Shainkri Da Buddha (Dogri Story in Punjabi) : Madan Mohan Sharma
ਸ਼ੈਂਕਰੀ ਦਾ ਬੁੱਢਾ (ਡੋਗਰੀ ਕਹਾਣੀ) : ਮਦਨ ਮੋਹਨ ਸ਼ਰਮਾ
ਬੁੱਢਾ ਹਨੇਰੀ ਨੁੱਕਰ ਵਿਚ ਬੈਠਾ, ਦੀਵੇ ਦੀ ਨਿੰਮ੍ਹੀ ਨਿੰਮ੍ਹੀ ਲੋਅ ਵਿਚ ਸ਼ੈਂਕਰੀ ਨੂੰ ਮਾਸੂਮ ਨਜ਼ਰਾਂ ਨਾਲ ਦੇਖ ਰਿਹਾ ਸੀ ਜਿਵੇਂ ਸ਼ੈਂਕਰੀ ਕੋਈ ਜੰਗਲੀ ਬਿੱਲੀ ਹੋਏ । ਜਿਹੜੀ “ਗੁ...ਰ...ਰ" ਕਰਦੀ ਅਗਲੇ ਪੰਜਿਆਂ ਨਾਲ ਹੁਣੇ ਉਸ ਦੀ ਗਿੱਚੀ ਦਬਣ ਲਈ ਉਸ ਵਲ ਵੱਧ ਰਹੀ ਹੋਏ। ਪਰ ਸ਼ੈਂਕਰੀ ਜਿਥੇ ਖਲੋਤੀ ਸੀ ਖਲੋਤੀ ਹੀ ਰਹੀ। ਗੁੱਸੇ ਨਾਲ ਭਖਦੀਆਂ ਅੱਖਾਂ ਜਿਵੇਂ ਬਲਦੀਆਂ ਲਾਟਾਂ, ਤੇ ਉਸ ਦੇ ਹੱਥ ਵਿਚ ਫੜਿਆ ਦਰਾਟ (ਕੁਹਾੜਾ) ਡਰ ਡਰ ਕੇ ਹਵਾ ਵਿਚ ਕੰਬ ਰਿਹਾ ਸੀ।
“ਕਮਜ਼ਾਤਾ ... ਤੈਨੂੰ ਕੋਹੜ ਪਏ ... ਤੈਨੂੰ ਕੀੜੇ ਪੈਣ ... ਮੋਯਾ ...ਤੇਰੀ ਚਿੱਖਾ ਬੱਲੇ ... ਕਿਉਂ ਨਹੀਂ ਤੂੰ ਮਰਦਾ ਕਿ ਰੋਜ਼ ਰੋਜ਼ ਸਿਆਪਾ ਤਾਂ ਮੁੱਕੇ । ਸ਼ੈਂਕਰੀ ਉਸ ਨੂੰ ਲੱਖ ਲੱਖ ਗਾਹਲਾਂ ਕੱਢ ਰਹੀ ਸੀ ਤਾਂ ਵੀ ਉਸ ਦੇ ਮਨ ਦੀ ਭੜਾਸ ਨਹੀਂ ਸੀ ਨਿਕਲਦੀ । ਹਾਂ, ਗਾਲਾਂ ਕੱਢ ਉਹ ਜ਼ਰਾ ਹਲਕੀ ਹਲਕੀ ਹੋ ਗਈ ਤੇ ਉਹ ਗੁੱਸਾ ਕਿ ਬੁੱਢੇ ਨੂੰ ਦੇਖਦੇ ਹੀ ਦਰਾਟ ਨਾਲ ਉਸ ਦੀ ਗਰਦਨ ਵੱਖ ਕਰ ਦੇਵੇਗੀ ਕੁਝ ਠੰਡਾ ਪੈ ਗਿਆ ਸੀ । ਜਿਸ ਵੇਲੇ ਉਸ ਬੁੱਢੇ ਨੂੰ ਸਹਿਮਿਆਂ ਸਹਿਮਿਆਂ, ਗੁੱਛਾ ਮੁੱਛਾ ਪਿਆ ਦੇਖਿਆ ਤਾਂ ਉਸ ਦਰਾਟ ਇਕ ਪਾਸੇ ਸੁੱਟ ਦਿਤਾ "ਕਿੰਝ ਸੈਲ ਪੱਥਰ ਹੋਇਆ ਦੇਖ ਰਿਹੈ ?'' ਜਿਵੇਂ ਮੂੰਹ 'ਚ ਜੀਭ ਹੀ ਨਹੀਂ । ਪਿਆ ਰਹਿ ਇਥੇ ਹੀ ਪਿਆ ਰਹਿ ਚਿੱਖਾ ਜੋਗਿਆ ... । ਨਾਰਾਇਣ ਕਰੇ ਰਾਤੀ ਸੁਤੜਾ ਸੌਂ ਜਾਏਂ...ਸਵੇਰੇ ਉੱਠੇਂ ਹੀ ਨਾ'' ਤੇ ਸ਼ੈਂਕਰੀ ਨੇ ਅਖ਼ੀਰਲੀ ਵਾਰੀ ਬੁੱਢੇ ਨੂੰ ਘੂਰ ਕੇ ਦੇਖਿਆ ਤੇ ਕਮਰੇ ਦੇ ਬਾਹਰ ਆ ਕੇ ਬੂਹੇ ਨੂੰ ਕੁੰਡੀ ਮਾਰ ਦਿਤੀ।
“ਹੇ ਪਰਮੇਸ਼ਰਾ ! ਕੀ ਲੋੜ ਸੀ ਇਸਦੀ ! ਨੱਕ ਪ੍ਰਾਣ ਆਣ ਦਿਤੇ ਨੇ ਮੋਏ ਨੇ।" ਸ਼ੈਂਕਰੀ ਪਸਾਰ ਵਿਚ ਮੰਜੀ ਉੱਤੇ ਲੇਟੀ ਹੋਈ ਸੋਚ ਰਹੀ ਸੀ ਉਹਦੋਂ ਮਰ ਜਾਂਦਾ ਤਾਂ ਨਾਂ ਤਾਂ ਪਿੱਛੇ ਰਹਿ ਜਾਣਾ ਸੀ ... ਪਰ ਹੁਣ ? ਹੁਣ ਤਾਂ ਚਾਰ ਜਣੇ ਮੋਢਾ ਦੇਣ ਵਾਲੇ ਵੀ ਨਹੀਂ ਹੋਣੇ ਇਹ ਸੋਚ ਕੇ ਸ਼ੈਂਕਰੀ ਦਾ ਜੀ ਕੱਚਾ ਕੱਚਾ ਹੋਣ ਲਗਾ ਤੇ ਉਸ ਦੀਆਂ ਅੱਖਾਂ ਭਰ ਆਈਆਂ।
ਸ਼ੈਂਕਰੀ ਰੋ ਰਹੀ ਸੀ ... ਉਸ ਦਾ ਰੋਣਾ ਐਵੇਂ ਹੀ ਨਹੀਂ ਸੱਚਾ ਸੀ । ਕਿੱਥੇ ਵਰ੍ਹਾ ਪਹਿਲੇ ਦਾ ਸ਼ੰਭੂ ਪੰਡਿਤ ਤੇ ਕਿੱਥੇ ਇਹ ਨਿਰਲੱਜ, ਬੇਗ਼ੈਰਤ ਬੁੱਢਾ ! ਉਹ ਵੀ ਦਿਨ ਸਨ ਜਦੋਂ ਇਸ ਗਲੀ 'ਚੋਂ ਕੋਈ 'ਸੀ' ਕਰ ਕੇ ਨਹੀਂ ਸੀ ਲੰਘਦਾ। ਪਿੰਡ ਦੇ ਬਦਮਾਸ਼, ਸ਼ਰਾਬੀਏ ਜਦੋਂ ਇਨ੍ਹਾਂ ਮੁਹਾਠਾਂ ਕੋਲ ਪੁੱਜਦੇ ਤਾਂ ਉਨ੍ਹਾਂ ਦੀ ਜੀਭ ਜਿਵੇਂ ਤਾਲੂ ਨਾਲ ਜਾ ਲਗਦੀ ਹੋਏ । 'ਖਿੱਚ ਖਿੱਚ' ਕਰ ਕਿ ਹੱਸਣ ਵਾਲੀਆਂ ਪਿੰਡ ਦੀਆਂ ਕੁੜੀਆਂ ਚਿੜੀਆਂ ਇਸ ਗਲੀ ਕੋਲ ਪੁੱਜਦੇ ਹੀ ਗਿੱਠ ਗਿੱਠ ਲੰਮਾ ਘੁੰਡ ਕੱਢ ਲੈਂਦੀਆਂ। ਖੇਡਦੇ ਕੁੱਦਦੇ ਸ਼ਰਾਰਤੀ ਨਿਆਣੇ ਵੀ ਬੁੱਢੇ ਦਾ ਹੁੰਗਾਰਾ ਸੁਣ ਦੌੜ ਕੇ ਕਮਾਦਾਂ 'ਚ ਜਾ ਵੜਦੇ । ... ਪਰ ਹੁਣ ? ਹੁਣ ਤਾਂ ਕਿਸੇ ਨੂੰ ਰਤੀ ਭਰ ਵੀ ਡਰ ਨਹੀਂ ਸੀ। ਹੁਣ ਅੱਧੀ ਅੱਧੀ ਰਾਤੀਂ ਵੀ ਸ਼ੈਂਕਰੀ ਨੂੰ ਆਪਣੇ ਵਿਹੜੇ ਕੋਲੋਂ ਲੰਘਦੀਆਂ ਸ਼ਰਾਬੀ ਬੜਕਾਂ ਸੁਣੀਦੀਆਂ। ਬੱਚੇ ਜਿਸ ਵੇਲੇ ਵੀ ਬੂਹੇ ਅੱਗੋਂ ਲੰਘਦੇ ਤਾਂ ਜ਼ੋਰ ਦੀ "ਉਹੇ ... ਉਹੇ ..." ਕਰ ਕੇ ਜਾਂਦੇ । ਤੇ ਜ਼ਨਾਨੀਆਂ ਕੁੜੀਆਂ ਤਾਂ ਇਸ ਪਾਸੋਂ ਲੰਘਣਾ ਹੀ ਛੱਡ ਦਿਤੈ। ਇਕ ਵੱਸਦੇ ਰੱਸਦੇ ਪਿੰਡ ਵਿਚ ਵੀ ਸ਼ੈਂਕਰੀ ਲਈ ਹਰ ਪਾਸੇ ਸੁੰਨ ਮਸਾਨ ਛਾ ਗਈ। ਉਸ ਦਾ ਲੈਣ ਦੇਣ, ਵਰਤਣ ਵਰਤਾਣ ਸਭ ਨਾਲ ਮੁੱਕ ਚੁੱਕਾ ਸੀ। ਪਹਿਲਾਂ ਤਾਂ ਉਹ ਆਪ ਹੀ ਕਿਸੇ ਦੇ ਘਰ ਨਹੀਂ ਸੀ ਜਾਂਦੀ ਤੇ ਜੇ ਕਿਧਰੇ ਜਾਣਾ ਵੀ ਪੈਂਦਾ ਤਾਂ ਲੋਕਾਂ ਦੇ ਹਾਸੇ, ਠੱਠੇ, ਮਿਹਣੇ, ਤਾਹਨੇ ਸੁਣ ਉਸ ਦਾ ਦਿਲ ਕਰਦਾ ਕਿਸੇ ਖੂਹ ਤਲਾ ਵਿਚ ਛਾਲ ਮਾਰ ਦੇਵੇ। ਵਰ੍ਹੇ ਦੇ ਅੰਦਰ ਅੰਦਰ ਹੀ ਮੰਨੇ ਪਰਮੰਨੇ ਘਰ ਦੀ ਇਜ਼ਤ ਬੁੱਢੇ ਦੀਆਂ ਹਰਕਤਾਂ ਨੇ ਮਿੱਟੀ ਵਿਚ ਰੋਲ ਦਿਤੀ ਸੀ। ਹੋਰ ਤੇ ਹੋਰ ਉਸ ਦੇ ਇਕੋ ਇਕ ਜੁਆਈ ਨੇ ਵੀ ਉਸ ਦੀ ਧੀ ਗਿਆਨੋ ਨੂੰ ਕਹਿ ਦਿਤਾ ਸੀ ਕਿ “ਬੇਸ਼ਕ ਕਿਸੇ ਕਾਲੇ ਚੋਰ ਦੇ ਚਲੀ ਜਾਈਂ ਪਰ ਮਾਂ ਪਿਉ ਦੇ ਘਰ ਜਾਣ ਦਾ ਨਾਂ ਨਾ ਲਈਂ"
"ਕੇਹੀ ਅਚਰਜ ਗੱਲ ਹੋਈ ?" ਸ਼ੈਂਕਰੀ ਅੱਖਾਂ ਪੂੰਝਦੇ ਸੋਚ ਰਹੀ ਸੀ "ਖੌਰੇ ! ਯਮਰਾਜ ਕੀ ਸੋਚ ਕੇ ਇਸ ਘਰ 'ਚੋਂ ਖਾਲੀ ਹੱਥ ਚਲੇ ਗਏ ਸਨ ?'' ਸ਼ੈਂਕਰੀ ਨੂੰ ਵਰ੍ਹਾ ਪਹਿਲਾਂ ਵੀ ਉਹ ਪੁੰਨਿਆਂ ਯਾਦ ਆਈ, ਜਦੋਂ ਲੋਕਾਂ ਨਾਲ ਉਸ ਦਾ ਅੰਦਰ ਬਾਹਰ ਭਰਿਆ ਪਿਆ ਸੀ ਤੇ ਭੁੰਜੇ ਜ਼ਮੀਨ ਉੱਤੇ ਪਿਆ ਬੁੱਢਾ ਮਰ ਰਿਹਾ ਸੀ। ਪੰਡਿਤ ਨੇ ਗਊ ਮਣਸ ਦਿਤੀ ... ...ਚਾਰਜੀ ਦਾਨ ਪੁੰਨ ਸਾਂਭਣ ਲਈ ਸੋਚ ਰਿਹਾ ਸੀ ... ... ਪਿਉ ਦੇ ਸਿਰਹਾਣੇ ਬੈਠੀ ਗਿਆਨੋ ਗੀਤਾ ਦਾ ਪਾਠ ਕਰ ਰਹੀ ਸੀ। ਸਭ ਲੋਕ ਬੁੱਢੇ ਦੀਆਂ ਸਿਫ਼ਤਾਂ ਕਰ ਰਹੇ ਸਨ ਕਿ ਅਜਿਹਾ ਧਰਮੀ ਕਰਮੀ ਤੇ ਨੇਕ ਬੰਦਾ, ਅਣਖੀਲਾ ਮਨੁੱਖ ... ... ਨਾ ਕਦੇ ਪੈਦਾ ਹੋਇਐ ਤੇ ਨਾ ਕਦੀ ਹੋਏਗਾ ...ਸਭ ਦੀਆਂ ਨਜ਼ਰਾਂ ਮਰ ਰਹੇ ਬੁੱਢੇ ਵਲ ਲਗੀਆਂ ਹੋਈਆਂ ਸਨ ਉਸ ਨੂੰ ਕੋਈ ਕੋਈ ਸਾਹ ਆ ਰਿਹਾ ਸੀ ... ... ਪਰ ਇਕ ਦਮ ਹੀ ਪਤਾ ਨਹੀਂ ਕੀ ਹੋਇਆ ? ਬੁੱਢੇ ਦੇ ਟਡੇ ਹੋਏ ਆਨਿਆਂ 'ਚ ਨਵੀਂ ਰੋਸ਼ਨੀ ਆ ਗਈ ...ਉਸ ਦੇ ਮੂੰਹ ਚੋਂ ਬਾਹਰ ਨਿਕਲੀ ਹੋਈ ਬੇਸੁਰਤ ਮੁਰਦਾ ਜਿਹੀ ਜੀਭ ਉਸ ਦੇ ਹੋਠਾਂ ਤੇ ਫਿਰਨ ਲਗੀ। ਉਸ ਦੇ ਮੂੰਹ ਉੱਤੇ ਛਾਈ ਪੀਲਤਣ ਉੱਡ ਗਈ ਤੇ ਉਸ ਦੀ ਛਾਤੀ ਕਿਸੇ ਨਵੇਂ ਨਰੋਏ ਮਨੁੱਖ ਵਾਂਗ ਉਪਰ ਹੇਠ ਹੋਣ ਲਗ ਪਈ ।
"ਬੁੱਢੇ ਦੇ ਪ੍ਰਾਣ ਮੁੜ ਆਏ।"
"ਬੁੱਢੇ ਨੂੰ ਸੁਰਤ ਆ ਗਈ ।”
“ਬੁੱਢਾ ਪਰਲੋਕ ਤੋਂ ਵਾਪਸ ਪਰਤ ਆਇਆ !"
"ਹੈ ਪ੍ਰਮੇਸ਼ਰਾ ! ਬੁੱਢਾ ਤਾਂ ਉੱਠ ਕੇ ਬੈਠ ਗਿਆ ਏ !'' ਤੇ ਘਾਬਰੇ ਹੋਏ ਲੋਕ ਪਰ੍ਹੇ ਪਰ੍ਹੇ ਹੋਣ ਲਗੇ। ਘੁੱਸਰ ਮੁੱਸਰ ਘਰ ਵਿਚ ਇਕ ਰੌਲਾ ਜਿਹਾ ਪੈ ਗਿਆ।
ਬੁੱਢਾ “ਰਾਮ... ਰਾ..ਮ" ਕਰਦਾ ਉਠ ਕੇ ਬੈਠ ਗਿਆ। "ਬੜਾ ਚਿਰ ਸੁੱਤਾ ਰਿਹਾ । ਬੜਾ ਡੂੰਘਾ ਠੌਂਕਾ ਲਗ ਗਿਆ ਸੀ ।" ਬੁੱਢੇ ਨੇ ਆਪਣੇ ਆਲੇ ਦੁਆਲੇ ਖਲੋਤੇ ਲੋਕਾਂ ਵਲ ਬੜੀ ਓਪਰੀ ਓਪਰੀ ਨਜ਼ਰ ਨਾਲ ਦੇਖਿਆ । “ਤੁਸੀਂ ਸਾਰੇ ਕੌਣ ਹੋ ?... ... ਇਥੇ ਕਿਉਂ ਖਲੋਤੇ ਹੋ ? ...ਜਾਉ ...ਜਾਉ ... ਕੋਈ ਤਮਾਸ਼ਾ ਲਗਾ ਹੋਇਐ ... ...? ਹੂੰ ...ਜਾਉ ।" ਬੁੱਢੇ ਦੇ ਮੱਥੇ ਦੀਆਂ ਤਿਊੜੀਆਂ ਨੂੰ ਦੇਖ ਪਸਾਰ ਵਿਚ ਕੁਝ ਦੇਰ “ਭਿੰਨ ... ... ਭਿੰਨ..." ਹੁੰਦੀ ਰਹੀ ਤੇ ਸਾਰੇ ਜਣੇ ਧੱਰਕ ਧੱਰਕ ਕਰਦੇ ਕਲੇਜਿਆਂ ਨਾਲ ਬਾਹਰ ਚਲੇ ਗਏ । ਅੰਦਰ ਸਿਰਫ਼ ਸ਼ੈਂਕਰੀ, ਉਸ ਦਾ ਜੁਆਈ ਪਰਸ਼ੋ ਤੇ ਧੀ ਗਿਆਨੋ ਹੀ ਰਹਿ ਗਏ ।
"ਭਾਈਆ", ਅਖ਼ੀਰ ਬੜੀ ਦੇਰ ਦੀ ਚੁੱਪ ਪਿਛੋਂ ਗਿਆਨੋ ਨੇ ਕਿਹਾ "ਤੈਨੂੰ ਨਹੀਂ ਪਤਾ ਭਾਈਆ ਤੇਰਾ ਦੂਆ ਜਨਮ ਹੋਇਆ ਏ ...। ਤੈਨੂੰ ਤਾਂ ਉਹ ਪਰਲੋਕ ਲੈ ਗਏ ਸਨ , ਤੂੰ ਤਾਂ ਉਪਰੋਂ ਸਵਰਗਾਂ 'ਚੋਂ ਵਾਪਸ ਆਇਐ ਭਾਈਆ । ਇਹ ਸਭ ਤੇਰੇ ਚੰਗੇ ਕਰਮਾਂ ਦਾ ਫਲ ਏ ਭਾਈਆ ।" ਗਿਆਨੋ ਰੋਂਦੀ ਜਾ ਰਹੀ ਸੀ ਅੱਥਰੂ ਪੂੰਜੀ ਜਾ ਰਹੀ ਸੀ ਤੇ ਭਾਈਆ ਉਸ ਨੂੰ ਡੌਰ ਭੌਰ ਹੋਇਆ ਇੰਝ ਦੇਖ ਰਿਹਾ ਸੀ ਜਿਵੇਂ ਆਪਣੀ ਜਾਨ ਪਿਆਰੀ ਧੀ ਨੂੰ ਪਛਾਣਦਾ ਹੀ ਨਾ ਹੋਏ । ਕੁਝ ਪਲ ਇੰਜ ਹੀ ਗੁਆਚੇ ਗੁਆਚੇ ਰਹਿਣ ਮਗਰੋਂ ਉਸ ਬਾਹਵਾਂ ਚੁੱਕ ਇਕ ਆਕੜ ਲਈ ਤੇ ਫੇਰ ਐਵੇਂ ਹੀ ਆਪਣੇ ਪੁੱਠੇ ਹੱਥ ਨੂੰ ਇਕ ਟੱਕ ਘੂਰਦਾ ਰਿਹਾ । "ਸਭੋ ਕੁਝ ਇਥੇ ਹੀ ਏ ਇਨ੍ਹਾਂ ਦਸ ਨਹੁੰਆਂ ਦੇ ਉਰ੍ਹੇ ਹੀ ... ਇਨ੍ਹਾਂ ਤੋਂ ਬਾਦ ਕੁਝ ਵੀ ਨਹੀਂ ...ਕੁਝ ਵੀ ਨਹੀਂ ।" ਇਹ ਆਖ ਕੇ ਬੁੱਢਾ ਉੱਠ ਖਲੋਤਾ ...। ਉਨ੍ਹਾਂ ਤਿੰਨ ਜਣਿਆਂ ਦੇ ਹੇਠਲੇ ਸਾਹ ਹੇਠਾਂ ਤੇ ਉੱਪਰਲੇ ਉੱਪਰ ਹੀ ਰਹਿ ਗਏ।
"ਕਿਥੇ ਚਲੇ ਐਂ ?” ਸ਼ੈਂਕਰੀ ਨੇ ਪਸਾਰ ਦੀ ਮੁਹਾਠ ਟੱਪ ਕੇ ਵਿਹੜੇ ਵਿਚ ਜਾਂਦੇ ਬੁੱਢੇ ਨੂੰ ਕੰਬਦੀ ਅਵਾਜ਼ 'ਚ ਪੁੱਛਿਆ ।
"ਕਿਥੇ ਨਹੀਂ ।” ਬੁੱਢਾ ਵਿਹੜੇ ਵਿਚ ਲਗੇ ਹੋਏ ਕਿਕਰ ਦੇ ਦਰਖਤ ਹੇਠਾਂ ਚਮਕਦੇ ਚੰਨ ਨੂੰ ਦੇਖ ਬੋਲਿਆ "ਆਪਣੇ ਕਮਰੇ ਵਿਚ ।"
ਤੇ ਫਿਰ ਉਹ ਤਿੰਨੋਂ ਜਣੇ ਪਸਾਰ ਵਿਚ ਖਲੋਤੇ ਬੁੱਢੇ ਦੇ ਕਮਰੇ ਨੂੰ ਦੇਖਦੇ ਰਹੇ ਤੇ ਉਨ੍ਹਾਂ ਦੇ ਦੇਖਦੇ ਦੇਖਦੇ ਹੀ ਕਮਰੇ ਦੇ ਬੂਹੇ ਬੰਦ ਹੋ ਗਏ । ਤੇ ਤੀਜੇ ਦਿਨ ਸਵੇਰੇ ਉਸ ਕਮਰੇ ਦੇ ਅੰਦਰੋਂ ਜਿਹੜਾ ਬੁੱਢਾ ਨਿਕਲਿਆ ਸੀ। ਉਹ ਸ਼ੰਭੂ ਪੰਡਿਤ ਨਹੀਂ ਇਕ ਵਖਰਾ ਹੀ ਮਨੁੱਖ ਸੀ।
ਪਿੰਡ ਦੀਆਂ ਜ਼ਨਾਨੀਆਂ ਗੋਹਾ ਮਿੱਟੀ ਸੁੱਟ ਸ਼ੈਂਕਰੀ ਦੇ ਵਿਹੜੇ, ਸ਼ੈਂਕਰੀ ਦੇ ਬੁੱਢੇ ਦੇ ਨਵੇਂ ਜਨਮ ਦੀ ਵਧਾਈ ਦੇਣ ਆਈਆਂ। ਉਸ ਨੂੰ ਘੜੀ ਮੁੜੀ ਪੁੱਛ ਰਹੀਆਂ ਸਨ “ਬੁੱਢਾ ਪਰਲੋਕ ਦੀ ਕੀ ਗੱਲ ਸੁਣਾਉਂਦਾ ਏ ? ਪਰਲੋਕ ਕੈਸਾ ਏ ? ਉਸ ਉਥੇ ਕੀ ਕੀ ਦੇਖਿਆ ? ਯਮਰਾਜ ਉਸ ਨੂੰ ਵਾਪਸ ਕਿਉਂ ਛਡ ਗਏ ?” ਉਨ੍ਹਾਂ ਚੋਂ ਇਕ ਨੇ ਕਿਹਾ ਕਿ ਪੰਜਗਰ੍ਹਾ ਦਾ ਸ਼ੰਭੂ ਸੁਨਿਆਰਾ ਪਰਸੋਂ ਦਾ ਮਰ ਗਿਆ।”
“ਮਤੇ ਕਿਧਰੇ ਯਮਰਾਜ ਨੂੰ ਭੁਲੇਖਾ ਲੱਗ ਗਿਆ ਹੋਏ'' ਪਰੋਹਿਤ ਦੀ ਵਹੁਟੀ ਨੇ ਹੱਸਦੇ ਹੱਸਦੇ ਕਿਹਾ ‘ਮੰਨੋਂ ਭਾਵੇਂ ਨਾ ਮੰਨੋਂ ... ਉਪਰ ਲੋੜ ਹੋਣੀ ਏ ਸ਼ੰਭੂ ਸੁਨਿਆਰੇ ਦੀ ਤੇ ਭੁਲੇਖੇ ਨਾਲ ਯਮਰਾਜ ਸ਼ੈਂਕਰੀ ਦੇ ਬੁੱਢੇ ਨੂੰ ਲੈ ਗਏ ।"
“ਹਾਂ ਹੋ ਸਕਦੈ ਦੂਈ ਨੇ ਹਾਮੀ ਭਰੀ ‘ਨਾ ਦਾ ਭੁਲੇਖਾ ਮੇਹਤੇ ਪਟਵਾਰੀ ਨੂੰ ਲਗ ਸਕਦੈ ਤਾਂ ਯਮਰਾਜ ਨੂੰ ਨਹੀਂ ?"
ਦੁਰਗੀ ਦੀ ਗੱਲ ਸੁਣ ਸਾਰੀਆਂ ਜਣੀਆਂ ਗੜਾਕੇ ਮਾਰ ਮਾਰ ਹੱਸਣ ਲਗ ਪਈਆਂ।
ਪਰ ਉਨ੍ਹਾਂ ਦੇ ਹਾਸੇ ਇਕ ਦਮ ਬੰਦ ਹੋ ਗਏ ਜਦੋਂ ਉਨ੍ਹਾਂ ਬੁੱਢੇ ਨੂੰ ਬੂਹਾ ਖੋਲ੍ਹ ਆਪਣੇ ਵਲ ਆਉਂਦੇ ਦੇਖਿਆ।
“ਮੈਂ ਚਲਿਆਂ ਬੁੱਢੇ ਨੇ ਸ਼ੈਂਕਰੀ ਕੋਲ ਆ ਕੇ ਕਿਹਾ।
"ਕਿਥੇ?"
"ਭੁਗੋਆਲ"
“ਪਰ ਕੀ ਕਰਨ ?"
“ਮੇਲਾ ਦੇਖਣ’ ਇਸ ਤੋਂ ਪਹਿਲਾਂ ਕਿ ਬੁੱਢੀ ਉਸ ਨੂੰ ਰੋਕਦੀ, ਮਨ੍ਹਾ ਕਰਦੀ, ਬੁੱਢਾ ਪੁਠੀ ਪੈਰੀਂ ਘਰੋਂ ਬਾਹਰ ਨਿਕਲ ਗਿਆ ...... ੀ
ਮੇਲਾ ਦੇਖ ਬੁੱਢਾ ਪੰਜਵੇਂ ਦਿਨ ਵਾਪਸ ਮੁੜਿਆ। ਉਹ ਆਪਣੇ ਕਮਰੇ ਵਿਚ ਪਏ ਸੰਦੂਕ 'ਚੋਂ ਸੌ ਰੁਪਿਆ ਕੱਢ ਕੇ ਲੈ ਗਿਆ ਸੀ ਤੇ ਹੁਣ ਜਦ ਵਾਪਸ ਮੁੜਿਆ ਤਾਂ ਮਸਾਂ ਉਸ ਦੀ ਜੇਬ ਵਿਚ ਸੱਤ ਅੱਠ ਰੁਪਏ ਸਨ। ਚਾਰ ਵੀਂਹਾਂ ਤੇ ਤੇਰ੍ਹਾਂ ਰੁਪਏ ਉਹ ਮੇਲੇ ਵਿਚ ਹੀ ਰੋਹੜ ਆਇਆ ਸੀ । ਉਸ ਆਪਣੇ ਲਈ ਤਾਂ ਸਿਰਫ਼ ਇਕ ਜੋੜਾ ਕਪੜਿਆਂ ਦਾ ਸੁਆ ਕੇ ਆਂਦਾ ਸੀ ਜਿਸ ਦਾ ਮੁੱਲ ਮਸਾਂ ਵੀਹ ਪੰਝੀ ਰੁਪਏ ਹੋਏਗਾ । ਬਾਕੀ ਪੈਸੇ ਉਸ ਕਿਥੇ ਖਰਚੇ ? ਇਸ ਬਾਰੇ ‘ਮੱਖੂ' ਨੇ ਹੱਸਦੇ ਹੱਸਦੇ, ਅੱਖਾਂ ਮਟਕਾ ਮਟਕਾ, ਆਪਣੀਆਂ ਬਾਹਾਂ 'ਚ ਪਈਆਂ ਰੰਗ ਬਿਰੰਗੀ ਚੂੜੀਆਂ ਛਣਕਾ ਛਣਕਾ ਕੇ ਸ਼ੈਂਕਰੀ ਨੂੰ ਦਸਿਆ ਸੀ ।
"ਭੈਣ ! ਤੇਰਾ ਬੁੱਢਾ ਤਾਂ ਬੜਾ ਹੀ ਖਰਚੀਲਾ ਏ । ਜਿਥੇ ਇਕ ਪੈਸਾ ਲਗਦੈ ਉਥੇ ਦੋ ਲਗਾਂਦਾ ਏ” । ਸ਼ੈਂਕਰੀ ਮੱਖੂ ਦੇ ਦੰਦਾਸੇ ਰੰਗੇ ਹੋਂਠ ਤੇ ਸੂਰਮੇ ਨਾਲ ਕਜਲਾਈਆਂ ਅੱਖਾਂ ਨੂੰ ਮੂੰਹ ਟੱਡੀ ਹੈਰਾਨ ਹੋ ਦੇਖ ਰਹੀ ਸੀ । 'ਮੱਖੂ' ਬਾਹਵਾਂ ’ਚ ਪਈਆਂ ਰੰਗ ਬਿਰੰਗੀਆਂ ਚੂੜੀਆਂ ਉੱਤੇ ਪੋਲਾ ਪੋਲਾ ਹੱਥ ਫੇਰਦੀ ਸੁਣਾ ਰਹੀ ਸੀ “ਮੇਲੇ ਵਿਚ ਸਾਰੇ ਲੋਕ ਤੇਰੇ ਬੁੱਢੇ ਨੂੰ ਦੇਖ ਦੇਖ ਹੱਸਦੇ ਸਨ । ਸ਼ਹਿਰ 'ਚੋਂ ਆਏ ਕਈਆਂ ਬਾਬੂਆਂ ਨੇ ਤਾਂ ਉਸ ਦੇ ਫੋਟੂ ਵੀ ਖਿੱਚੇ ... ਭਲਾ ਇਹ ਵੀ ਕੋਈ ਉਮਰ ਏ ਬੱਚਿਆਂ ਨਾਲ ਬੈਠ ਬੈਠ ਝੂਟੇ ਲੈਣ ਦੀ, ਪੀਪਣੀਆਂ ਵਜਾਣ ਦੀ ... ... ਹੱਟੀ ਹੱਟੀ ਉਤੋਂ ਮਠਿਆਈਆਂ ਦੇ ਡੂੰਨੇ ਲੈ ਲੈ ਚੱਟਣ ਦੀ...? ਪਰ ਇਕ ਗੱਲ ਦਸਾਂ ... ! ਵਿਚਾਰੇ ਨੇ ਆਪ ਇੰਨਾ ਨਹੀਂ ਖਾਧਾ ਜਿੰਨਾ ਮੇਲੇ ਆਏ ਬੱਚਿਆਂ ਵਿਚ ਵੰਡਿਆਂ ਮੇਰੇ ਪੋਤਰਿਆਂ ਨੂੰ ਵੀ ਛਿੱਕੂ ਭਰ ਕੇ ਖਿਡੌਣਿਆਂ ਦਾ ਲੈ ਦਿਤਾ ਸੁ ... ਤੇ ਮੈਨੂੰ ਵੀ ਬਦੋਬਦੀ ਇਹ ਵੰਗਾਂ ਚੜ੍ਹਾ ਦਿਤੀਆਂ ਸੁ' ਤੇ ਉਹ ਵੰਗਾਂ ਨੂੰ ਪੋਲਾ ਪੋਲਾ ਹੱਥ ਫੇਰਦੀ ਰਹੀ ।’
ਮੱਖੂ ਦੀਆਂ ਗਲਾਂ ਸੁਣ ਸ਼ੈਂਕਰੀ ਨੇ ਮੱਥਾ ਫੜ ਲਿਆ। ਦੂਜੇ ਦਿਨ ਗਿਆਨੋ ਰੁੱਸ ਕੇ ਆਪਣੇ ਘਰਵਾਲੇ ਨਾਲ ਸਹੁਰੇ ਟੁਰ ਗਈ । ਪਈ ਦੂਜੇ ਦੇ ਬੱਚਿਆਂ ਨੂੰ ਤਾਂ ਭਾਈਆ ਖਿਡੌਣੇ ਲੈ ਲੈ ਕੇ ਦੇਵੇ ਤੇ ਮੇਰੇ ਬੱਚਿਆਂ ਦਾ ਨਾ ਹੀ ਨਹੀਂ ਜਿਵੇਂ ... ੀ
ਬੁੱਢੇ ਦਾ ਤਾਂ ਜਿਵੇਂ ਕਸਬ ਹੀ ਹੋ ਗਿਆ ਉਹ ਰੋਜ਼ ਸਵੇਰੇ ਸਵੇਰੇ ਖਾ ਪੀ ਕੇ ਘਰੋਂ ਨਿਕਲ ਜਾਂਦਾ ਤੇ ਖੇਤਾਂ, ਉਜਾੜਾਂ, ਜੰਗਲਾਂ 'ਚ ਖਜਲ ਹੁੰਦਾ ਰਹਿੰਦਾ । ਦੁਪਹਿਰੀ ਥਕਾ ਟੁੱਟਾ ਵਾਪਸ ਆਉਂਦਾ। ਦੋ ਮੱਕੀ ਦੇ ਢੋਡੇ ਖਾ, ਆਰਾਮ ਕਰ, ਦਾ ਲਗਾ ਕੇ ਫੇਰ ਟੁਰ ਪੈਂਦਾ । ਤੇ ਫੇਰ ਹਨੇਰਾ ਹੋਏ ਘਰ ਬਹੁੜਦਾ ਤੇ ਕਈ ਵਾਰੀ ਤਾਂ ਰਾਤੀਂ ਵੀ ਉਸਦੀ ਕੋਈ ਉੱਗ ਸੁੱਗ ਨਾ ਮਿਲਦੀ।
ਸ਼ੈਂਕਰੀ ਉਸ ਨੂੰ ਪੁੱਛ ਪੁੱਛ ਥੱਕ ਗਈ ਕਿ ਉਹ ਕਿਥੇ ਜਾਂਦਾ ਏ ? ਉਸ ਨੂੰ ਟਿਕਾਈ ਕਿਉਂ ਨਹੀਂ ਲਗਦੀ ? ਪਰ ਬੁੱਢਾ ਉਸ ਦੀ ਕਿਸੇ ਗੱਲ ਦਾ ਵੀ ਜੁਆਬ ਨਾ ਦੇਂਦਾ ਸ਼ੈਂਕਰੀ ਖਿਝ ਕੇ ਉਸ ਨੂੰ ਮਾਰਦੀ ਤਾਂ ਉਹ ਰੋਣ ਲਗ ਪੈਂਦਾ। ਨਹੀਂ ਤਾਂ ਚੁੱਪ ਗੁੰਮ ਸੁੰਮ ਰੋਟੀ ਖਾਂਦਾ ਰਹਿੰਦਾ ਉਸ ਦੀਆਂ ਵਾਧੀਆਂ ਘਾਟੀਆਂ ਸੁਣਦਾ ਰਹਿੰਦਾ । ਉਸ ਦੀ ਹਾਲਤ ਦੇਖ ਕਈ ਵਾਰੀ ਸ਼ੈਂਕਰੀ ਨੂੰ ਲਗਦਾ ਜਿਵੇਂ ਬੁੱਢੇ ਨੂੰ ਕੋਈ ਦੁਖ ਏ "ਪਰ ਕਾਹਦਾ ਦੁੱਖ ਏ ? ਕਿਉਂ ਨਹੀਂ ਉਹ ਆਪਣੇ ਦਿਨ ਆਰਾਮ ਨਾਲ ਕੱਟਦਾ ?'' ਸ਼ੈਂਕਰੀ ਬਥੇਰਾ ਸਿਰ ਖਪਾਂਦੀ ਪਰ ਉਸ ਦੇ ਪਿੜ ਪੱਲੇ ਕੁਝ ਵੀ ਨਾ ਪੈਂਦਾ।
ਬੜੇ ਵਾਰੀ ਸ਼ੈਂਕਰੀ ਨੇ ਆਪ ਬੁੱਢੇ ਨੂੰ ਚੋਹ ਦੇ ਚਿਕੜ ਵਿਚ, ਨਹਿਰ ਦੇ - ਕੰਡੇ ਘੰਟੇ ਬੈਠੇ ਬੈਠੇ ਵਗਦੇ ਪਾਣੀ ਵਿਚ ਤਰਦੀਆਂ ਮੱਛੀਆਂ ਨੂੰ ਘੂਰਦੇ ਦੇਖਿਆ ਸੀ। ਜੇ ਰਾਤੀ ਕਈ ਵਾਰੀ ਉਸ ਨੂੰ ਢੂੰਡਣ ਨਿਕਲੀ ਤਾਂ ਖੇਤਾਂ ਦੇ ਬੰਨਿਆਂ ਉੱਤੇ ਬੈਠੇ ਅਕਾਸ਼ ਵਲ ਤਾੜੀ ਲਗਾਈ ਮਿਲਿਆ । ਦੁਪਹਿਰ ਨੂੰ ਉਹ ਡੰਗਰ ਚਾਰਦੇ ਮੁੰਡੇ ਕੁੜੀਆਂ ਦੇ ਪਿੱਛੇ ਦੂਰ ਜੰਗਲਾਂ ਨੂੰ ਨਿਕਲ ਜਾਂਦਾ ਤੇ ਫੇਰ ਉਨ੍ਹਾਂ ਲਈ ਗਰਨੇ, ਬੇਰ, ਖਰਬੂਜ਼ਿਆਂ ਦੀਆਂ ਝੋਲੀਆਂ ਭਰਦਾ ਉਨ੍ਹਾਂ ਨੂੰ ਵੰਡਦਾ । ਉਨ੍ਹਾਂ ਨਾਲ ਹੱਸਦਾ, ਖੇਡਦਾ ਤੇ ਕਿਸੇ ਘਣੀ ਛਾਂ ਵਾਲੇ ਰੁੱਖ ਹੇਠ ਚਾਦਰ ਵਿੱਛਾ ਬੈਠ ਰਹਿੰਦਾ। ਬੁੱਢੇ ਦੇ ਇਨ੍ਹਾਂ ਚਾਲਿਆਂ ਨੂੰ ਦੇਖ ਸਾਰੇ ਹੱਸਦੇ ਤੇ ਮਖੌਲਾਂ ਕਰਦੇ "ਬੁੱਢਾ ਬੋਂਤਲ ਗਿਐ"
ਫੇਰ ਬੁੱਢੇ ਨੇ ਇਕ ਨਵੀਂ ਖੇਡ ਰਚਾਈ। ਉਹ ਸਵੇਰੇ ਸਵੇਰੇ ਹੀ ਸ਼ਿਵ ਜੀ ਦੇ ਮੰਦਰ ਵਾਲੇ ਬੋਹੜ ਦੇ ਬੂਟੇ ਹੇਠਾਂ ਜਾ ਬੈਠਦਾ ਤੇ ਲੰਘਦੇ ਜਾਂਦੇ ਜਾਂ ਸਕੂਲ ਜਾਂਦੇ ਕੁੜੀਆਂ ਮੁੰਡਿਆਂ ਨੂੰ ਆਪਣੇ ਕੋਲ ਸੱਦ ਉਨ੍ਹਾਂ ਨੂੰ ਪਤਾਸੇ ਦੇਂਦਾ। ਉਨ੍ਹਾਂ ਦੇ ਪੈਰੀਂ ਹੱਥ ਲਗਾ ਲਗਾ ਉਨ੍ਹਾਂ ਤੋਂ ਮਾਫ਼ੀਆਂ ਮੰਗਦਾ । ਕਈ ਵਾਰੀ ਉਨ੍ਹਾਂ ਦੇ ਬਸਤੇ ਚੁੱਕ ਸਕੂਲ ਛੱਡਣ ਟੁਰ ਪੈਂਦਾ ਤੇ ਜਦੋਂ ਛੁੱਟੀ ਹੁੰਦੀ ਤਾਂ ਉਨ੍ਹਾਂ ਉੱਤੇ ਛੁਹਾਰੇ, ਪਤਾਸੇ ਤੇ ਪੈਸਿਆਂ ਦੀਆਂ ਮੁੱਠਾਂ ਭਰ ਭਰ ਕੇ ਸੁੱਟਦਾ ।
ਇਹ ਖੇਡ ਵੀ ਜ਼ਿਆਦਾ ਦੇਰ ਨਾ ਚੱਲੀ । ਉਹ ਬੱਚਿਆਂ ਦੇ ਸਾਥ ਤੋਂ ਵੀ ਅੱਕ ਗਿਆ । ਉਹ ਬੜਾ ਉਦਾਸ ਉਦਾਸ ਰਹਿਣ ਲਗ ਪਿਆ।ਸ਼ੈਂਕਰੀ ਬੜੇ ਚਾਅ ਨਾਲ ਉਸ ਲਈ ਢੱਡੇ ਪਕਾਉਂਦੀ ਉੱਤੇ ਮਖਣਾਂ ਦੇ ਪੇੜੇ ਰੱਖਦੀ। ਪਰ ਬੁੱਢਾ ਇਕ ਦੋ ਗਰਾਹੀਆਂ ਖਾ ਥਾਲੀ ਪਰ੍ਹੇ ਕਰ ਛੱਡਦਾ। ਉਹ ਹੁਣ ਘਰ ਤੋਂ ਬਾਹਰ ਵੀ ਬੜਾ ਘਟ ਨਿਕਲਦਾ । ਹਰ ਵੇਲੇ ਆਪਣੇ ਕਮਰੇ ਵਿਚ ਹੀ ਵੜਿਆ ਰਹਿੰਦਾ ਤੇ ਸੁੱਤੇ ਜਾਗਦੇ ਹਰ ਵੇਲੇ ਕਹਿੰਦਾ ਕੁਝ ਨਹੀਂ ... ... । ਕੁਝ ਵੀ ਤਾਂ ਨਹੀਂ ... ...। ਇਨ੍ਹਾਂ ਦਸਾਂ ਨੌਹਾਂ ਦੇ ਬਾਹਰ ਕੁਝ ਵੀ ਤਾਂ ਨਹੀਂ ।"
ਵਿਚਾਰੀ ਸ਼ੈਂਕਰੀ ਨੂੰ ਕੁਝ ਵੀ ਸਮਝ ਨਾ ਆਉਂਦੀ ਕਿ ਨਹੁੰਆਂ ਦੇ ਉਰ੍ਹੇ ਉਰ੍ਹੇ ਕੀ ਏ ਤੇ ਨਹੁੰਆਂ ਤੋਂ ਕੁਝ ਨਹੀਂ ਦਾ ਕੀ ਮਤਲਬ ਏ ?
ਇਹ ਦੌਰਾ ਬੁੱਢੇ ਨੂੰ ਕਾਫੀ ਦਿਨ ਪਿਆ ਰਿਹਾ । ਇਸ ਦੌਰੇ ਦੇ ਮੁਕਣ ਦੀ ਢਿਲ ਸੀ ਕਿ ਝਗੜੇ, ਮਾਰ ਕੁਟਾਈਆਂ ਤੇ ਹੋਰ ਕਈ ਖ਼ਰਾਬੀਆਂ ਕਰਨੀਆਂ ਉਸ ਸ਼ੁਰੂ ਕਰ ਦਿਤੀਆਂ। ਸ਼ੈਂਕਰੀ ਕਈ ਕਈ ਦਿਨ ਰਸਿਆਂ ਨਾਲ ਬੰਨ੍ਹ, ਬੁੱਢੇ ਨੂੰ ਅੰਦਰ ਰਖਦੀ । ਹੋਇਆ ਇਹ ਕਿ ਬੁੱਢਾ ਆਪਣੀ ਵਰੇਸ ਬਿਲਕੁਲ ਭੁੱਲ ਗਿਆ ਤੇ ਉਸ ਬੁੱਢੇ ਵਾਰੇ ਆਪਣੇ ਮੂੰਹ ਕਾਲਖ ਮਲ ਲਈ।
ਕਿਥੇ ਉਹ ਪੱਕਾ ਧਰਮੀ ਕਰਮੀ ਬੁੱਢਾ ਜਿਹੜਾ ਲੋਅ ਲਗਦੇ ਹੀ ਸਵੇਰੇ ਸਵੇਰੇ ਸ਼ਿਵਾਲੇ ਜਾ ਦੋ ਦੋ ਘੰਟੇ ਆਰਤੀ ਗਾਉਂਦਾ ਰਹਿੰਦਾ ਸੀ । ਜਿਹੜਾ ਉਨੀ ਦੇਰ ਮੂੰਹ ਨਹੀਂ ਸੀ ਜੂਠਾ ਕਰਦਾ ਜਿੰਨੀ ਦੇਰ ਕਿਸੇ ਗਰੀਬ ਗੁਰਬੇ ਨੂੰ ਪੂਜ ਨਹੀਂ ਸੀ ਲੈਂਦਾ। ਜਿਸ ਦੇ ਮੂੰਹੋਂ ਨਿਕਲੀ ਗੱਲ ਲੋਕ ਪੱਥਰ ਤੇ ਲੀਕ ਮੰਨਦੇ ਸਨ । ਜਿਹੜਾ ਵੱਡੇ ਵੱਡੇ ਮੁਕੱਦਮੇ ਇੰਝ ਸੁਲਝਾ ਲੈਂਦਾ ਜਿਵੇਂ ਮੁਨਸਫ਼ ਜਾਂ ਜਦ ਜਿਹੜਾ ਇੰਨਾ ਮੰਨਿਆ ਪਰਮੰਨਿਆਂ ਤੇ ਰੋਹਬ ਦਾਬ ਵਾਲਾ ਬੰਦਾ ਸੀ ਕਿ ਵਡਿਆਂ ਵਡਿਆਂ ਦੀ ਖਾਨਿਓਂ ਜਾਂਦੀ ਸੀ। ਤੇ ਕਿਥੇ ਹੁਣ ਇਹ ਬੇ ਹਯਾ, ਬੇਸ਼ਰਮ, ਬੇਗ਼ੈਰਤ, ਨੀਚ ਤੇ ਦੁਸ਼ਟ ਬੁੱਢਾ ਜਿਹੜਾ ਮੂੰਹ ਮਨੇਰੇ ਉੱਠ ਘਣੇ ਪਿੱਪਲ ਉੱਤੇ ਚੜ੍ਹ ਤੱਲਾ ਉੱਤੇ ਨਹਾਉਂਦੀਆਂ ਕੁੜੀਆਂ ਜ਼ਨਾਨੀਆਂ ... ਲੋਕਾਂ ਦੀਆਂ ਵਹੁਟੀਆਂ ਦੇ ਨੰਗੇ ਪਿੰਡਿਆਂ ਨੂੰ ਦੇਖ ਦੇਖ ਲੇਲ੍ਹਾਂ ਵਗਾਹੀ ਜਾਂਦਾ ਦੁਪਹਿਰੀ ਖੇਤਾਂ ਵਿਚ ਰੋਟੀ ਦੇਣ ਜਾਂਦੀਆਂ ਲੋਕਾਂ ਦੀਆਂ ਨੂੰਹਾਂ ਧੀਆਂ ਨੂੰ ਦੇਖ ਦੇਖ ਖੰਗਦਾ, ਮੁਸਕਰਾਉਂਦਾ । ਸ਼ਾਮੀ ਮੀਆਂ ਦੇ ਬਾਗ਼ ਵਿਚੋਂ ਮੋਤੀਏ ਦੇ ਫੁੱਲ ਚੋਰੀ ਕਰ ਲਿਆਉਂਦਾ ਤੇ ਖੂਹ ਉੱਤੇ ਪਾਣੀ ਭਰਨ ਆਈਆਂ ਜ਼ਨਾਨੀਆਂ ਕੁੜੀਆਂ ਨੂੰ ਬਦੋਬਦੀ ਵੰਡ ਛੱਡਦਾ। ਅੱਧੀ ਅੱਧੀ ਰਾਤੀਂ ਤਕ ਪਿੰਡ ਦੀਆਂ ਗਲੀਆਂ ਵਿਚ ਚੋਰਾਂ ਵਾਂਗ ਘੁੰਮਦਾ । ਪੋਲੇ ਪੋਲੇ ਪੈਰਾਂ ਨਾਲ ਲੋਕਾਂ ਦੀਆਂ ਬਾਰੀਆਂ, ਬੂਹਿਆਂ ਦੀਆਂ ਝੀਥਾਂ ਚੋਂ ਅੰਦਰ ਝਾਤੀਆਂ ਮਾਰਦਾ ਆਪਣੇ ਮੂੰਹ ਚੋਂ ਕਈ ਤਰ੍ਹਾਂ ਦੀਆਂ ਅਵਾਜ਼ਾਂ ਕੱਢਦਾ ਰਹਿੰਦਾ ।
"ਬੁੱਢੇ ਦੀ ਮੱਤ ਟਿਕਾਣੇ ਨਹੀਂ ਰਹੀ।”
"ਬੁੱਢੇ ਦਾ ਦਿਮਾਗ਼ ਖ਼ਰਾਬ ਹੋ ਗਿਐ।"
"ਬੁੱਢੇ ਨੂੰ ਅੰਦਰ ਡਕ ਕੇ ਰਖ ...ਸ਼ੈਂਕਰੀ"
"ਇਸ ਦੇ ਗਲ ਰਸੀ ਬੰਨ੍ਹ"
ਸ਼ੈਂਕਰੀ ਸਿਰ ਪਿਟਦੀ..ਦੋਹੱਥੜ ਮਾਰਦੀ । ਜੋ ਕੋਈ ਕੁਝ ਦਸਦਾ ਉਹੀ ਕਰਦੀ ਪਰ ਬੁੱਢਾ ਬਾਜ਼ ਨਾ ਆਇਆ । ... ... ਤੇ ਉਸ ਵਰਖਾ ਵਾਲੇ ਦਿਨ ਜਦੋਂ ਦੁਪਹਿਰੀ ਹੀ ਸ਼ਾਮ ਪੈ ਗਈ ਸੀ ਬੁੱਢੇ ਨੇ ਉਹ ਕੁਝ ਕੀਤਾ ਜੋ ਵੱਡੇ ਵੱਡੇ ਬਦਮਾਸ਼ ਵੀ ਕਰਦੇ ਸੰਗਦੇ । ਵਸਦੀ ਵਰਖਾ ਵਿਚ ਪੰਡਤਿਆਣੀ ਤੇ ਉਸ ਦੀ ਧੀ ਤਾਰੋ ਸ਼ਹਿਰ ਤੋਂ ਵਾਪਸ ਆ ਰਹੀਆਂ ਸਨ। ਉਹ ਸਿਜਦੀਆਂ ਘੁਲਦੀਆਂ, ਚਿਕੜ ਤੋਂ ਬਚਦੀਆਂ, ਬਾਜਰੇ ਦੇ ਘਣੇ ਖੇਤਾਂ ਚੋਂ ਲੰਘ ਰਹੀਆਂ ਸਨ। ਕਿ ਖੇਤਾਂ ਵਿਚ ਛੁਪੇ ਹੋਏ ਬੁੱਢੇ ਨੇ ਅੱਗੇ ਹੱਥ ਵਧਾ ਤਾਰੋ ਨੂੰ ਪਕੜ ਆਪਣੇ ਵਲ ਖਿਚ ਲਿਆ । ਤਾਰੋ ਕੁਰਲਾਈ। ਪੰਡਤਿਆਣੀ ਨੇ ਰੌਲਾ ਮਚਾ ਸਾਰਾ ਪਿੰਡ ਇਕੱਠਾ ਕਰ ਲਿਤਾ ...... ਲੋਕਾਂ ਨੇ ਮਾਰ ਮਾਰ ... ਬੁੱਢੇ ਦਾ ਹੁਲੀਆ ਵਿਗਾੜ ਦਿਤਾ ਤੇ ਮੰਜੀ ਉੱਤੇ ਪਾ ਸ਼ੈਂਕਰੀ ਦੇ ਵਿਹੜੇ ਛੱਡ ਆਏ।
ਉਸ ਦਿਨ ਤੋਂ ਬਾਦ ਤਾਂ ਸ਼ੈਂਕਰੀ ਕਿਧਰੇ ਮੂੰਹ ਕੱਢਣ ਜੋਗੀ ਨਹੀਂ ਰਹੀ । ਘਰ ਚੋਂ ਪੈਰ ਬਾਹਰ ਕੱਢਦੀ ਤਾਂ ਹਰ ਪਾਸਿਉਂ ਉਸ ਨੂੰ ਫਿਟ ਲਾਨਤ ਤੇ ਓਹੇ ਓਹੇ ਦੀਆਂ ਅਵਾਜ਼ਾਂ ਸੁਣਾਈ ਦੇਂਦੀਆਂ ਉਸ ਟਕਰਾਂ ਮਾਰ ਮਾਰ ਮਥਾ ਭੰਨਿਆਂ ... ...ਪਿੱਟ ਪਿੱਟ ਛਾਤੀ ਨੀਲੀ ਕਰ ਛੱਡੀ। ਬੁੱਢੇ ਨੂੰ ਰਸੀਆਂ ਨਾਲ ਬੰਨ੍ਹਿਆਂ । ਪੰਜ ਪੰਜ ਦਿਨ ਕਮਰੇ 'ਚੋਂ ਬਾਹਰ ਨਾ ਆਉਣ ਦਿਤਾ ਡਕੀ ਰਖਿਆ । ਦੋ ਦੋ ਦਿਨ ਭੁੱਖਾ ਭਾਣਾ ਰਖਿਆ ਤੇ ਬੁੱਢਾ ? ਬਿਨਾਂ 'ਸੀ' ਕੀਤੇ ਸਭ ਕੁਝ ਸਹਿੰਦਾ ਰਿਹਾ ... ... । ਪਰ ਫਿਰ ਵੀ ਜਦ ਕਦੀ ਵੀ ਕਮਰੇ ਦੀ ਕੁੰਡੀ ਖੁਲ੍ਹਦੀ ...ਉਸਨੂੰ ਦਾਅ ਲਗਦਾ ਉਹ ਬਾਹਰ ਨਿਕਲ ਜਾਂਦਾ ...... ।ਫਿਰ ਉਹੀ ਤਲਾ ਦਾ ਕੰਢਾ ਉਹੀ ਪਿੰਡ ਦਾ ਖੂਹ ਤੇ ਉਹੀ ਅੱਧੀ ਅੱਧੀ ਰਾਤੀ ਗਲੀਆਂ ਵਿਚ ਘੁੰਮਦੇ ਉਸ ਦੇ ਪੈਰ। ... ... ਸ਼ੈਂਕਰੀ ਉਸ ਦੀ ਕਿੰਨੀ ਕੁ ਰਖਵਾਲੀ ਕਰ ਸਕਦੀ ਸੀ ?
"ਹੇ ਪਰਮੇਸ਼ਵਰਾ ! ਸਾਂਭ ਲੈ ! ਇਸ ਨੂੰ ਸਾਂਭ ਲੈ ?' ਲੋਕਾਂ ਦੀਆਂ ਜ਼ਨਾਨੀਆਂ ਆਪਣੇ ਘਰ ਵਾਲੇ ਦੀ ਲੰਮੀ ਆਯੂ ਮੰਗਦੀਆਂ ਨੇ ... ... ਸ਼ੈਂਕਰੀ ਨੂੰ ਆਪਣੇ ਪਤੀ ਦੀ ਮੌਤ ਮੰਗਣੀ ਪੈ ਰਹੀ ਸੀ । ਉਸ ਨੂੰ ਇਹੋ ਜਿਹੇ ਸੁਹਾਗ ਨਾਲੋਂ ਰੰਡੇਪਾ ਕਬੂਲ ਸੀ।
ਰਾਤ ਅੱਧੀ ਤੋਂ ਵੱਧ ਬੀਤ ਗਈ ।
ਸ਼ੈਂਕਰੀ ਬਾਹਰ ਨਿਕਲੀ ਤਾਂ ਅਸਮਾਨ ਤੇ ਬੱਦਲ ਛਾਏ ਹੋਏ ਸਨ ।
ਉਹ ਹੌਲੀ ਹੌਲੀ ਟੁਰਦੀ ਬੁੱਢੇ ਦੇ ਕਮਰੇ ਤੀਕ ਗਈ । ਉਸ ਅਡੋਲ ਹੀ ਕੁੰਡੀ ਖੋਹਲੀ ਤੇ ਬੂਹੇ ਨੂੰ ਹੌਲੀ ਜਿਹੀ ਧਿਕਿਆ ।
ਬੁੱਢਾ ਭੁੰਜੇ ਜ਼ਮੀਨ ਉੱਤੇ ਹੀ ਬਿਸਤਰਾ ਵਿਛਾ ਕੇ ਸੁੱਤਾ ਹੋਇਆ ਸੀ । ਆਲੇ ਵਿਚ ਪਏ ਦੀਵੇ ਦੀ ਨਿੰਮੀ ਨਿੰਮੀ ਲੋਅ ਉਸ ਦੇ ਮੂੰਹ ਉੱਤੇ ਪੈ ਰਹੀ ਸੀ। ਇਸ ਹਾਲਤ ਵਿਚ...ਪਰੇਤ ਵਾਂਗਰ ...ਇਕੱਲ ਮੁਕੱਲੇ ਜ਼ਮੀਨ ਉੱਤੇ ਪਏ ਬੱਚੇ ਨੂੰ ਦੇਖ ਉਸ ਨੂੰ ਬੜਾ ਤਰਸ ਆਇਆ।
"ਤੈਨੂੰ ਕੀ ਹੋ ਗਿਐ ? ਤੂੰ ਤਾਂ ਬੜਾ ਚੰਗਾ ਸੀ ਕਦੇ ਵੀ ਇਹੋ ਜਿਹਾ ਭੈੜਾ ਨਹੀਂ ਸੈਂ !'' ਸ਼ੈਂਕਰੀ ਦੇ ਹੋਂਠ ਕੰਬ ਰਹੇ ਸਨ ਤੇ ਪਲਕਾਂ ਉੱਤੇ ਅੱਥਰੂ ਟਿਕੇ ਹੋਏ ਸਨ ਉਸ ਦਾ ਦਿਲ ਕੀਤਾ ਉਹ ਅਗੇ ਹੋ ਕੇ ਬੁੱਢੇ ਕੋਲ ਜਾਏ । ਉਸ ਦੇ ਕੋਲ ਜਾ ਕੇ ਬੈਠੇ ਤੇ ਪੁੱਛੇ, “ਕੋਈ ਪਾਣੀ ਧਾਣੀ ਤਾਂ ਨਹੀਂ ਪੀਣਾ।" ਪਰ ਉਹ ਬੂਹੇ ਕੋਲ ਹੀ ਖਲੋਤੀ ਰਹੀ ਤੇ ਕਿੰਨਾ ਹੀ ਚਿਰ ਰੋਣਹਾਕੀ ਹੋਈ ਉਸੇ ਨੂੰ ਦੇਖਦੀ ਰਹੀ। ਫੇਰ ਉਹ ਕੁੰਡੀ ਬੰਦ ਕਰ, ਚਾਦਰ ਨਾਲ ਅੱਖੀਆਂ ਪੂੰਝ ਪਸਾਰ ਵਿਚ ਚਲੀ ਗਈ ।
“ਹੱਛਾ ! ਜੋ ਮਾਲਕ ਦੀ ਮਰਜ਼ੀ !' ਸ਼ੈਂਕਰੀ ਨੇ ਆਖ ਪਾਸਾ ਪਲਟ ਲਿਆ ਤੇ ਸੌਂ ਗਈ।
ਬਾਹਰ ਬਾਰਸ਼ ਜ਼ੋਰ ਸ਼ੋਰ ਨਾਲ ਹੋ ਰਹੀ ਸੀ।
ਰਾਤ ਭਰ ਬਾਰਸ਼ ਹੁੰਦੀ ਰਹੀ, ਬੱਦਲ ਗੱਜਦੇ ਰਹੇ। ਸਾਰੀ ਰਾਤ ਸ਼ੈਂਕਰੀ ਨੂੰ ਅਜੀਬ ਅਜੀਬ ਸੁਪਨੇ ਆਉਂਦੇ ਰਹੇ। ਸੁਫ਼ਨੇ 'ਚ ਉਸ ਨੂੰ ਆਪਣੇ ਹੱਥਾਂ ਉਤੇ ਮਹਿੰਦੀ ਲੱਗੀ ਹੋਈ ਦਿੱਸੀ, ਸਿਰ ਉਤੇ ਚੌਂਕ, ਬਾਹਵਾਂ ਵਿਚ ਚੂੜਾ ਤੇ ਚੂੜੇ ਨਾਲ ਬੰਨ੍ਹੇ ਕਲੀਰੇ ਦਿਸੇ। ਉਸ ਨੂੰ ਆਪਣੀ ਡੋਲੀ ਲੱਭੀ । ਜਾਣੇ ਪਛਾਣੇ ਹਾਸੇ ਗੜਾਕੇ ਸੁਣੀਏ। ਦੇਵੀ ਮਾਤਾ ਦੀਆਂ ਉਹ ਢੱਕੀਆਂ ਲੱਭੀਆਂ ਜਿਹੜੀਆਂ ਉਸ ਆਪਣੇ ਮਹਾਰਾਜ ਨਾਲ ਕੱਠੀਆਂ ਚੜ੍ਹੀਆਂ ਸਨ। ਉਸ ਨੂੰ ਓਹ ਮੋਤੀਏ ਦੇ ਫੁੱਲਾਂ ਦੇ ਹਾਰ ਲਭੇ ਜਿਹੜੇ ਰੋਜ਼ ਰਾਤੀਂ ਉਸ ਦਾ ਘਰ ਵਾਲਾ ਲਿਆ ਦੇਂਦਾ ਸੀ ਤੇ ਉਸ ਦੀ ਗੁੱਤ ਨਾਲ ਬੰਨ੍ਹ ਦੇਂਦਾ ਸੀ। ਉਸ ਨੂੰ ਉਹ ਭੱਜੀ ਹੋਈ ਵੰਗ ਲੱਭੀ ਜਿਹੜੀ ਉਸ ਦੇ ਕੰਤ ਨੇ ਬਾਂਹ ਘੁਟਦੇ ਤੋੜ ਛੱਡੀ ਸੀ। ਉਸ ਨੂੰ ਉਹ ਸੂਫ ਦੀ ਸੁਥਣ ਤੇ ਮੁਕੈਸ਼ ਵਾਲੀ ਕਮੀਜ਼ ਵੀ ਦਿੱਸੀ ਜਿਨ੍ਹਾਂ ਨੂੰ ਪਾ ਕੇ ਉਹ ਆਪਣੇ ਢੋਲ ਸਿਪਾਹੀ ਨਾਲ ਸ਼ਹਿਰ ਗਈ ਸੀ । ਸ਼ੈਂਕਰੀ ਉੱਠੀ ਤਾਂ ਉਸੀ ਸੁਪਨੇ ਦੀਆਂ ਯਾਦਾਂ ਉਸ ਦੀਆਂ ਅੱਖਾਂ ਵਿਚ ਰੜਕ ਰਹੀਆਂ ਸਨ। ਉਸ ਦਾ ਦਿਲ ਬੜਾ ਖੁਸ਼ ਖੁਸ਼ ਸੀ । ਉਸ ਪਸਾਰ, ਵਿਹੜੇ ਵਿਚ ਝਾੜੂ ਦੇ ਹੌਲੀ ਹੌਲੀ ਕਦਮਾਂ ਨਾਲ ਡੰਗਰਾਂ ਵਾਲੇ ਪਾਸੇ ਚਲੀ ਗਈ । ਉਸ ਧਾਰ ਕੱਢੀ ਤੇ ਰਸੋਈ ਵਿਚ ਦੁੱਧ ਗਰਮ ਕਰ ਕੇ ਤੱਤੇ ਤੱਤੇ ਦੁੱਧ ਨਾਲ ਵੱਡਾ ਗਿਲਾਸ ਭਰਿਆ, ਇਕ ਚਮਚ ਘਿਉ ਦਾ ਪਾਇਆ। ਨਿੰਮ੍ਹੀ ਨਿੰਮ੍ਹੀ ਮੁਸਕਾਹਣ ਨਾਲ ਬੁੱਢੇ ਦੇ ਕਮਰੇ ਵੱਲ ਗਈ ।
ਪਰ ਅਜੇ ਮਸਾਂ ਉਹ ਕਿੱਕਰ ਦੇ ਬੂਟੇ ਹੇਠਾਂ ਹੀ ਪੁੱਜੀ ਸੀ ਕਿ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹ ਪ੍ਰੇਸ਼ਾਨ ਹੈਰਾਨ ਜਿਹੀ ਕਮਰੇ ਦੇ ਬੂਹੇ ਵੱਲ ਦੇਖ ਰਹੀ ਸੀ ਜਿਸ ਦੀ ਸੰਗਲ ਖੁਲ੍ਹੀ ਸੀ। ਨਾਲ ਹੀ ਉਹ ਉਨ੍ਹਾਂ ਪੈਰਾਂ ਦੇ ਨਿਸ਼ਾਨਾਂ ਨੂੰ ਦੇਖ ਰਹੀ ਸੀ ਜਿਹੜੇ ਕਮਰੇ ਦੀ ਮੁਹਾਠ ਕੋਲੋਂ ਚਿੱਕੜ ਵਿਚ ਛਪੇ ਹੋਏ ਬਾਹਰ ਗਲੀ ਦੇ ਬੂਹੇ ਤੀਕ ਜਾ ਰਹੇ ਸਨ ।
"ਕੁੰਡੀ ਕਿਸ ਖੋਹਲੀ ? ਉਹ ਕਿਥੇ ਚਲਾ ਗਿਆ ?'' ਸ਼ੈਂਕਰੀ ਕੰਬਦੇ ਕਲੇਜੇ ਨਾਲ ਕਮਰੇ ਦੇ ਬੂਹੇ ਵੱਲ ਵਧੀ ।
ਉਸ ਪੈਰ ਨਾਲ ਬੂਹਾ ਧਿਕਿਆ ।
ਬੂਹਾ ਖੁਲ੍ਹ ਗਿਆ ।
ਬੁੱਢਾ ਕਿਧਰੇ ਨਹੀਂ ਸੀ ਗਿਆ । ਉਹ ਤਾਂ ਉਂਝ ਹੀ ਬਿਸਤਰੇ ਉੱਤੇ ਚਾਦਰ ਤਾਣ ਸੁੱਤਾ ਹੋਇਆ ਸੀ।
ਸ਼ੈਂਕਰੀ ਨੇ ਫੇਰ ਬੜੇ ਅਚੰਭੇ ਨਾਲ ਆਪਣੇ ਕੋਲ ਹੀ ਪਏ ਪੈਰਾਂ ਦੇ ਨਿਸ਼ਾਨਾਂ ਵੱਲ ਗਹੁ ਨਾਲ ਤੱਕਿਆ :
ਉਸ ਕਦਮ ਅੱਗੇ ਪੁਟਿਆ । ਰਾਤੀਂ ਉਸ ਜਿਥੇ ਦਰਾਟ ਸੁੱਟੀ ਸੀ । ਉਹ ਉਂਝ ਹੀ ਉਥੇ ਪਈ ਰਹੀ ਸੀ। ਆਲੇ ਵਿਚ ਪਿਆ ਦੀਵਾ ਆਪਣੇ ਆਪ ਹੀ ਬੁਝ ਗਿਆ ਸੀ। ਸ਼ੈਂਕਰੀ ਨੇ ਪੈਰ ਨਾਲ ਦਰਾਟ ਪਰ੍ਹੇ ਕੀਤਾ ਤੇ ਹੋਰ ਅੱਗੇ ਵਧੀ ।
"ਉੱਠ ਦੁੱਧ ਪੀ ਲੈ" ਸ਼ੈਂਕਰੀ ਨੇ ਕੋਲ ਜਾ ਕੇ ਬੁੱਢੇ ਨੂੰ ਕਿਹਾ । ਪਰ ਬੁੱਢੇ ਨੇ ਮੂੰਹ ਉਤੋਂ ਚਾਦਰ ਨਾ ਲਾਹੀ ।
ਉਸ ਗਿਲਾਸ ਥੱਲੇ ਰਖਿਆ ਤੇ ਹੌਲੀ ਜਿਹੀ ਉਸ ਦੇ ਮੂੰਹ ਉਤੋਂ ਚਾਦਰ ਖਿੱਚੀ ਉਸ ਦੀਆਂ ਅੱਖਾਂ ਜਿਵੇਂ ਫੁੱਟ ਗਈਆਂ ।
ਬੁੱਢਾ ਮਰ ਗਿਆ ਸੀ। ਉਸ ਦੇ ਆਨੇ ਟੱਡੇ ਪਏ ਸਨ। ਉਸ ਦੇ ਮੂੰਹ ਤੇ ਅਤਿਅੰਤ ਪੀੜ ਸੀ। ਉਸ ਦਾ ਇਕ ਹੱਥ ਜਿਹੜਾ ਉਸ ਦੀ ਛਾਤੀ ਉਤੇ ਪਿਆ ਸੀ ਉਸ ਵਿਚ ਕਾਲੇ ਰੰਗ ਦੀ ਭੱਜੀ ਹੋਈ ਵੰਗ ਘੁਟੀ ਹੋਈ ਸੀ ਤੇ ਦੁਏ ਹੱਥ ਵਿਚ ਮੋਤੀਏ ਦੇ ਫੁਲਾਂ ਦਾ ਮਧੋਲਿਆ ਗੁੱਛਾ ਸੀ ਤੇ ਨਾਲ ਹੀ ਸਿਰ ਨੂੰ ਲਗਾਉਣ ਵਾਲੀ ਇਕ ਸੂਈ ਪਈ ਹੋਈ ਸੀ।
(ਅਨੁਵਾਦ : ਚੰਦਨ ਨੇਗੀ)