Steppe De Maidanan Vich (Story in Punjabi) : Maxim Gorky

ਸਟੈੱਪੀ ਦੇ ਮੈਦਾਨਾਂ ਵਿੱਚ (ਕਹਾਣੀ) : ਮੈਕਸਿਮ ਗੋਰਕੀ

ਅਸੀਂ ਪੀਰੇਕੋਪ ਨੂੰ ਤਬੀਅਤ ਦੇ ਇੰਤਹਾਈ ਚਿੜਚਿੜੇਪਣ ਅਤੇ ਬਦਤਰੀਨ ਸੂਰਤ-ਏ-ਹਾਲ ਦੇ ਤਹਿਤ ਯਾਨੀ ਜੰਗਲ਼ੀ ਬਘਿਆੜਾਂ ਦੀ ਤਰ੍ਹਾਂ ਭੁੱਖੇ ਅਤੇ ਤਮਾਮ ਦੁਨੀਆ ਨਾਲ ਨਰਾਜ ਹਾਲ ਵਿੱਚ ਖ਼ੈਰ ਬਾਦ ਕਿਹਾ ਸੀ ਪੂਰੇ ਬਾਰਾਂ ਘੰਟੇ ਅਸੀਂ ਇਸ ਕੋਸ਼ਿਸ਼ ਵਿੱਚ ਸਰਫ਼ ਕਰ ਦਿੱਤੇ ਸਨ ਕਿ ਕਿਸੇ ਨਾ ਕਿਸੇ ਤਰ੍ਹਾਂ…. ਜ਼ਾਇਜ਼ ਯਾ ਨਾਜ਼ਾਇਜ਼ ਤਰੀਕੇ, ਚੋਰੀ ਦੇ ਜ਼ਰੀਏ ਯਾ ਖ਼ੁਦ ਕਮਾ ਕੇ ਪੇਟ ਪੂਜਾ ਦਾ ਸਾਮਾਨ ਕਰੀਏ, ਮਗਰ ਜਦੋਂ ਸਾਨੂੰ ਇਸ ਗੱਲ ਦਾ ਪੂਰਾ ਯਕੀਨ ਹੋ ਗਿਆ ਕਿ ਅਸੀਂ ਆਪਣੇ ਮਕਸਦ ਵਿੱਚ ਕਿਸੇ ਤਰ੍ਹਾਂ ਕਾਮਯਾਬ ਨਹੀਂ ਹੋ ਸਕਦੇ, ਤਾਂ ਅਸੀਂ ਅੱਗੇ ਵਧਣ ਦਾ ਕਸ਼ਟ ਕੀਤਾ…. ਕਿਧਰ?…. ਬੱਸ ਜ਼ਰਾ ਹੋਰ ਅੱਗੇ , ਹੋਰ ਅੱਗੇ !
ਇਹ ਫ਼ੈਸਲਾ ਇਤਫ਼ਾਕ ਰਾਏ ਨਾਲ ਮਨਜ਼ੂਰ ਹੋ ਗਿਆ। ਅਜੇ ਅਸੀਂ ਜ਼ਿੰਦਗੀ ਦੀ ਇਸ ਸ਼ਾਹਰਾਹ ਤੇ ਜਿਸ ਤੇ ਅਸੀਂ ਇਕ ਮੁਦਤ ਤੋਂ ਚੱਲੇ ਹੋਏ ਸੀ ਸਫ਼ਰ ਕਰਨ ਨੂੰ ਤਿਆਰ ਸੀ। ਇਸ ਦਾ ਫ਼ੈਸਲਾ ਬਿਲਕੁਲ ਖ਼ਾਮੋਸ਼ੀ ਵਿੱਚ ਹੋਇਆ। ਅਗਰ ਇਸ ਫ਼ੈਸਲੇ ਨੂੰ ਕੋਈ ਚੀਜ਼ ਉਘਾੜ ਕੇ ਜ਼ਾਹਰ ਕਰਨ ਵਾਲੀ ਸੀ ਤਾਂ ਸਾਡੀਆਂ ਭੁੱਖੀਆਂ ਅੱਖਾਂ ਦੇ ਕੋਇਆਂ ਦੀ ਵਧ ਰਹੀ ਕਲੱਤਣ ਦੀ ਚਮਕ ਸੀ।
ਸਾਡੀ ਜਮਾਤ ਤਿੰਨ ਜਣਿਆਂ ਤੇ ਆਧਾਰਿਤ ਸੀ ਜਿਨ੍ਹਾਂ ਦੀ ਜਾਣ ਪਛਾਣ ਨੂੰ ਅਜੇ ਬਹੁਤ ਮੁਦਤ ਨਹੀਂ ਗੁਜ਼ਰੀ ਸੀ। ਸਾਡੀ ਵਾਕਫੀਅਤ ਦਰਿਆ ਦਨੀਪਰ ਦੇ ਕਿਨਾਰੇ ਖ਼ਰਸੋਨ ਦੇ ਇਕ ਵੋਦਕਾ ਦੇ ਠੇਕੇ ਦੇ ਅਹਾਤੇ ਵਿੱਚ ਹੋਈ ਸੀ।
ਸਾਡੇ ਵਿੱਚੋਂ ਇਕ ਰੇਲਵੇ ਪੁਲਸ ਵਿੱਚ ਸਿਪਾਹੀ ਰਿਹਾ ਸੀ ਅਤੇ ਉਸ ਦੇ ਬਾਦ ਵੀਸ਼ਲਾ ਦੀ ਇੱਕ ਰੇਲ ਪਟੜੀ ਤੇ ਪਲੇਟਾਂ ਲਾਉਣ ਵਾਲੇ ਇਕ ਮਜ਼ਦੂਰ ਦੀ ਹੈਸੀਅਤ ਨਾਲ ਕੰਮ ਕਰਦਾ ਰਿਹਾ ਸੀ। ਇਹ ਸ਼ਖ਼ਸ ਬਹੁਤ ਤਕੜਾ ਅਤੇ ਹੱਟਾ ਕੱਟਾ ਸੀ ਅਤੇ ਬਾਲ ਸੁਰਖ਼ ਸਨ ਤੇ ਠੰਡੀਆਂ ਝੱਖ ਅੱਖਾਂ … ਜਰਮਨ ਜ਼ਬਾਨ ਬੋਲ ਸਕਦਾ ਸੀ ਅਤੇ ਕੈਦ ਖ਼ਾਨੇ ਦੀ ਅੰਦਰੂਨੀ ਜ਼ਿੰਦਗੀ ਬਾਰੇ ਬਹੁਤ ਅੱਛੀ ਤਰ੍ਹਾਂ ਵਾਕਫ਼ ਸੀ।
ਸਾਡੀ ਕਿਸਮ ਦੇ ਲੋਕ ਆਪਣੀ ਜ਼ਿੰਦਗੀ ਦੇ ਬੀਤੇ ਹਾਲਾਤ ਤੇ ਰੌਸ਼ਨੀ ਪਾਉਣ ਦੇ ਖ਼ਿਆਲ ਨੂੰ ਬਹੁਤ ਬੁਰਾ ਤਸੱਵਰ ਕਰਦੇ ਹਨ, ਕੁਝ ਘੱਟ ਜਾਂ ਵਧ ਸਹੀ ਕਾਰਨਾਂ ਕਰਕੇ ਹਮੇਸ਼ਾ ਖ਼ਾਮੋਸ਼ੀ ਨੂੰ ਤਰਜੀਹ ਦਿੰਦੇ ਹਨ। ਸਾਨੂੰ ਇਸ ਦਾ ਪੂਰਾ ਯਕੀਨ ਸੀ ਕਿ ਸਾਡੇ ਹਰ ਸਾਥੀ ਨਾਲ ਇਕ ਨਾ ਇਕ ਤਲਖ਼ ਕਹਾਣੀ ਜ਼ਰੂਰ ਜੁੜੀ ਹੈ ਮਗਰ ਅਸੀਂ ਇੱਕ ਦੂਜੇ ਤੋਂ ਇਸ ਦੇ ਬਾਰੇ ਵਿੱਚ ਕਦੇ ਪੁੱਛ ਗਿਛ ਨਹੀਂ ਕਰਦੇ ਸਾਂ ।
ਸਾਡਾ ਦੂਸਰਾ ਸਾਥੀ ਖੁਸ਼ਕ ਤੇ ਮਧਰੇ ਕੱਦ ਦਾ ਸੀ ਤੇ ਹਮੇਸ਼ਾ ਆਪਣੇ ਪਤਲੇ ਬੁਲ੍ਹ ਮੀਚੀ ਰਖਦਾ ਸੀ। ਜਦੋਂ ਉਸ ਨੇ ਸਾਨੂੰ ਦੱਸਿਆ ਕਿ ਉਹ ਮਾਸਕੋ ਯੂਨੀਵਰਸਿਟੀ ਦਾ ‘ਵਿਦਿਆਰਥੀ’ ਰਹਿ ਚੁੱਕਾ ਹੈ ਤਾਂ ਸਾਨੂੰ ਉਸ ਦੀ ਗੱਲ ਦਾ ਯਕੀਨ ਹੋ ਗਿਆ। ਦਰਅਸਲ ਸਾਡੇ ਲਈ ਇਹ ਚੀਜ਼ ਕੋਈ ਅਹਿਮੀਅਤ ਨਹੀਂ ਰੱਖਦੀ ਸੀ ਕਿ ਉਹ ਬੀਤੇ ਵਿੱਚ ਚੋਰ ਸੀ ਜਾਂ ਸਿਪਾਹੀ। ਕਾਬਿਲੇ ਜ਼ਿਕਰ ਬਾਤ ਤਾਂ ਇਹ ਸੀ ਕਿ ਉਹ ਜਦੋਂ ਸਾਨੂੰ ਮਿਲਿਆ, ਬਿਲਕੁਲ ਸਾਡੇ ਵਰਗਾ ਭੁੱਖਾ ਸੀ, ਅਤੇ ਸਾਡੀ ਤਰ੍ਹਾਂ ਸ਼ਹਿਰ ਵਿੱਚ ਪੁਲਿਸ ਦਾ ‘ਚਹੇਤਾ’ ਸੀ ਅਤੇ ਦਿਹਾਤ ਵਾਲਿਆਂ ਵਲੋਂ ਮਸ਼ਕੂਕ ਨਿਗਾਹਾਂ ਨਾਲ ਦੇਖਿਆ ਜਾਂਦਾ ਸੀ। ਅਤੇ ਉਹ ਵੀ ਉਹਨਾਂ ਸਭ ਨੂੰ ਇਕ ਨਿਤਾਣੇ ਭੁੱਖੇ ਜਾਨਵਰ ਦੀ ਤਰ੍ਹਾਂ ਨਫ਼ਰਤ ਦੀਆਂ ਨਿਗਾਹਾਂ ਨਾਲ ਦੇਖਦਾ ਸੀ ਅਤੇ ਹਰ ਕਿਸੇ ਤੋਂ ਬਦਲਾ ਲੈਣ ਦੇ ਸੁਪਨੇ ਲੈਂਦਾ ਰਹਿੰਦਾ ਸੀ ….ਗੱਲ ਮੁਕਾਉ ਇਨ੍ਹਾਂ ਖ਼ਿਆਲਾਂ ਅਤੇ ਮੌਜੂਦਾ ਹਾਲਾਤ ਦੇ ਪੱਖੋਂ ਉਹ ਵੀ ਸਾਡੇ ਵਿੱਚੋਂ ਹੀ ਇਕ ਸੀ।
ਬਦਕਿਸਮਤੀ ਇਤਿਹਾਦ ਪੈਦਾ ਕਰਨ ਦਾ ਬਿਹਤਰੀਨ ਜ਼ਰੀਆ ਹੁੰਦੀ ਹੈ ਇੱਥੋਂ ਤੱਕ ਕਿ ਅੱਡ ਅੱਡ ਸੁਭਾ ਵਾਲਿਆਂ ਨੂੰ ਵੀ ਇੱਕ ਕਰ ਦਿੰਦੀ ਹੈ ਅਤੇ ਸਾਨੂੰ ਇਸ ਗੱਲ ਦਾ ਪੱਕਾ ਯਕੀਨ ਸੀ ਕਿ ਅਸੀਂ ਮੁਸੀਬਤ ਜ਼ਦਾ ਹਾਂ । ਤੀਸਰਾ ਮੈਂ ਸੀ…. ਆਪਣੇ ਸ਼ਰਮੀਲੇਪਣ ਦੀ ਵਜ੍ਹਾ ਜੋ ਬਚਪਨ ਤੋਂ ਹੀ ਮੇਰੀ ਖ਼ਾਸੀਅਤ ਰਹੀ ਹੈ, ਮੈਂ ਆਪਣੀਆਂ ਸਿਫਤਾਂ ਦਾ ਜ਼ਿਕਰ ਬੇਕਾਰ ਸਮਝਦਾ ਹਾਂ।ਮੈਨੂ ਕਿਤੇ ਤੁਸੀਂ ਘਟੀਆ ਗੁਲਾਮ ਨਾ ਸਮਝ ਲਵੋਂ ਮੈਂ ਆਪਣੀਆਂ ਕਮੀਆਂ ਦਾ ਜਿਕਰ ਕਰਨ ਤੋਂ ਵੀ ਪਰਹੇਜ ਹੀ ਚੰਗਾ ਸਮਝਦਾ ਹਾਂ । ਮੇਰੇ ਚਰਿਤਰ ਤੇ ਰੌਸ਼ਨੀ ਪਾਉਣ ਦੇ ਲਈ ਬੱਸ ਏਨਾ ਕਹਿਣਾ ਕਾਫ਼ੀ ਹੋਏਗਾ ਕਿ ਮੈਂ ਆਪਣੇ ਆਪ ਨੂੰ ਦੂਸਰਿਆਂ ਤੋਂ ਹਮੇਸ਼ਾ ਅੱਛਾ ਅਤੇ ਆਹਲਾ ਸਮਝਦਾ ਰਿਹਾ ਹਾਂ…. ਅਤੇ ਅੱਜ ਭੀ ਮੇਰਾ ਇਹੀ ਅਕੀਦਾ ਹੈ।
ਇਹਨਾਂ ਹਾਲਾਤ ਦੇ ਤਹਿਤ ਅਸੀਂ ਪੀਰੇਕੋਫ਼ ਨੂੰ ਪਿੱਛੇ ਛੱਡ ਕੇ ਅੱਗੇ ਵਧ ਰਹੇ ਸਾਂ । ਸਾਡਾ ਮੁੱਖ ਮਕਸਦ ਕਿਸੇ ਗੱਡਰੀਏ ਦਾ ਦਰਵਾਜ਼ਾ ਖਟਖਟਾ ਕੇ ਰੋਟੀ ਮੰਗਣਾ ਸੀ। ਇਹ ਲੋਕ ਅਮੂਮਨ ਕਿਸੇ ਭਟਕੇ ਰਾਹੀ ਨੂੰ ਮਾਯੂਸ ਮੁੜਨ ਨਹੀਂ ਦਿੰਦੇ।
ਮੈਂ ਅਤੇ ਸਿਪਾਹੀ ਪਹਿਲੂ ਬਾ ਪਹਿਲੂ ਚੱਲ ਰਹੇ ਸਾਂ । ‘ਵਿਦਿਆਰਥੀ’ ਸਾਡੇ ਪਿੱਛੇ ਆ ਰਿਹਾ ਸੀ ਜਿਸ ਦੇ ਮੋਢਿਆਂ ਤੇ ਕੋਈ ਲੀੜਾ ਜਿਹਾ ਲਟਕ ਰਿਹਾ ਸੀ, ਜਿਸ ਨੇ ਕਦੇ ਕੋਟ ਦਾ ਕੰਮ ਦਿਤਾ ਹੋਏਗਾ। ਉਹਦੇ ਚੰਗੀ ਤਰ੍ਹਾਂ ਘਰੋੜ ਕੇ ਮੁੰਨੇ ਹੋਏ ਸਿਰ ਉੱਤੇ ਭਾਂਤ ਭਾਂਤ ਦੀਆਂ ਢੁੱਠਾਂ ਉਭਰੀਆਂ ਹੋਈਆਂ ਸਨ ਅਤੇ ਇਕ ਬੋਸੀਦਾ ਅਤੇ ਚੌੜੇ ਕਿਨਾਰੇ ਵਾਲੀ ਟੋਪੀ ਉਸ ਦੇ ਬਦਸੂਰਤ ਸਿਰ ਦੀ ਸ਼ਾਨ ਬਣੀ ਹੋਈ ਸੀ, ਪਤਲੀਆਂ ਟੰਗਾਂ ਨੂੰ ਇਕ ਪੁਰਾਣੀ ਟਾਕੀਆਂ ਜ਼ਦਾ ਪਤਲੂਨ ਛੁਪਾ ਰਹੀ ਸੀ ਅਤੇ ਪੈਰਾਂ ਵਿੱਚ ਕਿਸੇ ਟੁਟੇ ਹੋਏ ਬੂਟ ਦੇ ਤਲੇ, ਜੋ ਕਿਤੋਂ ਸੜਕ ਤੇ ਸੁਟੇ ਪਏ ਮਿਲ ਗਏ ਸੀ, ਇਕ ਰੱਸੀ ਨਾਲ ਬੰਨ੍ਹੇ ਹੋਏ ਸੀ…. ਇਸ ਜੁਗਾੜ ਨੂੰ ਉਹ ਚੱਪਲੀਆਂ ਦੇ ਨਾਮ ਨਾਲ ਪੁਕਾਰਦਾ ਸੀ।ਉਹ ਸੜਕ ਤੇ ਗਰਦ ਉੜਾਉਂਦਾ ਅਤੇ ਆਪਣੀਆਂ ਛੋਟੀਆਂ ਛੋਟੀਆਂ ਸ਼ਰਾਰਤੀ ਚੋਰ ਅੱਖਾਂ ਝਪਕਾਉਂਦਾ, ਖ਼ਾਮੋਸ਼ੀ ਦੇ ਨਾਲ ਚਲ ਰਿਹਾ ਸੀ।
ਸਿਪਾਹੀ ਨੇ ਇਕ ਲਾਲ ਸੁਰਖ਼ ਕਮੀਜ਼ ਪਹਿਨੀ ਹੋਈ ਸੀ ਜੋ ਬਕੌਲ ਉਸ ਦੇ ਉਸ ਨੇ ਖ਼ੁਦ ਆਪਣੀ ਮਿਹਨਤ ਦੇ ਪੈਸਿਆਂ ਨਾਲ ਕਰਨੋਂਨੈਫ਼ ਤੋਂ ਖ਼ਰੀਦੀ ਸੀ। ਇਸ ਕਮੀਜ਼ ਤੇ ਇਕ ਗਰਮ ਅਤੇ ਨਰਮ ਜਿਹੀ ਵਾਸਕਟ ਨਜ਼ਰ ਆ ਰਹੀ ਸੀ। ਟੰਗਾਂ ਤੇ ਇਕ ਖੁੱਲਾ ਪਾਜਾਮਾ ਲਿਪਟਿਆ ਹੋਇਆ ਸੀ ਸਿਰ ਤੇ ਉਸ ਨੇ ਇਕ ਫ਼ੌਜੀ ਟੋਪੀ ਤਿਰਛੇ ਅੰਦਾਜ਼ ਵਿੱਚ ਪਹਿਨ ਰੱਖੀ ਸੀ। ਪੈਰਾਂ ਵਿੱਚ ਬੂਟ ਵਗ਼ੈਰਾ ਕੁਛ ਭੀ ਨਹੀਂ ਸੀ।
ਮੈਂ ਕਪੜੇ ਤਾਂ ਪਹਿਨੇ ਹੋਏ ਸੀ ਮਗਰ ਨੰਗੇ ਪੈਰ ਸੀ।
ਅਸੀਂ ਚਲਦੇ ਰਹੇ…. ਸਾਡੇ ਚਾਰੇ ਤਰਫ਼ ਅਸੀਮ ਮੈਦਾਨ ਸੀ ਜਿਸ ਵਿੱਚ ਘਾਹ ਉੱਗ ਰਿਹਾ ਸੀ ,ਤੇ ਇਹ ਗਰਮੀਆਂ ਦੇ ਨੀਲੇ ਆਸਮਾਨ ਦੇ ਗੁੰਬਦ ਥੱਲੇ ਇੱਕ ਵੱਡੀ ਗੋਲ ਚਪਟੀ ਕਾਲੀ ਪਰਾਂਤ ਵਰਗਾ ਲੱਗ ਰਿਹਾ ਸੀ ਅਤੇ ਕੱਚਾ ਰੇਤਲਾ ਰਸਤਾ ਦੂਰ ਤੱਕ ਵਿਛਾਈ ਇੱਕ ਚੌੜੀ ਪੱਟੀ ਵਰਗਾ ਸੀ ਅਤੇ ਇਹਦੀ ਤਪਦੀ ਰੇਤ ਸਾਡੇ ਪੈਰਾਂ ਨੂੰ ਲੂਹ ਰਹੀ ਸੀ ਤੇ ਵਧਦੇ ਗਏ…. ਕਿਤੇ ਕਿਤੇ ਤਾਜਾ ਕੱਟੀ ਹੋਈ ਮੱਕੀ ਦੀ ਫ਼ਸਲ ਦੇ ਨਿਸ਼ਾਨ ਭੀ ਵਿਖਾਈ ਦੇ ਰਹੇ ਸਨ, ਜੋ ਸਿਪਾਹੀ ਦੀਆਂ ਨਾ ਮੁੰਨੀਆਂ ਹੋਈਆਂ ਗੱਲ੍ਹਾਂ ਦੇ ਮਾਨਿੰਦ ਸੀ।
ਉਹ ਕੁਝ ਜਿਆਦਾ ਹੀ ਭਰੜਾਈ ਆਵਾਜ਼ ਵਿੱਚ ਗੀਤ ਗਾਣ ਵਿੱਚ ਮਸਰੂਫ਼ ਤੁਰਿਆ ਜਾ ਰਿਹਾ ਸੀ।
“ ਮੁਬਾਰਕ ਐ ਮੁਬਾਰਕ ਮੋਇਆਂ ਦੀ ਜਾਗ
ਸਾਡੀ ਸਲਾਮ! ਅਸੀਂ ਤੇਰੇ ਗੀਤ ਗਾਈਏ...”
ਫੌਜ਼ ਦੀ ਮੁਲਾਜ਼ਮਤ ਦੌਰਾਨ ਉਹ ਗਿਰਜੇ ਵਿੱਚ ਡੀਕਨ ਦੇ ਤੌਰ ਤੇ ਸੇਵਾ ਵੀ ਕਰਦਾ ਰਿਹਾ ਸੀ ਇਸ ਲਈ ਲਾਜ਼ਮੀ ਤੌਰ ਤੇ ਉਸਨੂੰ ਬੇਸ਼ੁਮਾਰ ਮਜ਼੍ਹਬੀ ਗੀਤ ਜ਼ਬਾਨੀ ਯਾਦ ਸੀ। ਅਤੇ ਸਾਡੇ ਕੋਲ ਗੁਫ਼ਤਗੂ ਦੌਰਾਨ ਅਕਸਰ ਇਸ ਕਿਸਮ ਦੀ ਜਾਣਕਾਰੀ ਦਾ ਬੇਜਾ ਤਜ਼ਕਰਾ ਭੀ ਕਰਿਆ ਕਰਦਾ ਸੀ।
ਹੁਣ ਸਾਡੇ ਸਾਮ੍ਹਣੇ ਦੁਮੇਲ ਤੇ ਧੁੰਦਲੀਆਂ ਜਿਹੀਆਂ ਲਕੀਰਾਂ ਨਮੂਦਾਰ ਹੋ ਰਹੀਆਂ ਸਨ ਜਿਨ੍ਹਾਂ ਦਾ ਰੰਗ ਬਨਫ਼ਸ਼ੀ ਤੋਂ ਹਲਕਾ ਜ਼ਰਦ ਹੁੰਦਾ ਜਾ ਰਿਹਾ ਸੀ।
“ਇਹ ਕਰੀਮੀਆ ਦੀਆਂ ਪਹਾੜੀਆਂ ਹਨ”,’ਵਿਦਿਆਰਥੀ’ ਨੇ ਆਪਣੀ ਟੁੱਟੀ ਫੁੱਟੀ ਆਵਾਜ਼ ਵਿੱਚ ਕਿਹਾ।
“ਪਹਾੜੀਆਂ ਮਲੂਮ ਹੁੰਦੀਆਂ ਹਨ ।”ਸਿਪਾਹੀ ਨੇ ਤਨਜ਼ੀਆ ਲਹਿਜੇ ਵਿੱਚ ਉਸ ਨੂੰ ਕਿਹਾ, “ਬਹੁਤ ਤੇਜ਼ ਨਜ਼ਰ ਹੈ ਤੇਰੀ , ਇਹ ਤਾਂ ਬੱਦਲ ਹਨ, ਮਹਿਜ਼ ਬੱਦਲ! ਅਤੇ ਬੱਦਲ ਭੀ ਅਨੋਖੇ ਰੰਗ ਦੇ, ਜਿਵੇਂ ਦਹੀਂ ਵਿੱਚ ਚੂਰੇ ਹੋਏ ਫਲਾਂ ਦਾ ਰੰਗ ਹੁੰਦਾ ਹੈ!”
“ਆਹ, ਕਾਸ਼ ਇਹ ਵਾਕਈ ਇਹੋ ਜਿਹਾ ਮੁਰੱਬਾ ਹੁੰਦੇ!!” ਇਸ ਤਸ਼ਬੀਹ ਨੇ ਮੇਰੀ ਭੁੱਖ ਨੂੰ ਚਮਕਾਉਣ ਦਾ ਕੰਮ ਕੀਤਾ।
“ਖ਼ੁਦਾ ਦੀ ਕਸਮ!” ਸਿਪਾਹੀ ਨੇ ਝੱਲਾ ਕੇ ਕਿਹਾ, “ ਕਾਸ਼ ! ਸਾਨੂੰ ਕੋਈ ਇਨਸਾਨ ਮਿਲ ਜਾਏ!…. ਮਗਰ ਇੱਥੇ ਤਾਂ ਕਿਸੇ ਦਾ ਨਾਮੋ ਨਿਸ਼ਾਨ ਤੱਕ ਭੀ ਨਹੀਂ, ਮਲੂਮ ਹੁੰਦਾ ਹੈ ਕਿ ਸਾਨੂੰ ਭੀ ਜੰਗਲੀ ਰਿੱਛ ਦੀ ਤਰ੍ਹਾਂ ਆਪਣੇ ਪੰਜੇ ਚੂਸ ਕੇ ਗੁਜ਼ਾਰਾ ਕਰਨਾ ਪਏਗਾ!
“ਮੈਂ ਪਹਿਲੇ ਹੀ ਕਿਹਾ ਸੀ ਕਿ ਸਾਨੂੰ ਆਬਾਦੀ ਦਾ ਰੁੱਖ ਕਰਨਾ ਚਾਹੀਦਾਹੈ,” ‘ਵਿਦਿਆਰਥੀ’ ਨੇ ਉਪਦੇਸ਼ਕ ਲਹਿਜੇ ਵਿੱਚ ਕਿਹਾ।
“ਤੂੰ ਕਿਹਾ ਸੀ!…. ਇਹ ਤੇਰਾ ਹੀ ਹੱਕ ਸੀ, ਤਾਲੀਮ ਯਾਫ਼ਤਾ ਜੋ ਠਹਿਰਿਆ ਤੂੰ !…. ਮਗਰ ਕਿੱਥੇ ਹਨ ਉਹ ਆਬਾਦ ਸਥਾਨ ਜਿਨ੍ਹਾਂ ਦਾ ਤੂੰ ਜ਼ਿਕਰ ਕਰ ਰਿਹਾ ਹੈਂ,” ਸਿਪਾਹੀ ‘ਵਿਦਿਆਰਥੀ’ ਤੇ ਬਰਸ ਪਿਆ।
‘ਵਿਦਿਆਰਥੀ’ ਨੇ ਜਵਾਬ ਵਿੱਚ ਆਪਣੇ ਹੋਠ ਚਬਾਉਣੇ ਸ਼ੁਰੂ ਕਰ ਦਿੱਤੇ। ਅਤੇ ਖ਼ਾਮੋਸ਼ ਹੋ ਗਿਆ।
ਸੂਰਜ ਛਿੱਪ ਰਿਹਾ ਸੀ। ਬੱਦਲ ਰੰਗਾਰੰਗ ਦੇ ਲਿਬਾਸ ਬਦਲ ਰਹੇ ਸਨ। ਸ਼ੋਰੇ ਅਤੇ ਮਿੱਟੀ ਦੀ ਖ਼ੁਸ਼ਬੂ ਨੇ ਸਾਡੀ ਭੁੱਖ ਨੂੰ ਹੋਰ ਵੀ ਤਿੱਖਾ ਕਰ ਦਿੱਤਾ। ਅੰਤੜੀਆਂ ਹਾਏ ਬੂ ਕਰ ਰਹੀਆਂ ਸਨ । ਅਤੇ ਇਕ ਨਾਖ਼ੁਸ਼ਗਵਾਰ ਜਿਹੀ ਲਹਿਰ ਬਦਨ ਵਿੱਚ ਦੌੜ ਰਹੀ ਸੀ। ਮੂੰਹ ਅਤੇ ਹਲ਼ਕ ਖ਼ੁਸ਼ਕ ਹੋ ਗਿਆ ਸੀ, ਦਿਮਾਗ਼ ਸਖ਼ਤ ਪ੍ਰੇਸ਼ਾਨੀ ਵਿੱਚ ਗ੍ਰਿਫ਼ਤਾਰ ਸੀ। ਸਿਰ ਚਕਰਾਉਣ ਲੱਗਾ ਅਤੇ ਅਜੀਬ ਕਿਸਮ ਦੇ ਸਿਆਹ ਧੱਬੇ ਅੱਖਾਂ ਦੇ ਸਾਮ੍ਹਣੇ ਨਾਚ ਕਰਨ ਲੱਗੇ। ਇਹ ਧੱਬੇ ਕਦੇ ਗੋਸ਼ਤ ਦੀਆਂ ਭੁੰਨੀਆਂ ਹੋਈਆਂ ਬੋਟੀਆਂ ਦੀ ਅਤੇ ਕਦੇ ਰੋਟੀਆਂ ਦੀ ਸ਼ਕਲ ਇਖ਼ਤਿਆਰ ਕਰ ਲੈੰਦੇ …. ਉਨ੍ਹਾਂ ਦੀ ਯਾਦ ਤਾਜ਼ਾ ਹੋ ਗਈ ਅਤੇ ਕਲਪਨਾ ਨੇ ਉਨ੍ਹਾਂ ਦੀਆਂ ਸ਼ਕਲਾਂ ਨਾਲ ਉਨ੍ਹਾਂ ਦੀਆਂ ਖਾਸ਼ ਮਹਿਕਾਂ ਵੀ ਚਿਪਕਾ ਦਿੱਤੀਆਂ ਸਨ ਅਤੇ ਇਹ ਅਸਲ ਮਲੂਮ ਹੋਣ ਲੱਗੀਆਂ ਸਨ । ਅਤੇ ਐਸਾ ਮਹਿਸੂਸ ਹੋਣ ਲੱਗਾ ਜਿਵੇਂ ਕੋਈ ਪੇਟ ਵਿੱਚ ਖ਼ੰਜਰ ਚਲਾ ਰਿਹਾ ਹੋਵੇ । ਲੇਕਿਨ ਫਿਰ ਵੀ ਅਸੀਂ ਆਪਣੇ ਅਨੁਭਵਾਂ ਦਾ ਹੁਲੀਆ ਇੱਕ ਦੂਜੇ ਨਾਲ ਸਾਂਝਾ ਕਰਦੇ ਹੋਏ ਅਤੇ ਭੇਡਾਂ ਬਕਰੀਆਂ ਦੇ ਨਿਸ਼ਾਨ ਦੇਖਣ ਅਤੇ ਆਰਮੀਨੀਆ ਦੀ ਮੰਡੀ ਲਈ ਜਾ ਰਹੇ ਕਿਸੇ ਫਲਾਂ ਨਾਲ ਲੱਦੇ ਹੋਏ ਛਕੜੇ ਦੇ ਪਹੀਆਂ ਦੀ ਆਵਾਜ਼ ਸੁਣਨ ਦੀ ਤਲਬ ਵਿੱਚ ਇਧਰ ਇਧਰ ਨਿਗਾਹ ਦੌੜਾਉਂਦੇ ਹੋਏ ਅੱਗੇ ਚਲਦੇ ਰਹੇ…. ਮਗਰ ਮੈਦਾਨ ਖ਼ਾਮੋਸ਼ ਅਤੇ ਸੁੰਨਸਾਨ ਸੀ।
ਇਸ ਅਭਾਗੇ ਦਿਨ ਤੋਂ ਪੇਸ਼ਤਰ ਸ਼ਾਮ ਨੂੰ ਅਸੀਂ ਸਭ ਨੇ ਸਿਰਫ਼ ਦੋ ਸੇਰ ਰਾਈ ਦੀ ਰੋਟੀ ਅਤੇ ਪੰਜ ਤਰਬੂਜ਼ ਖਾਧੇ ਸੀ, ਉਸ ਤੋਂ ਬਾਅਦ ਸਾਨੂੰ ਕੋਈ ਚਾਲੀ ਮੀਲ ਦੇ ਕਰੀਬ ਚੱਲਣਾ ਪਿਆ ਸੀ। ਖ਼ਰਚ ਆਮਦਨ ਦੀ ਨਿਸਬਤ ਜਿਆਦਾ ਹੋਣ ਕਰਕੇ ਅਸੀਂ ਪੇਰੇਕੋਪ ਦੀ ਮਾਰਕੀਟ ਵਿੱਚ ਸੌਂ ਗਏ ਸੀ ਕਿ ਸਾਨੂੰ ਭੁੱਖ ਨੇ ਆ ਜਗਾਇਆ।
‘ਵਿਦਿਆਰਥੀ’ ਨੇ ਸਾਨੂੰ ਕਿਹਾ ਸੀ ਕਿ ਰਾਤ ਨੂੰ ਸੌਂਣ ਦੀ ਬਜਾਏ ਆਪਣਾ ‘ਕੰਮ’ ਕਰਨਾ ਚਾਹੀਦਾ ਅਤੇ ਰਹੀ ਦੂਸਰੀ ਬਾਤ ਕਿ ਕਿਸੇ ਦੀ ਮਲਕੀਅਤ ਤੇ ਡਾਕਾ ਮਾਰਨਾ, ਸੋ ਉਹ ਸਾਊ ਸਮਾਜ ਦੇ ਅਸੂਲਾਂ ਦੇ ਖ਼ਿਲਾਫ਼ ਹੈ,ਇਸ ਲਈ ਵਿੱਚ ਉਸ ਦੇ ਮੁਤਅੱਲਕ ਮੈਂ ਕੁਛ ਕਹਿਣਾ ਠੀਕ ਨਹੀਂ ਸਮਝਦਾ ।ਮੇਰੀ ਖ਼ਵਾਹਿਸ਼ ਸੱਚੋ ਸੱਚ ਕਹਿਣ ਦੀ ਹੈ।ਪਰ ਵਹਿਸ਼ੀ ਬਣਨਾ ਮੇਰੇ ਹਿੱਤ ਵਿੱਚ ਨਹੀਂ ਹੈ । ਮੈਨੂੰ ਅੱਛੀ ਤਰ੍ਹਾਂ ਮਲੂਮ ਹੈ ਕਿ ਸਾਡੇ ਅੱਜ ਦੇ ਅਤਿ ਵਿਕਸਤ ਜ਼ਮਾਨੇ ਵਿੱਚ ਲੋਕ ਬਹੁਤ ਸ਼ਾਇਸਤਾ ਅਤੇ ਨਰਮ ਦਿਲ ਹੁੰਦੇ ਜਾ ਰਹੇ ਹਨ ;ਇਥੋਂ ਤੱਕ ਕਿ ਅਗਰ ਕਿਸੇ ਨੇ ਗਵਾਂਢੀ ਦਾ ਗਲਾ ਭੀ ਕੱਟਣਾ ਹੋਵੇ ਤਾਂ ਮੌਕੇ ਦੀ ਨਜਾਕਤ ਦੇਖ ਕੇ ਇਹ ਕੰਮ ਭੀ ਨਿਹਾਇਤ ਸਲੀਕੇ ਨਾਲ ਕੀਤਾ ਜਾਂਦਾ ਹੈ। ਮੇਰੇ ਆਪਣੇ ਗਲੇ ਦੇ ਤਜਰਬੇ ਨੇ ਅਖ਼ਲਾਕ ਅਤੇ ਤਹਿਜ਼ੀਬ ਦੇ ਉਸ ਵਿਕਾਸ ਨੂੰ ਮੇਰੇ ਸਾਮ੍ਹਣੇ ਵਾਜ਼ਿਹ ਤੌਰ ਤੇ ਜ਼ਾਹਰ ਕਰ ਦਿੱਤਾ ਹੈ। ਅਤੇ ਮੈਂ ਕਤਈ ਤੌਰ ਤੇ ਕਹਿ ਸਕਦਾ ਹਾਂ ਕਿ ਦੁਨੀਆ ਦੀ ਹਰ ਸ਼ੈ ਤਰੱਕੀ ਕਰਦੀ ਹੈ ਅਤੇ ਆਪਣੇ ਤੋੜ ਤੱਕ ਪੁੱਜਦੀ ਹੈ …. ਸ਼ਰਾਬ ਖ਼ਾਨਿਆਂ , ਇਸਮਤ ਫ਼ਰੋਸ਼ੀ ਦੀਆਂ ਦੁਕਾਨਾਂ ਅਤੇ ਜੇਲਖਾਨਿਆਂ ਦੀ ਤਾਦਾਦ ਵਿੱਚ ਸਾਲਾਨਾ ਇਜ਼ਾਫ਼ਾ ਇਸ ਤਰੱਕੀ ਨੂੰ ਬਖ਼ੂਬੀ ਜ਼ਾਹਰ ਕਰਦੇ ਹਨ।
ਸੋ ਇਸ ਤਰ੍ਹਾਂ ਅਸੀਂ ਅਪਣਾ ਮੂੰਹ ਵਿਚਲਾ ਭੁੱਖ ਦਾ ਥੁੱਕ ਨਿਗਲਦੇ ਅਤੇ ਆਪਸ ਵਿੱਚ ਦੋਸਤਾਨਾ ਗੁਫ਼ਤਗੂ ਕਰਦੇ ਹੋਏ, ਤਾਂ ਕਿ ਕਿਸੇ ਹੀਲੇ ਸਾਡੇ ਪੇਟ ਦਾ ਦੁੱਖ ਘੱਟ ਜਾਏ, ਉਸ ਸੁੰਨਸਾਨ ਮੈਦਾਨ ਵਿੱਚ ਵਧਦੇ ਗਏ;ਦਿਲ ਵਿੱਚ ਇਕ ਧੁੰਦਲੀ ਜਿਹੀ ਉਮੀਦ ਲਈ ਹੋਏ ਛਿਪਦੇ ਸੂਰਜ ਦੀ ਸੁਰਖ਼ ਲਾਲੀ ਵਿੱਚ ਚਲਦੇ ਗਏ!
ਸਾਡੇ ਸਾਮ੍ਹਣੇ ਸੂਰਜ ਉਨ੍ਹਾਂ ਬੱਦਲਾਂ ਦੇ ਪਿੱਛੇ ਜਿਨ੍ਹਾਂ ਤੇ ਇਸ ਦੀਆਂ ਕਿਰਨਾਂ ਜ਼ਰ ਨਿਗਾਰੀ ਦਾ ਕੰਮ ਕਰ ਰਹੀਆਂ ਸਨ, ਛਿਪ ਰਿਹਾ ਸੀ। ਜਦ ਕਿ ਸਾਡੇ ਮਗਰ ਅਤੇ ਦੋਨੋਂ ਤਰਫ਼ ਰਾਤ ਦੀ ਸਿਆਹੀ ਦੁਮੇਲ ਦੇ ਖੇਤਰ ਨੂੰ ਤੰਗ ਕਰਦੀ ਹੋਈ ਫੈਲ ਰਹੀ ਸੀ।
“ਅੱਗ ਜਲਾਉਣ ਦੇ ਲਈ ਕੁਛ ਬਾਲਣ ਤਾਂ ਇਕੱਠਾ ਕਰੋ,” ਸਿਪਾਹੀ ਨੇ ਅਚਾਨਕ ਜ਼ਮੀਨ ਤੋਂ ਲੱਕੜੀ ਦਾ ਇਕ ਟੁਕੜਾ ਉਠਾਉਂਦੇ ਹੋਏ ਕਿਹਾ।“ਲੱਗਦਾ ਹੈ ਸਾਨੂੰ ਅੱਜ ਦੀ ਰਾਤ ਮੈਦਾਨ ਹੀ ਵਿੱਚ ਕੱਟਣੀ ਪਏਗੀ…. ਧੁੰਦ ਖ਼ੂਬ ਪਏਗੀ, ਖ਼ੁਸ਼ਕ ਗੋਬਰ ਅਤੇ ਰੁੱਖਾਂ ਦੀਆਂ ਟਹਿਣੀਆਂ ਧੂਣੀ ਦੇ ਲਈ ਠੀਕ ਰਹਿਣਗੀਆਂ?”
ਅਸੀਂ ਸੜਕ ਦੇ ਦੋਨੋਂ ਤਰਫ਼ ਬਿਖਰ ਗਏ ਅਤੇ ਸੁਖੀ ਘਾਹ ਅਤੇ ਹਰ ਚੀਜ਼ ਜੋ ਮਿਲ ਸਕਦੀ ਸੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ । ਹਰ ਮਰਤਬਾ ਜਦੋਂ ਸਾਨੂੰ ਜ਼ਮੀਨ ਤੇ ਝੁਕਣਾ ਪੈਂਦਾ ਸਾਡੇ ਬਦਨ ਵਿੱਚ ਇਕ ਅਜੀਬ ਖ਼ਵਾਹਿਸ਼ ਪੈਦਾ ਹੁੰਦੀ ਕਿ ਜ਼ਮੀਨ ਤੇ ਗਿਰ ਪਈਏ ਅਤੇ ਮਿੱਟੀ ਖਾਣ ਦੇ ਲਈ ਖ਼ਾਮੋਸ਼ ਲੇਟ ਜਾਈਏ …. ਸਿਆਹ ਅਤੇ ਚੀਕਣੀ ਮਿੱਟੀ ਖਾਂਦੇ ਰਹੀਏ। ਏਨਾ ਰੱਜ ਕੇ ਕਿ ਹੋਰ ਕੁਛ ਨਾ ਖਾ ਸਕੀਏ ਅਤੇ ਫਿਰ ਇਸੇ ਹਾਲਤ ਵਿੱਚ ਸੌਂ ਜਾਈਏ ਚਾਹੇ ਇਹ ਨੀਂਦ ਸਦੀਵੀ ਨੀਂਦ ਹੀ ਕਿਉਂ ਨਾ ਹੋਵੇ , ਲੇਕਿਨ ਇਸ ਤੋਂ ਪਹਿਲਾਂ ਕੁਛ ਖਾਈਏ ਜ਼ਰੂਰ…. ਕੋਈ ਵੀ ਗ਼ਿਜ਼ਾ, ਕੋਈ ਗਰਮ ਗਰਮ ਖਾਣਾ ਹਲ਼ਕ ਤੋਂ ਉੱਤਰ ਕੇ ਤਿਲਮਿਲਾਉਂਦੇ ਅਤੇ ਭੁੱਖੇ ਪੇਟ ਵਿੱਚ ਪਹੁੰਚ ਜਾਏ…. ਇਸ ਮਿਹਦੇ ਵਿੱਚ ਜੋ ਕਿਸੇ ਵੀ ਚੀਜ਼ ਨੂੰ ਹਜ਼ਮ ਕਰਨ ਦੀ ਖ਼ਵਾਹਿਸ਼ ਵਿੱਚ ਬੇਤਾਬ ਹੋਇਆ ਜਾ ਰਿਹਾ ਸੀ।
“ਕਾਸ਼ ਸਾਨੂੰ ਕੋਈ ਜੜ ਹੀ ਮਿਲ ਜਾਂਦੀ,” ਸਿਪਾਹੀ ਨੇ ਆਹ ਭਰ ਕੇ ਕਿਹਾ । “ਐਸੀਆਂ ਜੜਾਂ ਵੀ ਤਾਂ ਹੁੰਦੀਆਂ ਹਨ ਜੋ ਗ਼ਿਜ਼ਾ ਦਾ ਕੰਮ ਦੇ ਸਕਦੀਆਂ ਹਨ…. ਜਿਨ੍ਹਾਂ ਨੂੰ ਅਸੀਂ ਖਾ ਸਕਦੇ ਹਾਂ !”
ਮਗਰ ਉਸ ਸਿਆਹ ਅਤੇ ਵਾਹੀ ਹੋਈ ਜ਼ਮੀਨ ਵਿੱਚ ਜੜਾਂ ਦਾ ਨਾਮੋ ਨਿਸ਼ਾਨ ਤੱਕ ਨਹੀਂ ਸੀ…. ਅਜੇ ਦੱਖਣੀ ਮੁਲਕਾਂ ਦੀ ਰਾਤ ਤੇਜ਼ੀ ਨਾਲ ਦੁਮੇਲ ਤੇ ਗ਼ਲਬਾ ਹਾਸਲ ਕਰ ਰਹੀ ਸੀ। ਸੂਰਜ ਦੀਆਂ ਆਖ਼ਰੀ ਕਿਰਨਾਂ ਅਜੇ ਗ਼ਾਇਬ ਹੀ ਹੋਈਆਂ ਸਨ ਕਿ ਗੂੜੇ ਨੀਲੇ ਆਸਮਾਨ ਵਿੱਚ ਤਾਰੇ ਚਮਕਣ ਲੱਗੇ। ਆਹਿਸਤਾ ਆਹਿਸਤਾ ਰਾਤ ਦੀ ਸਿਆਹੀ ਵਿਸ਼ਾਲ ਮੈਦਾਨ ਦੇ ਵਿਸਥਾਰ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੋਈ ਵਧਦੀ ਗਈ।
“ ਭਾਈਉ , ..ਸ਼ਾਇਦ ਔਹ ..ਇਕ ਆਦਮੀ ਲਿਟਿਆ ਹੋਇਆ ਹੈ!” ਸਾਡੇ ਖੱਬੇ ਪਾਸੇ ਤੋਂ ‘ਵਿਦਿਆਰਥੀ’ ਨੇ ਸਿਪਾਹੀ ਨੂੰ ਆਹਿਸਤਗੀ ਦੇ ਲਹਿਜੇ ਵਿੱਚ ਕਿਹਾ।
“ਆਦਮੀ!” ਸਿਪਾਹੀ ਨੇ ਹੈਰਤ ਜ਼ਦਾ ਹੋ ਕੇ ਦਰਿਆਫ਼ਤ ਕੀਤੀ।“ਆਖ਼ਿਰ ਉਹ ਇੱਥੇ ਕਿਉਂ ਲੇਟ ਰਿਹਾ ਹੈ?”
“ਜਾਓ’ ਉਸ ਤੋਂ ਖ਼ੁਦ ਦਰਿਆਫ਼ਤ ਕਰ ਲਓ …. ਉਸ ਦੇ ਪਾਸ ਖਾਣ ਦੇ ਲਈ ਕੁਛ ਨਾ ਕੁਛ ਜ਼ਰੂਰ ਹੋਏਗਾ।ਤਾਂ ਹੀ ਤਾਂ ਇਸ ਤਰ੍ਹਾਂ ਮੈਦਾਨ ਵਿੱਚ ਪਿਆ ਹੈ।”‘ਵਿਦਿਆਰਥੀ’ ਨੇ ਜਵਾਬ ਦਿੱਤਾ।
ਸਿਪਾਹੀ ਥੂ ਕਰਨ ਦੇ ਬਾਦ ਦ੍ਰਿੜਤਾ ਨਾਲ ਬੋਲਿਆ,‘‘ਤਾਂ ਚਲੋ ,ਆਓ ਉਸ ਦੇ ਪਾਸ ਚਲੀਏ।”
ਸਿਰਫ਼ ‘ਵਿਦਿਆਰਥੀ’ ਦੀਆਂ ਤੇਜ਼ ਨਿਗਾਹਾਂ ਹੀ ਤਾਰੀਕੀ ਵਿੱਚ ਸੜਕ ਦੀ ਦੂਸਰੀ ਤਰਫ਼ ਕੋਈ ਸੌ ਗਜ਼ ਦੇ ਫ਼ਾਸਲੇ ਤੇ ਇਕ ਆਦਮੀ ਨੂੰ ਜੋ ਸਿਆਹ ਢੇਰ ਦੀ ਸੂਰਤ ਵਿੱਚ ਪਿਆ ਸੀ ਪਹਿਚਾਣ ਸਕਦੀਆਂ ਸਨ। ਅਸੀਂ ਵਾਹੀ ਹੋਈ ਜ਼ਮੀਨ ਵਿੱਚ ਮਿੱਟੀ ਦੇ ਡਲਿਆਂ ਤੇ ਤੇਜ਼ੀ ਨਾਲ ਕਦਮ ਪੁੱਟਦੇ ਹੋਏ ਉਸ ਦੀ ਤਰਫ਼ ਵਧੇ ।ਖਾਣਾ ਹਾਸਲ ਕਰਨ ਦੀ ਇਸ ਨਵੀਂ ਉਮੀਦ ਨੇ ਸਾਡੀ ਭੁੱਖ ਨੂੰ ਹੋਰ ਵੀ ਵਧੇਰੇ ਤੇਜ਼ ਕਰ ਦਿੱਤਾ ਸੀ। ਅਸੀਂ ਉਸ ਦੇ ਬਿਲਕੁਲ ਕਰੀਬ ਪਹੁੰਚ ਗਏ। ਮਗਰ ਉਹ ਬੇ ਹਰਕਤ ਪਿਆ ਸੀ।
“ਸ਼ਾਇਦ ਇਹ ਇਨਸਾਨ ਨਹੀਂ ਹੈ,” ਸਿਪਾਹੀ ਨੇ ਸਾਡੇ ਸਭ ਦੇ ਖ਼ਿਆਲਾਂ ਦੀ ਤਰਜਮਾਨੀ ਕਰਦੇ ਹੋਏ ਮਾਯੂਸ ਅੰਦਾਜ਼ ਵਿੱਚ ਕਿਹਾ। ਮਗਰ ਫ਼ੌਰਨ ਸਾਡੇ ਅੰਦੇਸ਼ੇ ਗ਼ਲਤ ਸਾਬਤ ਹੋ ਗਏ ਕਿਉਂਕਿ ਇਸ ਢੇਰ ਵਿੱਚ ਜੋ ਜ਼ਮੀਨ ਤੇ ਪਿਆ ਸੀ ਇਕ ਜੁੰਬਿਸ਼ ਹੋਈ ਅਤੇ ਉਸ ਨੇ ਉਠਣਾ ਚਾਹਿਆ। ਅਜੇ ਅਸੀਂ ਦੇਖਿਆ ਕਿ ਉਹ ਵਾਕਈ ਇਨਸਾਨ ਹੈ ਜੋ ਗੋਡਿਆਂ ਭਾਰ ਬੈਠਾ ਹੈ ਅਤੇ ਸਾਡੇ ਵੱਲ ਹੱਥ ਵਧਾ ਰਿਹਾ ਹੈ।
“ਮੇਰੇ ਨਜ਼ਦੀਕ ਨਾ ਆਉਣਾ ਵਰਨਾ ਮੈਂ ਗੋਲੀ ਚਲਾਦੂੰਗਾ,” ਅਸੀਂ ਉਸ ਨੂੰ ਭੱਦੀ ਅਤੇ ਲਰਜ਼ਾਂ ਆਵਾਜ਼ ਵਿੱਚ ਇਹ ਕਹਿੰਦੇ ਸੁਣਿਆ । ਇਸ ਦੇ ਨਾਲ ਹੀ ਫ਼ਜ਼ਾ ਵਿੱਚ ਗੋਲੀ ਚਲਣ ਦੀ ਤੇਜ਼ ਆਵਾਜ਼ ਗੂੰਜੀ।
ਅਸੀਂ ਯੱਕਾ ਯਕ ਠਹਿਰ ਗਏ ਜਿਵੇਂ ਕਿਸੇ ਨੇ ਹੁਕਮ ਦਿੱਤਾ ਹੋਵੇ । ਕੁਛ ਅਰਸੇ ਤੱਕ ਅਸੀਂ ਇਸ ਨਾ ਖ਼ੁਸ਼ਗਵਾਰ ਖ਼ੈਰ ਮਕਦਮ ਤੋਂ ਹੈਰਤਜ਼ਦਾ ਹੋਏ ਖ਼ਾਮੋਸ਼ ਖੜੇ ਰਹੇ।
“ਬਦਮਾਸ਼!” ਸਿਪਾਹੀ ਨੇ ਮਾਅਨੀ ਖ਼ੇਜ਼ ਅੰਦਾਜ਼ ਵਿੱਚ ਦੱਬਵੀਂ ਜਬਾਨ ਨਾਲ ਕਿਹਾ।
“ਹਾਂ, ਪਿਸਤੌਲ ਲਈਂ ਸਫ਼ਰ ਕਰਦਾ ਹੈ…. ਇਹ ਤਾਂ ਮੂੰਹ ਦਾ ਨਿਵਾਲਾ ਮਲੂਮ ਨਹੀਂ ਹੁੰਦਾ”, ‘ਵਿਦਿਆਰਥੀ’ ਨੇ ਦਾਨਸ਼ਮੰਦਾਨਾ ਲਹਿਜੇ ਵਿੱਚ ਕਿਹਾ।
“ਓ ਮੀਆਂ! ….” ਜ਼ਾਹਰ ਸੀ ਕਿ ਸਾਡੇ ਸਾਥੀ ਸਿਪਾਹੀ ਨੇ ਜ਼ਰੂਰ ਕੋਈ ਤਦਬੀਰ ਸੋਚ ਲਈ ਹੈ। ਇਸ ਸ਼ਖ਼ਸ ਨੇ ਕਰਵਟ ਨਾ ਬਦਲੀ ਅਤੇ ਪਹਿਲੇ ਦੀ ਤਰ੍ਹਾਂ ਖ਼ਾਮੋਸ਼ ਰਿਹਾ।
“ਏ ਮੀਆਂ”, ਦੇਖੋ ਅਸੀਂ ਤੈਂਨੂੰ ਬਿਲਕੁਲ ਨੁਕਸਾਨ ਨਾ ਪੁਹੰਚਾਵਾਂਗੇ। ਬੱਸ ਸਾਨੂੰ ਕੁਛ ਖਾਣ ਦੇ ਲਈ ਦੇ ਦੇ। ਤੁਹਾਡੇ ਪਾਸ ਰੋਟੀ ਵਗ਼ੈਰਾ ਜ਼ਰੂਰ ਹੋਵੇਗੀ, ਭਾਈ ਸਾਨੂੰ ਕੁਛ ਖਾਣ ਦੇ ਲਈ ਦੇ ਦੇ । ਮਸੀਹ ਦਾ ਵਾਸਤਾ ਈ …. ਲਾਹਨਤ …. ਸ਼ੈਤਾਨ ਦੀ ਮਾਰ !’ ‘ਆਖ਼ਰੀ ਅਲਫ਼ਾਜ਼ ਸਿਪਾਹੀ ਨੇ ਆਪਣੀ ਦਾੜ੍ਹੀ ਦੇ ਅੰਦਰ ਮੂੰਹ ਕਰ ਕੇ ਮਲਕੜੇ ਜਿਹੇ ਕਹੇ…. ਉਹ ਸ਼ਖ਼ਸ ਖ਼ਾਮੋਸ਼ ਰਿਹਾ।
“ਕੀ ਸੁਣ ਵੀ ਰਿਹਾ ਹੈਂ ਕਿ ਨਹੀਂ?” ਸਿਪਾਹੀ ਨੇ ਬੇਚਾਰਗੀ ਅਤੇ ਗ਼ੁੱਸੇ ਵਿੱਚ ਕੰਬਦੇ ਹੋਏ ਫਿਰ ਮਿੰਨਤ ਕੀਤੀ, “ਸਾਨੂੰ ਕੁਛ ਦੇ ਦੇ …. ਫੈਂਕ ਹੀ ਦੇ , ਅਸੀਂ ਤੇਰੇ ਨਜ਼ਦੀਕ ਨਹੀਂ ਆਵਾਂਗੇ!”
“ਅੱਛਾ,ਠੀਕ ਹੈ ,” ਉਸ ਨੇ ਤਿੰਨ ਲਫਜ਼ੀ ਜਵਾਬ ਦਿੱਤਾ।
ਅਗਰ ਉਸ ਨੇ ਸਾਨੂੰ ਦਿੱਲੀ ਖ਼ਲੂਸ ਨਾਲ ਮੇਰੇ ਅਜ਼ੀਜ਼ ਭਾਈ ਕਹਿ ਕੇ ਪੁਕਾਰਿਆ ਹੁੰਦਾ ਅਤੇ ਤਿੰਨ ਲਫਜ਼ਾਂ ਵਿੱਚ ਜਜ਼ਬਾਤ ਦੀ ਤਮਾਮ ਪਵਿਤ੍ਰਤਾ ਵੀ ਭਰ ਦਿੱਤੀ ਹੁੰਦੀ ।ਤਾਂ ਵੀ ਉਹਨੇ ਸਾਡੇ ਤੇ ਇਸ ਕਦਰ ਅਸਰ ਅੰਦਾਜ਼ ਨਹੀਂ ਸੀ ਹੋਣਾ ਜਿਤਨਾ ਇਹ ਗ਼ੈਰ ਰਸਮੀ, ਰੁੱਖੇ ਅਤੇ ਖ਼ੁਸ਼ਕ “ਅੱਛਾ,ਠੀਕ ਹੈ ” ਅਸਰ ਅੰਦਾਜ਼ ਹੋਇਆ।
“ਨੇਕ ਆਦਮੀ, ਸਾਡੇ ਤੋਂ ਖ਼ੌਫ਼ਜ਼ਦਾ ਮੱਤ ਹੋ”, ਸਿਪਾਹੀ ਨੇ ਆਪਣੇ ਚਿਹਰੇ ਤੇ ਮੁਸਕਰਾਹਟ ਨਾਲ ਧੰਨਵਾਦੀ ਲਹਿਜਾ ਧਾਰਨ ਕਰਦੇ ਹੋਏ ਕਿਹਾ। ਹਾਲਾਂਕਿ ਉਹ ਸ਼ਖ਼ਸ ਤਾਰੀਕੀ ਵਿੱਚ ਪੰਜਾਹ ਕਦਮ ਦੇ ਫ਼ਾਸਲੇ ਤੇ ਬੈਠਾ ਹੋਇਆ ਉਸ ਦੇ ਉਸ ਮੁਸਕਰਾਹਟ ਨੂੰ ਨਹੀਂ ਦੇਖ ਸਕਦਾ ਸੀ। “ ਅਸੀਂ ਅਮਨ ਪਸੰਦ ਭਲੇ ਲੋਕ ਹਾਂ। ਰੂਸ ਤੋਂ ਕਾਊਬਨ ਜਾ ਰਹੇ ਹਾਂ । ਸਾਡਾ ਸਭ ਰੁਪਈਆ ਰਸਤੇ ਵਿੱਚ ਖ਼ਰਚ ਹੋ ਗਿਆ ਹੈ। ਅਸੀਂ ਸਭ ਖਾ ਪੀ ਬੈਠੇ ਹਾਂ । ਅੱਜ ਸਾਡਾ ਫ਼ਾਕੇ ਦਾ ਦੂਸਰਾ ਦਿਨ ਗੁਜ਼ਰ ਰਿਹਾ ਹੈ!”
“ਲਉ, ਬੁਚੋ,” ਸਾਡੇ ਮਿਹਰਬਾਨ ਨੇ ਹਵਾ ਵਿੱਚ ਅਪਣਾ ਹੱਥ ਬੁਲੰਦ ਕਰਦੇ ਹੋਏ ਕਿਹਾ। ਅਤੇ ਨਾਲ ਹੀ ਇਕ ਸਿਆਹ ਜਿਹੀ ਚੀਜ਼ ਵਾਹੀ ਹੋਈ ਜ਼ਮੀਨ ਤੇ ਸਾਡੇ ਨਜ਼ਦੀਕ ਹੀ ਆ ਗਿਰੀ।’ਵਿਦਿਆਰਥੀ’ ਇਸ ਨੂੰ ਬੁਚਣ ਦੇ ਲਈ ਲਪਕਿਆ।
“ਲਉ ਹੋਰ ਪਕੜੋ…. ਇਹ ਹੋਰ ਰਹੀ…. ਤੇ ਬੱਸ ਹੁਣ ਮੇਰੇ ਪਾਸ ਖ਼ਤਮ ਹੋ ਚੁੱਕੀ ਹੈ”।
ਜਦੋਂ ‘ਵਿਦਿਆਰਥੀ’ ਨੇ ਉਨ੍ਹਾਂ ਅਜੀਬੋ ਗ਼ਰੀਬ ਤੋਹਫਿਆਂ ਨੂੰ ਇਕੱਤਰ ਕੀਤਾ ਤਾਂ ਮਲੂਮ ਹੋਇਆ ਕਿ ਉਹ ਸਿਆਹ ਰੋਟੀ ਦੇ ਚੰਦ ਖ਼ੁਸ਼ਕ ਟੁਕੜੇ ਸਨ ਜਿਨ੍ਹਾਂ ਦਾ ਕੁੱਲ ਵਜ਼ਨ ਕੋਈ ਦੋ ਸੇਰ ਦੇ ਕਰੀਬ ਹੋਏਗਾ। ਇਹ ਮਿੱਟੀ ਨਾਲ ਲੱਤ ਪਤ ਹੋ ਰਹੇ ਸਨ।ਮਗਰ ਇਹ ਬਾਤ ਸਾਡੇ ਲਈ ਕੋਈ ਅਹਿਮੀਅਤ ਨਹੀਂ ਰੱਖਦੀ ਸੀ…. ਬੇਹੀ ਖ਼ੁਸ਼ਕ ਰੋਟੀ ਅਮੂਮਨ ਵਧੇਰੇ ਤਸਕੀਨਦੇਹ ਹੋਇਆ ਕਰਦੀ ਹੈ। ਇਸ ਲਈ ਕਿ ਇਸ ਵਿੱਚ ਤਾਜ਼ਾ ਰੋਟੀ ਦੀ ਨਿਸਬਤ ਨਮੀ ਕਮ ਹੁੰਦੀ ਹੈ।
“ਇਹ ਲੈ ਤੂੰ ..ਅਤੇ ਇਹ ਲੈ ਤੂੰ ਅਤੇ… ਇਹ ਮੇਰੇ ਲਈ”, ਸਿਪਾਹੀ ਨੇ ਬੜੀ ਇਹਤਿਆਤ ਨਾਲ ਸਭ ਨੂੰ ਰੋਟੀ ਦਾ ਹਿੱਸਾ ਦਿੰਦੇ ਹੋਏ ਕਿਹਾ….“ਮਗਰ ਅਜੇ ਹਿੱਸੇ ਬਰਾਬਰ ਨਹੀਂ ਹੋਏ। ਇਸ ਲਈ ਪ੍ਰੋਫ਼ੈਸਰ ਸਾਹਿਬਮੈਨੂੰ ਆਪ ਦੇ ਟੁਕੜੇ ਵਿੱਚੋਂ ਕੁਛ ਹਿੱਸਾ ਕੱਟਣਾ ਪਏਗਾ ਵਰਨਾ ਇਹ ਦੂਸਰੇ ਦੇ ਹੱਕ ਵਿੱਚ ਸਰਾਸਰ ਨਾਇਨਸਾਫ਼ੀ ਹੋਵੇਗੀ!”
‘ਵਿਦਿਆਰਥੀ’ ਨੂੰ ਮਜਬੂਰਨ ਆਪਣੇ ਹਿੱਸੇ ਵਿੱਚੋਂ ਇਕ ਟੁਕੜਾ ਦੇਣਾ ਪਿਆ। ਜੋ ਵਜ਼ਨ ਵਿੱਚ ਇਕ ਔਂਸ ਦੇ ਦਸਵੇਂ ਹਿੱਸੇ ਦੇ ਬਰਾਬਰ ਸੀ।
ਮੈਂ ਅਪਣਾ ਟੁਕੜਾ ਮੂੰਹ ਵਿੱਚ ਪਾ ਲਿਆ । ਅਤੇ ਆਹਿਸਤਾ ਆਹਿਸਤਾ ਚਬਾਉਣਾ ਸ਼ੁਰੂ ਕੀਤਾ ਨਾਲ ਹੀ ਮੈਂ ਆਪਣੇ ਜਬਾੜਿਆਂ ਦੀ ਕੁਦਰਤੀ ਹਰਕਤ ਰੋਕਣ ਦਾ ਫਜੂਲ ਯਤਨ ਕਰ ਰਿਹਾ ਸੀ ਜੋ ਇਸ ਵਕਤ ਪੱਥਰਾਂ ਨੂੰ ਵੀ ਚਬਾਉਣ ਦੇ ਲਈ ਤਿਆਰ ਸੀ।ਮੈਨੂੰ ਆਪਣੇ ਗਲੇ ਵਿੱਚ ਇਕ ਘੁੱਟਵੀਂ ਹਰਕਤ ਦੇ ਅਹਿਸਾਸ ਅਤੇ ਇਸ ਨੂੰ ਛੋਟੀਆਂ ਛੋਟੀਆਂ ਘੁੱਟਾਂ ਨਾਲ ਆਹਿਸਤਾ ਆਹਿਸਤਾ ਰਫ਼ਾ ਕਰਨ ਦੀ ਕੋਸ਼ਿਸ਼ ਵਿੱਚ ਇਕ ਅਜੀਬ ਕਿਸਮ ਦੀ ਖੁਸ਼ੀ ਹਾਸਲ ਹੋ ਰਹੀ ਸੀ। ਗਰਮ ਅਤੇ ਨਾਕਾਬਲੇ ਬਿਆਨ ਜ਼ਾਇਕੇਦਾਰ ਇਹ ਰੋਟੀ ਦੇ ਟੁਕੜੇ ਘੁੱਟਾਂ ਬਾਟੀ ਹਲ਼ਕ ਵਿੱਚੋਂ ਉੱਤਰ ਕੇ ਪੇਟ ਦੀ ਭਠੀ ਵਿੱਚ ਪਹੁੰਚਦੇ ਹੀ ਖ਼ੂਨ ਅਤੇ ਗੋਸ਼ਤ ਵਿੱਚ ਤਬਦੀਲ ਹੁੰਦੇ ਮਲੂਮ ਹੁੰਦੇ ਸੀ।
ਮੇਰਾ ਦਿਲ ਇਕ ਐਸੀ ਨਾਕਾਬਲੇ ਬਿਆਨ ਅਤੇ ਹਯਾਤ ਬਖ਼ਸ਼ ਖੁਸ਼ੀ ਨਾਲ ਮਖਮੂਰ ਸੀ ਜੋ ਇਸ ਰੋਟੀ ਦੀ ਨਿਸਬਤ ਦੇ ਲਿਹਾਜ਼ ਤੋਂ ਕਿਤੇ ਵਧੇਰੇ ਸੀ। ਮੈਂ ਫਾਕਾ ਕਸ਼ੀ ਦੀ ਤਕਲੀਫ਼ ਦੇ ਅਯਾਮ ਨੂੰ ਬਿਲਕੁਲ ਭੁੱਲ ਗਿਆ। ਇਸ ਦੇ ਇਲਾਵਾ ਮੇਰੇ ਜ਼ਿਹਨ ਵਿੱਚ ਆਪਣੇ ਦੋਸਤਾਂ ਦੀ ਯਾਦ ਵੀ ਭੁੱਲ ਗਈ ਕਿਉਂਜੋ ਮੈਂ ਉਹਨਾਂ ਗੁਦਗੁਦੇ ਖ਼ਿਆਲਾਂ ਵਿੱਚ ਗ਼ਰਕ ਸੀ ਜੋ ਇਸ ਵਕਤ ਮੇਰੇ ਦਿਲ ਵਿੱਚ ਪੈਦਾ ਹੋ ਰਹੇ ਸਨ।
ਲੇਕਿਨ ਜਦੋਂ ਮੈਂ ਆਪਣੀ ਹਥੇਲੀ ਤੋਂ ਰੋਟੀ ਦਾ ਆਖ਼ਰੀ ਟੁਕੜਾ ਮੂੰਹ ਵਿੱਚ ਪਾਇਆ ਤਾਂ ਮੈਂ ਮਹਿਸੂਸ ਕੀਤਾ ਕਿ ਮੇਰੀ ਭੁੱਖ ਹੋਰ ਵੀ ਤੇਜ਼ ਹੋ ਗਈ ਹੈ।
“ਇਸ ਆਦਮੀ ਦੇ ਪਾਸ ਹੋਰ ਕੁਛ ਭੀ ਜ਼ਰੂਰ ਹੋਏਗਾ…. ਮਾਰ ਪਏ ਇਸ ਕੁੱਤੇ ਨੂੰ !” ਸਿਪਾਹੀ ਨੇ ਜੋ ਜ਼ਮੀਨ ਤੇ ਬੈਠਾ ਆਪਣੇ ਪੇਟ ਤੇ ਹੱਥ ਫੇਰ ਰਿਹਾ ਸੀ ਕਿਹਾ।
“ਜ਼ਰੂਰ ਹੋਏਗਾ…. ਰੋਟੀ ਵਿੱਚੋਂ ਗੋਸ਼ਤ ਦੀ ਬੋ ਆ ਰਹੀ ਸੀ”, ‘ਵਿਦਿਆਰਥੀ’ ਨੇ ਜਵਾਬ ਦਿੱਤਾ ਅਤੇ ਫਿਰ ਨਾਲ ਹੀ ਦੱਬੀ ਜ਼ਬਾਨ ਵਿੱਚ ਕਿਹਾ, “ਕਾਸ਼ ਉਸ ਦੇ ਪਾਸ ਪਿਸਤੌਲ ਨਾ ਹੁੰਦਾ ਵਰਨਾ….”
“ਮਗਰ ਇਹ ਹੈ ਕੌਣ?”
“ਜ਼ਾਹਰ ਹੈ ਕਿ ਸਾਡੇ ਵਰਗਾ ਕੋਈ ਭਲਾ ਮਾਣਸ ਹੋਏਗਾ”।
“ ਕੁੱਤਾ!” ਸਿਪਾਹੀ ਨੇ ਫ਼ੈਸਲਾ ਸੁਣਾ ਦਿੱਤਾ।
ਅਸੀਂ ਸਭ ਇਕ ਦੂਸਰੇ ਦੇ ਬਿਲਕੁਲ ਕਰੀਬ ਬੈਠੇ ਆਪਣੇ ਰਹਿਮ ਦੀ ਤਰਫ਼ ਤਿਰਛੀਆਂ ਨਿਗਾਹਾਂ ਨਾਲ ਦੇਖ ਰਹੇ ਸਾਂ, ਜੋ ਪਿਸਤੌਲ ਹੱਥ ਵਿੱਚ ਲਈ ਖ਼ਾਮੋਸ਼ ਬੈਠਾ ਸੀ। ਉਸ ਦੀ ਤਰਫ਼ ਤੋਂ ਕਿਸੇ ਕਿਸਮ ਦੀ ਆਵਾਜ਼ ਸਾਨੂੰ ਸੁਣਾਈ ਨਾ ਦੇ ਰਹੀ ਸੀ।
ਰਾਤ ਦੀਆਂ ਤਾਰੀਕ ਤਾਕਤਾਂ ਰਹੀ ਸਹੀ ਰੌਸ਼ਨੀ ਤੇ ਗ਼ਾਲਿਬ ਹੋ ਗਈਆਂ। ਮੈਦਾਨ ਤੇ ਕਬਰਾਂ ਵਰਗੀ ਖ਼ਾਮੋਸ਼ੀ ਤਾਰੀ ਸੀ। ਇਸ ਮੁਰਦੇਹਾਣੀ ਵਿੱਚ ਅਸੀਂ ਇਕ ਦੂਸਰੇ ਦੇ ਸਾਹਾਂ ਦੀ ਆਵਾਜ਼ ਬਖ਼ੂਬੀ ਸੁਣ ਸਕਦੇ ਸੀ। ਕਦੇ ਕਦੇ ਬਿੱਜੂ ਦੀ ਦਰਦ ਵਿੱਚ ਡੁੱਬੀ ਹੋਈ ਚੀਖ਼ ਸੁਣਾਈ ਦਿੰਦੀ ਸੀ। ਸਿਤਾਰੇ, ਆਸਮਾਨ ਦੇ ਚਮਨ ਦੇ ਜ਼ਿੰਦਾ ਫੁਲ, ਸਾਡੇ ਸਿਰਾਂ ਦੇ ਉਤੇ ਚਮਕ ਰਹੇ ਸਨ…. ਸਾਡੀ ਉਸ ਵਕਤ ਸਿਰਫ਼ ਇਕ ਖ਼ਵਾਹਿਸ਼ ਸੀ ਕਿ ਕੁਛ ਖਾਈਏ !
ਮੈਂ ਫ਼ਖ਼ਰ ਦੇ ਨਾਲ ਕਹਿੰਦਾ ਹਾਂ ਕਿ ਇਸ ਰਾਤ ਮੇਰੀ ਹਾਲਤ ਮੇਰੇ ਇਤਫ਼ਾਕੀਆ ਰਫ਼ੀਕਾਂ ਤੋਂ ਨਾ ਤਾਂ ਬੁਰੀ ਸੀ ਅਤੇ ਨਾ ਅੱਛੀ। ਆਖ਼ਰਦਾਰ ਮੈਂ ਇਹ ਤਜ਼ਵੀਜ਼ ਪੇਸ਼ ਕੀਤੀ : ਸਾਨੂੰ ਉਠ ਕੇ ਉਸ ਸ਼ਖ਼ਸ ਦੇ ਪਾਸ ਜਾਣਾ ਚਾਹੀਦਾ ਹੈ ਮਗਰ ਬਗ਼ੈਰ ਕੋਈ ਨੁਕਸਾਨ ਪਹੁੰਚਾਏ ਇਸ ਤੋਂ ਖਾਣੇ ਦਾ ਸਾਮਾਨ ਲੈ ਲੈਣਾ ਚਾਹੀਦਾ ਹੈ। ਅਗਰ ਉਹ ਫ਼ਾਇਰ ਕਰਦਾ ਹੈ ਤਾਂ ਕਰ ਲਵੇ ! ਉਹ ਵੱਧ ਤੋਂ ਵੱਧ ਸਾਡੇ ਵਿੱਚੋਂ ਸਿਰਫ਼ ਇਕ ਨੂੰ ਨਿਸ਼ਾਨਾ ਬਣਾ ਲਵੇਗਾ,ਜੋ ਏਨਾ ਸੌਖਾ ਨਹੀਂ ਅਤੇ ਅਗਰ ਫ਼ਰਜ਼ ਕਰੋ ਮੁਹਾਲ ਉਸ ਦੀ ਗੋਲੀ ਕਿਸੇ ਇਕ ਨੂੰ ਲੱਗ ਭੀ ਗਈ ਤਾਂ ਅਮੂਮਨ ਪਿਸਤੌਲ ਦਾ ਛੱਰਾ ਮੁਹਲਕ ਜ਼ਖ਼ਮ ਨਹੀਂ ਕਰਦਾ।
ਤਾਂ ਚਲੋ ਫਿਰ ਸਿਪਾਹੀ ਨੇ ਛਾਲ ਮਾਰ ਖੜੇ ਹੁੰਦੇ ਹੋਏ ਕਿਹਾ। ‘ਵਿਦਿਆਰਥੀ’ ਕੋਸ਼ਿਸ਼ ਦੇ ਬਾਵਜੂਦ ਬੜੇ ਆਰਾਮ ਨਾਲ ਉੱਠਿਆ। ਅਸੀਂ ਦੌੜ ਕੇ ਉਸ ਸ਼ਖ਼ਸ ਦੀ ਜਾਨਿਬ ਵਧੇ । ‘ਵਿਦਿਆਰਥੀ’ ਸਾਡੇ ਪਿੱਛੇ ਆ ਰਿਹਾ ਸੀ।
“ ਆ ਜਾ ਬੇਲੀਆ,” ਸਿਪਾਹੀ ਨੇ ਕੜਕ ਕੇ ਪੁਕਾਰਿਆ।
ਸਾਡਾ ਸਾਹਮਣਾ ਇਕ ਦੱਬਵੀਂ ਗੁਣਗੁਣਾਹਟ ਨਾਲ ਹੋਇਆ। ਫਿਰ ਨਾਲ ਹੀ …. ਲਬਲਬੀ ਦੱਬਣ ਦੀ ਆਵਾਜ਼ ਗੂੰਜੀ ਅਤੇ ਸ਼ੋਹਲਾ ਬੁਲੰਦ ਹੋਇਆ। ਅਤੇ ਗੋਲੀ ਸਾਡੇ ਕੰਨਾਂ ਦੇ ਕੋਲੋਂ ਗੂੰਜਦੀ ਹੋਈ ਗੁਜ਼ਰ ਗਈ।
“ਨਿਸ਼ਾਨਾ ਖ਼ਤਾ ਗਿਆ”, ਸਿਪਾਹੀ ਖੁਸ਼ੀ ਦੇ ਮਾਰੇ ਕੂਕ ਉੱਠਿਆ ਅਤੇ ਇਕ ਹੀ ਝਪਟ ਵਿੱਚ ਉਸ ਨੂੰ ਜਾ ਦਬੋਚਿਆ। “ਠਹਿਰ ਓਏ ਸ਼ੈਤਾਨ, ਹੁਣੇ ਚਖਾ ਦਿੰਨਾ ਤੈਨੂੰ ਮਜ਼ਾ….”
‘ਵਿਦਿਆਰਥੀ’ ਉਸ ਦੇ ਥੈਲੇ ਦੀ ਤਰਫ਼ ਲਪਕਿਆ ਮਗਰ ਉਹ ਸ਼ੈਤਾਨ ਇਕ ਦਮ ਪਿੱਠ ਦੇ ਭਾਰ ਜ਼ਮੀਨ ਤੇ ਲੇਟ ਗਿਆ ।ਅਤੇ ਹੱਥ ਫੈਲਾ ਕੇ ਹੁਓਂਕਣਾ ਸ਼ੁਰੂ ਕਰ ਦਿੱਤਾ।
“ਓਏ , ਕੀ ਹੋ ਗਿਆ ਤੈਨੂੰ ?” ਸਿਪਾਹੀ ਨੇ ਹੈਰਾਨ ਹੁੰਦੇ ਹੋਏ ਕਿਹਾ,“ਓ….ਓਏ …. ਕੁਛ ਸੁਣ ਰਿਹਾ ਹੈਂ ਕਿ ਨਹੀਂ?…. ਕਿਤੇ ਤੂੰ ਆਪਣੇ ਆਪ ਨੂੰ ਗੋਲੀ ਤਾਂ ਨਹੀਂ ਮਾਰ ਲਈ ?”
“ਇਹ ਰਿਹਾ ਗੋਸ਼ਤ, ਟਿਕੀਆਂ ਅਤੇ ਰੋਟੀ…. ਕਾਫ਼ੀ ਮਿਕਦਾਰ ਹੈ ਭਾਈਉ ”, ‘ਵਿਦਿਆਰਥੀ’ ਨੇ ਖ਼ੁਸ਼ ਹੋ ਕੇ ਬੁਲੰਦ ਆਵਾਜ਼ ਵਿੱਚ ਕਿਹਾ।
“ਤਾਂ ਜਾ ਮਰ ਪਰ੍ਹਾਂ , ਜਹੰਨਮ ਵਿੱਚ ਜਾ, ਆਓ ਦੋਸਤੋ,ਆਪਾਂ ਖਾਣਾ ਖਾਈਏ ” ਸਿਪਾਹੀ ਚਿਲਾਇਆ
ਮੈਂ ਉਸ ਸ਼ਖ਼ਸ ਦੇ ਹੱਥੋਂ ਪਿਸਤੌਲ ਲੈ ਲਈ। ਹੁਣ ਉਸ ਨੇ ਕਰਾਹੁਣਾ ਬੰਦ ਕਰ ਦਿੱਤਾ ਸੀ ਅਤੇ ਖ਼ਾਮੋਸ਼ ਪਿਆ ਸੀ। ਪਿਸਤੌਲ ਵਿੱਚ ਸਿਰਫ਼ ਇਕ ਕਾਰਤੂਸ ਹੋਰ ਬਾਕੀ ਸੀ।
ਅਸੀਂ ਹੁਣ ਫਿਰ ਖ਼ਾਮੋਸ਼ੀ ਨਾਲ ਖਾਣੇ ਵਿੱਚ ਮਸਰੂਫ਼ ਸੀ। ਅਤੇ ਉਹ ਸ਼ਖ਼ਸ ਬੇਹਿਸ ਪਿਆ ਸੀ। ਇਸ ਵਕਤ ਅਸੀਂ ਉਸ ਦੀ ਮੌਜੂਦਗੀ ਤੋਂ ਬਿਲਕੁਲ ਗ਼ਾਫ਼ਲ ਸੀ।
“ਭਾਈਉ , ਕੀ ਤੁਸੀਂ ਇਹ ਸਭ ਕੁਛ ਵਾਕਈ ਇਸ ਰੋਟੀ ਦੇ ਲਈ ਕੀਤਾ ਹੈ?” ਇਕ ਲਰਜ਼ਾਂ ਅਤੇ ਫੁੱਟੀ ਹੋਈ ਭੱਦੀ ਆਵਾਜ਼ ਨੇ ਯਕਲਖ਼ਤ ਸਾਨੂੰ ਕਿਹਾ। ਅਸੀਂ ਚੌਂਕ ਪਏ ‘ਵਿਦਿਆਰਥੀ’ ਖੰਘਦਾ ਹੋਇਆ ਜ਼ਮੀਨ ਦੀ ਤਰਫ਼ ਝੁਕ ਗਿਆ। ਸਿਪਾਹੀ ਨੇ ਆਪਣੇ ਮੂੰਹ ਦੀ ਬੁਰਕੀ ਨਿਗਲਦੇ ਹੋਏ ਉਸ ਸ਼ਖ਼ਸ ਨੂੰ ਲਾਹਨਤਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ :
“ਓਏ, ਕੁੱਤੇ ਦੀ ਜਾਤ …. ਖ਼ੁਦਾ ਕਰੇ ਤੇਰਾ ਬਦਨ ਖ਼ੁਸ਼ਕ ਲੱਕੜੀ ਦੀ ਬਿਲ੍ਹਕ ਵਾਂਗ ਫੁੱਟ ਫੁੱਟ ਜਾਵੇ । ਕੀ ਤੂੰ ਇਹ ਖ਼ਿਆਲ ਕਰਦਾ ਸੀ ਕਿ ਅਸੀਂ ਤੇਰੀ ਖੱਲ ਉਧੇੜਨਾ ਚਾਹੁੰਦੇ ਹਾਂ ? ਤੇਰੀ ਚਮੜੀ ਸਾਡੇ ਕਿਸ ਕੰਮ ਦੀ…. ਬਦ ਦਿਮਾਗ , ਪਾਜੀ, ਕਮੀਨੇ!…. ਪਿਸਤੌਲ ਲਈ ਲੋਕਾਂ ਤੇ ਗੋਲੀਆਂ ਚਲਾਉਂਦਾ ਹੈ…. ਸ਼ੈਤਾਨ ਕਿਤੇ ਦਾ!”
ਸਿਪਾਹੀ ਇਸ ਦੌਰਾਨ ਨਾਲ ਨਾਲ ਖਾਈ ਵੀ ਜਾ ਰਿਹਾ ਸੀ ਜਿਸ ਦੀ ਵਜ੍ਹਾ ਉਸ ਦੀਆਂ ਗਾਲਾਂ ਦਾ ਪੂਰਾ ਜ਼ੋਰ ਸ਼ੋਰ ਬਹੁਤ ਹੱਦ ਤੱਕ ਦੱਬ ਗਿਆ ਸੀ।
“ਠਹਿਰ ਜਾ ਅਸੀਂ ਖਾਣਾ ਖਾਣ ਦੇ ਬਾਦ ਤੇਰੇ ਨਾਲ ਨਿਪਟ ਲਾਂਗੇ!” ‘ਵਿਦਿਆਰਥੀ’ ਨੇ ਉਸ ਨੂੰ ਧਮਕਾਇਆ।
ਇਸ ਤੇ ਸਿਸਕੀਆਂ ਅਤੇ ਆਹੋ ਜ਼ਾਰੀ ਦੀ ਆਵਾਜ਼ ਰਾਤ ਦੇ ਸਕੂਨ ਵਿੱਚ ਫੈਲ ਗਈ ਤੇ ਅਸੀਂ ਡਰ ਗਏ।
“ਭਾਈਉ , ਮੈਨੂੰ ਮਲੂਮ ਨਹੀਂ ਸੀ। ਮੈਂ ਡਰ ਗਿਆ ਸੀ। ਸੋ ਮੈਂ ਫ਼ਾਇਰ ਕਰ ਦਿੱਤਾ। ਮੈਂ ਨਿਊ ਈਥਨ ਤੋਂ ਸਮਾਨਸਕ ਜਾ ਰਿਹਾ ਹਾਂ…. ਆਹ ਮੇਰੇ ਖ਼ੁਦਾ! ਜਿਉਂ ਹੀ ਆਫ਼ਤਾਬ ਗ਼ੁਰੂਬ ਹੋਣ ਲਗਦਾ ਹੈ, ਮੈਨੂੰ ਬੁਖ਼ਾਰ ਚੜ੍ਹ ਜਾਂਦਾ ਹੈ…. ਮੇਰੀ ਬਦ ਬਖ਼ਤੀ! ਇਸ ਬੁਖ਼ਾਰ ਦਾ ਇਲਾਜ ਕਰਾਉਣ ਦੀ ਖ਼ਾਤਿਰ ਹੀ ਮੈਂ ਈਥਨ ਨੂੰ ਖ਼ੈਰ ਬਾਦ ਕਿਹਾ ਸੀ…. ਮੈਂ ਉਥੇ ਬੜ੍ਹਈ ਦਾ ਕੰਮ ਕਰਦਾ ਸੀ…. ਮੈਂ ਬੜ੍ਹਈ ਹਾਂ…. ਮੇਰੀ ਇਕ ਬੀਵੀ ਅਤੇ ਦੋ ਛੋਟੀਆਂ ਛੋਟੀਆਂ ਬੱਚੀਆਂ ਹਨ ਜਿਨ੍ਹਾਂ ਤੋਂ ਜੁਦਾ ਹੋਏ ਮੈਨੂੰ …. ਕਰੀਬ ਕਰੀਬ ਚਾਰ ਸਾਲ ਗੁਜ਼ਰ ਚੁੱਕੇ ਹਨ….ਭਾਈਉ, ਤੁਸੀਂ ਸਭ ਕੁਛ ਖਾ ਲਉ…. ।”
“ਕੋਈ ਫ਼ਿਕਰ ਨਾ ਕਰ , ਅਸੀਂ ਤੇਰੇ ਕਹਿਣੇ ਦੇ ਬਗ਼ੈਰ ਹੀ ਸਭ ਕੁਛ ਖਾ ਲਵਾਂਗੇ”, ‘ਵਿਦਿਆਰਥੀ’ ਨੇ ਉਸ ਨੂੰ ਕਿਹਾ।
“ਆਹ ! ਮੇਰੇ ਪਰਵਰਦਿਗਾਰ! ਅਗਰ ਮੈਨੂੰ ਮਲੂਮ ਹੁੰਦਾ ਕਿ ਤੁਸੀਂ ਲੋਕ ਅਮਨ ਪਸੰਦ ਅਤੇ ਰਹਿਮ ਦਿਲ ਹੋ ਤਾਂ ਮੈਂ ਕਦੇ ਗੋਲੀ ਨਾ ਚਲਾਉਂਦਾ…. ਜੋ ਕੁਛ ਹੋਇਆ ਉਸ ਦਾ ਜ਼ਿੰਮੇਦਾਰ ਇਹ ਸਟੈੱਪੀ ਦਾ ਮੈਦਾਨ ਹੈ ਅਤੇ ਫਿਰ ਤਾਰੀਕੀ ਵਿੱਚ ਸੁਝ ਕੀ ਸਕਦਾ ਹੈ…. ਮੈਨੂੰ ਮਾਫ਼ ਕਰ ਦਿਉ’ ਭਾਈਉ’ ਮੇਰੀ ਖ਼ਤਾ ਮਾਫ਼ ਕਰ ਦਿਉ!ਉਹ ਬੋਲ ਰਿਹਾ ਸੀ ਅਤੇ ਨਾਲ ਰੋ ਭੀ ਰਿਹਾ ਸੀ। ਉਸ ਦੀ ਰੌਣੀ ਆਵਾਜ਼ ਲਰਜ਼ਾਂ ਅਤੇ ਦਹਿਸ਼ਤ ਆਫ਼ਰੀਂ ਸੀ।
“ਬੱਸ ਬੱਸ ਅਜੇ ਬੂਕ ਨਾ ”, ਸਿਪਾਹੀ ਨੇ ਹਿਕਾਰਤ ਨਾਲ ਕਿਹਾ।
“ਇਸ ਦੇ ਪਾਸ ਕੁਛ ਨਕਦੀ ਭੀ ਜ਼ਰੂਰੀ ਹੋਵੇਗੀ!” ‘ਵਿਦਿਆਰਥੀ’ ਨੇ ਕਿਆਫਾ ਲਗਾਇਆ
ਸਿਪਾਹੀ ਨੇ ਆਪਣੀਆਂ ਅੱਖਾਂ ਨੀਮ ਬੰਦ ਕਰ ਲਈਆਂ । ‘ਵਿਦਿਆਰਥੀ’ ਦੀ ਤਰਫ਼ ਦੇਖਿਆ ਅਤੇ ਮੁਸਕਰਾਉਂਦੇ ਹੋਏ ਕਿਹਾ, “ਤੂੰ ਤਾਂ ਨਜੂਮੀ ਹੈਂ …. ਚਲੋ, ਅਜੇ ਅੱਗ ਜਲਾ ਕੇ ਸੌਂ ਰਹੀਏ !”
“ਅਤੇ ਇਸ ਨੂੰ ਇਥੇ ਹੀ ਪਿਆ ਰਹਿਣ ਦਈਏ ?” ‘ਵਿਦਿਆਰਥੀ’ ਨੇ ਸਿਪਾਹੀ ਨੂੰ ਪੁੱਛਿਆ।
“ਜਹੰਨਮ ‘ਚ ਜਾਏ…. ਕੀ ਅਸੀਂ ਇਸ ਨੂੰ ਭੁੰਨ ਖਾਈਏ ?”
“ਹੈ ਤਾਂ ਇਸੇ ਦਾ ਹੱਕਦਾਰ !” ‘ਵਿਦਿਆਰਥੀ’ ਨੇ ਅਪਣਾ ਲੰਮਾ ਪਤਲਾ ਸਿਰ ਹਿਲਾਇਆ
ਅਸੀਂ ਅਪਣਾ ਇਕੱਠਾ ਕੀਤਾ ਹੋਇਆ ਬਾਲਣ, ਜੋ ਬੜ੍ਹਈ ਦੀ ਧਮਕੀ ਨਾਲ ਸਾਡੇ ਹਥਾਂ ਵਿੱਚੋਂ ਗਿਰ ਪਿਆ ਸੀ। ਉਠਾਉਣ ਦੇ ਲਈ ਰਵਾਨਾ ਹੋਏ। ਲੱਕੜੀਆਂ ਨੂੰ ਜਮ੍ਹਾਂ ਕਰਨ ਦੇ ਫ਼ੌਰਨ ਬਾਦ ਅਸੀਂ ਅੱਗ ਜਲਾ ਕੇ ਉਸ ਦੇ ਨਜ਼ਦੀਕ ਬੈਠੇ ਹੋਏ ਸੀ। ਅੱਗ ਖ਼ਾਮੋਸ਼ ਅਤੇ ਤੇ ਸਕੂਨ ਰਾਤ ਵਿੱਚ ਸਾਡੇ ਆਸਪਾਸ ਦੀ ਕੁਛ ਜਗ੍ਹਾ ਨੂੰ ਰੌਸ਼ਨ ਕਰਦੀ ਹੋਈ ਆਹਿਸਤਾ ਆਹਿਸਤਾ ਸੁਲਗ ਰਹੀ ਸੀ। ਸਾਡੇ ਤੇ ਨੀਂਦ ਤਾਰੀ ਹੋ ਰਹੀ ਸੀ। ਮਗਰ ਉਸ ਦੇ ਬਾਵਜੂਦ ਅਸੀਂ ਇਕ ਦਫ਼ਾ ਹੋਰ ਕੁਛ ਖਾਣ ਦੇ ਲਈ ਤਿਆਰ ਸੀ।
“ਭਾਈਉ ”, ਬੜ੍ਹਈ ਨੇ ਕਿਹਾ ਉਹ ਸਾਥੋਂ ਕੋਈ ਤਿੰਨ ਕਦਮ ਦੇ ਫ਼ਾਸਲੇ ਤੇ ਲਿਟਿਆ ਸੀ ਕਦੇ ਕਦੇ ਉਸ ਦੀ ਗੁਣਗੁਣਾਹਟ ਤੋਂ ਮਲੂਮ ਹੁੰਦਾ ਸੀ ਕਿ ਉਹ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਹੈ।
“ਕਿਉਂ’ ਕੀ ਹੈ?” ਸਿਪਾਹੀ ਨੇ ਕੁਰੱਖਤ ਲਹਿਜੇ ਵਿੱਚ ਉਸ ਤੋਂ ਪੁੱਛਿਆ ।
“ਕੀ ਮੈਂ ਤੁਹਾਡੇ ਪਾਸ ਅੱਗ ਸੇਕਣ ਦੇ ਲਈ ਆ ਸਕਦਾ ਹਾਂ?…. ਮੈਨੂੰ ਆਪਣੀ ਮੌਤ ਅੱਖਾਂ ਦੇ ਸਾਮ੍ਹਣੇ ਨਜ਼ਰ ਆ ਰਹੀ ਸੀ…. ਮੇਰੇ ਜੋੜ ਜੋੜ ਵਿੱਚ ਸ਼ਿੱਦਤ ਦਾ ਦਰਦ ਹੈ…. ਆਹ, ਖ਼ੁਦਾ! ਮੈਂ ਕਦੇ ਘਰ ਨਾ ਪਹੁੰਚ ਸਕੂੰਗਾ!”
ਇਧਰ ਸਰਕ ਆਓ ‘ਵਿਦਿਆਰਥੀ’ ਨੇ ਉਸ ਨੂੰ ਇਜ਼ਾਜ਼ਤ ਦੇ ਦਿੱਤੀ।
ਬੜ੍ਹਈ ਆਹਿਸਤਾ ਆਹਿਸਤਾ ਰੀਂਗਦਾ ਹੋਇਆ ਅੱਗ ਦੇ ਪਾਸ ਆ ਗਿਆ ।ਉਹ ਇਸ ਅੰਦਾਜ਼ ਨਾਲ ਆਪਣੇ ਬਦਨ ਨੂੰ ਹਰਕਤ ਦੇ ਰਿਹਾ ਸੀ ਕਿ ਮਲੂਮ ਹੁੰਦਾ ਸੀ ਉਸ ਨੂੰ ਆਪਣੇ ਅੰਗਾਂ ਦੇ ਟੁੱਟਣ ਦਾ ਖ਼ਦਸ਼ਾ ਹੈ ਉਹ ਦਰਾਜ਼ ਕੱਦ ਮਗਰ ਬਹੁਤ ਨਿਤਾਣਾ ਸੀ। ਉਸ ਦਾ ਹਰ ਅੰਗ ਕਮਜੋਰ ਸੀ। ਅਤੇ ਉਸ ਦੀਆਂ ਧੁੰਦਲੀਆਂ ਅੱਖਾਂ ਵਿੱਚੋਂ ਦਰਦ ਪੀੜ ਦੇ ਆਸਾਰ ਸਾਫ਼ ਸਨ ਜੋ ਉਸ ਨੂੰ ਅੰਦਰ ਹੀ ਅੰਦਰ ਖਾਈ ਜਾ ਰਿਹਾ ਸੀ । ਉਸ ਦਾ ਲਮਕਿਆ ਹੋਇਆ ਚਿਹਰਾ ਸਾਡੇ ਅਲਾਉ ਦੀ ਰੌਸ਼ਨੀ ਵਿੱਚ ਲਾਸ਼ ਵਰਗਾ ਜ਼ਰਦ, ਮਿਟਿਆਲਾ ਅਤੇ ਹੈਬਤਨਾਕ ਨਜ਼ਰ ਆਉਂਦਾ ਸੀ। ਉਸ ਦਾ ਤਮਾਮ ਜਿਸਮ ਕੰਬ ਰਿਹਾ ਸੀ। ਇਹ ਦ੍ਰਿਸ਼ ਸਾਡੇ ਦਿਲ ਵਿੱਚ ਨਫ਼ਰਤ ਆਮੇਜ਼ ਹਮਦਰਦੀ ਦੇ ਜਜ਼ਬਾਤ ਪੈਦਾ ਕਰ ਰਿਹਾ ਸੀ। ਹੱਡਲ ਹਥਾਂ ਨੂੰ ਅੱਗ ਦੀ ਜਾਨਿਬ ਵਧਾ ਕੇ ਉਨ੍ਹਾਂ ਨੂੰ ਆਪਸ ਵਿੱਚ ਰਗੜਦੇ ਵਕਤ ਉਸ ਦੀਆਂ ਉਂਗਲੀਆਂ ਦੇ ਜੋੜ ਚੱਟਖ਼ ਰਹੇ ਸਨ। ਕਿੱਸਾ ਮੁਖ਼ਤਸਰ ਉਸ ਦੀ ਤਰਫ਼ ਅੱਖ ਉੱਠਾ ਕੇ ਨਹੀਂ ਦੇਖਿਆ ਜਾ ਸਕਦਾ ਸੀ।
ਤੁਸੀਂ ਐਸੀ ਹਾਲਤ ਮੈਂ ਪੈਦਲ ਸਫ਼ਰ ਕਿਉਂ ਅਖ਼ਤਿਆਰ ਕੀਤਾ ….ਹਾਏ,ਕੰਜੂਸੀ!ਸਿਪਾਹੀ ਨੇ ਉਸ ਤੋਂ ਦਰਿਆਫ਼ਤ ਕੀਤੀ ।
“ਉਨ੍ਹਾਂ ਨੇ ਮੈਨੂੰ ਮਨ੍ਹਾ ਕੀਤਾ ਸੀ…. ਕਿ ਸਮੁੰਦਰ ਦੇ ਰਸਤੇ ਨਾ ਜਾਵਾਂ , ਸਲਾਹ ਦਿੱਤੀ ਸੀ, ਕਿ ਖ਼ੁਸ਼ਕੀ ਦੇ ਰਸਤੇ ਕਰੀਮੀਆ ਹੁੰਦਾ ਜਾਵਾਂ …. ਮਗਰ ਭਾਈਉ , ਮੈਂ ਅਪਣਾ ਸਫ਼ਰ ਹੁਣ ਜਾਰੀ ਨਹੀਂ ਰੱਖ ਸਕਦਾ…. ਮੈਂ ਮਰ ਰਿਹਾ ਹਾਂ…. ਮੈਂ ਇਸ ਮੈਦਾਨ ਵਿੱਚ ਤਿੰਨ ਤਨਹਾ ਮਰ ਜਾਊਂਗਾ ਪਰਿੰਦੇ ਮੇਰੀ ਲਾਸ਼ ਨੂੰ ਨੋਚ ਲੈਣਗੇ…. ਕਿਸੇ ਨੂੰ ਖ਼ਬਰ ਤੱਕ ਨਾ ਹੋਵੇਗੀ…. ਮੇਰੀ ਬੀਵੀ ਅਤੇ ਮੇਰੀ ਲੜਕੀਆਂ ਮੇਰੀ ਉਡੀਕ ਕਰਨਗੀਆਂ…. ਮੈਂ ਉਹਨਾਂ ਨੂੰ ਖ਼ਤ ਲਿਖ ਚੁੱਕਾ ਹਾਂ…. ਇਸ ਮੈਦਾਨ ਵਿੱਚ ਬਾਰਿਸ਼ ਮੇਰੀ ਹੱਡੀਆਂ ਬਹਾ ਕੇ ਲੈ ਜਾਏਗੀ…. ਆਹ ਮੇਰੇ ਪਰਵਰਦਿਗਾਰ!…. ਮੇਰੇ ਪਰਵਰਦਿਗਾਰ!!”
ਉਸ ਦੀ ਆਵਾਜ਼ ਕਿਸੇ ਜ਼ਖ਼ਮੀ ਭੇੜੀਏ ਦੀ ਦਰਦਨਾਕ ਚੀਖ਼ ਪੁਕਾਰ ਦੇ ਮਾਨਿੰਦ ਸੀ।
“ਆਹ, ਸ਼ੈਤਾਨ ”, ਸਿਪਾਹੀ ਨੇ ਛਾਲ ਮਾਰ ਕੇ ਖੜੇ ਹੁੰਦੇ ਹੋਏ ਕਿਹਾ। “ਇਹ ਬੱਕ ਬੱਕ ਕਿਸ ਲਈ ਲੱਗਾ ਰੱਖੀ ਹੈ ਤੂੰ । ਕੀ ਤੂੰ ਸਾਨੂੰ ਇਕ ਲਮਹਾ ਚੈਨ ਭੀ ਲੈਣ ਦਏਂਗਾ ਯਾ ਨਹੀਂ …. ਮਰਨਾ ਚਾਹੁੰਦਾ ਹੈਂ ਤਾਂ ਮਰ ਜਾ ਮਗਰ ਖ਼ੁਦਾ ਦੇ ਲਈ ਜ਼ਰਾ ਖ਼ਾਮੋਸ਼ ਰਹਿ…. ਤੇਰੀ ਜ਼ਰੂਰਤ ਭੀ ਕਿਸ ਨੂੰ ਹੈ?….ਹੁਣ ਖ਼ਾਮੋਸ਼ ਹੀ ਰਹਿਣਾ।”
“ਸਿਰ ਤੇ ਇਕ ਧੌਲ ਨਹੀਂ ਜਮਾ ਦਿੰਦੇ !”‘ਵਿਦਿਆਰਥੀ’ ਨੇ ਸਿਪਾਹੀ ਨੂੰ ਸਲਾਹ ਦਿੰਦੇ ਹੋਏ ਕਿਹਾ।
“ ਚਲੋ ਹੁਣ ਸੌਂ ਜਾਈਏ”,ਮੈਂ ਕਿਹਾ ”ਅਤੇ ਰਹੀ ਤੇਰੀ ਗੱਲ ! ਅਗਰ ਅੱਗ ਸੇਕਣਾ ਚਾਹੁੰਦਾ ਹੈਂ ਤਾਂ ਖ਼ੁਦਾ ਦੇ ਲਈ ਜ਼ਬਾਨ ਮੂੰਹ ਵਿੱਚ ਹੀ ਰੱਖਣਾ।”
“ ਸੌਂ ਰਹੇ ਹੋ?” ਸਿਪਾਹੀ ਨੇ ਬੜ੍ਹਈ ਤੋਂ ਗ਼ੁੱਸੇ ਵਿੱਚ ਦਰਿਆਫ਼ਤ ਕੀਤੀ । ਇਹ ਖ਼ਿਆਲ ਦਿਮਾਗ਼ ਵਿੱਚੋਂ ਕਢ ਦੇ ਕਿ ਅਸੀਂ ਤੇਰੇ ਤੇ ਤਰਸ ਖਾ ਕੇ ਤੇਰੀ ਤੀਮਾਰਦਾਰੀ ਕਰਾਂਗੇ। ਇਸ ਲਈ ਕਿ ਤੁਸੀਂ ਸਾਨੂੰ ਰੋਟੀ ਦਾ ਟੁਕੜਾ ਦਿੱਤਾ ਸੀ ਅਤੇ ਸਾਡੇ ਤੇ ਫ਼ਾਇਰ ਕੀਤਾ ਸੀ। ਤੂੰ ਤਾਂ ਪੂਰਾ ਸ਼ੈਤਾਨ ਹੈਂ …. ਕੋਈ ਹੋਰ ਵੀ ਇਹੀ ਕਰਦਾ ।
ਸਿਪਾਹੀ ਨੇ ਹੋਰ ਕੁਛ ਨਾ ਕਿਹਾ ਅਤੇ ਆਪਣੇ ਆਪ ਨੂੰ ਜ਼ਮੀਨ ਤੇ ਦਰਾਜ਼ ਕਰ ਦਿੱਤਾ। ‘ਵਿਦਿਆਰਥੀ’ ਪਹਿਲੇ ਹੀ ਲਿਟਿਆ ਹੋਇਆ ਸੀ। ਮੈਂ ਭੀ ਲਿਟ ਗਿਆ। ਖ਼ੌਫ਼ਜ਼ਦਾ ਬੜ੍ਹਈ ਜਿਸਮ ਨੂੰ ਸੰਗੋੜਦੇ ਹੋਏ ਅਲਾਉ ਦੀ ਤਰਫ਼ ਵਧਿਆ । ਅਤੇ ਅੱਗ ਦੀ ਤਰਫ਼ ਟਿਕਟਿਕੀ ਬੰਨ੍ਹ ਕੇ ਦੇਖਣ ਲੱਗਾ। ਮੈਂ ਉਸ ਦੇ ਸੱਜੇ ਪਾਸੇ ਲਿਟਿਆ ਉਸ ਦੀ ਦੰਦ ਕਰੀਚਣ ਦੀ ਆਵਾਜ਼ ਸੁਣ ਰਿਹਾ ਸੀ। ‘ਵਿਦਿਆਰਥੀ’ ਉਸ ਦੇ ਖੱਬੇ ਪਾਸੇ ਪੰਡ ਜਿਹੀ ਬਣਿਆ ਪਿਆ ਸੀ ਅਤੇ ਪੈਂਦੇ ਹੀ ਸੌਂ ਗਿਆ ਸੀ।
ਸਿਪਾਹੀ ਆਪਣੇ ਸਿਰ ਨੂੰ ਹਥਾਂ ਦਾ ਸਹਾਰਾ ਦਈਂ ਆਸਮਾਨ ਨੂੰ ਤੱਕ ਰਿਹਾ ਸੀ।
“ਕਿੰਨੀ ਸੁਹਾਵਣੀ ਰਾਤ ਹੈ, ਕਿਸ ਕਦਰ ਸਿਤਾਰੇ ਚਮਕ ਰਹੇ ਹਨ”,ਥੋੜੇ ਅਰਸੇ ਦੇ ਬਾਦ ਉਹ ਮੈਨੂੰ ਮੁਖ਼ਾਤਿਬ ਹੋ ਕਹਿਣ ਲੱਗਾ, “ਦੇਖੋ ਇਕ ਲਿਹਾਫ਼ ਦੀ ਤਰ੍ਹਾਂ ਮਲੂਮ ਹੁੰਦਾ ਹੈ…. ਜਹਾਂਗਰਦੀ ਦੀ ਇਸ ਜ਼ਿੰਦਗੀ ਨੂੰ ਮੈਂ ਵਾਕਈ ਪਸੰਦ ਕਰਦਾ ਹਾਂ…. ਚਾਹੇ ਐਸੀ ਜ਼ਿੰਦਗੀ ਵਿੱਚ ਕੀ ਵਾਰ ਸਰਦੀ ਦੀ ਸ਼ਿੱਦਤ ਅਤੇ ਫਾਕਾ ਕਸ਼ੀ ਬਰਦਾਸ਼ਤ ਕਰਨਾ ਪੈਂਦੀ ਹੈ । ਮਗਰ ਆਜ਼ਾਦੀ ਤਾਂ ਹੈ…. ਤੁਹਾਡਾ ਕੋਈ ਮਾਲਕ ਨਹੀਂ ਆਪਣੇ ਆਪ ਦੇ ਤੁਸੀਂ ਖ਼ੁਦ ਮਾਲਿਕ ਹੋ…. ਅਗਰ ਅਪਣਾ ਸਿਰ ਭੀ ਭੰਨਣਾ ਚਾਹੋ ਤਾਂ ਤੁਹਾਨੂੰ ਕੋਈ ਰੋਕਣ ਵਾਲਾ ਨਹੀਂ…. ਇਹ ਜ਼ਿੰਦਗੀ ਖ਼ੁਸ਼ਗਵਾਰ ਹੈ!…. ਤੈਨੂੰ ਪਤਾ ਈ ਐ ਫਾਕਾ ਕਸ਼ੀ ਨੇ ਮੇਰੀ ਤਬੀਅਤ ਨੂੰ ਬਿਗਾੜ ਦਿੱਤਾ ਸੀ ਤੇ ਮੇਰਾ ਬੁਰਾ ਹਾਲ ਸੀ …. ਮਗਰ ਹੁਣ ਮੈਂ ਇੱਥੇ ਲਿਟਿਆ ਆਸਮਾਨ ਦੀ ਤਰਫ਼ ਦੇਖ ਰਿਹਾ ਹਾਂ। ਸਿਤਾਰੇ ਝਿਲਮਿਲਾ ਰਹੇ ਹਨ। ਜਿਵੇਂ ਉਹ ਮੈਨੂੰ ਕਹਿਣਾ ਚਾਹੁੰਦੇ ਹੋਣ , ‘ਲੀਕੋਨਤਿਨ, ਪਰਵਾਹ ਨਾ ਕਰ, ਜਾ, ਆਵਾਰਗੀ ਕਰਦਾ ਰਹਿ ਰੱਜ ਕੇ ਜਹਾਨ ਭਰ …. ਮਗਰ ਖ਼ਿਆਲ ਰਹੇ ਕਿਸੇ ਦੀ ਗ਼ੁਲਾਮੀ ਕਬੂਲ ਨਾ ਕਰਨਾ….’ ਦਿਲ ਕਿਸ ਕਦਰ ਮਖਮੂਰ ਹੈ!…. ਮੀਆਂ ਬੜ੍ਹਈ ਕਿਵੇਂ ,ਤੇਰਾ ਕੀ ਹਾਲ ਹੈ….ਕਿ ਨਾਮ ਹੈ ਤੇਰਾ .., ਭਈ ਖ਼ਫ਼ਾ ਮੱਤ ਹੋਣਾ ਸਾਨੂੰ। ਅਗਰ ਅਸੀਂ ਤੇਰੀ ਰੋਟੀ ਖਾਲ਼ੀ ਹੈ ਤਾਂ ਕੀ ਗੁਨਾਹ ਹੈ ? ਤੇਰੇ ਪਾਸ ਕੁਛ ਖਾਣ ਨੂੰ ਸੀ ਅਤੇ ਅਸੀਂ ਭੁੱਖੇ ਸੀ ਲੋਹੜੇ ਦੇ , ਸੋ ਅਸੀਂ ਇਹ ਖਾ ਲਈ …. ਮਗਰ ਤੂੰ ਬਹੁਤ ਖ਼ਤਰਨਾਕ ਆਦਮੀ ਹੈਂ । ਤੂੰ ਸਾਡੇ ਤੇ ਗੋਲੀ ਚਲਾਈ ਸੀ….ਤੇਰੀ ਇਸ ਹਰਕਤ ਨੇ ਮੈਨੂੰ ਸਖ਼ਤ ਗੁੱਸੇ ਕਰ ਦਿੱਤਾ ਸੀ ਅਤੇ ਅਗਰ ਤੂੰ ਖ਼ੁਦ ਬਖ਼ੁਦ ਜ਼ਮੀਨ ਤੇ ਨਾ ਗਿਰ ਪੈਂਦਾ ਤਾਂ ਮੈਂ ਤੈਂਨੂੰ ਇਸ ਗੁਸਤਾਖ਼ੀ ਦਾ ਮਜ਼ਾ ਚਿਖਾ ਦਿੰਦਾ …. ਰੋਟੀ ਦਾ ਅਫ਼ਸੋਸ ਨਾ ਕਰ। ਪੀਰੇਕੋਪ ਪਹੁੰਚ ਕੇ ਤੂੰ ਖਾਣਾ ਖ਼ਰੀਦ ਸਕਦਾ ਹੈਂ …. ਮੈਨੂੰ ਮਲੂਮ ਹੈ ਕਿ ਤੇਰੇ ਪਾਸ ਨਕਦੀ ਜ਼ਰੂਰ ਮੌਜੂਦ ਹੈ…. ਕਦੋਂ ਤੋਂ ਬੁਖ਼ਾਰ ਆ ਰਿਹਾ ਹੈ ਤੈਨੂੰ?”
ਇਕ ਅਰਸੇ ਤੱਕ ਸਿਪਾਹੀ ਦੀ ਭੱਦੀ ਅਤੇ ਕੁਰੱਖ਼ਤ ਆਵਾਜ਼ ਅਤੇ ਬੜ੍ਹਈ ਦੀ ਲਰਜ਼ਾਂ ਗੁਣਗੁਣਾਹਟ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ। ਰਾਤ…. ਜੋ ਹੁਣ ਕਾਜਲ ਦੀ ਤਰ੍ਹਾਂ ਸਿਆਹ ਸੀ, ਜ਼ਮੀਨ ਤੇ ਆਪਣੀ ਪੂਰੀ ਕਾਲਖ ਦੇ ਨਾਲ ਥੱਲੇ ਉੱਤਰ ਰਹੀ ਸੀ। ਮੇਰੇ ਸੀਨੇ ਨੂੰ ਫ਼ਜ਼ਾ ਦੀ ਭਿੰਨੀ ਭਿੰਨੀ ਖ਼ੁਸ਼ਬੂ ਅਨੰਦ ਬਖ਼ਸ਼ ਰਹੀ ਸੀ। ਅੱਗ ਦੀ ਹਲਕੀ ਰੌਸ਼ਨੀ ਅਤੇ ਉਸ ਦੀ ਗਰਮੀ ਜਾਨ ਬਖ਼ਸ਼ ਸੀ…. ਮੇਰੀ ਅੱਖਾਂ ਬੰਦ ਹੋ ਗਈਆਂ ।
“ਉਠੋ, ਜਲਦੀ ਕਰੋ …. ਚਲੋ ਚਲੀਏ!”
ਮੈਂ ਘਬਰਾ ਕੇ ਉੱਠਿਆ ਅਤੇ ਸਿਪਾਹੀ ਦੀ ਮਦਦ ਨਾਲ ਜੋ ਮੈਨੂੰ ਬਾਹੋਂ ਫ਼ੜ ਕੇ ਜ਼ੋਰ ਜ਼ੋਰ ਨਾਲ ਝੰਜੋੜ ਰਿਹਾ ਸੀ ਫ਼ੌਰਨ ਖੜ੍ਹਾ ਹੋ ਗਿਆ ।
“ਚਲੋ,ਹੁਣ ਤੇਜ਼ੀ ਨਾਲ ਕਦਮ ਵਧਾਉ !” ਉਸ ਦੇ ਚਿਹਰੇ ਤੋਂ ਘਬਰਾਹਟ ਤੇ ਚਿੰਤਾ ਝਲਕਦੀ ਸੀ । ਮੈਂ ਆਪਣੇ ਗਿਰਦ ਨਿਗਾਹ ਦੌੜਾਈ। ਸੂਰਜ ਚੜ੍ਹ ਰਿਹਾ ਸੀ ਅਤੇ ਉਸ ਦੀ ਇਕ ਗੁਲਾਬੀ ਕਿਰਨ ਬੜ੍ਹਈ ਦੇ ਅਹਿੱਲ ਅਤੇ ਮੁਰਦਾ ਚਿਹਰੇ ਤੇ ਪੈ ਰਹੀ ਸੀ…. ਉਸ ਦਾ ਮੂੰਹ ਖੁੱਲਾ ਸੀ, ਉਸ ਦੀਆਂ ਅੱਖਾਂ ਜੋ ਬਾਹਰ ਨੂੰ ਉਭਰੀਆਂ ਹੋਈਆਂ ਸਨ ਬੇਨੂਰ ਅਤੇ ਦਹਿਸ਼ਤਜ਼ਦਾ ਸੂਰਤ ਵਿੱਚ ਆਸਮਾਨ ਦੀ ਤਰਫ਼ ਦੇਖ ਰਹੀਆਂ ਸਨ ਇਸ ਦਾ ਕੁੜਤਾ ਛਾਤੀ ਵਾਲੀ ਥਾਂ ਤੋਂ ਫੱਟਿਆ ਹੋਇਆ ਸੀ। ਅਤੇ ਉਹ ਇਕ ਗ਼ੈਰ ਫ਼ਿਤਰੀ ਅੰਦਾਜ਼ ਵਿੱਚ ਜ਼ਮੀਨ ਤੇ ਲੁੜਕਿਆ ਪਿਆ ਸੀ।‘ਵਿਦਿਆਰਥੀ’ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ।
“ਬਹੁਤ ਦੇਖ ਚੁੱਕੇ, ਚਲੋ ਹੁਣ , ਮੈਂ ਕਹਿੰਦਾ ਹਾਂ ਹੁਣ ਚਲੋ!” ਸਿਪਾਹੀ ਨੇ ਮੈਨੂੰ ਬਾਹੋਂ ਧੂਹ ਕੇ ਚੱਲਣ ਨੂੰ ਕਿਹਾ।
“ ਕੀ ਇਹ ਮਰ ਚੁੱਕਾ ਹੈ?” ਮੈਂ ਸੁਬ੍ਹਾ ਦੀ ਨਾ ਖ਼ੁਸ਼ਗਵਾਰ ਤਾਜ਼ਗੀ ਅਤੇ ਸਰਦੀ ਨਾਲ ਠਿਠਰਦੇ ਹੋਏ ਉਸ ਨੂੰ ਪੁੱਛਿਆ ।
“ਹਾਂ, ਮਰ ਚੁੱਕਾ ਹੈ, ਅਗਰ ਤੁਹਾਡਾ ਗਲਾ ਘੁਟ ਦਿਤਾ ਜਾਂਦਾ ਤਾਂ ਯਕੀਨਨ ਤੁਸੀਂ ਭੀ ਮਰ ਜਾਂਦੇ ।”
“ ਤਾਂ ਕੀ, ਇਹ…. ਇਹ ‘ਵਿਦਿਆਰਥੀ’ ਨੇ ਤਾਂ ਨਹੀਂ ਕੀਤਾ?” ਮੈਂ ਕੂਕ ਉੱਠਿਆ ।
ਉਸ ਦੇ ਸਿਵਾ ਹੋਰ ਕੌਣ ਹੋ ਸਕਦਾ ਹੈ? ਕੀ ਤੁਸੀਂ ਜਾਂ ਮੈਂ ਇਸ ਨੂੰ ਮਾਰਿਆ ਹੈ ਫਿਰ?….ਇਹ ਹੈ ਪੜ੍ਹੇ ਲਿਖਿਆਂ ਦਾ ਹਾਲ…. ਉਸ ਨੇ ਇਸ ਨੂੰ ਬੜੀ ਚਾਲਾਕੀ ਨਾਲ ਪਰ ਬੁਲਾ ਦਿੱਤਾ ਹੈ ਅਤੇ ਆਪਣੇ ਦੋਸਤਾਂ ਨੂੰ ਆਫ਼ਤ ਵਿੱਚ ਫਸਾ ਕੇ ਚਲਦਾ ਬਣਿਆ ਹੈ। ਅਗਰ ਮੈਨੂੰ ਮਲੂਮ ਹੁੰਦਾ ਕਿ ਉਹ ਐਸਾ ਗ਼ਦਾਰ ਸਾਬਤ ਹੋਏਗਾ। ਤਾਂ ਕੱਲ ਹੀ ਮੈਂ ਇਕ ਹੀ ਜ਼ਰਬ ਨਾਲ ਉਸ ਦਾ ਕੰਮ ਤਮਾਮ ਕਰ ਦਿੱਤਾ ਹੁੰਦਾ…. ਪੁੜਪੁੜੀ ਤੇ ਇਕ ਘਸੁੰਨ ਜੜਦਾ ਅਤੇ ਦੁਨੀਆ ਤੋਂ ਇਕ ਬਦ ਕਿਰਦਾਰ ਸ਼ਖ਼ਸ ਹਮੇਸ਼ਾ ਦੇ ਲਈ ਘੱਟ ਜਾਂਦਾ…. ਕਿਉਂ ਹੁਣ ਸਮਝੇ ਕੁਛ ਕਿ ਉਸ ਨੇ ਕੀ ਕਰ ਦਿੱਤਾ ਹੈ? ਹੁਣ ਬਿਹਤਰ ਇਹੀ ਹੈ ਕਿ ਇੱਥੋਂ ਭੱਜ ਚਲੀਏ, ਪੇਸ਼ਤਰ ਇਸ ਦੇ ਕਿ ਸਾਨੂੰ ਕੋਈ ਇਸ ਮੈਦਾਨ ਵਿੱਚ ਦੇਖ ਲਵੇ …. ਸਮਝੇ ਕੁਛ? ਬਹੁਤ ਜਿਲਦ ਉਨ੍ਹਾਂ ਨੂੰ ਬੜ੍ਹਈ ਦੀ ਲਾਸ਼ ਮਿਲ ਜਾਏਗੀ, ਅਤੇ ਉਹ ਕਾਤਲ ਦੇ ਸੁਰਾਗ਼ ਵਿੱਚ ਮਸਰੂਫ਼ ਹੋ ਜਾਣਗੇ। ਅਤੇ ਸਾਡੇ ਵਰਗੇ ਆਵਾਰਾ ਗਰਦਾਂ ਨੂੰ ਫ਼ੜ ਕੇ ਤਰ੍ਹਾਂ ਤਰ੍ਹਾਂ ਦੇ ਸਵਾਲਾਤ ਪੁੱਛਣਗੇ, ਚਾਹੇ ਮੈਂ ਅਤੇ ਤੁਸੀਂ ਬਿਲਕੁਲ ਬੇਗੁਨਾਹ ਹੀ ਹਾਂ …. ਇਹ ਹੋਰ ਮੁਸੀਬਤ ਹੈ ਕਿ ਉਸ ਦੀ ਪਿਸਤੌਲ ਮੇਰੀ ਜੇਬ ਵਿੱਚ ਪਈ ਹੈ।”
“ਫੈਂਕ ਦੇ ਇਸ ਨੂੰ , ਫੈਂਕ ਦੇ !” ਮੈਂ ਸਲਾਹ ਦਿੱਤੀ ।
“ਫੈਂਕ ਦੂੰ?” ਸਿਪਾਹੀ ਨੇ ਮੇਰੀ ਤਰਫ਼ ਗ਼ੌਰ ਨਾਲ ਦੇਖਦੇ ਹੋਏ ਕਿਹਾ, “ਉਹ ਕਿਉਂ? ਇਹ ਤਾਂ ਕੀਮਤੀ ਚੀਜ਼ ਹੈ। ਸ਼ਾਇਦ ਅਸੀਂ ਬਚ ਨਿਕਲੀਏ ! ਨਹੀਂ ਮੈਂ ਤਾਂ ਇਹ ਹਰਗਿਜ਼ ਨਾ ਫੈਂਕੂੰਗਾ…. ਇਸ ਦੀ ਕੀਮਤ ਤਿੰਨ ਰੂਬਲ ਦੇ ਕਰੀਬ ਹੋਵੇਗੀ…. ਇਹ ਕੌਣ ਮਲੂਮ ਕਰ ਸਕਦਾ ਹੈ ਕਿ ਉਸ ਬੇਚਾਰੇ ਦੇ ਪਾਸ ਕੋਈ ਹਥਿਆਰ ਵੀ ਸੀ ਯਾ ਨਹੀਂ…. ਇਸ ਵਿੱਚ ਇਕ ਗੋਲੀ ਭੀ ਹੈ…. ਆਹ! ਮੈਂ ਗੋਲੀ ਆਪਣੇ ਇਸ ਦਗ਼ਾਬਾਜ਼ ਦੋਸਤ ਦੇ ਦਿਮਾਗ਼ ਵਿੱਚ ਉਤਾਰਨ ਦੇ ਲਈ ਕਿਸ ਕਦਰ ਬੇਕਰਾਰ ਹਾਂ!…. ਖ਼ੁਦਾ ਮਲੂਮ ਉਹ ਇਸ ਬੇਚਾਰੇ ਦਾ ਕਿਤਨਾ ਰੁਪਈਆ ਲੈ ਕੇ ਭੱਜਿਆ ਹੈ?…. ਲਾਹਨਤ ਹੋਵੇ ਉਸ ਤੇ!!”
“ਤੇ ਬੇਚਾਰੇ ਬੜ੍ਹਈ ਦੀਆਂ ਲੜਕੀਆਂ ਦਾ ਕੀ ਹਸ਼ਰ ਹੋਏਗਾ?” ਮੈਂ ਸਿਪਾਹੀ ਨੂੰ ਕਿਹਾ।
ਲੜਕੀਆਂ?…. ਕਿਸ ਦੀ ਲੜਕੀਆਂ? ਹਾਂ, ਬੜ੍ਹਈ ਦੀਆਂ …. ਕਿਉਂ, ਉਹ ਜਵਾਨ ਹੋ ਜਾਣਗੀਆਂ । ਅਤੇ ਸਾਡੇ ਨਾਲ ਤਾਂ ਉਹ ਸ਼ਾਦੀ ਕਰਨ ਤੋਂ ਰਹੀਂਆਂ …. ਅਸੀਂ ਉਨ੍ਹਾਂ ਦੇ ਮੁਤਅੱਲਕ ਕਿਉਂ ਫ਼ਿਕਰ ਕਰੀ ਚਲਿਏ , ਭਾਈ, ਹੁਣ ਚਲੀਏ….ਮਗਰ ਜਾਈਏ ਕਿਸ ਤਰਫ਼!”
ਮੈਂ ਮੁੜ ਕੇ ਦੇਖਿਆ। ਬਹੁਤ ਦੂਰ ਇਕ ਸਿਆਹ ਪਹਾੜੀ ਦੇ ਉਤੇ ਸੂਰਜ ਚਮਕ ਰਿਹਾ ਸੀ।
“ਕੀ ਦੇਖ ਰਹੇ ਹੋ ਕਿ ਉਹ ਜ਼ਿੰਦਾ ਤਾਂ ਨਹੀਂ ਹੋ ਗਿਆ।? ਬੇਖ਼ੌਫ਼ ਰਹੋ, ਹੁਣ ਉਹ ਉਠ ਕੇ ਸਾਡਾ ਪਿੱਛਾ ਨਹੀਂ ਕਰਨ ਲੱਗਾ …. ਉਹ ਆਪਣੇ ਕੰਮ ਦਾ ਪੂਰਾ ਮਾਹਿਰ ਮਲੂਮ ਹੁੰਦਾ ਹੈ, ਦੇਖੋ ਤਾਂ ਉਸ ਨੇ ਉਸ ਗ਼ਰੀਬ ਨੂੰ ਕਿਸ ਤਰ੍ਹਾਂ ਸਰਦ ਕੀਤਾ ਹੈ…. ਕੈਸਾ ਸ਼ਾਨਦਾਰ ਰਫ਼ੀਕ ਸੀ! ਉਸ ਨੇ ਸਾਡੇ ਨਾਲ ਕਿੰਨਾ ਅੱਛਾ ਸਲੂਕ ਕੀਤਾ ਹੈ…. ਆਹ! ਹੁਣ ਅਖ਼ਲਾਕ ਰੋਜ਼ ਬਰੋਜ਼ ਨਿਘਰਦਾ ਜਾ ਰਿਹਾ ਹੈ ਲੋਕ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।ਸਿਪਾਹੀ ਨੇ ਗ਼ਮਗ਼ੀਨ ਲਹਿਜੇ ਵਿੱਚ ਕਿਹਾ।
ਖ਼ਾਮੋਸ਼ ਅਤੇ ਸੁੰਨਸਾਨ ਮੈਦਾਨ ਸੂਰਜ ਦੀ ਰੌਸ਼ਨੀ ਨਾਲ ਰੰਗਿਆ ਸੀ ਜੋ ਸਾਡੇ ਆਲੇ ਦੁਆਲੇ , ਦੁਮੇਲ ਤੇ ਆਸਮਾਨ ਦੀ ਨੀਲਾਹਟ ਦੇ ਨਾਲ ਉਸ ਦਿਲਨਵਾਜ਼ ਅੰਦਾਜ਼ ਵਿੱਚ ਰਲਗੱਡ ਹੋ ਰਹੀ ਸੀ ਕਿ ਉਸ ਵਕਤ ਤਮਾਮ ਸਿਆਹ ਕਾਰੇ ਅਤੇ ਕਲੰਕੀ ਕੰਮ ਆਸਮਾਨ ਦੇ ਨੀਲੇ ਗੁੰਬਦ ਦੇ ਥੱਲੇ ਮੈਦਾਨ ਦੀ ਇਸ ਅਜ਼ੀਮ ਅਲਸ਼ਾਨ ਸਾਦਗੀ ਅਤੇ ਵਿਸ਼ਾਲਤਾ ਵਿੱਚ ਬਿਲਕੁਲ ਨਾ ਮੁਮਕਿਨ ਮਲੂਮ ਹੁੰਦੇ ਸੀ।
“ਭਾਈ, ਮੈਨੂੰ ਤਾਂ ਸਖ਼ਤ ਭੁੱਖ ਲੱਗ ਰਹੀ ਹੈ!” ਮੇਰੇ ਸਾਥੀ ਨੇ ਹੱਥ ਨਾਲ ਸਿਗਰਟ ਬਣਾਉਂਦੇ ਹੋਏ ਕਿਹਾ।
“ਮਗਰ ਸਵਾਲ ਹੈ ਕਿ ਅਸੀਂ ਖਾਵਾਂਗੇ ਕੀ ਅਤੇ ਕਿੱਥੇ ਅਤੇ ਕਦੋਂ ਖਾਵਾਂਗੇ!”
“ਇਹੀ ਤਾਂ ਹੱਲ ਤਲਬ ਚੀਜ਼ ਹੈ …. ਇਕ!”
ਇੱਥੇ ਤੱਕ ਪਹੁੰਚ ਕੇ ਹਸਪਤਾਲ ਵਿੱਚ ਉਸ ਸ਼ਖ਼ਸ ਨੇ ਮੇਰੇ ਨਾਲ ਵਾਲੇ ਬਿਸਤਰ ਤੇ ਲਿਟਿਆ ਹੋਇਆ ਸੀ ਅਪਣਾ ਕਿੱਸਾ ਇਉਂ ਖ਼ਤਮ ਕਰ ਦਿੱਤਾ। “ਇਹ ਦਾਸਤਾਨ ਦਾ ਖ਼ਾਤਮਾ ਹੈ…. ਮੈਂ ਅਤੇ ਸਿਪਾਹੀ ਗਹਿਰੇ ਦੋਸਤ ਬਣ ਗਏ। ਅਸੀਂ ਦੋਨੋਂ ਨੇ ਕਾਰਸ ਦੇ ਇਲਾਕੇ ਤੱਕ ਇਕ ਦੂਸਰੇ ਦਾ ਸਾਥ ਦਿੱਤਾ। ਉਹ ਇਕ ਰਹਿਮ ਦਿਲ ਅਤੇ ਤਜਰਬੇਕਾਰ ਆਦਮੀ ਸੀ। ਮੇਰੀ ਨਜ਼ਰ ਵਿੱਚ ਉਸ ਦੀ ਬੜੀ ਇੱਜ਼ਤ ਸੀ। ਏਸ਼ੀਆ ਮਾਈਨਰ ਪਹੁੰਚ ਕੇ ਅਸੀਂ ਇਕ ਦੂਸਰੇ ਦੀਆਂ ਨਜ਼ਰਾਂ ਤੋਂ ਓਝਲ ਹੋ ਗਏ।
“ਕੀ ਤੁਹਾਨੂੰ ਉਹ ਬੜ੍ਹਈ ਅਜੇ ਭੀ ਯਾਦ ਆਉਂਦਾ ਹੈ?” ਮੈਂ ਉਸ ਤੋਂ ਪੁੱਛਿਆ ।
“ ਜੀ ਹਾਂ। ਠੀਕ ਇਸੇ ਤਰ੍ਹਾਂ ਜਿਵੇਂ ਤੁਸੀਂ ਦੇਖਿਆ ਹੈ ਬਲਕਿ ਜਿਵੇਂ ਤੁਸੀਂ ਸੁਣਿਆ ਹੈ!
“ਹੋਰ ਕੁਛ ਨਹੀਂ। ਕਿਸੇ ਤਰ੍ਹਾਂ ਦਾ ਕੋਈ ਅਹਿਸਾਸ ਨਹੀਂ?”
ਇਸ ਤੇ ਉਹ ਹੱਸਣ ਲੱਗਾ।
“ਭਲਾ ਮੈਨੂੰ ਇਸ ਵਾਕੇ ਦੇ ਮੁਤਅੱਲਕ ਕਿਸ ਤਰ੍ਹਾਂ ਦਾ ਅਹਿਸਾਸ ਹੋਣਾ ਹੈ ? ਬੜ੍ਹਈ ਤੇ ਜੋ ਕੁਛ ਬੀਤਿਆ ਗੁਜ਼ਰਿਆ , ਇਸ ਦਾ ਮੈਂ ਤਾਂ ਜ਼ਿੰਮੇਦਾਰ ਨਹੀਂ ਅਤੇ ਮੇਰੇ ਤੇ ਜੋ ਕੁਛ ਗੁਜ਼ਰਿਆ ਉਸ ਦੇ ਆਪ ਜ਼ਿੰਮੇਦਾਰ ਨਹੀਂ ਅਤੇ ਸੱਚ ਤਾਂ ਇਹ ਹੈ ਕਿਸੇ ਗੱਲ ਲਈ ਕੋਈ ਭੀ ਜ਼ਿੰਮੇਦਾਰ ਨਹੀਂ…. ਇਸ ਲਈ ਕਿ ਅਸੀਂ ਸਭ ਇੱਕੋ ਜਿਹੇ ਹਾਂ, ਯਾਨੀ ਦਰਿੰਦੇ!”
(ਅਨੁਵਾਦ : ਸਤਦੀਪ)

  • ਮੁੱਖ ਪੰਨਾ : ਮੈਕਸਿਮ ਗੋਰਕੀ ਦੀਆਂ ਕਹਾਣੀਆਂ ਤੇ ਹੋਰ ਰਚਨਾਵਾਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ