Shere-Punjab (Punjabi Essay) : Dr. Ganda Singh

ਸ਼ੇਰਿ-ਪੰਜਾਬ (ਲੇਖ) : ਡਾਕਟਰ ਗੰਡਾ ਸਿੰਘ

ਸਿਖ ਇਤਿਹਾਸ ਆਪਣੀ ਉਦਾਹਰਣ ਆਪ ਹੀ ਹੈ। ਇਸ ਵਿਚ ਜਿੱਥੇ ਪ੍ਰਥਮ ਨਾਨਕ ਤੋਂ ਲੈ ਕੇ ਦਸਮ ਨਾਨਕ ਤਕ ਸਰਬ ਕਲਾ ਸੰਪੂਰਣ ਪਰਮ ਸੰਤਾਂ, ਈਸ਼੍ਵਰ-ਭਗਤ ਮਹਾਤਮਾਵਾਂ, ਅਦੁਤੀ ਸ਼ਹੀਦਾਂ ਅਤੇ ਧਰਮਾਤਮਾ ਯੋਧਿਆਂ, ਸਾਹਿਬ-ਜ਼ਾਦਿਆਂ ਅਤੇ ਪੰਜ ਪਿਆਰਿਆਂ ਵਰਗੇ ਪੂਰਣ ਗੁਰਸਿਖਾਂ, ਬਾਬਾ ਬੰਦਾ ਸਿੰਘ ਬਹਾਦਰ ਵਰਗੇ ਧਰਮ ਰੱਖਿਅਕ ਬਹਾਦਰਾਂ, ਭਾਈ ਮਨੀ ਸਿੰਘ, ਤਾਰੂ ਸਿੰਘ ਵਰਗੇ ਸ਼ਹੀਦਾਂ ਦੇ ਕਾਰਨਾਮੇ ਭਰੇ ਪਏ ਹਨ, ਓਥੇ ਖ਼ਾਲਸਾ ਮਿਸਲਦਾਰਾਂ ਦੀਆਂ ਜਿੱਤਾਂ ਤੇ ਮਾਰਾਂ ਅਤੇ ਸ਼ੇਰਿ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਖ਼ਾਲਸਾ ਰਾਜ ਦੀ ਕਾਇਮੀ ਲਈ ਘਾਲਾਂ, ਉਸ ਦੀਆਂ ਬਹਾਦਰੀਆਂ ਅਤੇ ਉਸ ਦੇ ਰਾਜ ਦੀਆਂ ਬਰਕਤਾਂ ਸੂਰਜ ਵਾਂਙ ਚਮਕਦੀਆਂ ਹਨ। ਸੰਸਾਰ ਉਤੇ ਇਹ ਇਕ ਅਦੁਤੀ ਕਰਾਮਾਤ ਹੈ ਜੋ ਸਿੱਖ ਕੌਮ ਨੇ ਆਪਣੇ ਪੂਜਨੀਕ ਬਜ਼ੁਰਗਾਂ ਦੇ ਪੂਰਨਿਆਂ ਉੱਤੇ ਚਲਦੇ ਹੋਏ ਕਰ ਦਿਖਾਈ ਕਿ ਆਪਣੇ ਜਨਮ ਤੋਂ ਤਿੰਨ ਸੌ ਸਾਲ ਦੇ ਤੁਛ ਸਮੇਂ ਦੇ ਅੰਦਰ ਇਸ ਉਨਤੀ ਦੇ ਸਿਖਰ ਤੇ ਪੁੱਜੇ ਕਿ ਸਤੱਰ ਅੱਸੀ ਸਾਲਾਂ ਦੀ ਰਾਜਸੀ ਜ਼ਿੰਦਗੀ ਵਿਚ ਇਕ ਬੜਾ ਪ੍ਰਭਾਵ-ਸ਼ਾਲੀ ਰਾਜ ਕਾਇਮ ਕਰ ਕੇ ਦੱਸ ਦਿੱਤਾ।

ਸਿਖ ਰਾਜਸੀ ਇਤਿਹਾਸ ਅੰਦਰ ਸ਼ੇਰਿ-ਪੰਜਾਬ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਸੂਰਜ-ਵਤ ਚਮਕਦੇ ਹਨ। ਆਪ ਜਿਥੇ ਬਹਾਦਰ ਯੋਧਾ, ਉਦਾਰ ਸ਼ਤੂਰ ਅਤੇ ਦਾਨੇ ਹਾਕਮ ਸਨ, ਉਥੇ ਆਪ ਬੜੇ ਗੁਰਮੁਖ ਸਿਖ, ਪਰਜਾ-ਪਾਲਕ ਅਤੇ ਸੂਰਬੀਰਾਂ ਤੇ ਵਿਦਵਾਨਾਂ ਦੇ ਕਦਰਦਾਨ ਭੀ ਸਨ। ਇਹੋ ਹੀ ਕਾਰਨ ਹੈ ਕਿ ਉਹਨਾਂ ਦੀ ਸੋਭਾ ਸੁਣ ਕੇ ਕਈ ਇਤਾਲੀਏ, ਫਰਾਂਸੀਸ, ਅਮ੍ਰੀਕਨ, ਅੰਗਰੇਜ਼ ਤੇ ਦੂਜੇ ਯੂਰਪੀਨ ਨੌਕਰੀ ਲਈ ਉਨ੍ਹਾਂ ਦੇ ਦਰਬਾਰ ਵਿਚ ਹਾਜ਼ਰ ਹੋਏ, ਤੇ ਸਾਲਾਂ ਬਧੀ ਬੜੇ ਬੜੇ ਅਹੁਦਿਆਂ ਤੇ ਸੇਵਾ ਕਰਦੇ ਰਹੇ। ਥੋੜੇ ਜਿਹੇ ਸਮੇਂ ਵਿਚ ਹੀ ਆਪ ਦਾ ਦੂਜੇ ਦੇਸਾਂ ਵਾਲਿਆਂ ਉਤ ਇਤਨਾ ਪ੍ਰਭਾਵ ਬੈਠ ਗਿਆ ਸੀ ਕਿ ਯੂਰਪ ਦੀਆਂ ਫ਼ਰਾਂਸੀਸ, ਇਟਲੀ ਅਤੇ ਰੂਸ ਆਦਿ ਬੜੀਆਂ ਬੜੀਆਂ ਤਾਕਤਾਂ ਮਹਾਰਾਜਾ ਸਾਹਿਬ ਨਾਲ ਮਿਤ੍ਰਤਾ ਗੰਢਣਾ ਆਪਣਾ ਸੁਭਾਗ ਸਮਝਦੀਆਂ ਸਨ। ਅੰਗਰੇਜ਼ਾਂ ਦਾ ਤਾਂ ਕਹਿਣਾ ਹੀ ਕੀ ਹੋਇਆ। ਇਹਨਾਂ ਦਾ ਤਾਂ ਕੋਈ ਨਾ ਕੋਈ ਸਫ਼ੀਰ ਬਾਦਸ਼ਾਹ ਇੰਗਲਿਸਤਾਨ ਤੇ ਗਵਰਨਰ-ਜਨਰਲ ਹਿੰਦੁਸਤਾਨ ਵਲੋਂ ਤੋਹਫੇ ਅਤੇ ਦੋਸਤੀ ਗੰਢਣ ਲਈ ਅਰਜ਼ੀਆਂ ਚਿਠੀਆਂ ਲੈ ਕੇ ਆਇਆ ਹੀ ਰਹਿੰਦਾ ਸੀ, ਅਤੇ ਜਿਸ ਦਾਨਾਈ ਤੇ ਖ਼ੂਬੀ ਨਾਲ ਮਹਾਰਾਜਾ ਸਾਹਿਬ ਇਸ ਮਹਾਨ ਕਾਰਜ ਨੂੰ ਨਿਪਟਾਉਂਦੇ ਸਨ, ਇਹ ਉਨ੍ਹਾਂ ਦਾ ਹੀ ਕੰਮ ਸੀ।

ਮਹਾਰਾਜਾ ਰਣਜੀਤ ਸਿੰਘ ਸ਼ੁਕਰਚੱਕੀਆ ਮਿਸਲ ਦੇ ਮੁਖੀ ਜਥੇਦਾਰ ਸਰਦਾਰ ਚੜ੍ਹਤ ਸਿੰਘ ਦੇ ਸਪੁਤਰ ਸਰਦਾਰ ਮਹਾਂ ਸਿੰਘ ਦੇ ਸਾਹਿਬਜ਼ਾਦੇ ਸਨ। ਆਪ ਨੇ ੨ ਮੱਘਰ ਸੰਮਤ ੧੮੩੭ ਨੂੰ ਸ਼ਹਿਰ ਗੁਜਰਾਂਵਾਲੇ ਵਿਖੇ ਜਨਮ ਲਿਆ। ਆਪ ਛੋਟੀ ਉੁਮਰ ਤੋਂ ਹੀ ਬੜੇ ਸੁਘੜ ਸਿਆਣੇ ਸਨ, ਅਤੇ ਘੋੜੇ ਦੀ ਸਵਾਰੀ, ਤੀਰ ਅੰਦਾਜ਼ੀ ਵਿਚ ਆਪ ਨੂੰ ਖਾਸ ਮੁਹਾਰਤ ਸੀ। ਇਹ ਉਹ ਵੇਲਾ ਸੀ ਜਦ ਕਿ ਸਰਦਾਰ ਮਹਾਂ ਸਿੰਘ ਦੀ ਤਾਕਤ ਦਿਨ ਦੂਣੀ ਤੇ ਰਾਤ ਚੌਗਣੀ ਤਰੱਕੀ ਕਰ ਰਹੀ ਸੀ ਅਤੇ ਰਣਜੀਤ ਸਿੰਘ ਆਪਣੇ ਸੂਰਬੀਰ ਪਿਤਾ ਦੇ ਨਾਲ ਜੁਧਾਂ ਜੰਗਾਂ ਦੇ ਮੈਦਾਨਾਂ ਵਿਚ ਜਾ ਕੇ ਆਪਣੀ ਆਉਣ ਵਾਲੀ ਜ਼ਿੰਦਗੀ ਲਈ ਤਿਆਰ ਹੋ ਰਿਹਾ ਸੀ। ਪਰ ਹਾਲਾਂ ਰਣਜੀਤ ਸਿੰਘ ਦੀ ਆਯੂ ਦਸਾਂ ਸਾਲਾਂ ਦੀ ਹੋਈ ਸੀ ਕਿ ਕਾਲ ਬਲੀ ਨੇ ਉਹਨਾਂ ਦੇ ਪਿਤਾ ਸਰਦਾਰ ਮਹਾਂ ਸਿੰਘ ਨੂੰ ਆ ਬੁਲਾਵਾ ਭੇਜਿਆ।

ਪਹਿਲਾ ਯੁਧ ਜਿਸ ਵਿਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਜ਼ਿਆਦਾ ਵਡਿਆਈ ਪ੍ਰਾਪਤ ਕੀਤੀ, ਜਰਨੈਲ ਅਹਿਮਦ ਖਾਨ ਸ਼ਾਹਾਨਚੀ-ਬਾਸ਼ੀ ਨਾਲ ਹੋਇਆ ਸੀ। ਜਦ ਸ਼ਾਹ-ਜ਼ਮਾਨ ਦਾ ਅਸਬਾਬ ਖਾਲਸੇ ਨੇ ਲੁਟ ਕੇ ਉਸ ਨੂੰ ਹਰਾਸ ਕਰ ਦਿੱਤਾ ਤੇ ਸ਼ਾਹਾਨਚੀ ਸਰਦਾਰ ਰਣਜੀਤ ਸਿੰਘ ਦੇ ਕਿਲ੍ਹੇ ਰਾਮ-ਨਗਰ ਨੂੰ ਤੋੜਨ ਲਈ ਆਇਆ ਤਾਂ ਉਸ ਵੇਲੇ ਇਸ ਨੇ ਭੰਗੀ ਤੇ ਅਟਾਰੀ ਵਾਲੇ ਸਰਦਾਰਾਂ ਨੂੰ ਨਾਲ ਲੈ ਕੇ ਸ਼ਾਹਾਨਚੀ ਦੇ ਉਹ ਦੰਦ ਖੱਟੇ ਕੀਤੇ ਕਿ ਉਹ ਮੈਦਾਨੋਂ ਭੱਜ ਨਿਕਲਿਆ। ਰਣਜੀਤ ਸਿੰਘ ਉਸ ਦਾ ਖੁਰਾ ਦਬੀ ਚਲਾ ਗਿਆ ਤੇ ਗੁਜਰਾਤ ਦੇ ਲਾਗੇ ਉਸ ਦੀ ਅਲਖ ਮੁਕਾ ਕੇ ਹੀ ਸਾਹ ਲਿਆ। ਸ਼ਾਹਾਨਚੀ ਦੀ ਮੌਤ ਦੀ ਖ਼ਬਰ ਅਤੇ ਰਣਜੀਤ ਸਿੰਘ ਦੀ ਤਲਵਾਰ ਦੀ ਧਾਂਕ ਸੁਣ ਕੇ ਅਫ਼ਗਾਨਾਂ ਦੇ ਇਸ ਤਰ੍ਹਾਂ ਹੋਸ਼ ਉਡੇ ਕਿ ਉਨ੍ਹਾਂ ਮੁੜ ਕਦੀ ਪੰਜਾਬ ਵਲ ਮੂੰਹ ਕਰਨ ਦਾ ਹੀਆ ਨਾ ਕੀਤਾ।

ਇਹ ਭੀ ਕਰਾਮਾਤ ਹੈ ਕਿ ਮਹਾਰਾਜਾ ਸਾਹਿਬ ਨੇ ਸੈਂਕੜੇ ਸਾਲਾਂ ਤੋਂ ਅਫ਼ਗਾਨੀ ਦੱਰਿਆਂ ਰਾਹੀਂ ਹਿੰਦ ਪਰ ਹੋ ਰਹੇ ਜਰਵਾਨੀਂ ਹਮਲਿਆਂ ਨੂੰ ਉਕਾ ਬੰਦ ਹੀ ਨਹੀਂ ਕੀਤਾ ਬਲਕਿ ਖਾਲਸਾ ਸੂਰਬੀਰਾਂ ਦੇ ਜਥਿਆਂ ਨਾਲ ਪਠਾਣੀ ਦੇਸ ਉਤੇ ਹਲੇ ਕਰ ਕੇ ਹਿੰਦ ਦੀ ਲਾਜ ਰਖ ਵਿਖਾਈ। ਪਠਾਣਾਂ ਦੇ ਭਜ ਜਾਣ ਪਰ ਸਰਦਾਰ ਚੇਤ ਸਿੰਘ, ਮੋਹਰ ਸਿੰਘ ਤੇ ਸਾਹਿਬ ਸਿੰਘ ਨੇ ਲਾਹੌਰ ਆ ਝੰਡੇ ਗਡੇ ਸਨ, ਪਰ ਮੰਦੇ ਭਾਗਾਂ ਨੂੰ ਉਹਨਾਂ ਦਾ ਰਾਜਪ੍ਰਬੰਧ ਚੰਗਾ ਨਾ ਹੋਣ ਕਰਕੇ ਉਹਨਾਂ ਵਿਚ ਝਗੜੇ ਹੀ ਰਹਿੰਦੇ ਸਨ, ਜਿਸ ਕਰਕੇ ਨਿਜ਼ਾਮ ਦੀਨ ਕਸੂਰੀਆ ਲਾਹੌਰ ਉਤੇ ਛਾਪਾ ਮਾਰਨ ਲਈ ਅੰਦਰੋ ਅੰਦਰ ਤਿਆਰੀ ਕਰ ਰਿਹਾ ਸੀ। ਇਸ ਗਲ ਦੀ ਖ਼ਬਰ ਨੇ ਲਾਹੌਰ ਦੇ ਵਸਨੀਕਾਂ ਨੂੰ ਹੋਰ ਭੀ ਦੁਖੀ ਕਰ ਦਿਤਾ ਤੇ ਹੋਰ ਕੋਈ ਚਾਰਾ ਨ ਚਲਦਾ ਵੇਖ ਕੇ ਸ਼ਹਿਰ ਦੇ ਮੁਖੀਆਂ ਮੀਆਂ ਆਸ਼ਕ ਮੁਹੰਮਦ, ਹਕੀਮ ਹਾਕਮ ਰਾਏ ਤੇ ਸਰਦਾਰ ਗੁਰਬਖ਼ਸ਼ ਸਿੰਘ ਨੇ ਸਰਦਾਰ ਰਣਜੀਤ ਸਿੰਘ ਨੂੰ ਸੱਦਾ ਦੇ ਘਲਿਆ। ਇਹ ਸੁਨੇਹਾ ਪੁਜਦੇ ਹੀ ਰਣਜੀਤ ਸਿੰਘ ਨੇ ਅੱਠ ਹਜ਼ਾਰ ਫੌਜ ਨਾਲ ਲਾਹੌਰ ਤੇ ਆ ਹੱਲਾ ਬੋਲਿਆ। ਬਸ ਠਹਿਰਨਾ ਕਿਸ ਸੀ? ਦੋ ਸਰਦਾਰ ਤਾਂ ਰਣਜੀਤ ਸਿੰਘ ਦੇ ਆਉਂਦਿਆਂ ਹੀ ਸ਼ਹਿਰ ਖ਼ਾਲੀ ਕਰ ਗਏ ਤੇ ਸਰਦਾਰ ਚੇਤ ਸਿੰਘ ਨੇ ਦੂਜੇ ਦਿਨ ਹੀ ਈਨ ਮੰਨ ਕੇ ਕਿਲ੍ਹੇ ਦੀਆਂ ਕੁੰਜੀਆਂ ਉਸ ਦੇ ਹਵਾਲੇ ਕਰ ਦਿਤੀਆਂ।

ਲਾਹੌਰ ਉਤੇ ਰਣਜੀਤ ਸਿੰਘ ਦਾ ਕਬਜ਼ਾ ਹੋ ਗਿਆ ਦੇਖ ਕੇ ਨਿਜ਼ਾਮ ਦੀਨ ਕਸੂਰੀਏ ਨੇ ਕੁਝ ਭੰਗੀ ਤੇ ਰਾਮਗੜ੍ਹਆਂ ਸਰਦਾਰਾਂ ਨੂੰ ਨਾਲ ਲੈ ਕੇ ਹੱਲਾ ਬੋਲਣ ਦੀ ਤਿਆਰੀ ਕੀਤੀ। ਏਧਰੋਂ ਮਾਹਰਾਜਾ ਰਣਜੀਤ ਸਿੰਘ ਭੀ ਬੇ-ਖ਼ਬਰ ਨਹੀਂ ਸੀ। ਭਸੀਣ ਦੀ ਲੜਾਈ ਨੇ ਸਦਾ ਲਈ ਏਹ ਰੇੜਕਾ ਮਿਟਾ ਦਿਤਾ ਤੇ ਲਾਹੌਰ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਬਹੁਤ ਸਾਰੇ ਹਿੱਸੇ ਦਾ ਬਾਦਸ਼ਾਹ ਬਣ ਗਿਆ ਤੇ ਸਾਰੇ ਦੇਸ ਵਿਚ ਉਸ ਦੀ ਬਹਾਦਰੀ ਦੀ ਧਾਂਕ ਪੈ ਗਈ।
ਇਸ ਦੇ ਉਪ੍ਰੰਤ ਮਹਾਰਾਜਾ ਸਾਹਿਬ ਨੇ ਖ਼ਾਲਸਾ ਰਾਜ ਨੂੰ ਵਧਾਉਣ ਤੇ ਪ੍ਰਫੁਲਤ ਕਰਨ ਲਈ ਬਹੁਤ ਸਾਰੇ ਜੰਗ ਮਾਰੇ,ਤੇ ਜੰਮੂ, ਮੁਲਤਾਨ, ਅੰਮ੍ਰਿਤਸਰ, ਝੰਗ ਤੇ ਉੱਚ ਆਦਿ ਇਲਾਕਿਆਂ ਨੂੰ ਆਪਣੇ ਰਾਜ ਨਾਲ ਮਿਲਾਇਆ।

ਅਖੀਰ ਸੰਨ ੧੮੦੫ ਵਿਚ ਜਰਨੈਲ ਲੇਕ ਦਾ ਭਜਾਇਆ ਹੋਇਆ ਮਰਾਠਾ ਸਰਦਾਰ ਜਸਵੰਤ ਰਾਓ ਹੁਲਕਰ ਅਮੀਰ ਖਾਨ ਰੋਹੇਲੇ ਦੇ ਨਾਲ ਅੰਗਰੇਜ਼ੀ ਫ਼ੌਜ ਦੀ ਅੱਖ ਬਚਾ ਕੇ ਪੰਜਾਬ ਵਿਚ ਆ ਵੜਿਆ। ਲੋਕ ਪਿਛੇ ਦਬ ਚਾੜ੍ਹੀ ਆ ਰਿਹਾ ਸੀ। ਅੰਮ੍ਰਿਤਸਰ ਪੁਜ ਕੇ ਹੁਲਕਰ ਨੇ ਲਾਹੌਰ ਆਪਣੇ ਵਕੀਲ ਭੇਜੇ ਜਿਨ੍ਹਾਂ ਸ਼ਾਹਜ਼ਾਦਾ ਖੜਕ ਸਿੰਘ ਪਾਸ ਸਹਇਤਾ ਲਈ ਪੁਕਾਰ ਕੀਤੀ। ਮਹਾਰਾਜਾ ਸਾਹਿਬ ਉਸ ਵੇਲੇ ਮੁਲਤਾਨ ਵਲ ਦੌਰਾ ਕਰ ਰਹੇ ਸਨ। ਕੰਵਰ ਸਾਹਿਬ ਨੇ ਇਹ ਗਲ ਮਹਾਰਾਜਾ ਸਾਹਿਬ ਨੂੰ ਲਿਖ ਘਲੀ। ਇਹਨਾਂ ਲਾਹੌਰ ਪੁਜ ਕੇ ਆਪਣੇ ਸਰਦਾਰਾਂ ਨਾਲ ਸਲਾਹ ਕੀਤੀ, ਜਿਸ ਵਿਚ ਹੁਲਕਰ ਅਤੇ ਅੰਗਰੇਜ਼ਾਂ ਦੀ ਸੁਲਾਹ ਕਰਵਾ ਦੇਣ ਦਾ ਫੈਸਲਾ ਹੋਇਆ। ਮਹਾਰਾਜਾ ਸਾਹਿਬ ਨੇ ਵਿਚ ਪੈਕੇ ੧੧ ਜਨਵਰੀ ੧੮੦੬ ਨੂੰ ਦੋਹਾਂ ਦਾ ਸਮਝੌਤਾ ਕਰਵਾ ਕੇ ਹੁਲਕਰ ਨੂੰ ਦਿਲੀ ਤੋਂ ਹੇਠਾਂ ਹੇਠਾਂ ਉਹ ਸਾਰਾ ਇਲਾਕਾ ਜੋ ਲੇਕ ਨੇ ਖੋਹ ਲਿਆ ਸੀ ਵਾਪਸ ਦਿਵਾ ਦਿਤਾ।

ਇਸ ਨਾਲ ਦੋਵੇਂ ਪਾਸੇ ਪ੍ਰਸੰਨ ਹੋ ਗਏ। ਜਿਸ ਦਾਨਾਈ ਤੋਂ ਧੀਰਜ ਨਾਲ ਮਹਾਰਾਜਾ ਸਾਹਿਬ ਨੇ ਇਸ ਉਲਝੀ ਹੋਈ ਗੁਥੀ ਨੂੰ ਸੁਲਝਾਇਆ, ਉਹ ਸ਼ਲਾਘਾ ਯੋਗ ਹੈ।

ਮੇਜਰ ਬਾਸੂ ਵਰਗੇ ਕਈ ਲਿਖਾਰੀਆਂ ਨੇ ਇਸ ਗਲ ਨੂੰ ਮਹਾਰਾਜਾ ਸਾਹਿਬ ਦੀ ਕਮਜ਼ੋਰੀ ਦੱਸ ਕੇ ਇਕ ਬੜੀ ਭਾਰੀ ਗਲਤੀ ਕੀਤੀ ਹੈ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਵੇਲੇ ਪੰਜਾਬ ਵਿਚ ਮਹਾਰਾਜਾ ਸਾਹਿਬ ਦੀ ਆਪਣੀ ਤਾਕਤ ਹਾਲੀ ਤਕ ਪੂਰੀ ਤਰ੍ਹਾਂ ਪੱਕੀ ਨਹੀਂ ਹੋਈ ਸੀ। ਇਕ ਪਾਸੇ ਕਈ ਮਿਸਲਦਾਰ ਰਾਜ ਉਤੇ ਅੱਖਾਂ ਲਾਈ ਬੈਠੇ ਸਨ ਤੇ ਦੂਜੇ ਬੰਨੇ ਨਵੇਂ ਫ਼ਤਿਹ ਕੀਤੇ ਇਲਾਕਿਆਂ ਦਾ ਪ੍ਰਬੰਧ ਭੀ ਠੀਕ ਨਹੀਂ ਸੀ ਹੋਇਆ, ਜਿਸ ਕਰਕੇ ਉਹਨਾਂ ਦੇ ਮੁੜ ਉਠ ਖੜੇ ਹੋਣ ਵਿਚ ਕੋਈ ਸ਼ਕ ਵਾਲੀ ਗਲ ਹੀ ਨਹੀਂ ਸੀ। ਅਜਿਹੀ ਹਾਲਤ ਵਿਚ ਪੰਜਾਬ ਨੂੰ ਦੋ ਬਾਹਰਲੀਆਂ ਤਾਕਤਾਂ ਲਈ ਲੜਾਈ ਦਾ ਮੈਦਾਨ ਬਣਾ ਦੇਣਾ ਤੇ ਆਪਣੀ ਸਾਰੀ ਫ਼ੌਜੀ ਤਾਕਤ ਨੂੰ ਇਸ ਪਾਸੇ ਢੋ ਦੇਣਾ ਆਪਣੀ ਪੈਰੀਂ ਆਪ ਕੁਹਾੜਾ ਮਾਰਣ ਵਾਲੀ ਗਲ ਸੀ ਤੇ ਆਪਣੀ ਸਾਰੀ ਕੀਤੀ ਕੱਤਰੀ ਉਤੇ ਪਾਣੀ ਫੇਰਨਾ ਸੀ, ਕਿਉਂਕਿ ਮਹਾਰਾਜਾ ਸਾਹਿਬ ਦੇ ਇਧਰ ਜਾਣ ਦੀ ਦੇਰ ਸੀ ਕਿ ਪਿਛੋਂ ਝੁਗਾ ਚੌੜ ਸੀ। ਇਸ ਤੋਂ ਬਿਨਾ ਮਹਾਰਾਜਾ ਦੀ ਸਹਾਇਤਾ ਨਾਲ ਜੇ ਮਰਾਠੇ ਬਚ ਭੀ ਜਾਂਦੇ ਤਾਂ ਉਹਨਾਂ ਕੀ ਖੈਰ ਗੁਜ਼ਾਰਨੀ ਸੀ। ਉਹ ਤਾਂ ਅਗੇ ਹੀ ਸਿਖ ਰਿਆਸਤਾਂ ਨੂੰ ਹੜੱਪ ਕਰ ਜਾਣ ਲਈ ਮਗਰਮੱਛ ਵਾਂਙੂੰ ਮੂੰਹ ਅਡੀ ਬੈਠੇ ਸਨ ਤੇ ਅੱਗੇ ਕਈ ਵਾਰੀ ਪਟਿਆਲੇ ਆਦਿ ਦੇ ਇਲਾਕੇ ਉਤੇ ਇਸ ਮਤਲਬ ਲਈ ਹੱਲੇ ਕਰ ਚੁੱਕੇ ਸਨ। ਇਹਨਾਂ ਹਾਲਤਾਂ ਵਿਚ ਜੋ ਭੀ ਮਹਾਰਾਜਾ ਸਾਹਿਬ ਨੇ ਕੀਤਾ, ਬੜੀ ਅਕਲਮੰਦੀ ਦਾ ਕੰਮ ਸੀ। ਸਮਝੌਤੇ ਨਾਲ ਹੁਲਕਰ ਦੀ ਸਹਾਇਤਾ ਭੀ ਹੋ ਗਈ, ਕਿਉਂਕਿ ਉਹ ਲੇਕ ਦੇ ਸ਼ਕੰਜੇ 'ਚੋਂ ਬਚ ਗਿਆ ਤੇ ਪੰਜਾਬ ਤੋਂ ਆਫ਼ਤ ਭੀ ਟਲ ਗਈ।
ਇਸ ਦੇ ਉਪ੍ਰੰਤ ਮਹਾਰਾਜ ਸਾਹਿਬ ਆਪਣੇ ਰਾਜ ਨੂੰ ਪੱਕੇ ਪੈਰਾਂ ਤੇ ਕਰਨ ਲਈ ਜੁਟ ਗਏ ਤੇ ਪਰਜਾ ਦੇ ਸੁਖ ਦੀਆਂ ਤਜਵੀਜ਼ਾਂ ਸੋਚਣ ਲਗੇ ਅਤੇ ਨਾਲੋ ਨਾਲ ਆਪਣੇ ਰਾਜ ਨੂੰ ਵਧਾਉਣ ਲਈ ਯੋਗ ਪ੍ਰਬੰਧ ਕਰਦੇ ਗਏ।

ਇਹਨਾਂ ਦਿਨਾਂ ਵਿਚ ਫ਼ਰਾਂਸ ਵਿਚ ਨੈਪੋਲੀਅਨ ਬੜੇ ਜ਼ੋਰਾਂ ਵਿਚ ਸੀ, ਜਿਸ ਕਰਕੇ ਅੰਗਰੇਜ਼ ਤਰਾਹ ਤਰਾਹ ਕਰ ਰਹੇ ਸਨ ਨੈਪੋਲੀਅਨ ਦਾ, ਕਿਹਾ ਜਾਂਦਾ ਹੈ, ਖ਼ਿਆਲ ਸੀ ਕਿ ਰੂਸ ਨਾਲ ਸੁਲਹ ਕਰ ਕੇ ਤੁਰਕਾਂ ਤੇ ਈਰਾਨੀਆਂ ਦੀ ਸਹਾਇਤਾ ਨਾਲ ਹਿੰਦੁਸਤਾਨ ਤੇ ਹੱਲਾ ਕਰੇ, ਜਿਸ ਕਰਕੇ ਅੰਗਰੇਜ਼ਾਂ ਨੂੰ ਬਹੁਤ ਡਰ ਪੈ ਰਿਹਾ ਸੀ। ਉਹਨਾਂ ਇਸ ਲਈ ਅਗਾਊਂ ਬਾਨ੍ਹਣੂ ਬੰਨ੍ਹਣ ਲਈ ਅਡ ਅਡ ਦਸਾਂ ਨਾਲ ਮਿਤ੍ਰਤਾ ਦੇ ਸਬੰਧ ਪੈਦਾ ਕਰਨ ਲਈ ਆਪਣੇ ਸਫੀਰ ਭੇਜੇ। ਮਿ: ਚਾਰਲਸ ਮੈਟਕਾਫ਼ ਆਪਣੀ ਸਰਕਾਰ ਵਲੋਂ ਬਹੁਤ ਸਾਰੇ ਤੋਹਫ਼ੇ, ਇਕ ਅਗ੍ਰੇਜ਼ੀ ਗੱਡੀ, ਇਕ ਘੋੜਿਆਂ ਦੀ ਜੋੜੀ, ਤਿੰਨ ਹਾਥੀ, ਸੁਨਹਿਰੀ ਜੜਤ ਵਾਲੇ ਹੌਦੇ ਤੇ ਝੂਲੇ ਆਦਿ ਲੈ ਕੇ ਮਹਾਰਾਜਾ ਸਾਹਿਬ ਦੀ ਮੁਲਾਕਾਤ ਲਈ ਆਇਆ। ਉਸ ਦੇ ਲਾਹੌਰ ਪੁਜਣ ਤੋਂ ਪਹਿਲਾਂ ਹੀ ਮਹਾਰਾਜਾ ਸਾਹਿਬ ਕਸੂਰ ਆ ਗਏ। ਇਥੇ ੧੧ ਸਤੰਬਰ ੧੮੦੮ ਨੂੰ ਮੈਟਕਾਫ਼ ਨੇ ਮਹਾਰਾਜਾ ਸਾਹਿਬ ਨਾਲ ਮੁਲਾਕਾਤ ਕੀਤੀ ਅਤੇ ਉਸ ਦੇ ਕਈ ਮਹੀਨੇ ਬਾਦ ੨੫ ਅਪ੍ਰੈਲ ੧੯੦੯ ਨੂੰ ਮਹਾਰਾਜਾ ਨੇ ਸਰਕਾਰ ਅੰਗ੍ਰੇਜ਼ੀ ਨਾਲ ਮਿਤ੍ਰਤਾ ਦਾ ਅਹਿਦਨਾਮਾ ਪ੍ਰਵਾਨ ਕੀਤਾ।

ਹੁਣ ਮਹਾਰਾਜਾ ਸਾਹਿਬ ਨੇ ਆਪਣੀਆਂ ਜਿੱਤਾਂ ਦੀ ਹੱਦ ਲਹਿੰਦੇ ਤੇ ਪੱਛਮ ਵਲ ਨੂੰ ਵਧਾਈ ਤੇ ਬੜੇ ਬੜੇ ਭਾਰੇ ਯੁਧਾਂ ਜੰਗਾਂ ਦੇ ਬਾਦ੍ਹ ਮੁਲਤਾਨ, ਕਸ਼ਮੀਰ ਤੇ ਪਿਸ਼ਾਵਰ ਆਦਿ ਸੂਬਿਆਂ ਨੂੰ ਫ਼ਤਹ ਕਰ ਕੇ ਸਾਰੇ ਪੰਜਾਬ ਉਤੇ ਖ਼ਾਲਸਈ ਰਾਜ ਦਾ ਝੰਡਾ ਝੁਲਾ ਦਿਤਾ। ਸਾਡੀ ਇਛਾ ਸੀ ਕਿ ਥੋੜਾ ਥੋੜਾ ਇਹਨਾਂ ਯੁਧਾਂ ਦਾ ਹਾਲ ਏਥੇ ਦੇਂਦੇ, ਪਰ ਥਾਂ ਦੀ ਥੁੜ੍ਹ ਕਰਕੇ ਇਹ ਸਭ ਕਿਸੇ ਹੋਰ ਵੇਲੇ ਲਈ ਛਡ ਕੇ ਮਹਾਰਾਜਾ ਸਾਹਿਬ ਦੇ ਨਿਜੀ ਗੁਣਾਂ ਦਾ ਜ਼ਿਕਰ ਜ਼ਰੂਰੀ ਸਮਝਦੇ ਹਾਂ।
ਮਹਾਰਾਜਾ ਸਾਹਿਬ ਬੜੇ ਗੁਰਮੁਖ ਸਿੱਖ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਖਾਸ ਪ੍ਰੇਮੀ ਤੇ ਨੇਮੀ ਸਨ ਅਤੇ ਓਹਨਾਂ ਦੇ ਰੋਜ਼ਾਨਾਂ ਪ੍ਰੋਗਰਾਮ ਵਿਚ ਗੁਰਬਾਣੀ ਦਾ ਪਾਠ ਇਕ ਜ਼ਰੂਰੀ ਗਲ ਸੀ, ਅਤੇ ਉਹ ਮਹਿਲਾਂ ਵਿਚ ਹੋਣ ਜਾਂ ਮੈਦਾਨ-ਜੰਗ ਵਿਚ ਸਵੇਰੇ ਉਠ ਕੇ ਨਿਤਨੇਮ ਤੋਂ ਮਗਰੋਂ ਕਦੀ ਕੋਈ ਕੰਮ ਨਹੀਂ ਕਰਿਆ ਕਰਦੇ ਸਨ ਜਦ ਤਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਾ ਕਰ ਲੈਣ।

ਸਿੱਖਾਂ ਦੇ ਨਾਲੋ ਨਾਲ ਹਿੰਦੂਆਂ ਮੁਸਲਮਾਨਾਂ ਨੂੰ ਬਰਾਬਰ ਜਾਣਦੇ ਸਨ। ਉਹਨਾਂ ਦਾ ਹਿਰਦਾ ਪਖ-ਪਾਤ ਤੋਂ ਖਾਲੀ ਸੀ, ਜਿਸ ਦਾ ਸਬੂਤ ਇਸ ਗਲ ਤੋਂ ਮਿਲਦਾ ਹੈ ਕਿ ਰਾਜ ਦਰਬਾਰ ਵਿਚ ਵਡੇ ਵਡੇ ਅਹੁਦਿਆਂ ਉਤੇ ਹਰ ਧਰਮ ਦੇ ਆਦਮੀ ਰਖੇ ਹੋਏ ਸਨ। ਆਪ ਗੁਰਸਿਖਾਂ ਵਾਂਙੂੰ ਹਰ ਵੇਲੇ ਸੰਗਤ ਦਾ ਹੁਕਮ ਮੰਨਣ ਨੂੰ ਤਿਆਰ ਰਹਿੰਦੇ ਸਨ, ਜਿਸ ਸੰਬੰਧੀ ਕਈ ਕਹਾਣੀਆਂ ਮਸ਼ਹੂਰ ਹਨ ਜਿਹਨਾਂ ਵਿਚੋਂ ਅਕਾਲ ਤਖਤ ਦੇ ਸਾਹਮਣੇ ਦਰਬਾਰ ਵਿਚ ਕੋਰੜਿਆਂ ਦੀ ਮਾਰ ਦੀ ਸਜ਼ਾ ਕਬੂਲ ਕਰ ਲੈਣ ਵਾਲੀ ਖਾਸ ਵਿਸ਼ੇਸ਼ਤਾ ਰਖਦੀ ਹੈ।

ਉਹਨਾਂ ਸੰਬੰਧੀ ਬਹੁਤ ਸਾਰੀਆਂ ਗ਼ਲਤ ਗਲਾਂ ਭੀ ਮਸ਼ਹੂਰ ਹੋ ਗਈਆਂ ਹੋਈਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਨਸ਼ਾ ਪੀ ਲੈਂਦੇ ਸਨ ਤੇ ਰਾਗ ਰੰਗ ਦੇ ਭੀ ਸ਼ੌਕੀਨ ਸਨ, ਪਰ ਇਹ ਗੱਲ ਉਕੀ ਹੀ ਗ਼ਲਤ ਹੈ ਕਿ ਉਹਨਾਂ ਦਾ ਗਾਉਣ ਵਾਲੀਆਂ ਨਾਲ ਕੋਈ ਅਯੋਗ ਸੰਬੰਧ ਸੀ। ਰਾਗ ਰੰਗ ਸੁਣਨਾ ਤੇ ਮਜਲਸਾਂ ਲਗਵਾਣੀਆਂ ਉਸ ਜ਼ਮਾਨੇ ਦਾ ਰਿਵਾਜ ਸੀ। ਦੂਰ ਜਾਣ ਦੀ ਕੀ ਲੋੜ ਹੈ, ਅਜੇ ਥੋੜੇ ਚਿਰ ਦੀ ਗਲ ਹੈ ਕਿ ਵਿਆਹ ਸ਼ਾਦੀਆਂ ਤੇ ਹੋਰ ਖੁਸ਼ੀ ਦੇ ਸਮੇਂ ਨਾਚ ਮੁਜਰੇ ਕਰਾਏ ਜਾਂਦੇ ਸਨ ਤੇ ਹਰ ਪ੍ਰਕਾਰ ਦੇ ਆਦਮੀ, ਬੱਚੇ, ਨੌਜਵਾਨ ਤੇ ਬੁੱਢੇ ਵੇਖਣ ਜਾਂਦੇ ਸਨ। ਕੀ ਇਸ ਦਾ ਏਹ ਮਤਲਬ ਹੈ ਕਿ ਇਹ ਸਾਰੇ ਬਦਮਾਸ਼ ਸਨ ਯਾ ਉਨ੍ਹਾਂ ਦਾ ਗਾਉਣ ਵਾਲੀਆਂ ਇਸਤ੍ਰੀਆਂ ਨਾਲ ਕੋਈ ਅਯੋਗ ਸੰਬੰਧ ਹੁੰਦਾ ਸੀ? ਕੀ ਈਸਾਈ ਦੇਸਾਂ ਤੇ ਕੌਮਾਂ ਵਿਚ ਨਾਚ ਕਰਨ ਤੇ ਦੇਖਣ ਵਾਲੇ ਸਾਰੇ ਬਦਮਾਸ਼ ਹੁੰਦੇ ਹਨ? ਨਹੀਂ, ਏਹ ਦੇਸ ਦੇਸ ਅਤੇ ਸਮੇਂ ਸਮੇਂ ਦਾ ਰਵਾਜ ਹੈ।

ਮਹਾਰਾਜਾ ਸਾਹਿਬ ਦੇ ਦਿਲ ਵਿਚ ਪਰਜਾ ਦੇ ਦੁਖ ਸੁਖ ਲਈ ਬੜੀ ਭਾਰੀ ਇੱਛਾ ਸੀ। ਉਹ ਕਿਸੇ ਨੂੰ ਭੀ ਆਪਣੇ ਰਾਜ ਵਿਚ ਦੁਖੀ ਨਹੀਂ ਵੇਖਣਾ ਚਾਹੁੰਦੇ ਸਨ। ਗਰੀਬ ਤੋਂ ਗਰੀਬ ਆਦਮੀ ਦੀ ਉਨ੍ਹਾਂ ਤਕ ਸਿੱਧੀ ਪਹੁੰਚ ਹੋ ਸਕਦੀ ਸੀ। ਸਵੇਰੇ ਸ਼ਾਮ ਜਦ ਕਿ ਉਹ ਬਾਹਰ ਜਾਇਆ ਕਰਦੇ ਸਨ, ਜੇ ਕਿਸੇ ਨੂੰ ਭੀ ਪੱਲਾ ਉੱਚਾ ਕਰਕੇ ਹਿਲਾਉਂਦੇ ਵੇਖਦੇ, ਝਟ ਹਾਥੀ ਨੂੰ ਖੜਾ ਕਰ ਕੇ ਉਸ ਦੀ ਫ਼ਰਿਆਦ ਸੁਣਦੇ ਸਨ। ਆਮ ਲੋਕਾਂ ਤੇ ਗਰੀਬਾਂ ਦੇ ਸੁਖ ਲਈ ਉਨ੍ਹਾਂ ਲਾਹੌਰ ਦੀ ਵੱਡੀ ਸੜਕ ਉੱਤੇ ਜਿਥੋਂ ਦੀ ਉਹ ਆਮ ਤੌਰ ਤੇ ਲੰਘਿਆ ਕਰਦੇ ਸਨ, ਡਾਕਖਾਨੇ ਦੇ ਬਕਸਾਂ ਵਾਂਗੂੰ ਸੰਦੂਕ ਲਾਏ ਹੋਏ ਸਨ ਜਿਸ ਵਿਚ ਲੋਕੀ ਆਪਣੀਆਂ ਫ਼ਰਿਆਦਾਂ ਦੀਆਂ ਅਰਜ਼ੀਆਂ ਬਿਨਾਂ ਰੋਕ ਟੋਕ ਪਾ ਸਕਦੇ ਸਨ।
ਅਦਾਲਤਾਂ ਵਿਚ ਇਤਨੀ ਅਨ੍ਹੇਰ-ਗਰਦੀ ਨਹੀਂ ਹੁੰਦੀ ਸੀ ਤੇ ਨਾ ਹੀ ਇਨਸਾਫ਼ ਇਤਨਾ ਮਹਿੰਗਾ ਹੁੰਦਾ ਸੀ। ਮਹਾਰਾਜਾ ਸਾਹਿਬ ਭੀ ਦਰਬਾਰ ਲਾ ਕੇ ਅਦਾਲਤ ਕਰਿਆ ਕਰਦੇ ਸਨ ਤੇ ਝੂਠ-ਸਚ ਨੂੰ ਨਿਤਾਰ ਕੇ ਦੋਸ਼ੀ ਨੂੰ ਯੋਗ ਦੰਡ ਦਿੰਦੇ ਸਨ।

ਮਹਾਰਾਜਾ ਸਾਹਿਬ ਜਿੱਥੇ ਸੂਰਬੀਰ ਯੋਧਾ ਤੇ ਜ਼ਬਰਦਸਤ ਸਨਿਕ ਸਨ ਓਥੇ ਹਦ ਦਰਜੇ ਦੇ ਰਹਿਮ-ਦਿਲ ਤੇ ਉਦਾਰ-ਚਿਤ ਸਨ। ਆਪ ਨੇ ਅਪਣੇ ਹੱਥਾਂ ਨਾਲ ਕਦੇ ਕਿਸੇ ਨੂੰ ਭੀ ਯੁਧ ਦੇ ਮੈਦਾਨ ਤੋਂ ਬਾਹਰ ਨਹੀਂ ਮਾਰਿਆ ਅਤੇ ਨਾ ਹੀ ਕਿਸੇ ਹੋਰ ਨੂੰ ਮਾਰਨ ਦਿੰਦੇ ਸਨ। ਮਹਾਰਾਜਾ ਸਾਹਿਬ ਜਿਸ ਤਰ੍ਹਾਂ ਆਪ ਸਾਫ਼ ਦਿਲ ਸਨ ਓਸੇ ਤਰ੍ਹਾਂ ਦੂਜਿਆਂ ਨੂੰ ਭੀ ਸਾਫ਼ ਦਿਲ ਹੀ ਜਾਣਿਆ ਕਰਦੇ ਸਨ ਤੇ ਜਿਸ ਉੱਤੇ ਇਕ ਵਾਰੀ ਇਤਬਾਰ ਕਰ ਲੈਂਦੇ ਸਨ ਬਸ ਉਸ ਨੂੰ ਸਾਰੀ ਉਮਰ ਲਈ ਇਤਬਾਰੀ ਸਮਝੀ ਜਾਂਦੇ ਸਨ। ਕਈ ਵਾਰ ਉਨ੍ਹਾਂ ਦਾ ਇਹ ਗੁਣ ਔਗੁਣ ਭੀ ਹੋ ਜਾਂਦਾ ਸੀ ਜਿਸ ਦਾ ਇਕ ਉਦਾਹਰਣ ਡੋਗਰਾ ਤ੍ਰਿੱਕੜੀ ਹੈ।

ਮਹਾਰਾਜਾ ਰਣਜੀਤ ਸਿੰਘ ਜੀ ਰਾਜ ਦਾ ਇਕ ਕਰਾਮਾਤੀ ਨਮੂਨਾ ਕਾਇਮ ਕਰ ਕ ੧੫ ਹਾੜ ਸੰਮਤ ੧੮੯੬ ਨੂੰ ਗੁਰਪੁਰੀ ਨੂੰ ਸਧਾਰ ਗਏ।

ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਪਣੇ ਜ਼ਮਾਨੇ ਦਾ ਇਕ ਆਦਰਸ਼ ਰਾਜ ਸੀ, ਜਿਸ ਦੀ ਯਾਦ ਅਜ ਤਕ ਹਰ ਇਕ ਪੰਜਾਬੀ ਬੱਚੇ ਦੀ ਛਾਤੀ ਉਤੇ ਲਿਖੀ ਹੋਈ ਹੈ ਅਤੇ ਹਰ ਇਕ ਪੰਜਾਬੀ ਬੱਚੇ ਦਾ ਏਹ ਫ਼ਰਜ਼ ਹੈ ਕਿ ਮਹਾਰਾਜਾ ਸਾਹਿਬ ਦੇ ਰਾਜ ਦੇ ਸਮੇਂ ਤੇ ਉਸ ਦੇ ਗੁਣਾਂ ਨੂੰ ਯਾਦ ਕਰਕੇ ਇਕ ਕੌਮੀ ਸੂਰਮੇ ਦੀ ਹੈਸੀਅਤ ਵਿਚ ਓਸ ਮਹਾਂ ਪੁਰਖ ਅਗੇ ਬੜੇ ਸਤਿਕਾਰ ਨਾਲ ਆਪਣਾ ਸਿਰ ਝੁਕਾਵੇ ਤੇ ਹਰ ਵੇਲੇ ਉਸ ਦੀ ਯਾਦ ਆਪਣੇ ਹਿਰਦੇ ਵਿਚ ਧਾਰਣ ਕਰੇ।

  • ਮੁੱਖ ਪੰਨਾ : ਡਾ. ਗੰਡਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ