Teesra Khat (Punjabi Story) : Abid Suhail

ਤੀਸਰਾ ਖ਼ਤ (ਕਹਾਣੀ) : ਆਬਿਦ ਸੁਹੇਲ

ਚਾਚੇ ਮੌਜੂ ਦਾ ਇਹ ਤੀਸਰਾ ਖ਼ਤ ਸੀ :
'ਸ਼ੱਬਨ ਨੇ ਸਾਂਝੀ ਕੰਧ ਵਾਲੇ ਮਕਾਨ ਵਿਚ ਆਟਾ ਚੱਕੀ ਲਾ ਲਈ ਹੈ…ਮਕਾਨ ਸਾਰਾ ਦਿਨ ਹਿੱਲਦਾ ਰਹਿੰਦਾ ਹੈ…ਇਕ ਪਲ ਲਈ ਵੀ ਚੈਨ ਨਹੀਂ ਮਿਲਦਾ ਤੇ ਉਸਦੀ ਆਵਾਜ਼ ਸਾਰੀ-ਸਾਰੀ ਰਾਤ ਕੰਨਾਂ ਵਿਚ ਗੂੰਜਦੀ ਰਹਿੰਦੀ ਹੈ। ਪੂਰੀ ਰਾਤ ਜਾਗਦਿਆਂ ਤੇ ਖੰਘਦਿਆਂ ਹੀ ਬੀਤ ਜਾਂਦੀ ਹੈ। ਇਸ ਵਾਰੀ ਗਰਮੀਆਂ ਦੀਆਂ ਛੁੱਟੀਆਂ ਵਿਚ ਆ ਕੇ ਘੱਟੋਘੱਟ ਇਸ ਮੁਸੀਬਤ ਤੋਂ ਤਾਂ ਖਹਿੜਾ ਛੁਡਾਅ ਜਾ। ਚੱਕੀ ਕਿਤੇ ਹੋਰ ਵੀ ਲਾਈ ਜਾ ਸਕਦੀ ਹੈ। ਉਹ, ਤਲਾਅ ਦੇ ਪਰਲੇ ਪਾਸੇ, ਮੇਰਾ ਦੋ ਕਮਰਿਆਂ ਦਾ ਮਕਾਨ ਖ਼ਾਲੀ ਪਿਆ ਹੈ ਜਿਹੜਾ, ਉਸ ਵਿਚ ਲਾ ਲਏ…ਮੈਂ ਕੋਈ ਕਿਰਾਇਆ ਵੀ ਨਹੀਂ ਲਵਾਂਗਾ…ਘੱਟੋਘੱਟ ਜ਼ਿੰਦਗੀ ਦੇ ਬਚੇ-ਖੁਚੇ ਦਿਨ ਤਾਂ ਇਹ ਧੁੱਕ-ਧੁੱਕ ਸੁਣੇ ਬਗ਼ੈਰ, ਸ਼ਾਂਤੀ ਨਾਲ, ਲੰਘਣ…।'
ਇਸ ਤੋਂ ਅੱਗੇ ਮੇਰੀ ਪਤਨੀ ਲਈ ਅਸ਼ੀਰਵਾਦ ਸੀ ਤੇ ਬੱਚਿਆਂ ਲਈ ਪਿਆਰ…ਤੇ ਮੇਰੀ ਤਰੱਕੀ ਤੇ ਕਾਮਯਾਬੀ ਉੱਤੇ ਖੁਸ਼ੀ ਪ੍ਰਗਟ ਕੀਤੀ ਗਈ ਸੀ। ਪਰ ਖ਼ਤ ਖਤਮ ਕਰਨ ਲੱਗਿਆਂ ਨੂੰ ਕੁਝ ਹੋਰ ਵੀ ਚੇਤੇ ਆ ਗਿਆ ਸੀ---
'ਤੇ ਉਹ ਨਿੱਕਾ ਹੈ ਨਾ ? ਉਹੀ ਜਿਸਦਾ ਪਿਓ ਆਪਣੇ ਜੌਆਂ ਵਾਲੇ ਖੇਤ ਦੀ ਰਾਖੀ ਕਰਦਾ ਹੁੰਦਾ ਸੀ…ਜਿਸ ਨੂੰ…' ਤੇ ਏਸ ਪਿੱਛੋਂ ਉਹਨਾਂ ਨੇ ਕੁਝ ਲਿਖ ਕੇ ਇੰਜ ਕੱਟਿਆ ਹੋਇਆ ਸੀ ਕਿ ਮੈਂ ਪੜ੍ਹ ਨਾ ਸਕਾਂ। ਪਰ ਮੈਂ ਸਭ ਕੁਝ ਪੜ੍ਹ ਲਿਆ ਸੀ…'ਮੈਂ ਦੋ ਵਾਰੀ ਸੁਨੇਹਾ ਭੇਜਿਆ, ਪਰ ਉਹ ਆਇਆ ਹੀ ਨਹੀਂ। ਉਸਦੀ ਜ਼ਮੀਨ ਮੇਰੀ ਆਤਮਾਂ ਉੱਪਰ ਬੋਝ ਬਣੀ ਹੋਈ ਏ ਹੁਣ। ਇੰਜ ਲੱਗਦਾ ਏ ਜਿਵੇਂ ਕੋਈ ਛਾਤੀ ਉੱਤੇ ਹਲ ਚਲਾ ਰਿਹਾ ਹੋਵੇ। ਬੇਟਾ ਆਖ਼ਰ ਉਹ ਆਪਣੀ ਜ਼ਮੀਨ ਵਾਪਸ ਕਿਉਂ ਨਹੀਂ ਲੈ ਲੈਂਦਾ ? ਉਹ ਆਪਣੀ ਜ਼ਮੀਨ ਵਾਪਸ ਲੈ ਲਏ ਤੇ ਮੇਰੇ ਸੀਨੇ ਦਾ ਭਾਰ ਹੌਲਾ ਹੋ ਜਾਏ ਤੇ ਫਾਲੇ ਵਾਂਗ ਮੇਰੀ ਛਾਤੀ ਦੇ ਵਿਚ ਤਾਂ ਨਾ ਚੁਭੇ…' ਇਸ ਪਿੱਛੋਂ ਕੁਝ ਪਿਆਰ ਮੁਹੱਬਤ ਦੀਆਂ ਗੱਲਾਂ ਲਿਖੀਆਂ ਹੋਈਆਂ ਸਨ, ਪਰ ਵਾਕ ਉੱਖੜੇ-ਪੁੱਖੜੇ ਜਿਹੇ ਸਨ। ਫੇਰ ਉਹਨਾਂ ਮੈਨੂੰ ਚੇਤਾ ਕਰਵਾਇਆ ਸੀ---
'ਤੂੰ ਨਾਰਾਜ਼ ਹੋ ਕੇ ਚਲਾ ਗਿਆ ਸੈਂ…ਗੱਲ ਇੰਜ ਹੋਈ ਸੀ ਕਿ ਬੀ ਅੰਮਾਂ ਦੀ ਸੋਨੇ ਦੀ ਹੰਸਲੀ ਗੁਆਚ ਗਈ ਸੀ, ਸਾਰੇ ਇਹੀ ਕਹਿੰਦੇ ਸਨ ਕਿ ਉਹ ਹੰਸਲੀ ਉਹਨਾਂ ਵੱਡੀ ਬਹੂ ਨੂੰ ਦੇ ਦਿੱਤੀ ਹੈ…ਸੋ ਮੈਂ ਤੇਰਾ ਸਾਮਾਨ ਦੇਣ ਤੋਂ ਨਾਂਹ ਕਰ ਦਿੱਤੀ ਸੀ। ਗੱਲ ਤਾਂ ਬੀ ਅੰਮਾਂ ਦੀ ਮੌਤ ਤੋਂ ਕਈ ਸਾਲ ਬਾਅਦ ਖੁੱਲ੍ਹੀ (ਉਹਨਾਂ ਅਧਰੰਗ ਹੋ ਜਾਣ ਪਿੱਛੋਂ ਕਈ ਸਾਲ ਗੂੰਗਿਆਂ ਵਾਂਗ ਹੀ ਬਿਤਾਏ ਸੀ) ਕਿ ਉਹ ਹੰਸਲੀ ਵੇਚ ਕੇ ਉਹਨਾਂ ਬਜਰੀਏ ਵਾਲੀ ਮਸਜਿਦ ਦਾ ਫ਼ਰਸ਼ ਪੱਕਾ ਕਰਵਾ ਦਿੱਤਾ ਸੀ ਤੇ ਉਸ ਦੀਆਂ ਕੰਧਾਂ ਦੀ ਮੁਰੰਮਤ ਵੀ ! ਉਸ ਪਿੱਛੋਂ ਮੈਂ ਤੈਨੂੰ ਕਈ ਖ਼ਤ ਪਾਏ…ਕੋਈ ਤਿੰਨ ਸਾਲ ਪਹਿਲਾਂ, ਜਦ ਤੂੰ ਪਿੰਡ ਆਇਆ ਸੈਂ, ਆਖਿਆ ਵੀ ਸੀ ਬਈ ਆਪਣਾ ਸਾਮਾਨ ਲੈ ਜਾ। ਭਾਈ ਸਾਹਬ ਦੇ ਚਲਾਣਾ ਕਰ ਜਾਣ ਮਗਰੋਂ ਜਦੋਂ ਭਾਬੀ ਭੁਪਾਲ ਵਿਚ ਇੱਦਤ ਦੀ ਮੁੱਦਤ ਦੇ ਦਿਨ ਬਿਤਾਅ ਰਹੀ ਸੀ ਮੈਂ ਤੁਹਾਡੇ ਘਰੋਂ ਸਾਰਾ ਸਾਮਾਨ ਏਸ ਕਰਕੇ ਚੁੱਕਵਾ ਲਿਆਇਆ ਸੀ ਕਿ ਤੁਸੀਂ ਹੁਣ ਏਥੇ ਹੀ ਰਹੋਗੇ। ਫੇਰ ਜਦੋਂ ਤੂੰ ਇਲਾਹਾਬਾਦ ਵਿਚ ਦਾਖ਼ਲਾ ਲੈ ਲਿਆ ਸੀ ਤੇ ਆਪਣਾ ਸਾਮਾਨ ਲੈਣ ਆਇਆ ਸੈਂ, ਇਹ ਪਹਾੜ ਜਿੱਡੇ ਪਲੰਘ, ਪਾਣੀ ਵਾਲੀਆਂ ਟੈਂਕੀਆਂ, ਪੁਰਾਣੇ ਡਜ਼ਾਇਨ ਦੇ ਚੀਨੀ ਦੇ ਬਰਤਨ…ਜਿਹਨਾਂ ਉੱਤੇ ਗੂੜ੍ਹੇ ਰੰਗ ਦੇ ਫੁੱਲ-ਬੂਟੇ ਬਣੇ ਨੇ ਤੇ ਲੱਕੜ ਦੇ ਉਹ ਵੱਡੇ ਵੱਡੇ ਸੰਦੂਕ, ਬਕਸੇ ਜਿਹਨਾਂ ਵਿਚ ਬਕੀ ਸਾਮਾਨ ਹੁਣ ਤਕ ਬੰਦ ਪਿਆ ਹੈ, ਰੱਖਣ ਜੋਗੀ ਜਗ੍ਹਾ ਨਹੀਂ। ਤੇਰਾ ਮਕਾਨ ਬੜਾ ਹੀ ਛੋਟਾ ਜਿਹਾ ਹੈ। ਪਰ ਬੇਟੇ ਹੁਣ ਲੈ ਵੀ ਜਾ, ਮੈਂ ਭਲਾ ਕਦੋਂ ਤਕ ਸੰਭਾਲਦਾ ਰਹਾਂਗਾ ? ਹੁਣ ਤਾਂ ਮੈਨੂੰ ਉਸ ਕੋਲੋਂ ਭੈ ਆਉਣ ਲੱਗ ਪਿਆ ਹੈ…ਜਾਪਦਾ ਹੈ, ਜਿਵੇਂ ਉਸ ਦੁਆਲੇ ਸੱਪ-ਠੂੰਹੇਂ ਤੁਰੇ ਫਿਰਦੇ ਨੇ ਤੇ ਕਦੀ ਕਦੀ ਮੇਰੇ ਪਲੰਘ ਦੇ ਇਰਦ-ਗਿਰਦ ਆ ਪਹੁੰਚੇ ਨੇ…।'
ਇਸ ਪਿੱਛੋਂ ਤਿੰਨ ਚਾਰ ਵਾਕ ਹੋਰ ਅਜਿਹੇ ਹੀ ਸਨ ਤੇ ਫੇਰ ਫੱਜਨ ਤੇ ਨਿੱਕੇ ਦਾ ਜ਼ਿਕਰ ਸੀ ਤੇ ਫੇਰ ਅੱਬਾ ਵਾਲੇ ਬਾਗ਼ ਦਾ ਕਿੱਸਾ। ਉਸ ਫਸਲ ਦਾ ਜ਼ਿਕਰ ਜੋ ਹੁਣ ਵੀ ਉਹਨਾਂ ਦੇ ਨਾਂ ਸੀ ਤੇ ਜਿਸਨੂੰ ਉਹ ਮੇਰੇ ਨਾਂ ਕਰਵਾ ਦੇਣਾ ਚਾਹੁੰਦੇ ਸਨ। ਫੇਰ ਉਸ ਘਟਨਾ ਦਾ ਜ਼ਿਕਰ ਸੀ ਜਦੋਂ ਜ਼ਿਮੀਂਦਾਰੀ ਦੇ ਖਾਤਮੇਂ ਸਮੇਂ ਚੁਤਾਲੀ ਹਜ਼ਾਰ ਦੇ ਬਾਊਂਡ ਮੁਆਵਜ਼ੇ ਵਜੋਂ ਮਿਲੇ ਸਨ ਤੇ ਮੈਂ ਪੈਸੇ-ਪੈਸੇ ਦਾ ਮੁਥਾਜ ਹੁੰਦਾ ਸਾਂ। ਉਹ ਪੈਸਾ ਤਾਂ ਪਤਾ ਨਹੀਂ ਕਦੋਂ ਦਾ ਖ਼ਤਮ ਵੀ ਹੋ ਗਿਆ ਸੀ, ਪਰ ਜ਼ਮੀਨ-ਜਾਇਦਾਦ ਜੋ ਵੀ ਬਾਕੀ ਸੀ, ਮੇਰੇ ਨਾਂ ਕਰ ਦੇਣ ਬਾਰੇ ਲਿਖਿਆ ਸੀ…'ਬੇਟਾ, ਇਸ ਵਾਰੀ ਗਰਮੀਆਂ ਦੀਆਂ ਛੁੱਟੀਆਂ ਵਿਚ ਆਵੀਂ ਜ਼ਰੂਰ। ਬਹੂ ਤੇ ਬੱਚਿਆਂ ਨੂੰ ਵੀ ਨਾਲ ਹੀ ਲਿਆਵੀਂ…ਸ਼ੱਬਨ ਤੇਰੀ ਗੱਲ ਮੰਨ ਲਵੇਗਾ ਤੇ ਨਿੱਕਾ ਵੀ…।'
ਅਖ਼ੀਰ ਵਿਚ ਲਿਖਿਆ ਸੀ---'ਪਿਛਲੇ ਸਾਲ ਅੰਬਾਂ ਦੀ ਖਾਸੀ ਫਸਲ ਖ਼ਰਾਬ ਹੋ ਗਈ ਸੀ, ਇਸ ਵਾਰੀ ਜ਼ਰੂਰ ਚੰਗੀ ਹੋਵੇਗੀ। ਸ਼ਹਿਰ ਵਿਚ ਅੰਬ ਕੀ ਸਵਾਹ ਮਿਲਦੇ ਹੋਣੇ ਨੇ, ਤੇਰੇ ਬਾਗ਼ ਵਰਗਾ ਲੰਗੜਾ ਉੱਥੇ ਕਿੱਥੇ ਮਿਲਦਾ ਹੋਵੇਗਾ ?'
ਚਾਚੇ ਮੌਜੂ ਦਾ ਇਹ ਖ਼ਤ ਕੋਈ ਚਾਰ-ਪੰਜ ਦਿਨ ਪਹਿਲਾਂ ਆਇਆ ਸੀ ਤੇ ਮੈਂ ਅੱਠ ਵਾਰੀ ਪੜ੍ਹ ਚੁੱਕਿਆ ਸਾਂ। ਸੋਚਿਆ ਸੀ, ਇਸ ਵਾਰੀ ਉਸ ਨੂੰ ਖ਼ਤ ਜ਼ਰੂਰ ਲਿਖਾਂਗਾ ਤੇ ਇਹ ਵਿਸ਼ਵਾਸ ਦਿਵਾਵਾਂਗਾ ਕਿ ਉਹ ਸਾਰਾ ਸਾਮਾਨ ਜਿਸ ਨੂੰ ਰੱਖਣ ਵਾਸਤੇ ਮੇਰੇ ਇਸ ਦੋ ਕਮਰਿਆਂ ਦੇ ਮਕਾਨ ਵਿਚ ਸੱਚ-ਮੁੱਚ ਜਗ੍ਹਾ ਨਹੀਂ, ਜ਼ਰੂਰ ਲੈ ਜਾਵਾਂਗਾ…ਭਾਵੇਂ ਉਹ ਛਿੱਛਪੱਤ ਕਿਸੇ ਨੂੰ ਦੇਣਾ ਹੀ ਕਿਉਂ ਨਾ ਪਏ।
---
ਮਾਜਿਦ ਚਾਚਾ ਜੀ ਆਪਣੇ ਵੱਡੇ ਸਾਰੇ ਮਕਾਨ ਦੇ ਬਾਹਰ, ਜਿਸਨੂੰ ਪਿੰਡ ਦੇ ਲੋਕ ਹਵੇਲੀ ਕਹਿੰਦੇ ਸਨ, ਇਕ ਵੱਡੇ ਸਾਰੇ ਤਖ਼ਤਪੋਸ਼ ਉੱਤੇ, ਜਿਸ ਉੱਤੇ ਇਕ ਦੁੱਧ-ਚਿੱਟੀ ਚਾਦਰ ਵਿਛੀ ਹੋਈ ਹੈ, ਗੋਲ ਸਿਰਹਾਣੇ ਨਾਲ ਢੋਅ ਲਈ ਬੈਠੇ ਨੇ। ਬਸ-ਪੇਚਵਾਨ ਦੀ ਸਿਗਰੇਟ ਉਹਨਾਂ ਦੀਆਂ ਉਂਗਲਾਂ ਵਿਚ ਸੁਲਗ ਰਹੀ ਹੈ। ਅੱਖਾਂ ਏਨੀਆਂ ਲਾਲ ਨੇ ਕਿ ਉਹਨਾਂ ਉੱਤੇ ਦੋ ਵਾਰ ਪੋਲਾ ਜਿਹਾ ਹੱਥ ਫੇਰਿਆ ਜਾਏ ਤਾਂ ਖ਼ੂਨ ਤ੍ਰਿਪਨ ਲੱਗ ਪਏ। ਕਤਰੀਆਂ ਕਾਲੀਆਂ ਮੁੱਛਾਂ ਤੇ ਸਿਆਹ ਕਾਲੇ-ਘੁੰਗਰਾਲੇ ਵਾਲਾਂ ਨੇ ਉਹਨਾਂ ਦੇ ਲਾਲ ਸੂਰਖ਼ ਚਿਹਰੇ ਨੂੰ ਹੋਰ ਵੀ ਰੋਅਬਦਾਰ ਬਣਾ ਦਿੱਤਾ ਹੈ। ਤਖ਼ਤ ਕੋਲ ਇਕ ਮੂੜਾ ਰੱਖਿਆ ਹੋਇਆ ਹੈ। ਚੁਫੇਰੇ ਕਰਿੰਦੇ ਵੱਡੀਆਂ-ਵੱਡੀਆਂ ਡਾਂਗਾਂ ਚੁੱਕੀ ਖੜ੍ਹੇ ਨੇ।
ਮਾਜਿਦ ਚਾਚਾ ਜੀ ਨੇ ਇਕ ਲੰਮਾਂ ਕਸ਼ ਖਿੱਚਿਆ ਤੇ ਸਿਰ ਨੂੰ ਛੋਟਾ ਜਿਹਾ ਝਟਕਾ ਦੇ ਕੇ ਬੋਲੇ---
"ਮਹਿਕੂ…ਈਦਗਾਹ ਦੇ ਪਰਲੇ ਪਾਸੇ ਵਾਲੇ ਖੇਤਾਂ ਦਾ ਚੱਲਾ, ਕੋਠਾਰ ਪਹੁੰਚਾ ਦਿਤੈ ?"
"ਹਾਂ, ਸਰਕਾਰ।" ਮਹਿਕੂ ਨੇ ਕੰਮ ਪੂਰਾ ਹੋ ਜਾਣ ਦੀ ਇਤਲਾਹ ਵੀ ਡਰਦਿਆਂ-ਡਰਦਿਆਂ ਹੀ ਦਿੱਤੀ ਸੀ।
"ਤੇ ਬਾਜਰੇ ਵਾਲੇ ਖੇਤਾਂ ਦੀ ਫਸਲ ?"
"ਉਹ ਵੀ ਕੱਟੀ ਜਾ ਚੁੱਕੀ ਐ ਸਰਕਾਰ।" ਮਹਿਕੂ ਕੰਬਣ ਲੱਗਾ।
"ਪਰ ਗੱਲਾ ਅਜੇ ਕੋਠਾਰ ਨਹੀਂ ਪਹੁੰਚਿਆ…ਕਿਉਂ ?"
ਕਿਸੇ ਨੇ ਕੋਈ ਉਤਰ ਨਹੀਂ ਦਿੱਤਾ।
ਮਹਿਕੂ ਜਿਸ ਦੀਆਂ ਅੱਖਾਂ ਜ਼ਮੀਨ ਉੱਤੇ ਗੱਡੀਆਂ ਹੋਈਆਂ ਸਨ, ਆਪਣੀ ਡਾਂਗ ਦੀਆਂ ਗੰਢਾਂ ਉੱਤੇ ਉਂਗਲਾਂ ਫੇਰਨ ਲੱਗ ਪਿਆ, ਪਰ ਕਿਸੇ ਕਰਿੰਦੇ ਨੇ ਉਸਦੀ ਇਹ ਹਰਕਤ ਵੇਖੀ ਨਹੀਂ, ਕਿਉਂਕਿ ਉਹਨਾਂ ਦੀਆਂ ਅੱਖਾਂ ਵੀ ਧਰਤੀ ਉੱਤੇ ਗੱਡੀਆਂ ਹੋਈਆਂ ਸਨ।
"ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ…।" ਮਾਜਿਦ ਚਾਚੇ ਹੁਰੀਂ ਕੜਕੇ, ਇੰਜ ਲੱਗਿਆ ਜਿਵੇਂ ਬਿਜਲੀ ਕੜਕੀ ਹੋਵੇ ਤੇ ਉਹ ਦੀ ਆਵਾਜ਼ ਦੀ ਆਵਾਜ਼ ਬੱਦਲਾਂ ਨਾਲ ਟਕਰਾ ਰਹੀ ਹੋਵੇ।
ਮਾਜਿਦ ਚਾਚਾ ਜੀ ਨੇ ਸਿਗਰੇਟ ਸਿਰਹਾਣੇ ਪਈ ਸ਼ੀਸ਼ੇ ਦੀ ਤਸ਼ਤਰੀ ਵਿਚ ਰੱਖ ਦਿੱਤੀ। ਰਾਮ ਭਰੋਸੇ ਵੱਲ ਦੇਖਿਆ ਤਾਂ ਉਸਦੀ ਤੇਲ ਚੋਪੜੀ ਡਾਂਗ ਉਸਦੇ ਹੱਥੋਂ ਡਿੱਗ ਪਈ।
ਪਰ ਇੰਜ ਲੱਗਿਆ ਜਿਵੇਂ ਕਿਸੇ ਨੇ ਉਸਦੇ ਡਿੱਗਣ ਦਾ ਖੜਾਕ ਵੀ ਨਾ ਸੁਣਿਆ ਹੋਵੇ। ਉਹ ਹੱਥ ਜੋੜ ਕੇ ਬੋਲਿਆ, "ਹਜ਼ੂਰ ਕੰਮ 'ਤੇ ਸਿਰਫ ਦੋ ਬੰਦੇ ਆਏ ਸੀ।"
"ਹੂੰ..." ਮਾਜਿਦ ਚਾਚਾ ਜੀ ਨੇ ਜਿਵੇਂ ਗੁਸਾ ਪੀਣ ਦੀ ਕੋਸ਼ਿਸ਼ ਕੀਤੀ।
"ਹਜ਼ੂਰ," ਰਾਮ ਭਰੋਸੇ ਨੇ ਕੰਬਦੀ ਆਵਾਜ਼ ਵਿਚ ਕਿਹਾ, "ਇਕ ਬੰਦਾ ਸ਼ੱਬਨ ਨੂੰ ਬੁਲਾਉਣ ਗਿਆ ਸੀ, ਪਰ ਉਸਦੀ ਮਾਂ ਕਹਿੰਦੀ, ਬਿਮਾਰ ਐ, ਬੇਗਾਰ ਨਹੀਂ ਕਰ ਸਕਦਾ।"
"ਹੂੰ…" ਮਾਜਿਦ ਚਾਚਾ ਦੇ ਸੰਘਣੇ ਭਰਵੱਟੇ ਇਕ ਦੂਜੇ ਨਾਲ ਜੁੜ ਕੇ ਫਰਕਣ ਲੱਗ ਪਏ ਤੇ ਕਰਿੰਦਿਆਂ ਵਿਚ ਭੈ ਦੀ ਲਹਿਰ ਦੌੜ ਗਈ। ਉਸ ਵੇਲੇ ਉਹ ਪੂਰੇ ਗੁੱਸੇ ਵਿਚ ਸਨ।
ਹਜ਼ੂਰ ਜਿੱਦੇਂ ਦੀ ਉਸਦੇ ਭਰਾ ਨੇ ਸ਼ਹਿਰੋਂ ਪੈਸੇ ਭੇਜ ਕੇ ਉਸਨੂੰ ਆਟਾ ਚੱਕੀ ਲੁਆ ਕੇ ਦਿੱਤੀ ਐ, ਉਹ ਬੇਗਾਰ ਤੋਂ ਕੰਨੀਂ ਕਤਰਾਉਣ ਲੱਗ ਪਿਐ-ਜੀ।
ਕੱਲ੍ਹ ਤੋਂ ਚੱਕੀ ਦੀ ਆਵਾਜ਼ ਮੇਰੇ ਕੰਨਾਂ 'ਚ ਨਹੀਂ ਪੈਣੀ ਚਾਹੀਦੀ। ਉਹਨਾਂ ਸਿਗਰੇਟ ਬੁੱਲ੍ਹਾਂ ਨੂੰ ਲਾਈ। ਇਕ ਲੰਮਾਂ ਸੂਟਾ ਖਿੱਚਿਆ ਤੇ ਜਦੋਂ ਤਖ਼ਤਪੋਸ਼ ਤੋਂ ਹੇਠਾਂ ਪੈਰ ਲਮਕਾਇਆ ਤਾਂ ਕਿਸੇ ਨੇ ਦੇਖਿਆ ਕਿ ਇਕ ਸਲੀਪਰ ਤਖ਼ਤਪੋਸ਼ ਦੇ ਹੇਠਾਂ ਖਿਸਕਿਆ ਹੋਇਆ ਹੈ ਤੇ ਉਸਨੇ ਡਰਦਿਆਂ-ਡਰਦਿਆਂ ਉਹ ਉਹਨਾਂ ਦੇ ਪੈਰ ਕੋਲ ਕਰ ਦਿੱਤਾ। ਮਾਜਿਦ ਚਾਚਾ ਜੀ ਨੇ ਇਕ ਵਾਰੀ ਫੇਰ ਲਠੈਤਾਂ ਵੱਲ ਵੇਖਿਆ ਤੇ ਆਪਣੀ ਗੱਲ ਦੁਹਰਾਈ---
"ਕੱਲ੍ਹ ਤੋਂ ਚੱਕੀ ਦੀ ਆਵਾਜ਼ ਕੰਨਾਂ 'ਚ ਨਹੀਂ ਪੈਣੀ ਚਾਹੀਦੀ…"
ਰਾਤੋ ਰਾਤ ਨੇੜੇ ਤੇੜੇ ਦੇ ਪਿੰਡਾਂ ਤੇ ਬਸਤੀਆਂ ਵਿਚ ਮੁਨਾਦੀ ਕਰਵਾ ਦਿੱਤੀ ਗਈ, 'ਕੱਲ੍ਹ ਤੋਂ ਚੱਕੀ ਤੇ ਆਟਾ ਪਿਸਾਓਣ ਕੋਈ ਨਹੀਂ ਜਾਏਗਾ, ਜਿਸਨੂੰ ਲੋੜ ਹੋਵੇ, ਕਣਕ ਲੈ ਕੇ ਹਵੇਲੀ ਦੇ ਪਿਛਲੇ ਦਰਵਾਜ਼ੇ ਤੋਂ ਓਨਾ ਹੀ ਆਟਾ ਲੈ ਜਾਵੇ…ਕੋਈ ਪਿਹਾਈ ਨਹੀਂ ਲੱਗੇਗੀ।'
ਅਗਲੇ ਦਿਨ ਪਿੰਡ ਵਿਚ ਮੌਤ ਵਰਗੀ ਚੁੱਪ ਵਾਪਰੀ ਹੋਈ ਸੀ।
ਸ਼ੱਬਨ ਡਰਦਾ-ਡਰਦਾ ਆਪਣੇ ਕੱਚੇ ਮਕਾਨ ਵਿਚੋਂ ਬਾਹਰ ਨਿਕਲਿਆ। ਚੱਕੀ ਪੰਜਾਹ ਸੱਠ ਕਰਮਾਂ 'ਤੇ ਸੀ। ਰਸਤੇ ਵਿਚ ਕਈ ਜਣੇ ਮਿਲੇ…ਉਸਨੇ ਰੋਜ਼ ਵਾਂਗ ਸਲਾਮ, ਬੰਦਗੀ ਤੇ ਰਾਮ-ਰਾਮ ਕੀਤੀ, ਪਰ ਕਿਸੇ ਦਾ ਜਵਾਬ ਨਾ ਮਿਲਿਆ। ਕਿਸੇ ਨੇ ਉਸ ਨਾਲ ਅੱਖ ਵੀ ਨਹੀਂ ਮਿਲਾਈ। ਚੱਕੀ ਭਾਂ-ਭਾਂ ਕਰ ਰਹੀ ਸੀ। ਕਣਕ ਦੀ ਇਕ ਗਠੜੀ ਵੀ ਨਹੀਂ ਸੀ ਆਈ। ਕੰਡੇ ਦੇ ਇਕ ਪੱਲੜੇ 'ਚ ਵੱਟੇ ਰੱਖ ਕੇ, ਦੂਜੇ ਨੂੰ ਉਹ ਆਪਣੀ ਕਿਸਮਤ ਵਾਂਗ ਹੀ ਹਵਾ 'ਚ ਡੋਲਦਾ ਵੇਖਦਾ ਰਿਹਾ। ਜਦੋਂ ਸੂਰਜ ਤਲਾਅ ਵਾਲੇ ਵੱਡੇ ਬੋਹੜ ਪਿੱਛੋਂ ਸਿਰ ਕੱਢ ਕੇ ਸਾਰੇ ਪਿੰਡ ਉੱਤੇ ਆ ਗਿਆ, ਪਰ ਆਟਾ ਪਿਸਾਉਣ ਕੋਈ ਆਇਆ ਤਾਂ ਉਸ ਸੋਚਿਆ ਘਰ ਵਾਪਸ ਚਲਾ ਜਾਏ। ਅਜੇ ਉਸਨੇ ਸੋਚਿਆ ਹੀ ਸੀ ਕਿ ਜੋਖਾ ਸਿਰ ਉੱਤੇ ਇਕ ਵੱਡੀ ਸਾਰੀ ਪੰਡ ਚੁੱਕੀ ਆ ਪਹੁੰਚਿਆ। ਜੋਖੇ ਨੇ ਪੰਡ ਜ਼ਮੀਨ ਉੱਤੇ ਰੱਖ ਦਿੱਤੀ…ਸ਼ੱਬਨ ਨੇ ਉਸ ਵੱਲ ਲਲਚਾਈਆਂ ਅੱਖਾਂ ਨਾਲ ਵੇਖਿਆ ਜਿਵੇਂ ਕਿਸੇ ਪਰਾਈ ਜ਼ਨਾਨੀ ਨੂੰ ਵੇਖ ਰਿਹਾ ਹੋਵੇ---ਪਰ ਡਰਦਿਆਂ-ਡਰਦਿਆਂ।
ਦੋਏ ਚੁੱਪ ਸਨ। ਅਖ਼ੀਰ ਸ਼ੱਬਨ ਨੇ ਕਿਹਾ, "ਅੱਜ ਚੱਕੀ ਨਹੀਂ ਚੱਲੇਗੀ।"
"ਕਿਉਂ ? ਡਰ ਗਿਐਂ ?"
"ਨਹੀਂ, ਪਰ ਚੱਕੀ ਨਹੀਂ ਚੱਲਣੀ।"
"ਫਿੱਟੇ ਮੂੰਹ ਤੇਰੇ…ਮੈਂ ਤਾਂ ਤੈਨੂੰ ਮਰਦ ਬੱਚਾ ਸਮਝਦਾ ਸੀ, ਪਰ ਤੂੰ ਤਾਂ ਨਿਰਾ 'ਉਹ' ਨਿਕਲਿਆ ਓਇ…"
ਦੋਹਾਂ ਨੇ ਇਕ ਵਾਰੀ ਫੇਰ ਇਕ ਦੂਜੇ ਵੱਲ ਤੱਕਿਆ।
ਜੋਖਾ ਵੀ ਸ਼ੱਬਨ ਵਾਂਗ ਨਰੋਆ-ਜਵਾਨ ਗੱਭਰੂ ਸੀ। ਦੋ ਚਾਰ ਸਾਲ ਵੱਡਾ ਹੋਊ ਤਾਂ ਕੀ ? ਪਰ ਅੱਜ ਤਕ ਉਸਨੇ ਵਾਲਾਂ ਨੂੰ ਮਹਿੰਦੀ ਨਹੀਂ ਸੀ ਲਾਈ। ਦੋ ਜੁਆਕ ਸਨ ਤੇ ਦੋਏ ਕੁੜੀਆਂ। ਅਸਲ ਵਿਚ ਸ਼ੱਬਨ ਆਪਣੇ ਨਾਲੋਂ ਵੱਧ ਉਸ ਬਾਰੇ ਸੋਚ ਰਿਹਾ ਸੀ। 'ਮੀਆਂ ਉਸਨੂੰ ਨੌਕਰੀ ਤੋਂ ਹਟਾਅ ਦੇਣਗੇ, ਫੇਰ ਵੀ ਬਾਅਜ਼ ਨਾ ਆਇਆ ਤਾਂ ਘਰ ਸੜਵਾ ਦੇਣਗੇ। ਕੱਚੀ ਕਬੀਲਦਾਰੀ ਐ, ਕੀ ਬਣੂੰਗਾ ਇਸਦਾ ?' ਇਹੀ ਸੋਚ ਕੇ ਉਸਨੇ ਆਟਾ ਪੀਸਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਸ਼ੱਬਨ ਦੇ ਚੱਕੀ ਚਲਾਉਣ ਜਾਂ ਨਾ ਚਲਾਉਣ ਨਾਲ ਕੋਈ ਫਰਕ ਨਾ ਪਿਆ…ਜੋਖੇ ਨੂੰ ਨੌਕਰੀਓਂ ਹਟਾਅ ਦਿੱਤਾ ਗਿਆ ਤੇ ਉਸਦਾ ਚਾਰ ਬਿਸਵਿਆਂ ਦਾ ਖੇਤ, ਜਿਹੜਾ ਮੀਆਂ ਦੇ ਖੇਤ ਨਾਲ ਲੱਗਦਾ ਸੀ, ਰਾਤੋ-ਰਾਤ ਖਾਲ ਦੇ ਅੰਦਰਲੇ ਪਾਸੇ ਕਰ ਦਿੱਤਾ ਗਿਆ ਸੀ।
ਪਿੰਡ ਵਿਚ ਦੋ ਚਾਰ ਦਿਨ ਰਤਾ ਤਣਾਅ ਜਿਹਾ ਰਿਹਾ, ਗੁੱਝੀ ਚਰਚਾ ਛਿੜੀ ਤੇ ਚੁੱਪ ਵਾਪਰ ਗਈ…ਸਭ ਕੁਝ ਫੇਰ ਪਹਿਲਾਂ ਵਾਂਗ ਹੀ ਹੋਣ ਲੱਗਾ, ਪਰ ਚੱਕੀ ਦੀ ਆਵਾਜ਼ ਕਦੀ ਕਿਸੇ ਨੂੰ ਨਹੀਂ ਸੁਣਾਈ ਦਿੱਤੀ। ਕਈ ਸਾਲ ਤਕ ਸ਼ਹਿਰੋਂ ਪਿਸਵਾ ਕੇ ਗੱਡਿਆਂ ਉੱਤੇ ਆਟਾ ਲਿਆਂਦਾ ਜਾਂਦਾ ਰਿਹਾ ਤੇ ਹਵੇਲੀ ਦੇ ਪਿਛਲੇ ਦਰਵਾਜ਼ੇ ਤੋਂ ਲੋਕ ਦਾਣਿਆ ਬਰਾਬਰ ਆਟਾ ਲੈ ਜਾਂਦੇ ਰਹੇ। ਪਿੰਡ ਵਾਲੇ ਖੁਸ਼ ਸਨ ਕਿ ਚਲੋ ਦੋ ਪੈਸੇ ਪਿਸਵਾਈ ਬਚ ਜਾਂਦੀ ਹੈ।
---
ਉਸ ਚੁੱਪ ਤੇ ਫੇਰ ਸਭ ਕੁਝ ਪਹਿਲਾਂ ਵਰਗਾ ਹੋ ਜਾਣ, ਤੇ ਚਾਚੇ ਮੌਜੂ ਦੇ ਇਹਨਾਂ ਖ਼ਤਾਂ ਵਿਚਕਾਰ ਘੱਟੋਘੱਟ ਵੀਹ ਸਾਲ ਦਾ ਪਾੜਾ ਹੈ। ਸਮੇਂ ਨੇ ਮਾਜਿਦ ਚਾਚਾ ਨੂੰ ਮੌਜੂ ਮੀਆਂ ਬਣਾ ਦਿੱਤਾ ਹੈ। ਉਹ ਇਕ ਹੱਥ ਵਿਚ ਲੋਹੇ ਦਾ ਗੜਵਾ ਤੇ ਦੂਜੇ ਹੱਥ ਵਿਚ ਸੋਟੀ, ਜਿਹੜੀ ਉਹਨਾਂ ਦੇ ਬੁਢਾਪੇ ਦਾ ਇੱਕੋ-ਇਕ ਸਹਾਰਾ ਹੈ, ਫੜ੍ਹੀ ਮਸਜਿਦ ਅੰਦਰ ਦਾਖ਼ਲ ਹੁੰਦੇ, ਗੜਵਾ ਮਸਜਿਦ ਦੇ ਫਰਸ਼ ਉੱਤੇ ਰੱਖਦੇ (ਜਿਹੜਾ ਜਗ੍ਹਾ ਜਗ੍ਹਾ ਤੋਂ ਤਿੜਕ ਚੁੱਕਿਆ ਸੀ) ਤੇ ਸੋਟੀ ਕੰਧ ਨਾਲ ਲਾ ਦਿੰਦੇ ਨੇ…ਪਰ ਪਹਿਲਾਂ ਵਾਂਗ ਕੋਈ ਉਹਨਾਂ ਨੂੰ ਮੂਹਰਲੀ ਕਤਾਰ ਵਿਚ ਆ ਜਾਣ ਲਈ ਨਹੀਂ ਕਹਿੰਦਾ ; ਉਹ ਆਖ਼ਰੀ ਜਾਂ ਉਸ ਤੋਂ ਅਗਲੀ ਵਿਚ ਖਲੋ ਕੇ ਜਾਂ ਕਦੀ ਬੈਠ ਕੇ ਨਮਾਜ਼ ਪੜ੍ਹਦੇ ਤੇ ਫੇਰ ਸੋਟੀ ਟੇਕਦੇ ਹੋਏ ਹਵੇਲੀ ਪਰਤ ਆਉਂਦੇ ਨੇ, ਜਿਸਦੇ ਚਬੂਤਰੇ ਦੀਆਂ ਪੌੜੀਆਂ ਦੀਆਂ ਇੱਟਾਂ ਪਤਾ ਨਹੀਂ ਕਿੱਦੇਂ ਦੀਆਂ ਅਲੋਪ ਹੋਈਆਂ ਹੋਈਆਂ ਨੇ। ਉਹ ਵਾਰੀ ਵਾਰੀ ਝੁਕ ਕੇ ਸੋਟੀ ਤੇ ਗੜਵਾ ਚਬੂਤਰੇ ਦੀਆਂ ਪੌੜੀਆਂ ਉੱਤੇ ਰੱਖਦੇ, ਫੇਰ ਦੋਏ ਹਥੇਲੀਆਂ ਨਾਲ ਕੰਧ ਦਾ ਸਹਾਰਾ ਲੈ ਕੇ ਉੱਤੇ ਚੜ੍ਹਦੇ। ਚਿੱਪ-ਚਿੱਪ ਕਰਦੀਆਂ ਗਿੱਡਲ-ਅੱਖਾਂ ਨਾਲ ਚਾਰੇ ਪਾਸੇ ਦੇਖਦੇ ਤਾਂ ਕੋਈ ਡਾਂਗ ਜ਼ਮੀਨ ਉੱਤੇ ਨਾ ਡਿੱਗਦੀ, ਕਿਸੇ ਦੇ ਹੱਥ ਨਹੀਂ ਕੰਬਦੇ।
ਉਹਨਾਂ ਦਾ ਖ਼ਤ ਹੁਣ ਵੀ ਮੇਰੇ ਸਾਹਮਣੇ ਪਿਆ ਹੈ, ਮੈਂ ਜਵਾਬ ਵਿਚ ਦੋ ਲਾਈਨਾ ਵੀ ਲਿਖੀਆਂ ਨੇ---
'ਅਤਿ ਸਤਿਕਾਰ ਯੋਗ ਚਾਚਾ ਜਾਨ,
ਬਹੁਤ-ਬਹੁਤ ਸਲਾਮ !
ਤੁਹਾਡਾ ਖ਼ਤ ਮਿਲਿਆ। ਸੁੱਖ-ਸਾਂਦ ਦਾ ਪਤਾ ਲੱਗਿਆ। ਖ਼ੁਦਾ ਤੁਹਾਡਾ ਸਾਇਆ ਚਿਰਾਂ ਤਕ ਸਾਡੇ ਸਿਰਾਂ ਉੱਤੇ ਸਲਾਮਤ ਰੱਖੇ। ਤੁਹਾਡਾ ਅਸ਼ੀਰਵਾਦ ਲੈਣ ਲਈ ਇਹਨਾਂ ਗਰਮੀਆਂ ਦੀਆਂ ਛੁੱਟੀਆਂ ਵਿਚ ਜ਼ਰੂਰ ਆਵਾਂਗਾ। ਜੇ ਤੁਹਾਡੀ ਇਹ ਇੱਛਾ ਹੈ ਤਾਂ ਸਾਮਾਨ ਵੀ ਲੈ ਜਾਵਾਂਗਾ…।'
ਇਸ ਪਿੱਛੋਂ ਮੇਰਾ ਕਲਮ ਰੁਕ ਗਿਆ…ਹੋਰ ਲਿਖਣਾ ਵੀ ਕੀ ? ਉਸ ਚੱਕੀ ਬਾਰੇ, ਜਿਸਦਾ ਕੋਈ ਨਾਂਅ-ਨਿਸ਼ਾਨ ਵੀ ਨਹੀਂ ਸੀ ਤੇ ਜੋਖੇ ਦੇ ਪੁੱਤਰ ਨਿੱਕੇ ਨੂੰ, ਜਿਸਦਾ ਹੁਣ ਆਪਣਾ ਪੱਕਾ, ਦੋ ਮੰਜ਼ਿਲਾ, ਮਕਾਨ ਹੈ…ਟਿਊਬਵੈੱਲ ਤੇ ਸਾਈਕਲ ਸਪੇਰਪਾਰਟਸ ਦੀ ਦੁਕਾਨ ਹੈ…ਭਲਾ ਕਿੰਜ ਇਸ ਗੱਲ ਉੱਤੇ ਰਾਜ਼ੀ ਕਰ ਸਕਦਾ ਹਾਂ ਕਿ ਉਹ ਆਪਣੇ ਦੋ ਚਾਰ ਬਿਸਵੇ ਜ਼ਮੀਨ ਲੈ ਲਵੇ। ਉਹ ਚਾਰ ਬਿਸਵੇ ਜ਼ਮੀਨ ਜਿਸ ਨੂੰ ਮਾਜਿਦ ਚਾਚੇ ਦੇ ਮੁੰਡੇ ਕਈ ਸਾਲ ਪਹਿਲਾਂ ਗਹਿਣੇ ਕਰਕੇ ਭੁੱਲ ਵੀ ਚੁੱਕੇ ਹੋਣੇ ਨੇ।
ਮਾਜਿਦ ਚਾਚੇ ਦਾ ਇਹ ਖ਼ਤ ਮੇਜ਼ ਉੱਤੇ ਪਿਆ ਹੈ ਤੇ ਮੇਰਾ ਲਿਖਿਆ ਅਧੂਰਾ ਖ਼ਤ ਵੀ…ਇੰਜ ਹੀ ਪਹਿਲੇ ਦੋ ਖ਼ਤਾਂ ਨਾਲ ਹੋਈ ਸੀ।
(ਅਨੁਵਾਦ: ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਆਬਿਦ ਸੁਹੇਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ