Sianap (Punjabi Story) : Charan Singh Shaheed

ਸਿਆਣਪ (ਕਹਾਣੀ) : ਚਰਨ ਸਿੰਘ ਸ਼ਹੀਦ

ਅੱਧੀ ਰਾਤ ਏਧਰ ਅੱਧੀ ਰਾਤ ਓਧਰ, ਸਿਆਲ ਦੀ ਕੜਕ ਦੀ ਰੁੱਤ, ਚਾਰੇ ਪਾਸੇ ਸੁੰਨਸਾਨ, ਪੱਥਰ ਵੀ ਪਾਲੇ ਤੇ ਡਰ ਨਾਲ ਕੰਬਦੇ ਜਾਪਦੇ ਸਨ । ਅਜੇਹੇ ਵੇਲੇ ਮੈਨੂੰ ਇਕ ਵਾਰੀ ਮਜਬੂਰਨ, ਕਬਰਿਸਤਾਨ ਵਿਚੋਂ ਲੰਘਣਾ ਪਿਆ। ਮੈਨੂੰ ਸ਼ੁਰੂ ਤੋਂ ਹੀ ਨਿਸਚਾ ਸੀ ਕਿ ਭੂਤ ਪ੍ਰੇਤ ਕੋਈ ਚੀਜ਼ ਨਹੀਂ ਹੁੰਦੇ, ਫਿਰ ਭੀ ਮੇਰਾ ਹਿਰਦਾ ਆਮ ਮੁਹਾਰਾ ਕੁਝ ਕੁਝ ਡਰਨ ਜਿਹਾ ਲੱਗ ਪਿਆ ਤੇ ਜਦ ਮੈਨੂੰ ਦੂਰੋਂ ਇਕ ਕਬਰ ਦੇ ਪਾਸ ਰੌਸ਼ਨੀ ਨਜ਼ਰ ਆਈ ਤਦ ਤਾਂ ਮੇਰੀ ਜਾਨ ਹੀ ਨਿਕਲਦੀ ਜਾਪੀ ਪਰ ਝੱਟ ਹੀ ਮੈਨੂੰ ਉਸ ਦੀਵੇ ਪਾਸ ਇਕ ਇਨਸਾਨੀ ਸੂਰਤ ਦਿੱਸ ਪਈ । ਮੈਂ ਸਮਝ ਗਿਆ ਕਿ ਕੋਈ ਮੰਤਰਾਂ ਜੰਤਰਾਂ ਦਾ ਸ਼ੌਕੀਨ ਯਾ ਜਾਣੂ ਕਿਸੇ ਕਵਾਰੇ ਮੁਰਦੇ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੈਂ ਹਿੰਦੁਸਤਾਨੀਆਂ ਦੀ ਜਹਾਲਤ ਉੱਤੇ ਦੰਦੀਆਂ ਕਰੀਚੀਆਂ ਤੇ ਉਸ ਜਾਦੂ ਦੇ ਆਸ਼ਕ ਨੂੰ ਗ੍ਰਿਫ਼ਤਾਰ ਕਰਕੇ ਪੁਲਸ ਦੇ ਹਵਾਲੇ ਕਰਨ ਦਾ ਪੱਕਾ ਇਰਾਦਾ ਧਾਰ ਲਿਆ। ਤੇ ਛੋਪਲੀ ਛੋਪਲੀ ਬਿੱਲੀ ਚਾਲ ਚੱਲਕੇ ਉਸਦੀ ਪਿੱਠ ਪਿੱਛੇ ਪੁੱਜ ਗਿਆ। ਉਹ ਹੌਲੀ ਹੌਲੀ ਕੁਝ ਮੰਤਰ ਪੜ੍ਹ ਰਿਹਾ ਸੀ ।

ਮੈਂ ਛਾਲ ਮਾਰਕੇ ਉਸ ਦੀ ਗਰਦਨ ਨੱਪਣ ਹੀ ਲੱਗਾ ਸਾਂ। ਕਿ ਉਸਦੀ ਜ਼ਬਾਨ ਦੇ ਇਕ ਦੋ ਲਫ਼ਜ਼ ਸੁਣ ਕੇ ਮੇਰੇ ਹੱਥ ਰੁਕ ਗਏ। ਮੈਂ ਜ਼ਰਾ ਹੋਰ ਨੇੜੇ ਹੋ ਕੇ ਕੰਨ ਲਾ ਕੇ ਸੁਣਿਆਂ ਤਾਂ ਉਹ ਕਹਿ ਰਿਹਾ ਸੀ !

“ਯਾ, ਖ਼ੁਦਾ ਮੇਰੀ ਹੂਰ ਦਾ ਤੂੰ ਆਪ ਮਦਦਗਾਰ ਹੋ......ਮੇਰੀ ਬੀਵੀ, ਪਿਆਰੀ ਬੀਵੀ, ਮੇਰੀ ਬੁਰਦ ਬਾਰ ਮੇਰੀ ਜਾਂ ਨਸਾਰ ਬੀਵੀ, ਤੇਰਾ ਅੱਲਾ ਨਿਗਾਹਬਾਨ, ਆਹ ! ਮੇਰੀ ਜਾਨ, ਤੇਰੇ ਬਿਨਾਂ ਮੇਰਾ ਦੁਨੀਆਵੀ ਘਰ ਬੇ ਸ਼ੱਕ ਵੈਰਾਨ ਹੋ ਗਿਆ ਹੈ, ਪਰ ਮੇਰੇ ਦਿਲ ਦੇ ਮਹਿਲ ਵਿਚ ਤੂੰ ਉਸੇ ਤਰ੍ਹਾਂ ਵਸਨੀ ਏਂ ......... ਮੇਰੇ ਦਿਲ ਦੀ ਮਲਕਾ ! ਮੈਂ ਜਦ ਤਕ ਜੀਵਾਂਗਾ ਰੋਜ਼ ਤੇਰੇ ਕੋਲ ਆਵਾਂਗਾ ......... ਆਹ, ਮੈਨੂੰ ਜਿੰਦਗੀ ਵਿਚ ਤੇਰੇ ਗੁਣਾਂ ਦਾ ਪੂਰਾ ਪਤਾ ਨਾ ਲੱਗਾ.........ਯਾ ਖ਼ੁਦਾਵੰਦਾ ਮੇਰੀ ਇਕੱਲੀ ਬੀਵੀ ਦਾ ਤੂੰ ਆਪ ਮਦਦਗਾਰ ਹੋਵੀਂ.......ਆਮੀਨ, ਆਮੀਨ..............।"

ਇਸ ਤਰ੍ਹਾਂ ਰੋਂਦਾ ਤੇ ਦੁਆਵਾਂ ਮੰਗਦਾ ਓਹ ਰੱਬ ਦਾ ਬੰਦਾ ਕਬਰ ਦੇ ਉੱਤੇ ਸਿਰ ਰੱਖ ਕੇ ਭੁੱਬਾਂ ਮਾਰਨ ਲਗ ਪਿਆ ਹਿਰਦਾ ਦਹਿਲ ਗਿਆ ਤੇ ਮੈਂ ਨਿਰੋਲ ਇਨਸਾਨੀ ਹਮਦਰਦੀ ਦੇ ਕਾਰਨ ਉਸ ਨੂੰ ਜੱਫੀ ਪਾਕੇ ਆਪਣੀ ਗੋਦ ਵਿਚ ਲੈ ਲਿਆ।

ਬੜੀ ਦੇਰ ਬਾਦ ......... ਅਤੇ ਬੜੀ ਮੁਸ਼ਕਲ ਨਾਲ ਉਸ ਨੇ ਆਪਣਾ ਹਾਲ ਇਓਂ ਸੁਣਾਇਆ :

ਮੈਂ ਏਸੇ ਸ਼ਹਿਰ ਦਾ ਇਕ ਬੈਰਿਸਟਰ ਹਾਂ, ਬਰਕਤ ਅਲੀ ਮੇਰਾ ਨਾਮ ਹੈ । ਮੇਰੀ ਬੀਵੀ ਦਾ ਨਾਮ ‘ਹਯਾਤ ਬਾਨੋ ਸੀ । ਸ਼ਾਦੀ ਤੋਂ ਬਾਦ ਮਸਾਂ ਇਕ ਦੋ ਮਹੀਨੇ ਹੀ ਅਸੀਂ ਸੁਖ਼ ਨਾਲ ਕੱਟੇ ਹੋਣਗੇ ਉਸ ਤੋਂ ਬਾਦ ਸਾਡੀ ਖੁੜਬਾ ਖੁੜਬੀ ਦਿਨੋਦਿਨ ਵਧਣਲੱਗੀ। ਅਸੀਂ ਦੋਵੇਂ ਹੀ ਸੁੱਭਾ ਦੇ ਤੇਜ਼ ਸਾਂ ਤੇ ਦੋਵੇਂ ਹੀ ਇਕ ਦੂਜੇ ਉੱਤੇ ਹਕੂਮਤ ਕਰਨੀ ਚਾਹੁੰਦੇ ਸਾਂ। ਨਤੀਜਾ ਇਹ ਹੋਇਆ ਕਿ ਸਾਡਾ ਘਰ ਦੋਜ਼ਖ਼ ਬਣ ਗਿਆ। ਰੋਜ਼ ਲੜਾਈਆਂ, ਰੋਜ਼ ਝਗੜੇ, ਤਾਹਨੇ, ਮੋਹਣੇ ਬੋਲੀਆਂ, ਗਾਲ੍ਹਾਂ ਰੋਸੇ ਫਾਕੇ, ਬੋਲਣਾਬੰਦ ਤੇ ਪ੍ਰਸਪਰ ਬੇਇਜ਼ਤੀ ਦੇ ਕਾਰਨ ਸਾਡਾ ਜਿਊਣਾ ਹਰਾਮ ਹੋ ਗਿਆ । ਇਕ ਸਾਲ ਤਾਂ ਬੀਤਿਆ ! ਪਰ ਸਾਨੂੰ ਉਹ ਸੌ ਸਾਲ ਵਾਂਗ ਜਾਪਿਆ। ਅਖੀਰ ਇਕ ਦਿਨ ਮੈਂ ਇਕ ਮੁਕੱਦਮੇ ਦਾ ਬਹਾਨਾ ਲਾਕੇ ਕਿਸੇ ਹੋਰ ਸ਼ਹਿਰ ਚਲਾ ਗਿਆ ਤੇ ਉਥੋਂ ਆਪਣੀ ਵਹੁਟੀ ਨੂੰ ਚਿੱਠੀ ਲਿਖ ਦਿੱਤੀ ਕਿ : ''

ਹਯਾਤਬਾਨੋ, ਮੇਰਾ ਤੇਰੇ ਨਾਲ ਗੁਜ਼ਾਰਾ ਨਹੀਂ ਹੋ ਸਕਦਾ, ਇਸ ਲਈ ਮੈਂ ਇਸ ਚਿਠੀ ਰਾਂਹੀ ਤੈਨੂੰ ਇਜਾਜ਼ਤ ਦੇਂਦਾ ਹਾਂ ਕਿ ਜੋ ਚੀਜ਼ ਗਹਿਣਾ, ਕਪੜਾ, ਭਾਂਡਾ ਟੀਂਡਾ, ਪੈਸਾ ਰੁਪਿਆ ਤੂੰ ਚਾਹੇਂ ਲੈ ਕੇ ਆਪਣੇ ਪੇਕੇ ਚਲੀ ਜਾਹ ਤੇ ਮੈਥੋਂ ਤਲਾਕ ਲੈ ਲੈ।

‘ਏਹ ਚਿੱਠੀ ਲਿਖਕੇ ਮੇਰਾ ਦਿਲ ਕੁਝ ਹੌਲਾ ਹੋ ਗਿਆ ......ਪਰ ਅਗਲੇ ਦਿਨ ਮੈਨੂੰ ਹਯਾਤ ਬਾਨੋਂ ਵਲੋਂ ਇਹ ਤਾਰ ਮਿਲੀ।

"ਤੁਹਾਡੇ ਵੱਲੋਂ ਕੋਈ ਸੁੱਖ ਸਾਂਦ ਦੀ ਤਾਰ ਯਾ ਚਿੱਠੀ ਨਹੀਂ ਆਈ, ਨਾ ਹੀ ਤੁਸੀਂ ਖੁਦ ਵਾਪਸ ਆਏ ਹੋ। ਮੈਂ ਬੜੀ ਫਿਕਰ ਮੰਦ ਹਾਂ । ਫ਼ੌਰਨ ਤਾਰ ਦਿਓ ਤੇ ਆਓ, ਵਰਨਾ ਮੈਨੂੰ ਆਉਣਾ ਪਵੇਗਾ । ਮੈਂ ਹੈਰਾਨ ਹੋ ਗਿਆ, ਕਿ ਕੀ ਸੱਚ ਮੁੱਚ ਉਹ ਮੇਰੇ ਬਿਨਾਂ ਓਦਰ ਗਈ ਹੈ ? ਤਦ ਤਾਂ ਉਸਦੇ ਦਿਲ ਵਿਚ ਜ਼ਰੂਰ ਮੇਰੇ ਲਈ ਕੁਝ ਮੁਹੱਬਤ ਹੈ.........ਮੈਂ ਉਸੇ ਵੇਲੇ ਘਰ ਨੂੰ ਰਵਾਨਾ ਹੋ ਗਿਆ ਤੇ ਤਾਰ ਭੇਜ ਦਿੱਤੀ । ਦਿਲ ਵਿਚ ਦੁਆਵਾਂ ਮੰਗਦਾ ਜਾਂਦਾ ਸਾਂ ਕਿ ਯਾ ਅੱਲਾ ਮੇਰੀ ਚਿੱਠੀ ਅਜੇ ਤਕ ਉਸ ਨੂੰ ਨਾ ਹੀ ਮਿਲੀ ਹੋਵੇ ।”

ਮੇਰੀ ਬੀਵੀ ਹਸੂੰ ੨ ਕਰਦੀ ਨੇ ਘਰ ਦੇ ਬੂਹੇ ਅੱਗੇ ਮੇਰਾ ਸ੍ਵਾਗਤ ਕੀਤਾ। ਮੇਰਾ ਸਿਰ ਫ਼ਖ਼ਰ, ਖੁਸ਼ੀ ਤੇ ਉਸ ਚਿੱਠੀ ਦੇ ਫ਼ਿਕਰ ਨਾਲ ਚਕਰਾਉਣ ਲੱਗ ਪਿਆ। ਉਸ ਨੇ ਮੇਰੇ ਲਈ ਆਹਲਾ ਦਰਜੇ ਦੇ ਖਾਣੇ ਤਿਆਰ ਕੀਤੇ ਹੋਏ ਸਨ। ਹਰ ਗਰਾਹੀ ਨਾਲ ਮੈਂ ਏਹ ਸੋਚਦਾ ਸਾਂ ਕਿ ਉਹ ਚੰਦਰੀ ਚਿੱਠੀ ਹੁਣੇ ਨਾ ਆ ਜਾਵੇ ਹਰ ਰੋਜ਼ ਮੈਂ ਡਾਕ ਦੀ ਸੰਦੂਕੜੀ ਨੂੰ ਧੜਕਦੇ ਦਿਲ ਨਾਲ ਖੋਲ੍ਹਦਾ ਸਾਂ ਕਿ ਉਹ ਮੇਰੀ ਚਿੱਠੀ ਆਵੇ ਤਾਂ ਮੈਂ ਚੱਬ ਹੀ ਜਾਵਾਂ ਪਰ ਜਦ ਪੰਦਰਾਂ ਵੀਹ ਦਿਨਾ ਤੱਕ ਭੀ ਉਹ ਚਿੱਠੀ ਨਾ ਆਈ ਤਾਂ ਮੈਂ ਕੁਝ ਸੁਖ਼ ਦਾ ਸਾਹ ਲਿਆ ਤੇ ਸ਼ੁਕਰ ਕੀਤਾ ਕਿ ਓਹ ਚਿੱਠੀ ਗੁੰਮ ਹੋ ਗਈ ਰੱਬ ਡਾਕ ਵਾਲਿਆਂ ਦਾ ਭਲਾ ਕਰੇ...ਜੇ ਉਹ ਚਿੱਠੀ ਮੇਰੀ ਵਹੁਟੀ ਦੇ ਹੱਥ ਆ ਜਾਂਦੀ ਤਾਂ..... ਊਈਂ ਰੱਬਾ ਖ਼ਬਰੇ ਕੀ ਬਣਦਾ ?"

"ਸਾਡਾ ਘਰ ਦਿਨੋ ਦਿਨ ਸਵਰਗ ਬਣਦਾ ਗਿਆ ......... ਤੀਹ ਸਾਲ ਅਸੀਂ ਡਾਢੇ ਆਨੰਦ ਨਾਲ ਕੱਟੇ । ਪੁੱਤਰ ਧੀਆਂ ਤੇ ਪੋਤਰੇ ਦੋਹਤਰੇ ਵੀ ਹੋਏ ਅਖੀਰ ਮੇਰੀ ਹਯਾਤੋ ਬੀਮਾਰ ਪਈ ਤੇ ਗੁਜ਼ਰ ਗਈ । ਉਸ ਨੂੰ ਅਸੀਂ ਏਥੇ ਦੱਬ ਗਏ......... ਘਰ ਜਾਕੇ ਮੈਂ ਜਦ ਉਸ ਦੇ ਕਪੜਿਆਂ ਦਾ ਸੰਦੂਕ ਖੋਲ੍ਹਿਆ ਤਾਂ ਸਭ ਕਪੜਿਆਂ ਦੇ ਹੇਠੋਂ ਮੇਰੀ ਓਹੋ ਚੰਦਰੀ ਚਿੱਠੀ ਨਿਕਲ ਆਈ ਆਹ, ਮੇਰੀ ਸਿਆਣੀ ਤੇ ਦੂਰ ਅੰਦੇਸ਼ ਬੀਵੀ ਨੇ ਉਸ ਚਿੱਠੀ ਤੋਂ ਗੁੱਸਾ ਕਰ ਕੇ ਘਰ ਨੂੰ ਤਬਾਹ ਕਰਨ ਦੀ ਥਾਂ ਆਪਣਾ ਸੁਭਾਓ ਹੀ ਬਦਲ ਲਿਆ........ਤੇ ਸਾਰੇ ਖ਼ਾਨਦਾਨ ਨੂੰ ਬਹਿਸ਼ਤ ਦੇ ਆਨੰਦ ਲੁਟਾਏ..........ਆਹ, ਮੈ ਕਰੋਧੀ ਬੇ ਕਦਰਾ, ਗੁਸੈਲ ਤੇ ਕਮੀਨਾ ਆਦਮੀ ਜਿੰਦਗੀ ਵਿਚ ਉਸ ਦੀ ਕਦਰ ਨਾ ਜਾਣ ਸੱਕਿਆ। ਇਸੇ ਲਈ ਰੋਜ਼ ਇਸ ਵੇਲੇ ਮੈਂ ਉਸਦੀ ਕਬਰ ਉਤੇ ਫਾਤਿਆ ਪੜ੍ਹਣ ਦੁਆ ਮੰਗਣ ਆਉਦਾ ਹਾਂ....."

ਉਸ ਦੀ ਕਥਾ ਸੁਣਕੇ ਮੇਰੇ ਸਰੀਰ ਨੂੰ ਭੀ ਕੰਬਣੀ ਛਿੜ ਗਈ ਤੇ ਮੈਂ ਦੁਆ ਮੰਗੀ ‘ਹੇ ਰੱਬਾ ਹੋਰ ਦੰਪਤੀਆਂ ਨੂੰ ਭੀ ਏਹੋ ਜੇਹੀ ਸਹਿਨਸ਼ੀਲਤਾ ਤੇ ਏਹੋ ਜਿਹਾ ਸੁਖ ਪਰਵਾਨ ਕਰ !'

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਚਰਨ ਸਿੰਘ ਸ਼ਹੀਦ
  • ਮੁੱਖ ਪੰਨਾ : ਕਾਵਿ ਰਚਨਾਵਾਂ, ਚਰਨ ਸਿੰਘ ਸ਼ਹੀਦ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ