Thanda Gosht (Story in Punjabi) : Saadat Hasan Manto

ਠੰਡਾ ਗੋਸ਼ਤ (ਕਹਾਣੀ) : ਸਆਦਤ ਹਸਨ ਮੰਟੋ

ਈਸ਼ਰ ਸਿੰਘ ਦੇ ਹੋਟਲ ਦੇ ਕਮਰੇ ਵਿਚ ਵੜਦਿਆਂ ਸਾਰ ਈ ਕੁਲਵੰਤ ਕੌਰ ਪਲੰਘ ਤੋਂ ਉਠੀ। ਤਿੱਖੀ ਤੱਕਣੀ ਨਾਲ ਉਹਨੂੰ ਘੂਰਿਆ ਤੇ ਬੂਹੇ ਦੀ ਚਿਟਕਣੀ ਲਾ ਦਿੱਤੀ। ਰਾਤ ਦੇ ਬਾਰਾਂ ਵੱਜ ਗਏ ਸੀ। ਸ਼ਹਿਰ ਦਾ ਆਲ ਦੁਆਲਾ ਕਿਸੇ ਅਵੱਲੀ ਜਿਹੀ ਚੁੱਪ ਵਿਚ ਡੁੱਬਾ ਹੋਇਆ ਸੀ।
ਕੁਲਵੰਤ ਕੌਰ ਪਲੰਘ ਤੇ ਚੌਂਕੜੀ ਮਾਰ ਕੇ ਬੈਠ ਗਈ। ਈਸ਼ਰ ਸਿੰਘ ਖ਼ੌਰੇ ਆਪਣੇ ਖ਼ਿਆਲਾਂ ਦੀਆਂ ਗੰਢਾਂ ਖੋਲ੍ਹਣ ਵਿਚ ਰੁੱਝਾ ਹੋਇਆ ਸੀ, ਹੱਥੀਂ ਕਿਰਪਾਣ ਫੜੀ ਇਕ ਨੁਕਰੇ ਲੱਗ ਕੇ ਖਲੋਤਾ ਸੀ। ਝੱਟ-ਪਲ ਇੰਜ ਈ ਚੁੱਪ ਚਾਂ ਵਿਚ ਲੰਘ ਗਿਆ। ਕੁਲਵੰਤ ਕੌਰ ਨੂੰ ਅਪਣਾ ਆਸਨ ਪਸੰਦ ਨਾ ਆਇਆ ਤੇ ਉਹ ਪਲੰਘ ਤੋਂ ਲੱਤਾਂ ਲਿਮਕਾ ਕੇ ਹਿਲਾਉਣ ਲੱਗ ਪਈ। ਈਸ਼ਰ ਸਿੰਘ ਫਿਰ ਵੀ ਕੁੱਝ ਨਾ ਬੋਲਿਆ।
ਕੁਲਵੰਤ ਕੌਰ ਚੰਗੇ ਹੱਡਾਂ ਪੈਰਾਂ ਵਾਲ਼ੀ ਭਰਵੀਂ ਜ਼ਨਾਨੀ ਸੀ। ਚੌੜਾ ਥੱਲਾ, ਥਲ ਥਲ ਕਰਦੇ ਗੋਸ਼ਤ ਦਾ ਭਰਿਆ ਕੁੱਝ ਵਾਹਵਾ ਈ ਉਭਰਿਆ ਹੋਇਆ ਸੀਨਾ, ਤੇਜ਼ ਅੱਖਾਂ, ਉਤਲੇ ਬੁੱਲ੍ਹਾਂ ਦੇ ਉਤੇ ਵਾਲਾਂ ਦਾ ਸੁਰਮਈ ਗ਼ੁਬਾਰ, ਠੋਡੀ ਦੀ ਬਣਤ ਤੋਂ ਪਤਾ ਲਗਦਾ ਸੀ ਪਈ ਬੜੀ ਧੜੱਲੇ ਵਾਲ਼ੀ ਜ਼ਨਾਨੀ ਏ।
ਈਸ਼ਰ ਸਿੰਘ ਸਿਰ ਨਿਵਾਈਂ ਇਕ ਨੁਕਰੇ ਚੁੱਪ-ਚਾਪ ਖਲੋਤਾ ਸੀ, ਸਿਰ ਤੇ ਕੱਸ ਕੇ ਬੰਨ੍ਹੀ ਪੱਗ ਢਿੱਲੀ ਹੋ ਰਹੀ ਸੀ, ਜਿਸ ਹਥ ਵਿਚ ਕ੍ਰਿਪਾਣ ਫੜੀ ਸੀ ਉਹ ਹੌਲੀ ਹੌਲੀ ਕੰਬ ਰਿਹਾ ਸੀ। ਪਰ ਉਹਦੇ ਕੱਦ-ਕਾਠ ਤੋਂ ਜਾਪਦਾ ਸੀ ਪਈ ਉਹ ਕੁਲਵੰਤ ਕੌਰ ਵਰਗੀ ਜ਼ਨਾਨੀ ਲਈ ਚੰਗਾ ਤੇ ਵਧੀਆ ਜਣਾ ਸੀ।
ਕੁੱਝ ਵੇਲ਼ਾ ਹੋਰ ਚੁੱਪ-ਚਾਂ ਵਿਚ ਲੰਘਿਆ ਤੇ ਕੁਲਵੰਤ ਕੌਰ ਤ੍ਰਭਕ ਪਈ। ਪਰ ਤੇਜ਼ ਤੱਕਣੀ ਨਾਲ ਤੱਕਦਿਆਂ ਏਨਾ ਈ ਆਖ ਸਕੀ ''ਈਸ਼ਰ ਸਿਆਂ!''
ਈਸ਼ਰ ਸਿੰਘ ਨੇ ਧੌਣ ਚੁਕ ਕੇ ਕੁਲਵੰਤ ਕੌਰ ਵੱਲ ਵੇਖਿਆ, ਪਰ ਉਹਦੀਆਂ ਨਜ਼ਰਾਂ ਦੀਆਂ ਗੋਲੀਆਂ ਨੂੰ ਜਰ ਨਾ ਸਕਿਆ ਤੇ ਮੂੰਹ ਭੁਆਂ ਲਿਆ।
ਕੁਲਵੰਤ ਕੌਰ ਚੀਕੀ: ''ਈਸ਼ਰ ਸਿਆਂ!'' ਪਰ ਫਿਰ ਅੱਚਣ-ਚੇਤੀ ਵਾਜ ਘੁੱਟ ਲਈ ਤੇ ਪਲੰਘ ਤੋਂ ਉਠ ਕੇ ਉਹਦੇ ਵੱਲ ਜਾਂਦਿਆਂ ਬੋਲੀ: ''ਕਿੱਥੇ ਰਿਹੈਂ ਤੂੰ ਏਨੇ ਦਿਨ?''
ਈਸ਼ਰ ਸਿੰਘ ਨੇ ਸੁੱਕੇ ਬੁਲ੍ਹਾਂ ਤੇ ਜੀਭ ਫੇਰੀ: ''ਮੈਨੂੰ ਨਹੀਂ ਪਤਾ।''
ਕੁਲਵੰਤ ਕੌਰ ਨੂੰ ਕਾਵੜ ਚੜ੍ਹ ਗਈ: ''ਇਹ ਵੀ ਮਾਂ ਯਾ ਜਵਾਬ ਏ?''
ਈਸ਼ਰ ਸਿੰਘ ਨੇ ਕ੍ਰਿਪਾਣ ਇਕ ਪਾਸੇ ਸੁਟ ਦਿੱਤੀ ਤੇ ਪਲੰਘ ਤੇ ਲੰਮਾਂ ਪੇ ਗਿਆ। ਇੰਜ ਜਾਪਦਾ ਸੀ ਜਿਵੇਂ ਕਈ ਦਿਨਾਂ ਦਾ ਬੀਮਾਰ ਹੋਵੇ। ਕੁਲਵੰਤ ਕੌਰ ਨੇ ਪਲੰਘ ਵੱਲ ਵੇਖਿਆ ਜਿਹੜਾ ਹੁਣ ਈਸ਼ਰ ਸਿੰਘ ਦੇ ਜੁੱਸੇ ਨਾਲ ਭਰਿਆ ਹੋਇਆ ਸੀ। ਉਹਦਾ ਦਿਲ ਪੋਲਾ ਪੈ ਗਿਆ। ਉਹਦੇ ਮੱਥੇ ਤੇ ਹਥ ਰੱਖ ਕੇ ਉਹਨੇ ਬੜੇ ਮੋਹ ਨਾਲ ਪੁੱਛਿਆ: ''ਜਾਨੀ ਕੀ ਹੋਇਆ ਏ ਤੈਨੂੰ?''
ਈਸ਼ਰ ਸਿੰਘ ਛੱਤ ਵੱਲ ਘੂਰ ਰਿਹਾ ਸੀ। ਉਧਰੋਂ ਨਜ਼ਰਾਂ ਫੇਰ ਕੇ ਉਹਨੇ ਕੁਲਵੰਤ ਕੌਰ ਦੇ ਜਾਣੇ-ਪਛਾਣੇ ਮੁਹਾਂਦਰੇ ਨੂੰ ਫਰੋਲਣਾ ਸ਼ੁਰੂ ਕੀਤਾ: ''ਕੁਲਵੰਤ!''
ਵਾਜ ਵਿਚ ਪੀੜ ਸੀ। ਕੁਲਵੰਤ ਕੌਰ ਸਾਰੀ ਦੀ ਸਾਰੀ ਆਪਣੇ ਉਤਲੇ ਬੁੱਲਾਂ ਵਿਚ ਆ ਗਈ ''ਹਾਂ ਜਾਨੀ!'' ਆਖ ਕੇ ਉਹ ਬੁੱਲ੍ਹਾਂ ਨੂੰ ਦੰਦਾਂ ਨਾਲ ਚਿੱਥਣ ਲੱਗ ਪਈ।
ਈਸ਼ਰ ਸਿੰਘ ਨੇ ਪੱਗ ਲਾਹ ਦਿੱਤੀ। ਕੁਲਵੰਤ ਨੂੰ ਸਹਾਰਾ ਦੇਣ ਵਾਲੀ ਤੱਕਣੀ ਨਾਲ ਤੱਕਿਆ। ਉਹਦੇ ਮਾਸ ਭਰੇ ਚੁੱਤੜਾਂ ਤੇ ਜ਼ੋਰ ਦਾ ਧੱਫਾ ਮਾਰਿਆ ਤੇ ਸਿਰ ਨੂੰ ਝਟਕਾ ਕੇ ਆਪਣੇ ਆਪ ਨੂੰ ਆਖਿਆ : ''ਇਹ ਕੁੜੀ ਦਾ ਦਿਮਾਗ਼ ਈ ਖ਼ਰਾਬ ਏ।''
ਝਟਕਾ ਦੇਣ ਨਾਲ ਉਹਦੇ ਕੇਸ ਖੁਲ੍ਹ ਗਏ। ਕੁਲਵੰਤ ਕੌਰ ਉਂਗਲਾਂ ਨਾਲ ਉਨ੍ਹਾਂ ਵਿਚ ਕੰਘੀ ਕਰਨ ਲੱਗੀ। ਇੰਜ ਕਰਦਿਆਂ ਉਹਨੇ ਬੜੇ ਮੋਹ ਨਾਲ ਪੁੱਛਿਆ: ''ਈਸ਼ਰ ਸਿਆਂ ਕਿੱਥੇ ਰਿਹੈਂ ਤੂੰ ਏਨੇ ਦਿਨ?''
''ਬੁਰੇ ਦੀ ਮਾਂ ਦੇ ਘਰ'' ਈਸ਼ਰ ਸਿੰਘ ਨੇ ਕੁਲਵੰਤ ਨੂੰ ਘੂਰੀ ਵੱਟੀ ਤੇ ਅੱਚਨ-ਚੇਤੀ ਦੋਹਾਂ ਹੱਥਾਂ ਨਾਲ ਉਹਦੇ ਭਰੇ ਭਰੇ ਸੀਨੇ ਨੂੰ ਮਚੋੜਨ ਲੱਗਾ : ''ਸੌਂਹ ਵਾਹਿਗੁਰੂ ਦੀ! ਬੜੀ ਭਰਵੀਂ ਜ਼ਨਾਨੀ ਏਂ ਤੂੰ।''
ਕੁਲਵੰਤ ਕੌਰ ਨੇ ਬੜੀ ਮੜਕ ਨਾਲ ਈਸ਼ਰ ਸਿੰਘ ਦੇ ਹਥ ਝਟਕ ਦਿੱਤੇ ਤੇ ਪੁੱਛਿਆ:'' ਤੈਨੂੰ ਮੇਰੀ ਸੌਂਹ! ਦੱਸ ਕਿੱਥੇ ਰਿਹੈਂ । ਸ਼ਹਿਰ ਗਿਆ ਸੀ?''
ਈਸ਼ਰ ਸਿੰਘ ਨੇਂ ਇਕੋ ਲਪੇਟ ਵਿਚ ਆਪਣੇ ਵਾਲ਼ਾਂ ਦਾ ਜੂੜਾ ਬਣਾਉਂਦਿਆਂ ਜਵਾਬ ਦਿੱਤਾ:
''ਨਹੀਂ।''
ਕੁਲਵੰਤ ਕੌਰ ਚਿੜ੍ਹ ਗਈ: ''ਨਹੀਂ ਤੂੰ ਜ਼ਰੂਰ ਸ਼ਹਿਰ ਈ ਗਿਆ ਸੀ । ਤੇ ਤੂੰ ਬੜਾ ਪੈਸਾ ਲੁੱਟਿਆ ਏ ਜਿਹੜਾ ਹੁਣ ਮੈਥੋਂ ਲੁਕੋ ਰਿਹਾ ਏਂ।''
''ਉਹ ਆਪਣੇ ਪਿਓ ਦਾ ਨਹੀਂ ਜਿਹੜਾ ਤੇਰੇ ਨਾਲ ਝੂਠ ਬੋਲੇ।''
ਕੁਲਵੰਤ ਕੌਰ ਝੱਟ ਇਕ ਲਈ ਚੁੱਪ ਹੋ ਗਈ, ਪਰ ਫਿਰ ਭਖ਼ ਪਈ ''ਪਰ ਮੈਨੂੰ ਸਮਝ ਨਹੀਂ ਆਉਂਦੀ ਉਸ ਰਾਤ ਤੈਨੂੰ ਹੋਇਆ ਕੀ ਸੀ । ਚੰਗਾ ਭਲਾ ਮੇਰੇ ਨਾਲ ਲੰਮਾ ਪਿਆ ਸੀ, ਮੈਨੂੰ ਉਹ ਸਾਰੇ ਗਹਿਣੇ ਪਵਾਏ ਹੋਏ ਸਨ ਜਿਹੜੇ ਸ਼ਹਿਰੋਂ ਲੁੱਟ ਕੇ ਲਿਆਇਆ ਸੀ। ਮੇਰੀਆਂ ਭਪੀਆਂ ਲੈ ਰਿਹਾ ਸੀ, ਰੱਬ ਜਾਣੇ ਇਕਵਾਰੀ ਤੈਨੂੰ ਕੀ ਹੋ ਗਿਆ, ਉਠਿਆ ਤੇ ਕੱਪੜੇ ਪਾ ਕੇ ਬਾਹਰ ਨਿਕਲ ਗਿਆ।''
ਈਸ਼ਰ ਸਿੰਘ ਦਾ ਰੰਗ ਪੀਲ਼ਾ ਫਟਕ ਹੋ ਗਿਆ। ਕੁਲਵੰਤ ਕੌਰ ਨੇ ਇਹ ਬਦਲੀ ਵੇਖਦਿਆਂ ਈ ਆਖਿਆ: ''ਵੇਖਿਆ, ਕਿਵੇਂ ਰੰਗ ਪੀਲ਼ਾ ਪੇ ਗਿਆ । ਈਸ਼ਰ ਸਿਆਂ, ਸੌਂਹ ਵਾਹਿਗੁਰੂ ਦੀ, ਜ਼ਰੂਰ ਦਾਲ ਵਿਚ ਕੁੱਝ ਕਾਲ਼ਾ ਏ।''
''ਤੇਰੀ ਜਾਨ ਦੀ ਸੌਂਹ , ਕੁੱਝ ਵੀ ਨਹੀਂ।''
ਈਸ਼ਰ ਸਿੰਘ ਦੀ ਵਾਜ ਬੇ-ਜਾਨ ਸੀ, ਕੁਲਵੰਤ ਕੌਰ ਦਾ ਸ਼ੁਬ੍ਹਾ ਹੋਰ ਪੱਕਾ ਹੋ ਗਿਆ। ਉਤਲਾ ਬੁੱਲ੍ਹ ਚਿੱਥ ਕੇ ਉਹਨੇ ਇਕ ਇਕ ਫ਼ਿਕਰੇ ਤੇ ਜ਼ੋਰ ਦਿੰਦਿਆਂ ਆਖਿਆ: ''ਈਸ਼ਰ ਸਿਆਂ! ਕੀ ਗੱਲ ਐ, ਤੂੰ ਉਹ ਨਹੀਂ ਏਂ ਜਿਹੜਾ ਅੱਜ ਤੋਂ ਅਠ ਦਿਹਾੜੇ ਪਹਿਲਾਂ ਸੀ?''
ਈਸ਼ਰ ਸਿੰਘ ਤ੍ਰਭਕ ਕੇ ਉਠਿਆ ਜਿਵੇਂ ਉਹਦੇ ਤੇ ਕਿਸੇ ਨੇ ਧਾੜਾ ਮਾਰ ਦਿੱਤਾ ਹੋਵੇ। ਕੁਲਵੰਤ ਕੌਰ ਨੂੰ ਆਪਣੀਆਂ ਤਗੜਿਆਂ ਬਾਹਾਂ ਵਿਚ ਨੱਪ ਕੇ ਉਹਨੇ ਮਧੋਲਣਾ ਸ਼ੁਰੂ ਕਰ ਦਿੱਤਾ: ''ਜਾਨੀ ਮੈਂ ਉਹੋ ਈ ਆਂ । ਘੁੱਟ ਘੁੱਟ ਪਾ ਜੱਫੀਆਂ, ਤੇਰੀ ਨਿਕਲੇ ਹੱਡਾਂ ਦੀ ਗਰਮੀ।''
ਕੁਲਵੰਤ ਕੌਰ ਨੇ ਅੱਗੋਂ ਉਹਨੂੰ ਡੱਕਿਆ ਤੇ ਨਾ, ਪਰ ਸ਼ਿਕਾਇਤ ਕਰਦੀ ਰਹੀ: ''ਤੈਨੂੰ ਉਸ ਰਾਤ ਹੋ ਕੀ ਗਿਆ ਸੀ?''
''ਬੁਰੇ ਦੀ ਮਾਂ ਦਾ ਉਹ ਹੋ ਗਿਆ ਸੀ।''
''ਦੱਸੇਂਗਾ ਨਹੀਂ?''
''ਕੋਈ ਗੱਲ ਹੋਵੇ ਤੇ ਦਸਾਂ।''
''ਮੈਨੂੰ ਆਪਣੇ ਹੱਥੀਂ ਸਾੜੇਂ ਜੇ ਝੂਠ ਬੋਲੇਂ।''
ਈਸ਼ਰ ਸਿੰਘ ਨੇ ਆਪਣੀਆਂ ਬਾਹਾਂ ਉਹਦੀ ਧੌਣ ਦੁਆਲੇ ਪਾ ਲਈਆਂ ਤੇ ਬੁੱਲ੍ਹ ਉਹਦੇ ਬੁੱਲ੍ਹਾਂ ਤੇ ਗੱਡ ਦਿੱਤੇ। ਮੁੱਛਾਂ ਦੇ ਵਾਲ਼ ਕੁਲਵੰਤ ਕੌਰ ਦੀਆਂ ਨਾਸਾਂ ਵਿਚ ਚੁਭੇ ਤੇ ਉਹਨੂੰ ਛਿੱਕ ਆ ਗਈ। ਦੋਵੇਂ ਹੱਸ ਪਏ।
ਈਸ਼ਰ ਸਿੰਘ ਨੇ ਅਪਣੀ ਸਦਰੀ ਲਾਹ ਦਿੱਤੀ ਤੇ ਕੁਲਵੰਤ ਕੌਰ ਨੂੰ ਸ਼ਹਿਵਾਨੀ ਨਜ਼ਰਾਂ ਨਾਲ ਵੇਖ ਕੇ ਆਖਿਆ: ''ਚੱਲ ਆਜਾ ਤਾਸ਼ ਦੀ ਇਕ ਬਾਜ਼ੀ ਹੋ ਜਾਵੇ!''
ਕੁਲਵੰਤ ਕੌਰ ਦੇ ਉਤਲੇ ਬੁੱਲ੍ਹਾਂ ਤੇ ਮੁੜ੍ਹਕੇ ਦੇ ਨਿੱਕੇ ਨਿੱਕੇ ਤੁਬਕੇ ਨਿਕਲ ਆਏ। ਬੜੀ ਮੜ੍ਹਕ ਨਾਲ ਉਹਨੇ ਡੇਲੇ ਘੁਮਾ ਕੇ ਆਖਿਆ : ''ਚੱਲ, ਦਫ਼ਾ ਹੋ।''
ਈਸ਼ਰ ਸਿੰਘ ਨੇ ਉਹਦੇ ਭਰੇ ਹੋਏ ਚੁੱਤੜਾਂ ਤੇ ਭਰਵੀਂ ਚੂੰਢੀ ਵੱਢੀ ਤੇ ਕੁਲਵੰਤ ਕੌਰ ਤੜਫ਼ ਕੇ ਪਾਸੇ ਹੋ ਗਈ। ''ਨਾ ਕਰ ਈਸ਼ਰ ਸਿਆਂ ਮੈਨੂੰ ਪੀੜ ਹੁੰਦੀ ਏ।''
ਈਸ਼ਰ ਸਿੰਘ ਨੇ ਅਗਾਂਹ ਵਧ ਕੇ ਕੁਲਵੰਤ ਕੌਰ ਦਾ ਉਤਲਾ ਬੁੱਲ੍ਹ ਦੰਦਾਂ ਹੇਠ ਲਿਆ ਤੇ ਚਿੱਥਣ ਲੱਗ ਪਿਆ। ਕੁਲਵੰਤ ਕੌਰ ਉੱਕਾ ਈ ਪੰਘਰ ਗਈ। ਈਸ਼ਰ ਸਿੰਘ ਨੇ ਅਪਣਾ ਕੁਰਤਾ ਲਾਹ ਕੇ ਸੁੱਟ ਦਿੱਤਾ ਤੇ ਆਖਿਆ : ''ਲੈ ਫਿਰ ਹੋ ਜਾਵੇ ਤੁਰਪ ਚਾਲ।''
ਕੁਲਵੰਤ ਕੌਰ ਦਾ ਉਤਲਾ ਬੁੱਲ੍ਹ ਕੰਬਣ ਲੱਗਾ। ਈਸ਼ਰ ਸਿੰਘ ਨੇ ਦੋਹਾਂ ਹੱਥਾਂ ਨਾਲ ਕੁਲਵੰਤ ਕੌਰ ਦੇ ਝੱਗੇ ਦਾ ਘੇਰਾ ਫੜਿਆ ਤੇ ਜਿਵੇਂ ਬੱਕਰੇ ਦੀ ਖੱਲ ਲਾਹੀ ਦੀ ਏ, ਇੰਜ ਉਹਨੂੰ ਲਾਹ ਕੇ ਇਕ ਪਾਸੇ ਰੱਖ ਦਿੱਤਾ। ਫਿਰ ਉਹਨੇ ਘੂਰ ਕੇ ਉਹਦੇ ਨੰਗੇ ਪਿੰਡੇ ਨੂੰ ਵੇਖਿਆ ਤੇ ਬਾਂਹ ਤੇ ਕੱਸ ਕੇ ਚੂੰਢੀ ਵਢਦੀਆਂ ਆਖਿਆ: ''ਕੁਲਵੰਤ! ਸੌਂਹ ਵਾਹਿਗੁਰੂ ਦੀ, ਬੜੀ ਕਰਾਰੀ ਜ਼ਨਾਨੀ ਏਂ ਤੂੰ।''
ਕੁਲਵੰਤ ਕੌਰ ਅਪਣੀ ਬਾਂਹ ਤੇ ਬਣੇ ਲਾਲ ਨਿਸ਼ਾਨ ਨੂੰ ਵੇਖਣ ਲੱਗੀ: ''ਬੜਾ ਜ਼ਾਲਮ ਏਂ ਤੂੰ ਈਸ਼ਰ ਸਿਆਂ!''
ਈਸ਼ਰ ਸਿੰਘ ਆਪਣੀਆਂ ਸੰਘਣੀਆਂ ਕਾਲੀਆਂ ਮੁੱਛਾਂ ਵਿਚ ਮੁਸਕਾਇਆ: ''ਹੋਣ ਦੇ ਫਿਰ ਅੱਜ ਜ਼ੁਲਮ!'' ਇਹ ਆਖ ਕੇ ਉਹਨੇ ਲੋੜ੍ਹਾ ਈ ਪਾ ਦਿੱਤਾ। ਕੁਲਵੰਤ ਕੌਰ ਦਾ ਉਤਲਾ ਬੁੱਲ੍ਹ ਦੰਦਾਂ ਵਿੱਚ ਲੈ ਕੇ ਚਿਥੀਆ। ਕੰਨ ਤੇ ਦੰਦੀ ਵੱਢੀ। ਉਭਰੇ ਹੋਏ ਸੀਨੇ ਨੂੰ ਮਧੋਲਿਆ। ਭਰੇ ਹੋਏ ਚੁੱਤੜਾਂ ਤੇ ਤਾੜ ਤਾੜ ਚਪੇੜਾਂ ਮਾਰੀਆਂ। ਗੱਲ੍ਹਾਂ ਤੇ ਮੂੰਹ ਭਰ ਭਰ ਚੁੰਮੀਆਂ ਲਈਆਂ। ਚੂਸ ਚੂਸ ਕੇ ਉਹਦੀ ਸਾਰੀ ਛਾਤੀ ਥੁੱਕ ਨਾਲ ਲਬੇੜ ਦਿੱਤੀ।
ਕੁਲਵੰਤ ਕੌਰ ਅੱਗ ਦੇ ਭਾਂਬੜ ਤੇ ਚੜ੍ਹੀ ਹਾਂਡੀ ਵਾਂਗ ਉਬਲਣ ਲੱਗ ਪਈ। ਪਰ ਈਸ਼ਰ ਸਿੰਘ ਇਹ ਸਾਰਾ ਕੁੱਝ ਕਰਣ ਮਗਰੋਂ ਵੀ ਆਪਣੇ ਅੰਦਰ ਗਰਮੀ ਨਾ ਲਿਆ ਸਕਿਆ।
ਜਿੰਨੇ ਗੁਰ ਤੇ ਦਾਅ ਉਹਨੂੰ ਚੇਤੇ ਸਨ, ਸਾਰੇ ਉਹਨੇ ਢੈਣ ਵਾਲੇ ਪਹਿਲਵਾਨ ਵਾਂਗੂੰ ਵਰਤ ਲਏ ਪਰ ਕੋਈ ਵੀ ਦਾਅ ਨਾ ਚੱਲਿਆ। ਕੁਲਵੰਤ ਕੌਰ ਨੇ ਜਿਹਦੇ ਪਿੰਡੇ ਦੀਆਂ ਸਾਰੀਆਂ ਤਾਰਾਂ ਆਪਣੇ ਆਪ ਵੱਜਣ ਲੱਗ ਪਈਆਂ ਸੀ, ਵਾਧੂ ਦੀ ਛੇੜ ਛਾੜ ਤੋਂ ਤੰਗ ਆ ਕੇ ਆਖਿਆ: ''ਈਸ਼ਰ ਸਿਆਂ, ਬੜਾ ਫੈਂਟ ਲਿਆ ਏ, ਹੁਣ ਪੱਤਾ ਸੁਟ!''
ਇਹ ਸੁਣਦਿਆਂ ਈ ਈਸ਼ਰ ਸਿੰਘ ਦੇ ਹੱਥੋਂ ਜਿਵੇਂ ਤਾਸ਼ ਦੀ ਸਾਰੀ ਗੱਡੀ ਤਿਲਕ ਗਈ। ਹਫ਼ਦਾ ਹੋਇਆ ਉਹ ਕੁਲਵੰਤ ਕੌਰ ਦੇ ਪਾਸੇ ਤੇ ਨਾਲ ਲੰਮਾਂ ਪੈ ਗਿਆ ਤੇ ਉਹਦੇ ਮੱਥੇ ਤੇ ਠੰਢੇ ਮੁੜ੍ਹਕੇ ਦੇ ਲੇਪ ਹੋਣ ਲੱਗੇ। ਕੁਲਵੰਤ ਕੌਰ ਨੇ ਉਹਨੂੰ ਗਰਮਾਉਣ ਦਾ ਬੜਾ ਵਾਹ ਲਾਇਆ। ਪਰ ਕੋਈ ਗੱਲ ਨਾ ਬਣੀ। ਹੁਣ ਤੀਕਰ ਸਾਰਾ ਕੁੱਝ ਮੂੰਹੋਂ ਬੋਲੇ ਬਿਨਾਂ ਈ ਹੁੰਦਾ ਰਿਹਾ ਸੀ। ਪਰ ਜਦੋਂ ਕੁਲਵੰਤ ਕੌਰ ਦੇ ਉਡੀਕਣਹਾਰੇ ਅੰਗਾਂ ਨੂੰ ਬੜੀ ਨਾ-ਉਮੀਦੀ ਹੋਈ ਤੇ ਉਹ ਕਾਵੜ ਕੇ ਪਲੰਘ ਤੋਂ ਹੇਠਾਂ ਉੱਤਰ ਗਈ। ਸਾਹਮਣੇ ਕਿੱਲੀ ਤੇ ਚਾਦਰ ਟੰਗੀ ਸੀ, ਉਹਨੂੰ ਲਾਹ ਕੇ ਉਹਨੇ ਛੇਤੀ ਛੇਤੀ ਉੱਤੇ ਲਿਆ ਤੇ ਨਾਸਾਂ ਫੁਲਾ ਕੇ ਆਫਰੀ ਹੋਈ ਬੋਲੀ: ''ਈਸ਼ਰ ਸਿਆਂ! ਉਹ ਕੌਣ ਹਰਾਮ ਦੀ ਜਣੀ ਏਂ ਜਿਹਦੇ ਕੋਲ਼ ਤੂੰ ਏਨੇ ਦਿਨ ਰਹਿ ਕੇ ਆਇਆ ਏਂ ਤੇ ਜਿਹਨੇ ਤੈਨੂੰ ਨਿਚੋੜ ਲਿਆ ਏ।''
ਈਸ਼ਰ ਸਿੰਘ ਪਲੰਘ ਤੇ ਪਿਆ ਹਫ਼ਦਾ ਰਿਹਾ ਤੇ ਕੁੱਝ ਨਾ ਬੋਲਿਆ।
ਕੁਲਵੰਤ ਕੌਰ ਗ਼ੁੱਸੇ ਨਾਲ ਉਬਲਣ ਲੱਗ ਪਈ: ''ਮੈਂ ਪੁੱਛਨੀ ਆਂ ਕੌਣ ਏ ਉਹ ਚੁਡੂ । ਕੌਣ ਏ ਉਹ ਅਲਿਫ਼ਤੀ । ਕੌਣ ਏ ਉਹ ਚੋਰ। ਦੱਸ।''
ਈਸ਼ਰ ਸਿੰਘ ਨੇ ਥੱਕੇ ਲਹਿਜੇ ਵਿਚ ਜਵਾਬ ਦਿੱਤਾ ''ਕੋਈ ਵੀ ਨਹੀਂ ਕੁਲਵੰਤ ਕੌਰੇ, ਕੋਈ ਵੀ ਨਹੀਂ।''
ਕੁਲਵੰਤ ਕੌਰ ਨੇ ਆਪਣੇ ਭਾਰੇ ਚੁੱਤੜਾਂ ਤੇ ਹਥ ਰੱਖ ਕੇ ਬੋਲ ਮਾਰਿਆ: ''ਈਸ਼ਰ ਸਿਆਂ, ਮੈਂ ਅੱਜ ਸੱਚ ਝੂਠ ਨਿਤਾਰ ਕੇ ਰਹਾਂਗੀ । ਵਾਹਿਗੁਰੂ ਜੀ ਦੀ ਸੌਂਹ । ਕੀ ਇਹਦੇ ਪਿੱਛੇ ਕੋਈ ਜ਼ਨਾਨੀ ਨਹੀਂ ਏ?''
ਈਸ਼ਰ ਸਿੰਘ ਕੁੱਝ ਬੋਲਣ ਈ ਲੱਗਾ ਸੀ ਪਰ ਕੁਲਵੰਤ ਕੌਰ ਨੇ ਬੋਲਣ ਨਾ ਦਿੱਤਾ: ''ਸੌਂਹ ਚੁੱਕਣ ਤੋਂ ਪਹਿਲਾਂ ਸੋਚ ਲਵੀਂ ਇਕ ਵਾਰੀ ਪਈ ਮੈਂ ਵੀ ਸਰਦਾਰ ਨਿਹਾਲ ਸਿੰਘ ਦੀ ਧੀ ਆਂ । ਡੱਕਰੇ ਕਰ ਦੇਵਾਂਗੀ ਜੇ ਤੂੰ ਝੂਠ ਬੋਲਿਆ ਤੇ । ਲੈ ਹੁਣ ਚੁਕ ਵਾਹਿਗੁਰੂ ਜੀ ਦੀ ਸੌਂਹ । ਕਿ ਇਹਦੇ ਪਿੱਛੇ ਕੋਈ ਜ਼ਨਾਨੀ ਨਹੀਂ ਏ?''
ਈਸ਼ਰ ਸਿੰਘ ਨੇ ਬੜੇ ਹਿਰਖ ਨਾਲ ਹਾਂ ਵਿਚ ਸਿਰ ਮਾਰਿਆ। ਕੁਲਵੰਤ ਕੌਰ ਹਥੀਓਂ ਈ ਉਖੜ ਗਈ। ਨੱਸ ਕੇ ਨੁੱਕਰ ਵਿਚ ਪਈ ਕ੍ਰਿਪਾਨ ਚੱਕੀ, ਮਿਆਨ ਨੂੰ ਕੇਲੇ ਦੇ ਛਿੱਲੜ ਵਾਂਗੂੰ ਲਾਹ ਕੇ ਪਾਸੇ ਸੁੱਟਿਆ ਤੇ ਈਸ਼ਰ ਸਿੰਘ ਤੇ ਵਾਰ ਕਰ ਦਿੱਤਾ।
ਵੇਖਦਿਆਂ ਈ ਵੇਖਦਿਆਂ ਲਹੂ ਦੇ ਫ਼ਵਾਰੇ ਛੁੱਟ ਪਏ। ਕੁਲਵੰਤ ਕੌਰ ਦਾ ਇੰਜ ਵੀ ਦਿਲ ਨਾ ਠਰਿਆ ਤੇ ਉਹਨੇ ਵਹਿਸ਼ੀ ਬਿੱਲੀਆਂ ਵਾਂਗੂੰ ਈਸ਼ਰ ਸਿੰਘ ਦੇ ਕੇਸ ਪੱਟਣੇ ਸ਼ੁਰੂ ਕਰ ਦਿੱਤੇ। ਨਾਲੋ ਨਾਲ ਉਹ ਅਪਣੀ ਅਣ-ਪਛਾਤੀ ਸੌਂਕਣ ਨੂੰ ਮੋਟੀਆਂ ਮੋਟੀਆਂ ਗਾਹਲਾਂ ਵੀ ਕੱਢਦੀ ਰਹੀ। ਈਸ਼ਰ ਸਿੰਘ ਨੇ ਕੁੱਝ ਚਿਰ ਮਗਰੋਂ ਬੜੀ ਔਖ ਨਾਲ ਤਰਲਾ ਪਾਇਆ: ''ਜਾਣ ਦੇ ਹੁਣ ਕੁਲਵੰਤ ਕੌਰੇ! ਜਾਣ ਦੇ।'' ਵਾਜ ਵਿਚ ਲੋੜ੍ਹੇ ਦੀ ਪੀੜ ਸੀ। ਕੁਲਵੰਤ ਕੌਰ ਪਿਛਾਂਹ ਹੱਟ ਗਈ।
ਲਹੂ ਈਸ਼ਰ ਸਿੰਘ ਦੇ ਗਲ਼ ਤੋਂ ਉਡ ਉਡ ਉਹਦੀਆਂ ਮੁੱਛਾਂ ਤੇ ਡਿੱਗ ਰਿਹਾ ਸੀ। ਉਹਨੇ ਆਪਣੇ ਕੰਬਦੇ ਬੁੱਲ੍ਹ ਖੋਲ੍ਹੇ ਤੇ ਕੁਲਵੰਤ ਕੌਰ ਵੱਲ ਸ਼ੁਕਰੀਏ ਤੇ ਗਿਲੇ ਵਾਲੀ ਤੱਕਣੀ ਤੱਕੀ : ''ਮੇਰੀ ਜਾਨ! ਤੂੰ ਬੜੀ ਕਾਹਲ਼ ਕੀਤੀ । ਪਰ ਜੋ ਹੋਇਆ ਚੰਗਾ ਹੋਇਆ।''
ਕੁਲਵੰਤ ਕੌਰ ਦਾ ਜੁੱਸਾ ਫੜਕਿਆ:''ਪਰ ਉਹ ਹੈ ਕੌਣ? ਤੇਰੀ ਮਾਂ!''
ਲਹੂ ਈਸ਼ਰ ਸਿੰਘ ਦੀ ਜੀਭ ਤੀਕਰ ਅੱਪੜ ਗਿਆ। ਜਦੋਂ ਉਹਨੇ ਉਹਦਾ ਸਵਾਦ ਚੱਖਿਆ ਤੇ ਉਹਦੇ ਪਿੰਡੇ ਵਿਚ ਝੁਰਝੁਰੀ ਜਿਹੀ ਦੌੜ ਗਈ।
''ਤੇ ਮੈਂ । ਤੈ ਮੈਂ । ਭੈਣ ਯਾ ਛੇ ਬੰਦਿਆਂ ਨੂੰ ਕਤਲ ਕੀਤਾ ਏ । ਇਸ ਕ੍ਰਿਪਾਨ ਨਾਲ।''
ਕੁਲਵੰਤ ਕੌਰ ਦੇ ਦਿਮਾਗ਼ ਵਿੱਚ ਸਿਰਫ਼ ਦੂਜੀ ਜ਼ਨਾਨੀ ਸੀ: ''ਮੈਂ ਪੁੱਛਨੀ ਆਂ, ਕੌਣ ਏ ਉਹ ਹਰਾਮ ਦੀ ਜਣੀ?''
ਈਸ਼ਰ ਸਿੰਘ ਦੀਆਂ ਅੱਖਾਂ ਅੱਗੇ ਹਨੇਰਾ ਆ ਰਿਹਾ ਸੀ। ਇਕ ਮਾੜੀ ਜਿਹੀ ਚਮਕ ਉਨ੍ਹਾਂ ਵਿਚ ਆਈ ਤੇ ਉਹਨੇ ਕੁਲਵੰਤ ਕੌਰ ਨੂੰ ਆਖਿਆ: ''ਗਾਹਲ਼ ਨਾ ਕੱਢ ਉਸ ਭੜਵੀ ਨੂੰ।''
ਕੁਲਵੰਤ ਚੀਕੀ: ''ਮੈਂ ਪੁੱਛਨੀ ਆਂ, ਉਹ ਹੈ ਕੌਣ?''
ਈਸ਼ਰ ਸਿੰਘ ਰੋਣ ਹਾਕਾ ਹੋ ਗਿਆ: ''ਦੱਸਨਾਂ।'' ਇਹ ਕਹਿ ਕੇ ਉਹਨੇ ਆਪਣੇ ਗਲ਼ ਤੇ ਹਥ ਫੇਰਿਆ ਤੇ ਉਹਦੇ ਤੇ ਅਪਣਾ ਜਿਊਂਦਾ ਲਹੂ ਵੇਖ ਕੇ ਮੁਸਕਾਇਆ : ''ਬੰਦਾ ਮਾਂ ਯਾ ਵੀ ਇਕ ਔਂਤਰੀ ਸ਼ੈ ਆ।''
ਕੁਲਵੰਤ ਕੌਰ ਉਹਦਾ ਜਵਾਬ ਉਡੀਕ ਰਹੀ ਸੀ: ''ਈਸ਼ਰ ਸਿਆਂ ਤੂੰ ਮਤਲਬ ਦੀ ਗੱਲ ਕਰ!''
ਈਸ਼ਰ ਸਿੰਘ ਦੀ ਮੁਸਕਾਨ ਉਹਦੀਆਂ ਲਹੂ ਭਰੀਆਂ ਮੁੱਛਾਂ ਵਿਚ ਹੋਰ ਖਿਲਰ ਗਈ । ''ਮਤਲਬ ਦੀ ਗੱਲ ਈ ਕਰ ਰਿਹਾਂ । ਗਲ਼ ਚੀਰਿਆ ਏ ਮਾਂ ਯਾ ਮੇਰਾ । ਹੁਣ ਹੌਲ਼ੀ ਹੌਲ਼ੀ ਈ ਦੱਸਾਂਗਾ ਸਾਰੀ ਗੱਲ।''
ਤੇ ਜਦੋਂ ਉਹ ਗੱਲ ਦੱਸਣ ਲੱਗਾ ਤੇ ਉਹਦੇ ਮੱਥੇ ਤੇ ਠੰਢੇ ਮੁੜ੍ਹਕੇ ਦੇ ਲੇਪ ਹੋਣ ਲੱਗੇ: ''ਕੁਲਵੰਤ! ਮੇਰੀ ਜਾਨ । ਮੈਂ ਤੈਨੂੰ ਦਸ ਨਹੀਂ ਸਕਦਾ, ਮੇਰੇ ਨਾਲ ਕੀ ਬੀਤੀ । ਬੰਦਾ ਕੁੜੀ ਯਾ ਵੀ ਇਕ ਔਂਤਰੀ ਸ਼ੈ ਆ । ਸ਼ਹਿਰ ਵਿਚ ਲੁੱਟ ਮਚੀ ਤੇ ਸਾਰਿਆਂ ਵਾਂਗੂੰ ਮੈਂ ਵੀ ਵਿੱਚ ਰਲ਼ ਗਿਆ । ਗਹਿਣੇ ਤੇ ਰੁਪਈਆ ਪੈਸਾ ਜੋ ਵੀ ਹਥ ਲੱਗਾ ਉਹ ਮੈਂ ਤੈਨੂੰ ਦੇ ਦਿੱਤਾ । ਪਰ ਇਕ ਗੱਲ ਤੈਥੋਂ ਲੁਕਾ ਲਈ।''
ਈਸ਼ਰ ਸਿੰਘ ਨੇ ਫੱਟ ਵਿਚ ਪੀੜ ਮਹਿਸੂਸ ਕੀਤੀ ਤੇ ਹਾਏ ਹਾਏ ਕਰਣ ਲੱਗਾ। ਕੁਲਵੰਤ ਕੌਰ ਨੇ ਉਹਦੇ ਵੱਲ ਕੋਈ ਧਿਆਨ ਨਾ ਦਿੱਤਾ ਤੇ ਬੜੀ ਬੇ-ਰਹਿਮੀ ਨਾਲ ਪੁੱਛਿਆ : ''ਕਿਹੜੀ ਗੱਲ?''
ਈਸ਼ਰ ਸਿੰਘ ਨੇ ਮੁੱਛਾਂ ਤੇ ਜੰਮਦੇ ਲਹੂ ਨੂੰ ਫੂਕ ਮਾਰ ਕੇ ਉਡਾਉਂਦਿਆਂ ਆਖਿਆ: ''ਜਿਸ ਮਕਾਨ ਤੇ । ਮੈਂ ਧਾੜਾ ਮਾਰਿਆ ਸੀ । ਉਹਦੇ ਵਿਚ ਸੱਤ । ਉਹਦੇ ਵਿਚ ਸੱਤ ਜੀ ਸਨ । ਛੇ ਮੈਂ । ਕਤਲ ਕਰ ਦਿੱਤੇ । ਇਸੇ ਕ੍ਰਿਪਾਨ ਨਾਲ ਜਿਹਦੇ ਨਾਲ ਤੂੰ ਮੈਨੂੰ । ਛੱਡ ਇਹਨੂੰ । ਸੁਣ । ਇਕ ਕੁੜੀ ਸੀ । ਅੱਤ ਸੋਹਣੀ । ਉਹਨੂੰ ਚੁੱਕ ਕੇ ਮੈਂ ਨਾਲ਼ ਲੈ ਆਇਆ।''
ਕੁਲਵੰਤ ਕੌਰ ਚੁੱਪ ਕਰ ਕੇ ਸੁਣਦੀ ਰਹੀ। ਈਸ਼ਰ ਸਿੰਘ ਨੇ ਇਕ ਵਾਰੀ ਫਿਰ ਫੂਕ ਮਾਰ ਕੇ ਮੁੱਛਾਂ ਤੋਂ ਲਹੂ ਉਡਾਇਆ : ''ਕੁਲਵੰਤ ਜਾਨੀ, ਕੀ ਦੱਸਾਂ ਮੈਂ ਤੈਨੂੰ ਉਹ ਕਿੰਨੀ ਸੋਹਣੀ ਸੀ । ਮੈਂ ਉਹਨੂੰ ਵੀ ਮਾਰ ਦਿੰਦਾ, ਪਰ ਮੈਂ ਆਖਿਆ:''ਨਹੀਂ ਈਸ਼ਰ ਸਿਆਂ, ਕੁਲਵੰਤ ਕੌਰ ਦਾ ਸਵਾਦ ਤੇ ਤੂੰ ਰੋਜ਼ ਈ ਲੈਨਾਂ ਏਂ, ਇਹ ਮੇਵਾ ਵੀ ਚੱਖ ਕੇ ਵੇਖ।''
ਕੁਲਵੰਤ ਕੌਰ ਨੇ ਬੱਸ ਏਨਾ ਈ ਆਖਿਆ ''ਹੂੰ।''
ਤੇ ਮੈਂ ਉਹਨੂੰ ਮੋਢੇ ਤੇ ਸੁੱਟ ਕੇ ਤੁਰ ਪਿਆ । ਰਾਹ ਵਿਚ । ਕੀ ਕਹਿ ਰਿਹਾ ਸੀ ਮੈਂ । ਹਾਂ ਰਾਹ ਵਿਚ । ਨਹਿਰ ਦੀ ਡੰਡੀ ਕੋਲ, ਥੋਹਰ ਦੀਆਂ ਝਾੜੀਆਂ ਹੇਠਾਂ ਮੈਂ ਉਹਨੂੰ ਲੰਮਾ ਪਾ ਦਿੱਤਾ । ਪਹਿਲੇ ਸੋਚਿਆ ਫੈਂਟਾਂ, ਫਿਰ ਖ਼ਿਆਲ ਆਇਆ ਪਈ ਨਹੀਂ । ਇਹ ਕਹਿੰਦਿਆਂ ਕਹਿੰਦਿਆਂ ਈਸ਼ਰ ਸਿੰਘ ਦੀ ਜੀਭ ਸੁੱਕ ਗਈ।
ਕੁਲਵੰਤ ਕੌਰ ਨੇ ਥੁੱਕ ਨਿਗਲ਼ਦਿਆਂ ਅਪਣਾ ਸੰਘ ਤਰ ਕੀਤਾ ਤੇ ਪੁੱਛਿਆ : ''ਫਿਰ ਕੀ ਹੋਇਆ?''
ਈਸ਼ਰ ਸਿੰਘ ਦੇ ਸੰਘ ਵਿਚੋਂ ਬੜੇ ਔਖੇ ਇਹ ਲਫ਼ਜ਼ ਨਿਕਲੇ:''ਮੈਂ । ਪੱਤਾ ਸੁੱਟਿਆ ।ਪਰ..ਪਰ''
ਉਹਦੀ ਵਾਜ ਡੁੱਬ ਗਈ।
ਕੁਲਵੰਤ ਕੌਰ ਨੇ ਉਹਨੂੰ ਹਲੂਣਿਆ:''ਫਿਰ ਕੀ ਹੋਇਆ?''
ਈਸ਼ਰ ਸਿੰਘ ਨੇ ਬੰਦ ਹੁੰਦੀਆਂ ਅੱਖਾਂ ਖੋਲ੍ਹੀਆਂ ਤੇ ਕੁਲਵੰਤ ਕੌਰ ਦੇ ਪਿੰਡੇ ਨੂੰ ਵੇਖਿਆ ਜਿਹਦੀ ਬੋਟੀ ਬੋਟੀ ਥਿਰਕ ਰਹੀ ਸੀ । ''ਉਹ । ਉਹ ਮਰੀ ਹੋਈ ਸੀ । ਲੋਥ ਸੀ ਬਿਲਕੁਲ ਠੰਡਾ ਗੋਸ਼ਤ । ਜਾਨੀ ਮੈਨੂੰ ਅਪਣਾ ਹੱਥ ਦੇ।''
ਕੁਲਵੰਤ ਕੌਰ ਨੇ ਅਪਣਾ ਹਥ ਈਸ਼ਰ ਸਿੰਘ ਦੇ ਹਥ ਤੇ ਰਖਿਆ ਜਿਹੜਾ ਬਰਫ਼ ਨਾਲੋਂ ਵੀ ਵੱਧ ਠੰਡਾ ਸੀ।

  • ਮੁੱਖ ਪੰਨਾ : ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ