Saver Hon Tak (Punjabi Story) : Santokh Singh Dhir

ਸਵੇਰ ਹੋਣ ਤਕ (ਕਹਾਣੀ) : ਸੰਤੋਖ ਸਿੰਘ ਧੀਰ

ਡੂੰਘੀ ਰਾਤ ਗਿਆਂ, ਚੰਨਣ ਜੱਟ, ਪੱਕੇ ਖੂਹ ਦੀਆਂ ਪੈਲੀਆਂ ਵਾਹ ਕੇ, ਥਕੇਵੇਂ ਦਾ ਝੰਭਿਆ, ਘਰ ਮੁੜਿਆ। ਹਾੜ੍ਹ ਦੇ ਪਹਿਲੇ ਮੀਂਹ ਨੇ ਸਾਉਣੀ ਦੀਆਂ ਬਿਜਾਈਆਂ ਲਈ ਜ਼ੋਰ ਪਾ ਦਿੱਤਾ ਸੀ। ਹੁਣ ਵੱਤ ਆਈ ਹੋਈ ਸੀ, ਫੇਰ ਪਤਾ ਨਹੀਂ ਝੜੀ ਲਗ ਜਾਵੇ, ਜਾਂ ਏਨੀ ਲੰਮੀ ਔੜ ਪਵੇ ਕਿ ਫ਼ਸਲਾਂ ਪਛੇਤੀਆਂ ਹੋ ਜਾਣ।
ਬਲਦਾਂ ਨੂੰ ਪੱਠੇ ਪਾ ਕੇ ਉਹਨੇ ਹੱਥ ਪੈਰ ਧੋਤੇ, ਕੋਠੇ ਉਤੇ ਰੋਟੀ ਖਾਧੀ ਤੇ ਅੱਖ ਦੱਬਣ ਲਈ ਮੰਜੇ ਉਤੇ ਟੇਢਾ ਹੋ ਗਿਆ। ਸਵੇਰੇ, ਵਡੇ ਤੜਕਿਓਂ ਜਾ ਕੇ ਮਾਰੂਆਂ ਦੀ ਟੁਕੜੀ ਵਿਚ ਜੁਆਰ ਦਾ ਛੱਟਾ ਖਿਲਾਰਨਾ ਤੇ ਫਿਰ ਆਥਣ ਜੋਤੇ ਪੱਕੇ ਖੂਹ ਦੀ ਦੋਹਰ ਕਰਕੇ ਮੱਕੀ ਬੀਜਣੀ ਸੀ।
ਸੁਖ ਵਿਚ ਲੱਤਾਂ ਲਮਿਆਰ ਕੇ ਉਹ ਖਿੜੇ ਹੋਏ ਤਾਰਿਆਂ ਵਲ ਤੱਕਦਾ ਨੀਂਦ ਦੇ ਲੋਰ ਵਿਚ ਅੱਖ ਲਾਉਣ ਹੀ ਲਗਿਆ ਸੀ ਕਿ ਨਾਲ ਦੇ ਕੋਠੇ ਉਤੋਂ ਮੰਜਾ ਡਾਹੁੰਦਿਆਂ ਘੁੱਦਾ ਬੋਲਿਆ, ''ਜਾਣੀਦਾ ਪੱਕੇ ਕੀ ਸਾਰੀ ਖੱਤੀ ਵਾਹ ਆਇਆਂ ਚੰਨਣਾ, ਮਖਾਂ ਬੋਲਦਾ ਨ੍ਹੀਂ, ਥੱਕਿਆ ਹੋਇੰਗਾ?''
ਚੰਨਣ ਮੰਜੇ ਉਤੇ ਪਿਆ ਪਿਆ ਬੋਲਿਆ, ''ਓ ਮਖਾਂ ਹੁਣ ਕਾਹਨੂੰ ਰੜਕ ਰੱਖਣੀ ਐਂ-ਜੋਤਾ ਹੋਰ ਕਸ ਕੇ ਲਾ ਲਈਏ-ਇਕ ਤਾਂ ਬੌਲਦ ਨ੍ਹੀਂ ਤੁਰਦਾ ਸਾਲਾ, ਜਮਾ ਈ ਰਹਿ ਖੜਿਆ।''
''ਕਿਹੜਾ, ਮੀਣਾ?''
''ਨਹੀਂ, ਦੂਆ ਲਾਖਾ, ਡਿੰਗ ਇ ਨ੍ਹੀ ਪੱਟਦਾ ਬਰਾਬਰ, ਤਾਹੀਂ ਤਾਂ ਆਹ ਵੇਲਾ ਆ ਗਿਆ।''
''ਭਾਈ ਖਰਾਕ ਦੀ ਗੱਲ ਐ ਸਾਰੀ...!'' ਘੁੱਦੇ ਨੇ ਰੱਬ ਲਗਦੀ ਆਖੀ।
''ਖਰਾਕ ਹੁਣ ਪਾਈ ਤਾਂ ਜਾਨੇ ਆਂ.... ਜਿੰਨੀ ਪਰੋਕੋਂ ਐ...।'' ਚੰਨਣ ਦੀ ਵਾਜ ਵਿਚ ਬੇ-ਵਸੀ ਸੀ।
''ਆ...ਹੋ...।'' ਘੁੱਦਾ ਮੰਜੇ ਉਤੇ ਟੇਢਾ ਹੋ ਗਿਆ।
ਤਾਰਿਆਂ ਭਰੀ ਨੀਲੀ ਛੱਤ ਵਲ ਤੱਕਦੇ ਚੰਨਣ ਦੀਆਂ ਅੱਖਾਂ ਵਿਚ ਊਂਘ ਆਉਣ ਲੱਗੀ। ਇਕ ਲੋਰ ਵਿਚ ਨੀਂਦ ਦਾ ਟੂਣਾ ਹੋ ਰਿਹਾ ਸੀ। ਤਾਰੇ ਉਹਦੀਆਂ ਅੱਖਾਂ ਵਿਚ ਧੂੜ ਦੇ ਕਿਣਕੇ ਕੇਰ ਗਏ ਤੇ ਪੱਕੇ ਖੂਹ ਦੇ ਲਹਿਰੀਏ ਸਿਆੜ ਉਹਦੇ ਸੁਫਨਿਆਂ ਵਿਚ ਫੈਲਣ ਲਗੇ। ਪਰਲੇ ਵਾਸ, ਟਿਕੀ ਰਾਤ ਵਿਚ ਟੌਂਕਰਦਾ ਕੁੱਤਾ ਨ੍ਹਿਮਾ ਹੁੰਦਾ ਉਹਦੀ ਸੁਰਤ 'ਚੋਂ ਵਿੱਸਰ ਗਿਆ।
ਛੰਨੇ ਵਿਚ ਦੁੱਧ ਲੈ ਕੇ, ਬਚਨੋ, ਚੰਨਣ ਦੇ ਮੰਜੇ ਕੋਲ ਆਈ, ''ਲੈ ਫੜ, ਦੁੱਧ ਦੀ ਬੁਕ ਪੀ ਲੈ!''
ਚੰਨਣ ਦਾ ਠੌਂਕਾ ਲਗ ਰਿਹਾ ਸੀ।
''ਮਖਾਂ ਸੌ ਵੀ ਗਿਆ ਸੀਬੋ ਦਾ ਬਾਪੂ...?'' ਉਹਨੇ ਚੰਨਣ ਦਾ ਮੋਢਾ ਝੂਣਿਆ।
''ਹਾਂ ਹਾਂ..." ਚੰਨਣ ਅੱਭੜ ਕੇ ਬੋਲਿਆ।
''ਲੈ ਫੜ, ਦੁਧ ਪੀ ਲੈ ਉਠ ਕੇ ਕੋਸਾ ਕੋਸਾ।''
ਚੰਨਣ ਉਠ ਕੇ ਮੰਜੇ ਉਤੇ ਬਹਿ ਗਿਆ, ਤੇ ਦੁੱਧ ਦਾ ਛੰਨਾ ਫੜਕੇ ਊਂਘਦਾ ਊਂਘਦਾ ਪੀਣ ਲਗਾ। ਆਲੇ ਦੁਆਲੇ ਕੋਠਿਆਂ ਉਤੇ ਲੋਕ ਚੁਪ ਚਾਪ ਪਏ ਸਨ। ਘੁੱਦੇ ਦੀ ਵੀ ਅੱਖ ਲਗੀ ਜਾਪਦੀ ਸੀ। ਬਚਨੋਂ ਪੈਂਦ ਵਲ ਮੰਜੇ ਦੀ ਬਾਹੀ ਉੱਤੇ ਬਹਿ ਗਈ। ਲੋਹੜੇ ਦਾ ਵੱਟ ਹੋ ਰਿਹਾ ਸੀ। ਉਦੋਂ ਹੀ ਇਕ ਪਾਣੀ ਦੀ ਭਿਜਿਆ ਬੁਲਾ ਆਇਆ। ਦੂਰ, ਪਹਾੜ ਦੀ ਕੁੱਖ ਵਿਚ ਕਾਲੀ ਘਟਾ ਘਿਰੀ ਹੋਈ ਸੀ, ਜਿਸ ਵਿਚੋਂ ਕਦੇ ਕਦੇ ਬਿਜਲੀ ਅੱਖ ਮਾਰ ਜਾਂਦੀ। ਬਚਨੋ ਨੇ ਹੌਲੀ ਜੇਹੀ ਆਖਿਆ, ''ਬੱਦਲ ਅੱਜ ਫੇਰ ਖੌਰੇ ਮੰਜੇ ਹੇਠਾਂ ਲੁਹਾ ਕੇ ਹਟੇ?''
ਖ਼ਾਲੀ ਛੰਨਾ ਬਚਨੋ ਵਲ ਕਰਦਿਆਂ ਉਹਨੇ ਹੁੰਗਾਰਾ ਦਿੱਤਾ, ''ਸੌਣਾ ਕਿਹੜਾ ਮਿਲਦੈ ਸਹੁਰਾ ਨੀਂਦ ਭਰ ਕੇ-ਦੋ ਰਾਤਾਂ ਹੋ ਗੀਆਂ ਇਸੇ ਤਰ੍ਹਾਂ...।''
ਨੀਂਦ ਵਿਚ ਕੀਲਿਆ ਚੰਨਣ ਫੇਰ ਮੰਜੇ ਉੱਤੇ ਢੇਰੀ ਹੋ ਗਿਆ। ਪੈਂਦ ਪਈ ਖੇਸੀ ਉਹਨੇ ਟੰਗਾਂ ਉੱਤੇ ਖਿਚ ਲਈ। ਬਚਨੋ ਦੇ ਮੰਜੇ ਉੱਤੋਂ ਨਿਕੀ ਕੁੜੀ ਵਿਲਕ ਉਠੀ। ਉਹ ਉਠ ਕੇ ਉਹਦੇ ਨਾਲ ਜਾ ਪਈ। ਵੱਟ ਫੇਰ ਹੋ ਗਿਆ ਸੀ। ਅਧ-ਪਹਿਰ ਵੀ ਨਹੀਂ ਬੀਤਿਆ ਹੋਣਾ ਕਿ ਚੰਨਣ ਦੇ ਪਿੰਡੇ ਉੱਤੇ ਸੂਈ ਜੇਹੀ ਆ ਚੁਭੀ। ਉਹਨੇ ਪਾਸਾ ਪਰਤਿਆ। ਉਸੇ ਤਰ੍ਹਾਂ ਇਕ ਹੋਰ ਤੇ ਉਹਦੀ ਨੀਂਦ ਭੰਗ ਹੋਣ ਲੱਗੀ।
''ਕਣੀ ਲਗ ਪਈ ਡਿੱਗਣ ਕੋਈ ਕੋਈ...!'' ਉਹਦੇ ਕੰਨ-ਵਲੇਲ ਪਈ, ਜਿਵੇਂ ਘੁੱਦਾ ਆਪਣੇ ਮੰਜੇ ਤੋਂ ਬਿਰਕਿਆ ਹੋਵੇ।
''ਮਖਾਂ ਸੀਬੋ ਦਾ ਬਾਪੂ...!'' ਬਚਨੋਂ ਨੇ ਲਲਕਾਰ ਕੇ ਆਖਿਆ, ''ਮੰਜੇ ਤਾਂ ਲਾਹੁਣੇ ਈ ਪੈਣਗੇ ਠਾਹਾਂ!''
''ਨੀ ਮਖਾਂ ਪਏ ਰਹੋ-ਕਿਤੇ ਨ੍ਹੀਂ ਪਰਲੋਂ ਆਉਂਦੀ!'' ਚੰਨਣ ਨੇ ਖੇਸੀ ਹੋਰ ਉੱਤੇ ਖਿਚ ਕੇ ਸੁਆਰ ਲਈ।
''ਫੇਰ ਹਬੜ ਦਬੜ ਪੈ ਜਾਣੀ ਐਂ...!'' ਬਚਨੋ ਫ਼ਿਕਰ ਨਾਲ ਘਾਬਰਦੀ ਸੀ।
''ਕਿਤੇ ਨ੍ਹੀਂ ਪੈਂਦੀ-ਤੂੰ ਪਈ ਰਹੁ।''
ਗੱਲ ਅਜੇ ਚੰਨਣ ਦੇ ਮੂੰਹ ਵਿਚ ਹੀ ਸੀ ਕਿ ਮੋਟੇ ਮੋਟੇ ਕਣਿਆਂ ਨੇ ਇਕਦਮ ਹੱਲਾ ਬੋਲ ਦਿੱਤਾ। ਆਲੇ-ਦੁਆਲੇ ਸਾਰੇ ਕੋਠਿਆਂ ਉੱਤੇ ਹਫੜਾ ਦਫੜੀ ਮਚ ਗਈ। ਮੰਜੀਆਂ, ਪੰਘੂੜਿਆਂ ਉੱਤੇ ਜੁੱਲੀਆਂ, ਪਰੋਲਿਆਂ ਵਿਚ ਪਏ ਘੂਕ ਨਿਆਣੇ ਡੌਰ ਭੌਰ ਹੋ ਉੱਠੇ। ਚੰਨਣ ਬੌਂਦਲ ਕੇ ਮੰਜੇ ਉੱਤੇ ਦਰੀ ਦੀ ਪੂਣੀ ਕਰਨ ਲੱਗਾ। ਬਚਨੋ ਨੇ ਤਿੱਖੀ ਹੋ ਕੇ ਆਖਿਆ, ''ਤੂੰ ਐਥੇ ਗਿਣਤੀਆਂ ਕੀ ਗਿਣੀ ਜਾਨੈ, ਉਤਰ ਕੇ ਮੰਜੇ ਫੜ, ਮੈਂ ਉਤੋਂ ਲਮਕਾਉਨੀਆਂ!''
ਵਾਛੜ ਦੇ ਕਣਤਾਏ ਕੱਚ ਨੀਂਦਰੇ ਨਿਆਣੇ ਰੋਣ ਲਗੇ।
ਗਲੀ ਵਿਚ ਖਲੋ ਕੇ ਚੰਨਣ ਬਨੇਰੇ ਉਤੋਂ ਮੰਜੇ ਬਿਸਤਰੇ ਫੜਨ ਲੱਗਾ। ਬਚਨੋਂ ਮੀਂਹ ਵਿਚ ਬੌਂਦਲੀ ਛੇਤੀ ਛੇਤੀ ਲਮਕਾਈ ਜਾਂਦੀ ਸੀ। ਪਤਾ ਨਹੀਂ ਸੁੱਕੇ ਅੰਬਰ ਕਿਥੋਂ ਕਟਕ ਚੜ੍ਹ ਕੇ ਆ ਗਿਆ। ਦੇਖਦੇ ਹੀ ਦੇਖਦੇ ਪਣਤਾਲੇ ਚੱਲਣ ਲੱਗ ਪਏ।
ਦੀਵਾ ਬਾਲ ਕੇ ਮੀਂਹ ਵਿਚ ਭਿੱਜੇ ਸਿਜੇ ਨਿਆਣਿਆਂ ਨੂੰ ਚੰਨਣ ਨੇ ਮੰਜਿਆਂ ਉੱਤੇ ਸੁੱਟ ਦਿੱਤਾ। ਦਲਾਨ ਅਤੇ ਕੋਠੜੀਆਂ ਦੇ ਮੋਘੇ ਢਕ ਕੇ ਪਾਣੀ ਨਾਲ ਨੁੱਚੜਦੀ ਬਚਨੋ ਥਲੇ ਆ ਗਈ ਤੇ ਕੁੜਤੀ ਦਾ ਪੱਲਾ ਨਚੋੜਦੀ ਖਿਝ ਨਾਲ ਕੁੜ੍ਹ ਕੇ ਬੋਲੀ, ''ਜੋਤੇ ਦੀ ਕਹਿਨੀਆਂ, ਬੱਦਲ ਸਿਰ ਤੇ ਖੜ੍ਹੈ, ਜੱਦੇ ਨੇ ਸਿਰ ਇ ਨ੍ਹੀਂ ਚੱਕਿਆ।''
ਸਾਰੇ ਜਣੇ ਦਲਾਨ ਵਿਚ ਮੰਜੀਆਂ ਜੁੱਲੀਆਂ ਉੱਤੇ ਕਿਤੇ ਨਾ ਕਿਤੇ ਡਿੱਗ ਪਏ। ਛਾਛੜੇ ਦਾ ਮੀਂਹ ਜਿਵੇਂ ਆਇਆ ਸੀ, ਉਵੇਂ ਇਕ ਦਮ ਚਲਾ ਗਿਆ। ਪਣਤਾਲੇ ਹੌਲੀ ਹੌਲੀ ਹੁੰਦੇ ਤਤੀਰੀਆਂ ਵਿਚ ਰਹਿ ਗਏ। ਅੰਦਰ ਲੋਹੜੇ ਦਾ ਹੁੰਮ ਸੀ। ਹੌਲੀ ਹੌਲੀ ਹਵਾ ਬਿਲਕੁਲ ਬੰਦ ਹੋ ਗਈ। ਦੀਵੇ ਦੀ ਲਾਟ ਸਿੱਧੀ ਸਤੋਰ ਖੜੀ ਸੀ। ਤੋੜ ਤੋੜ ਖਾਂਦਾ ਮੱਛਰ ਕੰਨਾਂ ਕੋਲ ਬੀਨ ਵਜਾਉਂਦਾ ਸੀ। ਸੁੱਤੇ ਪਏ ਨਿਆਣੇ ਤ੍ਰੇਲੀਆਂ ਵਿਚ ਗੱਚ ਹੋ ਗਏ। ਤੱਤੀ ਹਵਾੜ ਨਾਲ ਘਰ ਭੱਠੇ ਵਾਂਗ ਤਪ ਰਿਹਾ ਸੀ। ਅੱਕਲਕਾਣ ਹੋਇਆ ਚੰਨਣ ਲੜਨ ਵਾਂਗ ਬੋਲਿਆ, ''ਮੋਘਾ ਤਾਂ ਖੁਲ੍ਹਾ ਰਹਿਣ ਦਿੰਦੀ।''
''ਮੀਂਹ ਤਾਂ ਘਟ ਬੰਨ੍ਹ ਕੇ ਆ ਗਿਆ-ਫੇਰ ਕੌਣ ਜਾਂਦਾ ਉੱਪਰ?''
''ਅੰਦਰ ਤਾਂ ਅੱਗ ਲਗੀ ਜਾਂਦੀ ਐ-ਮੱਛਰ ਊਂ ਤੋੜ ਤੋੜ ਖਾਂਦੈ।'' ਚੰਨਣ ਨੇ ਪਿੰਡਾ ਖੁਰਕਦਿਆਂ ਕਿਹਾ।
ਪਸੀਨੇ ਵਿਚ ਪਿਚਕੀ ਹੋਈ ਕੈਲੋ ਪੰਘੂੜੀ ਉੱਤੇ ਠਿਸ ਠਿਸ ਕਰਨ ਲਗੀ। ਵਿਲਕਦੀ ਛੋਟੀ ਕੁੜੀ ਬਚਨੋ ਤੋਂ ਨਾਲ ਨਹੀਂ ਸੀ ਲਾਈ ਜਾਂਦੀ। ਉਹਨੇ ਪੱਖੀ ਝਲ ਕੇ ਨਿਆਣੀ ਨੂੰ ਚੁਪ ਕਰਾਉਣਾ ਚਾਹਿਆ। ਵੱਡੀ ਕੁੜੀ, ਸੀਬੋ, ਪਾਣੀ ਪਾਣੀ ਹੋਈ ਆਪਣੇ ਪੰਘੂੜੇ ਉੱਤੇ ਉਠ ਬੈਠੀ, ''ਬਾਬਾ ਨੀਂਦ ਕਿਹੜਾ ਆਉਂਦੀ ਐ...!''
''ਨੀ ਬੇਬੇ, ਆਪਾਂ ਦੀਵੇ ਈ ਬੁਝਾ ਦੋ...!'' ਸੀਬੋ ਤੋਂ ਛੋਟਾ ਭਿੰਦਰ ਬੋਲਿਆ। ਉਹਨੂੰ ਦੀਵੇ ਦੇ ਚਾਨਣ ਤੋਂ ਵੀ ਸੇਕ ਆਉਂਦਾ ਜਾਪਦਾ ਸੀ।
ਚੰਨਣ ਉਠ ਕੇ ਬਾਹਰ ਗਲੀ ਵਿਚ ਆਇਆ, ''ਕਣੀਆਂ ਤਾਂ ਬੰਦ ਨੇ-ਬੱਦਲ ਤਾਂ ਦੀਂਹਦਾ ਨ੍ਹੀ ਕਿਤੇ ਹੁਣ!''
''ਜੈ ਖਾਣਾ ਐਵੇਂ ਭਾਜੜ ਪਾ ਦਿੰਦੈ ਅੱਜ ਕੱਲ੍ਹ ਦਾ ਮੀਂਹ!'' ਬਚਨੋ ਪਈ ਪਈ ਅੰਦਰੋਂ ਬੋਲੀ।
''ਨੀ ਬੇਬੇ, ਗਲੀ 'ਚ ਕਢ ਲੋ ਮੰਜੇ...'' ਸੀਬੋ ਨੇ ਕਾਹਲੀ ਪੈ ਕੇ ਆਖਿਆ।
''ਆਹੋ ਮੁੰਨੀ, ਗਲੀ ਵਿਚਿ ਡਾਹ ਲੈਨੇ ਆਂ।'' ਚੰਨਣ ਅੰਦਰ ਆ ਕੇ, ਬਾਹਰ ਕੱਢਣ ਲਈ, ਮੰਜਾ ਚੁੱਕਣ ਲੱਗਾ।
ਬਚਨੋ ਉਠ ਕੇ ਬੂਹੇ ਵਿਚ ਆਏ ਤੇ ਉੱਪਰ ਵਲ ਤੱਕਣ ਲਗੀ, ''ਹੁਣ ਤਾਂ ਦੀਂਹਦਾ ਨ੍ਹੀਂ ਕਿਸੇ ਪਾਸੇ-ਐਨ ਸਾਫ ਐ ਅੰਬਰ।''
ਗੁਆਂਢੋਂ ਕੇਸਰੀ ਤਖਾਣੀ ਨੇ ਹੁੰਗਾਰਾ ਦਿੱਤਾ, ''ਨੀ ਭਮਾਂ ਕੱਲਾ ਕੱਲਾ ਤਾਰਾ ਗਿਣ ਲੈ-ਜਦ ਔਂਦੈ, ਪਟਮੇਲੀ ਚੱਕ ਦਿੰਦੈ ਚੰਦਰਾ!''
''ਬਾਬਾ, ਮਾਲਕ ਨੂੰ ਕੌਣ ਕਹੇ...'' ਉੱਤੇ ਚੜ੍ਹਾਉਣ ਲਈ, ਆਪਣੇ ਨੀਵੇਂ ਬਨੇਰੇ ਉੱਤੇ ਮੰਜੇ ਦੇ ਪਾਵੇ ਅੜਾਉਂਦਾ, ਘੁੱਦਾ ਬੋਲਿਆ।
''ਮਖਾਂ ਹੁਣ ਉੱਤੇ ਈ ਚੜ੍ਹਾ ਮੰਜੇ-ਗਲੀ 'ਚ ਨ੍ਹੀਂ ਸੂਤ ਰਹਿਣੇ!'' ਬਚਨੋ ਨੇ ਗਲੀ ਵਿਚ ਮੰਜਾ ਡਾਹੁੰਦੇ ਚੰਨਣ ਨੂੰ ਆਖਿਆ।
''ਨੀ ਹੁਣ ਦੋ ਘੰਟੇ ਪਿੱਛੇ ਕਿਥੇ ਧੂਹਘੜੀਸ ਕਰੀਏ-ਰਾਤ ਅੱਧੀ ਟੁਟ ਚੱਲੀ-ਦੇਖ ਤਾਂ ਖਿੱਤੀਆਂ ਕਿਥੇ ਸਰਕ ਆਈਆਂ!''
''ਗਲੀ 'ਚ ਕੀਹਦਾ ਕੀਹਦਾ ਡਾਹੇਂਗਾ? ਨਾਲੇ ਸੌ ਡੰਗਰ, ਪਸ਼ੂ। ਤੂੰ ਚੱਲ ਉੱਤੇ, ਮੈਂ ਫੜਾਉਨੀ ਆਂ ਮੰਜੇ, ਘੜੀ ਰਾਮ ਨਾਲ ਤਾਂ ਲੰਘੇ।''
''ਚੰਗਾ ਫੇਰ, ਫੜਾ, ਸੀਬੇ ਚੱਕ ਤਾਂ ਭਾਈ ਨਿਆਣਿਆਂ ਨੂੰ, ਭਿੰਦਰ ਉਠ ਓਏ, ਮੰਜੇ ਕਢਾ ਬਾਹਰ!'' ਕਹਿੰਦਿਆਂ ਚੰਨਣ ਪੌੜੀ ਦੇ ਡੰਡੇ ਚੜ੍ਹਦਾ ਬਨੇਰੇ ਉੱਤੇ ਜਾ ਬੈਠਿਆ।
ਬਚਨੋ ਨੇ ਬਾਹਾਂ ਉੱਤੇ ਸਹਾਰ ਕੇ ਮੰਜੇ ਤੇ ਬਿਸਤਰੇ ਫੜਾਏ। ਚੰਨਣ ਨੇ ਮੁੜ ਥਾਓਂ ਥਾਈਂ ਨਿਆਣਿਆਂ ਨੂੰ ਪਾਇਆ। ਬਚਨੋ ਨੇ ਦੀਵਾ ਬੁਝਾ ਕੇ ਜਿੰਦਾ ਲਾਇਆ ਤੇ ਪੌੜੀ ਦੇ ਸਿਖਰਲੇ ਡੰਡੇ ਚੜ੍ਹਦੀ ਬੋਲੀ, ''ਹੇ ਬ੍ਹਾਗਰੂ-ਹੇਠਾਂ ਨਾਲੋਂ ਸਾਹ ਤਾਂ ਔਂਦੈ!''
ਨਿਆਣਿਆਂ ਨੂੰ ਮੰਜੀਆਂ ਉੱਤੇ ਲਿਟਾ ਸੁਆਰ ਕੇ ਬਚਨੋ ਮੋਘਾ ਖੋਲ੍ਹਣ ਗਈ ਤਾਂ ਕੋਠੜੀ ਉੱਤੇ ਉਹਦੀ ਅੱਡੀ ਧਸ ਗਈ, ਤੇ ਫਿਰ ਮੁੜ ਕੇ ਆਉਂਦੀ ਦਾ ਬਨੇਰੇ ਉੱਤੇ ਪੈਰ ਤਿਲ੍ਹਕ ਗਿਆ। ਮਸੀਂ ਡਿਗਣ ਤੋਂ ਬਚਦੀ ਉਹ ਖਿਝ ਕੇ ਬੁੜ ਬੁੜਾਉਣ ਲਗੀ, ''ਕੈ ਗੇਲ ਕਿਹੈ ਦੋਜਕੀ ਨੂੰ, ਰੋਹੀ ਆਲੀ ਕਿੱਕਰ ਵਢ ਕੇ ਦੋ ਖਣ ਉਤੇ ਛੱਤ ਲੈਨੇ ਆਂ-ਨਾਲੇ ਕੋਠੜੀ ਦੀਆਂ ਕੜੀਆਂ ਝਾੜਲਾਂਗੇ-ਜੱਟ ਨੇ ਇਕ ਨ੍ਹੀਂ ਸੁਣੀ-ਲੋਕੀਂ ਐਸ਼ਾਂ ਲੁਟਦੀ ਐ-ਐਥੇ ਜੂਨ ਕੱਟਣੀ...!''
'ਨੀ ਹੁਣ ਤਿਹਾਸਮਾਂ ਛੱਤਣ ਬੈਠਾ ਮੈਂ ਕੁ!'' ਉਹ ਕੋਠੇ ਜੇਡੀ ਧੀ ਦੇ ਕਾਰਜ ਬਾਰੇ ਆਖਣ ਲਗਾ ਸੀ ਕਿ ਉਹਨੂੰ ਕੋਲ ਪਈ ਮੁਟਿਆਰ ਧੀ ਦੀ ਲਿਹਾਜ ਮਾਰ ਗਈ।
''ਓ ਤੈਂ ਕੀ ਲੱਲਰ ਲਾਉਣੈ...." ਲੜੂੰ ਲੜੂੰ ਕਰਦੀ ਉਹ ਮੰਜੇ ਕੋਲ ਆ ਗਈ।
''ਚੰਗਾ ਪੈ ਜਾਹ ਹੁਣ ਰਾਮ ਨਾਲ-ਟੈੜ ਟੈੜ ਲਾਈ ਐ ਵਾਧੂ-ਆਪ ਤੋਂ ਨੀਮੇ ਅਲ ਦੇਖ ਕੇ ਡੰਗ ਨਿਕਲਦੈ!''
''ਆਹੋ ਭਾਈ ਆਹੋ, ਆਹ ਤਾਂ ਗੱਲ ਸੱਚ ਐ ਚੰਨਣ ਦੀ।'' ਨਾਲ ਦੇ ਘਰ ਦੀ ਨੀਵੀਂ ਛੱਤ ਤੋਂ ਕਰਮ ਸਿਹੁੰ ਦੀ ਅੰਮਾਂ ਨੇ ਹਾਂ ਵਿਚ ਹਾਂ ਮਿਲਾਈ।
ਵੱਟ ਨਾਲ ਫੇਰ ਸਾਹ ਬੰਦ ਹੋਣ ਲੱਗਾ ਸੀ, ਜਿਵੇਂ ਮੀਂਹ ਕਦੇ ਵਰ੍ਹਿਆ ਹੀ ਨਹੀਂ ਹੁੰਦਾ। ਬੋਬੀ ਅਤਰੀ ਦੇ ਵਿਹੜੇ ਵਿਚ ਉੱਗੀ ਕਿੱਕਰ ਚੁੱਪ ਚਾਪ ਖਲੋਤੀ ਸੀ। ਗਰਮੀ ਨਾਲ ਜਿੱਚ ਹੋ ਕੇ ਚੰਨਣ ਕੁਦਰਤ ਦੇ ਪ੍ਰਬੰਧ ਵਿਰੁਧ ਬੋਲਿਆ, ''ਕੋਈ ਚੰਦਰਾ ਪਾਪੀ ਬੈਠੈ ਪਹਿਰੇ ਉੱਤੇ ਅੱਜ ਤਾਂ-ਪੱਤਾ ਨ੍ਹੀਂ ਹਿਲਦਾ।''
''ਮਾੜੇ ਦਾ ਦੁੱਖ ਦੁੱਖ਼..!'' ਹੇਠੋਂ, ਡੰਗਰਾਂ ਵਾਲੇ ਘਰ ਅੱਗੇ, ਗਲੀ ਵਿਚ ਮੰਜਾ ਡਾਹੀਂ ਪਿਆ ਮੈਂਗਲ ਵਿਹੜੇ ਆਲਾ ਬੋਲਿਆ। ਆਪਣੀ ਥਾਂ ਉਹ ਆਪ ਤਰਲੋਮੱਛੀ ਹੋ ਰਿਹਾ ਸੀ।
''ਨੀ ਬੇਬੇ, ਮੱਛਰ ਲੜੀ ਜਾਂਦੈ!'' ਭਿੰਦਰ ਮੰਜੇ ਦੀ ਦੌੜ ਉੱਤੇ ਗਿੱਟੇ ਰਗੜਦਾ ਬੋਲਿਆ।
ਬੋਬੀ ਅਤਰੀ ਦੀ ਕਿੱਕਰ ਦੀਆਂ ਟਹਿਣੀਆਂ ਥੋੜ੍ਹਾ ਥੋੜ੍ਹਾ ਹਿੱਲਣ ਲਗੀਆਂ। ਨਿੱਕੀ ਨਿੱਕੀ ਹਵਾ ਰੁਮਕ ਪਈ, ਜਿਸ ਵਿਚ ਗਿੱਲੇ ਕੋਠਿਆਂ ਦੀ ਹਮਕ ਰਲੀ ਹੋਈ ਸੀ। ਘੁੱਦੇ ਨੇ ਸੁੱਖ ਦਾ ਸਾਹ ਲੈਂਦਿਆਂ ਆਪਣੇ ਮੰਜੇ ਤੋਂ ਕਿਹਾ, ''ਲੈ ਬਈ ਚੰਨਣਾ, ਬਦਲ ਗਿਆ ਪਹਿਰਾ, ਆ ਬੈਠਾ ਕੋਈ ਧਰਮੀ ਪੁਰਸ਼।''
''ਆਹੋ ਪੁਤ...'' ਦੂਰੋਂ ਕਰਮ ਸਿਹੁੰ ਦੀ ਅੰਮਾਂ ਬੋਲੀ, ''ਧਰਮੀਆਂ ਦੀ ਕਿਹੜਾ ਤੋਟ ਐ ਜਗ 'ਚ।''
''ਅ੍ਹਾ ਤਾਂ ਕੋਈ ਧਰੂੰ ਐਂ ਧਰੂੰ ਅੰਮਾਂ!'' ਘੁੱਦਾ ਰੁਮਕਦੀ ਪੌਣ ਦੇ ਬੁੱਲ੍ਹੇ ਲੁੱਟਦਾ ਬੋਲਿਆ।
ਚੰਨਣ ਈ ਅੱਖ ਲਗ ਰਹੀ ਸੀ। ਉਹਨੂੰ ਚੁੱਪ ਪਿਆ ਦੇਖ ਘੁੱਦੇ ਨੇ ਉਚੀ ਬੋਲ ਕੇ ਆਖਿਆ, ''ਚੰਨਣਾ, ਓ ਚੰਨਣਾ!''
''ਹੋ..." ਚੰਨਣ ਸੁਤ-ਅਣੀਂਦਾ ਸੀ।
''ਨੀਂਦ ਔਂਦੀ ਐ?''
''ਆਹੋ...."
''ਚੰਗਾ ਫੇਰ, ਸੌਂ ਜਾ!'' ਘੁੱਦੇ ਨੇ ਆਪ ਵੀ ਪਾਸਾ ਪਰਤ ਲਿਆ।
ਨਿਕੀ ਨਿਕੀ ਪੌਣ ਨੇ ਜਿਵੇਂ ਸਭੋ ਦੁਖ ਧੋ ਦਿੱਤੇ। ਪੋਲੇ ਪੋਲੇ ਹੱਥੀਂ ਪਿਆਰ ਨਾਲ ਝਸਦੀ ਕੁਦਰਤ ਲੋਰੀਆਂ ਦੇ ਰਹੀ ਸੀ। ਹੌਲੀ ਹੌਲੀ ਸਾਰੇ ਸੌਂ ਗਏ। ਚੰਨਣ ਸਰ੍ਹਾਣੇ ਬਾਂਹ ਦੇ ਕੇ, ਪਾਸੇ ਭਾਰ, ਨੀਂਦ ਵਿਚ ਗੜੂੰਦ ਹੋ ਗਿਆ।
ਅਚਨਚੇਤ ਭੁੱਖੇ ਸ਼ੇਰ ਵਾਂਗ ਪਿੰਡ ਉੱਤੇ ਬੱਦਲ ਘੋਰਿਆ। ਅੱਭੜ ਕੇ ਚੰਨਣ ਦੀ ਅੱਖ ਖੁਲ੍ਹ ਗਈ। ਮੋਟੇ ਮੋਟੇ ਭੂਰੇ ਬੱਦਲ, ਚੰਨ ਨੂੰ ਝੱਫ ਕੇ ਅਸਮਾਨ ਉੱਤੇ ਫੈਲ ਰਹੇ ਸਨ। ਪਤਲਾ ਜਿਹਾ ਘਸਮੈਲਾ ਹਨੇਰਾ ਛਾਇਆ ਹੋਇਆ ਸੀ। ਚੰਨਣ ਉਠ ਕੇ ਮੰਜੇ ਉੱਤੇ ਬਹਿ ਗਿਆ ਤੇ ਪੈਰਾਂ ਨਾਲ ਜੁੱਤੀ ਟੋਹਣ ਲੱਗਾ।
ਚਿਟੇ ਚਾਨਣ ਦੀ ਇਕ ਤਾਰ ਜਿਹੀ ਤੇਜ਼ੀ ਨਾਲ ਚੀਨੀਆਂ ਦੇ ਚੁਬਾਰੇ ਉੱਤੇ ਲਰਜ਼ੀ ਤੇ ਅਗਲੇ ਛਿਨ ਜ਼ੋਰ ਨਾਲ ਬਿਜਲੀ ਡਿਗਣ ਦੀ ਵਾਜ ਆਈ। ਡਰ ਨਾਲ ਨਿਆਣੇ ਰੋਣ ਤੇ ਕੁੱਤੇ ਭੌਂਕਣ ਲਗੇ। ਰਾਮ ਰਾਮ ਹੋਣ ਲਗੀ। ਚੰਨਣ ਦੀਆਂ ਚੁੰਧਿਆਈਆਂ ਅੱਖਾਂ ਅੱਗੇ, ਹਨੇਰੇ ਵਿਚ, ਕੋਈ ਪੀਲੀ, ਹਰੀ ਤੇ ਲਾਲ ਤਾਰ ਅਜੇ ਤੱਕ ਲਰਜ਼ ਰਹੀ ਸੀ। ਹਵਾ ਦਾ ਇਕ ਤਿੱਖਾ ਬੁਲ੍ਹਾ ਕਿੱਕਰ ਦੀਆਂ ਟਹਿਣੀਆਂ ਵਿਚ ਉਲਝ ਰਿਹਾ ਸੀ।
''ਘੇਸੂ ਫਿਰ ਜਾਇ ਇਹਨੂੰ...!'' ਬਚਨੋ ਠਠੰਬਰ ਕੇ ਨਿੱਕੀ ਕੁੜੀ ਨੂੰ ਹਿਕ ਨਾਲ ਸਾਂਭਦੀ ਉਠੀ, ''ਚੰਦਰਾ ਬਾਦ ਈ ਪੈ ਗਿਆ ਅੱਜ-ਖਬਰ ਨ੍ਹੀਂ ਕਿਧਰੋਂ ਆ ਗਿਆ ਚੜ੍ਹ ਕੇ!'' ਤੇ ਉਹ ਚੰਨਣ ਨੂੰ ਫਿਕਰ ਨਾਲ ਉੱਚੀ ਬੋਲੀ, ''ਹੁਣ ਤੂੰ ਬੈਠਾ ਕੀ ਸੋਚਦੈਂ, ਮੰਜੇ ਤਾਂ ਥੱਲੇ ਲਾਹੁਣੇ ਪੈਣਗੇ ਫੇਰ...!''
''ਥੱਲੇ ਕਿਥੇ ਲਾਹਾਂਗੇ ਹੁਣ...।'' ਚੰਨਣ ਦੇ ਹੱਡ ਦੁਖ ਰਹੇ ਸਨ।
''ਹੋਰ ਕੀ ਕਰੇਂਗਾ? ਦੇਖਦਾ ਨ੍ਹੀਂ, ਬੱਦਲ ਤਾਂ ਢਕੋ ਢਕੀ ਖੜ੍ਹੈ, ਉੱਠ, ਝਟ ਕਰ!''
''ਅਜਾਂ ਹੁਣ ਕਿਤੇ ਦੇਖਣ ਨੂੰ ਬੱਦਲ ਨ੍ਹੀਂ ਸੀ-ਘੰਟਾ ਪਹਿਲਾਂ।'' ਘੁੱਦਾ ਆਪਣੇ ਮੰਜੇ 'ਤੇ ਉਠ ਕੇ ਬਹਿੰਦਾ ਬੋਲਿਆ।
ਹਵਾ ਥੰਮ ਗਈ। ਬੱਦਲ ਘੁਲਦਾ ਜਾਂਦਾ ਸੀ। ਚੀਨੀਏਂ, ਲੰਬੜ ਤੇ ਹੋਰ ਚੁਬਾਰਿਆਂ ਵਾਲੇ ਬੂਹੇ ਬਾਰੀਆਂ ਖੋਲ੍ਹੀ ਆਰਾਮ ਨਾਲ ਚੁਬਾਰਿਆਂ ਵਿਚ ਪਏ ਸਨ। ਚੰਨਣ ਨੇ ਇਕ ਪਲ ਸੋਚ ਕੇ ਆਖਿਆ, ''ਨਿਆਣਿਆਂ ਦੀਆਂ ਮੰਜੀਆਂ ਝਲਿਆਨੀ ਹੇਠ ਕਰ ਦਿੰਨੇ ਆਂ, ਤੂੰ ਸੀਬੋ ਨਾਲ ਹੇਠ ਚਲੀ ਜਾਹ, ਮੈਂ ਹਾਲੇ ਇਥੇ ਈ...।''
ਕੋਈ ਕੋਈ ਕਣੀ ਝਰਨ ਲਗ ਪਈ।
ਬਚਨੋ ਫਿਕਰ ਨਾਲ ਤੜਫ ਕੇ ਬੋਲੀ, ''ਓ ਤੇਰੀ ਤਾਂ ਮੱਤ ਮਾਰੀ ਗਈ, ਕੀ ਹਾਲ ਕਰਦੈ, ਝਲਿਆਨੀ ਹੇਠ ਕੀਹਨੂੰ ਕੀਹਨੂੰ ਪਾਇੰਗਾ? ਤੂੰ ਹੇਠ ਫੜਾ ਮੰਜੇ!''
''ਨੀ ਚੰਗਾ...!'' ਉਹ ਅੱਕ ਕੇ ਭਾਰੇ ਸੰਘ ਨਾਲ ਉੱਚੀ ਚੀਕਿਆ।
ਬਚਨੋ ਤੇ ਸੀਬੋ ਛੇਤੀ ਛੇਤੀ ਕਪੜੇ ਵਲ੍ਹੇਟ ਤੇ ਨਿੱਕੇ ਨਿਆਣਿਆਂ ਨੂੰ ਸਾਂਭ ਕੇ ਥੱਲੇ ਚਲੀਆਂ ਗਈਆਂ। ਕੈਲੋ ਤੇ ਭਿੰਦੀ ਜਾਗੋ ਮੀਟੇ ਵਿਚ ਪੌੜੀ ਦੇ ਡੰਡੇ ਟੋਹ ਟੋਹ ਉਤਰਨ ਲਗੇ। ਉਹ ਆਪ ਉੱਤੇ ਹੀ ਪੈਂਦ ਵਲ ਦਰੀ ਇਕੱਠੀ ਕਰਕੇ ਘਰੋੜੇ ਟੇਡਾ ਹੋ ਗਿਆ।
ਕਣੀਆਂ ਡਿਗੀ ਜਾਂਦੀਆਂ ਸਨ।
''ਅੱਜ ਨ੍ਹੀਂ ਬਈ ਸੌਣ ਦਿੰਦਾ ਚੰਨਣਾ!'' ਕਣੀਆਂ ਤੋਂ ਕਾਣਤ ਕੇ ਘੁੱਦਾ ਬੋਲਿਆ।
''ਓ ਸਾਡੀ ਤਾਂ ਜੂਨ ਇ ਮਾੜੀ ਐ-ਨਾ ਦਿਨ ਨੂੰ ਚੈਨ, ਨਾ ਰਾਤ ਨੂੰ ਨੀਂਦ।'' ਚੰਨਣ ਦੀਆਂ ਅੱਖਾਂ ਵਿਚ ਰੋੜ ਰੜਕ ਰਹੇ ਸਨ।
''ਮੌਜਾਂ ਤਾਂ ਚਬਾਰਿਆਂ ਆਲੇ ਲੁਟਦੇ ਨੇ..." ਚੀਨੀਆਂ ਦੇ ਚੁਬਾਰੇ ਵਿਚ ਦੀਵੇ ਦੀ ਲੋਅ ਦੇਖ ਕੇ ਘੁੱਦੇ ਨੇ ਈਰਖਾ ਨਾਲ ਕਿਹਾ।
''ਕੁਦਰਤ ਐ ਭਾਈ ਮਾਲਕ ਦੀ!'' ਚੰਨਣ ਨੇ ਹੌਂਕਾ ਲਿਆ, ''ਘਰਦੀ ਤੰਗੀ ਬੁਰੀ। ਰਾਤ ਕਿੰਨੀ ਕੁ ਰਹਿੰਦੀ ਹੋਣੀ ਐਂ ਘੁੱਦਿਆ ਅਜੇ?''
''ਬਥੇਰੀ ਪਈ ਐ ਹਾਲੇ...''
''ਕਿਤੇ ਬੱਦਲਾਂ ਕਰਕੇ ਈ ਨ੍ਹੇਰਾ ਤਾਂ ਨ੍ਹੀਂ?''
''ਕਾਹਨੂੰ-ਅੱਧੀ ਰਾਤ ਲੰਘੀ ਐ ਮਸੀਂ, ਹਾਲੇ ਤਾਰਾ ਵੀ ਨ੍ਹੀਂ ਚੜ੍ਹਿਆ ਹੋਣਾ, ਬੱਦਲਾਂ ਕਰਕੇ ਦਿਖਦਾ ਨ੍ਹੀਂ ਇਕ ਤਾਂ ਅੱਜ-ਤੈਂ ਚਰਾਂਦੀਂ ਜਾਣਾ ਹੋਣੈ?''
''ਆਹੋ...''
''ਫੇਰ ਪਿਆ ਰਹੁ ਹਾਲੇ-ਬਥੇਰੀ ਡੇਰ ਐ ਘੜੀ ਅਰਾਮ ਵੀ ਚਾਹੀਦੈ ਬੰਦੇ ਨੂੰ।'' ''ਓਏ ਜੱਟ ਨੂੰ ਰਾਮ ਕਿੱਥੇ!''
''ਉਹ ਤਾਂ ਤੇਰੀ ਗੱਲ ਠੀਕ ਐ।'' ਘੁੱਦਾ ਹੁੰਗਾਰਾ ਦੇ ਕੇ ਚੁੱਪ ਕਰ ਗਿਆ।
ਨਿੱਕਾ ਨਿੱਕਾ ਝਰਦੀਆਂ ਕਣੀਆਂ ਹੌਲੀ ਹੌਲੀ ਹੋਰ ਛਿੱਦੀਆਂ ਹੋ ਗਈਆਂ। ਘੁਲੇ ਹੋਏ ਬੱਦਲਾਂ ਥਲੇ ਅੜ ਖਲੋਏ ਹੁੰਮਸ ਨੂੰ ਹਵਾ ਦੇ ਆਪਹੁਦਰੇ ਬੁਲ੍ਹਿਆਂ ਨੇ ਲੀਰ ਲੀਰ ਕਰ ਦਿੱਤਾ ਤੇ ਘੁੱਦੇ ਅਤੇ ਚੰਨਣ ਦੀਆਂ ਆਪੋ ਵਿਚ ਦੀਆਂ ਗੱਲਾਂ ਮਿੱਠੇ ਮਿੱਠੇ ਲੋਰ ਵਿਚ ਮੁਕ ਗਈਆਂ। ਚੰਨਣ ਦੀਆਂ ਅੱਖਾਂ ਭਾਵੇਂ ਮਿਚੀਆਂ ਹੋਈਆਂ ਸਨ, ਪਰ ਹੁਣ ਉਹਦੇ ਮਨ ਵਿਚ ਨਵੀਂ ਧੁਖਧੁਖੀ ਸੀ : 'ਕਿਤੇ ਪਿਆਂ ਹੀ ਦਿਨ ਨਾ ਚੜ੍ਹ ਜਾਵੇ....!' ਉਹਨੇ ਸੁੱਤੇ ਸੁੱਤਿਆਂ ਆਪਣਾ ਕੰਨ ਗਲੀ ਦੀ ਵਿੜਕ ਉਤੇ ਲਾ ਛਡਿਆ ਸੀ।
ਕਣੀਆਂ ਦੀ ਕਾਣਤ, ਹੱਡਾਂ ਦਾ ਥਕੇਵਾਂ ਤੇ ਘੁੱਦੇ ਦੀਆਂ ਗੱਲਾਂ ਤੋਂ ਵਿਸਰ ਕੇ ਉਹ ਮਾਰੂਆਂ ਦੀ ਖੱਤੀ ਵਲ ਚਲਾ ਗਿਆ : ਪਹੁ ਫੁਟ ਰਹੀ ਸੀ। ਆਲੇ-ਦੁਆਲੇ ਲੋਕਾਂ ਦੀਆਂ ਚਰ੍ਹੀਆਂ ਪੁੰਗਰ ਕੇ ਨਰਮ ਨਰਮ ਹਵਾ ਵਿਚ ਕੰਬ ਰਹੀਆਂ ਸਨ। ਮੋਠਾਂ, ਮਾਹਾਂ, ਗੁਆਰੇ ਤੇ ਮੂੰਗੀਆਂ ਨੇ ਕੰਨ ਚੁੱਕ ਲਏ ਸਨ। ਪਰ੍ਹੇ, ਟਿੱਬੀ ਉੱਤੇ ਜੀਤੇ ਲੰਬੜ ਦਾ ਹਲ ਵਗਦਾ ਸੀ। ਟੱਲੀਆਂ ਦੀ ਨ੍ਹਿਮੀ ਨ੍ਹਿਮੀ ਵਾਜ ਉੱਤੇ ਮਿਰਜ਼ੇ ਦੀ ਕਲੀ ਉੱਚੀ ਉੱਠ ਰਹੀ ਸੀ...
ਉਹ ਹੜਬੜਾ ਕੇ ਉਠਿਆ। ਬਨੇਰੇ ਉੱਤੇ, ਮੂੰਹ-ਹਨੇਰੇ ਵਿਚ, ਕੁੱਕੜ ਬਾਂਗਾਂ ਦੇ ਰਿਹਾ ਸੀ। ਗਲੀ ਵਿਚੋਂ ਲੰਘਦੇ ਬਦਲਾਂ ਦੀਆਂ ਟੱਲੀਆਂ ਟਣਕ ਰਹੀਆਂ ਸਨ ਤੇ ਪਹੁ ਦੀ ਲੋਅ, ਬੱਦਲਾਂ ਪਿਛੋਂ ਫੁੱਟਣ ਹੀ ਵਾਲੀ ਸੀ।
ਵਿਹੜੇ 'ਚੋਂ ਬਦਲਾਂ ਨੂੰ ਖੋਲ੍ਹ ਕੇ ਟਿੱਬੀ ਵਲ ਤੁਰਦਾ ਚੰਨਣ ਬੋਲਿਆ, ''ਹਾਜ਼ਰੀ ਦੇ ਕੇ ਸੀਬੋ ਨੂੰ ਛੇਤੀ ਘੱਲ ਦਈਂ ਬਚਨ ਕੁਰੇ, ਚਾਹ ਰਤੀ ਕੈੜੀ ਰੱਖੀਂ...'' ਉਹਦਾ ਬੋਲ ਪਾਟੇ ਹੋਏ ਬਾਂਸ ਵਰਗਾ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸੰਤੋਖ ਸਿੰਘ ਧੀਰ
  • ਮੁੱਖ ਪੰਨਾ : ਕਾਵਿ ਰਚਨਾਵਾਂ, ਸੰਤੋਖ ਸਿੰਘ ਧੀਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ