Sheikh Chilli Te Ghara : Lok Kahani
ਸ਼ੇਖਚਿੱਲੀ ਤੇ ਘੜਾ : ਲੋਕ ਕਹਾਣੀ
ਇੱਕ ਦਿਨ ਸ਼ੇਖਚਿੱਲੀ ਬਜ਼ਾਰ ਵਿਚ ਜਾ ਰਿਹਾ ਸੀ। ਬਜ਼ਾਰ ਵਿਚ ਇੱਕ ਆਦਮੀ ਖੜ੍ਹਾ ਸੀ,
ਜਿਸ ਕੋਲ ਇੱਕ ਘੜਾ ਸੀ। ਉਹ ਆਦਮੀ ਕਿਸੇ ਭਾਰ ਚੁੱਕਣ ਵਾਲੇ ਨੂੰ ਲੱਭ ਰਿਹਾ ਸੀ, ਜਿਹੜਾ
ਰੁਪਈਆ ਲੈਕੇ ਉਸ ਦਾ ਘੜਾ ਚੁੱਕ ਦੇਵੇ। ਸ਼ੇਖਚਿੱਲੀ ਇਸ ਕੰਮ ਲਈ ਤਿਆਰ ਹੋ ਗਿਆ। ਸ਼ੇਖਚਿੱਲੀ
ਘੜੇ ਨੂੰ ਸਿਰ ਤੇ ਰੱਖ ਕੇ ਉਸ ਆਦਮੀ ਦੇ ਪਿੱਛੇ-ਪਿੱਛੇ ਤੁਰ ਪਿਆ।
ਸ਼ੇਖਚਿੱਲੀ ਨੇ ਸੋਚਿਆ, “ਮੈਨੂੰ ਇਕ ਰੁਪਿਆ ਮਿਲੇਗਾ, ਮੈਂ ਇਸ ਦੀ ਇਕ ਮੁਰਗੀ ਖਰੀਦਾਂਗਾ।”
ਜਦ ਉਹ ਮੁਰਗੀ ਚੂਚੇ ਦੇਵੇਗੀ ਤਾਂ ਉਹਨਾਂ ਸਾਰਿਆਂ ਨੂੰ ਵੇਚ ਕੇ ਮੈ ਇੱਕ ਬੱਕਰੀ ਲਵਾਂਗਾ
ਫਿਰ ਉਹ ਬੱਕਰੀ ਮੇਮਣੇ ਦੇਵੇਗੀ।
ਉਹਨਾ ਮੇਮਣਿਆਂ ਨੂੰ ਵੇਚ ਕੇ ਮੈਂ ਇੱਕ ਗਊ ਲਵਾਂਗਾ।
ਉਹ ਗਊ ਵੱਛੇ-ਵੱਛੀਆਂ ਦੇਵੇਗੀ।
ਫਿਰ ਮੈਂ ਉਹਨਾਂ ਨੂੰ ਵੇਚ ਕੇ ਇੱਕ ਮੱਝ ਖਰੀਦਾਂਗਾ।
ਉਹ ਮਝ ਕੱਟੇ-ਕੱਟੀਆਂ ਦੇਵੇਗੀ।
ਫਿਰ ਮੈਂ ਉਹਨਾਂ ਸਾਰਿਆਂ ਨੂੰ ਵੇਚ ਕੇ ਇੱਕ ਘੋੜੀ ਲਵਾਂਗਾ।
ਉਹ ਘੋੜੀ ਵੀ ਵਛੇਰੇ-ਵਛੇਰੀਆਂ ਦੇਵੇਗੀ ਤਾਂ ਮੈਂ ਉਹਨਾਂ ਨੂੰ ਵੇਚ ਕੇ ਆਪਣਾ ਵਿਆਹ ਕਰਾਵਾਂਗਾ।
ਮੇਰੀ ਪਤਨੀ ਮੇਰੇ ਘਰ ਆਵੇਗੀ।
ਮੇਰੇ ਬੱਚੇ ਹੋਣਗੇ, ਮੇਰਾ ਪਰਿਵਾਰ ਵਧੇਗਾ।
ਫਿਰ ਮੈਂ ਆਪਣੇ ਬੈਠਣ ਲਈ ਇੱਕ ਬੈਠਕ ਬਣਾਵਾਂਗਾ।
ਮੈਂ ਬੈਠਕ ਵਿਚ ਬੈਠਾ ਹੋਵਾਂਗਾ। ਫਿਰ ਮੇਰਾ ਲੜਕਾ ਮੇਰੇ ਕੋਲ ਆਵੇਗਾ।
ਉਹ ਕਹੇਗਾ, “ਬਾਪੂ ਜੀ, ਰੋਟੀ ਖਾ ਲਉ।”
ਮੈਂ ਉਦੋਂ ਕੰਮ ਵਿਚ ਰੁਝਿਆ ਹੋਵਾਂਗਾ। ਮੈਂ ਉਸ ਨੂੰ ਗੁੱਸੇ ਵਿੱਚ ਬੋਲਾਂਗਾ “ਚੱਲ ਪਰ੍ਹੇ ਹਟ....”
ਇਹ ਕਹਿੰਦਿਆਂ ਹੀ ਘੜਾ ਸ਼ੇਖਚਿੱਲੀ ਦੇ ਸਿਰ ਤੋਂ ਡਿੱਗ ਪਿਆ ਤੇ ਟੁੱਟ ਗਿਆ।
ਘੜੇ ਦਾ ਮਾਲਕ ਰੋਣ ਲੱਗ ਪਿਆ। ਤਦ ਸ਼ੇਖਚਿੱਲੀ ਬੋਲਿਆ, “ਤੂੰ ਤਾਂ ਇਕ ਘੜੇ ਲਈ ਰੋਂਦਾ ਹੈਂ ....
ਦੇਖ ਮੇਰਾ ਤਾਂ ਸਾਰਾ ਟੱਬਰ ਹੀ ਰੁੜ੍ਹ ਗਿਆ.... ਮੈਂ ਕੀ ਕਰਾਂ?”