Shingar (Punjabi Story) : Kulwant Singh Virk

ਸ਼ਿੰਗਾਰ (ਕਹਾਣੀ) : ਕੁਲਵੰਤ ਸਿੰਘ ਵਿਰਕ

ਕੈਪਟਨ ਧਰਮ ਸਿੰਘ ਮੇਰੇ ਗਵਾਂਢੀ ਸਨ। ਗਵਾਂਢੀ ਬਹੁਤਾ ਨਾਲ ਦੇ ਘਰ ਵਾਲਿਆਂ ਨੂੰ ਆਖੀਦਾ ਏ ਪਰ ਅਸੀਂ ਤੇ ਦੋਵੇਂ ਇਕੱਠੇ ਇਕੋ ਕੋਠੀ ਵਿਚ ਰਹਿੰਦੇ ਸਾਂ। ਉਨ੍ਹਾਂ ਦੇ ਘਰ ਕੋਈ ਹਾਸੇ ਵਾਲੀ ਗੱਲ ਹੋਵੇ, ਅਸੀਂ ਵੀ ਨਾਲ ਹੀ ਹੱਸ ਪੈਂਦੇ; ਉਨ੍ਹਾਂ ਦੇ ਘਰ ਕੋਈ ਪ੍ਰਾਹੁਣਾ ਆਉਂਦਾ, ਸਾਨੂੰ ਪਤਾ ਲੱਗ ਜਾਂਦਾ ਕਿ 'ਮਾਮਾ ਜੀ', 'ਵੀਰ ਜੀ', 'ਮਾਸੜ ਜੀ', ਜਾਂ ਹੋਰ ਕੌਣ ਆਇਆ ਹੈ। ਉਨ੍ਹਾਂ ਦੇ ਸਾਰੇ ਪ੍ਰਾਹੁਣੇ ਸਾਡੇ ਜਾਣੂ ਹੀ ਹੁੰਦੇ। ਜੇ ਉਨ੍ਹਾਂ ਦੇ ਘਰ ਕੋਈ ਘੰਟਾ ਪਹਿਲਾਂ ਆਉਂਦਾ ਤਾਂ ਸਾਡੇ ਘਰ ਘੰਟਾ ਮਗਰੋਂ ਆ ਜਾਂਦਾ, ਪਰ ਆਉਂਦਾ ਜ਼ਰੂਰ। ਜੋ ਕੁਝ ਉਹ ਉਨ੍ਹਾਂ ਦੇ ਲੱਗਦੇ ਹੁੰਦੇ, ਉਹੀ ਕੁਝ ਸਾਡੇ ਲੱਗਣ ਲੱਗ ਜਾਂਦੇ। ਉਨ੍ਹਾਂ ਦੇ ਘਰ ਜਾਣ ਤੋਂ ਬਿਨਾਂ ਹੀ ਸਾਨੂੰ ਪਤਾ ਹੁੰਦਾ ਕਿ ਉਨ੍ਹਾਂ ਦੀ ਮੱਝ ਮਿਲੀ ਹੈ ਕਿ ਨਹੀਂ, ਉਨ੍ਹਾਂ ਦੀ ਕਿਸ ਕੁਕੜੀ ਨੇ ਆਂਡਾ ਦਿੱਤਾ ਹੈ, ਕਿਸ ਬੱਚੇ ਨੂੰ ਕਿੰਨੇ ਦਰਜੇ ਦਾ ਬੁਖ਼ਾਰ ਹੈ ਤੇ ਕੌਣ ਕਿਥੇ ਜਾਣ ਲਈ ਤਿਆਰ ਹੋ ਰਿਹਾ ਹੈ। ਇਕ ਦੂਜੇ ਦਾ ਸਾਰਾ ਪਿਛਵਾੜਾ ਪਤਾ ਹੋਣ ਕਰ ਕੇ ਆਪੋ ਵਿਚ ਗੱਲਬਾਤ ਤੋਰਨੀ ਸਾਡੇ ਲਈ ਬੜੀ ਸੌਖੀ ਸੀ ਤੇ ਸਾਡੀ ਆਪੋ ਵਿਚ ਮਿੱਤਰਤਾ ਵੀ ਢੇਰ ਸੀ।
ਕੈਪਟਨ ਧਰਮ ਸਿੰਘ ਅਸਲ ਵਿਚ ਨੌਕਰੀ ਵਿਚ ਨਹੀਂ ਸਨ, ਹਟੇ ਹੋਏ ਸਨ। ਕਪਤਾਨੀ ਵੀ ਉਨ੍ਹਾਂ ਦੀ ਲੜਾਕਾ ਫ਼ੌਜ ਦੀ ਨਹੀਂ ਸੀ, ਡਾਕਟਰੀ ਦੀ ਸੀ। ਤੇ ਹੁਣ ਆਪਣਾ ਡਾਕਟਰੀ ਦਾ ਧੰਦਾ ਕਰਦੇ ਸਨ। ਪੈਸੇ ਬਹੁਤੇ ਨਹੀਂ ਆ ਰਹੇ ਸਨ ਪਰ ਬਹੁਤੀ ਮਾੜੀ ਗੱਲ ਇਹ ਸੀ ਕਿ ਜਿਸ ਤਰ੍ਹਾਂ ਡਾਕਟਰੀ, ਵਕਾਲਤ ਆਦਿ ਪੇਸ਼ਿਆਂ ਵਿਚ ਆਮ ਹੁੰਦਾ ਹੈ, ਦਿਨਾਂ ਦੇ ਲੰਘਣ ਨਾਲ ਉਨ੍ਹਾਂ ਦਾ ਕੰਮ ਵਧ ਨਹੀਂ ਰਿਹਾ ਸੀ, ਘਟ ਭਾਵੇਂ ਰਿਹਾ ਹੋਵੇ। ਨੌਕਰੀ ਵਿਚ ਰਹੇ ਹੋਣ ਕਰ ਕੇ ਉਹ ਲੋਕਾਂ ਵਿਚ ਘੁਲਣ ਮਿਲਣ ਤੋਂ ਸੰਕੋਚ ਕਰਦੇ ਸਨ। ਅਜਿਹਾ ਕੀਤਿਆਂ ਕਿਸੇ ਪੇਸ਼ੇ ਵਿਚ ਵੀ ਪੈਸੇ ਆਉਣੇ ਔਖੇ ਸਨ।
ਆਮਦਨ ਘੱਟ ਹੋਣ ਦਾ ਵੱਡਾ ਕਜੀਆ ਲੋਕਾਂ ਤੋਂ ਇਹ ਗੱਲ ਲੁਕਾਣੀ ਹੁੰਦੀ ਹੈ। ਉਨ੍ਹਾਂ ਦੀ ਸਿਆਣੀ ਵਹੁਟੀ ਇਸ ਵਿਚ ਵੀ ਸਫ਼ਲ ਸੀ। ਸਿਆਲ ਆਉਣ ਤੋਂ ਬੱਚਿਆਂ ਦੇ ਗਰਮ ਕੱਪੜੇ ਬਣ ਜਾਂਦੇ, ਦੋ ਵਕਤ ਚਾਹ ਬਣਦੀ, ਧਰਮ ਸਿੰਘ ਇਸਤਰੀ ਕੀਤੇ ਹੋਏ ਕੱਪੜੇ ਪਾਂਦਾ, ਪਰ ਉਸ ਦਾ ਸਾਈਕਲ ਉਹੀ ਪੁਰਾਣੇ ਦਾ ਪੁਰਾਣਾ ਹੀ ਰਹਿੰਦਾ। ਕੁਰਸੀਆਂ ਦਾ ਬੈਂਤ ਟੁੱਟਣ ਟੁੱਟਣ ਕਰਦਾ ਰਹਿੰਦਾ ਤੇ ਬੈਠਕ ਦੀ ਪਾਟੀ ਹੋਈ ਦਰੀ ਦੀ ਥਾਂ ਨਵੀਂ ਨਾ ਆਉਂਦੀ। ਉਨ੍ਹਾਂ ਦੇ ਚਾਰ ਬੱਚੇ ਸਨ, ਵੱਡੀ ਕੁੜੀ ਤੇ ਨਿੱਕੇ ਤਿੰਨ ਮੁੰਡੇ। ਸਾਰੇ ਸਕੂਲ ਜਾਂਦੇ ਸਨ। ਕੁੜੀ ਤੇ ਹੁਣ ਮੁਟਿਆਰ ਸੀ। ਉਨ੍ਹਾਂ ਨੂੰ ਖ਼ਰਚਣ ਨੂੰ ਪੈਸੇ ਕਦੀ ਨਾ ਮਿਲਦੇ। ਲੋਹੜੀ, ਦੀਵਾਲੀ ਨੂੰ ਉਨ੍ਹਾਂ ਦੇ ਪਟਾਕੇ ਨਿੱਕੀ ਠਾਹ ਕਰਨ ਵਾਲੇ ਤੇ ਮੱਧਮ ਹੁੰਦੇ।
ਉਨ੍ਹਾਂ ਦੀ ਇਸ ਤੰਗੀ ਤੇ ਸਾਨੂੰ ਹਮਦਰਦੀ ਸੀ, ਪਰ ਇਕ ਗੱਲ ਜਿਹੜੀ ਮੈਨੂੰ ਤੇ ਮੇਰੀ ਵਹੁਟੀ-ਦੋਹਾਂ ਨੂੰ ਅਜੀਬ ਲੱਗਦੀ, ਇਹ ਸੀ ਕਿ ਉਹ ਆਪਣੀ ਕੁੜੀ ਨੂੰ ਕੱਪੜੇ ਬੜੇ ਵਧੀਆ ਸਿਵਾ ਕੇ ਦਿੰਦੇ। ਘਰ ਵਿਚ ਉਹ ਸਭ ਤੋਂ ਬਹੁਤਾ ਫੱਬੀ ਹੋਈ ਹੁੰਦੀ। ਆਲੇ ਦੁਆਲੇ ਦੇ ਕਈ ਅਮੀਰ ਘਰਾਂ ਦੀਆਂ ਕੁੜੀਆਂ ਨਾਲੋਂ ਵੀ ਉਸ ਦੇ ਕੱਪੜੇ ਚੰਗੇ ਹੁੰਦੇ। ਉਨ੍ਹਾਂ ਦੇ ਬਾਕੀ ਖ਼ਰਚ ਨਾਲ ਇਹ ਗੱਲ ਜਚਦੀ ਨਹੀਂ ਸੀ। ਮੇਰੀ ਵਹੁਟੀ ਤੇ ਉਸ ਨੂੰ ਵਿਗੜੀ ਹੋਈ ਵੀ ਆਖਦੀ ਪਰ ਆਪਣੀਆਂ ਚੀਜ਼ਾਂ ਲੈਣ ਲਈ ਉਸ ਨੂੰ ਹੋਰ ਬੱਚਿਆਂ ਤੋਂ ਵੱਧ ਜ਼ਿਦ ਜਾਂ ਤਰਲਾ ਨਹੀਂ ਕਰਨਾ ਪੈਂਦਾ ਸੀ। ਥੋੜ੍ਹਾ ਬਹੁਤਾ ਦਬਾ ਤੇ ਹਰ ਬੱਚੇ ਨੂੰ ਮਾਪਿਆਂ 'ਤੇ ਪਾਉਣਾ ਹੀ ਪੈਂਦਾ ਹੈ। ਚੀਜ਼ਾਂ ਉਸ ਨੂੰ ਸੌਖਿਆਂ ਹੀ ਮਿਲ ਜਾਂਦੀਆਂ ਸਨ, ਪਰ ਇਹ ਅਸੀਂ ਦੋਵੇਂ ਸਮਝਦੇ ਸਾਂ ਕਿ ਉਸ 'ਤੇ ਖ਼ਰਚੇ ਜਾ ਰਹੇ ਪੈਸੇ ਹੋਰ ਡਾਢੀਆਂ ਲੋੜਾਂ 'ਤੇ ਲੱਗ ਸਕਦੇ ਸਨ।
ਇਕ ਵਾਰ ਤੇ ਹੱਦ ਹੀ ਹੋ ਗਈ। ਉਨ੍ਹਾਂ ਉਸ ਕੁੜੀ ਲਈ ਕੋਟ ਸਿਵਾਣ ਲਈ ਗਰਮ ਕੱਪੜੇ ਵੇਖਣ ਲਈ ਮੰਗਵਾਏ। ਸੌਦਾ ਵੱਡਾ ਤੇ ਸਵਾਦੀ ਹੋਣ ਕਰ ਕੇ ਉਨ੍ਹਾਂ ਮੈਨੂੰ ਤੇ ਮੇਰੀ ਵਹੁਟੀ ਨੂੰ ਵੀ ਸੱਦ ਲਿਆ। ਬਜ਼ਾਜ਼ ਇਕ ਇਕ ਥਾਨ ਖੋਲ੍ਹ ਕੇ ਖਿਲਾਰਨ ਲੱਗ ਪਿਆ ਤੇ ਅਸੀਂ ਸਾਰੇ ਪਰਖਣ ਬੈਠ ਗਏ। ਜਿਹੜਾ ਕੱਪੜਾ ਕੁੜੀ ਨੇ ਪਸੰਦ ਕੀਤਾ, ਉਹ ਵੇਖਣ ਨੂੰ ਤਾਂ ਸੁਹਣਾ ਸੀ ਪਰ ਹੰਢਣਾ ਉਸ ਚੰਗੀ ਤਰ੍ਹਾਂ ਇਕ ਸਾਲ ਹੀ ਸੀ। ਅਸੀਂ ਦੋਵੇਂ ਜੀਅ ਤੇ ਕਪਤਾਨ ਸਾਹਿਬ ਵੀ ਉਸ ਕੱਪੜੇ ਦੇ ਹੱਕ ਵਿਚ ਨਹੀਂ ਸਾਂ। ਅਸਾਂ ਸਾਰਿਆਂ ਨੇ ਇਕ ਹੋਰ ਕੱਪੜਾ ਚੁਣਿਆ ਜਿਹੜਾ ਵੇਖਣ ਤੇ ਹੰਢਣ ਦੋਹਾਂ ਨੂੰ ਚੰਗਾ ਸੀ। ਜਦੋਂ ਕਪਤਾਨ ਸਾਹਿਬ ਨੇ ਕੁੜੀ ਨੂੰ ਉਸ ਕੱਪੜੇ ਦਾ ਕੋਟ ਸਿਵਾਣ ਨੂੰ ਕਿਹਾ ਤਾਂ ਉਸ ਨੇ ਨਾਂਹ ਕਰ ਦਿੱਤੀ ਤੇ ਫਿਰ ਆਪਣੀ ਪਸੰਦ ਦੇ ਕੱਪੜੇ ਉਤੇ ਹੀ ਉਂਗਲ ਧਰੀ।
ਗਰਮ ਕੋਟ ਕੋਈ ਰੋਜ਼ ਰੋਜ਼ ਤੇ ਸਿਵਾਂਦਾ ਨਹੀਂ। ਨਾਲੇ ਕੁੜੀ ਹੁਣ ਜਵਾਨ ਹੋ ਗਈ ਸੀ। ਇਕ ਵਾਰ ਦਾ ਸਿਵਾਇਆ ਕੋਟ ਛੇ ਸੱਤ ਵਰ੍ਹੇ ਕੱਢ ਸਕਦਾ ਸੀ। ਦੂਜਾ ਕੱਪੜਾ ਭਾਵੇਂ ਹੈ ਤੇ ਸੋਹਣਾ ਸੀ ਪਰ ਉਸ ਨੇ ਇਕ ਸਾਲ ਵਿਚ ਖ਼ਰਾਬ ਹੋ ਜਾਣਾ ਸੀ ਤੇ ਅਗਲੇ ਸਾਲ ਫਿਰ ਹੋਰ ਸਿਵਾਣਾ ਪੈਣਾ ਸੀ। ਇਹ ਹਰ ਕਿਸੇ ਲਈ ਔਖਾ ਏ, ਕਪਤਾਨ ਸਾਹਿਬ ਲਈ ਤੇ ਹੋਰ ਵੀ ਬਹੁਤਾ, ਪਰ ਕਪਤਾਨ ਸਾਹਿਬ ਲਈ ਤੇ ਕੋਟ ਸਿਵਾਣਾ ਪੈਣਾ ਸੀ। ਸਾਨੂੰ ਅੜਿਆ ਵੇਖ ਕੇ ਕੁੜੀ ਡੁਸਕਦੀ ਹੋਈ ਉਥੋਂ ਉਠ ਕੇ ਟੁਰ ਗਈ। ਕੁੜੀ ਬਿਨਾਂ ਕੱਪੜਾ ਵੇਖਣਾ ਲਾੜੀ ਬਿਨਾਂ ਵਿਆਹ ਰਚਾਣਾ ਸੀ। ਕਪਤਾਨ ਸਾਹਿਬ ਦਾ ਤੇ ਹੁਣ ਕੱਪੜਾ ਵੇਖਣ ਨੂੰ ਅਸਲੋਂ ਹੀ ਕੋਈ ਦਿਲ ਨਹੀਂ ਸੀ। ਉਨ੍ਹਾਂ ਆਪਣੇ ਮੁੰਡੇ ਨੂੰ ਇਹ ਕਹਿ ਕੇ ਉਸ ਦੇ ਮਗਰ ਘੱਲਿਆ ਕਿ ਉਹ ਆ ਕੇ ਬੈਠੇ ਤੇ ਸਹੀ; ਜਿਹੜਾ ਆਖੇਗੀ, ਉਹ ਹੀ ਸਿਵਾ ਦਿਆਂਗੇ ਪਰ ਕੁੜੀ ਨੇ ਭਰਾ ਹੱਥ ਆਖ ਘੱਲਿਆ ਕਿ ਮੈਂ ਨਹੀਂ ਕੋਟ ਸਿਵਾਣਾ, ਮੈਨੂੰ ਰੂੰ ਦੀ ਵਾਸਕਟ ਸਿਵਾ ਦਿਉ, ਮੈਂ ਉਸੇ ਵਿਚ ਸਿਆਲ ਕੱਢ ਲਵਾਂਗੀ। ਜਦ ਇਹ ਸੁਨੇਹਾ ਆਇਆ ਤਾਂ ਕਪਤਾਨ ਸਾਹਿਬ ਨੇ ਕੁੜੀ ਦੀ ਪਸੰਦ ਦਾ ਹੀ ਕੋਟ ਪੜਵਾ ਲਿਆ। ਅਸੀਂ ਦੋਵੇਂ ਜੀਅ ਇਸ ਗੱਲ ਤੇ ਗੁੱਸੇ ਸਾਂ, ਬਹੁਤਾ ਇਸ ਕਰ ਕੇ ਕਿ ਜੇ ਸਿਆਣਪ ਨਹੀਂ ਕਰਨੀ ਸੀ ਤੇ ਕੁੜੀ ਦੀ ਪਸੰਦ ਹੀ ਚੱਲਣੀ ਸੀ ਤਾਂ ਸਾਨੂੰ ਸੱਦ ਕੇ ਐਵੇਂ ਕਿਉਂ ਕੁੜੀ ਵਲੋਂ ਬੁਰੇ ਬਣਾਇਆ ਪਰ ਅਸੀਂ ਵੀ ਜਾਣਦੇ ਸਾਂ ਕਿ ਸਾਡੇ ਨਾਲੋਂ ਕਪਤਾਨ ਸਾਹਿਬ ਨੂੰ ਬਹੁਤਾ ਔਖਾ ਹੋਇਆ ਹੈ ਤੇ ਨੁਕਸਾਨ ਵੀ। ਫਿਰ ਇਸ ਤਰ੍ਹਾਂ ਕੀਤਾ ਕਿਉਂ? ਕਿਉਂ ਨਾ ਹੰਢਣਸਾਰ ਕੱਪੜਾ ਲਿਆ? ਸਾਡੀ ਅਸਚਰਜਤਾ ਬਣੀ ਰਹੀ। ਵਿਹਲੇ ਵਕਤ ਵਿਚ, ਉਨ੍ਹਾਂ ਦਾ ਬਹੁਤਾ ਵਕਤ ਵਿਹਲਾ ਹੀ ਹੁੰਦਾ, ਕਪਤਾਨ ਸਾਹਿਬ ਸ਼ਬਦ ਅੜੌਣੀਆਂ ਬੁੱਝਿਆ ਕਰਦੇ। "ਵੀਕਲੀ" ਦਾ ਪਰਚਾ ਜਿਸ ਵਿਚ ਅੜੌਣੀਆਂ ਛਪੀਆਂ ਹੁੰਦੀਆਂ, ਉਹ ਮੇਰੇ ਕੋਲੋਂ ਹੀ ਲੈਂਦੇ ਹੁੰਦੇ ਸਨ। ਉਨ੍ਹਾਂ ਦੇ ਇਸ ਸ਼ੌਕ ਦੇ ਸਦਕਾ ਮੇਰਾ ਵੀ ਕੁਝ ਇਸ ਵਿਚ ਧਿਆਨ ਹੋ ਗਿਆ ਸੀ। ਇਕ ਦਿਨ ਜਦੋਂ ਨਵਾਂ ਰਸਾਲਾ ਆਇਆ ਤਾਂ ਮੈਂ ਉਸ ਵਿਚੋਂ ਇਨਾਮ ਜੇਤੂਆਂ ਦੇ ਨਾਂ ਵੇਖਣ ਲੱਗ ਪਿਆ। ਦੋ ਗ਼ਲਤੀਆਂ ਵਾਲੇ ਨਾਂਵਾਂ ਵਿਚ ਕਪਤਾਨ ਧਰਮ ਸਿੰਘ ਦਾ ਨਾਂ ਵੀ ਸੀ। ਦੋ ਗ਼ਲਤੀਆਂ ਵਾਲਿਆਂ ਸਾਰਿਆਂ ਨੂੰ ਸਾਢੇ ਸੈਂਤੀ-ਸੈਂਤੀ ਰੁਪਏ ਇਨਾਮ ਮਿਲਣਾ ਸੀ। ਮੈਂ ਚਾਈਂ ਚਾਈਂ ਰਸਾਲਾ ਚੁੱਕ ਕੇ ਕਪਤਾਨ ਸਾਹਿਬ ਕੋਲ ਲੈ ਗਿਆ।
ਮੇਰੇ ਦੱਸੇ ਤੇ ਤਾਂ ਕਪਤਾਨ ਸਾਹਿਬ ਨੂੰ ਵਿਸ਼ਵਾਸ ਨਾ ਆਇਆ, ਪਰ ਆਪ ਨਾਂ ਪੜ੍ਹ ਕੇ ਉਹ ਬਹੁਤ ਖੁਸ਼ ਹੋਏ। ਕੁਝ ਪੈਸੇ ਆਉਣ ਕਰ ਕੇ, ਕੁਝ ਘਾਲ ਥਾਇੰ ਪੈਣ ਕਰ ਕੇ ਤੇ ਕੁਝ ਅਗਾਂਹ ਨੂੰ ਹੋਰ ਆਉਣ ਦੀ ਖੁਸ਼ੀ ਸੀ। ਆਏ ਤੇ ਸਾਢੇ ਸੈਂਤੀ ਹੀ ਸਨ ਪਰ ਜੇ "ਵੀਕਲੀ" ਵਾਲੇ ਨਾ ਘੱਲਦੇ ਤਾਂ ਉਹ ਆਪਣੀ ਆਮਦਨ ਨੂੰ ਪੰਜ ਰੁਪਈਏ ਵੀ ਕਿਸ ਤਰ੍ਹਾਂ ਵਧਾ ਸਕਦੇ ਸਨ। ਉਨ੍ਹਾਂ ਆਪਣੀ ਵਹੁਟੀ ਨੂੰ 'ਵਾਜ਼ ਮਾਰ ਕੇ ਦੱਸਿਆ। "ਇਨ੍ਹਾਂ ਦੇ ਮੂੰਹ ਵਿਚ ਖੰਡ ਪਾਉ ਜਿਨ੍ਹਾਂ ਤੁਹਾਨੂੰ ਇਹ ਖ਼ਬਰ ਲਿਆ ਕੇ ਦਿੱਤੀ ਏ।" ਉਸ ਨੇ ਖ਼ੁਸ਼ੀ ਖ਼ੁਸ਼ੀ ਕਿਹਾ।
"ਖੰਡ ਤੇ ਇਹ ਖਾਂਦੇ ਨਹੀਂ ਹੋਣੇ, ਤੂੰ ਚਾਹ ਬਣਾ ਕੇ ਘੱਲ ਦੇ, ਆਪੇ ਵਿਚ ਘੋਲ ਕੇ ਪੀ ਲੈਣਗੇ।" ਕਪਤਾਨ ਸਾਹਿਬ ਨੇ ਪ੍ਰੋਗਰਾਮ ਬਣਾਇਆ।
ਉਹ ਟੁਰ ਗਈ ਤੇ ਕੁਝ ਚਿਰ ਪਿੱਛੋਂ ਉਨ੍ਹਾਂ ਦਾ ਇਕ ਮੁੰਡਾ ਚਾਹ ਦੇ ਗਿਆ।
ਚਾਹ ਦੇ ਨਾਲ ਕੁਝ ਨਹੀਂ ਸੀ, ਤੇ ਨਾ ਮੈਨੂੰ ਆਸ ਹੀ ਸੀ। ਉਂਜ ਖ਼ੁਸ਼ ਹੋਏ ਕਪਤਾਨ ਸਾਹਿਬ ਕੋਲ ਬਹਿ ਕੇ ਮੈਨੂੰ ਬੜਾ ਸਵਾਦ ਆ ਰਿਹਾ ਸੀ।
"ਪੈਸੇ ਹੈਨ ਤੇ ਥੋੜ੍ਹੇ ਜਿਹੇ, ਫਿਰ ਵੀ ਤੁਸੀਂ ਇਨ੍ਹਾਂ ਨੂੰ ਭਲਾ ਵਰਤੋਗੇ ਕਿੱਥੇ?" ਕੁਝ ਚਿਰ ਹੋਰ ਗੱਲਾਂ ਕਰਨ ਪਿੱਛੋਂ ਮੈਂ ਪੁੱਛਿਆ।
"ਇਹ ਤੇ ਕੋਈ ਮੁਸ਼ਕਲ ਨਹੀਂ। ਤੀਹ ਰੁਪਏ ਦਾ ਮੈਂ ਆਪਣੀ ਲੜਕੀ ਨੂੰ ਸੂਟ ਸਿਵਾ ਦਿਆਂਗਾ ਤੇ ਸਾਢੇ ਸੱਤ ਰੁਪਏ ਕਿਸੇ ਹੋਰ ਲੋੜੇ ਲੱਗ ਜਾਣਗੇ।
ਮੈਨੂੰ ਇਸ ਜਵਾਬ ਤੇ ਹੈਰਾਨੀ ਹੋਈ। ਅਜੇ ਕੋਟ ਵਾਲੀ ਗੱਲ ਮੈਨੂੰ ਭੁਲੀ ਨਹੀਂ ਸੀ, ਸਾਰੇ ਟੱਬਰ ਦੇ ਮੂੰਹੋਂ ਖੋਹ ਕੇ ਕਪਤਾਨ ਸਾਹਿਬ ਕੁੜੀ ਦੇ ਕੱਪੜਿਆਂ 'ਤੇ ਹੀ ਕਿਉਂ ਖ਼ਰਚ ਕਰਦੇ ਨੇ? ਇਹ ਜਾਣਨ ਲਈ ਮੈਂ ਉਤਾਵਲਾ ਸਾਂ। ਪੁੱਛਣ ਲਈ ਵੀ ਮੈਨੂੰ ਇਹ ਮੌਕਾ ਵਧੀਆ ਲੱਗਾ। "ਕਪਤਾਨ ਸਾਹਿਬ, ਸਾਰੇ ਲੋਕ ਬੱਚਿਆਂ ਨੂੰ ਪਿਆਰ ਕਰਦੇ ਨੇ ਤੇ ਉਨ੍ਹਾਂ ਨੂੰ ਚੀਜ਼ ਵਸਤ ਵੀ ਲੈ ਕੇ ਦਿੰਦੇ ਨੇ ਪਰ ਤੁਸੀਂ ਆਪਣੀ ਲੜਕੀ ਦੇ ਕੱਪੜਿਆਂ 'ਤੇ ਕੁਝ ਬਹੁਤਾ ਈ ਖ਼ਰਚ ਕਰਦੇ ਓ।"
"ਬਿਲਕੁਲ ਠੀਕ ਏ। ਗੱਲ ਇਹ ਵੇ ਕਿ ਆਪਣੇ ਜੀਵਨ ਵਿਚ ਮੈਨੂੰ ਦੋ ਰਿਸ਼ਤੇ ਹੀ ਪੱਕੇ ਦਿਸੇ ਨੇ। ਪਹਿਲਾ ਤੇ ਬਹੁਤ ਪੱਕਾ ਰਿਸ਼ਤਾ ਏ ਕਣਕ ਤੇ ਢਿੱਡ ਦਾ। ਫ਼ੌਜ ਵਿਚ ਹੁੰਦਿਆਂ ਇਕ ਵਾਰ ਲੜਾਈ ਵਿਚ ਮੈਨੂੰ ਕਈ ਦਿਨ ਜੰਗਲਾਂ ਵਿਚ ਭੁੱਖੇ ਰਹਿ ਕੇ ਤੇ ਕੁਝ ਬਦ-ਬਲਾ ਖਾ ਕੇ ਕੱਟਣੇ ਪਏ। ਉਦੋਂ ਮੈਨੂੰ ਇਹ ਵੀ ਗਿਆਨ ਹੋਇਆ ਕਿ ਪੇਟ ਦੀ ਕਣਕ ਲਈ ਤੜਫ ਅਦੁਤੀ ਤੜਫ ਏ, ਤੇ ਚਕੋਰ ਦੀ ਚੰਨ ਲਈ ਤੜਫ ਤੇ ਹੀਰ ਦੀ ਰਾਂਝੇ ਲਈ ਤੜਫ ਇਸ ਤੋਂ ਪਿੱਛੋਂ ਦੀਆਂ ਗੱਲਾਂ ਨੇ। ਦੂਜੇ ਨੰਬਰ 'ਤੇ ਰਿਸ਼ਤਾ, ਮੈਂ ਸਮਝਨਾ ਵਾਂ ਔਰਤ ਦਾ ਸ਼ਿੰਗਾਰ ਨਾਲ ਏ। ਇਹ ਗਿਆਨ ਮੈਨੂੰ ਕਿਸ ਤਰ੍ਹਾਂ ਹੋਇਆ, ਇਹ ਕਹਾਣੀ ਕੁਝ ਲੰਮੀ ਏ।"
"ਚਲੋ ਬੈਠੇ ਆਂ, ਇਹ ਵੀ ਸੁਣਾ ਦਿਓ।"
ਮੈਂ ਝਕਦੇ ਹੋਏ ਆਖਿਆ, ਇਸ ਗੱਲ ਤੋਂ ਕਿ ਕਿਤੇ ਗੱਲ ਦਾ ਗੁੱਸਾ ਨਾ ਕਰਨ। ਨਾਲ ਹੀ ਮੈਨੂੰ ਇਹ ਵੀ ਧਿਆਨ ਸੀ ਕਿ ਕਈ ਵਾਰੀ ਜਦੋਂ ਬੰਦਾ ਗੱਲ ਕਰਨ 'ਤੇ ਆਇਆ ਹੋਵੇ ਤਾਂ ਗੱਲ ਨਾ ਪੁੱਛਣ 'ਤੇ ਵੀ ਹੱਤਕ ਹੋਈ ਸਮਝਦਾ ਏ।
"ਚੰਗਾ ਸੁਣਾਂਦਾ ਵਾਂ", ਉਨ੍ਹਾਂ ਅੱਖਾਂ ਮੀਟ ਕੇ ਸਿਰ ਹਿਲਾਂਦਿਆਂ ਹੋਇਆਂ ਕਿਹਾ ਜਿਵੇਂ ਉਸ ਪੁਰਾਣੀ ਗੱਲ ਨੂੰ 'ਵਾਜ਼ ਮਾਰ ਰਹੇ ਹੋਣ ਤੇ ਫਿਰ ਉਨ੍ਹਾਂ ਆਪਣੀ ਕਹਾਣੀ ਅਰੰਭ ਕੀਤੀ, "ਫੱਬ ਫੱਬ ਕੇ ਨਿਕਲਦੀਆਂ ਜਨਾਨੀਆਂ ਤੇ ਸਦਾ ਵੇਖੀਦੀਆਂ ਹੀ ਸਨ ਪਰ ਮੈਂ ਆਖਦਾ ਸਾਂ ਕਿ ਇਹ ਵਿਹਲੀਆਂ ਦੇ ਕੰਮ ਨੇ। ਅਕਲ ਵਾਲੀਆਂ ਜਨਾਨੀਆਂ ਜਿਨ੍ਹਾਂ ਨੂੰ ਆਪਣਾ ਵਕਤ ਸੁਕਾਰਥੇ ਲਾਣਾ ਆਉਂਦਾ ਏ, ਉਹ ਤੇ ਸੱਕ-ਸੁਰਮੇ ਨੂੰ ਕੁਝ ਨਹੀਂ ਸਮਝਦੀਆਂ ਹੋਣੀਆਂ, ਪਰ ਆਪਣੀ ਇਕ ਪ੍ਰੀਤ ਵਿਚ ਮੈਨੂੰ ਇਹ ਗਿਆਨ ਹੋਇਆ।
"ਅੱਛਾ।"
"ਸਾਰੀਆਂ ਪ੍ਰੀਤਾਂ ਖ਼ਤਰੇ ਵਾਲੀਆਂ ਹੁੰਦੀਆਂ ਨੇ, ਪਰ ਇਹ ਕੁਝ ਬਹੁਤੀ ਹੀ ਸੀ। ਕਈ ਕਈ ਹਫ਼ਤੇ ਤੇ ਗੱਲ ਵੀ ਨਾ ਹੋ ਸਕਦੀ ਤੇ ਇਕ ਦੂਜੇ ਨੂੰ ਫਿਰਦਾ ਟੁਰਦਾ ਵੇਖ ਕੇ ਹੀ ਸਿਦਕ ਕਰਨਾ ਪੈਂਦਾ। ਇਸ ਤਰ੍ਹਾਂ ਨੇੜੇ ਹੋਣ ਦੀ ਭੁੱਖ ਹੋਰ ਵਧਦੀ, ਪਰ ਭੁੱਖ ਦਾ ਬੇਵਸੀ ਤੇ ਕੀ ਰੁਹਬ ਏ?
ਆਂਹਦੇ ਨੇ ਬਾਰ੍ਹੀਂ ਵਰ੍ਹੀਂ ਰੂੜੀ ਦੀ ਵੀ ਸੁਣੀ ਜਾਂਦੀ ਏ, ਇਕ ਦਿਨ ਕੁਝ ਅਜਿਹਾ ਢੋ ਲੱਗਾ ਕਿ ਅਸੀਂ ਅੱਧਾ ਪੌਣਾ ਘੰਟਾ ਇਕੱਠੇ ਰਹਿ ਸਕਦੇ ਸਾਂ। ਸਾਨੂੰ ਇਹ ਵੀ ਪਤਾ ਸੀ ਕਿ ਇਹੋ ਜਿਹਾ ਢੋ ਫਿਰ ਸਾਰੀ ਉਮਰ ਸ਼ਾਇਦ ਨਾ ਲੱਗੇ।"
"ਠੀਕ, ਫੇਰ।" ਮੈਂ ਕਿਹਾ।
ਪਤਾ ਨਹੀਂ ਕਿਉਂ, ਮੈਂ ਇਹ ਸਮਾਂ ਕਿਤੇ ਇਕੱਠੇ ਬਹਿਣ ਦੀ ਥਾਂ ਇਕੱਠੇ ਭੌਂ ਕੇ ਬਿਤਾਣਾ ਮਿਥਿਆ। ਜਿਵੇਂ ਸਾਡੇ ਮੀਲ ਅੱਧਾ ਮੀਲ ਇਕੱਠਿਆਂ ਟੁਰਨ ਨਾਲ ਧਰਤੀ 'ਤੇ ਕੋਈ ਲੀਕ ਪੈ ਜਾਣੀ ਹੋਵੇ ਜਿਸ ਨੂੰ ਵੇਖ ਕੇ ਬੰਦਾ ਪਿਛੋਂ ਵੀ ਜੀਉਂਦਾ ਰਹਿ ਸਕੇ।
ਉਸ ਦੇ ਘਰ ਜਾ ਕੇ ਮੈਂ ਇਹ ਸਲਾਹ ਦੱਸੀ। ਉਸ ਨੂੰ ਵੀ ਪਸੰਦ ਆਈ ਤੇ ਉਸ ਨੇ ਕਿਹਾ, ਤੁਸੀਂ ਹੇਠਾਂ ਸੜਕ ਤੇ ਚੱਲੋ, ਮੈਂ ਜੰਦਰੇ ਲਾ ਕੇ ਆਉਂਦੀ ਹਾਂ।
ਮੈਂ ਹੇਠਾਂ ਆ ਕੇ ਉਸ ਦੀ ਉਡੀਕ ਕਰਨ ਲੱਗਾ। ਮੇਰਾ ਕਿਆਸ ਸੀ ਕਿ ਉਸ ਨੂੰ ਇਕ ਦੋ ਮਿੰਟ ਤੋਂ ਵੱਧ ਨਹੀਂ ਲੱਗਣੇ। ਸਾਡੇ ਕੋਲ ਵੇਲਾ ਵੀ ਬਹੁਤਾ ਨਹੀਂ ਸੀ ਤੇ ਇਹ ਮਿਲਿਆ ਕਿਹੜਾ ਸੌਖਾ ਸੀ ਕਿ ਇਸ ਵਿਚੋਂ ਐਵੇਂ ਕੋਈ ਮਿੰਟ ਖਲਾਰਦਾ ਫਿਰੇ।
ਧੜਕਦੇ ਦਿਲ ਨਾਲ ਮੈਨੂੰ ਸੜਕ 'ਤੇ ਉਡੀਕਦਿਆਂ ਪੰਜ ਮਿੰਟ ਹੋ ਗਏ ਤੇ ਫਿਰ ਦਸ। ਉਹ ਅਜੇ ਵੀ ਨਹੀਂ ਸੀ ਆਈ। ਮੈਂ ਹੈਰਾਨ ਸਾਂ ਕਿ ਉਸ ਨੂੰ ਅੰਦਰ ਕਿਸ ਭੂਤ ਨੇ ਫੜ ਲਿਆ ਏ। ਉਥੇ ਖਲੋਣਾ ਵੀ ਬੜਾ ਔਖਾ ਸੀ ਕਿਉਂਕਿ ਮੈਨੂੰ ਇੰਜ ਲਗਦਾ ਸੀ ਜਿਵੇਂ ਹਰ ਲੰਘਦਾ ਜਾਂਦਾ ਮੇਰੇ 'ਤੇ ਸ਼ੱਕ ਕਰ ਰਿਹਾ ਹੋਵੇ। ਸਭ ਤੋਂ ਛੋਟਾ ਦਿਲ ਕਹਿੰਦੇ ਨੇ ਕਬੂਤਰ ਦਾ ਹੁੰਦਾ ਏ ਪਰ ਮੇਰਾ ਤੇ ਉਸ ਵੇਲੇ ਕਬੂਤਰ ਤੋਂ ਵੀ ਛੋਟਾ ਹੋਣਾ ਏ। ਜਿੰਨਾ ਚਿਰ ਉਸ ਪੌਣੇ ਘੰਟੇ ਵਿਚੋਂ ਇਕ ਮਿੰਟ ਵੀ ਰਹਿੰਦਾ ਸੀ, ਉਥੋਂ ਹਿੱਲਣ ਦਾ ਵੀ ਕੋਈ ਸਵਾਲ ਨਹੀਂ ਸੀ ਕਿਉਂਕਿ ਇਹ ਵੇਲਾ ਤੇ ਸਾਰੀ ਉਮਰ ਮੁੜ ਕੇ ਆਉਣਾ ਹੀ ਨਹੀਂ ਸੀ।
ਮੈਨੂੰ ਉਥੇ ਖਲੋਤਿਆਂ ਵੀਹ ਮਿੰਟ ਹੋ ਗਏ ਹੋਣੇ ਨੇ, ਜਦੋਂ ਉਹ ਆਪਣੇ ਘਰ ਵਿਚੋਂ ਨਿਕਲੀ ਪਰ ਜਿਸ ਤਰ੍ਹਾਂ ਦੀ ਮੈਂ ਉਹਨੂੰ ਵੀਹ ਮਿੰਟ ਪਹਿਲਾਂ ਛੱਡ ਕੇ ਆਇਆ ਸਾਂ, ਉਸ ਨਾਲੋਂ ਦੂਣੀ ਚੌਣੀ ਸੁੰਦਰਤਾ ਉਹ ਆਪਣੇ ਵਿਚ ਭਰ ਕੇ ਆਈ। ਉਹ ਇੰਨੀ ਫੱਬੀ ਹੋਈ ਸੀ ਕਿ ਜੇ ਮੇਰੀ ਨੀਝ ਉਸ ਦੇ ਘਰ ਵੱਲ ਨਾ ਲੱਗੀ ਹੁੰਦੀ ਤਾਂ ਮੈਂ ਉਸ ਨੂੰ ਦੂਰੋਂ ਪਛਾਣਨਾ ਹੀ ਨਹੀਂ ਸੀ। ਤੇ ਮੇਰਾ ਸਿਰ ਔਰਤ ਤੇ ਸ਼ਿੰਗਾਰ ਦੇ ਰਿਸ਼ਤੇ ਸਾਹਮਣੇ ਨਿਉਂ ਗਿਆ। ਇਕ ਅੱਖ ਦੇ ਫੋਰ ਲਈ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਉਸ ਦਾ ਅਸਲੀ ਪਿਆਰ ਆਪਣੇ ਸ਼ਿੰਗਾਰ ਨਾਲ ਸੀ ਤੇ ਮੇਰੇ ਨਾਲ ਦੂਜੇ ਨੰਬਰ 'ਤੇ; ਪਰ ਫਿਰ ਇਹ ਖ਼ਿਆਲ ਬਲਵਾਨ ਹੋ ਗਿਆ ਕਿ ਸ਼ਿੰਗਾਰ ਵੀ ਮੇਰੇ ਕਰ ਕੇ ਹੀ ਹੈ।"
ਉਨ੍ਹਾਂ ਗੱਲ ਜਾਰੀ ਰੱਖੀ।
"ਵਿਆਹ ਵਾਲੀ ਕੁੜੀ ਦਾ ਤੇ ਐਵੇਂ ਨਾਂ ਈ ਏ, ਵਾਹ ਲੱਗਦੀ ਹਰ ਇਸਤਰੀ ਹਰ ਰੋਜ਼ ਵਿਆਹ ਵਾਲੀ ਕੁੜੀ ਏ।
ਹਰ ਆਦਮੀ ਦੇ ਜੀਵਨ ਵਿਚ ਕੁਝ ਘੜੀਆਂ ਇਹੋ ਜਿਹੀਆਂ ਆਉਂਦੀਆਂ ਨੇ ਜਦੋਂ ਉਹ ਆਪਣੇ ਆਪ ਨੂੰ ਰੱਬ ਦਾ ਸ਼ਰੀਕ ਸਮਝਦਾ ਹੈ। ਆਦਮੀ ਨੂੰ ਧੁੱਪ ਦਿਸਣ ਲਗ ਪੈਂਦੀ ਏ, ਹਵਾ ਟੁਰਦੀ ਜਾਪਦੀ ਏ, ਹਰ ਅੱਖ ਲਿਸ਼ਕਦੀ ਏ, ਹਰ ਘਰ ਤੇ ਸੋਨਾ ਫਿਰਿਆ ਲੱਗਦਾ ਏ। ਉਹ ਇਕ ਇਹੋ ਜਿਹਾ ਦਿਨ ਸੀ।
ਇਸ ਗੱਲ ਨੂੰ ਕਈ ਸਾਲ ਹੋ ਗਏ ਨੇ। ਮੈਂ ਅਜੇ ਤੱਕ ਉਸ ਨੂੰ ਉਸ ਦੇ ਉਸ ਵੇਲੇ ਦੇ ਸਲੇਟੀ ਕੱਪੜਿਆਂ ਤੋਂ ਵੱਖਰਾ ਨਹੀਂ ਵੇਖ ਸਕਦਾ ਜਿਨ੍ਹਾਂ ਨੂੰ ਉਸ ਨੇ ਇੰਨਾ ਮਹਿੰਗਾ ਸਮਾਂ ਲਾ ਕੇ ਪਾਇਆ ਸੀ। ਮੇਰੇ ਮਨ ਵਿਚ ਘੜੀ ਹੋਈ ਉਸ ਦੀ ਮੂਰਤ ਉਸੇ ਦਿਨ ਦੀ ਏ। ਮੈਂ ਜਦੋਂ ਉਸ ਮੂਰਤ ਨੂੰ ਚਿਤਾਰਦਾ ਹਾਂ ਤਾਂ ਸੋਚਦਾ ਹਾਂ ਕਿ ਮਹਿੰਗੇ ਪੌਣੇ ਘੰਟੇ ਵਿਚੋਂ ਉਸ ਨੇ ਵੀਹ ਮਿੰਟ ਆਪਣੇ ਸ਼ਿੰਗਾਰ ਨੂੰ ਦਿੱਤੇ ਤੇ ਵੀਹ ਮਿੰਟ ਮੈਨੂੰ। ਉਸ ਦਾ ਅਸਲੀ ਪਿਆਰ ਆਪਣੇ ਸ਼ਿੰਗਾਰ ਨਾਲ ਸੀ ਜਾਂ ਮੇਰੇ ਨਾਲ? ਉਸ ਦਿਨ ਜਿਹਾ ਸੁਖਾਵਾਂ ਜਵਾਬ ਮੈਨੂੰ ਅੱਜ ਨਹੀਂ ਮਿਲਦਾ।"
ਮੇਰੀ ਪਿਆਲੀ ਦੀ ਚਾਹ ਠੰਢੀ ਹੋ ਚੁੱਕੀ ਸੀ। ਕਪਤਾਨ ਸਾਹਿਬ ਦੀ ਕਹਾਣੀ ਵਿਚ ਨ੍ਹਾਤੇ ਹੋਏ ਦਾ ਮੇਰਾ ਹੋਰ ਬਣਵਾਉਣ ਦਾ ਵੀ ਦਿਲ ਨਹੀਂ ਸੀ। ਉਨ੍ਹਾਂ ਦੇ ਇਨ੍ਹਾਂ ਭੇਤਾਂ ਦੇ ਸਵਾਦ ਨੂੰ ਮੈਂ ਚਾਹ ਵਿਚ ਦੱਬਣਾ ਚਾਹੁੰਦਾ ਸਾਂ। ਕੁਝ ਚਿਰ ਹੋਰ ਮੈਂ ਉਥੇ ਬੈਠਾ ਰਿਹਾ ਤੇ ਫਿਰ ਬਿਨਾਂ ਕੂਏ ਊਠ ਕੇ ਟੁਰ ਪਿਆ। ਸਲੇਟੀ ਕੱਪੜਿਆਂ ਵਾਲੀ, ਫੱਬੀ ਹੋਈ ਕੁੜੀ ਮੇਰੀਆਂ ਅੱਖਾਂ ਸਾਹਮਣੇ ਉੱਡ ਰਹੀ ਸੀ।

  • ਮੁੱਖ ਪੰਨਾ : ਕੁਲਵੰਤ ਸਿੰਘ ਵਿਰਕ, ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ