Shehar Da Jadu (Punjabi Story) : Gudipati Venkata Chalam

ਸ਼ਹਿਰ ਦਾ ਜਾਦੂ (ਕਹਾਣੀ) : ਗੁੜੀਪਤੀ ਵੈਂਕਟਾ ਚਲਮ

ਉਸ ਵਰ੍ਹੇ ਫਸਲ ਚੋਖੀ ਹੋਈ, ਵੀਰਾਂਡੀ ਦੇ ਹਥ ਤਿੰਨ ਹਜ਼ਾਰ ਨਕਦ ਆਏ । ਬੜੀ ਸ਼ਾਨ ਤੇ ਪੂਰਨ ਸ਼ਰਧਾ ਨਾਲ ਭਗਵਤੀ ਦੀ ਪੂਜਾ ਕੀਤੀ । ਵੀਰਾਂਡੀ ਨੇ ਪੰਜਾਹ ਰੁਪਏ ਘੜਾਈ ਦੇ ਕੇ ਆਪਣੀ ਵਹੁਟੀ ਰੰਗਮਾ ਵਾਸਤੇ ਮਦਰਾਸ ਤੋਂ ਕੈਂਠਾ ਬਣਵਾਇਆ, ਭੈਣ ਜਾਨਕੀ ਨੂੰ ਰੇਸ਼ਮੀ ਸਾੜ੍ਹੀ ਲੈ ਦਿਤੀ । ਦੁਧ ਦਹੀਂ ਲਈ ਇਕ ਨਵੀਂ ਭੂਰੀ ਗਊ ਖਰੀਦੀ ।
ਵੀਰਾਂਡੀ ਹਰ ਵਰ੍ਹੇ ਮਾਘ ਦੇ ਮਹੀਨੇ ਮੇਲੇ ਉਪਰ ਨੀਲਕਰ ਜਾਇਆ ਕਰਦਾ ਸੀ । ਇਸ ਵਰ੍ਹੇ ਉਸ ਰੰਗਮਾ ਨੂੰ ਵੀ ਮੇਲੇ ਜਾਣ ਲਈ ਆਖਿਆ । ਆਖਿਆ ਤਾਂ ਇਸ ਤੋਂ ਪਹਿਲਾਂ ਵੀ ਉਸ ਕਈ ਵਾਰੀ ਸੀ, ਪਰੰਤੂ ਹਰ ਵਾਰੀ - ਮਾਂ ਅਤੇ ਰੰਗਮਾ - ਦੋਹਾਂ ਨੇ ਹੀ ਮੁਖਾਲਫਤ ਕੀਤੀ: 
“ਵੇਖੋ ਜੀ ! ਭਲਾ ਕਿਵੇਂ ਭਲੇ ਘਰ ਦੀ ਨੂੰਹ ਪਿੰਡ ਛਡ ਕੇ ਸ਼ਹਿਰ ਜਾਏ ?" ਇਸ ਵਿਚ ਡਰ ਵੀ ਸੀ ਤੇ ਬੇਇਜ਼ਤੀ ਵੀ, ਪਰੰਤੂ ਐਤਕੀ ਕਿਸੇ ਵੀ ‘ਨਾਂਹ’ ਨਹੀਂ ਸੀ ਪਾਈ । ਨਹਿਰ, ਸੌਹਰਾ ਪੇਕਾ ਪਿੰਡ ਤੇ ਵਿਚਕਾਰ ਦੇ ਕੁਝ ਟਿਲੇ ਟਿਬੇ -- ਬਸ ਇਹੋ ਕੁਝ ਰੰਗ ਦੀ ਦੁਨੀਆ ਸੀ । ਸ਼ਹਿਰ ਵਿਚ ਹੁੰਦੀਆਂ ਚੋਰੀਆਂ ਧੋਖੇਬਾਜ਼ੀਆਂ, ਸ਼ਰਾਬ ਖੋਰੀ, ਮੋਟਰ, ਬਸ, ਸਾਈਕਲ, ਸੋਡਾ, ਲੈਮੇਨਿਡ ਆਦਿ ਦੀਆਂ ਖਬਰਾਂ ਕਦੇ ਕਦੇ ਰੰਗਮਾ ਦੀ ਦੁਨੀਆ ਵਿਚ ਪਹੁੰਚ ਜਾਂਦੀਆਂ ।
ਪਤੀ ਪਤਨੀ ਦਸ ਮੀਲ ਤੁਰ ਕੇ ਮੋਟਰ ਬਸ ਲਈ ਪੱਕੀ ਸੜਕ ਕੰਢੇ ਆ ਖੜੋਤੇ। ਵੀਰਾਂਡੀ ਲਈ ਇਹ ਸਫਰ ਤੇ ਇਸ ਦੀਆਂ ਸੋਚਾਂ ਮਾਮੂਲੀ ਸਨ - ਪਰੰਤੂ ਰੰਗਮਾ ਦਾ ਹਿਰਦਾ -ਇਹ ਸੋਚ ਸੋਚ ਕੇ ਕਿ ਅਗੇ ਕੀ ਹੋਵੇਗਾ ? ਹੁਣ ਕੀ ਆਏਗਾ?- ਉਛਲਦਾ ਸੀ। ਐਨੇ ਵਿਚ ਭੂੰਅ-ਭੂੰਅ ਕਰਦੀ ਕਿਸੇ ਰਾਖਸ਼ ਵਾਂਗ ਪਿਛੇ ਧੂਆਂ ਛਡਦੀ -- ਬਸ ਆਣ ਖੜੋਤੀ। ਬਸ ਭਰੀ ਹੋਈ ਸੀ, ਫੇਰ ਵੀ ਜ਼ਨਾਨਾ ਸਵਾਰੀ ਵੇਖ ਕੇ ਡਰਾਈਵਰ ਨੇ ਆਪਣੇ ਕੋਲ ਥਾਂ ਖਾਲੀ ਕਰ ਕੇ ਬੈਠਣ ਲਈ ਆਖਿਆ।
ਰੰਗਮਾ ਨੇ ਵੀਰਾਂਡੀ ਵਲ ਵੇਖਿਆ - ਵੀਰਾਂਡੀ ਵੀ ਜਦ ਉਥੇ ਹੀ ਚੜ੍ਹਨ ਲਗਾ ਤਾਂ ਪੈਸੇ ਲੈਣ ਵਾਲਾ ਚਮੜੇ ਦਾ ਥੈਲਾ ਲਟਕਾਈ ਬੋਲ ਪਿਆ:
“ਪਿਛੇ! ਉਏ ਪਿਛੇ! ਪਿਛੇ ਜਾ ਕੇ ਬੈਠ - ਤੇਰੀ ਉਸ ਨੂੰ ਨਹੀਂ ਕੋਈ ਚੁਕ ਕੇ ਲੈ ਚਲਿਆ।" ਉਸ ਦੀ ਬੋਲੀ ਬਦਮਾਸ਼ਾਂ ਵਾਲੀ ਸੀ।
ਰੰਗਮਾ ਦੀਆਂ ਰਗਾਂ ਦਾ ਖੂਨ ਉਬਲ ਉਠਿਆ। ਰਤਾ ਕੁ ਟੇਡਾ ਬੋਲਣ ਤੇ ਸੰਢੇ ਵਰਗੇ ਨੌਕਰ ਨੂੰ ਇਕੋ ਮੁੱਕੇ ਨਾਲ ਦੂਹਰਾ ਕਰ ਦੇਣ ਵਾਲੇ ਵੀਰਾਂਡੀ ਵਲ ਰੰਗਮਾ ਨੇ ਵੇਖਿਆ। ਜਿਵੇਂ ਉਹ ਹੁਣ ਹੀ ਮੋਟਰ ਵਾਲੇ ਡਰਾਈਵਰ ਨੂੰ ਚੀਰ ਛਡਣ ਵਾਲਾ ਹੈ, ਪਰੰਤੂ ਬਿਨਾ ਕੰਨ, ਪੂਛ ਹਿਲਾਏ ਗਰੀਬ ਕੁੱਤੇ ਵਾਂਗ ਉਸ ਦੇ ਪਿਛੇ ਜਾ ਰਿਹਾ ਸੀ ਵੀਰਾਂਡੀ ਮੋਢੇ ਤੇ ਗੰਢ ਰਖੀ। ਬਿਜਲੀ ਭਰੇ ਕਾਲੇ ਸੇਬ ਵਾਂਗ ਗੱਲ੍ਹਾਂ ਹੋ ਗਈਆਂ ਰੰਗਮਾ ਦੀਆਂ। ਸਿਰ ਉਚਾ ਕਰ ਕੇ ਲੰਮੀਆਂ ਉਂਗਲਾਂ ਨਾਲ ਮੂੰਹ ਤੇ ਪੈਂਦੀਆਂ ਲਿਟਾਂ ਨੂੰ ਪਿਛੇ ਹਟਾ ਕੇ ਉਹ ਉਸ ਪਾਸੇ ਵੇਖਣ ਲਗੀ, ਜਿਸ ਤਰ੍ਹਾਂ ਦੁਸ਼ਮਣਾਂ ਵਿਚ ਫਸੀ ਬਹਾਦਰ ਰਾਜਪੂਤਨੀ ਹੋਵੇ। ਉਸ ਦੇ ਗੁਸੇ ਤੇ ਤ੍ਰਿਸਕਾਰ ਭਰੇ ਰੂਪ ਤੇ ਡਰਾਈਵਰ ਮਸਤ ਹੋ ਗਿਆ।
"ਘਰ ਵਾਲੇ ਬਗੈਰ ਇਹ ਨਹੀਂ ਜੇ ਬੈਠਣ ਵਾਲੀ! ਆਉ, ਮਹਾਰਾਜ ਤੁਸੀ ਵੀ ਬੈਠੋ ।"
ਡਰਾਈਵਰ ਨੇ ਥਾਂ ਕਰ ਕੇ ਦੋਹਾਂ ਨੂੰ ਬਿਠਾਇਆ। ਇਤਨੇ ਲੋਕਾਂ ਦੇ ਸਾਮ੍ਹਣੇ ਪਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਬੈਠਦਿਆਂ ਉਸ ਨੂੰ ਸ਼ਰਮ ਆਈ। ਅੱਖਾਂ ਨੀਵੀਆਂ ਕਰ ਕੇ ਹਥ ਪਟਾਂ ਵਿਚ ਲੰਮਕਾ ਕੇ ਵਿਚਾਰੀ ਕਿਸੇ ਤਰ੍ਹਾਂ ਬੈਠ ਗਈ। ਫ਼ੱਰ ਫ਼ੱਰ ਕਰ ਕੇ ਮੋਟਰ ਸਟਾਰਟ ਹੋਈ । ਪੈਰ ਥਲੇ ਕੁਝ ਤਿਲਕਣ ਲਗਾ। ਘਾਬਰ ਕੇ ਰੰਗਮਾ ਨੇ ਤਕਿਆ। ਇਹ ਆਵਾਜ਼ ਕਿਥੋਂ ਆਉਂਦੀ ਹੈ? ਇਹ ਕਿਵੇਂ ਚਲਦੀ ਹੈ? ਪਤੀ ਤੋਂ ਪੁਛਿਆ।
“ਇੰਜਨ ਨਾਲ ਚਲਦੀ ਹੈ।" ਉਸ ਉਤਰ ਦਿਤਾ। ਇਸ ਤੋਂ ਵਧੀਕ ਉਸ ਨੂੰ ਵੀ ਕੁਝ ਨਹੀਂ ਸੀ ਪਤਾ। ਫੇਰ ਪਤੀ ਵਲੋਂ ਅੱਖਾਂ ਫੇਰ ਉਸ ਡਰਾਈਵਰ ਵਲ ਵੇਖਿਆ। ਮੋਟਰ ਦੀ ਚਾਲ ਵਧਦੀ ਗਈ। ਕੀ ਕਰਦਾ ਹੈ ਇਹ? ਅਧਭੁਤ ਜਾਦੂਗਰ ਵਾਂਗ ਮਲੂਮ ਹੋਇਆ ਉਸ ਨੂੰ ਡਰਾਈਵਰ। ਮੋਟਰ ਗਡੀ ਸਿਧੀ ਇਕ ਬੈਲ ਗਡੀ ਵਲ ਜਾ ਰਹੀ ਸੀ ਤੇ ਇੰਨੀ ਤੇਜ਼ ਕਿ ਇਕ ਮਿੰਟ ਵਿਚ ਉਸ ਨਾਲ ਜਾ ਟਕਰਾਏਗੀ। ਹੁਣ ਕੀ ਹੋਵੇਗਾ? ਤੇ ਰੰਗਮਾ ਡਰਾਈਵਰ ਦੇ ਮੋਢੇ ਤੇ ਹਥ ਰਖ ਕੇ ਚੀਖ ਪਈ:
“ਹਾਇ! ਹਾਇ! ਰੋਕੋ! ਰੋਕੋ!"
ਸਾਰੇ ਮੁਸਾਫਰ ਹਸ ਪਏ, ਤੇ ਸਾਰਿਆਂ ਥੀਂ ਵਧੀਕ ਹਸਿਆ ਮੋਟਰ ਵਾਲਾ। ਸਿਧੀ ਜਾਂਦੀ ਮੋਟਰ ਬੈਲ ਗਡੀ ਕੋਲੋਂ ਚੁਪ ਚਾਪ ਲੰਘ ਗਈ। ਕਿਸ ਤਰ੍ਹਾਂ ਬਚਾ ਕੇ ਲੰਘ ਗਿਆ ਮੋਟਰ ਵਾਲਾ। ਉਸ ਪਿਛੇ ਮੁੜ ਕੇ ਤਕਿਆ, ਉਡਦੀ ਮਿਟੀ ਵਿਚ ਦੂਰ ਪਿਛੇ ਉਸ ਨੂੰ ਬੈਲ ਗਡੀ ਦਿਸੀ, ਉਹ ਹੈਰਾਨ ਹੋਈ, ਸਾਰੇ ਲੋਕੀ ਹਸ ਪਏ, ਉਸ ਨੂੰ ਸ਼ਰਮ ਆ ਰਹੀ ਸੀ।
ਮੋਟਰ ਰੁਕੀ, ਵਡਾ ਕਾਲਾ ਕੋਟ ਪਾਈ ਤਿਖੀਆਂ ਤਿਖੀਆਂ ਮੁਛਾਂ ਵਾਲਾ ਆਦਮੀ ਸਾਮ੍ਹਣੇ ਆਣ ਖੜੋਤਾ।
"ਮੇਰੀ ਥਾਂ ਹੈ ਕਿ ਨਹੀਂ?" 
“ਉਠੋ ਜੀ! ਹੁਣ ਉਤਰੋ।’’ ਡਰਾਈਵਰ ਨੇ ਵੀਰਾਂਡੀ ਨੂੰ ਆਖਿਆ।
ਉਹ ਡਰ ਕੇ ਉਤਰ ਪਿਆ, ਉਸ ਦੇ ਪਿਛੇ ਰੰਗਮਾ ਵੀ ਉਤਰਨ ਲਗੀ।
"ਤੁਹਾਡੇ ਲਈ ਪਿਛੇ ਥਾਂ ਨਹੀਂ, ਇਥੇ ਹੀ ਬੈਠੋ।"
ਰੰਗਮਾ ਉਥੇ ਦੀ ਉਥੇ ਖੜੋ ਗਈ। ਮੁਸਾਫ਼ਰ ਉਸ ਵਲ ਤਕ ਰਹੇ ਸਨ। ਇਹ ਸੋਚ ਕੇ ਸ਼ਰਮ ਨਾਲ ਸਿਰ ਨੀਵਾਂ ਕਰੀ ਉਹ ਆਪਣੇ ਪੈਰ ਦੇ ਅੰਗੂਠੇ ਨਾਲ ਧਰਤੀ ਫਰੋਲਣ ਲਗੀ, ਜਿਵੇਂ ਧਰਤੀ ਮਾਤਾ ਪਾਸੋਂ ਪੁਛ ਰਹੀ ਹੈ-ਹੁਣ ਕੀ ਕਰਾਂ? ਕਈ ਮਿੰਟ ਲੰਘ ਗਏ, ਮੋਟਰ ਖੜੋਤੀ ਰਹੀ।
“ਬਹਿ ਵੀ ਜਾ।" ਵੀਰਾਂਡੀ ਨੇ ਆਖਿਆ, ਪਤੀ ਦੀ ਆਗਿਆ ਅਨੁਸਾਰ ਉਹ ਬਹਿ ਗਈ। ਵੀਰਾਂਡੀ ਪਿਛੇ ਜਾ ਬੈਠਾ। 
“ਇਹ ਸੋਟਾ, ਇਹ ਗੰਢ, ਕੌਣ ਹੈਂ ਬਈ ਤੂੰ?"
"ਹੈ ਕਿਧਰੋਂ ਦਾ ਜਨੌਰ।"
ਸਾਰੇ ਹੱਸ ਪਏ। ਰੰਗਮਾ ਦਾ ਸਿਰ ਚਕਰਾਣ ਲਗਾ ਤੇ ਲਹੂ ਦਾ ਗੇੜ ਬੰਦ ਹੁੰਦਾ ਮਲੂਮ ਹੋਇਆ। ਪਿਛੇ ਮੁੜ ਕੇ ਤੱਕਿਆ, ਦਿਲ ਕੀਤਾ, ਆਖੇ:
"ਕੌਣ ਹੋ ਤੁਸੀਂ ਵਧ ਚੜ੍ਹ ਕੇ ਗੱਲਾਂ ਕਰਨ ਵਾਲੇ! ਹੁਣੇ ਜੀਭ ਖਿਚ ਸਟਾਂ...........! ਪਰੰਤੂ............."
ਪਿੰਡ ਵਿਚ ਕਿਸੇ ਦੀ ਗੱਲ ਨਾ ਸਹਾਰਨ ਵਾਲੀ ਰੰਗਮਾ ਚੁਪ ਰਹੀ। ਪਤੀ ਵਲ ਤਕਿਆ। ਵੀਰਾਂਡੀ ਦੀ ਹਾਲਤ ਤਕ ਕੇ ਉਹਨੂੰ ਸ਼ਰਮ ਆ ਗਈ ਤੇ ਗੁੱਸਾ ਵੀ। ਸਭਾ ਵਿਚ ਬੇਇਜ਼ਤ ਹੋ ਰਹੀ ਦਰੋਪਤੀ ਵਾਂਗ ਉਹ ਹੇਠਾਂ ਤੱਕੀ ਜਾਂਦੀ ਸੀ। ਮੋਟਰ ਚਲ ਪਈ, ਰੰਗਮਾ ਨੂੰ ਸਾਰੀ ਦੁਨੀਆ ਦੁਖ ਦੇਂਦੀ ਮਲੂਮ ਹੋ ਰਹੀ ਸੀ। ਅੱਖਾਂ ਖੋਲ੍ਹਣ ਵਿਚ ਉਸ ਨੂੰ ਡਰ ਲਗਾ ਤੇ ਉਹ ਅੱਖਾਂ ਮੀਟ ਕੇ ਹੀ ਬੈਠੀ ਰਹੀ ।
ਕਿੰਨਾ ਚਿਰ ਤੁਰੀ ਜਾਣ ਮਗਰੋਂ ਮੋਟਰ ਰੁਕੀ ਤਾਂ ਉਸ ਨੇਲਕਰ ਆਇਆ ਸਮਝ ਕੇ ਅੱਖਾਂ ਖੋਲ੍ਹੀਆਂ। ਨਹੀਂ, ਲੋਕੀ ਰਤਾ ਸਾਹ ਲੈਣ ਲਈ ਲਹਿ ਰਹੇ ਸਨ। ਉਹ ਵੀ ਲਹਿਣ ਲਗੀ। ਪਲਾ ਕਿਸੇ ਕੰਡੇ ਨਾਲ ਅੜ ਕੇ ਪਾਟ ਗਿਆ। ਉਹਦੇ ਨਾਲ ਵਾਲਾ ਬੈਠਾ ਮੁਸਾਫ਼ਰ ਮੁਸਕਾ ਪਿਆ। ਉਹ ਹੇਠਾਂ ਉਤਰ ਆਈ, ਇਕ ਹੋਰ ਹੱਸ ਪਿਆ। ਉਸ ਕ੍ਰੋਧ ਵਿਚ ਮੁੜ ਕੇ ਪਿਛੇ ਵਲ ਤਕਿਆ, ਹੋਰ ਕਈ ਸਵਾਰੀਆਂ ਹਸੀਆਂ। ਸ਼ਰਮ ਤੇ ਕ੍ਰੋਧ ਨਾਲ ਉਸ ਦੇ ਪੈਰ ਕੰਬਣ ਲਗੇ। ਉਹ ਥਾਂ ਤੋਂ ਹਿਲ ਨਾ ਸਕੀ, ਤਾਪ ਦੀ ਘੂਕੀ ਵਿਚ ਜਿਵੇਂ ਸਿਰ ਚਕਰਾਂਦਾ ਹੈ, ਇਹੋ ਹਾਲਤ ਸੀ ਉਸ ਦੀ। ਉਸ ਨੂੰ ਭਾਸਦਾ ਸੀ, ਮਾਨੋ ਸਾਰੇ ਲੋਕ ਉਸ ਵਲ ਘੂਰ ਰਹੇ ਹਨ, ਸਾਰੇ ਉਸ ਦਾ ਅਪਮਾਨ ਕਰ ਰਹੇ ਹਨ। ਉਸ ਦੇ ਕੋਮਲ ਹਿਰਦੇ ਉਪਰ ਡਾਢੀ ਸੱਟ ਵੱਜੀ, ਤਿੱਖੀ ਤਿੱਖੀ ਤੁਰਦੀ ਉਹ ਇਮਲੀ ਦੇ ਦਰੱਖ਼ਤ ਹੇਠਾਂ ਛਾਂ ਵਿਚ ਜਾ ਪੁਜੀ, ਮਗਰੇ ਮਗਰ ਡਾਂਗ ਫੜੀ ਵੀਰਾਂਡੀ ਵੀ ਪਹੁੰਚ ਪਿਆ।
ਲਾਲ ਅੱਖਾਂ ਤੇ ਦੰਦਾਂ ਵਿਚ ਘੁਟ ਘੁਟ ਕੇ ਲਾਲ ਲਾਲ ਕੰਬਦੇ ਨਾਜ਼ਕ ਬੁਲ੍ਹ ਹਵਾ ਵਿਚ ਉਡਣ ਵਾਲੀਆਂ ਨਾਗਨੀਆਂ ਲਿਟਾਂ, ਹੱਥਾਂ ਨਾਲ ਸਾਂਭਦੀ ਹੋਈ ਉਹ ਬੋਲੀ:
“ਚਲੋ, ਘਰ ਮੁੜ ਚਲੀਏ!" ਉਸ ਦੀ ਬਾਰੀਕ ਅਵਾਜ਼ ਵਿਚ ਬੇ-ਬਸੀ ਤੇ ਅਧੀਰਤਾ ਸੀ।
"ਕਿਉਂ?"
"ਮੈਨੂੰ ਨਹੀਂ ਚੰਗਾ ਲਗਦਾ।"
"ਮੁੜਾਂਗੇ ਕਿਵੇਂ?"
"ਪੈਰੀਂ ਤੁਰ ਕੇ।"
"ਵੀਹ ਕੋਹ ਈ ਏਥੋਂ!"
"ਫੇਰ ਕੀ ਹੋਇਆ?"
"ਰਾਤ ਹੋ ਜਾਊ ਰਾਹ ਵਿਚ।"
"ਕੋਈ ਡਰ ਏ!"
"ਚੋਰ! ਰਾਹ ਵਿਚ!
"ਕੋਈ ਡਰ ਨਹੀਂ'।'
"ਇਹ ਗੱਲ ਸੀ ਤਾਂ ਆਈ ਕਿਉਂ ਸੈਂ?"
"ਮੈਨੂੰ ਕੀ ਪਤਾ ਸੀ?" 
“ਹੁਣ ਬਿਨਾ ਕਾਰਨ ਕਿਉਂ ਮੁੜੀਏ?"
ਇਹੋ ਤਾਂ ਧੰਦੇ ਹੁੰਦੇ ਨੇ ਜ਼ਨਾਨੀਆਂ ਨਾਲ ਲਿਆਵਣ ਦੇ, ਇਨ੍ਹਾਂ ਨਾਲ ਸਫ਼ਰ ਕਰਨਾ ਖੋਟਾ।" ਵੀਰਾਂਡੀ ਨੇ ਚਿੜ੍ਹ ਕੇ ਆਖਿਆ।
ਵੀਰਾਂਡੀ ਰੰਗਮਾ ਭਾਵੇਂ ਛਡ ਦਏ। ਪਰ ਮੇਲਾ ਨਹੀਂ ਛਡ ਸਕਦਾ। ਵਰ੍ਹੇ ਦੀ ਮਿਹਨਤ ਦਾ ਫਲ ਉਨ੍ਹਾਂ ਨੂੰ ਇਕ ਰਾਤ ਮੇਲਾ ਹੀ ਮਿਲਦਾ ਸੀ।
"ਪਤੀ ਨੂੰ ਮੇਰੇ ਕਾਰਨ ਦੁਖ ਹੋਇਆ !" ਭਾਰਤ ਦੇਸ਼ ਦੀ ਪਤਨੀ ਕਦੇ ਬਰਦਾਸ਼ਤ ਨਹੀਂ ਕਰ ਸਕਦੀ। ਇਹੋ ਸੋਚ ਕੇ ਰੰਗਮਾ ਨੇ ਆਪਣੀਆਂ ਤਕਲੀਫ਼ਾਂ, ਖੇਚਲਾਂ, ਡਰ ਤੇ ਸ਼ਰਮ ਨੂੰ ਹਿਰਦੇ ਵਿਚ ਘੁਟਦੇ ਹੋਏ ਚੁਪ ਚਾਪ ਮੂੰਹ ਫੇਰ ਕੇ ਰਜ਼ਾਮੰਦੀ ਪ੍ਰਗਟ ਕਰ ਦਿਤੀ, ਨਾਂਹ ਸਹਿਣ ਯੋਗ ਗੱਲਾਂ ਨੂੰ ਵੀ ਕਰਮ-ਧਰਮ ਮੰਨ ਕੇ ਖ਼ੁਸ਼ੀ ਖ਼ੁਸ਼ੀ ਬਿਨਾ "ਹੂੰ" "ਹਾਂ" ਕੀਤੇ ਚੁਪ ਚਾਪ ਬਰਦਾਸ਼ਤ ਕਰਨ ਦੀ ਆਦਤ ਉਸ ਦੀ ਕਈ ਪੀੜ੍ਹੀਆਂ ਤੋਂ ਚਲੀ ਆ ਰਹੀ ਸੀ।
ਮੋਟਰ ਤੁਰ ਪਈ, ਪਰੰਤੂ ਰੰਗਮਾ ਦਾ ਹਿਰਦਾ ਕਦੋਂ ਤਾਣੀ ਸੁੰਗੜ ਕੇ ਬੈਠਾ ਰਹੇ? ਸਰਦੀਆਂ ਦੀ ਸੁੰਦਰ ਖਿੜਵੀਂ ਧੂਪ, ਉਡਦੇ ਬਦਲ, ਨੀਲਾ ਅਕਾਸ਼, ਹਰੇ ਹਰੇ ਖੇਤ-ਕਿਹਾ ਸੁੰਦਰ ਦ੍ਰਿਸ਼! ਬ੍ਰਿਛ ਚਿੜੀਆਂ ਉਸ ਦੇ ਘਰ ਵਲ ਭਜੇ ਜਾ ਰਹੇ ਸਨ। ਮੋਟਰ ਦੇ ਹੇਠਾਂ ਦੀ ਸੜਕ ਨਾਚ ਨਚ ਰਹੀ ਸੀ। ਠੰਢੀ ਠੰਢੀ ਪੌਣ ਉਸ ਦੀਆਂ ਕੋਮਲ ਗਲ੍ਹਾਂ ਤੇ ਕਾਲੇ ਭੌਰ ਵਾਲਾਂ ਨਾਲ ਕਲੋਲਾਂ ਕਰਦੀ ਲੰਘਦੀ ਜਾਂਦੀ ਹੈ। ਉਹ ਮਾਨੋ ਔਖਿਆਈ ਨੂੰ ਟੱਪ ਕੇ ਬਾਹਰ ਆ ਗਿਆ। ਦੋਵੇਂ ਵਡੀਆਂ ਵਡੀਆਂ ਅੱਖਾਂ ਖੋਲ ਕੇ, ਹਥਾਂ ਨਾਲ ਲਿਟਾਂ ਤੇ ਜੂੜੇ ਨੂੰ ਸੰਭਾਲਦੀ ਹੋਈ, ਮੁਸਕਦੇ ਤੇ ਹਸਦੇ ਹੋਠਾਂ ਨਾਲ ਉਹ ਵੇਖਣ ਲਗੀ। ਮੋਟਰ ਭੂੰਅ ਭੂੰਅ ਕਰਨਾ, ਸਿਰ ਤੇ ਗਾਗਰਾਂ ਜਾਂ ਮੋਢੇ ਉਪਰ ਵਹਿੰਗੀਆਂ ਚੁਕੀ ਲੋਕਾਂ ਦਾ ਇਕ ਪਾਸੇ ਹੋ ਜਾਣਾ--ਪੁਲ, ਸੜਕ ਦੇ ਮੋੜ ਦਾ ਆਵਣਾ ਤੇ ਲੰਘ ਜਾਣਾ-ਇਹ ਸਾਰਾ ਕੁਝ ਉਹ ਵੇਖਦੀ ਰਹੀ। ਡਰਾਈਵਰ ਦੀ ਤਿੱਖੀ ਨਜ਼ਰ ਉਸ ਉਪਰ ਪਈ।
“ਕਿਥੇ ਘਰ ਨੀਂ?" ਉਸ ਆਖਿਆ।
“ਇਹ ਫੇਰ ਵਜਾ ਖਾਂ।" 
“ਭੂੰਅ--ਭੂੰਅ--!"
"ਕਿਥੋਂ ਵਜਦਾ ਏ?"
ਇਹੋ ਜਹੀਆਂ ਗਲਾਂ ਨਾਲ ਡਰਾਈਵਰ ਨੂੰ ਰਤਾ ਉਤਸ਼ਾਹ ਮਿਲਿਆ।
"ਤਿਖੀ ਚਲਾਵਾਂ ਮੋਟਰ?"
"ਕਿਵੇਂ ਤਿਖੀ ਤੁਰਦੀ ਆ?"
“ਮੰਤਰ ਨਾਲ।"
"ਝੂਠ!" 
“ਹੌਲੀ ਹੌਲੀ ਚਲਾਵਾਂ?" 
“ਇਹ ਲੈ ਖਾਂ ਹੁਣੇ ਡਿਗਣ ਲਗੀ ਸੀ।"
"ਅਜ ਤੋਂ ਪਹਿਲਾਂ ਕਦੇ ਮੋਟਰ ਤੇ ਚੜ੍ਹੀ ਏਂ?"
"ਵੇਖੇ ਨਾ, ਇੰਨੀ ਤਿੱਖੀ ਤੋਰ ਕਿ ਉਹ ਗਡਾ ਵੀ ਨਾ ਦਿਸੇ।"
"ਹੂੰ!ਹੂੰਅ! ਅਜੇ ਤਾਂ ਦਿਸਦਾ ਈ--ਹੋਰ ਤਿਖੀ-ਹੋਰ-ਬਸ, ਬਸ--!"
‘ਡਰ ਲਗਦਾ ਈ?' 
‘ਆਹੋ'
‘ਕਿਉਂ?' 
‘ਬਸ! ਹੋਰ ਤਿਖੀ ਨਾ ਤੋਰ।'
‘ਚੰਗਾ।' 
‘ਏਸ ਵਿਚ ਕੀ ਪਾਂਦੇ ਓ?' 
‘ਅੱਗ।' 
‘ਇਹ ਬਦਬੋ ਕਾਹਦੀ ਹੈ?'
‘ਤੇਲ ਦੀ।'
‘ਝੂਠ।'
‘ਨਹੀਂ, ਸਚ।' 
‘ਤੇਲ ਨਾਲ ਕਿਵੇਂ ਤੁਰ ਸਕਦੀ ਏ?'
‘ਜਿਵੇਂ ਤੁਰਦੀ ਹੈ।'
‘ਤੈਨੂੰ ਕਿਵੇਂ ਮੋਟਰ ਤੋਰਨਾ ਆ ਗਿਆ?'
‘ਵੇਖ ਲੈ।'
‘ਰੇਲ ਗਡੀ ਵੀ ਤੋਰ ਸਕੇਂਗਾ?'
‘ਹਾਂ।'
‘ਸਾਈਕਲ ਵੀ?'
‘ਹਾਂ।' 
‘ਤੈਨੂੰ ਕਿੰਨੀ ਤਨਖਾਹ ਮਿਲਦੀ ਹੈ?'
‘ਬੜੀ।'
‘ਤੂੰ ਵਡਾ ਏਂ ਜਾਂ ਵਕੀਲ ਵਡਾ ਹੁੰਦਾ ਹੈ?'
ਉਥੇ ਬੈਠੇ ਮੁਸਾਫਰਾਂ ਨੂੰ ਭੁਲ ਕੇ ਉਹ ਬੱਚਿਆਂ ਵਾਂਗ ਡਰਾਈਵਰ ਨਾਲ ਗੱਲਾਂ ਕਰਦੀ ਰਹੀ, ਜਿਵੇਂ ਨਿਕੇ ਹੁੰਦਿਆਂ ਸਕੂਲ ਵਿਚ ਸਹੇਲੀਆਂ ਨਾਲ ਗੱਲਾਂ ਕਰਿਆ ਕਰਦੀ ਸੀ, ਇਸ ਤੋਂ ਪਹਿਲਾਂ ਜੇ ਉਸ ਨੂੰ ਕੋਈ ਆਖਦਾ 'ਕਿ ਤੂੰ ਆਪਣੇ ਆਪ ਨੂੰ ਭੁਲ ਕੇ ਕਿਸੇ ਡਰਾਈਵਰ ਨਾਲ ਗੱਲਾਂ ਕਰੇਂਗੀ', ਤਾਂ ਉਹ ਕਦੇ ਵਿਸ਼ਵਾਸ ਨਾ ਕਰਦੀ। ਇਸ ਉਤਸ਼ਾਹ ਵਿਚ ਉਸ ਦੀ ਪਿਠ ਤੇ ਕਿਸੇ ਦੋ ਉਂਗਲਾਂ ਰਖੀਆਂ - ਇਹ ਵੀ ਉਸ ਮਹਿਸੂਸ ਨਾ ਕੀਤਾ। ਫੇਰ ਉਸ ਡਰਾਈਵਰ ਦੇ ਦਿਲ ਵਿਚ ਉਸ ਦੀਆਂ ਗੱਲਾਂ ਨੇ, ਉਸ ਦੇ ਹਾਸੇ ਨੇ, ਉਸ ਦੇ ਗੋਲ ਜੂੜੇ ਨੇ, ਕੀ ਉਥੱਲ-ਪਥੱਲ ਮਚਾਇਆ, ਉਸ ਨੂੰ ਕੀ ਪਤਾ ਸੀ। ਨੇਲਕਰ ਪੁਜ ਕੇ ਜ਼ੋਰ ਨਾਲ ਸਾਹਮਣਿਓਂ ਆਉਂਦੀ ਮੋਟਰ ਵਿਚ ਬੈਠੇ ਕਿਸੇ ਪਤਨੀ ਪਤੀ ਨੂੰ ਤਕ ਕੇ ਉਸ ਸਿਰ ਚੁਕਿਆ। ਮਹਿਲ, ਬੰਗਲੇ, ਕੋਠੀਆਂ, ਬਗੀਚੇ, ਪਾਰਕਾਂ, ਲਿਸ਼ਕਦੀਆਂ ਸੜਕਾਂ, ਦੁਕਾਨਾਂ, ਜ਼ਨਾਨੀਆਂ ਦੀਆਂ ਰੰਗਾ ਰੰਗ ਦੀਆਂ ਸਾੜ੍ਹੀਆਂ ਵਾਲੇ ਫੈਸ਼ਨ--ਕਿਤਨੀਆਂ ਚੀਜ਼ਾਂ ਵੇਖਣ ਵਾਲੀਆਂ ਸਨ, ਕਿਤਨਿਆਂ ਸਬੰਧੀ ਪੁਛਣਾ ਸੀ। ਉਸ ਦੀਆਂ ਅੱਖਾਂ ਦੋਵੇਂ ਪਾਸੇ ਨਚ ਰਹੀਆਂ ਸਨ।
ਮੋਟਰ ਰੁਕੀ। ਵੀਰਾਂਡੀ ਨੇ ਕੋਲ ਆ ਕੇ ਉਤਰਨ ਲਈ ਆਖਿਆ। ਰੰਗਮਾ ਨੇ ਉਸ ਵਲ ਇਸ ਤਰਾਂ ਤਕਿਆ, ਜਿਸ ਤਰਾਂ ਉਹ ਇਸ ਨਾਲ ਆਇਆ ਨਹੀਂ - ਹੁਣੇ ਮੋਟਰ ਵਿਚ ਹੀ ਮਿਲਿਆ ਹੈ।
ਉਸ ਡਰਾਈਵਰ ਵਲ ਤੇ ਫੇਰ ਪਤੀ ਵਲ ਤਕਿਆ। ਡਰਾਈਵਰ ਦੇ ਨਵੇਂ ਫੈਸ਼ਨਦਾਰ ਵਾਲ, ਗਲਾਸਗੋ-ਮਲਮਲ ਦਾ ਕੁੜਤਾ, ਸੋਹਣਾ ਸਰੀਰ, ਨਿਕੀਆਂ ਨਿਕੀਆਂ ਤਿਖੀਆਂ ਮੁਛਾਂ, ਮੋਟਰ ਚਲਾਣ ਦੀ ਸਿਆਣਪ।
ਤੇ ਏਧਰ? ਘੋੜੇ ਵਰਗੇ ਸਖਤ ਮੋਟੇ ਵਾਲ, ਮੋਟੇ ਖੱਦਰ ਦੀ ਬੇ-ਢੰਗੀ ਕਮੀਜ਼, ਰੁਖਾ ਰੁਖਾ ਮੂੰਹ, ਡਰਾਉਣੀਆਂ ਕ੍ਰੋਧੀ ਅੱਖਾਂ -- ਇਸ ਅਸਚਰਜ ਸ਼ਹਿਰ ਵਿਚ ਬੜੇ ਸੌਖ, ਆਸਾਨੀ ਤੇ ਨਿਰਭੈਤਾ ਨਾਲ ਫਿਰਨ ਘੁੰਮਣ ਵਾਲਾ ਡਰਾਈਵਰ, ਤੇ ਹਲ ਦੀ ਮੁਠ ਫੜਨਾ ਤੋਂ ਬਿਨਾਂ ਹੋਰ ਕੁਝ ਨਾ ਜਾਣਨ ਵਾਲਾ ਪਤੀ! ਜੇ ਇਹ ਮੋਟਰ ਉਸ ਦੇ ਪਤੀ ਦੇ ਹੱਥ ਦੇ ਦਿਤੀ ਜਾਵੇ ਤਾਂ? ਰੰਗਮਾ ਸੋਚਣ ਲਗੀ। ਰੰਗਮਾ ਹਾਉਕਾ ਲੈ ਕੇ ਮੋਟਰ ਤੋਂ ਲਥੀ ਤੇ ਚੁਪ ਚੁਪਾਤੀ ਵੀਰਾਂਡੀ ਦੇ ਪਿਛੇ ਤੁਰ ਪਈ।

++++

ਔਹ! ਗਡੀਆਂ, ਮੋਟਰਾਂ, ਰੌਲਾ-ਰਪਾ, ਬਾਜ਼ਾਰ, ਦੁਕਾਨਾਂ, ਸਾੜੀਆਂ, ਦੁਸ਼ਾਲੇ, ਤਸਵੀਰਾਂ -- ਆਹ! -- ਐਥੋਂ ਦੇ ਵਸਨੀਕ ਕਿੰਨੇ ਸੁੰਦਰ ਤੇ ਸ਼ੁਕੀਨ ਨੇ -- ਦੁਕਾਨ, ਸਿਪਾਹੀ, ਮੰਗਤਾ, ਗਾਡੀਵਾਨ --- ਹਰੇਕ ਆਦਮੀ ਵਡਾ ਆਦਮੀ ਮਲੂਮ ਹੁੰਦਾ ਹੈ। ਸਾਰੇ ਲੋਕੀ ਚਿਟੇ ਦੁਧ ਇਸਤ੍ਰੀ ਕੀਤੇ ਕਪੜੇ ਪਾਈ ਕਿੰਨੇ ਚੰਗੇ ਦਿਸਦੇ ਹਨ। ਸਾਰੇ ਹਿੰਦੁਸਤਾਨੀ ਅੰਗ੍ਰੇਜ਼ੀ ਅਤੇ ਤਾਮਿਲ ਬੋਲਦੇ ਹਨ। ਕਿੰਨੇ ਸਿਆਣੇ ਹਨ! ਸਾਰਾ ਸ਼ਹਿਰ ਉਸ ਤੋਂ ਤੇ ਉਸ ਦੇ ਪਤੀ ਤੋਂ ਵਧ ਕੇ ਸੁਖੀ ਹਨ। ਮਾਨੋਂ ਉਹ ਇਹੋ ਜਹੇ ਸੁਰਗ ਵਿਚ ਪੁਜ ਗਈ ਹੈ ਜਿਥੇ ਦੁਖ ਅਤੇ ਗਰੀਬੀ ਦਾ ਨਾਮ ਨਹੀਂ ਹੈ। ਬੈਂਡ ਵਜ ਰਿਹਾ ਸੀ ਤੇ ਉਸ ਦੇ ਪਿਛੇ ਅੱਖਾਂ ਚੁੰਧਿਆ ਦੇਣ ਵਾਲੀਆਂ ਸਾੜ੍ਹੀਆਂ ਪਾਈ, ਮੋਟਰਾਂ ਤੇ ਸਵਾਰ, ਇਸਤ੍ਰੀਆਂ, ਮਰਦ ਤੇ ਬੱਚੇ ਜਲੂਸ ਵਿਚ ਆ ਰਹੇ ਸਨ। 
‘ਸਾਨੂੰ ਏਸ ਪਿੰਡ ਵਿਚ ਰਹਿਣ ਦੇਣਗੇ?'
'ਕਿਉਂ ਨਹੀਂ।”
'ਪਰ ਰਹਾਂਗੇ ਕਿਵੇਂ?'
'ਕਿਉਂ?'
'ਘਰ-ਘਾਟ, ਖੇਤੀ-ਬਾੜੀ?'
'ਪਰ ਜੇ ਅਸੀਂ ਇਥੇ ਰਹਿਣਾ ਚਾਹੀਏ ਤਾਂ ਰਹਿਣ ਵੀ ਦੇਣਗੇ ਕਿ ਨਹੀਂ?'
‘ਝਲੀ ਕਿਧਰੇ ਦੀ! ਕਿਉਂ ਨਹੀਂ ਰਹਿਣ ਦੇਣਗੇ, ਕਿੰਨੇ ਲੋਕੀ ਇਥੇ ਹੀ ਰਹਿੰਦੇ ਹਨ।'
'ਤਾਂ ਏਥੇ ਹੀ ਰਹੀਏ ਅਸੀਂ?'
ਦੁਕਾਨਾਂ ਦੇ ਥੜ੍ਹਿਆਂ ਤੇ ਖਲੋ ਕੇ ਬਿਜਲੀਆਂ ਬੱਤੀਆਂ ਤੇ ਲਿਸ਼ਕੇ-ਪੁਸ਼ਕੇ ਲੋਕਾਂ ਨੂੰ ਹੀ ਵੇਖਣਾ ਕਾਫ਼ੀ ਹੈ - ਇਹ ਉਸ ਦੇ ਦਿਮਾਗ ਵਿਚ ਸੀ। 
‘ਤਾਂ ਏਥੇ ਹੀ ਰਹੀਏ?' ਉਸ ਦਾ ਮਨ ਖ਼ੁਸ਼ੀ ਵਿੱਚ ਝੂਮਣ ਲਗਾ।
'ਜਿਸ ਤਰਾਂ ਉਥੇ ਹੁੰਦਾ ਸੀ।' 
‘ਖੇਤੀ ਬਾੜੀ ਕੌਣ ਕਰੇਗਾ?' 
‘ਏਥੋਂ ਦੇ ਲੋਕੀ ਕੀ ਕਰਦੇ ਨੇ?' 
‘ਆਪੋ ਆਪਣਾ ਕੰਮ ਕਰ ਕੇ ਕਮਾਂਦੇ ਨੇ।' 
‘ਤੁਸੀਂ ਵੀ?' 
‘ਮੈਨੂੰ ਕੀ ਪਤਾ ਇਨ੍ਹਾਂ ਦਾ ਕੰਮ?'
‘ਹਾਂ, ਹੋਰ ਕੀ ਪਤਾ ਹੋਣਾ ਹੈ। ਉਹੀ ਵਾਹੀ ਤੇ ਖੇਤੀ ਦਾ ਕੰਮ।'
ਰੰਗਮਾ ਦੇ ਦਿਲ ਵਿਚ ਇਕ ਨਵਾਂ ਖ਼ਿਆਲ ਉਠਣ ਲਗਾ--ਜਿਸ ਨੂੰ ਉਹ ਸਾਰਿਆਂ ਤੋਂ ਉਤਮ ਸਮਝਦੀ ਸੀ, ਜਿਸ ਦੀ ਉਹ ਆਪ ਤੇ ਹੋਰ ਪਿੰਡ ਦੇ ਲੋਕੀ ਵੀ ਇੱਜ਼ਤ ਕਰਦੇ ਸਨ, ਨੌਕਰ ਚਾਕਰ ਜਿਸ ਦੇ ਡਰ ਨਾਲ ਥਰ ਥਰ ਕੰਬਦੇ ਸਨ--ਉਹ ਵੀਰਾਂਡੀ ਏਸ ਪਿੰਡ ਵਿਚ, ਏਸ ਭੀੜ ਵਿਚ, ਇਨ੍ਹਾਂ ਸੜਕਾਂ ਮੋਟਰਾਂ ਦੇ ਵਿਚਕਾਰ ਬਿਲਕੁਲ ਨਿਕੰਮਾ ਹੈ, ਵਿਅਰਥ ਹੈ, ਨਿਕਾਰਾ ਹੈ।
ਉਸ ਵੇਖਿਆ -- ਸਾਰੇ ਲੋਕ ਨਿਡਰ ਹੋ ਕੇ ਮੋਟਰ ਕੋਲੋਂ ਦੀ ਲੰਘ ਜਾਂਦੇ ਹਨ, ਪਰ ਉਸ ਦਾ ਦੇਵਤਾ, ਉਸ ਦੀ ਧੋਤੀ ਦੀ ਚੂਕ ਫੜ ਕੇ ਦਸ ਗਜ਼ ਦੂਰ ਤੋਂ ਹੀ ਭਜ ਉਠਦਾ ਹੈ।
ਕਪੜਾ ਵੇਖਦਿਆਂ ਰੁਪਏ ਗਜ਼ ਵਾਲੇ ਰੇਸ਼ਮੀ ਕਪੜੇ ਦੇ ਅਠ ਆਨੇ ਗਜ਼ ਆਖੇ ਤਾਂ ਦੁਕਾਨਦਾਰ ਨੇ ‘ਕਦੀ ਮੂੰਹ ਵੀ ਵੇਖਿਆ ਈ ਰੇਸ਼ਮ ਦਾ?' ਆਖ ਕੇ ਤ੍ਰਿਸਕਾਰ ਨਾਲ ਤਕਿਆ।
ਕਾਹਵਾ ਤੇ ਚਾਹ ਹੋਟਲ ਵਿਚ ਸਾਰੇ ਲੋਕੀ ਕੁਰਸੀਆਂ ਮੇਜ਼ਾਂ ਤੇ ਚਾਹ ਕਾਫ਼ੀ ਪੀ ਰਹੇ ਸਨ--ਪਰੰਤੂ ਉਸ ਦੇ ਪ੍ਰਾਣ ਨਾਥ ਨੂੰ ਇਕ ਨੁਕਰੇ ਭੁੰਜੇ ਬਿਠਾ ਕੇ, ਚਾਹ ਦਿੰਦੇ ਹੋਇਆਂ ਵੀ ਹੋਟਲ ਵਾਲਿਆਂ ਨੇ ਘੂਰ ਘੂਰ ਤਕਿਆ। ਉਸ ਵੇਲੇ ਰੰਗਮਾ ਨੇ ਅਨਭਵ ਕੀਤਾ ਕਿ ਸ਼ਾਦੀ ਸਮੇਂ ਉਸ ਦੇ ਘਰ ਤੇ ਪਿੰਡ ਵਾਲਿਆਂ ਵੀਰਾਂਡੀ ਦੀਆਂ ਸਿਫ਼ਤਾਂ ਦੇ ਪੁਲ ਬਨ੍ਹ ਬਨ੍ਹ ਕੇ ਉਸ ਨੂੰ ਧੋਖਾ ਦਿਤਾ ਸੀ। ਉਸ ਵੇਲੇ ਪਤੀ ਦੀ ਪੂਰੇ ਪੰਜਤਾਲੀ ਉਂਗਲ ਚੌੜੀ ਛਾਤੀ, ਸਖ਼ਤ ਮੋਟੀ ਗਰਦਨ, ਨਚਦੀਆਂ ਮੋਟੀਆਂ ਅੱਖਾਂ ਅਤੇ ਸਾਰੇ ਪਿੰਡ ਦਾ ਵੀਰਾਂਡੀ ਲਈ ਦਿਲੋਂ ਇਜ਼ਤ ਕਰਨਾ, ਪਿੰਡ ਦੇ ਦਸ ਪੰਦਰਾਂ ਬੰਦਿਆਂ ਨੂੰ ਇਕੱਲਿਆਂ ਹੀ ਕੁਟ ਕਢਣ ਦੀ ਤਾਕਤ, ਉਸ ਦਾ ਪਸ਼ੂਆਂ ਨਾਲ ਡੂੰਘਾ ਪਿਆਰ, ਰਿਸ਼ਤੇਦਾਰਾਂ ਨਾਲ ਮਿਠਾ ਪਿਆਰ, ਸਲੂਕ ਅਤੇ ਉਦਾਰਤਾ -- ਕੁਝ ਵੀ ਰੰਗਮਾ ਨੂੰ ਨਾ ਸੁਝਿਆ। ਉਹ ਇਕ ਦੁਬਲੇ ਪਤਲੇ ਮਲੂਕ ਖੰਗਦੇ ਹੋਏ, ਸਿਲਕ ਦੀ ਚਾਦਰ ਕੀਤੀ, ਸਿਗਰਟ ਪੀਂਦੇ ਤੇ ਆਪਣੀ ਵਲ ਤੱਕਦੇ ਹੋਏ ਨੂੰ ਵੇਖ ਕੇ ਸੋਚਣ ਲੱਗੀ ਕਿ ਉਸ ਦੀ ਪਤਨੀ ਕਿੰਨੀ ਭਾਗਾਂ ਵਾਲੀ ਹੋਣੀ ਹੈ।
ਰੰਗਮਾ ਦਾ ਸ੍ਵੈਮਾਨ ਮੁਕ ਗਿਆ। ਆਪਣੇ ਪਿੰਡ ਵਿਚ ਉਸ ਦੀ ਇਜ਼ਤ, ਸਾਰਿਆਂ ਦਾ ਉਸ ਤੋਂ ਸਲਾਹ ਲੈਣਾ, ਸਾਰੇ ਇਜ਼ਤ ਤੇ ਪਿਆਰ-ਭਾਵਨਾਂ ਵਾਲੇ ਖ਼ਿਆਲ ਉਸ ਦੇ ਦਿਲੋਂ ਦੂਰ ਹੋ ਗਏ। ਏਥੇ ਉਹ ਕਿਸੇ ਨੂੰ ਵੀ ਜਾਣਦੀ ਨਹੀਂ, ਉਸ ਦੇ ਗੁਣ ਉਸ ਦੇ ਸਸ-ਸਹੁਰਾ ਭਗਤੀ, ਉਸ ਦੇ ਵਰਤ-ਨੇਮ, ਉਸ ਦਾ ਬ੍ਰਾਹਮਣ ਪੁਣਾ, ਉਸ ਦੇ ਦੋ ਸੌ ਵਿਘੇ ਲੰਬੇ ਚੌੜੇ ਖੇਤ --- ਇਸ ਸਾਰੇ ਕੁਝ ਬਾਬਤ ਇਥੇ ਕਿਸੇ ਨੂੰ ਵੀ ਪਤਾ ਨਹੀਂ ਤੇ ਫਿਰ ਕੋਈ ਪਤਾ ਕਰਨਾ ਚਾਹੁੰਦਾ ਵੀ ਨਹੀਂ। ਪਰੰਤੂ ਉਸ ਇਹ ਅਨਭਵ ਜ਼ਰੂਰ ਕਰ ਲਿਆ ਕਿ ਉਸਦੀ ਚੜ੍ਹਦੀ ਜਵਾਨੀ ਤੇ ਸੁੰਦਰਤਾ ਨੇ ਸਾਰਿਆਂ ਤੇ ਅਸਰ ਕੀਤਾ ਹੈ। ਉਸ ਦੀ ਖੂਬਸੂਰਤੀ ਦੇ ਕਾਰਨ ਉਸ ਨੂੰ ਏਥੇ ਵੀ ਸਨਮਾਨ ਮਿਲਿਆ ਹੈ। ਆਪਣੀ ਸੁੰਦਰ ਜਵਾਨੀ ਦਾ ਲਾਭ ਪ੍ਰਾਪਤ ਕਰਨ ਦੀ ਇਛਾ ਪਹਿਲੀ ਵਾਰੀ ਉਸ ਦੇ ਮਨ ਵਿਚ ਉਤਪਨ ਹੋਈ, ਇਕ ਦੋ ਵਾਰੀ ਉਸ ਨੌਜਵਾਨ ਗਭਰੂਆਂ ਦੀਆਂ ਨਜ਼ਰਾਂ ਨਾਲ ਅੱਖਾਂ ਮੇਲੀਆਂ, ਸੈਨਤਾਂ ਵੇਖੀਆਂ, ਦੋ ਚਾਰ ਵਾਰ ਆਪਣੇ ਕੋਮਲ ਬੁਲ੍ਹਾਂ ਉਪਰ ਮੁਸਕਣੀ ਲਿਆ ਕੇ ਕਈ ਨੌਜਵਾਨ ਹਿਰਦਿਆਂ ਵਿਚ ਅੱਗ ਬਾਲੀ, ਧੂੰਆਂ ਧੁਖਿਆ। ਇਸ ਨਵੀਂ ਸ਼ਕਤੀ ਦੇ ਅਨਭਵ ਨੇ ਉਸ ਦੇ ਹਿਰਦੇ ਵਿਚ ਅਨੰਦ ਦੀ ਲਹਿਰ ਚਲਾ ਦਿਤੀ। ਸ਼ਹਿਰ ਦੀ ਨਵੀਨਤਾ, ਫੁਲਾਂ ਤੇ ਅਤਰ ਦੀ ਸੁਗੰਧੀ, ਵਾਜਿਆਂ ਦੀਆਂ ਮਿਠੀਆਂ ਸੁਰਾਂ, ਸਾਰਿਆਂ ਨੇ ਰਲ ਕੇ ਉਸ ਦੇ ਉਤਸ਼ਾਹ ਤੇ ਰਸਕਤਾ ਨੂੰ ਵਧਾਇਆ ਤੇ ਇਹ ਵਿਸ਼ਵਾਸ ਪੈਦਾ ਕਰ ਦਿਤਾ ਕਿ "ਕਿਸੇ ਨਾ ਕਿਸੇ ਤਰ੍ਹਾਂ ਏਥੇ ਹੀ ਜੀਵਨ ਦੇ ਧਾਰਨ ਕਰ ਕੇ ਰਹਿਣਾ ਸੁਖ ਅਤੇ ਅਨੰਦ ਹੈ।"
ਹੱਸਦੇ ਹੋਇਆਂ, ਹੋਰ ਲਟਕ ਮਟਕ ਤੇ ਲਚਕਦਾਰ ਪਤਲਾ-ਕਲ, ਉਭਰੀ ਹੋਈ ਹਿੱਕ, ਉਪਰ ਕਸਵੀਂ ਚੋਲੀ, ਨੰਗੀ ਧੁਨੀ ਤੇ ਅਣਢਕੀਆਂ ਬਾਹਵਾਂ ਨਾਲ, ਖ਼ਿਆਲਾਂ ਦੇ ਸਮੁੰਦਰ ਵਿਚ ਤਾਰੀਆਂ ਲਾਂਦੀ ਉਹ ਪਤੀ ਦੇ ਮਗਰ ਮਗਰ ਇਉਂ ਤੁਰੀ ਜਾ ਰਹੀ ਸੀ, ਜਿਵੇਂ ਗੋਤਮ ਦੇ ਪਿਛੇ ਉਸ ਦੀ ਇਸਤ੍ਰੀ ਅਹਿਲਿਆ।

++++

ਖਟ ਬਿਜਲੀ ਜਾਗ ਪਈ। ਇਮਪੀਰੀਅਲ ਸਿਨਮੇ ਦਾ ਪਹਿਲਾ ਸ਼ੋ ਮੁਕਿਆ - ਦੋ ਘੰਟਿਆਂ ਤਕ ਗਹਿਮਾ-ਗਹਿਮ, ਚੁਪ-ਚਾਪ, ਅਧਭੁਤ ਕਹਾਣੀ ਨਾਇਕਾ ਨਾਲ ਮਿਲ ਕੇ ਇਕ ਹੋਈ ਰਹੀ ਤੇ ਉਸ ਦੇ ਭਾਗ-ਅਭਾਗ ਨੂੰ ਆਪਣਾ ਸਮਝ ਕੇ ਉਸ ਦੇ ਸੁਖ ਦੁਖ ਨੂੰ ਅਨੁਭਵ ਕਰਦੀ ਰਹੀ-ਹੁਣ ਉਸ ਅੱਖਾਂ ਮਲਦਿਆਂ ਇਕ ਲੰਬਾ ਸਾਹ ਖਿਚਿਆ। ਸ਼ੁਰੂ ਵਿਚ ਤਾਂ, ਆਪਣੇ ਆਪ ਜਗਦੀਆਂ ਬੁਝਦੀਆਂ ਬਿਜਲੀ-ਬਤੀਆਂ ਤੇ ਨਚਦੀਆਂ ਤਸਵੀਰਾਂ ਨੇ ਹੀ ਉਸ ਨੂੰ ਹੈਰਾਨ ਕਰ ਦਿਤਾ, ਪਰੰਤੂ ਥੋੜੇ ਚਿਰ ਪਿਛੋਂ ਉਹ ਸਾਰਾ ਕੁਝ ਭੁੱਲ ਕੇ ਕਹਾਣੀ ਵਿਚ ਗੁਵਾਚ ਗਈ, ਫ਼ਿਲਮ ਵਿਚ ਦਿਸਣ ਵਾਲੇ ਮਹਿਲ, ਜੰਗਲ, ਪਹਾੜ, ਦਰਿਆ, ਮੋਟਰ, ਰੇਲ, ਸੁੰਦਰ ਸੁੰਦਰ ਇਸਤ੍ਰੀਆਂ-ਪੁਰਸ਼, ਉਨਾਂ ਦੇ ਆਪੋ ਵਿਚ ਪਿਆਰ-ਚੁਮਣੀਆਂ, ਅਧਨੰਗੇ ਸੁੰਦਰ ਜੋਬਨ-ਉਹ ਵੇਖਦੀ ਵੇਖਦੀ ਉਸੇ ਸੰਸਾਰ ਵਿਚ ਜਾ ਪੁਜੀ।
ਉਸ ਸਮਝਿਆ, 'ਇਹ ਸਾਰਾ ਕੁਝ ਕਿਧਰੇ ਜ਼ਰੂਰ ਬੀਤ ਰਿਹਾ ਹੈ।'
ਕਹਾਣੀ ਦੀ ਨਾਇਕਾ ਨੂੰ ਦੁਖ ਵਿਚ ਵੇਖ ਕੇ ਉਹ ਰੋ ਪਈ। ਨਾਇਕ, ਜਦੋਂ ਕੋਈ ਸ਼ਲਾਘਾ ਯੋਗ ਕੰਮ ਕਰਦਾ ਤਾਂ ਉਹ ਆਪਣਾ ਹਿਰਦਾ ਉਸ ਦੇ ਸਮਰਪਣ ਕਰ ਦਿੰਦੀ। ਉਸ ਨੇ ਕਹਾਣੀ ਦੀ ਨਾਇਕਾ ਦੇ ਥਾਂ ਆਪਣੇ ਆਪ ਨੂੰ ਸਮਝ ਲਿਆ। ਅੰਤ ਵਿਚ ਜਦ ਨਾਇਕ ਨੇ ਨਾਇਕਾ ਨੂੰ ਆਲਿੰਗਨ ਵਿਚ ਲੈ ਲਿਆ, ਤਾਂ ਇਸਤ੍ਰੀ-ਪੁਰਸ਼ ਸੰਜੋਗ ਦਾ ਡੂੰਘਾ ਰੋਮਾਂਚ ਉਸ ਦੇ ਹਿਰਦੇ ਵਿਚ ਛਾ ਗਿਆ।
ਸਾਰਾ ਕੁਝ ਹੋ ਜਾਣ ਮਗਰੋਂ ਵੀ ਉਹ ਉਥੇ ਹੀ ਬੈਠੀ ਰਹੀ, ਜਿਵੇਂ ਅਜੇ ਹੋਰ ਕੁਝ ਵੀ ਹੋਣਾ ਹੈ - ਸਾਰੀ ਮਖ਼ਲੂਕ ਜਾ ਰਹੀ ਸੀ। ਅਖ਼ੀਰ ਵੀਰਾਂਡੀ ਨੇ ਘਰ ਚਲਣ ਲਈ ਆਖਿਆ, ਤਾਂ ਉਸ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਉਸ ਦੇ ਨਾਲ ਉਸ ਦਾ ਕਦੇ ਦੂਰ ਦਾ ਵੀ ਸੰਬੰਧ ਨਹੀਂ। ਥੋੜੇ ਚਿਰ ਨੂੰ ਕੁਝ ਚੇਤਾ ਆਇਆ ਤੇ ਉਹ ਬੋਲੀ:
'ਚਲੀਏ।'
'ਹਾਂ।'
'ਮੁਕ ਗਿਆ ਏ?'
ਉਸ ਦੇ ਸੁਪਨ-ਲੋਕ ਨੂੰ ਗਵਾਣ ਵਾਲਾ, ਉਸ ਨੂੰ ਹੇਠਾਂ ਡੇਗ ਕੇ ਉਸ ਦਾ ਮਹਾਂ-ਅਨੰਦ ਨਸ਼ਟ ਕਰਨ ਵਾਲਾ, ਮਲੂਮ ਹੋਇਆ ਵੀਰਾਂਡੀ।
ਅੱਗ ਵਿਚ ਬੈਠ ਕੇ, ਚਲਦੀ ਮੋਟਰ ਵਿਚੋਂ ਕੁਦ ਕੇ, ਰੇਲ ਗਡੀ ਖਲਿਹਾਰ ਕੇ, ਲੋਕ-ਰਖਸ਼ਾ ਕਰਨ ਵਾਲੇ ਸੂਰਬੀਰਾਂ ਮਹਾਤਮਾ ਨੂੰ ਛਡ ਕੇ ਉਹ ਮੁੜ ਕਿਉਂ ਵੀਰਾਂਡੀ ਦੇ ਮਗਰ ਮਗਨ ਗਲੀਆਂ ਵਿਚ ਟੱਕਰਾਂ ਮਾਰ ਰਹੀ ਹੈ-ਅਫ਼ਸੋਸ! ਉਸ ਨੂੰ ਵੀਰਾਂਡੀ ਮਿਲਿਆ ਕਿਉਂ? ਕਿਧਰੇ ਗਵਾਚ ਕਿਉਂ ਨਾ ਗਿਆ! ਟੰਗਾਂ ਘਸੀਟਦੀ ਉਹ ਤੁਰੀ ਜਾ ਰਹੀ ਸੀ - ਫ਼ਿਲਮਾਂ ਦੀਆਂ ਸੋਚਾਂ ਵਿਚ ਪਰ ਬੈਠੀ ਹੋਈ।
'ਕਿਥੇ ?'
‘ਬਾਹਰ।'
'ਫੇਰ।'
'ਫੇਰ ਕੀ?'
'ਨਾਟਕ।'
ਰਾਤ ਦੇ ਇਕ ਵਜੇ ਪੰਡਾਲ ਵਿਚੋਂ ਵੀਰਾਂਡੀ ਤੇ ਰੰਗਮਾ ਬਾਹਰ ਨਿਕਲੇ, ਦੋਵੇਂ ਹੀ ਅਗੇ-ਪਿਛੇ, ਉਹ ਦਿਨ ਮੁਕ ਗਿਆ ਅਤੇ ਅੱਧੀ ਰਾਤ ਵੀ - ਰੰਗਮਾ ਨੂੰ ਵੀਹ ਵਰ੍ਹਿਆਂ ਮਗਰੋਂ ਇਕ ਦਿਨ ਲਭਾ ਸੀ, ਉਹ ਵੀ ਮੁਕ ਗਿਆ, ਕੀ ਪਤਾ ਇਹ-ਬਿਜਲੀ ਬਤੀਆਂ, ਇਹ ਸੜਕਾਂ, ਅਤਰ ਦੀ ਸੁਗੰਧੀ, ਫੁਲਾਂ ਦੇ ਹਾਰ, ਇਹ ਬੈਂਡ ਵਾਜੇ ਫੇਰ ਕਦੋਂ ਮਿਲਣ? ਅਜ ਕਿਸੇ ਥੜੇ ਉਪਰ ਸਰਦੀ ਵਿਚ ਠਰੂ ਠਰੂ ਕਰਦਿਆਂ ਸੌਣਾ ਤੇ ਦਿਨ ਚੜ੍ਹੇ ਮੋਟਰ ਮਿਲਣ ਸਾਰ ਘਰ ਜਾ ਪੁਜਣਾ -- ਫੇਰ ਉਹੋ ਚਕੀ, ਉਹੀਓ ਚੁਲ੍ਹਾ, ਘਾਹ ਪਠਾ, ਦੁਧ-ਦਹੀਂ, ਸੱਸ-ਸੌਹਰੇ ਦੀ ਸੇਵਾ ਤੋਂ ਥਕ ਅਕ ਕੇ ਉਸੇ ਕੋਠੇ ਵਿਚ ਨੀਂਦ -- ਇਹ ਸ਼ਹਿਰ, ਸ਼ਹਿਰ ਦੀ ਸੁੰਦਰਤਾ, ਇਹ ਨਾਟਕ ਤੇ ਨਾਟਕ ਦੇ ਕ੍ਰਿਸ਼ਨ ਜੀ ਕਿਥੇ ਮਿਲਣਗੇ?
ਸਾਰਿਆਂ ਨੂੰ ਛਡ ਕੇ -- ਉਹ ਨਾਟਕ ਦੇ ਕ੍ਰਿਸ਼ਨ ਜੀ ਦੇ ਕਲੋਲ, ਸੁੰਦਰ ਜਵਾਨੀ, ਸਖੀਆਂ ਨਾਲ ਪਿਆਰ, ਚਤਰਾਈ, ਪ੍ਰੇਮ ਭਰੇ ਨੈਣ ਤੇ ਨੈਣਾਂ ਦੀਆਂ ਸੈਨਤਾਂ, ਮਿਠੇ ਬਿਸ਼ਨ-ਪਦੇ, ਸਾਰੀਆਂ ਗਲਾਂ ਚੇਤੇ ਆਈਆਂ -- ਮਟਕੀਆਂ ਖੋਹਣਾ, ਮਖਣ ਖਾਣਾ, ਸਖੀਆਂ ਦੇ ਚੀਰ ਹਰਨ ਤੇ ਇਸ਼ਨਾਨ, ਕ੍ਰਿਸ਼ਨ ਦੀ ਬੰਸਰੀ।
ਪੈਰਾਂ ਨੇ ਅਗੇ ਵਧਣ ਤੋਂ ਇਨਕਾਰ ਕਰ ਦਿਤਾ। ਬਚਪਨ ਤੋਂ ਹੀ ਸ੍ਰੀ ਕ੍ਰਿਸ਼ਨ ਜੀ ਰੰਗਮਾ ਦੇ ਇਸ਼ਟ ਦੇਵਤਾ ਸਨ। ਉਹਨੇ ਕਿੰਨੇ ਹੀ ਅਧਭੁਤ ਰਚਨਾ ਰਚਾਈਆਂ ਸਨ। ਇਕਾਂਤ ਵਿਚ ਕਈ ਵਾਰੀ ਕਿੰਨੀਆਂ ਕਹਾਣੀਆਂ ਰੰਗਮਾ ਨੇ ਕ੍ਰਿਸ਼ਨ ਜੀ ਨਾਲ ਖੇਡੀਆਂ ਸਨ, ਗੱਲਾਂ ਬਾਤਾਂ ਕੀਤੀਆਂ ਸਨ। ਕਈ ਵਾਰੀ ਉਹ ਕ੍ਰਿਸ਼ਨ ਜੀ ਦੇ ਸਾਮ੍ਹਣੇ ਸ਼ਰਮਾਈ ਸੀ, ਕ੍ਰਿਸ਼ਨ ਲਈ ਕਿੰਨੇ ਹੀ ਸੁਪਨੇ ਵੇਖੇ ਹਨ-ਅਨੇਕਾਂ ਭਜਨ ਵੀ ਯਾਦ ਕੀਤੇ, ਆਪਣੀ ਭਾਵਨਾ ਤੇ ਔਕੜਾਂ ਆਪਣੇ ਦੇਵਤਾ ਦੀ ਸੇਵਾ ਵਿਚ ਨਵੇਦਨ ਕਰ ਚੁਕੀ ਹੈ। ਉਸੇ ਦੇਵਤਾ ਦੇ ਅਜ ਉਸ ਨੂੰ ਸਾਖਯਾਤ ਦਰਸ਼ਨ ਹੋਏ ਹਨ। ਨਾਟਕ ਦੇ ਕ੍ਰਿਸ਼ਨ ਦੇ ਗੁਣ, ਸ਼ਕਲ, ਕੰਮ ਤੇ ਆਪਣੇ ਇਸ਼ਟ ਦੇਵ ਦੇ ਗੁਣ, ਅਨਮਾਨ ਤੇ ਖੇਡਾਂ ਵਿਚ ਕੋਈ ਭੇਦ ਨਹੀਂ ਸੀ। ਦੋਵੇਂ ਬਰਾਬਰ ਸਨ, ਉਸ ਦੇ ਮਨ ਦੇ ਦੇਵਤਾ, ਮਨ ਦੇ ਚੋਰ, ਇਹੋ ਜੀਵ ਦੇ ਜਾਗਦੇ ਕ੍ਰਿਸ਼ਨ ਜੀ ਤਾਂ ਹਨ, ਪਰ ਜਦੋਂ ਇਸਤ੍ਰੀ-ਪੁਰਸ਼ ਸੰਜੋਗ ਲਈ ਉਸ ਦਾ ਪਤੀ ਵੀਰਾਂਡੀ ਉਸ ਦੇ ਬਿਸਤਰੇ ਤੇ ਆਇਆ ਕਰਦਾ, ਤਾਂ ਰੰਗਮਾ ਅੱਖਾਂ ਮੀਟ ਮੀਟ ਉਸ ਨੂੰ ਕ੍ਰਿਸ਼ਨ ਸਮਝਣ ਦਾ ਧੋਖਾ ਆਪਣੇ ਮਨ ਨੂੰ ਦਿਆ ਕਰਦੀ।
ਮਸਤਕ ਤੇ ਨੂਰ, ਦਿਲ ਵਿਚ ਬੀਰਤਾ, ਅੱਖਾਂ ਵਿਚ ਦਯਾ, ਜੀਭ ਵਿਚ ਨਿਮ੍ਰਤਾ, ਗਲ ਬਾਤ ਕਰਨ ਵਿਚ ਸਿਆਣਪ, ਦਿਸਣ ਵਿਚ ਸੁੰਦਰ, ਉਹ ਹਾਸਾ, ਉਹ ਮੁਸਕ੍ਰਾਹਟ, ਉਹ ਪ੍ਰੇਮ, ਕੀ ਉਹ ਉਨ੍ਹਾਂ ਪਾਸ ਇਕ ਦਿਨ ਵੀ ਰਹਿ ਸਕਦੀ ਹੈ -- ਜੇ ਰਹਿ ਵੀ ਸਕੇ, ਤਾਂ ਕੀ? ਉਸ ਦੀਆਂ ਅਨੇਕ ਗੋਪੀਆਂ ਵਿਚ ਉਹ ਵੀ ਇਕ ਹੋਵੇਗੀ ਨਾ---ਕੀ ਉਹ ਉਸ ਦੇ ਨਾਲ ਪ੍ਰੀਤ ਨਹੀਂ ਕਰਨਗੇ? ਉਸ ਨੂੰ ਚੇਤੇ ਆਇਆ।
ਉਸ ਦੇ ਰੂਪ ਨੇ ਮੇਲੇ ਵਿਚ ਕਈ ਦਿਲਾਂ ਨੂੰ ਖਿੱਚ ਪਾਈ ਸੀ ਨਾ? ਕੀ ਉਸ ਨੂੰ ਵੇਖ ਕੇ ਕ੍ਰਿਸ਼ਨ ਜੀ ਦੇ ਨੈਨਾਂ ਵਿਚ ਪਿਆਰ ਨਹੀਂ ਆਇਆ ਹੈ? ਕੀ ਉਨ੍ਹਾਂ ਨੈਨਾਂ ਵਿਚ ਮਮਤਾ ਨਹੀਂ ਦਿਸ ਪਵੇਗੀ? ਉਹ ਬਗਲੇ ਵਾਂਗ ਗਰਦਨ ਤੇ ਕੰਵਲ ਵਰਗੇ ਨੈਨਾਂ ਵਾਲੀ ਗੋਪੀਆਂ ਦੀ ਵੀ ਤਾਂ ਮਿੰਨਤਾਂ ਕਰਦੇ ਸਨ, ਉਨ੍ਹਾਂ ਪਾਸੋਂ ਗਾਲਾਂ ਖਾਂਦੇ ਸਨ। ਕੀ ਫਿਰ ਮੇਰੀ ਸੁੰਦਰਤਾ ਤੇ ਮੋਹਿਤ ਨਾ ਹੋਣਗੇ?
ਉਹ ਕ੍ਰਿਸ਼ਨ ਵੇਸਧਾਰੀ ਸੀ, ਇਹ ਉਹ ਵੀ ਜਾਣਦੀ ਸੀ, ਪਰੰਤੂ ਜਾਣਨਾ ਨਹੀਂ ਸੀ ਚਾਹੁੰਦੀ। ਜੇ ਦਿਲ ਦਾ ਤਸੱਵਰ ਦਿਲੋਂ ਨਿਕਲ ਗਿਆ ਤਾਂ ਸ਼ਰਧਾ ਵੀ ਤਾਂ ਖਿੰਡ ਜਾਣੀ ਹੈ - ਨਹੀਂ, ਉਹ ਕ੍ਰਿਸ਼ਨ ਹੀ ਹੈ, ਜ਼ਰੂਰ ਉਹ ਕ੍ਰਿਸ਼ਨ ਹੈ -- ਮੇਰਾ ਕ੍ਰਿਸ਼ਨ! ਉਹਨੇ ਕ੍ਰਿਸ਼ਨ ਜੀ ਨੂੰ ਵੇਖਿਆ ਹੈ, ਹੱਥ ਜੋੜ ਕੇ ਨਮਸਕਾਰ ਕੀਤੀ ਹੈ, ਕਈ ਤਰ੍ਹਾਂ ਦੀਆਂ ਭਾਵਨਾਂ ਉਸ ਦੇ ਮਨ ਵਿਚ ਆਈਆਂ, ਉਸ ਵਲ ਵੇਖ ਕੇ ਹੀ ਤਾਂ ਉਨ੍ਹਾਂ ਬਿਸ਼ਨ-ਪਦੇ ਪੜ੍ਹੇ ਸਨ, ਭਜਨ ਗਾਏ ਸਨ, ਉਸੇ ਸੰਬੰਧੀ ਤਾਂ ਉਨ੍ਹਾਂ ਪਿਆਰ-ਗੀਤ ਗਾਏ ਸਨ, ਉਸ ਦੇ ਲਈ ਤਾਂ ਉਹ ਉਥੇ ਆਣ ਕੇ ਖੜੋਤੇ ਸਨ, ਉਸ ਦੇ ਵਲ ਹੀ ਵੇਖ ਵੇਖ ਉਹ ਮੁਸਕ੍ਰਾਏ ਸਨ, ਆਪਣੀ ਭਗਵਤੀ ਨੂੰ, ਆਪਣਿਆਂ ਚਰਨਾਂ ਦੀ ਦਾਸੀ ਨੂੰ, ਇਸਤ੍ਰੀ ਪੁਰਸ਼ਾਂ ਦੇ ਉਸ ਇਕੱਠ ਵਿਚ ਵੀ ਉਨਾਂ ਪਛਾਣ ਲਿਆ ਸੀ ।
'ਸ੍ਰਿਸ਼ਟ-ਜਨ ਪਾਲਕ, ਦੁਸ਼ਟ ਸਿੰਘਾਰਨ' ਉਹ ਗੁਣਗਣਾਨ ਲਗੀ: ‘ਓ ਮੇਰੇ ਕ੍ਰਿਸ਼ਨ! ਉਹ ਮੈਨੂੰ ਬੁਲਾ ਰਹੇ ਹਨ, ਉਸ ਲਈ ਵੀ ਥਾਂ ਹੈ ਗੋਪੀਆਂ ਦੇ ਇਕੱਠ ਵਿਚ! ਦੂਰੋਂ ਮਿਠੀ ਬੰਸਰੀ ਦੀ ਧੁਨ ਆ ਰਹੀ ਸੀ, ਉਥੇ ਹੀ ਤਾਂ ਹਨ--ਤਾਂ ਉਹ ਜਾਏ, ਪਿੰਡ ਜਾ ਕੇ ਉਹ ਕੀ ਕਰੇਗੀ? ਇਸ ਸੰਸਾਰ ਦੇ ਲੋਕਾਂ ਨਾਲ ਉਸ ਦਾ ਕੀ ਵਾਸਤਾ? ਪਿੰਡ ਦੇ ਲੋਕਾਂ ਨਾਲ ਉਸ ਦਾ ਕੀ ਮਤਲਬ? ਉਸ ਦਾ ਕ੍ਰਿਸ਼ਨ ਤਾਂ ਇਥੇ ਹੈ। ਫਿਰ ਉਸ ਦੇ ਪਾਵਨ-ਪਵਿੱਤਰ ਹਿਰਦੇ ਨੂੰ ਛਡ ਕੇ ਕਿਸ ਤਰ੍ਹਾਂ ਜਾਏਗੀ ਉਹ ਆਪਣੇ ਪਿੰਡ ਨੂੰ?
ਰੰਗਮਾ ਦੀ ਵਿਚਾਰ-ਲੜੀ ਵਿਚ ਉਥਲ-ਪੁਥਲ ਆਉਣ ਲਗਾ। ਉਸ ਦੀ ਦੁਨੀਆ ਹੀ ਬਦਲ ਗਈ। ਉਹ ਜਿਨ੍ਹਾਂ ਵ੍ਯਿਕਤੀਆਂ ਦੀ ਸਤਿਕਾਰ ਨਾਲ ਪੂਜਾ ਕੀਤਾ ਕਰਦੀ ਸੀ, ਉਹ ਕਾਗ਼ਜ਼ ਦੇ ਪਤਰਿਆਂ ਵਾਂਗ ਗਲ ਗਏ। ਉਸ ਦਾ ਪੁਰਾਣਾ ਭਾਵ ਨਸ਼ਟ ਹੋ ਗਿਆ। ਅਨੰਦ ਦੇ ਨਵੇਂ ਬੂਹੇ ਖੁਲ੍ਹ ਗਏ। ਹੁਣ ਤਕ ਉਸ ਜਿਨ੍ਹਾਂ ਸੁਖ ਅਨੰਦ ਤੇ ਪ੍ਰਸੰਨਤਾ ਦਾ ਅਨੁਭਵ ਕੀਤਾ ਸੀ, ਉਨ੍ਹਾਂ ਹੀ ਉਸ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਉਸ ਦੇ ਮਨ ਉਪਰ ਕ੍ਰਿਸ਼ਨ ਜੀ ਛਾ ਗਏ, ਉਸ ਦੇ ਚਵੀਂ ਪਾਸੀਂ ਵਿਛਿਆ ‘ਸ਼ਹਿਰ ਦਾ ਜਾਦੂ' ਆਖ ਰਿਹਾ ਸੀ:
"ਤੂੰ ਮੇਰੀ ਹੈਂ -- ਇਸ ਪ੍ਰਕਾਸ਼ ਵਿਚ, ਇਸ ਰੌਸ਼ਨੀ ਵਿਚ, ਇਸ ਅਨੰਦ ਵਿਚ, ਤੇਰੀ ਥਾਂ ਹੈ - ਕ੍ਰਿਸ਼ਨ ਦੀ ਗੋਪਕਾ ਬਣਨਾ ਤੇਰਾ ਹੱਕ ਹੈ - ਅੰਧਕਾਰ ਵਿਚ, ਸਾਧਾਰਨ ਸੰਸਾਰ ਵਿਚ, ਮ੍ਰਿਤੂ ਜੀਵਨ ਵਿਚ ਤੂੰ ਨਾ ਜਾ - ਨਾ ਜਾ!" ਇਕ ਨਵੇਕਲੀ ਨੁਕਰ ਵਿਚ ਪਈ ਰੰਗਮਾ ਦੀ ਆਤਮਾ ਖੰਭ ਮਾਰ ਕੇ ਫੜਫੜਾਈ ਤੇ ਅਨੰਤ ਨੀਲੇ ਅਕਾਸ਼ ਵਿਚ ਉਡਾਰੀ ਮਾਰ ਗਈ।
ਤੇ ਇਹ ਸਾਰਾ ਆਵੇਸ਼ ਰਾਤ ਵਾਲੇ ਕ੍ਰਿਸ਼ਨ ਵਿਚ ਮੂਰਤੀਮਾਨ ਹੋਇਆ। ਇਹ ਉਤਸ਼ਾਹ ਤੇ ਦਿਲ ਦੀ ਤੜਪਣ ਕ੍ਰਿਸ਼ਨ ਦੀ ਸੁੰਦਰਤਾ ਦੇ ਕਾਰਨ ਹੀ ਉਤਪਨ ਹੋਈ। ਕ੍ਰਿਸ਼ਨ ਹੀ ਇਤਨਾ ਰੂਪਾਂ ਵਿਚ ਉਸ ਦੇ ਹਿਰਦੇ-ਤਟ ਤੇ ਨਚਦਾ ਰਿਹਾ। ਉਹ ਬੁਲਾ ਰਹੇ ਹਨ, ਉਹ ਬੰਸਰੀ ਨਾਲ ਸਦ ਰਹੇ ਹਨ - ਉਹ ਨੇੜੇ ਆ ਕੇ ਸਦ ਰਹੇ ਹਨ, ਉਨ੍ਹਾਂ ਕੋਲ ਚਲੀ ਜਾਵਾਂ? ਸੰਸਾ ਕਿਉਂ? ਕੀ ਹੋਵੇਗਾ ਉਨਾਂ ਪਾਸ ਜਾਣ ਨਾਲ? ਇਹ ਤੁਛ ਸੰਸਾਰ, ਘਰ ਬਾਰ, ਕੁਟਣਾ, ਪੀਹਣਾ, ਦੁਧ-ਦਹੀਂ ਇਸ ਸਾਰੇ ਕੁਝ ਨਾਲ ਉਸ ਦਾ ਕੀ ਸਬੰਧ ਹੈ? ਉਹ ਕੌਣ ਹੈ? ਉਸ ਦਾ ਪਤੀ ਕੌਣ ਹੈ? ਉਸ ਦੇ ਨਾਲ ਉਸ ਦਾ ਕੀ ਮਨੋਰਥ ਸੀ? ਉਸ ਨਾਲ ਉਸ ਦਾ ਕੀ ਸਰੋਕਾਰ? ਕ੍ਰਿਸ਼ਨ ਜੀ ਤਾਂ ਪ੍ਰਭੂ ਭਗਵਾਨ ਹਨ। ਭਗਤ ਰਖਸ਼ਕ ਤੋ ਗੋਪਕ-ਵਸ ਹਨ। ਉਨ੍ਹਾਂ ਤੋਂ ਵਧ ਆਸਰਾ ਕੌਣ ਹੋ ਸਕਦਾ ਹੈ? ਹੁਣ ਉਨ੍ਹਾਂ ਦੇ ਕੋਲ ਜਾਣਾ ਹੀ ਚਾਹੀਦਾ ਹੈ, ਭਾਵੇਂ ਕੁਝ ਹੋਵੇ। ਪਰੰਤੂ ਨਾਟਕ ਹੁੰਦੇ ਸਮੇਂ ਜਦੋਂ ਕ੍ਰਿਸ਼ਨ ਜੀ ਰੰਗ-ਭੂਮੀ ਵਿਚ ਨਾ ਹੁੰਦੇ, ਤਾਂ ਉਹ ਹੋਰ ਪਾਤਰਾਂ ਦੀ ਰਤਾ ਵੀ ਪ੍ਰਵਾਹ ਨਹੀਂ ਸੀ ਕਰਦੀ। ਪਰਦੇ ਉਪਰ ਉਹ ਅੱਖਾਂ ਗਡੀ ਸੋਚਦੀ ਰਹਿੰਦੀ:
"ਅੰਦਰ ਕ੍ਰਿਸ਼ਨ ਜੀ ਕੀ ਕਰ ਰਹੇ ਹੋਣਗੇ? ਉਥੇ ਕਿੰਨਾ ਅਨੰਦ ਹੋਵੇਗਾ?" ਬਚਪਨ ਵਿਚ ਜੋ ਕੁਝ ਉਸ ਕ੍ਰਿਸ਼ਨ ਜੀ ਦੇ ਬੈਕੁੰਠ-ਧਾਮ ਸਬੰਧੀ ਪੜ੍ਹਿਆ ਸੀ, ਅੱਖਾਂ ਸਾਮਣੇ ਫਿਰ ਗਿਆ - ਉਹੀ ਸਾਰਾ ਕੁਝ ਉਸ ਨੂੰ ਪਰਦੇ ਦੇ ਪਿਛੇ ਪ੍ਰਤੀਤ ਹੋਇਆ: "ਦਾਸੀਆਂ ਸੇਵਾ ਕਰਦੀਆਂ ਹੋਣਗੀਆਂ? ਹਾਇ! ਕਦੇ ਉਹ ਵੀ ਉਨਾਂ ਦੀ ਝੋਲੀ ਵਿਚ ਬੈਠੀ ਹੋਵੇ", ਉਸ ਦੇ ਸਰੀਰ ਵਿਚ ਕੰਬਣੀ ਛਿੜ ਪਈ।
ਤਾਂ ਉਥੇ ਹੀ ਜਾਉ, ਉਹ.....ਉਹੀ ਤਾਂ ਕ੍ਰਿਸ਼ਨ ਦਾ ਅਸਥਾਨ ਹੈ ਤੇ ਕ੍ਰਿਸ਼ਨ ਦੇ ਚਰਨਾਂ ਵਿਚ ਉਸਦਾ........। 
‘ਜਾਣਾ ਚਾਹੀਦਾ ਹੈ, ਇਸ ਵਿਚ ਚਿਰ ਕਰਨਾ ਨੀਚਤਾ ਹੈ, ਕ੍ਰਿਸ਼ਨ ਜੀ ਤੇਰੇ ਲਈ ਜਮਨਾ-ਤਟ ਉਪਰ ਬ੍ਰਿਹੋਂ-ਗੀਤ ਗਾ ਰਹੇ ਹਨ, ਜਾ, ਫਿਰ ਚੁਲ੍ਹੇ ਚੌਕੇ ਦੇ ਝੰਜਟ ਵਿਚ ਨਾ ਫਸ", ਉਸ ਦਾ ਹਿਰਦਾ ਆਖਣ ਲਗਾ।
ਪਰੰਤੂ ਸਿਰ ਸੁਟੀ ਅਗੇ ਅਗੇ ਟੁਰੇ ਜਾਂਦੇ ਵੀਰਾਂਡੀ ਦਾ ਕੀ ਕਰੇ, ਇਹ ਸਾਰਾ ਕੁਝ ਸਮਝ ਵਿਚ ਕਿਉਂ ਨਹੀਂ ਆਉਂਦਾ?
ਉਹ ਇਕੋ ਵਾਰ ਖੜੋ ਗਈ, ਵੀਰਾਂਡੀ ਨੇ ਪਿਛੇ ਪਰਤ ਕੇ ਵੇਖਿਆ ਤੇ ਫੇਰ ਬੁਲਾਇਆ : 
‘ਰੰਗਮਾ!'
ਰੰਗਮਾ ਖਲੋਤੀ ਰਹੀ, ਕੋਈ ਉੱਤਰ ਨਾ ਦਿਤਾ। ਵੀਰਾਂਡੀ ਨੇ ਫੇਰ ਉਚੀ ਦੇ ਕੇ ਆਖਿਆ:
‘ਰੰਗਮਾ!'
ਫੇਰ ਉਚੀ, ‘ਰੰਗਮਾ!'
'ਹਾਂ।'
ਰਾਹ ਜਾਂਦੇ ਲੋਕੀ ਖਲੋ ਕੇ ਵੇਖਣ ਲਗੇ।
‘ਤੇਰਾ ਕੈਂਠਾ ਕਿਥੇ ਆ ਰੰਗਮਾ?'
ਰੰਗਮਾ ਨੇ ਅੱਖਾਂ ਚੁਕ ਕੇ ਤੱਕਿਆ।
‘ਤੇਰਾ ਕੈਂਠਾ!'
‘ਕੈਂਠਾ! ਕੈਂਠਾ! ਕੈਂਠਾ ਕੀ.....!' ਸੁਪਨੇ ਵਿਚੋਂ ਜਾਗ ਕੇ ਰੰਗਮਾ ਬੋਲੀ। ਰੰਗਮਾ ਹਰਿਆਨੀ ਭਰੀਆਂ ਅੱਖਾਂ ਨਾਲ ਵੀਰਾਂਡੀ ਵਲ ਵੇਖਦੀ ਰਹੀ।
‘ਬਿਟਰ ਬਿਟਰ ਕੀ ਵੇਖਦੀ ਐਂ! ਕੈਂਠਾ ਕਿਥੇ ਆ?' 
‘ਕੈਂਠਾ?'
'ਹਾਂ, ਕੈਂਠਾ, ਕੈਂਠਾ!'
'ਕੈਂਠਾ!'
'ਬਸ ਕੈਂਠਾ ਗਿਆ - ਗਿਆ ਗੁਵਾਚ ਗਿਆ।'
‘ਕੈਂਠਾ ਗਿਆ, ਨਹੀਂ ਹੈ ਕੈਂਠਾ।'
ਵੀਰਾਂਡੀ ਨੂੰ ਬੜਾ ਅਸਚਰਜ ਹੋਇਆ, ਰੰਗਮਾ ਜਹੀ ਗਹਿਣਿਆਂ ਦੀ ਪਿਆਰੀ, ਗਹਿਣੇ ਪਿਛੇ ਜਿੰਦ ਦੇਣ ਵਾਲੀ ਚੁਪ ਚਾਪ ਹੈ।
ਰੰਗਮਾ ਸੋਚ ਰਹੀ ਸੀ ਗਿਆ ਤਾਂ ਗਿਆ ਸਹੀ, ਕੈਂਠਾ ਹੀ ਸੀ ਨਾ, ਮੈਂ ਕੀ ਕਰਨਾ ਹੈ ਕੈਂਠਾ, ਗੁਆਚ ਗਿਆ, ਜਾਣ ਦੇ।' ਵੀਰਾਂਡੀ ਫਿਰ ਬੋਲਿਆ:
‘ਕੈਂਠੇ ਦਾ ਕੋਈ ਖ਼ਿਆਲ ਨਹੀਂ?'
'ਕਿਧਰੇ ਡਿਗ ਹੀ ਪਿਆ ਹੈ!' 
‘ਪੰਜ ਸੌ ਦਾ ਕੈਂਠਾ -- ਤੇ ਡਿਗ ਪਿਆ ਕਿਧਰੇ?'
‘ਕਿਥੇ ਡਿਗਾ ਈ?'
'ਪਤਾ ਨਹੀਂ।'
'ਪਤਾ ਨਹੀਂ! ਹੋਸ਼ ਵਿਚ ਹੈ ਜਾਂ ਬੇਸੁਰਤ ਹੈ?'
'ਚੁਪ!'
‘ਬੇਵਕੂਫ਼ ਕਿਧਰੋਂ ਦੀ, ਟੁਰ ਹੁਣ!'
ਰੰਗਮਾ ਨੇ ਕੁਝ ਨਾ ਸੁਣਿਆ, ਕੁਝ ਚਿਰ ਉਸੇ ਤਰ੍ਹਾਂ ਖਲੋਤੀ ਰਹੀ। ਫਿਰ ਖਲੋਤੇ ਖਲੋਤੇ ਉਸ ਵੀਰਾਂਡੀ ਵਲ ਵੇਖਿਆ, ਅਖ਼ੀਰ ਉਸ ਦੇ ਪਿਛੇ ਪਿਛੇ ਤੁਰਨ ਲਗੀ, ਜਿਵੇਂ ਸੁਪਨੇ ਦੀ ਦੁਨੀਆਂ ਵਿਚ ਤੁਰੀ ਜਾਂਦੀ ਹੈ। ਉਹ ਮੁੜ ਉਸੇ ਰਾਹ ਤੁਰ ਪਏ, ਜਿਧਰੋਂ ਹੁਣੇ ਹੀ ਆਏ ਸਨ - ਘਰ, ਗਡੇ, ਆਦਮੀ, ਲਾਲਟੈਨਾਂ, ਸਾਰਾ ਕੁਝ ਉਹਨੂੰ ਤੁਫ਼ਾਨ ਵਿਚ ਭਜੇ ਜਾਂਦੇ ਮਲੂਮ ਹੋਏ, ਮਾਨੋ ਉਸ ਦੇ ਪੈਰ ਧਰਤੀ ਉਪਰ ਨਹੀਂ ਪੈ ਰਹੇ ਸਨ, ਸਗੋਂ ਕੋਈ ਉਚੇਚੀ ਅਲੌਕਕ ਵਸਤੂ ਪ੍ਰਾਪਤ ਕਰਨ ਲਈ ਉਸ ਦਾ ਹਿਰਦਾ ਉਸ ਨੂੰ ਉਡਾਈ ਲਿਜਾ ਰਿਹਾ ਸੀ। ਦੋਵੇਂ ਉਸੇ ਨਾਟਕ ਵਾਲੇ ਪੰਡਾਲ ਕੋਲ ਪੁਜ ਗਏ, ਰੌਸ਼ਨੀ ਬੁਝ ਚੁਕੀ ਸੀ, ਇਸ ਲਈ ਰੰਗਮਾ ਪਛਾਣ ਨਾ ਸਕੀ।
‘ਤੂੰ ਏਥੇ ਹੀ ਖਲੋ, ਮੈਂ ਅੰਦਰ ਵੇਖ ਆਉਂਦਾ ਹਾਂ।'
‘ਕੀ?'
'ਕੀ ਤੂੰ ਨਹੀਂ ਜਾਣਦੀ? ਕੈਂਠਾ; ਹੋਰ ਕੀ?'
‘ਕੈਂਠਾ!'
ਵੀਰਾਂਡੀ ਅੰਦਰ ਤੁਰ ਗਿਆ, ਰੰਗਮਾ ਸੋਚ ਰਹੀ ਸੀ,'ਕੈਂਠੇ ਵਾਸਤੇ ਐਡਾ ਪਾਗਲ-ਪਣ!' ਹੌਲੀ ਜਹੀ ਉਸ ਮੁੜ ਕੇ ਵੇਖਿਆ। ਕੁਝ ਬੰਦੇ ਨੇੜੇ ਹੀ ਗੱਲਾਂ ਕਰ ਰਹੇ ਸਨ। ਹੁਣ ਉਸ ਨੂੰ ਪਤਾ ਲਗਾ ਕਿ ਉਹ ਨਾਟਕ ਵਾਲੇ ਪੰਡਾਲ ਕੋਲ ਹੀ ਖਲੋਤੀ ਹੈ। ਅੰਦਰ ਹੀ ਤਾਂ ਕ੍ਰਿਸ਼ਨ ਜੀ ਹੋਣਗੇ! ਉਹ ਉਥੇ ਹੀ ਖਲੋਤੀ ਰਹੀ - ਸ਼ਾਇਦ ਕ੍ਰਿਸ਼ਨ ਜੀ ਬਾਹਰ ਹੀ ਆਵਣ, ਸ਼ਾਇਦ ਉਹ ਹਨੇਰੇ ਵਿਚ ਦਿਸੇ ਵੀ ਨਾ, ਵੇਖਣਗੇ ਤਾਂ ਕੀ ਆਖਣਗੇ? ਉਹ ਸੋਚਣ ਲਗੀ ਤੇ ਉਸ ਦਾ ਦਿਲ ਧੜਕਣ ਲਗਾ।
'ਕਿਉਂ? ਕਿਉਂ ਖੜੀ ਏਂ ਏਥੇ?' ਕਿਸੇ ਨੇ ਨੇੜੇ ਹੋ ਕੇ ਪੁਛਿਆ।
‘ਕ੍ਰਿਸ਼ਨ ਲਈ!’ ਰੰਗਮਾ ਨੇ ਉੱਤਰ ਦਿੱਤਾ। 
‘ਕੌਣ? ਕ੍ਰਿਸ਼ਨ! ਕ੍ਰਿਸ਼ਨ ਜੀ ਲਈ?'
"ਕਿਡਾ ਮੂਰਖ ਹੈ! ਪੁਛਦਾ ਹੈ, 'ਕੌਣ ਕ੍ਰਿਸ਼ਨ, ਕੌਣ ਕ੍ਰਿਸ਼ਨ।' ਕ੍ਰਿਸ਼ਨ ਜੀ ਨੂੰ ਕੌਣ ਨਹੀਂ ਜਾਣਦਾ?"
'ਅਜ ਕ੍ਰਿਸ਼ਨ ਬਣੇ ਸਨ ਜਿਹੜੇ?'
ਪਰੰਤੂ ਉਸ ਦਿਲ ਵਿਚ ਸੋਚਿਆ ਮੈਂ ਭੁਲ ਕੀਤੀ ਹੈ, ਇਹ ਨਹੀਂ ਸੀ ਪੁਛਣਾ ਚਾਹੀਦਾ, ਇਹ ਆਖ ਕੇ ਮੈਂ ਪਾਪ ਕੀਤਾ ਹੈ।
'ਕ੍ਰਿਸ਼ਨ ਜੀ! ਕੀ ਨਾਰਾਇਣ ਰਾਉ ਜੀ?'
ਉਹ ਚੁਪ ਰਹੀ।
‘ਜਾਣਦੀ ਏਂ ਉਸ ਨਾਰਾਇਣ ਨੂੰ?'
‘ਕੌਣ ਨਹੀਂ ਜਾਣਦਾ ਉਨ੍ਹਾਂ ਨੂੰ?' ਰੰਗਮਾ ਕ੍ਰਿਸ਼ਨ ਜੀ ਅਤੇ ਨਾਰਾਇਣ ਵਿਚ ਕੋਈ ਭੇਦ ਨਹੀਂ ਸੀ ਸਮਝਦੀ।
'ਏਧਰ ਆ ਜਾ ਫੇਰ।'
ਰੰਗਮਾ ਦੇ ਪੈਰ ਕੰਬਣ ਲਗੇ, 'ਕੀ ਸਚਮੁਚ ਦਰਸ਼ਨ ਹੋਣਗੇ? ਅਜ ਹੀ, ਹੁਣੇ ਹੀ, ਕਿੰਨੇ ਚੰਗੇ ਭਾਗਾਂ ਵਾਲੀ ਹਾਂ ਮੈਂ!' ਉਹ ਪਿਛੇ ਪਿਛੇ ਟੁਰ ਪਈ।
‘ਏਥੇ ਹੀ ਖੜੋ।'
ਉਹ ਆਦਮੀ ਅੰਦਰ ਚਲਾ ਗਿਆ। ਰੰਗਮਾ ਬੂਹੇ ਕੋਲ ਖਲੋਤੀ ਰਹੀ। ਉਸ ਚਵ੍ਹੀਂ ਪਾਸੀਂ ਵੇਖਿਆ, ਹਨੇਰਾ, ਘਟਾ-ਮਿੱਟੀ ਅਤੇ ਗੰਦਗੀ। ਇਹ ਇਸ ਤਰਾਂ ਕਿਉਂ ਹੈ? ਕ੍ਰਿਸ਼ਨ ਦੇ ਰਹਿਣ ਦਾ ਘਰ? ਬੈਕੁੰਠ ਧਾਮ। ਨਹੀਂ ! ਨਹੀਂ ! ਉਹ ਏਥੇ ਨਹੀਂ ਸਕਦੇ। ਉਸ ਸੋਚਿਆ।
‘ਮੈਂ ਭੁਲ ਕੀਤੀ ਹੈ, ਠੀਕ ਥਾਂ ਨਹੀਂ ਆਈ । ਪਰੰਤੂ ਜੇ ਕ੍ਰਿਸ਼ਨ ਜੀ ਆਉਣ ਤੇ ਪੁਛਣ ਕਿ ‘ਤੂੰ ਕੌਣ ਹੈਂ ? ਤਾਂ ਮੈਂ ਕੀ ਉੱਤਰ ਦਿਆਂਗੀ?
ਉਤਰ ਕੀ ? ਉਹ ਉਨ੍ਹਾਂ ਦੇ ਪਵਿੱਤਰ ਚਰਨਾਂ ਵਿਚ ਡਿਗ ਕੇ ਤੇ ਆਪਣੇ ਹੰਝੂਆਂ ਨਾਲ ਚਰਨ ਧੋ ਕੇ ਆਖੇਗੀ:
‘ਪ੍ਰਭੁ ਜੀ, ਮੇਰਾ ਜਨਮ ਸਫ਼ਲ ਹੋ ਗਿਆ।' ਤੇ ਉਨ੍ਹਾਂ ਦੇ ਮੁਖ-ਕਮਲ ਵਲ ਵੇਖ ਕੇ ਫੇਰ ਆਖੇਗੀ:
‘ਦਾਸੀ ਨੂੰ ਦਰਸ਼ਨ ਦੇ ਕੇ ਤੁਸੀਂ ਦਾਸੀ ਦੇ..........।'

++++

'ਉਏ, ਤੈਨੂੰ ਬਾਹਰ ਕੋਈ ਮਿਲਣ ਆਇਆ ਈ !' 
‘ਕੌਣ?'
'ਪਤਾ ਨਹੀਂ ਕੌਣ?'
'ਉਹ ਬੇਕਟ ਰਾਮ ਹੀ ਤਾਂ ਨਹੀਂ ਕਿਧਰੇ ? ਉਸ ਦੇ ਚਾਰ ਆਨੇ ਬਾਕੀ ਨੇ, ਭੜੂਆ ਉਸ ਲਈ ਜਾਨ ਖਾ ਗਿਆ ਹੈ।'
‘ਨਹੀਂ ਓਏ, ਅਜ ਤਾਂ ਕੋਈ ਗੋਪੀ ਊ!’ 
‘ਜਾ ਓਏ ਜਾ ਗੋਪੀ।'
'ਸਚ! ਰਤਾ ਬਾਹਰ ਜਾ ਕੇ ਵੇਖ ਤਾਂ ਸਹੀ।'
ਆ ਰਹੇ ਨੇ, ਰੰਗਮਾ ਸ਼ਰਮਾ ਗਈ, ਉਹ ਸਹਿਮੀ ਹੋਈ ਇਕ ਨੁਕਰ ਵਿਚ ਜਾ ਖੜੋਤੀ ਤੇ ਕ੍ਰਿਸ਼ਨ ਜੀ ਵਲ ਕੰਬਦੀਆਂ ਨਜ਼ਰਾਂ ਨਾਲ ਵੇਖਣ ਲਗੀ। ਲੰਬੀ ਕਮੀਜ਼ ਪਾਈ, ਜ਼ੁਲਫ਼ਾਂ ਵਾਲਾ ਸੁੰਦਰ ਗਭਰੂ, ਜਿਸ ਦੇ ਮੂੰਹ ਉਪਰ ਅਜੇ ਵੀ ਸਫ਼ੈਦਾ ਮਲਿਆ ਹੋਇਆ ਸੀ। ਲਾਲ ਸੁਰਖ ਹੋਠ, ਮੂੰਹ ਵਿਚੋਂ ਬੀੜੀ ਦਾ ਧੂੰਆਂ ਛਡਦਾ ਵੇਸ-ਧਾਰੀ ਕ੍ਰਿਸ਼ਨ, ਸ੍ਰੀ ਮਾਨ ਐਮ, ਨਰੈਣ ਰਾਉ ਸਾਮ੍ਹਣੇ ਖੜੋਤਾ ਸੀ: 
“ਕੌਣ ਏਂ ਤੂੰ?"
ਚੁੱਪ।
"ਕੀ ਗਲ ਏ?”
ਰੰਗਮਾ ਸੋਚ ਰਹੀ ਸੀ -- ਕੌਣ ਹੈ ਇਹ? ਉਹ ਕਿਹੋ ਜਿਹਾ, ਇਹ ਕਿਹੋ ਜਿਹਾ? ਉਹ ਹੌਲੀ ਹੌਲੀ ਹੋਰ ਨੁਕਰ ਵਿਚ ਹੁੰਦੀ ਗਈ। ਸਹਿਜੇ ਸਹਿਜੇ ਅਸਲ ਸਚਾਈ ਉਸ ਦੇ ਸਾਮ੍ਹਣੇ ਆ ਰਹੀ ਸੀ, ਪਰੰਤੂ ਉਹ ਪੁਛ ਰਹੇ ਹਨ, ਕੋਈ ਉਤਰ ਦੇਣਾ ਹੀ ਚਾਹੀਦਾ ਹੈ। ਹੁਣ ਕੀ ਕੀਤਾ ਜਾਏ? ਕੁਝ ਨਾ ਕੁਝ ਕਰਨਾ ਹੀ ਪਏਗਾ, ਅਸਲ ਵਿਚ ਉਹ ਇਥੇ ਆਈ ਹੀ ਕਿਉਂ?
“ਅਜ ਤੁਸਾਂ ਬਹੁਤ ਚੰਗਾ ਗਾਇਆ।"
ਹੋਰ ਕੀ ਆਖੇ? ਰੰਗਮਾ ਨੇ ਇੰਨਾ ਹੀ ਆਖਿਆ। 
ਉਹ ਰੰਗਮਾ ਵਲ ਘੂਰ ਘੂਰ ਕੇ ਵੇਖ ਰਿਹਾ ਸੀ।
'ਤੂੰ ਕੌਣ ਹੈਂ?' ਨਰੈਣ ਰਾਉ ਨੇ ਫੇਰ ਪੁਛਿਆ।
ਉਹ ਚੁਪ ਰਹੀ ਪਰ ਸੋਚਦੀ ਰਹੀ ਕੀ ਬੈਕੁੰਠ-ਵਾਸੀ ਕ੍ਰਿਸ਼ਨ ਇਹੋ ਹੈ? ਉਸ ਨੂੰ ਭਗਵਤ ਗੀਤਾ ਦੇ ਅਧਿਆਇ ਚੇਤੇ ਆਏ। ਉਸ ਸੋਚਿਆ ਅੰਦਰ ਜਾ ਕੇ ਵੇਖੇ - ਕਿਸੇ ਸ਼ਕਤੀਮਾਨ ਕ੍ਰਿਸ਼ਨ ਨੂੰ, ਇਹੋ ਕ੍ਰਿਸ਼ਨ ਹੈ? ਇਹ ਨਹੀਂ ਹੋ ਸਕਦਾ - ਨਾਗਣੀ ਨਥਣ ਵਾਲਾ, ਦੁਸ਼ਟ ਦਮਨ, ਰਾਧਿਕਾਂ ਦਾ ਪਿਆਰਾ, ਮੁਰਲੀ ਧਰ, ਇਹ, ਇਹ ਕ੍ਰਿਸ਼ਨ? ਮਨ ਉਸ ਦੀਆਂ ਇਛਾਂ ਵਿਰੁਧ ਸੋਚਾਂ ਵਿਚ ਪੈ ਗਿਆ।
'ਤੂੰ ਕਿਉਂ ਆਈ ਹੈ?' ਨਰੈਣ ਰਾਉ ਨੇ ਆਖਿਆ।
'ਤੁਹਾਨੂੰ ਵੇਖਣ ਲਈ।' ਉਸ ਜ਼ਬਰਦਸਤੀ ਉੱਤਰ ਦਿਤਾ।
'ਏਧਰ ਆਓ ਫਿਰ ਬੈਠੋ।'
'ਨਹੀਂ ਜੀ! ਮੈਂ ਜਾਂਦੀ ਹਾਂ।' ਉਹ ਕਿਸੇ ਨਾ ਕਿਸੇ ਤਰ੍ਹਾਂ ਉਥੋਂ ਤੁਰ ਜਾਣਾ ਚਾਹੁੰਦੀ ਸੀ।
'ਹੁਣੇ ਹੀ ਜਾਂਦੇ ਹੋ?'
'ਹਾਂ ਹੁਣੇ ਹੀ।'
'ਫੇਰ ਆਏ ਕਿਉਂ ਸੀ? ਬੈਠੋ।'
'ਨਹੀਂ, ਉਹ ਉਧਰ ਉਡੀਕਦੇ ਹੋਣਗੇ।'
'ਕੌਣ? ਕਿਥੇ?'
'ਓਧਰ।' 
‘ਆ ਅੰਦਰ, ਚਲੀ ਜਾਵੀਂ।'
ਅੰਦਰ ਚਾਨਣਾ ਸੀ। ਉਸ ਦੇ ਪ੍ਰਕਾਸ਼ ਵਿਚ ਰੰਗਮਾ ਦਾ ਸ਼ਰਮ ਨਾਲ ਦੋਹਰਾ ਹੁੰਦਾ ਲਕ, ਉਸ ਦੀਆਂ ਗਲਾਂ ਦੀ ਚਿਕਨਾਹਟ, ਉਸ ਦੇ ਸੁੰਦਰ ਕੇਸਾਂ ਦੀ ਲਿਸ਼ਕ, ਉਸ ਦੀ ਕਸੀ ਹੋਈ ਚੋਲੀ ਵਿਚ ਉਭਰਿਆ ਹੋਇਆ ਜੋਬਨ - ਇਨ੍ਹਾਂ ਸਾਰੀਆਂ ਚੀਜ਼ਾਂ ਨੇ ਨਰੈਣ ਰਾਉ ਦੇ ਮਨ ਨੂੰ ਮੋਹ ਲਿਆ। ਆਉ! ਆਉ! ਆਖਦਿਆਂ ਉਹ ਰੰਗਮਾ ਦੇ ਨੇੜੇ ਆ ਗਿਆ। ਉਹ ਪਿਛੇ ਹਟੀ, ਉਹ ਤੁਰ ਜਾਣਾ ਚਾਹੁੰਦੀ ਸੀ, ਪਰੰਤੂ ਕਿਵੇਂ ਜਾਏ। ਨਰੈਣ ਰਾਉ ਉਸ ਦੇ ਮੋਢੇ ਉਪਰ ਹਥ ਰਖੀ ਉਸ ਨੂੰ ਅੰਦਰ ਖਿਚ ਰਿਹਾ ਸੀ। ਉਸ ਦੀਆਂ ਸ਼ਰਾਬੀ ਅੱਖਾਂ ਵਿਚ ਬੇਸ਼ਰਮ ਮਸਤੀ ਤੇ ਲਾਲ ਸੁਰਖ਼ ਬੁਲਾਂ ਤੇ ਵਾਹਯਾਤ ਹਾਸਾ ਛਲਕ ਰਿਹਾ ਸੀ। ਰੰਗਮਾ ਭੈ-ਭੀਤ ਹੁੰਦੀ ਜਾਂਦੀ, ਵਿਚਾਰੀ ਨਿਰਾਸ ਤੇ ਲਾਚਾਰ ਰੰਗਮਾ ਨੂੰ ਕੁਝ ਵੀ ਨਹੀਂ ਸੀ ਸੁਝ ਰਿਹਾ।
ਬਦਬੋ ਉਸ ਦੇ ਮੂੰਹ ਵਿਚੋਂ ਆ ਰਹੀ ਸੀ - ਸ਼ਰਾਬ ਦੀ ਬਦਬੋ, ਜਿਸ ਨਾਲ ਰੰਗਮਾ ਦਾ ਸਿਰ ਪਾਟ ਰਿਹਾ ਸੀ। ਇਹ ਕਿਹੋ ਜਿਹਾ ਕ੍ਰਿਸ਼ਨ ਹੈ - ਰੰਗਮਾ ਅਸਚਰਜ ਸੀ।
'ਖੜੋਵੋ ਜੀ, ਸੁਣੋ ਤਾਂ ਸਹੀ।'
'ਮੇਰੇ ਲਈ ਹੀ ਆਈ ਹੈਂ ਨਾ!'
'ਨਹੀਂ।'
'ਮੈਂ ਹੀ ਤਾਂ ਕ੍ਰਿਸ਼ਨ ਹਾਂ।'
'ਨਹੀਂ।'
'ਰਤਾ ਬੈਠ, ਫਿਰ ਚਲੀ ਜਾਵੀਂ।'
'ਨਹੀਂ।'
'ਕਾਹਲੀ ਕੀ ਹੈ?'
'ਤੁਸੀ ਭੁਲੇਖੇ ਵਿਚ ਹੋ, ਮੈਨੂੰ ਛਡ ਦਿਉ।’
ਉਹ ਮੁੜਕੋ ਮੁੜਕੀ ਹੁੰਦੀ ਜਾਂਦੀ। ਸ਼ਰਾਬ ਦੇ ਲੋਰੇ ਅਤੇ ਬਦਬੋ ਵਿਚ ਉਹ ਖਿਚੀ ਜਾ ਰਹੀ ਸੀ । 'ਉਰੇ ਆਵੀਂ' ਨਰੈਣ ਰਾਉ ਆਖਦਾ ਹੋਇਆ ਉਸ ਨੂੰ ਆਪਣੇ ਅੰਦਰ ਧੂਹੀ ਲੈ ਜਾ ਰਿਹਾ ਸੀ।
'ਹਾਏ ਰੱਬਾ!'
ਉਹ ਕੀ ਕਰ ਸਕਦੀ ਹੈ, ਹੁਣ ਉਸ ਨੂੰ ਆਪਣਾ ਬਲਵਾਨ ਪਤੀ ਚੇਤੇ ਆਇਆ, ਜਿਸ ਦਾ ਸਡੌਲ ਸਰੀਰ ਉਹ ਵੇਖ ਕੇ ਪ੍ਰਸੰਨ ਹੋ ਜਾਂਦੀ ਸੀ -- ਜਿਹੜਾ ਹੁਣ ਵੀ ਕਿਧਰੇ ਉਸ ਦਾ ਕੈਂਠਾ ਲਭਦਾ ਫਿਰਦਾ ਹੈ। ਪਤੀ ਉਪਰ ਉਸ ਨੂੰ ਤਰਸ ਆਇਆ, ਉਸ ਦੀਆਂ ਅੱਖਾਂ ਚੇਤੇ ਆਈਆਂ - ਜਿਹੜੀਆਂ ਗੁਆਚੇ ਕੈਂਠੇ ਦਾ ਫ਼ਿਕਰ ਭੁਲ ਕੇ ਗੁਵਾਚੀ ਹੋਈ ਰੰਗਮਾ ਲਈ ਬੇਹਬਲ ਹੋ ਰਿਹਾ ਹੋਵੇਗਾ! ਕੈਂਠਾ - ਸੋਨੇ ਦਾ ਕੈਂਠਾ - ਪੰਜ ਸੌ ਦਾ ਕੈਂਠਾ - ਗੁਮ ਹੋ ਗਿਆ, ਪਰੰਤੂ ਉਸ ਨੇ ਇਕ ਕੌੜੀ ਗੱਲ ਨਾ ਆਖੀ, ਕਿੰਨੀ ਦਲੇਰੀ, ਕਿੰਨੀ ਉਦਾਰਤਾ! ਸਾਰਾ ਕੁਝ ਚੇਤੇ ਆਇਆ - ਘੁਪ ਹਨੇਰੇ ਵਿਚ, ਪਰ ਨਰੈਣ ਰਾਉ ਉਸ ਨੂੰ ਖਿਚੀ ਜਾ ਰਿਹਾ ਸੀ - ਆਪਣੇ ਅੰਦਰ। 
‘ਵੀਰਾਂਡੀ! ਵੀਰਾਂਡੀ!' ਅਜ ਪਹਿਲੀ ਵਾਰ ਉਸ ਨੇ ਪਤੀ ਦਾ ਨਾਂ ਲੈ ਕੇ ਉਸ ਨੂੰ ਅਵਾਜ਼ ਮਾਰੀ।
ਪੈਰਾਂ ਦਾ ਖੜਾਕ ਹੋਇਆ।
'ਕੁਝ ਨਹੀਂ; ਤੁਸੀ ਏਧਰ ਨਾ ਆਓ।'
ਪੈਰਾਂ ਦਾ ਖੜਾਕ ਮੁਕ ਗਿਆ।
'ਕਿਉਂ ਆਈ ਸੈਂ?'
'ਨਹੀਂ।'
‘ਮੇਰੇ ਲਈ ਹੀ ਆਈ ਸੈਂ ਨਾ?'
'ਨਹੀਂ।'
'ਜੇ ਤੇਰੀ ਅਵਾਜ਼ ਕੋਈ ਸੁਣ ਵੀ ਲਵੇ ਤਾਂ ਵੀ ਇਥੇ ਕੋਈ ਨਹੀਂ ਆ ਸਕਦਾ।'
'ਛਡ ਦਿਉ।'
'ਤੂੰ ਆਪ ਹੀ ਤਾਂ ਮੇਰੇ ਕੋਲ ਆਈ ਹੈਂ।'
ਹਾਏ ਰੱਬਾ! ਹੁਣ ਉਹ ਕੀ ਕਰੇ, ਸ਼ਰਾਬ ਅਤੇ ਬੀੜੀ ਦੀ ਮੁਸ਼ਕ, ਬੇਸ਼ਰਮ ਹਾਸਾ, ਅੱਖਾਂ ਵਿਚ ਘਿਰਣਾ ਭਰੀ ਮਸਤੀ, ਫੁਲਫੁਲਾ ਸਰੀਰ - ਥੋੜੀ ਜਹੀ ਆਸ ਸੀ, ਉਹ ਵੀ ਮੁਕ ਗਈ। ਹੁਣ ਉਹ ਪਿਆਰੇ ਪਤੀ ਦੇ ਸਾਮ੍ਹਣੇ ਕੀ ਮੂੰਹ ਵਿਖਾਏਗੀ? ਫਿਟਕਾਰ, ਗਾਲ੍ਹੀਆਂ, ਜ਼ਾਤ ਬਿਰਾਦਰੀ ਵਿਚ ਬੇਇਜ਼ਤੀ, ਨਹੀਂ, ਨਹੀਂ, ਉਹ ਭੱਜੀ, ਦੌੜੀ, ਕੁਦੀ ਟਪੀ, ਬੋਲੀ ਤੇ ਅਨੇਕਾਂ ਗਾਲ੍ਹਾਂ ਦਿਤੀਆਂ - ਪਰੰਤੂ.... ......|

++++

ਉਸੇ ਹੀ ਰੰਗ-ਭੂਮੀ ਵਿਚ ਕਈ ਵਾਰੀ ਦਰੋਪਤੀ ਦੀ ਲੱਜਿਆ ਰਖੀ ਹੈ ਭਗਵਾਨ ਨੇ -- ਉਸੇ ਰੰਗ-ਭੂਮੀ ਵਿਚ ਰਾਜਾ ਹਰੀਸ਼ ਚੰਦਰ ਦੇ ਸਤਿ ਦੀ ਰਖਸ਼ਾ ਹੋਈ ਹੈ, ਪ੍ਰਹਿਲਾਦ ਦੀ ਰਖਸ਼ਾ ਹੋਈ ਹੈ, ਪਰ ਏਸ ਦੀ ਵਾਰ ਪਤਾ ਨਹੀਂ ਸਾਰਿਆਂ ਦੀਆਂ ਅੱਖਾਂ ਤੇ ਕੰਨ ਕਿਉਂ ਬੰਦ ਕਰ ਲਏ ਹਨ? ਉਨ੍ਹਾਂ ਦਾ ਵਿਸ਼ਵਾਸ ਕਰ ਕੇ, ਉਨਾਂ ਦਾ ਆਸਰਾ ਲੈ ਕੇ, ਉਹ ਪ੍ਰਾਰਥਨਾ ਕਰ ਰਹੀ ਹੈ। ਓਏ ਭਗਵਾਨ! ਦਰੋਪਤੀ, ਹਰੀਸ਼ ਚੰਦਰ ਤੇ ਪ੍ਰਹਿਲਾਦ ਉਪਰ ਕ੍ਰਿਪਾਲਤਾ ਕਰਨ ਵਾਲੇ - ਕੀ ਉਨਾਂ ਨੂੰ ਸੁਣ ਨਹੀਂ ਰਿਹਾ? ਮੇਰੀ ਪੁਕਾਰ ਨਹੀਂ ਸੁਣਨਗੇ? ਉਹ ਕਿਧਰੇ ਰਾਧਕਾਂ ਦੇ ਪ੍ਰੇਮ ਵਿਚ ਮਸਤ ਮੁਰਲੀ ਵਜਾ ਰਹੇ ਹੋਣਗੇ -- ਆਪਣੀ ਸੁਧ ਬੁਧ ਗੁਵਾ ਕੇ ਉਨ੍ਹਾਂ ਨੂੰ.......।
ਹਾਏ ਮੇਰਿਆ ਰੱਬਾ!...ਹੇ ਪ੍ਰਮਾਤਮਾ......... ! ਨਹੀਂ ਜੀ ਨਹੀਂ........! ਮੈਂ ਨਹੀਂ! ਮੈਂ ਨਮਸਕਾਰ ਕਰਦੀ ਆਂ.......... ਮੈਂ ਹੱਥ ਜੋੜਦੀ ਹਾਂ........ਮੈਂ ਬੇਵਕੂਫ਼ ਹਾਂ.........ਮੈਂ ਮੂਰਖ ਹਾਂ......... ਮੈਨੂੰ ਛਡ ਦਿਉ............ਜੀ, ਮੈਂ ਪੈਰੀਂ ਪੈਂਦੀ ਹਾਂ....ਮੈਂ ਇਸ ਲਈ ਆਈ.....ਮੈਨੂੰ ਕੋਈ ਬਚਾਉ, ਮਦਦ ਕਰੋ, ਮੇਰੀ ਮਦਦ ਕਰੋ! ਹਾਏ ਰੱਬਾ!...ਮੈਂ ਦੁਖਿਆਰੀ........ !
ਪੰਡਾਲ ਦੇ ਸਾਇਡ ਕਰਟਨ ਉਪਰ ਸਰਸਵਤੀ, ਪਾਰਬਤੀ, ਦੁਆਰਕਾ ਨਾਥ ਤੇ ਹੋਰ ਦੇਵੀ ਦੇਵਤਿਆਂ ਦੇ ਰੰਗ-ਬਰੰਗੇ ਅਧਭੁਤ ਵਡੇ ਵਡੇ ਚਿਤਰ ਅੱਖਾਂ ਪਾੜ ਪਾੜ ਕੇ ਇਹ ਜ਼ੁਲਮ ਅਤੇ ਅਤਿਆਚਾਰ ਤੇ ਅਨਿਆਇ ਵੇਖ ਰਹੇ ਸਨ। ਰੰਗਮਾ ਦੇ ਅਨੇਕਾਂ ਵਰਤ, ਪੂਜਾ-ਪਾਠ, ਧਰਮ-ਨੇਮ, ਸਾਰਾ ਕੁਝ ਵਿਅਰਥ ਗਿਆ। ਕਿਸੇ ਉਸ ਦੀ ਕੋਈ ਸਹਾਇਤਾ ਨਾ ਕੀਤੀ। ਅਖੀਰ ਉਹ ਬੇਸੁਧ ਹੋ ਗਈ, ਬਿਲਕੁਲ ਬੇਸੁਧ!
ਭੋਲੀ ਪੇਂਡੂ ਕੁੜੀ ਦਾ ਸਤਿ ਸੀਲ ਤੇ ਪਵਿੱਤ੍ਰਤਾ, ਸ਼ਹਿਰੀ ਸਭ੍ਯ ਤੇ ਨਵੀਨਤਾ ਦੀ ਦੇਵੀ ਅਗੇ ਬਲੀਦਾਨ ਹੋ ਗਿਆ। ਸਰਸਵਤੀ ਤੇ ਪਾਰਬਤੀ ਦੀਆਂ ਵਡੀਆਂ ਵਡੀਆਂ ਮੂਰਤੀਆਂ ਦੀ ਕ੍ਰਿਸ਼ਨ ਅਗੇ ਕੋਈ ਪੇਸ਼ ਨਾ ਗਈ - ਸ਼ਹਿਰ ਦੇ ਜਾਦੂ ਵਿਚ ਸਾਰਾ ਕੁਝ ਸਮਾ ਗਿਆ।

(ਅਨੁਵਾਦਕ: ਬਲਵੰਤ ਸਿੰਘ ਸਯਦ)

  • ਮੁੱਖ ਪੰਨਾ : ਪੰਜਾਬੀ ਕਹਾਣੀਆਂ