Shailli Ki Hai ? : O. P. Gupta
ਸ਼ੈਲੀ ਕੀ ਹੈ ? : ਓ. ਪੀ. ਗੁਪਤਾ
ਅੰਗਰੇਜ਼ੀ ਆਲੋਚਕ F.L.Lucas ਅਨੁਸਾਰ ਸ਼ੈਲੀ ਉਹ ਤਰੀਕਾ ਹੈ ਜਿਹਦੇ ਦੁਆਰਾ ਇਕ ਮਨੁਖ ਦੂਸਰੇ ਮਨੁੱਖਾਂ ਨਾਲ ਸੰਪਰਕ ਕਾਇਮ ਕਰਦਾ ਹੈ । ਇਹ ਵਿਅਕਤੀਤਵ ਹੈ ਸ਼ਬਦਾਂ ਦੇ ਆਵਰਨ ਵਿਚ,ਚਰਿਤ੍ਰ ਹੈ ਬਾਣੀ ਵਿਚ ਸੰਚਿਤ।
ਕਿਸੇ ਵੀ ਰਚਨਾ ਦੇ ਦੋ ਪੱਖ ਹੁੰਦੇ ਹਨ- ਇਕ ਵਿਸ਼ਾ--ਪੱਖ ਤੇ ਦੂਜਾ ਰੂਪ-ਪੱਖ । ਵਾਸਤਵ ਵਿਚ ਇਹ ਦੋ ਪੱਖ ਅਭੇਦ ਹਨ ਤੇ ਕੇਵਲ ਦਲੀਲ ਲਈ ਹੀ ਇਨ੍ਹਾਂ ਨੂੰ ਵਖੋ-ਵੱਖ ਕੀਤਾ ਜਾਂਦਾ ਹੈ। ਕੋਈ ਵੀ ਵਿਸ਼ਾ ਬਿਨਾ ਰੂਪ (Form) ਦੇ ਪ੍ਰਗਟ ਨਹੀਂ ਕੀਤਾ ਜਾ ਸਕਦਾ ਤੇ ਰੂਪ ਤਾਂ ਹੀ ਹੋਂਦ ਵਿਚ ਆਵੇਗਾ ਜੇ ਕਰ ਇਸ ਨੂੰ ਕਿਸੇ ਵਿਸ਼ੇ ਦਾ ਆਸਰਾ ਮਿਲੇ । ਰੂਪ ਦਾ ਜੋ ਸਬੰਧ ਆਪਣੇ ਵਿਸ਼ੇ ਨਾਲ ਹੁੰਦਾ ਹੈ ਉਸ ਨੂੰ ਹੀ ਸ਼ੈਲੀ ਵਿਅਕਤ ਕਰਦੀ ਹੈ । ਜਾਂ ਦੂਜੇ ਸ਼ਬਦਾਂ ਵਿਚ ਕਹ ਲਓ ਕਿ ਇਹ ਰੂਪ ਵਿਸ਼ੇ ਨਾਲ ਆਪਣੇ ਵਿਸ਼ੇ ਨਾਲ (Form in relation to matter) ਹੀ ਸ਼ੈਲੀ ਹੈ ਜਦ ਇਹ ਸਬੰਧ ਅਨੁਕੂਲਤਾ ਦਾ ਹੁੰਦਾ ਹੈ, ਤਾਂ ਅਸੀਂ ਉਸ ਵਿਸ਼ੇਸ਼ ਰਚਨਾ ਦੀ ਸ਼ੈਲੀ ਨੂੰ ਉਤਮ ਮੰਨ ਲੈਂਦੇ ਹਾਂ ਤੇ ਜਦ ਰੂਪ ਤੇ ਵਿਸ਼ੇ ਵਿਚ ਕੁਝ ਕੁ ਵੀ ਪਰਸਪਰ ਵਿਰੋਧ ਦ੍ਰਿਸ਼ਟੀਗੋਚਰ ਹੋਣ ਲਗਦਾ ਹੈ ਤਾਂ ਅਸੀਂ ਸ਼ੈਲੀ ਨੂੰ ਘਟੀਆ ਕਹਣ ਲਗ ਪੈਂਦੇ ਹਾਂ । ਵਾਸਤਵ ਵਿਚ ਰੂਪ ਦਾ ਵਿਸ਼ੇ ਨਾਲ ਸਬੰਧ ਜਿੰਨਾ ਅਧਿਕ ਚੇਤੰਨ ਪ੍ਰਭਾਵਸ਼ਾਲੀ ਤੇ ਰਾਗਸ਼ੀਲ ਹੋਵਗਾ ਉਨੀ ਉਤਮ ਹੀ ਸ਼ੈਲੀ ਹੋਵੇਗੀ ।
ਸ਼ੈਲੀ ਸੰਤੁਲਨ ਹੈ ਵਿਸ਼ੇ (matter) ਤੇ ਰੂਪ ਵਿਚਕਾਰ- ਸਾਧਨ (means) ਤੇ ਸਾਧਯ (ends) ਵਿਚਾਲੇ । ਜਦ ਇਹ ਸੰਤੁਲਨ ਵਿਗੜ ਜਾਂਦਾ ਹੈ, ਤਾਂ ਸ਼ੈਲੀ ਵੀ ਮੰਦੀ ਹੋ ਜਾਂਦੀ ਹੈ । ਇਹ ਸੰਤੁਲਨ ਵਿਗੜਨ ਦੇ ਦੋ ਹੀ ਕਾਰਨ ਹੋ ਸਕਦੇ ਹੈ- ਜਾਂ ਤਾਂ ਰੂਪ (Form) ਵਿਸ਼ੇ ਦੇ ਟਾਕਰੇ ਤੇ ਕਾਫੀ ਹੀਣਾ ਹੋ ਜਾਵੇ ਤੇ ਜਾਂ ਉਸ ਤੋਂ ਵਧੇਰੇ ਬਲਵਾਨ ।
ਸ਼ੈਲੀ ਦੇ ਸਬੰਧ ਵਿਚ ਕਈ ਤਰ੍ਹਾਂ ਦੇ ਵਹਮ ਪ੍ਰਚਲਿਤ ਹਨ । ਹਿੰਦੀ ਦਾ ਇਕ ਉਘਾ ਅਲੋਚਕ ਲਿਖਦਾ ਹੈ- “ਸ਼ੈਲੀ ਅਨੁਭੁਤ ਵਿਸ਼ਯਵਸਤੂ ਕੋ ਸਜਾਨੇ ਕੇ ਉਨ ਤਰੀਕੋਂ ਕਾ ਨਾਮ ਹੈ ਜੋ ਉਸ ਵਿਸ਼ਯਵਸਤੂ ਕੀ ਅਭਿਵਿਅਕਤ ਕੋ ਸੁੰਦਰ ਏਵਮ ਪ੍ਰਭਾਵ ਪੂਰਨ ਬਨਾਤੇ ਹੈ ” ਇਹ ਪਰਿਭਾਸ਼ਾ ਗਲਤ ਹੈ- ਅਜੇਹਾ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਸਜਾਣ ਦੇ ਤਰੀਕੇ ਅਭਿਵਿਅਕਤੀ ਤੋਂ ਬਾਹਰਲੇ ਹਨ ਤੇ ਉਨ੍ਹਾਂ ਨੂੰ ਇਸ ਉਤੇ ਉਵੇਂ ਹੀ ਲਦਿਆ ਜਾਂਦਾ ਹੈ ਜਿਵੇਂ ਕਿ ਇਕ ਨਾਰੀ ਤੇ ਆਭੂਸ਼ਨ । ਸ਼ੈਲੀ ਸਜਾਣ ਦੇ ਤਰੀਕੇ ਨਹੀਂ ਹਨ-- ਇਹ ਵਿਸ਼ੇ ਤੋਂ ਵੱਖ ਕੀਤੀ ਹੋਈ ਉਸ ਦੀ ਅਭਿਵਿਕਤੀ ਵੀ ਨਹੀਂ ਕਿਉਂਕਿ ਇਸ ਨੂੰ ਇਸ ਦੇ ਵਿਸ਼ੇ ਤੋਂ ਨਿਖੇੜਿਆ ਨਹੀਂ ਜਾ ਸਕਦਾ । ਸੈਲੀ ਵਾਸਤਵ ਵਿਚ ਰੂਪ ਦਾ ਸਜਿੰਦ ਸਬੰਧ (living relationship) ਹੈ ਉਸ ਵਿਸ਼ੇ ਨਾਲ ਜਿਸਨੂੰ ਪ੍ਰਗਟਾਉਣ ਦੀ ਇਹ ਕੋਸ਼ਿਸ਼ ਕਰਦਾ ਹੈ । ਇਹ ਸਬੰਧ ਸਜਿੰਦ ਹੈ ਤੇ ਇਸ ਨੂੰ ਸਜਿੰਦ ਰਖਣ ਲਈ ਇਹ ਜਰੂਰੀ ਹੈ ਕਿ ਅਸੀਂ ਰੂਪ ਵਿਸ਼ੇ ਤੋਂ ਨਿਖੇੜਣ ਦੀ ਭੁਲ ਨਾ ਕਰੀਏ । ਰੂਪ ਵੱਖ ਹੋਇਆ ਨਹੀਂ ਕਿ ਸਬੰਧ ਦੀ ਸਜਿੰਦਤਾ ਖ਼ਤਮ ਹੋਈ ਨਹੀਂ । ਜਦ ਇਹ ਸਬੰਧ ਜੜ ਹੋ ਜਾਂਦਾ ਹੈ ਤਾਂ ਸ਼ੈਲੀ ਵੀ ਜੜ ਅਤੇ ਘਟੀਆ ਹੋ ਜਾਂਦੀ ਹੈ । ਸ਼ੈਲੀ ਇਕ ਚੇਤੰਨ ਇਕਾਈ ਹੈ ਤੇ ਇਹ ਚੇਤੰਨਤਾ ਹੀ ਇਸ ਦੀ ਜਾਨ ਹੈ ।
ਮੇਰਾ ਕਹਣ ਦਾ ਮਤਲਬ ਇਹ ਹੈ ਕਿ ਸ਼ੈਲੀ (Style) ਕੇਵਲ ਰੂਪ (Form) ਨਹੀਂ। ਇਹ ਰੂਪ ਨੂੰ ਵੀ ਆਪਣੇ ਵਿਚ ਸਮੇਟਦੀ ਹੋਈ ਅੱਗੇ ਵੱਧਕੇ ਲੇਖਕ ਦੇ ਚਰਿਤ੍ਰ ਤੇ ਉਸ ਦੇ ਵਿਚੋਂ ਉਪਜੇ ਵਿਚਾਰ ਨਾਲ ਜਿਹਦੀ ਅਭਿਵਿਅਕਤੀ ਦਰਕਾਰ ਹੈ ਆਪਣਾ ਚੇਤੰਨ ਅਨਿਖੜਵਾਂ ਸਬੰਧ ਹਰ ਵੇਲੇ ਜੋੜੀ ਰਖਦੀ ਹੈ ।
ਹਰ ਮਹਾਨ ਲੇਖਕ ਮਹਾਨ ਸ਼ੈਲੀਕਰ ਹੁੰਦਾ ਹੈ । ਲੇਖਕ ਦਾ ਡੂੰਘਾ ਦ੍ਰਿਸ਼ਟੀਕੋਣ ਤੇ ਉਸ ਦਿਸ਼ਟੀਕੋਣ ਨੂੰ ਵਿਅਕਤ ਕਰਨ ਵਾਲੀ ਸ਼ੈਲੀ ਵਾਸਤਵ ਵਿਚ ਇਕ ਹੀ ਹੱਥ ਦੇ ਦੋ ਪੱਖ ਹਨ । ਸ਼ੈਲੀ ਦ੍ਰਿਸ਼ਟੀਕੋਣ ਨੂੰ ਬਲ ਦੇਂਦੀ ਹੈ ਤੇ ਦ੍ਰਿਸ਼ਟੀਕੋਣ ਸ਼ੈਲੀ ਨੂੰ । Herbert Read ਠੀਕ ਹੀ ਲਿਖਦਾ ਹੈ ।
"A great writer is always a good stylist. The greatest English prose writers Swift, Milton, Taylor, Hooker, Berkeley, Shelley are great not only by virtue of their prose style, but also by virtue of the profoundity of their outlook on the world. And these are not separable and distinict virtues, but two aspects of one reality. The thought seems to mould and accentate the style and the style reacts to mould and accentate the thought. It is one process of creation, one art, one aim".
ਸ਼ੈਕਸਪੀਅਰ ਦੀ ਸ਼ੈਲੀ ਦਾ ਉਦਾਹਰਣ ਸ਼ੈਲੀ ਸਬੰਧੀ ਇਨ੍ਹਾਂ ਵਿਚਾਰਾਂ ਨੂੰ ਹੋਰ ਵੀ ਸਪਸ਼ਟ ਕਰ ਦੇਵੇਗਾ । ਉਸ ਦੇ ਪਹਲੇ ਨਾਟਕਾਂ ਦੀ ਸ਼ੈਲੀ ਦੀ ਪ੍ਰਸੰਸਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਨ੍ਹਾਂ ਨਾਟਕਾਂ ਦੇ ਵਸਤੂ ਤੇ ਆਕਾਰ ਵਿਚ ਕੋਈ ਸੰਤੁਲਨ ਜ਼ਾ ਸਮਤਾ (Harmony) ਨਹੀਂ-- ਵਸਤੂ ਘਟੀਆ ਹੈ ਤੇ ਆਕਾਰ ਅਲੰਕਿਤ । ਇਹੋ ਹਾਲ ਸ਼ੈਕਸ਼ਪੀਅਰ ਦੇ ਅੰਤਲੇ ਨਾਟਕਾਂ ਦਾ ਵੀ ਹੈ । ਉਨ੍ਹਾਂ ਵਿਚ ਗੱਲ ਉਲਟ ਹੋ ਗਈ ਹੈ-- ਵਿਚਾਰ ਬਹੁਤ ਵਧੀਆ ਤੇ ਤੀਬਰ ਹਨ ਤੇ ਆਕਾਰ ਵਿਚਾਰ ਨਾਲ ਕਦਮ ਨਹੀਂ ਰੱਖ ਸਕਿਆ । ਜੇਕਰ ਸ਼ੈਕਸਪੀਅਰ ਦੇ ਕੁਝ ਨਾਟਕਾਂ ਦੇ ਵਿਚਾਰ ਤੇ ਪ੍ਰਗਟਾਅ ਵਿਚ ਸੰਤੁਲਨ ਹੈ, ਤਾਂ ਉਹ ਹੈ ਉਸ ਦੇ ਵਿਚਕਾਰਲੇ ਨਾਟਕਾਂ ਵਿਚ ।Julius Caesor ਇਕ ਅਜੇਹਾ ਹੀ ਨਾਟਕ ਹੈ । ਇਨਾਂ ਵਿਚਕਾਰਲੇ ਨਾਟਕਾਂ ਦੀ ਸ਼ੈਲੀ ਹੀ ਵਧੀਆ ਕਹੀ ਜਾ ਸਕਦੀ ਹੈ । ਜੇਕਰ ਮੈਂ Doucden (ਇਕ ਅੰਗਰੇਜ਼ੀ ਆਲੋਚਕ) ਦੇ ਸ਼ਬਦਾਂ ਵਿਚ ਕਹਣਾ ਹੋਵੇ ਤਾਂ ਸ਼ੈਲੀ ਹੈ “ਇਕ ਪੂਰਨ ਸੰਤੁਲਨ ਤੇ ਸਮਤਾ ਵਿਚਾਰ ਤੇ ਉਸ ਦੀ ਅਭਿਵਿਅਕਤੀ ਵਿਚ ।"
ਸ਼ੈਲੀ ਨੂੰ ਵਿਚਾਰ ਦਾ ਆਵਰਨ (dress of thought) ਵੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਜਦ ਕਿ ਅਸੀਂ ਕਿਸੇ ਵੀ ਆਵਰਨ ਨੂੰ ਮਰਜ਼ੀ ਅਨੁਸਾਰ ਚੜ੍ਹਾ ਤੇ ਉਤਾਰ ਸਕਦੇ ਹਾਂ; ਸ਼ੈਲੀ ਤਾਂ ਵਿਚਾਰ ਦਾ ਅਨਿਖੜਵਾਂ ਅੰਗ ਬਣ ਜਾਂਦੀ ਹੈ । ਸਾਹਿਤ ਦੀ ਰਚਨਾ ਸਦਾ ਇਕੋ ਇਕਾਈ ਰਹਿੰਦੀ ਹੈ । ਇਸ ਨੂੰ ਵਿਚਾਰ ਤੇ ਉਸ ਦੇ ਆਵਰਨ ਵਿਚ ਵੰਡਿਆ ਨਹੀਂ ਜਾ ਸਕਦਾ । ਜਦ ਅਲੰਕਾਰਾਂ ਨੂੰ ਕਿਸੇ ਵੀ ਵਿਚਾਰ ਉਤੇ ਬਾਹਰ ਤੋਂ ਲੱਦਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਉਹ ਜ਼ਰੂਰ Dress of thought (ਵਿਚਾਰ ਦਾ ਆਵਰਨ) ਬਣ ਜਾਂਦੇ ਹਨ । ਕਾਰਲਾਇਲ (Carlyle) ਦਾ ਇਹ ਕਥਨ ਬਿਲਕਲ ਉfਚਤ ਹੈ ਕਿ ਸ਼ੈਲੀ ਇਕ ਲੇਖਕ ਦਾ ਕੋਟ ਨਹੀਂ, ਸਗੋਂ ਉਸ ਦੀ (skin) ਹੈ ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸ਼ੈਲੀ ਕਿਥੋਂ ਨਿਕਲਦੀ ਹੈ ਜਾਂ ਇਸ ਦਾ ਕਿਹੜਾ ਸੋਮਾਂ ਹੈ । ਸੋਮਾਂ ਹੈ ਸ਼ੈਲੀ ਦਾ ਖੁਦ ਰਚਨਾਕਾਰ ਜਾਂ ਲੇਖਕ । ਇਸੇ ਲਈ ਪ੍ਰਸਿਧ ਹੈ ਕਿ ਸ਼ੈਲੀ ਹੀ ਮਨੁਖ ਹੈ ( Style is the man), ਦੂਸਰੇ ਸ਼ਬਦਾਂ ਵਿਚ ਹਰ ਸ਼ੈਲੀ ਤੇ ਉਸ ਦੇ ਰਚਨਾਕਾਰ ਦੀ ਇਕ ਗਹਿਰੀ ਤੇ ਅਮਿਟ ਛਾਪ ਲੱਗੀ ਹੁੰਦੀ ਹੈ ਤੇ ਇਸ ਛਾਪ ਤੋਂ ਉਸ ਸ਼ੈਲੀ ਨੂੰ ਹੋਰ ਕਿੰਨੀਆਂ ਹੀ ਸ਼ੈਲੀਆਂ ਤੋਂ ਨਿਖੇੜਿਆਂ ਜਾ ਸਕਦਾ ਹੈ । ਇਸੇ ਤੱਥ ਨੂੰ F. L. Lucas ਨੇ ਇਕ ਹੋਰ ਤਰ੍ਹਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ । ਉਸ ਦਾ ਮਤ ਹੈ ਕਿ ਸ਼ੈਲੀ ਦੀ ਨੀਂਹ ਚਰਿਤ੍ਰ ਹੈ (The foundation of style is character) ਉਹ ਕਹਿੰਦਾ ਹੈ ਕਿ ਜੇ ਕਰ ਤੁਸੀਂ ਆਪਣੀ ਸ਼ੈਲੀ ਵਧੀਆ ਬਣਾਨਾ ਚਾਹੁੰਦੇ ਹੋ ਤਾਂ ਤੁਹਾਡਾ ਚਰਿਤ੍ਰ ਨਾ ਕੇਵਲ ਉਤਮ ਨਜ਼ਰ ਆਣਾ ਚਾਹੀਦਾ ਹੈ, ਸਗੋਂ ਉਤਮ ਹੋਣਾ ਵੀ ਚਾਹੀਦਾ ਹੈ ।
ਲੁਕਸ ਸਾਨੂੰ ਇਹ ਵੀ ਦਸਦਾ ਹੈ ਕਿ ਚਰਿਤ੍ਰ ਦੇ ਕਿਹੜੇ ਗੁਣ ਇਕ ਸ਼ੈਲੀ ਨੂੰ ਸੁੰਦਰ ਤੇ ਪ੍ਰਭਾਵਸ਼ਾਲੀ ਬਣਾਂਦੇ ਹਨ । ਇਹ ਗੁਣ ਹਨ ਮਨੁਖੀ ਗੁਣ-- ਉਦਾਹਰਣ ਦੇ ਤੌਰ ਤੇ ਇਮਾਨਦਾਰੀ (sincerity) ਸ਼ਕਤੀ (vitality) ਨਿਮਰਤਾ (courtesy), ਸਵਸਥਤਾ (good health) ਉਤਮ ਹਾਸ (good humour and gaiety) ਆਦਿ ਦੇ ਗੁਣ ।