Punjabi Stories/Kahanian
ਸੁਜਾਨ ਸਿੰਘ
Sujan Singh
Punjabi Kavita
  

Soti Principal Sujan Singh

ਸੋਟੀ (ਲੇਖ) ਪ੍ਰਿੰਸੀਪਲ ਸੁਜਾਨ ਸਿੰਘ

ਔਹ ਲਟਕ ਰਹੀ ਹੈ ਸੋਟੀ, ਉਸ ਲੱਕੜ ਦੀ ਕਦੇ ਰੰਗੀਲ ਕਿੱਲੀ ਨਾਲ। ਇਹ ਨਾ ਕੋਈ ਮੇਰੇ ਚੁਬਾਰੇ ਦਾ ਸ਼ਿੰਗਾਰ ਹੈ ਤੇ ਨਾ ਹੀ ਘਰ ਦੀ ਕੋਈ ਉਪਯੋਗੀ ਵਸਤ। ਸ਼ਿੰਗਾਰ ਦੀ ਖੂਬ ਕਹੀ! ਮੇਰੇ ਕਮਰੇ ਵਿਚ ਸਜਾਵਟ ਦਾ ਸਾਮਾਨ ਜੇ ਹੋਵੇ ਵੀ ਤਾਂ ਕੋਝੀ ਕੁੜੀ ਨੂੰ ਗਹਿਣੇ ਪੁਆਉਣ ਵਾਲੀ ਗੱਲ ਹੋਵੇਗੀ। ਔਹ ਸ਼ੀਸ਼ਾ? ਮੇਰੇ ਪਿਤਾ ਜੀ ਨੇ ਖਰੀਦਿਆਂ ਸੀ। ਉਨ੍ਹਾਂ ਦੀ ਯਾਦ ਵਜੋਂ ਕੰਧ ਨਾਲ ਲਟਕਿਆ ਹੋਇਆ ਹੈ। ਹਾਂ, ਕੰਮ ਵੀ ਦਿੰਦਾ ਹੈ- ਨਵੇਂ ਪੋਚ ਨੂੰ।
ਉਹ ਸੋਟੀ ਵੀ ਮੇਰੇ ਪਿਤਾ ਜੀ ਦੀ ਨਿਸ਼ਾਨੀ ਹੈ। ਇਸ ਦਾ ਪੂਰਾ ਜੀਵਨ-ਬ੍ਰਿਤਾਂਤ ਮੈਂ ਲਿਖ ਨਹੀਂ ਸਕਦਾ ਕਿਉਂਕਿ ਇਸ ਦੇ ਮੁਢਲੇ ਜੀਵਨ ਦਾ ਮੈਨੂੰ ਪਤਾ ਨਹੀਂ। ਮੇਰੀ ਕਲਪਨਾ ਵੀ ਐਡੀਸਨ ਦੀ ਕਲਪਨਾ ਵਰਗੀ ਤੇਜ਼ ਨਹੀਂ, ਨਹੀਂ ਤਾਂ 'ਸ਼ਿਲਿੰਗ ਦੀ ਜੀਵਨ-ਕਥਾ' ਵਾਂਗ ਕੁਝ ਸੰਭਵ-ਅਸੰਭਵ ਗੱਲਾਂ ਜੋੜ ਹੀ ਲੈਂਦਾ।
ਇਹ ਸੋਟੀ ਲਗਭਗ ਪੰਜ ਸੂਤਰ ਮੋਟੇ ਬੈਂਤ ਦੀ ਜੜ੍ਹ ਵਾਲੇ ਪਾਸਿਓਂ ਬਣੀ ਹੈ। ਸਾਰੀ ਕੋਈ ਸਵਾ ਕੁ ਗਜ਼ ਲੰਬੀ ਹੋਵੇਗੀ। ਜੜ੍ਹ ਵਾਲੇ ਬੰਨਿਓਂ ਕੋਈ ਪੰਜ ਸਾਢੇ ਪੰਜ ਇੰਚ ਦੀ ਵਿੱਥ 'ਤੇ ਇਸ ਨੂੰ ਅੱਗ ਦੀ ਸਹਾਇਤਾ ਨਾਲ ਖ਼ਮ ਦਿੱਤਾ ਗਿਆ ਹੈ। ਇਹ ਸੋਟੀ ਦੀ ਮੁੱਠ ਬਣ ਗਈ ਹੈ। ਵਿਚਲਾ ਕੋਣ ਨੱਬੇ ਦਰਜੇ ਦਾ ਹੈ। ਕੋਣ ਨਹੀਂ ਖ਼ਮ। ਮੁੱਠ ਲੰਬੀ ਅਰਬੀ ਵਾਂਗ ਹੈ। ਸਿਰ ਤੋਂ ਮੋਟੀ ਤੇ ਖ਼ਮ ਤੋਂ ਪਤਲੀ। ਇਸ ਸੋਟੀ ਵਿਚ ਤਿੰਨ ਗੰਢਾਂ ਹਨ। ਇਹਦੇ ਇਕੋ-ਇਕ ਪੈਰ ਵਿਚ ਪੁਰਾਣੀਆਂ ਚੀਨਣਾਂ ਵਾਂਗ ਪਿਆ ਲੋਹੇ ਦਾ ਬੂਟ ਕਦੇ ਦਾ ਲੱਥ ਚੁੱਕਾ ਹੈ। ਉਦੋਂ ਤੋਂ ਇਹ ਨੰਗੇ ਪੈਰ ਹੈ। ਜਦੋਂ ਇਹ ਨਵੀਂ-ਨਵੀਂ ਸੀ, ਇਸ ਦੇ ਸਿਰ ਤੋਂ ਲੈ ਕੇ ਇਕ ਤਿਹਾਈ ਲੰਬਾਈ ਤੱਕ ਇਸ ਨੂੰ ਚੰਮ ਨਾਲ ਮੜ੍ਹਿਆ ਹੋਇਆ ਸੀ ਅਤੇ ਉਸ 'ਤੇ ਕੋਬਰੇ ਦੀ ਬੂਟ-ਪਾਲਸ਼ ਨਾਲ ਖਾਕੀ ਰੰਗ ਦੀ ਚਮਕ ਦਿੱਤੀ ਜਾਂਦੀ ਸੀ।
ਇਸ ਦੇ ਜਨਮ ਅਸਥਾਨ ਦਾ ਤਾਂ ਮੈਨੂੰ ਠੀਕ ਪਤਾ ਨਹੀਂ, ਪਰ ਇਤਨਾ ਪਤਾ ਜ਼ਰੂਰ ਹੈ ਕਿ ਮੇਰੇ ਪਿਤਾ ਜੀ ਨੇ ਇਸ ਨੂੰ ਅਤੇ ਇਸ ਦੀ ਇਕ ਹੋਰ ਭੈਣ ਨੂੰ ਧਰਮਤੱਲਾ ਸਟ੍ਰੀਟ ਦੀ ਮਸ਼ਹੂਰ ਹੌਗ ਸਾਹਿਬ ਦੀ ਮਾਰਕੀਟ ਦੀ ਇਕ ਦੁਕਾਨ ਦੇ ਸ਼ੋ-ਕੇਸ ਵਿਚ ਪਹਿਲੋਂ ਪਹਿਲ ਦੇਖਿਆ ਸੀ। ਸਜੀਆਂ ਹੋਈਆਂ ਬੰਗਾਲੀ ਮੁਟਿਆਰਾਂ ਵਾਂਗ, ਜਿਨ੍ਹਾਂ ਵਿਚੋਂ ਵਹੁਟੀ ਦੀ ਚੋਣ ਕਰਨ ਵਰ ਆਇਆ ਕਰਦੇ ਸਨ, ਇਹ ਆਪਣੀ ਪੂਰੀ ਲਿਸ਼ਕ-ਪੁਸ਼ਕ ਵਿਚ ਤੇਜ਼ ਪ੍ਰਕਾਸ਼ ਬਲਬ ਦੇ ਚਾਨਣ ਵਿਚ ਖੜ੍ਹੀਆਂ ਸਨ। ਵੱਡੇ ਦਿਨਾਂ ਦਾ ਪਹਿਲਾ ਹਫ਼ਤਾ ਸੀ। ਅੰਗਰੇਜ਼ ਅਫ਼ਸਰਾਂ ਦੇ ਮਾਤਹਿਤ ਵਾਕਫ਼ ਤੇ ਦੋਸਤ 'ਸਾਹਬ ਲੋਕਾਂ' ਲਈ ਡਾਲੀਆਂ ਖਰੀਦ ਰਹੇ ਸਨ, ਪਰ ਇਹ ਪੁਰਾਤਨ ਭਾਰਤ ਦੀਆਂ ਸ਼ੁਭ ਕਾਮਨਾਵਾਂ ਨਾਲ ਲੱਦੀਆਂ ਖਿੜੇ ਫੁੱਲਾਂ ਦੇ ਪੱਕੇ ਫੁੱਲਾਂ ਦੀਆਂ 'ਡਾਲੀਆਂ' ਨਹੀਂ ਸਨ। ਇਹ ਡਾਲੀਆਂ ਵੱਢੀ ਦਾ ਹੀ ਦੂਸਰਾ ਰੂਪ ਸਨ। ਇਹੋ ਜਹੀਆਂ ਡਾਲੀਆਂ ਲੈਣ ਤੇ ਦੇਣ ਦਾ ਵੱਲ, ਲਾਰਡ ਕਲਾਈਵ ਨੇ ਚੌਵੀ ਪਰਗਣੇ ਦੇ ਜ਼ਿਲ੍ਹੇ ਦੀ ਵੱਢੀ ਮੀਰ ਜਾਫ਼ਰ ਕੋਲੋਂ ਲੈ ਕੇ ਭਾਰਤੀਆਂ ਨੂੰ ਸਿਖਾਇਆ ਸੀ। ੧੯੧੪ ਵਿਚ ਵੀ ਲਾਭ ਦੀ ਆਸ ਮੁਤਾਬਕ ਸੈਂਕੜਿਆਂ, ਹਜ਼ਾਰਾਂ, ਲੱਖਾਂ ਦੀਆਂ ਡਾਲੀਆਂ ਦਿੱਤੀਆਂ ਜਾਂਦੀਆਂ ਸਨ। ਅੰਗਰੇਜ਼ ਤਾਂ ਦੁੱਧ ਦੀ ਚਾਟੀ ਵਿਚ ਕਾਂਜੀ ਦੀ ਛਿੱਟ ਪਾ ਕੇ ਚਲਾ ਗਿਆ, ਪਰ ਇਹ ਵੱਢੀ ਦੀ ਛਿੱਟ ਹਾਲੀ ਤੱਕ ਸਾਡੇ ਮਗਰੋਂ ਨਹੀਂ ਲਹਿੰਦੀ।
ਪਿਤਾ ਜੀ ਨੇ ਇਨ੍ਹਾਂ ਦੋਹਾਂ ਸੋਟੀਆਂ ਨੂੰ ਬਹੁਤ ਸਾਰੀਆਂ ਵਿਚੋਂ ਪਸੰਦ ਕੀਤਾ। ਇਨ੍ਹਾਂ ਵਿਚੋਂ ਗੋਲ ਮੁੱਠ ਵਾਲੀ ਤਾਂ ਕਿਸੇ ਡਾਲੀ ਦਾ ਫਲ ਬਣ ਕੇ ਕਿਸੇ ਜੂਟ ਮਿੱਲ ਦੇ ਅੰਗਰੇਜ਼ ਮੈਨੇਜਰ ਦੀ ਭੇਟ ਹੋ ਗਈ, ਪਰ ਇਹ ਦੂਸਰੀ ਬਚ ਗਈ, ਜਿਸ ਨੂੰ ਮੇਰੇ ਪਿਤਾ ਜੀ ਹੱਥ 'ਚ ਰੱਖਣ ਲਈ ਵਰਤਦੇ ਸਨ।
ਮੈਂ ਆਪਣੇ ਪਿਤਾ ਦਾ ਕੁਝ ਬਹੁਤਾ ਹੀ ਲਾਡਲਾ ਪੁੱਤਰ ਸਾਂ। ਪੰਜ ਸਾਲ ਦੀ ਉਮਰ ਤੱਕ ਉਹ ਮੈਨੂੰ ਪ੍ਰੈਮ ਵਿਚ ਬਿਠਾ ਕੇ ਆਪ ਸੈਰ ਲਈ ਲਿਜਾਂਦੇ। ਨੌਕਰ 'ਤੇ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ। ਉਹ ਆਪਣੀ ਪ੍ਰੌੜ੍ਹ ਅਵਸਥਾ ਦੇ ਲਾਭ ਦੀ ਹਾਨੀ ਨਹੀਂ ਸਨ ਸਹਾਰ ਸਕਦੇ, ਅਤੇ ਕਲਕੱਤੇ ਵਿਚ ਨੌਕਰਾਂ ਹੱਥੋਂ ਗਹਿਣਿਆਂ ਪਿੱਛੇ ਬੱØਚਿਆਂ ਦੇ ਕਈ ਘਾਤ ਹੋ ਚੁੱਕੇ ਸਨ।
ਇਕ ਵਾਰੀ ਐਡਨ ਗਾਰਡਨ ਤੋਂ ਕੋਲਾ ਘਾਟ ਸਟ੍ਰੀਟ ਥਾਣੀਂ ਹੋ ਕੇ ਅਸੀਂ ਬੜਾ ਬਾਜ਼ਾਰ (ਹੈਰੀਸਨ ਰੋਡ) ਵਿਚੋਂ, ਆਪਣੇ ਹੱਥ, ਫੁਟ-ਪਾਥ ਦੇ ਨਾਲ ਨਾਲ ਆ ਰਹੇ ਸਾਂ। ਮੈਂ ਪ੍ਰੈਮ ਵਿਚ ਸਾਂ ਤੇ ਪਿਤਾ ਜੀ ਇਹੋ ਸੋਟੀ ਬਾਂਹ ਵਿਚ ਲਮਕਾਈ ਉਸ ਨੂੰ ਧੱਕ ਰਹੇ ਸਨ। ਅਸੀਂ ਬੜੀ ਸਿੱਖ ਸੰਗਤ ਤੋਂ ਅਗਲੇ, ਸੈਂਟ੍ਰਲ ਬੈਂਕ ਵਾਲੇ ਚੌਕ ਤੋਂ ਜ਼ਰਾ ਕੁ ਅਗਾਂਹ ਵਧੇ ਹੀ ਸਾਂ ਕਿ ਇਕ ਘੋੜਾ ਗੱਡੀ ਦੇ ਘੋੜੇ ਬੇਹੱਥ ਹੋ ਕੇ ਮੇਰੀ ਪ੍ਰੈਮ ਉਤੇ ਹੀ ਆ ਚੜ੍ਹੇ। ਮੈਨੂੰ ਅੱਜ ਵੀ ਇਹ ਨਜ਼ਾਰਾ ਹੁਣ ਦੀ ਗੱਲ ਵਾਂਗ ਪਰਤੱਖ ਹੈ। ਸ਼ਰਈ ਦਾੜ੍ਹੀ ਵਾਲੇ ਮੁਸਲਮਾਨ ਕੋਚਵਾਨ ਨੇ ਪਿਛਾਂਹ ਲੰਬੇ ਪੈ ਕੇ ਇਸ ਜ਼ੋਰ ਨਾਲ ਰਾਸਾਂ ਖਿੱਚੀਆਂ ਕਿ ਘੋੜਿਆਂ ਦੇ ਚੁੱਕੇ ਹੋਏ ਸੁੰਮ ਉਥੇ ਦੇ ਉਥੇ ਕਿਸੇ ਯੂਨਾਨੀ ਬੁਤਕਾਰੀ ਦੇ ਘੋੜਿਆਂ ਦਿਆਂ ਕਦਮਾਂ ਵਾਂਗ ਹਵਾ ਵਿਚ ਹੀ ਬੱਝ ਗਏ। ਕੋਚਵਾਨ ਦੀ ਫੁੱਮਣਦਾਰ ਲਾਲ ਤੁਰਕੀ ਟੋਪੀ, ਘੋੜਾ ਗੱਡੀ ਦੀ ਛੱਤ 'ਤੇ ਡਿੱਗ ਗਈ। ਮੈਨੂੰ ਤਾਂ ਆਪਣੇ ਖਤਰੇ ਦੀ ਕੋਈ ਸਮਝ ਹੀ ਨਹੀਂ ਸੀ, ਪਰ ਪਿਤਾ ਜੀ ਨੇ ਬਿਜਲੀ ਵਰਗੀ ਫੁਰਤੀ ਨਾਲ ਪ੍ਰੈਮ ਨੂੰ ਖਿੱਚ ਕੇ ਫੁਟ-ਪਾਥ 'ਤੇ ਚੜ੍ਹਾ ਲਿਆ। ਤੇ ਫੇਰ ਆ ਦੇਖਿਆ ਨਾ ਤਾ, ਤੇ ਸਾੜ-ਸਾੜ ਇਹ ਸੋਟੀ ਬੁੱਢੇ ਕੋਚਵਾਨ ਦੀ ਪਿੱਠ 'ਤੇ ਪੈਣੀ ਸ਼ੁਰੂ ਹੋ ਗਈ। ਬੁੱਢਾ ਕੋਚਵਾਨ ਭੁਚੱਕਾ ਰਹਿ ਗਿਆ। ਇਸ ਵਾਛੜ ਅੱਗੇ ਉਸ ਸਿਰ ਨਿਵਾ ਦਿੱਤਾ। ਪਿੱਠ ਤੋਂ ਪਾਟੇ ਉਸ ਦੇ ਖਾਕੀ ਕੁੜਤੇ ਵਿਚੋਂ ਉਭਰੀਆਂ ਦੋ ਬੇਰਹਿਮ ਲਾਸ਼ਾਂ ਮੈਨੂੰ ਦਿਸੀਆਂ। ਉਸ ਬਾਲ ਵਰੇਸ ਵਿਚ ਵੀ ਪਿਤਾ ਜੀ ਦੇ ਇਸ ਜ਼ੁਲਮ ਨੂੰ- ਸੱਚ ਕਹਿੰਦਾ ਹਾਂ- ਮੈਂ ਸਹਾਰ ਨਾ ਸਕਿਆ, ਪਰ ਕਰ ਹੀ ਕੀ ਸਕਦਾ ਸਾਂ। ਮੈਂ ਚਿਚਲਾ ਉਠਿਆ। ਪਿਤਾ ਜੀ ਦਾ ਹੱਥ ਰੁਕ ਗਿਆ। ਬੰਗਾਲੀ, ਮਾਰਵਾੜੀ, ਬਿਹਾਰੀ ਰਾਹ-ਗੁਜ਼ਰ ਸਾਰੇ ਕੋਚਵਾਨ ਨੂੰ ਬੁਰਾ ਭਲਾ ਕਹਿ ਰਹੇ ਸਨ। ਕੋਚਵਾਨ ਦਾ ਚਿਹਰਾ ਮੈਂ ਬਿਆਨ ਨਹੀਂ ਕਰ ਸਕਦਾ- ਹੈਰਾਨ ਸੀ, ਘਬਰਾਇਆ ਹੋਇਆ ਸੀ, ਸ਼ਾਇਦ ਮੇਰੇ ਵੱਲ ਦੇਖ ਕੇ ਤਰਸ ਨਾਲ ਭਰਿਆ ਹੋਇਆ ਵੀ ਸੀ, ਯਕੀਨਨ ਮੇਰੇ ਪਿਤਾ ਜੀ ਕੋਲੋਂ ਡਰਿਆ ਹੋਇਆ ਨਹੀਂ ਸੀ। ਕੁਝ ਸਿਆਣੇ ਲੋਕਾਂ ਨੇ ਉਸ ਨੂੰ ਵੱਧ ਘੱਟ ਗੱਲਾਂ ਕਹੀਆਂ ਤੇ ਨਾਲ ਹੀ ਭੱਜ ਜਾਣ ਲਈ ਇਸ਼ਾਰੇ ਕੀਤੇ, ਮਤਾ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ ਜਾਵੇ।
ਪਿਤਾ ਜੀ ਦੇ ਗੁੱਸੇ ਦਾ ਪਾਰਾ ਉਤਰ ਗਿਆ ਜਾਪਦਾ ਸੀ। ਉਹ ਪ੍ਰੈਮ ਨੂੰ ਧੱਕ ਕੇ ਘਰ ਲੈ ਆਏ। ਪਿਤਾ ਜੀ ਦਾ ਉਸ ਗਰੀਬ ਮੁਸਲਮਾਨ 'ਤੇ ਹਮਲਾ ਕਰਨ ਵਾਲਾ ਭਿਆਨਕ ਰੂਪ ਮੈਨੂੰ ਹੁਣ ਤੱਕ ਨਹੀਂ ਭੁੱਲਦਾ। ਭਾਵੇਂ ਮੈਂ ਉਨ੍ਹਾਂ ਦੀ ਬਹੁਗੁਣ ਸੰਪੰਨ ਆਤਮਾ ਨਾਲ ਉਨ੍ਹਾਂ ਦੇ ਸਵਰਗਵਾਸ ਮਗਰੋਂ ਇਹ ਕਹਿ ਕੇ ਅਨਿਆਂ ਹੀ ਕਰ ਰਿਹਾ ਹੋਵਾਂਗਾ, ਪਰ ਇਹ ਗੱਲ ਸੱਚ ਹੈ ਕਿ ਮੈਂ ਆਪਣੇ ਮਨ ਵਿਚ ਜਿੰਨਾ ਚਿਰ ਉਹ ਜੀਉਂਦੇ ਰਹੇ- ਅਤੇ ਉਹ ਬਹੁਤਾ ਚਿਰ ਨਾ ਜੀਉਂਦੇ ਰਹਿ ਸਕੇ- ਉਨ੍ਹਾਂ ਨੂੰ ਇਸ ਦੁਰਘਟਨਾ ਕਾਰਨ ਕਦੇ ਮੁਆਫ ਨਾ ਕਰ ਸਕਿਆ। ਸ਼ਾਇਦ ਇਸੇ ਦੁਰਘਟਨਾ ਨੇ ਮੇਰੇ ਅੰਦਰ ਮਨੁੱਖਤਾ ਲਈ ਕਰੁਣਾ ਦਾ ਬੀਜ ਬੀਜ ਦਿੱਤਾ। ਜਦ ਕਦੇ ਵੀ ਮੈਂ ਸੋਚਿਆ, ਉਹ ਮੁਸਲਮਾਨ ਕੋਚਵਾਨ ਬੇਹੱਥ ਹੋਇਆ ਵੀ ਮੈਨੂੰ ਨਿਰਦੋਸ਼ ਜਾਪਿਆ ਅਤੇ ਮੇਰੇ ਪਿਤਾ ਜੀ ਦੋਸ਼ੀ।
ਉਨ੍ਹਾਂ ਦੇ ਦੋਸ਼ੀ ਹੋਣ ਵਿਚੋਂ ਕੁਝ ਛੋਟ ਮੈਨੂੰ ਦੇਣੀ ਚਾਹੀਦੀ ਸੀ। ਉਹ ਉਸ ਸ਼ਾਮ ਘਰ ਜਾ ਕੇ ਬੜਾ ਬੇਚੈਨ ਰਹੇ। ਮਾਤਾ ਜੀ ਲਈ ਪਿਤਾ ਜੀ ਦਾ ਚਿਹਰਾ ਪਾਰਦਰਸ਼ੀ ਸ਼ੀਸ਼ਾ ਸੀ। ਉਹ ਉਸ ਪਿੱਛੇ ਉਨ੍ਹਾਂ ਦੇ ਮਨ ਦੇ ਭਾਵਾਂ ਨੂੰ ਝੱਟ ਪੜ੍ਹ ਲੈਂਦੇ ਸਨ। ਰੋਟੀ ਪਿਤਾ ਜੀ ਨੇ ਥੋੜ੍ਹੀ ਖਾਧੀ ਸੀ। ਮਾਤਾ ਜੀ ਚੁੱਪ ਰਹੇ। ਫੇਰ ਰਾਤੀਂ, ਮੈਂ ਜਾਗਦਾ ਹੀ ਸਾਂ ਜਦ ਮਾਤਾ ਜੀ ਨੇ ਬੜੇ ਪ੍ਰੇਮ ਨਾਲ ਪੁੱਛਣਾ ਸ਼ੁਰੂ ਕੀਤਾ, "ਅੱਜ ਰੋਟੀ ਥੋੜ੍ਹੀ ਖਾਧੀ ਜੇ, ਕੀ ਗੱਲ ਐ?" ਤੇ ਪਿਤਾ ਜੀ ਜਿਵੇਂ ਅੱਗੇ ਹੀ ਫੁੱਟਣ ਨੂੰ ਤਿਆਰ ਸਨ, ਕਹਿਣ ਲੱਗੇ, "ਕਾਕੇ ਦੀ ਮਾਂ, ਬੜਾ ਅਨਰਥ ਹੋਇਆ ਅੱਜ। ਮੁੰਡਾ ਘੋੜਾ ਗੱਡੀ ਥੱਲੇ ਆ ਚਲਿਆ ਸੀ। ਘੋੜੇ ਉਤੇ ਹੀ ਆਣ ਚੜ੍ਹੇ ਸਨ ਕਿ ਕੋਚਵਾਨ ਨੇ ਰੋਕ ਲਏ। ਹੈ ਪਰ ਉਹ ਗਲਤ ਹੱਥ ਸੀ। ਮੈਂ ਉਸ ਨੂੰ ਪੰਜ ਸੱਤ ਸੋਟੀਆਂ ਜੜ ਦਿੱਤੀਆਂ। ਉਸ ਸਾਰੀਆਂ ਝੁਕ ਕੇ ਪਿੱਠ 'ਤੇ ਖਾਧੀਆਂ। ਬੜਾ ਜ਼ੁਲਮ ਹੋਇਆ ਮੇਰੇ ਹੱਥੋਂ। ਪਰ ਮੈਂ ਕੀ ਕਰਦਾ। ਇਕ ਛਿਨ ਵਿਚ ਕਾਕੇ ਦੀ ਫਿੱਸੀ ਹੋਈ ਪ੍ਰੈਮ ਤੇ ਰੱਬ ਨਾ ਕਰੇ ਕਾਕੇ ਦੀ ਹੈ? ਮੇਰੀਆਂ ਅੱਖਾਂ ਸਾਹਮਣਿਓਂ ਫਿਰ ਗਈ ਤੇ ਗੁੱਸੇ ਵਿਚ।"
"ਅੱਛਾ, ਅੱਛਾ!" ਮਾਤਾ ਜੀ ਨੇ ਕਿਹਾ, "ਉਸ ਦਾ ਵੀ ਕਸੂਰ ਸੀ ਨਾ। ਸਵੇਰੇ ਗੁਰਦੁਆਰੇ ਚੱਲਾਂਗੇ।"
ਤੇ ਮਾਤਾ ਜੀ ਪਿਤਾ ਜੀ ਦੇ ਮੱਥੇ ਨੂੰ ਕਿੰਨਾ ਚਿਰ ਪਲੋਸਦੇ ਰਹੇ।
ਇਹ ਸੋਟੀ ਤਸ਼ੱਦਦ ਦਾ ਹਥਿਆਰ ਹੈ। ਮੇਰੇ ਲਈ ਇਹ ਕਦੇ ਕਦੇ ਸਾਰੇ ਮਨੁੱਖਤਾ-ਮਾਰ ਹਥਿਆਰਾਂ ਦਾ ਚਿੰਨ੍ਹ ਬਣ ਕੇ ਖੜੋ ਜਾਂਦੀ ਹੈ। ਨਹੁੰਦਰਾਂ, ਘਸੁੰਨਾਂ ਦੀ ਲੜਾਈ ਤੋਂ ਮਗਰੋਂ ਦਾ ਇਹ ਹਥਿਆਰ ਹੈ- ਇਸ ਵਿਚ ਮੈਨੂੰ ਡਾਂਗ, ਗੁਰਜ, ਤਲਵਾਰ, ਬਰਛਾ ਸਭ ਸ਼ਸਤਰ ਦਿੱਸਦੇ ਹਨ, ਇਸ ਵਿਚ ਮੈਨੂੰ ਤੀਰ, ਚੱਕਰ, ਬੰਦੂਕ, ਤੋਪ, ਬੰਬ, ਅਣੂਬੰਬ ਤੇ ਉਦਜਨ ਬੰਬ ਸਾਰੇ ਅਸਤਰ ਦਿਸਦੇ ਹਨ।
ਫਿਰ ਸੋਚਦਾ ਹਾਂ ਜਿਹੜੀ ਸੋਟੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦੇ ਵਿਰੁੱਧ ਉਠਾਈ ਸੀ, ਕੀ ਉਹ ਵੀ ਉਪਰਲੀ ਨਸਲ ਦੇ ਹਥਿਆਰਾਂ ਵਿਚੋਂ ਹੈ? ਹਥਿਆਰ ਤੇ ਉਹੋ ਹਨ, ਪਰ ਫਿਰ ਵੀ ਉਹੋ ਨਹੀਂ ਜਾਪਦੇ। ਰੱਖਿਆ, ਦੇਸ਼-ਰੱਖਿਆ, ਮਨੁੱਖਤਾ-ਰੱਖਿਆ, ਸ਼ਾਤੀ-ਰੱਖਿਆ ਲਈ ਜ਼ਾਲਮ ਦੇ ਵਿਰੁੱਧ ਚੁੱਕੀ ਸੋਟੀ ਅਹਿੰਸਾ ਹੀ ਤਾਂ ਹੈ। ਜਿਥੇ ਮਨੁੱਖਤਾ-ਸੰਹਾਰਕ ਕਾਯਰ ਹੈ, ਉਥੇ ਸ਼ਾਂਤੀ-ਰਖਸ਼ਕ ਬਹਾਦਰ। ਰਖਸ਼ਕ ਬਣ ਕੇ ਲੋੜ ਵੇਲੇ ਸੋਟੀ ਨਾ ਚੁੱਕਣੀ ਵੀ ਕਾਯਰਤਾ ਹੈ।
ਇਕ ਵਾਰੀ ਮੈਨੂੰ ਗਾਫ਼ ਦਾ ਛੋਟਾ ਗੇਂਦ ਲੱਭ ਪਿਆ। ਇਹ ਮੇਰੇ ਪਿਤਾ ਜੀ ਦੇ ੧੯੨੦ ਵਿਚ ਪਰਲੋਕ ਸਿਧਾਰਨ ਤੋਂ ਮਗਰੋਂ ਦੀ ਗੱਲ ਹੈ। ਮੈਂ ਗਾਫ਼ ਲਿੰਕ ਵਿਚ ਅੰਗਰੇਜ਼ ਖਿਲਾੜੀਆਂ ਤੇ ਖਿਲਾੜਨਾਂ ਨੂੰ ਲਗਭਗ ਇਹੋ ਜਿਹੀ ਪਰ ਲੋਹੇ ਦੀ ਖੂੰਡੀ ਵਾਲੀਆਂ ਸੋਟੀਆਂ ਨਾਲ ਖੇਡਦਿਆਂ ਦੇਖਿਆ ਸੀ। ਮੈਂ ਚੋਰੀ ਇਸ ਸੋਟੀ ਨੂੰ ਚੁੱਕ ਕੇ ਲੈ ਜਾਂਦਾ ਤੇ ਪੁੱਠੀ ਕਰ ਕੇ ਇਸ ਨਾਲ ਉਸ ਗੇਂਦ ਨੂੰ ਟੋਣੇ ਮਾਰਦਾ, ਇਸ ਦੀ ਮੁੱਠ ਇਸੇ ਲਈ ਕੁਝ ਰਗੜੀ ਗਈ ਹੈ। ਇਸ ਦਾ ਚਮੜਾ ਜਦ ਲੱਥ ਕੇ ਡਿੱਗ ਪਿਆ ਤਾਂ ਮੇਰੀ ਮਾਤਾ ਨੂੰ ਸਾਰੀ ਗੱਲ ਦਾ ਪਤਾ ਲੱਗਾ ਤੇ ਉਨ੍ਹਾਂ ਇਸ ਨੂੰ ਲੁਕਾ ਕੇ ਰੱਖ ਦਿੱਤਾ।
ਇਕ ਵਾਰੀ ਇਹ ਸੋਟੀ ਮੇਰੇ 'ਤੇ ਵੀ ਵਰਤੀ ਗਈ। ਮੈਂ ਤੇ ਗੁਰਬੱਸੂੰ (ਗੁਰਬਖਸ਼ ਸਿੰਘ) ਇਕ ਐਤਵਾਰ ਚਾਟੀਵਿੰਡ ਵਾਲੀ ਨਹਿਰ 'ਤੇ ਨਹਾਉਣ ਗਏ। ਦੁਪਹਿਰ ਤੋਂ ਨਹਾਉਂਦਿਆਂ ਚੌਥੇ ਪਹਿਰ ਦਾ ਅੱਧ ਵੀ ਲੰਘਾ ਦਿੱਤਾ। ਜਦੋਂ ਭੁੱਖ ਨੇ ਤੰਗ ਕੀਤਾ ਤਾਂ ਘਰ ਨੂੰ ਤੁਰ ਪਏ। ਜਦੋਂ ਚਾਟੀਵਿੰਡ ਦੇ ਦਰਵਾਜ਼ਿਓਂ ਬਾਹਰ ਸਕੱਤਰੀ ਬਾਗ ਦੇ ਸਾਹਮਣੇ ਅੱਪੜੇ ਤਾਂ 'ਸ਼ਹੀਦਾਂ ਦੇ' ਨਗਾਰਾ ਖੜਕਿਆ, ਗੁਰਬੱਸੂੰ ਕਹਿਣ ਲੱਗਾ, "ਓਇ ਪਾੜ੍ਹਿਆ, ਓਇ ਆ, ਮਖ਼, ਸ਼ਹੀਦਾਂ ਦਿਓਂ ਸ਼ਰਦਾਈ ਪੀ ਚੱਲੀਏ।"
ਮੈਂ ਉਦੋਂ ਨੌਵੀਂ ਵਿਚ ਪੜ੍ਹਦਾ ਸਾਂ ਪਰ ਕਾਫੀ ਬੁੱਧੂ ਸਾਂ (ਹੈਰਾਨ ਹਾਂ ਕਿ ਛੋਟੇ ਹੁੰਦਿਆਂ ਮੈਂ ਤੀਬਰ ਬੁੱਧੀ ਤੇ ਏਨਾ ਚਿਤੰਨ ਕਿੱਦਾਂ ਸਾਂ)। ਖਬਰੇ ਪਿਤਾ ਜੀ ਦੇ ਮੇਰੇ ਬਚਪਨ ਵਿਚ ਹੀ ਸੁਰਗਵਾਸ ਹੋਣ ਅਤੇ ਘਰ ਵਿਚ ਘਾਟਿਆਂ ਸਦਕਾ ਆਈ ਗਰੀਬੀ ਦਾ ਇਹ ਅਸਰ ਹੋਵੇ ਜਾਂ ਮਾਤਾ ਜੀ ਦੀ, ਜੋ ਪਿਤਾ ਜੀ ਦੀ ਮੌਤ ਮਗਰੋਂ ਮਾਤਾ ਤੋਂ ਇਲਾਵਾ ਇਕ ਸਖਤ ਪਿਤਾ ਵੀ ਬਣ ਗਏ ਸਨ, ਕਰੜੀ ਨਿਗਰਾਨੀ ਦਾ। ਸ਼ਰਦਾਈ, ਮੇਰੀ ਮਾਤਾ ਜੀ, ਪੰਜਵੇਂ ਸਤਵੇਂ ਗਰਮੀਆਂ ਦੀ ਰੁੱਤੇ, ਮੈਨੂੰ ਬਦਾਮ, ਖਸਖਸ, ਚਾਰੇ ਮਗਜ਼ ਆਦਿ ਘੋਟ ਕੇ ਬਣਾ ਦਿੰਦੇ ਸਨ। ਸ਼ਰਦਾਈ ਦਾ ਨਾਂ ਸੁਣ ਕੇ ਮੇਰੇ ਮੂੰਹ ਵਿਚ ਪਾਣੀ ਭਰ ਆਇਆ, ਅਤੇ ਸਾਡੇ ਦੋਹਾਂ ਦੇ ਕਦਮ 'ਸ਼ਹੀਦਾਂ' ਵੱਲ ਮੁੜ ਪਏ।
ਹੱਥ-ਹਰਟੀ ਵਾਲੇ ਖੂਹ ਦੇ ਲਾਗੇ, ਲੰਗਰ ਵਾਲੇ ਕਮਰਿਆਂ ਦੇ ਸਾਹਮਣੇ ਸਿੰਘਾਂ ਦੀਆਂ ਪੰਗਤਾਂ ਲੱਗੀਆਂ ਹੋਈਆਂ ਸਨ। ਸਾਹਮਣੇ ਸਰਬ ਲੋਹ ਦੇ ਬਾਟੇ ਪਏ ਸਨ। ਅਸੀਂ ਵੀ ਪੰਗਤ ਵਿਚ ਬੈਠ ਗਏ। ਬੈਠਦਿਆਂ ਸਾਰ ਹੀ ਦੋ ਖਾਲੀ ਬਾਟੇ ਸਾਡੇ ਸਾਹਮਣੇ ਰੱਖ ਦਿੱਤੇ ਗਏ। ਇਕ ਨਿਹੰਗ ਸਿੰਘ ਨੇ ਬਾਲਟੀ ਫੜੀ ਹੋਈ ਸੀ ਅਤੇ ਦੂਸਰਾ ਨਿਹੰਗ ਸਿੰਘ ਬਾਲਟੀ ਵਿਚੋਂ ਬਾਟਾ ਡੁਬੋ-ਡੁਬੋ ਕੇ ਪਰਲੇ ਬੰਨਿਓਂ ਵਰਤਾਈ ਤੁਰੇ ਆਉਂਦੇ ਸਨ। ਸਾਡੇ ਲਾਗਲੇ ਨੇ ਆਪਣੇ ਲਾਗਲੇ ਨੂੰ ਕਿਹਾ, "ਅੱਜ ਸਬਜ਼ੇ ਦੇ ਗੱਫੇ ਤੇ ਨਹੀਂ, ਨਿਧਾਨ ਸਿੰਆਂ।"
ਨਿਧਾਨ ਸਿੰਘ ਨੇ ਉਤਰ ਦਿੱਤਾ, "ਅੱਜ ਐਤਵਾਰ ਐ, ਬਈ, ਅੱਜ ਸ਼ਹੀਦੀ ਦੇਗਾਂ ਨੇ।"
ਹੁਣ ਮੇਰਾ ਵੀ ਬਾਟਾ ਭਰ ਦਿੱਤਾ ਗਿਆ। ਪੰਗਤ ਨੇ ਪੰਜ ਜੈਕਾਰੇ ਗੱਜਾਏ ਤੇ ਸਾਰਿਆਂ ਬਾਟੇ ਚੁੱਕ ਕੇ ਮੂੰਹ ਨਾਲ ਲਾ ਲਏ। ਵਾਹਵਾ ਸੁਆਦੀ ਸ਼ਰਦਾਈ ਸੀ। ਕਾਫ਼ੀ ਸਿੰਘ ਬਾਟੇ ਰੱਖ ਕੇ ਤੁਰ ਗਏ। ਥੋੜ੍ਹੇ ਬੈਠੇ ਰਹੇ। ਅਸੀਂ ਵੀ ਬੈਠੇ ਰਹੇ। ਨਿਹੰਗ ਸਿੰਘਾਂ ਨੇ ਸਾਰਾ ਸਾਰਾ ਬਾਟਾ ਬਾਕੀਆਂ ਨਾਲ ਸਾਡਾ ਵੀ ਭਰ ਦਿੱਤਾ। ਅਸੀਂ ਫੇਰ ਚੜ੍ਹਾ ਗਏ। ਹੁਣ ਹੋਰ ਸੰਗਤਾਂ, ਪੰਗਤ ਛੱਡ ਗਈਆਂ। ਦੋ ਤਿੰਨ ਹੋਰ ਤੇ ਅਸੀਂ ਦੋਵੇਂ ਹੀ ਰਹਿ ਗਏ। ਬਾਕੀਆਂ ਨੂੰ ਅੱਧਾ ਅੱਧਾ ਬਾਟਾ ਵਰਤਾ ਕੇ ਜਦ ਨਿਹੰਗ ਸਿੰਘ ਸਾਡੇ ਕੋਲ ਪੁੱਜੇ ਤਾਂ ਉਨ੍ਹਾਂ ਗਹੁ ਨਾਲ ਸਾਡੇ ਵੱਲ ਦੇਖਿਆ ਤੇ ਕ੍ਰੋਧ ਵਿਚ ਆ ਕੇ ਬਾਟਾ ਮਾਰਨ ਲਈ ਉਘਰ ਕੇ ਕਹਿਣ ਲੱਗੇ, "ਤੁਹਾਡੀ ਭੈਂ ਸੁੰਨੂੰ, ਦੌੜ ਜਾਓ ਏਥੋਂ।" ਅਸੀਂ ਨਿਹੰਗ ਸਿੰਘਾਂ ਤੋਂ ਡਰਦੇ ਮਾਰੇ ਜਿਉਂ ਦੌੜੇ, ਚਾਟੀਵਿੰਡ ਦੇ ਦਰਵਾਜ਼ੇ ਆਣ ਸਾਹ ਲਿਆ। ਫੇਰ ਅਸੀਂ ਰੁਮਕਦੇ ਰੁਮਕਦੇ ਮੋਨੀ ਦੇ ਚੌਕ ਵੱਲ ਤੁਰ ਪਏ। ਰਾਹ ਵਿਚ ਸਾਨੂੰ ਕੁਝ ਖਿਡਾਰੀ ਦੋਸਤ ਮਿਲੇ, ਪਰ ਸਾਨੂੰ ਭੁੱਖ ਨੇ ਬੜਾ ਸਤਾਇਆ ਹੋਇਆ ਸੀ। ਮਸੀਂ ਮਸੀਂ ਦਸ ਮਿੰਟ ਲਾ ਕੇ ਉਨ੍ਹਾਂ ਤੋਂ ਪੱਲਾ ਛੁਡਾਇਆ। ਮੋਨੀ ਦੇ ਚੌਕ ਤੋਂ ਲਛਮਣਸਰ ਤੱਕ ਪਹੁੰਚਦਿਆਂ ਪਹੁੰਚਦਿਆਂ ਗੁਰਬੱਸੂੰ ਨੇ ਕਈ ਵਾਰੀ ਮੇਰੇ ਚਿਹਰੇ ਵੱਲ ਗਹੁ ਨਾਲ ਦੇਖਿਆ। ਗੁਰਬੱਸੂੰ ਦੀਆਂ ਅੱਖਾਂ ਨਹਾਉਣ ਨਾਲ ਲਾਲ ਹੋ ਜਾਂਦੀਆਂ ਸਨ। ਪਰ ਹੁਣ ਤਾਂ ਨਹਿਰੋਂ ਆਇਆਂ ਵੀ ਘੰਟੇ ਤੋਂ ਵੱਧ ਹੋ ਚੁੱਕਾ ਸੀ, ਫੇਰ ਵੀ ਉਸ ਦੀਆਂ ਅੱਖਾਂ ਕੁਝ ਵਧੇਰੇ ਹੀ ਲਾਲ ਸਨ ।
ਆਖਰ ਅਸੀਂ ਆਪਣੀ ਗਲੀ ਵਿਚ ਆ ਵੜੇ। ਗਲੀ ਦੇ ਅੱਧ ਵਿਚ, ਸੰਤਾਂ ਦੀ ਡਿਉਢੀ ਹੇਠਾਂ, ਇਕ ਸਾਂਝਾ ਤਖ਼ਤਪੋਸ਼ ਸੀ, ਜਿਥੇ ਦੁਪਹਿਰਾਂ ਨੂੰ ਤਾਸ਼, ਚੌਪੜ ਜਾਂ ਸ਼ਤਰੰਜ ਦੀਆਂ ਮਹਿਫ਼ਲਾਂ ਗਰਮ ਹੁੰਦੀਆਂ ਸਨ। ਹੁਣ ਉਹ ਤਖ਼ਤਪੋਸ਼ ਵਿਹਲਾ ਸੀ। ਉਸ ਕੋਲ ਪਹੁੰਚ ਕੇ ਗੁਰਬੱਸੂੰ ਨੇ ਮੈਨੂੰ ਦੋਹਾਂ ਮੋਢਿਆਂ ਤੋਂ ਫੜ ਕੇ ਮੇਰੀਆਂ ਅੱਖਾਂ ਵਿਚ ਤੱਕਦਿਆਂ ਕਿਹਾ, "ਮਖ ਭਾਊ, ਤੈਨੂੰ ਕੁਝ ਨਹੀਂ ਹੋਇਆ?"
ਮੈਂ ਬੇਅਰਥ ਗਾਲ੍ਹ ਕੱਢਦਿਆਂ ਕਿਹਾ, "ਹੋਵੇ ਤੈਨੂੰ, ਤੇਰੇ ਘਰਦਿਆਂ ਨੂੰ, ਓਇ। ਮੈਨੂੰ ਕਿਉਂ ਕੁਝ ਹੋਵੇ?"
ਗੁਰਬੱਸੂੰ ਦੀ ਤੱਕਣੀ ਵਿਚ ਹੈਰਾਨੀ ਸੀ। ਕਹਿਣ ਲੱਗਾ, "ਭਈ ਜਿਹੜੀ ਅਸੀਂ ਸ਼ਰਦਾਈ ਪੀਤੀ ਸੀ, ਉਹ ਤੇ ਸੁੱਖਾ ਸੀ।"
ਮੈਂ ਕੁਝ ਚਿਰ ਹੱਕਾ-ਬੱਕਾ ਉਸ ਦੀਆਂ ਲਾਲ ਅੱਖਾਂ ਵਿਚ ਦੇਖਦਾ ਰਿਹਾ। ਅਚਾਨਕ ਕਿਸੇ ਲੋਹੇ ਦੇ ਵੱਡੇ ਹੱਥ ਦੀਆਂ ਉਂਗਲਾਂ ਨੇ ਮੇਰੇ ਸਿਰ ਨੂੰ ਕੱਸਣਾ ਸ਼ੁਰੂ ਕੀਤਾ, ਇਕ ਖੁਸ਼ਕ ਜਹੀ ਅਕੜਾਹਟ ਮੇਰੇ ਦਿਮਾਗ ਦੀਆਂ ਨਸਾਂ ਵਿਚ ਆਈ, ਫੇਰ ਮਾਨੋ ਉਸ ਹੱਥ ਨੇ ਮੇਰੇ ਸਿਰ ਨੂੰ ਭੁਆਉਣਾ ਸ਼ੁਰੂ ਕਰ ਦਿੱਤਾ ਤੇ ਮੈਂ ਹੇਠਾਂ ਧਸਣਾ। ਐਥੋਂ ਤੱਕ ਕਿ ਮੈਂ ਤਖ਼ਤਪੋਸ਼ ਦਾ ਆਸਰਾ ਲੈ ਕੇ ਭੋਇੰ 'ਤੇ ਬਹਿ ਗਿਆ। ਮੇਰਾ ਘਰ ਇਥੋਂ ਪਹਿਲੇ ਮੋੜ ਦੇ ਉਹਲੇ ਸੀ, ਜੋ ਮਸੀਂ ਪੰਜਾਹ ਕੁ ਗਜ਼ ਦੀ ਵਿੱਥ 'ਤੇ ਹੋਵੇਗਾ। ਗੁਰਬੱਸੂੰ ਨੇ ਮੈਨੂੰ ਆਸਰਾ ਦਿੱਤਾ ਅਤੇ ਮੈਨੂੰ ਮੇਰੇ ਘਰ ਦੇ ਕੱਚੇ ਥੜ੍ਹੇ 'ਤੇ ਬਿਠਾ ਕੇ ਤਿੱਤਰ ਹੁੰਦਾ ਬਣਿਆ।
ਮੈਂ ਆਪਣੇ ਘਰ ਦੇ ਬੂਹੇ ਵੱਲ ਪਿੱਠ ਕਰੀ, ਥੜ੍ਹੇ ਤੋਂ ਗਲੀ ਵਿਚ ਲੱਤਾਂ ਲਮਕਾਈ, ਆਪਣੇ 'ਤੇ ਕਾਬੂ ਪਾਉਣ ਲਈ ਆਪਣੇ ਸਾਰੇ ਬਲ ਅਤੇ ਚੇਤਨਾ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਮੇਰੀ ਮਾਤਾ ਅੰਦਰੋਂ ਨਿਕਲੀ ਤੇ ਕਹਿਣ ਲੱਗੀ, "ਐਥੇ ਕੀ ਕਰਨਾ ਵੇ ਬੈਠਾ? ਤੈਨੂੰ ਸੌ ਵਾਰੀ ਕਿਹਾ, ਨਹਿਰ 'ਤੇ ਨਾ ਜਾਇਆ ਕਰ, ਮੋਇਆ।"
ਮੈਂ ਬੋਲਣਾ ਚਾਹੁੰਦਾ ਵੀ ਕੁਝ ਨਾ ਬੋਲਿਆ। "ਤੇ ਤੂੰ ਖਾਣਾ ਕੁਝ ਨਹੀਂ?" ਹੁਣ ਮਾਤਾ ਦੇ ਲਹਿਜ਼ੇ ਵਿਚ ਨਰਮੀ ਸੀ। ਮੈਂ ਸਾਰਾ ਜ਼ੋਰ ਲਾ ਕੇ ਉਠ ਖਲੋਤਾ ਤੇ ਬੂਹੇ ਦੇ ਲਾਗੇ ਚੌਂਕੇ ਦੇ ਕੋਲ ਪਏ ਮੰਜੇ 'ਤੇ ਜਾ ਬੈਠਾ। ਪਤੀਲੇ ਵਿਚੋਂ ਲਪਟਾਂ ਉੱਠ ਰਹੀਆਂ ਸਨ। ਮਾਤਾ ਜੀ ਨੇ ਕੇਸਰੀ ਮਿੱਠੇ ਚੌਲ ਵੱਡੇ ਥਾਲ ਵਿਚ ਮੁਧਿਆ ਦਿੱਤੇ ਤੇ ਮੇਰਾ ਹਿੱਸਾ ਮੈਨੂੰ ਥਾਲੀ ਵਿਚ ਪਾ ਕੇ ਦੇ ਦਿੱਤਾ। ਪਤਾ ਨਹੀਂ ਮੇਰੇ ਵਿਚ ਕਿਥੋਂ ਬਲ ਆ ਗਿਆ? ਮੈਂ ਚੌਲ ਖਾਣੇ ਸ਼ੁਰੂ ਕਰ ਦਿੱਤੇ। ਉਸ ਦਿਨ ਚੌਲਾਂ ਦਾ ਬੜਾ ਸੁਆਦ ਆਇਆ। ਮਾਤਾ ਨੇ ਪੁੱਛਿਆ, "ਹੋਰ"। ਮੈਂ ਭਾਵੇਂ ਚੁੱਪ ਰਿਹਾ, ਪਰ ਮਾਤਾ ਨੇ ਆਪਣੇ ਹਿੱਸੇ ਵਿਚੋਂ ਵੀ ਅੱਧ ਦੇ ਹੀ ਦਿੱਤਾ। ਮੇਰੀ ਭੁੱਖ ਫੇਰ ਵੀ ਨਾ ਮਿਟੀ। ਉਨ੍ਹਾਂ ਸਵੇਰ ਦੀਆਂ ਵੇਸਣ ਵਾਲੀਆਂ ਦੁਪੜਾਂ ਵਿਚੋਂ ਇਕ ਗਰਮ ਕੀਤੀ ਤੇ ਮੈਨੂੰ ਦੇ ਦਿੱਤੀ। ਮੈਂ ਉਹ ਵੀ ਖਾ ਗਿਆ। ਮੇਰੀ ਮਾਤਾ ਨੂੰ ਕੁਝ ਸ਼ੱਕ ਗੁਜ਼ਰਿਆ। ਉਨ੍ਹਾਂ ਮੇਰੇ ਵੱਲ ਗਹੁ ਨਾਲ ਦੇਖਣਾ ਸ਼ੁਰੂ ਕੀਤਾ। ਮੈਨੂੰ ਮੇਰੀਆਂ ਅੱਖਾਂ ਮਿਲਦੀਆਂ ਜਾਂਦੀਆਂ ਮਲੂਮ ਹੁੰਦੀਆਂ ਸਨ। ਮੈਂ ਆਪਣੇ ਸਾਰੇ ਸਰੀਰ ਦਾ ਜ਼ੋਰ ਉਨ੍ਹਾਂ ਨੂੰ ਖੁੱਲ੍ਹੀਆਂ ਰੱਖਣ ਲਈ ਲਾ ਰਿਹਾ ਸਾਂ। ਇਉਂ ਜਾਪਦਾ ਸੀ ਜਿਵੇਂ ਮੇਰੀਆਂ ਅੱਖਾਂ ਦੇ ਪਰਦਿਆਂ ਵਿਚ ਕਿਸੇ ਮਣ-ਮਣ ਸਿੱਕਾ ਭਰ ਦਿੱਤਾ ਹੋਵੇ। ਮੇਰੇ ਅੱਖਾਂ ਝਪਕਦਿਆਂ ਹੀ ਕਦੋਂ ਦੀ ਲੁਕਾਈ ਹੋਈ ਸੋਟੀ ਪਤਾ ਨਹੀਂ ਕਿਥੋਂ ਆ ਗਈ। ਸਾੜ-ਸਾੜ ਦੋ ਕੁ ਹੀ ਪਈਆਂ ਤਾਂ ਕੁਝ ਚਿਰ ਲਈ ਹੋਸ਼ ਪਰਤ ਆਈ, ਪਰ ਇਹ ਹੋਸ਼ ਕਾਫੀ ਨਹੀਂ ਸੀ। ਆਉਂਦੀ ਸੋਟੀ ਹਨੂਮਾਨ ਦਾ ਪਹਾੜ ਜਾਪਦੀ। ਰੋਕਣ ਲਈ ਹੱਥ ਕਰਦਿਆਂ ਕਰਦਿਆਂ ਸਾੜ ਕਰਦੀ ਵੱਖੀ ਵਿਚ ਆ ਪੈਂਦੀ। ਛੁਟਕਾਰਾ ਤਾਂ ਹੋਇਆ, ਜੇ ਗੁਰਬੱਸੂੰ ਦੀ ਸ਼ਰਦਾਈ ਵਾਲੀ ਕਥਾ, ਜਿੰਨੀ ਕੁ ਉਸ ਹਾਲਤ ਵਿਚ ਸੁਣਾਈ ਜਾ ਸਕਦੀ ਸੀ, ਸੁਣਾ ਕੇ ਮੈਂ ਲੇਟ ਗਿਆ।
ਖਬਰੇ ਇਸੇ ਸੋਟੀ ਦੀ ਬਦੌਲਤ ਮੈਂ ਫੇਰ ਭੰਗ ਛੱਡਿਆ, ਕਦੇ ਹੋਰ ਕਿਸੇ ਨਸ਼ੇ ਦਾ ਵੀ ਸੁਆਦ ਨਹੀਂ ਦੇਖਿਆ। ਇਸ ਸੋਟੀ ਦੇ ਗਿਆਨ ਨੂੰ ਬਾਕੀ ਹੋਰ ਗਿਆਨ ਨੇ ਕਿੰਨੀ ਕੁ ਪਾਹ ਚਾੜ੍ਹੀ, ਮੈਂ ਪੂਰੀ ਤਰ੍ਹਾਂ ਨਹੀਂ ਕਹਿ ਸਕਦਾ।
ਇਹ ਸੋਟੀ ਕਈ ਵਾਰੀ ਬੁੱਢਿਆਂ ਦੀ ਟੇਕ ਦੇ ਰੂਪ ਵਿਚ ਵੀ ਮੈਨੂੰ ਦਿਸ ਆਈ ਹੈ। ਥੋੜ੍ਹਿਆਂ ਦੀ ਹੱਦ ਦੀ ਅਮੀਰੀ ਅਤੇ ਬਹੁਤਿਆਂ ਦੀ ਅੱਤ ਦੀ ਗਰੀਬੀ ਦੇ ਇਸ ਯੁਗ ਵਿਚ ਪੁੱਤਰ ਵੀ, ਆਰਥਕ ਹਾਲਾਤ ਦੇ ਮਾਤਹਿਤ, ਆਪਣੇ ਮਾਪਿਆਂ ਦੀ ਟੇਕ ਨਹੀਂ ਬਣ ਸਕਦੇ। ਇਸ ਸੋਟੀ ਦਾ ਇਕ ਹੋਰ ਭਵਿੱਖਤ ਸੁੰਦਰ ਰੂਪ ਯਥਾਰਥਵਾਦੀ ਕਲਪਨਾ ਸਾਹਮਣੇ ਸਥਿਰ ਹੁੰਦਾ ਜਾਪਦਾ ਹੈ। ਜਦ ਸੰਸਾਰ ਭਰ ਦੇ ਬੁੱਢਿਆਂ, ਕੌਮੀ ਧਨ ਨੂੰ ਆਪਣੇ ਵਿੱਤ ਅਨੁਸਾਰ ਪੈਦਾ ਕਰ ਕੇ, ਕੌਮੀ ਧਨ ਨੂੰ ਵਧਾ ਚੁੱਕੇ ਬੁਢੇਪੇ ਨੂੰ ਪ੍ਰਾਪਤ ਬਜ਼ੁਰਗਾਂ ਦੀ ਟੇਕ ਸਮਾਜ ਆਪ ਹੋਵੇਗਾ ਅਤੇ ਕਿਸੇ ਬੁੱਢੇ-ਬਜ਼ੁਰਗ ਨੂੰ ਹੱਸਦੀ ਸੁੰਦਰ ਮੌਤ ਨਾਲ ਗਲਵਕੜੀ ਪਾਉਣ ਦੇ ਸਮੇਂ ਤਕ ਕਦੇ ਸੋਟੀ ਨਹੀਂ ਫੜਨੀ ਪਵੇਗੀ।
ਸਮਾਜ-ਵਿਰੋਧੀ ਕਾਰਵਾਈਆਂ ਨੂੰ ਰੋਕਣ ਲਈ ਇਸ ਸੋਟੀ ਵਿਚ ਮੈਨੂੰ ਸਜ਼ਾਵਾਂ ਤੇ ਜੇਲ੍ਹਾਂ ਵੀ ਦਿੱਸਦੀਆਂ ਹਨ। ਪਰ ਜਦੋਂ ਦੇਸੀ ਜਾਂ ਬਦੇਸੀ ਸਰਕਾਰਾਂ ਲੋਕਾਂ ਨੂੰ ਹੱਕਾਂ ਤੇ ਸੁਤੰਤਰਤਾ ਤੋਂ ਵਾਂਜਿਆਂ ਰੱਖਣ ਲਈ ਇਸ ਨੂੰ ਵਰਤਦੀਆਂ ਹਨ ਤਾਂ ਮੈਨੂੰ ਪਿਤਾ ਜੀ ਦੇ ਹੱਥ ਵਾਲੀ ਸੋਟੀ ਦਾ ੧੯੧੪ ਵਾਲਾ ਭਯੰਕਰ ਜ਼ਾਲਮ ਰੂਪ ਦਿੱਸਦੀਆਂ ਹਨ।
ਅਧਿਆਪਕ ਜੀਵਨ ਵਿਚ ਵੀ ਇਸ ਨੂੰ ਘਟ ਵਰਤ ਕੇ ਮੈਂ ਇਸ ਨਤੀਜੇ 'ਤੇ ਪਹੁੰਚਿਆ ਹਾਂ ਕਿ ਗਿਆਨ ਦਿੱਤਾ ਜਾ ਸਕਦਾ ਹੈ ਬਿਨਾਂ ਸੋਟੀ ਤੋਂ, ਤੇ ਦਰੁਸਤੀ ਕੀਤੀ ਜਾ ਸਕਦੀ ਹੈ ਬਿਨਾਂ ਸਜ਼ਾ ਤੋਂ। ਭਵਿੱਖਤ ਵਿਚ ਮੈਨੂੰ ਇਕ ਸਮਾਜ ਪਰਬੰਧ ਉਸਰਦਾ ਜਾਪਦਾ ਹੈ, ਜਿਸ ਵਿਚ ਸਜ਼ਾ ਸਿੱਖਿਆ ਵਿਚ ਬਦਲ ਜਾਵੇਗੀ ਅਤੇ ਸੋਟੀ ਦੀ ਵਰਤੋਂ ਬਿਲਕੁਲ ਬੰਦ ਹੋ ਜਾਵੇਗੀ। ਸੋਟੀ ਸੰਸਾਰ ਦੇ ਅਜਾਇਬ ਘਰ ਵਿਚ ਕਦੇ ਉਸੇ ਤਰ੍ਹਾਂ ਟੰਗ ਦਿੱਤੀ ਜਾਵੇਗੀ, ਜਿਵੇਂ ਔਹ ਟੰਗੀ ਪਈ ਹੈ ਮੇਰੇ ਪਿਤਾ ਜੀ ਦੀ ਸੋਟੀ, ਮੇਰੇ ਟੁੱਟੇ ਖੁੱਸੇ ਘਰ ਦੇ ਚੁਬਾਰੇ ਦੀ ਰੰਗੀਲ ਕਿੱਲੀ ਨਾਲ!

ਪੰਜਾਬੀ ਕਹਾਣੀਆਂ (ਮੁੱਖ ਪੰਨਾ)