Surang Saleti : Russian Fairy Tale
ਸੁਰੰਗ-ਸਲੇਟੀ : ਰੂਸੀ ਪਰੀ-ਕਹਾਣੀ
ਇਕ ਵਾਰੀ ਦੀ ਗਲ ਏ, ਇਕ ਬੁੱਢਾ ਆਦਮੀ ਹੁੰਦਾ ਸੀ, ਜਿਹਦੇ ਤਿੰਨ ਪੁੱਤਰ ਸਨ। ਦੋਵੇਂ ਵੱਡੇ ਪੁਤਰ ਚੰਗੇ ਨਿਵਾਜੇ ਹੋਏ ਨੌਜਵਾਨ ਸਨ, ਉਹਨਾਂ ਨੂੰ ਸੁਹਣੇ ਕਪੜੇ ਪਾਣ ਦਾ ਸ਼ੌਕ ਸੀ ਤੇ ਵਾਹੀ ਦਾ ਕੰਮ ਸੰਜਮ ਨਾਲ ਕਰ ਸਕਣ ਦੀ ਜਾਚ ਸੀ, ਪਰ ਸਭ ਤੋਂ ਛੋਟੇ ਪੁੱਤਰ, ਮੂਰਖ ਈਵਾਨ, ਵਿਚ ਇਹੋ ਜਿਹੀ ਕੋਈ ਗਲ ਨਹੀਂ ਸੀ। ਉਹ ਬਹੁਤਾ ਵਕਤ ਘਰ ਹੀ ਚੁਲ੍ਹੇ ਦੇ ਉਤੇ ਬੈਠ ਬਿਤਾਂਦਾ ਤੇ ਜੇ ਬਾਹਰ ਨਿਕਲਦਾ ਤਾਂ ਜੰਗਲ ਵਿਚੋਂ ਖੁੰਬਾਂ ਇਕੱਠੀਆਂ ਕਰਦਾ ਰਹਿੰਦਾ।
ਜਦੋਂ ਬੁਢੇ ਆਦਮੀ ਦੇ ਪੂਰੇ ਹੋਣ ਦਾ ਵੇਲਾ ਆਇਆ, ਉਹਨੇ ਆਪਣੇ ਪੁੱਤਰਾਂ ਨੂੰ ਕੋਲ ਸਦਿਆ ਤੇ ਕਿਹਾ:
"ਜਦੋਂ ਮੈਂ ਮਰ ਜਾਵਾਂ, ਤਿੰਨ ਦਿਨ ਰੋਜ਼ ਰਾਤੀਂ ਮੇਰੀ ਕਬਰ 'ਤੇ ਆਣਾ ਤੇ ਮੇਰੇ ਖਾਣ ਲਈ ਕੁਝ ਰੋਟੀ ਲਿਆਣਾ।"
ਬੁੱਢਾ ਪੂਰਾ ਹੋ ਗਿਆ ਤੇ ਉਹਨੂੰ ਦਬ ਦਿਤਾ ਗਿਆ, ਤੇ ਉਸ ਰਾਤੀਂ ਸਭ ਤੋਂ ਵਡੇ ਭਰਾ ਦੀ ਉਹਦੀ ਕਬਰ ਤੇ ਜਾਣ ਦੀ ਵਾਰੀ ਆ ਗਈ। ਪਰ ਉਹਨੂੰ ਬਹੁਤ ਹੀ ਸੁਸਤੀ ਚੜ੍ਹੀ ਹੋਈ ਸੀ ਜਾਂ ਸ਼ਾਇਦ ਉਹਨੂੰ ਏਨਾ ਡਰ ਲਗਦਾ ਸੀ ਕਿ ਉਹਦੇ ਤੋਂ ਜਾਇਆ ਹੀ ਨਹੀਂ ਸੀ ਜਾ ਸਕਦਾ, ਤੇ ਉਹ ਮੂਰਖ ਈਵਾਨ ਨੂੰ ਕਹਿਣ ਲਗਾ:
"ਈਵਾਨ, ਜੋ ਅਜ ਰਾਤੀਂ ਬਾਪੂ ਦੀ ਕਬਰ 'ਤੇ ਮੇਰੀ ਥਾਂ ਤੂੰ ਚਲਾ ਜਾਏਂਂ, ਤਾਂ ਮੈਂ ਤੈਨੂੰ ਸ਼ਹਿਦ ਵਾਲਾ ਕੇਕ ਲੈ ਦਿਆਂਗਾ।
ਈਵਾਨ ਫਟਾਫਟ ਮੰਨ ਗਿਆ, ਉਹਨੇ ਕੁਝ ਰੋਟੀ ਫੜੀ ਤੇ ਆਪਣੇ ਬਾਪੂ ਦੀ ਕਬਰ 'ਤੇ ਜਾ ਪਹੁੰਚਿਆ। ਉਹ ਕਬਰ ਕੋਲ ਬਹਿ ਗਿਆ ਤੇ ਇਹ ਵੇਖਣ ਲਈ ਉਡੀਕਣ ਲਗਾ ਕਿ ਕੀ ਹੁੰਦਾ ਏ। ਜਦੋਂ ਅੱਧੀ ਰਾਤ ਹੋਈ, ਮਿਟੀ ਦੋਫਾੜ ਹੋ ਗਈ ਤੇ ਬੁੱਢਾ ਬਾਪੂ ਕਬਰ ਵਿਚੋਂ ਉਠ ਖਲੋਤਾ ਤੇ ਕਹਿਣ ਲਗਾ:
ਕੌਣ ਏਂ? ਤੂੰ ਏਂ, ਮੇਰੇ ਪਲੇਠੀ ਦਿਆ ਪੁਤਰਾ? ਦਸ ਰੂਸ ਦਾ ਕੀ ਹਾਲ ਏ: ਕੁੱਤੇ ਭੌਂਕ ਰਹੇ ਨੇ, ਬਘਿਆੜ ਚਾਂਗਰ ਰਹੇ ਨੇ ਜਾਂ ਮੇਰਾ ਬੱਚਾ ਰੋ ਰਿਹੈ?
ਤੇ ਈਵਾਨ ਨੇ ਜਵਾਬ ਦਿਤਾ:
"ਮੈਂ ਵਾਂ, ਤੁਹਾਡਾ ਪੁੱਤਰ, ਬਾਪੂ ਜੀ। ਰੂਸ 'ਚ ਅਮਨ-ਅਮਾਣ ਏਂ।"
ਤਾਂ ਬਾਪੂ ਨੇ ਈਵਾਨ ਦੀ ਲਿਆਂਦੀ ਰੋਟੀ ਢਿਡ ਭਰ ਕੇ ਖਾਧੀ ਤੇ ਫੇਰ ਆਪਣੀ ਕਬਰ ਵਿਚ ਲੇਟ ਗਿਆ। ਤੇ ਈਵਾਨ, ਰਾਹ ਵਿਚ ਖੁੰਬਾਂ ਇੱਕਠੀਆਂ ਕਰਨ ਲਈ ਅਟਕਦਾ-ਅਟਕਾਂਦਾ, ਘਰ ਨੂੰ ਹੋ ਪਿਆ।
ਜਦੋਂ ਉਹ ਘਰ ਪਹੁੰਚਿਆ, ਉਹਦੇ ਸਭ ਤੋਂ ਵਡੇ ਭਰਾ ਨੇ ਪੁਛਿਆ:
"ਬਾਪੂ ਮਿਲਿਆ ਸਾਈ?
"ਆਹਖੋ, ਮਿਲੇ ਸਨ," ਈਵਾਨ ਨੇ ਜਵਾਬ ਦਿਤਾ।
"ਜਿਹੜੀ ਰੋਟੀ ਲੈ ਗਿਆ ਸੈਂ, ਖਾਧੀ ਸੀ ਉਹਨੇ?
"ਆਹਖੋ, ਢਿਡ ਭਰ ਕੇ ਖਾਧੀ ਸਾਨੇਂ।"
ਇਕ ਦਿਨ ਹੋਰ ਲੰਘ ਗਿਆ, ਤੇ ਹੁਣ ਦੂਜੇ ਭਰਾ ਦੀ ਕਬਰ 'ਤੇ ਜਾਣ ਦੀ ਵਾਰੀ ਸੀ। ਪਰ ਉਹਨੂੰ ਬਹੁਤ ਹੀ ਸੁਸਤੀ ਚੜ੍ਹੀ ਹੋਈ ਸੀ ਜਾਂ ਸ਼ਾਇਦ ਉਹਨੂੰ ਏਨਾ ਡਰ ਲਗਦਾ ਸੀ ਕਿ ਉਹਦੇ ਤੋਂ ਜਾਇਆਂ ਹੀ ਨਹੀਂ ਸੀ ਜਾ ਸਕਦਾ, ਤੇ ਉਹ ਈਵਾਨ ਨੂੰ ਕਹਿਣ ਲਗਾ:
"ਈਵਾਨ, ਜੇ ਤੂੰ ਕਦੀ ਮੇਰੀ ਥਾਂ ਚਲਾ ਜਾਏ, ਤਾਂ ਮੈਂ ਤੈਨੂੰ ਦਰਖ਼ਤ ਦੀ ਛਿਲ ਦੇ ਬੂਟ ਬਣਾ ਦਿਆਂਗਾ।"
"ਠੀਕ ਏ, ਈਵਾਨ ਨੇ ਕਿਹਾ, "ਮੈਂ ਚਲਾ ਜਾਵਾਂਗਾ।"
ਉਹਨੇ ਕੁਝ ਰੋਟੀ ਫੜੀ, ਬਾਪੂ ਦੀ ਕਬਰ 'ਤੇ ਜਾ ਪਹੁੰਚਿਆ ਤੇ ਬਹਿ ਕੇ ਉਡੀਕਣ ਲਗਾ। ਜਦੋਂ ਅੱਧੀ ਰਾਤ ਹੋਈ, ਮਿੱਟੀ ਦੋਫਾੜ ਹੋ ਗਈ, ਬੁਢਾ ਬਾਪੂ ਕਬਰ ਵਿਚੋਂ ਉਠ ਖਲੋਤਾ ਤੇ ਬੋਲਿਆ:
"ਕੌਣ ਏਂ? ਤੂੰ ਏਂਂ, ਮੇਰੇ ਦੂਜੇ ਪੁਤਰਾ? ਦਸ ਰੂਸ ਦਾ ਕੀ ਹਾਲ ਏ: ਕੁੱਤੇ ਭੌਂਂਕ ਰਹੇ ਨੇ, ਬਘਿਆੜ ਚਾਂਗਰ ਰਹੇ ਨੇ ਜਾਂ ਮੇਰਾ ਬੱਚਾ ਰੋ ਰਿਹੈ?"
ਤੇ ਈਵਾਨ ਨੇ ਜਵਾਬ ਦਿਤਾ:
"ਮੈਂ ਵਾਂ, ਤੁਹਾਡਾ ਪੁੱਤਰ, ਬਾਪੂ ਜੀ। ਰੂਸ 'ਚ ਅਮਨ-ਅਮਾਣ ਏਂ।"
ਤਾਂ ਬਾਪੂ ਨੇ ਈਵਾਨ ਦੀ ਲਿਆਂਦੀ ਰੋਟੀ ਢਿਡ ਭਰ ਕੇ ਖਾਧੀ ਤੇ ਫੇਰ ਆਪਣੀ ਕਬਰ ਵਿਚ ਲੇਟ ਗਿਆ। ਤੇ ਈਵਾਨ ਰਾਹ ਵਿਚ ਖੁੰਬਾਂ ਇਕੱਠੀਆਂ ਕਰਨ ਲਈ ਅਟਕਦਾ-ਅਟਕਾਂਦਾ, ਘਰ ਨੂੰ ਹੋ ਪਿਆ। ਉਹ ਘਰ ਪਹੁੰਚਿਆ ਤੇ ਉਹਦਾ ਦੂਜਾ ਭਰਾ ਉਹਨੂੰ ਪੁੱਛਣ ਲਗਾ:
"ਜਿਹੜੀ ਰੋਟੀ ਲੈ ਗਿਆ ਸੈਂ, ਬਾਪੂ ਨੇ ਖਾਧੀ ਸੀ ਉਹ?"
"ਆਹਖੋ," ਈਵਾਨ ਨੇ ਜਵਾਬ ਦਿਤਾ। "ਢਿਡ ਭਰ ਕੇ ਖਾਧੀ ਸਾਨੇਂ।"
ਤੀਜੀ ਰਾਤ ਨੂੰ ਕਬਰ 'ਤੇ ਜਾਣ ਦੀ ਈਵਾਨ ਦੀ ਵਾਰੀ ਸੀ ਤੇ ਉਹਨੇ ਆਪਣੇ ਭਰਾਵਾਂ ਨੂੰ ਆਖਿਆ:
"ਦੋ ਰਾਤਾਂ ਬਾਪੂ ਦੀ ਕਬਰ 'ਤੇ ਮੈਂ ਜਾਂਦਾ ਰਿਹਾਂ। ਹੁਣ ਜਾਣ ਦੀ ਵਾਰੀ ਤੁਹਾਡੀ ਏ ਤੇ ਮੈਂ ਘਰ ਰਹਾਂਗਾ ਤੇ ਆਰਾਮ ਕਰਾਂਗਾ।"
"ਨਹੀਂ, ਨਹੀਂ," ਭਰਾਵਾਂ ਨੇ ਜਵਾਬ ਦਿਤਾ। "ਤੈਨੂੰ ਈ ਜਾਣਾ ਚਾਹੀਦੈ, ਈਵਾਨ, ਏਸ ਲਈ ਕਿ ਤੈਨੂੰ ਜਾਚ ਆ ਗਈ ਏ।"
"ਬਹੁਤ ਹੱਛਾ," ਈਵਾਨ ਮੰਨ ਗਿਆ, "ਮੈਂ ਚਲਾ ਜਵਾਂਗਾ।"
ਉਹਨੇ ਕੁਝ ਰੋਟੀ ਫੜੀ ਤੇ ਕਬਰ 'ਤੇ ਜਾ ਪਹੁੰਚਿਆ ਤੇ ਜਦੋਂ ਅੱਧੀ ਰਾਤ ਹੋਈ, ਮਿੱਟੀ ਦੋਫਾੜ ਹੋ ਗਈ ਤੇ ਬੁੱਢਾ ਬਾਪੂ ਕਬਰ ਵਿਚੋਂ ਉਠ ਖਲੋਤਾ।
"ਕੌਣ ਏ?" ਉਹਨੇ ਆਖਿਆ। "ਤੂੰ ਏ, ਈਵਾਨ, ਮੇਰੇ ਤੀਜੇ ਪੁਤਰਾ? ਦਸ ਰੂਸ ਦਾ ਕੀ ਹਾਲ ਹੈ ਏ: ਕੁੱਤੇ ਭੌਂਕ ਰਹੇ ਨੇ, ਬਘਿਆੜ ਚਾਂਗਰ ਰਹੇ ਨੇ ਜਾਂ ਮੇਰਾ ਬੱਚਾ ਰੋ ਰਿਹੈ?"
ਤੇ ਈਵਾਨ ਨੇ ਜਵਾਬ ਦਿਤਾ:
"ਮੈਂ ਵਾਂ, ਬਾਪੂ ਜੀ, ਤੁਹਾਡਾ ਪੁੱਤਰ ਈਵਾਨ। ਰੂਸ 'ਚ ਅਮਨ-ਅਮਾਨ ਏਂ।"
"ਈਵਾਨ, ਤੂੰ ਈ ਏਂ, ਜਿਨੇ ਮੇਰਾ ਹੁਕਮ ਮੰਨਿਐਂ। ਤੂੰ ਨਹੀਂ ਡਰਿਆ, ਤਿੰਨ ਰਾਤਾਂ ਮੇਰੀ ਕਬਰ ਤੇ ਆਉਣ ਤੋਂ। ਹੁਣ ਤੂੰ ਖੁਲ੍ਹੇ ਮੈਦਾਨ 'ਚ ਜਾ ਖਲੋ ਤੇ ਉਚੀ ਸਾਰੀ ਬੋਲ: 'ਸੁਰੰਗ-ਸਲੇਟੀ, ਸੁਣ, ਕਰ ਛੇਤੀ! ਤੈਨੂੰ ਸੱਦਾਂ ਇਤ, ਮੰਨ ਜਾਂ ਮਿਟ!' ਜਦੋਂ ਘੋੜਾ ਤੇਰੇ ਸਾਹਮਣੇ ਆਵੇ, ਚੜ੍ਹ ਕੇ ਉਹਦੇ ਸੱਜੇ ਕੰਨ 'ਚ ਵੜ ਜਾਈਂ ਤੇ ਖੱਬੇ 'ਚੋਂ ਨਿਕਲ ਆਈਂ, ਤੇ ਤੂੰ ਏਨਾ ਸੁਹਣਾ ਗਭਰੂ ਬਣ ਕੇ ਨਿਕਲੇਂਂਗਾ, ਜਿੰਨਾ ਸੁਹਣਾ ਕਦੀ ਕਿਸੇ ਵੇਖਿਆ ਹੋਣੈਂਂ।ਫੇਰ ਘੋੜੇ ਤੇ ਬਹਿ ਜਾਈਂ ਤੇ ਜਿਥੇ ਦਿਲ ਕਰਦਾ ਈ, ਚਲਾ ਜਾਈਂ।"
ਈਵਾਨ ਨੇ ਬਾਪੂ ਦੀ ਦਿਤੀ ਲਗਾਮ ਫੜ ਲਈ, ਉਹਦਾ ਸ਼ੁਕਰੀਆ ਅਦਾ ਕੀਤਾ, ਤੇ ਰਾਹ ਵਿਚ ਖੁੰਬਾਂ ਇਕੱਠੀਆਂ ਕਰਨ ਲਈ ਅਟਕਦਾ-ਅਟਕਾਂਦਾ ਘਰ ਵਲ ਨੂੰ ਹੋ ਪਿਆ। ਉਹ ਘਰ ਪਹੁੰਚਿਆ ਤੇ ਉਹਦੇ ਭਰਾਵਾਂ ਨੇ ਉਹਨੂੰ ਪੁਛਿਆ:
"ਬਾਪੂ ਮਿਲਿਆ ਸਾਈ?"
"ਆਹਖੋ, ਮਿਲੇ ਸਨ," ਈਵਾਨ ਨੇ ਜਵਾਬ ਦਿਤਾ।
"ਜਿਹੜੀ ਰੋਟੀ ਲੈ ਗਿਆ ਸੈਂ, ਖਾਧੀ ਸੀ ਉਹਨੇ?"
"ਆਹਖੋ, ਢਿਡ ਭਰ ਕੇ ਖਾਧੀ ਸਾਨੇਂ ਤੇ ਮੈਨੂੰ ਆਖਿਆ ਸਾਨੇਂ, ਹੁਣ ਫੇਰ ਉਹਨਾਂ ਦੀ ਕਬਰ 'ਤੇ ਨਾ ਆਵਾਂ।"
ਤੇ, ਐਨ ਉਹਨੀਂ ਹੀ ਦਿਨੀਂ ਜ਼ਾਰ ਨੇ ਢੰਡੋਰਾ ਫਿਰਵਾਇਆ ਕਿ ਸਾਰੇ ਭਲੇ, ਅਣ-ਵਿਆਹੇ ਨੌਜਵਾਨ ਉਹਦੇ ਦਰਬਾਰ ਵਿਚ ਇਕੱਠੇ ਹੋਣ। ਜ਼ਾਰ ਦੀ ਧੀ , ਜ਼ਾਰਜ਼ਾਦੀ ਸੁੰਦਰੀ, ਨੇ ਆਪਣੇ ਲਈ ਬਾਰਾਂ ਥੰਮਿਆਂ ਤੇ ਸ਼ਾਹਬਲੂਤ ਦੀਆਂ ਬਾਰਾਂ ਗੇਲੀਆਂ ਵਾਲਾ ਇਕ ਮਹਿਲ ਬਣਵਾਇਆ ਸੀ। ਤੇ ਉਹਦੇ ਵਿਚ ਉਹਨੇ ਸਭ ਤੋਂ ਉਪਰ ਵਾਲੇ ਕਮਰੇ ਦੀ ਬਾਰੀ ਵਿਚ ਬਹਿਣਾ ਸੀ ਤੇ ਓਸ ਜਣੇ ਨੂੰ ਉਡੀਕਣਾ ਸੀ ਜਿਹੜਾ ਘੋੜੇ ਦੀ ਅਸਵਾਰੀ ਕਰਦਾ ਉਹਦੀ ਬਾਰੀ ਜਿੰਨੀ ਉਚੀ ਛਾਲ ਮਾਰ ਲਵੇ ਤੇ ਉਹਦੇ ਬੁਲਾਂ ਨੂੰ ਚੁੰਮ ਲਵੇ । ਉਹਨੂੰ, ਜਿਹੜਾ ਇਹ ਕੁਝ ਕਰਨ ਵਿਚ ਕਾਮਯਾਬ ਹੋ ਜਾਂਦਾ, ਭਾਵੇਂ ਉਹ ਉਚੇ ਘਰਾਣੇ ਦਾ ਜੰਮਪਲ ਹੁੰਦਾ ਜਾਂ ਨੀਵੇਂ ਘਰਾਣੇ ਦਾ, ਜ਼ਾਰ ਨੇ ਆਪਣੀ ਧੀ, ਜ਼ਾਰਜ਼ਾਦੀ ਸੁੰਦਰੀ, ਦਾ ਡੋਲਾ ਦੇ ਦੇਣਾ ਸੀ ਤੇ ਨਾਲੇ ਆਪਣਾ ਅੱਧਾ ਰਾਜ।
ਇਹਦੀ ਖਬਰ ਈਵਾਨ ਦੇ ਭਰਾਵਾਂ ਦੇ ਕੰਨੀਂ ਵੀ ਪਈ, ਤੇ ਉਹਨਾਂ ਆਪੋ ਵਿਚ ਕਿਸਮਤ ਅਜ਼ਮਾਣ ਦਾ ਮਤਾ ਪਕਾ ਲਿਆ।
ਉਹਨਾਂ ਆਪਣੇ ਸੁਹਣੇ ਘੋੜਿਆਂ ਨੂੰ ਜਵੀ ਚਰਾਈ ਤੇ ਉਹਨਾਂ ਨੂੰ ਤਬੇਲਿਆਂ ਤੋਂ ਕਢ ਲਿਆ, ਤੇ ਉਹਨਾਂ ਆਪ ਆਪਣੇ ਸਭ ਤੋਂ ਸੁਹਣੇ ਕਪੜੇ ਪਾ ਲਏ ਤੇ ਆਪਣੇ ਕੁੰਡਲਾਂ ਵਾਲੇ ਛਤਿਆਂ ਨੂੰ ਕੰਘੀ ਕਰ ਲਈ। ਤੇ ਈਵਾਨ ਨੇ, ਜਿਹੜਾ ਚਿਮਨੀ ਦੇ ਪਿਛੇ ਵਲ ਚੁਲ੍ਹੇ ਦੇ ਉਤੇ ਬੈਠਾ ਸੀ, ਉਹਨਾਂ ਨੂੰ ਆਖਿਆ:
"ਭਰਾਵੋ, ਭਰਾਵੋ, ਮੈਨੂੰ ਵੀ ਨਾਲ ਲੈ ਜਾਵੇ, ਤੇ ਮੈਨੂੰ ਵੀ ਕਿਸਮਤ ਅਜ਼ਮਾ ਕੇ ਵੇਖ ਲੈਣ ਦਿਓ।"
"ਵਾਹ ਓਏ ਚੁਲ੍ਹੇ ਦੇ ਲੜ-ਲਗਿਆ ਮੂਰਖਾ!" ਉਹਦੇ ਭਰਾ ਹੱਸੇ। "ਜੇ ਸਾਡੇ ਨਾਲ ਗਿਆ ਤਾਂ ਲੋਕ ਖਿੱਲੀ ਹੀ ਉਡਾਣਗੇ ਨੀ। ਜਾ, ਜਾ ਕੇ ਜੰਗਲ 'ਚੋਂ ਖੁੰਬਾਂ ਲਭ।"
ਭਰਾ ਆਪਣੇ ਘੋੜਿਆਂ ਉਤੇ ਬਹਿ ਗਏ, ਉਹਨਾਂ ਆਪਣੇ ਟੋਪ ਫਬਾ ਲਏ, ਸੀਟੀ ਮਾਰੀ ਤੇ ਜੈਕਾਰਾ ਲਾਇਆ ਤੇ ਧੂੜ ਦਾ ਬੱਦਲ ਉਡਾਂਦਿਆਂ ਘੋੜਿਆਂ ਨੂੰ ਸੜਕ ਵਲ ਦੁੜਕੀਏ ਪਾ ਦਿਤਾ। ਈਵਾਨ ਨੇ ਬਾਪੂ ਦੀ ਦਿਤੀ ਲਗਾਮ ਫੜੀ, ਬਾਹਰ ਖੁਲ੍ਹੇ ਮੈਦਾਨ ਵਿਚ ਨਿਕਲ ਆਇਆ ਤੇ, ਜਿਵੇਂ ਉਹਦੇ ਬਾਪੂ ਨੇ ਉਹਨੂੰ ਸਿਖਾਇਆ ਸੀ, ਉੱਚੀ ਸਾਰੀ ਬੋਲਿਆ:
"ਰੰਗ-ਸਲੇਟੀ, ਸੁਣ, ਕਰ ਛੇਤੀ! ਤੈਨੂੰ ਸੱਦਾਂ ਇਤ, ਮੰਨ ਜਾਂ ਮਿਟ!"
ਤੇ ਉਹ ਕੀ ਵੇਖਦਾ ਏ! ਇਕ ਘੋੜੇ ਕੀਤੀ ਧਾਈ, ਧਰਤ ਕੰਬਾਈ। ਉਹਦੀਆਂ ਨਾਸਾਂ ਵਿਚੋਂ ਲਾਟਾਂ ਨਿਕਲ ਰਹੀਆਂ ਸਨ ਤੇ ਉਹਦੇ ਕੰਨਾਂ ਵਿਚੋਂ ਧੂੰਏ ਦੇ ਬੱਦਲ ਵਗ ਰਹੇ ਸਨ। ਘੋੜਾ ਦੌੜਦਾ-ਦੌੜਦਾ ਈਵਾਨ ਕੋਲ ਪਹੁੰਚਿਆ, ਅਸਲੋਂ ਅਹਿਲ ਹੋ ਕੇ ਖਲੋ ਗਿਆ ਤੇ ਬੋਲਿਆ:
"ਈਵਾਨ, ਤੁਹਾਡੀ ਕੀ ਇੱਛਾ ਏ?"
ਈਵਾਨ ਨੇ ਘੋੜੇ ਦੀ ਧੌਣ ਉਤੇ ਥਾਪੜਾ ਦਿਤਾ, ਉਹਨੂੰ ਲਗਾਮ ਪਾਈ, ਉਹ ਉਹਦੇ ਸੱਜੇ ਕੰਨ ਵਿਚ ਚੜ ਗਿਆ ਤੇ ਉਹਦੇ ਖੱਬੇ ਕੰਨ ਵਿਚੋਂ ਨਿਕਲ ਆਇਆ। ਤਾਂ ਵੇਖੋ ਕੀ ਹੋਇਆ! ਉਹ ਏਨਾ ਸੁਹਣਾ ਗਭਰੂ ਬਣ ਨਿਕਲਿਆ, ਜਿੰਨਾ ਜਾਵੇ ਨਾ ਬੁਝਿਆ, ਜਾਵੇ ਨਾ ਮੰਨਿਆ, ਜਾਵੇ ਨਾ ਲਿਖਿਆ। ਉਹ ਰੰਗ-ਸਲੇਟੀ ਉਤੇ ਬਹਿ ਗਿਆ ਤੇ ਜ਼ਾਰ ਦੇ ਮਹਿਲ ਵਲ ਹੋ ਪਿਆ। ਸੁਰੰਗ-ਸਲੇਟੀ ਪੂਛ ਝਲਾਰ, ਹੋਇਆ ਪਹਾੜ, ਵਾਦੀਆਂ ਤੋਂ ਪਾਰ, ਉਸ ਘਰ, ਰੁਖ ਟੱਪੇ ਵਾਂਗ ਹਵਾ, ਹਫ਼ਤਾ ਜਾਂ ਦਿਨ ਭਜਦਾ ਗਿਆ।
ਜਦੋਂ ਅਖ਼ੀਰ ਈਵਾਨ ਦਰਬਾਰ ਵਿਚ ਪਹੁੰਚਿਆ, ਮਹਿਲ ਦਾ ਮੈਦਾਨ ਲੋਕਾਂ ਨਾਲ ਤੂੜਿਆ ਪਿਆ ਸੀ। ਬਾਰਾਂ ਥੰਮਿਆਂ ਤੇ ਗੇਲੀਆਂ ਦੀਆਂ ਬਾਰਾਂ ਪਾਲਾਂ ਵਾਲਾ ਮਹਿਲ ਖੜਾ ਸੀ, ਤੇ ਉਹਦੇ ਸਭ ਤੋਂ ਉਚੇ ਚੁਬਾਰੇ ਵਿਚ, ਆਪਣੇ ਕਮਰੇ ਦੀ ਬਾਰੀ ਵਿਚ, ਜ਼ਾਰਜ਼ਾਦੀ ਸੁੰਦਰੀ ਬੈਠੀ ਸੀ।
ਜ਼ਾਰ ਬਾਹਰ ਡਿਉਢੀ ਵਿਚ ਨਿਕਲਿਆ ਤੇ ਬੋਲਿਆ:
"ਭਲੇ ਨੌਜਵਾਨੋ, ਤੁਹਾਡੇ ਵਿਚੋਂ ਜਿਹੜਾ ਘੋੜੇ 'ਤੇ ਅਸਵਾਰੀ ਕਰਦਾ ਉਸ ਬਾਰੀ ਜਿੰਨੀ ਉਚੀ ਛਾਲ ਮਾਰ ਲਏਗਾ ਤੇ ਮੇਰੀ ਧੀ ਦੇ ਬੁਲ੍ਹਾਂ 'ਤੇ ਚੁੰਮਣ ਦੇ ਲਏਗਾ, ਉਹਨੂੰ ਮੇਰੀ ਧੀ ਦਾ ਡੋਲਾ ਦੇ ਦਿਤਾ ਜਾਵੇਗਾ ਤੇ ਨਾਲ ਮੇਰਾ ਅੱਧਾ ਰਾਜ।"
ਜ਼ਾਰਜ਼ਾਦੀ ਸੁੰਦਰੀ ਦੇ ਚਾਹਵਾਨ ਅੱਗੜ-ਪਿਛੱੜ ਘੋੜੇ ਦੁੜਾਂਦੇ ਆਏ ਤੇ ਉਹਨਾਂ ਕੁਦਾੜੇ ਤੇ ਛਾਲਾ ਮਾਰੀਆਂ, ਪਰ ਬਾਰੀ ਸੀ ਕਿ ਉਹਨਾਂ ਦੀ ਪਹੁੰਚ ਤੋਂ ਉਪਰ ਹੀ ਰਹੀ। ਬਾਕੀਆਂ ਦੇ ਨਾਲ-ਨਾਲ ਈਵਾਨ ਦੇ ਦੋਵਾਂ ਭਰਾਵਾਂ ਨੇ ਵੀ ਕੋਸ਼ਿਸ਼ ਕੀਤੀ, ਪਰ ਉਹ ਅਧ ਤਕ ਵੀ ਨਾ ਪਹੁੰਚ ਸਕੇ ।
ਜਦੋਂ ਈਵਾਨ ਦੀ ਵਾਰੀ ਆਈ, ਉਹਨੇ ਸੁਰੰਗ-ਸਲੇਟੀ ਨੂੰ ਦੁੜਕੀਏ ਪਾ ਦਿਤਾ ਤੇ ਜੈਕਾਰਾ ਗਜਾਂਦਾ ਤੇ ਨਾਅਰਾ ਲਾਂਦਾ ਉਹ ਛਾਲ ਮਾਰ ਗੇਲੀਆਂ ਦੀ ਦੋ ਛਡ ਸਭ ਤੋਂ ਉਚੀ ਪਾਲ ਤਕ ਪਹੁੰਚ ਗਿਆ। ਉਹ ਫੇਰ ਆਇਆ ਤੇ ਛਾਲ ਮਾਰ ਗੇਲੀਆਂ ਦੀ ਇਕ ਛਡ ਸਭ ਤੋਂ ਉਚੀ ਪਾਲ ਤਕ ਪਹੁੰਚ ਗਿਆ। ਉਹਦੇ ਹਥ ਇਕ ਹੋਰ ਮੌਕਾ ਰਹਿ ਗਿਆ ਸੀ ਤੇ ਉਹ ਸੁਰੰਗ-ਸਲੇਟੀ ਨੂੰ ਓਦੋਂ ਤਕ ਕੁਦਾਂਦਾ ਤੇ ਘੁਮੇਟਣੀਆਂ ਦੇਂਦਾ ਰਿਹਾ, ਜਦੋਂ ਤਕ ਘੋੜਾ ਭੜਕ ਤੇ ਸ਼ੂਕਣ ਨਾ ਲਗ ਪਿਆ। ਫੇਰ, ਬਾਰੀ ਅਗੋਂ ਅਗ ਵਾਂਗ ਲੰਘਦਿਆਂ, ਉਹਨੇ ਬਹੁਤ ਉਚੀ ਛਾਲ ਮਾਰੀ ਤੇ ਜ਼ਾਰਜ਼ਾਦੀ ਸੁੰਦਰੀ ਦੇ ਸ਼ਹਿਦ-ਮਿੱਠੇ ਬੁਲ੍ਹ ਚੁੰਮ ਲਏ। ਤੇ ਜ਼ਾਰਜ਼ਾਦੀ ਨੇ ਆਪਣੀ ਮਹੁਰ ਵਾਲੀ ਮੁੰਦਰੀ ਉਹਦੇ ਮੱਥੇ ਉਤੇ ਮਾਰੀ ਤੇ ਉਹਦੇ ਉਤੇ ਆਪਣੀ ਮਹੁਰ ਲਾ ਦਿੱਤੀ।
ਲੋਕੀ ਕੂਕਾਂ ਮਾਰਨ ਲਗ ਪਏ:
"ਰੋਕਣਾ ਸੂ! ਫੜਨਾ ਸੂ!" ਪਰ ਈਵਾਨ ਤੇ ਉਹਦਾ ਘੋੜਾ ਧੂੜ ਦੇ ਬੱਦਲ ਵਿਚ ਅਲੋਪ ਹੋ ਗਏ।
ਛਾਲਾਂ ਮਾਰਦੇ ਉਹ ਖੁਲ੍ਹੇ ਮੈਦਾਨ ਵਿਚ ਆ ਗਏ, ਤੇ ਈਵਾਨ ਸੁਰੰਗ-ਸਲੇਟੀ ਦੇ ਖੱਬੇ ਕੰਨ ਵਿਚ ਚੜ੍ਹ ਗਿਆ ਤੇ ਉਹਦੇ ਸੱਜੇ ਕੰਨ ਵਿਚੋਂ ਨਿਕਲ ਆਇਆ, ਤੇ ਵੇਖੋ ਹੋਇਆ ਕੀ! ਉਹਦੀ ਫੇਰ ਆਪਣੀ ਅਸਲ ਸ਼ਕਲ ਹੋ ਗਈ। ਉਹਨੇ ਸੁਰੰਗ-ਸਲੇਟੀ ਨੂੰ ਖੁਲ੍ਹਾ ਛਡ ਦਿਤਾ, ਤੇ ਆਪ ਰਾਹ ਵਿਚ ਕੁਝ ਖੁੰਬਾਂ ਇੱਕਠੀਆਂ ਕਰਨ ਲਈ ਅਟਕਦਾ-ਅਟਕਾਂਦਾ, ਘਰ ਵਲ ਨੂੰ ਹੋ ਪਿਆ। ਉਹ ਘਰ ਵਿਚ ਵੜਿਆ, ਉਹਨੇ ਆਪਣੇ ਮੱਥੇ ਉਤੇ ਲੀਰ ਬੰਨ ਲਈ ਤੇ ਚੁਲ੍ਹੇ ਦੇ ਉਤੇ ਚੜ੍ਹ ਗਿਆ ਤੇ ਓਥੇ ਉਵੇਂ ਹੀ ਲੰਮਾ ਪੈ ਗਿਆ, ਜਿਵੇਂ ਉਹ ਪਹਿਲੋਂ ਪਿਆ ਹੋਇਆ ਸੀ।
ਹੌਲੀ-ਹੌਲੀ ਉਹਦੇ ਭਰਾ ਆਣ ਪੁੱਜੇ, ਤੇ ਉਹਨੂੰ ਦੱਸਣ ਲਗ ਪਏ, ਉਹ ਕਿਥੇ-ਕਿਥੇ ਗਏ ਸਨ ਤੇ ਉਹਨਾਂ ਕੀ-ਕੀ ਵੇਖਿਆ ਸੀ।
"ਜ਼ਾਰਜ਼ਾਦੀ ਦੇ ਚਾਹਵਾਨਾਂ ਦਾ ਸ਼ੁਮਾਰ ਨਹੀਂ ਸੀ, ਤੇ ਸੁਹਣੇ ਵੀ ਸਨ," ਉਹਨਾਂ ਦਸਿਆ।" ਪਰ ਇਕ ਸੀ, ਜਿਦ੍ਹੇ ਸਾਹਮਣੇ ਉਹ ਕੁਝ ਨਹੀਂ ਸਨ ਲਗਦੇ। ਉਹਨੇ ਆਪਣੇ ਸ਼ੂਕਰਦੇ ਘੋੜੇ 'ਤੇ ਜ਼ਾਰਜ਼ਾਦੀ ਦੀ ਬਾਰੀ ਜਿੰਨੀ ਉੱਚੀ ਛਾਲ ਮਾਰੀ ਤੇ ਉਹਦੇ ਬੁਲ੍ਹ ਚੁੰਮ ਲਏ। ਅਸੀਂ ਉਹਨੂੰ ਆਉਂਦਿਆਂ ਤਾਂ ਵੇਖਿਆ ਸੀ, ਪਰ ਜਾਂਦਿਆਂ ਨਹੀਂ ਵੇਖਿਆ।"
ਚਿਮਨੀ ਪਿਛੋਂ ਆਪਣੀ ਥਾਂ ਤੋਂ ਈਵਾਨ ਨੇ ਕਿਹਾ:
"ਤੁਸੀਂ ਸ਼ਾਇਦ ਮੈਨੂੰ ਵੇਖਿਆ ਹੋਵੇ।"
ਉਹਦੇ ਭਰਾਵਾਂ ਨੂੰ ਗੁੱਸਾ ਚੜ੍ਹ ਗਿਆ ਤੇ ਉਹ ਬੋਲ ਪਏ:
"ਬੇਵਕੂਫ਼! ਝੱਲੀਆਂ ਮਾਰ ਰਿਹੈ। ਬੈਠਾ ਰਹੋ ਚੁਲ੍ਹੇ ਉਤੇ ਤੇ ਖਾ ਆਪਣੀਆਂ ਖੁੰਬਾਂ।"
ਫੇਰ ਈਵਾਨ ਨੇ ਲੀਰ ਖੋਲ੍ਹੀ ਜਿਨ੍ਹੇ ਜ਼ਾਰਜ਼ਾਦੀ ਦੀ ਮਹੁਰ ਵਾਲੀ ਮੁੰਦਰੀ ਦਾ ਨਿਸ਼ਾਨ ਕਜਿਆ ਹੋਇਆ ਸੀ ਤੇ ਇਕਦਮ ਹੀ ਇਕ ਰੋਸ਼ਨ ਲੋ ਨਾਲ ਝੁੱਗੀ ਡਲਕ ਪਈ।
"ਓਏ ਬੇਵਕੂਫ਼ਾ, ਕੀ ਪਿਆ ਕਰਨੈਂ? ਘਰ ਨੂੰ ਅਗ ਲਾ ਕੇ ਰਹੇਂਗਾ!"
ਅਗਲੇ ਦਿਨ ਜ਼ਾਰ ਨੇ ਜ਼ਿਆਫ਼ਤ ਕੀਤੀ ਤੇ ਉਹਦੇ ਵਿਚ ਉਹਨੇ ਆਪਣੀ ਸਾਰੀ ਰਿਆਇਆ ਨੂੰ ਸਦਿਆ, ਕੀ ਜਾਗੀਰਦਾਰ ਤੇ ਨਵਾਬ ਤੇ ਕੀ ਆਮ ਲੋਕੀ, ਕੀ ਰਿਜ਼ਕਵਾਨ ਤੇ ਕੀ ਗਰੀਬ, ਕੀ ਜਵਾਨ ਤੇ ਕੀ ਬੁਢੇ। ਈਵਾਨ ਦੇ ਭਰਾ ਵੀ ਜ਼ਿਆਫ਼ਤ ਵਿਚ ਜਾਣ ਲਈ ਤਿਆਰ ਹੋਣ ਲਗੇ।
"ਭਰਾਵੋ, ਭਰਾਵੋ, ਮੈਨੂੰ ਨਾਲ ਲੈ ਜਾਵੋ," ਈਵਾਨ ਨੇ ਅਰਜ਼ੋਈ ਕੀਤੀ।
ਕੀ ਕਿਹਾ ਈ?" ਉਹ ਹੱਸੇ। ਸਾਰੇ ਖਿੱਲੀ ਈ ਉਡਾਣਗੇ ਨੀ। ਏਥੇ ਚੁਲ੍ਹੇ 'ਤੇ ਬੈਠਾ ਰਹੇ ਤੇ ਆਪਣੀਆਂ ਖੰਬਾਂ ਖਾ।"
ਫੇਰ ਭਰਾ ਆਪਣੇ ਸੁਹਣੇ ਘੋੜਿਆਂ ਉਤੇ ਬਹਿ ਗਏ ਤੇ ਦੂਰ ਨਿਕਲ ਗਏ, ਤੇ ਈਵਾਨ ਉਹਨਾਂ ਦੇ ਪਿਛੇ-ਪਿਛੇ ਪੈਦਲ ਟੁਰ ਪਿਆ। ਉਹ ਜ਼ਾਰ ਦੇ ਮਹਿਲ ਪਹੁੰਚ ਪਿਆ ਤੇ ਇਕ ਦੁਰਾਡੀ ਨੁਕਰੇ ਬੈਠ ਗਿਆ। ਤਾਂ ਜ਼ਾਰਜ਼ਾਦੀ ਸੁੰਦਰੀ ਨੇ ਸਭਨਾਂ ਮਹਿਮਾਨਾਂ ਦਾ ਚੱਕਰ ਕਢਣਾ ਸ਼ੁਰੂ ਕੀਤਾ। ਉਹ ਹਰ ਇਕ ਨੂੰ ਸ਼ਰਾਬ ਦੀ ਸੁਰਾਹੀ ਵਿਚੋਂ ਇਕ ਜਾਮ ਪਿਆਂਦੀ ਤੇ ਇਹ ਤੱਕਣ ਲਈ ਉਹਨਾਂ ਦੇ ਮੱਥੇ ਵੇਖਦੀ ਕਿ ਉਥੇ ਉਹਦੀ ਮੁਹਰ ਦਾ ਨਿਸ਼ਾਨ ਸੀ ਕਿ ਨਹੀਂ।
ਉਹਨੇ ਈਵਾਨ ਤੋਂ ਛੁਟ ਸਾਰਿਆਂ ਮਹਿਮਾਨਾਂ ਦਾ ਚੱਕਰ ਲਾ ਲਿਆ, ਤੇ ਜਦੋਂ ਉਹ ਉਹਦੇ ਕੋਲ ਅਪੜੀ, ਉਹਦਾ ਦਿਲ ਡੁੱਬਣ ਲਗਾ। ਉਹਨੇ ਈਵਾਨ ਵਲ ਤਕਿਆ। ਉਹ ਸਾਰੇ ਦਾ ਸਾਰੇ ਕਾਲਖ਼ ਨਾਲ ਪੋਚਿਆ ਪਿਆ ਸੀ ਤੇ ਉਹਦੇ ਲੂ-ਕੰਢੇ ਖੜੇ ਸਨ।
ਜ਼ਾਰਜ਼ਾਦੀ ਸੁੰਦਰੀ ਨੇ ਕਿਹਾ:
"ਕੌਣ ਏ ਤੂੰ? ਕਿਥੋਂ ਆਇਆ ਏਂ? ਤੇ ਮੱਥਾ ਲੀਰ ਨਾਲ ਕਿਉਂ ਬੰਨ੍ਹਿਆ ਹੋਇਆ ਈ?"
"ਡਿੱਗਣ, 'ਤੇ ਸਟ ਲਗ ਗਈ ਸੀ," ਈਵਾਨ ਨੇ ਜਵਾਬ ਦਿਤਾ।
ਜ਼ਾਰਜ਼ਾਦੀ ਨੇ ਲੀਰ ਖੋਲ੍ਹੀ ਤੇ ਇਕਦਮ ਹੀ ਮਹਿਲ ਇਕ ਚਿਲਕਵੀਂ ਲਾਲੀ ਨਾਲ ਲਿਸ਼ਕ ਪਿਆ।
"ਇਹ ਵੇ ਮੇਰੀ ਮੁਹਰ!" ਉਹ ਕੂਕ ਉਠੀ। "ਇਹ ਜੇ ਮੇਰਾ ਮੰਗ।"
ਜ਼ਾਰ ਈਵਾਨ ਕੋਲ ਆਇਆ, ਉਹਨੇ ਉਹਦੇ ਵਲ ਵੇਖਿਆ ਤੇ ਕਹਿਣ ਲਗਾ:
"ਨਹੀਂ, ਨਹੀਂ, ਜ਼ਾਰਜ਼ਾਦੀਏ! ਇਹ ਨਹੀਂ ਹੋ ਸਕਦਾ ਤੇਰਾ ਮੰਗ! ਸਾਰਾ ਧੁਆਖਿਆ ਹੋਇਐ ਤੇ ਅਸਲੋਂ ਹੀ ਸਿੱਧਾ-ਸਾਦੈ।"
ਈਵਾਨ ਨੇ ਜ਼ਾਰ ਨੂੰ ਆਖਿਆ:
"ਜ਼ਾਰ, ਜ਼ਾਰ, ਮੈਨੂੰ ਮੂੰਹ ਧੋਣ ਦੀ ਆਗਿਆ ਦਿਓ।"
ਜ਼ਾਰ ਨੇ ਉਹਨੂੰ ਇੰਜ ਕਰਨ ਦੀ ਆਗਿਆ ਦੇ ਦਿਤੀ, ਤੇ ਈਵਾਨ ਇਹਾਤੇ ਵਿਚ ਆਇਆ ਤੇ ਉਚੀ ਸਾਰੀ ਬੋਲਿਆ, ਜਿਵੇਂ ਬੋਲਣਾ ਉਹਨੂੰ ਉਹਦੇ ਬਾਪੂ ਨੇ ਸਿਖਾਇਆ ਸੀ:
"ਸੁਰੰਗ-ਸਲੇਟੀ, ਸੁਣ, ਕਰ ਛੇਤੀ! ਤੈਨੂੰ ਸੱਦਾਂ ਇਤ, ਮੰਨ ਜਾਂ ਮਿਟ!"
ਤੇ ਉਹ ਕੀ ਵੇਖਦਾ ਏ! ਸੁਰੰਗ-ਸਲੇਟੀ ਉਹਦੇ ਵਲ ਛਾਲਾਂ ਮਾਰਦਾ ਆਇਆ। ਉਹਦੀਆਂ ਟਾਪਾਂ ਹੇਠ ਧਰਤ ਕੰਬ ਉਠੀ, ਉਹਦੀਆਂ ਨਾਸਾਂ ਵਿਚੋਂ ਲਾਟਾਂ ਨਿਕਲ ਰਹੀਆਂ ਸਨ ਤੇ ਉਹਦੇ ਕੰਨਾਂ ਵਿਚੋਂ ਧੂੰਏ ਦੇ ਬੱਦਲ ਵਗ ਰਹੇ ਸਨ। ਈਵਾਨ ਉਹਦੇ ਸੱਜੇ ਕੰਨ ਵਿਚ ਚੜ੍ਹ ਗਿਆ ਤੇ ਉਹਦੇ ਖੱਬੇ ਕੰਨ ਵਿਚੋਂ ਨਿਕਲ ਆਇਆ ਤੇ ਉਹ ਏਨਾ ਸੁਹਣਾ ਗਭਰੂ ਬਣ ਨਿਕਲਿਆ, ਜਿੰਨਾ ਜਾਵੇ ਨਾ ਬੁਝਿਆ, ਜਾਵੇ ਨਾ ਮੰਨਿਆ, ਜਾਵੇ ਨਾ ਲਿਖਿਆ। ਮਹਿਲ ਅੰਦਰਲੇ ਸਭ ਲੋਕਾਂ ਨੇ ਜਦੋਂ ਉਹਨੂੰ ਵੇਖਿਆ, ਉਹ ਵਾਹ-ਵਾਹ ਕਰ ਉਠੇ।
ਇਸ ਪਿਛੋਂ ਕੋਈ ਹੋਰ ਗਲ ਨਾ ਹੋਈ।
ਈਵਾਨ ਜ਼ਾਰਜ਼ਾਦੀ ਸੁੰਦਰੀ ਨਾਲ ਵਿਆਹਿਆ ਗਿਆ, ਤੇ ਵਿਆਹ ਦੀ ਖੁਸ਼ੀ ਮਨਾਉਣ ਲਈ ਰੰਗਰਲੀਆਂ ਵਾਲੀ ਜ਼ਿਆਫ਼ਤ ਹੋਈ।