Tera Kamra Mera Kamra (Punjabi Story) : Dalip Kaur Tiwana
ਤੇਰਾ ਕਮਰਾ ਮੇਰਾ ਕਮਰਾ (ਕਹਾਣੀ) : ਦਲੀਪ ਕੌਰ ਟਿਵਾਣਾ
ਦਫ਼ਤਰ ਵਿਚ ਮੇਰਾ ਕਮਰਾ ਤੇ ਤੇਰਾ ਕਮਰਾ ਨਾਲੋ–ਨਾਲ ਹਨ । ਫਿਰ ਵੀ ਨਾ ਇਹ ਕਮਰਾ ਉਸ ਵੱਲ ਜਾ ਸਕਦਾ ਹੈ ਤੇ ਨਾ ਉਹ ਕਮਰਾ ਇਸ ਵੱਲ ਆ ਸਕਦਾ ਹੈ । ਦੋਵਾਂ ਦੀ ਆਪਣੀ ਆਪਣੀ ਸੀਮਾ ਹੈ । ਦੋਹਾਂ ਦੇ ਵਿਚਕਾਰ ਇਕ ਦੀਵਾਰ ਹੈ । ਦੀਵਾਰ ਬੜੀ ਪਤਲੀ ਜਿਹੀ ਹੈ । ਭੁੱਲ ਭੁਲੇਖੇ ਵੀ ਜੇ ਉਧਰ ਤੇਰਾ ਹੱਥ ਵਜਦਾ ਹੈ ਤਾਂ ਆਵਾਜ਼ ਮੇਰੇ ਕਮਰੇ ਵਿਚ ਪਹੁੰਚ ਜਾਂਦੀ ਹੈ । ਇਕ ਦਿਨ ਖ਼ਬਰੇ ਕੋਈ ਇਸ ਦੀਵਾਰ ਵਿਚ ਤੇਰੇ ਵਾਲੇ ਪਾਸੇ ਕਿੱਲ ਗੱਡ ਰਿਹਾ ਸੀ , ਮੇਰੇ ਕਮਰੇ ਦੀਆਂ ਸਾਰੀਆਂ ਦੀਵਾਰਾਂ ਧਮਕ ਰਹੀਆਂ ਸਨ । ਮੈਂ ਉਠ ਕੇ ਬਾਹਰ ਗਈ ਕਿ ਦੇਖਾਂ , ਪਰ ਤੇਰੇ ਕਮਰੇ ਦੇ ਬੂਹੇ ਉਤੇ ਭਾਰੀ ਪਰਦਾ ਲਟਕ ਰਿਹਾ ਸੀ । ਮੈਂ ਪਰਤ ਆਈ । ਅੱਜ ਕਲ੍ਹ ਲੋਕੀਂ ਆਮ ਹੀ ਬੂਹੇ ਬਾਰੀਆਂ ਉਤੇ ਭਾਰੇ ਪਰਦੇ ਲਾਈ ਰਖਦੇ ਹਨ , ਤਾਂ ਜੋ ਬਾਹਰੋਂ ਕਿਸੇ ਨੂੰ ਕੁਝ ਨਾ ਦਿੱਸੇ । ਪਰਦਾ ਤਾਂ ਮੇਰੇ ਕਮਰੇ ਦੇ ਬੂਹੇ ਅੱਗੇ ਵੀ ਹੈ , ਮੈਨੂੰ ਖਿਆਲ ਆਇਆ ।
ਕਦੇ ਕਦੇ ਜਦੋਂ ਕਿਸੇ ਗੱਲੋਂ ਤੂੰ ਚਪੜਾਸੀ ਨਾਲ ਉੱਚਾ ਬੋਲਦਾ ਹੈਂ , ਮੈਂ ਕੰਮ ਕਰਦੀ ਕਰਦੀ ਕਲਮ ਰੱਖ ਕੇ ਬੈਠ ਜਾਂਦੀ ਹਾਂ । ਮੇਰਾ ਮਨ ਕਰਦਾ ਹੈ ਤੈਨੂੰ ਪੁੱਛਾਂ , ” ਕੀ ਗੱਲ ਹੋਈ ?” ਪਰ ਫਿਰ ਖ਼ਿਆਲ ਆਉਂਦਾ ਹੈ , ਤੈਨੂੰ ਸ਼ਾਇਦ ਇਹ ਚੰਗਾ ਨਾ ਲੱਗੇ ਕਿ ਜਦੋਂ ਤੂੰ ਚਪੜਾਸੀ ਨਾਲ ਉੱਚਾ ਬੋਲ ਰਿਹਾਂ ਸੈਂ ਤਾਂ ਮੈਂ ਸੁਣ ਰਹੀ ਸਾਂ । ਤੈਨੂੰ ਤਾਂ ਇਸ ਗੱਲ ਦਾ ਖ਼ਿਆਲ ਵੀ ਨਹੀਂ ਰਹਿੰਦਾ ਕਿ ਤੂੰ ਡੂੰਘਾ ਸਾਹ ਵੀ ਭਰੇਂ ਤਾਂ ਨਾਲ ਦੇ ਕਮਰੇ ਵਿਚ ਸੁਣਾਈ ਦੇ ਜਾਂਦਾ ਹੈ ।
ਇਕ ਦਿਨ ਕੰਮ ਕਰਦਿਆਂ ਕਰਦਿਆਂ ਮੇਰੇ ਹੱਥੋਂ ਕਲਮ ਡਿੱਗ ਪਈ । ਨਿੱਬ ਵਿੰਗੀ ਹੋ ਗਈ । ਉਸ ਦਿਨ ਮੈਨੂੰ ਖ਼ਿਆਲ ਆਇਆ ਸੀ ਤੇਰੇ ਕਮਰੇ ਵਿਚੋਂ ਕੋਈ ਕਲਮ ਮੰਗਵਾਂ ਲਵਾਂ । ਪਰ ਇਸ ਡਰੋਂ ਕਿ ਖ਼ਬਰੇ ਤੂੰ ਆਖ ਭੇਜੇਂ ਕਿ ਮੇਰੇ ਕੋਲ ਵਾਧੂ ਕਲਮ ਨਹੀਂ , ਮੈਂ ਇਹ ਹੌਸਲਾ ਨਾ ਕਰ ਸਕੀ । ਬਹੁਤ ਵਾਰੀ ਇਓਂ ਹੀ ਹੁੰਦਾ ਹੈ ਕਿ ਅਸੀਂ ਆਪ ਹੀ ਸਵਾਲ ਕਰਦੇ ਹਾਂ ਤੇ ਆਪ ਹੀ ਉਸ ਦਾ ਜਵਾਬ ਦੇ ਲੈਂਦੇ ਹਾਂ ।
ਕਦੇ ਕਦੇ ਮੈਂ ਸੋਚਦੀ ਹਾਂ ਕਿ ਜੇ ਭਲਾ ਦੋਹਾਂ ਕਮਰਿਆਂ ਦੇ ਵਿਚਕਾਰਲੀ ਇਹ ਦੀਵਾਰ ਟੁੱਟ ਜਾਵੇ । ਪਰ ਇਸ ਨਾਲ ਤੇਰਾ ਕਮਰਾ ਸਾਬਤ ਨਹੀਂ ਰਹਿ ਜਾਵੇਗਾ , ਮੇਰਾ ਕਮਰਾ ਵੀ ਸਾਬਤ ਨਹੀਂ ਰਹਿ ਜਾਵੇਗਾ । ਫਿਰ ਤਾਂ ਇਓਂ ਹੀ ਲਗਿਆ ਕਰੇਗਾ ਜਿਵੇਂ ਖੁਲ੍ਹਾ ਸਾਰਾ, ਵੱਡਾ ਜਿਹਾ ਇਕੋ ਕਮਰਾ ਹੋਵੇ । ਪਰ ਇਓਂ ਕਰਨਾ ਸ਼ਾਇਦ ਠੀਕ ਨਾ ਹੋਵੇ । ਬਣਾਉਣ ਵਾਲੇ ਨੇ ਕੁਝ ਸੋਚ ਕੇ ਹੀ ਇਹ ਵਖੋ ਵਖ ਕਮਰੇ ਬਣਾਏ ਹੋਣੇ ਨੇ ।
ਕਦੇ ਕਦੇ ਮੈਨੂੰ ਇਓਂ ਲਗਦਾ ਹੈ ਜਿਵੇਂ ਮੈਂ ਇਸ ਪੱਕੀ ਸੀਮਿੰਟ ਦੀਵਾਰ ਦੇ ਵਿਚੋਂ ਦੀ ਦੇਖ ਸਕਦੀ ਹਾਂ । ਤਦ ਹੀ ਤਾਂ ਮੈਨੂੰ ਪਤਾ ਲਗ ਜਾਂਦਾ ਹੈ ਕਿ ਅੱਜ ਤੂੰ ਕੰਮ ਨਹੀਂ ਕਰ ਰਿਹਾ । ਕਦੇ ਛੱਤ ਵਲ ਤੱਕਣ ਲਗ ਜਾਂਦਾ ਏਂ ਤੇ ਕਦੇ ਹੱਥ ਦੀਆਂ ਲਕੀਰਾਂ ਵਲ । ਕਦੇ ਫ਼ਾਈਲਾਂ ਖੋਲ੍ਹ ਲੈਂਦਾ ਏਂ । ਕਦੇ ਬੰਦ ਕਰ ਦੇਂਦਾ ਏਂ । ਕਦੇ ਬੂਟ ਲਾਹ ਲੈਂਦਾ ਏਂ ਤੇ ਕਦੇ ਪਾ ਲੈਂਦਾ ਏਂ ।
ਕਦੇ ਕਦੇ ਤੂੰ ਬਹੁਤ ਖੁਸ਼ ਹੋ ਰਿਹਾ ਹੁੰਦਾ ਏਂ । ਉਦੋਂ ਮੇਜ਼ ਉਤੇ ਪਏ ਪੇਪਰਵੇਟ ਨੂੰ ਘੁਮਾਉਣ ਲਗ ਜਾਂਦਾ ਏਂ , ਹੌਲੀ ਹੌਲੀ ਸੀਟੀ ਮਾਰਦਾ ਏਂ । ਇਸ ਕੰਧ ਉਤੇ ਹੱਥ ਲਾ ਕੇ ਕੁਰਸੀ ਉਤੇ ਬੈਠਾ , ਧਰਤੀ ਉਤੋਂ ਪੈਰ ਚੁੱਕ ਲੈਂਦਾ ਏਂ, ਉਸ ਵੇਲੇ ਮੈਂ ਇਧਰ ਜ਼ਰਾ ਵੀ ਖੜਾਕ ਨਹੀਂ ਹੋਣ ਦੇਂਦੀ ਮਤਾਂ ਤੂੰ ਚੌਂਕ ਪਵੇਂ ।
ਕਦੇ ਕਦੇ ਆਉਣ ਜਾਣ ਵੇਲੇ ਤੂੰ ਮੈਨੂੰ ਕਮਰੇ ਤੋਂ ਬਾਹਰ ਮਿਲ ਪੈਂਦਾ ਏਂ । ‘ ਸੁਣਾਓ ਕੀ ਹਾਲ ਹੈ ?’ ਤੂੰ ਪੁਛੱਦਾ ਏਂ ।
“ਠੀਕ ਹੈ ” , ਮੈਂ ਜ਼ਰਾ ਕੁ ਹੱਸ ਕੇ ਆਖਦੀ ਹਾਂ । ਤੇ ਤੂੰ ਆਪਣੇ ਕਮਰੇ ਵਿਚ ਚਲਿਆ ਜਾਂਦਾ ਏਂ ਤੇ ਮੈਂ ਆਪਣੇ ਕਮਰੇ ਵਿਚ । ਨਾ ਉਹ ਕਮਰਾ ਇਧਰ ਆ ਸਕਦਾ ਹੈ , ਨਾ ਇਹ ਕਮਰਾ ਉਧਰ ਜਾ ਸਕਦਾ ਹੈ । ਦੋਹਾਂ ਦੀ ਆਪਣੀ ਆਪਣੀ ਸੀਮਾ ਹੈ । ਦੋਹਾਂ ਦੇ ਵਿਚਕਾਰ ਇਕ ਦੀਵਾਰ ਹੈ ।
ਇਕ ਦਿਨ ਮੇਰੇ ਕਮਰੇ ਵਿਚ ਚਲਦਾ ਚਲਦਾ ਪੱਖਾ ਬੰਦ ਹੋ ਗਿਆ । ਸ਼ਾਇਦ ਬਿਜਲੀ ਚਲੀ ਗਈ ਸੀ । ਕੁਝ ਮਿੰਟ ਮੈਂ ਉਡੀਕਦੀ ਰਹੀ । ਫਿਰ ਗਰਮੀ ਤੋਂ ਘਬਰਾ ਮੈਂ ਕਮਰੇ ਤੋਂ ਬਾਹਰ ਬਰਾਂਡੇ ਵਿਚ ਆ ਗਈ ਜੋ ਦੋਹਾਂ ਕਮਰਿਆਂ ਦੇ ਅੱਗੇ ਸਾਂਝਾ ਹੈ । ਮੈਨੂੰ ਪਤਾ ਸੀ ਤੇਰੇ ਕਮਰੇ ਦਾ ਪੱਖਾ ਵੀ ਬੰਦ ਹੋ ਗਿਆ ਹੋਵੇਗਾ । ਫਿਰ ਵੀ ਮੈਂ ਜ਼ਰਾ ਕੁ ਤੇਰੇ ਕਮਰੇ ਅੰਦਰ ਝਾਕ ਕੇ ਪੁੱਛਿਆ , ‘ ਤੁਹਾਡਾ ਪੱਖਾ ਚਲਦਾ ਹੈ ? ‘ ਮੇਰਾ ਭਾਵ ਸੀ ਜੇ ਨਹੀਂ ਚਲਦਾ ਤਾਂ ਤੂੰ ਵੀ ਸਾਂਝੇ ਬਰਾਂਡੇ ਆ ਜਾਵੇਂ । ਜਦੋਂ ਅੰਦਰ ਹੁਮਸ ਹੋਵੇ ਪਲ ਦੋ ਪਲ ਲਈ ਬਾਹਰ ਆ ਜਾਣ ਵਿਚ ਕੋਈ ਡਰ ਨਹੀਂ ਹੁੰਦਾ ।
“ਨਹੀਂ ਪੱਖਾ ਤਾਂ ਨਹੀਂ ਚਲਦਾ , ਪਰ ਮੈਂ ਪਿਛਲੀ ਬਾਰੀ ਖੋਲ੍ਹ ਲਈ ਹੈ”, ਤੂੰ ਆਖਿਆ । ਪਰ ਮੈਨੂੰ ਖ਼ਬਰੇ ਪਿਛਲੀ ਬਾਰੀ ਦਾ ਖ਼ਿਆਲ ਹੀ ਨਹੀਂ ਸੀ ਆਇਆ ਇਸੇ ਲਈ ਮੈਂ ਕਮਰੇ ਤੋਂ ਬਾਹਰ ਆ ਗਈ ਸੀ ।
ਵਿਚਕਾਰ ਭਾਵੇਂ ਦੀਵਾਰ ਹੈ ਫਿਰ ਵੀ ਜਿਸ ਦਿਨ ਤੂੰ ਦਫ਼ਤਰ ਨਾ ਆਵੇਂ , ਆਪਣੇ ਕਮਰੇ ਵਿਚ ਨਾ ਬੈਠਾ ਹੋਵੇਂ , ਮੈਨੂੰ ਕੁਝ ਅਜੀਬ ਅਜੀਬ ਜਿਹਾ ਲਗਦਾ ਹੈ । ਉਸ ਦਿਨ ਮੈਂ ਕਈ ਵਾਰੀ ਘੜੀ ਦੇਖਦੀ ਹਾਂ । ਮੈਂ ਕਈ ਵਾਰੀ ਪਾਣੀ ਪੀਂਦੀ ਹਾਂ । ਲੋਕਾਂ ਨੂੰ ਟੈਲੀਫੂਨ ਕਰਦੀ ਰਹਿੰਦੀ ਹਾਂ । ਇੱਕਠਾ ਹੋਇਆ ਪਿਛਲਾ ਕੰਮ ਵੀ ਮੁਕਾ ਸੁਟਦੀ ਹਾਂ । ਅਜ ਸਾਹਬ ਨਹੀਂ ਆਏ ? ਉਧਰੋਂ ਲੰਘਦੀ ਤੇਰੇ ਚਪੜਾਸੀ ਨੂੰ ਪੁਛਦੀ ਹਾਂ । ਫਿਰ ਉਹ ਆਪ ਹੀ ਦਸ ਦਿੰਦਾ ਹੈ ਕਿ ਸਾਹਬ ਬਾਹਰ ਗਏ ਹੋਏ ਹਨ , ਕਿ ਸਾਹਬ ਦੇ ਰਿਸ਼ਤੇਦਾਰ ਆਏ ਹੋਏ ਹਨ , ਕਿ ਸਾਹਬ ਦੀ ਤਬੀਅਤ ਠੀਕ ਨਹੀਂ , ਕਿ ਸਾਹਬ ਨੇ ਕਿੰਨੇ ਦਿਨ ਦੀ ਛੁੱਟੀ ਲਈ ਹੈ ।
ਇਨ੍ਹਾਂ ਦਿਨਾਂ ਵਿਚ ਮੈਨੂੰ ਬੜੀਆਂ ਫ਼ਜ਼ੂਲ ਫ਼ਜ਼ੂਲ ਗੱਲਾਂ ਸੁਝਦੀਆਂ ਰਹਿੰਦੀਆਂ ਨੇ , ਕਿ ਅੱਜ ਤੋਂ ਸੌ ਸਾਲ ਪਹਿਲੇ ਇਸ ਕਮਰੇ ਵਿਚ ਕੌਣ ਬੈਠਦਾ ਹੋਵੇਗਾ ? ਨਾਲ ਵਾਲੇ ਕਮਰੇ ਵਿਚ ਵੀ ਕੋਈ ਬੈਠਦਾ ਹੋਵੇਗਾ ? ਅੱਜ ਤੋਂ ਸੌ ਸਾਲ ਨੂੰ ਇਸ ਕਮਰੇ ਵਿਚ ਕੌਣ ਬੈਠਾ ਹੋਵੇਗਾ । ਨਾਲ ਵਾਲੇ ਕਮਰੇ ਵਿਚ ਕੌਣ ਬੈਠਾ ਹੋਵੇਗਾ ? ਬੰਦੇ ਮਰ ਕਾਹਤੋਂ ਜਾਂਦੇ ਨੇ ? ਫੇਰ ਖ਼ਿਆਲ ਆਉਂਦਾ ਹੈ , ਬੰਦੇ ਪੈਦਾ ਕਾਹਤੋਂ ਹੁੰਦੇ ਨੇ ? ਤੇ ਫਿਰ ਇਨ੍ਹਾਂ ਗੱਲਾਂ ਤੋਂ ਘਬਰਾ ਕੇ ਮੈਂ ਦਫ਼ਤਰ ਵਿਚ ਕੰਮ ਕਰਨ ਵਾਲੀਆਂ ਹੋਰਨਾਂ ਨੂੰ ਮਿਲਣ ਤੁਰੀ ਰਹਿੰਦੀ ਹਾਂ ।
“ਆਏ ਨਹੀਂ ਇੰਨੇ ਦਿਨ ?” ਪਤਾ ਹੋਣ ਦੇ ਬਾਵਜੂਦ ਮੈਂ ਤੈਨੂੰ ਪੁਛੱਦੀ ਹਾਂ ।
“ਬੀਮਾਰ ਸੀ”, ਤੂੰ ਆਖਦਾ ਹੈਂ ।
“ਹੁਣ ਤਾਂ ਠੀਕ ਹੋ ?”
“ਹਾਂ ਠੀਕ ਹਾਂ , ਮਿਹਰਬਾਨੀ”, ਆਖ ਤੂੰ ਆਪਣੇ ਕਮਰੇ ਵਿਚ ਚਲਿਆ ਜਾਂਦਾ ਏਂ ਤੇ ਮੈਂ ਆਪਣੇ ਕਮਰੇ ਵਿਚ ਚਲੀ ਜਾਂਦੀ ਹਾਂ । ਤੂੰ ਆਪਣਾ ਕੰਮ ਕਰਨ ਲਗ ਜਾਂਦਾ ਏਂ ਤੇ ਮੈਂ ਆਪਣਾ ।
ਇਕ ਵਾਰੀ ਮੈਂ ਕਈ ਦਿਨ ਛੁੱਟੀ ਉਤੇ ਰਹੀ ।
“ਬੀਬੀ ਜੀ ਆ ਨਹੀਂ ਰਹੇ ?” , ਤੂੰ ਮੇਰੇ ਚਪੜਾਸੀ ਨੂੰ ਪੁਛਿੱਆ ।
“ਉਹ ਜੀ ਬੀਮਾਰ ਨੇ”, ਉਸ ਨੇ ਦਸਿਆ ।
“ਅੱਛਾ…..ਅੱਛਾ …” ਆਖ ਤੂੰ ਆਪਣੇ ਕਮਰੇ ਵਿਚ ਚਲਿਆ ਗਿਆ ।
ਘਰ ਡਾਕ ਦੇਣ ਆਏ ਚਪੜਾਸੀ ਨੇ ਮੈਨੂੰ ਇਹ ਦਸਿਆ । ਅਗਲੇ ਦਿਨ ਜਦੋਂ ਬੁਖਾਰ ਜ਼ਰਾ ਘੱਟ ਸੀ ਮੈਂ ਦਫ਼ਤਰ ਆ ਗਈ ।
ਤੈਨੂੰ ਸ਼ਾਇਦ ਪਤਾ ਨਹੀਂ ਸੀ । ਉਸ ਦਿਨ ਤੂੰ ਦੋ ਤਿੰਨ ਵਾਰ ਚਪੜਾਸੀ ਨੂੰ ਡਾਂਟਿਆ । ਕਈ ਵਾਰ ਕਾਗਜ਼ ਪਾੜੇ, ਜਿਵੇਂ ਗ਼ਲਤ ਲਿਖਿਆ ਗਿਆ ਹੋਵੇ । ਇਕ ਦੋ ਮਿਲਣ ਆਇਆਂ ਨੂੰ ਵੀ ਕਹਾ ਭੇਜਿਆ ਕਿ ਕਿਸੇ ਦਿਨ ਫਿਰ ਆਉਣਾ ।
ਕਿਸੇ ਕੰਮ ਤੂੰ ਕਮਰੇ ਤੋਂ ਬਾਹਰ ਗਿਆ । ਮੈਂ ਵੀ ਕਿਸੇ ਕੰਮ ਬਾਹਰ ਨਿਕਲੀ ।
“ਆਏ ਨਹੀਂ ਕਈ ਦਿਨ ?” ਤੂੰ ਜਾਣਦਿਆਂ ਹੋਇਆ ਪੁਛਿਆ,
“ਬੀਮਾਰ ਸੀ ।”
“ਹੁਣ ਤਾਂ ਠੀਕ ਹੋ ? ”
“ਹਾਂ ਠੀਕ ਹਾਂ , ਮਿਹਰਬਾਨੀ”, ਆਖ , ਮੈਂ ਆਪਣੇ ਕਮਰੇ ਵਿਚ ਚਲੀ ਗਈ ਤੇ ਤੂੰ ਆਪਣੇ ਕਮਰੇ ਵਿਚ ਚਲਿਆ ਗਿਆ । ਨਾ ਇਹ ਕਮਰਾ ਉਧਰ ਜਾ ਸਕਦਾ ਹੈ , ਨਾ ਉਹ ਕਮਰਾ ਇਧਰ ਆ ਸਕਦਾ ਹੈ । ਦੋਨਾਂ ਦੀ ਆਪਣੀ ਆਪਣੀ ਸੀਮਾ ਹੈ । ਦੋਵਾਂ ਵਿਚਕਾਰ ਇਕ ਦੀਵਾਰ ਹੈ । ਇਕ ਕਮਰਾ ਤੇਰਾ ਹੈ । ਇਕ ਕਮਰਾ ਮੇਰਾ ਹੈ । ਫਿਰ ਵੀ ਮੈਂ ਸੋਚਦੀ ਹਾਂ ਕਿ ਏਨਾ ਵੀ ਕੀ ਘੱਟ ਹੈ ਕਿ ਦੋਨੋਂ ਕਮਰੇ ਨਾਲੋ–ਨਾਲ ਹਨ , ਵਿਚਕਾਰ ਸਿਰਫ ਇਕ ਦੀਵਾਰ ਹੀ ਤਾਂ ਹੈ ।