Sher Da Hissa : Aesop's Fable
ਸ਼ੇਰ ਦਾ ਹਿੱਸਾ : ਈਸਪ ਦੀ ਕਹਾਣੀ
ਸ਼ੇਰ ਇਕ ਦਿਨ ਤਿੰਨ ਹੋਰ ਜਣਿਆਂ ਨਾਲ ਸ਼ਿਕਾਰ ਕਰਨ ਗਿਆ। ਇਕੱਠੇ ਹੋ ਕੇ, ਉਨ੍ਹਾਂ ਨੇ ਇਕ ਹਿਰਨ ਨੂੰ ਘੇਰ ਲਿਆ ਅਤੇ ਫੜ ਲਿਆ। ਬਾਕੀ ਤਿੰਨਾਂ ਦੀ ਸਹਿਮਤੀ ਨਾਲ ਸ਼ੇਰ ਨੇ ਸ਼ਿਕਾਰ ਨੂੰ ਚਾਰ ਬਰਾਬਰ ਹਿੱਸਿਆਂ ਵਿਚ ਵੰਡ ਦਿੱਤਾ, ਪਰ ਜਦੋਂ ਹਰੇਕ ਜਾਨਵਰ ਆਪਣਾ ਹਿੱਸਾ ਲੈਣ ਲੱਗਿਆ ਤਾਂ ਸ਼ੇਰ ਨੇ ਉਨ੍ਹਾਂ ਨੂੰ ਰੋਕ ਦਿੱਤਾ।
"ਇੰਤਜ਼ਾਰ ਕਰੋ," ਸ਼ੇਰ ਨੇ ਕਿਹਾ, "ਕਿਉਂਕਿ ਮੈਂ ਸ਼ਿਕਾਰੀ ਟੋਲੇ ਦਾ ਇੱਕ ਮੈਂਬਰ ਹਾਂ, ਇਸ ਲਈ ਇਨ੍ਹਾਂ ਵਿੱਚੋਂ ਇੱਕ ਹਿੱਸਾ ਮੇਰਾ ਹੈ। ਦੂਜੇ ਜੰਗਲ ਦੇ ਦਰਿੰਦਿਆਂ ਵਿੱਚ ਮੇਰਾ ਰੁਤਬਾ ਇੰਨਾ ਉੱਚਾ ਹੈ, ਇਸ ਲਈ ਦੂਜਾ ਹਿੱਸਾ ਮੇਰਾ ਹੋਇਆ। ਤੀਜੀ ਗੱਲ ਇਹ ਕਿ ਮੇਰੀ ਹਿੰਮਤ ਅਤੇ ਤਾਕਤ ਦੀਆਂ ਧੁੰਮਾਂ ਪਈਆਂ ਹਨ, ਇਸ ਲਈ ਇਹ ਤੀਜਾ ਹਿੱਸਾ ਮੇਰਾ ਬਣਦਾ ਹੈ। ਜਿਥੋਂ ਤੱਕ ਚੌਥੇ ਹਿੱਸੇ ਦਾ ਸੁਆਲ ਹੈ ਜੇ ਤੁਸੀਂ ਇਸ ਦੀ ਮਾਲਕੀ ਬਾਰੇ ਮੇਰੇ ਨਾਲ ਦਲੀਲ ਵਿੱਚ ਪੈਣਾ ਚਾਹੁੰਦੇ ਹੋ, ਤਾਂ ਸ਼ੁਰੂ ਕਰੋ, ਅਤੇ ਆਪਾਂ ਦੇਖ ਲੈਂਦੇ ਹਾਂ ਕਿ ਕਿਸ ਦੀ ਦਲੀਲ ਵਿੱਚ ਕਿੰਨਾ ਦਮ ਹੈ।”
ਸਿੱਖਿਆ: ਦੂਜਿਆਂ ਨਾਲ ਕਾਰੋਬਾਰ ਕਰਨ ਵੇਲੇ ਲਾਭ ਦੇ ਹਿੱਸਿਆਂ ਬਾਰੇ ਹਮੇਸ਼ਾਂ ਪਹਿਲਾਂ ਸਹਿਮਤੀ ਬਣਾਈ ਜਾਣੀ ਚਾਹੀਦੀ ਹੈ।
(ਪੰਜਾਬੀ ਰੂਪ: ਚਰਨ ਗਿੱਲ)