Punjabi Stories/Kahanian
ਪਿਓਤਰ ਲਿਦੋਵ
Pyotr Lidov
Punjabi Kavita
  

Tanya Pyotr Lidov

ਤਾਨਿਯਾ ਪਿਓਤਰ ਲਿਦੋਵ

ਦਸੰਬਰ 1941 ਦੇ ਸ਼ੁਰੂ ਵਿੱਚ ਜਰਮਨਾਂ ਨੇ ਵੇਰੇਯਾ ਦੇ ਨੇੜੇ ਪੇਤਰਿਸ਼ਚੇਵੋ ਪਿੰਡ ਵਿੱਚ ਮਾਸਕੋ ਦੀ ਇੱਕ ਅਠਾਰਾਂ ਵਰ੍ਹਿਆਂ ਦੀ ਕੋਮਸੋਮੋਲ ਕੁੜੀ ਨੂੰ, ਜਿਸ ਨੇ ਆਪਣਾ ਨਾਂ ਤਾਨਿਯਾ ਦੱਸਿਆ ਸੀ, ਫਾਹੇ ਲਾਇਆ।

ਮਾਸਕੋ ਵਾਸਤੇ ਉਹ ਬੜੇ ਭਿਆਨਕ ਖਤਰੇ ਵਾਲ਼ੇ ਦਿਨ ਸਨ। ਗੋਲਿਤਸੀਨੋ ਤੇ ਸਖੋਦਨਿਆ ਦੇ ਪਿੰਡਾਂ ਦੇ ਨੇੜੇ, ਜਿਥੇ ਬਹੁਤ ਮਾਸਕੋ ਵਾਸੀਆਂ ਦੇ ਡਾਚੇ ਸਨ, ਸਖ਼ਤ ਲੜਾਈ ਹੋ ਰਹੀ ਸੀ। ਓਧਰ ਮਾਸਕੋ ਵਿੱਚੋਂ ਬਹਾਦਰ ਰਜ਼ਾਕਾਰ ਚੁਣੇ ਗਏ ਸਨ ਅਤੇ ਉਹਨਾਂ ਨੂੰ ਦੁਸ਼ਮਣ ਦੇ ਪਿਛਵਾੜੇ ਲੜਦੇ ਛਾਪੇਮਾਰ ਦਸਤਿਆਂ ਦੀ ਮਦਦ ਕਰਨ ਲਈ ਮਹਾਜ਼ ਦੇ ਪਾਰ ਭੇਜਿਆ ਗਿਆ ਸੀ।
ਛੇਤੀ ਹੀ ਮਗਰੋਂ ਪੇਤਰਿਸ਼ਚੇਵੋ ਵਿੱਚ ਕਿਸੇ ਨੇ ਜਰਮਨਾਂ ਦੇ ਰਣ-ਖੇਤਰੀ ਟੈਲੀਫੋਨ ਦੀਆਂ ਸਾਰੀਆਂ ਤਾਰਾਂ ਕੱਟ ਦਿੱਤੀਆਂ ਅਤੇ ਜਰਮਨ ਅਸਤਬਲ ਨੂੰ ਅੱਗ ਲਾ ਦਿੱਤੀ ਜਿਸ ਵਿੱਚ ਸਤਾਰਾਂ ਘੋੜੇ ਸਨ। ਅਗਲੇ ਦਿਨ ਛਾਪਾਮਾਰ ਨੂੰ ਫੜ ਲਿਆ ਗਿਆ।

ਪੇਤਰਿਸ਼ਚੇਵੋ ਦੇ ਫੌਜੀਆਂ ਨੇ ਸਾਂਝੇ ਖੇਤਾਂ ਦੇ ਕਿਸਾਨਾਂ ਨੂੰ ਦੱਸਿਆ ਸੀ ਕਿ ਛਾਪਾਮਾਰ ਨੂੰ ਕਿਨ੍ਹਾਂ ਹਾਲਤਾਂ ਵਿੱਚ ਫੜਿਆ ਗਿਆ ਸੀ। ਉਸ ਨੇ ਫਰ ਦੀ ਟੋਪੀ, ਫਰ ਦੀ ਮਗਜ਼ੀ ਵਾਲ਼ੀ ਜੈਕਟ, ਰੂੰਦਾਰ ਪਤਲੂਣ ਤੇ ਨਮਦੇ ਦੇ ਬੂਟ ਪਏ ਹੋਏ ਸਨ। ਮੋਢੇ ਉਤੇ ਥੈਲਾ ਲਟਕਾਇਆ ਹੋਇਆ ਸੀ, ਤੇ ਉਹ ਅਹਿਮ ਫੌਜੀ ਟਿਕਾਣੇ ਵੱਲ ਗਿਆ ਸੀ। ਉਹਨੇ ਆਪਣਾ ਪਿਸਤੌਲ ਆਪਣੇ ਕੋਟ ਦੇ ਅੰਦਰ ਤੁੰਨ ਲਿਆ, ਆਪਣੇ ਥੈਲੇ ਵਿੱਚੋਂ ਪੈਟਰੋਲ ਦੀ ਇੱਕ ਬੋਤਲ ਕੱਢੀ ਤੇ ਇਸ ਨੂੰ ਦੀਵਾਰ ਉਤੇ ਡੋਲ੍ਹਿਆ ਤੇ ਇਸ ਨੂੰ ਤੀਲੀ ਲਾਉਣ ਹੀ ਵਾਲ਼ਾ ਸੀ ਕਿ ਜਰਮਨ ਸੰਤਰੀ ਉਹਦੇ ਪਿਛਿਓਂ ਆ ਟੱਪਕਿਆ ਤੇ ਉਸ ਨੂੰ ਜੱਫਾ ਮਾਰ ਲਿਆ।
ਛਾਪਾਮਾਰ ਨੇ ਜਰਮਨ ਨੂੰ ਧੱਕਾ ਮਾਰ ਕੇ ਪਰੇ ਕੀਤਾ ਅਤੇ ਆਪਣਾ ਪਿਸਤੌਲ ਕੱਢਿਆ, ਪਰ ਉਸ ਨੂੰ ਗੋਲ਼ੀ ਚਲਾਉਣ ਦਾ ਮੌਕਾ ਨਾ ਮਿਲ ਸਕਿਆ। ਸੰਤਰੀ ਨੇ ਝਪਟ ਕੇ ਪਿਸਤੌਲ ਉਹਦੇ ਹੱਥੋਂ ਖੋਹ ਲਿਆ ਤੇ ਰੌਲਾ ਪਾ ਦਿੱਤਾ।

ਛਾਪਾਮਾਰ ਨੂੰ ਉਸ ਝੁੱਗੀ ਵਿੱਚ ਲਿਆਂਦਾ ਗਿਆ ਜਿਸ ਵਿੱਚ ਅਫਸਰਾਂ ਨੇ ਟਿਕਾਣਾ ਕੀਤਾ ਹੋਇਆ ਸੀ। ਏਥੇ ਆ ਕੇ ਜਰਮਨਾਂ ਨੇ ਵੇਖਿਆ ਕਿ ਉਹ ਤਾਂ ਕੁੜੀ ਸੀ, ਭਰ ਜੋਬਨ ਮੁਟਿਆਰ, ਲੰਮੀ, ਪਤਲੀ, ਮੋਟੀਆਂ-ਮੋਟੀਆਂ ਕਾਲ਼ੀਆਂ ਅੱਖਾਂ ਤੇ ਕੱਟ ਕੇ ਛੋਟੇ-ਛੋਟੇ ਕੀਤੇ ਹੋਏ ਕਾਲ਼ੇ ਵਾਲ਼।

ਝੁੱਗੀ ਦੇ ਮਾਲਕਾਂ ਨੂੰ ਰਸੋਈ ਵਿੱਚ ਚਲੇ ਜਾਣ ਦਾ ਹੁਕਮ ਦੇ ਦਿੱਤਾ ਗਿਆ, ਪਰ ਉਹਨਾਂ ਨੂੰ ਸਭ ਕੁਝ ਸੁਣ ਰਿਹਾ ਸੀ, ਕਿਵੇਂ ਅਫਸਰ ਉਸ ਨੂੰ ਸਵਾਲ ਪੁੱਛਦੇ ਸਨ ਤੇ ਕਿਵੇਂ ਉਹ ਫੁਰਤੀ ਨਾਲ਼, ਬੇਝਿਜਕ ਹੋ ਕੇ ਜਵਾਬ ਦੇ ਰਹੀ ਸੀ "ਨਹੀਂ," "ਮੈਨੂੰ ਨਹੀਂ ਪਤਾ," "ਮੈਂ ਨਹੀਂ ਦੱਸਦੀ," "ਨਹੀਂ।" ਤੇ ਫੇਰ ਕਿਵੇਂ ਚਮੜੇ ਦੇ ਪੇਟੀ ਸ਼ੂਕਦੀ ਸੁਣੀ ਸੀ, ਕਿਵੇਂ ਉਹਨਾਂ ਨੇ ਉਸ ਨੂੰ ਚਾਬਕਾਂ ਮਾਰੀਆਂ ਸਨ। ਕੁਝ ਇੱਕ ਮਿੰਟਾਂ ਬਾਦ ਇੱਕ ਨੌਜਵਾਨ ਅਫਸਰ ਕਮਰੇ ਵਿੱਚੋਂ ਬਾਹਰ ਆ ਗਿਆ ਸੀ ਤੇ ਆਪਣੀਆਂ ਅੱਖਾਂ ਬੰਦ ਕਰ ਕੇ ਤੇ ਆਪਣੇ ਕੰਨਾਂ ਉਤੇ ਹੱਥ ਰੱਖ ਕੇ ਓਨਾ ਚਿਰ ਰਸੋਈ ਵਿੱਚ ਬੈਠਾ ਰਿਹਾ ਸੀ ਜਿੰਨਾ ਚਿਰ ਇਹ ਪੁੱਛ-ਪੜਤਾਲ ਮੁੱਕ ਨਹੀਂ ਸੀ ਗਈ।

ਝੁੱਗੀ ਦੇ ਮਾਲਕਾਂ ਨੇ ਗਿਣਿਆ ਕਿ ਕੁੜੀ ਨੂੰ ਦੋ ਸੌ ਛਾਂਟੇ ਮਾਰੇ ਗਏ ਸਨ ਪਰ ਉਹਨੇ ਇੱਕ ਲਫਜ਼ ਵੀ ਮੂੰਹੋਂ ਨਹੀਂ ਸੀ ਕੱਢਿਆ। ਉਸ ਤੋਂ ਮਗਰੋਂ ਉਹਨੇ ਫੇਰ ਉਹੋ ਜਵਾਬ ਦਿੱਤਾ ਸੀ "ਨਹੀਂ," "ਮੈਂ ਨਹੀਂ ਦੱਸਦੀ," ਸਿਰਫ਼ ਉਸ ਦੀ ਅਵਾਜ਼ ਹੀ ਪਹਿਲਾਂ ਨਾਲ਼ੋਂ ਕੁਝ ਢਿੱਲੀ ਸੀ।

ਪੁੱਛ-ਪੜਤਾਲ ਤੋਂ ਮਗਰੋਂ, ਉਹ ਤਾਤਿਯਾਨਾ ਨੂੰ ਵਾਸਿਲੀ ਅਲੇਕਸਾਂਦਰੋਵਿਚ ਕੁਲੀਕ ਦੀ ਝੁੱਗੀ ਵਿੱਚ ਲੈ ਗਏ। ਹੁਣ ਨਾ ਉਸ ਦੇ ਪੈਰੀ ਨਮਦੇ ਦੇ ਬੂਟ ਸਨ, ਨਾ ਸਿਰ ਉਤੇ ਫਰ ਦੀ ਟੋਪੀ ਤੇ ਨਾ ਸਰੀਰ ਉਤੇ ਗਰਮ ਕਪੜੇ। ਉਸ ਨੇ ਸਿਰਫ ਸ਼ਮੀਜ਼ ਤੇ ਕੱਛਾ ਹੀ ਪਾਇਆ ਹੋਇਆ ਸੀ ਤੇ ਨੰਗੇ ਪੈਰੀਂ ਬਰਫ਼ ਉੱਤੇ ਤੁਰ ਰਹੀ ਸੀ।

ਜਦੋਂ ਉਹ ਮਕਾਨ ਵਿੱਚ ਦਾਖਲ ਹੋਈ ਤਾਂ ਕੁਲੀਕ ਤੇ ਉਹਦੀ ਬੀਵੀ ਨੇ ਲੈਂਪ ਦੇ ਚਾਨਣ ਵਿੱਚ ਵੇਖਿਆ ਕਿ ਉਹਦੇ ਮੱਥੇ ਉਤੇ ਇੱਕ ਵੱਡਾ ਸਾਰਾ ਨੀਲ਼ ਪਿਆ ਹੋਇਆ ਸੀ ਤੇ ਉਹਦੀਆਂ ਲੱਤਾਂ ਬਾਹਵਾਂ ਉੱਤੇ ਲਾਸਾਂ ਪਈਆਂ ਹੋਈਆਂ ਸਨ। ਕੁੜੀ ਦੇ ਹੱਥ ਉਹਦੇ ਪਿਛਲੇ ਪਾਸੇ ਬੰਨ੍ਹੇ ਹੋਏ ਸਨ। ਉਹਦੇ ਬੁੱਲ੍ਹ ਸੁੱਜੇ ਹੋਏ ਸਨ ਤੇ ਉਹਨਾਂ ਵਿੱਚੋਂ ਲਹੂ ਵਗ ਰਿਹਾ ਸੀ। ਲਾਜ਼ਮੀ ਹੀ, ਜਦੋਂ ਉਹਨੂੰ ਕੁੱਟਿਆ ਮਾਰਿਆ ਜਾ ਰਿਹਾ ਸੀ ਓਹਨੇ ਆਪਣੇ ਬੁੱਲ੍ਹ ਟੁੱਕ ਲਏ ਸਨ।

ਉਹ ਇੱਕ ਬੈਂਚ ਉੱਤੇ ਬਹਿ ਗਈ। ਜਰਮਨ ਸੰਤਰੀ ਦਰਵਾਜ਼ੇ ਅੱਗੇ ਖੜਾ ਹੋ ਗਿਆ। ਉਹਦੇ ਨਾਲ਼ ਇੱਕ ਹੋਰ ਫੌਜੀ ਵੀ ਸੀ। ਤੰਦੂਰ ਦੇ ਵਾਧੇ ਉੱਤੇ ਲੰਮਾ ਪਿਆ, ਵਾਸਿਲੀ ਤੇ ਪਰਾਸਕੋਵਯਾ ਕੁਲੀਕ ਨੇ ਕੈਦਣ ਵੱਲ ਵੇਖਿਆ। ਉਹ ਚੁੱਪ ਕਰ ਕੇ ਅਹਿਲ ਬੈਠੀ ਹੋਈ ਸੀ ਤੇ ਫੇਰ ਉਸ ਨੇ ਪੀਣ ਵਾਸਤੇ ਪਾਣੀ ਮੰਗਿਆ। ਵਾਸਿਲੀ ਕੁਲੀਕ ਤੰਦੂਰ ਦੇ ਵਾਧੇ ਤੋਂ ਹੇਠਾਂ ਆਇਆ ਤੇ ਪੀਣ ਵਾਲੇ ਪੀਪੇ ਵੱਲ ਵੱਧਿਆ ਪਰ ਸੰਤਰੀ ਨੇ ਉਹਨੂੰ ਧੱਕਾ ਦੇ ਕੇ ਪਰੇ ਕਰ ਦਿੱਤਾ।
"ਡੰਡੇ ਖਾਣੇ ਚਾਹੁੰਦਾ ਏ?" ਉਸ ਨੇ ਕੁੱਦ ਕੇ ਆਖਿਆ।
ਝੁੱਗੀ ਵਿੱਚ ਰਹਿੰਦੇ ਫੌਜੀਆਂ ਨੇ ਕੁੜੀ ਦੁਆਲੇ ਘੇਰਾ ਪਾ ਲਿਆ ਤੇ ਉਹਦੇ ਨਾਲ਼ ਬੇਤਰਸ ਹਾਸਾ-ਮਜ਼ਾਕ ਕਰਨ ਲੱਗੇ। ਕੋਈ ਉਸ ਨੂੰ ਮੁੱਕੀਆਂ ਮਾਰਦਾ, ਕੋਈ ਡੱਬੀ ਦੀ ਤੀਲੀ ਬਾਲ ਕੇ ਉਹਦੀ ਠੋਡੀ ਹੇਠਾਂ ਕਰਦਾ ਤੇ ਇੱਕ ਨੇ ਤਾਂ ਉਹਦੇ ਲੱਕ ਉਤੇ ਆਰੀ ਫੇਰ ਦਿੱਤੀ।
ਜਦੋਂ ਉਹਨਾਂ ਦਾ ਮਨ ਭਰ ਗਿਆ ਤਾਂ ਉਹ ਸੌ ਗਏ। ਸੰਤਰੀ ਨੇ ਉਹਦੇ ਵੱਲ ਰਫਲ ਕੀਤੀ ਤੇ ਉਸ ਨੂੰ ਘਰੋਂ ਬਾਹਰ ਨਿਕਲਣ ਦਾ ਹੁਕਮ ਦਿੱਤਾ। ਗਲੀ ਵਿੱਚ ਉਹਦੇ ਮਗਰ-ਮਗਰ ਉਹ ਆਪ ਤੁਰ ਪਿਆ। ਆਪਣੀ ਸੰਗੀਨ ਦੀ ਨੋਕ ਉਸ ਨੇ ਤਕਰੀਬਨ ਕੁੜੀ ਦੀ ਪਿੱਠ ਨਾਲ਼ ਲਾਈ ਹੋਈ ਸੀ। ਗਲੀ ਦੇ ਸਿਰੇ ਉੱਤੇ ਪੁੱਜ ਕੇ ਉਸ ਨੇ ਉਹਨੂੰ ਵਾਪਸ ਮੁੜਨ ਦਾ ਹੁਕਮ ਦਿੱਤਾ। ਉਹ ਕੁੜੀ ਨੂੰ ਅੰਦਰਲੇ ਕੱਪੜਿਆਂ ਵਿੱਚ ਅਤੇ ਨੰਗੇ ਪੈਰੀਂ ਗਲੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਓਦੋਂ ਤੱਕ ਤੁਰਾਉਂਦਾ ਰਿਹਾ ਜਦੋਂ ਤੱਕ ਉਹਦੇ ਆਪਣੇ ਹੱਥ ਪੈਰ ਸੁੰਨ ਨਹੀਂ ਹੋ ਗਏ। ਇਸ ਤੋਂ ਬਾਦ ਹੀ ਉਹ ਇਸ ਨਤੀਜੇ ਉਤੇ ਅੱਪੜਿਆ ਕਿ ਹੁਣ ਅੰਦਰ ਚੱਲਣਾ ਚਾਹੀਦਾ ਹੈ।
ਇਸ ਸੰਤਰੀ ਰਾਤ ਦੇ ਦਸ ਵਜੇ ਤੋਂ ਰਾਤ ਦੇ ਦੋ ਵਜੇ ਤੱਕ ਕੁੜੀ ਦਾ ਧਿਆਨ ਰਖਿਆ ਸੀ ਅਤੇ ਉਹ ਘੰਟੇ ਕੁ ਮਗਰੋਂ ਪੰਦਰਾਂ ਜਾਂ ਵੀਹ ਮਿੰਟ ਲਈ ਉਹਨੂੰ ਬਾਹਰ ਪਾਲੇ ਵਿੱਚ ਲੈ ਜਾਂਦਾ ਰਿਹਾ ਸੀ। ਅਖੀਰ ਉਹਦੀ ਥਾਂ ਦੂਜਾ ਸੰਤਰੀ ਆਇਆ ਤੇ ਉਸ ਨੇ ਕੁੜੀ ਨੂੰ ਬੈਂਚ ਉਤੇ ਲੰਮੀ ਪੈ ਜਾਣ ਦਿੱਤਾ।
ਪਰਾਸਕੋਵਯਾ ਕੁਲੀਕ ਚੋਰਾਂ ਵਾਂਗ ਮਲਕੜੇ ਜਿਹੇ ਕੁੜੀ ਦੇ ਕੋਲ਼ ਆਈ ਤੇ ਗੱਲ ਕਰਨ ਲੱਗੀ।
"ਤੇਰਾ ਨਾਂ ਕੀ ਏ?" ਉਹਨੇ ਪੁੱਛਿਆ।
"ਤੁਹਾਡਾ ਕੀ ਮਤਲਬ?"
"ਕਿਹੜੀ ਥਾਂ ਤੋਂ ਏ?"
"ਮੈਂ ਮਾਸਕੋ ਤੋਂ ਆਂ।"
"ਮਾਂ ਪਿਓ ਹੈ?"
ਕੁੜੀ ਨੇ ਕੋਈ ਜਵਾਬ ਨਹੀਂ ਦਿੱਤਾ। ਉਹ ਹਿਲੇਜੁਲੇ ਜਾਂ ਬੋਲੇ ਬਗੈਰ ਸਵੇਰ ਤੱਕ ਬੈਂਚ ਉੱਤੇ ਪਈ ਰਹੀ। ਇੱਕ ਵਾਰੀ ਵੀ ਉਹਦੇ ਮੂੰਹੋਂ ਹਾਏ ਨਹੀਂ ਨਿਕਲੀ ਭਾਵੇਂ ਉਹਦੇ ਪੈਰ ਠੰਡੇ ਬਰਫ ਸਨ ਤੇ ਉਹਦੇ ਸਰੀਰ ਵਿੱਚੋਂ ਤਰਾਟਾਂ ਉੱਠਦੀਆਂ ਸਨ।
ਕੋਈ ਨਹੀਂ ਸੀ ਜਾਣਦਾ ਕਿ ਉਹ ਇਸ ਰਾਤ ਸੁੱਤੀ ਸੀ ਜਾਂ ਨਹੀਂ ਅਤੇ ਦੁਸ਼ਮਣਾਂ ਵਿੱਚ ਘਿਰੀ ਹੋਈ ਉਹ ਕੀ ਸੋਚਦੀ ਰਹੀ ਸੀ।
ਸਵੇਰ ਹੋਈ ਤਾਂ ਫੌਜੀਆਂ ਨੇ ਪਿੰਡ ਦੇ ਵਿਚਕਾਰ ਫਾਂਸੀ ਗੱਡਣੀ ਸ਼ੁਰੂ ਕਰ ਦਿੱਤੀ।
ਪਰਾਸਕੋਵਯਾ ਨੇ ਕੁੜੀ ਨਾਲ਼ ਫੇਰ ਗੱਲਬਾਤ ਛੇੜੀ।
"ਪਰਸੋਂ ਤੂੰ ਹੀ ਸੈਂ?"
"ਹਾਂ… ਕੋਈ ਜਰਮਨ ਮਰਿਆ?"
"ਨਹੀਂ।"
"ਅਫਸੋਸ! ਫੇਰ ਕੀ ਸੜਿਆ?"
"ਉਹਨਾਂ ਦੇ ਘੋੜੇ। ਕਹਿੰਦੇ ਨੇ, ਹਥਿਆਰ ਵੀ.."
ਸਵੇਰ ਦੇ ਦਸ ਵਜੇ ਅਫਸਰ ਆਏ । ਉਹਨਾਂ ਵਿੱਚੋਂ ਸਭ ਤੋਂ ਵੱਡੇ ਅਫਸਰ ਨੇ ਰੂਸੀ ਵਿੱਚ ਤਾਤਿਯਾਨਾ ਕੋਲੋਂ ਪੁੱਛਿਆ:
"ਦੱਸੋ, ਤੁਹਾਡਾ ਨਾਂ ਕੀ ਏ?"
ਤਾਤਿਯਾਨਾ ਨੇ ਕੋਈ ਜਵਾਬ ਨਹੀਂ ਦਿੱਤਾ।

ਘਰ ਦੇ ਮਾਲਕਾਂ ਨੇ ਹੁਣ ਕੋਈ ਗੱਲ ਨਹੀਂ ਸੀ ਸੁਣੀ। ਉਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਸੀ ਤੇ ਓਦੋਂ ਹੀ ਵਾਪਸ ਅੰਦਰ ਆਉਣ ਦਿੱਤਾ ਗਿਆ ਸੀ ਜਦੋਂ ਪੁੱਛ-ਪੜਤਾਲ ਖਤਮ ਹੋ ਗਈ।
ਕੁਮੇਦਾਨ ਦੇ ਦਫਤਰ ਵਿੱਚੋਂ ਤਾਤਿਯਾਨਾ ਦੀਆਂ ਕੁਝ ਚੀਜ਼ਾਂ ਲਿਆਂਦੀਆਂ ਗਈਆਂ: ਉਸ ਦੀ ਜੈਕਟ, ਰੂੰਦਾਰ ਪਤਲੂਣ ਤੇ ਜੁਰਾਬਾਂ, ਤੇ ਉਹਦਾ ਥੈਲਾ ਜਿਸ ਵਿੱਚ ਪੈਟਰੋਲ ਦੀਆਂ ਕੁਝ ਬੋਤਲਾਂ, ਤੀਲਾਂ ਵਾਲ਼ੀਆਂ ਡੱਬੀਆਂ, ਕਾਰਤੂਸ, ਖੰਡ ਤੇ ਲੂਣ ਸੀ। ਉਸ ਦੀ ਫਰ ਦੀ ਟੋਪੀ, ਫਰ ਦੀ ਮਗਜ਼ੀ ਵਾਲ਼ਾ ਕੋਟ, ਤੇ ਨਮਦੇ ਦੇ ਬੂਟ ਸਾਰਜੈਟਾਂ ਨੇ ਪਹਿਲਾਂ ਹੀ ਕਾਬੂ ਕਰ ਲਏ ਸਨ।

ਕੁੜੀ ਨੇ ਕੱਪੜੇ ਪਾ ਲਏ, ਅਤੇ ਕੁਲੀਕ ਮੀਆਂ ਬੀਵੀ ਨੇ ਪਾਲੇ ਨਾਲ਼ ਯਖ਼ ਨੀਲੇ ਹੋਏ ਪੈਰਾਂ ਉੱਤੇ ਜੁਰਾਬਾਂ ਚੜ੍ਹਾਉਣ ਵਿੱਚ ਉਹਦੀ ਮਦਦ ਕੀਤੀ। ਜਰਮਨਾਂ ਨੇ ਉਹਦੇ ਥੈਲੇ ਵਿੱਚੋਂ ਮਿਲੀਆਂ ਪੈਟਰੋਲ ਦੀਆਂ ਬੋਤਲਾਂ ਤੇ ਇੱਕ ਤਖ਼ਤੀ ਜਿਸ ਉੱਤੇ "ਛਾਪੇਮਾਰ" ਲਿਖਿਆ ਹੋਇਆ ਸੀ, ਉਹਦੇ ਗਲ ਵਿੱਚ ਪਾ ਦਿੱਤੀ। ਇਸ ਤਰ੍ਹਾਂ ਉਸ ਨੂੰ ਚੌਂਕ ਵੱਲ ਤੋਰ ਲਿਆ ਜਿਥੇ ਫਾਂਸੀ ਗੱਡੀ ਹੋਈ ਸੀ।

ਨੰਗੀਆਂ ਤਲਵਾਰਾਂ ਸੂਤ ਕੇ ਬੈਠੇ ਦਸ ਘੋੜਸਵਾਰ ਫੌਜੀਆਂ ਨੇ ਫਾਂਸੀ ਨੂੰ ਘੇਰਾ ਪਾਇਆ ਹੋਇਆ ਸੀ। ਉਹਨਾਂ ਦੇ ਪਿੱਛੇ ਇੱਕ ਸੌ ਜਰਮਨ ਸੈਨਿਕ ਤੇ ਕਈ ਅਫਸਰ ਕਤਾਰਬੰਦ ਖੜੇ ਸਨ। ਸਥਾਨਕ ਵਾਸੀਆਂ ਨੂੰ ਹਾਜ਼ਰ ਹੋਣ ਦਾ ਹੁਕਮ ਦਿੱਤਾ ਗਿਆ ਸੀ ਪਰ ਬਹੁਤ ਥੋੜ੍ਹੇ ਲੋਕ ਪੁੱਜੇ ਸਨ। ਕੁਝ ਲੋਕ ਮਲਕੜੇ ਜਿਹੇ ਖਿਸਕ ਗਏ ਸਨ ਤਾਂ ਜੋ ਉਹਨਾਂ ਨੂੰ ਇਹ ਭਿਆਨਕ ਝਾਕੀ ਨਾ ਵੇਖਣੀ ਪਵੇ।

ਫਾਂਸੀ ਦੇ ਰੱਸੇ ਦੇ ਹੇਠਾਂ ਦੋ ਲੱਕੜ ਦੀਆਂ ਪੇਟੀਆਂ ਹੇਠਾਂ ਉੱਤੇ ਰੱਖੀਆਂ ਗਈਆਂ ਸਨ। ਤਾਤਿਯਾਨਾ ਨੂੰ ਉਪਰਲੀ ਪੇਟੀ ਉੱਤੇ ਖੜੀ ਕਰ ਦਿੱਤਾ ਗਿਆ ਤੇ ਫਾਂਸੀ ਦਾ ਰੱਸਾ ਉਹਦੇ ਗਲ੍ਹ ਵਿੱਚ ਪਾ ਦਿੱਤਾ ਗਿਆ। ਇੱਕ ਅਫਸਰ ਆਪਣਾ "ਕੋਡਕ" ਕੈਮਰਾ ਫਾਂਸੀ ਵੱਲ ਫੋਕਸ ਕਰੀ ਖੜਾ ਸੀ। ਜਰਮਨਾਂ ਨੂੰ ਫਾਂਸੀ ਲੱਗਦੇ ਤੇ ਮਾਰ ਕੁੱਟ ਖਾਂਦੇ ਲੋਕਾਂ ਦੀਆਂ ਤਸਵੀਰਾਂ ਖਿੱਚਣ ਦਾ ਬੜਾ ਸ਼ੌਕ ਹੈ। ਕੁਮੇਦਾਨ ਨੇ ਜੱਲਾਦਾਂ ਵੱਲ ਇਸ਼ਾਰਾ ਕੀਤਾ ਤੇ ਥੋੜਾ ਚਿਰ ਰੁਕ ਜਾਣ ਦਾ ਹੁਕਮ ਦਿੱਤਾ।
ਤਾਤਿਯਾਨਾ ਨੇ ਮੌਕੇ ਦਾ ਫਾਇਦਾ ਉਠਾਇਆ ਅਤੇ ਇਸ ਥਾਂ ਹਿੱਕ ਲਿਆਂਦੇ ਗਏ ਸਾਂਝੇ ਫਾਰਮਾਂ ਦੇ ਕਿਸਾਨਾਂ ਨੂੰ ਉੱਚੀ ਤੇ ਸਪਸ਼ਟ ਆਵਾਜ਼ ਵਿੱਚ ਸੰਬੋਧਨ ਕਰ ਕੇ ਆਖਿਆ:
"ਐ ਸਾਥੀਓ! ਤੁਸੀਂ ਏਨੇ ਉਦਾਸ ਕਿਉਂ ਨਜ਼ਰ ਆਉਂਦੇ ਹੋ? ਹੌਂਸਲਾ ਕਰੋ, ਜੂਝੋ, ਜਰਮਨਾਂ ਦਾ ਫਸਤਾ ਵੱਢੋ, ਇਹਨਾਂ ਨੂੰ ਅੱਗ ਵਿੱਚ ਸੁੱਟ ਕੇ ਸਾੜੋ, ਤੇ ਚੂਹਿਆਂ ਵਾਂਗ ਭਜਾ ਦਿਓ!"
ਕੋਲ ਖੜ੍ਹੇ ਇੱਕ ਜਰਮਨ ਫੌਜੀ ਨੇ ਹੱਥ ਉਗਰ ਕੇ ਉਸ ਨੂੰ ਮਾਰਨਾ ਚਾਹਿਆ ਜਾਂ ਉਸ ਦਾ ਮੂੰਹ ਬੰਦ ਕਰਨਾ ਚਾਹਿਆ ਪਰ ਕੁੜੀ ਨੇ ਉਹਦਾ ਹੱਥ ਪਰੇ ਝਟਕ ਦਿੱਤਾ ਅਤੇ ਬੋਲਦੀ ਗਈ:
"ਮੈਂ ਮੌਤ ਤੋਂ ਨਹੀਂ ਡਰਦੀ, ਸਾਥੀਓ! ਆਪਣੇ ਲੋਕਾਂ ਦੀ ਖਾਤਰ ਮਰਨਾ.. ਇਹ ਤਾਂ ਖੁਸ਼ੀ ਦੀ ਗੱਲ ਏ…"
ਫੋਟੋਗ੍ਰਾਫਰ ਨੇ ਆਮ ਵਿਸ਼ਾਲ ਝਾਕੀ ਦੀ ਅਤੇ ਨੇੜਿਓਂ ਫਾਂਸੀ ਦੀ ਤਸਵੀਰ ਖਿੱਚ ਲਈ ਸੀ ਤੇ ਇਸ ਵੇਲੇ ਇੱਕ ਪਾਸੇ ਤੋਂ ਖਲੋ ਕੇ ਤਸਵੀਰ ਖਿੱਚ ਰਿਹਾ ਸੀ। ਜੱਲਾਦ ਘਾਬਰੇ ਹੋਏ ਕੁਮੇਦਾਨ ਦੀਆਂ ਅੱਖਾਂ ਵੱਲ ਵੇਖ ਰਹੇ ਸਨ ਤੇ ਉਹ ਟਾਹਰਾਂ ਮਾਰਦਾ ਫੋਟੋਗ੍ਰਾਫਰ ਨੂੰ ਆਖ ਰਿਹਾ ਸੀ:
"ਛੇਤੀ ਕਰ।"
ਠੀਕ ਇਸ ਵੇਲੇ ਤਾਤਿਯਾਨਾ ਨੇ ਉਹਦੇ ਵੱਲ ਮੂੰਹ ਕੀਤਾ ਤੇ ਉਸ ਨੂੰ ਅਤੇ ਜਰਮਨ ਫੌਜੀਆਂ ਨੂੰ ਸੰਬੋਧਨ ਕਰਦੀ ਹੋਈ ਕੜਕੀ:

"ਤੁਸੀਂ ਮੈਨੂੰ ਫਾਹੇ ਲਾਉਣ ਲੱਗੇ ਓ, ਪਰ ਮੈਂ ਇਕੱਲੀ ਨਹੀਂ। ਅਸੀਂ ਵੀਹ ਕਰੋੜ ਆਂ, ਤੁਸੀਂ ਸਾਰਿਆਂ ਨੂੰ ਫਾਹੇ ਨਹੀਂ ਲਾ ਸਕਦੇ। ਮੇਰੀ ਮੌਤ ਦਾ ਬਦਲਾ ਲਿਆ ਜਾਵੇਗਾ। ਫੌਜੀਓ, ਅਜੇ ਵੀ ਵਕਤ ਹੈ, ਹਥਿਆਰ ਸੁੱਟ ਦਿਓ, ਕੁਝ ਵੀ ਹੋਵੇ ਜਿੱਤ ਸਾਡੀ ਹੀ ਹੋਵੇਗੀ! ਮੇਰੀ ਮੌਤ ਦਾ ਬਦਲਾ ਲਿਆ ਜਾਵੇਗਾ…"
ਚੌਂਕ ਵਿੱਚ ਖੜ੍ਹੇ ਰੂਸੀ ਲੋਕਾਂ ਦੇ ਅੱਥਰੂ ਵਗ ਤੁਰੇ। ਕਈਆਂ ਨੇ ਮੂੰਹ ਦੂਜੇ ਪਾਸੇ ਕਰ ਲਏ ਤਾਂ ਜੋ ਵਰਤਣ ਵਾਲੇ ਭਾਣੇ ਨੂੰ ਉਹ ਨਾ ਵੇਖ ਸਕਣ।
ਜਲਾਦਾਂ ਨੇ ਰੱਸਾ ਖਿੱਚਿਆ ਤੇ ਤਾਨਿਯਾ ਦੀ ਧੌਣ ਦੁਆਲੇ ਫੰਧਾ ਕੱਸਿਆ ਗਿਆ। ਉਸ ਨੇ ਰੱਸੇ ਨੂੰ ਆਪਣੇ ਦੋਹਾਂ ਹੱਥਾਂ ਨਾਲ਼ ਫੜ ਕੇ ਖਿੱਚਿਆ ਅਤੇ ਪੱਬਾਂ ਭਾਰ ਹੋ ਕੇ ਆਪਣੀ ਪੂਰੀ ਤਾਕਤ ਨਾਲ ਗਰਜੀ
"ਅਲਵਿਦਾ, ਸਾਥੀਓ! ਜੂਝ ਮਰੋ, ਡਰੋ ਨਾ!…"
ਜਲਾਦਾਂ ਨੇ ਆਪਣੇ ਅਸਪਾਤੀ ਪੱਬ ਵਾਲ਼ੇ ਬੂਟ ਨਾਲ਼ ਹੇਠਲੀ ਪੇਟੀ ਨੂੰ ਠੁੱਡ ਮਾਰਿਆ ਅਤੇ ਉਹ ਜੰਮੀ ਹੋਈ ਤਿਲਕਵੀਂ ਬਰਫ਼ ਉਤੇ ਅਗਾਂਹ ਫਿਸਲ ਗਈ। ਉੱਪਰ ਵਾਲ਼ੀ ਪੇਟੀ ਲੁੜ੍ਹਕ ਕੇ ਠਾਹ ਕਰਦੀ ਹੇਠਾਂ ਆ ਪਈ। ਭੀੜ ਸਹਿਮ ਕੇ ਪਿੱਛੇ ਹਟ ਗਈ। ਕਿਸੇ ਦੀਆਂ ਚੀਕਾਂ ਨਿਕਲ ਗਈਆਂ ਤੇ ਇਹਨਾਂ ਚੀਕਾਂ ਦੀ ਅਵਾਜ਼ ਸਾਰੇ ਜੰਗਲ ਵਿੱਚ ਗੂੰਜ ਉੱਠੀ…
ਉਹਨੇ ਦੁਸ਼ਮਣ ਦੇ ਕਬਜ਼ੇ ਵਿੱਚ, ਨਾਜ਼ੀਆਂ ਦੀ ਫਾਂਸੀ ਉੱਤੇ ਲਟਕ ਕੇ ਜਾਨ ਦੇ ਦਿੱਤੀ, ਪਰ ਉਸ ਨੇ ਇੱਕ ਵਾਰੀ ਵੀ ਸੀਅ ਨਹੀਂ ਕੀਤੀ, ਆਪਣੇ ਸਾਥੀਆਂ ਦਾ ਭੇਤ ਨਹੀਂ ਦਿੱਤਾ। ਉਹ ਇੱਕ ਸ਼ਹੀਦ ਦੀ ਮੌਤ ਮਰ ਗਈ, ਜਿਵੇਂ ਕੋਈ ਵੀਰਾਂਗਣ ਮਰਦੀ ਹੈ, ਜਿਵੇਂ ਕੋਈ ਮਹਾਨ ਲੋਕਾਂ ਦੀ ਸਪੁੱਤਰੀ ਮਰਦੀ ਹੈ ਜਿਹੜੇ ਕਦੇ ਕਿਸੇ ਅੱਗੇ ਸਿਰ ਨਹੀਂ ਝੁਕਾਉਂਦੇ। ਉਸ ਦੀ ਯਾਦ ਸਦਾ ਅਮਰ ਰਹੇਗੀ!

ਨਵੇਂ ਸਾਲ ਦੀ ਪਹਿਲੀ ਸ਼ਾਮ, ਸ਼ਰਾਬੀ ਹੋਏ ਜਰਮਨ ਫੌਜੀਆਂ ਦੀ ਇੱਕ ਭੀੜ ਨੇ ਫਾਂਸੀ ਨਾਲ਼ ਲਟਕਦੀ ਇਸ ਕੁੜੀ ਦੀ ਦੇਹ ਤੋਂ ਕੱਪੜੇ ਖਿੱਚ ਕੇ ਲਾਹ ਸੁੱਟੇ ਤੇ ਵਹਿਸ਼ੀਆਂ ਵਾਂਗ ਉਸ ਦੇ ਅੰਗ ਕੱਟ ਦਿੱਤੇ। ਛੁਰੀਆਂ ਨਾਲ ਕੱਟੀ ਵਿੰਨ੍ਹੀ ਦੇਹ ਅਗਲਾ ਸਾਰਾ ਦਿਨ ਪਿੰਡ ਦੇ ਚੌਂਕ ਵਿੱਚ ਲਟਕਦੀ ਰਹੀ ਅਤੇ ਤਰਕਾਲਾਂ ਵੇਲੇ ਨਾਲ਼ ਕੁਮੇਦਾਨ ਨੇ ਫਾਂਸੀ ਨੂੰ ਉਖੇੜਨ ਦਾ ਹੁਕਮ ਦਿੱਤਾ। ਸਥਾਨਕ ਲੋਕਾਂ ਨੇ ਪਿੰਡ ਤੋਂ ਕੁਝ ਹਟਵੀਂ ਥਾਂ ਯਖ਼ ਹੋਈ ਜ਼ਮੀਨ ਵਿੱਚ ਇੱਕ ਟੋਇਆ ਪੁੱਟਿਆ ਤੇ ਲਾਸ਼ ਉਸ ਵਿੱਚ ਦੱਬ ਦਿੱਤੀ।
ਇਸ ਤੋਂ ਕੁਝ ਦਿਨ ਮਗਰੋਂ ਹੀ, ਲਾਲ ਸੈਨਾ ਨੇ ਜਿਹੜੀ ਹੁਣ ਚੜ੍ਹਤ ਵਿੱਚ ਸੀ, ਪੇਤਰਿਸ਼ਚੇਵੋ ਵਿੱਚ ਜਰਮਨਾਂ ਨੂੰ ਭਜਾ ਦਿੱਤਾ। ਇਸ ਤੋਂ ਬਾਦ ਕੂਚ ਕਰਦੇ ਸੈਨਿਕ ਇਸ ਥਾਂ ਆ ਕੇ ਰੁਕਣ ਲੱਗ ਪਏ ਸਨ ਤਾਂ ਜੋ ਉਸ ਦੀ ਕਬਰ ਅੱਗੇ ਸਿਰ ਨਿਵਾ ਕੇ ਉਹਦੇ ਮਾਪਿਆਂ ਦਾ ਸ਼ੁਕਰੀਆ ਅਦਾ ਕਰ ਸਕਣ ਜਿਨ੍ਹਾਂ ਨੇ ਅਜਿਹੀ ਬਹਾਦਰ ਕੁੜੀ ਨੂੰ ਜਨਮ ਦਿੱਤਾ ਸੀ, ਉਸ ਦੇ ਅਧਿਆਪਕਾਂ ਦਾ ਸ਼ੁਕਰੀਆ ਅਦਾ ਕਰ ਸਕਣ ਜਿਨ੍ਹਾਂ ਨੇ ਉਸ ਦੀ ਰਾਹਨੁਮਾਈ ਕੀਤੀ ਸੀ, ਤੇ ਉਸ ਦੇ ਸਾਥੀਆਂ ਦਾ ਸ਼ੁਕਰੀਆ ਕਰ ਸਕਣ ਜਿਨ੍ਹਾਂ ਨੇ ਉਸ ਦੇ ਹੌਂਸਲੇ ਨੂੰ ਸਾਣ ਚਾੜ੍ਹਿਆ ਸੀ।
ਉਸ ਦੀ ਸੂਰਮਗਤੀ ਦੀ ਕਹਾਣੀ ਵਿਸ਼ਾਲ ਸੋਵੀਅਤ ਧਰਤੀ ਉੱਤੇ ਫੈਲ ਗਈ ਅਤੇ ਕਰੋੜਾਂ ਲੋਕ ਇਸ ਬੇਮਿਸਾਲ ਕੁੜੀ ਦੀ ਯਾਦ ਨੂੰ ਪਿਆਰਨ ਲੱਗ ਪਏ…

ਤਾਨਿਯਾ ਕੌਣ ਸੀ

ਸੋਵੀਅਤ ਯੂਨੀਅਨ ਦੀ ਸੁਪਰੀਮ ਸੋਵੀਅਤ ਦੇ ਪ੍ਰਧਾਨਗੀ ਮੰਡਲ ਨੇ, ਯੁਵਕ ਕਮਿਊਨਿਸਟ ਲੀਗ ਦੀ ਮੈਂਬਰ, ਛਾਪੇਮਾਰ ਜ਼ੋਇਆ ਕਾਸਮੋਦੇਮੀਆਨਸਕਾਯਾ ਨੂੰ ਮਰਨ ਉਪਰੰਤ ਸੋਵੀਅਤ ਯੂਨੀਅਨ ਦੀ ਹੀਰੋ ਦਾ ਖਿਤਾਬ ਦਿੱਤਾ।
27 ਜਨਵਰੀ 1942 ਦੇ "ਪ੍ਰਾਵਦਾ" ਵਿੱਚ "ਤਾਨਿਯਾ" ਸਿਰਲੇਖ ਹੇਠ ਉਹਦੇ ਕਾਰਨਾਮੇ ਬਾਰੇ ਇੱਕ ਲੇਖ ਛਪਿਆ ਸੀ। ਉਸ ਵੇਲੇ ਉਹਦੇ ਅਸਲ ਨਾਂ ਦਾ ਪਤਾ ਨਹੀਂ ਸੀ। ਉਸ ਨੇ ਆਪਣਾ ਅਸਲ ਨਾਂ ਪੁੱਛ-ਪੜਤਾਲ ਕਰਨ ਵਾਲ਼ਿਆਂ ਨੂੰ ਵੀ ਨਹੀਂ ਸੀ ਦੱਸਿਆ ਅਤੇ ਪਰਾਸਕੋਵਯਾ ਕੁਲੀਕ ਨੂੰ ਵੀ ਨਹੀਂ। ਪੇਤਰਿਸ਼ਚੇਵੋ ਨੂੰ ਜਾਂਦੀ ਹੋਈ ਉਹ ਰਾਹ ਵਿੱਚ ਵੇਰੇਯਾ ਦਸਤੇ ਦੇ ਇੱਕ ਛਾਪੇਮਾਰ ਨੂੰ ਮਿਲ ਪਈ ਸੀ ਅਤੇ ਉਸ ਨੂੰ ਉਹਨੇ ਆਪਣਾ ਨਾਂ ਤਾਨਿਯਾ ਦੱਸਿਆ ਸੀ ਤੇ ਇਸ ਤਰ੍ਹਾਂ ਉਹਦੇ ਕੋਲੋਂ ਵੀ ਆਪਣਾ ਅਸਲ ਨਾਂ ਲੁਕਾ ਲਿਆ ਸੀ।
ਯੁਵਕ ਕਮਿਊਨਿਸਟ ਲੀਗ ਦੀ ਮਾਸਕੋ ਕਮੇਟੀ ਨੇ ਇਹ ਪ੍ਰਮਾਣਿਤ ਕੀਤਾ ਕਿ ਇਹ ਕੁੜੀ ਕੌਣ ਸੀ।
ਇਹ ਸੀ ਜ਼ੋਇਆ ਅਨਾਤੋਲਿਯੇਵਨਾ ਕਾਸਮੋਦੇਮੀਆਨਸਕਾਯਾ, ਜਿਹੜੀ ਮਾਸਕੋ ਦੇ ਅਕਤਿਆਬਰਸਕੀ ਇਲਾਕੇ ਦੇ ਸਕੂਲ ਨੰਬਰ 201 ਵਿੱਚ ਦਸਵੀਂ ਜਮਾਤ ਵਿੱਚ ਪੜ੍ਹਦੀ ਸੀ।
ਉਸ ਦੀ ਉਮਰ ਅਠਾਂਰਾ ਸਾਲਾਂ ਦੀ ਸੀ। ਉਹ ਤੇ ਉਸ ਦਾ ਭਰਾ ਅਲੇਕਸਾਂਦਰ ਤਿਮਿਰੀਆਜ਼ੇਵ ਜ਼ਰਾਇਤ ਅਕਾਦਮੀ ਦੇ ਪਾਰਕ ਨੇੜੇ, ਅਲੇਕਸਾਂਦਰੋਵਸਕੀ ਗਲੀ ਦੇ ਮਕਾਨ ਨੰਬਰ 7 ਵਿੱਚ ਆਪਣੀ ਵਿਧਵਾ ਮਾਂ ਲਿਊਬੋਵ ਤਿਮੋਫੇਯੇਵਨਾ ਨਾਲ਼ ਰਹਿੰਦੇ ਸਨ।
ਜ਼ੋਇਆ ਦੇ ਦੋਸਤਾਂ ਸਹੇਲੀਆਂ ਦੇ ਦੱਸੇ ਅਨੁਸਾਰ ਉਹ ਇੱਕ ਲੰਮੀ, ਪਤਲੀ, ਚੌੜੇ ਮੋਢਿਆਂ, ਚਮਕਦਾਰ ਕਾਲ਼ੀਆਂ ਅੱਖਾਂ ਅਤੇ ਛੋਟੇ-ਛੋਟੇ ਕਾਲ਼ੇ ਵਾਲ਼ਾਂ ਵਾਲ਼ੀ ਕੁੜੀ ਸੀ। ਉਹ ਬੜੀ ਗਹਿਰ ਗੰਭੀਰ, ਛੇਤੀ ਹੀ ਪ੍ਰਭਾਵ ਹੇਠ ਆ ਜਾਣ ਵਾਲ਼ੀ ਤੇ ਬਹੁਤ ਸੰਗਾਊ ਸੁਭਾ ਵਾਲ਼ੀ ਸੀ।

ਉਸ ਦੇ ਸਕੂਲ ਦੇ ਸਾਥੀਆਂ ਤੇ ਅਧਿਆਪਕਾਂ ਕੋਲੋਂ ਉਹਦੀਆਂ ਗੱਲਾਂ ਸੁਣ ਕੇ, ਉਸ ਦੀਆਂ ਡਾਇਰੀਆਂ ਤੇ ਸਕੂਲ ਵਿੱਚ ਲਿਖੀਆਂ ਟਿੱਪਣੀਆਂ ਤੇ ਮਜ਼ਮੂਨ ਪੜ੍ਹ ਕੇ, ਬੰਦੇ ਦੇ ਮਨ ਉੱਤੇ ਸਭ ਤੋਂ ਪ੍ਰਬਲ ਪ੍ਰਭਾਵ ਇਹ ਪੈਂਦਾ ਹੈ ਕਿ ਉਹ ਆਮ ਨਾਲੋਂ ਜਿਆਦਾ ਮਿਹਨਤੀ ਤੇ ਦ੍ਰਿੜ੍ਹ ਸੀ। ਉਹ ਜਿਹੜਾ ਵੀ ਨਿਸ਼ਾਨਾ ਮਿੱਥ ਲੈਂਦੀ ਸੀ ਉਸ ਤੱਕ ਪੁੱਜਣ ਲਈ ਸਿਰਤੋੜ ਯਤਨ ਕਰਦੀ ਸੀ। ਉਹ ਬਹੁਤ ਪੜ੍ਹਦੀ ਸੀ, ਤੇ ਕਿਸੇ ਕਿਤਾਬ ਦੇ ਜਿਹੜੇ ਹਿੱਸੇ ਉਸ ਨੂੰ ਖਾਸ ਕਰਕੇ ਚੰਗੇ ਲੱਗਦੇ ਉਹ ਨਕਲ ਕਰ ਲੈਂਦੀ ਅਤੇ ਸਾਹਿਤ ਬਾਰੇ ਸਬਕ ਉਹ ਹਮੇਸ਼ਾ ਬਹੁਤ ਮਿਹਨਤ ਨਾਲ਼ ਯਾਦ ਕਰਦੀ ਸੀ। ਹਿਸਾਬ ਵਿੱਚ ਉਸ ਨੂੰ ਮੁਸ਼ਕਲ ਪੇਸ਼ ਆਉਂਦੀ ਸੀ ਤੇ ਜਿੰਨਾਂ ਚਿਰ ਅਲਜਬਰੇ ਦੇ ਫਾਰਮੂਲੇ ਚੰਗੀ ਤਰ੍ਹਾਂ ਯਾਦ ਨਾ ਹੋ ਜਾਂਦੇ ਉਹ ਹਥਿਆਰ ਨਹੀਂ ਸੀ ਸੁੱਟਦੀ ਭਾਵੇ ਉਸ ਨੂੰ ਕਈ-ਕਈ ਘੰਟੇ ਮਨ ਮਾਰ ਕੇ ਪੜ੍ਹਨਾ ਪੈਂਦਾ।

ਜਦੋਂ ਜ਼ੋਇਆ ਆਪਣੀ ਜਮਾਤ ਦੇ ਕੋਮਸੋਮੋਲ ਗਰੁੱਪ ਦੀ ਮੋਢੀ ਚੁਣੀ ਗਈ ਤਾਂ ਉਸ ਨੇ ਇਹ ਤਜਵੀਜ਼ ਰੱਖੀ ਕਿ ਘਰਾਂ ਦੀਆਂ ਅਨਪੜ੍ਹ ਸੁਆਣੀਆਂ ਵਾਸਤੇ ਮੁਫਤ ਪੜਾਈ ਦਾ ਇੰਤਜ਼ਾਮ ਕੀਤਾ ਜਾਏ ਤੇ ਉਸ ਨੇ ਤਨ-ਮਨ ਲਾ ਕੇ ਇਹ ਕੰਮ ਕੀਤਾ। ਦੂਜੇ ਮੁੰਡਿਆਂ ਤੇ ਕੁੜੀਆਂ ਨੇ ਸ਼ੁਰੂ ਵਿੱਚ ਤਾਂ ਬਹੁਤ ਦਿਲਚਸਪੀ ਲਈ, ਪਰ ਉਹਨਾਂ ਵਿੱਚੋਂ ਬਹੁਤੇ ਛੇਤੀ ਹੀ ਦਿਲ ਛੱਡ ਗਏ ਕਿਉਂਕਿ ਇਸ ਕੰਮ ਲਈ ਸਫਰ ਬਹੁਤ ਕਰਨਾ ਪੈਂਦਾ ਸੀ। ਜ਼ੋਇਆ ਨੂੰ ਬੜੀ ਸਖ਼ਤ ਨਿਰਾਸ਼ਾ ਹੋਈ। ਉਸ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਆਉਂਦੀ ਕਿ ਔਕੜਾਂ ਸਾਮ੍ਹਣੇ ਕੋਈ ਏਨੀ ਹੀ ਢੇਰੀ ਕਿਵੇਂ ਢਾਹ ਸਕਦਾ ਹੈ ਕਿ ਉਹ ਆਪਣਾ ਬੋਲ ਦਾ ਪੁਗਾ ਸਕੇ ਅਤੇ ਆਪਣਾ ਫਰਜ਼ ਪੂਰਾ ਕਰਨ ਵਿੱਚ ਅਸਫਲ ਹੋ ਜਾਏ।
ਰੂਸੀ ਸਾਹਿਤ ਤੇ ਰੂਸ ਦਾ ਇਤਿਹਾਸ ਜ਼ੋਇਆ ਦੇ ਬੇਹੱਦ ਮਨਪਸੰਦ ਮਜ਼ਮੂਨ ਸਨ। ਸਕੂਲ ਦੀ ਉਸ ਦੁਨੀਆਂ ਤੋਂ ਇਲਾਵਾ, ਜਿੱਥੇ ਉਹ ਇੱਕ ਆਮ ਸੋਵੀਅਤ ਵਿਦਿਆਰਥਣ ਸੀ, ਇੱਕ ਚੰਗੀ ਦੋਸਤ ਤੇ ਯੁਵਕ ਕਮਿਊਨਿਸਟ ਲੀਗ ਦੀ ਕਾਰਕੁੰਨ ਸੀ, ਉਸ ਦੀ ਇਕ ਆਪਣੀ ਦੁਨੀਆਂ ਸੀ ਜਿਸ ਵਿਚ ਉਸ ਦੇ ਮਨਪਸੰਦ ਸਾਹਿਤਕ ਤੇ ਇਤਿਹਾਸਕ ਨਾਇਕ ਵੱਸਦੇ ਸਨ।
ਉਸ ਦੇ ਦੋਸਤ ਸਹੇਲੀਆਂ ਕਈ ਵਾਰੀ ਉਸ ਨੂੰ ਅਲੱਗ-ਥਲੱਗ ਰਹਿਣ ਦਾ ਦੋਸ਼ ਦੇਦੇ ਸਨ, ਪਰ ਇਸ ਤਰ੍ਹਾਂ ਓਦੋਂ ਆਮ ਹੀ ਹੁੰਦਾ ਜਦੋਂ ਜ਼ੋਇਆ ਹੁਣੇ-ਹੁਣੇ ਪੜ੍ਹ ਕੇ ਹਟੀ ਕਿਸੇ ਕਿਤਾਬ ਦੀ ਦੁਨੀਆਂ ਵਿੱਚ ਹੀ ਵਸ ਰਹੀ ਹੁੰਦੀ। ਉਹ ਬੇਧਿਆਨੀ ਤੇ ਅਣ-ਮਿਲਾਪੜੀ ਹੋ ਜਾਂਦੀ ਅਤੇ ਨਾਇਕ-ਨਾਇਕਾਵਾਂ ਦੀ ਆਪਣੀ ਨਿੱਜੀ ਦੁਨੀਆਂ ਵਿੱਚ ਗੁਆਚੀ ਰਹਿੰਦੀ।
ਪੁਸ਼ਕਿਨ, ਗੋਗੋਲ, ਤਾਲਸਤਾਏ, ਬੇਲਿੰਸਕੀ, ਤੁਰਗੇਨੇਵ, ਚੇਰਨੀਸ਼ੇਵਸਕੀ, ਹਰਜ਼ਨ ਤੇ ਨੇਕਰਾਸੋਵ ਦੀਆਂ ਕਿਤਾਬਾਂ ਵਿੱਚੋਂ ਪੜ੍ਹਿਆ ਹੋਇਆ ਮਹਾਨ ਤੇ ਬਹਾਦਰ ਰੂਸੀ ਲੋਕਾਂ ਦਾ ਸ਼ਾਨਦਾਰ ਇਤਿਹਾਸ ਹਮੇਸ਼ਾ ਜ਼ੋਇਆ ਦੇ ਮਨ ਵਿੱਚ ਸੱਜਰਾ ਰਹਿੰਦਾ ਸੀ। ਇਸ ਨੇ ਉਹਦਾ ਚਰਿੱਤਰ ਢਾਲਿਆ, ਉਸ ਦੇ ਮਨ ਵਿੱਚ ਸੁਪਨੇ ਜਗਾਏ, ਉਸ ਨੂੰ ਕੁਝ ਕਰਨ ਲਈ ਪ੍ਰੇਰਿਆ ਅਤੇ ਉਹਦੇ ਦਿਲ ਵਿੱਚ ਆਪਣੇ ਲੋਕਾਂ ਦੀ ਖੁਸ਼ੀ ਲਈ ਬਹਾਦਰਾਂ ਵਾਲ਼ੀ ਕੋਈ ਗੱਲ ਕਰਨ ਦੀ ਅਮੋੜ ਰੀਝ ਪੈਦਾ ਕਰ ਦਿੱਤੀ।
ਜ਼ੋਇਆ ਨੇ ਆਪਣੀ ਕਾਪੀ ਵਿੱਚ "ਜੰਗ ਤੇ ਅਮਨ" ਵਿੱਚੋਂ ਪੰਨਿਆਂ ਦੇ ਪੰਨੇ ਲਿਖ ਲਏ ਹੋਏ ਸਨ। ਇਲੀਆ ਮੂਰੋਮੇਤਸ ਤੇ ਕੁਤੂਜ਼ੋਵ ਬਾਰੇ ਜਮਾਤ ਵਿੱਚ ਲਿਖੇ ਹੋਏ ਉਹਦੇ ਲੇਖ ਸੱਚੀਆਂ ਭਾਵਨਾਵਾਂ ਤੇ ਡੂੰਘੀ ਸਮਝ ਦਾ ਨਮੂਨਾ ਸਨ ਤੇ ਇਹਨਾਂ ਲਈ ਉਸ ਨੂੰ ਚੋਟੀ ਦੇ ਨੰਬਰ ਮਿਲੇ ਸਨ। ਚੇਰਨੀਸ਼ੇਵਸਕੀ ਤੇ ਤਾਰਾਸ ਸ਼ੇਵਚੇਨਕੋ ਦੇ ਤਾ੍ਰਸਦਿਕ ਤੇ ਕੁਰਬਾਨੀ ਭਰੇ ਜੀਵਨ ਨੇ ਉਸ ਦੀ ਕਲਪਨਾ ਨੂੰ ਹਲੂਣ ਦਿੱਤਾ ਸੀ ਅਤੇ ਉਹ ਵੀ ਉਹਨਾਂ ਵਾਂਗ ਹੀ ਆਪਣੇ ਲੋਕਾਂ ਦੇ ਪਵਿੱਤਰ ਉਦੇਸ਼ ਵਿੱਚ ਹਿੱਸਾ ਪਾਉਣ ਦੇ ਸੁਪਨੇ ਲੈਣ ਲੱਗੀ ਸੀ।
ਸਾਡੇ ਸਾਮ੍ਹਣੇ ਜ਼ੋਇਆ ਦੀ ਇੱਕ ਕਾਪੀ ਪਈ ਹੈ ਜਿਸ ਵਿੱਚ ਉਸ ਨੇ ਕੁਝ ਕਵੀਆਂ ਤੇ ਲੇਖਕਾਂ ਦੇ ਉਹ ਵਿਚਾਰ ਲਿਖੇ ਹੋਏ ਸਨ ਜਿਨ੍ਹਾਂ ਨੇ ਉਹਦੇ ਦਿਲ ਦੀਆਂ ਤਾਰਾਂ ਛੇੜੀਆਂ ਸਨ। ਇਹਨਾਂ ਵਿੱਚੋਂ ਕੁਝ ਵਿਚਾਰ ਇਹ ਹਨ:
"ਮਨੁੱਖ ਦੀ ਹਰ ਚੀਜ਼ ਖੂਬਸੂਰਤ ਹੋਣੀ ਚਾਹੀਦੀ ਹੈ: ਉਸ ਦਾ ਚਿਹਰਾ, ਉਸ ਦੇ ਕੱਪੜੇ, ਉਸ ਦੀ ਆਤਮਾ, ਉਸ ਦੇ ਵਿਚਾਰ" (ਚੈਖ਼ੋਵ)।
"ਕਮਿਊਨਿਸਟ ਹੋਣ ਦਾ ਮਤਲਬ ਹੈ, ਹਿੰਮਤ, ਵਿਚਾਰ, ਕਾਮਨਾ, ਦਲੇਰੀ" (ਮਾਯਾਕੋਵਸਕੀ).
"ਮਰ ਜਾਓ, ਪਰ ਪਿਆਰ ਤੋਂ ਬਗੈਰ ਚੁੰਮੀ ਨਾ ਦਿਓ" (ਚੇਰਨੀਸ਼ੇਵਸਕੀ).
"ਮੈਂ ਇੱਕ ਰੂਸੀ ਦੇ ਖਿਲਾਫ ਦਸ ਫਰਾਂਸੀਸੀ ਵੀ ਦਾਅ ਉਤੇ ਨਹੀਂ ਲਾਵਾਂਗਾ" (ਕੁਤੂਜ਼ੋਵ)।

ਲੋਹ-ਟੋਪ, ਸੰਜੋਅ ਮੇਰੇ ਕੋਲ਼ ਜੇ ਹੁੰਦੇ,
ਰੱਖਿਆ ਆਪਣੇ ਵਤਨ ਦੀ ਕਰ ਲੈਂਦੀ ਜਿੰਦੇ..
ਤਦ ਭੱਜਦੇ ਸਾਡੀ ਫੌਜ ਦੇ ਵੈਰੀ ਅੱਗੇ ਅੱਗੇ,
ਭਏ ਅਨੰਦ ਜਦ ਸੂਰਮਾ ਰਣ-ਤੱਤੇ ਗੱਜੇ!
(ਗੋਇਥੇ)
"ਕੇਡੀ ਸ਼ਕਤੀ ਹੈ ਪਿਆਰ ਕਰਨ ਦੀ, ਕੇਡੀ ਮਾਨਵਤਾ ਹੈ ਗੋਰਕੀ ਦੀ "ਸੂਰਜ ਦੀ ਸੰਤਾਨ ਵਿੱਚ"। ਜ਼ੋਇਆ ਨੇ ਆਪਣੀ ਕਾਪੀ ਵਿੱਚ ਪੈਨਸਿਲ ਨਾਲ਼ ਝਰੀਟਿਆ ਹੋਇਆ ਹੈ। ਅੱਗੇ ਲਿਖਿਆ ਹੈ: " ‘ਓਥੈਲੋ’ ਵਿੱਚ ਅਸੀਂ ਉੱਚੇ ਆਦਰਸ਼ਾਂ, ਸਚਾਈ ਤੇ ਸਦਾਚਾਰਕ ਪਵਿੱਤਰਤਾ ਲਈ ਇੱਕ ਵਿਅਕਤੀ ਦਾ ਸੰਗਰਾਮ ਵੇਖਦੇ ਹਾਂ: ‘ਓਥੈਲੋ’ ਦਾ ਵਿਸ਼ਾ ਹੈ ਸੱਚੇ ਤੇ ਮਹਾਨ ਪਿਆਰ ਦੀ ਜਿੱਤ।"
ਸਾਡੇ ਲੋਕ ਦੇ ਮਾਣਮੱਤੇ ਅਤੀਤ, ਜੋਸ਼ੀਲੇ ਵਰਤਮਾਨ ਅਤੇ ਉਜਲੇ ਭਵਿੱਖ ਦੇ ਸਾਕਾਰ ਰੂਪ — ਲੈਨਿਨ — ਬਾਰੇ ਉਸ ਦੇ ਵਿਚਾਰ ਖਾਸ ਤੌਰ ‘ਤੇ ਮਨਮੋਹਣੇ ਤੇ ਬੱਚਿਆਂ ਵਾਲ਼ੀ ਨਿਰਛਲਤਾ ਨਾਲ਼ ਲਿਖੇ ਹੋਏ ਸਨ।
ਇਹਨਾਂ ਟਿੱਪਣੀਆਂ ਵਿੱਚੋਂ ਉਸ ਦੀ ਪੂਰੀ ਹੋਦ ਝਲਕਦੀ ਸੀ — ਵਿਚਾਰਾਂ ਦੀ ਸਪਸ਼ਟਤਾ ਤੇ ਅੱਗੇ ਵਧਣ ਲਈ ਸਦੀਵੀ ਤਾਂਘ, ਅਤਿਅੰਤ ਉਤਮ ਆਦਰਸ਼ਾਂ ਦੀ ਪ੍ਰਾਪਤੀ ਦੀ ਇੱਛਾ।

ਜੂਨ 1941 ਦੀ ਗੱਲ ਹੈ। ਜ਼ੋਇਆ ਨੇ ਇਮਤਿਹਾਨ ਦਿੱਤੇ ਅਤੇ ਦਸਵੀਂ ਜਮਾਤ ਪਾਸ ਕਰ ਲਈ ਸੀ। ਕੁਝ ਦਿਨ ਬਾਦ ਹੀ ਲੜਾਈ ਛਿੜ ਪਈ। ਜ਼ੋਇਆ ਸੈਨਿਕ ਬਣ ਕੇ ਲੜਨਾ ਚਾਹੁੰਦੀ ਸੀ। ਉਸ ਨੇ ਇੱਕ ਤੋੜਫੋੜ-ਵਿਰੋਧੀ ਦਸਤੇ ਵਿੱਚ ਸ਼ਾਮਿਲ ਹੋ ਕੇ ਸਰਗਰਮ ਨੌਕਰੀ ਲਈ ਦਰਖਾਸਤ ਦਿੱਤੀ।
ਆਪਣੀ ਮਾਂ ਤੋਂ ਵਿਛੜਨ ਲੱਗਿਆਂ ਉਸ ਨੇ ਉਹਨੂੰ ਆਖਿਆ ਸੀ "ਰੋਈਂ ਨਾ ਪਿਆਰੀ ਮਾਂ। ਜਾਂ ਮੈਂ ਵੀਰਾਂਗਣ ਬਣ ਕੇ ਮੁੜਾਂਗੀ ਜਾਂ ਵੀਰਾਂਗਣ ਬਣ ਕੇ ਮਰਾਂਗੀ।
ਬੈਰਕਾਂ ਵਿੱਚ ਯੂਨਿਟ ਦੇ ਕਮਾਂਡਰ ਨੇ ਜ਼ੋਇਆ ਦਾ ਇੰਟਰਵੀਊ ਲਿਆ। ਉਹ ਇੱਕ ਲੰਮੇ ਚੌੜੇ, ਸਹਿਮ ਪਾਉਂਦੇ ਕਮਰੇ ਵਿੱਚ ਇੱਕ ਵੱਡੇ ਸਾਰੇ ਮੇਜ਼ ਦੇ ਪਿੱਛੇ ਬੈਠਾ ਹੋਇਆ ਸੀ। ਕਮਾਂਡਰ ਨੇ ਉਹਦੇ ਚਿਹਰੇ ਵੱਲ ਘੋਖਦੀਆਂ ਨਜ਼ਰਾਂ ਨਾਲ ਵੇਖਦਿਆਂ ਪੁੱਛਿਆ:
"ਡਰ ਨਹੀਂ ਲੱਗਦਾ?"
"ਨਹੀਂ, ਨਹੀਂ ਲੱਗਦਾ।"
"ਜੰਗਲ ਵਿੱਚ ਰਾਤ ਨੂੰ ਇਕੱਲਿਆਂ ਡਰ ਨਹੀਂ ਆਵੇਗਾ?"
"ਨਹੀਂ, ਕੋਈ ਨਹੀਂ।"
"ਜੇ ਜਰਮਨਾਂ ਦੇ ਕਾਬੂ ਆ ਗਈ, ਜੇ ਉਹਨਾਂ ਤਸੀਹੇ ਦਿੱਤੇ?"
"ਸਹਿ ਲਵਾਂਗੀ।"
ਉਸ ਦੇ ਭਰੋਸੇ ਤੋਂ ਕਮਾਂਡਰ ਪ੍ਰਭਾਵਿਤ ਹੋ ਗਿਆ ਤੇ ਉਸ ਨੇ ਜ਼ੋਇਆ ਨੂੰ ਆਪਣੇ ਯੂਨਿਟ ਵਿੱਚ ਭਰਤੀ ਕਰ ਲਿਆ। ਉਹਨਾਂ ਨੂੰ ਲੜਾਈ ਵਿੱਚ ਭੇਜਿਆ ਗਿਆ ਜੋ ਜ਼ੋਇਆ ਦਾ ਸੁਪਨਾ ਸੀ।
17 ਨਵੰਬਰ ਨੂੰ ਉਹਨੇ ਆਪਣੀ ਮਾਂ ਨੂੰ ਆਖਰੀ ਚਿੱਠੀ ਵਿੱਚ ਲਿਖਿਆ: "ਪਿਆਰੀ ਮੰਮੀ! ਤੂੰ ਇਸ ਵੇਲੇ ਕਿਸ ਤਰ੍ਹਾਂ ਰਹਿ ਰਹੀ ਏਂ? ਕਿਸ ਤਰ੍ਹਾਂ ਮਹਿਸੂਸ ਕਰਦੀ ਏਂ? ਬੀਮਾਰ ਤਾਂ ਨਹੀਂ ਹੋ ਗਈ? ਮੰਮੀ, ਜੇ ਹੋ ਸਕੇ ਤਾਂ ਮੈਨੂੰ ਚਾਰ ਸਤਰਾਂ ਲਿਖ। ਜਦੋਂ ਮੈਂ ਆਪਣਾ ਕੰਮ ਮੁਕਾ ਕੇ ਮੁੜਾਂਗੀ ਤਾਂ ਘਰ ਆਵਾਂਗੀ। ਤੇਰੀ ਜ਼ੋਇਆ।" ਅਤੇ ਆਪਣੀ ਕਾਪੀ ਵਿੱਚ ਉਸ ਨੇ ਹੈਮਲਿਟ ਵਿੱਚੋਂ ਇਹ ਸਤਰ ਲਿਖੀ:
"ਅਲਵਿਦਾ, ਅਲਵਿਦਾ! ਮੈਨੂੰ ਯਾਦ ਰੱਖਣਾ!"
ਅਗਲੇ ਦਿਨ, ਕੋਮਸੋਮੋਲ ਛਾਪਾਮਾਰਾਂ ਦੀ ਇੱਕ ਟੋਲੀ ਨਾਲ਼, ਜ਼ੋਇਆ ਓਬੂਖ਼ੋਵੋ ਪਿੰਡ ਦੇ ਨੇੜੇ ਮੁਹਾਜ਼ ਤੋਂ ਪਾਰ ਚਲੀ ਗਈ ਤੇ ਦੁਸ਼ਮਣ ਦੇ ਕਬਜ਼ੇ ਹੇਠਲੇ ਇਲਾਕੇ ਵਿੱਚ ਪਹੁੰਚ ਗਈ।

ਦੋ ਹਫਤੇ ਉਹ ਜੰਗਲ ਵਿੱਚ ਰਹੇ। ਰਾਤ ਵੇਲੇ ਉਹ ਵੱਖ-ਵੱਖ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਅਤੇ ਦਿਨ ਵੇਲੇ ਅੱਗ ਦੁਆਲੇ ਬੈਠੇ ਜਾਂ ਸੁੱਤੇ ਰਹਿੰਦੇ। ਟੋਲੀ ਦੇ ਕੁਝ ਬੰਦਿਆਂ ਲਈ ਇਸ ਜ਼ਿੰਦਗੀ ਦੀਆਂ ਮੁਥਾਜੀਆਂ ਤੇ ਔਕੜਾਂÎ ਬੜੀਆਂ ਅਸਹਿ ਸਨ, ਪਰ ਜ਼ੋਇਆ ਨੇ ਕਦੇ ਕੋਈ ਸ਼ਿਕਵਾ ਨਹੀਂ ਸੀ ਕੀਤਾ ਤੇ ਉਸ ਨੇ ਸਭ ਕੁਝ ਸਬਰ ਨਾਲ਼ ਬਰਦਾਸ਼ਤ ਕੀਤਾ ਸੀ।
ਉਹ ਆਪਣੇ ਨਾਲ਼ ਪੰਜਾਂ ਦਿਨਾਂ ਜੋਗੀਆਂ ਖਾਣ-ਪੀਣ ਦੀਆਂ ਚੀਜ਼ਾਂ ਲੈ ਕੇ ਗਏ ਸਨ ਪਰ ਇਹਨਾਂ ਨਾਲ਼ ਪੰਦਰਾਂ ਦਿਨ ਕੱਟੇ ਤੇ ਇਸ ਵੇਲੇ ਭੂਰ-ਚੂਰ ਨਾਲ ਹੀ ਡੰਗ ਟਪਾ ਰਹੇ ਸਨ। ਵਾਪਸ ਮੁੜ ਜਾਣ ਦਾ ਵੇਲਾ ਆ ਗਿਆ ਸੀ, ਪਰ ਜ਼ੋਇਆ ਨੂੰ ਇਸ ਤਰਾਂ ਲੱਗਦਾ ਸੀ ਕਿ ਉਸ ਨੇ ਤਾਂ ਕੁਝ ਵੀ ਨਹੀਂ ਕੀਤਾ। ਉਸ ਨੇ ਪਿੱਛੇ ਰਹਿ ਜਾਣ ਦਾ ਫੈਸਲਾ ਕੀਤਾ ਤਾਂ ਜੋ ਪੇਤਰਿਸ਼ਚੇਵੋ ਵਿੱਚ ਦਾਖਲ ਹੋਣ ਦਾ ਯਤਨ ਕਰੇ। ਉਸ ਨੇ ਆਪਣੇ ਸਾਥੀਆਂ ਨੂੰ ਆਖਿਆ:
"ਕੋਈ ਗੱਲ ਨਹੀਂ ਜੇ ਮੈਂ ਮਰ ਗਈ ਤਾਂ। ਬਾਰਾਂ ਜਰਮਨਾਂ ਨੂੰ ਨਾਲ਼ ਲੈ ਕੇ ਮਰਾਂਗੀ।"
ਉਹ ਦੋ ਹੋਰ ਛਾਪੇਮਾਰਾਂ ਨਾਲ਼ ਤੁਰ ਪਈ, ਪਰ ਛੇਤੀ ਹੀ ਮਗਰੋਂ ਉਹ ਇਕੱਲੀ ਰਹਿ ਗਈ। ਉਸ ਨੇ ਇਕੱਲਿਆਂ, ਨਿਡਰ ਹੋ ਕੇ ਜੰਗਲ ਵਿੱਚ ਦੋ ਰਾਤਾਂ ਗੁਜ਼ਾਰੀਆਂ ਤੇ ਫੇਰ ਪਿੰਡ ਵੱਲ ਤੁਰ ਪਈ ਅਤੇ ਸੱਚਮੁੱਚ ਹੀ ਇੱਕ ਅਹਿਮ ਟਿਕਾਣੇ ‘ਤੇ ਪਹੁੰਚ ਗਈ ਪਰ ਜਰਮਨ ਸੰਤਰੀ ਨੇ ਉਸ ਨੂੰ ਕਾਬੂ ਕਰ ਲਿਆ। ਨਾਜ਼ੀਆਂ ਦੀ ਟੋਲੀ ਅੱਗੇ ਜਿਨ੍ਹਾਂ ਨੇ ਉਸ ਨੂੰ ਵਹਿਸ਼ੀਆਨਾ ਬੇਕਿਰਕੀ ਨਾਲ਼ ਤਸੀਹੇ ਦਿੱਤੇ ਉਹ ਮਰਦ ਬਣ ਕੇ ਡਟੀ ਰਹੀ ਸੀ। ਆਪਣੀ ਜਿੰਦਗੀ ਦੀਆਂ ਆਖਰੀ ਘੜੀਆਂ ਵਿੱਚ ਉਹ, ਸ਼ਾਇਦ, ਆਪਣੇ ਮਹਿਬੂਬ ਇਤਿਹਾਸਕ ਰੂਸੀ ਸੂਰਮਿਆਂ ਤੇ ਸ਼ਹੀਦਾਂ ਤੋਂ ਸ਼ਕਤੀ ਲੈਂਦੀ ਰਹੀ ਸੀ।

ਇੱਕ ਵਾਰੀ ਸਕੂਲ ਵਿੱਚ ਜ਼ੋਇਆ ਨੇ ਰੂਸੀ ਸੂਰਬੀਰ ਇਲੀਆ ਮੂਰੋਮੇਤਸ ਬਾਰੇ ਲਿਖਿਆ ਸੀ: "ਜਦੋਂ ਦੁਸ਼ਮਣ ਦਾ ਪੱਲਾ ਭਾਰੀ ਹੋਣ ਲੱਗਾ ਤਾਂ ਖੁਦ ਰੂਸੀ ਧਰਤੀ ਨੇ ਉਸ ਵਿੱਚ ਨਵਾਂ ਬਾਹੂਬੱਲ ਪੈਦਾ ਕਰ ਦਿੱਤਾ।" ਮੌਤ ਦੇ ਉਹਨਾਂ ਪਲਾਂ ਵਿੱਚ, ਜ਼ੋਇਆ ਦੀ ਸੋਵੀਅਤ ਮਾਤਭੂਮੀ ਨੇ ਉਸ ਵਿੱਚ ਉਹ ਸ਼ਕਤੀ ਪੈਦਾ ਕਰ ਦਿੱਤੀ ਹੋਵੇਗੀ ਜੋ ਇੱਕ ਮੁਟਿਆਰ ਵਿੱਚ ਵੇਖ ਕੇ ਹੈਰਤ ਹੁੰੰਦੀ ਸੀ। ਉਸ ਦੇ ਦੁਸ਼ਮਣ ਵੀ ਇਸ ਨੂੰ ਮੰਨਣ ਲਈ ਮਜ਼ਬੂਰ ਸਨ।
ਇੱਕ ਐਨ. ਸੀ. ਓ. ਕਾਰਲ ਬੇਯੇਰਲੈਨ, ਜਿਹੜਾ ਮਗਰੋਂ ਸਾਡੇ ਹੱਥ ਆ ਗਿਆ ਸੀ, ਨੇ ਉਹ ਤਸੀਹੇ ਅੱਖੀਂ ਵੇਖੇ ਸਨ ਜਿਹੜੇ 197ਵੀਂ ਡੀਵੀਜਨ ਦੀ 332 ਵੀਂ ਪਿਆਦਾ ਰੈਜਮੈਂਟ ਦੇ ਕਮਾਂਡਰ ਲੈਫਟੀਨੈਟ ਕਰਨਲ ਰਿਊਡੇਰਰ ਨੇ ਜ਼ੋਇਆ ਕਾਸਮੋਦੇਮੀਆਨਸਕਾਯਾ ਨੂੰ ਦਿੱਤੇ ਸਨ। ਉਸ ਨੇ ਆਪਣੇ ਬਿਆਨ ਵਿੱਚ ਲਿਖਿਆ ਸੀ:
"ਤੁਹਾਡੇ ਲੋਕਾਂ ਦੀ ਮੁਟਿਆਰ ਵੀਰਾਂਗਣ ਅਡੋਲ ਰਹੀ। ਉਹ ਨਹੀਂ ਸੀ ਜਾਣਦੀ ਕਿ ਵਸਾਹਘਾਤ ਕਿਸ ਚੀਜ਼ ਦਾ ਨਾਂ ਹੁੰਦਾ ਹੈ… ਸਰਦੀ ਨਾਲ਼ ਉਹਦੇ ਹੱਥ ਪੈਰ ਨੀਲ਼ੇ ਹੋ ਗਏ ਸਨ ਤੇ ਉਹਦੇ ਜ਼ਖ਼ਮਾਂ ਵਿੱਚੋਂ ਲਹੂ ਵਹਿ ਰਿਹਾ ਸੀ, ਪਰ ਉਸ ਕੁਝ ਵੀ ਨਹੀਂ ਸੀ ਦੱਸਿਆ।"
ਫਾਂਸੀ ਚੜ੍ਹਨ ਵੇਲੇ ਜ਼ੋਇਆ ਆਪਣੇ ਦੇਸ਼ ਬਾਰੇ ਸੋਚ ਰਹੀ ਸੀ। ਅਤੇ ਆਪਣੀ ਮੌਤ ਦੀ ਘੜੀ ਉਸ ਨੇ ਹੋਣ ਵਾਲ਼ੀ ਜਿੱਤ ਦਾ ਜੈਕਾਰਾ ਛੱਡਿਆ ਸੀ।

ਜ਼ੋਇਆ ਨੂੰ ਫਾਹੇ ਲਾਏ ਜਾਣ ਤੋਂ ਤੁਰੰਤ ਮਗਰੋਂ ਚੌਂਕ ਸੁਨਸਾਨ ਹੋ ਗਿਆ ਅਤੇ ਅਤਿ ਜ਼ਰੂਰੀ ਲੋੜ ਤੋਂ ਬਗੈਰ ਸਾਰਾ ਦਿਨ ਕੋਈ ਪਿੰਡ ਵਾਸੀ ਘਰੋਂ ਬਾਹਰ ਨਹੀਂ ਨਿਕਲਿਆ। ਜ਼ੋਇਆ ਦੀ ਲਾਸ਼ ਹਵਾ ਵਿੱਚ ਝੂਲਦੀ ਪੂਰਾ ਮਹੀਨਾ ਲਟਕਦੀ ਰਹੀ ਸੀ। ਮੌਤ ਦੇ ਪਿਛੋਂ ਵੀ ਉਸ ਦੇ ਖੂਬਸੂਰਤ ਚਿਹਰੇ ਦੀ ਤਾਜ਼ਗੀ ਤੇ ਮਾਸੂਮੀਅਤ ਕਾਇਮ ਸੀ ਤੇ ਇਸ ਤੋਂ ਪੂਰਨ ਸ਼ਾਂਤੀ ਝਲਕਦੀ ਸੀ। ਜਿਹੜੇ ਵੀ ਲੋਕ ਫਾਂਸੀ ਅੱਗੋਂ ਦੀ ਲੰਘਦੇ ਸਨ ਉਹ ਆਪਣਾ ਸਿਰ ਨਿਵਾ ਦੇਂਦੇ ਸਨ ਤੇ ਚਾਲ ਤਿੱਖੀ ਕਰ ਲੈਦੇ ਸਨ। ਜਦੋਂ ਜਰਮਨ ਦਸਤੇ ਕੂਚ ਕਰਦੇ ਇਸ ਪਿੰਡ ਆ ਕੇ ਰੁਕਦੇ ਤਾਂ ਇਹ ਵਹਿਸ਼ੀ ਨਾਜ਼ੀ ਲਾਸ਼ ਦੁਆਲੇ ਘੇਰਾ ਪਾ ਲੈਦੇ ਤੇ ਠਹਾਕੇ ਮਾਰਦੇ ਹੋਏ ਇਸ ਨੂੰ ਸੋਟੀਆਂ ਚਭੋਦੇ। ਫੇਰ ਉਹ ਅੱਗੇ ਵਧਦੇ ਤੇ ਕੁਝ ਕਿਲੋਮੀਟਰ ਦੂਰ ਆ ਕੇ ਸ਼ੁਗਲ ਮੇਲੇ ਵਾਸਤੇ ਕੁਝ ਹੋਰ ਮਿਲ ਜਾਂਦਾ: ਜ਼ਿਲ੍ਹਾ ਹਸਪਤਾਲ ਦੇ ਸਾਮ੍ਹਣੇ ਦੋ ਮੁੰਡਿਆਂ ਦੀਆਂ ਲਾਸ਼ਾਂ ਲਟਕ ਰਹੀਆਂ ਸਨ।
ਫਾਸਿਸਟਾਂ ਦੇ ਕਬਜ਼ੇ ਹੇਠਲੀ ਧਰਤੀ, ਜਿਥੇ ਫਾਂਸੀਆਂ ਖੜੀਆਂ ਸਨ ਤੇ ਲਹੂ ਦੀਆਂ ਨਦੀਆਂ ਵਹਿੰਦੀਆਂ ਸਨ, ਬਦਲਾ ਲੈਣ ਲਈ ਕੁਰਲਾ ਰਹੀ ਸੀ।
ਜਰਮਨਾਂ ਨੂੰ ਕਾਹਲੀ-ਕਾਹਲੀ ਵਿੱਚ ਪੇਤਰਿਸ਼ਚੇਵੋ ਤੋਂ ਪਿੱਛੇ ਹਟਣਾ ਪਿਆ ਤੇ ਉਹ ਇਸ ਨੂੰ ਅੱਗ ਨਾ ਲਾ ਸਕੇ। ਆਸ-ਪਾਸ ਦੇ ਸਾਰੇ ਪਿੰਡਾਂ ਵਿੱਚੋਂ ਸਿਰਫ ਏਹੋ ਇੱਕ ਪਿੰਡ ਬਚਿਆ ਰਹਿ ਗਿਆ ਸੀ। ਇਸ ਪਿੰਡ ਵਿੱਚ ਉਹ ਲੋਕ ਸਨ ਜਿਨ੍ਹਾਂ ਨੇ ਹਿਟਲਰੀ ਫ਼ੌਜਾਂ ਦੇ ਜ਼ੁਲਮ ਵੇਖੇ ਸਨ ਅਤੇ ਇਸ ਪਿੰਡ ਵਿੱਚ ਹੀ ਜ਼ੋਇਆ ਦੀ ਕਬਰ ਸੀ।
ਜ਼ੋਇਆ ਦੀ ਕਹਾਣੀ ਮੂੰਹੋਂ-ਮੂੰਹ ਨਾਜ਼ੀਆਂ ਤੋਂ ਅਜ਼ਾਦ ਕਰਾਏ ਪਿੰਡਾਂ ਵਿੱਚ ਫੈਲ ਗਈ। ਮੋਰਚੇ ‘ਤੇ ਲੜਦੇ ਸੈਨਿਕਾਂ ਨੇ ਉਹਦੇ ਨਾਂ ਕਵਿਤਾਵਾਂ ਸਮਰਪਿਤ ਕੀਤੀਆਂ ਤੇ ਉਹ ਦਾ ਨਾਂ ਲੈ ਕੇ ਦੁਸ਼ਮਣਾਂ ਉਤੇ ਗੋਲੇ ਵਰ੍ਹਾਏ। ਉਸ ਦੇ ਖਿਆਲ ਤੋਂ ਹੀ ਲੋਕਾਂ ਨੂੰ ਇੱਕ ਨਵੀਂ ਤਾਕਤ ਮਿਲਦੀ ਸੀ। ਉਸ ਵੇਲੇ ਇਤਿਹਾਸ ਦੇ ਇੱਕ ਵਿਦਿਆਰਥੀ ਨੇ "ਪ੍ਰਾਵਦਾ" ਨੂੰ ਲਿਖਿਆ ਸੀ: "ਅਸੀਂ, ਸੋਵੀਅਤ ਲੋਕਾਂ ਨੇ ਅਜੇ ਹੋਰ ਬੜੀਆਂ ਅਜ਼ਮਾਇਸ਼ਾਂ ਵਿੱਚੋਂ ਲੰਘਣਾ ਹੈ। ਤੇ ਜੇ ਔਕੜ ਪੇਸ਼ ਆਈ ਤਾਂ ਮੈਂ ਇਹ ਤ੍ਰਾਸਦਿਕ ਕਹਾਣੀ ਫੇਰ ਪੜ੍ਹਾਂਗਾ ਅਤੇ ਇੱਕ ਵਾਰੀ ਫੇਰ ਇਸ ਛਾਪਾਮਾਰ ਕੁੜੀ ਦੇ ਸੋਹਣੇ ਤੇ ਦਲੇਰ ਮੁੱਖੜੇ ਵੱਲ ਵੇਖਾਂਗਾ।"
ਜ਼ੋਇਆ ਕਾਸਮੋਦੇਮੀਆਨਸਕਾਯਾ ਦਾ ਉੱਜਲਾ ਬਿੰਬ ਇੱਕ ਤਾਰੇ ਵਾਂਗ ਆਲੇ-ਦੁਆਲੇ ਦੂਰ ਤੱਕ ਚਮਕਦਾ ਹੈ। ਉਸ ਨੇ ਇਸ ਕਾਰਨਾਮੇ ਨਾਲ਼ ਆਪਣੇ-ਆਪ ਨੂੰ ਉਹਨਾਂ ਅਣਖੀਲੇ ਯੋਧਿਆਂ ਵਰਗੀ ਸਿੱਧ ਕੀਤਾ, ਜਿਨ੍ਹਾਂ ਬਾਰੇ ਉਹਨੇ ਪੜ੍ਹਿਆ ਸੀ ਅਤੇ ਜਿਨ੍ਹਾਂ ਕੋਲੋਂ ਜਿਊਂਣਾ ਸਿੱਖਿਆ ਸੀ।

(ਇਲੀਆ ਮੂਰੋਮੇਤਸ=ਰੂਸੀ ਲੋਕ ਕਥਾਵਾਂ ਦਾ ਨਾਇਕ।)