Shah Daule Da Chuha (Story in Punjabi) : Saadat Hasan Manto
ਸ਼ਾਹ ਦੌਲੇ ਦਾ ਚੂਹਾ (ਕਹਾਣੀ) : ਸਆਦਤ ਹਸਨ ਮੰਟੋ
ਸਲੀਮਾ ਦਾ ਜਦੋਂ ਵਿਆਹ ਹੋਇਆ ਸੀ, ਉਹ ਇੱਕੀ ਸਾਲ ਦੀ ਸੀ। ਪੰਜ ਸਾਲ ਬੀਤ ਗਏ ਸਨ, ਪਰ ਉਸਦੇ ਕੋਈ ਬਾਲ-ਬੱਚਾ ਨਹੀਂ ਸੀ ਹੋਇਆ। ਉਸਦੀ ਮਾਂ ਤੇ ਸੱਸ ਨੂੰ ਇਸ ਗੱਲ ਦੀ ਬੜੀ ਚਿੰਤਾ ਲੱਗੀ। ਮਾਂ ਕੁਝ ਵਧੇਰੇ ਹੀ ਪ੍ਰੇਸ਼ਾਨ ਸੀ ਕਿਉਂਕਿ ਉਹ ਸੋਚਦੀ ਸੀ ਕਿ ਸਲੀਮਾ ਦਾ ਪਤੀ ਨਜ਼ੀਬ ਕਿਤੇ ਦੂਜਾ ਵਿਆਹ ਹੀ ਨਾ ਕਰਵਾ ਲਏ। ਕਈ ਡਾਕਟਰਾਂ ਨੂੰ ਦਿਖਾਇਆ ਗਿਆ, ਪਰ ਕੋਈ ਗੱਲ ਨਹੀਂ ਬਣੀ।
ਸਲੀਮਾ ਨੂੰ ਵੀ ਫਿਕਰ ਲੱਗਾ ਹੋਇਆ ਸੀ—ਵਿਆਹ ਤੋਂ ਬਾਅਦ ਬੜੀਆਂ ਘੱਟ ਕੁੜੀਆਂ ਅਜਿਹੀਆਂ ਹੁੰਦੀਆਂ ਨੇ, ਜਿਹਨਾਂ ਨੂੰ ਸੰਤਾਨ ਦੀ ਇੱਛਾ ਨਹੀਂ ਹੁੰਦੀ। ਉਸਨੇ ਆਪਣੀ ਮਾਂ ਨਾਲ ਏਸ ਵਿਸ਼ੇ 'ਤੇ ਗੱਲ ਤੋਰੀ, ਉਸਦੀਆਂ ਹਦਾਇਤਾਂ ਉੱਤੇ ਪੂਰਾ-ਪੂਰਾ ਅਮਲ ਕੀਤਾ, ਪਰ ਸਿੱਟਾ ਕੁਝ ਵੀ ਨਾ ਨਿਕਲਿਆ।
ਇਕ ਦਿਨ ਉਸਦੀ ਇਕ ਸਹੇਲੀ, ਜਿਸਨੂੰ ਸਾਰੇ ਬਾਂਝ ਆਖਦੇ ਹੁੰਦੇ ਸਨ, ਉਹਨਾਂ ਦੇ ਘਰ ਆਈ। ਉਸਦੀ ਕੁੱਛੜ ਇਕ ਗੋਲ-ਮਟੋਲ ਜਿਹਾ ਮੁੰਡਾ ਦੇਖ ਕੇ ਸਲੀਮਾ ਹੈਰਾਨ ਹੀ ਰਹਿ ਗਈ। ਉਸਨੇ ਅਤਿ ਹੈਰਾਨੀ ਨਾਲ ਪੁੱਛਿਆ, "ਫਾਤਮੇਂ, ਤੇਰੇ ਅਹਿ ਮੁੰਡਾ ਕਿੰਜ ਜੰਮ ਪਿਆ ਨੀਂ ?''
ਫਾਤਮਾ ਉਸ ਨਾਲੋਂ ਪੰਜ ਸਾਲ ਵੱਡੀ ਸੀ। ਉਸਨੇ ਰਤਾ ਮੁਸਕਰਾ ਕੇ ਕਿਹਾ, ''ਸਭ ਸ਼ਾਹਦੌਲੇ ਸਾਹਬ ਦੀ ਮਿਹਰਬਾਨੀ ਏ। ਮੈਨੂੰ ਕਿਸੇ ਔਰਤ ਨੇ ਦੱਸਿਆ ਸੀ ਕਿ ਜੇ ਤੂੰ ਔਲਾਦ ਚਾਹੁੰਦੀ ਏਂ ਤਾਂ ਗੁਜਰਾਤ ਜਾ ਕੇ ਸ਼ਾਹਦੌਲੇ ਸਾਹਬ ਦੇ ਮਜ਼ਾਰ 'ਤੇ ਮਿੰਨਤ ਕਰ, ਤੇ ਕਹੁ ਕਿ ਜੋ ਮੇਰਾ ਪਹਿਲਾ ਬੱਚਾ ਹੋਏਗਾ, ਮੈਂ ਉਸਨੂੰ ਚੜ੍ਹਾਵੇ ਦੇ ਤੌਰ 'ਤੇ ਤੁਹਾਡੀ ਖਾਨਗਾਹ 'ਤੇ ਚੜ੍ਹਾਅ ਜਾਵਾਂਗੀ।''
ਉਸਨੇ ਸਲੀਮਾ ਨੂੰ ਇਹ ਵੀ ਦੱਸਿਆ ਸੀ ਕਿ ਜਦੋਂ ਸ਼ਾਹਦੌਲੇ ਸਾਹਬ ਦੇ ਮਜ਼ਾਰ ਉੱਤੇ ਅਜਿਹੀ ਮਿੰਨਤ ਮੰਗੀ ਜਾਏ ਤਾਂ ਪਹਿਲਾ ਬੱਚਾ ਅਜਿਹਾ ਪੈਦਾ ਹੁੰਦਾ ਏ, ਜਿਸਦਾ ਸਿਰ ਬੜਾ ਹੀ ਛੋਟਾ ਹੁੰਦਾ ਏ। ਫਾਤਮਾ ਦੀ ਇਹ ਗੱਲ ਸਲੀਮਾ ਨੂੰ ਬਹੁਤੀ ਚੰਗੀ ਨਹੀਂ ਸੀ ਲੱਗੀ ਤੇ ਜਦੋਂ ਉਸਨੇ ਆਪਣੇ ਪਤੀ ਨੂੰ ਦੱਸਿਆ ਕਿ ਇੰਜ ਪਹਿਲਾ ਬੱਚਾ ਉਹਨਾਂ ਦੀ ਖਾਨਗਾਹ ਵਿਚ ਛੱਡ ਕੇ ਆਉਣਾ ਪੈਂਦਾ ਏ ਤਾਂ ਉਸਨੂੰ ਵੀ ਬੜਾ ਦੁੱਖ ਹੋਇਆ ਸੀ।
ਉਸਨੇ ਸੋਚਿਆ ਸੀ, ਅਜਿਹੀ ਕਿਹੜੀ ਮਾਂ ਹੁੰਦੀ ਹੋਏਗੀ ਜਿਹੜੀ ਹਮੇਸ਼ਾ ਵਾਸਤੇ ਆਪਣੇ ਬੱਚੇ ਤੋਂ ਵੱਖ ਹੋ ਸਕਦੀ ਹੋਏ? ਉਸਦਾ ਸਿਰ ਭਾਵੇਂ ਕਿੰਨਾ ਹੀ ਛੋਟਾ, ਨੱਕ ਚਪਟੀ ਜਾਂ ਅੱਖਾਂ ਭੈਂਗੀਆਂ ਹੋਣ, ਪਰ ਮਾਂ ਉਸਨੂੰ ਰੂੜੀ ਦੇ ਢੇਰ ਉੱਤੇ ਨਹੀਂ ਸੁੱਟ ਸਕਦੀ। ਭਾਵੇਂ ਕੁਝ ਵੀ ਸਹੀ, ਉਸਨੂੰ ਸੰਤਾਨ ਚਾਹੀਦੀ ਸੀ, ਸੋ ਉਸਨੇ ਆਪਣੇ ਨਾਲੋਂ ਵੱਡੀ ਉਮਰ ਦੀ ਆਪਣੀ ਸਹੇਲੀ ਦੀ ਗੱਲ ਮੰਨ ਲਈ। ਉਹ ਗੁਜਰਾਤ ਦੀ ਰਹਿਣ ਵਾਲੀ ਸੀ, ਜਿੱਥੇ ਸ਼ਾਹਦੌਲੇ ਦਾ ਮਜ਼ਾਰ ਸੀ। ਸਲੀਮਾ ਨੇ ਆਪਣੇ ਪਤੀ ਨੂੰ ਕਿਹਾ, ''ਫਾਤਮਾ ਮਜਬੂਰ ਕਰ ਰਹੀ ਏ ਕਿ ਮੇਰੇ ਨਾਲ ਚਲ...ਤੁਸੀਂ ਇਜਾਜ਼ਤ ਦਿਓ ਤਾਂ ਹੋ ਆਵਾਂ?'' ਉਸਦੇ ਪਤੀ ਨੂੰ ਭਲਾ ਕੀ ਇਤਰਾਜ਼ ਹੋ ਸਕਦਾ ਸੀ! ਉਸ ਕਿਹਾ, '' ਹੋ-ਆ! ਪਰ ਛੇਤੀ ਮੁੜ ਆਵੀਂ।''
ਉਹ ਫਾਤਮਾ ਨਾਲ ਗੁਜਰਾਤ ਚਲੀ ਗਈ।
ਸ਼ਹਦੌਲੇ ਦਾ ਮਜ਼ਾਰ ਜਿਵੇਂ ਕਿ ਉਸਨੇ ਸੋਚਿਆ ਸੀ, ਕੋਈ ਕੀਮਤੀ ਪੱਥਰ ਦੀ ਇਮਾਰਤ ਨਹੀਂ ਸੀ। ਖਾਸੀ ਖੁੱਲ੍ਹੀ ਜਗਾਹ ਸੀ, ਜੋ ਸਲੀਮਾ ਨੂੰ ਬੜੀ ਪਸੰਦ ਆਈ ਸੀ। ਪਰ ਜਦੋਂ ਭੀੜ ਵਿਚ ਇਕ ਪਾਸੇ ਉਸਨੇ ਸ਼ਾਹਦੌਲੇ ਦੇ ਚੂਹੇ ਦੇਖੇ, ਜਿਹਨਾਂ ਦੇ ਨੱਕ ਵਗ ਰਹੇ ਸਨ ਤੇ ਸਿਰ ਬੜੇ ਹੀ ਛੋਟੇ ਸਨ ਤਾਂ ਉਹ ਸਹਿਮ ਗਈ।
ਉਸਦੇ ਸਾਹਮਣੇ ਇਕ ਜਵਾਨ ਕੁੜੀ ਖਲੋਤੀ ਸੀ; ਭਰਪੂਰ ਜਵਾਨ। ਪਰ ਉਹ ਅਜਿਹੀਆਂ ਹਰਕਤਾਂ ਕਰ ਰਹੀ ਸੀ ਕਿ ਗੰਭੀਰ ਤੋਂ ਗੰਭੀਰ ਬੰਦੇ ਨੂੰ ਵੀ ਹਾਸਾ ਆ ਜਾਂਦਾ ਸੀ। ਉਸਨੂੰ ਦੇਖ ਕੇ ਇਕ ਵਾਰੀ ਤਾਂ ਸਲੀਮਾ ਵੀ ਹੱਸ ਪਈ, ਪਰ ਫੇਰ ਉਸਦਾ ਰੋਣ ਨਿਕਲ ਗਿਆ। ਉਸ ਸੋਚਿਆ, ਇਸ ਕੁੜੀ ਦਾ ਕੀ ਬਣੇਗਾ। ਇੱਥੋਂ ਦੇ ਮਾਲਕ ਉਸਨੂੰ ਵੇਚ ਦੇਣਗੇ, ਤੇ 'ਉਹ' ਬਾਂਦਰੀ ਵਾਂਗ ਇਸਨੂੰ ਥਾਂ-ਥਾਂ ਨਚਾਉਂਦੇ ਫਿਰਨਗੇ। ਇਹ ਵਿਚਾਰੀ ਉਹਨਾਂ ਦੀ ਰੋਜੀ-ਰੋਟੀ ਦਾ ਸਾਧਨ ਬਣ ਕੇ ਰਹਿ ਜਾਏਗੀ।
ਉਸਦਾ ਸਿਰ ਬੜਾ ਹੀ ਛੋਟਾ ਸੀ। ਉਸਨੇ ਸੋਚਿਆ, ਸਿਰ ਛੋਟਾ ਹੋਏ ਤਾਂ ਬੱਚੇ ਦੀ ਕਿਸਮਤ ਤਾਂ ਛੋਟੀ ਨਹੀਂ ਹੁੰਦੀ। ਕਿਸਮਤ ਤਾਂ ਪਾਗਲਾਂ ਦੀ ਵੀ ਹੁੰਦੀ ਏ।
ਸ਼ਾਹਦੌਲੇ ਦੀ ਇਸ ਚੂਹੀ ਦਾ ਸਰੀਰ ਗੁੰਦਵਾਂ ਸੀ, ਸਾਰੇ ਅੰਗ ਹਰ ਪੱਖ ਤੋਂ ਠੀਕ-ਠਾਕ ਸਨ, ਪਰ ਜਾਪਦਾ ਸੀ...ਉਸਦੀ ਚੇਤਨ-ਸ਼ਕਤੀ ਜਾਣ ਬੁੱਝ ਕੇ ਖਤਮ ਕਰ ਦਿੱਤੀ ਗਈ ਏ। ਉਹ ਇੰਜ ਤੁਰਦੀ, ਫਿਰਦੀ ਤੇ ਹੱਸਦੀ ਜਿਵੇਂ ਚਾਬੀ ਭਰ ਕੇ ਛੱਡੀ ਹੋਈ ਹੋਏ। ਸਲੀਮਾ ਨੂੰ ਲੱਗਿਆ ਜਿਵੇਂ ਉਸ ਕੁੜੀ ਨੂੰ ਸਿਰਫ ਏਸੇ ਮੰਤਵ ਵਾਸਤੇ ਬਣਾਇਆ ਗਿਆ ਏ।
ਪਰ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ, ਉਸਨੇ ਆਪਣੀ ਸਹੇਲੀ ਫਾਤਮਾ ਦੇ ਕਹਿਣ 'ਤੇ ਸ਼ਹਦੌਲੇ ਸਾਹਬ ਦੇ ਮਜਾਰ 'ਤੇ ਮਿੰਨਤ ਮੰਗ ਹੀ ਲਈ ਕਿ ਉਹ ਆਪਣਾ ਪਹਿਲਾ ਬੱਚਾ ਉਹਨਾਂ ਦੀ ਖਾਨਗਾਹ ਦੀ ਭੇਂਟ ਕਰ ਦਏਗੀ।
+++
ਡਾਕਟਰੀ ਇਲਾਜ਼ ਵੀ ਸਲੀਮਾ ਨੇ ਜਾਰੀ ਰੱਖਿਆ। ਦੋ ਸਾਲ ਬਾਅਦ ਬੱਚੇ ਦੀ ਪੈਦਾਇਸ਼ ਦੇ ਆਸਾਰ ਸਪਸ਼ਟ ਹੋ ਗਏ। ਸਲੀਮਾ ਬੜੀ ਖੁਸ਼ ਸੀ। ਠੀਕ ਸਮੇਂ 'ਤੇ ਉਹਨਾਂ ਦੇ ਘਰ ਇਕ ਮੁੰਡਾ ਜੰਮਿਆਂ, ਜਿਹੜਾ ਬੜਾ ਹੀ ਸੋਹਣਾ-ਸੁੱਨਖਾ ਸੀ। ਗਰਭ ਦੇ ਦੌਰਾਨ ਕਿਉਂਕਿ ਚੰਦ ਗ੍ਰਹਿਣ ਲੱਗਿਆ ਸੀ, ਇਸ ਲਈ ਬੱਚੇ ਦੀ ਸੱਜੀ ਗੱਲ੍ਹ ਉੱਤੇ ਇਕ ਕਾਲਾ ਧੱਬਾ ਜਿਹਾ ਵੀ ਸੀ, ਪਰ ਉਹ ਬੁਰਾ ਨਹੀਂ ਸੀ ਲੱਗਦਾ।
ਫਾਤਮਾ ਆਈ ਤੇ ਉਸਨੇ ਕਿਹਾ ਕਿ 'ਤੁਰੰਤ ਬੱਚੇ ਨੂੰ ਸ਼ਾਹਦੌਲੇ ਸਾਹਬ ਦੀ ਨਜ਼ਰ ਕਰ ਆਉਣਾ ਚਾਹੀਦਾ ਹੈ।' ਭਾਵੇਂ ਸਲੀਮਾ ਆਪ ਮਿੰਨਤ ਮੰਗ ਕੇ ਆਈ ਸੀ, ਪਰ ਹੁਣ ਟਾਲ-ਮਟੋਲ ਕਰਨ ਲੱਗ ਪਈ। ਉਸਦੀ ਮਮਤਾ ਮੰਨਦੀ ਹੀ ਨਹੀਂ ਸੀ ਪਈ ਕਿ ਉਹ ਆਪਣੀਆਂ ਅੱਖਾਂ ਦੇ ਤਾਰੇ ਨੂੰ ਉੱਥੇ ਸੁੱਟ ਆਵੇ।
ਉਸਨੂੰ ਦੱਸਿਆ ਗਿਆ ਸੀ, ਸ਼ਾਹਦੌਲੇ ਹੁਰਾਂ ਤੋਂ ਜਿਹੜਾ ਸੰਤਾਨ ਮੰਗਦਾ ਹੈ, ਉਸਦੇ ਪਹਿਲੇ ਬੱਚੇ ਦਾ ਸਿਰ ਬੜਾ ਛੋਟਾ ਹੁੰਦਾ ਹੈ...ਪਰ ਉਸਦੇ ਆਪਣੇ ਪੁੱਤਰ ਦਾ ਸਿਰ ਤਾਂ ਕਾਫੀ ਵੱਡਾ ਸੀ। ਫਾਤਮਾ ਨੇ ਕਿਹਾ, ''ਇਹ ਕੋਈ ਅਜਿਹੀ ਗੱਲ ਨਹੀਂ ਜਿਸਨੂੰ ਤੂੰ ਬਹਾਨਾ ਬਣਾ ਸਕੇਂ। ਤੇਰਾ ਬੱਚਾ ਸ਼ਾਹਦੌਲੇ ਸਾਹਬ ਦੀ ਇਮਾਨਤ ਏ, ਏਸ ਉਪਰ ਤੇਰਾ ਕੋਈ ਹੱਕ ਨਹੀਂ। ਜੇ ਤੂੰ ਆਪਣੇ ਵਾਅਦੇ ਤੋਂ ਮੁੱਕਰ ਗਈ ਤਾਂ ਚੇਤੇ ਰੱਖੀਂ ਤੇਰੇ ਤੇ ਅਜਿਹੇ ਕਹਿਰ ਟੁੱਟਣਗੇ ਕਿ ਤੂੰ ਸਾਰੀ ਜ਼ਿੰਦਗੀ ਯਾਦ ਕਰੇਂਗੀ।''
ਦੁਖੀ ਦਿਲ ਨਾਲ ਸਲੀਮਾ ਨੂੰ ਆਪਣਾ ਪਿਆਰਾ ਪੁੱਤਰ, ਜਿਸਦੀ ਸੱਜੀ ਗੱਲ੍ਹ ਉੱਤੇ ਕਾਲਾ ਵੱਡਾ ਤਿਲ ਸੀ, ਗੁਜਰਾਤ ਜਾ ਕੇ ਸ਼ਾਹਦੌਲੇ ਸਾਹਬ ਦੇ ਮਜ਼ਾਰ ਦੇ ਸੇਵਕਾਂ ਨੂੰ ਸੌਂਪ ਦੇਣਾ ਪਿਆ।
ਉਹ ਏਨਾ ਰੋਈ, ਏਨੀ ਦੁਖੀ ਹੋਈ ਕਿ ਬੀਮਾਰ ਪੈ ਗਈ। ਇਕ ਸਾਲ ਤਕ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਜੂਝਦੀ ਰਹੀ। ਉਹ ਆਪਣੇ ਬੱਚੇ ਦੀ ਯਾਦ ਨੂੰ ਭੁੱਲ ਹੀ ਨਹੀਂ ਸੀ ਸਕੀ। ਖਾਸ ਕਰਕੇ ਉਸਦੀ ਸੱਜੀ ਗੱਲ੍ਹ ਦਾ ਕਾਲਾ ਦਾਗ਼ ਉਸਨੂੰ ਵਾਰੀ-ਵਾਰੀ ਯਾਦ ਆਉਂਦਾ ਸੀ, ਜਿਸਨੂੰ ਉਹ ਅਕਸਰ ਚੁੰਮ ਲੈਂਦੀ ਹੁੰਦੀ ਸੀ। ਦਾਗ਼ ਸੀ ਵੀ ਬੜਾ ਪਿਆਰਾ ਚੰਨ ਦੇ ਦਾਗ਼ ਵਰਗਾ! ਛਿਣ-ਪਲ ਖਾਤਰ ਵੀ ਉਹ ਆਪਣੇ ਬੱਚੇ ਦੀ ਯਾਦ ਨੂੰ ਨਹੀਂ ਸੀ ਭੁੱਲ ਸਕੀ। ਅਜੀਬ-ਅਜੀਬ ਸੁਪਨੇ ਆਉਂਦੇ...ਸ਼ਾਹਦੌਲਾ ਚੂਹੇ ਰੂਪ ਵਿਚ ਪ੍ਰੇਸ਼ਾਨ ਜਿਹਾ ਪਰਗਟ ਹੁੰਦਾ ਤੇ ਉਸਦੇ ਮਾਸ ਨੂੰ ਆਪਣੇ ਤਿੱਖੇ ਦੰਦਾਂ ਨਾਲ ਕੁੱਤਰਣ ਲੱਗ ਪੈਂਦਾ। ਉਹ ਚੀਕਾਂ ਮਾਰਦੀ ਉਠ ਬਹਿੰਦੀ ਤੇ ਪਤੀ ਨੂੰ ਕਹਿੰਦੀ, ''ਮੈਨੂੰ ਬਚਾਅ ਲਓ, ਦੇਖੋ ਚੂਹਾ ਮੇਰਾ ਮਾਸ ਖਾ ਰਿਹੈ।''
ਕਦੀ-ਕਦੀ ਉਸਦਾ ਬੈਚੇਨ ਦਿਮਾਗ਼ ਇੰਜ ਸੋਚਣ ਲੱਗ ਪੈਂਦਾ ਕਿ ਉਸਦਾ ਬੱਚਾ ਚੂਹਿਆਂ ਦੀ ਖੁੱਡ ਵਿਚ ਵੜਿਆ ਜਾ ਰਿਹਾ ਏ। ਉਹ ਉਸਨੂੰ ਪੂਛੋਂ ਫੜ੍ਹ ਕੇ ਬਾਹਰ ਵੱਲ ਖਿੱਚ ਰਹੀ ਏ, ਪਰ ਖੁੱਡ ਅੰਦਰਲੇ ਚੂਹੇ ਨੇ ਉਸਦਾ ਮੂੰਹ ਫੜ੍ਹ ਲਿਆ ਏ, ਸੋ ਉਹ ਉਸਨੂੰ ਬਾਹਰ ਨਹੀਂ ਕੱਢ ਸਕਦੀ।
ਕਦੇ ਉਸਦੀਆਂ ਅੱਖਾਂ ਸਾਹਮਣੇ ਉਹ ਭਰਪੂਰ ਜਵਾਨ ਕੁੜੀ ਖੇਡਾ ਪਾਉਣ ਲੱਗ ਪੈਂਦੀ, ਜਿਸਨੂੰ ਉਸਨੇ ਸ਼ਾਹਦੌਲੇ ਦੇ ਮਜ਼ਾਰ ਉੱਤੇ ਦੇਖਿਆ ਸੀ। ਸਲੀਮਾ ਹੱਸ ਪੈਂਦੀ ਤੇ ਫੇਰ ਝੱਟ ਹੀ ਰੋਣ ਲੱਗ ਪੈਂਦੀ। ਉਹ ਏਨਾ ਰੋਂਦੀ, ਏਨੀਆਂ ਚੀਕਾਂ ਮਾਰਦੀ ਕਿ ਉਸਦੇ ਪਤੀ ਦੀ ਸਮਝ ਵਿਚ ਨਾ ਆਉਂਦਾ ਕਿ ਉਸਨੂੰ ਚੁੱਪ ਕਿੰਜ ਕਰਾਇਆ ਜਾਏ।
ਉਸਨੂੰ ਜਗਾਹ-ਜਗਾਹ ਚੂਹੇ ਹੀ ਨਜ਼ਰ ਆਉਣ ਲੱਗ ਪਏ ਸਨ—ਬਿਸਤਰੇ ਉਪਰ ਚੂਹੇ, ਰਸੋਈ-ਗੁਸਲਖਾਨੇ ਵਿਚ ਚੂਹੇ, ਸੋਫਿਆਂ-ਕੁਰਸੀਆਂ ਉੱਤੇ ਚੂਹੇ, ਹਿੱਕ ਦੇ ਅੰਦਰ ਚੂਹੇ ਤੇ ਨੱਕ ਤੇ ਕੰਨਾਂ ਵਿਚ ਚੂਹੇ! ਕਦੀ-ਕਦੀ ਉਸਨੂੰ ਇੰਜ ਵੀ ਮਹਿਸੂਸ ਹੁੰਦਾ ਸੀ, ਜਿਵੇਂ ਉਹ ਆਪ ਵੀ ਇਕ ਚੂਹੀ ਏ। ਉਸਦਾ ਨੱਕ ਵਗ ਰਿਹਾ ਏ। ਉਹ ਸ਼ਾਹਦੌਲੇ ਦੇ ਮਜ਼ਾਰ ਦੀ ਭੀੜ ਵਿਚਕਾਰ, ਆਪਣਾ ਛੋਟਾ ਜਿਹਾ ਸਿਰ, ਆਪਣੇ ਕਮਜ਼ੋਰ ਮੋਢਿਆਂ ਉਪਰ ਚੁੱਕੀ, ਅਜਿਹੀਆਂ ਹਰਕਤਾਂ ਕਰ ਰਹੀ ਏ ਕਿ ਦੇਖਣ ਵਾਲਿਆਂ ਵਿਚ ਹਾਸੜ ਮੱਚੀ ਹੋਈ ਏ। ਉਸਦੀ ਹਾਲਤ ਬੜੀ ਤਰਸ ਯੋਗ ਹੋ ਗਈ ਸੀ। ਪੂਰੀ ਸਰਿਸ਼ਟੀ ਵਿਚ ਉਸਨੂੰ ਸਿਰਫ ਕਾਲੇ ਧੱਬੇ ਹੀ ਨਜ਼ਰ ਆਉਂਦੇ ਸਨ।
ਬੁਖਾਰ ਜ਼ਰਾ ਘਟਿਆ ਤਾਂ ਤਬੀਅਤ ਵੀ ਕੁਝ ਸੰਭਲੀ। ਨਜ਼ੀਬ ਨੂੰ ਰਤਾ ਹੌਸਲਾ ਹੋਇਆ। ਉਸਨੂੰ ਸਲੀਮਾ ਦੀ ਬਿਮਾਰੀ ਦਾ ਕਾਰਨ ਤਾਂ ਪਤਾ ਹੀ ਸੀ, ਪਰ ਉਹ ਬੜੇ ਗੰਭੀਰ ਸੁਭਾਅ ਦਾ ਆਦਮੀ ਸੀ। ਉਸਨੂੰ ਆਪਣੀ ਪਹਿਲੀ ਸੰਤਾਨ ਦੇ ਚਲੇ ਜਾਣ ਦਾ ਦੁੱਖ ਨਹੀਂ ਸੀ। ਜੋ ਵੀ ਕੀਤਾ ਗਿਆ ਸੀ, ਉਹ ਉਸਨੂੰ ਬਿਲਕੁਲ ਠੀਕ ਮੰਨਦਾ ਸੀ। ਉਹ ਤਾਂ ਇਹ ਵੀ ਸੋਚਦਾ ਸੀ ਕਿ ਉਹਨਾਂ ਦੇ ਘਰ ਜਿਹੜਾ ਪੁੱਤਰ ਹੋਇਆ ਸੀ ਸਿਰਫ ਸ਼ਾਹਦੌਲੇ ਦੀ ਇਮਾਨਤ ਸੀ।
ਜਦੋਂ ਸਲੀਮਾ ਦਾ ਬੁਖਾਰ ਉਤਰ ਗਿਆ ਤੇ ਉਹਦੇ ਦਿਲ-ਦਿਮਾਗ਼ ਵਿਚ ਮਚਲਦਾ ਤੁਫ਼ਾਨ ਰਤਾ ਮੱਠਾ ਪੈ ਗਿਆ ਤਾਂ ਨਜ਼ੀਬ ਨੇ ਉਸਨੂੰ ਆਖਿਆ, ''ਮੇਰੀ ਜਾਨ, ਉਸ ਬੱਚੇ ਨੂੰ ਭੁੱਲ ਜਾਓ। ਉਹ ਤਾਂ ਹੈ ਹੀ ਸਦਕੇ (ਮੰਗ ਕੇ ਲਈ ਹੋਈ ਚੀਜ਼) ਦਾ ਸੀ।''
'ਮੈਂ ਨਹੀਂ ਮੰਨਦੀ, ''ਸਲੀਮਾ ਨੇ ਦੁੱਖ ਪਰੁੱਚੀ ਆਵਾਜ਼ ਵਿਚ ਕਿਹਾ, ''ਸਾਰੀ ਉਮਰ ਮੈਂ ਆਪਣੀ ਮਮਤਾ ਨੂੰ ਲਾਹਨਤਾਂ ਪਾਂਦੀ ਰਵਾਂਗੀ ਕਿ ਮੈਂ ਏਡਾ ਵੱਡਾ ਗੁਨਾਹ ਕਿੰਜ ਕਰ ਬੈਠੀ?...ਆਪਣੀਆਂ ਅੱਖਾਂ ਦਾ ਤਾਰਾ ਪੁੱਤਰ ਮਜਾਰ ਦੇ ਨੌਕਰਾਂ ਦੇ ਹਵਾਲੇ ਕਰ ਆਈ।...ਉਹ ਮਾਂ ਤਾਂ ਨਹੀਂ ਬਣ ਸਕਦੇ।''
ਇਕ ਦਿਨ ਅਚਾਨਕ ਉਹ ਗਾਇਬ ਹੋ ਗਈ—ਸਿੱਧੀ ਗੁਜਰਾਤ ਜਾ ਪਹੁੰਚੀ ਤੇ ਸੱਤ ਅੱਠ ਦਿਨ ਉੱਥੇ ਹੀ ਰਹੀ। ਆਪਣੇ ਬੱਚੇ ਬਾਰੇ ਕਈ ਲੋਕਾਂ ਤੋਂ ਪੁੱਛ-ਗਿੱਛ ਕੀਤੀ, ਪਰ ਉਸਦਾ ਕੋਈ ਪਤਾ-ਥਹੁ ਨਾ ਲੱਗਿਆ। ਨਿਰਾਸ਼ ਹੋ ਕੇ ਵਾਪਸ ਮੁੜ ਆਈ ਤੇ ਆਪਣੇ ਪਤੀ ਨੂੰ ਕਹਿਣ ਲੱਗੀ, ''ਹੁਣ ਮੈਂ ਉਸਨੂੰ ਕਦੇ ਯਾਦ ਨਹੀਂ ਕਰਾਂਗੀ।''
ਯਾਦ ਤਾਂ ਉਹ ਕਰਦੀ ਰਹੀ ਪਰ ਅੰਦਰੇ-ਅੰਦਰ। ਉਸਦੇ ਬੱਚੇ ਦੀ ਸੱਜੀ ਗੱਲ੍ਹ ਦਾ ਦਾਗ਼ ਉਸਦੇ ਦਿਲ ਦਾ ਦਾਗ਼ ਬਣ ਕੇ ਰਹਿ ਗਿਆ ਸੀ।
+++
ਇਕ ਸਾਲ ਬਾਅਦ ਉਹਨਾਂ ਦੇ ਘਰ ਇਕ ਕੁੜੀ ਹੋਈ, ਜਿਸਦੀ ਸ਼ਕਲ-ਸੂਰਤ ਉਸਦੇ ਜੇਠੇ ਪੁੱਤਰ ਨਾਲ ਬੜੀ ਮਿਲਦੀ ਸੀ...ਪਰ ਉਸਦੀ ਗੱਲ੍ਹ ਉੱਤੇ ਕਾਲਾ ਨਿਸ਼ਾਨ ਨਹੀਂ ਸੀ। ਉਸਦਾ ਨਾਂ ਉਸਨੇ ਮੁਜੀਬਾ ਰੱਖ ਦਿੱਤਾ, ਕਿਉਂਕਿ ਆਪਣੇ ਪੁੱਤਰ ਦਾ ਨਾਂ ਉਸਨੇ ਮੁਜੀਬ ਸੋਚਿਆ ਹੋਇਆ ਸੀ। ਜਦੋਂ ਉਹ ਦੋ ਮਹੀਨਿਆਂ ਦੀ ਹੋ ਗਈ ਤਾਂ ਉਸਨੇ ਉਸਨੂੰ ਗੋਦੀ ਵਿਚ ਚੁੱਕ ਕੇ ਸੁਰਮੇਦਾਨੀ ਵਿਚੋਂ ਥੋੜ੍ਹਾ ਜਿਹਾ ਸੁਰਮਾ ਕੱਢਿਆ ਤੇ ਉਸਦੀ ਸੱਜੀ ਗੱਲ੍ਹ ਉੱਤੇ ਇਕ ਵੱਡਾ ਸਾਰਾ ਟਿੱਕਾ ਲਾ ਦਿੱਤਾ...ਤੇ ਫੇਰ ਮੁਜੀਬ ਨੂੰ ਯਾਦ ਕਰਕੇ ਰੋਣ ਲੱਗ ਪਈ। ਇਸ ਤੋਂ ਪਹਿਲਾਂ ਕਿ ਹੰਝੂ ਗੱਲ੍ਹਾਂ ਤੋਂ ਤਿਲ੍ਹਕ ਕੇ ਹੇਠ ਡਿੱਗ ਪੈਣ, ਉਸਨੇ ਉਹਨਾਂ ਨੂੰ ਆਪਣੇ ਦੁੱਪਟੇ ਦੇ ਲੜ ਵਿਚ ਸਮੇਟ ਲਿਆ...ਤੇ ਫੇਰ ਉਹ ਹੱਸਣ ਲੱਗ ਪਈ, ਜਿਵੇਂ ਆਪਣੇ ਦੁੱਖ ਨੂੰ ਭੁੱਲ ਜਾਣ ਦੀ ਕੋਸ਼ਿਸ਼ ਕਰ ਰਹੀ ਹੋਏ।
ਇਸ ਤੋਂ ਬਾਅਦ ਉਸਨੇ ਦੋ ਮੁੰਡੇ ਹੋਰ ਜੰਮੇ ਸਨ...ਤੇ ਉਸਦਾ ਪਤੀ ਬੜਾ ਹੀ ਖੁਸ਼ ਸੀ।
ਇਕ ਵਾਰੀ ਫੇਰ ਸਲੀਮਾ ਨੂੰ ਆਪਣੀ ਕਿਸੇ ਸਹੇਲੀ ਦੇ ਵਿਆਹ ਵਿਚ ਗੁਜਰਾਤ ਜਾਣਾ ਪਿਆ। ਐਤਕੀਂ ਫੇਰ ਉਸਨੇ ਆਪਣੇ ਮੁਜੀਬ ਬਾਰੇ ਖਾਸੀ ਪੁੱਛ-ਪੜਤਾਲ ਕੀਤੀ ਤੇ ਜਦੋਂ ਉਸਦੀ ਕੋਈ ਉੱਗ-ਸੁੱਘ ਨਾ ਮਿਲੀ ਤਾਂ ਉਸਨੇ ਸੋਚਿਆ ਕਿ ਉਹ ਮਰ-ਮੁੱਕ ਗਿਆ ਹੋਏਗਾ...ਤੇ ਫੇਰ ਜੁਮੇ ਵਾਲੇ ਦਿਨ ਉਸਨੇ ਉਸਦੇ ਨਮਿੱਤ ਅੰਤਿਮ ਸੰਸਕਾਰ ਪੂਰੇ ਕਰਵਾ ਦਿੱਤੇ ਸਨ।
ਆਂਢੀ-ਗੁਆਂਢੀ ਹੈਰਾਨ ਸਨ ਕਿ ਇਹ ਸਾਰਾ ਝੰਜਟ ਕਿਸ ਖਾਤਰ ਕੀਤਾ ਜਾ ਰਿਹਾ ਹੈ! ਕਿਸੇ ਕਿਸੇ ਨੇ ਪੁੱਛ ਵੀ ਲਿਆ ਸੀ, ਪਰ ਸਲੀਮਾ ਨੇ ਕਿਸੇ ਨੂੰ ਵੀ ਅਸਲ ਗੱਲ ਨਹੀਂ ਸੀ ਦੱਸੀ।
ਸ਼ਾਮ ਨੂੰ ਉਹ ਆਪਣੀ ਦਸ ਸਾਲਾ ਕੁੜੀ ਮੁਜੀਬਾ ਨੂੰ ਬਾਹੋਂ ਫੜ੍ਹ ਦੇ ਕਮਰੇ ਅੰਦਰ ਲੈ ਗਈ। ਸੁਰਮੇ ਨਾਲ ਉਸਦੀ ਸੱਜੀ ਗੱਲ੍ਹ ਉੱਤੇ ਵੱਡਾ ਸਾਰਾ ਟਿੱਕਾ ਲਾਇਆ ਤੇ ਬੜੀ ਦੇਰ ਤਕ ਉਸਨੂੰ ਚੁੰਮਦੀ ਰਹੀ।
ਉਹ ਮੁਜੀਬਾ ਨੂੰ ਹੀ ਆਪਣਾ ਗਵਾਚਿਆ ਹੋਇਆ ਪੁੱਤਰ ਸਮਝਣ ਲੱਗ ਪਈ ਸੀ ਤੇ ਉਸ ਬਾਰੇ ਉਸਨੇ ਹੁਣ ਸੋਚਣਾ ਵੀ ਛੱਡ ਦਿੱਤਾ ਸੀ। ਉਸਦੀਆਂ ਅੰਤਮ ਰਸਮਾਂ ਕਰ ਆਉਣ ਤੋਂ ਬਾਅਦ ਉਸਦੇ ਮਨ ਦਾ ਭਾਰ ਖਾਸਾ ਹੌਲਾ ਹੋ ਗਿਆ ਸੀ। ਉਸਨੇ ਆਪਣੇ ਦਿਲ ਦੀ ਦੁਨੀਆਂ ਵਿਚ ਉਸ ਦੀ ਕਬਰ ਬਣਾਅ ਲਈ ਸੀ, ਜਿਸ ਉੱਤੇ ਉਹ ਆਪਣੀ ਕਲਪਣਾ ਦੀ ਦੁਨੀਆਂ ਵਿਚ ਵਿਚਰਦੀ ਹੋਈ ਸ਼ਰਧਾ ਦੇ ਫੁੱਲ ਚੜ੍ਹਾ ਦਿੰਦੀ ਹੁੰਦੀ ਸੀ।
ਉਸਦੇ ਤਿੰਨੇ ਬੱਚੇ ਸਕੂਲ ਜਾਣ ਲੱਗ ਪਏ ਸਨ। ਉਹ ਸਵੇਰ ਸਾਰ ਉਠ ਕੇ ਉਹਨਾਂ ਵਾਸਤੇ ਨਾਸ਼ਤਾ ਤਿਆਰ ਕਰਦੀ, ਉਹਨਾਂ ਨੂੰ ਨੁਹਾਉਂਦੀ ਤੇ ਤਿਆਰ ਕਰਕੇ ਸਕੂਲ ਭੇਜ ਦਿੰਦੀ। ਜਦੋਂ ਉਹ ਚਲੇ ਜਾਂਦੇ, ਉਹ ਬਿੰਦ ਦਾ ਬਿੰਦ ਆਪਣੇ ਮੁਜੀਬ ਨੂੰ ਵੀ ਯਾਦ ਕਰ ਲੈਂਦੀ। ਹਾਲਾਂਕਿ ਉਹ ਆਪਣੇ ਹੱਥੀਂ ਉਸਦੀਆਂ ਅੰਤਮ ਰਸਮਾਂ ਕਰਵਾ ਆਈ ਸੀ ਤੇ ਉਸਦੇ ਦਿਲ ਦਾ ਬੋਝ ਵੀ ਹਲਕਾ ਹੋ ਗਿਆ ਸੀ, ਪਰ ਕਦੀ-ਕਦੀ ਉਸਨੂੰ ਇੰਜ ਮਹਿਸੂਸ ਹੋਣ ਲੱਗ ਪੈਂਦਾ ਸੀ ਜਿਵੇਂ ਮੁਜੀਬ ਦੀ ਸੱਜੀ ਗੱਲ੍ਹ ਦਾ ਦਾਗ਼ ਉਸਦੇ ਦਿਲ ਦਿਮਾਗ਼ ਉੱਤੇ ਦਗ਼ ਰਿਹਾ ਹੈ।
ਇਕ ਦਿਨ ਉਸਦੇ ਤਿੰਨੇ ਬੱਚੇ ਨੱਠੇ-ਨੱਠੇ ਆਏ ਤੇ ਕਹਿਣ ਲੱਗੇ, ''ਅੰਮੀ, ਅਸੀਂ ਤਮਾਸ਼ਾ ਦੇਖਣਾ ਏਂ।''
ਉਸਨੇ ਬੜੇ ਪਿਆਰ ਨਾਲ ਪੁੱਛਿਆ, ''ਕੇਹਾ ਤਮਾਸ਼ਾ ਬੱਚਿਓ?''
ਉਸਦੀ ਕੁੜੀ ਨੇ ਕਿਹਾ, ''ਅੰਮੀ ਜਾਨ, ਇਕ ਭਾਈ ਏ...ਬੜਾ ਈ ਵਧੀਆ ਤਮਾਸ਼ਾ ਦਿਖਾਂਦਾ ਏ।''
ਸਲੀਮਾ ਨੇ ਕਿਹਾ, ''ਜਾਓ ਉਸਨੂੰ ਬੁਲਾਅ ਲਿਆਓ। ਅੰਦਰ ਨਾ ਵਾੜਿਓ, ਬਾਰ ਮੂਹਰੇ ਈ ਤਮਾਸ਼ਾ ਕਰਵਾ ਲਿਓ।''
ਬੱਚੇ ਨੱਠ ਗਏ। ਉਸ ਆਦਮੀ ਨੂੰ ਸੱਦ ਲਿਆਏ ਤੇ ਤਮਾਸ਼ਾ ਦੇਖਦੇ ਰਹੇ। ਜਦੋਂ ਤਮਾਸ਼ਾ ਖਤਮ ਹੋ ਗਿਆ ਤਾਂ ਮਜੀਬਾ ਆਪਣੀ ਮਾਂ ਕੋਲੋਂ ਪੈਸੇ ਲੈਣ ਆਈ। ਮਾਂ ਨੇ ਆਪਣੇ ਪਰਸ ਵਿਚੋਂ ਚਵਾਨੀ ਕੱਢੀ ਤੇ ਬਾਹਰ ਵਰਾਂਡੇ ਵਿਚ ਆ ਗਈ। ਦਰਵਾਜ਼ੇ ਕੋਲ ਪਹੁੰਚੀ ਤਾਂ ਸਾਹਮਣੇ ਸ਼ਾਹਦੌਲੇ ਦਾ ਇਕ ਚੂਹਾ ਖੜ੍ਹਾ, ਅਜੀਬ-ਅਜੀਬ ਢੰਗ ਨਾਲ ਸਿਰ ਹਿਲਾਉਂਦਾ ਨਜ਼ਰ ਆਇਆ, ਸਲੀਮਾ ਦਾ ਹਾਸਾ ਨਿਕਲ ਗਿਆ।
ਦਸ ਬਾਰਾਂ ਬੱਚੇ ਉਸਨੂੰ ਘੇਰੀ ਖੜ੍ਹੇ ਸਨ। ਐਨੀ ਚੀਕਾ-ਰੌਲੀ ਪਈ ਹੋਈ ਸੀ ਕਿ ਕੰਨ ਪਈ ਆਵਾਜ਼ ਸੁਣਾਈ ਨਹੀਂ ਸੀ ਦੇ ਰਹੀ। ਸਲੀਮਾ ਨੇ ਅੱਗੇ ਵਧ ਕੇ ਜਦੋਂ ਚਵਾਨੀ ਉਸ ਸ਼ਾਹਦੌਲੇ ਦੇ ਚੂਹੇ ਨੂੰ ਫੜਾਉਣੀ ਚਾਹੀ ਤਾਂ ਉਸਦਾ ਹੱਥ ਆਪ-ਮੁਹਾਰੇ ਹੀ ਪਿਛਾਂਹ ਵੱਲ ਖਿੱਚਿਆ ਗਿਆ—ਜਿਵੇਂ ਬਿਜਲੀ ਦਾ ਕਰੰਟ ਲੱਗ ਗਿਆ ਹੋਏ। ਉਸ ਚੂਹੇ ਦੀ ਸੱਜੀ ਗੱਲ੍ਹ ਉੱਤੇ ਕਾਲਾ ਦਾਗ਼ ਸੀ। ਸਲੀਮਾ ਨੇ ਗਹੁ ਨਾਲ ਤੱਕਿਆ—ਉਸਦਾ ਨੱਕ ਵਗ ਰਿਹਾ ਸੀ। ਉਦੋਂ ਹੀ ਕੋਲ ਖੜ੍ਹੀ ਮੁਜੀਬਾ ਨੇ ਆਪਣੀ ਮਾਂ ਨੂੰ ਪੁੱਛਿਆ, ''ਇਹ ਚੂਹਾ ਅੰਮੀ ਜਾਨ, ਇਸਦੀ ਸ਼ਕਲ ਮੇਰੇ ਨਾਲ ਕਿਉਂ ਮਿਲਦੀ ਏ? ਕੀ ਮੈਂ ਵੀ ਚੂਹੀ ਆਂ?''
ਸਲੀਮਾ ਨੇ ਉਸ ਸ਼ਾਹਦੌਲੇ ਦੇ ਚੂਹੇ ਦੀ ਬਾਂਹ ਫੜ੍ਹ ਲਈ ਤੇ ਉਸਨੂੰ ਕਮਰੇ ਅੰਦਰ ਲੈ ਆਈ। ਬੂਹੇ ਭੀੜ ਕੇ ਉਸਨੂੰ ਚੁੰਮਿਆਂ, ਬਲਾਵਾਂ ਲਈਆਂ—ਕਿਉਂਕਿ ਉਹ ਉਸਦਾ ਮੁਜੀਬ ਸੀ। ਪਰ ਉਹ ਅਜਿਹੀਆਂ ਅਜੀਬ-ਅਜੀਬ ਹਰਕਤਾਂ ਕਰ ਰਿਹਾ ਸੀ ਕਿ ਦੁਖੀ-ਦਿਲ ਮਾਂ ਨੇ ਬੜੀ ਮੁਸ਼ਕਿਲ ਨਾਲ ਆਪਣਾ ਹਾਸਾ ਰੋਕਿਆ ਹੋਇਆ ਸੀ।
ਉਸ ਕਿਹਾ, ''ਪੁੱਤਰ ਮੈਂ ਤੇਰੀ ਮਾਂ-ਆਂ।''
ਸ਼ਾਹਦੌਲੇ ਦਾ ਚੂਹਾ ਉੱਚੀ-ਉੱਚੀ ਹੱਸਿਆ। ਆਪਣੀ ਵਗਦੀ ਨੱਕ ਨੂੰ ਕਮੀਜ਼ ਦੇ ਕਫ ਨਾਲ ਪੂੰਝਦਿਆਂ ਹੋਇਆਂ ਉਸਨੇ ਆਪਣੀ ਮਾਂ ਮੂਹਰੇ ਹੱਥ ਅੱਡ ਲਏ, ''ਇਕ ਪੈਸਾ!'' ਮਾਂ ਨੇ ਆਪਣਾ ਪਰਸ ਖੋਹਲਿਆ...ਪਰ ਉਸਦੀਆਂ ਅੱਖਾਂ ਆਪਣੇ ਹੰਝੂਆਂ ਦੀ ਨਦੀ ਦਾ ਬੰਨ੍ਹ ਪਹਿਲਾਂ ਹੀ ਖੋਲ੍ਹ ਚੁੱਕੀਆਂ ਸਨ। ਉਸਨੇ ਸੌ ਰੁਪਏ ਦਾ ਨੋਟ ਕੱਢਿਆ ਤੇ ਬਾਹਰ ਜਾ ਕੇ ਉਸ ਆਦਮੀ ਨੂੰ ਦੇਣਾ ਚਾਹਿਆ, ਜਿਹੜਾ ਮੁਜੀਬ ਦਾ ਤਮਾਸ਼ਾ ਦਿਖਾਉਂਦਾ ਫਿਰਦਾ ਸੀ...ਪਰ ਉਸਨੇ ਸਾਫ ਇਨਕਾਰ ਕਰ ਦਿੱਤਾ ਕਿ ਉਹ ਏਨੀ ਘੱਟ ਕੀਮਤ ਵਿਚ ਆਪਣੀ ਰੋਜ਼ੀ-ਰੋਟੀ ਦੇ ਸਾਧਨ ਨੂੰ ਨਹੀਂ ਵੇਚੇਗਾ। ਅਖੀਰ ਸਲੀਮਾ ਨੇ ਉਸਨੂੰ ਪੰਜ ਸੌ ਰੁਪਏ ਵਿਚ ਰਾਜੀ ਕਰ ਲਿਆ। ਰਕਮ ਤਾਰ ਕੇ ਜਦੋਂ ਉਹ ਵਾਪਸ ਅੰਦਰ ਆਈ ਤਾਂ ਮੁਜੀਬ ਗਾਇਬ ਸੀ। ਮੁਜੀਬਾ ਨੇ ਦੱਸਿਆ ਕਿ ਉਹ ਪਿੱਛਲੇ ਦਰਵਾਜ਼ੇ ਵਿਚੋਂ ਨਿਕਲ ਕੇ ਨੱਠ ਗਿਆ ਸੀ।
ਸਲੀਮਾ ਦੀ ਕੁੱਖ ਕੂਕਦੀ-ਕੁਰਲਾਉਂਦੀ ਰਹਿ ਗਈ ਕਿ ਮੁਜੀਬ, ਮੇਰੇ ਬੱਚੇ ਵਾਪਸ ਮੁੜ ਆ—ਪਰ ਉਹ ਅਜਿਹਾ ਗਿਆ ਕਿ ਮੁੜ ਕਦੀ ਵਾਪਸ ਨਹੀਂ ਆਇਆ।
(ਅਨੁਵਾਦ: ਮਹਿੰਦਰ ਬੇਦੀ, ਜੈਤੋ)