Sohni Saver : Navtej Singh

ਸੁਹਣੀ ਸਵੇਰ : ਨਵਤੇਜ ਸਿੰਘ

ਇੱਕ ਵਾਰ ਦੀ ਗੱਲ ਹੈ - ਤੇ ਏਸ ਗੱਲ ਨੂੰ ਬਹੁਤਾ ਚਿਰ ਨਹੀ ਹੋਇਆ- ਇਕ ਬੜੇ ਸੁਹਣੇ ਦੇਸ ਉਤੇ ਸੱਤ ਸਮੁੰਦਰ ਪਾਰ ਵੱਸਦਾ ਇਕ ਰਾਜਾ ਰਾਜ ਕਰਦਾ ਹੁੰਦਾ ਸੀ। ਏਸ ਰਾਜੇ ਦੇ ਥੱਲੇ ਦੁਨੀਆ ਦਾ ਏਨਾ ਇਲਾਕਾ ਸੀ ਕਿ ਲੋਕੀ ਕਹਿੰਦੇ ਸਨ: ਉਹਦੇ ਰਾਜ ਉਤੇ ਕਦੇ ਸੂਰਜ ਨਹੀਂ ਡੁੱਬਦਾ।

ਪਹਿਲਾਂ ਏਸ ਸੁਹਣੇ ਦੇਸ ਦੇ ਦੋ ਬੜੇ ਸੁਹਣੇ ਨਾਂ ਹੁੰਦੇ ਸਨ, ਇਕ ਦਾ ਮਤਲਬ ਸੀ ‘ਸੁਹਣੀ ਸਵੇਰ’ ਤੇ ਦੂਜੇ ਦਾ ‘ਨਿੱਘਾ ਆਲ੍ਹਣਾ’। ਪਰ ਜਦੋਂ ਤੋਂ ਇਸ ਸੱਤ ਸਮੁੰਦਰ ਪਾਰਲੇ ਰਾਜੇ ਦਾ ਰਾਜ ਏਥੇ ਸ਼ੁਰੂ ਹੋਇਆ, ਉਹਨੇ ਹੁਕਮ ਕਰ ਦਿਤਾ ਸੀ:

“ਅਜ ਤੋਂ ਏਸ ਦੇਸ ਦੇ ਵਾਸੀ ਆਪਣੀ ਬੋਲੀ ਵਿਚ ਇਹਦਾ ਨਾਂ ਨਹੀਂ ਲੈ ਸਕਣਗੇ। ਅੱਗੇ ਤੋਂ ਏਸ ਦੇਸ ਦਾ ਸਰਕਾਰੀ ਨਾਂ ਮੇਰੇ ਹੁਕਮ ਮੁਤਾਬਕ ‘ਗ਼ੁਲਾਮ-ਦੇਸ’ ਰਖਿਆ ਗਿਆ ਹੈ। ਇਸ ਤੋਂ ਛੁੱਟ ਹੋਰ ਕੋਈ ਨਾਂ ਵਰਤਣ ਵਾਲਾ ਕੈਦ ਕੀਤਾ ਜਾਏਗਾ।”

ਕਹਿੰਦੇ ਸਨ ਏਸ ਰਾਜੇ ਨੂੰ ‘ਗ਼ੁਲਾਮ’ ਲਫ਼ਜ਼ ਨਾਲ ਬੜਾ ਪਿਆਰ ਸੀ, ਤੇ ਉਹਨੇ ਆਪਣੇ ਲਾਡਲੇ ਕੁੱਤੇ ਦਾ ਨਾਂ ਵੀ ‘ਗ਼ੁਲਾਮ’ ਈ ਰਖਿਆ ਹੋਇਆ ਸੀ।

ਤੇ ਸਿਰਫ਼ ਸੁਹਣੇ ਦੇਸ ਦਾ ਨਾਂ ਹੀ ਨਹੀਂ ਸੀ ਬਦਲਾਇਆ ਗਿਆ, ਹੌਲੀ ਹੌਲੀ ਨਵੇਂ ਹਾਕਮਾਂ ਨੇ ਸਾਰੇ ਦੇਸ ਦਾ ਮੂੰਹ ਮੱਥਾ ਹੀ ਬਦਲ ਦਿਤਾ ਸੀ।

ਪਹਿਲਾਂ ਜੇਠ ਵਿਚ ਏਸ ਦੇਸ ਦੇ ਖਲਵਾੜੇ ਕਣਕਾਂ ਨਾਲ ਮਿਉਂਦੇ ਨਹੀਂ ਸਨ ਹੁੰਦੇ, ਭਾਦੋਂ ਵਿਚ ਖੇਤਾਂ ਦੇ ਆਲੇ ਦੁਆਲੇ ਦੂਰ ਤੀਕ ਬਾਸਮਤੀ ਦੀ ਮਹਿਕ ਖਿੱਲਰ ਜਾਂਦੀ ਹੁੰਦੀ ਸੀ, ਮੱਝਾਂ ਦੇ ਥਣ - ਜਿਨ੍ਹਾਂ ਨੂੰ ਏਥੇ ਅੰਮ੍ਰਿਤ-ਕਟੋਰੇ’ ਕਿਹਾ ਜਾਂਦਾ ਸੀ - ਸਦਾ ਭਰੇ ਰਹਿੰਦੇ ਸਨ ਤੇ ਲੋਕ ਆਪਣੀ ਕਿਰਤ ਦੇ ਆਸਰੇ ਬੜੀ ਚੰਗੀ ਤਰ੍ਹਾਂ ਵਸਦੇ ਰਸਦੇ ਸਨ। ਜਦੋਂ ਤੋਂ ਇਹ ਨਵਾਂ ਰਾਜ ਸ਼ੁਰੂ ਹੋਇਆ - ਖਲਵਾੜੇ ਭਾਵੇਂ ਪਹਿਲਾਂ ਵਾਂਗ ਈ ਮਿਉਂਦੇ ਨਾ, ਬਾਸਮਤੀ ਦੀ ਮਹਿਕ ਵੀ ਪਹਿਲੀਆਂ ਵਾਂਗ ਈ ਖਿਲਰਦੀ, ਅੰਮ੍ਰਿਤ-ਕਟੋਰੇ ਵੀ ਉਸੇ ਤਰ੍ਹਾਂ - ਪਰ ਨਵੇਂ ਹਾਕਮਾਂ ਨੇ ਲੋਕਾਂ ਕੋਲੋਂ ਇਹਨਾਂ ਸਭਨਾਂ ਵਸਤਾਂ ਨੂੰ ਵਰਤਣ ਦਾ ਹੱਕ ਖੋਹ ਲਿਆ ਸੀ।

ਸਿਰਫ਼ ਹਰ ਚੀਜ਼ ਪੈਦਾ ਕਰਨ ਲਈ ਕਰੜੀ ਤੋਂ ਕਰੜੀ ਮਿਹਨਤ ਕਰਨ ਦਾ ਹੱਕ ਉਹਨਾਂ ਕੋਲ ਰਹਿਣ ਦਿਤਾ ਗਿਆ ਸੀ। ਜਦੋਂ ਸਭ ਵਸਤਾਂ ਪੈਦਾ ਹੋ ਜਾਂਦੀਆਂ, ਤਾਂ ਨਵੇਂ ਹਾਕਮ ਸਭ ਕੁਝ ਇਕੱਠਾ ਕਰ ਕੇ ਵੱਡੇ ਵੱਡੇ ਕਿਲਿਆਂ ਅੰਦਰ ਬੰਦ ਕਰ ਦੇਂਦੇ। ਇਹਨਾਂ ਕਿਲਿਆਂ ਦੇ ਲੋਹੇ ਦੇ ਫਾਟਕ ਸਨ, ਤੇ ਬਾਹਰ ਸੰਗੀਨਾਂ ਦਾ ਪਹਿਰਾ। ਫੇਰ ਕਿਲਿਆਂ ਵਿਚਲੇ ਢੇਰਾਂ ਵਿਚੋਂ ਥੋੜਾ ਥੋੜਾ ‘ਗ਼ੁਲਾਮ-ਦੇਸ’ ਦੇ ਵਾਸੀਆਂ ਨੂੰ ਭਿਖਿਆ ਵਾਂਗ ਦੇ ਦਿਤਾ ਜਾਂਦਾ - ਸਿਰਫ਼ ਓਨਾ ਕੁ ਜਿੰਨੇ ਅਗਲੀ ਵਾਰ ਇਹ ਫਿਰ ਇਹਨਾਂ ਸਭ ਵਸਤਾਂ ਨੂੰ ਪੈਦਾ ਕਰਨ ਜੋਗੇ ਆਦਮੀ ਜਿਉਂਦੇ ਰਹਿ ਸਕਣ, ਤੇ ਕੁਝ ਮੱਝਾਂ ਨੂੰ ਖੁਆਇਆ ਜਾਂਦਾ ਤਾਂ ਜੋ ਉਹ ਦੁੱਧ ਦੇਂਦੀਆਂ ਰਹਿ ਸਕਣ, ਤੇ ਕੁਝ ਬਲਦਾਂ ਨੂੰ ਤਾਂ ਜੋ ਉਹ ਹਲਾਂ ਅਗੇ ਜੁਤੇ ਰਹਿਣ। ਤੇ ਬਸ - ਏਸ ਤੋਂ ਵਧ ਭੋਰਾ ਵੀ ਨਾ (ਹਾਂ ਉਹ ਏਦੂੰ ਵੱਖ ਸੀ, ਜਿਹੜਾ ‘ਗ਼ੁਲਾਮ-ਦੇਸ’ ਦੇ ਚੂਹੇ ਦਾਅ ਲਾ ਕੇ ਢੇਰਾਂ ਵਿਚੋਂ ਖਾ ਜਾਂਦੇ। ਪਰ ਹਾਕਮਾਂ ਵਿਚੋਂ ਕਈ ਸਿਆਣੇ ਇਹਨਾਂ ਦੀ ਥਾਂ ਆਪਣੇ ਦੇਸ ਤੋਂ ਚੂਹੇ ਮੰਗਵਾ ਕੇ ਏਧਰ ਵੀ ਸੁਧਾਰ ਕਰਨ ਦੀਆਂ ਤਜਵੀਜ਼ਾਂ ਸੋਚ ਰਹੇ ਸਨ!)। ਤੇ ਅਖ਼ੀਰ ਇਨ੍ਹਾਂ ਕਿਲਿਆਂ ਵਿਚੋਂ ਸਾਰਾ ਕੁਝ ਹੂੰਝ ਹਾਂਝ ਕੇ , ਜਹਾਜ਼ਾਂ ਵਿਚ ਲੱਦ ਕੇ, ਸੱਤ ਸਮੁੰਦਰ ਪਾਰ ਰਾਜੇ ਦੇ ਆਪਣੇ ਦੇਸ ਵਿਚ ਘੱਲ ਦਿਤਾ ਜਾਂਦਾ।

ਜਿਸ ਤਰ੍ਹਾਂ ਪਹਿਲੀਆਂ ਵਿਚ - ਜਦੋਂ ਲੋਕੀਂ ਆਪਣੇ ਦੇਸ ਨੂੰ ‘ਸੁਹਣੀ ਸਵੇਰ’ ਜਾਂ ‘ਨਿੱਘਾ ਆਲ੍ਹਣਾ’ ਕਹਿ ਸਕਦੇ ਹੁੰਦੇ ਸਨ - ਵੱਖ ਵੱਖ ਰੁੱਤਾਂ ਔਂਦੀਆਂ ਸਨ, ਕੋਈ ਗੀਤਾਂ ਦੀ, ਕੋਈ ਪੀਂਘਾਂ ਤੇ ਕੋਇਲਾਂ ਦੀ, ਕੋਈ ਨੱਚਣ ਤੇ ਟੱਪਣ ਦੀ, ਕੋਈ ਪੱਤਿਆਂ ਦੇ ਝੜਨ ਦੀ, ਕੋਈ ਫੁੱਲਾਂ ਦੇ ਖਿੜਨ ਦੀ, ਉਸੇ ਤਰ੍ਹਾਂ ਹੁਣ ਵੀ ਵੱਖ ਵੱਖ ਰੁੱਤਾਂ ਔਂਦੀਆਂ। ਪਰ ਜਿਸ ਤਰ੍ਹਾਂ ਹੋਰ ਸਭ ਕੁਝ ਵੱਟ ਗਿਆ ਸੀ, ਉਸੇ ਤਰ੍ਹਾਂ ਰੁੱਤਾਂ ਵੀ ਵੱਟ ਗਈਆਂ ਸਨ: ਹੁਣ ਕੋਈ ਭੋਖੜਿਆਂ ਨਾਲ ਮਰਨ ਦੀ ਰੁੱਤ ਸੀ ਤੇ ਕੋਈ ਨੜੋਇਆਂ ਦੀ, ਕੋਈ ਮਲੇਰੀਏ ਦੀ ਤੇ ਕੋਈ ਹੈਜ਼ੇ ਦੀ, ਕੋਈ ਜੇਲ੍ਹ ਖ਼ਾਨੇ ਉਸਾਰਨ ਦੀ, ਤੇ ਕੋਈ ਜੇਲ੍ਹਖ਼ਾਨੇ ਭਰਨ ਦੀ। ਤੇ ਹੁਣ ਵਾਲੀਆਂ ਰੁੱਤਾਂ ਪਹਿਲੀਆਂ ਰੁੱਤਾਂ ਵਾਂਗ ਈ ਇਕ ਖ਼ਾਸ ਮਿਆਦ ਪਿਛੋਂ ਔਂਦੀਆਂ, ਜਿਵੇਂ ਕੁਦਰਤ ਦੇ ਨੇਮ ਵਿਚ ਬੱਝੀਆਂ ਹੋਣ।

ਦੇਸ-ਵਾਸੀਆਂ ਵਿਚੋਂ ਕੁਝ ਨੂੰ ਨਵੇਂ ਹਾਕਮਾਂ ਨੇ ਆਪਣੇ ਉਚੇਚੇ ਸੇਵਕ ਬਣਾ ਲਿਆ ਸੀ। ਇਹਨਾਂ ਨੂੰ ਕਿਲਿਆਂ ਦੇ ਫਾਟਕ ਬੰਦ ਕਰਨ, ਦੇਸੀ ਚੂਹਿਆਂ ਤੇ ਲੋੜ ਪੈਣ ਤੇ ਦੇਸੀ ਲੋਕਾਂ ਨੂੰ ਮਾਰਨ ਦਾ ਕੰਮ ਦਿਤਾ ਜਾਂਦਾ। ਜਿਹੜੇ ਇਹਨਾਂ ਸੇਵਕਾਂ ਵਿਚੋਂ ਬੜੇ ਨਿਮਕ-ਹਲਾਲ ਨਿਕਲਦੇ ਉਹਨਾਂ ਨੂੰ ਤਿੱਲੇ ਨਾਲ ਸਜੀਆਂ ਵਰਦੀਆਂ ਪੁਆ ਕੇ, ਹੱਥ ਵਿਚ ਸੰਗੀਨਾਂ ਫੜਾ ਕੇ ਵੱਡੇ ਪਹਿਰੇਦਾਰਾਂ ਦੀ ਪਦਵੀ ਦੇ ਦਿਤੀ ਜਾਂਦੀ। ਜਿਹੜੇ ‘ਗ਼ੁਲਾਮ-ਦੇਸ’ ਦੇ ਖ਼ਾਸ ਪਤਵੰਤੇ ਸੱਜਣ ਸਨ ਉਹ ਏਸ ਪਦਵੀ ਨੂੰ ਸਭ ਤੋਂ ਵੱਡੀ ਇਜ਼ਤ ਸਮਝਣ ਲੱਗ ਪਏ।

ਪਰ ਏਸ ਦੇਸ ਦੇ ਆਮ ਲੋਕ, ਜਿਨ੍ਹਾਂ ਨੂੰ ਆਪਣੇ ਦੇਸ ਦੇ ਪੁਰਾਣੇ ਨਾਵਾਂ ਨਾਲ ਪਿਆਰ ਸੀ, ਜਿਹੜੇ ਇਹ ਨਾਂ ਖੁੱਸ ਜਾਣ ਤੇ ਇੰਜ ਮਹਿਸੂਸ ਕਰਦੇ ਸਨ ਜਿਵੇਂ ਕਿਸੇ ਡਾਕੂ ਨੇ ਉਹਨਾਂ ਦੀਆਂ ਮੁਸ਼ਕਾਂ ਕੱਸ ਕੇ ਉਹਨਾਂ ਦੇ ਸਾਹਮਣੇ ਉਹਨਾਂ ਦੀ ਬੁੱਢੀ ਮਾਂ ਦੇ ਸਾਰੇ ਕਪੜੇ ਲਾਹ ਦਿਤੇ ਹੋਣ, ਇਕ ਇਕ ਕਰਕੇ ਉਹਨਾਂ ਦੀ ਮਾਂ ਦੇ ਸਾਰੇ ਚਾਂਦੀ-ਕੇਸ ਖੋਹ ਦਿਤੇ ਹੋਣ; ਇਹ ਸਾਰੇ ਲੋਕ - ਖਲਵਾੜੇ ਜਿਹਨਾਂ ਦੀ ਕਿਰਤ ਸਨ, ਬਾਸਮਤੀ ਦੀ ਮਹਿਕ ਜਿਹਨਾਂ ਦੇ ਮੁੜ੍ਹਕੇ ਵਿਚੋਂ ਜੰਮੀ ਸੀ, ਅੰਮ੍ਰਿਤ-ਕਟੋਰੇ ਜਿਹਨਾਂ ਦੇ ਸਦਾ ਪਿਆਰ ਨੇ ਛਲਕਾਏ ਸਨ, ਇਹ ਸਾਰੇ ਨਵੇਂ ਹਾਕਮਾਂ ਨੂੰ ਤੇ ਉਹਨਾਂ ਕੋਲੋਂ ਪਦਵੀਆਂ ਲੈਣ ਵਾਲਿਆਂ ਨੂੰ ਬੜੀ ਨਫ਼ਰਤ ਕਰਦੇ ਸਨ। ਪਹਿਲਾਂ ਤੇ ਇਹ ਨਫ਼ਰਤ ਐਵੇਂ ਧੁਖਦੀ ਜਹੀ ਰਹਿੰਦੀ, ਕਿਉਂਕਿ ਇਹ ਅੱਥਰੂਆਂ ਨਾਲ ਭਿਜੀ ਹੁੰਦੀ,ਪਰ ਫੇਰ ਹੌਲੀ ਹੌਲੀ ਅੱਥਰੂ ਸੁੱਕ ਗਏ, ਤੇ ਸੁੱਚੀ ਨਫ਼ਰਤ ਅੰਗਿਆਰਿਆਂ ਵਾਂਗ ਭਖ ਪਈ, ਤੇ ਫੇਰ ਭਾਂਬੜਾਂ ਵਿਚ ਮੱਚ ਪਈ। ਖਲਵਾੜਿਆਂ ਤੇ ਖੇਤਾਂ ਵਿਚੋਂ ਨਿਕਲ ਕੇ ਲੋਕ ਠਾਠਾਂ ਮਾਰਦੀਆਂ ਭੀੜਾਂ ਵਿਚ ਜੁੜ ਪਏ, ਤੇ ਉਹਨਾਂ ਕਿਲਿਆਂ ਵਲ ਵਧੇ ਜਿਹਨਾਂ ਵਿਚ ਉਹਨਾਂ ਦੀ ਕਿਰਤ ਦੇ ਸਾਰੇ ਫਲ ਕੈਦ ਸਨ, ਤੇ ਉਹਨਾਂ ਜੇਲ੍ਹਾਂ ਵਲ ਵਧੇ ਜਿਨ੍ਹਾਂ ਵਿਚ ਉਹ ਬਹਾਦਰ ਡੱਕੇ ਹੋਏ ਕੈਦ ਸਨ ਜਿਨ੍ਹਾਂ ਆਪਣੇ ਦੇਸ ਨੂੰ ‘ਗ਼ੁਲਾਮ-ਦੇਸ’ ਆਖਣੋਂ ਇਨਕਾਰ ਕਰ ਦਿਤਾ ਸੀ, ਤੇ ਚਿੱਟੀ ਦਿਹਾੜ ਵਿਚ ਸਭਨਾਂ ਦੇ ਸਾਹਮਣੇ ‘ਸੁਹਣੀ ਸਵੇਰ’ ਦੇ ਗੀਤ ਆਪਣੇ ਦੇਸ ਦੇ ਪਹਾੜਾਂ ਜਿੱਡੀ ਉੱਚੀ ਅਵਾਜ਼ ਵਿਚ ਗੰਵੇਂ ਸਨ, ਉਹ ਕੈਦ ਸਨ ਜਿਨ੍ਹਾਂ ਨਵੇਂ ਹਾਕਮਾਂ ਦੇ ਅਹਿਲਕਾਰਾਂ ਨੂੰ ਆਪਣੇ ਖਲਵਾੜੇ ਨਹੀਂ ਸਨ ਛੁਹਣ ਦਿਤੇ, ਤੇ ਬਾਸਮਤੀ ਦੀ ਮਹਿਕ ਨਹੀਂ ਸੀ ਲੁੱਟਣ ਦਿਤੀ ਤੇ ਅੰਮ੍ਰਿਤ-ਕਟੋਰਿਆਂ ਨੂੰ ਤਰੁੰਡਦੇ ਹਿਰਸੀ ਹੱਥ ਵੱਢ ਸੁੱਟੇ ਸਨ।

ਲੋਕਾਂ ਦੀ ਠਾਠਾਂ ਮਾਰਦੀ ਭੀੜ ਤੋਂ ਸੰਗੀਨਾਂ ਵਾਲੇ ਤ੍ਰਹਿ ਗਏ। ਰਾਜੇ ਨੇ ਆਪਣੇ ਸਤ ਸਮੁੰਦਰ ਪਾਰਲੇ ਦੇਸ ਵਿਚੋਂ ਸਿਪਾਹੀ ਘੱਲੇ। ਸਿਪਾਹੀਆਂ ਨੇ ਲੋਕਾਂ ਉਤੇ ਗੋਲੀਆਂ ਦੀ ਵਾਛੜ ਕੀਤੀ। ਪਰ ਗੋਲੀਆਂ ਜਿਵੇਂ ਸਮੁੰਦਰ ਵਿਚ ਡਿਗ ਰਹੀਆਂ ਹੋਣ! ਫੇਰ ਸਤ ਸਮੁੰਦਰ ਪਾਰ ਰਾਜੇ ਨੇ ਅਨਗਿਣਤ ਬੰਬ-ਮਾਰ ਜਹਾਜ਼ ਘੱਲੇ।

ਪਰ ਲੋਕਾਂ ਦੀ ਭੀੜ ਹੁਣ ਇਕ ਮਹਾਨ ਫ਼ੌਜ ਬਣ ਚੁੱਕੀ ਸੀ। ਬੰਬ ਵਰ੍ਹਦੇ ਤੇ ਕਈ ਉਹਨਾਂ ਝੰਡਿਆਂ ਸਣੇ ਡਿਗ ਪੈਂਦੇ ਜਿਹਨਾਂ ਉਤੇ ਇਕ ਨਿੱਘੇ ਆਲ੍ਹਣੇ ਦੀ ਤਸਵੀਰ ਸੀ, ਤੇ ਸੁਹਣੀ ਸਵੇਰ ਦੀਆਂ ਕਿਰਨਾਂ ਸਨ। ਪਰ ਜਿੰਨੇ ਡਿਗਦੇ ਓਦੂੰ ਦੂਣੇ, ਓਦੂੰ ਚੌਣੇ ਏਸ ਦੇਸ ਦੀਆਂ ਅਨਗਿਣਤ ਪਗ-ਡੰਡੀਆਂ ਤੋਂ ਏਸ ਫ਼ੌਜ ਵਿਚ ਆ ਰਲਦੇ, ਤੇ ਝੰਡਿਆਂ ਨੂੰ ਚੁੰਮ ਕੇ ਚੁਕ ਲੈਂਦੇ। ਫ਼ੌਜ ਪੈਰੋ-ਪੈਰ ਵਧੇਰੇ ਤਕੜੀ ਹੁੰਦੀ ਅਗਾਂਹ ਵਧਦੀ ਜਾਂਦੀ, ਕਿਲਿਆਂ ਵਲ, ਜੇਲ੍ਹਾਂ ਵਲ- ਕਿਲੇ ਤੇ ਜੇਲ੍ਹ, ਜਿਹੜੇ ਉਹਨਾਂ ਦੇ ਦੇਸ ਦੇ ਪਿੰਡੇ ਉਤੇ ਮਾਤਾ ਦੇ ਫਲੂਹਿਆਂ ਵਾਂਗ ਉਭਰ ਆਏ ਸਨ।

ਲੋਕਾਂ ਦੀ ਫ਼ੌਜ ਅੱਗੇ ਵਧਦੀ ਗਈ, ਤੇ ਤਿੱਲੇ ਦੀਆਂ ਵਰਦੀਆਂ ਵਾਲੇ- ਆਪਣੇ ਦੇਸ ਦੇ ਚੂਹਿਆਂ ਤੇ ਲੋੜ ਪੈਣ ਤੇ ਨਿਤਾਣੇ ਲੋਕਾਂ ਨੂੰ ਮਾਰਨ ਲਈ ਰੱਖੇ ਸੇਵਕ- ਇਹਨਾਂ ਨਵੇਂ ਕਿਸਮ ਦੇ ਲੋਕਾਂ ਤੋਂ ਡਰ ਕੇ ਜੰਗਲਾਂ ਵਿਚ ਲੁਕਣ ਲਈ ਭੱਜ ਗਏ। ਪਰ ਜਿਸ ਦੇਸ ਨਾਲ ਇਹਨਾਂ ਧ੍ਰੋਹ ਕਮਾਇਆ ਸੀ ਉਹਦੇ ਜੰਗਲਾਂ ਨੇ ਈ ਇਹਨਾਂ ਨੂੰ ਓਟ ਨਾ ਦਿਤੀ। ਕੁਝ ਲੋਕਾਂ ਦੀ ਫ਼ੌਜ ਦੇ ਹਥ ਆ ਗਏ, ਤੇ ਬਾਕੀਆਂ ਨੂੰ ਜੰਗਲਾਂ ਵਿਚ ਸੱਪ ਡੰਗ ਗਏ, ਚੀਤੇ ਤੇ ਸ਼ੇਰ ਪਾੜ ਗਏ।

ਤੇ ਜਿਹੜੇ ਸੱਤ ਸਮੁੰਦਰੋਂ ਪਾਰੋਂ ਨਵੇਂ ਹਾਕਮ ਆ ਕੇ ਏਥੇ ਵੱਸੇ ਹੋਏ ਸਨ, ਤੇ ਉਹਨਾਂ ਦੀਆਂ ਪਲਟਣਾਂ, ਤੇ ਬੰਬ ਵਰ੍ਹਾਣ ਵਾਲੇ ਉਡਾਰੂ- ਇਹ ਸਾਰੇ ਡਰ ਨਾਲ ਏਨੇ ਸ਼ੁਦਾਈ ਹੋ ਗਏ ਕਿ ਕਈ ਹਾਕਮ ਰਾਤ ਨੂੰ ਡਰਾਉਣੇ ਵਿਚੋਂ ਬੁੜਾਂਦੇ ਉਠਦੇ ਤੇ ਨਾਲ ਦੀ ਮੰਜੀ ਤੇ ਲੇਟੀ ਆਪਣੀ ਵਹੁਟੀ ਨੂੰ ਵੈਰੀ ਦਾ ਸੂਹੀਆ ਸਮਝ ਕੇ ਗੋਲੀ ਮਾਰ ਦੇਂਦੇ। ਇਕੋ ਹੀ ਪਲਟਣ ਦੇ ਦੋ ਦਸਤੇ ਸ਼ਾਮ ਦੇ ਘੁਸਮੁਸੇ ਵਿਚ ਇਕ ਦੂਜੇ ਨੂੰ ਦੁਸ਼ਮਨ ਸਮਝ ਕੇ ਕੰਬਦੀਆਂ ਉਂਗਲਾਂ ਨਾਲ ਗੋਲੀਆਂ ਦਾਗ਼ ਦੇਂਦੇ। ਅਸਮਾਨਾਂ ਦੀਆਂ ਉਚਾਈਆਂ ਵਿਚ ਉਡਦਿਆਂ ਬੰਬ ਵਰ੍ਹਾਣ ਵਾਲਿਆਂ ਨੂੰ ਏਸ ਸੁਹਣੇ ਦੇਸ ਦੇ ਬੱਦਲ ਇੰਜ ਘੇਰ ਲੈਂਦੇ ਕਿ ਉਹ ਹਾਕਮਾਂ ਦੀਆਂ ਸ਼ਾਨਦਾਰ ਬਸਤੀਆਂ ਤੇ ਕਿਲਿਆਂ ਨੂੰ ਲੋਕਾਂ ਦੇ ਪਿੰਡ ਸਮਝ ਕੇ ਬੰਬ ਮਾਰੀ ਜਾਂਦੇ।

ਲੋਕਾਂ ਦੀ ਫ਼ੌਜ ਅਗੇ ਵਧਦੀ ਗਈ, ਏਨੀ ਅਗੇ ਕਿ ਕਿਲਿਆਂ ਦੇ ਫਾਟਕ ਉਹਨਾਂ ਦੀ ਧਮਕ ਨਾਲ ਕੰਬਣ ਲਗ ਪਏ, ਏਨੀ ਅਗੇ ਕਿ ਜੇਲ੍ਹਾਂ ਵਿਚ ਡੱਕੇ ਬਹਾਦਰਾਂ ਦੇ ਗੀਤ, ਬਾਜ਼ ਦੀ ਉਡਾਰੀ ਵਾਂਗ ਸਰ ਸਰ ਕਰਦੇ, ਉਹਨਾਂ ਦੇ ਗੀਤਾਂ ਨਾਲ ਰਲ ਗਏ। ਲੋਕਾਂ ਦੀ ਫ਼ੌਜ ਹੋਰ ਅਗੇ ਵਧ ਗਈ, ਤੇ ਫੇਰ ਫਾਟਕ ਭੰਨ ਦਿਤੇ ਗਏ। ਲੋਕਾਂ ਦੀ ਕਿਰਤ ਦੇ ਫਲ ਅਜ਼ਾਦ ਹੋ ਗਏ। ਜੇਲ੍ਹਾਂ ਵਿਚ ਡੱਕੇ ਬਹਾਦਰਾਂ ਨੂੰ ਲੋਕਾਂ ਨੇ ਗਲਵੱਕੜੀਆਂ ਪਾ ਲਈਆਂ।

ਕਿਲਿਆਂ ਤੇ ਜੇਲ੍ਹਾਂ ਉਤੇ ਲੋਕਾਂ ਨੇ ਝੰਡੇ ਗੱਡ ਦਿਤੇ, ਝੰਡੇ ਜਿਨ੍ਹਾਂ ਉਤੇ ਨਿੱਘੇ ਆਲ੍ਹਣੇ ਦੀ ਮੂਰਤ ਤੇ ਸੁਹਣੀ ਸਵੇਰ ਦੀਆਂ ਕਿਰਨਾਂ ਸਨ। ਤੇ ਮੁੜ ਪਹਿਲੀਆਂ ਰੁੱਤਾਂ ਪਰਤ ਆਈਆਂ- ਕੋਈ ਪੀਂਘਾਂ ਤੇ ਕੋਇਲਾਂ ਦੀ, ਕੋਈ ਪੱਤਿਆਂ ਦੇ ਝੜਨ ਦੀ, ਤੇ ਕੋਈ ਫੁਲਾਂ ਦੇ ਖਿੜਨ ਦੀ.......

1950

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ