Score Board (Punjabi Story) : Prem Parkash
ਸਕੋਰ ਬੋਰਡ (ਕਹਾਣੀ) : ਪ੍ਰੇਮ ਪ੍ਰਕਾਸ਼
ਮੈਂ ਆਪ ਤੇ ਨਹੀਂ ਸੀ ਮਾਰਿਆ, ਆਪਣੇ ਪਤੀ ਭੱਲਾ
ਸਾਹਿਬ ਨੂੰ। ਉਂਜ ਕੋਈ ਕਹਿ ਸਕਦਾ ਏ ਕਿ ਮੈਂ ਆਪ ਈ
ਉਹਨੂੰ ਲੈ ਕੇ ਗਈ ਸੀ, ਮੌਤ ਦੀ ਦਹਿਲੀਜ਼ ਤੱਕ। ਇੰਜ ਮੈਂ
ਇਕ ਕਾਰਨ ਬਣੀ ਸੀ।...ਕਦੇ ਕਦੇ ਲਗਦਾ ਏ ਕਿ ਉਸ
ਕਰਮ 'ਚ ਮੇਰਾ ਇਰਾਦਾ ਵੀ ਸ਼ਾਮਲ ਸੀ। ਵੈਸੇ ਗਏ ਤਾਂ ਉਹ
ਆਪ ਈ ਸਨ, ਉਸ ਸੀਮਾ ਤੱਕ। ਮੇਰਾ ਤਾਂ ਬਹਾਨਾ ਈ ਸੀ।
ਡਿੱਗੇ ਤਾਂ ਉਹ ਆਪ ਈ ਸਨ। ਤੇ ਫੇਰ...
ਉਦੋਂ ਪਤਾ ਨਹੀਂ ਕੀ ਹੋਇਆ ਸੀ? ਕੀ ਮਹਿਸੂਸ ਕੀਤਾ
ਸੀ? ਕੀ ਮਨ 'ਚ ਆਉਂਦਾ ਜਾਂਦਾ ਰਿਹਾ ਸੀ? ਹੁਣ ਸੋਚਦਿਆਂ
ਇਹੋ ਜਿਹੇ ਸ਼ਬਦ ਚਿਤਵੇ ਜਾ ਰਹੇ ਨੇ। ਉਦੋਂ ਤਾਂ ਜਿਹੜੀ ਵੀ
ਗੱਲ ਸੋਚੀ, ਆਖੀ ਤੇ ਕੀਤੀ ਜਾਂਦੀ ਸੀ, ਉਹ ਸਿੱਧੀ, ਸੱਚੀ ਤੇ
ਠੀਕ ਲਗਦੀ ਸੀ ਪਰ ਹੁਣ ਜਦੋਂ ਉਹਨੂੰ ਹੋਈ ਬੀਤੀ ਨੂੰ ਕਈ
ਵਰ੍ਹੇ ਹੋ ਗਏ ਨੇ, ਜੋ ਕੁਝ ਵੀ ਸੋਚਿਆ, ਚਿਤਵਿਆ ਤੇ ਆਖਿਆ
ਜਾਂਦਾ ਏ, ਉਹ ਸਿੱਧਾ, ਸੱਚ ਤੇ ਠੀਕ ਵੀ ਲੱਗਦਾ ਏ ਤੇ ਠੀਕ
ਨਹੀਂ ਵੀ।
ਜਦੋਂ ਉਹ ਭਾਣਾ ਵਰਤਿਆ ਸੀ, ਮੈਂ ਬਹੁਤ ਰੋਈ ਸੀ।
ਬਹੁਤ ਪਛਤਾਈ ਸੀ। ਬਹੁਤ ਕੁਝ ਅੰਦਰੋਂ ਧੋਤਾ ਗਿਆ ਸੀ।
ਖੁਰ ਕੇ ਨਿਕਲ ਗਿਆ ਸੀ। ਤੇ ਮੁੜ ਡਰ ਗਿਆ ਸੀ।...ਜਦੋਂ
ਉਹ ਖਿਝਦੇ ਰਿਝਦੇ ਉਸ ਸੀਮਾ ਵਲ ਜਾ ਰਹੇ ਸਨ ਤਾਂ ਮੇਰੇ
ਸੜੇ ਅੰਦਰਲੇ ਨੂੰ ਠੰਢ ਜਿਹੀ ਵੀ ਪੈਂਦੀ ਸੀ।...ਉਨ੍ਹਾਂ ਵਿਆਹ
ਦੇ ਪਹਿਲੇ ਬਾਈ ਵਰ੍ਹੇ ਮੈਨੂੰ ਆਪਣੇ ਬਹੁਤ ਕੁਝ ਦੇ ਥੱਲੇ ਦਬਾ
ਕੇ ਰੱਖਿਆ ਸੀ। ਜੀਹਦੇ ਵਿਚ ਉਨ੍ਹਾਂ ਦੀ ਉੱਚੀ ਕੁਲ, ਮਾਣਤਾ
ਵਿਦਿਆ ਤੇ ਪੂਰਾ ਆਪਣਾ ਆਪ ਸ਼ਾਮਲ ਸੀ।...ਪਰ ਇਹਦੇ
ਨਾਲ ਈ ਮੇਰਾ ਮਾਣ ਵੀ ਕਰਾਇਆ ਸੀ, ਆਪਣੇ ਸਾਕਾਂ ਤੇ
ਸ਼ਰੀਕਾਂ ਕੋਲੋ। ਜਿਵੇਂ ਸਾਰੇ ਬੰਦੇ ਆਪਣੀਆਂ ਜਨਾਨੀਆਂ ਦਾ
ਕਰਵਾਂਦੇ ਨੇ।
ਮੇਰੇ ਤਿੰਨੇ ਪੁੱਤਰ ਤਾਂ ਪਾਸਕ ਵੀ ਨਹੀਂ ਆਪਣੇ ਪਿਓ
ਦੇ।...ਤੇ ਦੂਜੇ ਬੰਨੇ ਇੱਕ ਧੀ ਨੇ ਮਿੱਟੀ ਰੋਲ ਦਿੱਤੀ ਸੀ ਮਰਨ
ਵਾਲੇ ਦੀ।...ਸੁਨੀਤੀ ਨੇ ਤਾਂ ਏਨਾ ਕੁਝ ਨਹੀਂ ਕੀਤਾ ਸੀ, ਜਿੰਨਾ
ਮੇਰੇ ਕੋਲੋ ਹੋ ਗਿਆ ਸੀ।
ਵੇਖੋ, ਇੰਜ ਵੀ ਹੋਣਾ ਸੀ। ਜਿਹੜੇ ਬੰਦੇ ਨਾਲ ਵਿਆਹ
ਕਰਾ ਕੇ ਮੈਂ ਕਮਲੀ ਜਿਹੀ ਹੋ ਗਈ ਸੀ, ਉਹਦੇ ਨਾਲ ਮੈਂ ਇਹ
ਵੀ ਕਰਨਾ ਸੀ।
ਉਹ ਏਡੋ ਸੁਹਣੇ ਤੇ ਨਹੀਂ ਸਨ, ਪਰ ਉਨ੍ਹਾਂ 'ਚ ਪਤਾ
ਨਹੀਂ ਕੀ ਸੀ ਕਿ ਜਨਾਨੀਆਂ ਹੁਭਕੀਆਂ ਲੈਣ ਲੱਗ ਪੈਂਦੀਆਂ
ਸਨ, ਉਨ੍ਹਾਂ ਨੂੰ ਵੇਖ ਕੇ। ਕਈ ਸੁਹਣੀਆਂ ਜਨਾਨੀਆਂ ਦੀ ਜਾਨ
ਖੁੱਸਦੀ ਵੇਖਕੇ ਉਹ ਮੈਨੂੰ ਵੀ ਸੁਹਣੇ ਲੱਗਣ ਲੱਗ ਪਏ ਸਨ।
ਤੇ ਕਦੇ ਬਹੁਤ ਭੈੜੇ ਵੀ। ਮੈਂ ਉਨ੍ਹਾਂ ਦੇ ਦਫਤਰ ਜਾਂਦੀ ਤਾਂ
ਵੇਖਦੀ ਕਿ 'ਭੱਲਾ ਸਾਹਿਬ, ਭੱਲਾ ਸਾਹਿਬ' ਕਰਦੀਆਂ ਜਨਾਨੀਆਂ
ਉਨ੍ਹਾਂ ਦੇ ਆਲੇ-ਦੁਆਲੇ ਰਹਿੰਦੀਆਂ ਸਨ। ਇਹ ਗੱਲ ਕਦੇ
ਮੈਨੂੰ ਮਾਣ ਵਾਲੀ ਵੀ ਲਗਦੀ ਕਿ ਮੈਂ ਏਸ ਬੰਦੇ ਦੀ ਘਰਵਾਲੀ
ਹਾਂ, ਤੇ ਏਸ 'ਤੇ ਹੁਕਮ ਵੀ ਚਲਾ ਸਕਦੀ ਹਾਂ।...ਅਸਲ 'ਚ
ਉਨ੍ਹਾਂ ਦੀ ਸੀਟ ਈ ਅਸਰ ਰਸੂਖ ਵਾਲੀ ਸੀ, ਨਹੀਂ ਤਾਂ ਉਨ੍ਹਾਂ
ਦੀਆਂ ਨਿੱਕੀਆਂ ਅੱਖਾਂ ਦੀ ਤੱਕਣੀ, ਪਤਲੇ ਬੁਲ੍ਹਾਂ ਦੀ ਮੁਸਕਣੀ
ਤੇ ਤਿੱਖੇ ਨੱਕ ਦੀ ਕਰੂੰਬਲ 'ਚ ਕੀ ਜਾਦੂ ਵੜਿਆ ਹੋਇਆ ਸੀ।
ਵਿਆਹ ਤੋਂ ਕੁਝ ਚਿਰ ਬਾਅਦ ਈ ਉਨ੍ਹਾਂ ਨੇ ਮੈਨੂੰ ਦੱਸਿਆ
ਸੀ ਕਿ ਉਹ ਕਿਸੇ ਵੀ ਜਨਾਨੀ ਨੂੰ ਆਪਣੀ ਤੱਕਣੀ ਨਾਲ ਕੀਲ
ਸਕਦੇ ਨੇ।...ਮੈਂ ਹੀ ਮੂਰਖ ਸੀ, ਜੀਹਨੇ ਉਨ੍ਹਾਂ ਤੋਂ ਇਹ ਭੇਤ
ਪੁੱਛ ਲਿਆ ਸੀ। ਤਦੇ ਉਨ੍ਹਾਂ ਨੇ ਆਪਣੀਆਂ ਕਾਲੀਆਂ ਅੱਖਾਂ
ਦੀ ਧਿਰੀ ਮੇਰੇ 'ਤੇ ਟਿਕਾ ਦਿਤੀ ਸੀ। ਮੈਨੂੰ ਸੱਪ ਵਰਗਾ ਭੈ
ਆਉਣ ਲੱਗ ਪਿਆ ਸੀ। ਮੈਂ ਚੀਕ ਮਾਰ ਕੇ ਉਨ੍ਹਾਂ ਦੀ ਗੋਦੀ
'ਚ ਮੂੰਹ ਲੁਕਾ ਲਿਆ ਸੀ।...ਪਰ ਮੇਰੇ 'ਤੇ ਉਨ੍ਹਾਂ ਦੇ ਏਸ
ਜਾਦੂ ਦਾ ਕਰਮ ਛੇਤੀ ਹੁੰਦਾ ਗਿਆ ਸੀ।
ਉਨ੍ਹਾਂ ਦੀ ਨੌਕਰੀ ਏਨੀ ਵੱਡੀ ਨਹੀਂ ਸੀ ਪਰ ਉਹ ਲਗਦੇ
ਵੱਡੇ ਅਫਸਰ ਸਨ। ਜਦੋਂ ਸ਼ਾਮ ਨੂੰ ਅਸੀਂ ਸੈਰ ਕਰਨ ਨਿਕਲਦੇ
ਸੀ ਤਾਂ ਭੱਲਾ ਸਾਹਿਬ ਨੇ ਜਿਹੜਾ ਵੀ ਸੂਟ ਪਾਇਆ ਹੁੰਦਾ ਸੀ,
ਉਹੀ ਉਨ੍ਹਾਂ ਨੂੰ ਫੱਬਦਾ ਹੁੰਦਾ ਸੀ। ਵੱਡੀ ਸੜਕ 'ਤੇ ਸੈਰ ਕਰਦੇ
ਲੋਕ ਭੱਲਾ ਸਾਹਿਬ ਨੂੰ ਨਹੀਂ, ਮੇਰੇ ਕੱਸੇ ਸਾਂਭੇ ਸਰੀਰ 'ਤੇ
ਪਏ ਲਿਬਾਸ ਵਲ ਵੀ ਤੱਕਦੇ ਸਨ। ਹੋਰਾਂ ਅਫਸਰਾਂ ਦੀਆਂ
ਜਨਾਨੀਆਂ ਤਾਂ ਸਾਨੂੰ ਐਵੇਂ ਮੋਮ ਦੀਆਂ ਗੁੱਡੀਆਂ ਈ ਲਗਦੀਆਂ
ਸਨ। ਭੱਲਾ ਸਾਹਿਬ ਵੀ ਇੰਜ ਆਖਦੇ ਸਨ।
ਬੱਚਿਆਂ ਤੋਂ ਪਰੇ ਸੈਰ ਕਰਦਿਆਂ ਜਾਂ ਰਾਤ ਨੂੰ ਬੈਡ 'ਤੇ
ਲੇਟਿਆਂ ਦਿਲ ਦੀਆਂ ਗੱਲਾਂ ਕਰਦਿਆਂ ਉਨ੍ਹਾਂ ਨੇ ਮੈਨੂੰ ਕਦੇ
ਆਪਣੇ ਕੱਚੇ ਪੱਕੇ ਇਸ਼ਕ ਦੀ ਗੱਲ ਨਹੀਂ ਸੀ ਸੁਣਾਈ। ਉਂਜ
ਮੈਂ ਪੁੱਛਦੀ ਕਈ ਵਾਰ ਸੀ। ਦੱਸੀ ਮੈਂ ਨਹੀਂ ਸੀ। ਉਹ ਵੀ ਕਈ
ਵਲ ਪਾ-ਪਾ ਪੁੱਛਦੇ ਹੁੰਦੇ ਸਨ। ਜਿਵੇਂ ਕੋਈ ਤਜ਼ਰਬੇਕਾਰ
ਕਿਸੇ ਅਣਜਾਣ ਤੋਂ ਭੇਤ ਲੈਂਦਾ ਏ।
ਭੱਲਾ ਸਾਹਿਬ ਦੇ ਦੋਸਤ ਸਾਡੇ ਘਰ ਬੈਠੇ ਚਾਹ ਪੀਂਦੇ
ਗੱਲਾਂ ਕਰਦੇ ਕਦੇ-ਕਦੇ ਉਨ੍ਹਾਂ ਦੇ ਨਵੇਂ ਪਿਆਰ ਦੀ ਗੱਲ
ਹਮੇਸ਼ਾ ਨਾਲ ਕਰ ਜਾਂਦੇ। ਪਰ ਏਸ ਦਾ ਮੇਰੇ 'ਤੇ ਕੋਈ ਖ਼ਾਸ
ਅਸਰ ਨਹੀਂ ਸੀ ਹੁੰਦਾ। ਉਲਟਾ ਮੈਂ ਉਨ੍ਹਾਂ ਨੂੰ ਟਿੱਚਰਾਂ ਕਰਦੀ
ਆਖਦੀ, ''ਤੁਸੀਂ ਆਪਣੀਆਂ ਆਪਣੀਆਂ ਵਹੁਟੀਆਂ ਸਾਂਭ ਕੇ
ਰੱਖਿਉ।''
ਉਪਰੋ-ਥਲੀ ਜੰਮੇ ਦੋਵੇਂ ਪੁੱਤਰ ਐਮ.ਏ. ਕਰ ਰਹੇ
ਸਨ ਤੇ ਉਨ੍ਹਾਂ ਤੋਂ ਛੋਟੀ ਸੁਨੀਤੀ ਬੀ.ਏ. ਕਰ ਰਹੀ ਸੀ। ਨਿੱਕਾ
ਅਕਾਸ਼ਦੀਪ ਹਾਲੇ ਛੋਟਾ ਸੀ।...ਪਰ ਅਸੀਂ ਭੁੱਲ ਈ ਜਾਂਦੇ ਸੀ
ਕਿ ਅਸੀਂ ਏਡੇ ਵੱਡੇ ਵੱਡੇ ਬੱਚਿਆਂ ਦੇ ਮਾਪੇ ਹਾਂ। ਅਸੀਂ ਸੈਰ
ਕਰਦੇ ਹੱਸਦੇ ਕਿ ਸਾਨੂੰ ਤੇ ਪਤਾ ਈ ਨਹੀਂ ਲੱਗਾ ਕਿ ਲੋਕ ਬੁੱਢੇ
ਕਿਵੇਂ ਹੁੰਦੇ ਨੇ। ਉਂਜ ਮੈਂ ਉਨ੍ਹਾਂ ਦੇ ਚਿਹਰੇ ਵਲ ਗਹੁ ਨਾਲ ਵੇਖ
ਕੇ ਕਿਹਾ ਕਰਦੀ ਸੀ, ''ਬੁਢੇਪੇ ਦੀਆਂ ਤਾਂ ਗੁਪਤ ਨਿਸ਼ਾਨੀਆਂ
ਵੀ ਹੁੰਦੀਆਂ ਨੇ। ਇਹ ਤੁਹਾਡੇ ਮੱਥੇ 'ਤੇ ਖੜ੍ਹਵੀਆਂ ਤਿਉੜੀਆਂ
ਕਿਉਂ ਪੈ ਗਈਆਂ ਨੇ?''
ਮੇਰੀ ਗੱਲ ਸੁਣ ਕੇ ਉਹ ਛਿੱਥੇ ਜਿਹੇ ਪੈ ਜਾਂਦੇ।
ਮੁਸਕਰਾਂਦੇ। ਫੇਰ ਠਾਹਕਾ ਮਾਰ ਕੇ ਹੱਸਦੇ। ਫੇਰ ਕੁਝ ਚਿਰ
ਚੁੱਪ ਰਹਿ ਕੇ ਗੰਭੀਰ ਹੋ ਜਾਇਆ ਕਰਦੇ ਸਨ।
ਇਕ ਦਿਨ ਅਸੀਂ ਸੈਰ ਕਰਦੇ ਵੱਡੀ ਸੜਕ ਤੇ ਪਹੁੰਚ
ਗਏ ਸੀ। ਉਨ੍ਹਾਂ ਨੇ ਦੂਰੋਂ ਆਉਂਦੀ ਇਕ ਜਨਾਨੀ ਨੂੰ ਦੇਖ ਕੇ
ਕਿਹਾ ਸੀ, ''ਜੇ ਕਵ੍ਹੇਂ ਤਾਂ ਉਹਨੂੰ ਇਕ ਵਾਰ ਤੱਕ ਕੇ ਆਪਣੇ
ਪਿਛੇ ਲਾ ਲਵਾਂ?
ਮੈਂ ਆਖ ਦਿੱਤਾ, ''ਚੱਲ, ਇਹ ਵੀ ਸੱਪ ਕੱਢ ਵੇਖੋ।
ਕੋਈ ਅਰਮਾਨ ਨਾ ਰਹਿ ਜਾਵੇ ਦਿਲ ਵਿਚ।''
ਏਸ ਗੱਲ ਤੇ ਅਸੀਂ ਇਕ ਸ਼ਰਤ ਵੀ ਲਾ ਲਈ ਸੀ,
ਗੁਪਤ ਜਿਹੀ, ਹਾਸੇ ਵਾਲੀ।
ਨੇੜੇ ਹੋਣ 'ਤੇ ਪਤਾ ਲੱਗਾ ਕਿ ਉਹ ਬੜੀ ਸ਼ੁਕੀਨ ਜਿਹੀ
ਜਨਾਨੀ ਸੀ। ਉਹਨੇ ਆਪਣੀ ਢਲਦੀ ਉਮਰ ਤੇ ਰੂਹ, ਮੇਕਅੱਪ
'ਤੇ ਸ਼ੋਖ ਰੰਗ ਦੇ ਕਪੜਿਆਂ ਨਾਲ ਲੁਕਾਈ ਹੋਈ ਸੀ। ਫੇਰ ਵੀ
ਉਹ ਮੂੰਹ ਮੱਥੇ...ਨਹੀਂ, ਦਿਲ ਨੂੰ ਵੀ ਲੱਗਣ ਵਾਲੀ ਸੀ।
ਉਹਦੇ ਇੱਕ ਹੱਥ ਵਿਚ ਰੰਗ-ਬਰੰਗਾ ਰੁਮਾਲ ਸੀ। ਸ਼ਾਇਦ
ਸਕਾਰਫ ਹੋਵੇ, ਜਿਹੜਾ ਉਹਨੇ ਤੇਜ਼ ਹਵਾ ਚੱਲਣ ਕਰਕੇ ਸਿਰ
ਤੇ ਬੰਨ੍ਹਿਆ ਹੋਵੇ ਤੇ ਫੇਰ ਲਾਹ ਕੇ ਹੱਥ 'ਚ ਫੜ ਲਿਆ ਸੀ।
ਦੂਜੇ ਹੱਥ ਵਿਚ ਚਿੱਟੀ ਫਰ ਵਾਲੇ ਗੋਲ ਮੋਲ, ਨਿੱਕੇ ਜਿਹੇ ਕੁੱਤੇ
ਜਾਂ ਕੁੱਤੀ ਦੀ ਸੰਗਲੀ ਸੀ। ਉਹਦੀ ਸਾੜੀ ਤੇ ਪਟਿਆਲੇ ਸ਼ਾਹੀ
ਜੁੱਤੀ ਦੇ ਰੰਗਾਂ 'ਚ ਲਾਲੀ ਤੇ ਤਿੱਲੇ ਦੀ ਧਾਰ ਦੀ ਭਾਅ ਵਧ ਸੀ।
ਦੋਵੇਂ ਚੀਜ਼ਾਂ ਕੀਮਤੀ ਸਨ।
ਉਹ ਨੇੜੇ ਆਈ ਤਾਂ ਭੱਲਾ ਸਾਹਿਬ ਨੇ ਉਹਨੂੰ ਬੜੀ ਨੀਝ
ਨਾਲ ਵੇਖਿਆ ਪਰ ਉਹਨੇ ਕੋਈ ਪਰਵਾਹ ਨਾ ਕੀਤੀ। ਆਪਣੇ
ਕੁੱਤੇ ਨਾਲ ਖੇਡਦੀ ਸਾਡੇ ਕੋਲੋਂ ਦੀ ਲੰਘ ਗਈ।...ਜਦ ਉਹ
ਦਸ ਕੁ ਗਜ਼ ਚਲੀ ਗਈ ਤਾਂ ਮੈਂ ਭੱਲਾ ਸਾਹਿਬ ਵਲ ਦੇਖ ਕੇ
ਅੱਖਾਂ 'ਚ ਹੱਸੀ ਤੇ ਮੂੰਹ 'ਤੇ ਹੱਥ ਧਰ ਲਿਆ, ਜਿਵੇਂ ਨਿਕਲਦਾ
ਹਾਸਾ ਰੋਕਦੀ ਹੋਵਾਂ।...ਤਦੇ ਉਹ ਰੁਕ ਗਏ। ਫੇਰ ਮੁੜ ਕੇ
ਕਹਾਲੇ ਕਦਮ ਪੁੱਟਦੇ ਉਸ ਜਨਾਨੀ ਕੋਲ ਖਲੋ ਗਏ। ਉਹਨੂੰ
ਕੁਝ ਆਖ ਕੇ ਰੋਕ ਲਿਆ। ਮੈਂ ਵੀ ਰੁਕ ਗਈ। ਉਨ੍ਹਾਂ ਇੱਕ ਦੋ
ਗੱਲਾਂ ਕੀਤੀਆਂ ਤੇ ਫੇਰ ਉਹ ਦੋਵੇਂ ਹੱਸੇ। ਜਿਵੇਂ ਕਿਸੇ ਨੇ
ਚੁਟਕਲਾ ਸੁਣਾਇਆ ਹੋਵੇ। ਫੇਰ ਉਨ੍ਹਾਂ ਮੇਰੇ ਵਲ ਇੰਜ ਵੇਖਿਆ
ਜਿਵੇਂ ਉਹ ਚੁਟਕਲਾ ਮੇਰੇ ਬਾਰੇ ਈ ਹੋਵੇ।
ਜਦੋਂ ਭੱਲਾ ਸਾਹਿਬ ਉਹਨੂੰ 'ਬਾਏ, ਬਾਏ' ਕਰ ਕੇ ਮੇਰੇ
ਕੋਲ ਆਏ ਤਾਂ ਮੈਂ ਪੁੱਛਿਆ, 'ਪਵਾ ਲਿਆਏ ਜੇ ਪੱਲੇ 'ਚ
ਸ਼ਗਨ ਤੇ ਗਲ 'ਚ ਵਰਮਾਲਾ?...ਕੀ ਵਾਅਦਾ ਲੈ ਆਏ ਹੋ?''
ਉਹ ਹੱਸੀ ਜਾਣ। ਹੱਸੀ ਜਾਣ। ਮੈਨੂੰ ਲੱਗਾ ਕਿ ਕਈ
ਵਾਰ ਬੰਦਾ ਬੇਸ਼ਰਮੀ ਨਾਲ ਵੀ ਇੰਜ ਹੱਸਦਾ ਏ।
ਪੰਦਰਾਂ ਕੁ ਦਿਨਾਂ ਬਾਅਦ ਮੈਨੂੰ ਦਿੱਲੀ ਜਾਣਾ ਪਿਆ।
ਵੀਰ ਜੀ ਦਾ ਹਰਨੀਆਂ ਦਾ ਆਪ੍ਰੇਸ਼ਨ ਹੋਇਆ ਸੀ। ਮੁੜ ਕੇ
ਆਈ ਤਾਂ ਭੱਲਾ ਸਾਹਿਬ ਦੇ ਦਫ਼ਤਰ 'ਚ ਛੁੱਟੀ ਹੋਣ ਵਾਲੀ ਸੀ।
ਮੈਂ ਨੇੜੇ ਦੇ ਬਸ ਸਟਾਪ 'ਤੇ ਈ ਉੱਤਰ ਗਈ।...ਅੰਦਰ ਗਈ
ਤਾਂ ਦੇਖ ਕੇ ਹੈਰਾਨ ਰਹਿ ਗਈ ਕਿ ਉਹੀ ਮੈਡਮ ਉਨ੍ਹਾਂ ਨਾਲ
ਬੈਠੀ ਚਾਹ ਪੀ ਰਹੀ ਸੀ। ਮੈਨੂੰ ਕਿਸੇ ਵੇਖਿਆ ਨਹੀਂ ਸੀ। ਮੈਂ
ਅਛੋਪਲੇ ਜਿਹੇ ਬਾਹਰ ਨਿਕਲੀ ਤੇ ਥਰੀ ਵੀਲਰ ਲੈ ਕੇ ਘਰ
ਚਲੀ ਗਈ।
ਭੱਲਾ ਸਾਹਿਬ ਚਿਰਕੇ ਘਰ ਆਏ। ਮੈਂ ਕਾਰਨ ਨਹੀਂ
ਪੁਛਿਆ। ਸਗੋਂ ਏਸ ਤਰ੍ਹਾਂ ਮਿਲੀ ਜਿਵੇਂ ਨਾਰਮਲ ਬੰਦੇ ਮਿਲਦੇ
ਨੇ। ਉਨ੍ਹਾਂ ਵੀਰ ਜੀ ਬਾਰੇ ਪੁਛਿਆ। ਮੈਂ 'ਠੀਕ ਏ' ਆਖ ਕੇ
ਸਿਰ ਪੀੜ ਦਾ ਬਹਾਨਾ ਕਰ ਕੇ ਲੇਟ ਗਈ। ਥੋੜ੍ਹੀ ਦੇਰ ਬਾਅਦ
ਉਨ੍ਹਾਂ ਆਪਣੀ ਅਲਮਾਰੀ ਵਿਚੋਂ ਅਟੈਚੀ ਕੇਸ ਕੱਢ ਕੇ ਝਾੜਿਆ।
ਤੇ ਮੈਨੂੰ ਕਹਿੰਦੇ, ''ਮੇਰੀ ਤਿਆਰੀ ਕਰ ਦੇ। ਮੈਂ ਸਵੇਰੇ ਡਲਹੌਜ਼ੀ
ਜਾਣਾ ਏ। ਦਫਤਰ ਦਾ ਕੰਮ ਆ ਪਿਆ।''
ਮੈਂ ਜਾਣ ਗਈ ਕਿ ਉਸ ਬੁੱਢੀ ਫਾਫਾ ਨਾਲ ਈ ਜਾਣਾ ਏ।
ਫੇਰ ਵੀ ਮੈਂ ਪੁੱਛ ਲਿਆ, ''ਕੀ ਕੰਮ ਪੈ ਗਿਆ? ਏਡੀ
ਕਾਹਲੀ...?''
ਉਨ੍ਹਾਂ ਦੱਸਿਆ ਕਿ ਦਫ਼ਤਰ ਵਾਲਿਆਂ ਨਵੀਂ ਜ਼ਮੀਨ
ਖਰੀਦਣੀ ਏ, ਕਾਰਖਾਨਾ ਲਾਉਣ ਲਈ। ਉਨ੍ਹਾਂ ਸਾਈਟ ਵੇਖਣ
ਜਾਣਾ ਏ। ਭਾਅ ਕਰਨ ਫੇਰ ਕਦੇ ਜਾਣਗੇ। ਹੁਣ ਤਾਂ ਦੋ ਕੁ ਦਿਨ
ਲੱਗਣਗੇ।
''ਉਦੋਂ ਤਾਂ ਹਫਤਾ ਕੁ ਲੱਗਣਾ ਮਾਮੂਲੀ ਗੱਲ ਹੋਵੇਗੀ।
''ਮੈਂ ਉਤੋਂ ਬੜੀ ਸਾਦਗੀ ਨਾਲ ਕਿਹਾ। ਉਹ ਕਹਿੰਦੇ, ''ਹਾਂ,
ਏਨੇ ਕੁ ਦਿਨ ਤਾਂ ਲੱਗਣਗੇ ਈ। ਕਾਗਜ਼ੀ ਕਾਰਵਾਈਆਂ
ਕਰਨੀਆਂ ਪੈਂਦੀਆਂ ਨੇ।''
ਉਹ ਚਲੇ ਗਏ ਤਾਂ ਬੱਚਿਆਂ ਨੂੰ ਬੜੀਆਂ ਖੁਲ੍ਹਾਂ ਮਿਲ
ਗਈਆਂ। ਕਦੇ ਤਾਸ਼ ਚੱਲੇ, ਕਦੇ ਕੈਰਮ ਤੇ ਕਦੇ ਸਟੀਰਿਓ ਤੇ
ਪੋਪ ਮਿਊਜ਼ਿਕ ਵੱਜਦਾ ਤੇ ਸਾਰੇ ਜਣੇ ਸ਼ੁਦਾਈਆਂ ਵਾਂਗ ਤਾਲ
ਦਿੰਦੇ ਨੱਚਦੇ।...ਜਵਾਨ ਭਰਾਵਾਂ ਤੇ ਉਨ੍ਹਾਂ ਦੇ ਦੋਸਤਾਂ ਵਿਚ
ਨੱਚਦੀ ਸੁਨੀਤੀ ਨੂੰ ਦੇਖ ਕੇ ਮੈਨੂੰ ਪਹਿਲੀ ਵਾਰ ਧੱਕਾ ਜਿਹਾ
ਲੱਗਾ ਕਿ ਇਹ ਤਾਂ ਜਵਾਨ ਹੋ ਗਈ ਏ ਭਾਵੇਂ ਕਲ੍ਹ ਨੂੰ ਵਿਆਹ
ਦਿਉ।...ਉਹਨੂੰ ਦੇਖਦਿਆਂ, ਸੋਚਦਿਆਂ ਮੇਰਾ ਸਰੀਰ ਨਿਸੱਤਾ
ਜਿਹਾ ਹੋਣ ਲੱਗ ਪਿਆ। ਜਿਵੇਂ ਪਲਾਂ ਛਿਣਾਂ 'ਚ ਮੈਂ ਬੁੱਢੀ ਹੁੰਦੀ
ਹਾਰਦੀ ਜਾਂਦੀ ਹੋਵਾਂ।
ਬੱਚਿਆਂ ਫੈਸਲਾ ਕੀਤਾ ਕਿ ਅੱਜ ਰਾਤ ਨੂੰ ਘਰ 'ਚ
ਖਾਣਾ ਨਹੀਂ ਪੱਕੇਗਾ। ਹੋਟਲ 'ਚ ਖਾਵਾਂਗੇ। ਘਰ 'ਚ ਸਿਰਫ
ਡਰਿੰਕਸ ਚੱਲਣਗੇ।...ਸੋ ਘਰ 'ਚ ਮੁੰਡਿਆਂ ਬੀਅਰ ਪੀਤੀ।
ਸੁਨੀਤੀ ਨੇ ਜ਼ਿਦ ਕਰਕੇ ਪੀਤੀ। ਮੈਂ ਬੱਚਿਆਂ ਨੂੰ ਖੁਸ਼ ਦੇਖ ਕੇ
ਖੁਸ਼ ਵੀ ਹੋਵਾਂ ਤੇ ਹੈਰਾਨ ਵੀ। ਸੋਚਾਂ, ਇਹ ਕਿਹੋ ਜਿਹਾ ਜ਼ਮਾਨਾ
ਆ ਗਿਆ? ਅਸੀਂ ਤਾਂ ਆਪਣੇ ਸਰੀਰ ਦੇ ਅੰਗਾਂ ਨੂੰ ਘੁੱਟ
ਘੁੱਟ ਰੱਖਦੇ ਸੀ ਕਿ ਹਿੱਲਣ ਨਾ। ਜੇ ਹਿੱਲਣ ਤਾਂ ਕੋਈ ਦੇਖੇ
ਨਾ।
ਮੇਰੇ 'ਚ ਖੁਲ੍ਹਦਿਲੀ ਏਸ ਲਈ ਵੀ ਆ ਗਈ ਸੀ ਕਿ
ਕੈਨੇਡਾ ਤੋਂ ਵੀਰ ਜੀ ਦੀ ਚਿੱਠੀ ਆ ਗਈ ਸੀ ਕਿ ਉਹ ਦੋਹਾਂ
ਭਰਾਵਾਂ ਰਾਕੇਸ਼ ਤੇ ਰਾਜੇਸ਼ ਨੂੰ ਬੁਲਾਉਣ ਲਈ ਛੇਤੀ ਕਾਗਜ਼
ਪੱਤਰ ਭੇਜ ਰਹੇ ਨੇ, ਕਿਉਂਕਿ ਉਨ੍ਹਾਂ ਦਾ ਕਾਰੋਬਾਰ ਏਨਾ ਫੈਲ
ਗਿਆ ਏ ਕਿ ਆਪਣਿਆਂ ਬਿਨਾ ਸਾਂਭਣਾ ਔਖਾ ਏ।...ਸੱਚੀ
ਗੱਲ ਤੇ ਇਹ ਸੀ ਕਿ ਮੈਂ ਹੀ ਵੀਰ ਜੀ ਨੂੰ ਲਿਖਿਆ ਸੀ ਕਿ
ਉਹ ਮੁੰਡਿਆਂ ਨੂੰ ਬੁਲਾ ਲਵੇ। ਤੇ ਸੁਨੀਤੀ ਵਾਸਤੇ ਵੀ ਕੋਈ
ਮੁੰਡਾ ਦੇਖਦੇ ਰਹਿਣ। ਪਰ ਉਹਦੇ ਲਈ ਏਨੀ ਕਾਹਲ ਨਹੀਂ।
ਬੱਚੇ ਨੱਚਣ ਗਾਉਣ 'ਚ ਮਸਤ ਹਨ ਤੇ ਮੈਂ ਭੱਲਾ ਸਾਹਿਬ
ਦੀ ਅਲਮਾਰੀ ਦੇ ਉਹ ਖਾਨੇ ਫਰੋਲਣ ਲੱਗ ਪਈ, ਜਿਨ੍ਹਾਂ ਨੂੰ
ਉਹ 'ਸਰਕਾਰੀ' ਆਖਦੇ ਸਨ। ਜਿਹੜੀ ਉਹ ਕਾਹਲ 'ਚ ਖੁੱਲ੍ਹੀ
ਛੱਡ ਗਏ ਸਨ। ਉਹਦੇ ਲੁਕਵੇਂ ਖਾਨੇ ਵਿਚੋਂ ਮੈਨੂੰ ਇਕ ਪੁਰਾਣੀ
ਡਾਇਰੀ ਮਿਲੀ। ਉਹਦੇ ਵਿਚ ਜਨਾਨੀਆਂ ਦੇ ਨਾਂ ਸਨ ਤੇ ਪਤੇ
ਵੀ। ਉਹਨੂੰ ਪੜ੍ਹਦਿਆਂ ਉਹਦੀ ਜਿਲਦ ਵਿਚੋਂ ਨਿਕਲ ਕੇ ਕੁਝ
ਫੋਟੋਆਂ ਡਿੱਗ ਪਈਆਂ। ਜਿਨ੍ਹਾਂ ਦੇ ਪਿੱਛੇ ਕਈ ਕਈ ਤਰੀਕਾਂ
ਲਿਖੀਆਂ ਹੋਈਆਂ ਸਨ। ਮੈਨੂੰ ਲੱਗਾ ਕਿ ਭੱਲਾ ਸਾਹਿਬ ਦੇ
ਦੋਸਤ 'ਸਕੋਰ ਬੋਰਡ' ਆਖ ਕੇ ਜਿਹੜੀ ਟਿੱਚਰ ਕਰਦੇ ਨੇ,
ਉਹ ਇਹੋ ਏ। ਜਿਹੜਾ ਬੰਦਾ ਮੇਰੇ ਸਾਹਮਣੇ ਜਨਾਨੀਆਂ ਨੂੰ
ਫੁਸਲਾ ਲੈਂਦਾ ਸੀ, ਉਹ ਮੇਰੇ ਪਿੱਛੇ ਖ਼ਬਰੇ ਕੀ ਕੀ ਕਰਤੂਤਾਂ
ਕਰਦਾ ਹੋਵੇ।...
ਉਹ ਫੋਟੋਆਂ ਅੱਜ ਕਲ੍ਹ ਦੀਆਂ ਨਹੀਂ, ਪੁਰਾਣੀਆਂ ਸਨ।
ਇੱਕ ਦੋ ਜਨਾਨੀਆਂ ਸ਼ਕਲ ਤੋਂ ਚੰਗੀਆਂ ਸਨ ਪਰ ਬਹੁਤੀਆਂ
ਤਾਂ ਗਈਆਂ ਗੁਜ਼ਰੀਆਂ ਈ ਸਨ। ਜਿਵੇਂ ਉਨ੍ਹਾਂ ਨੇ ਸਕੋਰ ਬੋਰਡ
ਭਰਨ ਲਈ ਈ ਰੱਖੀਆਂ ਹੋਣ। ਉਨ੍ਹਾਂ ਵਿਚ ਉਸੇ ਨਵੀਂ ਮੈਡਮ
ਦੀ ਫੋਟੋ ਵੀ ਸੀ, ਜੀਹਨੂੰ ਪਿੱਛੇ ਲਾਉਣ ਬਾਰੇ ਮੈਂ ਸ਼ਰਤ ਲਾਉਣ
ਦੀ ਮੂਰਖਤਾ ਕੀਤੀ ਸੀ। ਉਹ ਫੋਟੋ 'ਚ ਬੜੀ ਜਵਾਨ ਲੱਗਦੀ
ਸੀ।...ਇਨ੍ਹਾਂ ਵਿਚੋਂ ਕਈਆਂ ਦਾ ਮੈਨੂੰ ਪਹਿਲਾਂ ਵੀ ਥੋੜ੍ਹਾ ਬਹੁਤਾ
ਪਤਾ ਸੀ। ਪਰ ਫੇਰ ਵੀ ਉਹ ਫੋਟੋਆਂ ਦੇਖ ਕੇ ਕੋਈ ਗੱਲ ਮੇਰੇ
ਦਿਲ 'ਤੇ ਬਹਿ ਜਿਹੀ ਗਈ। ਖ਼ਬਰੇ ਉਹ ਸ਼ਰਤ ਹਾਰਨ ਦਾ
ਅਸਰ ਸੀ ਜਾਂ ਭੱਲਾ ਸਾਹਿਬ ਦੇ ਹੁਣੇ ਜਿਹੇ ਉਸ ਬੁੱਢੀ ਫਾਫਾ
ਨਾਲ ਡਲਹੌਜ਼ੀ ਜਾਣ ਦਾ।
ਉਹ ਚੌਥੇ ਦਿਨ ਮੁੜ ਕੇ ਆਏ ਤਾਂ ਲੱਗਾ, ਜਿਵੇਂ ਥੱਕੇਥੱਕੇ
ਹੋਣ। ਬੱਚੇ ਗੱਲਾਂ ਪੁੱਛਦੇ ਤਾਂ ਕਦੇ ਲਗਦਾ ਖਿਝੇ-ਖਿਝੇ ਨੇ
ਤੇ ਕਦੇ ਲਗਦਾ, ਖਿੜੇ ਖਿੜੇ ਨੇ। ਉਹ ਟੱਬਰ ਦੇ ਜੀਆਂ ਨਾਲ
ਰਲ ਮਿਲ ਨਹੀਂ ਰਹੇ ਸਨ।...ਰਾਤ ਨੂੰ ਛੇਤੀ ਖਾਣਾ ਖਾ ਕੇ ਸੌਂ
ਗਏ, ਜਿਵੇਂ ਕਈ ਰਾਤਾਂ ਦੇ ਉਣੀਂਦਰੇ ਹੋਣ।...ਏਸ ਤੋਂ ਬਾਅਦ
ਪਤਾ ਨਹੀਂ ਮੇਰੇ ਮਨ 'ਤੇ ਕਿਹੜਾ ਬੋਝ ਪੈ ਗਿਆ ਕਿ ਮੈਂ ਉਨ੍ਹਾਂ
ਨਾਲ ਗੱਲ ਕਰਨੀ ਈ ਘਟਾ ਦਿੱਤੀ। ਅਸੀਂ ਕੱਠੇ ਹੁੰਦੇ ਤਾਂ ਕੋਈ
ਗੱਲ ਸੁਝਦੀ ਈ ਨਹੀਂ ਸੀ ਕਰਨ ਨੂੰ।
ਦਸਾਂ ਬਾਰਾਂ ਦਿਨਾਂ ਬਾਅਦ, ਜਦ ਮੈਂ ਇਕ ਸਵੇਰੇ ਉੱਠੀ
ਤਾਂ ਮੇਰੀਆਂ ਬਾਹਵਾਂ 'ਚ ਦਰਦ ਹੋ ਰਿਹਾ ਸੀ। ਕਦੇ ਦਰਦ
ਪਿੰਨੀਆਂ 'ਚ ਹੁੰਦਾ, ਕਦੇ ਮੋਢਿਆਂ ਦੇ ਆਲੇ-ਦੁਆਲੇ ਤੇ ਕਦੇ
ਪਿੱਠ ਵਿਚ ਜਾ ਵੜਦਾ। ਲਹਿਰਾਂ ਜਿਹੀਆਂ ਉਠਦੀਆਂ ਸਨ ਦਰਦਾਂ
ਦੀਆਂ। ਸਿਰ 'ਚ ਹੁੰਦਾ ਤਾਂ ਤ੍ਰਾਟਾਂ ਪੈ ਜਾਂਦੀਆਂ। ਭੱਲਾ ਸਾਹਿਬ
ਨੇ ਕਈ ਡਾਕਟਰਾਂ ਨੂੰ ਵਿਖਾਇਆ ਤੇ ਕਈ ਟੈਸਟ ਕਰਾਏ ਪਰ
ਅਰਮਾਨ ਨਾ ਆਇਆ। ਉਸ ਦਰਦਾਂ ਦਾ ਜ਼ੋਰ ਘਟਣ ਲੱਗ
ਪਿਆ ਸੀ।
ਇਕ ਸ਼ਾਮ ਦਰਦ ਤੇਜ਼ ਹੋ ਗਿਆ ਤਾਂ ਮੈਂ ਆਪਣੇ ਕੰਮ
ਕਰਦੀ ਜਨਾਨੀ ਦੇ ਆਖੇ ਇਕ ਆਰ.ਐਮ.ਪੀ. ਡਾਕਟਰ
ਸਦਾਨੰਦ ਕੋਲ ਚਲੀ ਗਈ। ਉਹਨੇ ਬੜਾ ਕੁਝ ਪੁਛਿਆ। ਮੈਂ
ਉਹ ਸਭ ਕੁਝ ਦੱਸ ਦਿੱਤਾ, ਜਿਹੜਾ ਦਸਿਆ ਜਾ ਸਕਦਾ ਸੀ।
ਮੈਥੋਂ ਭੱਲਾ ਸਾਹਿਬ ਦੇ ਹੋਰਾਂ ਜਨਾਨੀਆਂ ਨਾਲ ਬਣੇ ਸੰਬੰਧਾਂ
ਬਾਰੇ ਵੀ ਦੱਸ ਹੋ ਗਿਆ ਸੀ। ...ਉਹ ਡਾਕਟਰ, ਜਿਹਨੂੰ ਭੱਲਾ
ਸਾਹਿਬ 'ਅਨਪੜ੍ਹ' ਆਖਿਆ ਕਰਦੇ ਸਨ, ਦੀ ਮਾਮੂਲੀ ਜਿਹੀ
ਦਵਾ ਨਾਲ ਮੈਨੂੰ ਆਰਾਮ ਆ ਗਿਆ ਸੀ। ਡਾਕਟਰ ਮੇਰੇ ਮਨ
ਨੂੰ ਲੱਗ ਪਿਆ ਸੀ। ਗੱਲ ਮਨ ਦੇ ਟਿਕਣ ਦੀ ਸੀ।
ਉਸ ਬੀਮਾਰੀ ਦਾ ਮੈਨੂੰ ਇਹ ਫਾਇਦਾ ਵੀ ਹੋਇਆ ਸੀ
ਕਿ ਮੈਂ ਕਾਫੀ ਪਤਲੀ ਹੋ ਗਈ ਸੀ। ਚੰਗੀ ਖੁਰਾਕ ਨਾਲ ਚਿਹਰੇ
ਦੀ ਲਾਲੀ ਵੱਧ ਗਈ ਸੀ। ਆਪਣਾ ਆਪ ਚੰਗਾ ਲੱਗਣ ਲੱਗ
ਪਿਆ ਸੀ। ਜਿਵੇਂ ਉਹ ਨੀਮ-ਹਕੀਮ ਮੇਰੀ ਬੀਮਾਰੀ ਸਮਝ
ਗਿਆ ਸੀ, ਉਵੇਂ ਮੈਨੂੰ ਵੀ ਸਮਝ ਆ ਗਈ ਸੀ। ਮੈਨੂੰ ਜਿਊਣ
ਲਈ ਭੇਤ ਨੂੰ ਖੋਟ ਪਾ ਕੇ ਦੱਸਣਾ ਤੇ ਦੱਸਦਿਆਂ ਲੁਕਾਣਾ ਆ
ਗਿਆ ਸੀ। ਪਰ ਇਹਦੇ ਨਾਲ ਮੇਰੇ ਅੰਦਰ ਕਿਤੇ ਜ਼ਹਿਰ ਜਿਹਾ
ਵੀ ਭਰਨ ਲੱਗ ਪਿਆ ਸੀ।
ਸਰਦੀਆਂ ਮੁੱਕਣ ਲੱਗੀਆਂ ਤਾਂ ਇਕ ਸ਼ਾਮ ਭੱਲਾ ਸਾਹਿਬ
ਬੜੇ ਖੁਸ਼ ਘਰ ਆਏ। ਕਹਿੰਦੇ, ''ਵਾਹਵਾ...ਰੌਣਕਾਂ ਬਾਜ਼ਾਰਾਂ
ਦੀਆਂ।...ਕੋਈ ਬੰਦਾ ਇੱਕ ਗੇੜਾ ਮਾਰ ਕੇ ਦੇਖੇ ਤਾਂ ਸਹੀ।
''ਉਨ੍ਹਾਂ ਦੇ ਹੱਥ ਮਠਿਆਈ ਦਾ ਡੱਬਾ ਸੀ।...ਮੈਂ ਪੁੱਛਿਆ,
''ਕੀ ਆਣ ਵੜਿਆ ਅੱਜਕਲ੍ਹ ਬਾਜ਼ਾਰਾਂ ਵਿਚ।''
ਕਹਿੰਦੇ, ''ਸਲੀਵਲੈਸ ਈ ਸਲੀਵਲੈਸ਼..ਚਾਰੇ ਬੰਨੇ
ਮਹੀਨਿਆਂ ਤੋਂ ਲੁਕਾਏ ਡੌਲੇ...ਗੋਰੀਆਂ ਭਰਵੀਆਂ ਬਾਂਹਵਾਂ ਈ
ਬਾਹਵਾਂ...ਨੰਗੀਆਂ ਕਰੀ ਫਿਰਦੀਆਂ ਨੇ ਜਨਾਨੀਆਂ।...ਇਹ
ਕਰਵਾ ਚੌਥ ਦੇ ਦਿਨ...।''
ਉਨ੍ਹਾਂ ਦੀ ਇਹ ਗੱਲ ਸੁਣਦਿਆਂ ਈ ਮੈਨੂੰ ਖਿਝ ਆ
ਗਈ। ਮੈਂ ਇਕਦਮ ਮੂੰਹ ਫਟ ਹੋ ਕੇ ਬੋਲੀ, ''ਤੁਹਾਨੂੰ ਸ਼ਰਮ
ਨਹੀਂ ਆਉਂਦੀ ਇਹੋ ਜਿਹੀਆਂ ਗੱਲਾਂ ਕਰਦਿਆਂ ਨੂੰ?... ਆਪਣੀ
ਦਾਹੜੀ ਮੁੰਨਣ ਲੱਗਿਆਂ ਵੇਖੀ ਜੇ, ਕਿੰਨੀ ਚਿੱਟੀ ਹੋ ਗਈ
ਏ?...ਕਦੇ ਆਪਣੀ ਧੀ ਦੀਆਂ ਬਾਹਵਾਂ ਵੇਖੀਆਂ ਨੇ?...ਉਹ
ਸ਼ਾਮ ਨੂੰ ਕਿੰਨਾ ਮੇਕਅੱਪ ਕਰਦੀ ਏ?''
ਮੇਰੀ ਗੱਲ ਸੁਣਦਿਆਂ ਈ ਉਨ੍ਹਾਂ ਦਾ ਚਿਹਰਾ ਕੀ ਅੱਖਾਂ
ਵੀ ਲਾਲ ਹੋ ਗਈਆਂ। ਨੱਕ ਦੀ ਸੂਹੀ ਕਰੂੰਬਲ ਕੰਬਣ ਲੱਗ
ਪਈ।...ਉਨ੍ਹਾਂ ਦੇ ਹੱਥ 'ਚ ਸਲਾਦ ਦੀ ਪਲੇਟ ਸੀ। ਉਨ੍ਹਾਂ ਵਗਾਹ
ਕੇ ਫਰਸ਼ 'ਤੇ ਮਾਰੀ। ਇਹ ਕੀ ਬਕਵਾਸ ਏ? ''ਆਖ ਕੇ
ਬਾਹਰ ਜਾਣ ਲੱਗੇ ਤਾਂ ਮੈਂ ਉਨ੍ਹਾਂ ਨੂੰ ਬਾਹੋਂ ਫੜ ਕੇ ਕੁਰਸੀ 'ਤੇ
ਬਹਾ ਲਿਆ। ਜੇ ਉਹ ਆਖਦੇ...''ਕੀ ਬਕਵਾਸ ਕਰਦੀ ਪਈ
ਏਂ? ਤਾਂ ਮੈਂ ਇਹ ਵੀ ਸੁਣਨ ਤੇ ਜਵਾਬ ਦੇਣ ਲਈ ਤਿਆਰ
ਸੀ। ਫੇਰ ਵੀ ਮੈਂ ਦੰਦ ਘੁੱਟ ਕੇ ਨੀਵੀਂ ਆਵਾਜ਼ 'ਚ ਕਿਹਾ,
''ਪਹਿਲਾਂ ਆਪਣੀ ਧੀ ਨੂੰ ਸਾਂਭੋ।...ਦੋ ਮੁੰਡਿਆਂ ਨਾਲ ਟੁਰੀ
ਫਿਰਦੀ ਏ। ਸਾਰੇ ਗੱਲਾਂ ਹੁੰਦੀਆਂ ਪਈਆਂ ਨੇ ਉਹਦੀਆਂ।''
ਜਦੋਂ ਭੱਲਾ ਸਾਹਿਬ ਸੁੰਨ ਹੋ ਕੇ ਬਹਿ ਗਏ ਤਾਂ ਮੈਂ ਦਸਿਆ
ਕਿ ਸੁਨੀਤੀ ਫਲਾਣੇ ਸੈਕਟਰੀ ਦੇ ਮੁੰਡੇ ਨਾਲ ਸ਼ਾਮ ਨੂੰ ਪਾਰਕ
'ਚ ਜਾਂਦੀ ਏ।...ਉਹ ਅਲੀਅਰ ਦੇ ਬਣੇ ਹਾਥੀ ਦੇ ਉਹਲੇ
ਹਨ੍ਹੇਰਾ ਹੋਣ ਤੱਕ ਬੈਠੇ ਰਹਿੰਦੇ ਨੇ।...ਇਹ ਮੈਂ ਆਪ ਆਪਣੀ
ਅੱਖੀਂ ਵੇਖਿਆ ਏ।...ਜਿਹੜਾ ਸੂਟ ਉਹ ਕਹਿੰਦੀ ਏ ਕਿ ਹੋਸਟਲ
ਦੀ ਇਕ ਸਹੇਲੀ ਨੇ ਦਿੱਤਾ ਏ, ਉਹ ਉਸੇ ਮੁੰਡੇ ਨੇ ਲੈ ਕੇ
ਦਿੱਤਾ ਈ।...ਮੈਂ ਉਨ੍ਹਾਂ ਦੀਆਂ ਚਿੱਠੀਆਂ ਪੜ੍ਹ ਲਈਆਂ ਨੇ।''
''ਕਿਥੇ ਨੇ ਉਹ ਚਿਠੀਆਂ?'' ਉਨ੍ਹਾਂ ਕੜਕ ਕੇ ਪੁੱਛਿਆ।
ਤਾਂ ਮੈਂ ਉਨ੍ਹਾਂ ਨੂੰ ਅੱਖਾਂ ਨਾਲ ਘੂਰਦੀ ਨੇ ਦਸਿਆ, ''ਮੈਂ ਸਾੜ
ਦਿੱਤੀਆਂ ਨੇ।...ਕਿਤੇ ਘਰ 'ਚ ਰੱਖੀਆਂ ਜਾਂਦੀਆਂ ਨੇ, ਇਹੋ
ਜਿਹੀਆਂ ਸੜਨ ਜੋਗੀਆਂ?...ਤੁਹਾਨੂੰ ਤੇ ਕੁਝ ਸ਼ਰਮ ਈ
ਨਹੀਂ।...ਜ਼ਰਾ ਹੌਲੀ ਬੋਲੋ। ਤੁਹਾਨੂੰ ਏਨਾ ਵੀ ਨਹੀਂ ਪਤਾ ਕਿ
ਧੀਆਂ ਦੀਆਂ ਗੱਲਾਂ ਕਿਵੇਂ ਕਰੀਦੀਆਂ ਨੇ? ''ਮੇਰੀ ਗੱਲ ਸੁਣ
ਕੇ ਉਹ ਢੱਠ ਜਿਹੇ ਗਏ। ਉਨ੍ਹਾਂ ਬਹੁਤ ਈ ਨਿਘਰੀ
ਆਵਾਜ਼ 'ਚ ਪੁਛਿਆ ਕਿ ਇਹ ਗੱਲਾਂ ਮੈਂ ਉਨ੍ਹਾਂ
ਨੂੰ ਪਹਿਲੋ ਕਿਉਂ ਨਾ ਦੱਸੀਆਂ? ਮੈਂ ਦਸਿਆ ਕਿ
ਮੈਨੂੰ ਡਰ ਸੀ ਕਿ ਤੁਸੀਂ ਗੁੱਸੇ 'ਚ ਕੁਝ ਕਰ ਨਾ
ਬੈਠੋ। ਤੇ ਗੱਲਾਂ ਬਾਹਰ ਨਿਕਲ ਜਾਣ। ਮਰਦਾਂ ਨੂੰ
ਭੇਤ ਸਾਂਭਣ ਦੀ ਅਕਲ ਕਿਥੇ?...ਸ਼ੁਕਰ ਕਰੋ,
ਗੱਲ ਅਗਾਂਹ ਨਹੀਂ ਵਧੀ।...ਹੁਣ ਤੁਸੀਂ ਵੀਰ ਜੀ
ਨੂੰ ਕੈਨੇਡਾ ਫ਼ੋਨ ਕਰੋ ਕਿ ਉਹ ਝੱਟ ਦੇਣੀ ਮੁੰਡਾ
ਲੱਭੇ। ਨਹੀਂ ਤਾਂ ਮੁੰਡਿਆਂ ਦੇ ਨਾਲ ਸੁਨੀਤੀ ਨੂੰ ਵੀ
ਬੁਲਾ ਲਵੇ।...ਕੰਮ ਅਜਿਹਾ ਕਰਨਾ ਚਾਹੀਦਾ ਏ
ਕਿ ਸੱਪ ਵੀ ਮਰ ਜਾਵੇ ਤੇ ਪਤਾ ਵੀ ਨਾ ਲੱਗੇ।...
ਆਪਣੀ ਗੱਲ ਦੇ ਅਖੀਰ 'ਚ ਇਹ ਅਖਾਣ ਜਿਹਾ
ਜੁੜਨ ਤੇ ਮੈਨੂੰ ਲੁਕਵਾਂ ਹਾਸਾ ਆਇਆ। ਤੇ ਨਾਲ
ਈ ਰੋਣਾ ਵੀ। ਪਤੀ ਦਾ ਦੁਖੀ ਚਿਹਰਾ ਦੇਖ ਕੇ ਮਨ
ਦੁਖੀ ਵੀ ਹੁੰਦਾ ਸੀ ਤੇ ਸੁਖੀ ਵੀ।...ਸੋਚਦੀ, ਇਹੋ
ਬੰਦਾ ਲੋਕਾਂ ਦੀਆਂ ਜਨਾਨੀਆਂ ਦੀਆਂ ਗੱਲਾਂ ਕਰਦਾ
ਕਿਵੇਂ ਖਿੜਿਆ ਰਹਿੰਦਾ ਸੀ। ਹੁਣ ਸੁੰਗੜ ਕੇ ਅੱਧਾ
ਕੁ ਹੋ ਕੇ ਬੈਠਾ ਏ।
ਤਿੰਨਾਂ ਮਹੀਨਿਆਂ ਦੇ ਅੰਦਰ ਅੰਦਰ ਉਸ
ਮਰਦ ਦੇ ਬੱਚੇ ਨੇ ਦਿੱਲੀ ਭੱਜ ਨੱਸ ਕਰ ਕੇ ਬਚਿਆਂ
ਦੇ ਸਾਰੇ ਕਾਗਜ਼ ਤਿਆਰ ਕਰਵਾ ਲਏ। ਤੇ ਚੜ੍ਹਦੇ
ਨਵੰਬਰ ਨੂੰ ਤਿੰਨੇ ਬੱਚੇ ਜਹਾਜ਼ ਚੜ੍ਹਾ ਦਿਤੇ।..ਬੱਚੇ
ਗਏ ਤਾਂ ਮੈਂ ਸਰ੍ਹਾਣਿਆਂ 'ਚ ਮੂੰਹ ਦੇ ਕੇ ਕਈ
ਦਿਨ ਰੋਂਦੀ ਰਹੀ ਸੀ। ਇਨ੍ਹਾਂ ਵੀ ਛੁੱਟੀਆਂ ਕਰ
ਲਈਆਂ ਸਨ। ਐਵੇਂ ਹੱਥ 'ਤੇ ਹੱਥ ਧਰੀ ਬੈਠੇ
ਰਹਿੰਦੇ ਸੀ ਅਸੀਂ ਦੋਵੇਂ।...ਅਖੀਰ ਮੈਂ ਅੱਖਾਂ
ਪੂੰਝਦੀ, ਗੋਡਿਆਂ ਤੇ ਹੱਥ ਧਰ ਕੇ ਉਠਦੀ,
ਆਖਦੀ, ''ਉਠ ਵੇ ਮਨਾ, ਭੁੱਖ਼ਿਆਂ ਤਾਂ ਨੀਂਦਰ
ਵੀ ਨਹੀਂ ਪੈਣੀ।''
ਰੋਟੀ ਪਕਾਉਂਦਿਆਂ ਲੱਗਦਾ, ਜਿਵੇਂ ਘਰ
'ਚ ਮਰਗ ਹੋ ਗਈ ਹੋਵੇ। ਬਸ, ਇੱਕ ਮਕਾਣਾਂ
ਨਹੀਂ ਆਉਂਦੀਆਂ।...ਸਵਾ ਦੋ ਜੀਅ ਹੀ ਰਹਿ ਗਏ
ਸਨ ਘਰ ਵਿਚ।
ਜਦੋਂ ਬੱਚਿਆਂ ਦੇ ਸੁੱਖੀ-ਮਿਹਰੀਂ ਪੁੱਜਣ
ਦੀਆਂ ਖ਼ਬਰਾਂ ਆਈਆਂ ਤਾਂ ਭੱਲਾ ਸਾਹਿਬ ਨੂੰ
ਚੰਗੀ ਗੱਲ ਸੁਝ ਗਈ। ਉਨ੍ਹਾਂ ਰਮੈਣ ਦਾ ਪਾਠ
ਰਖਾ ਲਿਆ। ਸਾਰਾ ਦਿਨ 'ਜੈ ਸੀਆ ਰਾਮ, ਜੈ ਜੈ
ਰਾਮ' ਦੀਆਂ ਆਵਾਜ਼ਾਂ ਦਾ ਸੰਗੀਤ ਦਿਲਾਂ ਨੂੰ
ਸਾਂਭਦਾ ਪਲੋਸਦਾ ਰਹਿੰਦਾ। ਕਈ ਦਿਨ ਰੌਣਕਾਂ
ਲੱਗੀਆਂ ਰਹੀਆਂ। ਰਿਸ਼ਤੇਦਾਰ ਤੇ ਦੋਸਤ ਮਿੱਤਰ
ਛਪੇ ਕਾਰਡ ਘੱਲ ਕੇ ਸੱਦੇ ਸਨ।
ਭੋਗ ਵਾਲੇ ਦਿਨ ਬਹੁਤ ਵੱਡਾ ਸਮਾਗਮ
ਹੋਇਆ। ਸੰਗੀਤ ਮੰਡਲੀਆਂ ਨੇ ਬੜਾ ਸਮਾਂ
ਬੰਨ੍ਹਿਆ। ਤੀਜੇ ਪਹਿਰ ਤੱਕ ਲੰਗਰ ਚਲਦਾ ਰਿਹਾ।
ਆਉਣ ਵਾਲਿਆਂ 'ਚ ਉਹ ਜਨਾਨੀਆਂ ਵੀ ਸਨ,
ਜਿਹੜੀਆਂ ਮੈਂ ਘੱਟ ਵਧ ਈ ਕਿਤੇ ਵੇਖੀਆਂ ਸਨ।
ਉਹ ਭੱਲਾ ਸਾਹਿਬ ਦੇ ਦਫਤਰ ਦੀਆਂ ਸਨ ਜਾਂ
ਹੋਰ ਨੇੜੇ ਦੇ ਦਫਤਰਾਂ ਦੀਆਂ। ਉਹ ਸਫੈਦ ਕੁੱਤੇ
ਵਾਲੀ ਜਨਾਨੀ ਨਾਟਕ ਵਾਲਾ ਪੂਰਾ ਮੇਕਅੱਪ ਕਰ
ਕੇ ਆਈ ਸੀ। ਮੈਂ ਜਦੋਂ ਭੱਲਾ ਸਾਹਿਬ ਨੂੰ ਆਖਿਆ
ਕਿ ਤੁਹਾਡੇ ਤਾਂ ਸਾਕਾਂ ਤੋਂ ਵੀ ਵੱਡੇ ਸਾਕ ਆ ਗਏ
ਨੇ ਤਾਂ ਉਹ ਕਈ ਦਿਨਾਂ ਬਾਅਦ ਹੱਸੇ ਸਨ। ਤੇ
ਗੋਪੀਆਂ 'ਚ ਕਾਹਨ ਬਣ ਕੇ ਛੇੜਾਂ ਕਰਨ ਲੱਗ
ਪਏ ਸਨ।
ਰਾਤ ਨੂੰ ਅਸੀਂ ਥੱਕੇ ਟੁੱਟੇ ਪਏ ਸੀ।
ਅਕਾਸ਼ਦੀਪ ਸੌਂ ਗਿਆ ਸੀ। ਮੈਂ ਸਰਕ ਕੇ ਉਨ੍ਹਾਂ
ਦੇ ਨਾਲ ਲੱਗ ਗਈ। ਉਹ ਉੱਕਾ ਅਡੋਲ ਰਹੇ। ਮੈਂ
ਜ਼ਰਾ ਛੇੜ ਛਾੜ ਕੀਤੀ ਤਾਂ ਉਨ੍ਹਾਂ ਪਾਸਾ ਪਰਤਿਆ।
ਮੇਰੇ ਚਿਹਰੇ ਤੇ ਪੋਲਾ ਜਿਹਾ ਹੱਥ ਫੇਰਿਆ।
ਚੁੰਮਿਆ। ਤੇ ਨਿਰਾਸ਼ੀ ਜਿਹੀ ਆਵਾਜ਼ 'ਚ ਬੋਲੇ,
''ਬੱਚਿਆਂ ਨੂੰ ਭੇਜ ਕੇ ਭਾਵੇਂ ਸਾਡੇ ਸਿਰਾਂ ਤੋਂ ਭਾਰ
ਲੱਥ ਗਿਆ ਏ।...ਪਰ ਮੇਰੇ ਦਿਲ 'ਤੇ ਉਸ ਗੱਲ
ਦਾ ਬੜਾ ਦਬਾਅ ਏ।''
''ਕਿਹੜੀ ਗੱਲ ਦਾ?'' ਮੈਂ ਉਨ੍ਹਾਂ ਤੇ ਬਾਂਹ
ਵਲਾ ਕੇ ਪੁਛਿਆ।
''ਉਸੇ ਸੁਨੀਤੀ ਦੇ ਪਾਰਕ 'ਚ ਅਲੀਅਰ
ਵਾਲੇ ਹਾਥੀ ਦੇ ਪਿਛੇ ਜਾਣ ਵਾਲੀ ਦਾ।'' ਉਨ੍ਹਾਂ
ਦੱਸਿਆ ਤਾਂ ਮੈਂ ਸੁੰਨ ਜਿਹੀ ਹੋ ਗਈ। ਉਹ ਹੌਲੀ
ਹੌਲੀ ਸਾਹ ਲੈ ਕੇ ਬੋਲਦੇ ਰਹੇ, ''ਮੈਨੂੰ ਹੁਣ
ਪਤਾ ਲੱਗਾ ਏ।...ਲੋਕੀਂ ਹੁਣ ਵੀ ਗੱਲਾਂ ਕਰਦੇ
ਨੇ।...ਤੂੰ ਵੇਲੇ ਸਿਰ ਕੰਮ ਠੀਕ ਕਰ ਲਿਆ...ਘਰ
ਨੂੰ ਬਚਾ ਲਿਆ। ''ਆਖ ਕੇ ਉਹ ਅੱਖਾਂ ਮੀਟ ਕੇ
ਸੋਚਦੇ ਰਹੇ।...ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕੀ ਕਿ
ਉਸ ਗੱਲ 'ਚ ਕਿੰਨਾ ਕੁ ਸੱਚ ਏ ਤੇ ਕਿੰਨਾ ਕੁ
ਝੂਠ। ...ਫੇਰ ਵੀ ਕੁਝ ਕਹਿਣ ਲਈ ਮੈਂ ਉਨ੍ਹਾਂ ਨੂੰ
ਬੁਲਾਇਆ। ਪਰ ਉਹ ਸੌਂ ਚੁੱਕੇ ਸਨ।
ਏਸ ਤੋਂ ਬਾਅਦ ਭੱਲਾ ਸਾਹਿਬ ਦਾ ਸੁਭਾ
ਈ ਬਦਲਣ ਲੱਗ ਪਿਆ। ਲਗਦਾ ਸੀ, ਉਹ ਛੇਤੀ
ਛੇਤੀ ਬੁੱਢੇ ਹੁੰਦੇ ਜਾਂਦੇ ਨੇ। ਉਨ੍ਹਾਂ ਦੇ ਸ਼ੌਕ ਮਰਦੇ
ਜਾਂਦੇ ਨੇ। ਉਨ੍ਹਾਂ ਦੀਆਂ ਅੱਖਾਂ ਦੇ ਭਰਵੱਟੇ ਵੀ
ਚਿੱਟੇ ਹੋਣ ਲਗ ਪਏ ਨੇ।...ਮੈਂ ਅਕਸਰ ਘਰ 'ਚ
ਕੱਲੀ ਹੁੰਦੀ। ਸੁੰਨਾ ਘਰ ਭੈ ਦੇਣ ਲਗ ਪਿਆ ਸੀ।
ਅਕਾਸ਼ਦੀਪ ਦੋਸਤਾਂ ਦੇ ਟੁਰਿਆ ਰਹਿੰਦਾ। ਭੱਲਾ
ਸਾਹਿਬ ਅੱਗੇ ਵੀ ਦਫਤਰ ਤੋਂ ਲੇਟ ਆਉਂਦੇ ਸਨ,
ਹੁਣ ਇੱਕ ਹੋਰ ਬੀਮਾਰੀ ਪਾਲਣ ਲੱਗ ਪਏ।
ਦਫਤਰੋਂ ਤਾਂ ਵੇਲੇ ਸਿਰ ਚੱਲ ਪੈਂਦੇ, ਪਰ ਘਰ ਨਾ
ਆਉਂਦੇ। ਆਪਣੇ ਕਾਲੇ ਜਿਹੇ ਜੂਨੀਅਰ ਕਲਰਕ
ਰਾਮ ਸਹਾਏ ਨੂੰ ਨਾਲ ਲੈ ਕੇ ਆਪਣੇ ਛੜੇ ਦੋਸਤ
ਭਾਪਾ ਤਾਰਾ ਸਿੰਘ ਦੇ ਚੁਬਾਰੇ ਚਲੇ ਜਾਂਦੇ। ਆਪ
ਪੀਣ ਬਹਿ ਜਾਂਦੇ ਤੇ ਰਾਮ ਸਹਾਏ ਦੇ ਹੱਥ ਘਰ
ਦੇਣ ਵਾਲੀਆਂ ਚੀਜ਼ਾਂ ਫੜਾਉਂਦੇ ਤੇ ਉਹਨੂੰ ਦੋ
ਘੁੱਟ ਪਿਆ ਕੇ ਟੋਰ ਦਿੰਦੇ। ਉਨ੍ਹਾਂ ਚੀਜ਼ਾਂ 'ਚ
ਮੇਰੀ ਦਵਾਈ ਵੀ ਹੁੰਦੀ ਸੀ। ਮੈਨੂੰ ਫੇਰ ਦਰਦਾਂ
ਉਠ ਖੜ੍ਹੀਆਂ ਸਨ ਤੇ ਮੈਂ ਉਸੇ ਡਾਕਟਰ ਸਦਾਨੰਦ
ਦੀ ਦਵਾਈ ਲੈਣ ਲੱਗ ਪਈ ਸੀ।
ਰਾਮ ਸਹਾਏ ਘਰ ਆਉਂਦਾ ਤਾਂ ਮੈਂ ਉਸਤੋਂ
ਜਿਹੜੀ ਵੀ ਚੀਜ਼ ਮੰਗਵਾਣੀ ਹੁੰਦੀ, ਮੰਗਵਾ ਲੈਂਦੀ।
ਜੇ ਕਦੇ ਕੰਮ ਕਰਨ ਨੂੰ ਦਿਲ ਨਾ ਕਰਦਾ ਤਾਂ
ਸਬਜ਼ੀ ਤੇ ਹੋਰ ਖਾਣੇ ਵੀ ਬਣਵਾ ਲੈਂਦੀ। ਉਹ
ਛੜਾ ਸੀ। ਉਹ ਆਪਣੇ ਘਰ ਜਾ ਕੇ ਖਾਣਾ ਬਣਾਂਦਾ
ਸੀ। ਉਹਨੂੰ ਸੌਖ ਇਹ ਹੋ ਜਾਂਦੀ ਸੀ ਕਿ ਮੇਰੇ
ਕੋਲ ਹੀ ਬਹਿ ਕੇ ਖਾ ਵੀ ਜਾਂਦਾ ਸੀ। ਮੈਂ ਇਕੱਲ
ਤੋਂ ਅੱਕੀ ਹੁੰਦੀ ਸੀ। ਉਹ ਦੋ ਚਾਰ ਗੱਲਾਂ ਵੀ ਕਰ
ਜਾਂਦਾ ਸੀ। ਉਹ ਕਦੇ ਭਾਪਾ ਸਿੰਘ ਬਾਰੇ, ਕਦੇ
ਆਪਣੇ ਘਰਦਿਆਂ ਬਾਰੇ ਤੇ ਕਦੇ ਭੱਲਾ ਸਾਹਿਬ
ਦੀਆਂ ਪੁਰਾਣੀਆਂ ਸਹੇਲੀਆਂ ਬਾਰੇ ਕੁਝ ਨਾ ਕੁਝ
ਦੱਸਦਾ ਰਹਿੰਦਾ ਹੁੰਦਾ ਸੀ।...ਇਕ ਦਿਨ ਤਾਂ ਭੱਲਾ
ਸਾਹਿਬ ਦੀਆਂ ਅਜਿਹੀਆ ਗੰਦੀਆਂ ਗੱਲਾਂ ਦੱਸੀਆਂ
ਕਿ ਮੈਨੂੰ ਤਾਂ ਜਿਵੇਂ ਅੱਗ ਲੱਗ ਗਈ। ਮੈਂ ਕਦੇ
ਸੋਚਿਆ ਵੀ ਨਹੀਂ ਸੀ ਕਿ ਭੱਲਾ ਸਾਹਿਬ ਏਨੇ
ਨੀਚ ਕੰਮ ਕਰ ਸਕਦੇ ਨੇ। ਮੇਰਾ ਤਾਂ ਮਨ ਈ
ਮੁੜ ਗਿਆ ਉਨ੍ਹਾਂ ਤੋਂ। ਮੈਂ ਪੁੱਤਰ ਨੂੰ ਲੈ ਕੇ ਵੱਖਰੇ
ਕਮਰੇ 'ਚ ਸੌਣ ਲਗ ਪਈ।
ਇਕ ਰਾਤ ਰਾਮ ਸਹਾਏ ਮੈਨੂੰ ਦਹੀਂ ਮੀਟ
ਬਣਾਉਣਾ ਦੱਸ ਰਿਹਾ ਸੀ। ਪਤਾ ਨਹੀਂ ਉਹਨੂੰ
ਪਲਾਂ 'ਚ ਕੀ ਹੋ ਗਿਆ? ਪਾਗਲਾਂ ਵਾਂਗ, ਹੱਥ
ਧੋਤੇ ਬਿਨਾ ਈ, ਉਹਨੇ ਅਜਿਹੀ ਹਰਕਤ ਕਰ
ਦਿਤੀ ਕਿ ਮੈਨੂੰ ਸੋਚਣ ਦਾ ਮੌਕਾ ਹੀ ਨਹੀਂ ਦਿੱਤਾ।
ਫੇਰ ਬੜੇ ਅਰਾਮ ਨਾਲ ਬੂਹਾ ਬੰਦ ਕਰ ਕੇ ਚਲਿਆ
ਗਿਆ।...ਮੈਂ ਬੈਡ ਤੋਂ ਉਦੋਂ ਉਠੀ ਜਦੋਂ ਕਿਚਨ
ਵਿਚੋਂ ਮੀਟ ਦੇ ਸੜਨ ਦੀ ਬੋ ਆਉਣ ਲੱਗ ਪਈ
ਸੀ।...ਉਸ ਕਾਲੇ ਬਾਘ ਦੇ ਜਿਸਮ 'ਚ ਕਿੰਨੀ
ਜਾਨ ਤੇ ਫੁਰਤੀ ਸੀ।...ਮੈਂ ਬੜੀ ਦੁਚਿੱਤੀ 'ਚ ਫਸੀ
ਰਹੀ ਕਿ ਕੀ ਕਰਾਂ? ਭੱਲਾ ਸਾਹਿਬ ਨੂੰ ਦੱਸਾਂ ਜਾਂ
ਨਾਂ?
ਦਸਾਂ ਕੁ ਦਿਨਾਂ ਬਾਅਦ ਰਾਮ ਸਹਾਏ ਫੇਰ
ਆਇਆ ਤਾਂ ਹੱਥ ਜੋੜ ਕੇ ਖਲੋ ਗਿਆ। ਮੈਂ ਚੁੱਪ
ਰਹੀ। ਆਪਣੇ ਚਿਹਰੇ 'ਤੇ ਕੋਈ ਭਾਵ ਨਾ ਆਉਣ
ਦਿਤਾ। ਉਹ ਉਸੇ ਤਰ੍ਹਾਂ ਪੀ ਕੇ ਆਇਆ ਸੀ।
ਮੀਟ ਉਹਦੇ ਕੋਲ ਸੀ। ਉਹ ਮੈਨੂੰ ਵਿਖਾਂਦਾ
ਕਹਿੰਦਾ, ''ਇਹ ਭੱਲਾ ਸਾਹਿਬ ਨੇ ਭੇਜਿਐ।''
...ਆਖ ਕੇ ਉਹ ਅੰਦਰ ਕਿਚਨ 'ਚ ਜਾ ਕੇ
ਬਣਾਉਣ ਲੱਗ ਪਿਆ। ਮੈਂ ਕੁਰਸੀ 'ਤੇ ਦੂਰ ਬੈਠੀ
ਉਹਨੂੰ ਦੇਖਦੀ ਰਹੀ। ਸੋਚਦੀ ਰਹੀ। ਸੋਚਾਂ ਨਾਲ
ਮੇਰਾ ਦਿਮਾਗ ਭਰ ਗਿਆ। ਫੇਰ ਮੇਰਾ ਦਿਲ ਕੀਤਾ
ਕਿ ਸਾਰੀਆਂ ਸੋਚਾਂ ਨੂੰ ਖੋਪੜੀ ਲਾਹ ਕੇ ਹੱਥ ਨਾਲ
ਫੜ ਕੇ ਬਾਹਰ ਸੁੱਟ ਦਿਆਂ।
ਉਹਨੇ ਇੱਕ ਚੁਲ੍ਹੇ ਤੇ ਮੀਟ ਧਰ ਦਿਤਾ ਤੇ
ਦੂਜੇ ਤੇ ਫੁਲਕੇ ਵੀ ਲਾਹ ਲਏ। ਫੇਰ ਭਾਂਡੇ ਵੀ
ਸਾਫ ਕਰ ਦਿਤੇ। ਸਾਬਣ ਨਾਲ ਹੱਥ ਧੋ ਕੇ, ਪੂੰਝ
ਕੇ ਉਹ ਮੇਰੇ ਕੋਲ ਆਇਆ। ਇਕ ਵਾਰ ਫੇਰ
ਹੱਥ ਧੋਤੇ। ਫੇਰ ਪੋਲੇ ਹੱਥੀਂ ਮੈਨੂੰ ਕੁਰਸੀ ਤੋਂ
ਉਠਾ ਕੇ ਅੰਦਰ ਬੈਡ 'ਤੇ ਲੈ ਗਿਆ। ਫੁਰਤੀ
ਨਾਲ ਉਹਨੇ ਬੋਲਟ ਬੰਦ ਕਰ ਦਿਤੀ।...ਮੇਰੀ ਤਾਂ
ਜਿਵੇਂ ਸੁਰਤ ਈ ਮਾਰੀ ਗਈ ਸੀ। ਕੀਲੀ ਗਈ
ਸੀ।...ਫੇਰ ਉਹਨੇ ਆਰਾਮ ਨਾਲ ਬੋਲਟ ਖੋਲ੍ਹੀ
ਤੇ ਮੈਨੂੰ ਨਮਸਤੇ ਆਖ ਕੇ ਅਛੋਪਲੇ ਜਿਹੇ ਟੁਰ
ਗਿਆ। ਪਰ ਏਸ ਵਾਰ ਮੈਂ ਡਰੀ ਨਹੀਂ ਸੀ। ਉਹਦੇ
ਹੱਥਾਂ 'ਚ ਵੀ ਸਖਤੀ ਨਹੀਂ ਸੀ।
ਉਹਦੇ ਜਾਣ ਬਾਅਦ ਮੈਂ ਹੈਰਾਨ ਪ੍ਰੇਸ਼ਾਨ
ਸੋਚਾਂ ਕਿ ਵੇਖੋ, ਉਹਨੇ ਮੈਨੂੰ ਡਰਾਇਆ ਨਹੀਂ।
ਉਹਦੇ ਹੱਥ 'ਚ ਕੋਈ ਛੁਰਾ ਵੀ ਨਹੀਂ ਸੀ।...ਏਸ
ਤਰ੍ਹਾਂ ਵੀ ਕਦੇ ਹੋਇਆ ਕਰਦਾ ਏ? ਮੈਂ ਤਾਂ ਕਦੇ
ਸੁਣਿਆ ਨਹੀਂ ਸੀ। ਭੱਲਾ ਸਾਹਿਬ ਨੇ ਇਕ ਵਾਰ
ਆਪਣੇ ਦੋਸਤ ਤੇ ਉਹਦੇ ਅਫਸਰ ਦੀ ਪਤਨੀ ਦੀ
ਅਜਿਹੀ ਗੱਲ ਸੁਣਾਈ ਸੀ।...ਉਦੋਂ ਮੈਂ ਸਮਝਦੀ
ਸੀ ਕਿ ਉਨ੍ਹਾਂ ਕਿਸੇ ਕਿਤਾਬ 'ਚ ਪੜ੍ਹੀ ਹੋਵੇਗੀ।
ਜਾਂ ਐਵੇਂ ਜੋੜ ਕੇ ਸੁਣਾ ਦਿੱਤੀ।
ਐਵੇਂ ਅਸੀਂ ਰੰਗ ਵੇਖ ਕੇ ਬੰਦੇ ਨੂੰ ਸੁਹਣਾ
ਕੁਹਣਾ ਕਹਿ ਦਿੰਦੇ ਹਾਂ। ਮੈਨੂੰ ਤਾਂ ਕਾਲਾ ਰਾਮ
ਸਹਾਏ ਸੁਹਣਾ ਈ ਲੱਗਦਾ ਸੀ। ਉਹ ਸਾਫ ਸੁਥਰਾ
ਰਹਿੰਦਾ ਸੀ। ਇਸਤਰੀ ਕੀਤੇ ਕਪੜੇ ਪਾਉਂਦਾ ਸੀ।
ਮੁਸਕਰਾਉਣ ਤੇ ਉਹਦੇ ਬੱਝਵੇਂ ਦੰਦਾਂ ਦੀ ਬੀੜ
ਚਮਕਦੀ ਸੀ।
ਅਜਿਹੀ ਹੀ ਹਰਕਤ ਇਕ ਵਾਰ ਭੱਲਾ
ਸਾਹਿਬ ਦੇ ਦੋਸਤ ਸੋਬਤੀ ਸਾਹਿਬ ਨੇ ਮੇਰੇ ਨਾਲ
ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਏਨਾ
ਸੁਹਣਾ ਸੁਨੱਖਾ ਤੇ ਰੋਅਬਦਾਬ ਵਾਲਾ ਬੰਦਾ ਮੈਨੂੰ
ਚੰਗਾ ਨਹੀਂ ਸੀ ਲੱਗਾ। ਮੈਂ ਉਹਦਾ ਹੱਥ ਫੜ ਕੇ
ਉਹਨੂੰ ਝਿੜਕ ਦਿੱਤਾ ਸੀ। ਅਗਾਂਹ ਤੋਂ ਉਹ ਬੜਾ
ਸਾਊ ਬੀਬਾ ਬਣ ਗਿਆ ਸੀ।
ਪਰ ਡਾਕਟਰ ਸਦਾਨੰਦ ਨੇ ਤਾਂ ਪਹਿਲ ਨਹੀਂ
ਸੀ ਕੀਤੀ। ਉਹ ਸੁਹਣਾ ਵੀ ਨਹੀਂ ਸੀ ਲਗਦਾ।
ਮੋਟੇ ਨਕਸ਼ਾਂ ਵਾਲਾ ਬੰਦਾ ਸੀ। ਮੇਰੀ ਦਰਦਾਂ ਦੀ
ਬੀਮਾਰੀ ਕਰਕੇ ਗੱਲਾਂ ਪੁਛਦਾ ਉਹ ਮੇਰਾ
ਹਮਦਰਦ ਬਣ ਗਿਆ ਸੀ। ਉਹਦੇ ਕੋਲ ਮੈਂ ਕਦੇ
ਆਪਣੇ ਦੁੱਖ ਨੂੰ ਜਾਂਦੀ ਸੀ ਤੇ ਕਦੇ ਦੁੱਖ ਦੇ
ਬਹਾਨੇ।
ਕਈ ਵਾਰ ਸੋਚਦਿਆਂ ਮੈਨੂੰ ਹੈਰਾਨੀ ਹੁੰਦੀ,
ਆਪਣੇ ਆਪ 'ਤੇ। ਕਈ ਵਾਰ ਪਛਤਾਵਾ ਜਿਹਾ
ਲੱਗ ਜਾਂਦਾ ਕਿ ਮੈਂ ਇਹ ਕੀ ਬਣਦੀ ਜਾ ਰਹੀ
ਹਾਂ? ਮੇਰੀ ਉਮਰ ਕਿਹੜੀ, ਸੋਚਾਂ ਤੇ ਕਰਮ
ਕਿਹੜੇ?...ਜਦੋਂ ਕਦੇ ਮਨ 'ਤੇ ਭਾਰ ਵਧ ਜਾਂਦਾ
ਤਾਂ ਮੈਂ ਸਾਰਾ ਕਸੂਰ ਭੱਲਾ ਸਾਹਿਬ ਤੇ ਸੁੱਟ
ਦਿੰਦੀ।...ਜੀਹਨੇ ਆਪਣੀ ਅਲਮਾਰੀ 'ਚ ਉਹ
ਪੁਰਾਣੀ ਡਾਇਰੀ ਰੱਖੀ ਸੀ। ਜੀਹਦੇ ਵਿਚ ਜਨਾਨੀਆਂ
ਦੀਆਂ ਫੋਟੋਆਂ ਸਨ। ਜਿਨ੍ਹਾਂ ਦੇ ਪਿਛੇ ਤਰੀਕਾਂ ਲਿੱਖ
ਕੇ ਸਕੋਰ ਬੋਰਡ ਬਣਾਇਆ ਹੋਇਆ ਸੀ।
ਇਕ ਰਾਤ ਭੱਲਾ ਸਾਹਿਬ ਰਾਤ ਦੇ ਗਿਆਰਾਂ
ਵਜੇ ਤੋਂ ਵੀ ਬਾਅਦ ਆਏ। ਮੈਂ ਉਨ੍ਹਾਂ ਦੇ ਡਿਗਦੇ
ਢਹਿੰਦੇ ਸਰੀਰ ਨੂੰ ਅੰਦਰ ਵਾੜ ਕੇ ਗੁੱਸੇ ਨਾਲ
ਧੱਕਾ ਦੇ ਕੇ ਬੈਡ 'ਤੇ ਡੇਗ ਦਿੱਤਾ। ਤੇ ਆਪ ਕੁਰਸੀ
'ਤੇ ਬਹਿ ਕੇ ਉਨ੍ਹਾਂ ਦੇ ਤੇ ਆਪਣੇ ਕਰਮਾਂ ਨੂੰ ਰੋਣ
ਲੱਗੀ। ਅਕਾਸ਼ਦੀਪ ਸੁੱਤਾ ਪਿਆ ਸੀ। ਅੱਧਮਰੇ
ਕੁੱਤੇ ਵਾਂਗ ਲੇਟੇ ਉਸ ਬੰਦੇ ਨੇ ਰਾਮ ਸਹਾਏ ਦੇ
ਹੱਥ ਮੇਰੀ ਦਵਾਈ ਵੀ ਨਹੀਂ ਸੀ ਭੇਜੀ। ਮੇਰਾ ਅੰਗ
ਅੰਗ ਟੁੱਟਦਾ ਪਿਆ ਸੀ ਕਲ੍ਹ ਦਾ। ਨਾ ਸਬਜ਼ੀ ਭੇਜੀ
ਸੀ। ਮੈਂ ਵੀ ਖਾਣਾ ਨਹੀਂ ਸੀ ਬਣਾਇਆ। ਅਕਾਸ਼ਦੀਪ
ਨੂੰ ਦੁੱਧ ਨਾਲ ਬਰੈਡ ਖਵਾ ਦਿੱਤੀ ਸੀ।
ਭੱਲਾ ਸਾਹਿਬ ਇੱਕ ਵਾਰ ਜ਼ੋਰ ਲਾ ਕੇ ਉਠੇ
ਤੇ ਮੈਨੂੰ ਵੇਖ ਕੇ ਗਾਲਾਂ ਕੱਢਦੇ ਫੇਰ ਡਿੱਗ ਪਏ।
ਫੇਰ ਲੇਟੇ ਈ ਲੇਟੇ ਮੈਨੂੰ 'ਰੰਡੀ, ਲੁੱਚੀ' ਆਖਦੇ
ਰਹੇ।...ਉਨ੍ਹਾਂ ਦੀਆਂ ਟੁੱਟਵੀਆਂ ਗੱਲਾਂ ਤੋਂ ਪਤਾ
ਲੱਗਦਾ ਸੀ ਕਿ ਉਨ੍ਹਾਂ ਨੂੰ ਰਾਮ ਸਹਾਏ ਵਾਲੀ
ਗੱਲ ਦਾ ਪਤਾ ਲੱਗ ਗਿਆ ਏ। ਤੇ ਡਾਕਟਰ
ਸਦਾਨੰਦ ਕੋਲ ਜਾਣ ਕਰ ਕੇ ਮੇਰੇ 'ਤੇ ਸ਼ੱਕ ਪੱਕਾ
ਹੋ ਗਿਆ ਏ।...ਸ਼ੱਕ ਤਾਂ ਉਹ ਪਹਿਲਾਂ ਵੀ ਕਰਦੇ
ਸਨ, ਪਰ ਸਾਫ਼ ਕਹਿੰਦੇ ਨਹੀਂ ਸਨ। ਸ਼ੱਕ ਤਾਂ
ਉਨ੍ਹਾਂ ਨੂੰ ਹਰੇਕ ਉਸ ਬੰਦੇ ਤੇ ਹੋਣ ਲੱਗ ਪਿਆ
ਸੀ, ਜਿਹੜਾ ਸਾਡੇ ਬੂਹੇ ਅੱਗੋਂ ਦੀ ਲੰਘਦਾ ਸੀ।
ਜਦੋਂ ਉਹ ਬੋਲਣੋ ਹਟੇ ਈ ਨਾ ਤਾਂ ਮੇਰੇ
ਅੰਦਰ ਅੱਗ ਲੱਗ ਗਈ। ਮੈਂ ਆਖ ਈ ਦਿਤਾ,
''ਆਹੋ, ਮੈਂ ਰਾਮ ਸਹਾਏ ਨਾਲ ਰਹਿੰਦੀ ਹਾਂ।
...ਡਾਕਟਰ ਸਦਾਨੰਦ ਕੋਲ ਵੀ ਏਸੇ ਲਈ ਜਾਂਦੀ
ਹਾਂ। ਤੇਰੇ ਸਾਰੇ ਦੋਸਤ ਮਿੱਤਰ ਤੇਰੇ ਪਿੱਛੋਂ ਮੈਨੂੰ
ਏਸੇ ਲਈ ਮਿਲਣ ਏਸ ਘਰ 'ਚ ਆਉਂਦੇ ਨੇ।...ਤੇ
ਪਿਉ ਦੇ ਹਾਣ ਦਾ ਸੋਢੀ ਵੀ ਆਉਂਦੈ।''
ਇਹ ਗੰਦ ਬੋਲਦਿਆਂ ਮੈਂ ਭੁੱਲ ਈ ਗਈ
ਸੀ ਕਿ ਮੈਂ ਕਿਹੜੇ ਖਾਨਦਾਨ ਦੀ ਧੀ ਹਾਂ ਤੇ ਕਿਹੜੇ
ਦੀ ਨੂੰਹ।...ਮੈਨੂੰ ਤਾਂ ਇਹ ਵੀ ਭੁੱਲ ਗਿਆ ਸੀ
ਕਿ ਰਿਕਸ਼ੇ ਤੋਂ ਉਤਰਦਿਆਂ ਈ ਉਨ੍ਹਾਂ ਪਾਣੀ
ਮੰਗਿਆ ਸੀ।
ਉਹਦੀਆਂ ਸੱਚੀਆਂ ਝੂਠੀਆਂ ਗੱਲਾਂ ਸੁਨਣ
ਤੋਂ ਸੜੀ ਬਲੀ ਮੈਂ ਦੂਜੇ ਕਮਰੇ 'ਚ ਜਾ ਕੇ ਆਪਣੇ
ਬੈਡ 'ਤੇ ਜਾ ਕੇ ਲੇਟ ਗਈ ਸੀ। ਫੇਰ ਉਹਦੇ
ਬੋਲਣ ਦੀ ਆਵਾਜ਼ ਬੰਦ ਹੋਈ ਤਾਂ ਮੈਂ ਸਮਝਿਆ,
ਸੌਂ ਗਿਆ ਹੋਵੇਗਾ।
ਅੱਧੇ ਕੁ ਘੰਟੇ ਬਾਅਦ ਮੈਨੂੰ ਖੜਾਕ
ਸੁਣਿਆ। ਮੈਂ ਕਾਹਲ ਨਾਲ ਉਨ੍ਹਾਂ ਦੇ ਕਮਰੇ 'ਚ
ਗਈ ਤਾਂ ਦੇਖਿਆ, ਉਹ ਬੈਡ ਤੋਂ ਹੇਠਾਂ ਡਿੱਗੇ ਪਏ
ਸਨ।...ਮੈਂ ਚੀਕਾਂ ਮਾਰਕੇ ਅਕਾਸ਼ਦੀਪ ਨੂੰ
ਜਗਾਇਆ। ਅਸੀਂ ਦੋਹਾਂ ਨੇ ਰਲ ਕੇ ਚੁੱਕ ਕੇ
ਉਨ੍ਹਾਂ ਨੂੰ ਬੈਡ 'ਤੇ ਲਿਟਾਇਆ। ਫੇਰ ਪਾਗਲਾਂ
ਜਿਹੀ ਹੋਈ ਨੇ ਮੈਂ ਭੱਜ ਕੇ ਜਾ ਕੇ ਚੌਥੇ ਘਰ ਦੀ
ਕਾਲ ਬੈਲ ਵਜਾ ਦਿੱਤੀ।...ਉਹ ਦੋਵੇਂ ਸਾਊ ਸੋਢੀ
ਪਿਓ-ਪੁੱਤਰਾਂ ਨੇ ਆਪਣੀ ਕਾਰ ਕੱਢੀ ਤੇ ਭੱਲਾ
ਸਾਹਿਬ ਨੂੰ ਹਸਪਤਾਲ ਲੈ ਗਏ। ਜਿਥੇ ਜਾਂਦਿਆਂ
ਈ ਉਨ੍ਹਾਂ ਨੇ ਦੋ ਉਲਟੀਆਂ ਕੀਤੀਆਂ। ਦੂਜੀ ਖੂਨ
ਦੀ ਸੀ।
ਡਾਕਟਰਾਂ ਇੰਜੈਕਸ਼ਨ ਲਾਏ। ਆਕਸੀਜ਼ਨ
ਦਿੱਤੀ। ਮਸਾਜ ਕੀਤੀ ਪਰ ਉਨ੍ਹਾਂ ਅੱਧਾ ਘੰਟਾ ਵੀ
ਨਾ ਕਟਿਆ।
ਪਿਓ ਦੇ ਪੂਰੇ ਹੋਣ 'ਤੇ ਪੁੱਤਰ ਆਏ ਸਨ।
ਉਨ੍ਹਾਂ ਮੇਰੇ ਅੱਗੇ ਨੋਟਾਂ ਦੇ ਢੇਰ ਲਾ ਦਿਤੇ ਸਨ।
ਸ਼ਹਿਰ ਦੇ ਦੂਜੇ ਪਾਸੇ ਕੋਠੀ ਖ਼ਰੀਦ ਲਈ ਸੀ।
ਜੀਹਦੇ 'ਚ ਦੋ ਟੱਬਰ ਰਹਿ ਸਕਣ। ਉਨ੍ਹਾਂ ਦਾ
ਕਹਿਣਾ ਸੀ ਕਿ ਉਹ ਜਦੋਂ ਵੀ ਦੇਸ਼ ਆਇਆ
ਕਰਨਗੇ, ਮਾਂ ਕੋਲ ਰਿਹਾ ਕਰਨਗੇ। ਪਿੱਛੋਂ ਭਾਵੇਂ
ਮੈਂ ਕਿਰਾਏਦਾਰ ਵਾੜ ਲਵਾਂ।
ਏਸ ਗੱਲ ਨੂੰ ਕਈ ਵਰ੍ਹੇ ਬੀਤ ਗਏ ਨੇ।
ਬੜਾ ਕੁਝ ਭੁੱਲ ਵਿੱਸਰ ਗਿਆ ਏ।...ਸਿਹਤ ਠੀਕ
ਏ। ਹੁਣ ਦਰਦਾਂ ਨਹੀਂ ਹੁੰਦੀਆਂ। ਜਿਸਮ 'ਚ ਜਾਨ
ਏ। ਪਰ ਮੈਂ ਕਿਸੇ ਮਰਦ ਵਲ ਤੱਕਦੀ ਨਹੀਂ।
ਤੱਕਣ ਨੂੰ ਰੂਹ ਈ ਨਹੀਂ ਕਰਦੀ