Sodhi Vansh Da Itihas : Surjit Singh Dila Ram
ਸੋਢੀ ਵੰਸ਼ ਦਾ ਇਤਿਹਾਸ-ਧੰਨੁ ਧੰਨੁ ਰਾਮਦਾਸ ਗੁਰੁ... : ਸੁਰਜੀਤ ਸਿੰਘ "ਦਿਲਾ ਰਾਮ"
ਸੋਢੀ ਪੰਜਾਬ ਦੇ ਖਤ੍ਰੀਆਂ ਦੀ ਇਕ ਉਪ-ਜਾਤਿ ਹੈ।ਇਸ ਦਾ ਪਿਛੋਕੜ'ਬਚਿਤ੍ਰ ਨਾਟਕ' 'ਚ ਮਿਲਦਾ ਹੈ।ਸ੍ਰੀ ਰਾਮ ਚੰਦਰ ਦੇ ਘਰ ਮਾਤਾ ਸੀਤਾ ਦੀ ਕੁਖੋਂ ਲਵ ਤੇ ਕੁਸ਼ ਪੈਦਾ ਹੋਏ।ਇਨ੍ਹਾਂ ਨੇ ਆਪੋ ਆਪਣੇ ਨਾਂ ਤੇ ਦੋ ਸ਼ਹਿਰ ਵਸਾਏ ਲਾਹੌਰ ਤੇ ਕਸੂਰ ਜੋ ਕਿ ਹੁਣ ਪਾਕਿਸਤਾਨ 'ਚ ਹਨ। ਆਪੋ ਆਪਣੀਆਂ ਰਾਜਧਾਨੀਆਂ ਬਣਾ ਕੇ ਇਹ ਬਿਆਸ ਤੇ ਜੇਹਲਮ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਤੇ ਰਾਜ ਕਰਨ ਲੱਗ ਪਏ।ਇਨ੍ਹਾਂ ਤੋਂ ਬਾਅਦ ਇਨ੍ਹਾਂ ਦੇ ਪੋਤਰਿਆਂ ਨੇ ਰਾਜ ਕੀਤਾ।ਕਾਲ ਕੇਤ ਬਹੁਤ ਬਲਵਾਨ ਸੀ ਉਸਨੇ ਲਵ ਦੇ ਤਖਤ ਦੇ ਬੈਠੇ ਕਾਲ ਰਾਇ ਨੂੰ ਦੇਸ਼ 'ਚੋਂ ਕੱਢ ਕੇ ਲਾਹੌਰ ਨੂੰ ਆਪਣੇ ਅਧੀਨ ਕਰ ਲਿਆ।ਕਾਲ ਰਾਏ ਸਨੌਢ ਦੇਸ਼ ਚਲਿਆ ਗਿਆ।ਇਹ ਮਥਰਾ ਭਰਤਪੁਰ ਤੋਂ ਲੈ ਕੇ ਅਮਰ ਕੋਟ ਆਗਰੇ ਤੱਕ ਦਾ ਇਲਾਕਾ ਹੈ।ਸਨੌਢ ਅਜੈ ਸਿੰਘ ਦੀ ਸੰਤਾਨ ਦਾ ਉਹ ਇਲਾਕਾ ਹੈ ਜਿਹੜਾ ਕਿ 'ਸਨੋਢਾਂ' ਨਾਂ ਦੀ ਇਕ ਔਰਤ ਦੇ ਕੁੱਖੋਂ ਜਨਮੇ ਜਨਮੇਜਾ ਦਾ ਪੁੱਤਰ ਸੀ।ਸਨੌਢ ਦੇਸ਼ ਦੇ ਰਾਜੇ ਨੇ ਇਸ ਨਾਲ ਆਪਣੀ ਲੜਕੀ ਵਿਆਹ ਦਿੱਤੀ।ਇਸ ਦੇ ਘਰ ਪੁੱਤਰ ਪੈਦਾ ਹੋਇਆ ਜਿਸਦਾ ਨਾਂ 'ਸੋਢੀ ਰਾਇ' ਰਖਿਆ ਗਿਆ। ਇਸੇ ਤੋਂ ਹੀ ਫਿਰ ਸਨੌਢ ਬੰਸ ਚੱਲ ਪਈ।ਇਸ ਬਾਰੇ ਬਚਿਤ੍ਰ ਨਾਟਕ 'ਚ ਜਿਕਰ ਹੈ :-
ਤਿਹ ਤੇ ਪੁਤ੍ਰ ਭਯੋ ਜੋ ਧਾਮਾ।।
ਸੋਢੀ ਰਾਇ ਧਰਾ ਤਿਹਿ ਨਾਮਾ।।
ਵੰਸ ਸਨੌਢ ਤਾ ਦਿਨ ਤੇ ਥੀਆ।।
ਪਰਮ ਪਵਿਤ੍ਰ ਪੁਰਖ ਜੂ ਕੀਆ।।29।।(ਅਧਿਆਇ 2)
ਇਨ੍ਹਾਂ ਤੋਂ ਅਗੇ ਜਿਹੜੇ ਪੁੱਤ ਪੋਤਰੇ ਹੋਏ ਉਹ ਸੋਢੀ ਨਾਂ ਨਾਲ ਪ੍ਰਸਿੱਧ ਹੋਏ।ਇਨ੍ਹਾ ਕਾਫੀ ਸਮਾਂ ਰਾਜ ਕੀਤਾ।ਇਨ੍ਹਾਂ ਨੇ ਆਪਣਾ ਪੁਰਾਣਾ ਵੈਰ ਯਾਦ ਕਰਕੇ ਲਾਹੌਰ ਉਤੇ ਚੜ੍ਹਾਈ ਕੀਤੀ ਤੇ ਕਾਲ ਕੇਤ ਦੀ ਸੰਤਾਨ ਨਾਲ ਯੁੱਧ ਕੀਤਾ।ਯੁੱਧ 'ਚੋ ਜਿੱਤ ਪ੍ਰਾਪਤ ਕੀਤੀ ਤੇ ਉਸਦਾ ਦੇਸ਼ ਸੰਭਾਲ ਲਿਆ।ਕੁਸ਼ ਦੀ ਸੰਤਾਨ ਰਾਜੇ ਤੋਂ ਹਾਰ ਖਾ ਕੇ ਕਾਂਸ਼ੀ ਵਿੱਚ ਵੱਸਣ ਲੱਗ ਪਈ।ਕਾਂਸ਼ੀ 'ਚ ਰਹਿ ਕੇ ਇਨ੍ਹਾਂ ਨੇ ਚਾਰੇ ਵੇਦਾਂ ਦਾ ਗਿਆਨ ਹਾਸਲ ਕੀਤਾ।ਜਿਸ ਬਾਬਤ ਬਚਿਤ੍ਰ ਨਾਟਕ 'ਚ ਜਿਕਰ ਹੈ :-
ਲਵੀ ਸਰਬ ਜੀਤੇ ਕੁਸੀ ਸਰਬ ਹਾਰੇ।।
ਬਚੇ ਜੋ ਬਲੀ ਪ੍ਰਾਨ ਲੈ ਕੇ ਸਿਧਾਰੇ।।
ਚਤੁਰ ਬੇਦ ਪਠਿਯੰ ਕੀਯੋ ਕਾਸਿ ਬਾਸੰ।।
ਘਨੇ ਬਰਖ ਕੀਨੇ ਤਹਾਂ ਹੀ ਨਿਵਾਸੰ।।52।।(ਅਧਿਆਇ ਤੀਜਾ)
ਵੇਦਾਂ ਨੂੰ ਪੜ੍ਹਨ ਕਾਰਨ ਇਹ ਧਰਮ ਦੇ ਚੰਗੇ ਕੰਮ ਕਰਨ ਲੱਗ ਪਏ। ਮਦ੍ਰ ਦੇਸ ਦੇ ਸੋਢੀ ਰਾਜੇ ਨੇ ਪਿਛਲਾ ਵੈਰ ਤਿਆਗ ਕੇ ਇਨ੍ਹਾਂ ਨੂੰ ਚਿੱਠੀਆਂ ਲਿਖ ਕੇ ਲਹੌਰ ਸੱਦਿਆ। ਮਦ੍ਰ ਦੇਸ ਮਹਾਂਭਾਰਤ ਅਨੁਸਾਰ ਭਾਰਤ ਦੇ ਉਤਰ ਵੱਲ ਪੱਛਮ ਦਾ ਦੇਸ਼ ਹੈ ਪਰ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਜੇਹਲਮ ਅਤੇ ਸਿੰਧ ਦਰਿਆ ਦੇ ਦਰਮਿਆਨ "ਮਧਰਾ" ਗ੍ਰਾਮ ਜੋ ਰੇਲਵੇ ਦਾ ਜੰਕਸ਼ਨ ਹੈ ਸ਼ਾਇਦ ਪੁਰਾਣੇ ਮਦ੍ਰ ਦਾ ਹੀ ਬੋਧਕ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਜਾਬ ਨੂੰ ਹੀ ਮਦ੍ਰਦੇਸ਼ ਕਿਹਾ ਹੈ-"ਮਦ੍ਰਦੇਸ ਹਮ ਕੋ ਲੇ ਆਏ।"ਗੁਰੂ ਸਾਹਿਬ ਬਚਿਤ੍ਰ ਨਾਟਕ 'ਚ ਫਰਮਾਉਂਦੇ ਹਨ :-
ਜਿਨੈ ਬੇਦ ਪਠਿਯੋ ਸੁ ਬੇਦੀ ਕਹਾਏ।।
ਤਿਨੈ ਧਰਮ ਕੇ ਕਰਮ ਨੀਕੇ ਚਲਾਏ।।
ਪਠੇ ਕਾਗਦੰ ਮੱਦ ਰਾਜਾ ਸੁਧਾਰੰ।।
ਅਪੋ ਆਪ ਮੋ ਬੈਰ ਭਾਵੰ ਬਿਸਾਰੰ।।1।।(ਅਧਿਆਇ ਚੌਥਾ)
ਬੇਦੀ ਲੋਕ ਜਦੋਂ ਪੰਜਾਬ ਆਏ ਤਾਂ 'ਲਵੀ ਸੋਢੀ' ਨੇ ਇਨ੍ਹਾਂ ਕੋਲੋ ਵੇਦਾਂ ਦਾ ਪਾਠ ਬੜੇ ਪਿਆਰ ਨਾਲ ਸੁਣਿਆ ਤੇ ਜਦੋਂ ਉਨ੍ਹਾਂ ਤਿੰਨਾਂ ਵੇਦਾਂ ਦਾ ਪਾਠ ਸੁਰ ਨਾਲ ਸੁਣਾਇਆ ਤਾਂ ਜਗਤ ਰਾਏ ਸੋਢੀ ਨੇ ਪ੍ਰਸੰਨ ਹੋ ਕੇ ਆਪਣਾ ਰਾਜ ਭਾਗ ਇਨ੍ਹਾਂ ਨੂੰ ਦੇ ਦਿੱਤਾ। ਆਪ ਰਿਸ਼ੀ ਦਾ ਭੇਸ ਧਾਰਨ ਕਰਕੇ ਤਪ ਕਰਨ ਲਈ ਚਲਿਆ ਗਿਆ :-
ਰਹਾ ਰੀਤ ਰਾਜਾ।।4।।
ਦੀਆ ਸਰਬ ਸਾਜਾ।
ਲਵੋ ਬਨ ਬਾਸੰ।
ਰਾਜ-ਭਾਗ ਮਿਲਣ ਤੇ ਬੇਦੀ ਰਾਜੇ ਬਹੁਤ ਪ੍ਰਸੰਨ ਹੋਏ।ਯਾਦ ਰਹੇ ਇਨ੍ਹਾਂ ਨੂੰ ਵੇਦਾਂ ਦੇ ਗਿਆਤਾ ਹੋਣ ਕਾਰਨ ਵੇਦੀ ਰਾਜੇ ਕਿਹਾ ਜਾਣ ਲੱਗ ਪਿਆ ਸੀ ਫਿਰ ਇਹ ਬੋਲਚਾਲ ਦੇ ਰੂਪ 'ਚ ਬੇਦੀ ਕਹੇ ਜਾਣ ਲੱਗ ਪਏ ।ਰਾਜ-ਭਾਗ ਮਿਲਣ ਤੇ ਅੰਮ੍ਰਿਤ ਰਾਏ ਤਖਤ 'ਤੇ ਬੈਠਾ ਸੀ।ਦੁਨਿਆਵੀ ਸੁੱਖਾਂ ਨੂੰ ਪ੍ਰਾਪਤ ਕਰਨ ਲਈ ਇਨ੍ਹਾਂ ਕੁਕਰਮ ਕਰਨੇ ਸ਼ੁਰੂ ਕਰ ਦਿਤੇ ਤੇ ਰਾਜ-ਭਾਗ ਹੌਲੀ-ਹੌਲੀ ਖੁਸਣ ਲੱਗ ਪਿਆ।ਸਮਾਂ ਪਾ ਕੇ ਬੇਦੀਆਂ ਦੀ ਕੁਲ ਵਿਚ ਝਗੜੇ ਪੈਦਾ ਹੋਏ ਤੇ ਇਨ੍ਹਾਂ ਕੋਲੋਂ ਰਾਜ-ਭਾਗ ਖੁਸ ਗਿਆ।ਤਕਰੀਬਨ ਵੀਹ ਕੁ ਪਿੰਡਾਂ ਦੀ ਮਲਕੀਅਤ ਇਨ੍ਹਾਂ ਕੋਲ ਰਹੀ ਤੇ ਫਿਰ ਇਹ ਖੇਤੀਬਾੜੀ ਕਰਨ ਲੱਗ ਪਏ।
ਉਧਰ ਸੋਢੀ ਵੀ ਆਪੋ-ਆਪਣੇ ਕੰਮਾਂ ਧੰਦਿਆਂ ਵਿਚ ਲੱਗ ਪਏ ਸਨ।ਕੁਝ ਸੋਢੀ ਕਾਰ-ਵਿਹਾਰ ਦੇ ਨਾਲ-ਨਾਲ ਗਰੀਬਾਂ ਦੀ ਮਦਦ ਵੀ ਕਰਦੇ ਸਨ।ਉਨ੍ਹਾਂ ਨੂੰ ਧਰਮ ਦੀ ਸਮਝ ਲੱਗਣ ਲੱਗ ਪਈ ਸੀ।ਭਾਈ ਗੁਰਦਾਸ ਜੀ ਅਠਵੀਂ ਵਾਰ ਦੀ ਦਸਵੀਂ ਪਉੜੀ 'ਚ ਇਸ ਵੰਸ਼ ਦਾ ਹਾਲ ਬਿਆਨ ਕਰਦੇ ਹਨ ਕਿ ਬਹੁਤੇ ਤਾਂ ਜਾਤਾਂ-ਪਾਤਾਂ ਦੇ ਗੇੜ ਵਿੱਚ ਫਸੇ ਹੋਏ ਸਨ ਪਰ ਕੁਝ ਇਸ ਤਰ੍ਹਾਂ ਦੇ ਵੀ ਸਨ ਜੋ ਉਸ ਅਕਾਲ ਪੁਰਖ ਦੀ ਮਿਹਰ ਸਦਕਾ ਧਰਮ ਨੂੰ ਪਛਾਣ ਗਏ ਸੀ ਤੇ ਉਹ ਦਾਨ ਦੇਣ ਦੇ ਨਾਲ-ਨਾਲ ਸੂਰਮਿਆਂ ਵਾਂਗ ਰਹਿਣ ਲੱਗ ਪਏ ਸਨ।ਭਗਤੀ ਕਰਨ ਦੇ ਨਾਲ-ਨਾਲ ਉਹ ਅਕਾਲ ਪੁਰਖ ਦੀ ਸਿਫ਼ਤ ਸਲਾਹ ਕਰਦਿਆਂ ਜਿੰਦਗੀ ਬਸਰ ਕਰ ਰਹੇ ਸਨ:-'ਦਾਨ ਖੜਗ ਮੁਤੰ ਭਗਤਿ ਸਾਲਾਹੀ।' ਇਸੇ ਹੀ ਵੰਸ਼ ਦੇ ਗੁਰਦਿਆਲ ਸੋਢੀ ਨੇ ਆਪਣਾ ਟਿਕਾਣਾ ਲਾਹੌਰ ਚੂਨਾ ਮੰਡੀ 'ਚ ਕੀਤਾ।ਇਸਦੇ ਘਰ ਦੋ ਲੜਕੇ ਹੋਏ ਤੇ ਦੂਜੇ ਦਾ ਨਾਮ ਠਾਕੁਰ ਦਾਸ ਰੱਖਿਆ ਗਿਆ।ਇਸਦੀ ਦੀ ਪਤਨੀ ਦਾ ਨਾਂ ਕਰਮੋ ਸੀ।ਬੰਸਾਵਲੀ-ਨਾਮਾ 'ਚ ਭਾਈ ਕੇਸਰ ਸਿੰਘ ਛਿੱਬਰ ਜੀ ਲਿਖਦੇ ਹਨ:-
ਸੰਮਤ ਪੰਦਰਾਂ ਸੈ ਇਕੱਤੀ ਤਬ ਥੇ ਗਏ।ਜਬ ਠਾਕੁਰ ਦਾਸ ਸੋਢੀ ਜਨਮ ਲਏ।ਇਨ੍ਹਾਂ ਮੁਤਾਬਕ ਇਹ ਵਾਕਿਆ ਸੰਮਤ 1531 ਦਾ ਹੈ।ਬਾਬਾ ਠਾਕੁਰ ਦਾਸ ਦੇ ਘਰ ਬਾਬਾ ਹਰਿਦਾਸ ਜੀ ਦਾ ਜਨਮ ਹੋਇਆ। ਓਧਰ ਬੇਦੀਆਂ ਦੀ ਵੰਸ਼ 'ਚ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ।ਜਿਸ ਬਾਬਤ ਜਿਕਰ ਹੈ :-
ਤਿਨ ਬੇਦੀਯਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਇ।।
ਸਭ ਸਿਖਨ ਕੋ ਸੁਖ ਦਏ ਜਹ ਤਹ ਭਏ ਸਹਾਏ।।4।।(ਅਧਿਆਇ ਪੰਜਵਾਂ)
ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰ ਕੇ ਦੇਸਾਂ-ਪ੍ਰਦੇਸਾਂ ਵਿੱਚ ਦੂਰ-ਦੂਰ ਤੱਕ ਚੱਕਰ ਲਾ ਕੇ ਸਤਿਨਾਮ ਦਾ ਪ੍ਰਚਾਰ ਕੀਤਾ ਤੇ ਲੋਕਾਂ ਨੂੰ ਜ਼ਾਲਮਾਂ ਦੇ ਜ਼ੋਰ-ਜ਼ੁਲਮ ਤੋਂ ਬਚਾਇਆ।ਗੁਰੂ ਨਾਨਕ ਸਾਹਿਬ ਜੀ ਦੇ ਦੂਜੇ ਜਾਮੇ 'ਚ ਗੁਰੂ ਅੰਗਦ ਸਾਹਿਬ ,ਤੀਜੇ ਗੁਰੂ ਅਮਰਦਾਸ ਜੀ ਅਤੇ ਚੌਥੇ ਜਾਮੇ ਵਿੱਚ ਬਾਬਾ ਹਰਿਦਾਸ ਸੋਢੀ ਜੀ ਦੇ ਘਰ ਗੁਰੂ ਰਾਮਦਾਸ ਜੀ ਪ੍ਰਗਟ ਹੋਏ।ਬਚਿਤ੍ਰ ਨਾਟਕ 'ਚ ਜਿਕਰ ਹੈ :-
ਜਬ ਬਰ ਦਾਨਿ ਸਮੈ ਵਹੁ ਆਵਾ।।
ਰਾਮਦਾਸ ਤਬ ਗੁਰੂ ਕਹਾਵਾ।।
ਤਿਹ ਬਰਦਾਨਿ ਪੁਰਤਾਨ ਦੀਆ।।
ਅਮਰਦਾਸ ਸੁਰਪੁਰਿ ਮਗੁ ਕੀਆ।।
ਭਾਈ ਗੁਰਦਾਸ ਜੀ ਲਿਖਦੇ ਹਨ :-
ਦਿਚੈ ਪੂਰਬਿ ਦੇਵਣਾ ਜਿਸਦੀ ਵਸਤੁ ਤਿਸੈ ਘਰਿ ਆਵੈ।।
ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ।।(ਵਾਰ1ਪਾਉੜੀ 41)
ਭਾਵ :- ਪਹਿਲਾਂ ਦਾ ਦੇਣਾ ਹੀ ਦਿੱਤਾ ਜਾਂਦਾ ਹੈ ਤੇ ਜਿਸਦੀ ਚੀਜ਼ ਹੋਵੇ ਉਸਦੇ ਘਰ ਹੀ ਆਉਂਦੀ ਹੈ।