Taiaba (Punjabi Story) : Veena Verma
ਤਈਅਬਾ (ਕਹਾਣੀ) : ਵੀਨਾ ਵਰਮਾ
“ਫੈੱਡ-ਅਪ ਬੀਇੰਗ ਅਲੋਨ ਇਨ ਦਾ ਈਵਨਿੰਗਜ਼? ਡੌਂਟ ਲੂਜ਼ ਫੇਥ, ਟੇਕ ਵੱਨ ਬੋਲਡ ਸਟੈੱਪ ਐਂਡ ਚੇਂਜ ਦਾ ਕੋਰਸ ਆਫ ਯੂਅਰ ਡੈਸਟਿਨੀ। ਬਲੈਕ ਏਸ਼ੀਅਨ ਬਿਊਟੀ ਲੁਕਿੰਗ ਫਾਰ ਮੇਲ, ਫਰੌਮ ਐਨੀ ਉਰਿਜਨ।
ਟੈਲੀਫੂਨ...।”
ਕਿਸੇ ਮੈਗਜ਼ੀਨ ਵਿਚ ਉਸ ਦੀ ਐਡਵਰਟਾਈਜ਼ਮੈਂਟ ਪੜ੍ਹ ਕੇ ਮੈਂ ਉਸ ਤੋਂ ਅਪਾਇੰਟਮੈਂਟ ਲੈ ਲਈ। ਨਿਸ਼ਚਤ ਸਮੇਂ ਮੁਤਾਬਿਕ ਸ਼ਾਮ ਨੂੰ ਮੈਂ ਉਸ ਦੇ ਘਰ ਪਹੁੰਚ ਗਈ। ਉਸ ਨੇ ਬੂਹਾ ਖੋਲ੍ਹਿਆ ਤੇ ਬਨਾਵਟੀ ਜਿਹੀ ਮੁਸਕਾਨ ਮੇਰੇ ਵੱਲ ਸੁੱਟੀ। ਉਸ ਦੇ ਮੁਸਕਰਾਉਣ ਦੇ ਢੰਗ ਤੋਂ ਮੈਂ ਅੰਦਾਜ਼ਾ ਨਾ ਲਗਾ ਸਕੀ ਕਿ ਉਹ ਮੈਨੂੰ ਦੇਖ ਕੇ ਖੁਸ਼ ਹੋਈ ਹੈ ਜਾਂ ਨਾਰਾਜ਼। ਹੌਲੀ ਹੌਲੀ ਕਦਮ ਰੱਖਦੀ ਹੋਈ ਮੈਂ ਉਸ ਦੇ ਸਿਟਿੰਗ ਰੂਮ ਵਿਚ ਚਲੀ ਗਈ। ਬਹੁਤ ਹੀ ਸਲੀਕੇ ਨਾਲ ਸਜਾਇਆ ਹੋਇਆ ਕਮਰਾ ਸੀ। ਕੰਧਾਂ ‘ਤੇ ਦੋ ਵੱਡੀਆਂ ਵੱਡੀਆਂ ਪੇਂਟਿੰਗਜ਼ ਟੰਗੀਆਂ ਹੋਈਆਂ, ਗੂੜ੍ਹੇ ਭੂਰੇ ਰੰਗ ਦਾ ਫਰਨੀਚਰ ਅਤੇ ਉਸੇ ਰੰਗ ਦਾ ਵਾਲ-ਪੇਪਰ। ਟੀ.ਵੀ., ਵੀਡੀਓ, ਤੇ ਹੋਰ ਉਰਾ ਪਰਾ। ਰੂਮ ਕਿਸੇ ਰਈਸ ਦਾ ਡਰਾਇੰਗ ਰੂਮ ਜਾਪਦਾ ਸੀ।
ਕਾਲੇ ਰੰਗ ਦਾ ਸੂਟ, ਵਾਲ ਘੁੰਗਰਾਲੇ ਕੀਤੇ ਹੋਏ, ਬਨਾਵਟੀ ਗਹਿਣਿਆਂ ਨਾਲ ਕੀਤਾ ਹਾਰ ਸ਼ਿੰਗਾਰ ਤੇ ਜ਼ਰੂਰਤ ਤੋਂ ਜ਼ਿਆਦਾ ਕੀਤਾ ਹੋਇਆ ਮੇਕਅਪ, ਉਹ ਕੋਈ ਪੇਂਟਿੰਗ ਹੀ ਲੱਗ ਰਹੀ ਸੀ, ਜਿਸ ਨੂੰ ਚਿੱਤਰਕਾਰ ਨੇ ਹਰ ਰੰਗ ਵਰਤ ਕੇ ਸਜਾਇਆ ਹੋਵੇ।
“ਦੱਸੋ ਤੁਹਾਡੀ ਕੀ ਖਿਦਮਤ ਕਰਾਂ...?” ਉਹ ਮੇਰੀ ਸਾਹਮਣੀ ਕੁਰਸੀ ‘ਤੇ ਬੈਠਦੀ ਹੋਈ ਬੋਲੀ।
“ਮੈਂ ਤੁਹਾਨੂੰ ਦੱਸਿਆ ਸੀ ਟੈਲੀਫੋਨ ‘ਤੇ...। ਤੁਸੀਂ ਕਿਹਾ ਸੀ ਘਰ ਆ ਜਾਵਾਂ...।” ਮੈਂ ਹੌਲੀ ਹੌਲੀ ਲਫਜ਼ ਇਕੱਠੇ ਕੀਤੇ।
“ਹਾਂ...। ਮੈਂ ਪਹਿਲਾਂ ਸੋਚਿਆ ਸੀ ਕਿਤੇ ਤੂੰ ਲੈਸਬੀਅਨ ਏਂ...। ਪਰ ਫੇਰ ਪਤਾ ਲੱਗਿਆ ਕਿ ਨਹੀਂ। ਮੁਲਾਕਾਤ ਦਾ ਮਕਸਦ ਕੋਈ ਹੋਰ ਏ। ਨਾਲੇ ਮੈਨੂੰ ‘ਤੁਸੀਂ ਤੁਸੀਂ’ ਕਰ ਕੇ ਨਾ ਬੁਲਾ। ‘ਤੂੰ’ ਕਹੇਂਗੀ ਤਾਂ ਜ਼ਿਆਦਾ ਕਰੀਬ ਲੱਗਣਾ ਏ।” ਉਸ ਨੇ ਪੈਰ ਕੁਰਸੀ ਦੇ ਉੱਪਰ ਇਕੱਠੇ ਕਰ ਲਏ।
“ਜੀ ਹਾਂ। ਮੇਰੀ ਕਿਤਾਬ ਛਪ ਰਹੀ ਹੈ...ਜਿਸ ਵਿਚ ਮੈਂ ਤੁਹਾਡੀ ਸੌਰੀ ਤੇਰੀ ਕਹਾਣੀ ਦੇਣਾ ਚਾਹੁੰਦੀ ਹਾਂ।” ਮੈਂ ਉਸ ਨੂੰ ਦੂਜੀ ਵਾਰ ਆਪਣਾ ਮਕਸਦ ਦੱਸਿਆ।
“ਮੇਰੀ ਕਹਾਣੀ? ਕਿਤਾਬ ਦੇ ਵਿਚ...? ਕੋਈ ਨਵਾਂ ਮਜ਼ਮੂਨ ਤਾਂ ਹਾਂ ਨਹੀਂ ਮੈਂ। ਦੁਨੀਆਂ ਦੀ ਤਾਰੀਖ਼ ਵੇਸਵਾਵਾਂ ਦੇ ਅਫਸਾਨਿਆਂ ਨਾਲ ਭਰੀ ਪਈ ਏ। ਫੇਰ ਤੂੰ ਇਹੀ ਮਜ਼ਮੂਨ ਕਿਉਂ ਚੁਣਿਆ?” ਉਸ ਨੇ ਵਕੀਲਾਂ ਵਾਂਗ ਜ਼ਿਰਾਹ ਕੀਤੀ।
“ਮੈਂ ਕਿਸੇ ਵੇਸਵਾ ਦੀ ਨਹੀਂ ਬਲਕਿ ਇੱਕ ਔਰਤ ਦੀ ਕਹਾਣੀ ਲਿਖਣਾ ਚਾਹੁੰਦੀ ਹਾਂ ਤੇ ਔਰਤ ਸਭ ਕੁਝ ਹੈ-ਮਾਂ, ਬੇਟੀ, ਭੈਣ, ਬੀਵੀ, ਮਾਸ਼ੂਕ, ਦੇਵੀ ਤੇ ਵੇਸਵਾ ਵੀ...।”
“ਸਭ ਤੋਂ ਗੰਦਾ ਕਰੈਕਟਰ ਏ ਇਹ ਔਰਤ ਦਾ, ਜੋ ਤੂੰ ਕਹਾਣੀ ਲਈ ਚੁਣਿਆ ਏ। ਇਸ ਕਹਾਣੀ ਤੋਂ ਬਗ਼ੈਰ ਕੀ ਤੇਰੀ ਕਿਤਾਬ ਪੂਰੀ ਨਹੀਂ ਹੁੰਦੀ? ਕੀ ਲਿਖੇਂਗੀ, ਇਹੀ ਨਾ ਕਿ ਮੈਂ ਕੀ ਕਰਦੀ ਹਾਂ....ਮੇਰੇ ਗਾਹਕ ਕੌਣ ਕੌਣ ਨੇ...ਮੈਂ ਕੋਠੇ ‘ਤੇ ਕਿੱਦਾਂ ਪਹੁੰਚੀ ਤੇ ਕਿਵੇਂ ਮੈਂ ਲੋਕਾਂ ਨੂੰ ਲੁੱਟਨੀ ਹਾਂ? ਕੀ ਨਵੀਂ ਗੱਲ ਏ...ਕੋਈ ਹੋਰ ਕਹਾਣੀ ਲੱਭ। ਤਵਾਇਫ਼..ਬਕਵਾਸ ਏ।” ਉਹ ਅਚਾਨਕ ਗਰਮ ਹੋ ਗਈ।
“ਹਿੰਦੂ ਧਰਮ ਦੇ ਮੁਤਾਬਿਕ ਜਦੋਂ ਕਾਲੀ ਮਾਤਾ ਦੀ ਮੂਰਤ ਬਣਾਈ ਜਾਂਦੀ ਹੈ ਤਾਂ ਉਸ ਦੇ ਵਿਚ ਵੇਸਵਾ ਦੇ ਕੋਠੇ ਦੀ ਦੇਹਲੀ ਦੀ ਮਿੱਟੀ ਵੀ ਵਰਤੀ ਜਾਂਦੀ ਹੈ ਵਰਨਾ ਉਹ ਮੂਰਤ ਸੰਪੂਰਨ ਨਹੀਂ ਹੁੰਦੀ। ਹੋਰ ਵੀ ਕਹਾਣੀਆਂ ਨੇ ਮੇਰੀ ਕਿਤਾਬ ਵਿਚ...ਸਭ ਔਰਤਾਂ ਬਾਰੇ ਹੀ ਨੇ ਪਰ ਤੇਰੇ ਬਗੈਰ ਮੇਰੀ ਕਿਤਾਬ ਸੰਪੂਰਨ ਨਹੀਂ ਹੋਣੀ। ਲੰਗੜੀ ਜਿਹੀ ਰਹੇਗੀ।” ਮੈਂ ਤਰਕ ਰੱਖਿਆ।
ਮੈਂ ਦੇਖਿਆ ਮੇਰੀ ਗੱਲ ਸੁਣ ਕੇ ਉਸ ਨੇ ਅੱਖਾਂ ਝੁਕਾ ਲਈਆਂ। ਉਸ ਦੇ ਚਿਹਰੇ ‘ਤੇ ਜੋ ਚਿੜਚਿੜਾਪਣ ਸੀ ਉਹ ਗ਼ਾਇਬ ਹੋ ਗਿਆ ਤੇ ਉਸ ਨੇ ਇੱਕ ਹੌਕਾ ਲਿਆ।
“ਕੁਝ ਖਾਣ ਪੀਣ ਦਾ ਸ਼ੌਕ ਰੱਖਦੀ ਏਂ?” ਉਸ ਨੇ ਸਾਹਮਣੀ ਮੇਜ਼ ਤੋਂ ਸਿਗਰਟਾਂ ਦੀ ਡੱਬੀ ਚੁੱਕੀ।
“ਨੋ....ਥੈਂਕਸ।” ਮੈਂ ਸਿਰ ਹਿਲਾਇਆ।
ਉਸ ਨੇ ਸਿਗਰਟ ਸੁਲਘਾਈ ਤੇ ਧੂੰਏ ਦਾ ਫੁਹਾਰਾ ਮੂੰਹ ‘ਚੋਂ ਕੱਢਿਆ। ਕਾਫੀ ਦੇਰ ਉਹ ਸੋਚਦੀ ਰਹੀ। ਫੇਰ ਬਾਹਾਂ ਖੋਲ੍ਹ ਕੇ ਪੂਰੇ ਜ਼ੋਰ ਨਾਲ ਅੰਗੜਾਈ ਲਈ।
“ਕਿੱਥੋਂ ਸ਼ੁਰੂ ਕਰਾਂ?” ਉਸ ਨੇ ਅਚਾਨਕ ਪੁੱਛਿਆ।
“ਜਿਥੋਂ ਤੱਕ ਯਾਦ ਤੇਰਾ ਸਾਥ ਦਿੰਦੀ ਹੈ।” ਮੈਂ ਜੁਆਬ ਦਿੱਤਾ। “ਹੂੰ...।” ਉਸ ਨੇ ਲੰਮਾ ਹੁੰਗਾਰਾ ਭਰਿਆ।
“ਮੈਂ ਪਾਕਿਸਤਾਨ ‘ਚ ਪੈਦਾ ਹੋਈ ਸੀ। ਮੇਰੀ ਮਾਂ ‘ਨਸੀਮ ਬਾਨੋ’ ਇਲਾਕੇ ਦੀ ਮਕਬੂਲ ਗਾਇਕਾ ਸੀ। ਉਹ ਲੱਖਣਵਾਲ ਵਰਗੇ ਛੋਟੇ ਜਿਹੇ ਪਿੰਡ ‘ਚ ਰਹਿੰਦੀ ਸੀ, ਲੋਕਾਂ ਦੇ ਵਿਆਹ ਸ਼ਾਦੀਆਂ ‘ਤੇ ਮੁਜਰੇ ਕਰਦੀ ਹੁੰਦੀ ਸੀ ਤੇ ਮੇਰਾ ਬਾਪ ਇੱਕੋ ਵੇਲੇ ਤਿੰਨ ਤਿੰਨ ਬੀਵੀਆਂ ਰੱਖਦਾ ਸੀ। ਖਾਨਦਾਨੀ ਕੰਜਰ ਸੀ ਉਹ। ਮੇਰੀ ਮਾਂ ਨੂੰ ਇਸ਼ਕ ਦੇ ਚੱਕਰ ਵਿਚ ਫਸਾ ਕੇ ਘਰੋਂ ਭਜਾ ਲਿਆਇਆ ਤੇ ਫੇਰ ਉਸ ਨੂੰ ਪੁੱਠੇ ਰਾਹ ਪਾ ਦਿੱਤਾ। ਉਹ ਅਕਸਰ ਉਸ ਨੂੰ ‘ਕੰਜਰੀ’ ਕਹਿ ਕੇ ਮੁਖਾਤਿਬ ਹੁੰਦਾ। ਸ਼ਰਾਬ ਪੀ ਕੇ ਅੰਮੀ ਨੂੰ ਮਾਰਦਾ ਕੁੱਟਦਾ ਤੇ ਪੈਸੇ ਖੋਹ ਕੇ ਲੈ ਜਾਂਦਾ। ਪਰ ਅੰਮੀ ਨੇ ਇਸ਼ਕ ਕੀਤਾ ਸੀ ਤਾਂ ਬੱਸ ਇਸ਼ਕ ਹੀ ਕੀਤਾ ਸੀ। ਉਹ ਉਸ ਦੀ ਮਾਰ ਕੁੱਟ ਖਾਂਦੀ ਪਰ ਉਸ ਦੇ ਪੈਰ ਨਾ ਛੱਡਦੀ। ਆਖਦੀ, “ਤੇਰੇ ਕਦਮਾਂ ਵਿਚ ਹੀ ਜਾਨ ਦੇ ਦੇਣੀ ਏ ਪਰ ਤੇਰੇ ਤੋਂ ਜੁਦਾ ਨਹੀਂ ਹੋਣਾ।” ਉਨ੍ਹਾਂ ਦਾ ਇਹ ਡਰਾਮਾ ਮੈਂ ਅਕਸਰ ਦੇਖਦੀ। ਮੇਰੀ ਮਾਂ ਨੇ ਮੇਰੀ ਤਾਲੀਮ ਦਾ ਇੰਤਜ਼ਾਮ ਲਾਹੌਰ ਵਿਚ ਕਰ ਰੱਖਿਆ ਸੀ। ਮੈਂ ਹੋਸਟਲ ਵਿਚ ਰਹਿੰਦੀ ਸੀ ਤੇ ਮਾਂ ਮੈਨੂੰ ਘਰ ਘੱਟ ਹੀ ਬੁਲਾਉਂਦੀ ਸੀ। ਬੜੀ ਸੁਹਤਾਤ ਸੀ ਉਹ ਮੇਰੇ ਮੁਤੱਲਕ। ਸ਼ਾਇਦ ਉਸ ਨੂੰ ਡਰ ਸੀ ਕਿਤੇ ਉਸ ਦੀ ਜ਼ਿੰਦਗੀ ਦੇ ਸਾਏ ਮੇਰੀ ਜ਼ਿੰਦਗੀ ‘ਤੇ ਨਾ ਪੈ ਜਾਣ। ਉਹ ਮੇਰੀ ਸ਼ਾਦੀ ਹੋਈ ਵੇਖਣਾ ਚਾਹੁੰਦੀ ਸੀ, ਮੇਰਾ ਘਰ ਵਸਿਆ ਵੇਖਣਾ ਚਾਹੁੰਦੀ ਸੀ ਜਿਵੇਂ ਹਰ ਮਾਂ ਚਾਹੁੰਦੀ ਏ। ਤੂੰ ਬੋਰ ਤਾਂ ਨਹੀਂ ਹੋ ਰਹੀ?” ਉਹ ਅਚਾਨਕ ਰੁਕੀ।
“ਨਹੀਂ।” ਮੈਂ ਜੁਆਬ ਦਿੱਤਾ। ਮੈਂ ਦੇਖਿਆ ਉਸ ਦੇ ਚਿਹਰੇ ‘ਤੇ ਉਦਾਸੀ ਛਾ ਗਈ ਸੀ।
“ਜੇ ਤੂੰ ਬੁਰਾ ਨਾ ਮਨਾਵੇਂ ਤਾਂ ਮੈਂ ਥੋੜ੍ਹੀ ਵਾਈਨ ਲੈ ਲਵਾਂ?” ਉਸ ਨੇ ਜਿਵੇਂ ਇਜਾਜ਼ਤ ਮੰਗੀ।
“ਮੈਨੂੰ ਕੋਈ ਇਤਰਾਜ਼ ਨਹੀਂ।” ਮੈਂ ਹਲਕਾ ਜਿਹਾ ਮੁਸਕਰਾਈ।
ਉਹ ਉੱਠੀ ਤੇ ਵਾਈਨ ਦੀ ਪੂਰੀ ਬੋਤਲ ਤੇ ਗਿਲਾਸ ਲੈ ਕੇ ਆ ਗਈ। ਉਸ ਨੇ ਗਿਲਾਸ ਵਾਈਨ ਦਾ ਭਰਿਆ ਤੇ ਤਿੰਨ ਚਾਰ ਘੁੱਟ ਇਕੱਠੇ ਹੀ ਭਰ ਗਈ।
“ਦਰਅਸਲ ਜੇ ਮੈਂ ਪੀਵਾਂ ਨਾ ਤਾਂ ਜ਼ਿਆਦਾ ਗੱਲ ਨਹੀਂ ਕਰ ਸਕਦੀ। ਬਹੁਤ ਛੇਤੀ ਥੱਕ ਜਾਨੀ ਹਾਂ। ਨਾਲੇ ਤੂੰ ਤਾਂ ਪੂਰੀ ਜ਼ਿੰਦਗੀ ਦਾ ਹਿਸਾਬ-ਕਿਤਾਬ ਮੰਗ ਰਹੀ ਏਂ...। ਹਾਂ ਸੱਚ ਤੇਰਾ ਨਾਮ ਕੀ ਏ?” ਉਸ ਨੂੰ ਖਿਆਲ ਆਇਆ ਕਿ ਉਸ ਨੇ ਇੱਕ ਵਾਰੀ ਵੀ ਮੇਰਾ ਨਾਮ ਨਹੀਂ ਪੁੱਛਿਆ ਸੀ।
“ਪੂਜਾ।” ਮੈਂ ਕਿਹਾ।
“ਮਤਲਬ?”
“ਇਬਾਦਤ।”
“ਅਸਲੀ ਏ ਕਿ ਨਕਲੀ?” ਉਹ ਹੱਸੀ।
“ਅਸਲੀ ਹੀ ਹੈ।” ਮੈਂ ਹਾਂ ‘ਚ ਸਿਰ ਹਿਲਾਇਆ
“ਹਰ ਮਾਂ ਆਪਣੀ ਬੇਟੀ ਦਾ ਨਾਮ ਅਜਿਹਾ ਹੀ ਰੱਖਦੀ ਏ, ਮਸਲਨ ਪੂਜਾ, ਇਬਾਦਤ, ਖੁਸ਼ਬੂ, ਪਾਕੀਜ਼ਾ ਪਰ ਜ਼ਮਾਨਾ ਉਨ੍ਹਾਂ ਦੇ ਨਾਮ ਬਦਲ ਕੇ ਹੋਰ ਦਾ ਹੋਰ ਹੀ ਬਣਾ ਦਿੰਦਾ ਏ-ਕੰਜਰੀ, ਵੇਸਵਾ, ਤਵਾਇਫ, ਲੌਂਡੀ, ਕਨੀਜ਼, ਰਖੇਲ।” ਉਸ ਨੇ ਸ਼ਿਕਵਾ ਜਿਹਾ ਕੀਤਾ।
“ਤੇਰਾ ਕੀ ਨਾਮ ਹੈ?” ਮੈਂ ਪੁੱਛਿਆ।
“ਮੇਰੀ ਮਾਂ ਨੇ ਮੇਰਾ ਨਾਮ ਤਈਅਬਾ ਰੱਖਿਆ ਸੀ। ਪਰ ਪਤਾ ਨਹੀਂ ਕਿੰਨੇ ਨਵੇਂ ਪੁਰਾਣੇ ਨਾਮ ਮੈਨੂੰ ਮਿਲਦੇ ਰਹੇ ਤੇ ਮੈਂ ਕੱਪੜਿਆਂ ਵਾਂਗ ਨਾਮ ਬਦਲਦੀ ਰਹੀ।” ਉਸ ਨੇ ਗਿਲਾਸ ਫੇਰ ਮੂੰਹ ਨੂੰ ਲਗਾਇਆ।
“ਇਹ ਸ਼ਰਾਬ ਪੀਣੀ ਕਦੋਂ ਤੋਂ ਸ਼ੁਰੂ ਕੀਤੀ ਏ?” ਮੈਂ ਬੋਤਲ ਵੱਲ ਇਸ਼ਾਰਾ ਕੀਤਾ।
“ਪਤਾ ਨਹੀਂ ਪੂਜਾ। ਸ਼ਰਾਬ, ਸਿਗਰਟ ਤੇ ਹੋਰ ਬੜਾ ਕੁਝ। ਇਹ ਤੋਹਫੇ ਨੇ ਮੇਰੇ ਚਾਹੁਣ ਵਾਲਿਆਂ ਦੇ। ਕੋਈ ਕੁਛ ਦੇ ਗਿਆ ਤੇ ਕੋਈ ਕੁਛ। ਹਾਂ, ਮੇਰੀ ਮਾਂ ਨੇ ਮੇਰਾ ਨਾਮ ਤਈਅਬਾ ਰੱਖਿਆ ਸੀ। ਮਤਲਬ ਪਾਕ ਜਿਸ ਨੂੰ ਕਿਸੇ ਨੇ ਕਦੇ ਛੁਹਿਆ ਨਾ ਹੋਵੇ। ਤਈਅਬਾ।” ਆਖ ਕੇ ਉਹ ਹੱਸ ਪਈ।
“ਹਾਂ, ਤੇਰੀ ਮਾਂ ਤੇਰਾ ਵਿਆਹ ਕਰਨਾ ਚਾਹੁੰਦੀ ਸੀ।” ਮੈਂ ਗੱਲ ਪਿੱਛੇ ਵੱਲ ਨੂੰ ਮੋੜੀ।
“ਮੇਰੀ ਮਾਂ ਨੂੰ ਡਰ ਸੀ ਕਿਤੇ ਮੈਂ ਉਸੇ ਰਾਹ ‘ਤੇ ਨਾ ਚੱਲ ਪਵਾਂ ਜੋ ਕੋਠੇ ਵੱਲ ਨੂੰ ਜਾਂਦਾ ਏ। ਉਹ ਮੇਰੇ ਲਈ ਕੋਠੀਆਂ ਦੇ ਖਾਬ ਦੇਖਦੀ ਰਹੀ ਪਰ ਮੇਰੇ ਮੁਕੱਦਰ ਵਿਚ ਕੋਠਾ ਹੀ ਲਿਖਿਆ ਸੀ। ਮੇਰੇ ‘ਤੇ ਹਰ ਦਮ ਪਹਿਰਾ ਸੀ। ਮੈਂ ਕਿਤੇ ਇਕੱਲੀ ਆ ਜਾ ਨਹੀਂ ਸਕਦੀ ਸੀ ਪਰ ਕਹਿੰਦੇ ਨੇ ਜੋ ਕੁਦਰਤ ਨੂੰ ਮੰਜ਼ੂਰ ਹੋਵੇ ਹੋ ਕੇ ਰਹਿੰਦਾ ਏ। ਮੈਂ ਹੋਸਟਲ ਵਿਚ ਰਹਿੰਦੀ ਸੀ। ਇੱਕ ਦਿਨ ਅਸੀਂ ਸਭ ਲੜਕੀਆਂ ਸ਼ਾਪਿੰਗ ਕਰਨ ਗਈਆਂ ਤਾਂ ਸਲੀਮ ਅਚਾਨਕ ਮੇਰੇ ਨਾਲ ਆ ਟਕਰਾਇਆ। ਖੂਬਸੂਰਤ ਨੌਜਵਾਨ। ਮੈਨੂੰ ਇਹ ਗੱਲ ਹਾਦਸਨ ਹੋਈ ਲੱਗੀ। ਮੈਂ ਦੇਖਿਆ ਕਿ ਉਹ ਸਾਡਾ ਪਿੱਛਾ ਕਰ ਰਿਹਾ ਸੀ। ਫੇਰ ਦੂਸਰੇ ਦਿਨ ਉਸ ਨੇ ਗੇਟਕੀਪਰ ਦੇ ਹੱਥ ਮੈਨੂੰ ਖ਼ਤ ਲਿਖ ਕੇ ਭੇਜਿਆ। “ਚੌਦਵੀਂ ਕਾ ਚਾਂਦ ਹੋ...।” ਖ਼ਤ ਪੜ੍ਹ ਕੇ ਸਾਰੀ ਰਾਤ ਮੇਰਾ ਦਿਲ ਧੜਕਦਾ ਰਿਹਾ। ਮੈਂ ਤਾਂ ਕਾਲੇ ਰੰਗ ਦੀ ਆਮ ਜਿਹੀ ਲੜਕੀ ਸੀ...ਕਿਸੇ ਖ਼ੂਬਸੂਰਤ ਨੌਜਵਾਨ ਦੇ ਮੂੰਹੋਂ ‘ਚੌਦਵੀਂ ਕਾ ਚਾਂਦ’ ਸੁਣ ਕੇ ਜਿਵੇਂ ਸਿਤਾਰਿਆਂ ‘ਚ ਪਹੁੰਚ ਗਈ। ਇੱਕ ਦਿਨ ਜਦੋਂ ਉਹ ਭਰੀ ਸਰਦੀ ‘ਚ ਸਾਰਾ ਦਿਨ ਮੇਰੇ ਕਾਲਜ ਅੱਗੋਂ ਧੂਣੀ ਲਾਈ ਬੈਠਾ ਰਿਹਾ ਤਾਂ ਮੇਰੇ ਤੋਂ ਬਰਦਾਸ਼ਤ ਨਾ ਹੋਇਆ।
ਮੈਂ ਡਾਕਟਰ ਦੇ ਜਾਣ ਦਾ ਬਹਾਨਾ ਕੀਤਾ ਤੇ ਹੋਸਟਲ ਤੋਂ ਬਾਹਰ ਆ ਗਈ। ਸਾਰਾ ਦਿਨ ਅਸੀਂ ਲਾਹੌਰ ਦੀਆਂ ਸੜਕਾਂ ‘ਤੇ ਪੈਦਲ ਘੁੰਮਦੇ ਰਹੇ। ਪਾਰਕਾਂ ‘ਚ, ਵੀਰਾਨ ਥਾਵਾਂ ‘ਤੇ ਅਤੇ ਦੁਨੀਆਂ ਤੋਂ ਦੂਰ। ਅਸੀਂ ਕੁਝ ਨਹੀਂ ਬੋਲੇ ਪਰ ਸਾਡੀਆਂ ਗੱਲਾਂ ਖ਼ਤਮ ਨਹੀਂ ਹੋ ਰਹੀਆਂ ਸੀ। ਸ਼ਾਮ ਹੋਈ ਮੈਂ ‘ਕੱਲ੍ਹ ਫੇਰ ਮਿਲਣ’ ਦਾ ਵਾਅਦਾ ਕਰ ਕੇ ਵਾਪਸ ਆ ਗਈ। ਇਸ ਤਰ੍ਹਾਂ ਦੋ ਤਿੰਨ ਮਹੀਨੇ ਲੰਘ ਗਏ। ਹੁਣ ਤੱਕ ਮੈਂ ਪੂਰੀ ਤਰ੍ਹਾਂ ਉਸ ਦੇ ਇਸ਼ਕ ‘ਚ ਗ੍ਰਿਫਤਾਰ ਹੋ ਚੁੱਕੀ ਸੀ। ਉਸ ਨੂੰ ਵੇਖੇ ਬਗੈਰ ਸਕੂਨ ਨਹੀਂ ਸੀ ਮਿਲਦਾ।
“ਤੇਰੇ ਬਗ਼ੈਰ ਮੈਂ ਨਹੀਂ ਰਹਿ ਸਕਦਾ ਤਬੀ। ਚੱਲ ਕਿਤੇ ਚੱਲ ਕੇ ਨਿਕਾਹ ਕਰਵਾ ਲਈਏ।” ਇੱਕ ਦਿਨ ਉਸ ਨੇ ਅੱਖਾਂ ਭਰ ਕੇ ਕਿਹਾ।
“ਮੈਂ ਇਸ ਕਾਬਿਲ ਕਿਥੇ ਹਾਂ ਸਲੀਮ। ਮੈਂ ਤਾਂ ਕਾਲੀ ਜਿਹੀ ਲੜਕੀ ਹਾਂ, ਤੇਰੀ ਅੰਮੀ ਨੂੰ ਪਸੰਦ ਵੀ ਨਹੀਂ ਆਵਾਂਗੀ। ਉਸ ਦਾ ਸੁਪਨਾ ਤਾਂ ਚਾਂਦ ਸੀ ਦੁਲਹਨ ਹੋਵੇਗੀ। ਕਾਸ਼! ਮੇਰਾ ਰੰਗ ਥੋੜ੍ਹਾ ਗੋਰਾ ਹੁੰਦਾ।” ਮੈਨੂੰ ਆਪਣੇ ਕਾਲੇ ਰੰਗ ‘ਤੇ ਬਹੁਤ ਦੁਖ ਸੀ। “ਬਕਵਾਸ। ਕਾਲਿਆਂ ਦੇ ਡੰਗੇ ਪਾਣੀ ਨਹੀਂ ਮੰਗਦੇ ਜਾਨੇਮਨ। ਗੋਰਿਆਂ ‘ਚ ਉਹ ਜ਼ਹਿਰ ਕਿੱਥੇ!” ਆਖ ਕੇ ਉਸ ਨੇ ਮੇਰੀਆਂ ਜ਼ੁਲਫਾਂ ਖੋਲ੍ਹ ਕੇ ਮੇਰੇ ਗਲ਼ ‘ਚ ਪਾ ਦਿੱਤੀਆਂ। “ਤੇਰਾ ਕਾਲਾ ਰੰਗ ਹੀ ਤੇਰਾ ਹੁਸਨ ਏ। ਪੂਰੀ ਨਾਗਣ ਲੱਗਣੀ ਏਂ, ਇੱਕ ਵਾਰ ਡੰਗ ਦੇਵੇਂ ਬੰਦਾ ਸਾਰੀ ਉਮਰ ਤੜਫੇ।” ਉਸ ਨੇ ਮੇਰੇ ਕਾਲੇ ਰੰਗ ‘ਤੇ ਪੂਰੀ ਗਜ਼ਲ ਕਹਿ ਦਿੱਤੀ।
“ਤੈਨੂੰ ਸੁਹਣੀ ਲੱਗਣੀ ਆਂ। ਸ਼ਾਇਦ ਤੇਰੇ ਅੰਮੀ ਅੱਬੂ ਨੂੰ ਪਸੰਦ ਨਾ ਆਵਾਂ, ਖੁਦਾ ਨਾ ਕਰੇ।” ਮੈਨੂੰ ਯਕੀਨ ਨਹੀਂ ਆ ਰਿਹਾ ਸੀ।
“ਅੱਬੂ ਅੰਮੀ ਨੂੰ ਕੌਣ ਪੁੱਛਦਾ ਏ। ਇਸ਼ਕ ਮਰਦਾਂ ਦਾ ਕੰਮ ਏ। ਮੈਂ ਕੋਈ ਦੁੱਧ ਪੀਂਦਾ ਬੱਚਾ ਹਾਂ ਜੋ ਅੰਮੀ ਨੂੰ ਪੁੱਛਾਂਗਾ ਕਿ ਸ਼ਾਦੀ ਕਰਾਂ ਜਾਂ ਨਾ? ਇਸ਼ਕ ਨੇ ਤਾਂ ਸ਼ਹਿਜ਼ਾਦਾ ਸਲੀਮ ਨੂੰ ਅਕਬਰ ਦੇ ਵਿਰੁਧ ਖੜ੍ਹਾ ਕਰ ਦਿੱਤਾ ਸੀ ਤੇ ਉਹ ਸਲਤਨਤ ਛੱਡ ਕੇ ਬਾਗ਼ੀ ਹੋ ਗਿਆ ਸੀ। ਫੇਰ ਮੇਰਾ ਝਗੜਾ ਕਿਸੇ ਬਾਦਸ਼ਾਹ ਨਾਲ ਥੋੜ੍ਹੀ ਏ। ਮੇਰੇ ਕੋਲ ਤਾਂ ਖਾਲੀ ਕੁੱਲੀ ਏ, ਕਬੂਲ ਏ ਤਾਂ ਆ ਜਾ...।” ਉਹ ਫ਼ਕੀਰਾਂ ਵਾਂਗ ਬੋਲਿਆ ਤੇ ਉਸ ਦੀ ਇਸ ਫਕੀਰੀ ‘ਤੇ ਮੈਂ ਮਰ ਮਿਟੀ।
“ਮੈਂ ਆਪਣੀ ਅੰਮੀ ਨਾਲ ਗੱਲ ਕਰਾਂ ਫੇਰ?” ਮੈਂ ਵੀ ਹੁਣ ਹਮੇਸ਼ਾ ਲਈ ਸਲੀਮ ਦੀ ਹੋ ਜਾਣਾ ਚਾਹੁੰਦੀ ਸੀ।
ਉਹ ਕਾਫੀ ਦੇਰ ਚੁੱਪ ਰਿਹਾ।
“ਤਬੀ...। ਮੈਂ ਕਹਿਣਾ ਨਹੀਂ ਚਾਹੁੰਦਾ, ਤੈਨੂੰ ਦੁੱਖ ਲੱਗੇਗਾ। ਪਰ ਤੈਨੂੰ ਇਲਮ ਏ ਕਿ ਤੇਰੀ ਅੰਮੀ ਦਾ ਪੇਸ਼ਾ...!” ਆਖ ਕੇ ਉਹ ਚੁੱਪ ਹੋ ਗਿਆ।
ਜਿਵੇਂ ਕਿਸੇ ਨੇ ਮੇਰੇ ਮੂੰਹ ‘ਤੇ ਭਰੇ ਬਾਜ਼ਾਰ ‘ਚ ਥੱਪੜ ਮਾਰ ਦਿੱਤਾ ਹੋਵੇ। “ਸਲੀਮ। ਮੇਰੀ ਮਾਂ ਮੇਰੀ ਮਾਂ ਏ। ਖ਼ੁਦਾ ਦੇ ਵਾਸਤੇ ਇੱਕ ਹਰਫ ਵੀ ਉਨ੍ਹਾਂ ਦੀ ਸ਼ਾਨ ਦੇ ਖਿਲਾਫ ਨਾ ਕਹੀਂ...ਖੁਦਾ ਨਾਖਾਸਤਾ ਮਾਲੂਮ ਨਹੀਂ ਮੈਂ ਕੀ ਕਰ ਬੈਠਾਂ।” ਮੈਂ ਆਪਣੇ ਆਪ ਨੂੰ ਬੜੀ ਮੁਸ਼ਕਿਲ ਨਾਲ ਕਾਬੂ ਕੀਤਾ ਤੇ ਉਥੋਂ ਉਠ ਕੇ ਆ ਗਈ।
ਅੱਠ ਦਿਨ ਸਲੀਮ ਮੈਨੂੰ ਨਾ ਮਿਲਿਆ। ਅੱਠਵੇਂ ਦਿਨ ਮੇਰੀ ਅੰਮੀ ਜਾਨ ਸਲੀਮ ਨਾਲ ਹੋਸਟਲ ‘ਚ ਮੈਨੂੰ ਮਿਲਣ ਆਈ। ਮੈਂ ਪਸ਼ੇਮਾਨ ਹੋ ਗਈ। ਅੰਮੀ ਨੇ ਦੱਸਿਆ ਕਿ ਸਲੀਮ ਅੰਮੀ ਦੇ ਕਦਮਾਂ ‘ਚ ਗਿਰ ਗਿਆ ਸੀ ਕਿ ਮੈਨੂੰ ਸਿਰਫ ਤਈਅਬਾ ਚਾਹੀਦੀ ਏ। ਤੇ ਅੰਮੀ ਨੇ ਉਸ ਨੂੰ ਆਪਣੇ ਸੀਨੇ ਨਾਲ ਲਗਾ ਲਿਆ ਸੀ।
“ਹੋਰ ਤੂੰ ਖ਼ੁਦਾ ਤੋਂ ਕੀ ਮੰਗਣੀ ਏਂ ਤਈਅਬਾ, ਮੁਹੱਬਤ ਖ਼ੁਦਾ ਦੀ ਦਾਤ ਏ। ਇੰਨਾ ਪਿਆਰ ਕਰਨ ਵਾਲਾ ਸ਼ੋਹਰ ਮੁਕੱਦਰ ਨਾਲ ਮਿਲਦਾ ਏ। ਮੈਂ ਸਾਰੀ ਉਮਰ ਆਦਮੀ ਦੇ ਪਿਆਰ ਨੂੰ ਤਰਸਦੀ ਰਹੀ ਆਂ। ਤੂੰ ਕਿਸਮਤ ਨੂੰ ਠੋਕਰ ਨਾ ਮਾਰ। ਨਿਕਾਹ ਕਰ ਲੈ ਬੇਟੀ।” ਆਖ ਕੇ ਉਸ ਨੇ ਆਪਣੇ ਜੀਵਨ ਭਰ ਦੀ ਕਮਾਈ ਸੋਨਾ ਚਾਂਦੀ ਤੇ ਪੈਸਿਆਂ ਦਾ ਢੇਰ ਮੇਰੇ ਅੱਗੇ ਜ਼ਮੀਨ ‘ਤੇ ਲਗਾ ਦਿੱਤਾ ਜੋ ਸ਼ਾਇਦ ਉਹ ਮੇਰੇ ਅੱਬੂ ਤੋਂ ਛੁਪਾ ਛੁਪਾ ਕੇ ਰੱਖ ਰਹੀ ਸੀ ਕਿ ਕਦੇ ਮੇਰਾ ਨਿਕਾਹ ਕਿਸੇ ਸ਼ਰੀਫ ਇਨਸਾਨ ਨਾਲ ਕਰੇਗੀ। “ਸ਼ਰਾਫ਼ਤ ਬੜੀ ਵੱਡੀ ਚੀਜ਼ ਏ ਬੇਟਾ....। ਪੈਸਾ ਕੰਮ ਨਹੀਂ ਆਉਂਦਾ, ਬੰਦੇ ਕੰਮ ਆਉਂਦੇ ਨੇ, ਤੇ ਸਲੀਮ ਮੈਨੂੰ ਕਿਸੇ ਚੰਗੇ ਖਾਨਦਾਨ ਦਾ ਚਿਰਾਗ ਲੱਗਦਾ ਏ। ਤੂੰ ਕਿਸੇ ਸ਼ਰੀਫ ਘਰ ਦੀ ਬਹੂ ਬਣੇਂ, ਮੇਰੀ ਇਹੀ ਆਖਰੀ ਤਮੰਨਾ ਏ...। ਖ਼ੁਦਾ ਕਰੇ ਤੂੰ ਆਪਣੇ ਘਰ ਰਾਜ ਕਰੇਂ ਤੇ ਮੁੜ ਕੇ ਮੇਰੀ ਬਦਨਾਮ ਦੁਨੀਆਂ ‘ਚ ਤੇਰੇ ਪਾਕ ਕਦਮ ਨਾ ਪੈਣ।” ਅੰਮੀ ਨੇ ਝੋਲੀ ਮੇਰੇ ਅੱਗੇ ਅੱਡ ਦਿੱਤੀ।
ਮੇਰਾ ਤੇ ਸਲੀਮ ਦਾ ਨਿਕਾਹ ਹੋ ਗਿਆ। ਹੋਸਟਲ ਛੱਡ ਕੇ ਮੈਂ ਇੱਕ ਕਿਰਾਏ ਦੇ ਮਕਾਨ ਵਿਚ ਆ ਗਈ। ਅੰਮੀ ਨੇ ਪੈਸੇ ਜ਼ਰੂਰਤ ਤੋਂ ਜ਼ਿਆਦਾ ਦੇ ਦਿੱਤੇ ਸੀ। ਛੇ ਮਹੀਨੇ ਤੱਕ ਤਾਂ ਸਾਡਾ ਹਨੀਮੂਨ ਹੀ ਚੱਲਦਾ ਰਿਹਾ। ਪਰ ਕਹਿੰਦੇ ਨੇ ਕਿ ਹੌਲੀ ਹੌਲੀ ਤਾਂ ਖੂਹ ਵੀ ਖਾਲੀ ਹੋ ਜਾਂਦੇ ਨੇ। ਔਰਤ ਸੀ ਮੈਂ ਤੇ ਘਰ ਨੂੰ ਚਲਾਉਣ ਦਾ ਫਿਕਰ ਸਲੀਮ ਨਾਲੋਂ ਜ਼ਿਆਦਾ ਮੈਨੂੰ ਹੀ ਸੀ। “ਸਲੀਮ। ਹੁਣ ਤੂੰ ਕੋਈ ਕੰਮ ਲੱਭ ਲੈ। ਕੋਈ ਨੌਕਰੀ...। ਕੋਈ ਬਿਜ਼ਨਸ਼..। ਅੰਮੀ ਦੇ ਦਿੱਤੇ ਪੈਸੇ ਖ਼ਤਮ ਹੋ ਚੱਲੇ ਨੇ।” ਇੱਕ ਰਾਤ ਜਦੋਂ ਉਹ ਮੇਰੀਆਂ ਜ਼ੁਲਫ਼ਾਂ ਨਾਲ ਖੇਲ ਰਿਹਾ ਸੀ ਤਾਂ ਮੈਂ ਕਿਹਾ।
“ਤੇਰੇ ਇਸ਼ਕ ‘ਚੋਂ ਫੁਰਸਤ ਮਿਲੇਗੀ ਬੇਗ਼ਮ ਤਾਂ ਹੀ ਕੁਝ ਕਰਾਂਗਾ।” ਉਸ ਨੇ ਮੇਰੀ ਕਮਰ ਦੁਆਲੇ ਬਾਹਾਂ ਕੱਸੀਆਂ। “ਮੈਂ ਤੈਨੂੰ ਆਜ਼ਾਦ ਕਰਨੀ ਆਂ ਸਲੀਮ। ਖ਼ੁਦਾ ਦੇ ਵਾਸਤੇ ਇਸ਼ਕ ਬਹੁਤ ਹੋ ਗਿਆ। ਹੁਣ ਰੋਟੀ ਪਾਣੀ ਦਾ ਫਿਕਰ ਕਰ।” ਮੈਂ ਅਖੀਰ ਦੀ ਕਹੀ। ਬਹੁਤ ਦਿਨ ਉਹ ਕੰਮ ਦੀ ਤਲਾਸ਼ ਵਿਚ ਮਾਰਿਆ ਮਾਰਿਆ ਫਿਰਦਾ ਰਿਹਾ, ਪਰ ਕੰਮ ਨਾ ਮਿਲਿਆ। ਕਈ ਮਹੀਨੇ ਲੰਘ ਗਏ। ਫਾਕਿਆਂ ਦੀ ਨੌਬਤ ਆ ਗਈ। ਹੁਣ ਕੀ ਕਰੀਏ? ਇੱਕ ਦਿਨ ਮੈਂ ਸ਼ਾਮ ਨੂੰ ਉਦਾਸ ਜਿਹੀ ਲੇਟੀ ਹੋਈ ਸੀ, ਸਲੀਮ ਕਿਸੇ ਅਜਨਬੀ ਨਾਲ ਘਰ ਆਇਆ। “ਇਹ ਸ਼ੇਖ ਸਾਹਬ ਨੇ ਤਬੀ। ਅਰਬ ਤੋਂ ਆਏ ਨੇ। ਬੜੇ ਵੱਡੇ ਬੰਦੇ ਨੇ। ਦੁਨੀਆਂ ਭਰ ਦੇ ਮੁਲਕਾਂ ਵਿਚ ਇਨ੍ਹਾਂ ਦੇ ਬਿਜ਼ਨਸ ਚੱਲਦੇ ਨੇ ਤੇ ਕਈ ਫ਼ਿਲਮਾਂ ‘ਚ ਇਨ੍ਹਾਂ ਨੇ ਪੈਸਾ ਇਨਵੈਸਟ ਕੀਤਾ ਏ। ਗੀਤ ਗ਼ਜ਼ਲ ਸੁਣਨ ਦੇ ਬੜੇ ਸ਼ੁਕੀਨ ਨੇ। ਮੈਂ ਕਿਹਾ ਚਲੋ ਅੱਜ ਸਾਡੇ ਘਰ ਵੀ ਇਨ੍ਹਾਂ ਦੇ ਮੁਬਾਰਕ ਕਦਮ ਪੈ ਜਾਣ।” ਉਸ ਨੇ ਸ਼ੇਖ ਸਾਹਬ ਦਾ ਤੁਆਰਫ਼ ਕਰਵਾਇਆ।
“ਬੜੀ ਕਰਮ ਨਵਾਜ਼ੀ ਏ।” ਮੈਂ ਸਲਾਮ ਕੀਤਾ।
ਸਲੀਮ ਸ਼ੇਖ ਸਾਹਬ ਨੂੰ ਘਰ ਬਿਠਾ ਕੇ ਖਾਣ ਪੀਣ ਲਈ ਸਾਮਾਨ ਲੈਣ ਚਲਾ ਗਿਆ। ਸ਼ੇਖ ਸਾਹਬ ਨੇ ਨੀਲੇ ਨੋਟਾਂ ਦੀਆਂ ਗੱਠੀਆਂ ਕੱਢ ਕੇ ਮੇਜ਼ ਉੱਤੇ ਰੱਖ ਦਿੱਤੀਆਂ। ਮੈਨੂੰ ਗੱਲ ਦੀ ਸਮਝ ਨਾ ਆਈ।
“ਇਹ ਸਲੀਮ ਦੀ ਕਮਾਈ ਏ।” ਸ਼ੇਖ ਮੇਰੇ ਵੱਲ ਦੇਖ ਕੇ ਮੁਸਕਰਾਇਆ।
“ਇੰਨੇ ਜ਼ਿਆਦਾ ਪੈਸੇ! ਇਹੋ ਜਿਹੀ ਸਲੀਮ ਨੇ ਕੀ ਮੱਲ ਮਾਰੀ ਸੀ?” ਮੈਂ ਖੁਦ ਨੂੰ ਸਵਾਲ ਕੀਤਾ।
“ਇਹ ਤਾਂ ਕੁਝ ਵੀ ਨਹੀਂ। ਇੰਨੇ ਤਾਂ ਮੈਂ ਇੱਕ ਰਾਤ ‘ਤੇ ਖਰਚ ਦਿੰਦਾ ਹਾਂ।” ਆਖ ਕੇ ਸ਼ੇਖ ਮੇਰੇ ਨਾਲ ਸੋਫੇ ‘ਤੇ ਆ ਕੇ ਬੈਠ ਗਿਆ।
“ਇੱਕ ਰਾਤ...? ਮੈਂ ਕੁਝ ਸਮਝੀ ਨਹੀਂ ਸ਼ੇਖ ਸਾਹਬ...।” ਮੈਂ ਉਸ ਤੋਂ ਥੋੜ੍ਹਾ ਦੂਰ ਸਰਕ ਗਈ।
“ਸਲੀਮ ਦੱਸਦਾ ਸੀ ਕਿ ਤੂੰ ਬਹੁਤ ਅੱਛੀ ਫਨਕਾਰ ਏਂ। ਗ਼ਜ਼ਲ ਬਹੁਤ ਖ਼ੂਬਸੂਰਤ ਕਹਿੰਨੀ ਏਂ। ਤੇਰੀ ਆਵਾਜ਼ ਬੜੀ ਪਿਆਰੀ ਏ।” ਉਸ ਨੇ ਮੇਰੇ ਗਲ਼ ‘ਚ ਬਾਂਹ ਪਾਈ। ਮੈਨੂੰ ਲੱਗਿਆ ਜਿਵੇਂ ਕੋਈ ਨਾਗ ਮੇਰੀ ਗਰਦਨ ਦੁਆਲੇ ਲਿਪਟ ਗਿਆ ਹੋਵੇ। ਮੈਂ ਝਟਕੇ ਨਾਲ ਉਸ ਦੀ ਬਾਂਹ ਨੂੰ ਦੂਰ ਕਰ ਦਿੱਤਾ। “ਨਹੀਂ। ਮੈਂ ਕੋਈ ਗਾਣਾ ਵਜਾਣਾ ਨਹੀਂ ਜਾਣਦੀ।” ਮੈਂ ਗੁੱਸੇ ‘ਚ ਉਠ ਖੜ੍ਹੀ ਹੋਈ।
ਸਲੀਮ ਜੋ ਸ਼ਾਇਦ ਦਰਵਾਜ਼ੇ ਪਿੱਛੇ ਖੜ੍ਹਾ ਸਾਡੀਆਂ ਗੱਲਾਂ ਸੁਣ ਰਿਹਾ ਸੀ ਅਚਾਨਕ ਸਾਹਮਣੇ ਆ ਗਿਆ।
“ਤਬੀ, ਸ਼ੇਖ ਸਾਹਬ ਵੱਡੇ ਬੰਦੇ ਨੇ। ਇਨ੍ਹਾਂ ਨੂੰ ਖ਼ਫਾ ਨਾ ਕਰ ਦੇਵੀਂ ਕਿਤੇ। ਬਹੁਤ ਮਾਲਦਾਰ ਆਦਮੀ ਨੇ। ਆਪਣੀ ਮੁਫਲਸੀ ਖਤਮ ਕਰ ਦੇਣਗੇ। ਜ਼ਰਾ ਅੱਜ ਰਾਤ ਇਨ੍ਹਾਂ ਨੂੰ ਖੁਸ਼ ਕਰ ਦੇ।” ਉਹ ਮੈਨੂੰ ਸਮਝਾ ਰਿਹਾ ਸੀ ਤੇ ਮੇਰੇ ਕੰਨਾਂ ਨੂੰ ਯਕੀਨ ਨਾ ਆਇਆ ਕਿ ਇਹ ਉਹੀ ਸਲੀਮ ਏ ਜੋ ਮੈਨੂੰ ਬਾਜ਼ਾਰ ‘ਚ ਹਾਂਡੀ ਦਾ ਗੋਸ਼ਤ ਤੱਕ ਖਰੀਦਣ ਨਹੀਂ ਜਾਣ ਦਿੰਦਾ ਸੀ।
“ਤਾਂ ਇਹ ਏ ਤੇਰੀ ਕਮਾਈ! ਹਰਾਮ ਦੇ ਪਿੱਲੇ, ਗੰਦੀ ਨਾਲੀ ਦੇ ਕੀੜੇ...ਤੇਰੀ ਹਿੰਮਤ ਕਿੱਦਾਂ ਪੈ ਗਈ ਮੇਰੀ ਅਸਮਤ ਦਾ ਸੌਦਾ ਕਰਨ ਦੀ? ਕਿੰਨਾ ਵੱਡਾ ਦੱਲਾ ਏਂ ਤੂੰ ਜੋ ਆਪਣੀ ਹੀ ਬੀਵੀ ਦਾ ਸੌਦਾ ਕਰ ਰਿਹਾ ਏਂ।” ਮੈਂ ਸਲੀਮ ਨੂੰ ਗਿਰੇਵਾਨ ਤੋਂ ਫੜ ਲਿਆ।
“ਕੰਜਰੀ ਦੀ ਔਲਾਦ...ਤੇ ਨਖਰੇ ਦੇਖ ਜਿਵੇਂ ਕੋਈ ਸ਼ਰੀਫ ਔਰਤ ਹੋਵੇ। ਤੂੰ ਮੈਨੂੰ ਸ਼ਰਾਫਤ ਦਾ ਪਾਠ ਪੜ੍ਹਾ ਰਹੀ ਏਂ ਹਰਾਮਜ਼ਾਦੀਏ, ਤੇਰੀ ਮਾਂ ਕੰਜਰੀ ਸਾਰੀ ਉਮਰ ਇਹੀ ਸੌਦੇਬਾਜ਼ੀਆਂ ਕਰਦੀ ਰਹੀ ਏ।” ਉਸ ਨੂੰ ਜਿਵੇਂ ਪਹਿਲਾਂ ਹੀ ਪਤਾ ਸੀ ਕਿ ਮੈਂ ਕੀ ਕਹਾਂਗੀ।
“ਹੁਣ ਤੱਕ ਉਸੇ ਕੰਜਰੀ ਦਾ ਗੂੰਹ ਖਾਂਦਾ ਰਿਹਾ ਏਂ ਕੁੱਤਿਆ। ਉਸੇ ਦੀ ਕਮਾਈ ‘ਤੇ ਐਸ਼ ਕੀਤੀ ਏ। ਹਯਾ ਕਰ...ਖ਼ੁਦਾ ਦੇ ਕਹਿਰ ਤੋਂ ਡਰ।” ਮੇਰੇ ਤੋਂ ਆਪਣੀ ਅੰਮੀ ਬਾਰੇ ਗੰਦੇ ਅਲਫਾਜ਼ ਸੁਣੇ ਨਾ ਗਏ।
“ਹਾਂ, ਗੂੰਹ ਖਾਂਦਾ ਰਿਹਾ ਹਾਂ ਉਸ ਬੁੱਢੀ ਕੰਜਰੀ ਦਾ। ਹੁਣ ਤੇਰਾ ਗਰਮ ਗੋਸ਼ਤ ਵੇਚ ਕੇ ਗੁਜ਼ਾਰਾ ਕਰਾਂਗਾ।” ਆਖ ਕੇ ਉਸ ਨੇ ਮੈਨੂੰ ਰੂੰਈਂ ਵਾਂਗ ਕੁੱਟਣਾ ਸ਼ੁਰੂ ਕਰ ਦਿੱਤਾ।
“ਜੇ ਇਹੀ ਕੰਮ ਕਰਨਾ ਏਂ ਤਾਂ ਫੇਰ ਤੇਰੀ ਕੀ ਲੋੜ ਏ ਕੁੱਤਿਆ।” ਆਖ ਕੇ ਮੈਂ ਸ਼ਰਾਬ ਦੀ ਬੋਤਲ ਚੁੱਕ ਕੇ ਉਸ ਦੇ ਸਿਰ ਵਿਚ ਦੇ ਮਾਰੀ। ਖੂਨ ਦਾ ਫੁਹਾਰਾ ਛੁੱਟਿਆ ਤੇ ਸਲੀਮ ਫਰਸ਼ ‘ਤੇ ਪਿਆ ਤੜਫ ਰਿਹਾ ਸੀ। ਮੇਰੇ ਹੋਸ਼ੋ ਹਵਾਸ ਉੱਡ ਗਏ। ਬੱਸ ਪੁਲਿਸ ਆਵੇਗੀ ਤੇ...।” ਮੈਂ ਸੁੱਕੇ ਪੱਤੇ ਵਾਂਗ ਕੰਬ ਗਈ। ਸ਼ੇਖ ਨੇ ਮੇਰੇ ਸਿਰ ‘ਤੇ ਹੱਥ ਰੱਖਿਆ। ਮੈਂ ਗਰਦਨ ਉਠਾ ਕੇ ਉਸ ਵੱਲ ਦੇਖਿਆ, ਉਸ ਵਕਤ ਉਹ ਮੈਨੂੰ ਕਿਸੇ ਮਸੀਹਾ ਵਾਂਗ ਲੱਗਿਆ। ਉਸ ਨੇ ਮੇਰਾ ਹੱਥ ਫੜਿਆ ਤੇ ਸਲੀਮ ਨੂੰ ਉਥੇ ਹੀ ਤੜਫਦਾ ਛੱਡ ਕੇ ਮੈਨੂੰ ਕਿਸੇ ਹੋਟਲ ਵਿਚ ਲੈ ਗਿਆ।
ਅਗਲੇ ਦਿਨ ਮੇਰਾ ਪਾਸਪੋਰਟ ਤੇ ਟਿਕਟ ਆ ਗਏ ਤੇ ਉਸੇ ਰਾਤ ਹੀ ਮੈਂ ਸ਼ੇਖ ਸਾਹਬ ਨਾਲ ਜਹਾਜ਼ ਚੜ੍ਹ ਕੇ ਅਰਬ ਪਹੁੰਚ ਗਈ। ਸ਼ੇਖ ਦੇ ਮਹਿਲਨੁਮਾ ਘਰ ਵਿਚ ਬੇਸ਼ੁਮਾਰ ਕਮਰੇ ਸਨ ਤੇ ਹਰ ਕਮਰੇ ਵਿਚ ਇੱਕ ਔਰਤ। ਜਿਵੇਂ ਪਸ਼ੂਆਂ ਦੀ ਕੋਈ ਮੰਡੀ ਲੱਗੀ ਹੋਵੇ। ਉਸ ਦੇ ਹਰਮ ਵਿਚ ਹਰ ਮੁਲਕ, ਹਰ ਨਸਲ ਤੇ ਹਰ ਰੰਗ ਦੀ ਔਰਤ ਸੀ। ਮੈਂ ਉਸ ਹਜੂਮ ਵਿਚ ਗੁਆਚ ਗਈ।
ਉਹ ਔਰਤਾਂ ਮੈਨੂੰ ਦੇਖ ਕੇ ਹੱਸਦੀਆਂ।
ਕਈ ਦਿਨ ਲੰਘ ਗਏ। ਸ਼ੇਖ ਮੁੜ ਕੇ ਨਾ ਆਇਆ। ਸ਼ਾਇਦ ਔਰਤਾਂ ਦੇ ਇਸ ਮੇਲੇ ਵਿਚ ਆ ਕੇ ਉਹ ਮੈਨੂੰ ਭੁੱਲ ਗਿਆ ਸੀ ਜਾਂ ਮੁੜ ਕੇ ਮੇਰੀ ਵਾਰੀ ਹੀ ਨਹੀਂ ਆਈ। ਉਹ ਔਰਤਾਂ ਵਾਰ ਵਾਰ ਆ ਕੇ ਮੈਨੂੰ ਘੂਰਦੀਆਂ, ਆਪਣੀ ਜ਼ੁਬਾਨ ‘ਚ ਕੋਈ ਗੱਲ ਕਰਦੀਆਂ ਤੇ ਇਸ਼ਾਰੇ ਕਰਦੀਆਂ ਕਿ ਤੈਨੂੰ ਮਿਲ ਕੇ ਇੱਕ ਦਿਨ ਕੁੱਟਣਾ ਏਂ। ਜਿਵੇਂ ਮੁਹੱਲੇ ‘ਚ ਕੋਈ ਨਵਾਂ ਕੁੱਤਾ ਆਉਂਦਾ ਏ ਤਾਂ ਪੁਰਾਣੇ ਕੁੱਤੇ ਉਸ ਨੂੰ ਦੇਖ ਕੇ ਭੌਂਕਦੇ ਨੇ, ਇਹੀ ਹਾਲ ਉਨ੍ਹਾਂ ਔਰਤਾਂ ਦਾ ਸੀ। ਪਰ ਮੈਨੂੰ ਸ਼ੇਖ ਸਾਹਬ ਦਾ ਸਹਾਰਾ ਸੀ। ਇਸ ਲਈ ਮੈਂ ਉਨ੍ਹਾਂ ਵੱਲ ਜ਼ਿਆਦਾ ਤਵੱਜੋ ਨਾ ਦਿੱਤੀ। ਇੱਕ ਦਿਨ ਮੇਰੇ ਕਮਰੇ ਵਿਚ ਸਾਮਾਨ ਰੱਖਣ ਲਈ ਸ਼ੇਖ ਦਾ ਨੌਕਰ ਅਬਦੁਲ ਆਇਆ। ਉਹ ਟੁੱਟੀ ਫੁੱਟੀ ਪੰਜਾਬੀ ਬੋਲਦਾ ਸੀ। ਉਸ ਨੇ ਮੈਨੂੰ ਦੱਸਿਆ ਕਿ ਸ਼ੇਖ ਕੋਲ ਮੇਰੇ ਵਰਗੀਆਂ ਹਜ਼ਾਰਾਂ ਹੀ ਔਰਤਾਂ ਹਨ। ਇਸ ਮਹਿਲ ਵਿਚ ਤਰ੍ਹਾਂ ਤਰ੍ਹਾਂ ਦੇ ਲੋਕ ਆਉਂਦੇ ਨੇ ਤੇ ਸ਼ੇਖ ਔਰਤਾਂ ਆਪਣੇ ਮਹਿਮਾਨਾਂ ਦੀ ਖਿਦਮਤ ਵਿਚ ਪੇਸ਼ ਕਰਦਾ ਏ।
ਸੁਣ ਕੇ ਮੇਰਾ ਦਮ ਰੁਕ ਗਿਆ, ਜਿਸ ਗੱਲ ਦਾ ਡਰ ਸੀ, ਉਹੋ ਹੋਈ। ਮੇਰੀ ਕਿਸਮਤ ‘ਚ ਬਰਬਾਦ ਹੋਣਾ ਹੀ ਲਿਖਿਆ ਸੀ। ਅਬਦੁਲ ਦੀ ਹਮਦਰਦੀ ਕਾਰਨ ਮੇਰੀ ਉਸ ਨਾਲ ਦੋਸਤੀ ਹੋ ਗਈ। ਉਸ ਨੂੰ ਜਦੋਂ ਵੀ ਫੁਰਸਤ ਹੁੰਦੀ ਉਹ ਮੇਰੇ ਕਮਰੇ ਵਿਚ ਆ ਜਾਂਦਾ। ਹੌਲੀ ਹੌਲੀ ਇਹ ਦੋਸਤੀ ਜਿਸਮਾਨੀ ਤਾਲੁਕਾਤ ਵਿਚ ਬਦਲ ਗਈ। ਦਰਅਸਲ ਸਲੀਮ ਨਾਲ ਕਈ ਮਹੀਨੇ ਰਹਿ ਕੇ ਜਿਵੇਂ ਹੁਣ ਮੈਨੂੰ ਰਾਤ ਨੂੰ ਖਾਲੀ ਬਿਸਤਰ ਖਾਣ ਨੂੰ ਆਉਂਦਾ ਸੀ, ਤੇ ਸ਼ੇਖ ਸਾਹਬ ਕੋਲ ਮੇਰੇ ਲਈ ਵਕਤ ਨਹੀਂ ਸੀ।
ਇੱਕ ਰਾਤ ਉਹ ਮੇਰੇ ਨਾਲ ਸੁੱਤਾ ਪਿਆ ਸੀ ਕਿ ਬਾਹਰੋਂ ਜ਼ੋਰ ਜ਼ੋਰ ਦੀ ਦਰਵਾਜ਼ਾ ਭੰਨਿਆ ਜਾਣ ਲੱਗਾ। ਅਸੀਂ ਦੋਵੇਂ ਡਰ ਗਏ। ਮੈਂ ਉਸ ਨੂੰ ਆਪਣੇ ਪਲੰਘ ਨੀਚੇ ਛੁਪਾ ਦਿੱਤਾ ਤੇ ਕਾਹਲੀ ਨਾਲ ਕੱਪੜੇ ਪਾ ਕੇ ਦਰਵਾਜ਼ਾ ਖੋਲ੍ਹਿਆ। ਸ਼ੇਖ ਸਾਹਬ ਹੱਥ ਵਿਚ ਹੰਟਰ ਲਈ ਖੜ੍ਹੇ ਸਨ ਤੇ ਪਿੱਛੇ ਔਰਤਾਂ ਦਾ ਹਜੂਮ। ਸ਼ਾਇਦ ਉਹ ਮੇਰੀ ਨਿਗਰਾਨੀ ਕਰਦੀਆਂ ਸਨ ਕਿ ਮੈਂ ਕੀ ਕਰ ਰਹੀ ਹਾਂ ਤੇ ਮੌਕਾ ਪੈਣ ‘ਤੇ ਉਹ ਸ਼ੇਖ ਨੂੰ ਸੱਦ ਲਿਆਈਆਂ ਸਨ। “ਕੀ ਕਰ ਰਹੀ ਸੀ ਹਰਾਮਜ਼ਾਦੀਏ?” ਸ਼ੇਖ ਨੇ ਹੰਟਰ ਹਵਾ ‘ਚ ਘੁਮਾਇਆ ਤੇ ਮੈਂ ਜੰਗਲੀ ਬਾਂਸ ਵਾਂਗ ਕੰਬ ਗਈ। “ਸੌਂ ਰਹੀ ਸੀ...।” ਮੇਰੇ ਗਲੇ ‘ਚੋਂ ਆਵਾਜ਼ ਆਈ।
ਤੇਰਾ ਯਾਰ ਕਿੱਥੇ ਏ? ਉਸ ਦੇ ਟੋਟੇ ਟੋਟੇ ਕਰ ਕੇ ਉਸ ਦਾ ਗੋਸ਼ਤ ਕੁੱਤਿਆਂ ਅੱਗੇ ਪਾ ਦਿਆਂਗਾ।” ਉਹ ਮੈਨੂੰ ਪਿੱਛੇ ਧਕੇਲ ਕੇ ਕਮਰੇ ‘ਚ ਆ ਗਿਆ।
“ਕੋਈ ਨਹੀਂ ਏ।” ਮੈਂ ਸਫਾਈ ਦਿੱਤੀ।
“ਸ਼ੱਟ ਅਪ। ਆਪਣਾ ਹੁਲੀਆ ਦੇਖ਼..।” ਆਖ ਕੇ ਉਸ ਨੇ ਮੇਰੀਆਂ ਲੱਤਾਂ ‘ਤੇ ਹੰਟਰ ਮਾਰਿਆ।
ਮੈਂ ਅਸਲ ‘ਚ ਜਲਦੀ ਵਿਚ ਪੁੱਠੀ ਸਲਵਾਰ ਪਾ ਲਈ ਸੀ। ਸ਼ੇਖ ਨੇ ਹੰਟਰ ਮਾਰ ਮਾਰ ਕੇ ਮੇਰਾ ਤੇ ਅਬਦੁਲ ਦਾ ਜਿਸਮ ਲਹੂ ਲੁਹਾਣ ਕਰ ਦਿੱਤਾ।
ਦੂਜੇ ਦਿਨ ਸ਼ੇਖ ਮੇਰੇ ਕਮਰੇ ‘ਚ ਆਇਆ। ਪੈਸਿਆਂ ਦੀ ਇੱਕ ਥੈਲੀ ਮੇਰੇ ਅੱਗੇ ਸੁੱਟ ਕੇ ਬੋਲਿਆ,
“ਮੈਨੂੰ ਪਤਾ ਏ ਤੇਰੀਆਂ ਰਗਾਂ ‘ਚ ਇੱਕ ਕੰਜਰੀ ਦਾ ਖੂਨ ਏ। ਤੇਰੇ ਤੋਂ ਸ਼ਰਾਫਤ ਦੀ ਉਮੀਦ ਰੱਖਣਾ ਬੇਵਕੂਫੀ ਏ...। ਆਹ ਫੜ ਪੈਸੇ ਤੇ ਮੇਰੀਆਂ ਨਜ਼ਰਾਂ ਤੋਂ ਦੂਰ ਚਲੀ ਜਾ। ਮੈਂ ਨਹੀਂ ਚਾਹੁੰਦਾ ਕਿ ਤੇਰੀ ਸੋਹਬਤ ਦਾ ਅਸਰ ਦੂਜੀਆਂ ਔਰਤਾਂ ‘ਤੇ ਪਵੇ ਤੇ ਉਹ ਮੇਰੇ ਨੌਕਰਾਂ ਨਾਲ ਸੌਣ। ਇੱਕ ਮੱਛੀ ਸਾਰੇ ਪਾਣੀ ਨੂੰ ਗੰਦਾ ਕਰ ਦਿੰਦੀ ਏ।”
ਤੇ ਪਤਾ ਨਹੀਂ ਉਸ ਨੇ ਕੀ ਕੀਤਾ, ਦੂਜੇ ਦਿਨ ਮੈਨੂੰ ਟਿਕਟ ਦੇ ਕੇ ਕਿਸੇ ਅੰਗਰੇਜ਼ ਬੁੱਢੇ ਨਾਲ ਇੰਗਲੈਂਡ ਜਾਣ ਵਾਲੇ ਜਹਾਜ਼ ਵਿਚ ਚੜ੍ਹਾ ਦਿੱਤਾ। ਉਹ ਅੰਗਰੇਜ਼ ਬੁੱਢਾ ਕਈ ਰਾਤਾਂ ਮੈਨੂੰ ਵਰਤਦਾ ਰਿਹਾ। ਫੇਰ ਉਸ ਨੇ ਕਿਸੇ ਹੋਰ ਦੋਸਤ ਅੱਗੇ ਮੈਨੂੰ ਪੇਸ਼ ਕਰ ਦਿੱਤਾ। ਫੇਰ ਹੋਰ ਦੋਸਤ...ਫੇਰ ਹੋਰ ਅੱਗੇ ਤੇ ਫੇਰ ਹੋਰ ਅੱਗੇ। ਹੁਣ ਤੱਕ ਮੈਂ ਪੂਰੀ ਵੇਸਵਾ ਬਣ ਚੁੱਕੀ ਸੀ। ਜਿਸਮਫਰੋਸ਼ੀ ਮੇਰੀ ਮਜਬੂਰੀ ਬਣ ਗਈ ਸੀ। ਅੰਮੀ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਕਿਸਮਤ ਨੇ ਮੈਨੂੰ ਬਖਸ਼ਿਆ ਨਹੀਂ ਸੀ। ਇੰਗਲੈਂਡ ਆਈ ਨੂੰ ਕਈ ਮਹੀਨੇ ਹੋ ਗਏ ਤਾਂ ਥੋੜ੍ਹੀ ਬਹੁਤ ਜ਼ੁਬਾਨ ਸਿੱਖ ਗਈ। ਲੋਕਾਂ ਦੇ ਚਿਹਰੇ ਪੜ੍ਹਨ ਲੱਗੀ। ਹਰ ਸ਼ਾਮ ਕਿਸੇ ਨਾਲ ਗੁਜ਼ਾਰਦੀ ਤਾਂ ਕਿ ਦੂਜੇ ਦਿਨ ਲਈ ਬਰੈਡ ਤੇ ਬਟਰ ਖਰੀਦ ਸਕਾਂ। ਕਈ ਵਾਰ ਮੰਦੇ ਦੇ ਦਿਨਾਂ ਵਿਚ ਦੋ ਦੋ ਪੌਂਡ ‘ਚ ਵੀ ਵਿਕੀ। ਰਾਤਾਂ ਦੇ ਕਾਲੇ ਸਾਏ ਮੈਨੂੰ ਡਰਾਉਂਦੇ ਤਾਂ ਮੈਂ ਰਾਤ ਕਿਸੇ ਵੀ ਆਲ੍ਹਣੇ ‘ਚ ਕੱਟ ਲੈਂਦੀ।
ਇੰਗਲੈਂਡ ਆਉਣ ਤੋਂ ਪਹਿਲਾਂ ਮੈਂ ਕਦੇ ਸ਼ਰਾਬ ਨਹੀਂ ਪੀਤੀ ਸੀ। ਸ਼ਰਾਬ ਦੀ ਹਰ ਬੋਤਲ ਵਿਚ ਮੈਨੂੰ ਆਪਣੀ ਅੰਮੀ ਦੇ ਆਂਸੂ ਭਰੇ ਨਜ਼ਰ ਆਉਂਦੇ ਜੋ ਉਹ ਮੇਰੇ ਅਬੂ ਦੇ ਸ਼ਰਾਬ ਪੀਣ ‘ਤੇ ਵਹਾਇਆ ਕਰਦੀ ਸੀ ਪਰ ਇਥੇ ਆ ਕੇ ਇਹ ਬੀਮਾਰੀ ਵੀ ਲੱਗ ਗਈ। ਇੱਕ ਬੁੱਢਾ ਜਹੂਦੀ ਮੇਰਾ ਆਸ਼ਕ ਸੀ। ਉਹ ਸੈਕਸ ਕਰਨ ਤੋਂ ਪਹਿਲਾਂ ਮੈਨੂੰ ਹਮੇਸ਼ਾ ਰੱਜ ਕੇ ਸ਼ਰਾਬ ਪਿਲਾਉਂਦਾ, ਉਸ ਨੂੰ ਵਹਿਮ ਸੀ ਕਿ ਸ਼ਰਾਬ ਦੇ ਨਸ਼ੇ ‘ਚ ਮੈਂ ਆਪਣਾ ਤੇ ਉਸ ਵਿਚਲਾ ਉਮਰ ਦਾ ਫਰਕ ਭੁੱਲ ਜਾਵਾਂਗੀ। ਪਰ ਔਰਤ ਨੂੰ ਜੇ ਕੋਈ ਨਸ਼ਾ ਚੜ੍ਹਦਾ ਏ ਤਾਂ ਉਹ ਸਿਰਫ ਇਸ਼ਕ ਦਾ ਵਰਨਾ ਸਮੁੰਦਰ ਸ਼ਰਾਬ ਦਾ ਵੀ ਉਹ ਆਪਣੇ ਅੰਦਰ ਸੁੱਟ ਲਵੇ ਤਾਂ ਅਸਰ ਨਹੀਂ ਕਰੇਗਾ। ਸ਼ਰਾਬ ਨਾਲੋਂ ਵੱਧ ਨਸ਼ਾ ਤਾਂ ਖੁਦ ਉਸ ਦੇ ਅੰਦਰ ਏ।
ਖ਼ੈਰ ਇੱਦਾਂ ਸ਼ਰਾਬ ਦੀ ਆਦਤ ਪੈ ਗਈ। ਇੱਕ ਹੋਰ ਸੀ ਮੇਰਾ ਗਾਹਕ ਕੋਈ ਫਰਾਂਸੀਸੀ। ਉਹ ਸਿਗਰਟਾਂ ਬਹੁਤ ਪੀਂਦਾ ਸੀ, ਚੇਨ ਸਮੋਕਰ...। ਨਾ ਉਹ ਮੇਰੀ ਜ਼ੁਬਾਨ ਸਮਝਦਾ ਸੀ ਤੇ ਨਾ ਮੈਂ ਉਸਦੀ। ਪਰ ਬਿਸਤਰ ‘ਚ ਸਿਰਫ ਇੱਕੋ ਹੀ ਜ਼ੁਬਾਨ ਚੱਲਦੀ ਏ ਤੇ ਉਹ ਦੁਨੀਆਂ ਦਾ ਹਰ ਮਰਦ ਤੇ ਔਰਤ ਸਮਝਦੇ ਨੇ। ਉਸ ਨੇ ਸਿਗਰਟਾਂ ਦੀ ਲਤ ਪਾ ਦਿੱਤੀ। ਫੇਰ ਕਈ ਆਏ, ਕਈ ਗਏ। ਕਈ ਪੱਕੇ ਤੇ ਕਈ ਕੱਚੇ। ਕਈਆਂ ਦੀਆਂ ਸ਼ਕਲਾਂ ਤੇ ਨਾਮ ਵੀ ਜ਼ਿਹਨ ਸੁਬਹਾ ਹੋਣ ਤੱਕ ਭੁੱਲ ਜਾਂਦਾ ਸੀ ਤੇ ਕਈ ਤਮਾਮ ਉਮਰ ਯਾਦ ਰਹਿਣਗੇ।
ਇਹੋ ਜਿਹਾ ਹੀ ਸੀ ਇੱਕ ਇੰਡੀਅਨ ਮੁੰਡਾ। ਇੰਗਲੈਂਡ ‘ਚ ਉਸ ਦੀ ਪਰਵਰਿਸ਼ ਹੋਈ ਸੀ। ਉਸ ਦੀ ਬੀਵੀ ਮਰ ਗਈ ਸੀ, ਤੇ ਹੁਣ ਉਸ ਦੇ ਘਰ ਉਸ ਦੀ ਦਸ ਸਾਲ ਦੀ ਬੱਚੀ ਨੂੰ ਉਸ ਦੀ ਗੋਰੀ ਗਰਲ ਫਰੈਂਡ ਸੰਭਾਲਦੀ ਸੀ। ਨਾਮ ਸੀ ਉਸ ਦਾ ਸੈਂਡੀ। ਉਹ ਮੇਰੇ ਕਾਫੀ ਕਰੀਬ ਆ ਗਿਆ। ਇੱਕ ਦਿਨ ਅਚਾਨਕ ਉਸ ਨੇ ਮੈਨੂੰ ਸ਼ਾਦੀ ਦਾ ਪੈਗਾਮ ਦਿੱਤਾ। ਮੈਨੂੰ ਇਤਬਾਰ ਨਾ ਆਇਆ। ਜ਼ਿੰਦਗੀ ਨੇ ਫੇਰ ਆਵਾਜ਼ ਮਾਰੀ ਸੀ ਤੇ ਮੈਂ ਖੜ੍ਹੋ ਗਈ। ਸੈਂਡੀ ਨੇ ਮੈਨੂੰ ਕਈ ਦਫਾ ਦੱਸਿਆ ਸੀ ਕਿ ਉਹ ਕਿਸੇ ਏਸ਼ੀਅਨ ਕੁੜੀ ਨਾਲ ਵਿਆਹ ਕਰਵਾ ਕੇ ਘਰ ਵਸਾਉਣਾ ਚਾਹੁੰਦਾ ਏ ਤੇ ਇਸ ਗੋਰੀ ਗਰਲ ਫਰੈਂਡ ਤੋਂ ਛੁਟਕਾਰਾ ਚਾਹੁੰਦਾ ਏ ਜੋ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਦਾ ਪਿੱਛਾ ਨਹੀਂ ਸੀ ਛੱਡ ਰਹੀ। ਮੈਂ ਸੋਚਿਆ, “ਚਲੋ, ਇੱਕ ਵਾਰ ਨਾ ਸਹੀ, ਸ਼ਾਇਦ ਦੂਜੀ ਵਾਰ ਕੋਈ ਸਹੀ ਬੰਦਾ ਮੇਰੀ ਜ਼ਿੰਦਗੀ ਵਿਚ ਆ ਜਾਵੇ।”
ਇੱਕ ਦਿਨ ਮੈਂ ਅਚਾਨਕ ਹੀ ਉਸ ਦੇ ਘਰ ਚਲੀ ਗਈ। ਡੋਰ ਬੈੱਲ ਕੀਤੀ। ਕਿਸੇ ਖੂਬਸੂਰਤ ਅੰਗਰੇਜ਼ ਔਰਤ ਨੇ ਦਰਵਾਜ਼ਾ ਖੋਲ੍ਹਿਆ। ਜੋਗੀਆ ਰੰਗ ਦਾ ਪੀਲਾ ਪੰਜਾਬੀ ਸੂਟ, ਬਾਹਾਂ ਰੰਗ ਬਰੰਗੀਆਂ ਵੰਗਾਂ ਨਾਲ ਭਰੀਆਂ ਹੋਈਆਂ, ਮੱਥੇ ‘ਤੇ ਲਾਲ ਬਿੰਦੀ ਤੇ ਕਮਰ ਤੱਕ ਖੁੱਲ੍ਹੀਆਂ ਲੰਮੀਆਂ ਜ਼ੁਲਫਾਂ। ਉਹ ਪੂਰੀ ‘ਮੀਰਾ ਬਾਈ’ ਬਣੀ ਮੇਰੇ ਸਾਹਮਣੇ ਖਲੋਤੀ ਸੀ। ਮੈਂ ਉਸ ਦੀਆਂ ਅੱਖਾਂ ਵਿਚ ਗੁਆਚ ਗਈ। ਭੁੱਲ ਗਈ ਕਿ ਕਿਸ ਮਕਸਦ ਲਈ ਆਈ ਹਾਂ। ਉਹ ਮੈਨੂੰ ਅੰਦਰ ਲੈ ਗਈ। ਇੱਕ ਅਜੀਬ ਜਿਹਾ ਡਰ ਸੀ ਉਸ ਦੀਆਂ ਅੱਖਾਂ ਵਿਚ ਜਿਵੇਂ ਮੈਂ ਉਸ ਦੇ ਘਰ ਚੋਰੀ ਕਰਨ ਆਈ ਹੋਵਾਂ।
“ਸੈਂਡੀ ਕਿਥੇ ਏ?” ਮੈਂ ਪੁੱਛਿਆ।
“ਉਹ ਤਾਂ ਇੰਡੀਆ ਗਿਆ ਹੋਇਆ ਏ।” ਉਸ ਨੇ ਝੂਠ ਬੋਲਿਆ। “ਤੂੰ ਉਸ ਦੀ ਕਿਰਾਏਦਾਰ ਏਂ?” ਮੈਂ ਜਾਣ ਬੁੱਝ ਕੇ ਕਿਹਾ। “ਨਹੀਂ ਉਹ ਮੇਰਾ ਸ਼ੋਹਰ ਏ।” ਉਹ ਸ਼ਰਮਾਈ। ਮੈਨੂੰ ਉਸ ‘ਤੇ ਰਹਿਮ ਆਇਆ।
“ਖ਼ੁਦਾ ਤੇਰੇ ਸ਼ੋਹਰ ਨੂੰ ਸਲਾਮਤ ਰੱਖੇ!” ਮੇਰਾ ਦਿਲ ਭਰ ਆਇਆ ਤੇ ਮੈਂ ਵਾਪਸ ਆ ਗਈ।
ਉਸੇ ਸ਼ਾਮ ਸੈਂਡੀ ਮੈਨੂੰ ਮਿਲਣ ਆਇਆ।
“ਸੈਂਡੀ ਅੱਜ ਤੋਂ ਬਾਅਦ ਤੂੰ ਇਥੇ ਨਾ ਆਈਂ।” ਮੈਂ ਬੇਰੁਖੀ ਨਾਲ ਕਿਹਾ। “ਕਿਉਂ?” ਉਹ ਘਬਰਾ ਗਿਆ।
“ਬੱਸ, ਮੈਂ ਤੈਨੂੰ ਕਹਿ ਦਿੱਤਾ ਏ ਇੱਕ ਵਾਰ।” ਮੈਂ ਖਿੱਝ ਕੇ ਕਿਹਾ। “ਕੀ ਗੱਲ ਤੈਨੂੰ ਮਾਰਸ਼ਾ ਨੇ ਕੁਝ ਕਿਹਾ ਏ?” ਉਹ ਮੇਰਾ ਹੱਥ ਫੜਦਾ ਹੋਇਆ ਬੋਲਿਆ।
“ਹਾਂ...।” ਮੇਰੀ ਆਵਾਜ਼ ਦਰਦ ‘ਚ ਡੁੱਬ ਗਈ।
“ਉਹ! ਤੂੰ ਉਸ ਕੁੱਤੀ ‘ਤੇ ਯਕੀਨ ਨਾ ਕਰ। ਮੇਰਾ ਉਸ ਨਾਲ ਕੋਈ ਤੁਅੱਲਕ ਨਹੀਂ। ਖਾਹਮਖਾਹ ਮੇਰੇ ਪਿੱਛੇ ਪਈ ਏ।” ਉਸ ਦਾ ਹੌਸਲਾ ਮੁੜਿਆ।
“ਕੁੱਤੀ ਉਹ ਨਹੀਂ, ਕੁੱਤਾ ਤੂੰ ਏਂ...ਕਿਵੇਂ ਉਹ ਤੇਰੇ ਇਸ਼ਕ ਵਿਚ ਦੀਵਾਨੀ ਹੋਈ ਭੇਸ ਵਟਾਈ ਫਿਰਦੀ ਏ। ਤੇ ਤੂੰ ਉਸ ਨੂੰ ਕੁੱਤੀ ਦੱਸਨਾ ਏਂ।” ਮੈਨੂੰ ਗੁੱਸਾ ਆ ਗਿਆ।
“ਉਹ ਪਖੰਡਣ ਏ। ਉਹ ਇਸ਼ਕ ਕਰਦੀ ਏ, ਕਰੀ ਜਾਵੇ...ਮੇਰਾ ਉਸ ਨਾਲ ਸੈਕਸ ਤੋਂ ਵੱਧ ਕੋਈ ਰਿਸ਼ਤਾ ਨਹੀਂ।” ਉਸ ਨੇ ਨਫਰਤ ਨਾਲ ਮੋਢੇ ਹਿਲਾਏ।
“ਅਫਸੋਸ ਤਾਂ ਇਹੀ ਏ ਕਿ ਔਰਤ ਹਮੇਸ਼ਾ ਇਸ਼ਕ ਕਰਦੀ ਏ ਤੇ ਮਰਦ ਸਿਰਫ ਸੈਕਸ ਕਰਦਾ ਏ। ਉਸ ਦੇ ਜਿਸਮ ਨੂੰ ਦੇਖਦਾ ਏ, ਉਸ ਦੀ ਰੂਹ ਨੂੰ ਨਹੀਂ ਤੇ ਰੂਹ ਨੂੰ ਦੇਖਣ ਲਈ ਤੀਜੀ ਅੱਖ ਦੀ ਲੋੜ ਏ, ਜੋ ਸਭ ਕੋਲ ਨਹੀਂ ਹੁੰਦੀ ਤੇ ਮੈਂ ਉਸੇ ਨਾਲ ਹੀ ਨਿਕਾਹ ਕਰਾਂਗੀ ਜਿਸ ਕੋਲ ਤੀਜੀ ਅੱਖ ਹੋਵੇਗੀ ਵਰਨਾ ਜੁੱਤੀਆਂ ਵਾਂਗ ਮਰਦ ਬਦਲਦੀ ਰਹਾਂਗੀ।” ਮੈਂ ਵੀ ਨਫਰਤ ਨਾਲ ਜੁੱਤੀ ਜ਼ਮੀਨ ਤੇ ਰਗੜੀ।
“ਮੱਤ ਭੁੱਲ ਕਿ ਤੂੰ ਮੇਰੇ ਨਾਲ ਸੁੱਤੀ ਏਂ...ਆਪਣੀ ਇੱਜ਼ਤ ਤੂੰ ਮੈਨੂੰ ਦੇ ਚੁੱਕੀ ਏਂ।” ਉਸ ਨੂੰ ਨਵੀਂ ਗੱਲ ਸੁੱਝੀ। “ਤੂੰ ਨਹੀਂ ਸੁੱਤਾ ਮੇਰੇ ਨਾਲ?” ਮੈਂ ਗੁੱਸੇ ਨਾਲ ਪੁੱਛਿਆ। “ਮੈਂ ਮਰਦ ਹਾਂ...ਤੂੰ ਔਰਤ।” ਉਹ ਗੁਮਾਨ ਨਾਲ ਬੋਲਿਆ। “ਔਰਤ ਹਾਂ ਤਾਂ ਕੀ ਗੁਨਾਹ ਏ...ਜੇ ਤੈਨੂੰ ਕੋਈ ਫਰਕ ਨਹੀਂ ਪਿਆ ਤਾਂ ਮੇਰੀ ਕੀ ਮਹਿੰਦੀ ਉਤਰ ਗਈ?” ਆਖ ਕੇ ਮੈਂ ਜ਼ੋਰ ਨਾਲ ਹੱਸੀ। “ਫਰਕ ਬਹੁਤ ਏ ਤੂੰ ਬਾਅਦ ਵਿਚ ਮਹਿਸੂਸ ਕਰੇਂਗੀ।” ਉਹ ਜਲ ਕੇ ਕੋਲਾ ਹੋ ਗਿਆ। “ਸੈਂਡੀ, ਮੈਂ ਉਨ੍ਹਾਂ ਔਰਤਾਂ ‘ਚੋਂ ਨਹੀਂ ਹਾਂ ਜਿਹੜੀਆਂ ਚਾਰ ਰਾਤਾਂ ਕਿਸੇ ਨਾਲ ਸੌਂ ਕੇ ਲਿੱਬੜ ਜਾਂਦੀਆਂ ਨੇ। ਤੇਰੇ ਵਰਗੇ ਕਈ ਚਾਮਕੇ ਤੁਰੇ ਫਿਰਦੇ ਨੇ।” ਆਖ ਕੇ ਮੈਂ ਸਿਗਰਟ ਸੁਲਘਾਈ।
“ਔਰਤ ਨਹੀਂ ਨਾਗਣ ਏ ਤੂੰ ਨਾਗਣ। ਕਾਲੀ ਨਾਗਣ...ਤੈਨੂੰ ਵੱਸ ਕਰਨਾ ਮੇਰੇ ਵਰਗੇ ਨਾਦਾਨ ਸਪੇਰੇ ਦੇ ਵੱਸ ਦਾ ਰੋਗ ਨਹੀਂ ਏ।” ਉਹ ਚੀਕਿਆ। “ਦੁਨੀਆਂ ਦੀ ਹਰ ਔਰਤ ਨਾਗਣ ਏਂ ਤੇ ਮਰਦ ਸਪੇਰਾ। ਜੇ ਇਹ ਸਪੇਰਾ ਇਸ਼ਕ ਦੀ ਬੀਨ ਨਾ ਵਜਾਵੇ ਤਾਂ ਇਹ ਨਾਗਣ ਕਦੇ ਇਸ ਦੇ ਕਾਬੂ ‘ਚ ਨਾ ਆਵੇ...ਮੇਰੀ ਇਕੱਲੀ ਦੀ ਗੱਲ ਨਹੀਂ ਏ। ਨਾਲੇ ਤੇਰੇ ਇਸ਼ਕ ਵਿਚ ਉਹ ਦਮ ਨਹੀਂ ਰਿਹਾ ਹੁਣ ਜਿਸ ਨਾਲ ਤੂੰ ਮੈਨੂੰ ਪਟਾਰੀ ‘ਚ ਪਾ ਸਕੇਂ।” ਆਖ ਕੇ ਮੈਂ ਹੱਸੀ ਤੇ ਉਹ ਗੁੱਸੇ ‘ਚ ਪੈਰ ਪਟਕਦਾ ਹੋਇਆ ਚਲਾ ਗਿਆ। ਫੇਰ ਨਹੀਂ ਆਇਆ। ਬੜਾ ਗੰਦਾ ਲੱਗਦਾ ਏ ਮੈਨੂੰ ਬੰਦਾ ਜਦੋਂ ਕਿਸੇ ਔਰਤ ਖਾਸ ਕਰ ਕੇ ਆਪਣੀ ਬੀਵੀ ਜਾਂ ਮਾਸ਼ੂਕ ਨੂੰ ਬੁਰੀ ਦੱਸਦਾ ਏ। ਕਮਬਖਤ...ਨਾਮੁਰਾਦ, ਔਰਤ ਵੀ ਕੋਈ ਭੰਡਣ ਵਾਲੀ ਚੀਜ਼ ਏ? ਗਰੀਬ ਕੀ ਵਿਗਾੜ ਲਵੇਗੀ ਕਿਸੇ ਦਾ? ਮਰਦ ਸੌ ਜ਼ੁਲਮ ਸਿਤਮ ਵੀ ਕਰੇ ਤਾਂ ਉਸ ਦੀ ਕਦਮਬੋਸੀ ਕਰਨੀ ਨਹੀਂ ਛੱਡਦੀ। ਕਮਬਖਤ। ਸੱਚ ਪੁੱਛੋ ਤਾਂ ਮੈਨੂੰ ਹਰ ਔਰਤ ‘ਚੋਂ ਆਪਣੀ ਅੰਮੀ ਨਜ਼ਰ ਆਉਂਦੀ ਏ ਤੇ ਹਰ ਮਰਦ ‘ਚੋਂ ਆਪਣਾ ਬਾਪ...।
ਉਸ ਤੋਂ ਬਾਅਦ ਇੱਕ ਹੋਰ ਆਇਆ ਪਾਕਿਸਤਾਨੀ। ਹੁਸੈਨ ਨਾਮ ਸੀ ਉਸ ਦਾ। ਉਸ ਨਾਲ ਵੀ ਮੇਰੀ ਚੰਗੀ ਦੋਸਤੀ ਹੋ ਗਈ ਤੇ ਗੱਲ ਨਿਕਾਹ ਤੱਕ ਪਹੁੰਚ ਗਈ। ਮੇਰੇ ਹੀ ਧੰਦੇ ਵਾਲੀ ਮੇਰੀ ਇੱਕ ਸਹੇਲੀ ਇੱਕ ਵਾਰ ਬੀਮਾਰ ਸੀ ਤੇ ਹਸਪਤਾਲ ਵਿਚ ਦਾਖਿਲ ਸੀ। ਉਹ ਆਪਣੀ ਪੰਜ ਕੁ ਸਾਲ ਦੀ ਫੁੱਲ ਵਰਗੀ ਬੱਚੀ ਨੂੰ ਮੇਰੇ ਕੋਲ ਛੱਡ ਗਈ। ਇੱਕ ਦਿਨ ਹੁਸੈਨ ਰਾਤ ਨੂੰ ਮੇਰੇ ਕੋਲ ਆਇਆ ਤੇ ਬਹੁਤ ਦੇਰ ਤੱਕ ਬੱਚੀ ਨਾਲ ਪਿਆਰ ਕਰਦਾ ਰਿਹਾ।
“ਕਿੰਨੀ ਪਿਆਰੀ ਬੱਚੀ ਏ।” ਮੈਂ ਸ਼ਰਾਬ ਦੇ ਭਰੇ ਗਿਲਾਸ ਮੇਜ਼ ‘ਤੇ ਰੱਖਦੀ ਹੋਈ ਬੋਲੀ।
“ਹਾਂ। ਕੰਜਰੀ ਦੀ ਧੀ ਏ, ਵੱਡੀ ਹੋ ਕੇ ਕਮਾਲ ਦੀ ਕੰਜਰੀ ਬਣੇਗੀ।” ਕਹਿ ਕੇ ਉਹ ਹੱਸਿਆ।
ਜਿਵੇਂ ਕਿਸੇ ਨੇ ਮੇਰੇ ਕਲੇਜੇ ਵਿਚ ਖੰਜਰ ਖੋਭ ਦਿੱਤਾ ਸੀ। ਗਿਲਾਸ ਮੇਰੇ ਹੱਥੋਂ ਛੁਟ ਕੇ ਜ਼ਮੀਨ ‘ਤੇ ਜਾ ਡਿੱਗਾ।
“ਕੀ ਹੋਇਆ?” ਉਹ ਭੱਜ ਕੇ ਮੇਰੇ ਕੋਲ ਆਇਆ।
“ਕੁਝ ਨਹੀਂ। ਤੂੰ ਇਥੋਂ ਚਲਾ ਜਾ ਹੁਸੈਨ। ਮੇਰੀ ਤਬੀਅਤ ਠੀਕ ਨਹੀਂ ਏ।” ਮੈਂ ਆਪਣੇ ਸੀਨੇ ‘ਤੇ ਹੱਥ ਰੱਖਦਿਆਂ ਕਿਹਾ। “ਕੀ ਗੱਲ ਏ ਚੰਦਾ?” ਉਸ ਨੇ ਮੈਨੂੰ ਆਪਣੀਆਂ ਬਾਹਾਂ ਵਿਚ ਲੈਣਾ ਚਾਹਿਆ।
“ਮੈਂ ਕਿਹਾ ਏ ਕਿ ਤੂੰ ਇਥੋਂ ਚਲਾ ਜਾ ਗੈੱਟ ਆਊਟ।” ਮੈਂ ਉਸ ਨੂੰ ਧੱਕਾ ਮਾਰਿਆ। ਪਰ ਉਹ ਬੜਾ ਢੀਠ ਸੀ, ਨਾ ਗਿਆ। ਮੈਂ ਕਲੇਜਾ ਫੜੀ ਆਪਣੇ ਬਿਸਤਰ ‘ਤੇ ਜਾ ਪਈ। ਉਸ ਰਾਤ ਉਸ ਨੇ ਕਈ ਵਾਰ ਮੇਰੇ ਨਾਲ ਖੇਹ ਖਾਣ ਦੀ ਕੋਸ਼ਿਸ਼ ਕੀਤੀ ਪਰ ਮੈਂ ਹਰ ਵਾਰ ਉਸ ਨੂੰ ਧੱਕਾ ਮਾਰ ਕੇ ਪਰ੍ਹਾਂ ਕਰ ਦਿੰਦੀ। ਅਖੀਰ ਜਦੋਂ ਉਹ ਜ਼ਬਰਦਸਤੀ ‘ਤੇ ਉਤਰ ਆਇਆ ਤਾਂ ਮੈਂ ਪੂਰੇ ਜ਼ੋਰ ਨਾਲ ਲੱਤ ਉਸ ਦੇ ਢਿੱਡ ਵਿਚ ਮਾਰੀ ਤੇ ਉਸ ਨੂੰ ਬਿਸਤਰ ‘ਚੋਂ ਬਾਹਰ ਸੁੱਟ ਦਿੱਤਾ।
“ਇਸੇ ਵਕਤ ਇਥੋਂ ਚਲਾ ਜਾ...ਵਰਨਾ ਪੁਲਿਸ ਬੁਲਾ ਲਵਾਂਗੀ, ਮੁੜ ਕੇ ਮੈਨੂੰ ਆਪਣੀ ਮਨਹੂਸ ਸੂਰਤ ਨਾ ਵਿਖਾਈਂ।” ਦਰਵਾਜ਼ਾ ਖੋਲ੍ਹ ਕੇ ਉਸ ਨੂੰ ਬਾਹਰ ਜਾਣ ਦਾ ਇਸ਼ਾਰਾ ਕੀਤਾ। ਉਹ ਚਲਾ ਗਿਆ ਤੇ ਮੁੜ ਕੇ ਮੈਨੂੰ ਦਿਖਾਈ ਨਾ ਦਿੱਤਾ। ਹਾਂ ਇੱਕ ਵਾਰੀ ਬੜਾ ਅਜੀਬ ਵਾਕਿਆ ਹੋਇਆ। ਇੱਕ ਬਾਪ ਤੇ ਬੇਟਾ ਦੋਵੇਂ ਹੀ ਮੇਰੇ ਆਸ਼ਕ ਸਨ। ਪਰ ਮੈਨੂੰ ਪਤਾ ਨਹੀਂ ਸੀ। ਇਹ ਉਸੇ ਜਹੂਦੀ ਦੀ ਗੱਲ ਏ ਜਿਸ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਸੀ। ਇੱਕ ਦਿਨ ਮਲੂਮ ਨਹੀਂ ਕਿਸ ਤਰ੍ਹਾਂ ਉਸ ਦਾ ਬੇਟਾ ਵੀ ਮੇਰੇ ਕੋਲ ਆ ਗਿਆ। ਰਾਤ ਨੂੰ ਮੇਰੇ ਨਾਲ ਸੌਣ ਲੱਗਾ ਤਾਂ ਲੌਂਡਿਆਂ ਵਾਂਗ ਬੋਲਿਆ,
“ਤੂੰ ਸਭ ਤੋਂ ਪਹਿਲਾਂ ਕਿਸ ਨਾਲ ਸੁੱਤੀ ਸੀ?”
“ਤੇਰੇ ਬਾਪ ਨਾਲ।” ਮੈਂ ਗੁੱਸੇ ‘ਚ ਕਿਹਾ। ਮੈਂ ਤਾਂ ਸਿਰਫ਼ ਮਜ਼ਾਕ ਹੀ ਕੀਤਾ ਸੀ ਪਰ ਦਰਅਸਲ ਸੱਚਮੁੱਚ ਹੀ ਉਸ ਦਾ ਬਾਪ ਵੀ ਮੇਰੇ ਘਰ ਆਂਦਾ ਜਾਂਦਾ ਸੀ। ਇੱਕ ਦਿਨ ਦੋਵੇਂ ਇਕੱਠੇ ਹੀ ਆ ਗਏ। ਉਸ ਦਿਨ ਗਲਤੀ ਮੇਰੀ ਹੀ ਸੀ। ਅਮੂਮਨ ਜਦੋਂ ਵੀ ਕੋਈ ਗਾਹਕ ਮੇਰੇ ਕੋਲ ਹੁੰਦਾ ਸੀ ਤਾਂ ਮੈਂ ਲਾਲ ਚੁੰਨੀ ਵਿੰਡੋ ‘ਤੇ ਟੰਗ ਦਿੰਦੀ ਸੀ ਤਾਂ ਕਿ ਬਾਹਰੋਂ ਆਉਣ ਵਾਲਾ ਸਮਝ ਜਾਵੇ ਕਿ ਮੈਂ ਬਿਜ਼ੀ ਹਾਂ। ਉਸ ਦਿਨ ਭੁੱਲ ਗਈ। ਦੋਵੇਂ ਇਕੱਠੇ ਹੀ ਆ ਗਏ। ਬਾਪ ਕਹੇ ਤੇਰੀ ਤਲਾਸ਼ ‘ਚ ਆਇਆ ਹਾਂ ਤੇ ਬੇਟਾ ਕਹੇ ਕਿ ਉਹ ਬਾਪ ਦਾ ਪਿੱਛਾ ਕਰ ਰਿਹਾ ਸੀ। ਦੋਵਾਂ ਵਿਚ ਖੂਬ ਜੰਗ ਹੋਈ। ਬੇਟਾ ਘਰ ਛੱਡ ਕੇ ਚਲਾ ਗਿਆ। ਪਰ ਬੁੱਢਾ ਕਮਾਲ ਕਰ ਗਿਆ। ਮਰਦਾ ਹੋਇਆ ਆਪਣਾ ਮਕਾਨ ਮੇਰੇ ਨਾਮ ਲਗਵਾ ਗਿਆ, ਪਾਗਲ। ਤੇ ਇਹ ਮਕਾਨ ਉਸੇ ਦਾ ਹੀ ਏ। ਮੈਂ ਬਾਵਰਚੀਖਾਨੇ ਦਾ ਇੱਕ ਚਮਚ ਤੱਕ ਨਹੀਂ ਖਰੀਦਿਆ। ਸਭ ਕੁਝ ਉਸੇ ਦਾ ਦਿੱਤਾ ਹੋਇਆ ਏ।”
ਸਿਰਫ ਜਹੂਦੀ ਬੁੱਢਾ ਹੀ ਨਹੀਂ, ਕਈ ਹੋਰ ਵੀ ਸ਼ਾਇਸਤਾ ਇਨਸਾਨ ਮੇਰੀ ਜ਼ਿੰਦਗੀ ‘ਚ ਆਏ। ਉਨ੍ਹਾਂ ਵਿਚੋਂ ਇੱਕ ਸੀ ਪ੍ਰੋ. ਖਾਨ। ਬਹੁਤ ਨਫੀਸ ਆਦਮੀ ਸੀ ਉਹ। ਬੀਵੀ ਬਹੁਤ ਹੁਸੀਨ ਸੀ ਉਸ ਦੀ, ਬਲਾ ਹੀ ਖੂਬਸੂਰਤ ਤੇ ਆਲ੍ਹਾ ਦਰਜੇ ਦੀ ਨੌਕਰੀ ਸੀ ਉਸ ਕੋਲ, ਪਰ ਰੰਡੀਬਾਜ਼ੀ ਦਾ ਬੜਾ ਸ਼ੁਕੀਨ ਸੀ। ਪਤਾ ਨਹੀਂ ਕਿਉਂ ਮੈਂ ਕਦੇ ਵੀ ਉਸ ਤੋਂ ਇੱਕ ਪੈਸਾ ਤੱਕ ਨਹੀਂ ਲਿਆ। ਉਸ ਨੂੰ ਮੇਰੀ ਆਵਾਜ਼ ਬਹੁਤ ਪਸੰਦ ਸੀ। ਮੈਂ ਗਜ਼ਲ ਕਹਿੰਦੀ ਤਾਂ ਉਹ ਅਸ਼ ਅਸ਼ ਕਰ ਉਠਦਾ। ਮੇਰੀ ਆਵਾਜ਼ ‘ਚੋਂ ਮੈਨੂੰ ਆਪਣੀ ਅੰਮੀ ਦੀ ਆਵਾਜ਼ ਸੁਣਾਈ ਦਿੰਦੀ ਤੇ ਮੇਰੀ ਗ਼ਜ਼ਲ ‘ਚ ਹੋਰ ਦਰਦ ਜਾਗ ਪੈਂਦਾ। “ਬਹੁਤ ਮਕਬੂਲ ਗ਼ਜ਼ਲ ਗਾਇਕਾ ਬਣ ਸਕਦੀ ਏਂ ਤੂੰ...ਜੇ ਕੋਸ਼ਿਸ਼ ਕਰੇਂ ਤਾਂ ਬਹੁਤ ਸ਼ੋਹਰਤ ਮਿਲ ਸਕਦੀ ਏ।” ਉਹ ਕਈ ਵਾਰ ਮਸ਼ਵਰਾ ਦਿੰਦਾ। “ਸ਼ੋਹਰਤਾਂ ਤੇ ਰੁਸਵਾਈਆਂ ‘ਚ ਕੋਈ ਜ਼ਿਆਦਾ ਫਰਕ ਨਹੀਂ ਏ ਖਾਨ ਸਾਹਬ, ਦੋਵੇਂ ਸਕੀਆਂ ਭੈਣਾਂ ਨੇ...ਇਕੱਠੀਆਂ ਹੀ ਆਉਂਦੀਆਂ ਨੇ...ਤੇ ਮੈਨੂੰ ਦੋਵਾਂ ‘ਚ ਹੁਣ ਕੋਈ ਫਰਕ ਨਹੀਂ ਲੱਗਦਾ।” ਮੈਂ ਕਿਹਾ ਤਾਂ ਉਸ ਨੇ ਕਈ ਵਾਰੀ ਆਪਣੇ ਮੱਥੇ ‘ਤੇ ਹੱਥ ਮਾਰਿਆ।
“ਕਿੰਨੀ ਜ਼ਹੀਨ ਔਰਤ ਏਂ ਤੂੰ। ਫਖਰ ਹੈ ਮੈਨੂੰ ਆਪਣੇ ਆਪ ‘ਤੇ ਜੋ ਮੈਂ ਤੇਰੇ ਨਾਲ ਇਸ਼ਕ ਕੀਤਾ। ਸੈਕਸ ਤਾਂ ਕਿਸੇ ਨਾਲ ਵੀ ਕੀਤਾ ਜਾ ਸਕਦਾ ਏ ਪਰ ਇਸ਼ਕ...। ਖਾਸ ਕਰਕੇ ਮੇਰੇ ਵਰਗੇ ਬੰਦੇ ਲਈ ਇਸ਼ਕ ਵਾਸਤੇ ਸਿਰਫ ਜਿਸਮ ਦੀ ਨਹੀਂ ਜ਼ਿਹਨ ਦੀ ਵੀ ਲੋੜ ਹੈ।” ਉਹ ਵਾਰ ਵਾਰ ਮੇਰੇ ਤੋਂ ਕੁਰਬਾਨ ਹੋ ਰਿਹਾ ਸੀ। “ਪਰ ਪਿਛਲੇ ਹਫਤੇ ਤਾਂ ਤੁਸੀਂ ਫਰਮਾ ਰਹੇ ਸੀ ਕਿ ਸੈਕਸ ਕਰਨ ਤੋਂ ਬਾਅਦ ਔਰਤ ਮਰਦ ਨੂੰ ਇਸ ਤਰ੍ਹਾਂ ਲੱਗਦੀ ਏ ਜਿਵੇਂ ਆਖਰੀ ਕਸ਼ ਖਿੱਚ ਕੇ ਸੁੱਟੀ ਹੋਈ ਸਿਗਰਟ...ਮਤਲਬ ਬੇਕਾਰ।” ਜਦੋਂ ਮੈਂ ਕਿਹਾ ਤਾਂ ਉਸ ਨੇ ਦੋਵੇਂ ਹੱਥ ਮੇਰੇ ਅੱਗੇ ਜੋੜ ਦਿੱਤੇ ਕਿ ਗੁਸਤਾਖ਼ੀ ਮੁਆਫ। ਇਸੇ ਤਰ੍ਹਾਂ ਕਈ ਦਫਾ ਕਈ ਆਏ ਜਿਨ੍ਹਾਂ ਕੋਲ ਨੋਟਾਂ ਦੀ ਗਰਮੀ ਤਾਂ ਸੀ ਪਰ ਜਜ਼ਬਾਤ ਦਾ ਨਿੱਘ ਨਹੀਂ ਸੀ। ਮੇਰੀ ਅੰਮੀ ਆਖਦੀ ਹੁੰਦੀ ਸੀ ਔਰਤ ਤੇ ਪਾਣੀ ਵਿਚ ਕੋਈ ਫਰਕ ਨਹੀਂ ਹੁੰਦਾ, ਜਿਸ ‘ਚ ਘੁਲ ਗਈ, ਉਹੋ ਜਿਹੀ ਹੋ ਗਈ। ਜਾਂ ਹਰ ਰੰਗ ‘ਚ ਰੰਗ ਲੈਂਦੀ ਹੈ ਆਪਣੇ ਆਪ ਨੂੰ ਔਰਤ।’ ਪਰ ਮੇਰੇ ਤੇ ਕੋਈ ਰੰਗ ਨਾ ਚੜ੍ਹਿਆ ਤੇ ਨਾ ਹੀ ਕਿਸੇ ਪਾਣੀ ‘ਚ ਮੈਂ ਘੁਲ ਸਕੀ ਕਦੇ। ਹਾਂ, ਬਲਕਿ ਹਰ ਵਾਰ ਮੇਰੀ ਤਸ਼ਨਗੀ ਵੱਧਦੀ ਗਈ। ਸ਼ਾਇਦ ਮੈਨੂੰ ਪਾਣੀ ਦੀ ਨਹੀਂ ਜ਼ਹਿਰ ਦੀ ਤਲਾਸ਼ ਏ। ਕੋਈ ਅਜਿਹਾ ਡੰਗ ਮਾਰੇ ਮੁੜ ਕੇ ਜ਼ਹਿਰ ਨਾ ਮੰਗਾਂ। ਪਰ ਇਥੇ ਸੱਪਾਂ ‘ਚ ਜ਼ਹਿਰ ਕਿੱਥੇ। ਮੈਂ ਕਈ ਨਾਗ ਪੂਛਾਂ ਤੋਂ ਫੜ ਫੜ ਕੇ ਘੁੰਮਾਏ ਸਭ ਪਾਣੀ ਦੇ ਸੱਪ ਨਿਕਲੇ। ਕਿਸੇ ‘ਚ ਇੰਨਾ ਜ਼ਹਿਰ ਨਹੀਂ ਸੀ ਜੋ ਮੈਨੂੰ ਡੰਗ ਮਾਰਦਾ। ਹਰ ਜੁਸਤਜੂ ਵਿਚ ਮੈਂ ਨਾਕਾਮਯਾਬ ਹੋਈ ਤੇ ਵਕਤ ਦੀ ਗਰਦੋ ਗ਼ੁਬਾਰ ਵਿਚ ਮੇਰੀਆਂ ਹਸਰਤਾਂ ਦੇ ਸਿਤਾਰੇ ਡੁੱਬਦੇ ਰਹੇ। ਕਹਾਵਤ ਏ ਕਿ ‘ਔਰਤ ਤੇ ਜ਼ਮੀਨ ਬੇਖਸਮੀਆਂ ਬੇਸ਼ਕ ਹੋਣ ਪਰ ਬੇਯਾਰ ਕਦੇ ਨਹੀਂ ਹੁੰਦੀਆਂ।’ ਕਈ ਵਾਰ ਹੱਸ ਪੈਨੀ ਹਾਂ ਮੈਂ ਇਹ ਜੁਮਲਾ ਸੋਚ ਕੇ। ਖਸਮ ਕੋਈ ਨਹੀਂ ਮਿਲਿਆ ਚਾਮਕੇ ਬੜੇ ਮਿਲੇ। ਸਭ ਦੀ ਇਹੋ ਆਰਜ਼ੂ ਕਿ ਮੈਨੂੰ ਨੰਗੀ ਨੂੰ ਦੇਖਣਾ ਹੈ-ਬੇਨਕਾਬ। ਮਰਦ ਦੀ ਸ਼ੁਰੂ ਤੋਂ ਹਸਰਤ ਹੀ ਇਹ ਹੈ ਕਿ ਕਿਵੇਂ ਨਾ ਕਿਵੇਂ ਔਰਤ ਨੂੰ ਨੰਗੀ ਕੀਤਾ ਜਾਵੇ। ਜਦੋਂ ਫਰਗੀ ਦੀਆਂ ਨੰਗੀ ਦੀਆਂ ਤਸਵੀਰਾਂ ਅਖ਼ਬਾਰਾਂ ‘ਚ ਲੱਗੀਆਂ ਤਾਂ ਮੈਂ ਬਹੁਤ ਹੱਸੀ। ਕੁਝ ਦਿਨ ਪਹਿਲਾਂ ਹੀ ਮੈਂ ਟੀ.ਵੀ. ਤੇ ਉਹ ਤੁਹਾਡਾ ‘ਮਹਾਂਭਾਰਤ’ ਦੇਖਿਆ ਸੀ ਜਿਸ ਵਿਚ ਦਰੋਪਤੀ ਨੂੰ ਪੰਜ ਸੱਤ ਮੁਸ਼ਟੰਡੇ ਫੜ ਕੇ ਨੰਗੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਫਰਗੀ ਤੇ ਦਰੋਪਤੀ ਮੈਨੂੰ ਇੱਕੋ ਜਿਹੀਆਂ ਲੱਗੀਆਂ। ਵਿਚਾਰੀਆਂ...। ਮਰਦ ਅੱਜ ਵੀ ਉਥੇ ਹੀ ਏ ਜਿਥੇ ਹਜ਼ਾਰਾਂ ਸਾਲ ਪਹਿਲਾਂ ਸੀ ਜੰਗਲੀ। ਸਿਰਫ ਔਰਤ ਨੂੰ ਨੰਗਾ ਕਰਨ ਦੀ ਖਾਹਿਸ਼। ਫੇਰ ਮੈਂ ਕਿਸ ਗਿਣਤੀ ‘ਚ ਆਉਂਦੀ ਸੀ। ਨਾਲੇ ਜਿਸਮਾਨੀ ਨੰਗੇਜ ਹੋਰ ਗੱਲ ਏ ਤੇ ਰੂਹਾਨੀ ਹੋਰ। ਜਿਸਮ ਮੇਰਾ ਛਲਣੀ ਹੋ ਗਿਆ ਏ, ਨੰਗੀਆਂ ਨਿਗਾਹਾਂ ਤੋਂ। ਇਹ ਬਦਨਸੀਬ ਮਿੱਟੀ ਪਤਾ ਨਹੀਂ ਕਿੰਨੀ ਵਾਰੀ ਨੰਗੀ ਹੋਈ ਏ। ਸੱਚ ਪੁੱਛੇਂ ਤਾਂ ਨੰਗੀ ਜ਼ਿਆਦਾ ਹੋਈ ਏ ਕੱਪੜੇ ਤਾਂ ਘੱਟ ਹੀ ਨਸੀਬ ਹੋਏ ਨੇ ਗਰੀਬ ਨੂੰ। ਲੋਕਾਂ ਦਾ ਆਮ ਖਿਆਲ ਏ ਕਿ ਮੈਂ ਮਰਦਾਂ ਤੋਂ ਪੈਸਾ ਲੁੱਟਣੀ ਹਾਂ, ਜੇਬਾਂ ਖਾਲੀ ਕਰਦੀ ਹਾਂ ਉਨ੍ਹਾਂ ਦੀਆਂ। ਵੈਸੇ ਤਾਂ ਹਰ ਔਰਤ ਦਾ ਮਕਸਦ ਹੀ ਮਰਦ ਦੀ ਜੇਬ ਖਾਲੀ ਕਰਨਾ ਹੁੰਦਾ ਹੈ। ਚਾਹੇ ਉਹ ਬੀਵੀ ਹੈ ਜਾਂ ਰਖੇਲ ਪਰ ਮੈਂ ਇਸ ਕੰਮ ‘ਚ ਕੁਝ ਜ਼ਿਆਦਾ ਹੀ ਬਦਨਾਮ ਹਾਂ। ਮੇਰੇ ਜਿਸਮ ਦੇ ਬਾਵਸਤਾ ਕਈ ਅਫਸਾਨੇ ਜ਼ਮਾਨੇ ਭਰ ‘ਚ ਮਸ਼ਹੂਰ ਹੋਏ ਕਿ ਮੈਂ ਬਹੁਤ ਹੁਸੀਨ ਹਾਂ, ਬਹੁਤ ਗੁਦਾਜ਼ ਬਦਨ ਏ ਮੇਰਾ, ਬਹੁਤ ਰੇਸ਼ਮੀ ਹਾਂ, ਮੇਰੀਆਂ ਜ਼ੁਲਫਾਂ ਕਾਲੀਆਂ ਘਟਾਵਾਂ ਨੇ ਤੇ ਕਮਰ ਤੇਜ਼ ਤਲਵਾਰ ਏ, ਮੇਰੀਆਂ ਅੱਖਾਂ ‘ਚ ਹਜ਼ਾਰਾਂ ਝੀਲਾਂ ਦੀ ਗਹਿਰਾਈ ਏ...ਵਗੈਰਾ ਵਗੈਰਾ। ਪਰ ਕਦੇ ਕਿਸੇ ਨੇ ਇਹ ਨਹੀਂ ਦੇਖਿਆ ਕਿ ਮੇਰੇ ਅੰਦਰ ਇੱਕ ਸਮੁੰਦਰ ਵੀ ਹੈ, ਅਹਿਸਾਸ ਦਾ ਸਮੁੰਦਰ, ਤੇ ਉਸ ਸਮੁੰਦਰ ਦੀ ਅੱਗ ਤੱਕ ਕੋਈ ਨਹੀਂ ਪਹੁੰਚਿਆ, ਕਿਸੇ ਨੂੰ ਸੇਕ ਤੱਕ ਵੀ ਨਹੀਂ ਆਇਆ ਉਸ ਅੱਗ ਦਾ, ਬੁਝਣੀ ਤਾਂ ਕਿਸ ਤੋਂ ਸੀ। ਗਰਮ ਗੋਸ਼ਤ ਨੂੰ ਨੋਚਣ ਵਾਲੇ ਬਹੁਤ ਮਿਲੇ ਪਰ ਹਰ ‘ਤੇ ਕੋਈ ਝਰੀਟ ਨਾ ਪਾ ਸਕਿਆ, ਬਹੁਤ ਲੰਮੀ ਦਾਸਤਾਨ ਏ ਮੇਰੇ ਜ਼ਖ਼ਮਾਂ ਦੀ। ਰਾਤ ਮੁਕ ਜਾਵੇਗੀ, ਕਹਾਣੀ ਨਹੀਂ ਖਤਮ ਹੋਣੀ।” ਆਖ ਕੇ ਉਸ ਨੇ ਉਬਾਸੀ ਲਈ।
“ਹੁਣ ਤੂੰ ਕੀ ਨਾਮ ਰੱਖੇਂਗੀ ਮੇਰੇ ਅਫਸਾਨੇ ਦਾ.?” ਕਹਿ ਕੇ ਉਹ ਇਕਦਮ ਚੁੱਪ ਹੋ ਗਈ।
ਮੈਂ ਜਿਵੇਂ ਨੀਂਦ ‘ਚੋਂ ਜਾਗੀ। ਦੇਖਿਆ ਵਾਈਨ ਦੀ ਪੂਰੀ ਬੋਤਲ ਖਾਲੀ ਸੀ। ਸਿਗਰਟਾਂ ਦੀ ਡੱਬੀ ਮਰੋੜ ਕੇ ਮੇਜ਼ ਥੱਲੇ ਸੁੱਟੀ ਪਈ ਸੀ। “ਹਿੰਦੂ ਧਰਮ ਵਿਚ ਗੀਤਾ ਦਾ ਸੰਦੇਸ਼ ਹੈ ਕਿ ਰੂਹ ਅਮਰ ਹੈ। ਸਰੀਰ ਤਾਂ ਚੋਲਾ ਹੈ, ਕੱਪੜਿਆਂ ਵਾਂਗ ਇਨਸਾਨ ਇਸ ਨੂੰ ਬਦਲਦਾ ਹੈ। ਤੂੰ ਤਾਂ ਖੁਦ ਹੀ ਦੱਸਿਆ ਹੈ ਕਿ ਤੇਰੀ ਰੂਹ ਨੂੰ ਕਿਸੇ ਨੇ ਨਹੀਂ ਛੂਹਿਆ। ਸਿਰਫ ਬਦਨ ਹੀ ਛਲਣੀ ਏ। ਬਦਨ ਤਾਂ ਰੋਜ਼ ਹੀ ਛਲਣੀ ਹੁੰਦੇ ਨੇ ਤਈਅਬਾ...ਰੂਹ ਤੇ ਝਰੀਟ ਕਿਸਮਤ ਨਾਲ ਹੀ ਪੈਂਦੀ ਹੈ।” ਮੈਂ ਡੂੰਘਾ ਹੌਕਾ ਲਿਆ। ਮੈਂ ਦੇਖਿਆ ਮੇਰਾ ਜੁਆਬ ਸੁਣ ਕੇ ਉਸ ਦੀਆਂ ਸਾਂਵਲੀਆਂ ਗੱਲ੍ਹਾਂ ‘ਤੇ ਦੋ ਮੋਤੀ ਆ ਗਿਰੇ ਜੋ ਸ਼ਾਇਦ ਉਸ ਨੇ ਆਪਣੀ ਕਹਾਣੀ ਵੇਲੇ ਪੂਰਾ ਸਮਾਂ ਅੱਖਾਂ ਦੇ ਕਿਸੇ ਕੋਨੇ ‘ਡੱਕੀ ਰੱਖੇ ਸਨ।