Siaanap Da Sabak : Georgian Fairy Tale

ਸਿਆਣਪ ਦਾ ਸਬਕ : ਜਾਰਜੀਅਨ ਪਰੀ-ਕਹਾਣੀ

ਇਕ ਵਾਰੀ ਇਕ ਰਿਛ, ਇਕ ਬਘਿਆੜ ਤੇ ਇਕ ਲੂੰਮੜੀ ਦਾ ਮੇਲ ਹੋ ਪਿਆ ਤੇ ਉਹ ਗਿਲਾ ਕਰਨ ਲਗੇ, ਕਿਵੇਂ ਉਹਨਾਂ ਨੂੰ ਅਕਸਰ ਏਨਾ – ਏਨਾ ਚਿਰ ਭੁੱਖਾ ਰਹਿਣਾ ਪੈਂਦਾ ਸੀ ਕਿ ਉਹਨਾਂ ਦੇ ਢਿਡੀਂ ਪੀੜ ਹੋ ਪੈਂਦੀ ਸੀ। ਉਹਨਾਂ ਆਪਣੀ ਮੰਦੀ ਹਾਲਤ ਦਾ ਰੋਣਾ ਰੋਇਆ, ਸਾਰੀ ਗਲ-ਬਾਤ ਕੀਤੀ ਤੇ ਭੈਣ-ਭਰਾਵਾਂ ਵਾਂਗ ਰਹਿਣ ਦਾ ਫ਼ੈਸਲਾ ਕਰ ਲਿਆ। ਉਹ ਕਹਿਣ ਲਗੇ, ਅਗੋਂ ਤੋਂ ਜੋ ਵੀ ਖੁਰਾਕ ਸਾਡੇ ਹਥ ਲਗੀ, ਅਸੀਂ ਭਰਾਵਾਂ ਵਾਂਗ ਵੰਡ ਕੇ ਖਾਵਾਂਗੇ। ਉਹਨਾਂ ਮਤਾ ਪਕਾ ਲਿਆ, ਸੱਚੇ ਭਰਾਵਾਂ ਵਾਂਗ ਉਹਨਾਂ ਇਕ ਦੂਜੇ ਨੂੰ ਜੱਫੀ ਪਾਈ, ਇਕ ਦੂਜੇ ਦੀ ਵਫ਼ਾਦਾਰੀ ਦੀਆਂ ਕਸਮਾਂ ਚੁੱਕੀਆਂ ਤੇ ਸ਼ਿਕਾਰ ਦੀ ਢੂੰਡ ਵਿਚ ਨਿਕਲ ਟੁਰੇ।

ਉਹ ਕਿਸੇ ਅਜਿਹੀ ਚੀਜ਼ ਦੀ ਭਾਲ ਕਰਦਿਆਂ, ਜਿਸ ਉਤੇ ਉਹ ਟੁਟ ਕੇ ਪੈ ਸਕਦੇ, ਟੁਰਦੇ ਗਏ, ਕੁਝ ਚਿਰ ਪਿਛੋਂ ਉਹਨਾਂ ਨੂੰ ਇਕ ਫੱਟੜ ਹਿਰਨ ਮਿਲ ਪਿਆ। ਉਹਨੂੰ ਥਾਏਂ ਹੀ ਮਾਰ, ਉਹ ਘਾਹ ਦੀ ਛਾਂ ਵਿਚ ਬੈਠ ਗਏ ਤੇ ਲੁੱਟ ਦਾ ਮਾਲ ਵੰਡਣ ਲਗੇ ।

ਬਘਿਆੜ ਨੂੰ, ਜਿਹਦੇ ਭੁਖ ਨਾਲ ਦੰਦ ਕਰੀਚਦਿਆਂ ਜਬਾੜੇ ਆਕੜ ਗਏ ਹੋਏ ਸਨ, ਰਿਛ ਨੇ ਆਖਿਆ :

"ਚਲ, ਬਘਿਆੜਾ, ਤੂੰ ਸਾਡੇ 'ਚ ਹਿਰਨ ਵੰਡ।"

"ਬਹੁਤ ਹੱਛਾ” ਬਘਿਆੜ ਮੰਨ ਗਿਆ। ਇਸ ਲਈ ਕਿ ਤੁਸੀਂ ਸਾਡੇ ਪਾਤਸ਼ਾਹ ਤੇ ਮਾਲਕ ਹੋ, ਸਿਰ ਤੁਹਾਨੂੰ ਮਿਲੇਗਾ, ਪਿੰਡਾ ਮੈਨੂੰ, ਤੇ ਲੱਤਾਂ ਲੂੰਮੜੀ ਨੂੰ, ਇਸ ਲਈ ਕਿ ਉਹ ਪੈਰਾਂ ਦੀ ਛੁਹਲੀ ਏ।”

ਪਰ ਅਜੇ ਬਘਿਆੜ ਨੇ ਗਲ ਨਹੀਂ ਸੀ ਮੁਕਾਈ ਕਿ ਰਿਛ ਨੇ ਆਪਣੇ ਪੰਜੇ ਨਾਲ ਉਹਦੇ ਸਿਰ ਉਤੇ ਏਡੀ ਡਾਢੀ ਸੱਟ ਮਾਰੀ ਕਿ ਪਹਾੜ ਉਹਦੀ ਆਵਾਜ਼ ਨਾਲ ਗੂੰਜ ਉਠੇ। ਬਘਿਆੜ ਪੀੜ ਨਾਲ ਕੁਰਲਾਇਆ ਤੇ ਇਕ ਪਾਸੇ ਜਾ ਪਿਆ। ਤੇ ਫੇਰ ਰਿਛ ਨੇ ਲੂੰਮੜੀ ਵਲ ਮੂੰਹ ਕੀਤਾ ਤੇ ਕਹਿਣ ਲਗਾ :

"ਤੇ ਹੁਣ, ਬੀਬੀ ਲੂੰਮੜੀ, ਤੂੰ ਵੰਡ ਹਿਰਨ।"

ਲੂੰਮੜੀ ਬੜੀ ਖਚਰੀ ਸੀ, ਉਹ ਉਠੀ ਤੇ ਖੁਸ਼ਾਮਦੀ ਲਹਿਜੇ ਵਿਚ ਕਹਿਣ ਲਗੀ :

“ਰਿਛ ਜੀ, ਹਿਰਨ ਦਾ ਸਿਰ ਹੱਕੋਂ ਤੁਹਾਡਾ ਏ, ਇਸ ਲਈ ਕਿ ਤੁਸੀਂ ਸਾਡੇ ਪਾਤਸ਼ਾਹ ਤੇ ਮਾਲਕ ਹੋ ਹਿਰਨ ਦਾ ਪਿੰਡਾ ਤੁਹਾਡਾ ਏ, ਇਸ ਲਈ ਕਿ ਤੁਸੀਂ ਸਾਡਾ ਹਮੇਸ਼ਾ ਈ ਪਿਉਆਂ ਵਾਂਗ ਧਿਆਨ ਰਖਿਐ ; ਹਿਰਨ ਦੀਆਂ ਲੱਤਾਂ ਵੀ ਤੁਹਾਡੀਆਂ ਨੇ, ਇਸ ਲਈ ਕਿ ਸਾਡੇ ਭਲੇ ਲਈ ਤੁਸੀਂ ਸਦਾ ਈ ਅਗੇ – ਅਗੇ ਰਹੇ ਹੋ।"

“ਬੀਬੀ ਲੂੰਮੜੀ ; ਤੂੰ ਸਚੀ ਮੁਚੀ ਈ ਸਿਆਣੀ ਏਂ, ਰਿਛ ਨੇ ਆਖਿਆ। “ਸ਼ਿਕਾਰ ਦੀ ਵੰਡ ਦਾ ਏਡਾ ਸਿਆਣਾ ਤੇ ਸੂਝ-ਬੂਝ ਵਾਲਾ ਢੰਗ ਕਿਸ ਤੋਂ ਸਿਖਿਆ ਈ ?''

“ਪਾਤਸ਼ਾਹੋ, ਮੈਂ ਸਿਆਣਪ ਤਾਂ ਸਿਖਣੀ ਈ ਹੋਈ,' ਲੂੰਮੜੀ ਨੇ ਜਵਾਬ ਦਿਤਾ। “ਮੈਂ ਵੇਖਿਐ, ਜਿਵੇਂ ਤੁਸੀਂ ਬਘਿਆੜ ਨੂੰ ਸਬਕ ਸਿਖਾਇਐ!''

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ