Shaheedi Saata (Punjabi Essay) : Dr. Ganda Singh

ਸ਼ਹੀਦੀ ਸਾਤਾ (ਲੇਖ) : ਡਾਕਟਰ ਗੰਡਾ ਸਿੰਘ

ਅਨੰਦ ਪੁਰ ਦੇ ਘੇਰੇ ਪਏ ਨੂੰ ਸੱਤ ਮਹੀਨੇ ਹੋ ਚੁਕੇ ਸਨ ਤੇ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਸੀ । ਕਿਲ੍ਹੇ ਅੰਦਰ ਘਿਰੇ ਹੋਏ ਸਿੰਘਾਂ ਦਾ ਖਾਣਾ ਦਾਣਾ ਤੇ ਪੱਠਾ ਮੁਕ ਚੁੱਕਾ ਹੋਇਆ ਸੀ । ਲੰਗਰ ਮਸਤ ਸਨ ਤੇ ਕਈ ਦਿਨਾਂ ਤੋਂ ਕੜਾਕੇ ਹੀ ਕੱਟ ਰਹੇ ਸਨ, ਹਾਲਤ ਕੁਝ ਡਾਵਾਂ ਡੋਲ ਜਿਹੀ ਸੀ । ਪਾਤਸ਼ਾਹ ਔਰੰਗਜ਼ੇਬ ਭਾਵੇਂ ਆਪ ਤਾਂ ਦੱਖਣ ਵਿੱਚ ਬੈਠਾ ਸੀ, ਪਰ ਉਸ ਦੀਆਂ ਤਾੜਨਾ ਭਰੀਆਂ ਚਿੱਠੀਆਂ ਨੇ ਫ਼ੌਜਦਾਰਾਂ ਦੇ ਭਾ ਦੀ ਬਣਾ ਛੱਡੀ ਹੋਈ ਸੀ, ਤੇ ਫ਼ੌਜਦਾਰ ਅੱਗੇ ਆਪਣਾ ਗੁੱਸਾ ਪਹਾੜੀਆਂ ਤੇ ਕੱਢ ਰਹੇ ਸਨ । ਇਕ ਮਾਮੂਲੀ ਕਿਲ੍ਹੇ ਉੱਤੇ ਸਰਹੰਦ, ਲਾਹੌਰ, ਕਸ਼ਮੀਰ ਤੇ ਮੁਲਤਾਨ ਆਦਿ ਸੂਬਿਆਂ, ਮਲੇਰ ਕੋਟਲਾ, ਕਸੂਰ, ਤੇ ਦੂਸਰੇ ਫੌਜਦਾਰਾਂ ਤੇ ਸ਼ਿ਼ਵਾਲਕ ਪਹਾੜੀਆਂ ਦੇ 22 ਰਾਜਿਆਂ ਦੀਆਂ ਮਿਲਵੀਆਂ ਫ਼ੌਜਾਂ ਦਾ ਸੱਤ ਮਹੀਨੇ ਘੇਰਾ ਪਾਏ ਰਹਿਣਾ ਕੋਈ ਮਾਮੂਲੀ ਗੱਲ ਨਹੀਂ। ਸੀ। ਪਰ ਕਰਨ ਭੀ ਕੀ ਜਦ ਅੱਗੇ ਪੇਸ਼ ਹੀ ਕੋਈ ਨਾ ਜਾਵੇ। ਜਦ ਸ਼ਾਹੀ ਫ਼ੌਜਦਾਰਾਂ ਨੇ ਲੜਾਈ ਨਾਲ ਕੰਮ ਨਿਕਲਦਾ ਨਾ ਦੇਖਿਆ, ਤਾਂ ਚਲਾਕੀ ਤੋਂ ਕੰਮ ਲੈਣ ਦੀ ਸੋਚੀ । ਕੁਛ ਹਿੰਦੂ ਤੇ ਕੁਛ ਮੁਸਲਮਾਨ ਗਊ ਤੇ ਕੁਰਾਨ ਸ਼ਰੀਫ਼ ਦੀਆਂ ਕਸਮਾਂ ਖਾ ਕੇ ਗੁਰੂ ਸਾਹਿਬ ਪਾਸ ਇਹ ਯਕੀਨ ਦਿਲਾਉਣ ਲਈ ਭੇਜੇ ਕਿ ਜੇ ਗੁਰੂ ਜੀ ਦੋ ਚਾਰ ਦਿਨਾਂ ਲਈ ਅਨੰਦਪੁਰ ਦਾ ਕਿਲ੍ਹਾ ਖਾਲੀ ਕਰ ਦੇਣ ਤਾਂ ਉਹਨਾਂ ਦਾ ਕੁਝ ਨਹੀਂ ਵਿਗੜੇਗਾ, ਕਿਉਂਕਿ ਸਾਡੇ ਜਾਣ ਦੇ ਝਟ ਹੀ ਪਿਛੋਂ ਤੁਸੀਂ ਏਥੇ ਮੁੜ ਆਉਣਾ, ਤੇ ਸਾਡੀ ਭੀ ਰਹਿ ਆਵੇਗੀ, ਨਹੀਂ ਤਾਂ ਔਰੰਗਜ਼ੇਬ ਸਾਡਾ ਘਾਣ ਬੱਚਾ ਪੀੜ ਛੱਡੇਗਾ । ਗੁਰੂ ਸਾਹਿਬ ਇਸ ਚਲਾਕੀ ਨੂੰ ਜਾਣਦੇ ਸਨ ਤੇ ਅੱਗੇ ਇਹੋ ਜਹੀ ਗੱਲ ਬਾਤ ਦਾ ਇਕ ਵਾਰੀ ਭੈੜਾ ਨਤੀਜਾ ਨਿਕਲ ਚੁਕਾ ਸੀ, ਜਦ ਕਿ ਪਹਾੜੀ ਸੈਨਾ ਪ੍ਰੀਖਿਆ ਲਈ ਭੇਜੇ ਗਏ ਟੁਟੇ ਭਜੇ ਅਸਬਾਬ ਦੀਆਂ ਖੱਚਰਾਂ ਲੁੱਟਣ ਆ ਪਈ ਸੀ । ਪਰ ਰਸਦ ਆਦਿ ਦੀ ਤੰਗੀ ਕਰ ਕੇ ਕੁਝ ਸਿੰਘ ਉਤਾਵਲੇ ਹੋ ਰਹੇ ਸਨ, ਤੇ ਓਧਰੋਂ ਵੱਡੀ ਮਾਤਾ ਜੀ ਭੀ ਇਹ ਗੱਲ ਪ੍ਰਵਾਨ ਕਰ ਲੈਣ ਲਈ ਜ਼ੋਰ ਦੇਣ ਲੱਗ ਪਏ । ਗੁਰੂ ਸਾਹਿਬ ਕੁਝ ਦਿਨ ਹੋਰ ਅਟਕਣ ਲਈ ਕਹਿੰਦੇ ਸਨ । ਇਸ ਵੇਲੇ ਉਨ੍ਹਾਂ ਨਾਲ ਸਹਿਮਤ ਨਾ ਹੋਣ ਵਾਲੇ ਕੁਝ ਸਿੰਘ ਅਨੰਦਪੁਰ ਛੱਡ ਕੇ ਤੁਰ ਗਏ । ਆਖ਼ਰ ਗੁਰੂ ਸਾਹਿਬ ਨੇ ਖ਼ਾਲਸੇ ਦੇ ਹਠ ਤੇ ਜਿੱਦ ਦੇ ਕਾਰਣ, ਮੰਨ ਕੇ ਅਨੰਦਪੁਰ ਛੱਡ ਦੇਣਾ ਪ੍ਰਵਾਨ ਕਰ ਲਿਆ, ਪਰ ਇਹ ਦਸ ਦਿੱਤਾ ਕਿ ਫਲ ਬੁਰਾ ਨਿਕਲੇਗਾ, ਜਿਸ ਦਾ ਜ਼ਿੰਮਾ ਸਾਡਾ ਨਹੀਂ। ਇਹ ਗੱਲ 6 ਪੋਹ 1761 ਬਿਕ੍ਰਮੀ ਦੀ ਹੈ।

7 ਪੋਹ, 1761, ਬੁਧਵਾਰ-ਅਨੰਦ ਪੁਰ ਤੋਂ ਅੰਤਮ ਕੂਚ

6-7, ਪੋਹ, ਮੰਗਲ-ਬੁਧ ਦੀ ਵਿਚਕਾਰਲੀ ਰਾਤ ਨੂੰ ਅਨੰਦਪੁਰ ਖ਼ਾਲੀ ਕਰ ਕੇ ਗੁਰੂ ਸਾਹਿਬ ਕੀਰਤ ਪੁਰ ਵਲ ਦੀ ਨਿਰਮੋਹ-ਗੜ੍ਹ ਪੁੱਜੇ। ਉੱਪਰ ਪਹਾੜੀ ਤੇ ਸ਼ਾਹੀ ਫ਼ੌਜ ਨੂੰ ਵੀ ਪਤਾ ਲੱਗ ਚੁੱਕਾ ਸੀ । ਪਹਾੜੀਆਂ ਨੇ ਆਪਣੀਆਂ, ਖਾਧੀਆਂ ਕਸਮਾਂ ਸੁਗੰਦਾਂ ਨੂੰ ਛਿੱਕੇ ਟੰਗ ਕੇ ਹੱਲਾ ਕਰ ਦਿੱਤਾ। ਪਿਛਾੜੀ ਰਖਿਯਕ ਜਥੇ (rear guard-ਰੀਅਰ ਗਾਰਡ) ਦੀ ਕਮਾਨ ਸਾਹਿਬ ਅਜੀਤ ਸਿੰਘ ਜੀ ਪਾਸ ਸੀ । ਉਹਨਾਂ ਨੇ ਉਸੇ ਤਰਾਂ ਪਿਛਾਹਾਂ ਨੂੰ ਮੂੰਹ ਕਰ ਕੇ ਤੀਰ ਚਲਾਉਣੇ । ਆਰੰਭ ਦਿੱਤੇ । ਇਥੇ ਸਾਹਿਬ ਅਜੀਤ ਸਿੰਘ ਤੇ ਭਾਈ ਉਦੇ ਸਿੰਘ ਜੀ ਨੇ ਓਹ ਤੀਰ ਵਰਖਾ ਕੀਤੀ ਅਤੇ ਨਜ਼ਦੀਕ ਪੁੱਜਣ ਪਰ ਓਹ ਖੰਡਾ ਖੜਕਾਇਆ ਕਿ ਵੈਰੀਆਂ ਦੇ ਅੱਗੇ ਵਧਣ ਨੂੰ ਠੱਲ੍ਹ ਪਾ ਦਿੱਤੀ । ਨਿਰਮੋਹ ਗੜ੍ਹ ਤੋਂ ਗੁਰੂ ਸਾਹਿਬ ਨੇ ਰੋਪੜ ਵਲ ਨੂੰ ਰੁਖ਼ ਕੀਤਾ ਤੇ ਸਰਸਾ ਨਦੀ ਦੇ ਕੰਢੇ ਪਿਛਲਿਆਂ ਨੂੰ ਉਡੀਕਣ ਲਈ ਠਹਿਰ ਗਏ ਅਤੇ ਆਸਾ ਦੀ ਵਾਰ ਲਗਾ ਦਿੱਤੀ । ਹੁਣ ਪਹਾੜੀਆਂ ਨੂੰ ਦੇਖ ਕੇ ਸ਼ਾਹੀ ਫ਼ੌਜ ਭੀ ਉਠ ਖੜੋਤੀ ਹੋਈ ਸੀ । ਸਾਹਿਬ ਅਜੀਤ ਸਿੰਘ ਜੀ ਲੜਦੇ ਭਿੜਦੇ ਸਰਸਾ ਨਦੀ ਤੇ ਆ ਪੁੱਜੇ । ਅੱਗੇ ਨਦੀ ਚੜ੍ਹੀ ਹੋਈ ਸੀ । ਸਿੰਘ ਦੋਨੋਂ ਪਾਸਿਆਂ ਤੋਂ ਘਿਰੇ ਹੋਏ ਸਨ । ਇਕ ਪਾਸੇ ਵੈਰੀ ਦੱਬੀ ਆ ਰਹੇ ਸਨ, ਤੇ ਦੂਜੇ ਪਾਸੇ ਨਦੀ ਸੀ । ਗੁਰੂ ਸਾਹਿਬ ਦੇ ਹੁਕਮ ਪਰ ਸਿੰਘ ਨਦੀ ਵਿੱਚ ਠਿੱਲ੍ਹ ਪਏ । ਇਥੇ ਬਹੁਤ ਕੁਝ ਨੁਕਸਾਨ ਹੋਇਆ । ਲਗ ਪਗ ਸਾਰੇ ਦਾ ਸਾਰਾ ਸਮਾਨ, ਜਿਸ ਵਿੱਚ ਕਈ ਮਣ ਭਾਰ ਕੇਵਲ ਲਿਖਤੀ ਪੁਸਤਕਾਂ ਤੇ ਖਰੜਿਆਂ ਦਾ ਹੀ ਸੀ, ਇਥੇ ਗਰਕ ਹੋ ਗਿਆ ।

ਨਦੀ ਪਾਰ ਹੋ ਕੇ ਰੋਪੜ ਨੂੰ ਚਾਲੇ ਪਾਏ । ਅੱਗੇ ਇਕ ਹੋਰ ਆਫ਼ਤ ਖੜੋਤੀ ਸੀ । ਸਿੰਘ ਹਾਲ ਤਕ ਸਰਸਾ ਪਾਰ ਕਰਨ ਪਿਛੋਂ ਚੰਗੀ ਤਰਾਂ ਰਲ ਕੇ ਇਕੱਠੇ ਭੀ ਨਹੀਂ ਹੋ ਸਕੇ ਸਨ, ਕਿ ਰੋਪੜ ਦੇ ਰੰਘੜਾਂ ਨੇ ਮੋਹਰਿਉਂ ਹੱਲਾ ਕਰ ਦਿੱਤਾ, ਭਾਵੇਂ ਗੁਰੂ ਸਾਹਿਬ ਤੇ ਅਜੀਤ ਸਿੰਘ ਨੇ ਛੇਤੀ ਹੀ ਰੋਕ ਥਾਮ ਦਾ ਯਤਨ ਕੀਤਾ, ਪਰ ਇਤਨੀ ਗੜਬੜ ਮਚ ਗਈ ਕਿ ਸਭ ਇਕ ਦੂਜੇ ਤੋਂ ਨਿੱਖੜ ਗਏ । ਰੋਪੜ ਦੇ ਲਾਗੇ ਤਕ ਸਾਰਾ ਪਰਵਾਰ, ਮਾਤਾ ਗੁਜਰੀ ਜੀ, ਗੁਰੂ ਸਾਹਿਬ ਦੇ ਮਹਿਲ ਤੇ ਸਾਹਿਬਜ਼ਾਦੇ ਇਕੱਠੇ ਹੀ ਸਨ । ਸ਼ਹਿਰ ਵਿੱਚ ਵੜਨ ਤੋਂ ਪਹਿਲਾਂ ਹੀ ਗੁਰੂ ਸਾਹਿਬ ਨੇ ਆਪਣੇ ਮਹਿਲਾਂ ਨੂੰ ਇਕ ਸਿੱਖ ਨਾਲ ਦਿੱਲੀ ਨੂੰ ਤੋਰ ਦਿੱਤਾ। ਜੋ ਉਨ੍ਹਾਂ ਨੂੰ ਨਾਲ ਲੈ ਕੇ ਸ਼ਹਿਰ ਵਿੱਚ ਆਪਣੇ ਇਕ ਰਿਸ਼ਤੇਦਾਰ ਦੇ ਘਰ ਚਲਾ ਗਿਆ । ਰੰਘੜਾਂ ਦੇ ਹੱਲੇ ਪਿੱਛੋਂ ਗੁਰੂ ਸਾਹਿਬ, ਵੱਡੇ ਸਾਹਿਬਜ਼ਾਦੇ ਅਜੀਤ ਸਿੰਘ, ਜੁਝਾਰ ਸਿੰਘ ਜੀ ਤੇ ਕੁਝ ਸਿੰਘ ਚਮਕੌਰ ਪਿੰਡ ਵੱਲ ਨੂੰ ਹੋ ਤੁਰੇ ਤੇ ਵੱਡੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫ਼ਤਹ ਸਿੰਘ ਜੀ ਨੌਕਰ ਗੰਗਾ ਰਾਮ ਨਾਲ ਇਕ ਹੋਰ ਪਾਸੇ ਨੂੰ ਨਿਕਲ ਗਏ । ਗੰਗਾ ਰਾਮ ਉਨਾਂ ਨੂੰ ਆਪਣੇ ਨਾਲ ਆਪਣੇ ਪਿੰਡ ਨੂੰ ਲੈ ਗਿਆ ਤੇ ਰਾਤ-ਕਟੀ ਦਾ ਪ੍ਰਬੰਧ ਕਰ ਦਿੱਤਾ ।

ਗੁਰੂ ਸਾਹਿਬ ਜਦ ਬੂੜ ਮਾਜਰੇ ਪੁੱਜੇ ਤਾਂ ਉਨਾਂ ਨੂੰ ਪਤਾ ਲੱਗਾ ਕਿ ਦਿੱਲੀ ਵੱਲੋਂ ਇਕ ਹੋਰ ਨਵੀਂ ਫੌਜ ਉਨ੍ਹਾਂ ਦੇ ਵਿਰੁੱਧ ਚਲੀ ਆ ਰਹੀ ਹੈ। ਪਰ ਗੁਰੂ ਸਾਹਿਬ ਹੁਣ ਕਿਸੇ ਹੋਰ ਪਾਸੇ ਨੂੰ ਮੁੜਨਾ ਮੁਨਾਸਿਬ ਨਾ ਜਾਣ ਕੇ ਰਵਾਂ ਰਵੀਂ ਚਮਕੌਰ ਵੱਲ ਨੂੰ ਨਿਕਲ ਗਏ । ਬਾਹਰ ਰਾਜਪੂਤਾਂ ਦੇ ਇਕ ਬਾਗ਼ ਵਿੱਚ ਜਾ ਡੇਰਾ ਕੀਤਾ ਤੇ ਚੌਧਰੀ ਨੂੰ ਸੱਦ ਕੇ ਰਾਤ ਦੇ ਬਿਸ੍ਰਾਮ ਲਈ ਜਗ੍ਹਾ ਮੰਗੀ । ਚੌਧਰੀ ਦੀ ਹਵੇਲੀ ਭਾਵੇਂ ਸੀ ਤਾਂ ਕੱਚੀ, ਪਰ ਸੀ ਜ਼ਰਾ ਚੰਗੀ ਬਣੀ ਹੋਈ । ਉਹ ਮੁਗ਼ਲਾਂ ਤੋਂ ਡਰਦਾ ਬਹਾਨੇ ਕਰਨ ਲੱਗ ਪਿਆ । ਜਦ ਇਸ ਗੱਲ ਦਾ ਪਤਾ ਉਸ ਦੇ ਭਰਾ ਗ਼ਰੀਬੂ ਨੂੰ ਲੱਗਾ ਤਾਂ ਉਸ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਇਸ ਹਵੇਲੀ ਵਿੱਚ ਅੱਧ ਮੇਰਾ ਹੈ, ਤੁਸੀਂ ਚੱਲ ਕੇ ਮੇਰੇ ਘਰ ਵਿੱਚ ਆਰਾਮ ਕਰੋ । ਗੁਰੂ ਸਾਹਿਬ ਗ਼ਰੀਬੂ ਦੇ ਨਾਲ ਚਲੇ ਗਏ ਤੇ ਹਵੇਲੀ ਵਿੱਚ ਜਾ ਟਿਕੇ।

ਗੁਰੂ ਸਾਹਿਬ ਦੇ ਬਹੁਤ ਤੇਜ਼ੀ ਨਾਲ ਨਿਕਲ ਆਉਣ ਪਰ ਅਨੰਦਪੁਰ ਵਲੋਂ ਪਿੱਛੇ ਲੱਗੀ ਆ ਰਹੀ ਸ਼ਾਹੀ ਫ਼ੌਜ ਨੂੰ ਤਾਂ ਭਾਵੇਂ ਉਨ੍ਹਾਂ ਦਾ ਛੇਤੀ ਪਤਾ ਨਾ ਲੱਗਾ, ਪਰ ਦਿੱਲੀ ਤੋਂ ਆ ਰਹੀ ਨਵੀਂ ਫ਼ੌਜ ਨੂੰ ਜਦ ਕਿਸੇ ਨੇ ਸੂਹ ਜਾ ਦਿੱਤੀ, ਤਦ ਉਹ ਮਗਰ ਲੱਗ ਤੁਰੇ ਤੇ ਉਨ੍ਹਾਂ ਦੇ ਢੋਲ ਦੀ ਆਵਾਜ਼ ਸੁਣ ਕੇ ਆਲੇ ਦੁਆਲੇ ਦੇ ਪਿੰਡਾਂ ਦੇ ਅਣਗਿਣਤ ਗੁੱਜਰ ਤੇ ਰੰਘੜ ਭੀ ਨਾਲ ਹੋ ਰਲੇ ਤੇ ਰਾਤੋ ਰਾਤ ਰਾਜਪੂਤਾਂ ਦੀ ਹਵੇਲੀ ਜਾ ਘੇਰੀ, ਮਗਰੋਂ ਛੇਤੀ ਹੀ ਸ਼ਾਹੀ ਫ਼ੌਜ ਭੀ ਆ ਪੁੱਜੀ।

8. ਪੋਹ, ਵੀਰਵਾਰ-ਚਮਕੌਰ ਦਾ ਯੁੱਧ

ਪਹੁ ਫੁਟਾਲੇ ਨਾਲ ਗੁਰੂ ਸਾਹਿਬ ਨੇ ਇਸ਼ਨਾਨ ਕੀਤਾ ਤੇ ਨਿਤਨੇਮ ਤੋਂ ਵੇਹਲੇ ਹੋ ਕੇ ਸਿੰਘਾਂ ਨੂੰ ਸ਼ਹੀਦੀਆਂ ਪ੍ਰਾਪਤ ਕਰਨ ਲਈ ਤਿਆਰੇ ਦਾ ਹੁਕਮ ਦਿੱਤਾ। ਗੁਰੂ ਸਾਹਿਬ ਜੀ ਪਾਸ ਇਸ ਵੇਲੇ ਕੁੱਲ ਚਾਲੀ ਕੁ ਸਿੰਘ ਸਨ । ਅੱਠ ਸਿੰਘ ਕੰਧਾਂ ਦੀ ਰਾਖੀ ਲਈ ਨੀਯਤ ਹੋਏ ਤਾਂ ਕਿ ਕੋਈ ਕੋਠੇ ਤੇ ਨਾ ਆ ਚੜ੍ਹੇ ।ਭਾਈ ਕੋਠਾ ਸਿੰਘ ਤੇ ਮਦਨ ਸਿੰਘ ਨੂੰ ਦਰਵਾਜ਼ੇ ਤੇ ਖੜਾ ਕੀਤਾ । ਭਾਈ ਆਤਮਾ ਸਿੰਘ ਤੇ ਮਾਨ ਸਿੰਘ ਨੂੰ ਪਹਿਰੇ ਤੇ ਲਾਇਆ । ਆਪ ਗੁਰੂ ਸਾਹਿਬ, ਦੋ ਸਾਹਿਬਜ਼ਾਦੇ ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ, ਭਾਈ ਦਇਆ ਸਿੰਘ, ਤੇ ਸੰਤ ਸਿੰਘ ਜੀ ਸਮੇਤ ਚੁਬਾਰੇ ਤੋਂ ਤੀਰ ਚਲਾਉਣ ਲਈ ਬੈਠ ਗਏ ਅਤੇ ਦੂਸਰੇ ਸਿੰਘ ਰਣਭੂਮੀ ਵਿੱਚ ਜਾਣ ਲਈ ਤਿਆਰ ਹੋ ਬੈਠੇ ।

ਸੂਰਜ ਦੀ ਟਿੱਕੀ ਨਿਕਲਦੇ ਸਾਰ ਵੈਰੀ ਫ਼ੌਜ ਨੇ ਤੀਰ ਤੇ ਗੋਲੀ ਵਰ੍ਹੌਣੀ ਅਰੰਭ ਦਿੱਤੀ । ਗੁਰੂ ਸਾਹਿਬ ਦਾ ਸ਼ਾਹੀ ਫ਼ੌਜ ਤੇ ਇਤਨਾਂ ਭੈ ਬੈਠਾ ਹੋਇਆ ਸੀ ਕਿ ਸਾਰੇ ਦੂਰੋਂ ਹੀ ਤੀਰ ਗੋਲੀ ਚਲਾਉਂਦੇ ਸਨ, ਘਰ ਲਾਗੇ ਢੁਕ ਕੇ ਦੀਵਾਰ ਯਾ ਦਰਵਾਜ਼ੇ ਤੇ ਹੱਲਾ ਕਰਨ ਦਾ ਹੀਆ ਕਿਸੇ ਨੂੰ ਨਹੀਂ ਪੈਂਦਾ ਸੀ । ਸ਼ਾਹੀ ਫ਼ੌਜਦਾਰ ਨੇ ਇਹ ਖ਼ਿਆਲ ਕੀਤਾ ਕਿ ਇਸ ਹਵੇਲੀ ਵਿੱਚ ਕਿੰਨੇ ਕੁ ਸਿੱਖ ਹੋਣੇ ਹਨ ਤੇ ਗੁਰੂ ਨੂੰ ਬੱਚ ਨਿਕਲਣ ਦੀ ਕੀ ਆਸ ਹੋ ਸਕਦੀ ਹੈ ? ਇਸ ਲਈ ਇਸ ਵੇਲੇ ਜੇ ਪਿਆਦਾ ਭੇਜ ਕੇ ਪੁੱਛ ਲਈਏ ਕਿ ਉਹ ਹੁਣ ਜੰਗ ਦੀ ਆਸ ਨੂੰ ਛੱਡ ਕੇ ਆਪੇ ਹੀ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦੇਣ, ਤਾਂ ਕੋਈ ਵੱਡੀ ਗੱਲ ਨਹੀਂ ਕਿ ਉਹ ਜੀਊਂਦੇ ਹੀ ਸਾਡੇ ਹੱਥ ਆ ਜਾਣ । ਇਹ ਸੋਚ ਕੇ ਇਕ ਪਿਆਦਾ ਭੇਜਿਆ ਜਿਸ ਨੇ ਗੁਰੂ ਸਾਹਿਬ ਨੂੰ ਕਿਹਾ ਕਿ, “ਹੁਣ ਰਾਜਿਆਂ ਤੇ ਰਾਣਿਆਂ ਦੀ ਫ਼ੌਜ ਨਾਲ ਤੁਹਾਡਾ ਟਾਕਰਾ ਨਹੀਂ, ਇਹ ਆਲਮਗੀਰ ਔਰੰਗਜ਼ੇਬ ਦੀ ਫ਼ੌਜ ਹੈ, ਜਿਸ ਦੇ ਹਥੋਂ ਬਚ ਕੇ ਨਿਕਲਣਾ ਸੁਖਲਾ ਨਹੀਂ, ਇਸ ਲਈ ਤੁਸੀਂ ਨਵਾਬ ਸਾਹਿਬ ਦੀ ਗੱਲ ਮੰਨੋ ਤੇ ਇਸ ਲੜਾਈ ਝਗੜੇ ਨੂੰ ਛੱਡੋ ।”

ਗੁਰੂ ਜੀ ਤੇ ਇਸ ਧਮਕੀ ਦਾ ਅਸਰ ਕੋਈ ਨਾ ਹੁੰਦਾ ਵੇਖ ਦੂਤ ਵਾਪਸ ਆ ਗਿਆ ।
ਦੂਤ ਦੇ ਮੁੜਦਿਆਂ ਸਾਰ ਯੁੱਧ ਆਰੰਭ ਹੋ ਗਿਆ ਤੇ ਗੁਰੂ ਸਾਹਿਬ ਨੇ ਪੰਜ ਸਿੰਘ ਮੈਦਾਨੇ ਜੰਗ ਵਿੱਚ ਭੇਜੇ । ਕਿੱਥੇ ਅਣਗਿਣਤ ਫੌਜਾਂ ਦਾ ਤਾਂਤਾ ਤੇ ਕਿੱਥੇ ਪੰਜ ਸਿੰਘ ਤੇ ਉਹ ਭੀ ਭੁੱਖੇ । ਪਰ ਆਪਣੇ ਧਰਮ ਦੀ ਰਖਿਆ ਲਈ ਜਾਨਾਂ ਤਲੀ ਤੇ ਟਿਕਾਈ ਨਿੱਤਰੇ । ਜੋਧਿਆਂ ਦੇ ਟਾਕਰੇ ਤੇ ਟਕਿਆਂ ਲਈ ਲੜਨ ਆਈਆਂ ਮਾਂਗਵੀਆਂ ਧਾੜਾਂ ਕੀ ਅਰਥ ਰਖਦੀਆਂ ਹਨ ? ਸਿੰਘ ਜਿੱਧਰ ਵਧਣ, ਆਹੂ ਲਾਹੀ ਜਾਣ । ਅਖੀਰ ਬਹੁਤਿਆਂ ਦੇ ਘੇਰੇ ਵਿਚ ਆ ਕੇ ਸ਼ਹੀਦ ਹੋ ਗਏ । ਇਸ ਵੇਰ ਵੀ ਚੋਖਾ ਵਕਤ ਲੱਗ ਗਿਆ, ਇਸੇ ਤਰਾਂ ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਮੁਕੰਦ ਸਿੰਘ ਤੇ ਹੋਰ ਕਈ ਸਿੰਘ ਇਕੱਲੇ ਇਕੱਲੇ ਯਾ ਦੋ ਦੋ ਚਾਰ 2 ਕਰਕੇ ਕੁਰਬਾਨੀ ਦੇ ਹਵਨ ਕੁੰਡ ਵਿਚ ਆਪਣੀ ਅਹੂਤੀ ਪਾ ਗਏ । ਜਦ ਹਵੇਲੀ ਤੋਂ ਤੀਰਾਂ ਤੇ ਗੋਲੀਆਂ ਦੀ ਬਰਖਾ ਕੁਝ ਮੱਠੀ ਹੁੰਦੀ ਪਰਤੀਤ ਹੋਈ, ਤਾਂ ਨਵੀਂ ਆਈ ਫ਼ੌਜ ਦਾ ਕਮਾਂਡਰ ਨਾਹਰ ਖ਼ਾਨ ਮਲੇਰ ਕੋਟਲੀਆ ਪੌੜੀ ਲੈ ਕੇ ਹਵੇਲੀ ਤੇ ਚੜ੍ਹਨ ਲਈ ਅੱਗੇ ਵਧਿਆ, ਪਰ ਗੁਰੂ ਸਾਹਿਬ ਦੇ ਪਹਿਲੇ ਹੀ ਤੀਰ ਨੇ ਉਸ ਨੂੰ ਚਿੱਤ ਕਰ ਦਿੱਤਾ ਤੇ ਉਹ ਲੜਖੜਾਂਦਾ ਹੋਇਆ ਭੋਇੰ ਤੇ ਜਾ ਡਿੱਗਿਆ । ਇਸ ਦੇ ਗਿਰਦੇ ਸਾਰ ਸਰਦਾਰ ਗੈਰਤ ਖ਼ਾਨ ਅੱਗੇ ਵਧਿਆ ਤੇ ਕੰਧ ਤੇ ਹੱਲਾ ਕੀਤਾ, ਪਰ ਗੁਰੂ ਸਾਹਿਬ ਦੇ ਤੀਰਾਂ ਅੱਗੇ ਉਸ ਦੀ ਕੋਈ ਪੇਸ਼ ਨਾ ਗਈ। ਆਪਣੇ ਦੋ ਸਰਦਾਰਾਂ ਨੂੰ ਇਸ ਤਰ੍ਹਾਂ ਡਿਗਦਾ ਦੇਖ ਕੇ ਭਾਵੇਂ ਕਿਸੇ ਨੂੰ ਕੰਧ ਵੱਲ ਵਧਣ ਦਾ ਤਾਂ ਹੀਆ ਨਾ ਪਿਆ, ਪਰ ਗੁੱਸਾ ਖਾ ਕੇ ਵੈਰੀ-ਦਲ ਦਾ ਇਕ ਵਾਰੀ ਇਕੱਠਾ ਹੱਲਾ ਕਰਨ ਲਈ ਕਈ ਫ਼ੌਜਦਾਰਾਂ ਆਪਣੇ ਆਪਣੇ ਆਦਮੀਆਂ ਨੂੰ ਅਗੇ ਵਧਣ ਦਾ ਹੁਕਮ ਦਿੱਤਾ।

ਸਾਹਿਬ ਅਜੀਤ ਸਿੰਘ ਜੀ ਦੀ ਸ਼ਹੀਦੀ

ਸਾਹਿਬ ਅਜੀਤ ਸਿੰਘ ਜੀ ਭਾਵੇਂ ਗੁਰੂ ਸਾਹਿਬ ਦੇ ਪਾਸ ਸਵੇਰ ਤੋਂ ਬੈਠੇ ਤੀਰ ਚਲਾ ਰਹੇ ਸਨ ਪਰ ਸਿੰਘਾਂ ਨੂੰ ਸ਼ਹੀਦ ਹੁੰਦਾ ਦੇਖ ਕੇ ਉਨਾਂ ਦੇ ਦਿਲ ਵਿੱਚ ਭੀ ਜੋਸ਼ ਪੈਦਾ ਹੋ ਰਿਹਾ ਸੀ ਤੇ ਰਣਭੂਮੀ ਵਿਚ ਜਾ ਕੇ ਦੋ ਹੱਥ ਕਰਨ ਲਈ ਉਤਾਵਲੇ ਹੋ ਰਹੇ ਸਨ । ਹੁਣ ਸ਼ਾਹੀ ਫ਼ੌਜ ਨੂੰ ਵਧਣ ਲੱਗੇ ਦੇਖ ਕੇ, ਉਨ੍ਹਾਂ ਤੋਂ ਨਾ ਰਿਹਾ ਗਿਆ। ਆਪ ਨੇ ਹੱਥ ਜੋੜ ਕੇ ਗੁਰੂ ਸਾਹਿਬ ਦੇ ਹਜ਼ੂਰ ਰਣਭੂਮੀ ਵਿੱਚ ਜਾਣ ਦੀ ਆਗਿਆ ਮੰਗੀ । ਸੰਸਾਰ ਇਤਿਹਾਸ ਵਿੱਚ ਇਹ ਪਹਿਲੀ ਮਿਸਾਲ ਹੈ ਜਦ ਕਿ ਇਕ ਪਿਤਾ ਨੇ ਆਪਣੇ ਪੁੱਤਰ ਨੂੰ ਆਪ ਕਿਰਪਾਨ ਨਾਲ ਸਜਾ ਕੇ ਇਸ ਪ੍ਰਕਾਰ ਚਲਦੀਆਂ ਤਲਵਾਰਾਂ ਵਿਚ ਭੇਜਿਆ ਹੋਵੇ । ਸਤਿਗੁਰੂ ਨੇ ਬੜੀ ਪ੍ਰਸੰਨਤਾ ਨਾਲ ਆਪਣੇ ਬੀਰ ਪੁੱਤਰ ਦਾ ਮੁੱਖ ਚੁੰਮ ਅਤੇ ਥਾਪੀ ਦੇ ਕੇ ਮੈਦਾਨ ਵਿੱਚ ਭੇਜਿਆ । ਪੰਜ ਸਿੰਘ ਆਪ ਦੇ ਨਾਲ ਗਏ । ਰਣਭੂਮੀ ਵਿੱਚ ਸਾਹਿਬ ਅਜੀਤ ਸਿੰਘ ਜੀ ਨੇ ਵੜ ਕੇ ਉਹ ਤੀਰਾਂ ਦੀ ਬੁਛਾੜ ਕੀਤੀ ਕਿ ਵਧ ਰਹੇ ਦਲ ਨੂੰ ਉਥੇ ਹੀ ਠੱਲ੍ਹ ਪਾ ਦਿੱਤੀ। ਤੁਰਕ ਸੈਨਾ ਝਈਆਂ ਲੈ ਲੈ ਕੇ ਪਵੇ। ਪਰ ਪੇਸ਼ ਕੁਝ ਨਾ ਜਾਵੇ। ਜਿੱਧਰ ਅਜੀਤ ਸਿੰਘ ਜੀ ਤੇ ਉਨਾਂ ਦੇ ਸਾਥੀ ਮੂੰਹ ਕਰਨ, ਵੈਰੀ ਜਾਨ ਬਚਾਉਣ ਲਈ ਪਿੱਛੇ ਨੂੰ ਭੱਜਣ । ਸਾਹਿਬ ਅਜੀਤ ਸਿੰਘ ਜੀ ਨੇ ਇਕ ਦਾਇਰਾ ਬਣਾ ਕੇ ਇਸ ਤੇਜੀ ਨਾਲ ਚੌਹੀਂ ਪਾਸੀਂ ਤੀਰ ਵਰਖਾ ਕੀਤੀ ਕਿ ਛੇਤੀ ਹੀ ਉਨ੍ਹਾਂ ਦੇ ਤੀਰਾਂ ਦੇ ਭੱਥੇ ਖ਼ਾਲੀ ਹੋ ਗਏ । ਹੁਣ ਉਹ ਕਿਰਪਾਨ ਲੈ ਕੇ ਅੱਗੇ ਵਧੇ ਤੇ ਲੱਗੇ ਲੋਥਾਂ ਦੇ ਢੇਰ ਲਾਉਣ । ਇਸ ਸੂਰਬੀਰਤਾ ਨੂੰ ਵੇਖ ਕੇ ਇਕ ਵਾਰੀ ਤਾਂ ਲਾਹੌਰ ਦਾ ਫ਼ੌਜਦਾਰ ਜ਼ਬਰਦਸਤ ਖਾਂ ਅਸ਼ ਅਸ਼ ਕਰ ਉੱਠਿਆ । ਪਰ ਜਦ ਉਸ ਦੀ ਨਜ਼ਰ ਆਪਣੀ ਫ਼ੌਜ ਦੇ ਮੁਰਦਿਆਂ ਤੇ ਪਈ ਤਾਂ ਗੁੱਸੇ ਨਾਲ ਉਸ ਦੀਆਂ ਅੱਖਾਂ ਲਾਲ ਹੋ ਗਈਆਂ। ਤੇ ਆਪਣੇ ਆਦਮੀਆਂ ਨੂੰ ਲਲਕਾਰਾ ਮਾਰਿਆ ਕਿ, ‘ਫੜ ਲਓ ਜੀਊਂਦੇ ਨੂੰ, ਨਿਕਲ ਨਾ ਜਾਏ ।’ ਅਫ਼ਸਰ ਦੀ ਹੱਲਾ ਸ਼ੇਰੀ ਸੁਣ ਕੇ ਵੈਰੀ ਦਲ ਦਾ ਇਕ ਦਸਤਾ ਝੁੰਜਲਾ ਕੇ ਅੱਗੇ ਵਧਿਆ ਅਤੇ ਅਜੀਤ ਸਿੰਘ ਜੀ ਉੱਤੇ ਟੁੱਟ ਪਿਆ । ਹੁਣ ਅਜੀਤ ਸਿੰਘ ਹੁਰੀਂ ਵੀ ਸ਼ੇਰ ਵਾਂਗ ਭਬਕ ਕੇ ਅੱਗੇ ਹੋਏ ਤੇ ਲੱਗੇ ਦੋ ਹੱਥ ਦਿਖਾਣ । ਪਰ ਇਸ ਵੇਲੇ ਆਪ ਦੀ ਤਲਵਾਰ ਦੇ ਦੋ ਟੋਟੇ ਹੋ ਗਏ ।ਕਿਰਪਾਨ ਨੂੰ ਸੁੱਟ ਕੇ ਆਪ ਨੇ ਨੇਜ਼ਾ ਵਾਹੁਣਾ ਸ਼ੁਰੂ ਕੀਤਾ, ਪਰ ਉਹ ਵੀ ਛੇਤੀ ਹੀ ਇਕ ਮੁਸਲਮਾਨ ਨੂੰ ਵਿਨ੍ਹਦਾ ਹੋਇਆ ਟੁੱਟ ਕੇ ਬੇਕਾਰ ਹੋ ਗਿਆ । ਸਾਹਿਬ ਅਜੀਤ ਸਿੰਘ ਜੀ ਹੁਣ ਖ਼ਾਲੀ ਹੱਥ ਹੋ ਗਏ । ਬਸ ਫੇਰ ਕੀ ਸੀ, ਅਣਗਿਣਤ ਵੈਰੀਆਂ ਨੇ ਆਪ ਨੂੰ ਆ ਘੇਰਿਆ ਤੇ ਉਨ੍ਹਾਂ ਦੀਆਂ ਤਲਵਾਰਾਂ ਨਾਲ ਕੱਟ ਕੇ ਆਪ ਸ਼ਹੀਦ ਹੋ ਗਏ । ਗੁਰੂ ਸਾਹਿਬ ਉਪਰੋਂ ਇਹ ਯੁੱਧ ਦੇਖ ਰਹੇ ਸਨ । ਉਨਾਂ ਨੇ ਵਾਹਿਗੁਰੂ ਦਾ ਧੰਨਵਾਦ ਕੀਤਾ ਕਿ ਸਾਹਿਬਜ਼ਾਦੇ ਨੇ ਰਣਭੂਮੀ ਵਿੱਚ ਸਨਮੁੱਖ ਸ਼ਹੀਦੀ ਪ੍ਰਾਪਤ ਕੀਤੀ ਹੈ ।

ਸਾਹਿਬ ਜੁਝਾਰ ਸਿੰਘ ਜੀ ਦੀ ਕੁਰਬਾਨੀ

ਗੁਰੂ ਸਾਹਿਬ ਨੇ ਹੁਣ ਆਪਣੇ ਦੂਸਰੇ ਪੁੱਤਰ ਸਾਹਿਬ ਜੁਝਾਰ ਸਿੰਘ ਨੂੰ ਬੁਲਾਇਆ ਤੇ ਕਿਹਾ, “ਪੁੱਤਰ ਹੁਣ ਤੇਰੀ ਵਾਰੀ ਆਈ ਹੈ, ਜਾਓ ਰਣ-ਭੂਮੀ ਵਿੱਚ ਜਾ ਕੇ ਵੈਰੀ-ਦਲ ਨਾਲ ਯੁੱਧ ਕਰੋ ਤੇ ਆਪਣੇ ਵੱਡੇ ਭਰਾ ਦੀ ਤਰ੍ਹਾਂ ਖਿੜੇ-ਮੱਥੇ ਸ਼ਹੀਦੀ ਪ੍ਰਾਪਤ ਕਰੋ । ਗੁਰੂ ਸਾਹਿਬ ਦਾ ਹੁਕਮ ਪਾ ਕੇ ਸਾਹਿਬ ਜੁਝਾਰ ਸਿੰਘ ਜੀ ਤਿਆਰ ਹੋ ਗਏ । ਪਿਤਾ ਨੇ ਖ਼ੁਦ ਤੀਰ ਕਮਾਨ ਤੇ ਨਵੀਂ ਕਿਰਪਾਨ ਸਜਾਈ ਤੇ ਉਹ ਨਮਸਕਾਰ ਕਰਕੇ ਪੰਜਾਂ ਸਿੰਘਾਂ ਨੂੰ ਨਾਲ ਲੈ ਕੇ ਮੈਦਾਨ ਵਿਚ ਜਾ ਨਿਤਰੇ । ਇਤਿਹਾਸਕਾਰ ਲਿਖਦੇ ਹਨ ਕਿ ਆਪ ਵੈਰੀ-ਦਲ ਵਿੱਚ ਐਉਂ ਫਿਰਦੇ ਸਨ, ਜਿਵੇਂ ਨਦੀ ਵਿਚ ਮੱਛੀਆਂ ਦੀ ਭਾਲ ਲਈ ਮਗਰਮੱਛ ਫਿਰਦਾ ਹੈ । ਇਸ ਛੋਟੇ ਜਿਹੇ ਜੋਧੇ ਨੂੰ ਵੇਖ ਕੇ ਵੈਰੀ-ਦਲ ਉਸ ਪੁਰ ਉਮਡ ਪਿਆ ਕਿ ਇਸ ਨੂੰ ਜ਼ਿੰਦਾ ਪਕੜ ਲਈਏ । ਕੁਝ ਕੁ ਵੱਡੇ ਸਰਦਾਰ ਅਗ ਵਧੇ ਪਰ ਉਹ ਰਣ-ਭੂਮੀ ਵਿਚ ਬੀਰ-ਰਸ ਦਾ ਅਵਤਾਰ ਹੋ ਰਿਹਾ ਸੀ । ਜੋ ਅੱਗੇ ਅੜਿਆ ਸੋ ਝੜਿਆ । ਜਦ ਇਸ ਨੂੰ ਜ਼ਿੰਦਾ ਫੜ ਸਕਣ ਦੀ ਕੋਈ ਆਸ ਨਾ ਰਹੀ ਤੇ ਉਹ ਖ਼ੂਨ ਤੇ ਖ਼ੂਨ ਗਿਰਾਈ ਜਾ ਰਿਹਾ ਸੀ ਤਾਂ ਗੁੱਸਾ ਖਾ ਕੇ ਵੈਰੀਆਂ ਨੇ ਘੇਰਾ ਘੱਤਿਆ, ਸਾਰੇ ਪਾਸਿਆਂ ਤੋਂ ਤਲਵਾਰਾਂ ਦਾ ਹੱਲਾ ਕਰ ਦਿੱਤਾ ਤੇ ਸਾਹਿਬ ਜੁਝਾਰ ਸਿੰਘ ਜੀ ਸ਼ਹੀਦ ਹੋ ਗਏ ।

ਹੁਣ ਸ਼ਾਮ ਪੈ ਰਹੀ ਸੀ ਤੇ ਪਲੋ-ਪਲੀ ਵਿੱਚ ਹਨੇਰਾ ਹੋ ਗਿਆ । ਯੁੱਧ ਬੰਦ ਹੋ ਗਿਆ । ਇਸ ਵੇਲੇ ਕੇਵਲ ਪੰਜ ਸਿੰਘ ਹੀ ਰਹਿ ਗਏ ਸਨ, ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ, ਸੰਤ ਸਿੰਘ ਤੇ ਸੰਗਤ ਸਿੰਘ ਜੀ ।

ਆਖ਼ਰ ਵਿਚਾਰ ਹੋਈ ਕਿ ਰਾਤ ਨੂੰ ਚਮਕੌਰ ਦੀ ਹਵੇਲੀ ਖ਼ਾਲੀ ਕਰ ਦਿੱਤੀ ਜਾਵੇ । ਸੋ ਦੋ ਸਿੰਘਾਂ ਨੂੰ ਉਥੇ ਹੌਲੀ ਹੌਲੀ ਗੋਲੀ ਤੀਰ ਚਲਾਉਂਦੇ ਰਹਿਣ ਲਈ ਛੱਡ ਕੇ ਗੁਰੂ ਸਾਹਿਬ ਤੇ ਤਿੰਨ ਸਿੰਘ ਅੱਧੀ ਕੁ ਰਾਤ ਨੂੰ ਹਵੇਲੀਓਂ ਬਾਹਰ ਨਿਕਲ ਆਏ । ਗੁਰੂ ਸਾਹਿਬ ਨੇ ਇਕ ਨਾਲ ਦੇ ਪਿੱਪਲ ਹੇਠ ਆ ਕੇ ਤਾਲੀ ਵਜਾਈ ਤੇ ਕਿਹਾ ਕਿ ‘ਗੁਰੂ ਚਲਿਆ ਜੇ,’ ਸ਼ਾਹੀ ਫੌਜ ਘਬਰਾ ਕੇ ਉੱਠੀ ਤੇ ਉਨ੍ਹਾਂ ਦੀ ਆਪੋ ਵਿੱਚ ਗੜਬੜ ਪੈਦਾ ਹੋ ਗਈ ਅਤੇ ਗੁਰੂ ਸਾਹਿਬ ਇਕ ਪਾਸ ਨੂੰ ਨਿਕਲ ਗਏ ।

ਚੂੰਕਿ ਮੈਂ ਏਥੇ ਸ਼ਹੀਦੀਆਂ ਦਾ ਜ਼ਿਕਰ ਕਰ ਰਿਹਾ ਹਾਂ, ਇਸ ਲਈ ਗੁਰੂ ਸਾਹਿਬ ਦੇ ਹਾਲ ਛੱਡ ਕੇ ਛੋਟੇ ਸਾਹਿਬਜ਼ਾਦਿਆਂ ਦੇ ਹਾਲ ਵੱਲ ਹੀ ਔਂਦਾ ਹਾਂ।

ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਅਤੇ ਵੱਡੀ ਮਾਤਾ ਜੀ ਦੀ ਗਰਿਫ਼ਤਾਰੀ

ਜਿਸ ਤਰਾਂ ਮੈਂ ਉੱਪਰ ਦੱਸ ਆਇਆ ਹਾਂ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ 7 ਪੋਹ ਦੀ ਰਾਤ ਨੂੰ ਗੰਗਾ ਰਾਮ ਨੌਕਰ ਦੇ ਪਿੰਡ ਖੇੜੀ ਉਸ ਦੇ ਘਰ ਜਾ ਰਹੇ ਸਨ । ਉਹਨਾਂ ਦੇ ਨਾਲ ਕੁਝ ਮਾਲ ਭੀ ਸੀ ਜਿਸ ਨੂੰ ਵੇਖ ਕੇ ਗੰਗਾ ਰਾਮ ਦੀ ਨੀਯਤ ਵਿੱਚ ਫ਼ਰਕ ਆ ਗਿਆ । ਅੱਧੀ ਕੁ ਰਾਤ ਨੂੰ ਉਸ ਨੇ ਉਹ ਮਾਲ ਅਗਾਂਹ ਪਿਛਾਂਹ ਕਰ ਦਿੱਤਾ ਤੇ “ਚੋਰ, ਚੋਰ ਦੀ ਰੌਲੀ ਪਾ ਦਿੱਤੀ । ਮਾਤਾ ਜੀ ਨੇ ਉਸ ਨੂੰ ਕਿਹਾ ਕਿ ਏਥੇ ਚੋਰ ਤਾਂ ਕੋਈ ਨਹੀਂ ਆਇਆ ਜੇ ਤੂੰ ਮਾਲ ਨੂੰ ਸੰਭਾਲਣ ਲਈ ਕਿਤੇ ਰੱਖ ਬੈਠਾ ਹੈਂ। ਤਾਂ ਕੋਈ ਗੱਲ ਨਹੀਂ। ਗੰਗਾ ਰਾਮ ਦੇ ਆਪਣੇ ਪਾਪ ਕੰਬਦੇ ਸਨ । ਕਹਿਣ ਲੱਗਾ ਕਿ ਇਕ ਤਾਂ ਮੈਂ ਤੁਹਾਨੂੰ ਆਪਣੇ ਘਰ ਰੱਖਾਂ, ਦੂਸਰੇ ਤੁਸੀਂ ਮੈਨੂੰ ਹੀ ਦੋਸ਼ੀ ਬਣਾਓ । ਮਾਤਾ ਸਾਹਿਬ ਨੇ ਉਸ ਨੂੰ ਬਹੁਤ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੀ ਕਰਤੂਤ ਨੂੰ ਛੁਪਾਉਣ ਲਈ ਉਨਾਂ ਨੂੰ ਫੜਾਉਣ ਦੇ ਆਹਰੇ ਲਗ ਗਿਆ ਤੇ ਲਾਗੇ ਹੀ ਪਿੰਡ ਮੋਰਿੰਡਿਉਂ ਜਾਨੀ ਖਾਂ ਤੇ ਮਾਨੀ ਖਾਂ ਨੂੰ ਨਾਲ ਲੈ ਆਇਆ, ਤੇ ਤੜਕੇ ਚੰਦ ਦੀ ਚਾਨਣੀ ਵਿੱਚ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਗਰਿਫ਼ਤਾਰ ਕਰਵਾ ਦਿੱਤਾ । ਜਾਨੀ ਖ਼ਾਂ ਤੇ ਮਾਨੀ ਖ਼ਾਂ ਉਨਾਂ ਨੂੰ ਰੱਥ ਵਿੱਚ ਬਿਠਾ ਕੇ ਲੈ ਤੁਰੇ। ਇਹ ਗੱਲ 8 ਪੋਹ ਦੇ ਸਵੇਰ ਦੀ ਹੈ ।

ਸਵੇਰ ਸੂਰਜ ਦੀ ਟਿੱਕੀ ਨਿਕਲਣ ਵੇਲੇ ਉਹ ਮੋਰਿੰਡੇ ਪੁੱਜੇ ਤੇ ਪਿੰਡ ਦੇ ਬਾਹਰ ਇਕ ਖੂਹ ਤੇ ਰੱਥ ਖੜਾ ਕੀਤਾ । ਏਥੇ ਖੂਹ ਤੋਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਜਲ ਛਕਿਆ । ਏਥੇ ਉਨ੍ਹਾਂ ਨੂੰ ਕੋਈ ਬਹੁਤਾ ਚਿਰ ਨਹੀਂ ਰਖਿਆ ਗਿਆ । ਛਾਹ ਕੁ ਵੇਲੇ ਤੋਂ ਪਹਿਲਾਂ ਹੀ ਰੱਥ ਮੋਰਿੰਡਿਉਂ ਸਰਹੰਦ ਨੂੰ ਹਿੱਕ ਦਿੱਤਾ । ਸ਼ਾਮ ਨੂੰ ਮਾਤਾ ਜੀ ਤੇ ਸਾਹਿਬਜ਼ਾਦੇ ਸਰਹੰਦ ਪੁੱਜੇ ਅਤੇ ਠੰਢੇ ਬੁਰਜ ਵਿਚ ਕੈਦ ਕਰ ਦਿੱਤੇ ਗਏ ।

9 ਪੋਹ ਸ਼ੁਕਰਵਾਰ

ਸਾਹਿਬਜ਼ਾਦਿਆਂ ਦੀ ਗਰਿਫ਼ਤਾਰੀ ਦੀ ਸਰਹੰਦ ਖ਼ਬਰ ਪੁੱਜਣ ਪਰ ਵਜ਼ੀਰ ਖ਼ਾਨ ਚਮਕੌਰੋਂ ਵੇਹਲਾ ਹੋ ਕੇ ਸਰਹੰਦ ਪੁੱਜਾ । ਸਾਹਿਬਜ਼ਾਦੇ ਤੇ ਮਾਤਾ ਜੀ ਉਥੇ ਹੀ ਬੁਰਜ ਵਿੱਚ ਕੈਦ ਰਹੇ ।

10 ਪੋਹ ਛਨਿਛਰਵਾਰ

ਸਾਹਿਬਜ਼ਾਦਿਆਂ ਨੂੰ ਦਰਬਾਰ ਵਿੱਚ ਬੁਲਾ ਕੇ ਉਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਜੰਗ ਵਿੱਚ ਸ਼ਹੀਦ ਹੋ ਚੁੱਕੇ ਹਨ । ਹੁਣ ਤੁਹਾਡਾ ਕੋਈ ਵਾਲੀ ਵਾਰਸ ਨਹੀਂ ਅਤੇ ਤੁਸੀਂ ਸਾਡੀ ਕੈਦ ਵਿੱਚ ਹੋ । ਹੁਣ ਤੁਹਾਡੀ ਜਾਨ ਤਾਂ ਹੀ ਬਚ ਸਕਦੀ ਹੈ, ਜੇ ਤੁਸੀਂ, ਦੀਨ ਇਸਲਾਮ ਕਬੂਲ ਕਰ ਲਓ । ਪਰ ਸਾਹਿਬਜ਼ਾਦੇ ਇਸ ਫ਼ਾਨੀ ਜ਼ਿੰਦਗੀ ਲਈ ਧਰਮ ਤਿਆਗਣ ਨੂੰ। ਕਦ ਤਿਆਰ ਹੋ ਸਕਦੇ ਸਨ । ਵਜ਼ੀਰ ਖ਼ਾਨ ਨੇ ਦੋ ਵਾਰੀ ਮੁੜ ਮੁੜ ਆਖਿਆ, ਪਰ ਉਨ੍ਹਾਂ ਨੇ ਹਰ ਵਾਰੀ ਇਨਕਾਰ ਕਰ ਦਿੱਤਾ । ਵਜ਼ੀਰ ਖ਼ਾਨ ਨੇ ਇਹ ਖ਼ਿਆਲ ਕਰਕੇ ਕਿ ਇਹ ਬੱਚੇ ਹਨ, ਹੌਲੀ ਹੌਲੀ ਡਰਾਏ ਧਮਕਾਏ ਮੰਨ ਜਾਣਗੇ, ਉਹਨਾਂ ਨੂੰ ਮੁੜ ਠੰਢੇ ਬੁਰਜ ਵਿੱਚ ਭੇਜ ਦਿੱਤਾ ।

11 ਪੋਹ ਐਤਵਾਰ

ਅਜ ਫੇਰ ਪੇਸ਼ੀ ਹੋਈ ਤੇ ਉਨ੍ਹਾਂ ਨੂੰ ਦੀਨ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ । ਅਜ ਸਾਹਿਬ ਜ਼ੋਰਾਵਰ ਸਿੰਘ ਜੀ ਨੇ ਜ਼ਰਾ ਕਰੜੇ ਉੱਤਰ ਦਿੱਤੇ, ਜਿਨ੍ਹਾਂ ਨੂੰ ਸੁਣ ਕੇ ਵਜ਼ੀਰ ਖ਼ਾਨ ਨੇ ਗੁੱਸੇ ਵਿਚ ਆ ਕੇ ਦਰਬਾਰ ਵਿੱਚ ਬੈਠੇ ਸ਼ੇਰ ਮੁਹੰਮਦ ਖ਼ਾਨ ਮਲੇਰ ਕੋਟਲੀਏ ਨੂੰ ਕਿਹਾ ਕਿ ਮੈਂ ਇਨ੍ਹਾਂ ਦੋਹਾਂ ਬੱਚਿਆਂ ਨੂੰ ਤੇਰੇ ਹਵਾਲੇ ਕਰਦਾ ਹਾਂ । ਤੂੰ ਆਪਣੇ ਭਰਾ ਨਾਹਰ ਖ਼ਾਨ (ਜੋ ਦਿੱਲੀ ਤੋਂ ਆਈ ਨਵੀਂ ਫੌਜ ਦਾ ਕਮਾਂਡਰ ਸੀ ।) ਤੇ ਭਤੀਜੇ ਖ਼ਿਜ਼ਰ ਖ਼ਾਨ ਦੀ ਚਮਕੌਰ ਵਿੱਚ ਮੌਤ ਦਾ ਬਦਲਾ ਲੈਣ ਲਈ ਇਨ੍ਹਾਂ ਨੂੰ ਕਤਲ ਕਰ ਦੇ । ਸ਼ੇਰ ਮੁਹੰਮਦ ਖ਼ਾਨ ਦਿਲ ਵਾਲਾ ਬੰਦਾ ਸੀ । ਉਸ ਨੇ ਕਿਹਾ ਕਿ ਮੇਰਾ ਭਰਾ ਤੇ ਭਤੀਜਾ ਜੰਗ ਵਿੱਚ ਮੋਏ ਹਨ । ਮੈਂ ਉਨ੍ਹਾਂ ਦਾ ਬਦਲਾ ਗੁਰੂ ਗੋਬਿੰਦ ਸਿੰਘ ਪਾਸੋਂ ਮਦਾਨ ਜੰਗ ਵਿੱਚ ਲਵਾਂਗਾ । ਜੰਗ ਹੋਇਆ ਹੈ ਤਾਂ ਗੁਰੂ ਗੋਬਿੰਦ ਸਿੰਘ ਨਾਲ, ਉਸ ਦੇ ਇਨ੍ਹਾਂ ਸ਼ੀਰ-ਖੋਰ (ਦੁੱਧ-ਪੀਂਦੇ) ਬੱਚਿਆਂ ਦਾ ਕੀ ਦੋਸ਼ ਹੈ ? ਦੂਸਰੇ ਇਹ ਸ਼ਰਾ ਇਸਲਾਮੀ ਦੇ ਭੀ ਖ਼ਿਲਾਫ਼ ਹੈ । ਇਸ ਲਈ ਮੈਂ ਇਹ ਕੰਮ ਨਹੀਂ ਕਰ ਸਕਦਾ । ਇਹ ਕਹਿ ਕੇ ਸ਼ੇਰ ਮੁਹੰਮਦ ਨੇ ਹਾਹ ਦਾ ਨਾਹਰਾ ਮਾਰਿਆ ਤੇ ਦਰਬਾਰੋਂ ਉੱਠ ਗਿਆ ।

ਇਹ ਸੁਣ ਕੇ ਵਜ਼ੀਰ ਖ਼ਾਂ ਦਾ ਦਿਲ ਕੁਝ ਨਰਮ ਹੋਣ ਲੱਗਾ । ਮਲੂਮ ਹੁੰਦਾ ਹੈ ਕਿ ਕੋਲ ਬੈਠੇ ਦੀਵਾਨ ਸੁੱਚਾ ਨੰਦ ਨੇ ਕਿਹਾ ਕਿ ‘ਅਫ਼ਾਈ ਰਾ ਕੁਸ਼ਤਨ ਵਾ ਬਰਾਅਸ਼ ਰਾ ਨਿਗਾਹ ਦਾਸ਼ਤਨ ਕਾਰੋ ਖ਼ਿਰਦਮੰਦਾਂ ਨੀਸਤ, ਚਿਰਾ ਕਿ ਅਕਾਬਤ ਗੁਰਗੁਜ਼ਾਦਾ ਗੁਰਗ ਸ਼ਵਦ,’ ਅਰਥਾਤ ਸੱਪ ਨੂੰ ਮਾਰਨਾਂ ਤੇ ਉਸ ਦੇ ਬੱਚਿਆਂ ਦੀ ਰਾਖੀ ਕਰਨਾ ਅਕਲਮੰਦਾਂ ਦਾ ਕੰਮ ਨਹੀਂ ਕਿਉਂਕਿ ਬਘਿਆੜਾਂ ਦੇ ਬੱਚੇ ਆਖ਼ਰ ਬਘਿਆੜ ਹੁੰਦੇ ਹਨ । ਇਹ ਗੱਲ ਸੁਣ ਕੇ ਵਜ਼ੀਰ ਖ਼ਾਨ ਨੂੰ ਰੋਹ ਚੜ੍ਹ ਗਿਆ ਤੇ ਉਸ ਨੇ ਉਨ੍ਹਾਂ ਨੂੰ ਜੀਉਂਦੇ ਚਿਣ ਦੇਣ ਦਾ ਹੁਕਮ ਦੇ ਦਿੱਤਾ । ਉਸੇ ਵੇਲੇ ਇੱਟਾਂ ਤੇ ਗਾਰਾ ਮੰਗਵਾਏ ਗਏ ਤੇ ਸਾਹਿਬਜ਼ਾਦਿਆਂ ਨੂੰ ਖੜਾ ਕਰ ਕੇ ਮੀਨਾਰ ਜਿਹਾ ਚਿਣਨਾ ਅਰੰਭ ਦਿੱਤਾ । ਜਿਉਂ ਜਿਉਂ ਰੱਦੇ ਤੇ ਰੱਦਾ ਚੜ੍ਹਦਾ ਜਾਂਦਾ, ਉਨਾਂ ਨੂੰ ਮੁੜ ਮੁੜ ਇਸਲਾਮ ਕਬੂਲ ਕਰਨ ਲਈ ਕਿਹਾ। ਜਾਂਦਾ, ਪਰ ਉਨ੍ਹਾਂ ਦਾ ਉਹੋ ਹੀ ਇਕੋ ਨੰਨਾ । ਜਦ ਮੀਨਾਰ ਗਰਦਨਾਂ ਤਕ ਪੁੱਜਾ ਤਾਂ ਸਾਹਿਬਜ਼ਾਦੇ ਬੇਹੋਸ਼ ਜਿਹੇ ਹੋ ਗਏ ਸਨ । ਭਾਣਾ ਕਰਤਾਰ ਦਾ, ਤਦ ਝੱਟ ਹੀ ਉਹ ਮੀਨਾਰ ਦਤ ਦੜ ਕਰਦਾ ਡਿੱਗ ਪਿਆ ਤੇ ਬੇਹੋਸ਼ ਸਾਹਿਬਜ਼ਾਦੇ ਭੀ ਭੋਇੰ ਤੇ ਆ ਡਿੱਗੇ । ਉਸ ਵੇਲੇ ਸਾਰੇ ਆਦਮੀ ਜੋ ਉਥੇ ਮੌਜੂਦ ਸਨ ਕੰਬ ਉਠੇ ।

ਵਜ਼ੀਰ ਖ਼ਾਨ ਦੇ ਹੁਕਮ ਨਾਲ ਸਹਿਬਜ਼ਾਦਿਆਂ ਨੂੰ ਉਠਾ ਕੇ ਬੁਰਜ ਵਿੱਚ ਪਹੁੰਚਾ ਦਿੱਤਾ ਗਿਆ । ਜਿਥੇ ਉਨਾਂ ਨੂੰ ਮੁਮਿਆਈ ਤੇ ਦੁੱਧ ਦੇ ਕੇ ਹੋਸ਼ ਵਿੱਚ ਲਿਆਂਦਾ ਗਿਆ ।

12 ਪੋਹ ਸੋਮਵਾਰ

ਵਜ਼ੀਰ ਖ਼ਾਨ ਨੇ ਇਹ ਸੋਚ ਕੇ ਕਿ ਹੁਣ ਸ਼ਾਇਦ ਇਹ ਡਰੌਣ ਧਮਕੌਣ ਨਾਲ ਮੰਨ ਜਾਣਗੇ, ਉਨ੍ਹਾਂ ਪਰ ਕੁਝ ਆਦਮੀ ਨੀਅਤ ਕੀਤੇ, ਪਰ ਸਾਹਿਬਜ਼ਾਦੇ ਆਪਣੇ ਧਰਮ ਤੇ ਅਟੱਲ ਸਨ । ਉਨ੍ਹਾਂ ਨੂੰ ਕੋਈ ਡਰ, ਧਮਕੀ ਜਾਂ ਲਾਲਚ ਸਿੱਖੀ ਤੋਂ ਨਹੀਂ ਗਿਰਾ ਸਕਦਾ ਸੀ । ਇਕ ਇਤਿਹਾਸਕਾਰ ਨੇ ਲਿਖਿਆ ਹੈ ਕਿ ਸਾਹਿਬਜ਼ਾਦਿਆਂ ਨੂੰ ਕਸ਼ਟ ਦੇ ਕੇ ਇਸਲਾਮ ਕਬੂਲ ਕਰਨ ਲਈ ਮਨੌਣ ਵਾਸਤੇ ਉਨਾਂ ਦੀਆਂ ਉਂਗਲੀਆਂ ਵਿੱਚ ਪਲੀਤੇ ਰੱਖ ਕੇ ਅੱਗ ਲਗਾ ਦਿੱਤੀ ਗਈ ਸੀ । ਇਸ ਦਿਨ ਦਰਬਾਰੇ ਕੋਈ ਪੇਸ਼ੀ ਨਹੀਂ ਹੋਈ ।

13 ਪੋਹ ਮੰਗਲਵਾਰ

ਦਰਬਾਰ ਵਿੱਚ ਪੇਸ਼ੀ ਹੋਈ । ਵਜ਼ੀਰ ਖ਼ਾਨ ਨੇ ਸਾਹਿਬਜ਼ਾਦਿਆਂ ਨੂੰ ਪੁੱਛਿਆ। ਬੱਚਿਓ, ਜੇ ਤੁਹਾਨੂੰ ਛੱਡ ਦਿੱਤਾ ਜਾਏ ਤਾਂ ਤੁਸੀਂ ਕੀ ਕਰੋਗੇ ? ਸਾਹਿਬ ਜ਼ੋਰਾਵਰ ਸਿੰਘ ਜੀ ਨੇ ਉੱਤਰ ਦਿੱਤਾ, ਅਸੀਂ ਸਿੰਘਾਂ ਦੀਆਂ ਫ਼ੌਜਾਂ ਇਕੱਠੀਆਂ । ਕਰਾਂਗੇ, ਤੁਹਾਡੇ ਨਾਲ ਲੜਾਂਗੇ, ਤੁਹਾਨੂੰ ਮਾਰਾਂਗੇ ਜਾਂ ਆਪ ਮਰ ਜਾਵਾਂਗੇ । ਵਜ਼ੀਰ ਖ਼ਾਨ ਨੇ ਫੇਰ ਪੁੱਛਿਆ, ਭਲਾ ਜੇ ਤੁਸੀਂ ਹਾਰ ਜਾਓਗੇ ਤਾਂ ਫੇਰ ਕੀ ਕਰੋਗੇ । ਸਾਹਿਬ ਜ਼ੋਰਾਵਰ ਸਿੰਘ ਜੀ ਨੇ ਫੇਰ ਉਹੀ ਉੱਤਰ ਦਿੱਤਾ ਕਿ ਅਸੀਂ ਫਿਰ ਫ਼ੌਜਾਂ ਇਕੱਠੀਆਂ ਕਰਾਂਗੇ ਅਤੇ ਤੇਰੇ ਨਾਲ ਜੰਗ ਕਰ ਕੇ ਮਰਾਂਗੇ ਜਾਂ ਮਾਰਾਂਗੇ, ਤੇ ਮੁੜ ਮੁੜ ਏਸੇ ਤਰਾਂ ਕਰਾਂਗੇ । ਇਹ ਗੱਲ ਸੁਣ ਕੇ ਦੀਵਾਨ ਸੁੱਚਾ ਨੰਦ ਬੋਲ ਉਠਿਆ ਕਿ ਹਜ਼ੂਰ ਮੈਂ ਨਹੀਂ ਤੁਹਾਨੂੰ ਆਖਿਆ ਸੀ ਕਿ ਬਘਿਆੜਾਂ ਦੇ ਬੱਚੇ ਆਖ਼ਰ ਬਘਿਆੜ ਹੁੰਦੇ ਨੇ । ਹੁਣ ਤਾਂ ਇਹ ਦੁੱਧ ਪੀਂਦੇ ਹਨ ਤਾਂ ਇਹ ਇਸ ਤਰ੍ਹਾਂ ਜਵਾਬ ਦਿੰਦੇ ਹਨ, ਜਦ ਵੱਡੇ ਹੋਣਗੇ ਤਾਂ ਰਾਜ ਦੀ ਇੱਟ ਨਾਲ ਇੱਟ ਵਜਾ ਦੇਣਗੇ । ਖਿਝ ਤਾਂ ਵਜ਼ੀਰ ਖ਼ਾਨ ਜ਼ੋਰਾਵਰ ਸਿੰਘ ਜੀ ਦੇ ਜਵਾਬ ਸੁਣ ਕੇ ਅੱਗ ਹੀ ਬਥੇਰਾ ਰਿਹਾ ਸੀ, ਪਰ ਹੁਣ ਸੁੱਚਾ ਨੰਦ ਦੇ ਕਹਿਣੇ ਨੇ ਧੁਖਦੀ ਉੱਤੇ ਤੇਲ ਪਾ ਕੇ ਭਾਂਬੜ ਮਚਾ ਦਿੱਤਾ । ਵਜ਼ੀਰ ਖ਼ਾਨ ਨੂੰ ਰੋਹ ਚੜ੍ਹ ਗਿਆ ਤੇ ਉਸ ਨੇ ਲਾਲ ਡੇਲੇ ਉਗਾਲ ਕੇ ਕਿਹਾ : “ਹੈ ਕੋਈ ਜੋ ਇਨ ਮੂਜ਼ੀਓਂ ਕੀ ਗਰਦਨ ਉੜਾ ਦੇ ।” ਸਾਰਿਆਂ ਦੀਆਂ ਗਰਦਨਾਂ ਨੀਵੀਆਂ ਹੋ ਗਈਆਂ । ਜਦ ਹੋਰ ਕਿਸੇ ਨੇ ਕੋਈ ਉੱਤਰ ਨਾ ਦਿੱਤਾ, ਤਾਂ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜੱਲਾਦਾਂ ਨੇ, ਜੋ ਕਿਸੇ ਕਸੂਰ ਬਦਲਿਉਂ ਨੌਕਰੀਓਂ ਹਟਾ ਦਿੱਤੇ ਹੋਏ ਸਨ, ਕਿਹਾ ਕਿ ਜੇ ਸਾਡਾ ਕਸੂਰ ਮੁਆਫ਼ ਹੋ ਜਾਵੇ ਤਾਂ ਅਸੀਂ ਤਿਆਰ ਹਾਂ । ਵਜ਼ੀਰ ਖ਼ਾਨ ਨੇ ਇਹ ਗੱਲ ਕਬੂਲ ਕਰ ਲਈ । ਬੱਸ ਫਿਰ ਕੀ ਦੇਰ ਸੀ । ਉਨ੍ਹਾਂ ਜੱਲਾਦਾਂ ਨੇ ਮਾਸੂਮ ਬੱਚਿਆਂ ਸਾਹਿਬ ਜ਼ੋਰਾਵਰ ਸਿੰਘ ਤੇ ਸਾਹਿਬ ਫ਼ਤਿਹ ਸਿੰਘ ਨੂੰ ਅਤਿ ਬੇਰਹਿਮੀ ਨਾਲ ਤਲਵਾਰ ਨਾਲ ਜ਼ਿਬਾਹ ਕਰ ਦਿੱਤਾ ।

ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦੀ ਯਾਦ ਵਿੱਚ ਗੁਰਦੁਆਰੇ

ਖੇੜੀ : ਪਿੰਡੋਂ ਬਾਹਰ ਸੜਕ ਦੇ ਕੰਢੇ ਛੋਟਾ ਜਿਹਾ ਅਸਥਾਨ ਹੈ । ਏਥੇ ਮੋਰਿੰਡਿਓਂ ਲਿਆਂਦਾ ਰੱਥ ਖੜਾ ਕਰ ਕੇ ਗਰਿਫ਼ਤਾਰ ਕੀਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਰਥ ਵਿੱਚ ਬਿਠਾਇਆ ਸੀ। ਪਿੰਡ ਦੇ ਵਿਚਕਾਰ ਗੰਗਾ ਰਾਮ ਦੇ ਘਰ ਦੀ ਥਾਂ ਉੱਜੜੀ ਪਈ ਹੈ ।

ਮੋਰਿੰਡਾ : ਪਿੰਡੋਂ ਬਾਹਰ ਪੱਛਮ ਵਲ ਦੇ ਪਾਸੇ ਏਥੇ ਠਾਣੇ ਤੇ ਰੱਥ ਖੜਾ ਕੀਤਾ ਗਿਆ ਸੀ ਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਜਲ ਛਕਿਆ ਸੀ । ਏਥੇ ਹੁਣ ਗੁਰਦੁਆਰਾ ਬਣ ਗਿਆ ਹੈ ।

ਸਰਹੰਦ : 1-ਫ਼ਤਿਹਗੜ੍ਹ ਸਾਹਿਬ-ਏਥੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ ।
2-ਬੁਰਜ ਮਾਤਾ ਸਾਹਿਬ-ਬੁਰਜ ਵਿੱਚ ਮਾਤਾ ਜੀ ਤੇ ਸਾਹਿਬਜ਼ਾਦੇ ਕੈਦ ਰਖੇ ਗਏ ਸਨ ।
3-ਜੋਤੀ ਸਰੂਪ-ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਤੋਂ ਪੌਣੇ ਕੁ ਮੀਲ ਤੇ ਹੈ । ਇਥੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦਾ ਸੰਸਕਾਰ ਕੀਤਾ ਗਿਆ ਸੀ।

ਚਮਕੌਰ : ਸ਼ਹੀਦ ਗੰਜ (ਫ਼ਤਿਹਗੜ੍ਹ) ।

(‘ਸਿੱਖ ਇਤਿਹਾਸ ਵੱਲ’ ਵਿੱਚੋਂ)

  • ਮੁੱਖ ਪੰਨਾ : ਡਾ. ਗੰਡਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ