Sita Haran (Punjabi Story) : Charanjit Singh Pannu

ਸੀਤਾ ਹਰਨ (ਕਹਾਣੀ) : ਚਰਨਜੀਤ ਸਿੰਘ ਪੰਨੂ

ਗਲੀਆਂ ਬਜ਼ਾਰਾਂ ਵਿਚ ਅੱਜ ਕੱਲ੍ਹ ਬਹੁਤ ਗਹਿਮਾ ਗਹਿਮੀ ਭਰੀ ਰੌਣਕ ਸੀ। ਦੁਸਹਿਰੇ ਦੀਵਾਲ਼ੀ ਦੇ ਦਿਨ ਹੋਣ ਕਰਕੇ, ਹਰ ਬੱਚੇ ਬੁੱਢੇ ਦੇ ਮਨ ਵਿਚ ਭਾਰੀ ਚਾਅ ਤੇ ਉਤਸ਼ਾਹ ਸੀ।
ਬਾਜ਼ਾਰ ਵਿਚ ਹਰ ਰੋਜ਼ ਰਾਮ ਲੀਲ੍ਹਾ ਦੀ ਨਵੀਂ ਤੋਂ ਨਵੀਂ ਝਾਕੀ ਗੁਜ਼ਰਦੀ। ਲੋਕ ਬੜੀ ਸ਼ਰਧਾ ਨਾਲ ਵੇਖਦੇ ਤੇ ਬਣਿਆ ਸਰਿਆ ਦਾਨ ਪੁੰਨ ਦਿੰਦੇ ਤੇ ਆਪਣੀ ਕਮਾਈ ਸਫ਼ਲ ਕਰਦੇ।
ਅੱਜ ਪਹਿਲਾਂ ਤੋਂ ਵੱਧ ਦਿਲਚਸਪ ਝਾਕੀ ... ਇਕ ਜੀਪ 'ਤੇ ਸਵਾਰ ਸੀਤਾ, ਰਾਮ-ਕਾਰ ਅੰਦਰ ਬੰਦ ਸੀ। ਦੂਜੀ ਪਿਛਲੀ ਜੀਪ 'ਤੇ ਸਵਾਰ ਇਕ ਕਾਲਾ, ਮੋਟਾ ਹੱਟਾ-ਕੱਟਾ ਰਾਵਣ ਚਿੱਟੇ ਚਿੱਟੇ ਡੇਲੇ ਕੱਢੀ ਇਧਰ ਉੱਧਰ ਝਾਕਦਾ, ਗਿੱਠ ਲੰਮੀ ਜ਼ੁਬਾਨ ਕੱਢ ਕੇ ਲੋਕਾਂ ਦਾ ਮਨੋਰੰਜਨ ਕਰ ਰਿਹਾ ਸੀ। ਲੋਕ ਉਸ ਨੂੰ ਵੀ ਮੱਥਾ ਟੇਕਦੇ, ਸਿਰ ਨਿਵਾਉਂਦੇ ਤੇ ਪੈਸੇ ਚੜ੍ਹਾਉਂਦੇ ।
ਝਾਕੀ ਦੇ ਅੱਗੇ ਹਨੂਮਾਨ ਲੰਮੀ ਪੂਛ ਫੈਲਾਈ, ਹੱਥ ਵਿਚ ਗੁਰਜ ਉਠਾਈ, ਕਦੇ ਇਧਰ ਦੁੜਕੀ ਮਾਰਦਾ, ਕਦੇ ਉਧਰ ਟਪੂਸੀ ਜਿਹੀ ਲਗਾਉਂਦਾ, ਗੁਰਜ ਉਲਾਰਦਾ ਨਿਆਣਿਆਂ ਨੂੰ ਪਰੇ ਦੂਰ ਧੱਕ ਲਿਜਾਉਂਦਾ। ਕਈ ਹੋਰ ਖੁਲ੍ਹੀਆਂ ਜੀਪਾਂ ਕਾਰਾਂ ਟ੍ਰੈਕਟਰਾਂ 'ਤੇ ਸਵਾਰ ਸ਼ਹਿਰ ਦੇ ਲੀਡਰ-ਨੁਮਾ ਪਤਵੰਤੇ ਸੱਜਣ ਸਿਰ ਹਿਲਾਉਂਦੇ ਆਸੇ ਪਾਸੇ ਖੜ੍ਹੀ ਭੀੜ ਦਾ ਹੱਥ ਜੋੜ ਕੇ ਸਵਾਗਤ ਕਰਦੇ, ਆਪਣੀ ਹਾਜਰੀ ਲਵਾਉਂਦੇ ਧੰਨਵਾਦ ਕਰ ਰਹੇ ਸਨ।
ਉੱਚੇ ਲੰਮੇ ਬਾਂਸਾਂ 'ਤੇ ਟੰਗਿਆ ਨਾਲ ਨਾਲ ਤੁਰਦਾ ਇਕ ਮਨੁੱਖ ਜੋਕਰ ਵਾਂਗ ਹੱਥ ਵਿਚ ਮਾਈਕ ਫੜੀ ਉੱਚੀ ਉੱਚੀ ਪੁਕਾਰ ਰਿਹਾ ਸੀ।
'ਅੱਜ ਸੀਤਾ ਹਰਨ ਹੋਵੇਗੀ ਅੱਜ ਸੀਤਾ ਹਰਨ ਹੋਣੀ ਹੈ। ਸੀਤਾ ਮਾਤਾ ਦੇ ਦਰਸ਼ਨ ਕਰਨ ਲਈ ਸਾਰੇ ਹੁੰਮ ਹੁਮਾ ਕੇ ਪਹੁੰਚੋ। ਰਾਮ ਲੀਲ੍ਹਾ ਮੈਦਾਨ ਵਿਚ ਅੱਜ ਰਾਵਣ ਨੇ ਸੀਤਾ ਹਰਨ ਕਰਨੀ ਹੈ...।' ਉਸ ਦਾ ਫੁਰਮਾਣ ਸੁਣ ਕੇ ਝਾਕੀ ਨਾਲ ਜਾਂਦਾ ਇਕ ਲਾਕੜੀ ਤਾੜੀ ਮਾਰ ਕੇ ਲੋਕਾਂ ਨੂੰ ਤਾੜੀ ਮਾਰਨ ਦਾ ਇਸ਼ਾਰਾ ਕਰ ਰਿਹਾ ਸੀ। ਨਾਲ ਨਾਲ ਇਲਾਕੇ ਦੀ ਮਸ਼ਹੂਰ ਬੈਂਡ-ਪਾਰਟੀ ਇਸ ਵਿਗਿਆਪਨ ਦਾ ਬੈਂਡ ਦੀਆਂ ਧੁਨਾਂ ਨਾਲ ਵਿਖਿਆਨ ਕਰ ਰਹੀ ਸੀ।
ਜਲੂਸ ਵਿਚ ਇਕ ਦਮ ਹਲਚਲ ਜਿਹੀ ਮੱਚ ਗਈ। ਇਕ ਪਾਟੀਆਂ ਪੁਰਾਣੀਆਂ ਲੀਰਾਂ ਨਾਲ ਸੱਜਿਆ ਸੰਬਰਿਆ ਅਧਖੜ ਆਦਮੀ, ਇਧਰ ਉਧਰ ਦੌੜਦਾ , ਪਾਗਲਾਂ ਵਾਂਗ ਚਿਲਾਉਣ ਲੱਗਾ।
'ਮੈਂ ਸੀਤਾ ਹਰਨ ਨਹੀਂ ਹੋਣ ਦੇਣੀ ਮੈਂ ਸੀਤਾ ਹਰਨ ਨਹੀਂ ਹੋਣ ਦੇਣੀ।'
ਹੱਥ ਵਿਚ ਤੂਤ ਦੀ ਛਿਟੀ ਜਿਹੀ ਚਾਬਕ ਫੜੀ ਜਮਲਿਆਂ ਵਾਂਗ ਨੱਚਦਾ ਟੱਪਦਾ... ਕਦੇ ਹਨੂਮਾਨ ਦੀ ਪੂਛ ਨੂੰ ਜਾ ਛੇੜਦਾ ਤੇ ਕਦੇ ਰਾਵਣ ਦੀ ਜੀਪ ਲਾਗੇ ਆ ਕੇ ਉਧਰ ਸੋਟੀ ਉਲਾਰਦਾ, ਰਾਵਣ ਨੂੰ ਡਰਾ ਦਿੰਦਾ।
'ਮਾਤਾ ਜੀ, ਭੈਣ ਜੀ, ਭਰਜਾਈ ਜੀ! ਮੈਂ ਆ ਗਿਆ ਹਾਂ ਤੁਸੀਂ ਨਿਸ਼ਚਿੰਤ ਹੋ ਕੇ ਆਰਾਮ ਕਰੋ। ਹਰਨ ਹੋ ਜਾਣ ਦਾ ਤੌਖਲਾ ਦਿਲੋਂ ਕੱਢ ਦਿਉ ਜੈ ਮਾਤਾ ਦੀ ਜੈ ਮਾਤਾ ਦੀ।' ਉਹ ਬੜੇ ਨਿੱਘੇ ਅਦਬ ਨਾਲ ਮਾਤਾ ਸੀਤਾ ਦੇ ਪੈਰ ਚੁੰਮਦਾ ਹੈ, ਸਿਰ ਨਿਵਾਉਂਦਾ ਹੈ। ਉਸ ਦੀਆਂ ਅੱਖਾਂ 'ਚੋਂ ਪਰਲ ਪਰਲ ਹੰਝੂ ਟਪਕਣ ਲੱਗੇ ਨੇ।
'ਸੁਣ ਉਏ ਫੁਖ਼ਰਿਆ ਜਿਹਿਆ, ਝੁੱਡੂਆ ਜਿਹਿਆ! ਆਪਣੇ ਆਪ ਨੂੰ ਬਲਵਾਨ ਕਹਿੰਦੋਂ? ਇਹ ਐਡੇ ਵੱਡੇ ਵਿਦਵਾਨ ਦਾ ਨਕਾਬ ਪਹਿਨੀ, ਬਿਗਾਨੀ ਇਸਤਰੀ ਨੂੰ ਉਧਾਲ਼ਨ ਆਇਐ? ਮੈਂ ਖ਼ਤਮ ਕਰ ਦਿਆਂਗਾ ਤੇਰੇ ਇਹ ਸਾਰੇ ਮਨਸੂਬੇ। ਨਿਕਲ ਜਾਂ ਇੱਥੋਂ ਆਪਣੀ ਜਾਨ ਬਚਾ ਕੇ ਤੇ ਛੱਡ ਦੇਹ ਇਹ ਭੈੜੇ ਕੰਮ। ਲਾਹਨਤ ਹੈ ਤੇਰੀ ਬਲਵਾਨੀ ਤੇ, ਵਿਦਵਾਨੀ ਤੇ। ਹੁਣ ਸੀਤਾ ਮਾਤਾ ਰਾਮ ਕਾਰ ਵਿਚ ਕੈਦ ਨਹੀਂ ਰਹੇਗੀ। ਬਾਹਰ ਖੁੱਲ੍ਹੀ ਉੱਡੇਗੀ ਖੁੱਲ੍ਹੇ ਅਸਮਾਨ ਵਿਚ, ਤੇ ਤੂੰ ਉਸ ਨੂੰ ਹੱਥ ਨਹੀਂ ਲਾ ਸਕੇਂਗਾ। ਮੈਂ ਕੱਢ ਦਿਆਂਗਾ ਤੇਰੇ ਭੈੜੀਆਂ ਨਜ਼ਰਾਂ ਵਾਲੇ ਡੇਲੇ, ਭੰਨ ਦਿਆਂਗਾ ਤੇਰੀਆਂ ਬਲਵਾਨ ਬਾਂਹਾਂ।' ਉਸ ਨੇ ਜ਼ੋਰ ਦੇ ਝਟਕੇ ਨਾਲ ਸੋਟੀ ਰਾਵਣ ਵੱਲ ਉਲਾਰੀ ਜੋ ਲੜਖੜਾਉਂਦਾ ਜੀਪ ਤੋਂ ਥੱਲੇ ਡਿੱਗਦਾ ਮਸੀਂ ਮਸੀਂ ਬਚਿਆ।
'ਐ ਤਮਾਸ਼ਬੀਨੋ ਸੁਣੋ! ਮਹੱਲੇ ਵਾਲਿਓ ਸੁਣੋ! ਦੇਸ਼ ਵਾਲਿਓ ਸੁਣੋ! ਰਾਵਣ ਦੇ ਸਾਥੀਓ ਸਰਨਾਵੀਓਂ ਸੁਣੋ, ਮੈਂ ਹਿੱਕ ਥਾਪੜ ਕੇ ਕਹਿੰਦਾ ਹਾਂ, ਮੈਂ ਸੀਤਾ ਹਰਨ ਨਹੀਂ ਹੋਣ ਦਿਆਂਗਾ। ਅਣਖਾਂ ਵਾਲਿਓ ਬਾਹਰ ਨਿਕਲੋ! ਛੱਡ ਦਿਓ ਰਜਾਈਆਂ ਖੇਸ। ਅੱਜ ਸੀਤਾ ਹਰਨ ਹੋਣੀ ਜੇ। ਸੀਤਾ ਮੇਰੀ ਮਾਤਾ ਹੈ, ਮੇਰੀ ਮਾਂ ਨੂੰ ਕੋਈ ਹਰਨ ਨਹੀਂ ਕਰ ਸਕਦਾ। ਮੇਰੀ ਸੀਤੇ ਨੂੰ ਕੋਈ ਨਹੀਂ ਲਿਜਾ ਸਕਦਾ, ਮੈਂ ਇਹ ਨਹੀਂ ਹੋਣ ਦਿਆਂਗਾ। ਸੀਤਾ ਮੇਰੀ ਭਰਜਾਈ ਹੈ ਮਾਂ ਵਰਗੀ, ਸੀਤਾ ਮੇਰੀ ਭੈਣ ਹੈ। ਕੌਣ ਹੈ ਉਸ ਨੂੰ ਲਿਜਾਉਣ ਵਾਲਾ? ਮੈਂ ਉਸ ਨੂੰ ਨਹੀਂ ਲਿਜਾਉਣ ਦਿਆਂਗਾ, ਨਹੀਂ ਹਰਨ ਹੋਣ ਦਿਆਂਗਾ। ਜਿੰਨਾ ਚਿਰ ਮੇਰੀਆਂ ਬਾਂਹਾਂ ਵਿਚ ਜ਼ੋਰ ਹੈ ਜਿੰਨਾ ਚਿਰ ਮੇਰੀਆਂ ਰਗਾਂ ਵਿਚ ਖੂਨ ਹੈ।' ਉਹ ਬਾਂਹਾਂ ਫੈਲਾਉਂਦਾ ਹੈ।
ਹਨੂਮਾਨ ਬੇਵੱਸ ਜਿਹਾ ਹੋ ਕੇ ਪਾਸੇ ਖਲੋ ਗਿਆ। ਰਾਵਣ ਦਾ ਮੱਚ ਮਰ ਗਿਆ। ਉਸ ਦਾ ਨਕਲੀ ਦਸ-ਸਿਰਾ ਮੁਕਟ ਡਿੱਗੂੰ-ਡਿੱਗੂੰ ਕਰਨ ਲੱਗਾ। ਉਸ ਨੇ ਆਸੇ ਪਾਸੇ ਦੇਖਿਆਂ, ਮਾਨੋ ਕਿਸੇ ਮਦਦ ਲਈ ਪੁਕਾਰ ਰਿਹਾ ਹੋਵੇ।
ਪਤਵੰਤੇ ਸੱਜਣ ਪੁਲਿਸ ਵੱਲ ਝਾਕੇ, 'ਕੌਣ ਹੈ ਇਹ ਸਿਰ ਫਿਰਿਆ? ਫੜ੍ਹੋ ਇਹਨੂੰ ਦਿਉ ਅੰਦਰ।'
ਪੁਲਿਸ ਦੇ ਸਿਪਾਹੀ ਅੱਗੇ ਆਏ ਤੇ ਉਸਨੂੰ ਹਥਕੜੀਆਂ ਵਿਚ ਜਕੜ ਕੇ ਥਾਣੇ ਨੂੰ ਲੈ ਤੁਰੇ।
'ਇਹਦੇ ਬਾਹਰ ਰਹਿਣ ਨਾਲ ਅਮਨ ਕਾਨੂੰਨ ਨੂੰ ਖਤਰਾ ਹੈ। ਇਹ ਸ਼ਾਂਤਮਈ ਜਲੂਸ ਵਿੱਚ ਖੱਲਰ ਮਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।'
ਪਰ ਉਹ ਚਿਲਾ ਰਿਹਾ ਹੈ, ਚਿਲਾਈ ਜਾਂਦਾ ਹੈ।
'ਮੈਂ ਹੁਣ ਸੀਤਾ ਹਰਨ ਨਹੀਂ ਹੋਣ ਦਿਆਂਗਾ, ਹੁਣ ਕੋਈ ਰੜਾ-ਰਾਵਣ ਸੀਤਾ ਹਰਨ ਨਹੀਂ ਕਰ ਸਕਦਾ।'

  • ਮੁੱਖ ਪੰਨਾ : ਕਹਾਣੀਆਂ, ਚਰਨਜੀਤ ਸਿੰਘ ਪੰਨੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ