਪਾਏ ਗਹਿਣੇ ਪਹਿਨ ਕੇ ਆਪਣੀ ਤੇ ਆਪਣੇ ਸਹੁਰਿਆਂ ਦੀ ਖੂਬ ਟੌਹਰ ਬਣਾਉਂਦੀਆਂ। ਚੰਗੇ ਤੇ ਵੱਧ ਤੋਂ ਵੱਧ ਗਹਿਣੇ ਪਹਿਨ ਕੇ ਤੀਆਂ ਵਿੱਚ ਜਾਣਾ ਤਾਂ ਦੂਜੀਆਂ ਉਸ ਦੇ ਗਹਿਣਿਆਂ ਦੀ ਤਾਰੀਫ਼ ਕਰਨ ਤੇ ਨਾਲ਼ੇ ਇਹ ਕਹਿਣ ਕਿ ਇਹਨੂੰ ਤਕੜਾ ਘਰ ਮਿਲਿਆ ਹੈ ਬਸ ਇੰਨੀ ਕੁ ਹੀ ਪ੍ਰਸੰਸਾ ਨਾਲ਼ ਮਨ ਉਡੂੰ-ਉਡੂੰ ਕਰਨ ਲੱਗਦਾ। ਕਿੰਨੇ ਭਲ਼ੇ ਦਿਨ ਹੁੰਦੇ ਸੀ ਉਹ। ਕੁੜੀਆਂ ਨੂੰ ਇਕੱਲੇ ਜਾਣ ਵਿੱਚ ਕੋਈ ਡਰ ਭੌ ਨਹੀਂ ਸੀ ਹੁੰਦਾ। ਕਿਸੇ ਕਿਸਮ ਦੀ ਲੁੱਟ ਖੋਹ ਦਾ ਤਾਂ ਉਦੋਂ ਕੋਈ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਪਿੰਡ ਦੀਆਂ ਕੁੜੀਆਂ ਕੱਤਰੀਆਂ ਨੂੰ ਸਾਰੇ ਆਪਣੀਆਂ ਧੀਆਂ ਭੈਣਾਂ ਹੀ ਮੰਨਦੇ ਸਨ। ਸਾਰੀਆਂ ਇੱਕ ਖੁੱਲ੍ਹੀ ਥਾਂ 'ਤੇ ਵੱਡਾ ਗੋਲ ਚੱਕਰ ਬਣਾ ਕੇ ਖੜ੍ਹ ਜਾਂਦੀਆਂ ਅਤੇ ਫਿਰ ਵਾਰੋ ਵਾਰੀ ਬੋਲੀਆਂ ਪਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ। ਬੋਲੀਆਂ ਵਿੱਚ ਸਮੇਂ ਦੇ ਹਰ ਪੱਖ ਸਮਾਜਿਕ, ਰਾਜਨੀਤਕ, ਆਰਥਿਕ ਤੇ ਧਾਰਮਿਕ ਦਾ ਜ਼ਿਕਰ ਕੀਤਾ ਹੋਇਆ ਮਿਲਦਾ।
ਜਿਵੇਂ.....
ਹੋਰਾਂ ਦੇ ਤਾਂ ਦੋ ਦੋ ਵੀਰੇ ਮੇਰਾ ਵੀਰਾ ਇੱਕ ਕੁੜੀਓ
ਉਹ ਵੀ ਦਸਵੇਂ ਗੁਰਾਂ ਦਾ ਸਿੱਖ ਕੁੜੀਓ।
ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ,
ਇੱਕੋ ਤਵੀਤ ਉਹਦੇ ਘਰ ਦਾ ਨੀ,
ਜਦੋਂ ਲੜਦਾ ਤੇ ਲਾਹਦੇ ਲਾਹਦੇ ਕਰਦਾ ਨੀਂ
ਛੈਣੇ ਛੈਣੇ ਛੈਣੇ
ਵਿਦਿਆ ਪੜਾਦੇ ਬਾਬਲਾ
ਭਾਵੇਂ ਦੇਈਂ ਨਾ ਦਾਜ ਵਿੱਚ ਗਹਿਣੇ
ਸਾਉਣ ਮਹੀਨਾ ਦਿਨ ਤੀਆਂ ਦੇ,
ਕੁੜੀਆਂ ਰਲ਼ ਕੇ ਆਈਆਂ
ਨੱਚਣ ਕੁੱਦਣ ਝੂਟਣ ਪੀਂਘਾਂ
ਵੱਡੇ ਘਰਾਂ ਦੀਆਂ ਜਾਈਆਂ
ਆਹ ਲੈ ਮਿੱਤਰਾ ਕਰ ਲੈ ਖਰੀਆਂ
ਬਾਂਕਾਂ ਮੇਚ ਨਾ ਆਈਆਂ
ਗਿੱਧਾ ਪਾ ਰਹੀਆਂ ਨਣਦਾਂ ਤੇ ਭਰਜਾਈਆਂ।
ਅੱਜ ਇਹ ਤਿਉਹਾਰ ਸਿਰਫ਼ ਇੱਕ ਰਸਮੀ ਬਣ ਕੇ ਇੱਕ ਦੋ ਦਿਨਾਂ ਤੱਕ ਹੀ ਸਿਮਟ ਕੇ ਰਹਿ ਗਿਆ ਹੈ। ਨਵੀਂ ਪੀੜ੍ਹੀ ਦੀਆਂ ਕੁੜੀਆਂ ਨੂੰ ਬੋਲੀਆਂ ਵੀ ਵਿਸਰਦੀਆਂ ਜਾ ਰਹੀਆਂ ਹਨ, ਹੁਣ ਸਭ ਕੁੱਝ ਡੀ.ਜੇ.ਦੀ ਭੇਂਟ ਚੜ੍ਹਦਾ ਜਾ ਰਿਹਾ ਹੈ। ਅੱਜ ਤਾਂ ਸਾਊਂਡ ਸਿਸਟਮ ਲਾ ਕੇ ਉਲਟਾ ਸਿੱਧਾ ਨੱਚਣਾ ਦੇਖਣ ਨੂੰ ਮਿਲਦਾ ਹੈ। ਨਵੇਂ ਜ਼ਮਾਨੇ ਦੇ ਤੌਰ ਤਰੀਕੇ ਅਪਣਾਉਣਾ ਮਾੜੀ ਗੱਲ ਨਹੀਂ ਪਰ ਆਪਣੀਆਂ ਜੜ੍ਹਾਂ ਨਾਲ਼ ਜੁੜੇ ਰਹਿਣਾ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਸਾਡੇ ਸਭਿਆਚਾਰ ਦੀ ਅਮੀਰੀ ਹਮੇਸ਼ਾ ਕਾਇਮ ਰਹੇ।