Punjabi Stories/Kahanian
ਫ਼ਕੀਰ ਚੰਦ ਸ਼ੁਕਲਾ
Faqir Chand Shukla
Punjabi Kavita
  

Shardhanjali Samagam Dr. Faqir Chand Shukla

ਸ਼ਰਧਾਂਜਲੀ ਸਮਾਗਮ (ਵਿਅੰਗ) ਡਾ. ਫ਼ਕੀਰ ਚੰਦ ਸ਼ੁਕਲਾ

ਡਾ. ਸ਼ਰਮਾ ਇੱਕ ਉੱਘੇ ਸਮੀਖਿਆਕਾਰ ਸਨ। ਉਹ ਹਿੰਦੀ ਦੇ ਇੱਕ ਅਖ਼ਬਾਰ ਵਿੱਚ ਹਿੰਦੀ ਦੀਆਂ ਨਵੀਆਂ ਛਪੀਆਂ ਪੁਸਤਕਾਂ ਦੀ ਸਮੀਖਿਆ ਕਰਦੇ ਹੁੰਦੇ ਸਨ। ਇਸ ਤੋਂ ਜ਼ਿਆਦਾ ਮੈਂ ਉਨ੍ਹਾਂ ਬਾਰੇ ਨਹੀਂ ਜਾਣਦਾ ਸੀ। ਹਾਂ, ਇੰਨਾ ਜ਼ਰੂਰ ਪਤਾ ਲੱਗਿਆ ਸੀ ਕਿ ਉਹ ਕਿਸੇ ਕਾਲਜ ਦੇ ਸੇਵਾਮੁਕਤ ਪ੍ਰਿੰਸੀਪਲ ਸਨ। ਉਨ੍ਹਾਂ ਨੇ ਉਸੇ ਅਖ਼ਬਾਰ ਵਿੱਚ ਮੇਰੇ ਹਿੰਦੀ ’ਚ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ਦੀ ਸਮੀਖਿਆ ਕਰਦਿਆਂ ਵਾਹਵਾ ਪ੍ਰਸ਼ੰਸਾ ਤਾਂ ਕੀਤੀ ਹੀ ਸੀ ਸਗੋਂ ਫੋਨ ਕਰ ਕੇ ਮੈਨੂੰ ਮੁਬਾਰਕਬਾਦ ਵੀ ਦਿੱਤੀ ਸੀ। …ਤੇ ਇਸ ਤਰ੍ਹਾਂ ਡਾ. ਸ਼ਰਮਾ ਨਾਲ ਮੇਰਾ ਰਾਬਤਾ ਬਣ ਗਿਆ ਸੀ।
ਇੱਕ ਵਾਰੀ ਉਹ ਕਿਸੇ ਕਿਤਾਬ ਵੀ ਰਿਲੀਜ਼ ਮੌਕੇ ਲੁਧਿਆਣੇ ਆਏ ਸਨ ਤਦ ਉਨ੍ਹਾਂ ਨਾਲ ਮੁਲਾਕਾਤ ਹੋਈ ਸੀ। ਮੈਨੂੰ ਉਹ ਬਹੁਤ ਹੀ ਜ਼ਹੀਨ ਜਾਪੇ ਸਨ। ਉਨ੍ਹਾਂ ਆਪਣੇ ਬਾਰੇ ਦੱਸਿਆ ਸੀ ਕਿ ਉਹ ਗੁਰਦਾਸਪੁਰ ਵਿਖੇ ਇੱਕ ਕਾਲਜ ਤੋਂ ਬਤੌਰ ਪ੍ਰਿੰਸੀਪਲ ਸੇਵਾਮੁਕਤ ਹੋਏ ਸਨ। ਉਨ੍ਹਾਂ ਨੂੰ ਕਵਿਤਾ ਲਿਖਣ ਦਾ ਸ਼ੌਕ ਸੀ ਪਰ ਉਹ ਜ਼ਿਆਦਾ ਨਹੀਂ ਲਿਖਦੇ ਸਨ। ਹੋਰਾਂ ਦਾ ਲਿਖਿਆ ਸਾਹਿਤ ਹੀ ਜ਼ਿਆਦਾ ਪੜ੍ਹਦੇ ਅਤੇ ਅਖ਼ਬਾਰਾਂ-ਰਸਾਲਿਆਂ ਵਿੱਚ ਸਮੀਖਿਆ ਕਰ ਦਿੰਦੇ ਸਨ। ਉਨ੍ਹਾਂ ਦੀਆਂ ਦੋ-ਤਿੰਨ ਕਿਤਾਬਾਂ ਵੀ ਛਪ ਚੁੱਕੀਆਂ ਸਨ।
ਉਨ੍ਹਾਂ ਨਾਲ ਇਹੋ ਮੇਰੀ ਪਹਿਲੀ ਤੇ ਆਖ਼ਰੀ ਮੁਲਾਕਾਤ ਸੀ। ਇਸ ਮਗਰੋਂ ਤਾਂ ਫਰੇਮ ਕੀਤੀ ਫੁੱਲਾਂ ਦਾ ਹਾਰ ਪਹਿਨਾਈ ਹੋਈ ਉਨ੍ਹਾਂ ਦੀ ਫੋਟੋ ਨਾਲ ਹੀ ਮੇਲ ਹੋਇਆ ਸੀ। ਪਤਾ ਲੱਗਿਆ ਸੀ ਕਿ ਇੱਕ ਦਿਨ ਸਵੇਰੇ-ਸਵੇਰੇ ਪਿਆ ਦਿਲ ਦਾ ਦੌਰਾ ਉਨ੍ਹਾਂ ਲਈ ਜਾਨਲੇਵਾ ਸਾਬਤ ਹੋਇਆ ਸੀ।
ਭਾਵੇਂ ਪਰਿਵਾਰ ਵੱਲੋਂ ਉਨ੍ਹਾਂ ਦੇ ਇਸ ਦੁਨੀਆਂ ਤੋਂ ਕੂਚ ਕਰਨ ਮਗਰੋਂ ਸਾਰੀਆਂ ਲੋੜੀਂਦੀਆਂ ਰਸਮਾਂ ਪੂਰੀਆਂ ਕਰ ਦਿੱਤੀਆਂ ਗਈਆਂ ਸਨ ਪਰ ਅੱਜ ਉਨ੍ਹਾਂ ਦੇ ਸਾਹਿਤਕ ਅਤੇ ਹੋਰ ਮਿੱਤਰਾਂ ਵੱਲੋਂ ਇੱਕ ਕਾਲਜ ਦੇ ਆਡੀਟੋਰੀਅਮ ਵਿੱਚ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਸੀ ਜਿਸ ਵਿੱਚ ਕਾਫ਼ੀ ਤਾਦਾਦ ’ਚ ਉਨ੍ਹਾਂ ਦੇ ਸਨੇਹੀ ਆਏ ਹੋਏ ਸਨ। ਉੱਥੇ ਮੌਜੂਦ ਸਾਹਿਤਕਾਰ ਅਤੇ ਹੋਰ ਪਤਵੰਤੇ ਸੱਜਣ ਆਪਣੇ-ਆਪਣੇ ਵਿਚਾਰਾਂ ਨਾਲ ਡਾ. ਸ਼ਰਮਾ ਨੂੰ ਅਕੀਦਤ ਦੇ ਫੁੱਲ ਭੇਟ ਕਰ ਰਹੇ ਸਨ। ਇੱਕ ਵਿਦਵਾਨ ਬੁਲਾਰਾ ਆਖ ਰਿਹਾ ਸੀ, ‘‘ਭਾਵੇਂ ਡਾ. ਸ਼ਰਮਾ ਅੱਜ ਸਾਡੇ ਵਿਚਕਾਰ ਨਹੀਂ ਪਰ ਉਨ੍ਹਾਂ ਦੀਆਂ ਕਹਾਣੀਆਂ ਸਦਕਾ ਹੁਣ ਵੀ ਇੰਜ ਜਾਪਦੈ ਜਿਵੇਂ ਉਹ ਮੇਰੇ ਮੂਹਰੇ ਬੈਠੇ ਆਪਣੀ ਕਹਾਣੀ ਸੁਣਾ ਰਹੇ ਹੋਣ।’’
ਮੇਰੇ ਲਾਗੇ ਬੈਠੇ ਇੱਕ ਵਿਅਕਤੀ ਨੇ ਰਤਾ ਹੌਲੀ ਆਵਾਜ਼ ਵਿੱਚ ਆਪਣੇ ਕੋਲ ਬੈਠੇ ਬੰਦਿਆਂ ਨੂੰ ਜਿਵੇਂ ਸੁਣਾਉਂਦਿਆਂ ਕਿਹਾ, ‘‘ਡਾ. ਸ਼ਰਮਾ ਨੇ ਤਾਂ ਅੱਜ ਤਕ ਇੱਕ ਵੀ ਕਹਾਣੀ ਨਹੀਂ ਲਿਖੀ… ਤੇ ਏਸ ਨੂੰ ਉਹ ਕਦੋਂ ਸੁਣਾਇਆ ਕਰਦੇ ਸਨ?’’
ਪਰ ਉਹ ਭੱਦਰ-ਪੁਰਸ਼ ਹਾਲੇ ਵੀ ਬੋਲੀ ਜਾ ਰਿਹਾ ਸੀ: ‘‘ਕੋਈ ਵੀ ਕਹਾਣੀ ਲਿਖਣ ਮਗਰੋਂ ਸ਼ਰਮਾ ਜੀ ਮੇਰੇ ਕੋਲੋਂ ਸੋਧ ਜ਼ਰੂਰ ਕਰਵਾਉਂਦੇ ਸਨ… ਤੇ ਫੇਰ ਮੈਂ ਖ਼ੁਦ ਹੀ ਕਿਸੇ ਰਸਾਲੇ ਜਾਂ ਅਖ਼ਬਾਰ ਵਿੱਚ ਸੰਪਾਦਕ ਨੂੰ ਕਹਿ ਕੇ ਉਹ ਕਹਾਣੀ ਛਪਵਾ ਦਿੰਦਾ ਸਾਂ ਪਰ ਹੁਣ…’’ ਉਹ ਬੋਲਦਿਆਂ-ਬੋਲਦਿਆਂ ਇਸ ਤਰ੍ਹਾਂ ਰੁਕ ਗਿਆ ਜਿਵੇਂ ਉਸ ਦਾ ਮਨ ਅਤੇ ਅੱਖਾਂ ਭਰ ਆਈਆਂ ਹੋਣ। ਉਹ ਰੁਮਾਲ ਨਾਲ ਅੱਖਾਂ ਪੂੰਝਣ ਦਾ ਅਭਿਨੈ ਕਰਦਿਆਂ ਸੀਟ ’ਤੇ ਆ ਬੈਠਾ ਸੀ।
ਹੁਣ ਇੱਕ ਹੋਰ ਬੁਲਾਰੇ ਦੀ ਵਾਰੀ ਸੀ। ਉਹ ਬਹੁਤ ਜ਼ਿਆਦਾ ਗ਼ਮਗੀਨ ਹੋਣ ਦਾ ਦਿਖਾਵਾ ਕਰ ਰਿਹਾ ਸੀ। ਉਸ ਆਖਿਆ: ‘‘ਮੈਂ ਉਸ ਨੂੰ ਕਦੇ ਵੀ ਡਾ. ਸ਼ਰਮਾ ਕਹਿ ਕੇ ਨਹੀਂ ਬੁਲਾਇਆ ਸੀ… ਮੈਂ ਤਾਂ ਹਮੇਸ਼ਾਂ ਉਸ ਨੂੰ ਉਸ ਦੇ ‘ਗੁੱਲੂ’ ਨਾਂ ਨਾਲ ਹੀ ਬੁਲਾਇਆ ਕਰਦਾ ਸੀ ਕਿਉਂਕਿ ਉਮਰ ਵਿੱਚ ਉਹ ਮੈਥੋਂ ਛੋਟਾ ਸੀ। ਉਹ ਅਕਸਰ ਮੇਰੇ ਕੋਲ ਨੋਟਸ ਮੰਗਣ ਲਈ ਆ ਜਾਂਦਾ ਸੀ। ਸ਼ਾਇਦ ਤੁਹਾਡੇ ’ਚੋਂ ਕਈਆਂ ਨੂੰ ਇਹ ਨਾ ਪਤਾ ਹੋਵੇ ਕਿ ਭਾਵੇਂ ਗੁੱਲੂ ਯਾਨੀ ਤੁਹਾਡਾ ਡਾ. ਸ਼ਰਮਾ ਹਿੰਦੀ ਸਮੀਖਿਆਕਾਰ ਵਜੋਂ ਮਸ਼ਹੂਰ ਸੀ ਪਰ ਦਰਅਸਲ ਉਹ ਅਰਥ ਸ਼ਾਸਤਰ ਪੜ੍ਹਾਉਂਦਾ ਹੁੰਦਾ ਸੀ। ਆਪ ਸਾਰੇ ਜਾਣਦੇ ਹੀ ਹੋ ਕਿ ਮੈਂ ਖ਼ੁਦ ਵੀ ਇਸ ਵਿਸ਼ੇ ਦਾ ਇੱਕ ਨਾਮੀ-ਗਰਾਮੀ ਪ੍ਰੋਫ਼ੈਸਰ ਆਂ… ਪਰ ਅੱਜ ਇਹ ਸੋਚ ਕੇ ਮੈਨੂੰ ਹੌਲ ਪੈ ਰਿਹੈ ਕਿ ਹੁਣ ਮੇਰੇ ਨੋਟਸ…’’ ਪਰ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਉਹ ਇਕਦਮ ਚੁੱਪ ਕਰ ਗਿਆ ਸੀ। ਜਦੋਂ ਕੁਝ ਪਲ ਬਾਅਦ ਮੁੜ ਬੋਲਿਆ ਤਾਂ ਸਿਰਫ਼ ਇੰਨਾ ਹੀ ਕਿਹਾ, ‘‘ਮੁਆਫ਼ ਕਰਨਾ… ਮੈਥੋਂ ਹੋਰ ਨ੍ਹੀਂ ਬੋਲਿਆ ਜਾ ਰਿਹਾ… ਮਨ ਭਰ ਆਇਐ…।’’
ਇਸ ਮਗਰੋਂ ਸਾਹਿਤਕਾਰਾਂ ਅਤੇ ਵਿਦਵਾਨਾਂ ਨੇ ਆਪਣੇ ‘ਵਡਮੁੱਲੇ’ ਵਿਚਾਰਾਂ ਦੀ ਝੜੀ ਲਾ ਦਿੱਤੀ ਸੀ। ਆਪਣੀ ਗੱਲ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕਿਸੇ ਨੇ ਹਿੰਦੀ ਫ਼ਿਲਮਾਂ ਦੇ ਗਾਣਿਆਂ ਦਾ ਸਹਾਰਾ ਲਿਆ ਤੇ ਕਿਸੇ ਨੇ ਸ਼ਿਅਰ-ਓ-ਸ਼ਾਇਰੀ ਨਾਲ ਉਸ ਸ਼ਰਧਾਂਜਲੀ ਸਮਾਗਮ ਨੂੰ ਪਤਾ ਨਹੀਂ ਗ਼ਮਗੀਨ ਕੀਤਾ ਸੀ ਜਾਂ ਰੰਗੀਨ ਬਣਾਇਆ ਸੀ ਕਿਉਂਕਿ ਇਕੱਠ ’ਚੋਂ ਦੋ-ਤਿੰਨ ਜਾਣਿਆਂ ਨੇ ਇੱਕ ਬੁਲਾਰੇ ਵੱਲੋਂ ਸੁਣਾਏ ਸ਼ਿਅਰ ਮਗਰੋਂ ਤਾੜੀਆਂ ਵਜਾ ਦਿੱਤੀਆਂ ਸਨ। ਭਾਵੇਂ ਅਗਲੇ ਹੀ ਪਲ ਉਨ੍ਹਾਂ ਨੀਵੀਂ ਪਾ ਲਈ ਸੀ।
ਇੱਕ ਬੁਲਾਰੇ ਨੇ ਤਾਂ ਕਮਾਲ ਹੀ ਕਰ ਦਿੱਤੀ ਸੀ। ਉਹ ਦੱਸ ਰਿਹਾ ਸੀ, ‘‘ਅੱਠ ਸਾਲ ਹੋ ਗਏ ਨੇ ਜਦੋਂ ਸ਼ਰਮਾ ਜੀ ਨੇ ਸਾਡੇ ਇਲਾਕੇ ਵਿੱਚ ਆਪਣੀ ਕੋਠੀ ਬਣਾਈ ਸੀ। ਉਹ ਸਵੇਰ ਦੀ ਸੈਰ ਕਰਨ ਮਗਰੋਂ ਹਮੇਸ਼ਾਂ ਮੇਰੇ ਘਰ ਚਾਹ ਦਾ ਕੱਪ ਪੀ ਕੇ ਹੀ ਆਪਣੇ ਘਰ ਜਾਂਦੇ ਸਨ ਜਿਸ ਦਿਨ ਉਨ੍ਹਾਂ ਨੂੰ ਹਾਰਟ-ਅਟੈਕ ਹੋਇਆ ਸੀ, ਉਸ ਦਿਨ ਵੀ ਉਹ ਮੇਰੇ ਘਰੋਂ ਚਾਹ ਪੀ ਕੇ ਗਏ ਸਨ… ਕੀ ਪਤਾ ਸੀ ਅੱਧੇ ਘੰਟੇ ਮਗਰੋਂ ਹੀ ਇਹ ਭਾਣਾ ਵਾਪਰ ਜਾਣਾ ਸੀ।’’ ਇਸੇ ਤਰ੍ਹਾਂ ਇਹ ਸਮਾਗਮ ਚਲਦਾ ਰਿਹਾ।
ਮੈਨੂੰ ਹੈਰਾਨੀ ਹੋ ਰਹੀ ਸੀ ਕਿ ਇੰਨੇ ਬੁਲਾਰਿਆਂ ’ਚੋਂ ਕਿਸੇ ਇੱਕ ਨੇ ਵੀ ਨਾ ਤਾਂ ਡਾ. ਸ਼ਰਮਾ ਦੀਆਂ ਸਾਹਿਤਕ ਪ੍ਰਾਪਤੀਆਂ ਦੀ ਗੱਲ ਕੀਤੀ ਸੀ ਅਤੇ ਨਾ ਹੀ ਵਿੱਦਿਅਕ ਖੇਤਰ ਵਿੱਚ ਪਾਏ ਯੋਗਦਾਨ ਬਾਰੇ। ਮੈਨੂੰ ਪਤਾ ਨਹੀਂ ਕਿਉਂ ਉਨ੍ਹਾਂ ਦੀਆਂ ਗੱਲਾਂ ਸੁਣ-ਸੁਣ ਕੇ ਖਿਝ ਆ ਰਹੀ ਸੀ।
ਸ਼ਰਧਾਂਜਲੀ ਸਮਾਗਮ ਦੇ ਅੰਤ ਵਿੱਚ ਪਰਿਵਾਰ ਵਾਲਿਆਂ ਨੇ ਚਾਹ-ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ ਤੇ ਪਰਿਵਾਰ ਦੀ ਬੇਨਤੀ ਸਵੀਕਾਰ ਕਰਦੇ ਹੋਏ ਸਾਰੇ ਉਧਰ ਆ ਗਏ ਸਨ।
ਚਾਹ ਪੀਂਦਿਆਂ ਪਤਾ ਨਹੀਂ ਕਿਉਂ ਮੈਂ ਆਪਣੀਆਂ ਭਾਵਨਾਵਾਂ ’ਤੇ ਕਾਬੂ ਨਾ ਰੱਖ ਸਕਿਆ ਤੇ ਮੈਂ ਉਸ ਬੰਦੇ ਕੋਲ ਚਲਾ ਗਿਆ ਜਿਹਦੇ ਕੋਲ ਡਾ. ਸ਼ਰਮਾ ਜੀ ਹਰ ਰੋਜ਼ ਸੈਰ ਕਰਨ ਮਗਰੋਂ ਚਾਹ ਪੀਂਦੇ ਸਨ। ਮੈਂ ਉਸ ਨੂੰ ਪੁੱਛਿਆ, ‘‘ਡਾ. ਸ਼ਰਮਾ ਹਾਰਟ-ਅਟੈਕ ਤੋਂ ਪਹਿਲਾਂ ਤੁਹਾਡੇ ਘਰੋਂ ਹੀ ਚਾਹ ਪੀ ਕੇ ਗਏ ਸਨ?’’
‘‘ਉਹ ਤਾਂ ਜੀ ਹਰ ਰੋਜ਼ ਸੈਰ ਕਰਨ ਮਗਰੋਂ ਮੇਰੇ ਕੋਲ ਚਾਹ ਦਾ ਕੱਪ…’’ ਉਹ ਦੱਸਣ ਵਿੱਚ ਜਿਵੇਂ ਫ਼ਖ਼ਰ ਮਹਿਸੂਸ ਕਰ ਰਿਹਾ ਸੀ।
‘‘ਕਿਤੇ ਤੁਸੀਂ ਤਾਂ ਨ੍ਹੀਂ ਚਾਹ ਵਿੱਚ ਕੁਝ ਮਿਲਾ ਦਿੱਤਾ?’’ ਮੇਰੇ ਇੰਨਾ ਕਹਿਣ ਦੀ ਦੇਰ ਸੀ ਕਿ ਇੱਕ ਪਲ ਲਈ ਤਾਂ ਉਸ ਦੇ ਚਿਹਰੇ ਦੀ ਰੰਗਤ ਉੱਡ ਗਈ। ਲਾਗੇ ਚਾਹ ਪੀਂਦੇ ਕਈ ਬੰਦੇ ਵੀ ਹੈਰਾਨੀ ਨਾਲ ਮੇਰੇ ਵੱਲ ਤੱਕਣ ਲੱਗੇ ਸਨ।
ਉਹ ਵਿਅਕਤੀ ਇਕਦਮ ਗੁੱਸੇ ’ਚ ਜਿਵੇਂ ਚੀਕ ਪਿਆ, ‘‘ਜੇ ਬੋਲਣ ਦੀ ਤਮੀਜ਼ ਨ੍ਹੀਂ ਤਾਂ ਚੁੱਪ ਰਹੀਦੈ… ਮੈਂ ਅਜਿਹਾ ਬੰਦਾ ਲੱਗਦੈਂ ਤੈਨੂੰ?’’
‘‘ਮੈਨੂੰ ਕੀ ਪਤੈ… ਤੁਸੀਂ ਖ਼ੁਦ ਹੀ ਕਿਹੈ…’’
ਪਰ ਇਸ ਤੋਂ ਪਹਿਲਾਂ ਕਿ ਸਾਡਾ ਵਾਰਤਾਲਾਪ ਕੋਈ ਹੋਰ ਰੁਖ਼ ਅਖ਼ਤਿਆਰ ਕਰਦਾ, ਕੋਲ ਖਲੋਤੇ ਕੁਝ ਬੰਦੇ ਮੈਨੂੰ ਖਿੱਚ ਕੇ ਪਰ੍ਹਾਂ ਨੂੰ ਲੈ ਗਏ ਸਨ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)