Punjabi Stories/Kahanian
ਫ਼ਕੀਰ ਚੰਦ ਸ਼ੁਕਲਾ
Faqir Chand Shukla
Punjabi Kavita
  

Shanti Dr. Faqir Chand Shukla

ਸ਼ਾਂਤੀ (ਵਿਅੰਗ) ਡਾ. ਫ਼ਕੀਰ ਚੰਦ ਸ਼ੁਕਲਾ

ਆਖਿਰ ਉਹ ਕੁਲੱਛਣੀ ਘੜੀ ਆ ਹੀ ਗਈ ਸੀ। ਇੰਜ ਤਾਂ ਹੋਣਾ ਹੀ ਸੀ। ਡਾਕਟਰਾਂ ਨੇ ਤਾਂ ਕਾਫੀ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਸਾਰੇ ਸਰੀਰ ਵਿਚ ਕੈਂਸਰ ਫੈਲ ਚੁੱਕਿਆ ਹੈ ਅਤੇ ਕਦੇ ਵੀ ਸਾਹਾਂ ਦੀ ਲੜੀ ਟੁੱਟ ਸਕਦੀ ਹੈ। ਬਸ ਐਥੇ ਆ ਕੇ ਬੰਦੇ ਦੀ ਹਾਰ ਹੋ ਜਾਂਦੀ ਹੈ। ਅਸੀਂ ਇਲਾਜ ਕਰਵਾਉਣ ’ਚ ਤਾਂ ਕੋਈ ਕਸਰ ਨਹੀਂ ਛੱਡੀ ਸੀ। ਮਹਿੰਗੀ ਤੋਂ ਮਹਿੰਗੀ ਦਵਾਈ ਲਿਆ ਕੇ ਦਿੱਤੀ ਸੀ। ਸ਼ਹਿਰ ਦੇ ਮੰਨੇ-ਪ੍ਰਮੰਨੇ ਕੈਂਸਰ ਹਸਪਤਾਲ ਵਿਚ ਪੂਰੇ ਦੋ ਸਾਲ ਉਸ ਦਾ ਇਲਾਜ ਕਰਵਾਇਆ ਸੀ ਪਰ ਕੈਂਸਰ ’ਤੇ ਜਿੱਤ ਪਾਉਣ ਵਾਲੀ ਦਵਾਈ ਹਾਲੇ ਸ਼ਾਇਦ ਈਜਾਦ ਨਹੀਂ ਹੋਈ ਹੈ।
…ਤੇ ਫੇਰ ਮੇਰੀ ਰੂਹ ਯਾਨੀ ਮੇਰੀ ਪਤਨੀ ਦੀ ਪਿਆਰੀ-ਪਿਆਰੀ ਅਤੇ ਸੋਨੇ ਵਰਗੀ ਦੇਹ ਨੂੰ (ਭਾਵੇਂ ਹੁਣ ਉਸ ਦਾ ਸਰੀਰ ਪਿੰਜਰ ਬਣ ਗਿਆ ਸੀ) ਅਗਨੀ ਦੇਵਤਾ ਨੇ ਆਪਣੇ ’ਚ ਸਮੇਟ ਕੇ ਮਿੱਟੀ ਦੀ ਢੇਰੀ ਬਣਾ ਦਿੱਤਾ ਸੀ। ਐਨੀ ਪਿਆਰੀ ਸ਼ਖਸੀਅਤ ਦਾ ਕੁਝ ਬਚਿਆ ਸੀ ਤਾਂ ਉਹ ਸੀ ਕੁਝ ਹੱਡੀਆਂ ਅਤੇ ਇਕ ਰਾਖ ਦੀ ਢੇਰੀ।
ਤੇ ਹੁਣ ਪਤਨੀ ਦੇ ਫੁੱਲ ਹਰਿਦੁਆਰ ਵਿਖੇ ਗੰਗਾ ਵਿਚ ਪ੍ਰਵਾਹ ਕਰਨੇ ਸਨ। ਮੈਂ ਅਤੇ ਮੇਰਾ ਵੱਡਾ ਪੁੱਤਰ ਹਰਿਦੁਆਰ ਜਾ ਪੁੱਜੇ।
ਸਾਨੂੰ ਪਹਿਲਾਂ ਹੀ ਕਿਸੇ ਨੇ ਰਾਏ ਦਿੱਤੀ ਸੀ ਕਿ ਫੁੱਲ ਕਨਖਲ ਵਿਖੇ ਗੰਗਾ ਵਿਚ ਪ੍ਰਵਾਹ ਕਰਨੇ ਹਨ। ਅਸੀਂ ਪਿਓ-ਪੁੱਤ ਕਨਖਲ ਵੱਲ ਤੁਰ ਪਏ ਸਾਂ। ਪਰ ਸਾਨੂੰ ਤਾਂ ਪਾਂਡਿਆਂ ਨੇ ਕਨਖਲ ਤਕ ਪੁੱਜਣਾ ਮੁਸ਼ਕਲ ਕਰ ਦਿੱਤਾ ਸੀ। ਦੋ-ਚਾਰ ਡਿੰਗਾਂ ਹੀ ਤੁਰਦੇ ਸਾਂ ਕਿ ਝੱਟ ਕੋਈ ਨਾ ਕੋਈ ਪਾਂਡਾ ਘੇਰ ਲੈਂਦਾ- ‘‘ਕਹਾਂ ਸੇ ਆਏ ਹੋ…ਕੌਣ ਸਾ ਗੋਤਰ ਹੈ…’’
ਪਰ ਅਸੀਂ ਚੁੱਪਚਾਪ ਤੁਰਦੇ ਰਹੇ।
ਮੈਂ ਕਨਖਲ ਗੰਗਾ ਦੇ ਕਿਨਾਰੇ ਬਣੀਆਂ ਪੌੜੀਆਂ ’ਤੇ ਪਤਨੀ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨ ਲਈ ਹੱਥ ਜੋੜ ਕੇ ਹਾਲੇ ਅੱਖਾਂ ਮੀਟੀਆਂ ਹੀ ਸਨ ਕਿ ਕਿਸੇ ਨੇ ਜ਼ੋਰ ਦੀ ਮੇਰੇ ਹੱਥਾਂ ਨੂੰ ਝਟਕਾ ਦੇ ਦਿੱਤਾ। ਮੈਂ ਤ੍ਰਭਕ ਕੇ ਅੱਖਾਂ ਖੋਲ੍ਹੀਆਂ ਤਾਂ ਇਕ ਮੋਟਾ ਜਿਹਾ ਪੰਡਤ ਮੱਥੇ ’ਤੇ ਲੰਮਾ ਟਿੱਕਾ ਲਾਈ ਮੈਥੋਂ ਪੁੱਛ ਰਿਹਾ ਸੀ- ‘‘ਕਿੱਥੋਂ ਆਓ ਓ?’’
ਮੇਰੀ ਪ੍ਰਾਰਥਨਾ ਕਰਨ ਦੀ ਸਾਰੀ ਸ਼ਰਧਾ ਹੀ ਜਿਵੇਂ ਖਤਮ ਹੋ ਗਈ ਸੀ। ਪਰ ਆਪਣੇ ਗੁੱਸੇ ’ਤੇ ਰਤਾ ਕਾਬੂ ਪਾਉਂਦਿਆਂ-ਪਾਉਂਦਿਆਂ ਹੀ ਮੇਰੇ ਮੂੰਹੋਂ ਨਿਕਲ ਗਿਆ ਸੀ- ‘‘ਢੱਠੇ ਖੂਹ ’ਚੋਂ..। ਤੂੰ ਵੜੇਵੇਂ ਲੈਣੇ ਐ।’’
ਪਤਾ ਨ੍ਹੀਂ ਕਿੱਥੋਂ ਏਹੋ ਜਹੇ ਯਮਦੂਤ ਮਗਰ ਲੱਗ ਜਾਂਦੇ ਨੇ..। ਦੋ ਘੜੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਵੀ ਨਹੀਂ ਦੇਣ ਦਿੰਦੇ! ਮੈਂ ਮਨ ਹੀ ਮਨ ਕਲਪਦਿਆਂ ਹੋਇਆਂ ਆਖਿਆ।
ਮੈਂ ਗੰਗਾ ਦੇ ਪਾਣੀ ਵਿਚ ਇਕ-ਦੋ ਪੌੜੀਆਂ ਹੇਠਾਂ ਉਤਰ ਕੇ ਨਾਲ ਲਿਆਂਦੀ ਫੁੱਲਾਂ ਵਾਲੀ ਪੋਟਲੀ ਖੋਲ੍ਹ ਕੇ ਫੁੱਲ ਜਲ ਵਿਚ ਪ੍ਰਵਾਹ ਕਰ ਦਿੱਤੇ। ਮੈਂ ਮੁੜ ਅੱਖਾਂ ਮੀਟ ਕੇ ਮਨ ਹੀ ਮਨ ਅਰਦਾਸ ਕਰਨ ਹੀ ਲੱਗਾ ਸਾਂ ਕਿ ਮੈਨੂੰ ਆਪਣੇ ਪੈਰਾਂ ’ਤੇ ਕੁਝ ਫਿਰਦਾ ਹੋਇਆ ਜਾਪਿਆ। ਮੈਂ ਤੁਰਤ ਅੱਖਾਂ ਖੋਲ੍ਹ ਕੇ ਤ੍ਰਭਕ ਕੇ ਪੈਰਾਂ ਵੱਲ ਤੱਕਿਆ। ਵੇਖਦਿਆਂ ਸਾਰ ਹੀ ਮੇਰੇ ਤਾਂ ਜਿਵੇਂ ਤਨ ਬਦਨ ਨੂੰ ਅੱਗ ਲੱਗ ਗਈ ਸੀ। ਜਿਹੜੇ ਫੁੱਲ ਹਾਲੇ ਮੈਂ ਗੰਗਾ ਵਿਚ ਪ੍ਰਵਾਹ ਕੀਤੇ ਸਨ, ਉਹ ਹਾਲੇ ਪੌੜੀਆਂ ’ਤੇ ਹੀ ਪਏ ਸਨ ਤੇ ਇਕ ਪੰਡਤ ਉਨ੍ਹਾਂ ਨੂੰ ਹੱਥ ਨਾਲ ਫਰੋਲਣ ਲੱਗਾ ਸੀ…ਤੇ ਅਗਲੇ ਹੀ ਪਲ ਉਨ੍ਹਾਂ ਫੁੱਲਾਂ ’ਚੋਂ ਇਕ-ਦੋ ਰੁਪਏ ਦਾ ਸਿੱਕਾ ਉਸ ਦੇ ਹੱਥ ਆ ਗਿਆ ਸੀ ਤੇ ਉਹਨੇ ਇਕ ਜਿੱਤੇ ਹੋਏ ਯੋਧੇ ਵਾਂਗ ਚਿਹਰੇ ’ਤੇ ਮੁਸਕਰਾਹਟ ਲਿਆਉਂਦਿਆਂ ਉਹ ਸਿੱਕਾ ਆਪਣੀ ਜੇਬ ਦੇ ਹਵਾਲੇ ਕਰ ਦਿੱਤਾ। ਹੋ ਸਕਦੈ ਫੁੱਲ ਚੁਗਣ ਮਗਰੋਂ ਗੁੱਥਲੀ ਵਿਚ ਫੁੱਲ ਪਾਉਣ ਵੇਲੇ ਪੰਡਤ ਦੇ ਕਹਿਣ ’ਤੇ ਕਿਸੇ ਨੇ ਉਹ ਸਿੱਕਾ ਫੁੱਲਾਂ ਵਿਚ ਪਾ ਦਿੱਤਾ ਹੋਣਾ।
ਮੇਰੇ ਮਨ ਵਿਚ ਤਾਂ ਆਇਆ ਸੀ ਕਿ ਪੰਡਤ ਨੂੰ ਗਿੱਚੀਓਂ ਫੜ ਕੇ ਦੋ-ਚਾਰ ਘਸੁੰਨ ਠੋਕ ਦੇਵਾਂ, ਪਰ ਗੁੱਸੇ ਨਾਲ ਭਖਦੇ ਮੇਰੇ ਚਿਹਰੇ ਨੂੰ ਵੇਖ ਕੇ ਮੇਰੇ ਬੇਟੇ ਨੇ ਮੇਰੀ ਬਾਂਹ ਫੜ ਕੇ ਮੈਨੂੰ ਉਥੋਂ ਚੁੱਪ-ਚਾਪ ਤੁਰਨ ਲਈ ਇਸ਼ਾਰਾ ਕੀਤਾ।
…ਤੇ ਦਿਲ ’ਤੇ ਪੱਥਰ ਰੱਖ ਕੇ ਮੈਂ ਉਸ ਨਾਲ ਤੁਰ ਪਿਆ ਸੀ।
ਹੁਣ ਅਸੀਂ ਆਪਣੇ ਪੁਰੋਹਿਤ ਕੋਲ ਆ ਗਏ ਸੀ ਤਾਂ ਕਿ ਉਸ ਕੋਲ ਪਏ ਸਾਡੇ ਖਾਨਦਾਨ ਦੇ ਵਹੀ ਖਾਤੇ ਵਿਚ ਪਤਨੀ ਦੇ ਦਿਵੰਗਤ ਹੋਣ ਦੀ ਸੂਚਨਾ ਦਰਜ ਕਰ ਸਕਾਂ। ਮੈਂ ਉਸ ਦੇ ਵਹੀ ਖਾਤੇ ਵਿਚ ਲਿਖਣ ਲੱਗਾ ਤਾਂ ਪੁਰੋਹਿਤ ਨੇ ਆਖਿਆ- ‘‘ਵਿਛੜੀ ਰੂਹ ਦੀ ਸੰਤੁਸ਼ਟੀ ਲਈ ਇਕ ਸਾਲ ਦੇ ਰਾਸ਼ਨ ਲਈ ਖਰਚਾ-ਪਾਣੀ ਦੇ ਜਾਓ।’’
ਮੈਂ ਤਾਂ ਪਹਿਲਾਂ ਹੀ ਖਿੱਝਿਆ ਹੋਇਆ ਸੀ, ਉਸ ਦੀ ਗੱਲ ਸੁਣ ਕੇ ਮੈਨੂੰ ਹੋਰ ਵੀ ਖਿੱਝ ਚੜ੍ਹ ਗਈ। ਮੈਂ ਰਤਾ ਗੁੱਸੇ ਨਾਲ ਆਖਿਆ-‘‘ਪੰਡਿਤ ਜੀ, ਕੀ ਗੱਲਾਂ ਪਏ ਕਰਦੇ ਓ.. ਉਸ ਦੀ ਰੂਹ ਕਿਵੇਂ ਖਾਣ ਆ ਸਕਦੀ ਐ…? ਮੇਰਾ ਘਰ ਉੱਜੜ ਗਿਐ.. ਤੁਸੀਂ ਮੈਨੂੰ ਹੌਸਲਾ ਤਾਂ ਕੀ ਦੇਣੈ…ਐਵੇਂ ਯਬਲੀਆਂ ਮਾਰੀ ਜਾਂਦੇ ਓ।’’
ਇਸ ਵਾਰ ਪੰਡਿਤ ਜੀ ਦੀ ਆਵਾਜ਼ ਵਿਚ ਵੀ ਤਲਖ਼ੀ ਆ ਗਈ ਜਾਪਦੀ ਸੀ-‘‘ਸਾਡੇ ਕੋਲ ਤਾਂ ਸਾਰੇ ਉਹੋ ਆਉਂਦੇ ਨੇ ਜਿਨ੍ਹਾਂ ਦਾ ਕੋਈ ਰੱਬ ਨੂੰ ਪਿਆਰਾ ਹੋ ਜਾਂਦੈ…ਭਾਵੇਂ ਜਵਾਨ ਹੋਵੇ ਜਾਂ ਬਜ਼ੁਰਗ। ਸਾਡੇ ਕੋਲ ਕਿਹੜਾ ਕਿਸੇ ਮਾਂਹ-ਹੱਥ ਲੁਆਣੇ ਨੇ।’’
ਪਰ ਅਗਲੇ ਹੀ ਪਲ ਪੁਰੋਹਿਤ ਜੀ ਦੀ ਆਵਾਜ਼ ’ਚ ਨਰਮੀ ਆ ਗਈ ਸੀ ਤੇ ਉਨ੍ਹਾਂ ਜਿਵੇਂ ਮੈਨੂੰ ਸਮਝਾਉਂਦਿਆਂ ਆਖਿਆ ਸੀ-‘‘ਮੰਨਿਆ ਤੁਸੀਂ ਪੜ੍ਹੇ-ਲਿਖੇ ਬੰਦੇ ਓ ਤੇ ਤੁਹਾਨੂੰ ਆਤਮਾ-ਪ੍ਰਮਾਤਮਾ ’ਚ ਵਿਸ਼ਵਾਸ ਨਹੀਂ ਹੋਵੇਗਾ। ਪਰ ਜੇ ਆਤਮਾ ਪ੍ਰੇਤ ਯੋਨੀ ਵਿਚ ਪੈ ਗਈ… ਫੇਰ ਕਰਵਾਉਂਦੇ ਰਹਿਓ ਉਪਾਅ… ਫੇਰ ਏਸ ਤੋਂ ਬਚਾਅ ਕਰਨ ਲਈ ਐਨਾ ਕੁਝ ਕਰਨਾ ਪਵੇਗਾ ਕਿ ਥੋਨੂੰ ਵੱਡੇ-ਵਡੇਰੇ ਚੇਤੇ ਆ ਜਾਣਗੇ…। ਹੁਣ ਤਾਂ ਤੁਹਾਨੂੰ ਮੇਰੀਆਂ ਬਾਤਾਂ ਯਬਲੀਆਂ ਜਾਪਦੀਆਂ ਨੇ…।’’
ਗੱਲ ਬਹੁਤੀ ਲੰਮੀ ਕੀ ਕਰੀਏ। ਨਿਚੋੜ ਇਹੋ ਹੈ ਕਿ ਆਪਣੇ ਤਰੀਕੇ ਨਾਲ ਪੁਰੋਹਿਤ ਨੇ ਮੈਥੋਂ ਪੰਜ ਹਜ਼ਾਰ ਦੇ ਕਰੀਬ ਝਾੜ ਲਏ ਸਨ।
ਹੁਣ ਸਾਡੇ ਲਈ ਪਿਹੋਵਾ ਜਾਣਾ ਵੀ ਜ਼ਰੂਰੀ ਸੀ। ਪਤਨੀ ਦੀ ਮੌਤ ਬੈੱਡ ’ਤੇ ਹੋਈ ਸੀ। ਘਰ-ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਸੀ ਕਿ ਪਿਹੋਵੇ ਜਾਏ ਬਿਨਾਂ ਗਤ ਨਹੀਂ ਹੋਣੀ ਸੀ।
—ਤੇ ਹੁਣ ਅਸੀਂ ਪਿਹੋਵਾ ਆ ਗਏ ਸਾਂ।
ਰਾਤ ਨੂੰ ਇਕ ਧਰਮਸ਼ਾਲਾ ਵਿਚ ਠਹਿਰਨਾ ਪਿਆ ਸੀ। ਐਨੇ ਗੰਦੇ ਕਮਰੇ… ਹਰ ਪਾਸੇ ਬਦਬੂ ਮਾਰ ਰਹੀ ਸੀ। ਪਰ ਹੋਰ ਕੋਈ ਚਾਰਾ ਵੀ ਨਹੀਂ ਸੀ। ਅਸੀਂ ਪਿਹੋਵੇ ਹੀ ਕਾਫੀ ਰਾਤ ਗਏ ਪੁੱਜੇ ਸਾਂ। ਐਨੀ ਰਾਤ ਗਏ ਵੀ ਪਤਾ ਨਹੀਂ ਕਿਵੇਂ ਪੰਡਿਤ ਜੀ ਨੂੰ ਸਾਡੇ ਆਉਣ ਦੀ ਸੂਚਨਾ ਮਿਲ ਗਈ ਸੀ।
ਤੜਕੇ-ਤੜਕੇ ਮੂੰਹ ਹਨੇਰੇ ਹੀ ਅਸੀਂ ਆਪਣੇ ਪੰਡਿਤ ਜੀ ਕੋਲ ਜਾ ਪੁੱਜੇ। ਉਨ੍ਹਾਂ ਇਕ ਮੰਜਾ ਡਾਹ ਦਿੱਤਾ ਸੀ ਅਤੇ ਸਾਨੂੰ ਇਸ਼ਾਰੇ ਨਾਲ ਘਰੋਂ ਲਿਆਂਦਾ ਸਾਰਾ ਸਾਮਾਨ ਉਥੇ ਰੱਖਣ ਲਈ ਆਖਿਆ ਸੀ। ਅਸੀਂ ਨਾਲ ਲਿਆਂਦੇ ਕੱਪੜੇ, ਬਿਸਤਰਾ ਅਤੇ ਬਰਤਨ ਮੰਜੇ ’ਤੇ ਇੰਜ ਸਜਾ ਦਿੱਤੇ ਸਨ ਜਿਵੇਂ ਕਿਸੇ ਨੂੰ ਦਾਜ ਵਿਖਾਉਣਾ ਹੋਵੇ। ਪੰਡਿਤ ਜੀ ਨੇ ਮੇਰੇ ਬੇਟੇ ਦੇ ਹੱਥ ’ਤੇ ਲੋਟੇ ਨਾਲ ਰਤਾ ਕੁ ਪਾਣੀ ਪਾ ਕੇ ਕੁਝ ਆਖਿਆ ਪਰ ਸਾਨੂੰ ਕੁਝ ਸਮਝ ਨਹੀਂ ਪਈ। ਅਸੀਂ ਸੁਆਲੀਆਂ ਨਜ਼ਰਾਂ ਨਾਲ ਉਨ੍ਹਾਂ ਵੱਲ ਤੱਕਿਆ ਤਾਂ ਉਨ੍ਹਾਂ ਮੁੜ ਲੜਖੜਾਉਂਦੀ ਆਵਾਜ਼ ’ਚ ਆਖਿਆ-‘‘ਆਹ…ਪਾਣੀ..ਆਪਣੀ ਮਾਤਾ ਦਾ ਨਾਂ ਲੈ ਕੇ ਚੂਲੀ ਛੱਡ ਦੇ…’’।
ਹੈਂ… ਪੰਡਿਤ ਜੀ ਦੀ ਆਵਾਜ਼ ਇੰਜ ਸ਼ਰਾਬੀਆਂ ਵਾਂਗ ਕਿਉਂ ਲੜਖੜਾ ਰਹੀ ਐ। ਮੈਂ ਰਤਾ ਲਾਗੇ ਹੋ ਕੇ ਸੁੰਘਿਆ… ਉਹ ਥੋਡੀ ਬੇੜੀ ਬਹਿ ਜੇ… ਪੰਡਿਤ ਜੀ ਦੇ ਮੂੰਹੋਂ ਤਾਂ ਲਪਟਾਂ ਮਾਰ ਰਹੀਆਂ ਸਨ।
ਕੀ ਪੰਡਿਤ ਜੀ ਤੜਕੇ-ਤੜਕੇ ਹੀ ਛਕ ਲੈਂਦੇ ਨੇ…? ਮੈਂ ਹਾਲੇ ਸੋਚਾਂ ’ਚ ਹੀ ਗੁਆਚਿਆ ਹੋਇਆ ਸੀ ਕਿ ਪੰਡਿਤ ਜੀ ਨੇ ਜਿਵੇਂ ਮੇਰੀ ਸ਼ੰਕਾ ਦਾ ਸਮਾਧਾਨ ਕਰ ਦਿੱਤਾ ਸੀ।-‘‘ਅੱਜ 31 ਮਾਰਚ ਏ ਨਾ… ਠੇਕਿਆਂ ’ਤੇ ਸਸਤੀ ਦਾਰੂ ਮਿਲ ਰਹੀ ਸੀ… ਤੇ ਏਸ ਕਰਕੇ ਰਤਾ ਜ਼ਿਆਦਾ ਪੀ ਹੋ’ਗੀ.., ਉਂਜ ਤਾਂ ਮੈਂ ਉੱਕਾ ਈ ਨੀ ਪੀਂਦਾ…’’ ਤੇ ਪੰਡਿਤ ਹੀ ਆਪਣੀ ਲੜਖੜਾਉਂਦੀ ਆਵਾਜ਼ ਵਿਚ ਕੁਝ ਮੰਤਰ ਪੜ੍ਹਨ ਲੱਗੇ ਸਨ।
ਮੇਰੇ ਤਾਂ ਜਿਵੇਂ ਤਨ ਬਦਨ ਨੂੰ ਅੱਗ ਲੱਗ ਗਈ ਸੀ। ਮੈਨੂੰ ਘੜੀ-ਮੁੜੀ ਆਪਣੇ ਆਪ ’ਤੇ ਗੁੱਸਾ ਆ ਰਿਹਾ ਸੀ। ਮੈਂ ਐਡਾ ਮਸ਼ਹੂਰ ਵਿਗਿਆਨੀ ਤੇ ਆਹ ਕਿਹੜੇ ਗਧੀ-ਗੇੜ ਵਿਚ ਪੈ ਗਿਆ ਸੀ। ਅਸੀਂ ਤਾਂ ਲੋਕਾਂ ਨੂੰ ਵਹਿਮਾਂ-ਭਰਮਾਂ ਤੋਂ ਬਚਣ ਲਈ ਲੈਕਚਰ ਤੇ ਨਾਟਕ ਕਰਦੇ ਰਹਿੰਦੇ ਹਾਂ… ਅਤੇ ਮੈਂ ਖੁਦ ਹੀ ਕੁਰਾਹੇ ਪੈ ਗਿਆ ਜਾਪਦਾ ਸੀ। ਮੇਰੀ ਪਤਨੀ ਨੂੰ ਵੀ ਇਹ ਫਜ਼ੂਲ ਦੇ ਰਸਮੋ-ਰਿਵਾਜ ਪਸੰਦ ਨਹੀਂ ਸਨ। ਹੋ ਸਕਦੈ ਮੈਂ ਇਹ ਸੋਚ ਕੇ ਇਹ ਸਾਰਾ ਕੁਝ ਕਰੀ ਜਾ ਰਿਹਾ ਹੋਵਾਂ ਕਿ ਕਿਤੇ ਮੇਰਾ ਬੇਟਾ ਇਹ ਨਾ ਸਮਝੇ ਕਿ ਮੈਂ ਉਸ ਦੀ ਮਾਂ ਦਾ ਸਸਕਾਰ ਆਪਣੇ ਪਰਿਵਾਰ ਅਤੇ ਸਮਾਜ ਦੇ ਰੀਤੀ-ਰਿਵਾਜਾਂ ਨਾਲ ਕਿਉਂ ਨਹੀਂ ਕੀਤਾ।
ਕੁਝ ਚਿਰ ਮਗਰੋਂ ਪੰਡਿਤ ਜੀ ਨੇ ਸਾਨੂੰ ਬਾਹਰ ਵੱਲ ਤੁਰਨ ਲਈ ਇਸ਼ਾਰਾ ਕੀਤਾ। ਅਸੀਂ ਉਨ੍ਹਾਂ ਦੇ ਮਗਰ-ਮਗਰ ਤੁਰਦੇ ਹੋਏ ਸਰੋਵਰ ਵਿਚ ਆ ਗਏ ਸਾਂ ਜਿੱਥੇ ਕਿ ਪਿੰਡ ਦਾਨ ਕਰਦੇ ਸਨ। ਪੰਡਿਤ ਨੇ ਮੈਨੂੰ ਸਰੋਵਰ ਵਿਚ ਨਹਾ ਕੇ ਆਉਣ ਲਈ ਆਖਿਆ। ਪਰ ਸਰੋਵਰ ਦੇ ਬਦਬੂਦਾਰ ਪਾਣੀ ਜਿਸ ਉਤੇ ਕਾਈ ਦੀਆਂ ਮੋਟੀਆਂ ਮੋਟੀਆਂ ਤੈਹਾਂ ਜੰਮੀਆਂ ਹੋਈਆਂ ਸਨ, ਵੇਖ ਕੇ ਮੇਰੀ ਤਾਂ ਹੱਥ ਧੋਣ ਦੀ ਵੀ ਹਿੰਮਤ ਨਹੀਂ ਪਈ ਸੀ। ਅਜਿਹੇ ਪਾਣੀ ’ਚ ਨਹਾ ਕੇ ਮੈਂ ਆਪਣੇ ਸਰੀਰ ਨੂੰ ਚਮੜੀ ਦੇ ਰੋਗ ਨਹੀਂ ਲਾਉਣੇ ਸਨ। ਮੈਂ ਲਾਗੇ ਲੱਗੇ ਨਲਕੇ ’ਤੇ ਮੂੰਹ-ਹੱਥ ਧੋ ਆਇਆ ਸੀ।
ਪੰਡਿਤ ਜੀ ਨੇ ਆਟੇ ਦੇ ਪਿੰਡ ਬਣਾ ਲਏ ਸਨ ਤੇ ਮੈਂ ਉਨ੍ਹਾਂ ਮੂਹਰੇ ਭੁੰਜੇ ਹੀ ਬੈਠ ਗਿਆ ਸਾਂ। ਮੈਂ ਇਕ ਵਾਰ ਫੇਰ ਅੱਖਾਂ ਮੀਟ ਕੇ ਹੱਥ ਜੋੜ ਕੇ ਵਿਛੜੀ ਰੂਹ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨ ਲੱਗਾ ਸਾਂ ਕਿ ਮੁੜ ਕਿਸੇ ਨੇ ਮੈਨੂੰ ਬਾਹੋਂ ਫੜ ਕੇ ਹਲੂਣਿਆ। ਮੈਂ ਚੁੱਪਚਾਪ ਮਨ ਹੀ ਮਨ ਰੱਬ ਨੂੰ ਬੇਨਤੀ ਕਰਦਾ ਰਿਹਾ ਕਿ ਹੇ ਪ੍ਰਮਾਤਮਾ ਇਸ ਨੂੰ ਆਪਣੇ ਚਰਨਾਂ ’ਚ ਵਾਸ ਦੇਈਂ ਤੇ..ਪਰ ਮੈਨੂੰ ਕਿਸੇ ਨੇ ਜ਼ੋਰ ਦੀ ਹਲੂਣਦਿਆਂ ਪੁੱਛਿਆ, ‘‘ਕਿਸ ਜਗ੍ਹਾ ਸੇ ਆਏ ਹੋ..?’’ ਪਰ ਉਸ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮੈਂ ਇਕਦਮ ਉੱਠ ਖਲੋਤਾ ਸੀ ਤੇ ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦਾ ਮੈਂ ਉਸ ਨੂੰ ਗਿੱਚੀਓਂ ਫੜ ਕੇ ਤਿੰਨ ਚਾਰ ਘਸੁੰਨ ਠੋਕ ਦਿੱਤੇ ਸਨ ਤੇ ਜਿੰਨੀਆਂ ਵੀ ਗਾਲ੍ਹਾਂ ਮੈਂ ਕੱਢ ਸਕਦਾ ਸੀ ਇਕੋ ਸਾਹ ਕੱਢ ਦਿੱਤੀਆਂ ਸਨ।
ਖੈਰ ਜਿਵੇਂ-ਤਿਵੇਂ ਨਿਬੇੜਾ ਕਰਕੇ ਜਦੋਂ ਤੁਰਨ ਲੱਗੇ ਤਾਂ ਮੇਰਾ ਬੇਟਾ ਕਹਿੰਦਾ, ‘‘ਪਾਪਾ ਕੀ ਲੋੜ ਪਈ ਸੀ ਇਹ ਪਖੰਡ ਕਰਨ ਦੀ! ਇਹਦੇ ਨਾਲੋਂ ਤਾਂ ਸਕੂਲ ਦੇ ਬੱਚਿਆਂ ਨੂੰ ਕਾਪੀਆਂ-ਕਿਤਾਬਾਂ ਹੀ ਲੈ ਦਿੰਦੈ।’’ ਪਰ ਹੁਣ ਮੈਂ ਚੁੱਪ ਰਹਿਣਾ ਹੀ ਉਚਿਤ ਸਮਝਿਆ ਸੀ।
..ਹੁਣ ਘਰ ਪਰਤਦਿਆਂ ਮੈਂ ਸੋਚ ਰਿਹਾ ਸੀ ਕਿ ਜਿਸ ਪਤਨੀ ਦੀ ਆਤਮਾ ਦੀ ਸ਼ਾਂਤੀ ਲਈ ਮੈਂ ਐਨੀ ਨੱਠ-ਭੱਜ ਕੀਤੀ, ਕੀ ਉਹ ਮੈਨੂੰ ਹਾਸਲ ਹੋਈ। ਕੀ ਸੱਚਮੁਚ ਹੀ ਮੈਂ ਸ਼ਾਂਤ ਮਨ ਨਾਲ ਘਰ ਪਰਤ ਰਿਹਾ ਸੀ ਜਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਅਸ਼ਾਂਤ ਹੋ ਗਿਆ ਸੀ। ਘੜੀ-ਮੁੜੀ ਇਹੋ ਖ਼ਿਆਲ ਮੇਰੇ ਮਨ ਵਿੱਚ ਘੁੰਮੀ ਜਾ ਰਿਹਾ ਸੀ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)