Shehar Da Nalka (Punjabi Essay) : Principal Teja Singh

ਸ਼ਹਿਰ ਦਾ ਨਲਕਾ (ਲੇਖ) : ਪ੍ਰਿੰਸੀਪਲ ਤੇਜਾ ਸਿੰਘ

(ਨਲਕੇ ਦੀ ਆਪਣੀ ਜ਼ਬਾਨੀ)

ਮਿਤਰੋ! ਸ਼ਹਿਰ ਦੇ ਵਿਚਕਾਰ ਇਕ ਕੰਧ ਦੀ ਛਾਵੇਂ ਮੇਰਾ ਟਿਕਾਣਾ ਹੈ। ਮੈਂ ਸ਼ਹਿਰ ਦੇ ਵਿਚਾਲੇ ਹੁੰਦਾ ਹੋਇਆ ਵੀ ਇਕ ਨੁਕਰੇ ਲੱਗਾ ਰਹਿੰਦਾ ਹਾਂ। ਇਕ ਟੰਗ ਦੇ ਭਾਰ ਸੂਰਜ ਚੜ੍ਹਦੇ ਤੋਂ ਸੂਰਜ ਡੁਬਦੇ ਤੀਕ ਅਤੇ ਸੂਰਜ ਡੁਬਣ ਤੋਂ ਸੂਰਜ ਚੜ੍ਹਨ ਤੀਕ ਖੜੋਤਾ ਹੋਇਆਂ ਰਾਹੀਆਂ ਦੀਆਂ ਮੌਜਾਂ ਵੇਖਦਾ ਹਾਂ। ਮੈਂ ਇਕੱਲਾ ਨਹੀਂ। ਇਕੱਲਾ ਤਾਂ ਰੱਬ ਕਰਕੇ ਕੋਈ ਰੁਖ ਵੀ ਨਾ ਹੋਵੇ! ਮੇਰੇ ਨਾਲ ਕਈ ਮੇਰੇ ਦਰਦੀ ਤੇ ਸਹਾਈ ਹਨ। ਕਈ ਬੁਰੇ ਹਾਲ ਤੇ ਬੌਂਕੇ ਦਿਹਾੜਿਆਂ ਵਾਲੇ ਮੇਰੇ ਸਰ੍ਹਾਣੇ ਆ ਕੇ ਸਾਹ ਲੈਂਦੇ ਹਨ। ਕਈ ਕਿਸਮਤ ਦੇ ਧਿਕਾਰੇ ਤੇ ਕਰਮਾਂ ਦੇ ਮਾਰੇ ਮੇਰੇ ਨਾਲ ਮਿਲ ਕੇ ਆਪਣੇ ਦੁਖੀ ਦਿਲ ਦਾ ਭਾਰ ਹੌਲਾ ਕਰਦੇ ਹਨ। ਮੈਂ ਉਨ੍ਹਾਂ ਨੂੰ ਵੀ ਪਨਾਹ ਦੇਣੋਂ ਸੰਕੋਚ ਨਹੀਂ ਕਰਦਾ।

ਇਥੇ ਹੀ ਬਸ ਨਹੀਂ। ਕਈ ਵਡਭਾਗੇ 'ਲਾਹੌਰ ਦੇ ਸ਼ੁਕੀਨ ਤੇ ਬੋਝੇ ਵਿਚ ਗਾਜਰਾਂ' ਮੇਰੇ ਕੋਲੋਂ ਦੀ ਕਿਸਮਤ ਉਤੇ ਝੂਰਦੇ ਤੇ ਕਰਮਾਂ ਨੂੰ ਕੋਸਦੇ ਲੰਘਦੇ ਹਨ। ਤੁਰੇ ਜਾਂਦੇ ਓਹ ਚੋਰ-ਅੱਖੀਂ ਮੇਰੇ ਲੋਹੇ ਦੇ ਸਰੀਰ, ਪਰ ਪਾਣੀ ਵਰਗੇ ਦਿਲ ਵਾਲੇ ਸ਼ਹੀਦ ਵਲ ਤਕਦੇ ਹਨ। ਉਨ੍ਹਾਂ ਦੀ ਇਹ ਹਾਲਤ ਵੇਖ ਕੇ ਮੇਰੇ ਦਿਲ ਵਿਚ ਤਰਸ ਦਾ ਸੋਮਾਂ ਫੁਟ ਪੈਂਦਾ ਹੈ। ਮੇਰੀ ਹਮਦਰਦੀ ਦੇ ਹੰਝੂਆਂ ਵਲ ਵੇਖ ਕੇ ਉਨ੍ਹਾਂ ਨੂੰ ਮੇਰੇ ਕੋਲ ਆਉਣ ਦਾ ਹੀਆ ਪੈ ਜਾਂਦਾ ਹੈ। ਉਨ੍ਹਾਂ ਵਿਚੋਂ ਕੋਈ ਆਉਂਦਾ ਹੈ ਅਤੇ ਪ੍ਰੇਮ ਪਿਆਲਾ ਪੀ ਘੜੀ ਦੋ ਘੜੀਆਂ ਲਈ ਮੇਰੇ ਪਿਆਰ ਦੇ ਰੰਗ ਵਿਚ ਰੰਗਿਆ ਜਾਂਦਾ ਹੈ। ਫਿਰ ਉਹ ਬੇਹੋਸ਼ ਕਰਨ ਵਾਲੇ ਪਾਣੀ ਤੋਂ (ਜੋ ਔਹ ਸਾਹਮਣੇ ਵਿਕਦਾ ਹੈ) ਤੋਬਾ ਕਰਦਾ ਹੈ ਤੇ ਕੰਨਾਂ ਨੂੰ ਹੱਥ ਲਾਉਂਦਾ ਦੂਰ ਪਰ੍ਹੇ ਚਲਾ ਜਾਂਦਾ ਹੈ। ਹੇ ਫਰਿਸ਼ਤਿਆਂ ਦੇ ਮੱਥਾ ਟੇਕਣ ਦੀ ਥਾਂ ਇਨਸਾਨ! ਬਸ ਤੇਰੇ ਵਿਚ ਇਕੋ ਘਾਟਾ ਹੈ ਤੇ ਉਹ ਹੈ ਇਕਰਾਰ ਤੋੜਨਾ। ਸ੍ਰਿਸ਼ਟੀ ਦੇ ਮੁਢ ਤੋਂ ਹੀ ਤੇਰੇ ਵਡੇਰੇ ਹਜ਼ਰਤ ਆਦਮ ਨੇ ਇਕਰਾਰ ਤੋੜਿਆ ਅਤੇ ਪਰਮਾਤਮਾ ਦੀਆਂ ਦਾਤਾਂ ਨੂੰ ਮਿਟੀ ਘੱਟੇ ਰੋਲਿਆ। ਹੇ ਮਨੁੱਖ! ਜੇ ਤੂੰ ਵਫ਼ਾ ਦਾ ਗੁਣ ਕਾਇਮ ਰਖਦੋਂ ਤਾਂ ਤੂੰ ਪੂਰਣ ਹਸਤੀ ਹੋਂਦੋਂ।

ਆਹ! ਮੇਰੇ ਉੱਚਾ ਸਿੱਧਾ ਚਲਣ ਵਾਲੇ ਦੋਸਤ! ਹੇ ਦੋ ਅਖਾਂ ਵਾਲੇ ਅੰਨ੍ਹੇ ਪੰਧਾਊ! ਕੀ ਤੂੰ ਏਦਾਂ ਹੀ ਗੁਮਰਾਹੀ ਦਾ ਪੁਜਾਰੀ ਰਹੇਂਗਾ? ਤੇਰੀਆਂ ਹੋਰ ਭੁੱਲਾਂ ਤੈਨੂੰ ਮੁਬਾਰਕ! ਜਿਹੜੀਆਂ ਭੁੱਲਾਂ ਤੈਥੋਂ ਅਭੋਲ ਹੀ ਹੋ ਜਾਣ ਉਨ੍ਹਾਂ ਦੀ ਖਿਮਾਂ ਦਾ ਤੂੰ ਹਕਦਾਰ ਹੈਂ, ਪਰ ਜਿਹੜੀ ਬੇਹੋਸ਼ੀ ਤੂੰ ਆਪ ਖਰੀਦਦਾ ਹੈਂ, ਜਿਹੜੀਆਂ ਭੁੱਲਾਂ ਨੂੰ ਜਾਣ ਬੁਝ ਕੇ ਕਰਦਾ ਹੈਂ ਅਤੇ ਜੋ ਤੇਰੀ ਇਸ ਦੋ ਘੜੀਆਂ ਦੀ ਖੁਸ਼ੀ ਬਦਲੇ ਸਹੇੜੀਆਂ ਹੋਈਆਂ ਹਨ, ਯਾਦ ਰਖ ਓਹ ਤੈਨੂੰ ਨਰਕਾਂ ਦਾ ਭਾਗੀ ਬਣਾਉਣਗੀਆਂ। ਇਨ੍ਹਾਂ ਹੀ ਭੁੱਲਾਂ ਦੇ ਕਾਰਣ ਤੂੰ ਅਗ ਵਿਚ ਸੜੇਂਗਾ।

ਮੈਨੂੰ ਪਤਾ ਹੈ, ਮੇਰਾ ਲੰਮਾ ਚੌੜਾ ਉਪਦੇਸ਼ ਤੈਨੂੰ ਨਹੀਂ ਭਾਉਂਦਾ। ਕੀ ਕਰਾਂ? ਮਿਤਰੋ! ਇਹ ਗੁਣਗੁਣੇ ਬੜੀ ਵਿਸ ਘੋਲਦੇ ਰਹਿੰਦੇ ਹਨ। ਮੈਂ ਵੀ ਨੱਕ ਵਿੱਚ ਬੋਲਦਾ ਹਾਂ ਅਤੇ ਮਿਠੇ ਮਿਠੇ ਬਚਨਾਂ ਰਾਹੀਂ ਲੋਕਾਂ ਦੀ ਪਿਆਸ ਮਿਟਾਉਂਦਾ ਹਾਂ।

ਮੇਰੀਆਂ ਸਿਫ਼ਤਾਂ ਲਈ ਇਕ ਵਡੇ ਦਫ਼ਤਰ ਦੀ ਲੋੜ ਹੈ। ਮੈਨੂੰ ਨਿਰਾ ਪੁਰਾ ਗਾਲੜੀ ਹੀ ਨਾ ਸਮਝਣਾ। ਰਤਾ ਮੇਰੀਆਂ ਖੂਬੀਆਂ ਵੀ ਸੁਣੋ। ਮੇਰੇ ਵਰਗਾ ਹੁਸ਼ਿਆਰ ਚੌਂਕੀਦਾਰ ਜੇ ਦੀਵਾ ਲੈ ਕੇ ਢੂੰਢਣ ਚੜ੍ਹੋ ਤਾਂ ਭੀ ਨਾ ਲਭੇ। ਮੈਂ ਸਭ ਤੋਂ ਵਧੇਰੇ ਲੋਕਾਂ ਦੇ ਕੰਮ ਆਉਣ ਵਾਲਾ ਸੇਵਾਦਾਰ ਜੇ। ਹਰ ਇਕ ਮਹਿਕਮੇ ਦਾ ਸਭ ਤੋਂ ਵਡਾ ਸਰਦਾਰ ਹਾਂ। ਸਭ ਨਾਲੋਂ ਵੱਡਾ ਹੁੰਦਿਆਂ ਹੋਇਆਂ ਵੀ ਸਭ ਤੋਂ ਨੀਵਾਂ ਹਾਂ। ਰਾਤ ਦਿਨ ਲੋਕਾਂ ਦੇ ਕੰਮ ਆਉਂਦਾ ਹਾਂ। ਮਜ਼ਹਬੀ ਝਗੜਿਆਂ ਝੇੜਿਆਂ ਤੋਂ ਦੂਰ ਰਹਿ ਕੇ ਮੈਂ ਹਰ ਇਕ ਦੀ ਸੇਵਾ ਲਈ ਮੱਥੇ ਵੱਟ ਪਾਉਣ ਤੋਂ ਬਿਨਾਂ ਹੀ ਤਿਆਰ ਬਰ ਤਿਆਰ ਰਹਿੰਦਾ ਹਾਂ।

ਹਰ ਰੁੱਤ ਵਿਚ ਮੇਰੀ ਦੁਕਾਨ ਖੁਲ੍ਹੀ ਰਹਿੰਦੀ ਹੈ। ਸੌਣਾ ਮੇਰੇ ਲਈ ਸੁਪਨਾ ਹੈ। ਪੁਰਾਣੇ ਸਮੇਂ ਦੇ ਰਿਸ਼ੀਆਂ ਮੁਨੀਆਂ ਵਾਂਗ ਇਕ ਲਤ ਦੇ ਭਾਰ ਆਪਣੇ ਕੰਮ ਵਿਚ ਅਥੱਕ ਤੇ ਸਚੇਤ ਖੜਾ ਰਹਿੰਦਾ ਹਾਂ। ਦਿਨੇ ਆਪਣੇ ਸਖ਼ੀ ਹਥਾਂ ਨਾਲ ਅੰਮ੍ਰਿਤ ਦੀ ਦਾਤ ਲੁਟਾਉਂਦਾ ਹਾਂ। ਰਾਤ ਨੂੰ ਭੁਲੇ ਭਟਕਿਆਂ ਲਈ ਰੋ ੨ ਕੇ ਪਰਮਾਤਮਾ ਦੀ ਦਰਗਾਹੇ ਬੇਨਤੀ ਕਰਦਾ ਹਾਂ, "ਹੇ ਸੱਚੇ ਮਾਲਕ! ਆਪਣੇ ਨਿਤਾਣੇ ਬੰਦੇ ਦੀ ਜਿਸ ਨੂੰ ਤੂੰ ਲੋਕਾਂ ਦੀ ਤੇਹ ਨੂੰ ਕੁਦਰਤੀ ਤਰੀਕੇ ਨਾਲ ਮਿਟਾਉਣ ਲਈ ਇਸ ਸੰਸਾਰ ਤੇ ਭੇਜਿਆ ਹੈ ਸੁਣ! ਉਨ੍ਹਾਂ ਨੂੰ ਕੌੜੇ ਪਾਣੀ ਦੇ ਪਿਆਲੇ ਭਰ ਭਰ ਪੀਣ ਤੋਂ ਹਟਾ।"

ਮੈਂ ਇਕ ਹੱਥ ਵਾਲਾ ਹਾਂ, ਪਰ ਮੇਰੀ ਬੇਨਤੀ ਧੁਰ ਦਰਗਾਹੇ ਅਪੜ ਕੇ ਕਬੂਲ ਪੈ ਜਾਂਦੀ ਹੈ। ਪਰਮਾਤਮਾ ਨੂੰ ਮੇਰੇ ਹੰਝੂ ਵੇਖ ਕੇ ਤਰਸ ਆਉਂਦਾ ਹੈ ਤੇ ਉਹ ਇਸ ਨਿਮਾਣੇ ਦੇ ਕੀਰਨਿਆਂ ਦੀ ਕਦਰ ਕਰਦਾ ਹੈ। ਸ਼ੋਕ! ਆਦਮੀ ਦੋ ਹੱਥਾਂ ਦਾ ਮਾਲਕ ਹੈ। ਜੇ ਇਹ ਦੋਵੇਂ ਹਥ ਜੋੜ ਕੇ ਬੇਨਤੀ ਕਰੇ ਤਾਂ ਕੀ ਉਹ ਕਬੂਲ ਨਾ ਹੋਵੇ? ਜ਼ਰੂਰ ਹੋਵੇਗੀ, ਪਰ ਓਦੋਂ ਜਦੋਂ ਇਸ ਦੇ ਪੱਲੇ ਵਿਚੋਂ ਸ਼ਰਾਬ ਦੀ ਬੋ ਦੀ ਥਾਂ ਹਲੀਮੀ ਤੇ ਅਧੀਨਗੀ ਦੀ ਖੁਸ਼ਬੋ ਆਏਗੀ। ਉਸ ਵੇਲੇ ਇਸ ਦੀ ਆਤਮਕ ਸ਼ਕਤੀ ਵੇਖ ਕੇ ਸਾਰੀ ਦੁਨੀਆਂ ਦੇ ਗੁਨਾਹ ਇਸ ਤੋਂ ਭਜ ਜਾਣਗੇ। ਇਹ ਤਦ ਹੀ ਹੋ ਸਕਦਾ ਹੈ ਜੇ ਇਹ ਹੋਸ਼ ਦੀ ਦਵਾਈ ਕਰਾਏ। ਮਾਫ ਕਰਨਾ, ਮੈਂ ਫਿਰ ਉਪਦੇਸ਼ ਵਿਚ ਵਹਿ ਤੁਰਿਆ ਹਾਂ। ਇਹ ਮੇਰੇ ਵਸ ਦੀ ਗਲ ਨਹੀਂ। ਮੈਨੂੰ ਮਨੁਖ ਦੀ ਹਾਲਤ ਉਤੇ ਤਰਸ ਆਉਂਦਾ ਹੈ।

ਪੁਲਸ ਦਾ ਸਿਪਾਹੀ, ਸਫਾਈ ਦਾ ਦਰੋਗਾ, ਨਗਰ ਸਭਾ ਦਾ ਮੈਂਬਰ, ਲੋਕਾਂ ਦੀ ਸਿਹਤ ਦਾ ਰਾਖਾ ਮੈਂ ਹੀ ਹਾਂ। ਜੇ ਕਮੇਟੀ ਦੀ ਚੋਣ ਵਿਚ ਮੇਰਾ ਨਾਂ ਰੱਦੀ ਦੀ ਟੋਕਰੀ ਵਿਚ ਸੁਟਿਆ ਜਾਏ ਤਾਂ ਇਹ ਇਨਸਾਫ ਕਾਹਦਾ? ਕਿਉਂਕਿ (ਇਹ ਇਕ ਭੇਦ ਹੈ) ਅਗਲੀ ਚੋਣ ਵਿਚ ਮੈਂ ਵੀ ਉਮੈਦਵਾਰ ਹਾਂ। ਦੂਜੇ ਤੁਰਨ ਫਿਰਨ ਵਾਲੇ ਬੰਦੇ ਤਾਂ ਵੋਟਾਂ ਲਈ ਮਰਦੇ ਫਿਰਦੇ ਹਨ। ਵੋਟਾਂ ਲੈਣ ਲਈ ਸ਼ਰਾਬ ਦੀ ਵਰਤੋਂ ਕਰਦੇ ਹਨ, ਪਰ ਖਬਰੇ ਉਨ੍ਹਾਂ ਮੇਰੇ ਮਿਠੇ ਪ੍ਰੇਮ ਪਿਆਲੇ ਨੂੰ ਚੱਖਿਆ ਨਹੀਂ। ਮੈਂ ਆਪਣੀ ਜਾਨ, ਆਪਣੀ ਪਿਆਰੀ ਜਾਨ ਵੋਟਰਾਂ ਤੋਂ ਵਾਰਣ ਲਈ ਤਿਆਰ ਹਾਂ। ਮੈਨੂੰ ਆਪਣੇ ਦੁਸ਼ਮਨ ਦੀ ਐਵੇਂ ਕਦਰ ਹੁੰਦਿਆਂ ਵੇਖ ਡਰ ਲਗਦਾ ਹੈ, ਪਰ ਫੇਰ ਵੀ ਹੀਲਾ ਜ਼ਰੂਰੀ ਹੈ।

ਆਹ ਵੇਖੋ, ਮੇਰਾ ਪਾਣੀ ਕਿੰਨਾ ਠੰਢਾ ਅਤੇ ਚੰਗਾ ਹੈ! ਅਜੇਹੀ ਧੁਪ ਅਤੇ ਗਰਮੀ ਤੋਂ ਲੋਕ ਪਨਾਹ ਚਾਹੁੰਦੇ ਹਨ। ਵੇਖੋ ਲੋਕ ਕੜਾਕੇ ਦੀ ਧੁੱਪ ਤੋਂ ਕਿਸ ਤਰ੍ਹਾਂ ਤੰਗ ਹਨ! ਔਹ ਵੇਖੋ, ਇਕ ਆਦਮੀ ਸਿਰ ਨਿਵਾਈ, ਪਾਟੇ ਲੀੜੇ ਪਾਈ ਮੇਰੀ ਵਲ ਆ ਰਿਹਾ ਹੈ। ਵੇਖੋ ਜੁੱਤੀ ਦਾ ਤਲਾ ਛੱਪਰ ਨਾਲੋਂ ਵੱਖਰਾ ਹੋ ਰਿਹਾ ਹੈ! ਕਿੰਨਾ ਘੱਟਾ ਉਸ ਦੀ ਜੁੱਤੀ ਨਾਲ ਉਡ ਰਿਹਾ ਹੈ! ਉਹ ਕੁਝ ਬੁੜ ਬੁੜ ਕਰਦਾ ਹੈ। ਖਬਰੇ ਉਹ ਆਪਣੇ ਸਮੇਂ ਨੂੰ ਕੋਸਦਾ ਹੈ ਜਾਂ ਆਪਣੀ ਕਿਸਮਤ ਉਤੇ ਝੂਰ ਰਿਹਾ ਹੈ। ਕਿੰਨੇ ਆਦਮੀ ਇਸ ਆਦਮੀ ਵਾਂਗ ਨਹੀਂ ਕਰਦੇ? ਓਹ ਆਪਣੀਆਂ ਬਦ-ਪਰਹੇਜ਼ੀਆਂ ਦੇ ਕਾਰਣ ਆਪਣੇ ਪੈਰੀਂ ਆਪ ਕੁਹਾੜਾ ਮਾਰਦੇ ਹਨ। ਆਪਣੀਆਂ ਕੁਚਾਲਾਂ ਨਾਲ ਆਪਣੇ ਰਾਹ ਵਿਚ ਕੰਡੇ ਬੀਜਦੇ ਹਨ ਅਤੇ ਫੇਰ ਦੋਸ਼ ਦੂਜਿਆਂ ਦੇ ਸਿਰ ਮੜ੍ਹਦੇ ਤੇ ਪਰਮਾਤਮਾ ਨੂੰ ਭੀ ਭੰਡਣ ਲਗ ਪੈਂਦੇ ਹਨ। ਓਹ ਕਈ ਭੁੱਲਾਂ ਕਰ ਕੇ ਆਪਣੀ ਜੜ੍ਹੀਂ ਆਪ ਤੇਲ ਦੇਂਦੇ ਹਨ। ਓਹ ਆਪਣਾ ਝੁਗਾ ਆਪ ਉਜਾੜਦੇ ਹਨ ਤੇ ਫਿਰ ਆਪੇ ਦੋ ਹੱਥੜਾਂ ਮਾਰ ਮਾਰ ਪਿਟਦੇ ਹਨ।

ਆ ਮਿਤਰਾ! ਕਚਹਿਰੀਓਂ ਵਿਹਲਾ ਹੋ ਆਇਆ ਏਂ? ਗਵਾਹ ਚੰਗੇ ਭੁਗਤੇ? ਤੇਰਾ ਖੀਸਾ ਹੌਲਾ ਹੌਲਾ ਕਿਉਂ ਜਾਪਦਾ ਹੈ? (ਸਬਰ ਕਰ,ਗੱਲ ਤਾਂ ਪੁਛਣ ਦਿਹ) ਕੀ ਵੱਡੀ ਦੁਕਾਨ ਬੰਦ ਸੀ ਜੋ ਏਧਰ ਆ ਨਿਕਲਿਓਂ? ਉਫ਼! ਨਿਰਾਸਤਾ! ਰਕਮ ਵੀ ਭੰਗ ਦੇ ਭਾੜੇ ਗਈ, ਗਵਾਹ ਵੀ ਉਲਟੇ ਵਗੇ! ਇਕ ਜ਼ਮੀਨ ਦੇ ਇੰਤਕਾਲ ਨੇ ਤੇਰੀ ਮਹੀਨਿਆਂ ਦੀ ਕਮਾਈ ਰੋੜ੍ਹ ਦਿਤੀ ਹੈ ਤੇ ਅਜੇ ਪਤਾ ਨਹੀਂ ਇਹ ਬੋਤਲ ਕੀ ਕੀ ਚੰਨ ਚਾੜ੍ਹੇ। ਕਿੰਨੇ ਆਦਮੀ ਇਸ ਬੋਤਲ ਵਿਚ ਡੁਬ ਗਏ! ਕਿੰਨੇ ਇਸ ਅਥਾਹ ਸਾਗਰ ਵਿਚ ਗੋਤਾ ਖਾ ਕੇ ਗ਼ਰਕ ਹੋ ਗਏ! ਕਿੰਨੇ ਇਸ ਘਮਣ-ਘੇਰੀ ਵਿਚ ਫਸ ਕੇ ਮੁੜ ਪਾਰ ਨਾ ਲਗੇ! ਇਸ ਦਾ ਜ਼ਿੰਮੇਵਾਰ ਕੌਣ ਹੈ? ਤੂੰ......ਤੂੰ........ਤੂੰ।

ਜਿਸ ਵੇਲੇ ਤੇਰੇ ਬੱਚਿਆਂ ਤੇ ਤੇਰੀ ਵਿਚਾਰੀ ਘਰ ਵਾਲੀ ਦਾ ਮੈਨੂੰ ਚੇਤਾ ਆਉਂਦਾ ਹੈ ਤਾਂ ਮੇਰੀਆਂ ਅੱਖਾਂ ਸਾਉਣ ਭਾਦੋਂ ਦੇ ਬਦਲਾਂ ਵਾਂਗ ਝੜੀਆਂ ਲਾ ਦੇਂਦੀਆਂ ਹਨ। ਜੇ ਤੂੰ ਮੇਰੇ ਅੰਦਰ ਝਾਤੀ ਪਾ ਕੇ ਵੇਖਣ ਦੀ ਹਿੰਮਤ ਰਖਦਾ ਹੈਂ ਤਾਂ ਵੇਖ, ਦਿਲ ਤੋਂ ਅੱਖਾਂ ਤੀਕ ਕਿਸ ਤਰ੍ਹਾਂ ਹੰਝੂਆਂ ਦਾ ਸਾਗਰ ਠਾਠਾਂ ਮਾਰ ਰਿਹਾ ਹੈ!

ਆ ਮਿਤਰਾ! ਆਪਣੀ ਤ੍ਰੇਹ ਨੂੰ ਦੂਰ ਕਰ। ਵੇਖ, ਕਿੰਨਾ ਮਿਠਾ ਤੇ ਸਾਫ ਪਾਣੀ ਹੈ! ਇਸ ਤੋਂ ਚੰਗਾ ਤੂੰ ਕਦੋਂ ਅਤੇ ਕਿਥੇ ਡਿਠਾ? ਜੋੜਾ ਲਾਹ, ਬਾਹਵਾਂ ਉਤਾਂਹ ਟੁੰਗ ਅਤੇ ਮੂੰਹ ਹੱਥ ਧੋ। ਪਾਣੀ ਪੀ ਅਤੇ ਅਨੰਦ ਮਾਣ। ਵੇਖ, ਪਾਣੀ ਪੀਂਦਿਆਂ ਥਕੇਵਾਂ ਕੋਹਾਂ ਦੂਰ ਨਸਦਾ ਹੈ ਕਿ ਨਹੀਂ? ਹੁਣ ਰਤਾ ਅਰਾਮ ਕਰ ਤੇ ਸ਼ਰਾਬ ਦੇ ਅਉਗੁਣਾਂ ਦੇ ਟਾਕਰੇ ਉਤੇ ਮੇਰੇ ਗੁਣਾਂ ਨੂੰ ਗਹੁ ਨਾਲ ਵਿਚਾਰ। ਰਤਾ ਇਕ ਪਾਸੇ ਹੋਣ ਦੀ ਖੇਚਲ ਕਰੀਂ, ਵਿਚਾਰੇ ਖੋਤੇ ਨੂੰ ਆਪਣੀ ਦਿਲ ਦੀ ਲਗੀ ਬੁਝਾ ਲੈਣ ਦਿਹ।

ਵੇਖ, ਔਲੂ ਵਿਚ ਪਾਣੀ ਕਿਸ ਤਰ੍ਹਾਂ ਥਲੇ ਲਹਿੰਦਾ ਜਾਂਦਾ ਹੈ! ਖੋਤਾ ਚਿਰਾਂ ਦਾ ਤਿਹਾਇਆ ਮਲੂਮ ਹੁੰਦਾ ਹੈ। ਹੁਣ ਪਾਣੀ ਪੀ ਕੇ ਮੇਰੀ ਵਲ ਤਕਦਾ ਹੈ ਅਤੇ ਪਰਮਾਤਮਾ ਦਾ ਸ਼ੁਕਰ ਕਰਦਾ ਹੈ। ਹਾਂ, ਭਾਈ, ਤੂੰ ਪਸੂ ਹੈਂ। ਸ਼ੁਕਰ ਕਰ ਕਿ ਤੂੰ ਬੰਦਾ ਨਹੀਂ। ਆਪਣੇ ਮਾਲਕ ਦਾ ਭਾਰ ਢੋ ਕੇ ਕੇਵਲ ਆਪਣੇ ਚਾਰੇ ਅਤੇ ਪਾਣੀ ਉਤੇ ਸਬਰ ਕਰਦਾ ਹੈਂ। ਤੈਨੂੰ ਖੋਤਾ ਕਹਿੰਦਿਆਂ ਮੈਨੂੰ ਤਾਂ ਸ਼ਰਮ ਆਉਂਦੀ ਹੈ। ਹੁਣ ਜਦੋਂ ਪਾਣੀ ਪੀ ਕੇ ਤੂੰ ਸਿਰ ਉੱਚਾ ਕਰ ਕੇ ਉਸ ਅਰਸ਼ੀ ਪ੍ਰੀਤਮ ਦਾ ਸ਼ੁਕਰ ਕਰਦਾ ਹੈਂ ਅਤੇ ਆਪਣੇ ਮਾਲਕ ਵਲ ਪਾਰਖੂ ਸਿਰ ਨਾਲ ਸਿਜਦੇ ਕਰਦਾ ਹੈਂ ਤਾਂ ਮੈਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਇਸ ਸੰਸਾਰ ਵਿਚ ਮੈਨੂੰ ਇੱਕ ਤਾਂ ਰੱਬ ਨੂੰ ਪਛਾਣਨ ਵਾਲਾ ਲਭਾ ਹੈ। ਜਦ ਤੂੰ ਆਪਣੇ ਸਿਆਣੇ ਕੰਨਾਂ ਨੂੰ ਇਧਰ ਉਧਰ ਹਿਲਾਉਂਦਾ ਹੈਂ, ਤਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਤੂੰ ਅਕਲ ਦੇ ਦਫਤਰ ਦੀਆਂ ਫਾਈਲਾਂ ਫੋਲਦਾ ਮੇਰੇ ਪਾਣੀ, ਮੇਰੇ ਠੰਢੇ ਤੇ ਮਿਠੇ ਪਾਣੀ ਦੇ ਗੁਣਾਂ ਉਤੇ ਵਿਚਾਰ ਕਰਦਾ ਹੈਂ। ਉਸ ਵੇਲੇ ਮੈਂ ਖੁਸ਼ੀ ਵਿਚ ਮੌਲਦਾ ਹਾਂ। ਹੁਣ ਜ਼ਰਾ ਲੱਕ ਸਿਧਾ ਕਰਨ ਵਾਸਤੇ ਪਰੇ ਹੋ ਕੇ ਲੇਟ ਜਾ।

ਔਹ ਵੇਖੋ, ਮੇਰਾ ਨਿੱਕਾ ਜਿਹਾ ਦੋਸਤ ਸਕੂਲੋਂ ਛੁੱਟੀ ਹੋਣ ਤੇ ਆ ਰਿਹਾ ਹੈ। ਕਿਡਾ ਹਸੂੰ ਹਸੂੰ ਕਰਦਾ ਚਿਹਰਾ ਹੈ! ਬਸਤਾ ਕਛ ਵਿਚ ਹੈ! ਏਧਰ ਆ ਮਿਤਰਾ, ਬਸਤਾ ਮੇਰੇ ਮੋਢੇ ਤੇ ਰਖ ਦੇ। ਸ਼ਾਲਾ ਮੇਰੇ ਹੱਥ ਹੁੰਦੇ ਤਾਂ ਮੈਂ ਆਪਣੇ ਹੱਥਾਂ ਨਾਲ ਇਸ ਚੰਨ ਵਰਗੇ ਮੁਖੜੇ ਨੂੰ ਧੋਂਦਾ। ਤੇਰੇ ਨਿਕੇ ਬੁਕ ਵਿਚ ਕਿੰਨਾ ਕੁ ਪਾਣੀ ਆ ਜਾਊ ਅਤੇ ਕਿੰਨਾ ਚਿਰ ਤੂੰ ਪਾਣੀ ਪੀਂਦਾ ਰਹੇਂਗਾ! ਇਉਂ ਨਾ ਕਰ। ਮੇਰੇ ਢਿਡ ਤੋਂ ਲੋਹੇ ਦਾ ਪਿਆਲਾ ਲਾਹ, ਸੰਗਲੀ ਖੋਲ੍ਹ ਤੇ ਪਿਆਲੇ ਨੂੰ ਮੇਰੇ ਨੱਕ ਥਲੇ ਕਰ ਲੈ ਹੁਣੇ ਆਉਂਦਾ ਹੈ ਪਾਣੀ। ਚੰਗੀ ਤਰ੍ਹਾਂ ਮੂੰਹ ਧੋ ਲੈ ਤੇ ਰੱਜ ਕੇ ਪਾਣੀ ਪੀ। ਕਿਸਤਰ੍ਹਾਂ ਦਾ ਸਾਫ਼ ਪਾਣੀ ਹੈ! ਤੇਰੇ ਭੋਲੇ ਭਾਲੇ ਚਿਹਰੇ ਉਤੇ ਰੱਬੀ ਨੂਰ ਲਿਸ਼ਕਦਾ ਹੈ। ਜੇ ਕਿਤੇ ਮੇਰੀਆਂ ਬਾਹਾਂ ਹੁੰਦੀਆਂ ਤਾਂ ਮੈਂ ਤੈਨੂੰ ਘੁਟ ਕੇ ਗਲਵਕੜੀ ਪਾਉਂਦਾ। ਮੌਜਾਂ ਮਾਣ, ਬੁਲੇ ਲੁਟ, ਆਦਮੀ ਦੇ ਬੱਚੇ! ਤੇਰਾ ਖਿੜਿਆ ਹੋਇਆ ਚਿਹਰਾ ਦਸਦਾ ਹੈ ਕਿ ਤੇਰਾ ਮੂੰਹ ਸ਼ਰਾਬ ਪੀਣ ਜੋਗਾ ਨਹੀਂ ਬਣਿਆ। ਤੈਨੂੰ ਇਸੇ ਸਾਫ ਪਾਣੀ ਦੀ ਸਹੁੰ, ਹੁਣ ਬਚਨ ਦਿਹ ਕਿ ਕਦੇ ਵੀ ਇਨ੍ਹਾਂ ਮਾਸੂਮ ਬੁਲ੍ਹਾਂ ਨੂੰ ਅੰਗੂਰੀ ਸ਼ਰਾਬ ਨਾਲ ਪਲੀਤ ਨਾ ਕਰੇਂਗਾ। ਤੇਰੀ "ਹਾਂ" ਉਤੇ ਅਰਸ਼ਾਂ ਵਿਚੋਂ ਵੀ "ਇਸੇ ਤਰ੍ਹਾਂ ਹੋਵੇ" ਦੀ ਅਵਾਜ਼ ਆਉਂਦੀ ਹੈ। ਤੈਨੂੰ ਕੀ ਪਤਾ, ਤੇਰੇ ਰਾਹ ਵਿਚ ਕਿੰਨੀਆਂ ਕੁ ਫਾਹੀਆਂ ਹਨ! ਕੀ ਇਹ ਸ਼ਰਾਬ ਖ਼ਾਨਾ ਖ਼ਰਾਬ ਤੈਨੂੰ ਭੀ ਆਪਣੀ ਘੁਮਣ-ਘੇਰੀ ਵਿਚ ਫਸਾ ਕੇ ਕਲਪਾਏਗੀ? ਨਹੀਂ ਨਹੀਂ। ਚੰਗਾ, ਸਤਿ ਸ੍ਰੀ ਅਕਾਲ! ਮੇਰੀਆਂ ਆਸਾਂ ਦੇ ਨਿੱਕੇ ਜਿਹੇ ਬੂਟੇ! ਜਾਹ, ਸੰਸਾਰ ਵਿਚ ਵਧ ਤੇ ਫੁੱਲ।

ਔਹ ਇਕ ਸਿੰਘ ਸਰਦਾਰ ਹੁਰੀਂ ਆ ਰਹੇ ਹਨ! ਦਾੜ੍ਹੀ ਸਫਾ ਚੱਟ ਅਤੇ ਨਾਂ ਦੇ ਸਿੰਘ! (ਉਸ ਦੀਆਂ ਲਾਲ ਅਖਾਂ ਵਿਚੋਂ ਸ਼ਰਾਬ ਦੀ ਝਲਕ ਪੈ ਰਹੀ ਹੈ।) ਜੀ ਆਇਆਂ ਨੂੰ! ਭਰਾਵਾ! ਆ, ਵੇਖ ਅੱਗ ਪਈ ਵਰ੍ਹਦੀ ਹੈ, ਕੋਈ ਜਨੌਰ ਤੀਕ ਵੀ ਨਹੀਂ ਦਿਸਦਾ। ਏਨੇ ਚਰਾਕੇ ਦਰਸ਼ਨ? ਕਦੇ ਕਦੇ ਭੁਲ ਚੁਕ ਕੇ ਹੀ ਫੇਰਾ ਪਾ ਜਾਇਆ ਕਰ। ਆਹ! ਇਹ ਜਵਾਨੀ ਤੇ ਸੁਹੱਪਣ! ਤੇ ਉਸ ਉਤੇ ਸ਼ਰਾਬ ਦਾ ਰੰਗ! ਹੇ ਭਾਰਤ! ਮੇਰੇ ਵਰਗੇ ਸੇਵਾਦਾਰਾਂ ਨੂੰ ਠੁਕਰਾਉਣ ਵਾਲੇ ਭਾਰਤ! ਪੁਰਾਣੇ ਕਾਰਨਾਮਿਆਂ ਦੀ ਪੱਟੀ ਮੇਸ ਦੇਣ ਵਾਲੇ ਭਾਰਤ! ਤੈਨੂੰ ਕੀ ਖ਼ਬਰ ਹੈ ਕਿ ਕਿਨ੍ਹਾਂ ਕਿਨ੍ਹਾਂ ਸੂਰਬੀਰਾਂ ਦੀਆਂ ਹੱਡੀਆਂ ਤੇਰੀ ਛਾਤੀ ਉਤੇ ਖਿਲਰੀਆਂ ਪਈਆਂ ਹਨ? ਕਿਨ੍ਹਾਂ ਕਿਨ੍ਹਾਂ ਦੀ ਸੁਆਹ ਤੇਰੇ ਮੱਥੇ ਦੀ ਸ਼ਾਨ ਹੈ? ਤੇਰੇ ਇਸ ਅਨਪੜ੍ਹ, ਬੇਸਮਝ ਵਾਸੀ ਦੀ, ਇਸ ਕਰਤੂਤ ਦੇ ਕਾਰਣ ਉਨ੍ਹਾਂ ਹੱਡੀਆਂ ਅਤੇ ਸੁਆਹ ਨੂੰ ਕਿੱਨਾ ਦੁਖ ਹੋ ਰਿਹਾ ਹੋਣਾ ਹੈ? ਗੰਗਾ ਜੀ ਦੇ ਪੇਟ ਵਿਚ ਰਿਸ਼ੀਆਂ ਮੁਨੀਆਂ ਦੀਆਂ ਪਾਕ ਤੇ ਪਵਿਤਰ ਹੱਡੀਆਂ ਦੇ ਢੇਰ ਸ਼ਰਮ ਦੀ ਅੱਗ ਵਿਚ ਸੜਦੇ ਹੋਣਗੇ।

ਆ ਭੁਲਿਆ ਜਵਾਨਾ ਆ! ਤੇਰਾ ਆਉਣਾ ਸਿਰ ਮੱਥੇ ਉਤੇ! ਜੇ ਆਪਣਾ ਅੰਤ ਜਾਣਦੋਂ ਕਿ ਕਿਸ ਤਰ੍ਹਾਂ ਤੂੰ ਆਪਣੇ ਦੇਸ ਦੇ ਨੱਕ ਨਮੂਜ ਅਤੇ ਆਚਰਣ ਨੂੰ ਇਕ ਪਿਆਲੇ ਦੇ ਬਦਲੇ ਵੇਚ ਰਿਹਾ ਹੈਂ ਤਾਂ ਤੇ ਸ਼ਰਮ ਦਾ ਮਾਰਿਆ ਜ਼ਮੀਨ ਵਿਚ ਗ਼ਰਕ ਹੋ ਜਾਂਦੇ। ਕੀ ਪਿਆ ਹੈ ਸ਼ਰਾਬ ਵਿਚ? ਇਹ ਨਸ਼ਾ ਜਿਸ ਵਿਚ ਹਜ਼ਾਰ ਬਕੜਵਾਹ ਦੇ ਬਦਲੇ ਲੋਕਾਂ ਦੀ ਘਿਰਣਾ ਮੁਲ ਲੈਂਦਾ ਹੈ ਕੀ ਨਫਾ ਦੇਵੇਗੀ? ਇਹ ਜ਼ਹਿਰੀਲੀ ਖੁਸ਼ੀ ਜੋ ਕਈ ਦਿਲ-ਸਾੜੂ ਹੌਕਿਆਂ ਪਿਛੋਂ ਮਿਲਦੀ ਹੈ, ਇਸ ਦਾ ਕੀ ਲਾਭ? ਆਪਣੇ ਗਾੜ੍ਹੇ ਪਸੀਨੇ ਦੀ ਕਮਾਈ ਮੂਰਖਪੁਣੇ ਅਤੇ ਬੇਸਮਝੀ ਦੇ ਕਾਰਨ ਗੁਆਂਦਾ ਹੈ, ਇਸ ਵਿਚ ਕਿਹੜਾ ਲਾਭ ਵੇਖਦਾ ਹੈਂ? ਆ! ਬਾਜ਼ ਆ! ਇਸ ਰਸਤੇ ਵਿਚ ਤਾਂ ਤੈਨੂੰ ਨਿਤ ਦੀ ਭਿਛਿਆ ਮੰਗਣ ਲਈ ਵੀ ਮਾਇਆ ਦੀ ਲੋੜ ਹੈ, ਗ਼ਰੀਬੀ ਤੇ ਦੁਰੇ ਦੁਰੇ ਹਾਸਲ ਕਰਨ ਵਾਸਤੇ ਭੀ ਲਖਾਂ ਖੁਸ਼ਾਮਦਾਂ ਕਰਨੀਆਂ ਪੈਂਦੀਆਂ ਹਨ।

'ਸ਼ਰਾਬ'! ਇਸ ਦਾ ਨਾਂ ਲੈਂਦਿਆਂ ਮੇਰਾ ਲੋਹੇ ਦਾ ਜੁੱਸਾ ਵੀ ਕੰਬ ਉਠਦਾ ਹੈ। ਮੈਂ ਬੜੇ ਸਾਲਾਂ ਤੋਂ ਇਸੇ ਥਾਂ ਇਕ ਲੱਤ ਦੇ ਭਾਰ ਖੜਾ ਹਾਂ। ਪਹਿਲਾਂ ਕਦੇ ਵੀ ਮੈਂ ਅਜ ਕਲ ਜਿੰਨੀ ਸ਼ਰਾਬ ਵਿਕਦੀ ਨਹੀਂ ਸੀ ਡਿਠੀ। ਕਿਉਂ ਸੰਗਦਾ ਹੈਂ? ਆ, ਠੰਢਾ ਤੇ ਮਿਠਾ ਪਾਣੀ ਪੀ ਕੇ ਆਪਣੇ ਤਪੇ ਹੋਏ ਦਿਲ ਨੂੰ ਠਾਰ। ਇਥੇ ਸ਼ਰਮ ਦੀ ਕਿਹੜੀ ਗਲ? ਇਸ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਇਥੇ ਕਿਸੇ ਭੜੂਏ ਦਾ ਡਰ ਨਹੀਂ। ਬਿਨਾਂ ਪੈਸਿਆਂ ਤੋਂ ਸੌਦਾ ਤੇ ਫੇਰ ਏਨਾ ਸੰਕੋਚ! ਰਬਾ! ਮੁਫਤ ਚੀਜ਼ ਦੀ ਏਨੀ ਬੇਕਦਰੀ! ਪਰਮਾਤਮਾ! ਜੇ ਹਰ ਰੁਤੇ ਚੰਬੇ, ਮੋਤੀਏ, ਜਾਂ ਗੁਲਾਬ ਦੇ ਖਿੜਨ ਤੋਂ ਪਹਿਲਾਂ ਤੂੰ ਢੰਢੋਰਾ ਪਿਟ ਦਿਆ ਕਰੇਂ ਕਿ ਫਲਾਣੇ ਵੇਲੇ ਫ਼ਲਾਣੀ ਕਿਸਮ ਦੇ ਫੁੱਲ ਪੈਦਾ ਹੋਣਗੇ, ਤਾਂ ਆਸ ਹੈ ਕਿ ਸਾਰੀ ਲੁਕਾਈ ਹਸਦੀ ਖੇਡਦੀ ਸ਼ਹਿਰ ਨੂੰ ਛੱਡ ਬਾਗਾਂ ਵਿਚ ਜਾ ਡੇਰੇ ਲਾਵੇ ਅਤੇ ਕੁਦਰਤੀ ਨਜ਼ਾਰਿਆਂ ਪਿਛੇ ਹਰ ਜੰਗਲ ਅਤੇ ਬਾਗ ਨੂੰ ਗਾਹ ਛਡੇ। ਜੇ ਤੂੰ ਪਾਣੀ ਦੀ ਕੀਮਤ ਰਖਦੋਂ ਤਾਂ ਇਸ ਦੀ ਕਦਰ ਵੀ ਸ਼ਰਾਬ ਵਾਂਗ ਹੁੰਦੀ। ਸੁਣਨ ਵਿਚ ਆਇਆ ਹੈ ਕਿ ਪੈਰਸ ਵਿਚ, ਜਿਥੇ ਸ਼ਰਾਬ ਵਧੇਰੇ ਵਿਕਦੀ ਹੈ, ਪਾਣੀ ਉਪਰ ਵੀ ਟੈਕਸ ਲਾਇਆ ਗਿਆ ਹੈ ਤਾਂ ਜੋ ਐਸ਼ ਲੁਟਣ ਵਾਲੇ ਇਸ ਦਾਤ ਦੀ ਕਦਰ ਕਰਨ।

ਹੇ ਨਸ਼ੇ ਵਿਚ ਖੀਵੇ ਲੋਕੋ! ਹੋਸ਼ ਕਰੋ, ਸੰਭਲੋ। ਹਾਲਾਂ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਉਸ ਮਾਲਕ ਦੇ ਕਰੜੇ ਡੰਨ ਤੋਂ ਪਹਿਲਾਂ ਹੀ ਇਸ ਕੁਦਰਤੀ ਲਹਿਰ ਦੇ ਅਗੇ ਸਿਰ ਨਿਵਾਓ ਅਤੇ ਮੇਰੀ ਜਿਨਸ ਦੀ ਕਦਰ ਕਰੋ।

  • ਮੁੱਖ ਪੰਨਾ : ਪ੍ਰਿੰਸੀਪਲ ਤੇਜਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ