Tain Ki Dard Na Aaia (Punjabi Story) : Kartar Singh Duggal

ਤੈਂ ਕੀ ਦਰਦ ਨਾ ਆਇਆ (ਕਹਾਣੀ) : ਕਰਤਾਰ ਸਿੰਘ ਦੁੱਗਲ

ਸਵੇਰ ਤੋਂ ਮੈਂ ਅੰਮ੍ਰਿਤਸਰ ਦੀਆਂ ਗਲੀਆਂ ਘੁੰਮ ਰਿਹਾ ਸਾਂ। ਭੀੜੀਆਂ ਸੌੜੀਆਂ ਗਲੀਆਂ, ਜਿਨ੍ਹਾਂ ਨੂੰ ਲੋਕਾਂ ਨੇ ਸਾੜ-ਸਾੜ ਕੇ ਖੁੱਲ੍ਹਾ ਕਰ ਲਿਆ ਸੀ। ਚਿੱਕੜ, ਚਿੱਕੜ, ਚਿੱਕੜ। ਕੁਝ ਬਾਰਸ਼ ਕਰਕੇ, ਕੁਝ ਮਲਬੇ ਕਰਕੇ, ਜਿਹੜਾ ਅਜੇ ਤੀਕ ਕਿਸੇ ਤੋਂ ਸਾਂਭਿਆ ਨਹੀਂ ਸੀ ਗਿਆ।

ਘੁੰਮਦਾ-ਘੁੰਮਦਾ ਮੈਂ ਇੱਕ ਚੌਕ ਵਿਚ ਜਾ ਨਿਕਲਿਆ। ਚਵ੍ਹਾਂ ਪਾਸੇ ਢਠਵਾਹਣਾਂ ਹੀ ਢਠਵਾਹਣਾਂ ਸਨ। ਇੰਝ ਮੈਨੂੰ ਲੱਗਾ ਜਿਵੇਂ ਟੈਕਸਲਾ ਦੇ ਖੰਡਰਾਂ ਵਿਚ ਮੈਂ ਖਲੋਤਾ ਸਾਂ। ਜਿੱਥੇ ਖਲੋ ਕੇ ਇੱਕ ਵਾਰ ਮੈਂ ਕਿਹਾ ਸੀ, ‘‘ਏਥੇ ਵੇਖਣ ਵਾਲੀ ਕਿਹੜੀ ਚੀਜ਼ ਹੋਈ ?’’ ਪੱਥਰਾਂ ’ਤੇ ਚੜ੍ਹੇ ਪੱਥਰ ਇੰਝ ਮੂਧੇ ਪਏ ਸਨ, ਜਿਵੇਂ ਉੱਥੇ ਤਾਂ ਵਸਿਆ ਹੀ ਨਾ ਕੋਈ ਹੋਵੇ। ‘‘ਮੈਂ ਕਿਹਾ, ਕਟੜਾ ਜੈਮਲ ਸਿੰਘ ਇਹੋ ਹੀ ਏ ?’’ ਕੋਲੋਂ ਗੁਜ਼ਰ ਰਹੇ ਇੱਕ ਅੰਮ੍ਰਿਤਸਰੀਏ ਤੋਂ ਮੈਂ ਪੁੱਛਿਆ।

‘‘ਆਹੋ,’’ ਤੇ ਉਹ ਦਸ ਕਦਮ ਅੱਗੇ ਜਾ ਚੁੱਕਾ ਸੀ।

‘‘ਮੈਂ ਕਿਹਾ, ਰਾਮ ਗਲੀ ਕਿਹੜੀ ਹੋਈ ?’’ ਕੋਲੋਂ ਗੁਜ਼ਰਦੇ ਇੱਕ ਹੋਰ ਅੰਮ੍ਰਿਤਸਰੀਏ ਤੋਂ ਮੈਂ ਪੁੱਛਿਆ।

‘‘ਏੱਥੋਂ ਹੀ ਕਿਤੋਂ ਲੱਭ ਲਵੋ।’’ ਜਿਸ ਤਰ੍ਹਾਂ ਸੂਈ ਗੁਆਚੀ ਹੁੰਦੀ ਏ, ਉਹ ਬੇਧਿਆਨਾ ਜਿਹਾ ਜਵਾਬ ਦਿੰਦੇ ਹੋਏ ਚਲਾ ਗਿਆ।

ਮੈਂ ਸੋਚਿਆ ਏਸ ਮਲਬੇ ਹੇਠ ਰੰਗੀਨ ਟਾਇਲਾਂ ਦੇ ਫ਼ਰਸ਼ ਹੋਣਗੇ, ਸਫ਼ੇਦ ਸੰਗਮਰਮਰ ਦੇ ਵਿਹੜੇ ਹੋਣਗੇ, ਦੰਦ-ਖੰਡ ਦੀਆਂ ਖਿੜੀਆਂ ਹੋਣਗੀਆਂ, ਝਰੋਖੇ ਹੋਣਗੇ। ਇਸ ਮਲਬੇ ਹੇਠ ਬੁਨਿਆਦਾਂ ਹੋਣਗੀਆਂ, ਜਿਨ੍ਹਾਂ ਨੂੰ ਰੱਖਣ ਵੇਲੇ ਕਲਾਮ ਪੜ੍ਹੇ ਗਏ, ਮਹੂਰਤਾਂ ਨਿਕਲੀਆਂ, ਅਰਦਾਸਾਂ ਕੀਤੀਆਂ ਗਈਆਂ।

ਮਲਬੇ ਦੇ ਪਿੱਛੇ ਮਲਬਾ, ਉਸ ਤੋਂ ਪਿੱਛੇ ਹੋਰ ਮਲਬਾ, ਜਿੱਥੋਂ ਤੀਕ ਨਜ਼ਰ ਕੰਮ ਕਰਦੀ ਢਠਵਾਹਣਾਂ ਹੀ ਢਠਵਾਹਣਾਂ ਸਨ। ਸੜ-ਸੜ ਕੇ, ਮੈਂ ਸੋਚਿਆ, ਇਹ ਮੰਜ਼ਲਾਂ ਥੱਕ ਗਈਆਂ ਹੋਣਗੀਆਂ ? ਇਨ੍ਹਾਂ ਦਾ ਸੇਕ, ਇਨ੍ਹਾਂ ਦੇ ਲਾਂਬਿਆਂ ਦੀ ਲਪੇਟ ਕਿੱਥੋਂ ਤੀਕ ਪੁੱਜੀ ਹੋਵੇਗੀ ? ਢਹਿ-ਢਹਿ ਕੇ ਇਹ ਇੱਟਾਂ, ਇਹ ਪੱਥਰ ਹਾਰ ਗਏ ਹੋਣਗੇ, ਕਿਤੇ-ਕਿਤੇ ਉਂਝ-ਦੇ-ਉਂਝ ਖੜ੍ਹੇ ਸਨ।

‘‘ਉੱਥੋਂ, ਉਸ ਪਾਰਲੀ ਗੈਲਰੀ ਵਿੱਚੋਂ ਆ ਕੇ ਅਸੀਂ ਬੰਬ ਸੁੱਟਦੇ ਸਾਂ। ਸਾਡੇ ਕੋਲ ਥੈਲਿਆਂ ਦੇ ਥੈਲੇ ਭਰੇ ਹੁੰਦੇ।’’ ਲੰਮੀਆਂ-ਲੰਮੀਆਂ ਬਾਹਵਾਂ ਕਰੀ ਇੱਕ ਹਿੰਦੂ ਨੌਜਵਾਨ ਦੁੱਧ ਚਿੱਟੀ ਦਾਹੜੀ ਵਾਲੇ ਇੱਕ ਸਰਦਾਰ ਨੂੰ ਸਾਹਮਣੇ ਖੜੋਤਾ ਦੱਸ ਰਿਹਾ ਸੀ, ‘‘ਤੇ ਇਹ ਕਟੜੇ ਦਾ ਕਟੜਾ ਅਸੀਂ ਵਿਹੰਦਿਆਂ-ਵਿਹੰਦਿਆਂ ਭਸਮ ਕਰ ਸੁੱਟਿਆ। ਸਾਡੇ ਕੋਲ ਹਰ ਤਰ੍ਹਾਂ ਦੇ ਬੰਬ ਸਨ - ਅੱਗ ਲਾਣ ਵਾਲੇ, ਢਹਿ-ਢੇਰੀ ਕਰਨ ਵਾਲੇ ਤੇ ਹੋਰ ਕਈ ਤਰ੍ਹਾਂ ਦੇ। ਬੰਬ ਬਣਾਉਣ ਵਾਲੇ ਹੋਰ ਸਨ, ਬੰਬ ਮਾਰਨ ਵਾਲੇ ਹੋਰ ?’’ ਉਹ ਬੋਲਦਾ ਗਿਆ, ਬੋਲਦਾ ਗਿਆ।

‘‘ਇੱਕ ਵਾਰ ਤੇ ਇਸ ਅੱਗ ਦਾ ਸੇਕ ਤੇ ਇਨ੍ਹਾਂ ਲਾਂਬੂੰਆਂ ਦਾ ਧੂੰਆਂ ਅਸੀਂ ਲਾਹੌਰ ਪੁਚਾ ਕੇ ਛੱਡਿਆ। ਮੈਂ ਕਹਿੰਦਾ ਹਾਂ, ਲਾਹੌਰ ਵੀ ਕਿਸੇ ਦੀ ਮਾਂ ਨਹੀਂ ਸੀ ਕੂਈ ਜੇ ਉੱਥੋਂ ਦੇ ਲਾਲੇ ਤੇ ਬਾਹਰ ਮਾਲ ਰੋਡ ’ਤੇ ਰਹਿਣ ਵਾਲੇ ਬਾਬੂ ਸਾਡੀ ਮਦਦ ਕਰਦੇ, ਅਸੀਂ ਤਾਂ ਤਵਾਹੇ ਲਾਹ ਛੱਡਣੇ ਸਨ,’’ ਉਹ ਨੌਜਵਾਨ ਅਜੇ ਵੀ ਬੋਲ ਰਿਹਾ ਸੀ।

‘‘ਇਥੇ ਬਸ ਮੁਸਲਮਾਨ ਪੁਲਿਸ ਦੇ ਹਟਣ ਦੀ ਦੇਰ ਸੀ, ਛੱਤੀ ਘੰਟਿਆਂ ਦੇ ਅੰਦਰ-ਅੰਦਰ ਅਸੀਂ ਬਿਲਕੁਲ ਸਫ਼ਾਇਆ ਕਰ ਛੱਡਿਆ। ਬੀਜ ਪਾਣ ਲਈ ਮੁਸਲਮਾਨ ਕਿਤੇ ਕੋਈ ਨਜ਼ਰ ਨਾ ਆਇਆ। ਤੇ ਸ਼ਰੀਫ਼ਪੁਰੇ ਵਿਚ ਲੋਕੀਂ ਆਪਣੇ ਘਰਾਂ ਦੀਆਂ ਕੰਧਾਂ ਪਾੜ-ਪਾੜ ਪਿਛਲੇ ਪਾਸਿਉਂ ਨੱਠ ਗਏ।’’

ਮੈਨੂੰ ਯਾਦ ਆਇਆ, ਇੱਕ ਵਾਰ ਮੈਂ ਅਖ਼ਬਾਰ ਵਿਚ ਪੜਿ·ਆ ਸੀ, ਸ਼ਰੀਫ਼ਪੁਰੇ ਦੇ ਲੋਕਾਂ ਨੇ ਇੱਕ ਹਿੰਦੂਆਂ ਦੀ ਮਸਾਣਾਂ ਤੋਂ ਮੁੜ ਰਹੀ ਟੋਲੀ ਨੂੰ ਬੜੀ ਬੇ-ਦਰਦੀ ਨਾਲ ਵੱਢਿਆ ਸੀ, ਕੰਧਾਂ ਨਾਲ ਪਟਾਖ਼-ਪਟਾਖ਼ ਕੇ, ਜ਼ਿੰਦਾ ਕਈਆਂ ’ਤੇ ਪੈਟਰੋਲ ਪਾ ਕੇ, ਤੇ ਹੋਰ ਪਤਾ ਨਹੀਂ ਕਿਸ ਤਰ੍ਹਾਂ ?

ਤੇ ਅਗਸਤ ਤੋਂ ਪਹਿਲੇ ਤਿੰਨ-ਚਾਰ ਮਹੀਨੇ ਜਦੋਂ ਚਵ੍ਹਾਂ ਪਾਸੇ ਕਸ਼ਮਕਸ਼ ਵਧ ਰਹੀ ਸੀ, ਹਰ ਘੜੀ ਧੁਖਣ ਜ਼ਿਆਦਾ ਧੁਖਾਈ ਜਾਂਦੀ, ਮੇਰੀ ਇੱਕ ਮੁਸਲਮਾਨ ਦੋਸਤ ਨੇ ਲਾਹੌਰ ਵਿਚ ਮੈਨੂੰ ਦੱਸਿਆ ਸੀ, ਸ਼ਰੀਫ਼ਪੁਰੇ ਦੇ ਹਰ ਘਰ, ਹਰ ਵਿਹੜੇ ਵਿਚ ਭੱਠੀ ਲੱਗੀ ਹੋਈ ਸੀ। ਪੰਜਾਬ ਭਰ ਲਈ ਉੱਥੇ ਛੁਰੇ ਤੇ ਨੇਜ਼ੇ ਬਣ ਰਹੇ ਸਨ। ਸ਼ਰੀਫ਼ਪੁਰੇ ਦੇ ਮੁਸਲਮਾਨ ਬੜੇ ਨਿਡਰ ਸਨ। ਦਿਨ-ਦਿਹਾੜੇ ਵਗਦੀਆਂ ਤਲਵਾਰਾਂ ਵਿਚ ਜਾ ਕੇ ਅੱਗਾਂ ਲਾ ਆਂਦੇ, ਲੁੱਟ-ਘਸੁੱਟ ਕਰ ਲੈਂਦੇ ਤੇ ਹਿੰਦੂਆਂ, ਸਿੱਖਾਂ ਨੂੰ ਇੰਝ ਮਾਰਦੇ, ਜਿਸ ਤਰ੍ਹਾਂ ਨਾ ਕਦੀ ਕਿਸੇ ਵੇਖਿਆ ਸੀ, ਨਾ ਕਦੀ ਕਿਸੇ ਨੇ ਸੁਣਿਆ ਸੀ।

‘‘ਅਸੀਂ ਗਾਜਰਾਂ ਵਾਂਗ ਕੱਪਿਆ, ਅਸੀਂ ਮੂਲੀਆਂ ਵਾਂਗ ਮੁਸਲਮਾਨਾਂ ਨੂੰ ਟੁੱਕਿਐ,’’ ਨੌਜਵਾਨ ਹਿੰਦੂ ਮੁੰਡਾ ਦੁੱਧ-ਚਿੱਟੀ ਦਾਹੜੀ ਵਾਲੇ ਸਰਦਾਰ ਨੂੰ ਅਜੇ ਵੀ ਦੱਸ ਰਿਹਾ ਸੀ, ‘‘ਅਸੀਂ ਚੁਣ-ਚੁਣ ਕੇ ਮੋਟੇ ਮੁਰਗੇ ਮਾਰੇ। ਜਦੋਂ ਸਾਡੇ ਹੱਥ ਰਾਈਫ਼ਲਾਂ ਆ ਗਈਆਂ, ਅਸੀਂ ਇੱਕ -ਇੱਕ ਨੂੰ ਭੁੰਨ ਸੁੱਟਿਆ। ਫੇਰ ਅਸੀਂ ਟੁੱਟ ਕੇ ਗੱਡੀਆਂ ’ਤੇ ਜਾ ਪਏ ਤੇ ਖ਼ੂਨ ਦੀਆਂ ਨਦੀਆਂ ਵਗਾ ਕੱਢੀਆਂ।’’

‘‘ਅਸੀਂ ਟਾਂਗੇ ਸਾੜੇ, ਮੋਟਰਾਂ ਸਾੜੀਆਂ, ਲਾਰੀਆਂ ਸਾੜੀਆਂ,’’ ਨੌਜਵਾਨ ਹਿੰਦੂ ਮੁੰਡਾ ਅਜੇ ਵੀ ਬੋਲ ਰਿਹਾ ਸੀ, ‘‘ਵੱਗਾਂ ਦੇ ਵੱਗ ਗਊਆਂ ਦੇ, ਮੱਝਾਂ ਦੇ, ਘੋੜਿਆਂ ਦੇ, ਗਲੀਆਂ, ਮਹੱਲਿਆਂ, ਸੜਕਾਂ ’ਤੇ ਫਿਰਦੇ ਰਹਿੰਦੇ, ਕੋਈ ਨਹੀਂ ਸੀ ਉਹਨਾਂ ਦੀ ਵਾਤ ਪੁੱਛਣ ਵਾਲਾ। ਜਿਹਦੇ ਘਰ ਦਾਣੇ ਹੁੰਦੇ, ਜਿਸ ਡੰਗਰ ਨੂੰ ਚਾਹੁੰਦਾ, ਵਿਹੜੇ ਵਿਚ ਬੰਨ੍ਹ ਲੈਂਦਾ। ਸਾਈਕਲਾਂ ਦੋ-ਦੋ ਰੁਪਏ ਤੋਂ ਵਿਕੀਆਂ, ਕੱਪੜੇ ਸੀਣ ਵਾਲੀਆਂ ਮਸ਼ੀਨਾਂ ਸਵਾ-ਸਵਾ ਰੁਪਏ, ਬਿਜਲੀ ਦੇ ਪੱਖੇ ਚਾਰ-ਚਾਰ ਆਨੇ ਦੇ।’’

ਦੁੱਧ-ਚਿੱਟੀ ਦਾਹੜੀ ਵਾਲਾ ਸਰਦਾਰ ਸੁਣੀ ਜਾ ਰਿਹਾ ਸੀ। ਨੌਜਵਾਨ ਹਿੰਦੂ ਮੁੰਡਾ ਬੋਲੀ ਗਿਆ, ਬੋਲੀ ਗਿਆ। ‘‘ਇੱਕ ਮਹੱਲੇ ਵਿਚ ਮੈਂ ਵੇਖਿਆ, ਇੱਕ ਅੰਮ੍ਰਿਤਸਰੀਏ ਤੋਂ ਕਾਲੀਨ ਨਹੀਂ ਸੀ ਚੁੱਕਿਆ ਜਾਂਦਾ। ਪੂਰੇ ਕਮਰੇ ਦਾ ਕਾਲੀਨ ਸੀ। ਲਪੇਟ ਤਾਂ ਉਸ ਲਿਆ, ਪਰ ਇਕੱਲਿਆਂ ਚੁੱਕਣ ਨਹੀਂ ਸੀ ਉਹਦੇ ਕੋਲੋਂ ਹੁੰਦਾ। ਪਹਿਲੇ ਤੇ ਕੁਝ ਚਿਰ, ਉਹਦੇ ਨਾਲ ਘੁਲਦਾ ਰਿਹਾ, ਘੁਲਦਾ ਰਿਹਾ। ਅਖ਼ੀਰ ਆਪਣੀ ਤਲਵਾਰ ਉਸ ਕੱਢੀ ਤੇ ਵਾਧੂ ਹਿੱਸਾ ਟੁੱਕ ਕੇ ਬਾਕੀ ਮੋਢੇ ’ਤੇ ਰੱਖ ਕੇ ਲੈ ਗਿਆ।’’

ਮੈਂ ਅੱਗੇ ਹੋ ਕੇ ਵੇਖਿਆ, ਦੁੱਧ-ਚਿੱਟੀ ਦਾਹੜੀ ਵਾਲੇ ਸਰਦਾਰ ਦੇ ਚਾਂਦੀ ਵਰਗੇ ਵਾਲਾਂ ਦੀ ਤਾਰਤਾਰ ਅੱਥਰੂਆਂ ਨਾਲ ਭਿੱਜੀ ਪਈ ਸੀ। ਜਿਸ ਤਰ੍ਹਾਂ ਉਹ ਕਹਿ ਰਿਹਾ ਹੋਵੇ, ‘‘ਇੰਨ-ਬਿੰਨ ਇੰਝ ਹੀ ਸਾਡੇ ਨਾਲ ਹੋਈ। ਸਾਡੀਆਂ ਜੱਦੀ ਜਾਇਦਾਦਾਂ, ਸਾਡੀਆਂ ਧੁਰ ਅਸਮਾਨਾਂ ਨਾਲ ਗੱਲਾਂ ਕਰਦੀਆਂ ਮਾੜੀਆਂ, ਸਾਡੀਆਂ ਸੱਧਰਾਂ ਨਾਲ ਸਜਾਈਆਂ ਕੋਠੀਆਂ, ਸਾਡੇ ਮੋ·ਕਲੇ-ਖੁੱਲ੍ਹੇ ਬੰਗਲੇ, ਸਾਡੇ ਕਾਰਖ਼ਾਨੇ, ਸਾਡੀਆਂ ਫੈਕਟਰੀਆਂ, ਮਸ਼ੀਨਾਂ, ਭੱਠੇ, ਠੇਕੇ, ਨਹਿਰਾਂ, ਬਾਗ਼, ਨੌ-ਆਬਾਦੀਆਂ...’’

‘‘ਸਾਡੇ ਤੀਰਥ, ਸਾਡੇ ਜਨਮ-ਅਸਥਾਨ, ਸਾਡੇ ਗੁਰਦੁਆਰੇ, ਸਾਡੇ ਮੰਦਰ, ਸਾਡੇ ਸ਼ਿਵਾਲੇ, ਸਾਡੀਆਂ ਮੜ੍ਹੀਆਂ, ਸਾਡੇ ਮਸਾਣ, ਸਾਡੀਆਂ ਮਾਵਾਂ, ਭੈਣਾਂ, ਧੀਆਂ, ਅਛੋਹ ਕੁਆਰੀਆਂ, ਕੰਜਕਾਂ, ਸਾਡੇ ਮਲੂਕੜੇ ਸੋਹਲ ਜਵਾਨ, ਸਾਡੀਆਂ ਨੱਕੋ-ਨੱਕ ਭਰੀਆਂ ਦੁਕਾਨਾਂ, ਸਾਡੇ ਸ਼ੂੰਕਦੇ ਗੁਦਾਮ, ਸਾਡੀਆਂ ਟਟੀਹਰੀਆਂ ਵਾਂਗ ਦੌੜਦੀਆਂ ਮੋਟਰਾਂ, ਸਾਡੇ ਟ੍ਰਸਟ, ਸਾਡੇ ਫੰਡ ਸਾਡੀਆਂ ਕਲੱਬਾਂ, ਸੁਸਾਇਟੀਆਂ, ਸਾਡੀਆਂ ਉੱਧਰ ਦੀਆਂ ਹਵਾਵਾਂ, ਸਾਡਾ ਉੱਧਰ ਦਾ ਪਾਣੀ, ਸਾਡੀ ਉੱਧਰ ਦੀ ਧੁੱਪ, ਸਾਡੀ ਛਾਂ....’’

‘‘ਕਿਉਂ ਜੀ, ਬਾਜ਼ਾਰ ਮਾਈ ਸੇਵਾਂ ਕਿਧਰ ਹੋਇਆ ?’’ ਮੈਂ ਹੋਰ ਅੱਗੇ ਹੋ ਕੇ ਪੁੱਛਿਆ। ਨੌਜਵਾਨ ਹਿੰਦੂ ਮੁੰਡਾ ਲੰਮੀਆਂ-ਲੰਮੀਆਂ ਬਾਹਵਾਂ ਫੈਲਾਈ ਅਜੇ ਵੀ ਕੁਝ ਬੋਲ ਰਿਹਾ ਸੀ।

ਪਤਾ ਨਹੀਂ ਕਿਉਂ ਮੈਨੂੰ ਇੰਝ ਲੱਗਾ, ਜੇ ਮੈਂ ਹੋਰ ਰਤਾ ਅੱਗੇ ਹੋਇਆ ਤਾਂ ਦੁੱਧ-ਚਿੱਟੀ ਦਾਹੜੀ ਵਾਲਾ ਸਰਦਾਰ ਤੇ ਉਹਦੇ ਕੋਲ ਖਲੋਤਾ ਬੋਲ ਰਿਹਾ ਮੁੰਡਾ ਦੋਵੇਂ ਛਾਈਂ-ਛਾਈਂ ਹੋ ਜਾਣਗੇ। ਮੈਂ ਚੁਪਾਤਾ ਜਿਹਾ ਉੱਥੋਂ ਤਿਲ੍ਹਕ ਕੇ ਅੱਗੇ ਆ ਗਿਆ।

ਅੰਮ੍ਰਿਤਸਰ ਸੜ ਚੁੱਕਾ ਸੀ। ਜਿਹੜਾ ਹਿੱਸਾ ਅਜੇ ਨਹੀਂ ਢੱਠਾ ਸੀ, ਇੰਝ ਸਮੂਲਾ ਹੱਕਾ-ਬੱਕਾ ਹੈਰਾਨ ਖਲੋਤਾ ਸੀ, ਜਿਵੇਂ ਉਹਦੀ ਚੁੱਪ ਕਹਿ ਰਹੀ ਹੋਵੇ, ਕਿ ਉਸ ਨੂੰ ਤੇ ਆਪ ਨਹੀਂ ਸੀ ਇਹ ਪਤਾ ਕਿੰਜ ਉਹ ਬਚ ਗਿਆ ਹੈ।

‘‘ਮੈਂ ਵੀ ਸੜ ਜਾਵਾਂਗੀ ਆਪਣੀ ਅੰਦਰ ਦੀ ਅੱਗ ਨਾਲ,’’ ਚਵ੍ਹਾਂ ਪਾਸੇ ਢਠਵਾਹਣਾਂ ਵਿਚ ਕੋਈ ਇੱਕੋ-ਇੱਕ ਖੜੋਤੀ ਮੰਜ਼ਲ ਜਿਵੇਂ ਕਹਿ ਰਹੀ ਹੋਵੇ। ਇੰਨ-ਬਿੰਨ ਉਹਦੇ ਸਾਹਮਣੇ ਇੱਕ ਦੁਕਾਨ ’ਤੇ ਭੀੜ ਪਲੋ-ਪਲੀ ਵਧ ਰਹੀ ਸੀ। ਹੱਥ ਮਲਦੇ, ਘਬਰਾਏ ਹੋਏ ਅੰਮ੍ਰਿਤਸਰੀਏ ਨੱਠੇ ਆ ਰਹੇ ਸਨ। ਕਿਸੇ ਸ਼ਰਨਾਰਥੀ ਨੇ ਕਿਸੇ ਸ਼ਰਨਾਰਥੀ ਦੁਕਾਨਦਾਰ ਨੂੰ ਵੱਢ ਸੁੱਟਿਆ ਸੀ। ਕਿਸੇ ਨੇ ਦੁਕਾਨ ਮੱਲੀ ਹੋਈ ਸੀ, ਕਿਸੇ ਦੇ ਨਾਂ ਦੁਕਾਨ ਅਲਾਟ ਹੋਈ ਸੀ। ਤੇ ਇੰਝ ਝਗੜਾ ਕਿਤਨੇ ਦਿਨਾਂ ਤੋਂ ਚਲਾ ਆ ਰਿਹਾ ਸੀ।

‘‘ਹਾਏ ਮਿੜੇ ਪਿਹਲੀ ਵਾਂਗ ਲੋਕੀ ਤੇ ਇੱਕ -ਦੂਜੇ ਨੂੰ ਅੱਜਕੱਲ੍ਹ ਮਾਰ ਸੁੱਟਦੇ ਨੇ।’’

‘‘ਇਹ ਹਨੇਰ ਨਹੀਂ ਕਦੀ ਵੇਖਿਆ, ਗੁਰਾਂ ਦੀ ਨਗਰੀ ਵਿਚ!’’ ‘‘ਨੀ ਸ਼ਾਂਤੀ ਦੀ ਬੀਬੀ, ਮੈਂ ਆਪ ਵੇਖਿਆ ਗੱਲਾਂ-ਗੱਲਾਂ ਵਿਚ ਉਸ ਤਲਵਾਰ ਕੱਢੀ ਤੇ ਵਿਚਾਰੇ ਨੂੰ ਮੂਧਾ ਕਰ ਸੁੱਟਿਆ,’’ ਸਾਹਮਣੇ ਖਿੜਕੀ ਵਿਚ ਖੜੋਤੀ ਤੀਜੀ ਔਰਤ ਨੇ ਬਾਕੀ ਦੋਹਾਂ ਨੂੰ ਦੱਸਿਆ।

ਹੋਰ ਅੱਗੇ, ਬਾਜ਼ਾਰ ਵਿਚ ਮੈਂ ਵੇਖਿਆ, ਲੋਕੀਂ ਹਿਰਾਸ ਵਿੱਚ ਦਿਨ-ਦਿਹਾੜੇ ਦੁਕਾਨਾਂ ਬੰਦ ਕਰ ਰਹੇ ਸਨ। ਅਗਲੇ ਚੌਕ ਵਿਚ ਇੱਕ ਪੁਲਿਸ ਦੇ ਸਿਪਾਹੀ ਨੂੰ ਮੈਂ ਦੱਸਿਆ, ਬਾਜ਼ਾਰ ਵਿਚ ਕਿਸੇ ਨੇ ਕਿਸੇ ਨੂੰ ਵੱਢ ਸੁੱਟਿਆ ਹੈ।

‘‘ਖਾਣ ਖਸਮਾਂ ਨੂੰ! ਅਸੀਂ ਤੇ ਥੱਕ ਲੱਥੇ ਹਾਂ,’’ ਤੇ ਉਹ ਉੱਥੇ ਦਾ ਉੱਥੇ ਹੀ ਖੜੋਤਾ ਰਿਹਾ।

ਉਸ ਤੋਂ ਅੱਗੇ ਗੁਰੂ ਬਾਜ਼ਾਰ ਸੀ, ਫੇਰ ਬਾਜ਼ਾਰ ਮਾਈ ਸੇਵਾਂ ਦੀ ਨੁੱਕੜ ਤੇ ਦਰਬਾਰ ਸਾਹਿਬ, ਸ੍ਰੀ ਹਰਿਮੰਦਰ, ਸਿੱਖਾਂ ਦਾ ਮੱਕਾ, ਜਿਸ ਦੇ ਪਾਣੀ ਦੀ ਛੋਹ ਨਾਲ ਕਾਗ ਹੰਸ ਹੋ ਗਿਆ ਸੀ, ਜਿਸ ਨੂੰ ਦੁਨੀਆ ਭਰ ਦੇ ਲੋਕ ‘ਸੋਨੇ ਦਾ ਮੰਦਰ’ ਕਹਿ ਕੇ ਯਾਦ ਕਰਦੇ ਹਨ, ਜਿਸ ਦੀ ਨੀਂਹ ਮੀਆਂ ਮੀਰ ਵਰਗੇ ਫ਼ਕੀਰ ਨੇ ਰੱਖੀ ਸੀ।

ਬਾਜ਼ਾਰ ਮਾਈ ਸੇਵਾਂ ਦੀ ਵੱਖੀ ਵਿੱਚੋਂ ਭੀੜੀ ਜਹੀ ਇੱਕ ਗਲੀ ਲੰਘਦੀ, ਫੇਰ ਇੱਕ ਬਾਜ਼ਾਰ ਵਿੱਚੋਂ ਹੁੰਦਾ ਅੰਮ੍ਰਿਤਸਰ ਦੇ ਇੱਕ ਦੋਸਤ ਦੇ ਘਰ ਮੈਂ ਪੁੱਜਾ।

ਇਹ ਵੱਡਾ ਸਾਰਾ ਚਾਲ੍ਹੀ-ਸੰਨਾ ਮਕਾਨ ਸੀ, ਸਗੋਂ ਇਸ ਤੋਂ ਵੀ ਪੁਰਾਣਾ। ਮਕਾਨ ਉੱਤੇ, ਮਕਾਨ ਉੱਤੇ ਮਕਾਨ, ਇਸ ਤਰ੍ਹਾਂ ਸ਼ਾਇਦ ਕੋਈ ਸੱਤ ਮੰਜ਼ਲਾਂ। ਗਲੀ ਵਿੱਚੋਂ ਹੀ ਪੌੜੀਆਂ ਸ਼ੁਰੂ ਹੋ ਜਾਂਦੀਆਂ ਸਨ ਤੇ ਫੇਰ ਕਿਤੇ ਡਿਉਢੀ ਆਉਂਦੀ। ਡਿਉਢੀ ਵਿਚ ਫੇਰ ਪੌੜੀਆਂ, ਇੱਕ ਸੱਜੇ ਪਾਸੇ, ਇੱਕ ਖੱਬੇ ਪਾਸੇ, ਇਤਨੀਆਂ ਪੁਰਾਣੀਆਂ, ਇਤਨੀਆਂ ਕਿਰ-ਕਿਰ ਕਰ ਰਹੀਆਂ ਕਿ ਹਰ ਵਾਰ ਜਦੋਂ ਕੋਈ ਉਹਨਾਂ ਵਿਚ ਵੜਦਾ, ਵਿਚਾਰੀਆਂ ਪੌੜੀਆਂ ਨੂੰ ਆਪ ਪਤਾ ਨਹੀਂ ਸੀ ਹੁੰਦਾ ਕਿ ਉਸ ਨੂੰ ਉੱਪਰ ਪੁਚਾ ਸਕਣਗੀਆਂ ਕਿ ਨਹੀਂ ?

ਮੈਨੂੰ ਪਤਾ ਸੀ, ਮੇਰਾ ਦੋਸਤ ਧੁਰ ਉੱਤੇ ਮੰਜ਼ਿਲ ’ਤੇ ਰਹਿੰਦਾ ਸੀ, ਪਰ ਤਾਂ ਵੀ ਮੈਂ ਸ਼ਾਇਦ ਰਤਾ ਸਾਹ ਲੈਣ ਲਈ ਹਰ ਮੰਜ਼ਲ ਤੋਂ ਪੁੱਛ ਲੈਂਦਾ, ‘‘ਜੀ...ਹੋਰੀਂ ਕਿੱਥੇ ਮਿਲਣਗੇ ?’’ ਤੇ ਜਵਾਬ ਹਮੇਸ਼ਾ ਹੁੰਦਾ ਸੀ, ‘‘ਜੀ ਹੋਰ ਉੱਤੇ ਚੜ੍ਹ ਜਾਓ!’’ ਹਰ ਮੰਜ਼ਲ ਤੇ ਲੰਮੀਆਂ-ਲੰਮੀਆਂ ਚਿੱਟੀਆਂ ਦਾਹੜੀਆਂ ਵਾਲੇ ਝਰੀਠ ਰੁੱਢੇ ਤੇ ਮੋਟੀਆਂ-ਮੋਟੀਆਂ ਅੋਣਕਾਂ ਵਾਲੀਆਂ ਸਿੱਥਲ ਬੁੱਢੀਆਂ ਜਾਂ ਤੇ ਗੁਟਕੇ ਫੜੀ ਪਾਠ ਕਰ ਰਹੀਆਂ ਹੁੰਦੀਆਂ, ਜਾਂ ਦਰਬਾਰ ਸਾਹਿਬ ਦਾ ਪ੍ਰਕਾਸ਼ ਕਰਕੇ ਪਾਠ ਕਰ ਰਹੀਆਂ ਹੁੰਦੀਆਂ ਤੇ ਇੰਨ-ਬਿੰਨ ਇੰਝ ਹੀ ਮੈਂ ਵੇਖਿਆ ਸੀ, ਜਦੋਂ ਮੈਂ ਪਿਛਲੀ ਵਾਰ ਏਥੇ ਆਇਆ ਸਾਂ।

‘‘ਇਹ ਸਾਡੇ ਬਾਬਾ ਜੀ ਹਨ,’’ ਪਿਛਲੀ ਵਾਰ ਜਦੋਂ ਮੈਂ ਆਇਆ, ਮੇਰੇ ਦੋਸਤ ਮੈਨੂੰ ਇੱਕ ਕਮਰੇ ਵਿਚ ਲੈ ਗਏ ਸਨ ਤੇ ਉੱਥੇ ਮੈਨੂੰ ਇੱਕ ਬਜ਼ੁਰਗ ਨਾਲ ਮਿਲਾਇਆ ਸੀ। ਕਮਰਾ ਇੱਕ ਪੁਰਾਣੇ ਕਿਸਮ ਦਾ ਨਿਰਾਪੁਰਾ ਗੁਰਦੁਆਰਾ ਸੀ। ਛੱਤ ਤੇ ਫਾਨੂਸ ਲਟਕ ਰਹੇ ਸਨ। ਕੰਧਾਂ ’ਤੇ ਗੁਰੂਆਂ ਦੀਆਂ ਤਸਵੀਰਾਂ ਲਟਕੀਆਂ ਹੋਈਆਂ ਸਨ। ਸਭ ਤੋਂ ਵੱਡੀ ਗੁਰੂ ਨਾਨਕ ਜੀ ਦੀ ਤਸਵੀਰ ਸੀ। ਗੁਰੂ ਸਾਹਿਬ ਇੱਕ ਦਰਖਤ ਹੇਠਾਂ ਬੈਠੇ ਹਨ। ਇੱਕ ਪਾਸੇ ਬਾਲਾ ਹੈ ਤੇ ਦੂਜੇ ਪਾਸੇ ਮਰਦਾਨਾ ਹੈ ਤੇ ਦਰਖ਼ਤ ’ਤੇ ਇੱਕ ਪਿੰਜਰਾ ਟੰਗਿਆ ਹੈ, ਜਿਸ ਵਿਚ ਇੱਕ ਤੋਤਾ ਬੈਠਾ ਹੈ। ‘‘ਇਹ ਸਾਡੇ ਬਜ਼ੁਰਗ ਬਸ ਇਸੇ ਕਮਰੇ ਵਿਚ ਰਹਿੰਦੇ ਨੇ ਚਵ੍ਹੀ ਘੰਟੇ ਤੇ ਹਰ ਵੇਲੇ ਜਾਂ ਪਾਠ ਕਰਦੇ ਰਹਿੰਦੇ ਹਨ ਜਾਂ ਪਾਠ ਸੁਣਦੇ ਰਹਿੰਦੇ ਹਨ,’’ ਮੇਰੇ ਦੋਸਤ ਨੇ ਮੈਨੂੰ ਦੱਸਿਆ।

ਮੈਂ ਮਸਾਂ-ਮਸਾਂ ਉਤਲੀ ਮੰਜ਼ਲ ’ਤੇ ਅੱਪੜਿਆ। ਸਾਹਮਣੇ ਇੱਕ ਜੰਗਲੇ ਨਾਲ ਲੱਗ ਕੇ ਕੁਝ ਬੱਚੇ ਖੇਡ ਰਹੇ ਸਨ, ਨੱਠ ਕੇ ਸਾਰੇ ਦੇ ਸਾਰੇ ਮੇਰੇ ਕੋਲ ਆ ਗਏ। ਸਭ ਦੀਆਂ ਅੱਖਾਂ ਕਹਿ ਰਹੀਆਂ ਸਨ, ‘‘ਤੁਸੀਂ ਸਾਡੇ ਪਿਤਾ ਜੀ ਨੂੰ ਮਿਲਣਾ ਹੈ ?’’

‘‘ਹਾਂ, ਹਾਂ, ਹਾਂ,’’ ਮੇਰਾ ਜੀਅ ਕੀਤਾ ਖਿਝ ਕੇ ਉਨ੍ਹਾਂ ਨੂੰ ਕਵ੍ਹਾਂ। ਆਖ਼ਰ ਇਤਨਾ ਉੱਚਾ ਜੇ ਕੋਈ ਚੜ੍ਹ ਕੇ ਆਉਂਦਾ ਹੈ ਤਾਂ ਘਰ ਭੁੱਲਣ ਦੀ ਗੁੰਜਾਇਸ਼ ਘੱਟ ਹੀ ਹੁੰਦੀ ਹੈ।

ਇਤਨੇ ਵਿਚ ਮੇਰੇ ਦੋਸਤ ਬਾਹਰ ਆ ਗਏ। ਤੇ ਇਸ ਤੋਂ ਪਹਿਲਾਂ ਕਿ ਮੈਨੂੰ ਕੁਝ ਸਮਝ ਪੈਂਦੀ, ਉਹਨਾਂ ਨੇ ਮੈਨੂੰ ਗਲ਼ ਨਾਲ ਲਾਇਆ ਤੇ ਕਲਾਵੇ ਵਿਚ ਲਈ-ਲਈ ਸਾਹਮਣੇ ਰਸੋਈ ਵਿਚ ਲੈ ਗਏ। ਚੁੱਲ੍ਹੇ ਕੋਲ ਬੈਠੇ ਪ੍ਰਭਜੋਤ - ਇਹ ਉਨ੍ਹਾਂ ਦੀ ਬੀਵੀ ਦਾ ਨਾਂ ਸੀ - ਰੋਟੀ ਪਕਾ ਰਹੀ ਸੀ।

‘‘ਜੀ - ਜੀ ਆਏ ਨੇ।’’

ਉਨ੍ਹਾਂ ਦੀ ਬੀਵੀ ਚੁੱਪ ਸੀ।

‘‘ਜੀ- ਜੀ ਆਏ ਨੇ, ਜਿਨ੍ਹਾਂ ਦੀ ਕਵਿਤਾ ਪੜ੍ਹ ਕੇ ਤੁਸੀਂ ਇੱਕ ਵਾਰ ਕੋਇਟੇ ਤੋਂ ਲਾਹੌਰ ਮਿਲਣ ਲਈ ਤੁਰ ਪਏ ਸੀ।’’

ਤੇ ਉਸ ਦੀ ਬੀਵੀ ਉਂਜ ਦੀ ਉਂਜ ਚੁੱਪ ਸੀ। ਮੇਰੇ ਦੋਸਤ ਨੇ ਅੱਗੇ ਹੋ ਕੇ ਵੇਖਿਆ ਤੇ ਫੇਰ ਮੈਨੂੰ ਹੌਲੀ ਜਹੀ ਕੰਨ ਵਿਚ ਕਿਹਾ, ‘‘ਪਾਠ ਕਰ ਰਹੀ ਏ। ਜਦ ਤੱਕ ਅਸ਼ਟਪਦੀ ਖ਼ਤਮ ਨਾ ਹੋਏ, ਗੱਲ ਨਹੀਂ ਕਰਦੀ।’’

ਇਤਨਾ ਚਿਰ ਉਹ ਮੈਨੂੰ ਉੱਤੇ ਲੈ ਗਏ। ਹੋਰ ਉੱਤੇ।

‘‘ਇਹ ਮੇਰਾ ਕਮਰਾ ਹੈ।’’

ਮੈਂ ਸੋਚਿਆ ਹੁਣ ਬੈਠਾਂਗੇ, ਕਿਸੇ ਕਿਤਾਬ ਨੂੰ ਵੇਖਾਂਗੇ।

‘‘ਤੇ ਇਸ ਤੋਂ ਉੱਤੇ ਇੱਕ ਚੀਜ਼ ਤੁਹਾਨੂੰ ਹੋਰ ਵਿਖਾਣੀ ਹੈ,’’ ਤੇ ਅਸੀਂ ਆਖ਼ਰੀ ਛੱਤ ’ਤੇ ਖੜੇ ਹੋਏ ਸਾਂ।

‘‘ਇਹ ਘਰ ਖ਼ਾਸ ਮੇਰੇ ਪਿਓ ਦੇ ਪਿਓ ਦੇ ਪਿਓ ਦੇ ਪਿਓ ਨੇ ਬਣਾਇਆ ਸੀ।’’ ਮੇਰੇ ਦੋਸਤ ਨੇ ਮੈਨੂੰ ਦੱਸਿਆ।

ਜ਼ਰਾ-ਜ਼ਰਾ ਹਨੇਰਾ ਹੋ ਰਿਹਾ ਸੀ। ਸਾਹਮਣੇ ਹਰਿਮੰਦਰ ਦੇ ਸਰੋਵਰ ਵਿਚ ਰੌਸ਼ਨੀਆਂ ਲਿਸ਼ਕਣ ਲੱਗ ਪਈਆਂ ਸਨ, ਸ਼ਾਂਤ, ਅਡੋਲ, ਥਲ੍ਹਕਦੇ ਪਾਣੀ ਵਿਚ ਕਿਤੇ ਗੜੂੰਦ ਹੋ ਰਹੀਆਂ ਸਨ, ਕਿਤੇ ਉੱਭਰ ਉਛਲ ਰਹੀਆਂ ਸਨ। ਰੌਸ਼ਨੀਆਂ ਜਿਹੜੀਆਂ ਹਰਿਮੰਦਰ ਦੇ ਝਰਨਿਆਂ ਵਿੱਚੋਂ ਫੁਟਦੀਆਂ ਤੇ ਸਰੋਵਰ ਦੀ ਸੀਤਲਤਾ, ਸਵੱਛਤਾ, ਪਵਿੱਤਰਤਾ ਵਿੱਚੋਂ ਨਿੱਚ ਨਿੱਤਰ ਪਸਰਦੀਆਂ।

ਅਜੇ ਤੀਕ ਲੋਕੀਂ ਸਿਰ ਨਿਵਾਈ ਜਿਵੇਂ ਬੱਧੇ ਹੋਏ, ਖਿੱਚੇ ਹੋਏ ਵਹੀਰਾਂ ਦੀਆਂ ਵਹੀਰਾਂ ਅੰਦਰ ਜਾ ਰਹੇ ਸਨ। ਤੇ ਜਿਵੇਂ ਖਿੜੇ-ਪੁੜੇ ਹੌਲੇ-ਫੁੱਲ, ਤਿਲ੍ਹਕਦੇ ਹੋਏ ਉੱਡਦੇ ਹੋਏ ਬਾਹਰ ਆ ਰਹੇ ਸਨ। ਨਿਥਾਵਿਆਂ ਦੀ ਥਾਂ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਰੱਬ ਆਪ ਅੰਦਰ ਬਰਾਜਮਾਨ ਸੀ। ਗੁਰੂ ਅਮਰਦਾਸ।

ਹਰਿਮੰਦਰ ਦੇ ਸੋਨੇ ਦੇ ਕਲਸ, ਹਰਿਮੰਦਰ ਦੇ ਸੋਨੇ ਦੇ ਬਨੇਰੇ, ਹਰਿਮੰਦਰ ਦੀਆਂ ਸੋਨੇ ਦੀਆਂ ਦੀਵਾਰਾਂ। ਬੀਤ ਰਹੀ ਸ਼ਾਮ ਦਾ ਘਸਮੈਲਾਪਣ, ਇੱਕ ਲੱਖ ਧੂਪਾਂ ਦਾ ਸੁਗੰਧਤ ਧੂੰਆਂ, ਮਣਾਂ-ਮੂੰਹੀਂ ਚੰਬੇ, ਮੋਤੀਏ, ਗੇਂਦੇ, ਗੁਲਾਬ ਦੇ ਫੁੱਲਾਂ ਦੀ ਰਚੀ-ਮਿਚੀ ਖ਼ੁਸ਼ਬੂ। ਅਣਗਿਣਤ ਬੁੱਲੀਆਂ ਵਿਚੋਂ ਅਣਗਿਣਤ ਵਾਰ ਨਿਕਲ ਰਹੇ ਰੱਬ ਦੇ ਨਾਂ ਦੀ ਗੁੰਜਾਰ, ਅਣਗਿਣਤ ਦਿਲਾਂ ਵਿੱਚੋਂ ਅਣਗਿਣਤ ਦੱਬੀਆਂ ਹੋਈਆਂ ਸੱਧਰਾਂ, ਖ਼ਾਹਿਸ਼ਾਂ, ਉਮੀਦਾਂ, ਅਣਗਿਣਤ ਛਾਤੀਆਂ ਵਿਚੋਂ ਅਣਗਿਣਤ ਵਾਰ ਫੁੱਟੀਆਂ ਅਰਜ਼ਾਂ, ਜੋਦੜੀਆਂ, ਫ਼ਰਿਆਦਾਂ। ਤੇ ਏਸ ਸਭ ਦੇ ਪਿਛੋਕੜ ਲਾਊਡ ਸਪੀਕਰ ਵਿਚੋਂ ਮਿੱਠੀ ਮਧੁਰ ਇੱਕ ਦਮ ਮੋਹਿਤ ਕਰ ਲੈਣ ਵਾਲੀ ਪਾਠ ਦੀ ਧੁਨੀ ਉਮਲ਼-ਉਮਲ਼ ਕੇ ਨਿਕਲ ਰਹੀ ਸੀ। ਇੱਕ ਸੂਖ਼ਮ ਆਵਾਜ਼ ਉੱਭਰ-ਉੱਭਰ ਕੇ, ਤਰ-ਤਰ ਕੇ, ਧੁਲ-ਧੁਲ ਕੇ, ਜਿਵੇਂ ਕੰਨਾਂ ਵਿਚ ਪੈ ਰਹੀ ਸੀ, ਦਿਲ ਵਿਚ ਭਰ ਰਹੀ ਸੀ। ਇੱਕ ਪ੍ਰਵਾਹ, ਜਿਹੜਾ ਕੋਲੋਂ ਮੇਰੇ ਦੋਸਤ ਨੇ ਮੈਨੂੰ ਦੱਸਿਆ, ਅੱਠੇ ਪਹਿਰ ਚਲਦਾ ਰਹਿੰਦਾ ਸੀ। ਅਖੰਡ, ਅਤੁੱਟ, ਅਮਕਥਵੀਂ ਪਾਠ ਦੀ ਧੁਨੀ ਜੋ ਮੁੱਢ-ਕਦੀਮਾਂ ਤੋਂ ਚਲੀ ਆ ਰਹੀ ਸੀ।

ਜਿਵੇਂ ਮਸਤ ਮਦਹੋਸ਼ ਲੋਰ ਵਿਚ ਮੈਂ ਅਹਿੱਲ ਖੜੋਤਾ ਸਾਂ। ਹਨੇਰਾ ਹੋਰ ਜ਼ਿਆਦਾ ਹੋ ਗਿਆ ਸੀ। ਸੋਨੇ ਦੇ ਹਰਿਮੰਦਰ ਦੀਆਂ ਰੌਸ਼ਨੀਆਂ ਹੋਰ ਸ਼ੋਖ਼ ਚਮਕਣ ਲੱਗੀਆਂ ਸਨ। ਪਾਰ ਸਾਹਮਣੇ ਸ਼ਰਧਾਲੂ ਘੱਟ ਰਹੇ ਸਨ। ਚੰਬੇ ਮੋਤੀਏ ਦੇ ਨਾਲ ਸੁਗੰਧਤ ਹਵਾ ਰੁਮਕਣ ਲੱਗ ਪਈ ਸੀ। ਲਾਊਡ ਸਪੀਕਰ ਵਿੱਚੋਂ ਨਿਕਲ ਰਹੀ ਕੀਰਤਨ ਦੀ ਆਵਾਜ਼ ਹੋਰ ਉਚੇਰੀ ਹੋ ਰਹੀ ਸੀ।

ਮੈਂ ਪੁੱਛਿਆ, ‘‘ਉਹਨਾਂ ਦਿਨਾਂ ਵਿਚ ਜਦੋਂ ਬੰਬਾਂ ਦੀ ਗੁੰਜਾਰ ਨਾਲ ਧਰਤੀ ਕੰਬ ਰਹੀ ਸੀ, ਜਦੋਂ ਨਫ਼ਰਤ ਤੇ ਘ੍ਰਿਣਾ ਦੇ ਨਾਅਰੇ ਆਕਾਸ਼ ਨੂੰ ਚੀਰ ਰਹੇ ਸਨ, ਜਦੋਂ ਰਾਤਾਂ ਰੋਸ਼ਨ ਕੀਤੀਆਂ ਜਾਂਦੀਆਂ ਸਨ, ਮਹਿਲ-ਮਾੜੀਆਂ ਤੇ ਕਟੜਿਆਂ ਨੂੰ ਅੱਗਾਂ ਲਾ-ਲਾ ਕੇ, ਜਦੋਂ ਬੇਗੁਨਾਹਾਂ ਦੀਆਂ ਚੀਖ਼ਾਂ ਫ਼ਰਿਆਦਾਂ ਪੱਥਰ ਪਾੜ-ਪਾੜ ਸੁੱਟਦੀਆਂ ਸਨ, ਜਦੋਂ ਤਲਵਾਰਾਂ, ਛੁਰੇ, ਨੇਜ਼ੇ....’’

‘‘ਹਾਂ, ਹਾਂ, ਉਦੋਂ ਵੀ ਕੀਰਤਨ ਇੰਝ ਹੀ ਹੁੰਦਾ ਰਿਹਾ, ਅਤੁੱਟ, ਅਖੰਡ, ਇਕਸੁਰ,’’ ਮੇਰੇ ਦੋਸਤ ਨੇ ਮੇਰੀ ਗੱਲ੍ਹ ਨੂੰ ਮਸਲਦੇ ਹੋਏ ਉਤਾਵਲੇ ਜਹੇ ਜਵਾਬ ਦਿੱਤਾ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਕਰਤਾਰ ਸਿੰਘ ਦੁੱਗਲ
  • ਮੁੱਖ ਪੰਨਾ : ਕਾਵਿ ਰਚਨਾਵਾਂ, ਕਰਤਾਰ ਸਿੰਘ ਦੁੱਗਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ