Sold (Punjabi Story) : S. Saki

ਸੋਲਡ (ਕਹਾਣੀ) : ਐਸ ਸਾਕੀ

ਜਹਾਜ਼ ’ਚ ਲਗਾਤਾਰ ਬਾਰਾਂ ਘੰਟਿਆਂ ਦਾ ਸਫ਼ਰ ਤੈਅ ਕਰਕੇ ਅਸੀਂ ਆਸਟਰੇਲੀਆ ਪਹੁੰਚੇ ਤਾਂ ਮੈਂ ਬਹੁਤ ਥੱਕ ਗਿਆ ਸੀ। ਟਰਾਲੀ ਤੇ ਸਾਮਾਨ ਨਾਲ ਜਦੋਂ ਮੈਂ ਹਵਾਈ ਅੱਡੇ ਤੋਂ ਬਾਹਰ ਨਿਕਲਿਆ ਤਾਂ ਨਜ਼ਰ ਅਚਾਨਕ ਸਾਹਮਣੇ ਦਿਸਦੇ ਨੀਲੇ ਆਕਾਸ਼ ’ਤੇ ਚਲੀ ਗਈ ਜਿਸ ਨੂੰ ਵੇਖਦਿਆਂ ਸਾਰ ਮੂੰਹੋਂ ਵਾਹ, ਸ਼ਬਦ ਨਿਕਲਿਆ। ਦੂਰ ਤੀਕ ਫੈਲਿਆ ਨੀਲਾ ਆਕਾਸ਼ ਜਿਸ ’ਤੇ ਛੋਟੀ ਜਿਹੀ ਬੱਦਲੀ ਜਿਵੇਂ ਆਪਣੇ ਘਰ ਵੱਲ ਨੱਸੀ ਜਾ ਰਹੀ ਸੀ।
ਉਸ ਨੂੰ ਵੇਖ ਫੇਰ ਆਪਣਾ ਮੁਲਕ ਚੇਤੇ ਆਇਆ ਜਿੱਥੇ ਮੈਂ ਜ਼ਿੰਦਗੀ ਦੇ ਬਹੁਤ ਸੋਹਣੇ ਚਾਲੀ ਵਰ੍ਹੇ ਬਤੀਤ ਕੀਤੇ ਸਨ। ਜਿੱਥੇ ਉੱਚੀਆਂ-ਉੱਚੀਆਂ ਉੱਠੀਆਂ ਇਮਾਰਤਾਂ ਵਿਚ ਜਾਂ ਤਾਂ ਕਦੇ ਆਕਾਸ਼ ਦੇ ਦਰਸ਼ਨ ਹੁੰਦੇ ਹੀ ਨਹੀਂ ਸਨ, ਫੇਰ ਜੇ ਕਦੇ ਅਸਮਾਨ ’ਤੇ ਨਜ਼ਰ ਪੈ ਵੀ ਜਾਂਦੀ ਤਾਂ ਮੈਲਾ-ਮੈਲਾ ਜਿਹਾ।
ਬਾਹਰ ਆ ਵੇਖਿਆ ਤਾਂ ਛੋਟਾ ਪੁੱਤ ਤੇ ਨੂੰਹ ਸਾਨੂੰ ਲੈਣ ਲਈ ਆਏ ਹੋਏ ਸਨ। ਕਾਰਾਂ ਦੀਆਂ ਡਿੱਕੀਆਂ ਵਿਚ ਸਾਮਾਨ ਧਰ ਅਸੀਂ ਘਰ ਨੂੰ ਟੁਰ ਪਏ। ਇਸ ਦੌਰਾਨ ਅਸੀਂ ਸਫ਼ਰ ਦੀਆਂ ਗੱਲਾਂ ਕਰਦੇ ਰਹੇ, ਪਰ ਕਾਰਾਂ ਵਿਚ ਬੈਠਿਆਂ ਸਾਨੂੰ ਸਭ ਕੁਝ ਆਪਣੇ ਮੁਲਕ ਨਾਲੋਂ ਵੱਖਰਾ ਜਾਪ ਰਿਹਾ ਸੀ।
ਕਾਰਾਂ ਆਪਣੀ ਲਾਈਨ ਵਿਚ ਸੜਕ ’ਤੇ ਲੱਗੇ ਬੋਰਡਾਂ ’ਤੇ ਲਿਖੀ ਰਫ਼ਤਾਰ ਅਨੁਕੂਲ ਦੌੜ ਰਹੀਆਂ ਸਨ ਜਿਹੜੀ ਕਈ ਥਾਂ ’ਤੇ ਤਾਂ ਸੌ ਕਿਲੋਮੀਟਰ ਤੋਂ ਵੀ ਵੱਧ ਸੀ, ਪਰ ਤਾਂ ਵੀ ਸਾਰੇ ਰਾਹ ਉਸ ਨੂੰ ਕੋਈ ਰੋਕ ਮਹਿਸੂਸ ਨਹੀਂ ਹੋ ਰਹੀ ਸੀ।
ਛੇਤੀ ਹੀ ਪੁੱਤ ਦਾ ਘਰ ਆ ਗਿਆ। ਵੇਖ ਬਹੁਤ ਖ਼ੁਸ਼ੀ ਹੋਈ। ਪੰਜ ਬੈੱਡਰੂਮ ਵਾਲਾ ਘਰ ਸੀ ਜਿਸ ਵਿਚ ਉਹ ਦੋਵੇਂ ਮੀਆਂ-ਬੀਵੀ ਆਪਣੇ ਦੋ ਪੁੱਤਰਾਂ ਨਾਲ ਰਹਿੰਦੇ ਸਨ। ਭਾਵੇਂ ਉਨ੍ਹਾਂ ਸਾਡੇ ਰਹਿਣ ਦਾ ਠੀਕ ਪ੍ਰਬੰਧ ਕੀਤਾ ਹੋਇਆ ਸੀ, ਪਰ ਤਾਂ ਵੀ ਸਾਨੂੰ ਮਹਿਸੂਸ ਹੋਇਆ ਕਇਇਸ ਘਰ ਵਿਚ ਸਾਡਾ ਦਸ ਜੀਆਂ ਦਾ ਰਹਿਣਾ ਸੌਖਾ ਨਹੀਂ ਹੋਵੇਗਾ। ਫੇਰ ਮਨ ਵਿਚ ਆਆ ਕਇਸਾਨੂੰ ਆਪਣਾ ਅੱਡ ਘਰ ਖਰੀਦ ਲੈਣਾ ਚਾਹੀਦਾ ਹੈ।
ਇਸ ਲਈ ਮੈਂ ਆਪਣੇ ਦੋਵੇਂ ਪੁੱਤਰਾਂ ਨੂੰ ਕਿਹਾ। ਘਰ ਖਰੀਦਣ ਦੀ ਗੱਲ ’ਤੇ ਮੈਨੂੰ ਆਪਣਾ ਮੁਲਕ ਚੇਤੇ ਆਇਆ ਜਿੱਥੇ ਅਸੀਂ ਆਪਣਾ ਘਰ ਵੇਚ ਕੇ ਆਏ ਸੀ। ਉਸ ਥਾਂ ਜਦੋਂ ਅਸੀਂ ਇਕ ਵਿਚੋਲੇ ਰਾਹੀਂ ਘਰ ਵੇਚਣ ਦੀ ਗੱਲ ਕੀਤੀ ਤਾਂ ਉਸ ਨੇ ਛੇਤੀ ਹੀ ਇਕ ਪਾਰਟੀ ਤਿਆਰ ਕਰ ਲਈ। ਫਿਰ ਉਹ ਉਸ ਪਾਰਟੀ ਨੂੰ ਘਰ ਦਿਖਾਉਣ ਲਈ ਨਾਲ ਲੈ ਕੇ ਆਇਆ, ਪਰ ਗੱਲ ਸਿਰੇ ਨਾ ਚੜ੍ਹੀ। ਫਿਰ ਉਹ ਇਕ ਹੋਰ ਪਾਰਟੀ ਲੈ ਆਇਆ।
ਇਹ ਸਿਲਸਿਲਾ ਤਾਂ ਫਿਰ ਟੁਰਦਾ ਹੀ ਰਿਹਾ। ਉਸ ਨਾਲ ਕੋਈ ਨਾ ਕੋਈ ਪਾਰਟੀ ਸਾਡਾ ਘਰ ਵੇਖਣ ਲਈ ਆ ਜਾਂਦੀ। ਫਿਰ ਉਹ ਇਕ ਇਕ ਕਮਰਾ ਵੇਖਦੇ, ਇਕ ਇਕ ਕਮਰਾ ਪਰਖਦੇ ਤੇ ਨਾ ਪਸੰਦ ਆਉਣ ’ਤੇ ਚਲੇ ਜਾਂਦੇ। ਉਸ ਦਾ ਜਦੋਂ ਵੀ ਮਨ ਕਰਦਾ, ਉਹ ਆ ਜਾਂਦੇ। ਆਉਣ ਤੋਂ ਪਹਿਲਾਂ ਸਾਨੂੰ ਦੱਸਦੇ ਵੀ ਨਾ। ਉਸ ਵੇਲੇ ਉਹ ਇਹ ਵੀ ਨਾ ਵੇਖਦੇ ਕਇਅਸੀਂ ਘਰ ਵਿਚ ਕਿਵੇਂ ਬੈਠੇ ਹਾਂ ਤੇ ਕੀ ਕਰ ਰਹੇ ਹਾਂ?
ਅਖੀਰ ਇਕ ਬੰਦੇ ਨਾਲ ਘਰ ਦਾ ਸੌਦਾ ਤੈਅ ਹੋ ਗਿਆ ਜਿਹੜਾ ਸਾਡੀ ਉਮੀਦ ਤੋਂ ਕਿਤੇ ਘੱਟ ਸੀ। ਇੱਥੇ ਹੀ ਬਸ ਨਹੀਂ ਹੋਈ। ਘਰ ਵੇਚਣ ਲਈ ਸਾਨੂੰ ਤਹਿਸੀਲ ਜਾਣਾ ਪਿਆ। ਉੱਥੇ ਕਿੰਨੇ ਹੀ ਕਾਗਜ਼ਾਂ ’ਤੇ ਅੰਗੂਠੇ ਲਾਉਣੇ ਪਏ ਤੇ ਅਖੀਰ ਤਹਿਸੀਲਦਾਰ ਸਾਹਮਣੇ ਪੇਸ਼ ਹੋਣਾ ਪਿਆ ਤਾਂ ਕਿਤੇ ਜਾ ਕੇ ਸਾਨੂੰ ਘਰ ਦੇ ਪੈਸੇ ਮਿਲੇ। ਉਸ ਵਿਚੋਂ ਵੀ ਰਿਸ਼ਵਤ ਦੇ ਖਾਸੇ ਸਾਰੇ ਪੈਸੇ ਤਹਿਸੀਲਦਾਰ ਨੂੰ ਦੇਣੇ ਪਏ ਤੇ ਕੁਝ ਪੈਸੇ ਅਰਜ਼ੀਨਵੀਸ ਲੈ ਗਿਆ।
ਪਰ ਏਸ ਮੁਲਕ ਵਿਚ ਇਸ ਤਰ੍ਹਾਂ ਨਹੀਂ ਹੋਇਆ। ਨਾ ਤਾਂ ਸਾਨੂੰ ਘਰ ਦੇ ਮਾਲਕ ਨਾਲ ਮਿਲਣਾ ਪਿਆ ਅਤੇ ਨਾ ਹੀ ਤਹਿਸੀਲ ਜਾਣਾ ਪਿਆ ਜਿੱਥੇ ਕਿੰਨੇ ਸਾਰੇ ਕਾਗਜ਼ਾਂ ’ਤੇ ਅੰਗੂਠੇ ਲਾਉਣੇ ਸਨ ਅਤੇ ਨਾ ਹੀ ਤਹਿਸੀਲਦਾਰ ਤੇ ਅਰਜ਼ੀਨਵੀਸ ਨੂੰ ਰਿਸ਼ਵਤ ਦੇ ਪੈਸੇ ਦੇਣੇ ਪਏ। ਇਸ ਥਾਂ ਤਾਂ ਅਸੀਂ ਏਜੰਟ ਨੂੰ ਇੰਨਾ ਹੀ ਦੱਸਿਆ ਕਇਸਾਨੂੰ ਅਜਿਹਾ ਘਰ ਚਾਹੀਦਾ ਹੈ ਜਿਸ ’ਚ ਸਾਡਾ ਬੈੱਡਰੂਮ ਮੂਹਰਲੇ ਪਾਸੇ ਹੋਵੇ। ਘਰ ਦੀ ਬਾਹਰਲੀ ਕੰਧ ਵਿਚ ਇਕ ਵੱਡੀ ਸਾਰੀ ਸ਼ੀਸ਼ੇ ਵਾਲੀ ਬਾਰੀ ਹੋਵੇ ਜਿਸ ਰਾਹੀਂ ਸਾਨੂੰ ਬਾਹਰ ਦਾ ਨੀਲਾ ਆਕਾਸ਼ ਤਾਂ ਦਿਸੇ ਹੀ, ਨਾਲ ਅਸੀਂ ਆਉਂਦੇ-ਜਾਂਦੇ ਲੋਕਾਂ ਨੂੰ ਵੀ ਵੇਖ ਸਕੀਏ।
ਬੱਸ ਫਿਰ ਕੀ, ਏਜੰਟ ਨੇ ਇਕ ਅਜਿਹਾ ਘਰ ਦਿਖਾਇਆ ਜਿਹੜਾ ਸਾਨੂੰ ਪਸੰਦ ਆ ਗਿਆ। ਉਸ ਘਰ ਦਾ ਮਾਸਟਰ ਬੈੱਡਰੂਮ ਅਗਲੇ ਪਾਸੇ ਸੀ ਜਿਸ ਦੀ ਬਾਹਰਲੀ ਕੰਧ ਵਿਚ ਸ਼ੀਸ਼ੇ ਵਾਲੀ ਇਕ ਵੱਡੀ ਸਾਰੀ ਬਾਰੀ ਸੀ ਤੇ ਸਾਹਮਣੇ ਇਕ ਰਾਹ ਵੀ ਸੀ ਜਿਸ ’ਤੇ ਸਵੇਰ ਵੇਲੇ ਮੈਂ ਸੈਰ ਕਰ ਸਕਦਾ ਸਾਂ।
ਭਾਵੇਂ ਉਸ ਬਾਰੀ ਰਾਹੀਂ ਸਾਨੂੰ ਦੂਰ ਤੀਕ ਫੈਲਿਆ ਨੀਲਾ ਆਸਮਾਨ ਤਾਂ ਦਿਸਦਾ ਸੀ, ਪਰ ਸਾਡੇ ਮੁਲਕ ਵਾਂਗ ਟੁਰਦੇ-ਫਿਰਦੇ ਲੋਕ ਨਹੀਂ ਦਿਸਦੇ ਸਨ।

ਗੋਰੇ ਪੰਜ ਦਿਨ ਕੰਮ ਕਰਦੇ ਸਨ। ਸ਼ਨਿੱਚਰਵਾਰ ਅਤੇ ਐਤਵਾਰ ਦੀ ਉਨ੍ਹਾਂ ਨੂੰ ਛੁੱਟੀ ਹੁੰਦੀ ਸੀ। ਪੰਜ ਦਿਨਾਂ ਵਿਚ ਪਤਾ ਨਹੀਂ ਫੇਰ ਕਦੋਂ ਉਹ ਸਵੇਰੇ ਹੀ ਚੁੱਪ-ਚੁਪੀਤੇ ਗੱਡੀਆਂ ਲੈ ਕੰਮ ’ਤੇ ਨਿਕਲ ਜਾਂਦੇ ਸਨ ਤੇ ਸ਼ਾਮੀ ਕਦੋਂ ਮੁੜਦੇ ਸਨ ਸਾਨੂੰ ਪਤਾ ਹੀ ਨਾ ਲੱਗਦਾ।
ਸ਼ਨਿੱਚਰਵਾਰ ਛੁੱਟੀ ਵਾਲੇ ਦਿਨ ਜਾਂ ਤਾਂ ਗੱਡੀਆਂ ਲੈ ਉਹ ਸਮੁੰਦਰ ਵੱਲ ਘੁੰਮਣ ਜਾਂਦੇ ਜਾਂ ਸ਼ਾਮੀ ਕਿਸੇ ਘਰ ਵਿਚ ਪਾਰਟੀ ਰੱਖ ਲੈਂਦੇ, ਰਾਤ ਗਏ ਤੀਕ ਦਾਰੂ ਪੀਂਦੇ, ਅੰਗਰੇਜ਼ੀ ਸੰਗੀਤ ’ਤੇ ਥਿਰਕਦੇ ਅਤੇ ਐਤਵਾਰ ਵਾਲੇ ਦਿਨ ਦੇਰ ਦਿਨ ਚੜ੍ਹੇ ਤੀਕ ਸੁੱਤੇ ਰਹਿੰਦੇ।
ਘਰ ਪਸੰਦ ਆਉਣ ’ਤੇ ਏਜੰਟ ਨੇ ਘਰ ਦੇ ਕਾਗਜ਼ਾਂ ’ਤੇ ਸਾਡੇ ਅਤੇ ਮਕਾਨ ਮਾਲਕ ਦੇ ਦਸਤਖਤ ਆਪੇ ਕਰਵਾ ਬੈਂਕ ਰਾਹੀਂ ਪੇਮੈਂਟ ਕਰਵਾ ਘਰ ਸਾਡੇ ਨਾਂ ਕਰਵਾ ਕੇ ਘਰ ਦਾ ਕਬਜ਼ਾ ਵੀ ਦਿਵਾ ਦਿੱਤਾ।
ਇਹ ਇਨਸਾਨੀ ਫਿਤਰਤ ਹੈ। ਉਸ ਦੀ ਇਹ ਜਾਣਨ ਦੀ ਕੋਸ਼ਿਸ਼ ਹੁੰਦੀ ਹੈ ਕਇਉਹਦੇ ਨਾਲ ਦੇ ਸੱਜੇ ਅਤੇ ਖੱਬੇ ਘਰ ਵਿਚ ਕੌਣ ਰਹਿੰਦਾ ਤੇ ਕੀ ਕਰਦਾ ਹੈ?
ਹੁਣ ਜੇ ਮੈਂ ਆਪਣੇ ਮੁਲਕ ਦੀ ਗੱਲ ਕਰਾਂ ਤਾਂ ਉਸ ਥਾਂ ਆਪਣੇ ਘਰ ਵਿਚ ਰਹਿਣ ਵਾਲੇ ਨੂੰ ਇਹ ਸਭ ਪਤਾ ਹੁੰਦਾ ਹੈ ਕਇਨਾਲ ਦੇ ਖੱਬੇ ਜਾਂ ਸੱਜੇ ਘਰ ਵਿਚ ਕੌਣ ਰਹਿੰਦਾ ਤੇ ਕੀ ਕਰਦਾ ਹੈ? ਰੋਜ਼ ਕੋਈ ਅਜਿਹੀ ਘਟਨਾ ਤਾਂ ਨਹੀਂ ਵਾਪਰਦੀ ਜਿਵੇਂ ਨੂੰਹ ਸੱਸ ਦੀ ਖਟਪਟ ਚਲਦੀ ਹੋਵੇ? ਘਰ ਵਿਚ ਰਹਿਣ ਵਾਲੀ ਕੁੜੀ ਕਿਸੇ ਮੁੰਡੇ ਨਾਲ ਇਸ਼ਕ ਤਾਂ ਨਹੀਂ ਲੜਾਉਂਦੀ ਜਾਂ ਕਦੇ ਘਰੋਂ ਨੱਸ ਗਈ ਹੋਵੇ। ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ?
ਪਰ ਆਸਟਰੇਲੀਆ ਵਿਚ ਕਈ ਮਹੀਨੇ ਲੰਘ ਜਾਣ ਤੀਕ ਇਹੋ ਪਤਾ ਨਾ ਲੱਗਾ ਕਇਸੱਜੇ ਖੱਬੇ ਘਰਾਂ ਵਿਚ ਕੌਣ ਰਹਿੰਦਾ ਤੇ ਕੀ ਕਰਦਾ ਹੈ?
ਜੇ ਕਦੇ ਬਾਹਰ ਖੜ੍ਹੇ ਕਿਸੇ ਗੋਰੇ ਦੀ ਸ਼ਕਲ ਦਿਸ ਵੀ ਜਾਂਦੀ ਬੱਸ ਉਹ ਦੂਰੋਂ ਹੱਥ ਹਿਲਾ ਕੰਮ ਚਲਾ ਲੈਂਦਾ ਜਾਂ ਕਦੇ ਕਾਰ ਵਿਚ ਜਾਂਦਾ ਹੋਇਆ ਬੰਦ ਸ਼ੀਸ਼ੇ ਵਿਚੋਂ ਬਾਏ ਬਾਏ ਕਰ ਦਿੰਦਾ।
ਜਦੋਂ ਮੈਂ ਏਸ ਵਿਚ ਕਾਮਯਾਬ ਨਾ ਹੋਇਆ ਤਾਂ ਸੈਰ ਕਰਦੇ ਵੇਲੇ ਮੈਂ ਹੀ ਇਕ ਇਕ ਘਰ ਦਾ ਐਕਸਰੇਅ ਕਰਨਾ ਸ਼ੁਰੂ ਕਰ ਦਿੱਤਾ। ਸਾਹਮਣੇ ਘਰ ਦੇ ਖੱਬੇ ਪਾਸੇ ਚਾਰ ਘਰ ਸਨ। ਪਹਿਲਾ ਘਰ ਇਕ ਸਕੂਲ ਟੀਚਰ ਦਾ ਸੀ ਜਿਸ ਦਾ ਨਵਾਂ ਨਵਾਂ ਵਿਆਹ ਹੋਇਆ ਸੀ। ਉਸ ਨੇ ਕਦੇ ਦਸਵੀਂ ਵਿਚ ਮੇਰੀ ਪੋਤਰੀ ਨੂੰ ਅੰਗਰੇਜ਼ੀ ਪੜ੍ਹਾਈ ਸੀ। ਉਸ ਘਰ ਵਿਚ ਉਹ ਆਪਣੇ ਪਤੀ, ਸਹੁਰੇ ਅਤੇ ਸੱਸ ਨਾਲ ਰਹਿੰਦੀ ਸੀ। ਸਹੁਰਾ ਕਿਤੇ ਜੌਬ ਕਰਦਾ ਸੀ ਤੇ ਸਵੇਰੇ ਹੀ ਘਰੋਂ ਗੱਡੀ ਲੈ ਕੇ ਨੌਕਰੀ ’ਤੇ ਜਾਂਦਾ ਸੀ। ਪਰ ਉਹਦੀ ਸੱਸ ਤਾਂ ਕਦੇ-ਕਦਾਈਂ ਹੀ ਵੀਲ੍ਹਚੇਅਰ ’ਤੇ ਬਾਹਰ ਨਿਕਲਦੀ ਵੇਖੀ ਜਾਂਦੀ ਸੀ। ਛੁੱਟੀ ਵਾਲੇ ਦਿਨ ਸਵੇਰ ਤੋਂ ਲੈ ਕੇ ਸੰਝ ਤੀਕ ਉਹ ਨਵੀਂ ਵਿਆਹੀ ਔਰਤ ਇਕੱਲੀ ਜਾਂ ਪਤੀ ਨਾਲ ਆਪਣੇ ਲਾਅਨ ਨੂੰ ਸੰਵਾਰਦੇ ਰਹਿੰਦੇ। ਉਹ ਘਾਹ ਕੱਟਦੇ, ਬੂਟਿਆਂ ਨੂੰ ਪਾਣੀ ਦਿੰਦੇ ਜਾਂ ਫੁੱਲਾਂ ਵਾਲੇ ਨਵੇਂ ਬੂਟੇ ਲਾਉਂਦੇ।
ਮੈਂ ਇਸ ਤੋਂ ਅਗਲੇ ਘਰ ਦਾ ਐਕਸਰੇਅ ਕੀਤਾ ਤਾਂ ਇੰਨਾ ਹੀ ਪਤਾ ਲੱਗਾ ਕਇਉਸ ਵਿਚ ਮੀਆਂ ਬੀਵੀ ਹੀ ਰਹਿੰਦੇ ਸਨ। ਵੱਡੇ ਸੋਹਣੇ ਲੰਬੇ-ਲੰਬੇ ਅੰਗਰੇਜ਼। ਪਤੀ ਕਿਸੇ ਚੰਗੀ ਨੌਕਰੀ ’ਤੇ ਲੱਗਿਆ ਹੋਇਆ ਸੀ। ਸਵੇਰੇ ਦਿਨ ਚੜ੍ਹਣ ਤੋਂ ਪਹਿਲਾਂ ਉਹ ਆਪਣੇ ਕਾਲੇ ਰੰਗ ਦੇ ਕੁੱਤੇ ਨੂੰ ਘੁਮਾਉਣ ਲਈ ਲਿਜਾਂਦਾ ਦੇਖਿਆ ਜਾਂਦਾ। ਫਿਰ ਉਹ ਤਿਆਰ ਹੋ ਗੱਡੀ ਲੈ ਘਰੋਂ ਆਪਣੀ ਜੌਬ ਲਈ ਨਿਕਲ ਜਾਂਦਾ।
ਪਤਨੀ ਘਰੇਲੂ ਸੁਆਣੀ ਸੀ। ਉਸ ਨੇ ਆਪਣੇ ਘਰ ਅੱਗੇ ਬਹੁਤ ਖ਼ੂਬਸੂਰਤ ਲਾਅਨ ਬਣਾਇਆ ਹੋਇਆ ਸੀ ਜਿਹੜਾ ਬਲਾਕ ਦਾ ਸਭ ਤੋਂ ਵਧੀਆ ਲਾਅਨ ਸੀ। ਘਾਹ ਇਵੇਂ ਸੀ ਜਿਵੇਂ ਕਿਸੇ ਨੇ ਮੋਟਾ ਕਾਲੀਨ ਵਿਛਾ ਰੱਖਿਆ ਹੋਵੇ। ਦਿਨ ਵਿਚ ਉਸ ਨੂੰ ਜਿਤਨਾ ਵੀ ਵਕਤ ਮਿਲਦਾ ਆਪਣੇ ਲਾਅਨ ’ਚ ਕੰਮ ਲੱਗੀ ਰਹਿੰਦੀ। ਉਸ ਵਿਚੋਂ ਨਕਲੀ ਘਾਹ ਕੱਢਦੀ। ਲਾਅਨ ਨੂੰ ਪਾਣੀ ਦਿੰਦੀ। ਮਸ਼ੀਨ ਨਾਲ ਘਾਹ ਦੀ ਕਟਾਈ ਕਰਦੀ। ਫੁੱਲਾਂ ਵਾਲੇ ਬੂਟੇ ਲਾਉਂਦੀ। ਉਹਦੇ ਲਾਅਨ ਵਿਚ ਗੁਲਾਬ ਦੇ ਇਤਨੇ ਖ਼ੂਬਸੂਰਤ ਤੇ ਵੱਡੇ ਆਕਾਰ ਅਤੇ ਰੰਗ ਦੇ ਬੂਟੇ ਸਨ ਜਿਹੜੇ ਮੈਂ ਪਹਿਲਾਂ ਵੇਖੇ ਹੀ ਨਹੀਂ ਸਨ। ਉਸ ਨੂੰ ਜੇ ਕਦੇ ਵੱਧ ਵਕਤ ਮਿਲਦਾ ਤਾਂ ਉਹ ਘਰ ਦੇ ਬਾਹਰ ਕੀਤੇ ਪੇਂਟ ਨੂੰ ਮੁੜ ਪੇਂਟ ਕਰਨ ਲੱਗ ਜਾਂਦੀ।
ਉਨ੍ਹਾਂ ਦੇ ਘਰ ਵਿਚ ਮੈਨੂੰ ਬੱਸ ਦੋ ਹੀ ਜੀਅ ਦਿਸਦੇ। ਕਦੇ ਕਦਾਈਂ ਉੱਥੇ ਕੋਈ ਵੀਹ ਬਾਈ ਵਰ੍ਹਿਆਂ ਦਾ ਇਕ ਮੁੰਡਾ ਜ਼ਰੂਰ ਦਿਸਦਾ। ਜਿਹੜਾ ਸ਼ਾਇਦ ਉਨ੍ਹਾਂ ਦਾ ਪੁੱਤਰ ਸੀ ਅਤੇ ਆਪਣੀ ਪਤਨੀ ਨਾਲ ਕਿਤੇ ਅੱਡ ਰਹਿੰਦਾ ਸੀ।
ਉਸ ਘਰ ਤੋਂ ਅੱਗੇ ਇਕ ਹੋਰ ਘਰ ਸੀ ਜਿਸ ਵਿਚ ਸੈਰ ਕਰਦੇ ਵੇਲੇ ਮੈਨੂੰ ਕੋਈ ਵੀਹ ਵਰ੍ਹਿਆਂ ਦਾ ਇਕ ਮੁੰਡਾ ਦਿਸਦਾ ਜਿਹੜਾ ਅਕਸਰ ਆਪਣੀ ਪੁਰਾਣੀ ਕਾਰ ਨੂੰ ਮੁੜ ਮੁੜ ਸਟਾਰਟ ਕਰਕੇ ਵੇਖਦਾ। ਪਤਾ ਨਹੀਂ ਲੱਗਦਾ ਸੀ ਕਇਉਹ ਇਸ ਤਰ੍ਹਾਂ ਕਿਉਂ ਕਰਦਾ?
ਉਸ ਤੋਂ ਅੱਗੇ ਇਕ ਹੋਰ ਘਰ ਸੀ ਜਿਸ ਬਾਰੇ ਇਹ ਪਤਾ ਤਾਂ ਨਹੀਂ ਲੱਗਾ ਕਇਉਸ ਵਿਚ ਕੌਣ ਰਹਿੰਦਾ ਹੈ, ਪਰ ਉਸ ਵਿਚ ਆਕਾਸ਼ ਛੂੰਹਦੇ ਤਾੜ ਦੇ ਤਿੰਨ ਖ਼ੂਬਸੂਰਤ ਰੁੱਖ ਜ਼ਰੂਰ ਸਨ।
ਫਿਰ ਉਸ ਤੋਂ ਅੱਗੇ ਸਾਹਮਣੇ ਦਿਸਦਾ ਇਕ ਘਰ ਸੀ ਜਿਸ ਵਿਚ ਅੱਠ ਨੌਂ ਸਾਲਾਂ ਦੇ ਸਕੂਲ ਪੜ੍ਹਦੇ ਦੋ ਬੱਚੇ ਸਨ ਜਿਨ੍ਹਾਂ ਨੂੰ ਸਵੇਰ ਵੇਲੇ ਉਨ੍ਹਾਂ ਦੀ ਮਾਂ ਸਕੂਲ ਛੱਡਣ ਜਾਂਦੀ ਸੀ।
ਹੁਣ ਆਈ ਸੱਜੇ ਪਾਸੇ ਦੀ ਵਾਰੀ ਜਿਸ ਦੀ ਕਤਾਰ ਵਿਚ ਚਾਰ ਘਰ ਸਨ। ਸਾਡੇ ਸਾਹਮਣੇ ਇਕ ਮੰਜ਼ਿਲਾ ਘਰ ਸੀ ਜਿਸ ਵਿਚ ਕੋਈ ਸੱਤਰ ਪੰਝੱਤਰ ਦੀ ਉਮਰ ਦਾ ਇਕ ਬੰਦਾ ਰਹਿੰਦਾ ਸੀ। ਸਵੇਰੇ ਉਹ ਕੋਈ ਛੇ ਵਜੇ ਚਾਬੀ ਨਾਲ ਗੈਰਾਜ ਖੋਲ੍ਹਦਾ, ਆਪਣਾ ਸਾਈਕਲ ਬਾਹਰ ਕੱਢਦਾ ਅਤੇ ਪੂਰੀ ਸਪੋਰਟ ਵਾਲੀ ਡਰੈੱਸ ਪਹਿਨ ਸਾਈਕਲ ’ਤੇ ਬੈਠ ਉਸ ਨੂੰ ਬਹੁਤ ਤੇਜ਼ ਨਸਾਉਂਦਾ ਹੋਇਆ ਨਿਕਲ ਜਾਂਦਾ। ਸਾਈਕਲ ਚਲਾ ਕੇ ਉਹ ਕੋਈ ਅੱਧੇ ਘੰਟੇ ਬਾਅਦ ਵਾਪਸ ਮੁੜਦਾ।
ਕਈ ਵਾਰੀ ਆਉਂਦਿਆਂ-ਜਾਂਦਿਆਂ ਜੇ ਮੈਂ ਉਸ ਨੂੰ ਸੈਰ ਕਰਦਾ ਦਿਸ ਪੈਂਦਾ ਤਾਂ ਉਹ ਸੱਜੇ ਹੱਥ ਨਾਲ ਮੈਨੂੰ ਬਾਏ-ਬਾਏ ਕਹਿੰਦਾ ਲੰਘ ਜਾਂਦਾ। ਚਾਬੀ ਨਾਲ ਗੈਰਜ ਖੋਲ੍ਹ ਉਹ ਉਸ ਵਿਚ ਸਾਈਕਲ ਰੱਖਦਾ ਅਤੇ ਕਾਰ ਕੱਢਦਾ। ਫਿਰ ਕਾਰ ’ਚ ਬੈਠ ਉਹ ਬਾਹਰ ਚਲਿਆ ਜਾਂਦਾ। ਕੋਈ ਅੱਧੇ ਘੰਟੇ ਬਾਅਦ ਜਦੋਂ ਉਹ ਘਰ ਮੁੜਦਾ ਤਾਂ ਉਸ ਦੇ ਹੱਥ ਵਿਚ ਪਾਲੀਥਿਨ ਦਾ ਇਕ ਲਿਫ਼ਾਫ਼ਾ ਫੜਿਆ ਹੁੰਦਾ।
ਆਪਣੇ ਬੈੱਡ ’ਤੇ ਬੈਠੇ ਅਸੀਂ ਕਿਆਸ ਲਾਉਂਦੇ ਕਇਬਾਬਾ ਨਾਸ਼ਤਾ ਤਾਂ ਕਰ ਆਇਆ ਅਤੇ ਲੰਚ ਲੈ ਆਇਆ। ਅਸੀਂ ਦੋਵੇਂ ਜੀਅ ਸਵੇਰ ਵੇਲੇ ਇਹ ਸਭ ਹੁੰਦਾ ਵੇਖਦੇ। ਸਾਨੂੰ ਤਾਂ ਇਹੋ ਸਮਝ ਨਾ ਆਉਂਦੀ ਕਇਅਸੀਂ ਉਸ ਸੱਤਰ-ਪਝੰਤਰ ਸਾਲ ਦੀ ਉਮਰ ਦੇ ਬੰਦੇ ਨੂੰ ਬਾਬਾ ਕਿਉਂ ਬੁਲਾਉਣ ਲੱਗੇ ਸਾਂ ਜਦੋਂਕਇਸਾਡੇ ਮੁਲਕ ਵਿਚ ਤਾਂ ਬਾਬਾ ਉਹ ਹੁੰਦਾ ਹੈ ਜਿਸ ਦੀ ਲੰਬੀ ਸਾਰੀ ਦਾੜ੍ਹੀ ਹੋਵੇ ਅਤੇ ਸਿਰ ’ਤੇ ਢਿੱਲੀ ਜਿਹੀ ਪੱਗ ਬੰਨ੍ਹੀ ਹੋਵੇ।
ਫਿਰ ਮੁੜ ਗੈਰਜ ਖੋਲ੍ਹ ਉਸ ਵਿਚੋਂ ਘਾਹ ਕੱਟਣ ਵਾਲੀ ਮਸ਼ੀਨ ਕੱਢ ਲੈਂਦਾ ਤੇ ਹੈੱਜ ਨੂੰ ਤਰਾਸ਼ਣ ਲਈ ਇਕ ਲੰਬਾ ਸਾਰਾ ਔਜ਼ਾਰ ਵੀ ਹੱਥ ਵਿਚ ਫੜ ਲੈਂਦਾ। ਉਹ ਮਸ਼ੀਨ ਨਾਲ ਘਾਹ ਕੱਟਦਾ। ਗੋਡਿਆਂ ਭਾਰ ਬੈਠ ਉਸ ਵਿਚੋਂ ਨਕਲੀ ਘਾਹ ਬਾਹਰ ਕੱਢਦਾ। ਕਈ ਵਾਰੀ ਤਾਂ ਉਹ ਚਾਲੀ ਡਿਗਰੀ ਤਾਪਮਾਨ ਵਿਚ ਵੀ ਮਸ਼ੀਨ ਨਾਲ ਘਾਹ ਕੱਟਦਾ ਵੇਖਿਆ ਜਾਂਦਾ। ਉਹ ਹੈੱਜ ਨੂੰ ਮੁੜ ਮੁੜ ਤਰਾਸ਼ਦਾ। ਫੁੱਲਾਂ ਵਾਲੇ ਬੂਟਿਆਂ ਨੂੰ ਪਾਣੀ ਦਿੰਦਾ। ਮੈਂ ਅਤੇ ਮੇਰੀ ਪਤਨੀ ਸਵੇਰ ਵੇਲੇ ਬੈੱਡ ’ਤੇ ਬੈਠੇ ਚਾਹ ਪੀਂਦੇ ਹੋਏ ਉਸ ਨੂੰ ਇਹ ਸਭ ਕਰਦੇ ਵੇਖਦੇ।
ਉਸ ਨੇ ਘਰ ਦੇ ਪਿਛਲੇ ਪਾਸੇ ਇਕ ਕਿਸ਼ਤੀ ਰੱਖੀ ਹੋਈ ਸੀ। ਕਦੇ ਜਦੋਂ ਉਹਦਾ ਮਨ ਕਰਦਾ, ਉਸ ਕਿਸ਼ਤੀ ਨੂੰ ਘਰ ਪਿੱਛੋਂ ਬਾਹਰ ਕੱਢ ਲੈਂਦਾ ਅਤੇ ਆਪਣੀ ਕਾਰ ਪਿੱਛੇ ਬੰਨ੍ਹ ਸਮੁੰਦਰ ਵੱਲ ਬੋਟਿੰਗ ਕਰਨ ਲਈ ਨਿਕਲ ਜਾਂਦਾ ਤੇ ਸੰਝ ਢਲਿਆਂ ਵਾਪਸ ਮੁੜਦਾ।
ਇਹ ਸਾਰਾ ਹੋਣਾ ਸਾਨੂੰ ਚੰਗਾ ਲੱਗਦਾ ਅਤੇ ਅਸੀਂ ਬਾਬੇ ਦੀਆਂ ਖ਼ੂਬ ਗੱਲਾਂ ਕਰਦੇ। ਸਾਨੂੰ ਹੈਰਾਨੀ ਤਾਂ ਉਦੋਂ ਹੁੰਦੀ ਜਦੋਂ ਇਸ ਵਕਤ ਵਿਚ ਕੋਈ ਵੀ ਦੂਜਾ ਬੰਦਾ ਕਦੇ ਵੀ ਉਸ ਨੂੰ ਮਿਲਣ ਲਈ ਨਾ ਆਉਂਦਾ। ਅਸੀਂ ਸੋਚਦੇ ਸ਼ਾਇਦ ਬਾਬਾ ਇਕੱਲਾ ਹੀ ਹੋਵੇਗਾ।
ਇਸੇ ਤਰ੍ਹਾਂ ਇਕ ਵਾਰੀ ਤਿੰਨ ਦਿਨ ਲੰਘ ਗਏ, ਪਰ ਬਾਬਾ ਨਾ ਦਿਸਿਆ। ਨਹੀਂ ਤਾਂ ਦੋ ਸਾਲਾਂ ਵਿਚ ਅਸੀਂ ਕਦੇ ਵੀ ਬਾਬੇ ਨੂੰ ਇਸ ਰੋਜ਼ ਦੇ ਕੰਮ ਤੋਂ ਮੁਨਕਰ ਹੁੰਦੇ ਨਹੀਂ ਸੀ ਵੇਖਿਆ। ਇਹ ਤਿੰਨ ਦਿਨ ਅਸੀਂ ਬਹੁਤ ਪਰੇਸ਼ਾਨ ਰਹੇ ਅਤੇ ਅਸੀਂ ਆਪਸ ਵਿਚ ਇਕ-ਦੂਜੇ ਨੂੰ ਪੁੱਛਦੇ, ‘‘ਕਿੱਥੇ ਚਲਾ ਗਿਆ ਬਾਬਾ?’’
‘‘ਮੈਂ ਕਿਹਾ ਜੀ, ਤੁਸੀਂ ਆਪ ਬਾਬੇ ਦੇ ਘਰ ਅੰਦਰ ਜਾ ਕੇ ਵੇਖੋ ਕਇਉਹ ਬਾਹਰ ਕਿਉਂ ਨਹੀਂ ਆ ਰਿਹਾ? ਜਾਂ ਫੇਰ ਕੋਈ ਹੋਰ ਗੱਲ ਹੈ…?’’ ਪਤਨੀ ਨੇ ਕਿਹਾ। ‘‘ਨਹੀਂ ਬਈ ਇਹ ਸਭ ਕਰਨਾ ਠੀਕ ਨਹੀਂ ਹੋਵੇਗਾ। ਅਸੀਂ ਕਿਸੇ ਦੇ ਘਰ ਅੰਦਰ ਕਿਵੇਂ ਜਾ ਸਕਦੇ ਹਾਂ…।’’ ਮੈਂ ਗੱਲ ਮੁਕਾਉਂਦਿਆਂ ਕਿਹਾ।
ਫਿਰ ਇਕ ਦਿਨ ਬਾਬੇ ਦਾ ਕੋਈ ਮਿੱਤਰ ਉਸ ਨੂੰ ਮਿਲਣ ਆਇਆ। ਘਰ ਦਾ ਦਰਵਾਜ਼ਾ ਖੁੱਲ੍ਹਾ ਵੇਖ ਕੇ ਉਹ ਅੰਦਰ ਚਲਾ ਗਿਆ। ਖਾਸੇ ਚਿਰ ਬਾਅਦ ਬਾਹਰ ਆ ਕੇ ਉਸ ਨੇ ਆਪਣੇ ਮੋਬਾਈਲ ਰਾਹੀਂ ਪਤਾ ਨਹੀਂ ਕਿਸ ਨੂੰ ਫੋਨ ਕੀਤਾ।
ਬੱਸ ਫਿਰ ਕੀ ਥੋੜ੍ਹੇ ਚਿਰ ਬਾਅਦ ਹੀ ਪੱਚੀ ਛੱਬੀ ਵਰ੍ਹਿਆਂ ਦਾ ਇਕ ਮੁੰਡਾ ਆਪਣੀ ਪਤਨੀ ਨਾਲ ਆਇਆ। ਉਸ ਨੇ ਗੁਆਂਢ ਦੇ ਬੰਦੇ ਨੂੰ ਦੱਸਿਆ ਕਇਉਸ ਦਾ ਡੈਡ ਹੁਣ ਇਸ ਦੁਨੀਆਂ ਵਿਚ ਨਹੀਂ ਹੈ। ਉਦੋਂ ਹੀ ਬਲਾਕ ਦੇ ਕੁਝ ਹੋਰ ਬੰਦੇ ਇਕੱਠੇ ਹੋ ਗਏ। ਉਨ੍ਹਾਂ ਫਿਊਨਰਲ ਕੰਪਨੀ ਨੂੰ ਫੋਨ ਕੀਤਾ। ਉਹ ਆਏ ਅਤੇ ਬਾਬੇ ਨੂੰ ਤਾਬੂਤ ਵਿਚ ਬੰਦ ਕਰ ਗੱਡੀ ਵਿਚ ਰੱਖ ਲੈ ਗਏ।
ਸਾਨੂੰ ਅਫ਼ਸੋਸ ਤਾਂ ਇਸ ਗੱਲ ਦਾ ਸੀ ਕਇਬਾਬੇ ਦੀ ਸ਼ਵ-ਯਾਤਰਾ ਵਿਚ ਬਾਬੇ ਦਾ ਪੁੱਤ ਤੇ ਨੂੰਹ ਵੀ ਸ਼ਾਮਲ ਨਾ ਹੋਏ।
‘‘ਬਾਬਾ ਇਕੱਲਾ ਰਹਿੰਦਾ ਸੀ ਤੇ ਇਕੱਲਾ ਹੀ ਚਲਾ ਗਿਆ।’’
ਅਗਲੀ ਸਵੇਰ ਜਦੋਂ ਅਸੀਂ ਉੱਠ ਬਾਬੇ ਦੇ ਘਰ ਵੱਲ ਵੇਖਿਆ ਤਾਂ ਉਸ ਦੇ ਬਾਹਰ ਇਕ ਵੱਡਾ ਸਾਰਾ ਬੋਰਡ ਲੱਗਿਆ ਹੋਇਆ ਸੀ ਜਿਸ ’ਤੇ ਮੋਟੇ ਅੱਖਰਾਂ ’ਚ ‘ਫੌਰ ਸੇਲ’ ਲਿਖਿਆ ਹੋਇਆ ਸੀ। ਇਸ ’ਤੇ ਘਰ ਦੇ ਅੰਦਰ ਦੀਆਂ ਦੋ-ਤਿੰਨ ਤਸਵੀਰਾਂ ਵੀ ਸਨ ਤੇ ਘਰ ਦੀ ਸਾਰੀ ਜਾਣਕਾਰੀ ਦਿੱਤੀ ਹੋਈ ਸੀ ਕਇਘਰ ਅੰਦਰ ਕਿੰਨੇ ਬੈੱਡਰੂਮ ਤੇ ਕਿੰਨੇ ਟਾਇਲਟ ਸਨ।
ਕਦੇ-ਕਦੇ ਉਹ ਘਰ ਅੱਧੇ ਘੰਟੇ ਲਈ ਖੁੱਲ੍ਹਦਾ ਤੇ ਬਹੁਤ ਸਾਰੇ ਬੰਦੇ ਉਸ ਨੂੰ ਅੰਦਰੋਂ ਵੇਖਣ ਆਉਂਦੇ। ਫਿਰ ਇਕ ਸਵੇਰ ਉਸ ਬੋਰਡ ’ਤੇ ਵੱਡੀ ਸਾਰੀ ਪੱਟੀ ਲੱਗੀ ਹੋਈ ਸੀ ਅਤੇ ਅੰਗਰੇਜ਼ੀ ਦੇ ਮੋਟੇ ਅੱਖਰਾਂ ’ਚ ਲਿਖਿਆ ਹੋਇਆ ਸੀ:
‘ਸੋਲਡ’।

ਅਜੇ ਮਸਾਂ ਸਵੇਰ ਦੇ ਦਸ ਹੀ ਵੱਜੇ ਸਨ ਕਇਅਸੀਂ ਬਾਬੇ ਦੇ ਘਰ ਦੇ ਬਾਹਰ ਕਈ ਵੱਡੀਆਂ-ਵੱਡੀਆਂ ਮਸ਼ੀਨਾਂ ਤੇ ਬੁਲਡੋਜ਼ਰ ਖੜ੍ਹੇ ਵੇਖੇ ਜਿਹੜੇ ਘਰ ਨੂੰ ਜੜ੍ਹੋਂ ਪੁੱਟ ਰਹੇ ਸਨ। ਬਾਬੇ ਦੀ ਉਹ ਘਾਹ ਜਿਸ ’ਤੇ ਉਹ ਰੋਜ਼ ਮਸ਼ੀਨ ਚਲਾਉਂਦਾ ਸੀ, ਜਿਸ ’ਤੇ ਗੋਡਿਆਂ ਭਾਰ ਬੈਠ ਉਸ ਵਿਚੋਂ ਨਕਲੀ ਘਾਹ ਕੱਢਿਆ ਕਰਦਾ ਸੀ, ਚਾਲੀ ਡਿਗਰੀ ਤਾਪਮਾਨ ਵਿਚ ਵੀ ਜਿਸ ਦੀ ਉਹ ਮਸ਼ੀਨ ਨਾਲ ਕਟਾਈ ਕਰਿਆ ਕਰਦਾ ਸੀ ਤੇ ਉਸ ਨੂੰ ਪਾਣੀ ਦਿੰਦਾ ਸੀ; ਉਹ ਹੈੱਜ ਜਿਸ ਨੂੰ ਉਹ ਵਾਰ-ਵਾਰ ਤਰਾਸ਼ਦਾ ਸੀ; ਉਹ ਸਾਰੇ ਫੁੱਲ-ਬੂਟੇ ਜਿਨ੍ਹਾਂ ਦੀ ਰਖਵਾਲੀ ਕਰਿਆ ਕਰਦਾ ਸੀ; ਵੱਡੀਆਂ-ਵੱਡੀਆਂ ਮਸ਼ੀਨਾਂ ਨੇ ਸਭ ਕੁਝ ਜੜ੍ਹੋਂ ਪੁੱਟ ਕੇ ਰੱਖ ਦਿੱਤਾ ਸੀ।
ਅਸੀਂ ਵੇਖਿਆ ਥੋੜ੍ਹੇ ਦਿਨਾਂ ਬਾਅਦ ਠੇਕੇਦਾਰ ਉਸ ਥਾਂ ’ਤੇ ਕੰਕਰੀਟ ਦੇ ਫਲੈਟ ਉਸਾਰ ਰਿਹਾ ਸੀ। ਛੇਤੀ ਹੀ ਉੱਥੇ ਦੋ ਮੰਜ਼ਿਲੇ ਫਲੈਟ ਬਣ ਗਏ।
ਭਾਵੇਂ ਸਵੇਰੇ ਚਾਹ ਪੀਂਦਿਆਂ ਹੁਣ ਅਸੀਂ ਬਾਬੇ ਦੀਆਂ ਗੱਲਾਂ ਤਾਂ ਨਹੀਂ ਕਰਦੇ ਸਾਂ, ਪਰ ਇਨਸਾਨੀ ਫਿਤਰਤ ਨੂੰ ਨਾ ਰੋਕਦੇ ਹੋਏ ਉਨ੍ਹਾਂ ਫਲੈਟਾਂ ਨੂੰ ਵੇਖਦੇ ਅਤੇ ਐਕਸਰੇਅ ਕਰਦਿਆਂ ਇਹ ਕਿਆਸ ਲਾਉਣ ਦੀ ਕੋਸ਼ਿਸ਼ ਜ਼ਰੂਰ ਕਰਦੇ ਕਇਉਨ੍ਹਾਂ ਫਲੈਟਾਂ ਵਿਚ ਹੁਣ ਕੌਣ ਰਹਿੰਦਾ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਐਸ. ਸਾਕੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ