Shiwalik (Punjabi Essay) : Mohinder Singh Randhawa

ਸ਼ਿਵਾਲਕ (ਲੇਖ) : ਮਹਿੰਦਰ ਸਿੰਘ ਰੰਧਾਵਾ

ਸ਼ਿਵਾਲਕ ਦੀਆਂ ਨੀਲੀਆਂ ਪਹਾੜੀਆਂ ਦੇ ਪਿਛੇ ਬਰਫ਼ਾਂ ਨਾਲ ਢਕੀਆਂ ਚੋਟੀਆਂ ਦੀ ਇਕ ਕਤਾਰ ਹੈ ਜਿਹੜੀ ਜਨਵਰੀ ਦੇ ਮਹੀਨੇ ਵਿਖਾਈ ਦਿੰਦੀ ਹੈ। ਧੌਲੀਧਾਰ ਨਾਂ ਦੀ ਇਹ ਬਾਹੀ ਉੱਤਰ ਦੇ ਦਿਸਹੱਦੇ 'ਤੇ ਇਕ ਜਾਦੂ ਵਾਂਗ ਪੋਹ ਦੇ ਮਹੀਨੇ ਵਿਚ ਉਜਾਗਰ ਹੁੰਦੀ ਹੈ ਅਤੇ ਵਿਸਾਖ ਦੇ ਮਹੀਨੇ ਫੇਰ ਧੂੜ ਤੇ ਧੁੰਦ ਵਿਚ ਅਲੋਪ ਹੋ ਜਾਂਦੀ ਹੈ। ਸ਼ਿਵਾਲਕ ਦੀਆਂ ਨੀਲੀਆਂ ਪਹਾੜੀਆਂ ਦੇ ਪਿਛੋਕੜ ਵਿਚ ਇਹ ਅਤਿ ਸੁੰਦਰ ਮਲੂਮ ਹੁੰਦੀ ਹੈ ਤੇ ਏਦਾਂ ਜਾਪਦੀ ਹੈ ਜਿਵੇਂ ਇਹ ਪੰਜਾਬ ਦੇ ਮੈਦਾਨਾਂ ਦਾ ਤਾਜ ਹੋਵੇ।

ਹੁਸ਼ਿਆਰਪੁਰ ਜ਼ਿਲੇ ਵਿਚ ਆਪਣੇ ਪਿੰਡ ਘਰ ਦੀ ਛੱਤ 'ਤੇ ਖਲੋਤਾ ਮੈਂ ਕਈ ਵਾਰ ਇਸ ਬਰਫ਼ ਦੀ ਧਾਰ ਵੇਖ ਕੇ ਸੋਚਾਂ ਵਿਚ ਡੁੱਬ ਜਾਂਦਾ ਸਾਂ। ਮੇਰੇ ਉਤੇ ਇਸ ਦਾ ਹਮੇਸ਼ਾਂ ਜਾਦੂ ਵਰਗਾ ਅਸਰ ਹੁੰਦਾ, ਤੇ ਮੈਂ ਇਸ ਨੂੰ ਸਤਿਕਾਰ ਤੇ ਚਾਵਾਂ ਭਰਪੂਰ ਦਿਲ ਨਾਲ ਵੇਖਦਾ ਰਹਿੰਦਾ। ਫੇਰ ਮੈਂ ਇਸ ਬਰਫ਼ ਦੀ ਧਾਰ ਦਾ ਦ੍ਰਿਸ਼ ਬਨਖੰਡੀ ਦੇ ਇਕਾਂਤਮਈ ਬੰਗਲੇ ਤੋਂ ਵੇਖਿਆ, ਜਿਹੜਾ ਹੁਸ਼ਿਆਰਪੁਰ ਤੋਂ ਊਨਾ ਜਾਣ ਵਾਲੀ ਪਹਾੜੀ ਸੜਕ 'ਤੇ ਬਣਿਆ ਹੋਇਆ ਹੈ। ਮੈਨੂੰ ਜਾਪਿਆ ਜਿਵੇਂ ਇਹ ਬੰਗਲਾ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਕਿਸੇ ਬਾਜ਼ ਦਾ ਆਲ੍ਹਣਾ ਹੈ, ਤੇ ਇਥੋਂ ਮੈਂ ਧੌਲੀਧਾਰ ਦੀ ਅਦੁੱਤੀ ਛੱਬ ਨੂੰ ਮਾਣਦਾ ਨਹੀਂ ਸੀ ਥਕਦਾ। ਚਿੰਤਪੁਰਨੀ ਦੇ ਮੰਦਰ ਤੋਂ ਮੈਂ ਇਸ ਬਰਫ਼ਾਨੀ ਪਹਾੜ ਦਾ ਦ੍ਰਿਸ਼ ਹੋਰ ਨੇੜਿਉਂ ਤਕਿਆ, ਤੇ ਮੈਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਦਾ ਮਹਿਸੂਸ ਹੋਇਆ। ਸੂਰਜ ਦੀ ਰੌਸ਼ਨੀ ਵਿਚ ਇਹ ਇੰਜ ਚਮਕ ਰਹੀ ਸੀ ਜਿਵੇਂ ਚਾਂਦੀ ਦੀ ਡਲੀ ਹੋਵੇ, ਜਾਂ ਕੋਈ ਹਿਮਾਲੀਆ ਪਰਬਤ ਦੀ ਸੱਜ ਵਿਆਹੀ ਰਾਣੀ ਕਿਸੇ ਡੂੰਘੀ ਉਡੀਕ ਵਿਚ ਗੁਆਚੀ ਹੋਵੇ।

ਕਾਂਗੜੇ ਦੀ ਵਾਦੀ ਆਪਣੇ ਇਲਾਕੇ ਦੀ ਕੋਮਲ ਸੁੰਦਰਤਾ ਲਈ ਬਹੁਤ ਮਸ਼ਹੂਰ ਹੈ ਮਧਰੀਆਂ ਮਧਰੀਆਂ ਪਹਾੜੀਆਂ, ਤੇ ਨਿੱਕੇ ਨਿੱਕੇ ਘਰਾਂ, ਕੋਠਿਆਂ, ਹਵੇਲੀਆਂ ਤੇ ਮੰਦਰਾਂ ਵਿਚਕਾਰ ਪੌੜੀਦਾਰ ਖੇਤਾਂ ਦੇ ਲਹਿਰਾਂ ਵਰਗੇ ਫੈਲਰੇ ਹੋਏ ਬੰਨਿਆਂ ਵਿਚੋਂ ਬਰਫ਼ ਦੇ ਠੰਡੇ ਠਾਰ ਮੋਤੀਆਂ ਵਰਗੇ ਸਵੱਛ ਪਾਣੀ ਦੀਆਂ ਅਨਗਿਣਤ ਕੂਲ੍ਹਾਂ ਕਾਰਨ ਇਹ ਵਾਦੀ ਬੜੀ ਹੀ ਮਨਮੋਹਣੀ ਲਗਦੀ ਹੈ ਇਸ ਵਾਦੀ ਦੀ ਨਸਵਾਨੀ ਸੁੰਦਰਤਾ ਦੇ ਉਲਟ ਧੌਲੀਧਾਰ ਦੇ ਹਿਮ ਨਾਲ ਡਕੇ, ਆਕਾਸ਼ ਨਾਲ ਗੱਲਾਂ ਕਰ ਰਹੇ ਪਹਾੜ ਸਨ, ਜਿਨ੍ਹਾਂ ਵਿਚੋਂ ਬਰਫ਼ਾਨੀ ਨਦੀਆਂ ਨੱਚਦੀਆਂ ਗਾਉਂਦੀਆਂ ਲੰਘਦੀਆਂ ਹਨ। ਇਸ ਦੇ ਚੀਲ੍ਹ ਦੇ ਜੰਗਲਾਂ ਅਤੇ ਮੈਦਾਨਾਂ ਉਤੇ ਚੁੱਪ ਤੇ ਸ਼ਾਂਤੀ ਦਾ ਰਾਜ ਹੈ। ਕਿਸੇ ਦੇਸ਼ ਦੀ ਸੁੰਦਰਤਾ ਉਸ ਦੇ ਕੁਦਰਤੀ ਨਜ਼ਾਰਿਆਂ ਕਰਕੇ ਹੀ ਨਹੀਂ ਹੁੰਦੀ ਸਗੋਂ ਉਸ ਦੇ ਲੋਕਾਂ ਕਰਕੇ ਵੀ ਹੁੰਦੀ ਹੈ। ਕਾਂਗੜੇ ਦੀ ਵਾਦੀ ਵਿਚ ਪ੍ਰਕ੍ਰਿਤੀ ਦਾ ਸੁਹੱਪਣ ਉਥੋਂ ਦੇ ਵੱਸਣ ਵਾਲੇ ਲੋਕਾਂ ਦੀ ਸੁੰਦਰਤਾ ਨਾਲ ਹੋਰ ਵੀ ਚਮਕ ਉਠਦਾ ਹੈ। ਧੌਲੀਧਾਰ ਦੇ ਸੰਘਣੇ ਜੰਗਲਾਂ ਵਿਚ ਗੱਦੀ ਨੌਜਵਾਨ ਤੇ ਸੁੰਦਰ ਗੱਦਣਾਂ ਘੁੰਮਦੀਆਂ ਫਿਰਦੀਆਂ ਹਨ। ਉਨ੍ਹਾਂ ਦਾ ਜੀਵਨ ਨਿਰੋਲ ਪੇਂਡੂ ਸਾਦਗੀ ਦਾ ਜੀਵਨ ਹੈ।ਵਾਦੀ ਦੀਆਂ ਛੰਨਾਂ ਵਿਚ ਰਾਜਪੂਤ ਤੇ ਬ੍ਰਾਹਮਣ ਸੁੰਦਰੀਆਂ ਆਪਣੀ ਸੁੰਦਰਤਾ ਨੂੰ ਲੱਖ ਸ਼ਰਮਾਂ ਨਾਲ, ਲੱਖ ਸੰਕੋਚਾਂ ਨਾਲ ਲੁਕਾਂਦੀਆਂ ਫਿਰਦੀਆਂ ਹਨ—ਲੱਕਾਂ 'ਤੇ ਪਿਆਰੇ ਪਿਆਰੇ ਘੱਗਰੇ, ਨੱਕ ਵਿਚ ਨਵੇਲੀਆਂ ਨੱਥਾਂ, ਅਤੇ ਸਿਰ ਉਤੇ ਚਮਕਦੇ ਚੌਂਕ। ਇਸ ਵਾਦੀ ਵਿਚ ਸਾਨੂੰ ਕਾਂਗੜੇ ਦੀ ਅਤੀ ਸੁੰਦਰ ਕਲਾ ਦੇ ਨਮੂਨੇ ਵੀ ਮਿਲਦੇ ਹਨ, ਜਿਸ ਵਿਚ ਪਿਆਰ ਦੇ ਜਜ਼ਬੇ ਨੂੰ ਰੰਗਾਂ ਤੇ ਲੀਕਾਂ ਦੇ ਅਤਿਅੰਤ ਕੋਮਲ ਮੇਲ ਨੇ ਅਮਰ ਕਰ ਦਿਤਾ। ਹੁਣ ਦੋ ਸਦੀਆਂ ਗੁਜ਼ਰ ਜਾਣ ਤੋਂ ਬਾਅਦ ਵੀ ਉਸ ਕਲਾ ਵਿਚ ਦਰਸਾਏ ਪਾਤਰ ਜਿਵੇਂ ਜਿਉਂਦੇ ਜਾਗਦੇ, ਹੱਸਦੇ ਖੇਡਦੇ ਵਿਖਾਈ ਦਿੰਦੇ ਹਨ। ਮੇਰੇ ਦਿਲ ਵਿਚ ਆਈ ਕਿ ਮੈਂ ਕਾਂਗੜੇ ਦੀ ਇਸ ਅਦੁੱਤੀ ਵਾਦੀ ਨੂੰ ਹੋਰ ਨੇੜਿਉਂ ਤੱਕਾਂ ਤੇ ਮਾਣਾਂ।

ਘੁੱਗੀਆਂ ਦੀ ਘੂੰ-ਘੂੰ ਨਾਲ ਹਵਾ ਗੂੰਜ ਰਹੀ ਸੀ, ਤੇ ਮੋਰ ਮਸਤੀ ਵਿਚ ਆ ਕੇ ਕੋਠਿਆਂ ਦੀਆਂ ਛੱਤਾਂ ਉਤੇ ਪੈਲਾਂ ਪਾ ਰਹੇ ਸਨ। ਖੰਭ ਫੁਲਾ ਕੇ ਫੜਫੜਾਉਂਦੇ ਹੋਏ ਆਪਣੇ ਚਮਕਦੇ ਪੰਖ ਵਿਖਾ ਕੇ ਉਹ ਮੋਰਨੀਆਂ ਦਾ ਦਿਲ ਮੋਹ ਰਹੇ ਸਨ। ਪੁੰਗਰੇ ਦੀ ਰੁੱਤ ਸੀ। ਤੂਤਾਂ ਦੇ ਕੂਲੇ ਕੂਲੇ ਪੱਤੇ ਖੁੱਲ੍ਹ ਰਹੇ ਸਨ ਤੇ ਟਾਹਲੀਆਂ, ਜਿਹੜੀਆਂ ਇਕ ਹਫ਼ਤਾ ਹੋਇਆ ਸੁੱਕੇ ਛਾਪਿਆਂ ਵਾਂਗ ਦਿਸਦੀਆਂ ਸਨ, ਉਨ੍ਹਾਂ ਵਿਚ ਵੀ ਹਰੇ ਰੰਗ ਦੀ ਭਾਹ ਪੈ ਰਹੀ ਸੀ। ਪੱਤਿਆਂ ਦੀਆਂ ਲੱਖਾਂ ਪਪੀਸੀਆਂ ਖੁਲ੍ਹਣ ਦੀਆਂ ਤਿਆਰੀਆਂ ਕਰ ਰਹੀਆਂ ਸਨ। ਅੰਬਾਂ ਦੇ ਬਾਗ਼ਾਂ ਦੀ ਉਦਾਸੀ ਵੀ ਮੁਕ ਰਹੀ ਸੀ। ਸਾਰੇ ਬ੍ਰਿਛ ਹਲਕੇ ਪੀਲੇ ਬੂਰ ਨਾਲ ਲੱਦੇ ਹੋਏ ਸਨ। ਰਾਤ ਨੂੰ ਬੰਬੀਹੇ ਦੀ ‘ਪੀ ਕਹਾਂ’‘ਪੀ ਕਹਾਂ’ ਦਾ ਰਾਗ ਖੂਬ ਰੌਣਕ ਲਾ ਰਿਹਾ ਸੀ, ਤੇ ਦਿਨ ਵਿਚ ਕੋਇਲਾਂ ਦੀ ‘ਤੂੰ ਹੋ’ ‘ਤੂੰ ਹੋ' ਬਾਗ਼ਾਂ ਦੀ ਰੌਣਕ ਨੂੰ ਵਧਾ ਰਹੀ ਸੀ। ਮੇਰੇ ਸਾਹਮਣੇ ਧੌਲੀਧਾਰ ਦੀ ਚਿੱਟੀ ਕੰਧ ਬਰਫ਼ ਨਾਲ ਭਰੀ ਹੋਈ ਵਿਖਾਈ ਦੇ ਰਹੀ ਸੀ, ਤੇ ਉਸਦੇ ਹੇਠਾਂ ਸ਼ਿਵਾਲਕ ਦੀਆਂ ਨੀਲੀਆਂ ਪਹਾੜੀਆਂ ਹੋਰ ਵੀ ਸੁੰਦਰ ਮਾਲੂਮ ਹੋ ਰਹੀਆਂ ਸਨ।

ਕਾਂਗੜੇ ਦੀ ਵਾਦੀ ਦੇ ਪਹਾੜਾਂ, ਦਰਿਆਵਾਂ, ਉਥੋਂ ਦੇ ਲੋਕਾਂ ਤੇ ਉਨ੍ਹਾਂ ਦੀ ਕਲਾ ਦੀ ਸੁੰਦਰਤਾ ਦੀ ਭਾਲ ਮੈਂ ਮਾਰਚ 1951 ਵਿਚ ਆਰੰਭ ਕੀਤੀ। ਕਾਂਗੜਾ ਬਿਆਸ ਦਰਿਆ ਦੀ ਵਾਦੀ ਹੈ। ਇਥੇ ਬਿਆਸ ਵਿਚ ਹੋਰ ਵੀ ਕਈ ਨਦੀਆਂ ਮਿਲਦੀਆਂ ਹਨ। ਅਸੀਂ ਬਿਆਸ ਦਰਿਆ ਨੂੰ ਮੀਰਥਲ ਤੇ ਨਵੇਂ ਬਣੇ ਪੁਲ ਰਾਹੀਂ ਪਾਰ ਕੀਤਾ। ਮੁਕੇਰੀਆਂ ਪਠਾਨਕੋਟ ਸੜਕ ਪੰਜਾਬ ਦੀ ਸਭ ਤੋਂ ਰਮਣੀਕ ਸੜਕ ਹੈ। ਪਹਾੜੀਆਂ ਦੇ ਪੈਰਾਂ ਵਿਚ ਇਹ ਸੜਕ ਅੰਬਾਂ ਦੇ ਬਾਗ਼ਾਂ ਵਿਚੋਂ ਲੰਘਦੀ ਕਈ ਚੋਆਂ ਨੂੰ ਉਲਾਂਘਦੀ ਹੈ, ਜਿਨ੍ਹਾਂ ਉਤੇ ਥਾਂ ਥਾਂ 'ਤੇ ਪੁਲ ਬਣਾਏ ਗਏ ਹਨ।ਮੀਰਥਲ ਦਾ ਪੁਲ ਇੰਜੀਨੀਅਰ ਵਿਗਿਆਨ ਦਾ ਇਕ ਵਧੀਆ ਨਮੂਨਾ ਹੈ। ਜਦੋਂ ਅਸੀਂ ਇਸ ਇਲਾਕੇ ਵਿਚੋਂ ਲੰਘੇ ਤਾਂ ਅੰਬਾਂ ਦੇ ਬੂਟਿਆਂ ਉਤੇ ਹਲਕਾ ਪੀਲਾ ਬੂਰ ਆਇਆ ਹੋਇਆ ਸੀ ਜਿਸ ਨਾਲ ਹਵਾ ਵਿਚ ਸੁਗੰਧਾਂ ਖਿਲਰੀਆਂ ਹੋਈਆ ਸਨ। ਖੇਤਾਂ ਵਿਚ ਚਹੁੰ-ਪਾਸੀਂ ਹਰਿਆਵਲ ਸੀ ਤੇ ਕਣਕ ਦੀਆਂ ਪੈਲੀਆਂ ਸਵੇਰ ਦੀ ਸ਼ੀਤਲ ਪੌਣ ਨਾਲ ਝੂਮ ਰਹੀਆਂ ਸਨ। ਅੱਠ ਮੀਲ ਮੋਟਰ ਚਲਾਉਣ ਤੋਂ ਬਾਅਦ ਅਸੀਂ ਡਮਠਾਲ ਦੇ ਆਸ਼ਰਮ 'ਤੇ ਪੁਜ ਗਏ। ਇਹ ਆਸ਼ਰਮ ਸ਼ਿਵਾਲਕ ਦੀ ਗੋਦੀ ਵਿਚ ਬਣਿਆ ਹੋਇਆ ਹੈ। ਆਸ਼ਰਮ ਤਕ ਪੁਜਣ ਤੋਂ ਪਹਿਲੇ ਅਸੀਂ ਇਕ ਅਤਿ ਸੰਘਣੇ ਬੋਹੜਾਂ ਦੇ ਝੁੰਡ ਵਿਚੋਂ ਲੰਘੇ। ਬੋਹੜਾਂ ਦੇ ਇਹ ਬ੍ਰਿਛ ਸਾਨੂੰ ਇੰਜ ਲਗੇ ਜਿਵੇਂ ਹਰੇ ਰੰਗ ਦੇ ਮੰਦਰਾਂ ਦੇ ਝੁਰਮੁਟ ਹੋਣ। ਇਨ੍ਹਾਂ ਦੀ ਠੰਢੀ ਮਿੱਠੀ ਛਾਂ ਹੇਠਾਂ ਜਾਤਰੀ ਸੌਂ ਜਾਂਦੇ ਹਨ, ਤੇ ਇਨ੍ਹਾਂ ਦੇ ਸੰਘਣੇ ਘੇਰਿਆਂ ਵਿਚੋਂ ਸੂਰਜ ਦੀਆਂ ਕਿਰਨਾਂ ਕਦੀ ਕਦਾਈਂ ਹੀ ਹੇਠ ਪੁੱਜ ਸਕਦੀਆਂ ਹਨ, ਤੇ ਹਮੇਸ਼ਾ ਹਨੇਰਾ ਹਨੇਰਾ ਰਹਿੰਦਾ ਹੈ।

ਬੋਹੜ ਤੇ ਬ੍ਰਿਛਾਂ ਦੀਆਂ ਲਟਕ ਰਹੀਆਂ ਹਵਾਈ ਜੜ੍ਹਾਂ ਕਿਸੇ ਹਿਮਾਲਿਆ 'ਤੇ ਤਪੱਸਵੀ ਦੀਆਂ ਗੁੰਦੀਆਂ ਹੋਈਆਂ ਜੱਟਾਂ ਵਾਂਗ ਜਾਪਦੀਆਂ ਹਨ। ਅਸੀਂ ਇਕ ਅਤਿ ਪੁਰਾਣੇ, ਅਤਿ ਪਵਿੱਤਰ ਤੇ ਬੇਮਿਸਾਲ ਆਸ਼ਰਮ ਵਿਚ ਪਰਵੇਸ਼ ਕਰ ਰਹੇ ਸਾਂ। ਆਸ਼ਰਮ ਦੇ ਅੰਦਰ ਇਕ ਖ਼ੂਬਸੂਰਤ ਡਿਉਢੀ ਵਿਚੋਂ ਹੋ ਕੇ ਜਾਈਦਾ ਹੈ, ਜਿਹੜੀ ਰਾਜਪੂਤਾਂ ਦੀ ਭਵਨ ਉਸਾਰੂ ਕਲਾ ਦੇ ਆਧਾਰ 'ਤੇ ਬਣਾਈ ਗਈ ਹੈ। ਬਾਹਰ ਤੇ ਵਡੇ ਦਰਵਾਜ਼ੇ 'ਤੇ ਇਕ ਬਹੁਤ ਵਡਾ ਡੂਮਣਾ ਲਗਾ ਹੋਇਆ ਸੀ। ਇਸ ਤੋਂ ਬਾਅਦ ਮਹੰਤਾਂ ਦੀਆਂ ਸਮਾਧਾਂ ਬਣੀਆਂ ਹੋਇਆਂ ਸਨ। ਇਹ ਆਸ਼ਰਮ ਤੋਤਾ ਰਾਮ ਤੇ ਪੁੱਤਰ ਨਰਾਇਣ ਦਾ ਵਸਾਇਆ ਹੋਇਆ ਹੈ, ਜੋ ਗੁਰਦਾਸਪੁਰ ਜ਼ਿਲੇ ਦੇ ਕਾਹਨੂੰਵਾਣ ਨਾਂ ਦੇ ਪਿੰਡ ਦਾ ਬ੍ਰਾਹਮਣ ਸੀ। ਨਰਾਇਣ ਦੀ ਕਰਾਮਾਤੀ ਸ਼ਕਤੀ ਬਾਰੇ ਕਈ ਕਿੱਸੇ ਮਸ਼ਹੂਰ ਹਨ। ਕਿਹਾ ਜਾਂਦਾ ਹੈ ਕਿ ਡਮਠਾਲ ਕੋਲੋਂ ਇਕ ਸੌਦਾਗਰ ਗੁਜ਼ਰਿਆ ਸੀ ਜਿਸ ਕੋਲ ਖੱਚਰਾਂ ਉਤੇ ਖੰਡ ਦੀਆਂ ਬੋਰੀਆਂ ਲੱਦੀਆਂ ਹੋਈਆਂ ਸਨ। ਖੇਡ ਰਹੇ ਕੁਛ ਮੁੰਡਿਆਂ ਨੇ ਸੌਦਾਗਰ ਤੋਂ ਪੁਛਿਆ, “ਬੋਰੀਆਂ ਵਿਚ ਕੀ ਏ ?” ਸੌਦਾਗਰ ਨੇ ਕਿਹਾ, “ਖੰਡ”। ਮੁੰਡਿਆਂ ਵਿਚੋਂ ਨਰਾਇਣ ਨਾਂ ਦੇ ਇਕ ਮੁੰਡੇ ਨੇ ਕਿਹਾ, “ਬੋਰੀਆਂ ਵਿਚ ਤੇ ਰੇਤ ਏ।” ਸੌਦਾਗਰ ਨੇ ਮੁੰਡੇ ਦੀ ਗੱਲ ਵੱਲ ਕੋਈ ਧਿਆਨ ਨਾ ਦਿਤਾ ਪਰ ਮੰਜ਼ਲ 'ਤੇ ਪੁਜ ਕੇ ਉਹਨੇ ਵੇਖਿਆ ਬੋਰੀਆਂ ਵਿਚ ਸੱਚ ਮੁੱਚ ਰੇਤ ਹੀ ਸੀ। ਮੁੜਦਿਆਂ ਸੌਦਾਗਰ ਨੂੰ ਫੇਰ ਡਮਠਾਲ ਵਿਚ ਮੁੰਡਿਆਂ ਨਾਲ ਖੇਡ ਰਿਹਾ ਨਰਾਇਣ ਮਿਲਿਆ। ਇਸ ਵਾਰੀ ਨਰਾਇਣ ਨੇ ਕਿਹਾ, “ਬੋਰੀਆਂ ਵਿਚ ਤੇ ਖੰਡ ਏ।” ਤੇ ਇਹ ਵੇਖ ਕੇ ਸੌਦਾਗਰ ਦੀ ਖ਼ੁਸ਼ੀ ਦੀ ਹੱਦ ਨਾ ਰਹੀ ਕਿ ਬੋਰੀਆਂ ਸੱਚ ਮੁੱਚ ਖੰਡ ਦੀਆਂ ਭਰੀਆਂ ਹੋਈਆ ਸਨ। ਇਸ ਗੱਲ ਤੋਂ ਬਾਅਦ ਮਸ਼ਹੂਰ ਹੋ ਗਿਆ ਕਿ ਬ੍ਰਾਹਮਣਾਂ ਦੇ ਉਸ ਮੁੰਡੇ ਵਿਚ ਕੋਈ ਰੱਬੀ ਤਾਕਤ ਹੈ। ਏਸੇ ਤਰ੍ਹਾਂ ਦੀ ਕਹਾਣੀ, ਸ਼ੇਖ਼ ਫ਼ਰੀਦ ਬਾਰੇ ਵੀ ਮਸ਼ਹੂਰ ਹੈ। ਤਾਂ ਹੀ ਉਨ੍ਹਾਂ ਨੂੰ ਫ਼ਰੀਦ ਸ਼ਕਰਗੰਜ ਕਿਹਾ ਜਾਂਦਾ ਹੈ ।

ਕੁਝ ਚਿਰ ਬਾਅਦ ਨਰਾਇਣ ਨੂੰ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਸ਼ਾਹਦਰੇ ਬੁਲਵਾਇਆ ਤੇ ਉਹਦੀ ਕਰਾਮਾਤ ਨੂੰ ਅਜ਼ਮਾਣ ਲਈ ਉਸ ਨੂੰ ਛੇ ਪਿਆਲੇ ਜ਼ਹਿਰ ਦੇ ਦਿਤੇ। ਨਰਾਇਣ ਸਾਰੇ ਦੇ ਸਾਰੇ ਪਿਆਲੇ ਹੱਸਦਾ ਖੇਡਦਾ ਪੀ ਗਿਆ। ਇਹ ਵੇਖਣ ਲਈ ਕਿ ਉਹ ਜ਼ਹਿਰ ਵੀ ਸੀ ਕਿ ਨਹੀਂ, ਸਤਵਾਂ ਪਿਆਲਾ ਇਕ ਹਾਥੀ ਨੂੰ ਪਿਆਇਆ ਗਿਆ। ਹਾਥੀ ਅੱਖ ਦੇ ਫੋਰ ਵਿਚ ਹੀ ਢੇਰੀ ਹੋ ਗਿਆ। ਇਸ ਕਰਾਮਾਤ ਦੀ ਕਥਾ ਮੰਦਰ ਦੇ ਅੰਦਰ ਕੰਧ 'ਤੇ ਬਣੇ ਇਕ ਚਿੱਤਰ ਵਿਚ ਦਰਸਾਈ ਗਈ ਹੈ ਜਿਸ ਵਿਚ ਨਰਾਇਣ ਜ਼ਹਿਰ ਦਾ ਪਿਆਲਾ ਗਟਾ-ਗਟ ਪੀ ਰਿਹਾ ਹੈ, ਤੇ ਉਸ ਦੇ ਪਿਛੇ ਉਸ ਦੀ ਕੰਡ ਉਤੇ ਉਸ ਦੇ ਗੁਰੂ ਭਗਵਾਨ ਦੇ ਦੋਵੇਂ ਹੱਥ ਇਸ ਨੂੰ ਉਸ ਔਖੀ ਘਾਟੀ ਤੋਂ ਪਾਰ ਉਤਾਰ ਰਹੇ ਹਨ।

ਕਿਹਾ ਜਾਂਦਾ ਹੈ ਕਿ ਡਮਠਾਲ ਵਿਚ ਪਾਣੀ ਦੀ ਬੜੀ ਤੰਗੀ ਸੀ। ਇਸ ਕਾਰਨ ਪਿੰਡ ਵਾਸੀਆਂ ਨੂੰ ਬੜੀ ਮੁਸ਼ਕਲ ਪੈਂਦੀ ਸੀ। ਨਰਾਇਣ ਇਕ ਵਾਰ ਮੰਦਰ ਦੇ ਪਿਛੇ ਜੰਗਲ ਵਿਚ ਤਪੱਸਿਆ ਕਰ ਰਿਹਾ ਸੀ ਤੇ ਅਚਾਨਕ ਹੀ ਉਸ ਨੇ ਧਰਤੀ ਵਿਚ ਚਿਮਟਾ ਮਾਰਿਆ, ਤੇ ਵਿਚੋਂ ਪਾਣੀ ਦਾ ਚਸ਼ਮਾ ਫੁੱਟ ਪਿਆ। ਇਸ ਚਸ਼ਮੇ ਉਤੇ ਹੁਣ ਪੱਕਾ ਤਲਾਅ ਬਣਾ ਦਿਤਾ ਗਿਆ ਹੈ। ਇਹਦੇ ਇਕ ਪਾਸੇ ਇਕ ਗੁਫ਼ਾ ਹੈ ਜਿਸ ਵਿਚ ਨਰਾਇਣ ਤਪੱਸਿਆ ਕਰਦਾ ਹੁੰਦਾ ਸੀ।

ਇਸ ਆਦਰਸ਼ ਦਾ ਮੰਦਰ ਨੂਰਪੂਰ ਵਾਲੇ ਰਾਜੇ ਜਗਤ ਸਿੰਗ ਨੇ 1646 ਈਸਵੀ ਵਿਚ ਬਣਵਾਇਆ ਸੀ। ਉਨ੍ਹਾਂ ਦਿਨਾਂ ਵਿਚ ਸ਼ਾਹ ਜਹਾਨ ਦਾ ਰਾਜ ਸੀ। ਇਸ ਮੰਦਰ ਦੀ ਕਥਾ-ਸ਼ਾਲਾ ਦੀਆਂ ਦੀਵਾਰਾਂ ਨੂੰ ਕਾਂਗੜਾ ਕਲਾ ਦੇ ਚਿੱਤਰਾਂ ਨਾਲ ਸਜਾਇਆ ਹੋਇਆ ਹੈ। ਜਦੋਂ ਅਸੀਂ ਗਏ ਇਸ ਦੀ ਛੱਤ ਢਹਿਣ ਢਹਿਣ ਕਰ ਰਹੀ ਸੀ ਤੇ ਸਾਰੇ ਦੇ ਸਾਰੇ ਮੰਦਰ ਵਿਚ ਧਮੋੜੀਆਂ ਦਾ ਜਿਵੇਂ ਰਾਜ ਸੀ। ਹਰ ਕਮਰੇ ਵਿਚ ਉਨ੍ਹਾਂ ਧਾਵਾ ਬੋਲਿਆ ਹੋਇਆ ਸੀ।

ਨਰਾਇਣ ਦੇ ਚਿੱਤਰਾਂ ਤੋਂ ਛੁਟ ਬਾਕੀ ਕੰਧ -ਚਿੱਤਰ ਮਹਾਂ ਭਾਰਤ ਤੇ ਰਮਾਇਣ ਦੇ ਕਈ ਦ੍ਰਿਸ਼ ਪੇਸ਼ ਕਰਦੇ ਹਨ। ਕਿਤੇ ਕ੍ਰਿਸ਼ਨ ਗੋਪੀਆਂ ਨਾਲ ਖੇਡ ਰਹੇ ਹੈ, ਕਿਤੇ ਸ੍ਰੀ ਰਾਮ ਚੰਦਰ ਦਾ ਵਿਆਹ ਹੋ ਰਿਹਾ ਹੈ। ਇਸੇ ਮੰਦਰ ਵਿਚ ਪਹਾੜੀ ਰਾਜੇ, ਜਦੋਂ ਕਦੀ ਵੀ ਉਨ੍ਹਾਂ ਉਤੇ ਕੋਈ ਔਕੜ ਆਉਂਦੀ, ਆ ਕੇ ਓਟ ਲਿਆ ਕਰਦੇ ਸਨ। ਕਿਹਾ ਜਾਂਦਾ ਹੈ ਰਾਜਾ ਬੀਰ ਸਿੰਘ ਨੂਰਪੁਰੀਆ ਜਦ ਮਹਾਰਾਜਾ ਰਣਜੀਤ ਸਿੰਘ ਦੇ ਡਰ ਤੋਂ ਦੌੜਿਆਂ ਤਾਂ ਉਸ ਨੇ ਇਥੇ ਆ ਕੇ ਪਨਾਹ ਲਈ ਸੀ। ਇਸ ਨੁੱਕਰ ਵਿਚ ਇਕ ਤੀਵੀਂ ਹਿਰਨ ਕੋਲ ਖਲੋਤੀ ਇਕ ਬ੍ਰਿਛ ਹੇਠ ਤੂੰਬਾ ਵਜਾ ਰਹੀ ਹੈ। ਕਾਂਗੜੇ ਦੀ ਕਲਾ ਵਿਚ ਇਹ ਦ੍ਰਿਸ਼ ਬਾਰ ਬਾਰ ਆਉਂਦਾ ਹੈ। ਇਸ ਚਿੱਤਰ ਦਾ ਵਿਸ਼ਾ ਬਿਰਹਨੀ ਨਾਇਕਾ ਹੈ, ਜੋ ਆਪਣੀ ਪਤੀ ਦੀ ਯਾਦ ਵਿਚ ਡੁੱਬੀ ਹੋਈ ਕਾਲੇ ਮਿਰਗ ਨਾਲ ਪਿਆਰ ਕਰ ਰਹੀ ਹੈ। ਇਸ ਭਾਵ ਨੂੰ ਇਸ ਮਿਸਰੇ ਵਿਚ ਬਿਆਨ ਕੀਤਾ ਗਿਆ ਹੈ।

“ਪੀ ਮਿਲਨ ਦੀ ਚਾਹ ਚਿਤ,
ਖੜੀ ਬਜਾਵਤ ਤਾਰ।”

ਆਸ਼ਰਮ ਦੋ ਮੰਜ਼ਲਾ ਹੈ। ਚੁਬਾਰੇ ਵਿਚ ਇਕ ਕਮਰਾ ਹੈ ਜਿਸ ਨੂੰ ਰੰਗ ਮਹਿਲ ਕਹਿੰਦੇ ਹਨ। ਇਹ 1850 ਈਸਵੀ ਵਿਚ ਬਣਾਇਆ ਗਿਆ ਸੀ। ਇਕ ਕਮਰੇ ਦੇ ਕੰਧ-ਚਿੱਤਰ ਸਿੱਖ ਕਲਾ ਦੀਆਂ ਲੀਹਾਂ ਉਤੇ ਬਣਾਏ ਗਏ ਸਨ। ਅਕਸਰ ਮੂਰਤਾਂ ਦੀਆਂ ਬੀਬੀਆਂ ਦਾੜ੍ਹੀਆਂ ਹਨ ਤੇ ਸੁੰਦਰ ਸਾਫ਼ਿਆਂ ਵਿਚ ਮੋਤੀ ਤੇ ਹੀਰੇ ਲਗੇ ਹੋਏ ਹਨ। ਕੁਝ ਚਿੱਤਰ ਰਾਮਾਇਣ ਦੇ ਵੀ ਉਕਰੇ ਹਨ। ਇਕ ਚਿੱਤਰ ਵਿਚ ਇਕ ਫ਼ਰੰਗੀ ਆਪਣੀ ਤ੍ਰੀਮਤ ਨਾਲ ਘੋੜੀ ਬੱਘੀ ਵਿਚ ਬੈਠਾ ਵਿਖਾਇਆ ਗਿਆ ਹੈ। ਘੋੜਾ ਬੱਘੀ ਨੂੰ ਚਾਰ ਘੋੜੇ ਖਿੱਚ ਰਹੇ ਹਨ। ਇਸ ਤੋਂ ਪਰਗਟ ਹੁੰਦਾ ਹੈ ਕਿ ਇਹ ਚਿੱਤਰ ਸਿੱਖਾਂ ਦੇ ਰਾਜ ਤੋਂ ਬਾਅਦ ਅੰਗਰੇਜ਼ੀ ਹਕੂਮਤ ਸਮੇਂ ਚਿਤਰੇ ਗਏ ਹੋਣਗੇ। ਆਸ਼ਰਮ ਦੇ ਮਹੰਤਾ ਦੀਆਂ ਵੀ ਕਈ ਤਸਵੀਰਾਂ ਹਨ ਜਿਨ੍ਹਾਂ ਨੂੰ ਗੇਰੂਆਂ ਤੇ ਹੋਰ ਸ਼ੋਖ ਰੰਗਾਂ ਨਾਲ ਸਜਾਇਆ ਗਿਆ ਹੈ।

ਹਰੀ ਦਾਸ ਜੋ ਇਸ ਆਸ਼ਰਮ ਦਾ 1934-35 ਵਿਚ ਮਹੰਤ ਸੀ, ਕਾਂਗੜੇ ਦੀ ਕਲਾ ਦੇ ਚਿੱਤਰਾਂ ਦਾ ਮਸ਼ਹੂਰ ਸੰਗ੍ਰਹਿ ਆਪਣੇ ਨਾਲ ਹੀ ਲੈ ਗਿਆ ਸੀ। ਅੱਜ ਕਲ੍ਹ ਦੇ ਮਹੰਤ ਕੋਲ ਕੇਵਲ ਦੁਰਗਾ ਦੇ ਚਿੱਤਰਾਂ ਦਾ ਇਕ ਸੈਟ ਹੈ ਜਿਸ ਨੂੰ 1947 ਵਿਚ ਇਕ ਜੱਟ ਫ਼ੌਜੀ ਅਫ਼ਸਰ ਨੇ ਪਿਸ਼ਾਵਰ ਦੇ ਕਿ ਮੰਦਰ ਵਿਚੋਂ ਲਿਆਂਦਾ ਸੀ। ਉਸ ਅਫ਼ਸਰ ਨੇ ਆਪਣੇ ਨਾਲ ਗੰਧਾਰਾ ਦੀ ਮੂਰਤੀ ਕਲਾ ਦੇ ਵੀ ਕਈ ਨਮੂਨੇ ਲਿਆਂਦੇ, ਜਿਸ ਵਿਚ ਕੁਝ ਮਹਾਤਮਾ ਬੁਧ ਦੀਆਂ ਮੂਰਤੀਆਂ ਦੇ ਸੀਸ ਹਨ। ਇਕ ਮੂਰਤੀ ਰਿਸ਼ੀ ਮਾਰਕੰਡੇ ਦੀ ਵੀ ਹੈ। ਲਛਮਨ ਦਾਸ ਨੇ ਰਿਸ਼ੀ ਮਾਰਕੰਡੇ ਦੀ ਮੂਰਤੀ ਆਪਣੇ ਕਮਰੇ ਵਿਚ ਰੱਖੀ ਹੋਈ ਹੈ। ਤੇ ਅਜੀਬ ਗੱਲ ਇਹ ਹੈ ਕਿ ਇਹ ਮੂਰਤੀ ਮਹੰਤ ਲਛਮਨ ਦਾਸ ਨਾਲ ਬਹੁਤ ਜ਼ਿਆਦਾ ਮੁਸ਼ਾਬਹਤ ਰਖਦੀ ਹੈ।

ਮਹੰਤ ਹੋਰੀਂ ਸਾਨੂੰ ਬੜੇ ਆਦਰ ਭਾਅ ਨਾਲ ਮਿਲੇ। ਇਸ ਤੋਂ ਬਾਅਦ ਅਸੀਂ ਆਸ਼ਰਮ ਤੇ ਪਿਛੋਕੜ ਜੰਗਲ ਵਿਚ ਚਲੇ ਗਏ। ਇਸ ਵਿਚ ਤੂਤਾਂ ਤੇ ਅੰਬਾਂ ਦੇ ਬੇਸ਼ੁਮਾਰ ਦਰੱਖ਼ਤ ਹਨ। ਹਵਾ ਵਿਚ ਕਾਮਨੀ ਤੇ ਬਸੂਹਟੀ ਦੇ ਫੁੱਲਾਂ ਦੀ ਮਹਿਕ ਖਿਲਰੀ ਹੋਈ ਸੀ, ਤੇ ਧਰਤੀ 'ਤੇ ਨੀਲੇ ਫੁੱਲਾਂ ਦਾ ਵਿਛੌਣਾ ਵਿਛਿਆ ਹੋਇਆ ਸੀ। ਇਕ ਟਿੱਲੇ 'ਤੇ ਇਕ ਗੱਦੀ ਆਪਣੇ ਇੱਜੜ ਨੂੰ ਚਰਾ ਰਿਹਾ ਸੀ। ਆਸ਼ਰਮ ਦੀ ਇਕਾਂਤ ਤੇ ਸ਼ਾਂਤੀ ਨੂੰ ਜੀ ਭਰ ਕੇ ਮਾਣ ਕੇ ਅਸੀਂ ਮਹੰਤ ਤੋਂ ਛੁਟੀ ਲਈ, ਤੇ ਉਸ ਨੂੰ ਕੰਧ ਚਿੱਤਰਾਂ ਦਾ ਖ਼ਿਆਲ ਰਖਣ ਲਈ ਕਿਹਾ। ਇੰਜ ਜਾਪਦਾ ਸੀ, ਉਸ ਨੂੰ ਇਨ੍ਹਾਂ ਚਿੱਤਰਾਂ ਦੇ ਮੁੱਲ ਦਾ ਗਿਆਨ ਬਿਲਕੁਲ ਨਹੀਂ ।

ਡਮਠਾਲ ਦੇ ਆਸ਼ਰਮ ਤੋਂ ਸ਼ਾਮ ਨੂੰ ਛੁਟੀ ਪਾ ਕੇ ਅਸੀਂ ‘ਚੱਕੀ’ ਨਾਂ ਦਾ ਦਰਿਆ ਪਾਰ ਕੀਤਾ। ਸੜਕ ਦੇ ਢਾਲਿਆਂ ਵਿਚ ਮਿੱਟੀ ਤੇ ਰੇਤ ਦੀਆਂ ਕਈ ਤਹਿਆਂ ਵਿਖਾਈ ਦਿੰਦੀਆਂ ਹਨ ਜਿਨ੍ਹਾਂ ਵਿਚ ਹਰ ਤਰ੍ਹਾਂ ਦੇ ਗੋਲ ਵੱਟੇ ਜੜੇ ਹੋਏ ਦਿੱਸਦੇ ਹਨ। ਇਹ ਰੇਤੜ, ਇਹ ਮਿੱਟੀ ਗੀਟੇ ਤੇ ਪੱਥਰ ਅਸਲ ਵਿਚ ਸ਼ਿਵਾਲਕ ਦਰਿਆ ਦੀ ਯਾਦਗਾਰ ਹਨ, ਜਿਸ ਨੂੰ ਇੰਡੋ-ਬ੍ਰਹਮ ਦਾ ਮਹਾਨ ਦਰਿਆ ਵੀ ਕਹਿੰਦੇ ਹਨ। ਇਸ ਵਿਚ ਬ੍ਰਹਮਪੁੱਤਰ, ਗੰਗਾ ਤੇ ਸਿੰਧ, ਤਿੰਨਾਂ ਦਰਿਆਵਾਂ ਦਾ ਪਾਣੀ ਵਹਿੰਦਾ ਸੀ। ਤੇ ਸ਼ਿਵਾਲਕ ਦਾ ਇਹ ਦਰਿਆ ਪੰਜਾਬ ਤੇ ਸਿੰਧ ਦੇ ਮਾਈਓਸੀਨ ਨਾਂ ਦੇ ਸਾਗਰ ਵਿਚ ਜਾ ਕੇ ਖ਼ਤਮ ਹੁੰਦਾ ਸੀ, ਜੋ ਟੀਵੰਸ਼ ਮਹਾਂ ਸਾਗਰ ਦਾ ਇਕ ਹਿੱਸਾ ਸੀ। ਕੋਈ ਦੱਸ ਲੱਖ ਸਾਲ ਹੋਏ ਜਦੋਂ ਧਰਤੀ ਦੀ ਸ਼ਕਲ ਵਿਚ ਉਥੱਲ ਪੁੱਥਲ ਹੋਈ ਤੇ ਪੱਛਮੀ ਪੰਜਾਬ ਵਿਚ ਪੋਠੋਹਾਰ ਦੀ ਪੱਥਰੀਲੀ ਸਤਹ ਉਤੇ ਉਭਰ ਆਈ, ਉਦੋਂ ਹੀ ਸ਼ਿਵਾਲਕ ਦਰਿਆ ਦਾ ਵਹਾ ਵੀ ਬੰਦ ਹੋ ਗਿਆ। ਸ਼ਿਮਲੇ ਦੇ ਪੱਛਮ ਵਲ ਹਿਮਾਲਿਆ ਪਹਾੜਾਂ ਤੇ ਪਾਣੀ ਦਾ ਵਹਿਣ ਚਨਾਬ ਰਾਵੀ, ਬਿਆਸ ਤੇ ਸਤਲੁਜ ਵਲ ਹੋ ਗਿਆ, ਤੇ ਸ਼ਿਮਲੇ ਦੇ ਪੂਰਬ ਵਲ ਦਾ ਵਹਿਣ ਗੰਗਾ ਜਮਨਾ ਆਦਿ ਦਰਿਆਵਾਂ ਦੇ ਪੁਰਾਣੇ ਵਹਾਵਾਂ ਰਾਹੀਂ ਬੰਗਾਲ ਦੀ ਖਾੜੀ ਤੀਕ ਪੁੱਜਣ ਲੱਗ ਪਿਆ। ਇਨ੍ਹਾਂ ਦੇ ਰੁਖ਼ ਬਦਲਣ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਇਹ ਸਾਰੇ ਦੇ ਸਾਰੇ ਆਪਣੇ ਵਹਾ ਦੇ ਦੌਰਾਨ ਅੰਗਰੇਜ਼ੀ ਅੱਖਰ ‘ਵੀ’ ਦੀ ਸ਼ਕਲ ਅਖ਼ਤਿਆਰ ਕਰ ਜਾਂਦੇ ਹਨ, ਤੇ ਇਨ੍ਹਾਂ ਦੇ ਸਿਰੇ ਉੱਤਰ ਪੱਛਮ ਵਲ ਹੁੰਦੇ ਹਨ। ਸ਼ਿਵਾਲਕ ਦਰਿਆ ਦੇ ਟਿਬੇ, ਪੱਥਰ ਗੀਟੇ, ਰੇਤ ਤੇ ਮਿੱਟੀ ਇਕ ਵਾਰੀ ਫੇਰ ਉਭਰੀ ਤੇ ਸ਼ਿਵਾਲਕ ਦੇ ਪਹਾੜਾਂ ਦਾ ਰੂਪ ਧਾਰਨ ਕਰ ਗਈ। ਸੋ ਅਸਲ ਵਿਚ ਸ਼ਿਵਾਲਕ ਦੇ ਪਹਾੜ ਪੁਰਾਣੇ ਸ਼ਿਵਾਲਕ ਦਰਿਆ ਦੀ ਰਹਿੰਦ ਖੂੰਹਦ ਦਾ ਨਵਾਂ ਰੂਪ ਹਨ।

ਇਸ ਗੱਲ ਦਾ ਇਕ ਹੋਰ ਸਬੂਤ ਦਰਿਆਈ ਜਾਨਵਰਾਂ ਦੀ ਵੰਡ ਵਿਚ ਵੀ ਮਿਲਦਾ ਹੈ। ਜੋ ਜਾਨਵਰ ਸਿੰਧ ਦਰਿਆ ਵਿਚ ਮਿਲਦੇ ਹਨ, ਉਹੋ ਗੰਗਾ ਵਿਚ ਮਿਲਦੇ ਹਨ, ਤੇ ਉਹੋ ਬ੍ਰਹਮਪੁੱਤਰ ਵਿਚ। ਦੂਰ ਦੱਖਣੀ ਭਾਰਤ ਦੀ ਮਹਾਂ ਨਦੀ ਵਿਚ ਨਹੀਂ ਮਿਲਦੇ। ਕਈ ਤਰ੍ਹਾਂ ਦੀਆਂ ਜਲਪਾਤਰਾਂ ਸਿੰਧ ਤੇ ਗੰਗਾਂ ਵਿਚ ਸਾਂਝੀਆਂ ਹਨ, ਤੇ ਇੰਜ ਹੀ ਕਈ ਹੋਰ ਪਾਣੀ ਦੇ ਜਾਨਵਰ । ਇਹ ਬੜਾ ਵੱਡਾ ਸਬੂਤ ਹੈ ਕਿ ਸਿੰਧ ਤੇ ਗੰਗਾ ਕਿਸੇ ਜ਼ਮਾਨੇ ਵਿਚ ਰਲ ਕੇ ਵਹਿੰਦੇ ਸਨ। ਇਹ ਦਰਿਆਈ ਜਾਨਵਰ ਖ਼ੁਸ਼ਕੀ ਉਤੇ ਹਜ਼ਾਰਾਂ ਮੀਲ ਤੁਰ ਕੇ ਇਕ ਦਰਿਆ ਤੋਂ ਦੂਜੇ ਦਰਿਆ ਵਿਚ ਨਹੀਂ ਸਨ ਜਾ ਸਕਦੇ। ਇਹ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਤਿੰਨ ਦਰਿਆ ਕਿਸੇ ਜ਼ਮਾਨੇ ਵਿਚ ਇਕੋ ਹੀ ਵਹਿਣ ਦੀ ਸ਼ਕਲ ਵਿਚ ਵਹਿੰਦੇ ਸਨ।

ਭਾਰਤ ਦੇ ਦਰਿਆਵਾਂ ਦੀ ਆਵਾਰਾਗਰਦੀ ਬੜੀ ਮਸ਼ਹੂਰ ਹੈ। ਸਿੰਧ ਤੇ ਗੰਗਾ ਦੇ ਦਰਿਆਵਾਂ ਵਿਚ ਕੋਈ ਖ਼ਾਸ ਉੱਚੀ ਪਹਾੜੀ ਨਹੀਂ, ਤੇ ਧਰਤੀ ਦੇ ਪੱਧਰ ਵਿਚ ਮਾਮੂਲੀ ਜਿਹਾ ਫ਼ਰਕ ਇਕ ਦਰਿਆ ਦੇ ਪਾਣੀ ਨੂੰ ਦੂਜੇ ਨਾਲ ਮਿਲਾ ਸਕਦਾ ਹੈ। ਪਹਿਲੇ ਪਹਿਲ ਇੰਡੋ-ਬ੍ਰਹਮ ਨਾਂ ਦਾ ਦਰਿਆ ਅਰਬ ਸਾਗਰ ਵਿਚ ਜਾ ਕੇ ਡਿਗਦਾ ਸੀ, ਪਰ ਧਰਤੀ ਦੇ ਉਚਾ ਹੋ ਜਾਣ ਕਰਕੇ ਇਹ ਇਕ ਦਰਿਆ ਦੋ ਵਹਿਣਾਂ ਵਿਚ ਵੰਡਿਆ ਗਿਆ—ਇਕ ਅਰਬ ਸਾਗਰ ਵੱਲ ਸਿੰਧ ਦੇ ਰੂਪ ਵਿਚ ਤੇ ਦੂਜਾ ਬੰਗਾਲ ਦੀ ਖਾੜੀ ਵਿਚ ਗੰਗਾ ਤੇ ਬ੍ਰਹਮਪੁੱਤਰ ਦੀ ਸ਼ਕਲ ਵਿਚ। ਭੂਗੋਲ ਦੇ ਮਾਹਿਰਾਂ ਦੀ ਰਾਇ ਅਨੁਸਾਰ ਇਹ ਵੰਡ ਹੋਇਆਂ ਜ਼ਿਆਦਾ ਸਮਾਂ ਨਹੀਂ ਹੋਇਆ। ਅਰਬ ਸਾਗਰ ਵਿਚ ਪੈਣ ਵਾਲੇ ਦਰਿਆਵਾਂ ਦਾ ਵਹਾ ਹੌਲੀ ਹੌਲੀ ਬੰਗਾਲ ਦੀ ਖਾੜੀ ਵੱਲ ਹੁੰਦਾ ਰਿਹਾ ਹੋਵੇਗਾ, ਤੇ ਇਸ ਦੀ ਆਖ਼ਰੀ ਕੜੀ ਗੰਗਾ ਤੇ ਜਮਨਾ ਦਾ ਅੱਡ ਅੱਡ ਹੋਣਾ ਸ਼ਾਇਦ ਇਤਹਾਸਕ ਜ਼ਮਾਨੇ ਵਿਚ ਹੀ ਕਿਤੇ ਹੋਇਆ ਹੋਵੇ। ਇਸ ਤੋਂ ਪਹਿਲੇ ਜਮਨਾ ਦਾ ਪਾਣੀ ਪੱਛਮ ਵੱਲ ਵਹਿੰਦਾ ਹੋਵੇਗਾ, ਤੇ ਫਿਰ ਕਦੀ ਗੰਗਾ ਵਿਚ, ਕਦੀ ਸਿੰਧ ਵਿਚ, ਜਾਂ ਫਿਰ ਸੁਕ ਚੁਕੇ ਉਸ ਦਰਿਆ ਵਿਚ ਜਾ ਰਲਦਾ ਹੋਵੇਗਾ ਜਿਸ ਦੇ ਨਿਸ਼ਾਨ ਅਜੇ ਵੀ ਰਾਜਪੂਤਾਨੇ ਵਿਚ ਮਿਲਦੇ ਹਨ। ਦਿੱਲੀ ਦੇ ਉੱਤਰ ਵਿਚ ਕਿਤੇ ਕਰਨਾਲ ਦੇ ਕੋਲ ਜਮਨਾ ਦਰਿਆ ਤੇ ਅੱਜ ਕਲ੍ਹ ਦਾ ਘਗਰ ਦਰਿਆ ਕਿਸੇ ਜ਼ਮਾਨੇ ਵਿਚ ਉੱਤਰੀ ਬੀਕਾਨੇਰ ਦੇ ਸ਼ਹਿਰ ਸੂਰਤਗੜ੍ਹ ਦੇ ਨੇੜੇ ਰਲ ਕੇ ਵਹਿੰਦੇ ਸਨ, ਤੇ ਹਾਕੜਾ ਨਾਂ ਨਾਲ ਬਹਾਵਲਪੁਰ ਵਿਚੋਂ ਹੋ ਕੇ ਸਿੰਧ ਵਿਚ ਜਾ ਮਿਲਦੇ ਸਨ। ਹਾਕੜਾ ਜਾਂ ਛੋਟੇ ਘਗਰ ਦਾ ਸੁੱਕਾ ਤਲ ਅਜ ਵੀ ਕਿਤੇ ਕਿਤੇ ਵੇਖਣ ਵਿਚ ਆਉਂਦਾ ਹੈ, ਤੇ ਉੱਤਰੀ ਰਾਜਪੂਤਾਨੇ ਦੇ ਦੱਖਣੀ ਪੰਜਾਬ ਦੇ ਨਕਸ਼ਿਆਂ ਵਿਚ ਵਿਖਾਇਆ ਹੋਇਆ ਹੁੰਦਾ ਹੈ। ਜਮਨਾ ਨੇ ਹੁਣ ਆਪਣਾ ਤਲ ਮੈਦਾਨਾਂ ਤੋਂ ਬਹੁਤ ਡੂੰਘਾ ਕਰ ਲਿਆ ਹੈ, ਤੇ ਹੁਣ ਇਹਦਾ ਰੁਖ ਹੋਰ ਨਹੀਂ ਬਦਲ ਸਕਦਾ, ਤੇ ਮਜਬੂਰਨ ਇਹ ਗੰਗਾ ਦੀ ਇਕ ਉਪ ਨਦੀ ਹੀ ਬਣੀ ਰਹੇਗੀ।

ਸ਼ਿਵਾਲਕ ਦੇ ਪੁਰਾਣੇ ਜਾਨਵਰਾਂ ਦੀਆਂ ਹੱਡੀਆਂ ਅੱਜ ਕਲ੍ਹ ਦੇ ਸ਼ਿਵਾਲਕ ਪਹਾੜਾਂ ਦੀ ਮਿੱਟੀ ਵਿਚ ਪੱਥਰਾਈਆਂ ਹੋਈਆਂ ਮਿਲਦੀਆਂ ਹਨ। ਕੋਈ ਦਸ ਲੱਖ ਸਾਲ ਹੋਏ ਸ਼ਿਵਾਲਕ ਦੇ ਜੰਗਲਾਂ ਦੇ ਦਲਦਲਾਂ ਵਿਚ ਕਈ ਤਰ੍ਹਾਂ ਦੇ ਜਾਨਵਰ ਹੁੰਦੇ ਸਨ। ਕੋਈ 30 ਕਿਸਮ ਦੇ ਹਾਥੀ, ਘੋੜੇ, ਊਠ, ਬਾਰਾ ਸਿੰਗੇ, ਜਿਰਾਫ਼, ਗੈਂਡੇ ਤੇ ਹੋਰ ਕਈ ਜਾਨਵਰਾਂ ਦੀਆਂ ਪੱਥਰਾਈਆਂ ਹੱਡੀਆਂ ਸ਼ਿਵਾਲਕ ਦੇ ਪਹਾੜਾਂ ਵਿਚ ਮਿਲਦੀਆਂ ਹਨ। ਜਿਰਾਫ਼ ਤੇ ਹਿਪੋਪੋਟਾਮਸ ਅਫ਼ਰੀਕਾ ਦੇ ਜੰਗਲਾਂ ਵਿਚੋਂ ਭਾਰਤ ਵਿਚ ਇਕ ਧਰਤੀ ਦੇ ਪੁਲ ਰਾਹੀਂ ਆਏ ਸਨ, ਜਿਹੜਾ ਬਾਅਦ ਵਿਚ ਗ਼ਰਕ ਹੋ ਗਿਆ। ਸਿਵਾਥੀਰੀਅਮ ਨਾਂ ਦਾ ਇਕ ਅਤਿ ਅਜੀਬ ਜਾਨਵਰ, ਜਿਹੜਾ ਗੈਂਡੇ ਤੋਂ ਵੀ ਵੱਡਾ ਤੇ ਜਿਸ ਦੇ ਚਾਰ ਸਿੰਗ ਤੇ ਇਕ ਥੌਥਣੀ ਹੁੰਦੀ ਸੀ, ਸ਼ਿਵਾਲਕ ਦੇ ਜੰਗਲਾਂ ਵਿਚ ਪਾਇਆ ਜਾਂਦਾ ਸੀ। ਇਹ ਜਾਨਵਰ ਹੁਣ ਮਰ ਮਿਟ ਗਿਆ ਹੈ। ਮਨੁੱਖਾਂ ਵਾਂਗ ਚਲਦੇ ਫਿਰਦੇ ਬਾਂਦਰ ਵੀ ਇਨ੍ਹਾਂ ਜੰਗਲਾਂ ਵਿਚ ਹੁੰਦੇ ਸਨ ਜਿਹੜੇ ਆਦਮੀ ਨਾਲ ਬਹੁਤ ਜ਼ਿਆਦਾ ਮੁਸ਼ਾਬਹਤ ਰਖਦੇ ਸਨ। ਸੋ ਸ਼ਿਵਾਲਕ ਜਿਨ੍ਹਾਂ ਦਾ ਹੇਤੜ ਹੁਸ਼ਿਆਰਪੁਰ ਦੇ ਕਿਸਾਨਾਂ ਦੀ ਮੁਸੀਬਤ ਬਣਿਆ ਹੋਇਆ ਹੈ, ਕਿਸੇ ਜ਼ਮਾਨੇ ਵਿਚ ਇਕ ਦਰਿਆ ਦਾ ਤਲ ਸੀ ਤੇ ਅੱਜ ਕਲ੍ਹ ਹਿਮਾਲਾ ਦੀਆਂ ਪਹਾੜੀਆਂ ਦੀ ਸਭ ਤੋਂ ਛੋਟੀ ਲੜੀ ਹੈ।

('ਪੱਤੇ ਪੱਤੇ ਗੋਬਿੰਦ ਬੈਠਾ' ਵਿੱਚੋਂ)

  • ਮੁੱਖ ਪੰਨਾ : ਮਹਿੰਦਰ ਸਿੰਘ ਰੰਧਾਵਾ : ਪੰਜਾਬੀ ਲੇਖ ਤੇ ਹੋਰ ਰਚਨਾਵਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ