Sher Te Khargosh : Georgian Fairy Tale
ਸ਼ੇਰ ਤੇ ਖ਼ਰਗੋਸ਼ : ਜਾਰਜੀਅਨ ਪਰੀ-ਕਹਾਣੀ
ਕਿਸੇ ਜੰਗਲ ਵਿਚ ਬਹੁਤ ਸਾਰੇ ਜਾਨਵਰਾਂ ਨੂੰ ਰਲ ਬੈਠਣ ਦੀ ਆਦਤ ਸੀ, ਪਰ ਹਰ ਵਾਰੀ ਹੀ ਸ਼ੇਰ ਆ ਨਿਕਲਦਾ ਤੇ ਉਹਨਾਂ ਵਿਚੋਂ ਕਿਸੇ ਇਕ ਉਤੇ ਝਪਟ ਪੈਂਦਾ ਤੇ ਉਹਨੂੰ ਥਾਏਂ ਹੀ ਨਿਘਾਰ ਜਾਂਦਾ। ਇਸ ਲਈ ਵਿਚਾਰੇ ਜਾਨਵਰਾਂ ਨੂੰ ਸਦਾ ਹੌਲ ਪਿਆ ਰਹਿੰਦਾ।
ਇਕ ਵਾਰੀ ਨਿਤ ਵਾਂਗ ਉਹ ਸਾਰੇ ਜੰਗਲ ਵਿਚ ਜੁੜੇ ਤੇ ਰਲ ਸੋਚਣ ਲਗੇ, ਇਸ ਪਲ-ਪਲ ਦੇ ਸਹਿਮ ਤੋਂ ਖਲਾਸੀ ਪਾਣ ਲਈ ਕੀ ਕੀਤਾ ਜਾਵੇ। ਉਹ ਸਿਰ ਜੋੜ ਬਹਿ ਗਏ, ਕਿੰਨਾ ਹੀ ਚਿਰ ਗੱਲਾਂ ਕਰਦੇ ਤੇ ਦਲੀਲਾਂ ਦੇਂਦੇ ਰਹੇ ਤੇ ਅਖ਼ੀਰ ਉਹਨਾਂ ਇਹ ਮਤਾ ਪਕਾਇਆ, ਉਹ ਸ਼ੇਰ ਨੂੰ ਜ਼ਿੰਦਗੀ ਭਰ ਭੇਟ ਦੇਂਦੇ ਰਹਿਣਗੇ, ਤੇ ਇਹ ਉਹਨੂੰ ਆਪ ਜਾ ਕੇ ਪਹੁੰਚਾਣਗੇ ਤੇ ਬਦਲੇ ਵਿਚ ਉਹਨੂੰ ਕਹਿਣਗੇ, ਉਹ ਉਹਨਾਂ ਨੂੰ ਉਹਨਾਂ ਦੀਆਂ ਜਿੰਦਾਂ ਲਈ ਨਿਤ ਬਣੇ ਰਹਿਣ ਵਾਲੇ ਸਹਿਮ ਤੋਂ ਆਜ਼ਾਦ ਕਰ ਦੇਵੇ। ਇਹ ਮਤਾ ਪਕਾ, ਉਹ ਸ਼ੇਰ ਕੋਲ ਗਏ ਤੇ ਉਹਨੂੰ ਇਹਦੇ ਬਾਰੇ ਦਸਿਆ।
ਸ਼ੇਰ ਨੇ ਸੁਝਾ ਇਸ ਸ਼ਰਤ ਉਤੇ ਮੰਨ ਲਿਆ ਕਿ ਭੇਟ ਉਹਨੂੰ ਇਕ ਨੀਅਤ ਸਮੇਂ ਤੇ ਇਕ ਵੀ ਪਲ ਦੀ ਢਿਲ - ਮਠ ਤੋਂ ਬਿਨਾਂ ਪਹੁੰਚਾਈ ਜਾਏਗੀ।
“ਨਹੀਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਮਾਰ ਦਿਆਂਗਾ!" ਉਹਨੇ ਆਖਿਆ।
ਤੇ ਇਸ ਤਰ੍ਹਾਂ, ਉਸ ਦਿਨ ਪਿਛੋਂ ਹਰ ਰੋਜ਼ ਜਾਨਵਰ ਆਪਣੇ ਆਪ ਵਿਚੋਂ ਇਕ ਨੂੰ ਸ਼ੇਰ ਦੀ ਰੋਟੀ ਲਈ ਪਹੁੰਚਾਣ ਲਗ ਪਏ। ਹੌਲੀ - ਹੌਲੀ ਸ਼ੇਰ ਕੋਲ ਲਿਜਾਏ ਜਾਣ ਲਈ ਖ਼ਰਗੋਸ਼ ਦੀ ਵਾਰੀ ਆ ਗਈ।
“ਕੋਈ ਨਹੀਂ, ਵਾਰੀ ਮੇਰੀ ਏ ਤੇ ਕੀਤਾ ਕੁਝ ਨਹੀਂ ਜਾ ਸਕਦਾ,'' ਖ਼ਰਗੋਸ਼ ਨੇ ਕਿਹਾ। “ਤੁਸੀਂ ਮੈਨੂੰ ਬਸ ਸ਼ੇਰ ਕੋਲ, 'ਕਲਿਆਂ ਜਾ ਲੈਣ ਦਿਓ। ਮੈਂ ਉਹਦਾ ਕੰਮ ਤਮਾਮ ਕਰਨ ਦੀ ਕੋਸ਼ਿਸ਼ ਕਰਾਂਗਾ। ਸ਼ਾਇਦ ਮੈਂ ਆਪਣੇ ਆਪ ਨੂੰ ਮੌਤ ਤੋਂ ਬਚਾ ਲਵਾਂ ਤੇ ਤੁਹਾਨੂੰ ਬਾਕੀਆਂ ਨੂੰ ਦੁਖ ਮੁਸੀਬਤ ਤੋਂ।"
ਜਾਨਵਰਾਂ ਦਾ ਹਾਸਾ ਨਿਕਲ ਗਿਆ। ਭੰਗਾਂਦੀਆਂ ਅੱਖਾਂ ਵਾਲਾ ਡਰੂ ਖ਼ਰਗੋਸ਼ ਸ਼ੇਖੀਆਂ ਕਿੰਨੀਆਂ ਮਾਰ ਰਿਹਾ ਸੀ !
ਏਧਰ ਸ਼ੇਰ ਆਪਣੇ ਘੁਰਨੇ ਵਿਚ ਲੇਟਿਆ ਹੋਇਆ ਸੀ, ਤੇ ਉਹਨੂੰ ਬੜੀ ਭੁਖ ਲਗੀ ਹੋਈ ਸੀ। ਉਹ ਅਗ ਵਾਂਗ ਲਿਸ਼ਕਦੀਆਂ ਅੱਖਾਂ ਤੇ ਕਰੀਚਦੇ ਦੰਦਾਂ ਨਾਲ ਸ਼ਿਕਾਰ ਦੇ ਪਹੁੰਚਣ ਦੀ ਉਡੀਕ ਕਰ ਰਿਹਾ ਸੀ। ਉਹ ਚੱਲਣ ਤੇ ਸਾਰਿਆਂ ਹੀ ਜਾਨਵਰਾਂ ਉਤੇ ਟੁਟ ਪੈਣ ਨੂੰ ਸੀ ਕਿ ਜਾਣ - ਬੁਝ ਕੇ ਚਿਰਕ ਕਰਦਾ ਖ਼ਰਗੋਸ਼ ਆ ਪਹੁੰਚਿਆ।
ਖ਼ਰਗੋਸ਼ ਵਲ ਖਾ ਜਾਣ ਵਾਲੀਆਂ ਅੱਖਾਂ ਨਾਲ ਵੇਖਦਾ ਸ਼ੇਰ ਬੋਲਿਆ :
“ਤੇਰੀ ਇਹ ਮਜਾਲ, ਏਡੀ ਚਿਰਕ ਕਰ ਕੇ ਆਵੇਂ!'
“ਜਨਾਬ," ਖ਼ਰਗੋਸ਼ ਨੇ ਮਸਕੀਨੀ ਨਾਲ ਆਖਿਆ, “ਮੇਰੇ ਜ਼ਿੰਮੇ ਤੁਹਾਡੇ ਖਾਣੇ ਲਈ ਇਕ ਖ਼ਰਗੋਸ਼ ਪਹੁੰਚਾਣ ਦਾ ਕੰਮ ਲਾਇਆ ਗਿਆ, ਤੇ ਮੈਂ ਉਹਨੂੰ ਏਥੇ ਲਿਆ ਰਿਹਾ ਸਾਂ, ਪਰ ਰਾਹ 'ਚ ਸਾਡੇ 'ਤੇ ਇਕ ਹੋਰ ਸ਼ੇਰ ਨੇ ਹਮਲਾ ਕਰ ਦਿਤਾ ; ਉਹਨੇ ਦੂਜੇ ਖ਼ਰਗੋਸ਼ ਨੂੰ ਫੜ ਲਿਆ ਤੇ ਇਕ ਡੂੰਘੀ ਖੱਡੇ ਧਰੀਕ ਕੇ ਲੈ ਗਿਆ।"
“ਚਲ ਖਾਂ, ਵਿਖਾ ਮੈਨੂੰ ਕਿਥੇ ਏ ਉਹ !" ਸ਼ੇਰ ਗਜਿਆ।
ਖ਼ਰਗੋਸ਼ ਸ਼ੇਰ ਨੂੰ ਇਕ ਖੂਹ ਉਤੇ ਲੈ ਆਇਆ।
“ਜਨਾਬ, ਓਥੇ ਥੱਲੇ ਜੇ," ਖ਼ਰਗੋਸ਼ ਨੇ ਆਖਿਆ, “ਮੈਨੂੰ ਸਿਰਫ਼ ਉਹਦੇ ਵਲ 'ਕਲਿਆਂ ਵੇਖ ਕੇ ਡਰ ਲਗਦੈ। ਮੈਨੂੰ ਆਪਣੇ ਪੰਜਿਆਂ 'ਚ ਰਖ ਲਓ, ਤੇ ਮੈਂ ਤੁਹਾਨੂੰ ਵਿਖਾਨਾਂ।"
ਸ਼ੇਰ ਨੇ ਖ਼ਰਗੋਸ਼ ਨੂੰ ਆਪਣੇ ਪੰਜਿਆਂ ਵਿਚ ਰਖ ਲਿਆ, ਉਹਨਾਂ ਹੇਠਾਂ ਖੂਹ ਵਿਚ ਵੇਖਿਆ ਤੇ ਤਹਿ ਵਿਚ ਉਹਨਾਂ ਨੂੰ ਆਪਣਾ ਅਕਸ ਦਿਸਿਆ : ਇਕ ਸ਼ੇਰ ਜਿਹਦੇ ਪੰਜਿਆਂ ਵਿਚ ਇਕ ਖ਼ਰਗੋਸ਼ ਸੀ ਤੇ ਜਿਹੜਾ ਉਹਨਾਂ ਵਲ ਟਕ ਲਾ ਵੇਖ ਰਿਹਾ ਸੀ।
ਗੁੱਸਾ ਖਾ ਸ਼ੇਰ ਨੇ ਖ਼ਰਗੋਸ਼ ਨੂੰ ਪਰ੍ਹਾਂ ਵਗਾ ਮਾਰਿਆ ਤੇ ਆਪਣੇ ਰਕੀਬ ਨੂੰ ਸਜ਼ਾ ਦੇਣ ਤੇ ਉਹਨੇ ਉਸ ਤੋਂ ਆਪਣਾ ਸ਼ਿਕਾਰ ਖੋਹਣ ਲਈ ਖੂਹ ਵਿਚ ਛਲ ਕਢ ਮਾਰੀ। ਪਰ ਖੂਹ ਡੂੰਘਾ ਸੀ, ਤੇ ਖੂੰਖਾਰ ਸ਼ੇਰ ਡੁਬ ਗਿਆ।
ਜਾਨਵਰਾਂ ਨੂੰ ਜਦੋਂ ਖ਼ਬਰ ਲਗੀ, ਉਹਨਾਂ ਇਸ ਗਲ ਦੀਆਂ ਖੁਸ਼ੀਆਂ ਮਨਾਈਆਂ, ਉਹਨਾਂ ਦੀ ਏਡੇ ਜ਼ਾਲਮ ਵੈਰੀ ਤੋਂ ਖਲਾਸੀ ਹੋ ਗਈ ਸੀ, ਤੇ ਉਹਨਾਂ ਨੇ ਖ਼ਰਗੋਸ਼ ਦਾ ਪੂਰੇ ਦਿਲ ਨਾਲ ਸ਼ੁਕਰਾਨਾ ਅਦਾ ਕੀਤਾ ।