Shernian (Punjabi Story) : Kulwant Singh Virk
ਸ਼ੇਰਨੀਆਂ (ਕਹਾਣੀ) : ਕੁਲਵੰਤ ਸਿੰਘ ਵਿਰਕ
ਹੋਰ ਬੱਚੇ ਤੇ ਸੌਂ ਗਏ ਸਨ ਪਰ ਸਭ ਤੋਂ ਛੋਟਾ ਅਜੇ ਜਾਗਦਾ ਸੀ, ਦਿਨੇ ਚੋਖਾ ਚਿਰ ਸੁੱਤਾ ਰਿਹਾ ਹੋਣ ਕਰਕੇ। ਮੇਰੀ ਵਹੁਟੀ ਉਸ ਦੇ ਨਾਲ ਲੰਮੀ ਪੈ ਕੇ ਉਸ ਨੂੰ ਸੁਆਣ ਦਾ ਚਾਰਾ ਕਰ ਰਹੀ ਸੀ। ਸਾਡੀ ਸਲਾਹ ਸੀ ਕਿ ਸੌਣ ਤੋਂ ਪਹਿਲਾਂ ਕੁਝ ਚਿਰ ਸੈਰ ਕਰ ਆਵੀਏ। ਪਰ ਕਾਕੇ ਦੇ ਸੌਣ ਤੀਕ ਕਿਸ ਤਰ੍ਹਾਂ ਜਾ ਸਕਦੇ ਸਾਂ? ਨਾਲ ਵੀ ਉਸ ਨੂੰ ਚੁਕਣਾ ਔਖਾ ਸੀ। ਇਸ ਲਈ ਮੈਂ ਪਹਿਲਾਂ ਇਕੱਲੇ ਹੀ ਜਾਣ ਦਾ ਫ਼ੈਸਲਾ ਕੀਤਾ। ਮੇਰੀ ਵਹੁਟੀ ਮਗਰੋਂ ਆ ਕੇ ਮੇਰੇ ਨਾਲ ਰਲ ਸਕਦੀ ਸੀ।
‘‘ਚੰਗਾ, ਮੈਂ ਚਲਣਾ ਵਾਂ’’ ਮੈਂ ਮੰਜੀ ਤੋਂ ਉਠਦੇ ਹੋਏ ਕਿਹਾ, ‘‘ਜਦੋਂ ਸੌਂ ਗਿਆ ਤੂੰ ਵਡੀ ਪਾਰਕ ਵਿਚ ਆ ਜਾਵੀਂ, ਮੈਂ ਉਥੇ ਹੀ ਹੋਵਾਂਗਾ।’’
‘‘ਬੱਸ ਮੈਂ ਹੁਣੇ ਇਸ ਨੂੰ ਸੁਆ ਕੇ ਆ ਜਾਨੀ ਆਂ। ਗੱਲਾਂ ਕਰਦਿਆਂ ਕੋਲ ਨਹੀਂ ਸੌਂਦਾ। ਜ਼ਰਾ ਕੁ ਆਪ ਝੂਠੀ ਮੂਠੀ ਦੀਆਂ ਅੱਖਾਂ ਮੀਟੀਏ ਤਾਂ ਝਟ ਸੌਂ ਜਾਂਦਾ ਏ।’’ ਮੇਰੀ ਵਹੁਟੀ ਨੇ ਮੈਨੂੰ ਤੇ ਆਪਣੇ ਆਪ ਨੂੰ ਤਸੱਲੀ ਦਿਤੀ। ਮੈਂ ਇਕੱਲਾ ਬਾਹਰ ਟੁਰ ਪਿਆ।
ਮਾਡਲ ਟਾਊਨ ਦੀ ਇਸ ਸੜਕ ਦੇ ਦੋਹੀਂ ਪਾਸੀਂ ਮਕਾਨਾਂ ਵਿਚ ਬੱਤੀਆਂ ਅਜੇ ਜਗ ਰਹੀਆਂ ਸਨ। ਲੋਕੀਂ ਸੁੱਤੇ ਤੇ ਨਹੀਂ ਸਨ ਪਰ ਸੌਣ ਵਾਲੇ ਹੀ ਜਾਪਦੇ ਸਨ। ਮੋੜ ਦੇ ਘਰ ਵਿਚ ਪਤਲੇ ਪਰਦਿਆਂ ਪਿੱਛੇ ਕੋਈ ਕਪੜੇ ਬਦਲਦਾ ਇਸ ਤਰ੍ਹਾਂ ਲਗਦਾ ਸੀ ਜਿਵੇਂ ਪਰਛਾਵਿਆਂ ਦਾ ਨਾਟਕ ਹੋ ਰਿਹਾ ਹੋਵੇ। ਉਸ ਦੇ ਨਾਲ ਦੇ ਘਰ ਵਿਚ ਵੀ ਇਕ ਜੋੜਾ ਆਪਣੇ ਕਮਰੇ ਦੀਆਂ ਮਧਮ ਨੀਲੀਆਂ ਬੱਤੀਆਂ ਹੇਠ ਸੌਣ ਦੀਆਂ ਤਿਆਰੀਆਂ ਕਰ ਰਿਹਾ ਸੀ। ਮੈਨੂੰ ਕੁਝ ਸੁਆਦ ਜਿਹਾ ਆ ਰਿਹਾ ਸੀ ਜਿਹੜਾ ਇਸ ਖ਼ਿਆਲ ਤੇ ਆਉਂਦਾ ਹੈ ਕਿ ਲੋਕੀਂ ਅੰਦਰੀਂ ਵੜੇ ਸੌਣ ਦੀਆਂ ਤਿਆਰੀਆਂ ਕਰ ਰਹੇ ਹਨ ਤੇ ਤੁਸੀਂ ਬਾਹਰ ਫਿਰ ਰਹੇ ਹੋ। ਤੁਸੀਂ ਲੋਕਾਂ ਨੂੰ ਵੇਖ ਰਹੇ ਹੋ ਪਰ ਉਨ੍ਹਾਂ ਨੂੰ ਪਤਾ ਨਹੀਂ ਕਿ ਤੁਸੀਂ ਉਨ੍ਹਾਂ ਨੂੰ ਵੇਖ ਰਹੇ ਹੋ।
ਪਾਰਕ ਬਹੁਤ ਵਡੀ ਸੀ। ਹੇਠਾਂ ਸਾਫ਼ ਪੱਧਰੀ ਜ਼ਮੀਨ ਤੇ ਘਾਹ ਉਗਾਇਆ ਹੋਇਆ ਸੀ ਤੇ ਦੁਆਲੇ ਤਾਰ ਲਗੀ ਹੋਈ ਸੀ। ਲੰਘਣ ਆਉਣ ਲਈ ਵਿਚ ਵਿਚ ਕਿਤੇ ਖੱਪੇ ਛਡੇ ਹੋਏ ਸਨ। ਇਕ ਪਾਸੇ ਸੜਕ ਲੰਘਦੀ ਸੀ ਜਿਸ ਤੇ ਜਗ ਰਹੀਆਂ ਬੱਤੀਆਂ ਪਾਰਕ ਵਿਚ ਚਾਨਣ ਸੁਟਦੀਆਂ ਸਨ। ਇਸ ਤਰ੍ਹਾਂ ਪਾਰਕ ਵਿਚ ਏਨਾ ਕੁ ਚਾਨਣ ਸੀ ਜਿੰਨਾ ਅੱਠਾਂ ਕੁ ਦਿਨਾਂ ਦੇ ਚੰਨ ਦਾ ਹੁੰਦਾ ਏ। ਪਰ ਇਹ ਚਾਨਣ ਇਕਸਾਰ ਨਹੀਂ ਸੀ। ਸੜਕ ਦੇ ਕੰਢੇ ਉਤਲੇ ਦਰਖ਼ਤਾਂ ਦੇ ਲੰਮੇ ਲੰਮੇ ਪਰਛਾਵੇਂ ਪਾਰਕ ਵਿਚ ਡਿਗਦੇ ਸਨ ਤੇ ਕਈ ਥਾਵਾਂ ਤੇ ਅਨ੍ਹੇਰਾ ਕਰ ਰਹੇ ਸਨ। ਰਾਤ ਚਾਨਣੀ ਨਹੀਂ ਸੀ। ਅਨ੍ਹੇਰੀ ਰਾਤ ਨੇ, ਜਿਹੜੀ ਤਾਰਿਆਂ ਦੀ ਮਤਰੇਈ ਮਾਂ ਦਸੀ ਜਾਂਦੀ ਹੈ, ਸਾਰੇ ਤਾਰਿਆਂ ਨੂੰ ਬਾਹਰ ਕਢਿਆ ਹੋਇਆ ਸੀ, ਭਾਵੇਂ ਕਿਸੇ ਨੂੰ ਨਜ਼ਰ ਹੀ ਲਗ ਜਾਵੇ।
ਕਵਾਰਿਆਂ ਦਾ ਰਾਹ ਪਾਰਕ ਦੇ ਲੰਮੇ ਪਾਸੇ ਦੇ ਉਤੋਂ ਦੀ ਲੰਘਦਾ ਸੀ।
ਪਾਰਕ ਦੁਆਲੇ ਦੀ ਤਾਰ ਵਿਚਲੇ ਰਾਹਾਂ ਦਾ ਮੈਨੂੰ ਪਤਾ ਸੀ ਪਰ ਏਸੇ ਵੇਲੇ ਰਾਹੇ ਰਾਹ ਲੰਘਣ ਦੀ ਥਾਂ ਮੇਰਾ ਤਾਰ ਟੱਪ ਕੇ ਹੀ ਜਾਣ ਨੂੰ ਜੀ ਕੀਤਾ। ਅਨ੍ਹੇਰਾ ਤੇ ਕੁਵੇਲਾ ਹੋਣ ਕਰ ਕੇ ਮਨ ਪੁੱਠੇ ਕੰਮਾਂ ਵਲ ਜਾਂਦਾ ਸੀ।
ਤਾਰ ਲੰਘ ਕੇ ਇਕ ਸਿਰਿਓਂ ਮੈਂ ਦੂਜੇ ਸਿਰੇ ਨੂੰ ਟੁਰ ਪਿਆ। ਪਾਰਕ ਵਿਚ ਇਸ ਵੇਲੇ ਮੇਰੇ ਬਿਨਾਂ ਹੋਰ ਕੋਈ ਨਹੀਂ ਸੀ।
ਦੂਜੇ ਸਿਰੇ ਅਪੜ ਕੇ ਜਦ ਮੈਂ ਪਿਛਾਂਹ ਨੂੰ ਮੁੜਿਆਂ ਤਾਂ ਅਗਲੇ ਸਿਰੇ ਕੋਲ ਇਕ ਦਰਖ਼ਤ ਦੇ ਪ੍ਰਛਾਵੇਂ ਹੇਠ ਕੁਝ ਹੋਰ ਆਦਮੀ ਆ ਖਲੋਤੇ ਜਾਪਦੇ ਸਨ। ਕੁਝ ਨੇੜੇ ਆ ਕੇ ਮੈਨੂੰ ਦਿਸਿਆ ਕਿ ਉਹ ਦੋ ਸਨ ਤੇ ਉਨ੍ਹਾਂ ਕੋਲ ਸਾਈਕਲ ਵੀ ਸਨ। ਮੈਂ ਆਪਣੀ ਸੇਧੇ ਟੁਰੀ ਗਿਆ ਤੇ ਇਸ ਤਰ੍ਹਾਂ ਉਨ੍ਹਾਂ ਦੇ ਹੋਰ ਨੇੜੇ ਹੁੰਦਾ ਗਿਆ।
ਹੈਂ! ਇਹ ਤੇ ਕੁੜੀਆਂ ਸਨ, ਦੁਪੱਟੇ ਹੇਠਾਂ ਲਮਕ ਰਹੇ ਸਨ।
ਇਹ ਇਸ ਵੇਲੇ ਸਾਈਕਲ ਲੈ ਕੇ ਖੜੀਆਂ ਏਥੇ ਕੀ ਕਰ ਰਹੀਆਂ ਨੇ?
ਕਿਧਰੇ ਜਾਣਾ ਹੋਣੈਂ।
ਪਰ ਇਸ ਵੇਲੇ ਜਦੋਂ ਮਾਡਲ ਟਾਊਨ ਦੇ ਸ਼ੁਕੀਨ ਤੇ ਬਹੁਤੀ ਦੇਰ ਤਕ ਜਾਗਣ ਵਾਲੇ ਲੋਕ ਵੀ ਸੌਣ ਨੂੰ ਫਿਰਦੇ ਨੇ, ਇਨ੍ਹਾਂ ਕਿਥੇ ਜਾਣੈਂ?
ਕੋਈ ਖ਼ਰਾਬ ਥਾਂ ਈ ਹੋਣੀ ਏ। ਏਥੇ ਕਿਸੇ ਦੀ ਉਡੀਕ ਕਰ ਰਹੀਆਂ ਹੋਣਗੀਆਂ ਤੇ ਫਿਰ ਉਸ ਦੇ ਨਾਲ ਕਿਧਰੇ ਜਾਣਗੀਆਂ।
ਆਪਣਾ ਸਾਈਕਲ ਲੈ ਕੇ ਮੈਂ ਚੋਰੀ ਚੋਰੀ ਇਨ੍ਹਾਂ ਕੁੜੀਆਂ ਦੇ ਪਿਛੇ ਨਾ ਲਗ ਜਾਵਾਂ? ਹੇਠਲੀ ਦੁਨੀਆਂ ਦੀ ਕੋਈ ਝਾਕੀ ਵੇਖਣ ਨੂੰ ਮਿਲੇਗੀ।
ਪਰ ਫਿਰ ਮੈਂ ਸੋਚਿਆ – ਐਵੇਂ ਲੱਤਾਂ ਮਾਰਨ ਦਾ ਕੀ ਫ਼ਾਇਦਾ? ਇਹ ਜਾ ਕੇ ਕਿਸੇ ਦੇ ਘਰ ਜਾਂ ਹੋਟਲ ਵਿਚ ਵੜ ਜਾਣਗੀਆਂ ਤੇ ਮੈਂ ਬਾਹਰ ਖਲੋਤਾ ਰਹਿ ਜਾਵਾਂਗਾ। ਉਹ ਘਰ ਕਿਸੇ ਦਾ ਵੀ ਹੋ ਸਕਦਾ ਏ, ਮੈਂ ਕੀ ਕਰ ਸਕਦਾ ਹਾਂ?
ਹੁਣ ਫਿਰ ਮੈਂ ਪਾਰਕ ਦੇ ਦੂਜੇ ਪਾਸੇ ਜਾ ਰਿਹਾ ਸਾਂ, ਕੁੜੀਆਂ ਤੋਂ ਦੂਰ ਵਾਲੇ ਪਾਸੇ। ਥੋੜ੍ਹੀ ਜਿਹੀ ਧੌਣ ਭਵਾ ਕੇ ਮੈਂ ਪਿਛਾਂਹ ਵੇਖਿਆ। ਕੁੜੀਆਂ ਉਥੇ ਹੀ ਖਲੋਤੀਆਂ ਸਨ।
ਕੁਝ ਪੈਰ ਅਗੇ ਜਾ ਕੇ ਮੈਂ ਫਿਰ ਵੇਖਿਆ, ਕੁੜੀਆਂ ਅਜੇ ਵੀ ਉਥੇ ਖੜੀਆਂ ਸਨ। ਜਦੋਂ ਮੈਂ ਸਿਰੇ ਤੇ ਅਪੜ ਕੇ ਪਿਛਾਂਹ ਮੁੜਿਆ ਤਾਂ ਵੀ ਕੁੜੀਆਂ ਉਥੇ ਹੀ ਖੜੋਤੀਆਂ ਸਨ।
ਵੇਖਣ ਨੂੰ ਤੇ ਅਸੀਂ ਦੋਵੇਂ ਧਿਰਾਂ ਆਪੋ ਆਪਣੇ ਕੰਮ ਲਗੀਆਂ ਹੋਈਆਂ ਸਾਂ, ਮੈਂ ਸੈਰ ਵਿਚ ਤੇ ਉਹ ਉਡੀਕ ਵਿਚ! ਪਰ ਮੇਰੀ ਸੈਰ ਦਾ ਭਾਵ ਉਨ੍ਹਾਂ ਦੀ ਉਡੀਕ ਦਾ ਅੰਤ ਵੇਖਣਾ ਤੇ ਉਹ ਸ਼ਾਇਦ ਸੈਰ ਦਾ ਅੰਤ ਉਡੀਕ ਰਹੀਆਂ ਸਨ। ਅਜੀਬ ਨਾਟਕ ਹੋ ਰਿਹਾ ਸੀ।
ਹੁਣ ਮੈਂ ਦੂਜੀ ਵਾਰ ਉਨ੍ਹਾਂ ਵਲ ਨੂੰ ਟੁਰਿਆ ਆ ਰਿਹਾ ਸਾਂ। ਕੁਝ ਨੇੜੇ ਆ ਕੇ ਮੈਨੂੰ ਲਗਾ ਕਿ ਉਹ ਗੱਲਾਂ ਕਰ ਰਹੀਆਂ ਨੇ। ਜਦੋਂ ਮੈਂ ਹੋਰ ਨੇੜੇ ਆਇਆ ਤਾਂ ਉਹ ਗੱਲਾਂ ਕਰਨੋਂ ਵੀ ਹਟ ਗਈਆਂ।
ਇਨ੍ਹਾਂ ਮੇਰੇ ਪੱਲੇ ਕੁਝ ਨਹੀਂ ਪਾਣਾ, ਭਾਵੇਂ ਮੈਂ ਕਿੰਨਾ ਚਿਰ ਏਥੇ ਫਿਰਦਾ ਰਵ੍ਹਾਂ। ਇਹ ਸੋਚ ਕੇ ਮੈਂ ਪਾਰਕ ਵਿਚੋਂ ਨਿਕਲ ਕੇ ਘਰ ਨੂੰ ਟੁਰ ਪਿਆ।
ਥੋੜ੍ਹੀ ਦੂਰ ਜਾ ਕੇ ਜਦ ਪੱਕੀ ਸੜਕ ਦਾ ਮੋੜ ਮੁੜਿਆ ਤਾਂ ਅਗੋਂ ਮੇਰੀ ਵਹੁਟੀ ਆ ਰਹੀ ਸੀ।
‘‘ਕਾਕੇ ਨੇ ਬੜਾ ਚਿਰ ਲਾ ਦਿਤਾ ਸੌਂਦਿਆਂ। ਏਸ ਲਈ ਮੈਨੂੰ ਦੇਰ ਲਗੀ ਏ। ਆਓ ਇਕ ਚੱਕਰ ਹੋਰ ਲਾ ਆਈਏ ਪਾਰਕ ਦਾ’’ ਉਸ ਮੰਗ ਕੀਤੀ।
ਅਸੀਂ ਫਿਰ ਪਿਛਾਂਹ ਟੁਰ ਪਏ।
ਜਦੋਂ ਅਸੀਂ ਉਹ ਮੁੜੇ ਤਾਂ ਪਾਰਕ ਵਿਚ ਦੋ ਸਾਈਕਲਾਂ ਪਰ੍ਹਾਂ ਨੂੰ ਜਾ ਰਹੀਆਂ ਸਨ।
‘‘ਉਡੀਕ ਉਡੀਕ ਕੇ ਉਹ ਕੁੜੀਆਂ ਆਪੇ ਹੀ ਟੁਰ ਚਲੀਆਂ ਨੇ’’ ਮੈਂ ਸੋਚਿਆ।
ਅਜੇ ਅਸੀਂ ਬਾਹਰ ਸੜਕ ਤੇ ਹੀ ਸਾਂ ਕਿ ਉਹ ਸਾਈਕਲ ਪਿਛਾਂਹ ਨੂੰ ਘੁੰਮ ਪਏ। ਪਾਰਕ ਦੇ ਇਸ ਸਿਰੇ ਦੇ ਨੇੜੇ ਆ ਕੇ ਉਹ ਦੋਵੇਂ ਸਾਈਕਲ ਫਿਰ ਵਾਪਸ ਹੋ ਗਏ। ਇਹ ਕੁੜੀਆਂ ਤੇ ਖ਼ਬਰੇ ਸਾਈਕਲ ਦੀ ਜਾਚ ਸਿਖ ਰਹੀਆਂ ਸਨ।
ਮੇਰੀ ਵਹੁਟੀ ਵੀ ਮੇਰੇ ਵਾਂਗ ਸਾਈਕਲਾਂ ਵਲ ਹੀ ਵੇਖ ਰਹੀ ਸੀ। ਕਹਿਣ ਲੱਗੀ, ‘‘ਪਤਾ ਨਹੀਂ ਇਹ ਕਿਹੜੀਆਂ ਨੇ, ਸਾਈਕਲ ਸਿਖਦੀਆਂ।’’ ਮਾਡਲ ਟਾਊਨ ਦੀਆਂ ਢੇਰ ਕੁੜੀਆਂ ਨੂੰ ਉਹ ਜਾਣਦੀ ਸੀ।
ਜਦੋਂ ਅਸੀਂ ਪਾਰਕ ਵਿਚ ਵੜੇ ਤਾਂ ਕੁੜੀਆਂ ਸਾਈਕਲਾਂ ਤੋਂ ਉਤਰ ਗਈਆਂ ਤੇ ਪਹਿਲਾਂ ਵਾਂਗ ਉਸੇ ਦਰਖ਼ਤ ਦੀ ਛਾਵੇਂ ਖਲੋ ਗਈਆਂ, ਮੇਰੀ ਵਹੁਟੀ ਉਨ੍ਹਾਂ ਕੁੜੀਆਂ ਨੂੰ ਪਛਾਨਣਾ ਚਾਹੁੰਦੀ ਸੀ। ਅਸੀਂ ਟਹਿਲਦੇ ਟਹਿਲਦੇ ਉਨ੍ਹਾਂ ਦੇ ਨੇੜੇ ਹੁੰਦੇ ਗਏ। ਜ਼ਨਾਨੀ ਨਾਲ ਹੋਣ ਕਰਕੇ ਮੈਨੂੰ ਉਨ੍ਹਾਂ ਦੇ ਨੇੜੇ ਜਾਂਦਿਆਂ ਕੋਈ ਡਰ ਨਹੀਂ ਸੀ।
‘‘ਨੀ ਉਤਰ ਕਿਉਂ ਗਈਆਂ ਓ? ਅਸੀਂ ਤੁਹਾਨੂੰ ਨਜ਼ਰ ਤੇ ਨਹੀਂ ਲਾ ਦੇਂਦੇ।’’ ਉਸ ਨੇ ਉਨ੍ਹਾਂ ਨੂੰ ਪਛਾਣ ਕੇ ਕਿਹਾ। ‘‘ਇਹ ਤੇ ਸਰੋਜ ਤੇ ਵੀਨਾ ਨੇ’’ ਉਸ ਉਨ੍ਹਾਂ ਵਲ ਹੱਥ ਕਰ ਕੇ ਮੈਨੂੰ ਦਸਿਆ ਤੇ ਫਿਰ ਉਨ੍ਹਾਂ ਨੂੰ ਕਿਹਾ : ‘‘ਚਲਾਓ, ਚਲਾਓ, ਜ਼ਰਾ ਅਸੀਂ ਵੀ ਵੇਖੀਏ।’’
‘‘ਥੱਕ ਗਈਆਂ ਵਾਂ, ਜ਼ਰਾ ਸਾਹ ਲੈ ਕੇ ਚਲਾਵਾਂਗੀਆਂ’’ ਜਿਹੜੀ ਉਨ੍ਹਾਂ ਵਿਚੋਂ ਸਰੋਜ ਸੀ, ਉਸ ਨੇ ਬਹਾਨਾ ਬਣਾਇਆ। ਇਹ ਆਪਣੇ ਆਪ ਨੂੰ ਮੇਰੀ ਵਹੁਟੀ ਦੇ ਬਹੁਤਾ ਨੇੜੇ ਸਮਝਦੀ ਸੀ।
‘‘ਕਦੋਂ ਕੁ ਦੀਆਂ ਚਲਾਂਦੀਆਂ ਪਈਆਂ ਓ’’ ਮੇਰੀ ਵਹੁਟੀ ਨੇ ਉਨ੍ਹਾਂ ਦੇ ਥੱਕ ਜਾਣ ਤੋਂ ਪੁਛਿਆ।
‘‘ਨਹੀਂ ਭੈਣ ਜੀ, ਅਜੇ ਤੇ ਅਸਾਂ ਦੋ ਤਿੰਨ ਚੱਕਰ ਹੀ ਲਾਏ ਨੇ, ਉਂਜ ਸਾਨੂੰ ਸੰਗ ਆਉਂਦੀ ਏਂ’’ ਵੀਨਾ ਨੇ ਕਿਹਾ। ਸ਼ਾਇਦ ਉਸ ਨੇ ਬੁਝ ਲਿਆ ਸੀ ਕਿ ਮੈਂ ਉਥੋਂ ਹੀ ਫਿਰਦਾ ਗਿਆ ਸਾਂ। ਤੇ ਇਸ ਲਈ ਠੀਕ ਠੀਕ ਦਸ ਦਿਤਾ।
‘‘ਸੰਗ ਕਰ ਕੇ ਈ ਏਸ ਵੇਲੇ ਆਉਂਦੀਆਂ ਓ?’’
‘‘ਹੋਰ ਕੀ ਕਰੀਏ? ਪਾਰਕ ਵਿਹਲੀ ਈ ਇਸ ਵੇਲੇ ਹੁੰਦੀ ਏ’’ ਤਿਖੇ ਜਵਾਬ ਦੇਣ ਲਈ ਗੱਲ ਫਿਰ ਸਰੋਜ ਨੇ ਫੜ ਲਈ ਸੀ।
‘‘ਤੇ ਏਨਾ ਤੁਹਾਨੂੰ ਕੀ ਚਾਅ ਚੜ੍ਹਿਆ ਏ ਸਾਈਕਲਾਂ ਦਾ ਅੱਧੀ ਰਾਤੀਂ ਲੁਕ ਲੁਕ ਕੇ ਸਿਖਦੀਆਂ ਫਿਰਦੀਆਂ ਓ?’’
‘‘ਨਹੀਂ ਚਾਅ ਕਾਹਦਾ ਏ, ਬਸ ਲੋੜ ਏ।’’
‘‘ਲੋੜ ਕੀ? ਹੁਣ ਸਾਈਕਲਾਂ ਤੇ ਪੜ੍ਹਾਣ ਜਾਇਆ ਕਰੋਗੀਆਂ?’’
‘‘ਹਾਂ! ਵੇਖੋ ਨਾ ਭੈਣ ਜੀ’’ ਵੀਨਾ ਫਿਰ ਸਮਝਾਉਣ ਲੱਗੀ, ‘‘ਪਹਿਲਾਂ ਘਰੋਂ ਟੁਰ ਕੇ ਅੱਡੇ ਤੇ ਜਾਉ। ਫਿਰ ਬਸ ਤੋਂ ਉਤਰ ਕੇ ਟੁਰ ਕੇ ਪਿੰਡ ਅਪੜੋ। ਸੜਕ ਤੋਂ ਮੀਲ ਮੀਲ ਦੂਰ ਪਿੰਡ ਨੇ, ਜਿਥੇ ਅਸੀਂ ਪੜ੍ਹਾਨੀਆਂ ਵਾਂ। ਇਹਦਾ ਤੇ ਕੋਈ ਦੋ ਪੈਰ ਘੱਟ ਹੋਵੇਗਾ ਪਰ ਮੇਰਾ ਪੂਰਾ ਮੀਲ ਏ। ਸਾਰਾ ਪੈਂਡਾ ਉਜਾੜ ਬੀਆਬਾਨ! ਦਸੋ ਭੈਣ ਜੀ, ਭਲਾ ਸਾਡਾ ਓਥੇ ਕੌਣ ਏ? ਸੱਚੀਂ ਐਨਾ ਡਰ ਆਉਂਦਾ ਏ! ਪਤਾ ਨਹੀਂ, ਪਿੰਡ ਅਪੜ ਕਿਵੇਂ ਜਾਨੀਆਂ ਵਾਂ?’’
‘‘ਹਾਂ, ਡਰ ਤੇ ਬਹੁਤ ਹੀ ਆਉਂਦਾ ਹੋਣਾ ਏ!’’ ਮੇਰੀ ਵਹੁਟੀ ਨੇ ਬਗਾਨੇ ਪਿੰਡ ਦੀਆਂ ਜੂਹਾਂ ਵਿਚ ਜਵਾਨ ਕੁੜੀਆਂ ਇਕੱਲੀਆਂ ਫਿਰਦੀਆਂ ਦਾ ਨਕਸ਼ਾ ਅੱਖਾਂ ਅਗੇ ਲਿਆ ਕੇ ਕਿਹਾ।
‘‘ਭੈਣ ਜੀ, ਡੰਡੀ ਦੇ ਨਾਲ ਕਦੀ ਕਪਾਹ, ਕਦੀ ਮਕੱਈ, ਕਦੀ ਕਮਾਦ ਤੇ ਕਦੀ ਬਾਜਰਾ। ਜਿੰਨਾ ਚਿਰ ਪੈਲੀ ਮੁਕ ਨਾ ਜਾਏ, ਉਤਲਾ ਸਾਹ ਉਤਾਂਹ ਤੇ ਹੇਠਲਾ ਹੇਠਾਂ ਈ ਰਹਿੰਦਾ ਏ। ਹੁਣ ਕਈ ਹੋਰ ਕੁੜੀਆਂ ਨੇ ਸਾਈਕਲ ਲਏ ਨੇ। ਆਂਹਦੀਆਂ ਨੇ ਸਾਈਕਲ ਤੇ ਡਰ ਘਟ ਆਉਂਦਾ ਏ, ਨਾਲੇ ਟੁਰਨ ਤੋਂ ਬਚ ਜਾਈਦਾ ਹੇ। ਬੱਸ ਸਾਈਕਲ ਚਲਾਂਦੇ ਚਲਾਂਦੇ ਝਟ ਬੰਦੇ ਦੇ ਕੋਲੋਂ ਲੰਘ ਜਾਓ।’’
‘‘ਪਈ ਬੜਾ ਔਖਾ ਕੰਮ ਏ, ਸਾਈਕਲ ਨਾਲ ਵੀ। ਤੁਸੀਂ ਤੇ ਸ਼ੇਰਨੀਆਂ ਓ। ਖ਼ੌਰੇ ਕਿੱਡਾ ਕੁ ਦਿਲ ਏ ਤੁਹਾਡਾ! ਲਿਆ ਖਾਂ ਭਲਾ ਵੇਖਾਂ’’ ਤੇ ਦਿਲ ਵੇਖਣ ਦੇ ਬਹਾਨੇ ਮੇਰੀ ਵਹੁਟੀ ਨੇ ਸਰੋਜ ਨੂੰ ਉਸ ਦੀ ਬਹਾਦਰੀ ਦੀ ਸ਼ਲਾਘਾ ਵਿਚ ਆਪਣੀ ਜੱਫੀ ਵਿਚ ਘੁਟ ਲਿਆ। ਸ਼ਲਾਘਾ ਦੇ ਨਾਲ ਇਹ ਵਿਦਾਇਗੀ ਵੀ ਸੀ।
ਅਸੀਂ ਸਾਰੇ ਉਠ ਖਲੋਤੇ।
ਜਦੋਂ ਉਨ੍ਹਾਂ ਤੋਂ ਵਖ ਹੋ ਕੇ ਅਸੀਂ ਬਾਹਰ ਸੜਕ ਤੇ ਆਏ ਤਾਂ ਮੇਰੀ ਵਹੁਟੀ ਨੇ ਕਿਹਾ, ‘‘ਇਹ ਦੋਵੇਂ ਮਾਸਟਰਨੀਆਂ ਨੇ। ਇਥੇ ਸ਼ਹਿਰ ਵਿਚ ਕਿਸੇ ਸਕੂਲੇ ਜਗ੍ਹਾ ਨਹੀਂ ਮਿਲੀ। ਪਿੰਡ ਵਿਚ ਨੌਕਰੀਆਂ ਮਿਲ ਜਾਂਦੀਆਂ ਨੇ। ਹੁਣ ਉਥੇ ਪੜ੍ਹਾਣ ਜਾਂਦੀਆਂ ਨੇ। ਬੜੀਆਂ ਬਹਾਦਰ ਨੇ ਇਹ ਕੁੜੀਆਂ। ਮੈਨੂੰ ਤੇ ਸ਼ਹਿਰੋਂ ਬਾਹਰ ਪੱਕੀ ਸੜਕ ਤੇ ਵੀ ਡਰ ਲਗੇ।’’ ਉਸ ਨੇ ਫਿਰ ਸ਼ਲਾਘਾ ਕੀਤੀ।
ਉਸ ਦੀ ਇਸ ਸ਼ਲਾਘਾ ਸਾਹਮਣੇ ਮੇਰੀ ਸ਼ਰਮਿੰਦਗੀ ਹੋਰ ਵਧ ਗਈ। ਆਪਣੇ ਆਪ ਨੂੰ ਹੌਲਾ ਕਰਨ ਲਈ ਮੈਂ ਕਿਹਾ :
‘‘ਅੱਗੇ ਜਦੋਂ ਮੈਂ ਆਇਆ ਤਾਂ ਇਹ ਇਸੇ ਤਰ੍ਹਾਂ ਦਰਖ਼ਤ ਹੇਠ ਲੁਕ ਕੇ ਖਲੋਤੀਆਂ ਸਨ। ਮੈਂ ਤੇ ਕੁਝ ਹੋਰ ਹੀ ਸਮਝਿਆ। ਚੰਗਾ ਹੋਇਆ ਅਸੀਂ ਫਿਰ ਆ ਗਏ, ਨਹੀਂ ਤੇ ਮੈਂ ਤੇ ਅਨ੍ਹੇਰੇ ਵਿਚ ਖਲੋਤੀਆਂ ਸਾਈਕਲਾਂ ਨੂੰ ਕਿਸੇ ਮਜ਼ੇਦਾਰ ਸ਼ਰਾਰਤ ਦਾ ਮੁੱਢ ਹੀ ਸਮਝਿਆ ਸੀ।’’
‘‘ਕੰਮ ਕਰਨ ਵਾਲੀਆਂ ਕੁੜੀਆਂ ਤੇ ਬੜੀਆਂ ਤੁਹਮਤਾਂ ਲਗਦੀਆਂ ਨੇ’’ ਮੇਰੀ ਵਹੁਟੀ ਨੇ ਕੁਝ ਖਿਝ ਕੇ ਕਿਹਾ। ਹਰ ਇਕ ਨੂੰ ਭੁਲੇਖਾ ਪੈ ਜਾਂਦਾ ਏ, ਮੈਂ ਤੁਹਾਨੂੰ ਇਕ ਬੜੀ ਸੁਆਦਲੀ ਗੱਲ ਦਸਨੀ ਆਂ :
‘‘ਇਕ ਵਾਰੀ ਮੈਂ ਤੇ ਮੇਰੀ ਭੈਣ ਫ਼ੀਰੋਜ਼ਪੁਰ ਆਪਣੀ ਕੋਠੀ ਅਗੇ ਸਵੇਰੇ ਘੁਸ ਮੁਸੇ ਜਿਹੇ ਫਿਰ ਰਹੀਆਂ ਸਾਂ। ਸਾਹਮਣਿਉਂ ਕਾਹਲੀ ਕਾਹਲੀ ਟੁਰਦੀ ਇਕ ਕੁੜੀ ਆਈ। ਕਦੀ ਉਹ ਦੋ ਕੁ ਪੈਰ ਭੱਜ ਵੀ ਲੈਂਦੀ ਤੇ ਫਿਰ ਕਾਹਲੀ ਕਾਹਲੀ ਟੁਰਨ ਲਗ ਜਾਂਦੀ।
ਜਦੋਂ ਸਾਨੂੰ ਨੇੜੇ ਆਈ ਦਾ ਉਹਦਾ ਮੂੰਹ ਦਿਸਿਆ ਤਾਂ ਘਬਰਾਈ ਹੋਈ ਵੀ ਡਾਹਢੀ ਜਾਪੀ। ਅਸੀਂ ਬੜੀਆਂ ਹੈਰਾਨ ਹੋਈਆਂ। ਸੈਰ ਕਰਨ ਵਾਲੀਆਂ ਤੇ ਇਸ ਤਰ੍ਹਾਂ ਨਹੀਂ ਭਜਦੀਆਂ। ਨਾ ਹੀ ਓਧਰ ਸਟੇਸ਼ਨ ਜਾਂ ਮੋਟਰਾਂ ਦਾ ਕੋਈ ਅੱਡਾ ਸੀ। ਅਸਾਂ ਸਮਝਿਆ ਕਿ ਇਹਨੂੰ ਰਾਤ ਕਿਧਰੇ ਸੁਤਿਆਂ ਸੁਤਿਆਂ ਦੇਰ ਹੋ ਗਈ ਏ ਤੇ ਹੁਣ ਭਜੀ ਜਾ ਰਹੀ ਹੈ ਕਿ ਘਰਦਿਆਂ ਦੇ ਜਾਗਣ ਤੋਂ ਪਹਿਲਾਂ ਪਹਿਲਾਂ ਘਰ ਜਾ ਵੜਾਂ।
‘‘ਭਲਾ ਕਿਥੇ ਜਾਂਦੀ ਏ?’’ ਇਹ ਜਾਨਣ ਲਈ ਅਸੀਂ ਵੀ ਉਹਦੇ ਪਿਛੇ ਟੁਰ ਪਈਆਂ।
ਉਹ ਅਗੇ ਅਗੇ ਤੇ ਅਸੀਂ ਮਗਰ ਮਗਰ।
ਉਹ ਟੈਲੀਫ਼ੋਨ ਐਕਸਚੇਂਜ ਨੂੰ ਮੁੜ ਪਈ। ਅਸੀਂ ਸਮਝ ਲਿਆ ਕਿ ਉਹ ਟੈਲੀਫ਼ੋਨ ਓਪਰੇਟਰ ਸੀ ਤੇ ਉਸ ਨੂੰ ਕੇਵਲ ਡੀਊਟੀ ਤੋਂ ਦੇਰ ਹੋ ਗਈ ਸੀ। ਅਸੀਂ ਸੜਕ ਤੇ ਖੜੀਆਂ ਉਸ ਵਲ ਵੇਖਦੀਆਂ ਰਹੀਆਂ। ਅੰਦਰ ਜਾ ਕੇ ਉਹ ਆਪਣੀ ਕੁਰਸੀ ਉਤੇ ਬੈਠ ਗਈ ਤੇ ਅਸੀਂ ਸ਼ਰਮਿੰਦੀਆਂ ਹੁੰਦੀਆਂ ਪਿਛਾਂਹ ਮੁੜ ਆਈਆਂ।