Sumro Begum (Punjabi Story) : Prem Parkash

ਸੁਮਰੋ ਬੇਗਮ (ਕਹਾਣੀ) : ਪ੍ਰੇਮ ਪ੍ਰਕਾਸ਼

ਵੈਦ ਰਾਮ ਜੀ ਦਾਸ ਦੇ ਟੁੱਟਣ ਦੇ ਕਾਰਨ ਬੁਢੇਪਾ, ਅਕੇਵਾਂ ਤੇ ਵਲੈਤ 'ਚ ਪੁੱਤਰ ਦਾ ਜਾ ਵਸਣਾ ਤਾਂ ਪੱਕੇ ਸਨ, ਪਰ ਤੁਰਤ ਕਾਰਨ ਉਹਦੇ, ਬਰਖਾ ਬੋਧੀ ਤੇ ਮਹੰਤ ਮਘਰ ਦਾਸ ਵਿਚਕਾਰ ਬੀਤੀ ਇਕ ਰਾਤ ਦੀ ਘਟਨਾ ਸੀ। ਜਦ ਉਹਨੂੰ ਸਵੇਰੇ ਨੰਗੇ ਪੈਰੀਂ ਰਾਜਧਾਨੀ ਤੋਂ ਘਰ ਪਰਤਣਾ ਪਿਆ ਸੀ।
ਬੇਚੈਨੀ 'ਚ ਉਸ ਨੇ ਸ਼ਵ ਆਸਨ ਕੀਤਾ। ਸਾਰੇ ਅੰਗਾਂ ਵਿੱਚੀਂ ਸੁਰਤ ਘੁਮਾਈ। ਕਿਸੇ ਬੇਵਜੂਦੀ ਸ਼ੈਅ ਨੂੰ ਪੈਰਾਂ ਦੇ ਗੂਠਿਆਂ ਤੋਂ ਤੋਰ ਕੇ ਸਿਰ ਤਕ ਲਿਆਂਦਾ। ਸ਼ਕਤੀ ਕੇਂਦਰਾਂ 'ਚ ਵੰਡਿਆ। ਬਿਰਤੀ ਇਕਾਗਰ ਹੁੰਦੀ-ਹੁੰਦੀ ਚੌਕੀਦਾਰ ਦੀ ਸੀਟੀ ਦੀ ਆਵਾਜ਼ ਨਾਲ ਟੁੱਟ ਗਈ। ਉਹਨੂੰ ਹਨੇਰੇ 'ਚ ਸਾਹ ਘੁਟ ਹੁੰਦਾ ਲੱਗਿਆ।
ਉਹਨੇ ਸਰ੍ਹਾਣੇ ਵਲ ਖੂੰਜੇ 'ਚ ਟੰਗੀ ਸ਼ੇਡ ਵਾਲੀ ਬੱਤੀ ਬਾਲ ਲਈ। ਰੋਸ਼ਨੀ ਦੇ ਘੇਰੇ 'ਚ ਲਿਖਣ ਲੱਗ ਪਿਆ...' ਓਮ ਗਣੇਸ਼ਾਇ ਨਮਹਿ। ਲਿਖਤੁਮ ਵੈਦ ਰਾਮ ਜੀ ਦਾਸ' ਚੇਲਾ ਤਾਇਆ ਵੈਦ ਜੋਗ ਧਿਆਨ, ਵਾਸੀ ਮੁਹੱਲਾ ਮਾਤਾ ਰਾਣੀ, ਖੰਨਾ, ਜ਼ਿਲ੍ਹਾ ਲੁਧਿਆਣਾ। ਉਮਰ ਸਠੋਂ ਪਾਰ।...ਕਲਿਜੁਗ ਦੀ ਛਪੰਜਵੀਂ ਸ਼ਤਾਬਦੀ। ਰਾਤ ਦਾ ਪਹਿਲਾ ਪਹਿਰ। 'ਮੈਂ ਜੋ ਕੁਛ ਲਿਖ ਰਿਹਾਂ, ਉਹਦੇ 'ਚ ਕੁਛ ਵੀ ਸੱਚ ਨਹੀਂ।'—ਇਹ ਮੈਂ ਕਹਿੰਦੈਂ, ਪਰ ਮੇਰੇ ਇਲਾਜ ਨਾਲ ਰਾਜੀ ਹੋਏ ਮੇਰੇ ਦੋਸਤ ਮਧੂਸੂਦਨ ਦਾ ਕਹਿਣੈ—'ਸਭ ਸੱਚ ਐ'। ਏਸੇ ਲਈ ਮੈਂ ਰਾਤ ਨੂੰ ਜੋ ਕੁਛ ਲਿਖਦੈਂ, ਸਵੇਰੇ ਉਠ ਕੇ ਪਾੜ ਦੇਂਦੈਂ। ਡਰਦੈਂ ਕਿ ਕੋਈ ਪੜ੍ਹ ਨਾ ਲਵੇ ਇਹ ਸੱਚ ਜਾਂ ਝੂਠ। ਏਸ ਛੋਟੇ ਸ਼ਹਿਰ 'ਚ ਅਫਵਾਹ ਸ਼ਾਮ ਨੂੰ ਮੜ੍ਹੀਆਂ ਤਕ ਫੈਲ ਜਾਂਦੀ ਐ।...ਨਾਲ ਦੇ ਕਮਰੇ 'ਚ ਮੇਰੀ ਠਾਣੇਦਾਰਨੀ ਸੁੱਤੀ ਪਈ ਐ। ਮੈਂ ਖੁਲ੍ਹੀ ਬੱਤੀ ਨਹੀਂ ਬਾਲ ਸਕਦਾ। ਉਹ ਜਾਗ ਪਈ ਤਾਂ ਮੈਨੂੰ ਬਰਖਾ ਬੋਧੀ ਦਾ ਨਾਓਂ ਲਏ ਬਗੈਰ ਮਿਹਣੇ ਮਾਰੂਗੀ। ਜਾਂ ਵਲੈਤ ਵਸਦੇ ਆਪਣੇ ਪੁੱਤ ਨੂੰ ਯਾਦ ਕਰਕੇ ਰੋਊਗੀ।
ਇਹ ਲਿਖਣਾ ਮੇਰਾ ਸ਼ੌਕ ਨਹੀਂ, ਮਜਬੂਰੀ ਐ। ਰਾਜਧਾਨੀ ਦੀ ਉਸ ਘਟਨਾ ਤੋਂ ਦੋ ਕੁ ਮਹੀਨੇ ਬਾਅਦ ਵੀ ਕਦੇਲੂ–ਕਦੇ ਮਨ ਬੇਚੈਨ ਹੋ ਜਾਂਦੈ। ਫੇਰ ਅੰਗ-ਅੰਗ ਟੁੱਟਦੈ। ਨੀਂਦ ਨਹੀਂ ਆਉਂਦੀ। ਪਹਿਲਾਂ ਆਪਣੀ ਦਵਾਈ ਨਾਲ ਠੀਕ ਹੋ ਜਾਂਦਾ ਸੀ। ਹੁਣ ਡਾਕਟਰ ਨਰੇਸ਼ ਦੀ ਦਿੱਤੀ ਹੋਈ ਲੈਂਦੈਂ। ਇਹ ਵੀ ੳਸੇ ਦਾ ਨੁਸਖੈ ਬਈ ਉਦੋਂ ਤੱਕ ਕੁਛ ਨਾ ਕੁਛ ਲਿਖੀ ਜਾਵਾਂ ਜਦੋਂ ਤਕ ਨੀਂਦ ਆ ਕੇ ਢਾਅ ਨਹੀਂ ਲੈਂਦੀ।
ਸ਼ੁਰੂ 'ਚ ਫੈਸਲਾ ਕੀਤਾ ਸੀ ਕਿ ਦਲਿਤ ਨੇਤਾ ਬਰਖਾ ਬੋਧੀ ਤੇ ਉਚੀਆਂ ਕੁਰਸੀਆਂ ਦਿਵਾੳਣ ਵਾਲਾ ਮਹੰਤ ਮਘਰ ਦਾਸ ਦੀ ਰਾਜਧਾਨੀ ਵਾਲੀ ਉਸ ਘਟਨਾ ਬਾਰੇ ਕੁਛ ਨਹੀਂ ਲਿਖਣਾ। ਜੀਹਨੇ ਏਨੇ ਚਿਰ ਤੋਂ ਸਾਨੂੰ ਦੋਹਾਂ ਨੂੰ ਤੰਗ ਕੀਤਾ ਹੋਇਆ ਐ। ਮੈਂ ਕਦੇ ਤਾਇਆ ਜੀ ਬਾਰੇ ਲਿਖਦਾ, ਕਦੇ ਅਮਰੀਕਾ ਰਹਿੰਦੇ ਬੇਟੇ ਵਿਕਾਸ ਬਾਰੇ ਤੇ ਕਦੇ ਅੰਦਰ ਪਈ ਠਾਣੇਦਾਰਨੀ ਬਾਰੇ।...ਕਿਸੇ ਬਾਰੇ ਲਿਖਦਾ ਹੁੰਦਾ, ਵਿੱਚ ਬਰਖਾ ਬੋਧੀ ਆ ਵੜਦੀ। ਮੈਂ ਡਰ ਜਾਂਦਾ, ਅਪਣੀ ਪਤਨੀ ਤੋਂ। ਫੇਰ ਏਸ ਗਲੋਂ ਕਿ ਬਰਖਾ ਦਾ ਵੱਡਾ ਪੁੱਤਰ ਤੇ ਨੂੰਹ ਕੀ ਸੋਚਣਗੇ?...''
ਵੈਦ ਨੂੰ ਅਚਾਨਕ ਮਹਿਸੂਸ ਹੋਇਆ ਕਿ ਉਹਦੇ ਸਿਰ 'ਚ ਸਾਂ-ਸਾਂ ਹੋਣ ਲੱਗ ਪਈ ਏ। ਸ਼ਾਇਦ ਬਲੱਡ ਪ੍ਰੈਸ਼ਰ ਵੱਧ ਗਿਆ ਏ। ਉਹਨੇ ਜੰਤਰ ਲਾ ਕੇ ਚੈਕਅਪ ਕੀਤਾ। ਥੋੜ੍ਹਾ ਜਿਹਾ ਵਧਿਆ ਸੀ। ਘਬਰਾਹਟ ਠੀਕ ਕਰਨ ਲਈ ਤਾਜ਼ਾ ਹਵਾ ਲੈਣ ਉਹ ਉਠ ਕੇ ਵਿਹੜੇ 'ਚ ਨਿੰਮ ਹੇਠ ਡਠੇ ਤਖ਼ਤ ਪੋਸ਼ 'ਤੇ ਬਹਿ ਗਿਆ। ਕੁਝ ਸੁਖ ਮਿਲਿਆ।...ਪਰ ਜਦੇ ਕਿਸੇ ਟਾਹਣੀ ਤੇ ਬੈਠੀ ਬਤੌਰੀ ਬੋਲ ਪਈ। ਉਹਨੂੰ ਲਗਿਆ ਬਈ ਉਹ ਬੋਲੀ ਨਹੀਂ, ਰੋਈ ਏ। ਜਿਵੇਂ ਆਕਾਸ਼ 'ਚ ਜਾਂਦੀਆਂ ਰੂਹਾਂ ਨੂੰ ਦੇਖ ਕੇ ਕੁੱਤੇ ਰੋਂਦੇ ਨੇ।...ਜਿਵੇਂ ਖੁਡੇ 'ਚ ਬੰਦ ਬੁੱਢਾ ਕਬੂਤਰ ਹੂੰਘਦਾ ਏ। ਪਹਿਲਾਂ-ਪਹਿਲਾਂ ਉਹਦੀ ਆਵਾਜ਼ ਤੋਂ ਲੱਗਦਾ ਸੀ ਕਿ ਵਿਚਾਰਾ ਬੱਚਿਆਂ ਨੂੰ ਪਾਲਣ ਤੋਂ ਡਰਦੀ ਉੱਡ ਕੇ ਕਿਤੇ ਗਈ ਕਬੂਤਰੀ ਨੂੰ ਯਾਦ ਕਰਦਾ ਏ। ਪਰ ਟੀ.ਵੀ. 'ਤੇ ਜਿੱਦਣ ਬੁੱਢੇ ਸ਼ੇਰ ਦੀ ਬੇਪਰਤੀਤੀ ਅਤੇ ਮੌਤ ਦੇਖੀ, ਉਦਣ ਤੋਂ ਲੱਗਣ ਲੱਗ ਪਿਆ ਏ ਕਿ ਉਹ ਬੁਢੇਪੇ ਦੇ ਦੁਖ 'ਚ ਹੂੰਘਦਾ ਏ।...
ਉਹ ਝਟ ਦੇਣੀ ਅੰਦਰ ਆਇਆ। ਡਾ. ਨਰੇਸ਼ ਦੀ ਦਿੱਤੀ ਗੋਲੀ ਖਾ ਲਈ ।...ਇਵੇਂ ਹੁੰਦਾ ਏ। ਘਬਰਾਹਟ ਵਧਦੀ ਏ ਤਾਂ ਹੱਥ ਗੋਲੀ ਤੇ ਜਾਂਦਾ ਏ। ਤਿੰਨ ਟੈਲੀਫੋਨ ਨੰਬਰ ਯਾਦ ਆਉਂਦੇ ਨੇ—ਡਾਕਟਰ ਨਰੇਸ਼ ਦਾ, ਬਰਖਾ ਬੋਧੀ ਦਾ ਤੇ ਮਧੂਸੂਦਨ ਦਾ। ਉਹ ਬਰਖਾ ਦਾ ਨੰਬਰ ਡਾਇਲ ਕਰਦਾ ਏ। ਇਕ ਬੈੱਲ ਵੱਜਣ 'ਤੇ ਬੰਦ ਕਰ ਦਿੰਦਾ ਏ।...ਫੇਰ ਪੈੱਨ ਚੁੱਕ ਕੇ ਲਿਖਦਾ ਏ, ''...ਲੂਲੂ' ਮਨ ਤਾਂ ਕਰਦੈ ਕਿ ਏਸ ਦਰਦ ਨਾਲ ਖੇਲ੍ਹਾਂ। ਗੱਲਾਂ ਕਰਾਂ। ਮਜ਼ਾਕ ਉਡਾਵਾਂ ਆਪਣਾ, ਇਹਦਾ ਤੇ ਸਾਰੇ ਰੋਂਦੂ ਬੁੱਢੇ ਪ੍ਰੇਮੀਆਂ ਦਾ ਪਰ...
'ਸੌਂ ਜਾਓ ਹੁਣ...।'' ਅੰਦਰੋਂ ਠਾਣੇਦਾਰਨੀ ਦੀ ਕੁਰਖ਼ਤ ਆਵਾਜ਼ ਆਈ ਐ, ਜਿਵੇਂ ਮੈਂ ਸ਼ੌਕ ਨਾਲ ਹੀ ਜਾਗਦਾ ਹੋਵਾਂ। ਉਸ ਘਟਨਾ ਤੋਂ ਬਾਅਦ ਬਰਖਾ ਸਾਡੇ ਘਰ ਨਹੀਂ ਆਈ। ਤੀਵੀਆਂ 'ਚ ਜਿਵੇਂ ਇਕ ਰਗ ਵਾਧੂ ਹੁੰਦੀ ਹੋਵੇ। ਇਹ ਆਪੇ ਸਵਾਲ ਕਰਕੇ ਤੇ ਆਪੇ ਜੁਆਬ ਦੇ ਕੇ ਬਰਖਾ ਬਾਰੇ ਕੁਝ ਸਚਾਈਆਂ ਲੱਭ ਲੈਂਦੀ ਐ। ਫੇਰ 'ਚੰਦਰੀ ਫਫੇਕੁਟਨੀ' ਕਹਿ ਕੇ 'ਆਖ-ਥੂਹ' ਕਰ ਦੇਂਦੀ ਐ।...ਤਦ ਮੈਨੂੰ ਤਾਇਆ ਯਾਦ ਆਉਂਦੈ। ਉਹ ਗੁਸੈਲ ਬ੍ਰਾਹਮਣ ਜੋ ਹੱਥ ਆਉਂਦਾ ਸੀ, ਠਾਹ ਮੇਰੇ ਮਾਰ ਦੇਂਦਾ ਸੀ। ਕਹਿੰਦਾ ਸੀ—'ਤੀਵੀਂ ਦੇ ਥੱਲੇ ਲੱਗ ਕੇ ਕਟੇਂਗਾ, ਸਾਰੀ ਉਮਰ।'...ਨਸੀਹਤਾਂ ਕਰਦਾ ਸੀ—ਅਖੇ ਸਜਾਤੀ (ਆਪਣੀ ਜਾਤ ਵਾਲੇ) ਪਿੰਡ ਦੀ ਧੀ ਤੋਂ ਪੈਸੇ ਨਹੀਂ ਲੈਣੇ, ਦਵਾਈ ਦੇ। ਰੋਗਣ ਨੂੰ ਮਾਤਾ, ਭੈਣ ਤੇ ਧੀ ਜਾਨਣਾ।...ਜੀਹਦੇ ਨਾਲ ਬਹਿ ਕੇ ਰੋਟੀ ਖਾਈਏ, ਉਹਦੀ ਲੱਜ ਪਾਲੀਏ।—
ਤਾਏ ਨੂੰ ਕੀ ਪਤਾ ਸੀ ਕਿ ਉਹਦੇ ਤੁਰਨ ਮਗਰੋਂ ਮੇਰਾ ਹਾਲ ਕੀ ਹੋਣਾ ਸੀ। ਬਸ ਚੂਰਨ ਵੇਚਣ ਜੋਗਾ ਰਹਿ ਗਿਆ ਸੀ। ਰੋਟੀ ਪੱਕਣੀ ਔਖੀ ਹੋਈ ਤਾਂ ਮੁੰਡਾ ਵਿਕਾਸ ਘਰੋਂ ਭੱਜ ਗਿਆ ਸੀ। ਫੇਰ ਵਲੈਤੋਂ ਚਿੱਠੀ ਆ ਗਈ ਸੀ। ਇਹ ਤਾਂ ਤਿੰਨ ਸਾਲਾਂ ਮਗਰੋਂ ਉਹਨੇ ਵਲੈਤੋਂ ਆ ਕੇ ਸਾਨੂੰ ਪਿੰਡੋਂ ਕੱਢ ਕੇ ਸ਼ਹਿਰ ਦੇ ਏਸ ਮਕਾਨ 'ਚ ਬਹਾ ਦਿੱਤਾ ਸੀ।...ਪਹਿਲਾ ਦੋਸਤ ਅੱਧਾ ਸਾਧੂ ਮੰਗਲ ਬੋਧੀ ਬਣਿਆ ਸੀ। ਕੋਈ ਰੋਗੀ ਤਾਂ ਆਉਂਦਾ ਨਹੀਂ ਸੀ। ਬੋਧੀ ਬੈਠਾ ਤਾਏ ਦੀਆਂ ਪੁਸਤਕਾਂ 'ਚੋਂ ਨੁਸਖੇ ਲਿਖਦਾ ਮੇਰਾ ਦਿਲ ਲਾਈ ਰੱਖਦਾ ਸੀ। ਮੈਂ ਉਹਦੇ ਨਾਲ ਇਕ ਪੱਗ ਨਹੀਂ ਸੀ ਵਟਾਈ। ਖਾਂਦੇ ਇਕ ਥਾਲੀ 'ਚ ਸੀ। ਉਹ ਬੋਲਦਾ ਘੱਟ ਸੀ। ਮੁਸਕਰਾਂਦੇ ਦੀਆਂ ਮੁੱਛਾਂ ਹਿੱਲਣੀਆਂ ਤਾਂ ਨਿੱਕੀ ਜਿਹੀ ਦਾਹੜੀ ਹੱਥ 'ਚ ਫੜ ਕੇ ਸੋਚਣ ਲੱਗ ਪੈਂਦਾ ਸੀ। ਉਹਨੂੰ ਆਪਣੇ ਘਰ ਤੇ ਮਨਿਆਰੀ ਦੀ ਹੱਟੀ ਨਾਲ ਕੋਈ ਲਗਾਓ ਨਹੀਂ ਸੀ ਲੱਗਦਾ। ਹੱਟੀ ਬਰਖਾ ਦੇ ਰਸੂਖ ਨਾਲ ਉਹਦਾ ਵੱਡਾ ਪੁੱਤਰ ਤੇ ਨੂੰਹ ਚਲਾਉਂਦੇ ਸੀ। ਬਰਖਾ ਕਈ ਸਮਾਜ ਸੇਵੀ, ਗਰੀਬ ਤੇ ਦਲਿਤ ਭਲਾਈ ਸੰਸਥਾਵਾਂ ਦੀ ਅਹੁਦੇਦਾਰ ਐ। ਅਫ਼ਸਰ ਤੇ ਨੇਤਾ ਲੋਕ ਕੋਈ ਮੀਟਿੰਗ ਬੁਲਾਂਦੇ ਨੇ ਤਾਂ ਬਰਖਾ ਨੂੰ ਨਾਲ ਕੁਰਸੀ 'ਤੇ ਬਠਾਂਦੇ ਨੇ।
ਮੰਗਲ ਬੋਧੀ ਅਚਾਨਕ ਲਾਪਤਾ ਹੋ ਗਿਆ ਸੀ। ਕਿਸੇ ਨੇ ਉਹਨੂੰ ਸਨਿਆਸੀ ਦੇ ਰੂਪ 'ਚ ਦੇਖਿਆ ਸੀ। ਮੇਰੀ ਹੱਟੀ ਚੱਲਣ ਪਿੱਛੇ ਖਬਰੇ ਮੇਰੇ ਭਾਗ ਜਾਗੇ ਸੀ ਜਾਂ ਬੋਧੀ ਤੇ ਬਰਖਾ ਦੇ ਚਰਨਾਂ ਦਾ ਪ੍ਰਤਾਪ ਸੇ। ਇਹ ਗੱਲ ਸੋਚ ਕੇ ਹੀ ਮੇਰੀ ਆਤਮਾ ਮੇਰੇ 'ਤੇ ਲਾਹਣਤਾਂ ਪਾਉਂਦੀ ਐ ਕਿ ਮੈਂ ਯਾਰ ਮਾਰੀ ਕੀਤੀ ਐ। ਉਸੇ ਥਾਲੀ 'ਚ ਛੇਕ ਕੀਤੇ, ਜੀਹਦੇ 'ਚ ਖਾਧਾ। ਯਾਰ ਦੀ ਪਤਨੀ ਨਾਲ ਆਤਮਾ ਜੋੜੀ ਤੇ ਫੇਰ ਸ਼ਰੀਰ ਜੋੜਿਆ।...ਮੈਂ ਗੱਲ ਉਲਟਾ ਕੇ ਕਹਾਂ ਤਾਂ ਇਹ ਵੀ ਕਹਿ ਸਕਦਾ ਹਾਂ ਕਿ ਥਾਲੀ ਆਪ ਮੇਰੇ ਅੱਗੇ ਪਰੋਸੀ ਗਈ ਜਾਂ ਪਰੋਸ ਹੋ ਗਈ ਸੀ। ਛੇਕ ਹੋਣ ਲੱਗ ਪਏ ਸੀ। ਕਦੇ ਇਹ ਲੱਗਦਾ ਕਿ ਨਾ ਕੁਝ ਮੇਰੇ ਵਸ ਸੀ ਤੇ ਨਾ ਉਹਦੇ। ਮੈਂ ਤਾਂ ਕਿਸੇ ਵੀ ਗੱਲੋਂ ਬਰਖਾ ਵਰਗਾ ਨਹੀਂ ਸੀ।
ਕਦੇ-ਕਦੇ ਹੈਰਾਨੀ ਹੁੰਦੀ ਐ ਕਿ ਤਾਏ ਨੇ ਮੈਨੂੰ ਜਿਹੜੀਆਂ ਗੱਲਾਂ ਤੋਂ ਵਰਜਿਆ, ਮੈਥੋਂ ਉਹ ਸਾਰੇ ਘਤੁੱਤ ਹੋਈ ਗਏ। ਤਾਇਆ ਕਹਿੰਦਾ ਹੁੰਦਾ ਸੀ ਕਿ ਮਨੂ ਸਮ੍ਰਿਤੀ 'ਚ ਲਿਖਿਆ ਵਿਐ ਕਿ ਜਿਹੜਾ ਬਾ੍ਰਹਮਣ ਸ਼ੂਦਰ ਇਸਤਰੀ ਦੇ ਸਾਹ ਨਾਲ ਸਾਹ, ਮੂੰਹ ਨਾਲ ਮੂੰਹ ਤੇ ਪਸੀਨੇ ਨਾਲ ਪਸੀਨਾ ਰਲਾਉਂਦਾ ਐ, ਉਹਦਾ ਸੱਤ ਜਨਮਾਂ ਉੱਧਾਰ ਨਹੀਂ ਹੁੰਦਾ।...ਮੈਂ ਤਾਏ ਨੂੰ ਕਦੇ ਕੋਈ ਸ਼ਾਸਤਰ ਪੜ੍ਹਦਿਆਂ ਨਹੀਂ ਦੇਖਿਆ। ਉਹ ਮੈਨੂੰ ਝਾੜਨ ਝੰਬਣ ਲਈ ਆਪ ਘੜੀ ਹੋਈ ਗੱਲ ਕਿਸੇ ਧਰਮ ਪੁਸਤਕ ਦੇ ਹਵਾਲੇ ਨਾਲ ਕਹਿ ਕੇ ਮੇਰੇ 'ਤੇ ਮੜ੍ਹ ਦੇਂਦਾ ਸੀ। ਹੱਅੀ 'ਚ ਬੈਠੇ ਰੋਗੀਆਂ 'ਤੇ ਵੀ ਪ੍ਰਭਾਵ ਪੈਂਦਾ ਸੀ ਬਈ ਵੈਦ ਪੰਡਤ ਐ।...ਪਰ ਮੈਂ ਪੱਲਾ ਝਾੜ ਕੇ ਤੁਰ ਜਾਂਦਾ ਸੀ। ਹੁਣ ਕਦੇ ਮੌਤ ਡਰਾਉਂਦੀ ਐ। ਮੈਂ ਡਰਦਾ ਵੀ ਹਾਂ। ਪਰ ਮੰਗਲ ਬੋਧੀ ਦੇ ਹੁੰਦਿਆਂ ਮੈਨੂੰ ਕੋਈ ਡਰ ਨਹੀਂ ਸੀ। ਉਹ ਕਹਿੰਦਾ ਹੁੰਦਾ ਸੀ ਕਿ ਕੁਝ ਦੁਖ, ਕੁਝ ਸੁਖ ਤੇ ਕੁਝ ਅਣਚਾਹੀਆਂ ਜਾਂ ਚਾਹੀਆਂ ਘਟਨਾਵਾਂ ਆਪਣੇ ਆਪ ਹੋ ਜਾਂਦੀਆਂ ਨੇ, ਸਾਨੂੰ ਵਡਿਆਈ ਜਾਂ ਛੁਟਿਆਈ ਦੇਣ ਖਾਤਰ।
ਬਸ, ਇਵੇਂ ਰਾਜਧਾਨੀ ਵਾਲੀ ਘਟਨਾ ਹੋਈ ਸੀ। ਜੀਹਦੇ ਹੁੰਦਿਆਂ ਤਾਂ ਕੀ, ਹੋਣ ਤੋਂ ਬਾਅਦ ਵੀ ਪਤਾ ਨਹੀਂ ਲਗਿਆ ਕਿ ਕੀ ਹੋਇਆ ਸੀ।...ਸਿਰਫ ਏਨੀ ਕੁ ਤਸਵੀਰ ਬਣਦੀ ਐ ਕਿ ਰਾਤ ਦੇ ਬਾਰਾਂ ਵਜੇ ਤੋਂ ਬਾਅਦ ਬਰਖਾ ਮਹੰਤ ਮੱਘਰ ਦਾਸ ਦੇ ਕਮਰੇ ਚੋਂ ਨਿਕਲੀ ਸੀ। ਮੈਨੂੰ ਅਚਾਨਕ ਆਪਣੇ ਸਾਹਮਣੇ ਖੜ੍ਹਾ ਦੇਖ ਕੇ ਚੀਕ ਮਾਰ ਕੇ ਰੋਈ ਸੀ। ਫੇਰ ਚੀਕਾਂ ਘੁੱਟਦੀ ਆਪਣੇ ਕਮਰੇ 'ਚ ਜਾ ਵੜੀ ਸੀ। ਅੰਦਰੋਂ ਕੁੰਡੀ ਮਾਰ ਲਈ ਸੀ। ਮੈਂ ਬੂਹਾ ਠਕੋਰਦਾ ਰਿਹਾ ਸੀ...। ਉਹ ਕਿਉਂ ਰੋਈ ਸੀ?...ਹੁਣ ਪਿਛਲੇ ਦੋ ਮਹੀਨਿਆਂ ਤੋਂ ਏਨੀ ਦੁਖੀ ਕਿਉਂ ਏ?...ਮੈਨੂੰ ਸਮਝ ਨਹੀਂ ਪੈਂਦੀ।
ਪਿਛਲੇ ਪੰਦਰਾਂ ਕੁ ਵਰ੍ਹਿਆਂ 'ਚ ਜੋ ਕੁਛ ਇਹ ਸੀ, ਮੈਂ ਸੀ, ਜੋ ਕੁਛ ਸਾਡੇ ਵਿਚਕਾਰ ਸੀ–ਸਭ ਬਦਲ ਗਿਐ।...ਹੁਣ ਜੇ ਮੰਗਲ ਬੋਧੀ ਹੁੰਦਾ ਤਾਂ ਐਕਣ ਨਾ ਹੁੰਦਾ, ਸ਼ਾਇਦ। ਉਹਦੇ ਚਿਹਰੇ 'ਤੇ ਏਨਾ ਜਲਾਓ ਸੀ।
ਬੋਧੀ ਨਾਲ ਪਿਆਰ ਪੈਣ ਬਾਅਦ ਬਰਖਾ ਨਾਲ ਐਵੇਂ ਰਲ ਰਲਾ ਜਿਹਾ ਹੋ ਗਿਆ ਸੀ। ਜਕਦੇ ਜਕਦੇ ਅੱਗੇ ਵੱਧ ਗਏ ਸੀ। ਬਰਖਾ ਦਾ ਰੋਗ ਤਾਏ ਦੇ ਇਕ ਨੁਸਖੇ ਨਾਲ ਹੀ ਠੀਕ ਹੋ ਗਿਆ ਸੀ। ਬਸ, ਇਹੀ ਸਾਡੀ ਵੈਦਗੀ ਐ। ਪੰਜ ਸਤ ਨੁਸਖੇ, ਦੋ ਚਾਰ ਗੱਲਾਂ ਤੇ ਤਿੰਨ ਚਾਰ ਪਰਹੇਜ਼। ਬਰਖਾ ਨੂੰ ਢਲਦੀ ਉਮਰ ਦੀ ਤੀਵੀਂ ਵਾਲੇ ਰੋਗ ਦਾ ਨੁਸਖਾ ਦੇ ਦਿੱਤਾ ਸੀ।
ਉਦੋਂ ਔਸ਼ਧਿਆਲੇ 'ਚ ਮੈਂ ਤੇ ਬੋਧੀ ਬੈਠੇ ਸਮਾਂ ਧੱਕਦੇ ਹੁੰਦੇ ਸੀ। ਇਕ ਦਿਨ ਇੱਕ ਅਧਖੜ ਰੋਗੀ ਆਇਆ ਸੀ। ਘਬਰਾਹਟ 'ਚ ਪੁੱਠੀਆਂ ਸਿੱਧੀਆਂ ਬੀਮਾਰੀਆਂ ਦੱਸੀ ਜਾਵੇ। ਮੈਂ ਚੁਕ ਕੇ ਤਾਏ ਵੇਲੇ ਦੀਆਂ ਪਈਆਂ ਗੋਲੀਆਂ ਦੇ ਦਿੱਤੀਆਂ। ਹੌਲੀ-ਹੌਲੀ ਉਹ ਸੋਨੇ ਜਾਂ ਚਾਂਦੀ ਦੇ ਵਰਕ ਲੱਗੀਆਂ ਗੋਲੀਆਂ ਏਨੀਆਂ ਵਿਕਣ ਲੱਗੀਆਂ ਕਿ ਮੈਨੂੰ ਪੈਸੇ ਲੈਂਦਿਆਂ ਸ਼ਰਮ ਆਉਂਦੀ। ਉਹ ਆਮ ਸ਼ਕਤੀ ਵਰਧਕ ਗੋਲੀਆਂ ਨੇ। ਮੈਂ ਅੱਧੀਆਂ 'ਤੇ ਸੋਨੇ ਦੇ ਵਰਕਾਂ ਦੀ ਨਿਸ਼ਾਨੀ ਲਾ ਦੇਂਦਾ 'ਤੇ ਅੱਧੀਆਂ ਤੇ ਚਾਂਦੀ ਦੀ। ਲੈਣ ਵਾਲੇ ਸੈਨਤ ਨਾਲ ਮੰਗਦੇ ਨੇ ਤੇ ਵੱਡੇ ਨੋਟ ਚੋਂ ਪੈਸੇ ਵੀ ਲੈਣੇ ਭੁੱਲ ਕੇ ਤੁਰ ਜਾਂਦੇ ਨੇ। ਬਰਖਾ ਨੂੰ ਵੀ ਭੁਲੇਖਾ ਐ ਕਿ ਮੇਰੀ ਸ਼ਕਤੀ ਉਨ੍ਹਾਂ ਗੋਲੀਆਂ ਕਰਕੇ ਈ ਐ। ਬੋਧੀ ਨੂੰ ਸਭ ਪਤਾ ਸੀ। ਮੇਰੀ ਵਧਦੀ ਕਮਾਈ, ਢਲਦੀ ਉਮਰ ਜਾਂ ਕੋਈ ਹੋਰ ਮਾੜੀ ਗੱਲ ਸੁਣ ਜਾਂ ਦੇਖ ਕੇ ਅੱਖਾਂ ਬੰਦ ਕਰ ਲੈਂਦਾ ਸੀ। ਨਾ ਖੁਸ਼ ਹੁੰਦਾ ਸੀ, ਨਾ ਉਦਾਸ। ਮਹਾਤਮਾ ਬੁੱਧ ਦੀ 'ਚੁੱਪ ਰਹਿਣ' ਵਾਲੀ ਗੱਲ ਮੰਨਦਾ ਸੀ। ਉਹ ਬੰਦਾ ਮੈਨੂੰ ਭੁੱਲਦਾ ਈ ਨਹੀਂ।...''
' ਥੋਨੂੰ ਟੈਲੀਫੂਨ ਨੀਂ ਸੁਣਦਾ?'' ਠਾਣੇਦਾਰਨੀ ਦੀ ਕੁਰਖਤ ਆਵਾਜ਼ ਫੇਰ ਆਈ ਐ।
ਵੈਦ ਲਿਖਣਾ ਛੱਡ ਕੇ ਫੋਨ ਸੁਣਦਾ ਏ। ਮਧੂਸੂਧਨ ਦਾ ਏ। ਉਹ ਉਹਦਾ ਹਾਲ ਪੁੱਛਣ ਤੋਂ ਪਹਿਲਾਂ ਪੁੱਛਦੈ, ''ਕੀ ਹਾਲੈ ਤੇਰੀ ਸੁਮਰੋ ਬੇਗਮ ਦਾ?''
'ਉਵੇਂ ਚੂਲ ਬਿੰਗੀ ਐ।...ਹੁਣ ਗ੍ਰਹਿ ਸ਼ਾਂਤੀ ਵਾਸਤੇ ਉਹਨੇ ਪਾਠ ਕਰਾਉਣੈ, ਤੇਰੇ ਕੋਲੋਂ।''...ਉਹ ਹੱਸਦਾ ਹੋਇਆ ਕਹਿੰਦਾ ਏ, ''ਉਹਦਾ ਰੋਗ ਤੇਰੇ ਵਾਂਗ ਦਵਾਈ ਨਾਲ ਜਾਣ ਵਾਲਾ ਨਹੀਂ।''
''ਦਵਾਈ ਤਾਏ ਵਾਲੀ ਨਾ ਦੇਈਂ, ਆਪਣੀ ਦੇ ਦੇ। ਫੇਰ ਦੇਖ।'' ਉਹ ਉੱਚੀ ਹੱਸਦਾ ਏ।
ਮਧੂਸੂਦਨ ਨਾਲ ਗੱਲ ਕਰਕੇ ਉਹਦਾ ਮੂਡ ਚੰਗਾ ਹੋ ਗਿਆ। ਉਹਨੇ ਉਠ ਕੇ ਸ਼ੀਸ਼ਾ ਦੇਖਿਆ। ਖੁਲ੍ਹਦੇ ਤੰਬੇ ਨੂੰ ਕੱਸਿਆ। ਪੱਟਾਂ ਤੇ ਉਸ ਥਾਂ ਹਥ ਫੇਰਿਆ, ਜਿਥੇ ਕਦੇ ਛੱਲੀ ਪੈਂਦੀ ਸੀ ਪਰ ਹੁਣ ਚੂੜੀਆਂ ਪੈਂਦੀਆਂ ਨੇ। ਥੱਕੀ ਤੇ ਆਕੜੀ ਪਿਠ ਸਿਧੀ ਕੀਤੀ। ਠੋਡੀ ਹੇਠਾਂ ਢਲਕਦੇ ਮਾਸ ਨੂੰ ਫੜ ਕੇ ਛੱਡ ਦਿੱਤਾ। ਪਾਣੀ ਪੀ ਕੇ ਬਰਖਾ ਨੂੰ ਫੋਨ ਕੀਤਾ।...ਛੋਟੇ ਬੇਟੇ ਨੇ ਚੁੱਕਿਆ। ਉਹਨੇ ਬੜੇ ਸ਼ੌਕ ਨਾਲ ਆਪਣੀ ਮਾਤਾ ਨੂੰ ਦੱਸਿਆ ''ਅੰਕਲ ਦਾ ਐ।'' ਇਹ ਮੰਡਾ ਏ, ਜਿਹੜਾ ਉਹਨੂੰ ਅੰਕਲ ਕਹਿੰਦਿਆਂ ਨਾਲ ਨਾਉਂ ਨਹੀਂ ਲੈਂਦਾ। ਇਹਦਾ ਜਨਮ ਮੰਗਲ ਬੋਧੀ ਦੇ ਘਰ ਤਿਆਗਣ ਤੇ ਵੈਦ ਦੀ ਦਵਾਈ ਖਾਣ ਤੋਂ ਬਾਅਦ ਹੋਇਆ ਸੀ। ਬਰਖਾ ਵੈਦ ਨੂੰ ਕਿਸੇ ਖਾਸ ਪਲ 'ਚ ਇਹ ਗੱਲ ਦੱਸਦੀ ਹੁੰਦੀ ਏ—ਸ਼ਾਇਦ ਭੁਲੇਖੇ ਕਰਕੇ।
'ਹਾਂ ਜੀ।'' ਅਚਾਨਕ ਬਰਖਾ ਦੀ ਆਵਾਜ਼ ਆਉਂਦੀ ਏ। ਫੇਰ ਉਹ ਵੈਦ ਦੇ ਹਰੇਕ ਸਵਾਲ ਦਾ ਜਵਾਬ ''ਹਾਂ ਜੀ, ਹਾਂ ਜੀ''—ਦੇਈ ਜਾਂਦੀ ਏ। ਸ਼ਾਇਦ ਉਹਦੇ ਆਲੇ-ਦੁਆਲੇ ਟੱਬਰ ਦੇ ਸਾਰੇ ਜੀਅ ਹੋਣ।
''ਕੀ ਹਾਲੈ ਜਨਾਬ ਦਾ?'' ਵੈਦ ਬੜੀ ਨਰਮੀ ਨਾਲ ਪੁੱਛਦਾ ਏ। ਜਵਾਬ 'ਚ ਆਵਾਜ਼ ਨਹੀਂ, ਉੱਚਾ ਨੀਵਾਂ ਸਾਹ ਸੁਣਦਾ ਏ। ਫੇਰ ਰੁੱਖੀ ਜਿਹੀ ਆਵਾਜ਼ – ''ਕੀ ਹੋਇਆ ਮੈਨੂੰ? ਹਾਲ.....ਹਾਲ.....ਹਾਲ.....।'' ਬੰਦ ਕਰ ਦੇਂਦੀ ਏ।
ਵੈਦ ਰਾਮਜੀ ਦਾਸ ਰਿਸੀਵਰ ਰਖ ਕੇ ਬੁੜਬੁੜ ਕਰਦਾ ਏ—'ਬੇਵਕੂਫ ਔਰਤ'। ਆਖ ਕੇ ਲੇਟ ਜਾਂਦਾ ਏ। ਦਿਲ ਧੜਕਦਾ ਮਹਿਸੂਸ ਕਰਦਾ ਏ। ਨਬਜ਼ ਠੀਕ ਨਹੀਂ ਲੱਗਦੀ। ਫੇਰ ਚਾਨਣੇ 'ਚ ਲਿਖਣ ਲੱਗਦਾ ਏ...''ਫੋਨ ਤੇ ਬਰਖਾ ਨਾਲ ਜੋ ਗੱਲ ਹੋਈ ਉਹ ਲਿਖੀ ਨਹੀਂ ਜਾ ਸਕਦੀ। ਲੱਗਦੈ, ਉਹ ਨੂੰਹ ਨਾਲ ਲੜ ਕੇ ਹਟੀ ਹੋਣੀ ਐ। ਖਬਰੇ ਨੂੰਹ ਨੂੰ ਰਾਜਧਾਨੀ ਵਾਲੀ ਘਟਨਾ ਦੀ ਸੂਹ ਲੱਗ ਗਈ ਹੋਵੇ। ਖਬਰੇ ਬਰਖਾ ਨੂੰ ਘਟਨਾ ਦੀ ਕੋਈ ਰੜਕ ਹਾਲੇ ਵੀ ਪਈ ਜਾਂਦੀ ਹੋਵੇ। ਉਸ ਸਮੇਂ ਵੀ ਜਦ ਮੈਂ ਫੋਨ ਕੀਤਾ। ਉਹ ਆਪ ਕੁਝ ਦੱਸਦੀ ਵੀ ਤਾਂ ਨਹੀਂ। ਸ਼ੁਰੂ-ਸ਼ੁਰੂ 'ਚ ਜਦ ਮੈਂ ਪੁੱਛਦਾ ਤਾਂ ਕੁਝ ਨੀਂ 'ਕੁਝ ਨੀਂ' ਕਹਿ ਕੇ ਚੁੱਪ ਕਰ ਜਾਂਦੀ। ਜਾਂ ਰੋ ਪੈਂਦੀ ਸੀ। ਰਿਸੀਵਰ ਰੱਖ ਦੇਂਦੀ ਸੀ। ਜੇ ਮੈਂ ਆਪ ਉਹਦੇ ਘਰ ਚਲਿਆ ਜਾਂਦਾ ਤਾਂ ਵੀ ਉਹੀ ਹਾਲ। ਇਕੋ ਜਵਾਬ, 'ਠੀਕ ਐ'...। ਚੁੱਪ ਨਾਲ ਮਾਹੌਲ ਮਾਤਮੀ ਜਿਹਾ ਹੋ ਜਾਂਦਾ। ਮੈਂ ਉਠ ਕੇ ਆ ਜਾਂਦਾ। ਸ਼ਾਮ ਨੂੰ ਫੋਨ ਕਰਦਾ। ਨੂੰਹ ਚੁੱਕਦੀ, ਕਹਿ ਦੇਂਦੀ, ਉਹ ਘਰ ਨਹੀਂ। ਕਿਤੇ ਗਏ ਨੇ...। ਇਕ ਸ਼ਾਮ ਮੈਂ ਉਧਰੋਂ ਲੰਘਿਆ। ਬਰਖਾ ਛੱਤ 'ਤੇ ਖੜ੍ਹੀ ਸੀ। ਮੈਂ ਬੂਹਾ ਖੜਕਾਇਆ। ਨੂੰਹ ਨੇ ਆ ਕੇ ਦੱਸਿਆ– 'ਉਹ ਤਾਂ ਗਏ ਹੋਏ ਨੇ।...ਚੰਡੀਗੜ੍ਹ।'
ਇਹ ਝੂਠ ਬੋਲਣਾ ਔਰਤ ਦੀ ਮਜਬੂਰੀ ਵੀ ਹੋਵੇ ਸ਼ਾਇਦ। ਹੁਣ ਤਾਂ ਹਾਲਾਤ ਵਿਗੜੇ ਹੋਏ ਨੇ। ਜਦ ਐਨ ਠੀਕ ਸੀ, ਸਭ ਕੁਛ। ਅਸੀਂ ਮੌਕਾ ਲੱਭ ਕੇ ਕੱਠੇ ਹੋ ਜਾਂਦੇ ਸੀ। ਗੱਲਾਂ ਕਰਦਿਆਂ ਮੈਂ ਉਠ ਕੇ ਖਿੜਕੀ-ਬੰਦ ਕਰ ਦੇਂਦਾ ਸੀ। ਇਹ ਮਾੜੀ ਜਿਹੀ ਖੋਲ੍ਹ ਕੇ ਦੇਖਦੀ ਸੀ। ਫੇਰ ਬੰਦ ਕਰ ਦੇਂਦੀ ਸੀ। ਫੇਰ ਪਰਦਾ ਤਾਣ ਆਉਂਦੀ ਸੀ। ਜਦ ਇਹ ਕਹਿੰਦੀ—ਨਹੀਂ..ਐਕਣ ਨਹੀਂ...ਛੱਡ ਦੇ...ਕੋਈ ਆ ਨਾ ਜਾਵੇ...। ਜਾਂ ਹੋਰ ਜੋ ਵੀ ਸ਼ਬਦ ਬੋਲਦੀ ਸੀ, ਉਹਦਾ ਅਰਥ ਉਹ ਨਹੀਂ ਸੀ ਹੁੰਦਾ, ਜਿਹੜਾ ਆਮ ਸਮਝਿਆ ਜਾਂਦੈ।
ਕਦੇ ਮੈਂ ਸੋਚਦਾ ਬਈ—ਇੱਕ ਤਾਂ ਇਹ ਔਰਤ ਐ, ਦੂਜੇ ਰਾਜ ਨੇਤਾਗਿਰੀ ਕਰਨ ਵਾਲੀ। ਮੈਂ ਵੀ ਸਿੱਧੜ ਨਹੀਂ। ਅਸੀਂ ਸੱਚ ਨੂੰ ਉਹਲੇ 'ਚ ਰੱਖਣ ਤੇ ਝੂਠ ਨੂੰ ਜ਼ਾਹਰ ਨਾ ਹੋਣ ਦੇਣਾ ਹੁੰਦੈ।...ਉਦੋਂ ਬੋਧੀ ਸਨਿਆਸੀ ਨਹੀਂ ਸੀ ਹੋਇਆ। ਮਧੂਸੂਦਨ ਨੇ ਮੈਨੂੰ ਮਖੌਲ ਮਖੌਲ 'ਚ ਮਿਉਂਸਪਲ ਕਮੇਟੀ ਦੀ ਚੋਣ 'ਚ ਬਰਖਾ ਦੇ ਵਾਰਡ ਤੋਂ ਖੜ੍ਹਾ ਕਰ ਦਿੱਤਾ ਸੀ। ਮੈਂ ਤਾਂ ਹਰਨਾਂ ਈ ਸੀ। ਪਰ ਐਨ ਮੌਕੇ 'ਤੇ ਇਸ ਸਮੇਂ ਦੀ ਕੇਕਈ ਨੇ ਰੱਬ ਦੇ ਪਹੀਏ ਦੀ ਨਾਭ 'ਚ ਧੁਰੇ ਦੇ ਥਾਉਂ ਬਾਂਹ ਦੇਣ ਵਾਂਗੂੰ ਆਪ ਮੇਰੇ ਹੱਕ 'ਚ ਬਹਿਣ ਦਾ ਐਲਾਨ ਕਰ ਦਿੱਤਾ ਸੀ।
ਆਮ ਜੀਵਨ 'ਚ ਜਦ ਇਹਨੂੰ ਪਤਾ ਲੱਗਦੈ ਬਈ ਕੋਈ ਝੂਠ ਬੋਲਦੈ ਤਾਂ ਬਹੁਤ ਦੁਖੀ ਹੁੰਦੀ ਐ। ਅਫਸੋਸ ਕਰਦੀ ਅੱਖਾਂ 'ਚ ਇੰਝੂ ਭਰ ਲੈਂਦੀ ਐ। ਤਦੇ ਮੈਨੂੰ ਮੰਗਲ ਬੋਧੀ ਯਾਦ ਆਉਂਦੈ। ਉਹ ਝੂਠ ਸੱਚ ਦੀ ਪਰਵਾਹ ਨਹੀਂ ਸੀ ਕਰਦਾ। ਇਹਨੂੰ ਪੁੱਛਦਾ ਈ ਨਹੀਂ ਸੀ ਕਿ ਕਿਥੋਂ ਆਈ ਐ। ਕਿਥੇ ਜਾਣੈ? ਇਕ ਵਾਰ ਕਿਸੇ ਖਾਸ ਮੌਕੇ ਤੇ ਬਰਖਾ ਨੇ ਮੈਨੂੰ ਦੱਸਿਆ ਸੀ ਕਿ ਬੋਧੀ ਨਪੁੰਸਕ ਐ। ਉਹਨੂੰ ਔਰਤਾਂ 'ਚ ਕੋਈ ਦਿਲਚਸਪੀ ਨਹੀਂ...ਪਰ ਬੋਧੀ ਨੇ ਮੇਰੇ ਕੋਲੋਂ ਦਵਾਈ ਲੈਣ ਦੀ ਕਦੇ ਸੈਨਤ ਨਹੀਂ ਸੀ ਕੀਤੀ। ਉਹਦੇ ਸਾਹਮਣੇ ਲੋਕ ਦਵਾਈ ਲਿਜਾਂਦੇ ਸੀ। ਬਰਖਾ ਨੂੰ ਭੁਲੇਖਾ ਵੀ ਐ ਬਈ ਮੈਂ ਵੀ ਦਵਾਈ ਖਾਂਦੈਂ। ਏਸ ਜਾਂ ਹੋਰ ਕਈ ਭੁਲੇਖਿਆਂ ਕਰਕੇ ਉਹ ਮੇਰੇ ਨਾਲ ਪਹਿਲਾਂ ਬਹਿਸ ਕਰਦੀ ਐ, ਫੇਰ ਲੜ ਪੈਂਦੀ ਐ। ਉਹ ਪਹਿਲਾਂ ਸਮਾਜਵਾਦੀ ਬਣਦੀ ਐ। ਫੇਰ ਨਾਰੀ ਸੁਤੰਤਰਤਾ ਦੀ ਨੇਤਾ। ਫੇਰ ਦਲਿਤਾਂ ਦੇ ਹੱਕ 'ਚ ਬੋਲਦੀ ਏਨੀ ਭਾਵੁਕ ਹੋ ਜਾਂਦੀ ਐ ਬਈ ਬ੍ਰਾਹਮਣਵਾਦ ਦੇ ਨਾਲ ਬ੍ਰਾਹਮਣਾਂ ਨੂੰ ਗਾਹਲਾਂ ਕੱਢ ਦੇਂਦੀ ਐ। ਮੈਨੂੰ ਵੀ ਮਨੂਵਾਦੀ ਕਹਿੰਦੀ ਕਾਲੀਆਂ ਅੱਖਾਂ ਲਾਲ ਕਰ ਲੈਂਦੀ ਐ।
ਇਕ ਗੱਲੋਂ ਇਹ ਵੀ ਠੀਕ ਐ। ਮੈਂ ਕਿੰਨਾ ਈ ਸਮਾਜਵਾਦੀ ਬਣਾਂ, ਮੇਰੇ ਅੰਦਰ ਕੋਈ ਉੱਚ ਕੋਟੀ ਦਾ ਨੀਚ ਬ੍ਰਾਹਮਣ ਬੈਠਾ ਰਹਿੰਦੈ। ਮੈਂ ਬਰਖਾ ਨਾਲ ਦਲਿਤਾਂ ਦੀਆਂ ਸੰਸਥਾਵਾਂ 'ਚ ਵੀ ਜਾਂਦਾ ਹਾਂ। ਮਨੂਵਾਦੀਆਂ ਦਾ ਵਿਰੋਧ ਵੀ ਕਰਦਾ ਹਾਂ। ਪਰ ਜਦੋਂ ਮੈਂ ਬੋਧੀ ਨਾਲ ਧਰੋਹ ਕਮਾਉਂਦਾ ਹੁੰਦੈਂ ਤਾਂ ਮੈਨੂੰ ਤਾਇਆ ਦਾ ਮਨੂ ਸਮ੍ਰਿਤੀ 'ਚੋਂ ਦਿੱਤਾ ਇਹ ਹਵਾਲਾ ਯਾਦ ਆ ਜਾਂਦੈ ਬਈ ਬ੍ਰਾਹਮਣ ਭਾਵੇਂ ਮੂਰਖ ਤੇ ਅਗਿਆਨੀ ਹੋਵੇ ਤਾਂ ਵੀ ਪੂਜਨੀਕ ਹੁੰਦੈ।...ਪਰ ਤਾਇਆ ਜੀ ਨੂੰ ਕੀ ਪਤਾ ਸੀ ਕਿ ਸਮਾਂ ਏਨਾ ਬਦਲ ਜਾਊਗਾ ਬਈ ਵੈਦ ਰਾਮਜੀ ਦਾਸ ਤੇ ਮੰਗਲ ਬੋਧੀ ਇਕੋ ਥਾਲੀ 'ਚ ਖਾਣਗੇ। ਬਰਖਾ ਦੇ ਪਸੀਨੇ ਦੀ ਮਹਿਕ ਸ਼ੁਦਾਈ ਕਰਨ ਵਾਲੀ ਹੋਵੇਗੀ। ਉਹਦੇ ਝੰਡੀ ਵਾਲੀ ਕਾਰ 'ਚ ਬਹਿਣ ਦੀ ਸੰਭਾਵਨਾ ਹੋਵੇਗੀ।
ਇਹ ਸੋਚਦਿਆਂ ਕਦੇ-ਕਦੇ ਮੈਂ ਬਰਖਾ ਦੇ ਏਨਾ ਅਧੀਨ ਹੋ ਜਾਂਦਾ ਤੇ ਐਸੀਆਂ ਹਰਕਤਾਂ ਕਰ ਬਹਿੰਦਾ ਕਿ ਪਿਛੋਂ ਪਛਤਾਣਾ ਪੈਂਦੈ। ਤਦ ਮੇਰੇ ਅੰਦਰ ਇਕ ਸ਼ਬਦ ਜਨਮ ਲੈਂਦਾ—ਚੰਡਾਲਣੀ। ਮਨ ਕਰਦੈ ਕਿ ਉਹਦੇ ਸਾਂਵਲੇ ਪਿੰਡੇ ਨੂੰ ਛਾਂਟਿਆ ਨਾਲ ਵਿਹੜ ਦਿਆਂ।
ਪਰ ਇਹ ਸੋਚ ਉਦੋਂ ਉਡ ਜਾਂਦੀ ਐ, ਜਦ ਉਹ ਮੈਨੂੰ ਪਿਛੋਂ ਫੜ ਕੇ ਸਿਰ ਚੁੰਮਦੀ ਕਹਿ ਦੇਂਦੀ ਐ, ''ਤੂੰ ਤਾਂ ਮੈਨੂੰ ਫੀਮ-ਵਾਂਗੂੰ ਲੱਗ ਗਿਐਂ। ਐਡਿਕਸ਼ਨ ਹੋ ਗਈ ਐ ਮੈਨੂੰ ਤੇਰੀ।...ਤੂੰ ਜੁਆਨਾ ਨਾਲੋਂ ਵੱਧ ਹੈਂ।''
ਪਰ ਬਾਅਦ 'ਚ ਉਹਦੀ ਏਸ ਗੱਲ ਨੂੰ ਵੀ ਮੈਂ ਉਹੋ ਜਿਹਾ ਹੀ ਝੂਠ ਸਮਝਦਾ ਹਾਂ, ਜਿਵੇਂ ਇਹਨੇ ਪਹਿਲੀ ਚੋਰੀ ਦੀ ਮੁਲਾਕਾਤ 'ਚ ਨਿਰਵਸਤਰ ਹੁੰਦਿਆਂ ਕਿਹਾ ਸੀ, ''ਮੇਰੇ ਸਰੀਰ ਦਾ ਇਹ ਚਮਤਕਾਰ ਸਿਰਫ ਬੋਧੀ ਨੇ ਦੇਖਿਐ।...ਹੁਣ ਤੂੰ ਦੇਖ ਰਿਹੈਂ।''
ਬਰਖਾ ਦੇ ਸਰੀਰ ਦਾ 'ਚਮਤਕਾਰ' ਵੀ ਉਹਦੇ ਲੁਕੇ ਦੁੱਖ ਵਰਗਾ ਈ ਰਹੱਸ ਭਰਿਆ ਐ। ਸ਼ੁਰੂ-ਸ਼ੁਰੂ 'ਚ ਜਦ ਮੈਂ ਬੋਧੀ ਨਾਲ ਧਰੋਹ ਕਰ ਰਿਹਾ ਹੁੰਦਾ ਸੀ।...ਸਾਡੀ ਅਵਾਜ਼ 'ਚੋਂ ਬੋਲ ਮੁੱਕ ਜਾਂਦੇ। ਸੋਚ ਤੇ ਅੰਗ ਆਪਹੁਦਰੇ ਹੋ ਜਾਂਦੇ। ਮੇਰੀ ਨਜ਼ਰ ਸਾਂਵਲੇ ਸਰੀਰ ਤੇ ਤੁਰਦੀ-ਤੁਰਦੀ ਰੁਕ ਜਾਂਦੀ। ਤੇ ਉਥੇ ਟਿਕ ਜਾਂਦੀ, ਜਿਥੇ ਦੋਫਾੜ ਕੀਤੇ ਅਖਰੋਟ ਦੇ ਦੋਵੇਂ ਹਿੱਸੇ ਮੂਧੇ ਪਏ ਉਭਰਦੇ। ਤੇ ਦੇਖਦਿਆਂ-ਦੇਖਦਿਆਂ ਉਹਨਾਂ ਉੱਤੇ ਧਰੇ ਜਾਂਦੇ ਦੋ ਮੁਨੱਕੇ।...ਮੈ ਉਹਦੀ ਗੱਲ ਮੰਨ ਲੈਂਦਾ ਕਿ ਏਸ 'ਚਮਤਕਾਰ' ਨੂੰ ਵੇਖਣ ਵਾਲਾ ਮੈਂ ਦੂਜਾ ਮਰਦ ਹਾਂ। ਪਰ ਕਦੇ-ਕਦੇ ਕੋਈ ਹੋਰ ਸੋਨੇ ਵਾਲਾ ਕੋਰਸ ਲੈਣ ਆਇਆ ਮੁਨੱਕੇ ਦੀ ਗੱਲ ਕਰਦਾ ਤਾਂ ਮੈਂ ਸੱਚ ਦੇ ਝੂਠ ਹੋਣ ਤੋਂ ਡਰ ਜਾਂਦਾ।
ਕਿਸੇ ਨੇ ਇਹ ਗੱਲ ਬਰਖਾ ਦਾ ਨਾਉਂ ਲਏ ਬਿਨਾਂ ਕਹੀ ਸੀ ਬਈ ਜੇ ਉਹਦਾ ਮੂੰਹ ਸਿਰ ਲਕੋ ਦਿੱਤਾ ਜਾਵੇ ਤਾਂ ਸਰੀਰ ਤੀਹ ਕੁ ਸਾਲ ਦੀ ਤੀਵੀਂ ਦਾ ਲੱਗਦੈ। ਪਰ ਜੇ ਸਰੀਰ ਲਕੋ ਦਿੱਤਾ ਜਾਵੇ ਤਾਂ ਚਿਹਰਾ ਪੰਜਾਹਾਂ ਨੂੰ ਢੁੱਕੀਦਾ। ਬੱਤੀ ਗੁਲ...।''
'ਚੰਗਾ ਹੋਇਆ। ਖੜਕਾ ਕਰੀ ਜਾਂਦੈ।'' ਅੰਦਰੋਂ ਮਾਲਕਣ ਬੋਲੀ ਏ। ਵੈਦ ਉਠ ਕੇ ਫੇਰ ਬਾਹਰ ਆ ਗਿਆ ਏ। ਚੌਕੀਦਾਰ ਸਰੀਆ ਖੜਕਾਉਂਦਾ ਲੰਘਦਾ ਏ। ਚੰਦ ਦਾ ਮਟਕ ਚਾਨਣ ਏ। ਉਹਨੇ ਵਿਹੜੇ ਦਾ ਚੱਕਰ ਲਾਇਆ। ਚੰਗਾ ਲਗਿਆ। ਸਬੱਬ ਦੀ ਗੱਲ ਏ ਕਿ ਨਾ ਬਤੌਰੀ ਬੋਲੀ ਨਾ ਬੁੱਢਾ ਕਬੂਤਰ।....
ਬੱਤੀ ਆ ਗਈ ਏ। ਉਹ ਛੇਤੀ ਦੇਣੀ ਫੇਰ ਲਿਖਣ ਬਹਿ ਜਾਂਦਾ ਏ, ਜਿਵੇਂ ਸੁਆਦ ਆਓਣ ਲੱਗ ਪਿਆ ਹੋਵੇ। ਵੈਦ ਦਾ ਦਿਲ ਕਦੇ ਕਦੇ ਕਿੰਨਾ ਈ ਚਿਰ ਖਿੜਿਆ ਰਹਿੰਦਾ ਏ ਤੇ ਕਦੇ ਏਨਾ ਖਰਾਬ ਕਿ ਲੱਗਦਾ ਏ ਕਿ ਬੂਹੇ ਦੇ ਬਾਹਰ ਕਿਤੇ ਮੌਤ ਲੁਕੀ ਬੈਠੀ ਏ।...ਉਹ ਜਦ ਡਾਕਟਰ ਨਰੇਸ਼ ਨੂੰ ਦੱਸਦਾ ਏ ਤਾਂ ਉਹ ਕਹਿੰਦਾ ਏ, ''ਇਹ ਹਾਈਪੋਕੌਂਡਰੀਆ ਏ। ਵਹਿਮ ਏ, ਬੀਮਾਰੀ ਨਹੀਂ। ਗੋਲੀਆਂ ਖਾਣ ਦੀ ਥਾਂ ਸ਼ਾਮ ਨੂੰ ਦੋ ਪੈਗ ਲਾਇਆ ਕਰ। ਟੀ.ਵੀ. ਤੇ ਅੰਗਰੇਜ਼ੀ ਫਿਲਮਾਂ ਦੇਖਦਾ ਸੌਂ ਜਾਇਆ ਕਰ।''...
ਉਹ ਫੇਰ ਲਿਖਦਾ ਏ...''ਅਸਲੀ ਗੱਲ ਜਿਹੜੀ ਰੋਗ ਦੀ ਜੜ੍ਹ ਹੁੰਦੀ ਐ, ਸ਼ਾਇਦ ਹਰੇਕ ਰੋਗੀ ਡਾਕਟਰਾਂ ਨੂੰ ਠੀਕ ਨਹੀਂ ਦੱਸਦਾ। ਮੈਂ ਤਾਂ ਡਾਕਟਰ ਨਰੇਸ਼ ਨੂੰ ਜਾਣ ਕੇ ਨਹੀਂ ਦੱਸਦਾ, ਕਿ ਕਦੇ ਸ਼ਾਮ ਨੂੰ ਲੱਗਦੈ ਕਿ ਮੈਂ ਬਹੁਤ ਥੱਕ ਗਿਆ ਹਾਂ ਰਾਜਨੀਤੀ ਕਰਦਾ, ਦੋਸਤੀਆਂ ਦੁਸ਼ਮਣੀਆਂ ਪਾਲਦਾ, ਸੋਚਦਾ, ਸਮਝਦਾ...ਏਥੇ ਤੱਕ ਕਿ ਖਾਂਦਾ ਪੀਂਦਾ ਤੇ ਸਾਹ ਲੈਂਦਾ ਵੀ।
ਫੋਨ ਦੀ ਬੈੱਲ ਇਕ ਵਾਰ ਵੱਜ ਕੇ ਬੰਦ ਹੋ ਗਈ ਐ। ਸ਼ਾਇਦ ਵਿਕਾਸ ਅਮਰੀਕਾ ਤੋਂ ਮਿਲਾ ਰਿਹਾ ਹੋਵੇ।...ਹੁਣ ਜੇ ਉਹਦਾ ਫੋਨ ਆਇਆ ਤਾਂ ਮੈਂ ਅੱਗੇ ਵਾਂਗ ਝੂਠ ਨਹੀਂ ਬੋਲਣਾ ਕਿ ਮੈਂ ਚੜ੍ਹਦੀ ਕਲਾ 'ਚ ਹਾਂ। ਸੱਚ ਦਸ ਦੇਣੈ, ਬਈ ਢਹਿੰਦੀ ਕਲਾ 'ਚ ਹਾਂ। ਕਦੇ ਕਦੇ ਅਚਾਨਕ ਬੈਟਰੀ ਡਾਊਨ ਹੋ ਜਾਂਦੀ ਐ। ਫੇਰ ਵਿਹੜੇ 'ਚ ਵੀ ਜਾਣ ਨੂੰ ਦਿਲ ਨਹੀਂ ਕਰਦਾ। ਨਾ ਜਾਣੀਏ ਦੇਹਲੀਓਂ ਬਾਹਰ ਧਰਮਰਾਜ ਖੜ੍ਹਾ ਹੋਵੇ।...ਹੁਣ ਇਹ ਵੀ ਦੱਸ ਦੇਣੈ ਬਈ ਇਹਦਾ ਕਾਰਨ ਮੇਰੇ ਤੇਰੀ ਆਂਟੀ ਬਰਖਾ ਬੋਧੀ ਤੇ ਮਹੰਤ ਮੱਘਰ ਦਾਸ ਵਿਚਕਾਰ ਘਟੀ ਇਕ ਘਟਨਾ ਐ। ਉਹ ਆਪਣੇ ਆਪ ਨੂੰ ਬਚਾਉਣ ਲਈ ਧਿਆਨ ਯੋਗ ਕਰਦੀ ਐ। ਜੀਹਦੇ ਨਾਲ ਉਹਨੂੰ ਆਪਣੇ ਅੰਦਰ ਦੈਵੀ ਸ਼ਕਤੀਆਂ ਮਹਿਸੂਸ ਹੁੰਦੀਆਂ ਨੇ। ਉਹ ਤਰਕਸ਼ੀਲ ਔਰਤ ਅਜ ਕੱਲ ਰੋਗੀਆਂ ਨੂੰ ਥਾਪੜੇ ਦੇ ਕੇ ਠੀਕ ਕਰਨ ਦੇ ਦਾਅਵੇ ਕਰਦੀ ਐ।...ਉਹ ਸ਼ਾਇਦ ਬਚ ਜਾਵੇ ਏਸ ਜੁਗਤ ਨਾਲ। ਪਰ ਮੈਂ ਆਪਣੇ ਆਪ ਨੂੰ ਇਹ ਧੋਖਾ ਨਹੀਂ ਦੇ ਸਕਦਾ।
ਬੈੱਲ ਫੇਰ ਵੱਜੀ ਏ। ਲਗਾਤਾਰ।...ਇਹ ਤਾਂ ਮਧੂਸੂਦਨ ਸੀ। ਹੱਸਦਾ ਗੱਲਾਂ ਕਰਦਾ ਸੁਮਰੋ-ਸੁਮਰੋ ਕਰਦਾ ਰਿਹਾ। ਹੁਣ ਰਾਜੀ ਹੋ ਕੇ ਇਹਨੂੰ ਗੱਲਾਂ ਫੁਰਦੀਆਂ ਨੇ। ਮੈਂ ਫੋਨ ਬੰਦ ਕਰ ਦਿੱਤਾ ਹੈ।…
ਅਸਲ 'ਚ ਸੁਮਰੋ ਬੇਗਮ ਕਿਸੇ ਇਸਤਰੀ ਦਾ ਨਾਉਂ ਨਹੀਂ। ਇਹ ਇਤਿਹਾਸ 'ਚੋਂ ਉਹਨੂੰ ਆਪਣੀ ਬਿਮਾਰੀ ਵੇਲੇ ਮਿਲਿਆ ਪਾਤਰ ਐ। ਜਿਹੜਾ ਉਹਨੇ ਪਹਿਲਾਂ ਆਪਣੀ ਉਸ ਗਾਓਣ ਵਾਲੀ ਦੋਸਤ ਔਰਤ ਨੂੰ ਦਿੱਤਾ ਸੀ, ਜਿਹੜੀ ਗਾਉਣ ਵਾਲੇ ਸਾਥੀ ਬਦਲਦੀ ਸੀ ਤਾਂ ਇਹ ਉਹਨੂੰ 'ਯਾਰ ਬਦਲਣਾ' ਕਹਿੰਦਾ ਹੁੰਦਾ ਸੀ। ਹੁਣ ਇਹੀ ਨਾਉਂ ਇਹਨੇ ਬਰਖਾ ਨੂੰ ਦੇ ਦਿੱਤਾ ਐ।...। ਪੁੱਛਣ ਤੇ ਬੋਧੀ ਨੇ ਦੱਸਿਆ ਸੀ ਕਿ ਜਦ ਦਿੱਲੀ 'ਚ ਮੁਗਲ ਰਾਜ ਮੁੱਕਣ ਲਗਿਆ ਤਾਂ ਥਾਉਂ-ਥਾਈਂ ਜਗੀਰਦਾਰ ਤੇ ਧਾੜਵੀ ਕਲਗੀਆਂ ਲਾ ਕੇ ਬਹਿ ਗਏ ਸੀ। ਸਮਰੂ ਬੇਗਮ ਨਾਂ ਦੀ ਇੱਕ ਦਲਿਤ ਤੇ ਦੋਗਲੀ ਨਸਲ ਦੀ ਪਰ ਸੁੰਦਰ ਤੇ ਬਹਾਦਰ ਇਸਤਰੀ ਨੇ ਮੇਰਠ ਕੋਲ ਆਪਣਾ ਰਾਜ ਆਪਣੇ-ਪ੍ਰੇਮੀ ਜਰਮਨ ਜਰਨੈਲ ਦੀ ਸਹਾਇਤਾ ਨਾਲ ਕਾਇਮ ਕਰ ਲਿਆ ਸੀ। ਜਰਮਨ ਜਰਨੈਲ ਦਰਬਾਰ ਦੀ ਇਕ ਨਾਚੀ 'ਚ ਦਿਲਚਸਪੀ ਲੈਣ ਲੱਗ ਪਿਆ ਸੀ। ਸਮਰੂ ਬੇਗਮ ਨੇ ਮਰਾਠਿਆਂ ਦੇ ਹੱਲੇ ਦਾ ਬਹਾਨਾ ਪਾ ਕੇ ਜਰਨੈਲ ਨੂੰ ਸੀਮਾ 'ਤੇ ਭੇਜ ਦਿੱਤਾ ਸੀ ਤੇ ਆਪ ਪਾਲਕੀ 'ਚ ਬਹਿ ਕੇ ਕਿਸੇ ਹੋਰ ਪਾਸੇ ਨਿਕਲ ਗਈ ਸੀ। ਰਾਹ 'ਚ ਉਹਨੇ ਆਪਣੇ ਬੰਦਿਆਂ ਤੋਂ ਈ ਗੋਲੀਆਂ ਚਲਵਾ ਕੇ ਜਰਮਨ ਨੂੰ ਸੁਨੇਹਾ ਭੇਜ ਦਿੱਤਾ ਕਿ ਤੇਰੀ ਬੇਗਮ ਮਰਾਠਿਆਂ ਦੇ ਹੱਲੇ 'ਚ ਗੋਲੀ ਨਾਲ ਜ਼ਖਮੀ ਹੋ ਗਈ ਐ। ਕਹਿੰਦੇ...ਜਰਮਨ ਪ੍ਰੇਮੀ ਤੋਂ ਇਹ ਖਬਰ ਨਾ ਝੱਲੀ ਗਈ। ਉਸ ਨੇ ਆਪਣੀ ਪੁੜਪੁੜੀ 'ਚ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ।...ਜਦ ਬੇਗਮ ਉੱਕਾ ਖੁਦ ਮੁਖਤਿਆਰ ਹੋ ਗਈ ਤਾਂ ਉਸ ਨੇ ਪਹਿਲੇ ਹੀ ਦਿਨ ਉਸ ਨਾਚੀ ਨੂੰ ਜਿਉਂਦੇ ਜੀ ਧਰਤੀ 'ਚ ਗਡਵਾ ਦਿੱਤਾ ਸੀ। ਆਪ ਉਸ ਦੀ ਗਿੱਲੀ ਮਿੱਟੀ ਵਾਲੀ ਕਬਰ 'ਤੇ ਬਹਿ ਕੇ ਹੁੱਕਾ ਪੀਤਾ ਸੀ।...
ਵੈਦ ਨੇ ਪੈੱਨ ਰੇੱਖ ਦਿੱਤਾ। ਉਬਾਸੀ ਲਈ। ਸਰੀਰ ਅਕੜਾ ਕੇ ਤੇ ਢਿੱਲਾ ਛੱਡ ਕੇ ਅੱਖਾਂ ਮੀਟ ਲਈਆਂ। ਕੁਝ ਚਿਰ ਪੈਰਾਂ ਦੀਆਂ ਉਂਗਲਾਂ ਹਿਲਾਉਂਦੇ ਨੂੰ ਫੇਰ ਬਰਖਾ ਦਾ ਖਿਆਲ ਆਉਣ ਲੱਗ ਪਿਆ। ਉਹ ਜਦ ਵੀ ਕਲਪਨਾ ਕਰਦਾ, ਵਿੱਚ ਮਹੰਤ ਮੱਘਰ ਦਾਸ ਆ ਵੜਦਾ।...ਵੈਦ ਫੇਰ ਲਿਖਣ ਲੱਗ ਪਿਆ...। ''ਮਹੰਤ ਮੱਘਰ ਦਾਸ ਬੜੀਆਂ ਸ਼ਕਤੀਆਂ ਵਾਲਾ ਐ। ਉਹ ਜੀਹਨੂੰ ਚਾਹੇ ਝੰਡੀ ਵਾਲੀ ਕਾਰ 'ਚ ਬਹਾ ਕੇ ਤੋਰ ਸਕਦੈ। ਵੱਡੇ ਵੱਡੇ ਨੇਤਾ ਉਸ ਦੇ ਡੇਰੇ ਜਾਂਦੇ ਨੇ। ਉਹ ਮਾੜੇ ਗ੍ਰਹਿਆਂ ਨੂੰ ਸ਼ਾਂਤ ਕਰਨ ਲਈ ਪਾਠ ਜਾਂ ਜਾਪ ਵੀ ਕਰਦੈ। ਕੁਝ ਮਹੀਨੇ ਪਹਿਲਾਂ ਉਹ ਬਰਖਾ ਦੇ ਘਰ ਆਪ ਆਇਆ ਸੀ। ਅਸੀਂ ਦੋਵੇਂ ਮਿਲ ਕੇ ਖੁਸ਼ ਹੋਏ ਸੀ। ਉਹਨੇ ਮੈਨੂੰ ਜਿਓਤਿਸ਼ ਦੇ ਤੇ ਮੈਂ ਉਹਨੂੰ ਚਰਕ ਸੰਘਿਤਾ ਦੇ ਕੁਝ ਚਮਤਕਾਰ ਦੱਸੇ ਸੀ।...ਜਾਂਦਾ ਹੋਇਆ ਉਹ ਬਰਖਾ ਬੋਧੀ ਦੀ ਜਨਮ ਪੱਤਰੀ ਦੇਖ ਕੇ ਝੰਡੀ ਵਾਲੀ ਕਾਰ ਮਿਲਣ ਦਾ ਯੋਗ ਦੱਸ ਗਿਆ ਸੀ। ਮੈਨੂੰ ਵੀ ਮਾੜੀ ਮੋਟੀ ਕੁਰਸੀ ਦੀ ਆਸ ਲਾਈ ਸੀ।
ਸਭ ਕੁਝ ਹੋ ਹਵਾ ਜਾਣ ਪਿਛੋਂ ਮੈਨੂੰ ਪਤਾ ਲਗਿਆ ਸੀ ਕਿ ਮਹੰਤ ਮੱਘਰ ਦਾਸ ਕੋਲ ਜਾਣ ਤੇ ਉਹਦੀ ਬਖਸ਼ਿਸ਼ ਨਾਲ ਕੁਝ ਪ੍ਰਾਪਤ ਕਰਨ ਦਾ ਸਾਰਾ ਪ੍ਰੋਗਰਾਮ ਬਰਖਾ ਦਾ ਪਹਿਲਾਂ ਹੀ ਤੈਅ ਸੀ। ਮੈਂ ਤਾਂ ਠੁੰਮਣਾ ਸੀ, ਜੀਹਨੂੰ ਉਹਨੇ ਨਾਲ ਰੱਖਣਾ ਸੀ। ਆਪਣੀ ਸੁਰੱਖਿਆ ਖਾਤਰ, ਆਪਣੀ ਟਹਿਲ ਸੇਵਾ ਖਾਤਰ ਜਾਂ ਫੇਰ ਕਿਸੇ ਦੁਖ ਦੀ ਘੜੀ 'ਚ ਮੋਢੇ 'ਤੇ ਸਿਰ ਰੱਖ ਕੇ ਰੋਣ ਵਾਸਤੇ।
ਜਾਣ ਨੂੰ ਸੁਵਖਤੇ ਜਾਣਾ ਚਾਹੀਦਾ ਸੀ, ਸ਼ਾਮ ਨੂੰ ਮੁੜਨਾ ਜੋ ਸੀ। ਪਰ ਉਹਨੇ ਮੁੜਨਾ ਨਹੀਂ ਸੀ। ਦੁਪਹਿਰ ਤੋਂ ਬਾਅਦ ਤੁਰੀ ਸੀ, ਕੋਈ ਓਪਰੀ ਜਿਹੀ ਟੈਕਸੀ ਲੈ ਕੇ। ਪਹੁੰਚੇ ਸੀ ਤਾਂ ਸੂਰਜ ਡੁੱਬ ਚਲਿਆ ਸੀ। ਉੱਚੇ ਮੰਦਰ ਵਾਲੀ ਪੁਰਾਣੀ ਇਮਾਰਤ ਵਿਚੀਂ ਲੰਘ ਕੇ ਨਵੀਂ ਆਲੀਸ਼ਾਨ ਕੋਠੀ 'ਚ ਗਏ ਸੀ। ਕੋਈ ਸੇਵਕ ਪੁੱਛ ਕੇ ਆਇਆ ਸੀ, ਤਦ ਮਹੰਤ ਦੇ ਕਮਰੇ 'ਚ ਗਏ ਸੀ। ਚਮਕਦੇ ਤੇ ਤਿਲਕਧਾਰੀ ਚਿਹਰੇ ਵਾਲੇ ਮਹੰਤ ਨੇ ਮੈਨੂੰ ਹੱਥ ਫੜ ਕੇ ਆਪਣੀ ਗੱਦੀ 'ਤੇ ਆਪਣੇ ਕੋਲ ਬਿਠਾਇਆ ਸੀ। ਬਰਖਾ ਦੂਜੇ ਗੱਦੇ 'ਤੇ। ਅੱਗਰਬਤੀ ਤੇ ਚੰਦਨ ਦੀ ਸੁੰਗਧ ਨਾਲ ਭਰੇ ਉਸ ਕਮਰੇ 'ਚ ਕੋਈ ਕੁਰਸੀ ਨਹੀਂ ਸੀ। ਕਾਲੀਨ ਬਹੁਤ ਕੀਮਤੀ ਵਿਛਿਆ ਹੋਇਆ ਸੀ। ਹਰੇਕ ਨੂੰ ਜੁੱਤੀ ਬਾਹਰ ਲਾਹ ਕੇ ਵੜਨਾ ਪੈਂਦਾ ਸੀ।
ਮੈਥੋਂ ਮਖਮਲ ਮੜ੍ਹੀ ਡੱਬੀ 'ਚ ਬੰਦ ਸੋਨੇ ਵਾਲਾ ਕੋਰਸ ਫੜਕੇ ਆਪਣੀ ਗੱਦੀ ਹੇਠ ਲੁਕਾ ਕੇ ਮਹੰਤ ਨੇ ਦੋ ਫੋਨ ਕਰਕੇ ਬਰਖਾ ਨੂੰ ਦੱਸਿਆ ਸੀ, ''ਸ਼ਾਇਦ ਕੰਮ ਅੱਜ ਬਣ ਜਾਵੇ। ਮੁਖ ਮੰਤਰੀ ਏਥੇ ਈ ਨੇ। ਡੂਢ ਦੋ ਘੰਟਿਆਂ ਤੱਕ ਚੱਲਾਂਗੇ। ਗ੍ਰਹਿ ਦਸ਼ਾ ਠੀਕ ਲੱਗਦੀ ਐ।...ਚੰਗਾ ਹੁਣ ਆਰਾਮ ਕਰੋ।''
ਸੇਵਕ ਨੇ ਸਾਨੂੰ ਦੋ ਕਮਰਿਆਂ 'ਚ ਠਹਿਰਾਇਆ ਸੀ। ਮੇਰਾ ਕਮਰਾ ਜ਼ਰਾ ਹਟਵਾ ਸੀ। ਪਰ ਬੂਹੇ ਤੋਂ ਬੂਹਾ ਦਿਖਦਾ ਸੀ।
ਮੈਂ ਨ੍ਹਾ ਕੇ ਸੌਂ ਗਿਆ। ਜਾਗਿਆ ਤਾਂ ਸਰ੍ਹਾਣੇ ਬਰਖਾ ਖੜ੍ਹੀ ਸੀ। ਉਹਨੇ ਗੂਹੜਾ ਮੇਕਅਪ ਕੀਤਾ ਹੋਇਆ ਸੀ। ਮੈਂ ਉਹਦਾ ਹੱਥ ਫੜ ਕੇ ਨਾਲ ਬਹਾਣਾ ਚਾਹਿਆ ਤਾਂ ਉਹ ਡਰ ਕੇ ਬੂਹੇ ਕੰਨੀ ਝਾਕਣ ਲੱਗੀ। ਮੈਂ ਕਾਹਲ ਨਾਲ ਉਠ ਕੇ ਬੋਲਟ ਬੰਦ ਕਰਨ ਲੱਗਿਆ ਤਾਂ ਉਹਨੇ ਮੇਰਾ ਹੱਥ ਫੜ ਲਿਆ ਸੀ। ਉਹ ਮੇਰੇ ਹੱਥਾਂ ਨੂੰ ਫੜ-ਫੜ ਰੋਕਦੀ ਰਹੀ ਸੀ। ਏਸੇ ਖਿਚ ਧੂਹ 'ਚ ਉਹਦੇ ਬਲਾਊਜ਼ ਦਾ ਬਟਨ ਟੁੱਟ ਗਿਆ ਸੀ। ਆਪਣੇ ਆਪ ਨੂੰ ਮੈਥੋਂ ਤੋੜਦੀ ਉਹ ਕਹਿੰਦੀ ਤੁਰ ਗਈ ਸੀ, ''ਅਸੀਂ ਕਿਸੇ ਮੰਤਰੀ ਕੋਲ ਜਾ ਰਹੇ ਹਾਂ। ਡਿਨਰ ਕਰ ਕੇ ਆਵਾਂਗੇ।...ਤੁਸੀਂ ਖਾਣਾ ਮੰਗਾ ਕੇ ਖਾ ਲੈਣਾ...ਜ਼ਰੂਰ।'' ਉਹਦੀ ਜਾਂਦੀ ਦੀ ਸਾੜ੍ਹੀ ਚਮਕਦੀ ਸੀ ਤੇ ਸੈਂਡਲ ਦੀ ਅੱਡੀ ਫਰਸ਼ 'ਤੇ ਖੜਕਦੀ ਸੀ।
ਮੈਂ ਅੱਧ ਖੁੱਲ੍ਹੇ ਦਰਾਂ ਵਿੱਚ ਖੜ੍ਹਾ ਉਹਦੀ ਪਿੱਠ ਦੇਖਦਾ ਰਿਹਾ। ਇਹ ਅਬਲਾ ਐ? ਮਰਦ ਦੀ ਦੱਬੀ ਕੁਚਲੀ? ਏਸੇ ਬਾਰੇ ਕਿਹਾ ਗਿਆ ਐ—ਛਾਤੀ 'ਚ ਦੁੱਧ ਅੱਖਾਂ 'ਚ ਪਾਣੀ।...ਮੈਨੂੰ ਕੁਛ ਕੁਛ ਸਮਝ 'ਚ ਆਉਣ ਲੱਗਿਆ ਸੀ ਕਿ ਮੰਗਲ ਬੋਧੀ ਸਨਿਆਸੀ ਕਿਉਂ ਹੋ ਗਿਆ ਸੀ। ਅਚਾਨਕ ਮੇਰੇ ਅੰਦਰ ਕੁਛ ਭੜਕਣ ਲੱਗ ਪਿਆ ਸੀ। ਮੈਂ ਮਨ ਨੂੰ ਸਮਝਾਉਂਦਾ ਰਿਹਾ ਸੀ।...ਉਂਝ ਠੀਕ ਹੀ ਰਿਹਾ ਸੀ। ਪਰ ਖਾਣਾ ਨਹੀਂ ਸੀ ਖਾਧਾ। ਬੈੱਡ 'ਤੇ ਲੇਟਿਆ ਨਹੀਂ, ਕੁਰਸੀ 'ਤੇ ਬੈਠਾ ਰਿਹਾ ਸੀ, ਸੋਚਦਾ ਕੁੜ੍ਹਦਾ।
ਜਾਂਦਿਆਂ ਟੈਕਸੀ 'ਚ ਬੈਠੇ ਅਸੀਂ ਬਹੁਤ ਘੱਟ ਬੋਲੇ ਸੀ। ਹੌਲੀ ਬੋਲਦੇ ਕਿ ਡਰਾਈਵਰ ਨੂੰ ਨਾ ਸੁਣੇ। ਬਹੁਤਾ ਚੁਪ ਹੀ ਰਹੇ ਸੀ। ਬਰਖਾ ਸ਼ਾਇਦ ਉਨ੍ਹਾਂ ਕੁਰਸੀਆਂ ਜਾਂ ਕਾਰਾਂ ਦੀ ਕਲਪਨਾ ਕਰਦੀ ਰਹੀ ਹੋਵੇ, ਜਿਨ੍ਹਾਂ ਦੇ ਮਿਲਣ ਦੀ ਆਸ ਮਹੰਤ ਨੇ ਬਨ੍ਹਾਈ ਸੀ। ਮੇਰੀ ਕਲਪਨਾ 'ਚ ਤਾਂ ਇਕ ਕਮਰਾ ਸੀ। ਜਿਥੇ ਗੱਲਬਾਤ ਮੁਕਾ ਕੇ ਸਿਰਫ ਅਸੀਂ ਦੋਹਾਂ ਨੇ ਹੋਣਾ ਸੀ। ਜਿਥੇ ਅਸੀਂ ਚੋਰਾਂ ਵਾਂਗ ਨਹੀਂ ਸੀ ਮਿਲਣਾ।
ਪਰ ਪਾਸਾ ਪੁੱਠਾ ਪੈ ਗਿਆ ਸੀ। ਮੇਰੀ ਮੱਤ ਮਾਰੀ ਜਿਹੀ ਗਈ ਸੀ। ਅਸਲ 'ਚ ਮੇਰੀ ਇਹ ਹਾਲਤ ਉਦੋਂ ਤੋਂ ਹੋਣ ਲੱਗ ਪਈ ਸੀ, ਜਦ ਵਿਕਾਸ ਚੋਰੀ ਅਮਰੀਕਾ ਚਲਿਆ ਗਿਆ ਸੀ। ਕਈ ਮਹੀਨੇ ਉਹਦੀ ਖਬਰ ਬਗਾਨੇ ਮੂੰਹਾਂ ਤੋਂ ਸੁਨਣ ਨੂੰ ਮਿਲਦੀ ਸੀ। ਘਰ 'ਚ ਤੰਗੀ ਸੀ। ਮੈਂ ਤੇ ਮੇਰੀ ਪਹਿਰੇਦਾਰਨੀ ਚੁਪ ਬੈਠੇ ਰਹਿੰਦੇ ਸੀ। ਮੈਨੂੰ ਰੋਣਾ ਘੁਟਣਾ ਪੈਂਦਾ ਸੀ। ਉਹਨੀਂ ਦਿਨੀਂ ਮੇਰੇ ਵਾਲ ਚਿੱਟੇ ਹੋ ਗਏ ਸੀ। ਠੋਡੀ ਥੱਲੇ ਮਾਸ ਲਟਕ ਗਿਆ ਸੀ। ਸ਼ੇਵ ਕਰਨ ਵੇਲੇ ਮਾਸ ਫੜ ਕੇ ਖਿੱਚਣਾ ਪੈਂਦਾ ਸੀ।
ਮਹੰਤ ਦੀ ਉਸ ਸ਼ਾਨਦਾਰ ਬਿਲਡਿੰਗ 'ਚ ਰਾਤ ਗਿਆਰਾਂ ਵਜੇ ਵਰਾਂਡੇ 'ਚ ਬਿੜਕ ਹੋਈ ਸੀ। ਮੈਂ ਉਠ ਖੜ੍ਹਿਆ। ਲੱਗਿਆ ਕਿ ਸੈਂਡਲ ਦੀ ਅੱਡੀ ਖੜਕੀ ਐ। ਮੈਂ ਬੂਹੇ ਦੀ ਦਰਜ ਵਿਚੀਂ ਦੇਖਿਆ। ਉਹੀ ਸੀ। ਨਾਲ ਮਹੰਤ। ਉਹ ਦੋਵੇਂ ਸੁਗੰਧੀ ਵਾਲੇ ਕਮਰੇ ਵਿੱਚ ਚਲੇ ਗਏ। ਮੈਂ ਆ ਕੇ ਫੇਰ ਕੁਰਸੀ 'ਤੇ ਬਹਿ ਗਿਆ।...ਕੁਛ ਚਿਰ ਬਾਅਦ ਉਠਿਆ। ਬਰਖਾ ਦੇ ਕਮਰੇ ਦਾ ਬੂਹਾ ਠਕੋਰਿਆ। ਧੱਕ ਕੇ ਖੋਹਲਿਆ। ਉਹ ਅੰਦਰ ਨਹੀਂ ਸੀ। ਮੈਂ ਆ ਕੇ ਫੇਰ ਕੁਰਸੀ 'ਤੇ ਬਹਿ ਗਿਆ।
ਬਾਰਾਂ ਕੁ ਵਜੇ ਖੜਕਾ ਹੋਇਆ। ਬੇਸੁਰਤੀ 'ਚ ਮੈਂ ਮੂਰਖਾਂ ਵਾਂਗ ਬਾਹਰ ਨਿਕਲਿਆ। ਉਹ ਮਹੰਤ ਦੇ ਕਮਰੇ 'ਚੋਂ ਨਿਕਲੀ। ਮੈਨੂੰ ਸਾਹਮਣੇ ਖੜ੍ਹੇ ਨੂੰ ਦੇਖਦੀ ਰਹੀ। ਫੇਰ ਅਚਾਨਕ ਉਹਦੇ ਮੂੰਹੋਂ ਚੀਕ ਜਿਹੀ ਨਿਕਲੀ। ਉਹ ਚੀਕ ਤੇ ਰੋਣਾ ਘੁੱਟਦੀ ਆਪਣੇ ਕਮਰੇ 'ਚ ਵੜ ਗਈ ਤੇ ਅੰਦਰੋਂ ਚਿਟਕਣੀ ਬੰਦ ਕਰ ਲਈ।
ਮੈਂ ਕਈ ਵਾਰ ਤਖਤੇ 'ਤੇ ਠੋਲੇ ਮਾਰ ਆਇਆ। ਅੰਤ ਨੂੰ ਆਪਣੇ ਕਮਰੇ 'ਚ ਆ ਕੇ ਲੇਟ ਗਿਆ ਤੇ ਦੋ ਗੋਲੀਆਂ ਖਾ ਕੇ ਸੌਣ ਦੀ ਕੋਸ਼ਿਸ਼ ਕਰਦਾ ਰਿਹਾ।...ਮੈਨੂੰ ਸਮਝ ਨਾ ਆਵੇ ਬਈ ਬਰਖਾ ਨਾਲ ਕੀ ਬੀਤੀ ਐ। ਉਹ ਕਿਉਂ ਰੋਈ? ਅੰਦਰ ਬੰਦ ਕਿਉਂ ਹੋਈ?
ਆਪਣੇ ਕਮਰੇ ਵਿੱਚ ਬੈਠਿਆਂ ਮੇਰੇ ਅੰਦਰ ਇਕਦਮ ਕੁਛ ਭੜਕ ਪਿਆ ਜਿਵੇਂ। ਮੈਂ ਬੈਗ ਚੁਕਿਆ ਤੇ ਵਰਾਂਡੇ ਵਿੱਚੀਂ ਹੁੰਦਾ ਪੁਰਾਣੀ ਇਮਾਰਤ ਕੰਨੀ ਚਲਿਆ ਗਿਆ। ਹਵਾ ਤੇਜ਼ ਸੀ। ਕਦੇ-ਕਦੇ ਪਿੱਪਲ ਵਿੱਚੀਂ ਨ੍ਹੇਰੀ ਵਾਂਗ ਸ਼ੂਕਦੀ। ਬਾਹਰ ਸੜਕ 'ਤੇ ਆਇਆ ਤਾਂ ਏਨੀ ਤੇਜ਼ ਨ੍ਹੇਰੀ ਆਈ ਕਿ ਰੇਤ, ਨਿੱਕੇ ਰੋੜ, ਟਾਹਣੀਆਂ ਮੇਰੇ ਨਾਲ ਟਕਰਾਂਦੀਆਂ ਲੰਘਣ। ਸੜਕ ਸਿਰਫ ਬਿਜਲੀ ਚਮਕਣ ਵੇਲੇ ਹੀ ਦਿੱਸਦੀ। ਵਿਚ ਵਿਚ ਕਣੀਆਂ ਪੈ ਜਾਂਦੀਆਂ।
ਕਿੰਨੇ ਚਿਰ ਬਾਅਦ ਮੈਂ ਇਕ ਦਰਖਤ ਹੇਠਾਂ ਖੜ੍ਹਾ ਸੀ। ਮੀਂਹ ਤੇ ਨ੍ਹੇਰੀ ਤੋਂ ਬਚਣ ਨੂੰ। ਅਚਾਨਕ ਪਤਾ ਨਹੀਂ, ਕਿਥੋਂ ਕੋਈ ਬੰਦਾ ਆਇਆ। 'ਮਰ ਜੈਂਗਾ' ਕਹਿ ਕੇ ਮੇਰੀ ਬਾਂਹ ਫੜ ਕੇ ਇਕ ਪੁਲੀ ਹੇਠ ਲੈ ਗਿਆ। ਅਸੀਂ ਗੋਡਿਆਂ 'ਚ ਮੂੰਹ ਦੇਈ, ਕੰਧ ਨਾਲ ਢਾਸਣਾ ਲਾ ਕੇ ਬੈਠੇ ਰਹੇ।
ਮੀਂਹ ਹਟਿਆ ਤਾਂ ਮੈਂ ਕੱਲਾ ਸੀ। ਮੈਂ ਉਠ ਕੇ ਸੜਕ 'ਤੇ ਆ ਗਿਆ। ਚਾਨਣ ਹੋਣ ਲੱਗ ਪਿਆ ਸੀ। ਲੰਘਦੇ ਟਰੈਕਟਰ ਟਰਾਲੀ ਵਾਲਿਆਂ ਨੇ ਮੈਨੂੰ ਬੋਰੀਆਂ 'ਤੇ ਬਹਾ ਲਿਆ ਸੀ। ਉਤਾਰਿਆ ਤਾਂ ਸਾਹਮਣੇ ਬੱਸ ਅੱਡਾ ਸੀ...। ਮੇਰੇ ਕੋਲ ਬੈਗ ਸੀ ਪਰ ਮੇਰੀ ਗੁਰਗਾਬੀ ਦਾ ਇੱਕ ਪੈਰ ਨਹੀਂ ਸੀ। ਮੈਨੂੰ ਕਦੇ ਕਦੇ ਭੁਖ ਪਿਆਸ ਦਾ ਅਹਿਸਾਸ ਹੁੰਦਾ। ਯਾਦ ਆਉਣ ਲੱਗਾ ਕਿ ਮੈਂ ਇਥੇ ਕਦ ਤੋਂ ਹਾਂ। ਕਿਉਂ ਹਾਂ। ਖੱਬੇ ਮੋਢੇ ਤੇ ਗੋਡੇ 'ਚ ਸੱਟ ਰੜਕਣ ਤੋਂ ਲਗਿਆ ਕਿ ਮੈਂ ਕਿਤੇ ਡਿਗਿਆ ਹੋਵਾਂਗਾ। ਇਹ ਦੁਕਾਨ ਐ, ਚਾਹ ਦੀ। ਇਹ ਬਸ ਵਾਲਾ ਵਾਜਾਂ ਮਾਰਦੈ—ਖੰਨੇ ਦੀਆਂ।
ਬੱਸ 'ਚ ਬੈਠ ਕੇ ਮੈਨੂੰ ਬਹੁਤ ਸਾਰੀਆਂ ਘਟਨਾਵਾਂ ਟੁਕੜੇ ਟੁਕੜੇ ਕਰਕੇ ਸਾਹਮਣੇ ਆਉਂਦੀਆਂ ਰਹੀਆਂ। ਇਹ ਵੀ ਕਿ ਅਸੀਂ ਦੋ ਜਣੇ ਆਏ ਸੀ। ਹੁਣ ਮੈਂ ਕੱਲਾ ਜਾ ਰਿਹਾਂ।
ਘਰ ਪਹੁੰਚਿਆ ਤਾਂ ਮੇਰੀ ਪਤਨੀ ਮੈਨੂੰ ਦੇਖ ਕੇ ਘੱਟ ਮੇਰੇ ਦੋਵੇਂ ਨੰਗੇ ਪੈਰਾਂ ਨੂੰ ਦੇਖ ਕੇ ਵੱਧ ਹੈਰਾਨ ਹੋਈ ਸੀ। ਉਹ ਆਪਣੀ ਹਾਕਮਾਂ ਵਾਲੀ ਆਵਾਜ਼ 'ਚ ਪੁੱਛਦੀ ਤੇ ਖਲਾਂਦੀ ਰਹੀ ਸੀ। ਮੈਂ ਖਾ ਕੇ ਸੌਂ ਗਿਆ ਸੀ।
ਜਾਗਿਆ ਤਾਂ ਪੁਛਿਆ, ''ਤੂੰ ਕਬੂਤਰਾਂ ਨੂੰ ਦਾਣਾ ਪਾਇਆ ਸੀ?''
'ਆਹੋ.. ਨਾਲ ਏ ਲੈ ਜਾਂਦੇ ਉਨ੍ਹਾਂ ਨੂੰ...'' ਆਖ ਉਹ ਰਸੋਈ ਜਾ ਵੜੀ ਸੀ। ਮੈਂ ਕਬੂਤਰ ਛੱਡ ਦਾਣਾ ਪਾਣੀ ਪਾਇਆ। ਨਿੰਮ ਹੇਠ ਬੈਠਾ ਉਨ੍ਹਾਂ ਨੂੰ ਖੇਡਦਿਆਂ ਦੇਖਦਾ ਰਿਹਾ। ਉਹ ਖਾਂਦੇ ਖੇਲ੍ਹਦੇ ਮੇਰੇ ਦੁੱਖ ਚੁਗਦੇ ਨੇ। ਅਮਰੀਕਾ ਭੱਜੇ ਪੁੱਤ ਦਾ ਦੁੱਖ, ਏਡੇ ਘਰ 'ਚ ਕੱਲੇ ਹੋਣ ਦਾ ਦੁੱਖ...ਤੇ ਖੁਰਦੇ ਜਾਂਦੇ ਸਰੀਰਾਂ ਦਾ।...ਬੁੱਢਾ ਚਿੱਟਾ ਕਬੂਤਰ ਵਾਰ-ਵਾਰ ਅੰਦਰ ਜਾ ਕੇ ਬੱਚਿਆਂ ਨੂੰ ਚੋਗਾ ਦੇਂਦਾ ਦੇਖ ਕੇ ਮੈਨੂੰ ਮਧੂਸੂਦਨ ਯਾਦ ਆਇਆ। ਉਹਦੀਆਂ ਗੱਲਾਂ ਤੇ ਹਰਕਤਾਂ ਦੇ ਜਾਇਜ਼ ਹੋਣ ਦਾ ਅਹਿਸਾਸ ਹੋਣ ਲੱਗਾ। ਉਹ ਜਦ ਵੀ ਦਵਾਈ ਲੈਣ ਆਉਂਦਾ ਹੁੰਦਾ ਸੀ, ਉਹਦਾ ਖੱਬਾ ਮੋਢਾ ਚੁਕਿਆ ਹੋਇਆ ਹੁੰਦਾ ਸੀ। ਉਹ ਕਹਿੰਦਾ ਹੁੰਦਾ ਸੀ ਕਿ ਉਹਦੇ ਮੋਢੇ 'ਤੇ ਉਹਦੀ ਸੁਮਰੋ ਦਾ ਮੁਰਦਾ ਰੱਖਿਆ ਹੋਇਐ। ਜਿਵੇਂ ਸ਼ਿਵ ਜੀ ਦੇ ਮੋਢੇ 'ਤੇ ਪਾਰਵਤੀ ਦਾ ਮੁਰਦਾ ਸੀ।
ਫੇਰ ਉਹ ਕਥਾ ਸੁਣਾ ਦੇਂਦਾ ਸੀ ਕਿ ਪਾਰਵਤੀ ਦਾ ਦੇਹਾਂਤ ਹੋਇਆ ਤਾਂ ਮਹਾਂਦੇਵ ਏਨੇ ਸ਼ੋਕਾਤੁਰ ਹੋ ਗਏ ਕਿ ਮੁਰਦਾ ਖੱਬੇ ਮੋਢੇ 'ਤੇ ਚੁੱਕ ਕੇ ਤਿੰਨ ਲੋਕ ਗਾਹ ਮਾਰੇ। ਵਿਸ਼ਣੂ ਜੀ ਨੇ ਬਥੇਰਾ ਸਮਝਾਇਆ ਬਈ ਇਹ ਲੀਲਾ ਸੀ। ਮੁੱਕ ਗਈ। ਲੋਥ ਦਾ ਖਹਿੜਾ ਛਡੋ। ਉਹ ਨਾ ਮੰਨੇ। ਅੰਤ ਨੂੰ ਵਿਸ਼ਣੂ ਨੇ ਆਪਣੇ ਸੁਦਰਸ਼ਨ ਚੱਕਰ ਨਾਲ ਬੋ ਮਾਰਦੀ ਲੋਥ ਦੇ ਟੋਟੇ ਕਰ ਕੇ ਲਾਹ ਸਿਟੇ। ਪਰ ਸ਼ਰੀਰ ਦਾ ਵਿਚਕਾਰਲਾ ਹਿੱਸਾ ਮਹਾਂਦੇਵ ਦੇ ਮੋਢੇ 'ਤੇ ਹੀ ਰਿਹਾ। ਉਹਦੇ ਦੁਆਲੇ ਉਨ੍ਹਾਂ ਦੀ ਬਾਂਹ ਸੀ। ਜਿਹੜੀ ਵੱਢੀ ਨਹੀਂ ਸੀ ਜਾ ਸਕਦੀ।
ਮਧੂਸੂਦਨ ਨੇ ਇਹ ਕਥਾ ਪਤਾ ਨਹੀਂ ਕਿਥੋਂ ਪੜ੍ਹੀ ਸੀ। ਜਾਂ ਘੜੀ ਸੀ। ਉਹ ਹਵਾਲਾ ਇਕ ਗ੍ਰੰਥ ਦਾ ਜ਼ਰੂਰ ਦੇਂਦਾ ਸੀ। ਜਿਵੇਂ ਮੇਰੇ ਤਾਇਆ ਜੀ ਆਪਣੀ ਗੱਲ ਮੁਕਾਉਣ ਵਾਸਤੇ ਜਿਹੜਾ ਯਾਦ ਆਇਆ, ਉਸੇ ਧਰਮ ਗ੍ਰੰਥ ਦਾ ਹਵਾਲਾ ਦੇ ਦੇਂਦੇ ਸੀ।
ਅੰਦਰ ਬਿੜਕ ਹੋਈ ਐ। ਮੇਰੀ ਠਾਣੇਦਾਰਨੀ ਬਾਥਰੂਮ ਗਈ ਐ। ਚੌਕੀਦਾਰ ਚੌਥਾ ਗੇੜਾ ਮਾਰ ਗਿਐ। ਨਿੰਮ 'ਤੇ ਬਤੌਰੀ ਫੇਰ ਬੋਲੀ ਐ। ਇਨ੍ਹਾਂ ਦਾ ਮੈਂ ਕੀ ਇਲਾਜ ਕਰਾਂ? ਬੁਢੇ ਕਬੂਤਰ ਨੂੰ ਤਾਂ ਮੈਂ ਉਡਾ ਕੇ ਖਲਾਸੀ ਕਰਾ ਸਕਦਾਂ।....
ਮੈਂ ਵੀ ਸੌਂ ਨਾ ਜਾਵਾਂ ਹੁਣ। ਉਂਘ ਆਉਣ ਲੱਗ ਗਈ ਐ। ਤਾਇਆ ਜੀ ਕਹਿੰਦੇ ਹੁੰਦੇ ਸੀ, ਰਾਤ ਨੂੰ ਦੇਰ ਤੱਕ ਜਾਗਣ ਵਾਲੇ ਰੋਗੀ, ਕੁਕਰਮੀ ਤੇ ਨੀਚ ਹੁੰਦੇ ਨੇ। ਇਹ ਵੀ ਸ਼ਾਇਦ ਉਸੇ 'ਜੋਗ ਧਿਆਨ ਉਪਨਿਸ਼ਦ' 'ਚ ਲਿਖਿਆ ਹੋਵੇ।
-ਜੁਲਾਈ 1999

  • ਮੁੱਖ ਪੰਨਾ : ਕਹਾਣੀਆਂ, ਪ੍ਰੇਮ ਪ੍ਰਕਾਸ਼
  • ਮੁੱਖ ਪੰਨਾ : ਪੰਜਾਬੀ ਕਹਾਣੀਆਂ