Taro (Punjabi Story) : Naurang Singh
ਤਾਰੋ (ਕਹਾਣੀ) : ਨੌਰੰਗ ਸਿੰਘ
ਤਾਰੋ, ਨੱਥੂ ਚਮਿਆਰ ਦੀ ਕੁੜੀ ਦੁਪਹਿਰਾਂ ਤੋਂ ਰੰਬਾ ਲੈ ਕੇ ਨਿਕਲੀ ਸੀ। ਕਈ ਖੇਤਾਂ ਵਿਚ ਘਾਹ ਲਈ ਗਈ, ਕਿਤੋਂ ਜੱਟ ਨੇ ਲਲਕਾਰ ਕੇ ਕਢ ਦਿੱਤਾ, ਤੇ ਕਿਤੋਂ ਉਹਨੂੰ ਘਾਹ ਨਾ ਲਭਾ। ਉਹ ਅਜ ਡਾਢੀ ਨਿਰਾਸ ਸੀ। ਘਾਹ ਓਹਨੇ ਜ਼ਰੂਰੀ ਖੜਣਾ ਸੀ, ਕਿਉਂਕਿ ਉਹਨਾਂ ਦੀ ਲਵੇਰੀ ਕਲ੍ਹ ਤੋਂ ਭੁਖੀ ਹੋਣ ਕਰ ਕੇ ਦੁਧ ਨਹੀਂ ਸੀ ਦੇਂਦੀ। ਉਹ ਖ਼ਾਲੋ ਖਾਲ ਟੁਰੀ ਗਈ। ਹੰਭੀ ਥੱਕੀ ਨੇ ਇਕ ਸਰਕੜੇ ਦਾ ਝੁੰਡ ਵੱਟ ਤੇ ਤੱਕਿਆ, ਓਹਦੀ ਛਾਵੇਂ ਬਹਿ ਗਈ। ਪਾਟੀ ਹੋਈ ਚੁੰਨੀ ਦੇ ਪੱਲੇ ਨਾਲ ਮੂੰਹ ਦਾ ਮੁੜ੍ਹਕਾ ਪੂੰਝਿਆ। ਉਹਦੀਆਂ ਗੱਲ੍ਹਾਂ ਧੁਪ ਨਾਲ ਸੂਹੀਆਂ ਹੋ ਗਈਆਂ ਸਨ।
ਥੋੜਾ ਅਗੇਰੇ ਜਿਉਣੇ ਦਾ ਮੁਰੱਬਾ ਸੀ। ਹਵਾ ਦੇ ਬੁਲਿਆਂ ਨਾਲ ਓਹਦੀ ਕਪਾਹ ਦਾ ਹਰਾ ਕਚੂਰ ਕਿਆਰਾ ਲਹਿਰਾਂ ਵਾਂਗ ਝੂਮਦਾ ਸੀ। ਤਾਰੋ ਉੱਠ ਕੇ ਉਸ ਕਪਾਹ ਦੇ ਕੰਢੇ ਚਲੀ ਗਈ। ਜਦੋਂ ਗਹੁ ਨਾਲ ਤੱਕਿਆ ਤਾਂ ਉਸ ਕਪਾਹ ਵਿਚ ਲੁਪਰ ਲੁਪਰ ਕਰਦਾ ਖੱਬਲ ਡਿੱਠਾ! ਉਹਦੀਆਂ ਅੱਖਾਂ ਚਮਕੀਆਂ, ਪਰ ਦੂਜੇ ਹੀ ਪਲ ਉਹਦਾ ਮੂੰਹ ਫਿੱਕਾ ਪੈ ਗਿਆ, ਜਦੋਂ ਉਹਨੂੰ ਚੇਤਾ ਆਇਆ, ਕਿ ਜਿਉਣਾ ਕੇਡਾ ਅੱਖੜ੍ਹ ਮੁੰਡਾ ਸੀ। ਕੀਕਰ ਉਹਨੇ ਕਈ ਚਮਿਆਰੀਆਂ ਘਾਹ ਖੋਤਦੀਆਂ ਕੁਟ ਕੁਟ ਕੇ ਬੇਸੁਧ ਬਣਾ ਘਤੀਆਂ ਸਨ। ਕੀਕਰ ਸਾਰੀ ਚਮਿਆਰੜ੍ਹੀ ਉਹਦੇ ਨਾਉਂ ਤੋਂ ਕੰਬਦੀ ਤੇ ਓਹਨੂੰ ਕਸਾਈ ਆਂਹਦੀ ਸੀ। ਨਾਲ ਹੀ ਉਹਨੂੰ ਆਪਣੀ ਭੁਖੀ ਮਹਿੰ ਦੀ ਚਿੰਤਾ ਵਢ ਵਢ ਪਈ ਖਾਂਦੀ ਸੀ। ਓੜਕ ਉਸ ਇਕ ਔਖਾ ਜਿਹਾ ਸਾਹ ਭਰਿਆ ਤੇ ਕਪਾਹ ਵਿਚ ਵੜ ਗਈ, ਜਿਹਨੂੰ ਫੁਲ ਪੈਣੇ ਸ਼ੁਰੂ ਹੀ ਹੋਏ ਸਨ। ਆਪਣੀ ਚੁੰਨੀ ਲਾਹ ਕੇ ਵਛਾਈ ਤੇ ਰੰਬਾ ਵਹੁਣ ਲਗ ਪਈ।
ਆਥਣ ਹੋ ਗਈ ਸੀ। ਹਾਲੀ ਪੱਠਾ ਦੱਥਾ ਲੈ ਕੇ ਘਰਾਂ ਨੰ ਮੁੜ ਰਹੇ ਸਨ। ਤੇ ਕਈ ਘਰੋਂ ਮਰੱਬਿਆਂ ਦੀ ਵੇਖ ਭਾਲ ਲਈ ਖੇਤਾਂ ਨੂੰ ਵਗੇ ਆਉਂਦੇ ਸਨ। ਜਿਉਣਾ ਖ਼ਾਕੀ ਚਾਦਰ ਬੰਨ੍ਹੀਂ ਤੇ ਕੰਨ ਤੇ ਸ਼ਮਲਾ ਲਮਕਾਈ ਮਸਤ, ਮਰੱਬੇ ਨੂੰ ਝੂਮਦਾ ਜਾਂਦਾ ਸੀ। ਓਹਨੇ ਦੂਰੋਂ ਖੇਤ ਵਲ ਨਿਗਾਹ ਮਾਰੀ ਤਾਂ ਕਪਾਹ ਵਿਚ ਕੁਝ ਹਿਲ-ਜੁਲ ਤੱਕੀ, ਤਾੜ ਗਿਆ ਕੋਈ ਘਾਹੀ ਹੋਵੇਗਾ। ਓਹਨੂੰ ਰੋਹ ਚੜ੍ਹ ਗਿਆ "ਇਨ੍ਹਾਂ ਬੇਈਮਾਨ ਚਮਿਆਰਾਂ ਨੂੰ ਇੰਨਾ ਕੁਟੀ ਫਾਂਟੀਦਾ ਏ, ਏਨੀ ਇਨ੍ਹਾਂ ਦੀ ਛਿਲ ਲਾਹੀਦੀ ਏ– ਪਰ ਇਹ ਬੇਸ਼ਰਮ ਇਕ ਨਹੀਓਂ ਜਾਣਦੇ, ਕਪਾਹ ਨੂੰ ਫੁਲ ਪੈਣ ਡਹੇ ਨੇ, ਇਹ ਫੇਰ ਉਥੇ ਆ ਘੁਸੜਦੇ ਨੇ" ਜਿਉਣਾ ਗੁਸੇ ਵਿਚ ਬੁੜ ਬੜੀਂਦਾ ਵਾਹੋ-ਦਾਹ ਵਗਿਆ ਜਾਂਦਾ ਸੀ, "ਅੱਜ ਵਾਲੇ ਦੀ ਚੰਗੂ ਖ਼ਬਰ ਲਵਾਂਗਾ' ਓਹਦੇ ਕ੍ਰੋਧ ਦੀ ਲਾਟ ਭੜਕੀ ਤੋਂ ਨੱਸ ਕੇ ਕਪਾਹ ਦੀ ਵੱਟ ਤੇ ਜਾ ਖਲੋਤਾ, "ਕੌਣ ਏਂ ਓਏ ਤੂੰ ਮੇਰੀ ਹਿੱਕ ਲੂਹਣ ਵਾਲਿਆ?" ਉਹਦੇ ਬੁਲ੍ਹ ਗੁਸੇ ਨਾਲ ਪਏ ਕੰਬਦੇ ਸਨ।
ਸਹਿਮੀ ਹੋਈ ਤਾਰੋ ਉਠਕੇ ਖਲੋ ਗਈ, ਓਹਦੀਆਂ ਅਣਵਾਹੀਆਂ ਭੂਸਲੀਆਂ ਲਟੂਰੀਆਂ ਉਤੇ ਲਹਿੰਦੇ ਸੂਰਜ ਦੀਆਂ ਕਿਰਨਾ ਥੱਰਾ ਰਹੀਆਂ ਸਨ। ਕਪਾਹ ਦੇ ਸਾਵੇ ਪੱਤੇ ਓਹਦੇ ਮੂੰਹ ਪਰ ਹਵਾ ਨਾਲ ਫੜ ਫੜ ਵਜਦੇ ਸਨ। ਉਹ ਕੁਝ ਨ ਕੂਈ। "ਤੂੰ ਐਥੇ ਕਿਉਂ ਆਈ? ਜਦੋਂ ਤੈਨੂੰ ਪਤਾ ਏ ਮੈਂ ਕਿਸੇ ਨੂੰ ਘਾਹ ਨਹੀਂ ਲੈਣ ਦਿੰਦਾ।" ਜਿਉਣੇ ਕੜਕ ਕੇ ਕਿਹਾ। ਤਾਰੋ ਹਥ ਵਿਚ ਰੰਬਾ ਲਈ, ਅੱਖਾਂ ਧਰਤੀ ਵਿਚ ਗਡ ਕੇ ਚੁਪੀਤੀ ਖੜੀ ਰਹੀ। "ਪੱਥਰ ਹੋ ਗਈਓਂ, ਜੀਭ ਤਾਲੂ ਲਗ ਗਈ ਸੂ, ਬੋਲਦੀ ਕਿਉਂ ਨਹੀਂ?" ਜਿਉਣਾ ਹੋਰ ਅਗੇ ਵਧ ਕੇ ਬੋਲਿਆ।
"ਸਾਡੀ ਮਹਿੰ ਭੁਖੀ ਸੀ" ਤਾਰੋ ਨੇ ਸਹਿਜੇ ਬੁਲ੍ਹ ਖੋਲ੍ਹੇ।
"ਪਰ ਤੈਨੂੰ ਪਤਾ ਨਹੀਂ ਇਹ ਘਾਹ ਮੇਰਾ ਰਖਿਆ ਹੋਇਆ ਏ" ਜਿਉਣੇ ਮੁੜ ਕਿਹਾ।
"ਅਸੀਂ ਵੀ ਤੇ ਤੁਹਾਡੇ ਈ ਰਖੇ ਹੋਏ ਆਂ" ਤਾਰੋ ਨੇ ਕਟੋਰੇ ਜਿਹੀਆਂ ਉਦਾਸ ਅਖਾਂ ਨਾਲ ਜਿਉਣੇ ਵਲ ਝਾਕ ਕੇ ਕਿਹਾ।
ਜਿਉਣੇ ਆਪਣੀਆਂ ਫੁਟਦੀਆਂ ਮੁਛਾਂ ਤੇ ਹਥ ਫੇਰਿਆ ਤੇ ਲੰਮੀ ਨਜ਼ਰ ਭਰ ਕੇ ਦੂਰ ਤਕ ਵੇਖਿਆ। ਉਹਨੂੰ ਆਪਣਾ ਆਪ ਹੌਲਾ ਹੁੰਦਾ ਜਾਪਿਆ 'ਜਾਹ ਵਗ ਜਾ- ਘਾਹ ਇਥਾਈਂ ਢੇਰੀ ਕਰ ਦੇ' ਉਹਦੇ ਬੋਲਾਂ ਵਿਚ ਫ਼ਰਕ ਸੀ।
ਤਾਰੋ ਨੇ ਚੁੰਨੀ ਚੋਂ ਖੱਬਲ ਪਲਟ ਦਿਤਾ, ਤੇ ਪਿੰਡ ਨੂੰ ਟੁਰ ਵਗੀ। ਜਿਉਣਾ ਜਾਂਦੀ ਨੂੰ ਨੀਝ ਲਾ ਕੇ ਵਿੰਹਦਾ ਸੀ। ਉਹ ਮਸਾਂ ਵੀਹ ਕੁ ਡਿੰਘਾਂ ਹੀ ਗਈ ਸੀ, ਕਿ ਜਿਉਣੇ ਵਾਜ ਦਿਤੀ 'ਤਾਰੋ', ਉਹ ਖਲੋ ਗਈ।
"ਲੈ ਜਾ ਘਾਹ, ਪਰ ਫੇਰ ਨ ਆਈ" ਜਿਉਣੇ ਉਤਲੀ ਹੈਂਕੜ ਵਿਚ ਕਿਹਾ।
ਤਾਰੋ ਮੁੜ ਆਈ, ਚੁੰਨੀ ਵਿਚ ਘਾਹ ਪਾ ਕੇ ਬੰਨ੍ਹ ਲਿਆ। ਉਹ ਚੁਕ ਨਾ ਸਕੀ ਕਿਉਂਕਿ ਬਾਹਲਾ ਸੀ। ਉਹਦੀਆਂ ਅਖਾਂ ਵਿਚ ਸਹਾਇਤਾ ਦੀ ਪ੍ਰੇਰਨਾ ਸੀ।
"ਮੈਂ ਚੁਕਾ ਦਿਆਂ ਆਖ ਕੇ ਜਿਉਣੇ ਨੇ ਪੰਡ ਉਹਦੇ ਸਿਰ ਤੇ ਧਰਾ ਦਿਤੀ। ਉਹ ਸਿੱਧੀ ਪਿੰਡ ਨੂੰ ਹੋ ਲਈ। ਅਜੇ ਕਿਆਰਾ ਭਰ ਹੀ ਗਈ ਸੀ ਕਿ ਜੀਉਣੇ ਮੁੜ ਮਗਰੋਂ ਹਾਕ ਮਾਰ ਕੇ ਖਲ੍ਹਿਰ ਲਈ "ਰੁਗ ਲੂਸਣ ਦਾ ਵੀ ਲੈ ਜਾ, ਮਹਿੰ ਬਾਹਲੀ ਭੁਖੀ ਹੋਵੇਗੀ ਓ" ਤੇ ਦਾਤੀ ਨਾਲ ਦਬਾ ਸੱਟ ਲੂਸਣ ਵਢ ਕੇ ਉਹਨੇ ਉਹਦੀ ਪੰਡ ਵਿਚ ਬੰਨ੍ਹ ਦਿੱਤਾ। ਤੇ ਟੁਰਨ ਲਗਾ ਮੁੜ ਆਂਹਦਾ "ਸੁੰਨੇ ਖੇਤ ਨਾ ਉਜਾੜਿਆ ਕਰੋ...ਤਾਰੋ।" ਤਾਰੋ ਨੇ ਉਹਦੇ ਵਲ ਤੱਕਿਆ, ਅਖਾਂ ਵਿਚ ਹੱਸੀ ਤੇ ਚਲੀ ਗਈ। ਜਿਉਣਾ ਦੂਰ ਤਕ ਜਾਂਦੀ ਨੂੰ ਵੇਹਿੰਦਾ ਰਿਹਾ।
ਜਿਉਣੇ ਦੇ ਮਾਪੇ ਚਰੋਕੇ ਮਰ ਚੁਕੇ ਸਨ। ਉਹ ਆਪਣੀ ਭੈਣ ਤੇ ਉਹਦੇ ਜੁਆਕਾਂ ਨਾਲ ਰਹਿੰਦਾ ਸੀ। ਜਿਉਣੇ ਦੇ ਨਾਉਂ ਇਕੱਲਾ ਹੋਣ ਕਰ ਕੇ ਚੋਖੀ ਜਾਇਦਾਦ ਸੀ। ਉਹਦਾ ਘਰ ਹਛੇ ਚਲਦੇ ਘਰਾਂ ਵਿਚ ਗਿਣਿਆ ਜਾਂਦਾ ਸੀ। ਚੰਗੇ ਟੱਬਰਾਂ ਦੇ ਨਾਤੇ ਉਹਨੂੰ ਮਿਲਦੇ ਸਨ, ਪਰ ਉਹ ਨਾਂਹ ਨੁਕਰ ਕਰ ਛਡਦਾ ਸੀ। ਉਹ ਡਾਢਾ ਹਠੀ ਸੀ। ਉਹਦਾ ਸੁਭਾਓ ਗਰਮ ਤੇ ਸਿਰੇ ਦੀ ਕਠੋਰ ਤਬੀਅਤ ਸੀ ਪਰ ਚਾਲ ਚਲਣ ਦਾ ਅਹਿੱਲ ਸੀ। ਉਹਦੀ ਰਹਿਣੀ ਬਹਿਣੀ ਤੇ ਕਦੇ ਕਿਸੇ ਨੂੰ ਸ਼ੰਕਾ ਨਹੀਂ ਸੀ ਹੋਇਆ। ਉਹਦੇ ਖੁਰਦਰੇ ਬੋਲਾਂ ਤੇ ਭੈਣ ਵੀ ਅਕੀ ਹੋਈ ਸੀ। ਉਹ ਆਥਣ ਨੂੰ ਜਦੋਂ ਮਰੱਬਿਓਂ ਘਰ ਆਉਂਦਾ ਤਾਂ ਚੰਗੇ ਭਲੇ ਖੇਡਦੇ ਇਞਾਣੇ ਸਹਿਮ ਜਾਂਦੇ ਤੇ ਭੈਣ ਚੁਪ ਸਾਧ ਬਹਿੰਦੀ। ਉਹ ਆਉਂਦਿਆਂ ਸਾਰ ਹੀ ਖਿਝ ਕੇ ਘੁਰਕੀਆਂ ਤੇ ਝਿੜਕਾਂ ਕਸਣ ਡਹਿ ਪੈਂਦਾ ਸੀ। ਕਦੇ ਕਿਸੇ ਬੌਲਦ ਦੀ ਬੂਥੀ ਭੰਨ ਕਢਦਾ ਤੇ ਕਦੇ ਕਿਸੇ ਖੁਰਲੀ ਚੋਂ ਤੂੜੀ ਵਗਾਂਹਦੀ ਮਹਿੰ ਦੀ ਮੁੰਜ ਉਡਾ ਦੇਂਦਾ। ਬਾਹਰੋਂ ਆ ਕੇ ਘੰਟਾ ਡੇਢ ਘੰਟਾ ਵਢੂੰ-ਖਾਊਂ ਕਰ ਕੇ ਟੁਕਰ ਖਾਂਦਾ ਹੁੰਦਾ ਸੀ।
ਪਰ ਅਜ ਜਦੋਂ, ਤਾਰੋ ਨੂੰ ਵਿਦਿਆ ਕਰ ਕੇ ਘਰ ਆਇਆ ਤਾਂ ਉਹਦੇ ਤੌਰ ਹੀ ਨਿਰਾਲੇ ਸਨ। ਅਜ ਉਹ ਫੂੰ-ਫਾਂ ਤਿੜ ਫਿੜ ਤਿਲ ਮਾਤਰ ਵੀ ਨਹੀਂ ਸੀ ਰੜਕਦੀ। ਅਜ ਹਲਕੀ ਪੌਣ ਤਬੀਅਤ, ਸੁਬਕ ਸੁਭਾਓ ਤੇ ਗੁਲਾਬੀ ਹਸਣੀ ਨਾਲ ਬਾਲਾਂ ਨੂੰ ਹਿਕ ਨਾਲ ਲਾ ਲਾ ਚੁੰਮਦਾ ਸੀ। ਭੈਣ ਕੋਲੋਂ ਖਿੜੇ ਮੱਥੇ ਪਾਣੀ ਮੰਗਿਆ, ਫੇਰ ਮੰਡੀਓਂ ਆਂਦੇ ਵੱਛਿਆਂ ਦੇ ਗਲ ਘੁੰਗਰੂ ਬਧੇ। ਮਹੀਆਂ ਨੂੰ ਥਾਪੀ ਦੇਂਦਾ ਫਿਰਦਾ ਸੀ ਨਾਲੋ ਨਾਲ ਉਹਨੂੰ ਕੁਝ ਚੇਤੇ ਆਉਂਦਾ ਸੀ ਤੇ ਡੰਗਰਾਂ ਨਾਲ ਗਲਾਂ ਦੇ ਪੱਜੇ ਹਸ ਛਡਦਾ ਸੀ।
ਭੈਣ ਹੈਰਾਨ ਸੀ ਕਿ ਅਜ ਉਹਦੇ ਭਰਾ ਨੇ ਕਿਹੜਾ ਅਮ੍ਰਿਤ ਪੀ ਲਿਆ ਜੋ ਇਕ ਦਮ ਕੁਝ ਦਾ ਕੁਝ ਬਣ ਗਿਆ। ਭੌਂਦਾ ਭੌਂਦਾ ਉਹ ਆਪਣੀ ਮੱਥੇ-ਫੁਲੀ ਛੇਲੀ ਕੋਲ ਬਹਿ ਗਿਆ, ਉਹਦੀ ਨਰਮ ਨਰਮ ਬੂਬੀ ਨੂੰ ਚੁੰਮ ਕੇ ਆਂਹਦਾ, "ਜੀ ਕਰਦਾ ਏ ਤੇਰਾ ਨਾਉਂ ਤਾਰੋ ਰਖ ਦਿਆਂ।" ਓਥੋਂ ਉਠ ਕੇ ਉਹ ਨਹਾਤਾ ਤੇ ਮੁੜ ਰੋਟੀ ਖਾਣ ਲਗ ਪਿਆ।
"ਅਜ ਦਿਹੁੰ ਕਿਧਰੋਂ ਚੜ੍ਹਿਆ ਏ ਭਾਊ" ਓਹਦੀ ਭੈਣ ਨੇ ਓਹਨੂੰ ਪ੍ਰਸੰਨ ਵੇਖ ਕੇ ਕਿਹਾ।
"ਸਾਡੇ ਮਰੱਬਿਓਂ" ਓਹਨੇ ਬੁਰਕੀ ਤੋੜ ਕੇ ਉੱਤਰ ਦਿੱਤਾ। ਫਿਰ ਹਸ ਪਿਆ।
ਤਾਰੋ ਨੇ ਘਰ ਆ ਕੇ ਪੱਠੇ ਮਹਿੰ ਨੂੰ ਪਾਏ। ਅਜ ਦੇ ਕੱਖ ਵੇਖ ਕੇ ਓਹਦੀ ਮਾਂ ਬੜੀ ਖ਼ੁਸ਼ੀ ਹੋਈ ਤੇ ਪੁਛਿਆ, "ਕਿਥੋਂ ਆਂਦੇ ਈ ਏਨੇ ਵੜੇ?"
"ਜਿਉਣੇ ਦੇ ਮੁਰੱਬਿਓਂ" ਤਾਰੋ ਨੇ ਜਵਾਬ ਦਿੱਤਾ।
"ਨੀ ਹਾਏ ਓਸ ਕਸਾਈ ਦੇ ਖੇਤ ਨਾ ਜਾਇਆ ਕਰ ਨੀ- ਜਾਣਦੀ ਨਹੀਓਂ ਵਰਯਾਮੇ ਤੇ ਨਾਤੂ ਦੀਆਂ ਚਮਿਆਰੀਆਂ ਦੇ ਕਿੱਦਾਂ ਹੱਜ ਤੋੜੇ ਸਾ ਸੂ। ਓਹ ਵਿਚਾਰੀਆਂ ਭੁਲ ਭੁਲੇਖੇ ਓਹਦੀ ਕਪਾਹੇ ਜਾ ਵੜੀਆਂ ਸਨ, ਤੇ ਅਜੇ ਇਕ ਬੂਝਾ ਵੀ ਨਹੀਂ ਸਾ ਨੇ ਖੁਰਚਿਆ ਕਿ ਫ੍ਹੇਣ ਢਹਿ ਪਿਆ।" ਓਹਦੀ ਮਾਂ ਨੇ ਅੱਖਾਂ ਅਡ ਕੇ ਹਰਾਨਗੀ ਨਾਲ ਕਿਹਾ।
"ਨਹੀਂ ਮਾਂ, ਅਜ ਓਹਨੂੰ ਸਾਡੀ ਮਹੀਂ ਤੇ ਤਰਸ ਆ ਗਿਆ ਸੀ, ਵਿੰਹਦੀ ਨਹੀਂ? ਆਹ! ਰੁਗ ਲੂਸਣ ਦਾ ਵੀ ਦੇ ਦਿਤੋ ਸੂ। ਆਂਹਦਾ ਸੀ ਮੈਂਹ ਬਾਹਲੀ ਭੁਖੀ ਹੋਊਗੀ।"
ਖਾਉ ਪੀਉ ਕਰ ਕੇ ਤਾਰੋ ਮੰਜੇ ਤੇ ਜਾ ਲੰਮੀ ਪਈ। ਓਹ ਸੋਚਦੀ ਸੀ:–
"ਅਜ ਜਿਉਣੇ ਦੀਆਂ ਝਿੜਕਾਂ ਮੈਨੂੰ ਕੌੜੀਆਂ ਕਿਉਂ ਨਹੀਂ ਲਗੀਆਂ? ਓਹਦੀ ਘੂਰ ਘੱਪ ਸੁਆਦ ਕਿਉਂ ਲਗਦੀ ਸੀ। ਮੈਂ ਅਜ ਓਹਦੇ ਕੋਲੋਂ ਨਹੀਂ ਡਰੀ? ਲੋਕੀ ਓਹਨੂੰ ਕਸਾਈ ਕਹਿੰਦੇ ਨੇ, ਪਰ ਮੈਨੂੰ ਤੇ ਓਹ ਬੀਬਾ ਜਿਹਾ ਭਾਸਿਆ ਸੀ। ਨਹੀਂ ਨਹੀਂ ਮੈਂ ਭੁਲਦੀ ਹਾਂ। ਓਹ ਤੇ ਹੈ ਈ ਕਸਾਈ। ਕਿੱਦਾਂ ਕੜਕ ਕੇ ਆਂਹਦਾ ਸੀ "ਸਾਡੇ ਖੇਤ ਨ ਮੁੜਕੇ ਆਈ।"
ਪਰ ਨਹੀਂ ਇਹ ਵੀ ਭੁਲੇਖਾ ਹੈ। ਓਹਨੇ ਦੋ ਵਾਰ ਮੁੜ ਮੁੜ ਮੈਨੂੰ ਕੋਲ ਕਿਉਂ ਸਦਿਆ? ਤੇ ਲੂਸਣ ਕਿਉਂ ਦਿਤਾ, ਮੁੜ ਪੰਡ ਕਿਉਂ ਚੁਕਾਈ? ਨਹੀਂ ਓਹ ਕਸਾਈ ਨਹੀਂ, ਮਨਾਂ! ਤੂੰ ਭੁਲਣਾ ਵੇਂ। ਉਹ ਤੇ ਡਾਢਾ ਤਰਸਾਂ ਮਾਰਿਆ ਮੁੰਡਾ ਏ। ਲੋਕੀ ਚੰਦਰੇ ਐਵੇਂ ਕਸਾਈ ਆਖਦੇ ਨੇ, ਜੀ ਕਰਦਾ ਏ ਉਨ੍ਹਾਂ ਦੀਆਂ ਜੀਭਾਂ ਖਿਚ ਘੱਤਾਂ।" ਇਨ੍ਹਾਂ ਸੋਚਾਂ ਵਿਚ ਉਹ ਸੌਂ ਗਈ।
++++
ਕਿਸੇ ਦੇ ਕੰਮ ਆਉਣਾ ਪੱਥਰ ਦਿਲਾਂ ਨੂੰ ਮੋਮ ਕਰ ਦੇਂਦਾ ਹੈ। ਅਸੁਰੀ ਸੁਭਾ ਨੂੰ ਦੈਵੀ ਬਣਾ ਕਢਦਾ ਹੈ। ਕਿਸੇ ਸ਼ੁਧ ਹਿਰਦੇ ਦੀ ਥਰਕਦੀ ਜੋਤ ਨੇ ਜਿਉਣੇ ਦੇ ਹਨੇਰੇ ਅੰਦਰੇ ਵਿਚ ਦੀਪਕ ਜਗਾ ਦਿੱਤਾ, ਓਹਦਾ ਮਿਜ਼ਾਜ ਬਦਲਦਾ ਗਿਆ। ਓਹ ਅਜ ਹੋਰ ਤੇ ਭਲਕ ਹੋਰ ਸੀ। ਚਮਿਆਰੀਆਂ, ਜਿਨ੍ਹਾਂ ਨੂੰ ਓਹਦੇ ਪਰਛਾਵੇਂ ਤੋਂ ਹੌਲ ਪੈਂਦੇ ਸਨ, ਹੁਣ ਓਹਦੀਆਂ ਵਟਾਂ ਤੋਂ ਰੰਬੇ ਵਾਹ ਆਉਂਦੀਆਂ ਸਨ, ਓਹ ਫ਼ਸਲ ਦੇ ਨੁਕਸਾਨ ਤੋਂ ਬਿਨਾਂ ਹੋਰ ਕਾਸੇ ਤੋਂ ਨਹੀਂ ਸੀ ਡੱਕਦਾ। ਘਰ ਆਉਣ ਤੇ ਜਿਹੜੀਆਂ ਗਾਈਆਂ ਮਹੀਆਂ ਉਸ ਤੋਂ ਡਰ ਰੱਸੇ ਤੁੜਾਂਦੀਆਂ ਸਨ, ਓਹ ਹੁਣ ਹੱਥਾਂ ਨੂੰ ਚੱਟ ਕੇ ਪਿਆਰ ਦੇਂਦੀਆਂ ਸਨ। ਇੱਲਤੀ ਬਾਲ ਓਹਦੀਆਂ ਬਾਂਹਾਂ ਨਾਲ ਲਮਕ ਜਾਂਦੇ ਸਨ, ਤੇ ਭੈਣ ਹਸ ਕੇ ਪਾਣੀ ਦੇਂਦੀ ਸੀ। ਪਾਹ ਪੜੋਸੀ ਵੀ ਓਹਦੇ ਨਾਲ ਕੂਣ ਦਾ ਹੀਆ ਕਰਨ ਲਗ ਪਏ ਸਨ, ਪਿੰਡ ਵਿਚ ਓਹਦੀ ਅਚਨਚੇਤ ਤਬਦੀਲੀ ਦਾ ਵਤੀਰਾ ਸਲਾਹਿਆ ਜਾਣ ਲਗਾ।
ਓਹ ਖੇਤੋਂ ਆਉਂਦਾ ਜਾਂਦਾ ਰਾਹ ਵਿਚ ਕਈ ਵਾਰ ਮੁੜਦੀ ਤਾਰੋ ਨੂੰ ਮਿਲ ਪੈਂਦਾ ਤਾਂ ਦੋਵੇਂ ਇਕ ਦੂਜੇ ਨੂੰ ਮਿਨ੍ਹੀਆਂ ਅਖਾਂ ਨਾਲ ਵੇਂਹਦੇ ਲੰਘ ਜਾਂਦੇ। ਕੁਝ ਵਿਥ ਟੁਰ ਮੁੜ ਭੌਂ ਕੇ ਝਾਕ ਲੈਂਦੇ, ਇਕ ਵਾਰ ਨਹੀਂ ਕਿਨੀ ਕਿਨੀ ਵਾਰੀ। ਕਦੇ ਜਿਉਣਾ ਆਪਣੀ ਛੇਲੀ ਨਾਲ ਲੈ ਕੇ ਖੇਤ ਜਾਂਦਾ, ਰਾਹ 'ਚ ਪੱਠੇ ਖੜੀ ਆਉਂਦੀ ਤਾਰੋ ਦੇ ਮਗਰ ਭਜਾ ਦਿੰਦਾ। ਉਹ ਮੈਂ— ਮੈਂ ਮਮਿਆਉਂਦੀ ਤਾਰੋ ਦੀਆਂ ਅਡੀਆਂ ਪਰ ਜਾ ਟਪੋਸੀਆਂ ਮਾਰਦੀ। 'ਮੁੜ ਆ ਤਾਰੋ, ਮੁੜ ਆ' ਮੁਸਕੜੀਆਂ ਹਸਦਾ ਜਿਉਣਾ ਆਪਣੀ ਛੇਲੀ ਨੂੰ ਟਿਚਕਾਰਾਂ ਮਾਰ ਕੇ ਸੱਦਦਾ। ਤਾਰੋ ਵੀ ਮੁਸਕ੍ਰਾ ਪੈਂਦੀ। ਉਹਦੀ ਠੋਡੀ ਦੇ ਟੋਏ ਨੂੰ ਜਿਉਣਾ ਨੀਝ ਲਾ ਕੇ ਵਿੰਹਦਿਆਂ ਰਹਿੰਦਾ।
ਇਕ ਆਥਣ ਜਿਉਣੇ ਪੱਠੇ ਵਢ ਕੇ ਗਡੇ ਤੇ ਲੱਦੇ ਤੇ ਵੇਹਲਿਆਂ ਹੋ ਕੇ ਆਪਣੀ ਛੇਲੀ ਨੂੰ ਤੂਤ ਦੇ ਪੱਤੇ ਖਵਾਂਦਾ ਪਿਆ ਸੀ, ਕਿ ਉਹਨੂੰ ਕਮਾਦ ਦੀ ਪਾਰਲੀ ਨੁਕਰੋਂ ਡੁਸ-ਡੁਸ ਦੀ ਆਵਾਜ਼ ਸੁਣਾਈ ਦਿੱਤੀ। ਪੱਤਿਆਂ ਦਾ ਖੜਾਕ ਭਾਵੇਂ ਠੀਕ ਥਹੁ ਨਹੀਂ ਸੀ ਲਗਣ ਦਿੰਦਾ, ਤਾਂ ਵੀ ਉਹ ਤਾੜ ਗਿਆ ਕਿ ਕੋਈ ਰੋਂਦਾ ਹੈ। ਛੇਲੀ ਬੰਨ੍ਹ ਕੇ ਓਧਰ ਨੂੰ ਟੁਰਿਆ। ਉਹਦੀ ਹਰਾਨੀ ਦੀ ਕੋਈ ਹਦ ਨਾ ਰਹੀ, ਜਦੋਂ ਓਹਨੇ ਤਾਰੋ ਨੂੰ ਪੈਰ ਫੜੀ ਰੋਂਦਿਆਂ ਡਿਠਾ। ਉਹ ਤਿਖੇਰਾ ਪੈਰ ਪੁਟ ਕੇ ਤਾਰੋ ਕੋਲ ਅਪੜਿਆ। ਓਹਦੇ ਪੈਰ 'ਚੋਂ ਲਹੂ ਦੀ ਤਤੀਰੀ ਵਗਦੀ ਸੀ। "ਕੀ ਹੋਇਆ ਤਾਰੋ?" ਜਿਉਣੇ ਨੇ ਕਾਹਲੀ ਨਾਲ ਉਸ ਦੇ ਨਾਲ ਬਹਿੰਦਿਆਂ ਪੁੱਛਿਆ। ਤਾਰੋ ਦੀ ਜੀਭ ਸੰਗਾੱ ਨੇ ਨੱਪ ਘੱਤੀ ਤੇ ਚੋਂਦੀਆਂ ਝਿਮਣੀਆਂ ਹਯਾ ਨਾਲ ਝੁਕ ਗਈਆਂ। ਉਹ ਚੀਸਾਂ ਨਾਲ ਤਿਲਮਲਾਂਦੀ ਸੀ।
"ਓਹੋ, ਸੂਲ, ਇਹ ਤੇ ਆਰ ਪਾਰ ਹੋ ਗਈ ਜਾਪਦੀ ਏ?" ਜਿਉਣੇ ਨੇ ਗੋਡੇ ਪਰਨੇ ਹੋ ਕੇ ਕੰਬਦੇ ਹਥਾਂ ਨਾਲ ਤਾਰੇ ਦਾ ਪੈਰ ਫੜ ਲਿਆ। ਦਬਾ ਸਟ ਬੋਝੇ ਚੋਂ ਨਕਚੂੰਢੀ ਕਢੀ। ਸੂਈ ਨਾਲ ਕੰਡੇ ਦੁਆਲਿਓਂ ਮਾਸ ਕੁਰੇਦਿਆ। ਤਾਰੋ ਦਰਦ ਜਰਦੀ ਤੇ ਬਹੁਤ, ਪਰ ਕਦੇ ਕਦੇ ਜਿਉਣੇ ਕੋਲੋਂ ਪੈਰ ਛੁਡਾਣ ਦਾ ਜਤਨ ਕਰਦੀ ਸੀ। ਦੂਰ ਵਗਦੇ ਖਾਲ ਕੰਢੇ ਬੁੱਕਾਂ ਨਾਲ ਪਾਣੀ ਪੀਂਦੀਆਂ ਦੋ ਘਾਹਿਣਾਂ ਮੂੰਹ ਚੁਕ ਚੁਕ ਏਧਰ ਤਕ ਰਹੀਆਂ ਸਨ, ਤੇ ਮੋਢੇ ਉਤੇ ਕਹੀ ਧਰੀ ਜਾਂਦਾ ਇਕ ਜਟ ਇਨ੍ਹਾਂ ਨੂੰ ਵਿੰਹਦਿਆਂ ਲੰਘਿਆ। ਕੰਡੇ ਦਾ ਸਿਰਾ ਨੰਗਾ ਹੋ ਗਿਆ ਸੀ, ਜਿਉਣੇ ਮੋਚਨੀ ਨਾਲ ਨਪ ਕੇ ਸੂਲ ਖਿਚ ਕਢੀ, ਪੋਟਿਓਂ ਵੱਡੀ ਸੀ, ਚੰਗਾ ਤਕੜਾ ਛੇਕ ਹੋ ਗਿਆ ਸੀ। ਆਪਣੀ ਪੱਗ ਦਾ ਲੜ ਪਾੜ ਕੇ ਉਸ ਨੇ ਪੈਰ ਨੂੰ ਬੰਨ੍ਹ ਦਿੱਤਾ।
ਘੁਸ ਮੁਸਾ ਹੋ ਚੁਕਾ ਸੀ। ਆਕਾਸ਼ ਤੋਂ ਟਾਵੇਂ ਟਾਵੇਂ ਤਾਰੇ ਨਿਕਲ ਆਏ। ਤਿਲੀਅਰ, ਚਿੜੀਆਂ, ਕਾਂ ਤੇ ਹੋਰ ਅਨੇਕਾਂ ਜਨੌਰ ਆਥਣ ਦੀ ਆਰਤੀ ਉਤਾਰ ਕੇ ਕੁਝ ਆਹਲਣਿਆਂ ਵਿਚ ਤੇ ਕੁਝ ਪੱਤਿਆਂ ਦੀ ਓਟ ਵਿਚ ਟਹਿਣੀਆਂ ਪਰ ਜਾ ਬੈਠੇ ਸਨ, ਡਡੀਆਂ ਦੀ ਟਰ ਟਰ ਤੇ ਛਪਕੀਆਂ ਦੀ ਚਰਕ ਚਰਕ ਚੁਪਾਸੀਂ ਛਿੜੀ ਹੋਈ ਸੀ। ਉਹ ਦੋਵੇਂ ਉਠ ਕੇ ਗੱਡੇ ਵਲ ਟੁਰ ਵਗੇ। ਤਾਰੋ ਸਹਿਜੇ ਸਹਿਜੇ ਲਗੀ ਆਉਂਦੀ ਸੀ।
"ਅਜ ਤੇ ਮੈਂ ਤੈਨੂੰ ਏਡਾ ਭਿਟ ਦਿੱਤਾ" ਤਾਰੋ ਨੇ ਆਖਿਆ।
"ਉਹ ਕਿੱਦਾਂ? ਜਿਉਣੇ ਫਰਾਂਹ ਦੇ ਦਰਖ਼ਤ ਪਿੱਛੇ ਚੰਨ ਚੜ੍ਹਦੇ ਵਲ ਝਾਕ ਕੇ ਕਿਹਾ, "ਚੰਨੇ ਦੀ ਚਾਨਣੀ ਨਹੀਂ ਭਿਟਦੀ, ਵਾ ਦੇ ਬੁੱਲੇ ਨਹੀਂ ਭਿੱਟਦੇ, ਸਾਡੇ ਪੱਠੇ ਨਹੀਂ ਭਿੱਟਦੇ, ਤੇ ਗੰਨੇ ਨਹੀਂ ਭਿੱਟਦੇ, ਮੈਂ ਕਿਦਾਂ ਭਿਟਿਆ ਗਿਆ।" ਉਹ ਗਲਾਂ ਕਰਦੇ ਤੂਤ ਹੇਠ ਜਾ ਖਲੋਤੇ। ਪੱਤਿਆਂ ਦੀਆਂ ਵਿਰਲਾਂ ਥਾਣੀਂ ਚਾਨਣੀ ਲੰਘ ਕੇ, ਤਾਰੋ ਦੇ ਮੂੰਹ ਤੇ ਪੈ ਰਹੀ ਸੀ। ਜਿਉਣੇ ਛੇਲੀ ਖੋਲ੍ਹੀੀ, "ਆ ਤਾਰੋ ਚਲੀਏ" ਓਹਨੇ ਓਹਦਾ ਰੱਸਾ ਖਿੱਚ ਕੇ ਕਿਹਾ। ਤਾਰੋ ਹੱਸੀ ਤੇ ਮਗਰ ਟੁਰ ਪਈ।
"ਮੈਂ ਤੈਨੂੰ ਤੇ ਨਹੀਂ ਆਂਹਦਾ" ਜਿਉਣੇ ਤਾਰੋ ਦਾ ਦਿਲ ਫਰੋਲਣਾ ਚਾਹਿਆ, "ਮੈਂ ਤੇ ਆਪਣੀ ਛੇਲੀ ਨੂੰ ਆਖਿਆ ਏ, ਤੈਨੂੰ ਤੇ ਮੈਂ ਓਦਨ ਸੁਣਾਇਆ ਸੀ, ਕਿ ਸਾਡੇ ਮਰੱਬੇ ਨਾ ਆਵੀਂ?" ਉਹ ਗਰਦਨ ਭੁੰਆ ਕੇ ਹਸ ਰਿਹਾ ਸੀ।
"ਮੈਂ ਤੇ ਨਹੀਂ ਸਾਂ ਆਉਂਦੀ" ਨਾਲੋ ਨਾਲ ਜਾਂਦੀ ਤਾਰੋ ਨੇ ਕਿਹਾ।
"ਮੁੜ ਕੌਣ ਲੈ ਆਇਆ" ਜਿਉਣਾ ਤਾਰੋ ਨੂੰ ਟੋਹ ਰਿਹਾ ਸੀ।
"ਇਹ ਚੰਦਰਾ ਦਿਲ" ਤਾਰੋ ਨੇ ਹਿਕ ਤੇ ਉਂਗਲ ਧਰ ਕੇ ਆਖਿਆ।
ਇਹ ਕਹਿ ਕੇ ਤਾਰੋ ਸ਼ਰਮ ਨਾਲ ਪਾਣੀ ਹੋ ਗਈ ਤੇ ਛੇਤੀ ਗੱਡੇ ਪਰ ਪੱਠਿਆਂ ਤੇ ਜਾ ਬੈਠੀ। ਜਿਉਣੇ ਵੱਛੇ ਜੋੜੇ ਤੇ ਰੱਸੇ ਫੜ ਕੇ ਅਗਾੜੀ ਬਹਿ ਗਿਆ। ਵੱਛੇ ਹਿਕ ਦਿੱਤੇ, ਉਹ ਫਰਾਟੇ ਮਾਰਦੇ ਰੁਹਾਲੇ ਪੈ ਗਏ। ਉਹਨਾਂ ਦੇ ਘੁੰਗਰੂਆਂ ਦੀ ਛਣਕਾਰ ਦਿਲਾਂ ਦੀਆਂ ਉਤੇਜ ਤਮੰਨਾਆਂ ਨੂੰ ਮਦਹੋਸ਼ ਕਰ ਰਹੀ ਸੀ। ਜਿਉਣੇ ਮਿਰਜ਼ੇ ਦੀ ਇਕ ਹੋਕ ਖਿਚੀ। ਤਾਰੋ ਹੋਰ ਅਗੇਰੇ ਆ ਬੈਠੀ, ਹੇਕ ਵਿਚ ਲਯ ਵਧਦੀ ਗਈ, ਤਾਰੋ ਅਗੇਰੇ ਅਗੇਰੇ ਹੁੰਦੀ ਗਈ। ਗੱਡਾ ਚਾਨਣੀ ਦੇ ਸਾਗਰ ਨੂੰ ਚੀਰਦਾ ਜਾਂਦਾ ਸੀ, ਤੇ ਜਦੋਂ ਖਲੋਤਾ ਤਾਂ ਤਾਰੋ ਨੂੰ ਡਾਢੀ ਸ਼ਰਮ ਆਈ, ਕਿਉਂਕਿ ਉਸ ਦੀ ਠੋਡੀ ਜੀਉਣੇ ਦੇ ਮੋਢੇ ਨਾਲ ਛੁਹ ਰਹੀ ਸੀ।
++++
ਜੀਉਣੇ ਦੀ ਭੈਣ ਸਹੁਰੀਂ ਪਰਤ ਗਈ ਸੀ, ਉਹ ਇਕੱਲਾ ਰਹਿ ਗਿਆ। ਘਰ ਦਾ ਸਾਰਾ ਧੰਦਾ ਉਹਨੂੰ ਨਜਿਠਣਾ ਪੈਂਦਾ ਸੀ। ਫ਼ਜਰੀਂ ਉਠ ਕੇ ਪਹਿਲਾਂ ਧਾਰਾਂ ਕਢਦਾ ਤੇ ਫੇਰ ਦੁਧ ਰਿੜਕਦਾ ਸੀ। ਲੋ ਹੁੰਦਿਆਂ ਸਾਰ ਹੀ ਤਾਰੋ ਲੱਸੀ ਲੈਣ ਆ ਜਾਂਦੀ ਸੀ। ਕਈ ਵਾਰ ਜਿਉਣੇ ਅਧਰਿੜਕਿਆ ਹੀ ਉਹਦੇ ਭਾਂਡੇ 'ਚ ਠੇਹਲਿਆ ਜਦੋਂ ਤਾਰੇ ਨੇ ਮੁੜਨ ਦੀ ਕਾਹਲੀ ਜਤਾਈ। ਕਦੇ ਕਦਾਈਂ ਜਦੋਂ ਉਹ ਬਹੁਤਾ ਰੁਝਾ ਹੁੰਦਾ ਤਾਂ ਤਾਰੋ ਕੋਲੋਂ ਵੇਹੜੇ ਵਿਚਲੀ ਖੂਹੀ ਤੋਂ ਪਾਣੀ ਭਰਾ ਲੈਂਦਾ ਹੁੰਦਾ ਸੀ।
ਪਿੰਡ ਵਿਚ ਇਨ੍ਹਾਂ ਦੀਆਂ ਖੁਲ੍ਹਾਂ ਦੀ ਚਰਚਾ ਧੁਮ ਗਈ। ਘਾਹਿਣਾਂ ਤੇ ਹੋਰ ਮਨੁੱਖਾਂ ਜਿਨ੍ਹਾਂ ਇਨ੍ਹਾਂ ਨੂੰ ਮਰੱਬੇ ਵਿਚ ਇਕੱਠਿਆਂ ਤਕਿਆ ਸੀ, ਆ ਖੰਭਾਂ ਦੀਆਂ ਡਾਰਾਂ ਬਣਾਈਆਂ। ਰੋਜ਼ ਕੋਈ ਨਵਾਂ ਹੀ ਛੂਛਾ ਉਡਦਾ ਸੀ। ਨੱਥੂ ਨੇ ਤਾਰੋ ਦੀ ਤਾੜ ਬਾੜ ਕੀਤੀ ਪਰ ਉਹ ਕਦੋਂ ਟਲੇ। ਪਿੰਡ ਦੇ ਸਿਰ ਕਢਵੇਂ ਬੰਦਿਆਂ ਨੇ ਜਿਉਣੇ ਨੂੰ ਆਖਿਆ ਸੁਣਿਆ, ਉਹ ਉਹਨਾਂ ਦੀ ਗਲ ਨੂੰ ਨਕ ਹੀ ਨਹੀਂ ਸੀ ਦੇਂਦਾ। ਪੈਂਚਾਂ ਦੇ ਕੰਨ ਲੋਕਾਂ ਦਬਾ ਕੇ ਭਰ ਦਿੱਤੇ ਤੇ ਆਖਿਆ ਉਹਨੇ ਧਰਮ ਭ੍ਰਿਸ਼ਟ ਕਰ ਦਿੱਤਾ ਏ, ਉਹਨੇ ਜਟਊ ਪਣੇ ਨੂੰ ਲਾਜ ਲਾ ਦਿੱਤੀ ਏ, ਇਸ ਲਈ ਉਹਨੂੰ ਛੇਕ ਦੇਣਾ ਉਚਿਤ ਹੈ। ਪੈਂਚ ਲੋਕਾਂ ਦੀਆਂ ਗਲਾਂ ਪਰ ਬਹੁਤਾ ਯਕੀਨ ਨਾ ਕਰਦੇ ਹੋਏ ਕੁਝ ਅਖੀਂ ਵੇਖਣਾ ਚਾਹੁੰਦੇ ਸਨ।
ਇਕ ਦਿਹਾੜੇ ਦੋ ਪੈਂਚ ਸਵੇਰ ਸਾਰ ਜਿਉਣੇ ਦੇ ਵਿਹੜੇ ਜਾ ਵੜੇ ਤਾਂ ਅਗੇ ਤਾਰੋ ਖੂਹੀ ਤੋਂ ਗਾਗਰਾਂ ਪਈ ਭਰਦੀ ਸੀ। ਉਹ ਵੇਂਹਦਿਆਂ ਸਾਰ ਲੋਹਾ ਲਾਖਾ ਹੋ ਗਏ। ਓਨ੍ਹੀਂ ਪੈਰੀਂ ਪਿਛੇ ਮੁੜ ਪਏ। ਜਿਉਣੇ ਤਾਇਆ, ਚਾਚਾ ਆਖ ਬਥੇਰੀਆਂ ਵਾਜਾਂ ਦਿੱਤੀਆਂ ਪਰ ਸਭੋ ਬੇ ਫ਼ਾਇਦਾ। "ਇਹਨੇ ਤੇ ਧਰਮ ਹੇਠੋਂ ਦਾਤਰੀ ਫੇਰ ਦਿੱਤੀ ਸੂ" ਇਕ ਪੈਂਚ ਗੁਸੇ ਵਿਚ ਬੋਲਿਆ। "ਕੋਈ ਉਪਾਇ ਕਰੋ" ਦੂਜੇ ਨੇ ਛੇਤੀ ਨਾਲ ਕਿਹਾ। ਹੁਣ ਗਲ ਅੱਗ ਵਾਂਗ ਭੜਕ ਉਠੀ ਸੀ।
ਪੈਂਚਾਂ ਨੇ ਦੂਜੇ ਦਿਨ ਪੰਚੈਤ ਰਖੀ, ਨਾਲੇ ਨਥੂ ਨੂੰ ਹੋਰ ਡਾਂਟ ਚਾੜ੍ਹੀ। ਨੱਥੂ ਦਾ ਲਹੂ ਉੱਬਲ ਪਿਆ— ਆਥਣ ਨੂੰ ਜਦੋਂ ਤਾਰੋ ਪੱਠੇ ਲੈ ਕੇ ਆਈ ਉਹਨੂੰ ਇਕ ਕੋਠੇ ਵਿਚ ਡਕ ਲਿਆ ਤੇ ਮਾਰ ਮਾਰ ਅਧਮੋਈ ਕਰ ਦਿੱਤੀ। ਉਹ ਸਾਰੀ ਰਾਤ ਤੜਫਦੀ ਰਹੀ। ਉਹਦੇ ਕੋਲੋਂ ਰੋ ਵੀ ਨਹੀਂ ਸੀ ਹੁੰਦਾ। ਉਹਦਾ ਪਿੰਡਾ ਚਿਲੂੰ ਚਿਲੂੰ ਕਰਦਾ ਸੀ। ਸਾਰੀ ਰਾਤ ਉਹ ਅੱਖਾਂ ਅੱਡ ਕੇ ਛੱਤ ਵਲ ਵੇਂਹਦੀ ਰਹੀ, ਪਰ ਹੰਝੂ ਇਕ ਨਾ ਨਿਕਲਿਆ। ਉਹਦਾ ਅੰਦਰ ਗ਼ਮ ਨਾਲ ਭਰ ਗਿਆ। ਮੁਨ੍ਹੇਰੇ ਜਦੋਂ ਉਹ ਉਠੀ ਤਾਂ ਸਰੀਰ ਉਤੇ ਨੀਲ ਤੇ ਲਾਸਾਂ ਉਭਰੀਆਂ ਹੋਈਆਂ ਸਨ। ਉਹ ਸਾਰਿਆਂ ਦੀ ਅਖ ਬਚਾ ਕੇ ਜਿਉਣੇ ਦੇ ਘਰ ਨੂੰ ਵਗ ਟੁਰੀ। ਓਹਦਾ ਨਕੋ ਨਕ ਭਰਿਆ ਦਿਲ ਆਪਣੇ ਦਰਦੀ ਅਗੇ ਛਲਕਣਾ ਚਾਹੁੰਦਾ ਸੀ। ਜਿਉਣਾ ਸਰਦਲ ਫੜੀ ਦਲ੍ਹੀਜ ਵਿਚ ਖਲੋਤਾ ਸੀ, ਓਹਦੇ ਕੋਲ ਜਾ ਪਹੁੰਚੀ।
"ਕਿਉਂ ਤਾਰੋ- ਇਹ ਕੀ ਬਣਿਆ?" ਜਿਉਣੇ ਨੇ ਹੱਕਾ ਬੱਕਾ ਹੋ ਪੁੱਛਿਆ।
"ਕੁਝ ਨਹੀਂ" ਤਾਰੋ ਨੇ ਬੜੇ ਜਤਨ ਨਾਲ ਹੌਕੇ ਨੂੰ ਠਲ੍ਹ ਕੇ ਆਖਿਆ।
ਪਰ ਸਭ ਕੁਝ ਦਿਸ ਰਿਹਾ ਸੀ। ਅੱਖਾਂ ਸੂਹੇ ਬੇਰ ਵਾਂਗ ਸਨ ਤੇ ਮੀਟੇ ਬੁਲ੍ਹਾਂ ਚੋਂ ਦੁਖਦੀ ਜਿੰਦ ਬਾਹਰ ਨਿਕਲ ਨਿਕਲ ਪੈ ਰਹੀ ਸੀ। ਜਿਉਣੇ ਨੇ ਤਾਰੋ ਦੇ ਮੋਢਿਆਂ ਉਤੇ ਦਿਲਬਰੀ ਦੇ ਹਥ ਰਖੇ, ਪਰ ਤਾਰੋ ਦੇ ਮੋਢੇ ਸੋਟੇ ਦੀਆਂ ਸਟਾਂ ਨਾਲ ਅੰਬੇ ਪਏ ਸਨ ਹਥ ਧਰਨਾ ਸੀ ਕਿ ਭੁਬਾਂ ਨਿਕਲ ਗਈਆਂ, ਪੀੜਾਂ ਦਾ ਰੁਕਿਆ ਦਰਿਆ ਨੈਣਾਂ ਵਿਚੋਂ ਆਬਸ਼ਾਰਾਂ ਬਣ ਕੇ ਡਿਗ ਪਿਆ।
ਸਾਰੀ ਵਾਰਤਾ ਸੁਣ ਕੇ ਜੀਉਣਾ ਚੁਪ ਹੋ ਗਿਆ। ਮਥੇ ਉਤੇ ਕਿਸੇ ਇਰਾਦੇ ਦੀ ਤੀਉੜੀ ਪੱਕੀ ਹੋ ਗਈ, ਅਗੇ ਕਦੇ ਇਕ ਖ਼ਿਆਲ ਉਸ ਦੇ ਦਿਲ ਵਿਚੋਂ ਲੰਘਿਆ ਸੀ, ਪਰ ਔਖਾ ਜਿਹਾ ਜਾਪਣ ਕਰਕੇ ਉਸ ਮਨੋਂ ਕਢ ਛਡਿਆ ਸੀ ਪਰ ਹੁਣ ਉਸ ਫ਼ੈਸਲਾ ਕਰ ਲਿਆ, ਤੇ ਤਾਰੋ ਨੂੰ ਪੋਲਾ ਜਿਹਾ ਆਪਣੇ ਪਾਸੇ ਨਾਲ ਘੁੱਟ ਕੇ ਕਹਿਣ ਲਗਾ:
"ਚੰਗਾ, ਤਾਰੋ, ਤੂੰ ਹੁਣ ਜਾ— ਮੈਂ ਤੈਨੂੰ ਇਸ ਮਾਰ ਦਾ ਬਦਲਾ ਦਿਆਂਗਾ।"
"ਪਰ ਉਹ ਮੈਨੂੰ ਫੇਰ ਮਾਰਨਗੇ।" ਤਾਰੋ ਨੇ ਡਸਕੋਰਾ ਲਿਆ।
"ਮੈਂ ਹਰੇਕ ਮਾਰ ਦਾ ਬਦਲਾ ਦਿਆਂਗਾ— ਕਿਉਂ ਤਾਰੋ ਤੂੰ ਮੇਰੇ ਲਈ ਹੋਰ ਮਾਰ ਨਹੀਂ ਖਾ ਸਕੇਂਗੀ?" ਜੀਉਣੇ ਨੇ ਪੁੱਛਿਆ।
"ਮੈਂ ਤੇਰੇ ਲਈ ਵਢੀ ਜਾ ਸਕਦੀ ਹਾਂ— ਉਹ ਜਾਣੇ- ਭਾਵੇਂ ਮੈਨੂੰ ਹੁਣ ਉਹ ਕੁਟ ਕੁਟ ਕੇ ਭੋਂ ਕਰ ਦੇਣ, ਮੈਂ ਫੇਰ ਦਸਣ ਵੀ ਨਹੀਂ ਆਵਾਂਗੀ।"
"ਤਾਂ, ਜਾਹ ਤਾਰੋ ਤੇ ਮੈਨੂੰ ਸਾਰਾ ਹੀਲਾ ਸੋਚ ਲੈਣ ਦੇ।"
ਤਾਰੋ ਚਲੀ ਗਈ। ਜੀਉਣਾ ਦਲ੍ਹੀਜਾਂ ਵਿਚ ਹੀ ਬਹਿ ਗਿਆ, ਤੇ ਦੁਪਹਿਰਾਂ ਤਕ ਉਥੇ ਹੀ ਬੈਠਾ ਕਈਆਂ ਨੇ ਵੇਖਿਆ।
ਸ਼ਾਮ ਨੂੰ ਪੰਚੈਤ ਜੁੜੀ, ਤੇ ਸਾਰਾ ਪਿੰਡ ਆ ਇਕੱਠਾ ਹੋਇਆ। ਜੀਉਣੇ ਨੂੰ ਚੌਕੀਦਾਰ ਸਦਣ ਆਇਆ। ਉਸ ਦੇ ਨਾਲ ਉਹ ਪਰ੍ਹੇ ਵਿਚ ਚਲਾ ਗਿਆ ਤੇ ਪੈਂਚਾਂ ਦੇ ਅਗਾੜੀ ਜਾ ਖਲੋਤਾ। ਉਹ ਅਗੇ ਭੀ ਬੜਾ ਬੇ-ਪਰਵਾਹ ਮਸ਼ਹੂਰ ਸੀ, ਪਰ ਅਜ ਤੇ ਉਸ ਕੋਈ ਨਿਰਨਾ ਪੱਕਾ ਕਰ ਲਿਆ ਹੋਇਆ ਸੀ।
"ਕਿਉਂ ਜੀਉਣਿਆਂ,— ਇਹ ਕੀ ਉਪੱਦਰ ਖੜਾ ਕੀਤਾ ਈ? ਧਰਮ ਈਮਾਨ ਦੀਆਂ ਜੜ੍ਹਾਂ ਮੁਢੋ ਪੁਟ ਘਤੀਆਂ ਨੀ?" ਇਕ ਪੈਂਚ ਨੇ ਆਪਣੇ ਧਰਮ ਦੇ ਪੂਰੇ ਅਭਿਮਾਨ ਵਿਚ ਆਖਿਆ।
"ਮੈਨੂੰ ਤੁਹਾਡੀ ਗਲ ਦੀ ਕੋਈ ਸਮਝ ਨਹੀਂ ਆਈ।" ਜੀਉਣਾ ਗੰਭੀਰ ਖਲੋਤਾ ਰਿਹਾ।
"ਓਏ, ਜਾਤ ਕੁਜਾਤ ਵੀ ਨਹੀਂ ਸੀ ਵੇਖਣੀ?" ਦੂਜੇ ਨੇ ਤਾਹਨਾ ਮਾਰਿਆ।
"ਅਗੇ ਤੇ ਮੇਰਾ ਕੋਈ ਖਿਆਲ ਨਹੀਂ ਸੀ— ਤੇ ਜੇ ਕਦੇ ਕੋਈ ਖ਼ਿਆਲ ਆਇਆ ਵੀ ਸੀ, ਤਾਂ ਜਾਤ ਕੁਜਾਤ ਦੀ ਰੋਕ ਮੈਨੂੰ ਵੀ ਜਾਪੀ ਸੀ— ਪਰ ਅਜ ਤੁਸਾਂ ਮੇਰਾ ਸਾਰਾ ਭਰਮ ਦੂਰ ਕਰ ਦਿੱਤਾ ਏ। ਹੁਣ ਤੁਸੀਂ ਨਾ ਮੇਰੇ ਕੋਲੋਂ ਆਪਣੀ ਮਰਜ਼ੀ ਕਰਾ ਸਕੋਗੇ ਤੇ ਨਾ ਮੇਰੀ ਮਰਜੀ ਮੋੜ ਸਕੋਗੇ।" ਜੀਉਣੇ ਦਾ ਮੂੰਹ ਦ੍ਰਿੜ੍ਹ ਸੀ।
"ਬਸ— ਜਾਏ ਇਹ ਚਮਿਆਰਾਂ ਨਾਲ— ਸਾਡੇ ਨਾਲੋਂ ਇਹ ਛੇਕਿਆ ਰਹੇਗਾ।" ਪੈਂਚਾਂ ਨੇ ਇਕ ਦੂਜੇ ਵਲ ਤਕ ਕੇ ਆਖਿਆ।
"ਸੁਣੋ, ਝੀਉਰੋ, ਨਾਈਓ, ਚਮਿਆਰੋ, ਚੂਹੜਿਓ- ਜਿਹੜਾ ਜੀਉਣੇ ਦਾ ਕੰਮ ਕਰੇਗਾ, ਉਹ ਸਾਡਾ ਕਿਸੇ ਦਾ ਨਹੀਂ ਕਰੇਗਾ।"
ਪੰਚੈਤ ਬਰਖ਼ਾਸਤ ਹੋ ਗਈ। ਲੋਕੀ ਗਲਾਂ ਕਰਦੇ ਘਰਾਂ ਨੂੰ ਚਲੇ ਗਏ। ਇਕ ਪੈਂਚ ਨੇ ਨੱਥੂ ਨੂੰ ਅੱਖ ਮਾਰ ਕੇ ਕੋਲ ਸਦਿਆ ਤੇ ਇਕ ਹੋਰ ਪੈਂਚ ਨੂੰ ਨਾਲ ਖੜਿਆ ਤੇ ਉਹ ਤਿੰਨੇ ਇਕ ਕੱਚੇ ਕੋਠੇ ਵਿਚ ਜਾ ਵੜੇ। ਬਾਰੀਆਂ ਬੂਹੇ ਬੰਦ ਕਰ ਲਏ।
"ਏਸ ਕੁੜੀ ਦਾ ਟੰਟਾ ਹੀ ਮੁਕਾ ਖਾਂ, ਨਿਤ ਨਿਤ ਦਾ ਰੇੜਕਾ ਮੁਕੇ" ਇਕ ਪੈਂਚ ਨੇ ਨੱਥੂ ਨੂੰ ਸਹਿਜੇ ਜਿਹੇ ਕਿਹਾ।
"ਹਾਂ ਹਾਂ ਵਿਚੋਂ ਇਹਦਾ ਫਸਤਾ ਵਢੋ, ਇਹ ਰੋਜ਼ ਦੀ ਖੱਪ ਨਿਬੜੇ" ਦੂਜੇ ਪੈਂਚ ਨੇ ਪ੍ਰੋੜ੍ਹਤਾ ਕੀਤੀ।
"ਚੌਧਰੀ, ਸਾਡਾ ਤੇ ਵਾਲ ਵਾਲ ਦੁਖੀ ਏ, ਸਾਡੇ ਦਿਲ ਅੰਬੇ ਪਏ ਨੇ। ਇਹ ਤਾਰੋ ਸਾਡੇ ਨਿਜ ਜੰਮਦੀ। ਜਿੱਦਾਂ ਤੁਸੀਂ ਆਖੋ ਕਰਾਂਗਾ" ਨੱਥੂ ਦਾ ਪਿੰਡਾ ਤੱਤੇ ਲਹੂ ਨਾਲ ਬਲ ਰਿਹਾ ਸੀ।
"ਸੁਣ ਉਰੇ ਹੋ ਕੇ" ਇਕ ਪੈਂਚ ਨੇ ਨੱਥੂ ਨੂੰ ਹੌਲੀ ਜਿਹੀ ਕਿਹਾ। "ਅਜ ਰਾਤ ਨੂੰ ਉਹਦੇ ਹੱਥ ਪੈਰ ਜਕੜ ਕੇ ਨਹਿਰ ਦੇ ਵਿਚ। ਹਾਂ ਪਰ ਪੁਲ ਉਤੋਂ ਨਹਿਰ ਦੀ ਮੰਝ-ਧਾਰ ਵਿਚ ਰੇੜ੍ਹਨਾ। ਕੰਢੇ ਤੋਂ ਨਾ ਸੁਟੀਂ ਮਤਾਂ ਨਿਕਲ ਈ ਆਵੇ।"
"ਹੁਣੇ ਘਰ ਜਾ ਕੇ ਚਮਿਆਰੀ ਨੂੰ ਆਖ ਛਡ ਕਿ ਤਾਰੋ ਰਾਤੀਂ ਨਾਨਕੀਂ ਖੜਨੀ ਏਂ, ਬਹੁਤ ਜ਼ਰੂਰੀ ਸੁਨੇਹਾ ਆਇਆ ਏ। ਜਾਂਦਾ ਈ ਤਿਆਰੀ ਵਿਆਰੀ ਵਿਚ ਜੁਟ ਜਾਹ, ਤਾ ਕਿ ਸ਼ਕ ਨਾ ਪਵੇ। ਗੱਡਾ ਸਾਡਾ ਲੈ ਜਾਵੀਂ" ਦੂਜੇ ਪੈਂਚ ਨੇ ਨੱਥੂ ਨੂੰ ਸਮਝਾਇਆ। ਇਹ ਮਤਾ ਪਕਾ ਕੇ ਉਹ ਨਿੱਖੜ ਗਏ।
++++
ਜੀਉਣੇ ਦੇ ਮੁਰੱਬੇ ਅਜ ਪਾਣੀ ਦੀ ਵਾਰੀ ਸੀ। ਓਹਦਾ ਕਾਮਾ ਹਟ ਚੁਕਾ ਸੀ। ਉਹ ਆਥਣ ਨੂੰ ਗੱਡਾ ਜੋੜ ਕੇ ਮਰੱਬੇ ਚਲਾ ਗਿਆ। ਉਸ ਸੋਚਿਆ ਸੀ ਕਿ ਓਧਰੋਂ ਪਾਣੀ ਲਾ ਕੇ ਉਹ ਸਵੇਰੇ ਕਚਹਿਰੀ ਚਲਾ ਜਾਇਗਾ। ਉਸ ਨੇ ਸੁਣਿਆ ਹੋਇਆ ਸੀ ਕਾਨੂੰਨੀ ਵਿਆਹ ਵੀ ਹੋ ਸਕਦੇ ਹਨ। ਓਹਨੇ ਵੇਲੇ ਸਿਰ ਪਾਣੀ ਵਢ ਲਿਆ। ਖਾਲ ਕਮਾਦੀ ਵਿਚ ਪੈਂਦਾ ਕਰ ਕੇ ਉਹ ਪਿੱਛੇ ਵਲ ਫੇਰਾ ਮਾਰਨ ਟੁਰ ਪਿਆ ਕਿ ਕਿਧਰੇ ਖਾਲ ਨਾ ਟੁਟ ਜਾਏ ਜਾਂ ਮੋਘੇ ਵਿਚ ਫੂਸ ਨਾ ਅੜੇ। ਮੋਘਾ ਨਹਿਰ ਦੇ ਪੁਲ ਕੋਲ ਸੀ।
ਅਧੀ ਰਾਤ ਦਾ ਨ੍ਹੇਰਾ ਗਾੜ੍ਹਾ ਹੋ ਚੁਕਾ ਸੀ। ਸੁੰਨਸਾਨ ਪੈਲੀਆਂ ਵਿਚ ਕਦੇ ਕੋਈ ਕੋਈ ਡੱਡੀ ਟੱਰਰਾਂਦੀ ਸੀ। ਉੱਲੂ ਦੀ ਹੂਕ ਨਾਲ ਦਿਲ ਪਿਆ ਦਹਿਲਦਾ ਸੀ। ਜਿਉਂਣਾ ਖ਼ਿਆਲਾਂ ਦੀ ਉਧੇੜ ਬੁਣ ਵਿਚ ਮੋਢੇ ਤੇ ਕਹੀ ਰਖੀ ਚਲਾ ਜਾਂਦਾ ਸੀ। ਅਚਾਨਕ ਕਿਸੇ ਗਡੇ ਦੇ ਪਹੀਆਂ ਚੀਂ ਚੀਂ ਚੀਂ ਓਹਦੇ ਕੰਨੀ ਪਈ। ੳਹ ਖਾਲ ਦੀ ਵੱਟ ਤੇ ਖਲੋ ਗਿਆ। ਫੇਰ ਓਹਨੇ ਕਿਸੇ ਦੁਖੀਆ ਦੇ ਝੀਣੇ ਵੈਣ ਰਾਤ ਦੇ ਸਨਾਟਿਆਂ ਵਿਚੋਂ ਆਉਂਦੇ ਸੁਣੇ। ਓਹਦਾ ਮੱਥਾ ਠਣਕਿਆ, ਤੇ ਹੌਂਕਣੀ ਜਿਹੀ ਚੜ੍ਹਨ ਲਗ ਪਈ। ਉਹ ਸਹਿਜੇ ਜਿਹੇ ਅਗੇ ਵਧਿਆ। ਗੱਡਾ ਪੁਲ ਦੇ ਵਿਚਕਾਰ ਖਲੋ ਗਿਆ। ਜਿਉਣਾ ਝਾੜਾਂ ਵਿਚੋਂ ਲੰਘ ਕੇ ਨਹਿਰ ਦੀ ਪਟੜੀ ਤੇ ਜਾ ਚੜ੍ਹਿਆ, ਉਹ ਪੁਲ ਤੋਂ ਇਕ ਫ਼ਰਲਾਂਗ ਉਰੇ ਸੀ। ਗਡੇ ਕੋਲ ਘੁਸਰ ਮੁਸਰ ਹੋਈ, ਫੇਰ ਇਕ ਕਲਕਾਰੀ ਰਾਤ ਦੀ ਚੁਪ ਨੂੰ ਤੜਫਾਂਦੀ ਨਿਕਲੀ, ਤੇ 'ਬਹੁੜ ਵੇ ਜਿਉਣਿਆਂ' ਆਂਹਦਿਆਂ ਕੋਈ ਸੂਰਤ ਘੜ੍ਹੱਮ ਕਰਕੇ ਨਹਿਰ ਵਿਚ ਡਿੱਗੀ। ਗਡੇ ਵਾਲਾ ਬੌਲਦਾਂ ਨੂੰ ਛੇੜ ਅਹੁ ਜਾ ਅਹੁ ਜਾ।
ਜਿਉਣਾ ਸਿਰ ਤੋੜ ਭੱਜਿਆ। ਰੁੜ੍ਹੀ ਜਾਂਦੀ ਤਾਰੋ ਕੋਲ ਜਾ ਛਾਲ ਮਾਰੀ। ਛੱਲਾਂ ਨਾਲ ਘੋਲ ਕਰ ਕੇ ਓਹਨੇ ਜਾ ਤਾਰੋ ਨੂੰ ਫੜਿਆ ਤੇ ਕੰਢੇ ਵਲ ਵਧਣ ਲਗਾ। ਪਾਣੀ ਓਹਦੀ ਕੋਈ ਵਾਹ ਨਹੀਂ ਸੀ ਚਲਣ ਦਿੰਦਾ। ਘੁੰਮਣ ਘੇਰੀ ਦੇ ਪਲਸੋਟੇ ਵਿਚ ਆ ਕੇ ਉਹ ਚੁਭੀ ਖਾ ਜਾਂਦਾ ਸੀ। ਓਹਦਾ ਪਿੰਡਾ ਸੁੰਨ ਹੋ ਗਿਆ ਸੀ। ਓਹਦੀ ਇਕ ਬਾਂਹ ਵਿਚ ਤਾਰੋ ਤੇ ਦੂਜੀ ਨਾਲ ਉਹ ਪਾਣੀ ਨੂੰ ਚੀਰਦਾ ਸੀ। ਉਸ ਹੰਭੇ ਹੋਏ ਨੇ ਮਸਾਂ ਮਸਾਂ ਕੰਢਾ ਲਿਆ। ਤਾਰੋ ਨੂੰ ਖਿੱਚ ਕੇ ਪਟੜੀ ਉਤੇ ਆਂਦਾ, ਉਹ ਬੇਹੋਸ਼ ਸੀ। ਜਿਉਣੇ ਕਾਹਲੀ ਨਾਲ ਉਹਦਾ ਦਿਲ ਟੋਹਿਆ, ਧੜਕਦਾ ਸੀ। ਉਹਦੀ ਜਾਨ ਵਿਚ ਜਾਨ ਆਈ ਤੇ ਸਾਰਾ ਥਕੇਵਾਂ ਲਹਿ ਗਿਆ। ਫੇਰ ਉਸਨੂੰ ਮੋਢਿਆਂ ਤੇ ਚੁਕ ਕੇ ਪੈਲੀਆਂ ਵਿਚੋਂ ਦੀ ਆਪਣੇ ਮੁਰੱਬੇ ਪਹੁੰਚਿਆ ਤੇ ਬੌਲਦਾਂ ਦੀਆਂ ਝੁਲਾਂ ਵਿਚ ਉਹਨੂੰ ਵਲ੍ਹੇਟ ਕੇ ਅਗ ਬਾਲੀ— ਚਿਰ ਤਕ ਉਹਨੂੰ ਸੇਕ ਦੇਂਦਾ ਰਿਹਾ।
ਜਦੋਂ ਤਾਰੋ ਦਾ ਪਿੰਡਾ ਨਿੱਘਾ ਹੋ ਗਿਆ ਤਾਂ ਉਹਨੇ ਅਖ ਪੁਟੀ- "ਜਿਉਣਿਆਂ....., ਜਿਉਣਿਆਂ ਬਹੁੜੀ" ਉਹ ਬਰੜਾ ਰਹੀ ਸੀ।
ਜਿਉਣੇ ਅਗ ਹੋਰ ਤੇਜ਼ ਕੀਤੀ। ਆਪਣੀ ਪਗ ਦਾ ਇੰਨੂੰ ਬਣਾਇਆ, ਉਹਨੂੰ ਤੱਤਿਆਂ ਕਰ ਕੇ ਤਾਰੋ ਦੀਆਂ ਵਖੀਆਂ ਮਘਾ ਰਿਹਾ ਸੀ। ਕੁਝ ਚਿਰ ਪਿਛੋਂ ਉਹ ਠੀਕ ਹੋਸ਼ ਵਿਚ ਹੋ ਗਈ। ਪਰ ਜਿਉਣੇ ਉਹਨੂੰ ਉਠਣ ਨਾ ਦਿੱਤਾ, ਸੇਕ ਵਿਚ ਹੀ ਪਾਈ ਰਖਿਆ। ਉਹ ਸਹਿਜੇ ਸਹਿਜੇ ਆਪਣੇ ਦੁਖੜੇ ਫੋਲ ਰਹੀ ਸੀ।
ਤੜਕਾ ਹੋ ਗਿਆ। ਜਿਉਣੇ ਗਡਾ ਜੋੜਿਆ, ਉਤੇ ਝੁਲਾਂ ਵਿਛਾ ਕੇ ਤਾਰੋ ਨੂੰ ਬਿਠਾ ਦਿੱਤਾ। ਉਹ ਸ਼ਹਿਰ ਨੂੰ ਟੁਰ ਵਗੇ। ਪਹੁ ਫਟਦੀ ਨੂੰ ਉਹ ਕਚਹਿਰੀ ਅਗੇ ਸਨ, ਗਡੇ ਤੋਂ ਲਹਿ ਕੇ ਦੋਵੇਂ ਜਣੇ ਬਜ਼ਾਰ ਗਏ ਤੇ ਗਰਮ ਦੁਧ ਪੀਤਾ।
ਕਚਹਿਰੀ ਲਗ ਗਈ। ਮੈਜਿਸਟਰੇਟ ਆ ਗਿਆ। ਕੁਝ ਪੇਸ਼ੀਆਂ ਭੁਗਤਣ ਮਗਰੋਂ ਇਹ ਦੋਵੇਂ ਜਾ ਹਾਜ਼ਰ ਹੋਏ ਤੇ ਸਾਰੀ ਹਡ-ਬੀਤੀ ਅੱਖਰ ਅੱਖਰ ਆਖ ਸੁਣਾਈ। ਮੈਜਿਸਟਰੇਟ ਸੁਣ ਕੇ ਗ਼ਜ਼ਬ ਵਿਚ ਆ ਗਿਆ, ਪਿਆਦੇ ਹਥ ਪਰਵਾਨਾ ਘਲ ਸਾਰੇ ਪੈਂਚ ਸਣੇ ਨੱਥੂ ਸਦ ਬੁਲਾਏ। ਪਿੰਡ ਸ਼ਹਿਰੋਂ ਨੇੜੇ ਹੀ ਸੀ। ਸਿਪਾਹੀ ਦੋਂਹ ਘੰਟਿਆਂ ਅੰਦਰ ਉਹਨਾਂ ਨੂੰ ਨਾਲ ਲੈ ਕੇ ਪਰਤ ਆਇਆ। ਓਹ ਮੈਜਿਸਟਰੇਟ ਅਗੇ ਪਾਲ ਵਿਚ ਖਲੋਤੇ ਓਸ ਜੋੜੀ ਵਲ ਝਾਕ ਝਾਕ ਹਰਿਆਨ ਹੋ ਰਹੇ ਸਨ।
"ਤੁਸੀਂ ਪਿੰਡ ਵਿਚ ਖ਼ੂਨ ਕਰਦੇ ਹੋ" ਮੈਜਿਸਟਰੇਟ ਨਿਆਂ ਦੀ ਕੁਰਸੀ ਤੇ ਬੈਠਾ ਗਰਜਿਆ।
ਜੀਉਣੇ ਦੀ ਨਜ਼ੀਰ ਅਗੇ ਨੱਥੂ ਕੋਲੋਂ ਝੂਠ ਨਾ ਬੋਲਿਆ ਗਿਆ। ਪੈਂਚਾਂ ਦਾ ਲਹੂ ਸੁਕ ਰਿਹਾ ਸੀ। ਨੱਥੂ ਇਕਬਾਲੀ ਹੋ ਗਿਆ। ਦੋਵੇਂ ਪੈਂਚ ਵੀ ਬਿੜਕ ਗਏ। ਦੌਂਹ ਪੇਸ਼ੀਆਂ ਵਿਚ ਹੀ ਮੁਕੱਦਮਾ ਸਾਫ਼ ਹੋ ਗਿਆ।
ਤਾਰੋ ਨੂੰ ਪਿਉ ਦਾ ਕੈਦ ਹੋਣਾ ਬੜਾ ਦੁਖ ਦੇ ਰਿਹਾ ਸੀ, ਉਹ ਰੋ ਰੋ ਕੇ ਮੈਜਿਸਟਰੇਟ ਨੂੰ ਉਸ ਦੀ ਮਾਫ਼ੀ ਲਈ ਤਰਲੇ ਕਰ ਰਹੀ ਸੀ। ਜਿਉਣਾ ਵੀ ਉਹਨਾਂ ਨੂੰ ਮਾਫ਼ ਕਰ ਰਿਹਾ ਸੀ। ਪਰ ਉਹ ਕਾਨੂੰਨ ਦੇ ਦੋਸ਼ੀ ਸਨ, ਜਿਉਣੇ ਤਾਰੋ ਦੇ ਨਹੀਂ। ਮੈਜਿਸਟਰੇਟ ਨੇ ਰਿਆਇਤ ਜ਼ਰੂਰ ਕੀਤੀ। ਸਤ ਸਾਲ ਕਰ ਸਕਦਾ ਸੀ, ਕਾਲੇ ਪਾਣੀ ਵੀ ਭੇਜ ਸਕਦਾ ਸੀ, ਪਰ ਘਟ ਤੋਂ ਘਟ ਦੋ ਵਰ੍ਹਿਆਂ ਦਾ ਹੁਕਮ ਸੁਣਾਇਆ।
ਸਾਰਾ ਪਿੰਡ ਦਹਿਲ ਗਿਆ। ਅਗੇ ਪਿੰਡ ਵਿਚ ਡਾਢਿਆਂ ਦਾ ਰਾਜ ਸੀ। ਜਿਹਨੂੰ ਚਾਹਿਆ ਕੁਟਾ ਲਿਆ, ਕਮੀਨਾਂ ਦੀ ਤੇ ਕੋਈ ਪੁਛ ਹੀ ਨਹੀਂ ਸੀ। ਉਹਨਾਂ ਦੀ ਸੁਹਣੀ ਧੀ ਭੈਣ ਲੰਬੜਦਾਰਾਂ ਦੇ ਮੁੰਡਿਆਂ ਦਾ ਮਸ਼ਕੂਲਾ ਹੁੰਦੀ ਸੀ।
ਏਸ ਦਸ਼ਾ ਵਿਚ ਜੇ ਜਿਉਣਾ ਚਾਹੁੰਦਾ ਤਾਂ ਪਿੰਡ ਵਿਚ ਵੀ ਵਿਆਹ ਕਰ ਸਕਦਾ ਸੀ, ਪਰ ਉਸ ਦੇ ਮਨੋ ਪੈਂਚਾਂ ਦਾ ਰੁਅਬ ਅਜਿਹਾ ਉਡਿਆ ਸੀ, ਕਿ ਉਹਨਾਂ ਦੀ ਹਥੀਂ ਹੋਏ ਕੰਮ ਵਿਚ ਉਸ ਨੂੰ ਕੋਈ ਮਹਾਨਤਾ ਨਹੀਂ ਜਾਪਦੀ ਸੀ। ਉਸ ਨੇ ਮੈਜਿਸਟਰੇਟ ਕੋਲ ਜਾ ਕੇ ਕਾਨੂੰਨੀ ਵਿਆਹ ਕਰਾਣਾ ਹੀ ਪਸੰਦ ਕੀਤਾ।
ਤੇ ਜਦੋਂ ਕਚਹਿਰੀਓਂ ਮੁੜਦੇ ਉਹ ਦੋਵੇਂ ਗੱਡ ਵਿਚ ਆ ਰਹੇ ਸਨ ਤਾਂ ਜਿਉਣਾ ਕਹਿ ਰਿਹਾ ਸੀ:
"ਤੇਰੀ ਪਹਿਲੀ ਮਾਰ ਨੇ ਤੇਰੀ ਮੰਗਣੀ ਕੀਤੀ, ਤੇ ਤੇਰੀ ਦੂਜੀ ਮਾਰ ਨੇ ਤੇਰੇ ਰਸਤੇ ਦੇ ਸਾਰੇ ਕੰਡੇ ਚੁਣ ਸੁਟੇ ਤਾਰੋ।"
"ਉਹ ਕੀਕਰ?" ਤਾਰੋ ਨੇ ਪੁੱਛਿਆ।
"ਉਸ ਤਰ੍ਹਾਂ ਸਾਨੂੰ ਪਿੰਡ ਛਡਣਾ ਪੈਣਾ ਸੀ, ਹੁਣ ਜਾਂ ਇਹ ਪਿੰਡ ਛਡਣਗੇ ਜਾਂ ਤੈਨੂੰ ਜੱਟੀ ਮੰਨਣਗੇ–" ਜਿਉਣੇ ਨੇ ਪਿਛਾਂਹ ਮੂੰਹ ਮੋੜ ਕੇ ਆਖਿਆ।
ਤਾਰੋ ਨੇ ਉਸ ਚਾਨਣੀ ਰਾਤ ਵਾਂਗ ਠੋਡੀ ਅਗਾਂਹ ਕਰ ਦਿੱਤੀ।
('ਭੁੱਖੀਆਂ ਰੂਹਾਂ' ਵਿੱਚੋਂ)